350 ਸਾਲਾ ਸ਼ਤਾਬਦੀ: ਸ਼ਹੀਦੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਬਰੇਲੀ ਲਈ ਰਵਾਨਾ

ਅੰਮ੍ਰਿਤਸਰ, 7 ਸਤੰਬਰ (ਜਸਵੰਤ ਸਿੰਘ ਜੱਸ )- ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਆਪਣੇ ਅਗਲੇ ਪੜਾਅ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਬਰੇਲੀ ਲਈ ਰਵਾਨਾ ਹੋਇਆ। ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨਾਲ ਗੁਰਬਾਣੀ ਗੁਰ-ਇਤਿਹਾਸ ਬਾਰੇ ਵਿਚਾਰਾਂ ਦੀ ਸਾਂਝ ਪਾਈ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਨਾਨਕਮਤਾ ਸਾਹਿਬ ਦੇ ਪ੍ਰਬੰਧਕਾਂ ਵਲੋਂ 5 ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ।
ਅੱਜ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ ਉਤਰਾਖੰਡ ਤੋਂ ਆਰੰਭ ਹੋ ਕੇ ਸਿਤਾਰਗੰਜ, ਬੜਾਪੁਰ, ਅਮਰੀਆ, ਨਵਾਬਗੰਜ, ਹਾਫਿਸਗੰਜ, ਬਰੇਲੀ ਕੈਂਪ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਬਰੇਲੀ ਵਿਖੇ ਪੁੱਜਾ। ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਇਸ ਨਗਰ ਕੀਰਤਨ ਪ੍ਰਤੀ ਸਥਾਨਕ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ।