ਵਿਧਾਇਕ ਇਆਲੀ ਨੇ ਹੜ੍ਹ ਪੀੜ੍ਹਤਾਂ ਲਈ ਰਾਸ਼ਨ ਤੇ ਪਸ਼ੂਆ ਹਰਾ ਚਾਰਾ ਭੇਜਿਆ

ਜਗਰਾਉਂ ( ਲੁਧਿਆਣਾ ), 7 ਸਤਬੰਰ ( ਕੁਲਦੀਪ ਸਿੰਘ ਲੋਹਟ ) :- ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਨੂੰ ਹੁਣ ਸਾਡੇ ਸਾਥ ਦੀ ਬਹੁਤ ਲੋੜ ਹੈ, ਕਿਉਂਕਿ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਜੋ ਕੰਮ ਸਰਕਾਰਾਂ ਨੇ ਕਰਨੇ ਸਨ, ਉਹ ਕੰਮ ਅੱਜ ਆਮ ਲੋਕ ਕਰ ਰਹੇ ਹਨ, ਪਰ ਸਰਕਾਰਾਂ ਆਪਣਾ ਫਰਜ਼ ਨਿਭਾਉਣ ਤੋਂ ਕੰਨੀ ਕਤਰਾ ਰਹੀਆ ਹਨ। ਉਕਤ ਸ਼ਬਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ 'ਤੇ ਹੋਂਦ ਵਿਚ ਆਏ ਅਸਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਆਪਣੇ ਪਰਿਵਾਰ ਵਲੋਂ 5 ਟਰੱਕ ਹੜ੍ਹ ਪੀੜ੍ਹਤਾ ਦੀ ਮਦਦ ਲਈ ਰਾਹਤ ਸਮੱਗਰੀ ਭੇਜ ਸਮੇਂ ਕਹੇ। ਉਨ੍ਹਾਂ ਆਪਣੇ ਫਾਰਮ ਗੋਰਸੀਆਂ ਕਾਦਰ ਬਖਸ਼ ਤੋਂ 5 ਟਰੱਕ ਜਿਨ੍ਹਾਂ ਵਿਚ ਮੰਗ ਅਨੁਸਾਰ ਦਵਾਈਆ, ਸੁੱਕਾ ਰਾਸ਼ਨ, ਪਾਣੀ ਤੇ ਪਸ਼ੂਆ ਲਈ 500 ਕੁਇੰਟਲ ਚਾਰਾ ਤੇ ਹੋਰ ਵਸਤਾਂ ਰਵਾਨਾ ਕਰਨ ਸਮੇਂ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਵਿਧਾਇਕ ਇਆਲੀ ਨੇ ਆਖਿਆ ਕਿ ਇਸ ਤੋਂ ਪਹਿਲਾ ਵੀ ਕਈ ਟਰੱਕ ਲੋੜ ਮੁਤਾਬਿਕ ਸਮੱਗਰੀ ਭੇਜੀ ਜਾ ਚੁੱਕੀ ਹੈ।
ਕੱਲ੍ਹ ਲੁਧਿਆਣਾ ਬੰਨ੍ਹ ਨੂੰ ਲੱਗ ਰਹੀ ਢਾਅ ਵਾਲੇ ਸਥਾਨ ਤੇ ਲੱਖਾਂ ਰੁਪਏ ਦਾ ਡੀਜ਼ਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਮਾਂ ਹੈ ਜਦੋਂ ਸਾਨੂੰ ਜ਼ਮੀਨਾਂ ਪੱਧਰ ਕਰਨ ਤੋਂ ਲੈ ਕੇ ਫ਼ਸਲ ਬੀਜਣ ਤੱਕ ਬਹੁਤ ਖਰਚੇ ਕਰਨੇ ਪੈਣਗੇ, ਇਸ ਲਈ ਸਾਡੇ ਐਨ.ਆਰ.ਆਈ. ਵੀਰ ਤੇ ਪੰਜਾਬੀ ਭਾਈਚਾਰੇ ਨੇ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ। ਹਲਕਾ ਦਾਖਾ ਇਸੇ ਤਰ੍ਹਾਂ ਹੜ੍ਹ ਪੀੜ੍ਹਤਾ ਲਈ ਦਿਲ ਖੋਲ੍ਹ ਕੇ ਮਦਦ ਕਰਦਾ ਰਹੇਗਾ । ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ ਕਿਸਾਨਾਂ ਦੀਆ ਫ਼ਸਲਾਂ ਦੀ ਗਿਰਦਾਵਰੀ ਜਲਦੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਰਵਾਨਾ ਕੀਤੇ 5 ਟਰੱਕਾਂ ' ਚੋਂ ਇਕ ਧਰਮਕੋਟ ਇਲਾਕੇ ਵਿਚ, ਬਾਕੀ ਰਮਦਾਸ, ਗੁਰਦਾਸਪੁਰ, ਕਲਾਨੌਰ,ਡੇਰਾ ਬਾਬਾ ਨਾਨਕ ਇਲਾਕਿਆ ਵਿਚ ਇਹ ਸਮੱਗਰੀ ਉਥੇ ਚੱਲ ਰਹੇ ਕੈਂਪਾਂ ਵਿੱਚ ਭੇਜੀ ਗਈ ਤੇ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ ।