ਦਿੱਲੀ ਤੋਂ ਰਾਹਤ ਸਮੱਗਰੀ ਦੇ 52 ਟਰੱਕ ਪੰਜਾਬ ਲਈ ਰਵਾਨਾ

ਨਵੀਂ ਦਿੱਲੀ , 7 ਸਤੰਬਰ -ਦਿੱਲੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੰਕਟ ਦੇ ਸਮੇਂ ਪੂਰਾ ਦੇਸ਼ ਇਕ ਪਰਿਵਾਰ ਵਾਂਗ ਖੜ੍ਹਾ ਹੈ। ਪੰਜਾਬ ਇਸ ਸਮੇਂ ਇਕ ਭਿਆਨਕ ਆਫ਼ਤ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ, ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਪੰਜਾਬ ਨੂੰ ਮਦਦ ਭੇਜੀ ਹੈ। ਅਚਾਨਕ ਆਏ ਹੜ੍ਹ ਨੇ ਨਾ ਸਿਰਫ਼ ਲੋਕਾਂ ਦੇ ਘਰ ਡੁੱਬ ਗਏ ਹਨ, ਸਗੋਂ ਖੇਤਾਂ ਅਤੇ ਕੋਠੀਆਂ-ਘਰਾਂ ਨੂੰ ਵੀ ਤਬਾਹ ਕਰ ਦਿੱਤਾ ਹੈ। ਕਈ ਦਿਨਾਂ ਤੋਂ ਪਾਣੀ ਰੁਕਣ ਕਾਰਨ, ਮਨੁੱਖਾਂ ਅਤੇ ਜਾਨਵਰਾਂ ਦੀ ਜਾਨ ਖ਼ਤਰੇ ਵਿਚ ਆ ਗਈ ਹੈ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ।
ਐਤਵਾਰ ਨੂੰ ਰਾਹਤ ਸਮੱਗਰੀ ਦੀ ਇਕ ਵੱਡੀ ਖੇਪ ਰਵਾਨਾ ਕਰਦੇ ਹੋਏ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, “ਅੱਜ ਦਿੱਲੀ ਨੇ ਸਾਡੇ ਪੰਜਾਬ ਦੇ ਭੈਣਾਂ-ਭਰਾਵਾਂ ਲਈ ਰਾਹਤ ਸਮੱਗਰੀ ਨਾਲ ਭਰੇ 52 ਟਰੱਕ ਭੇਜੇ ਹਨ। ਪੰਜਾਬ ਦੀ ਮਿੱਟੀ ਦੀ ਖੁਸ਼ਬੂ ਦਿੱਲੀ ਦੀਆਂ ਨਾੜੀਆਂ ਵਿਚ ਸਮਾਈ ਹੋਈ ਹੈ। ਅਸੀਂ ਇਕ ਪਰਿਵਾਰ ਹਾਂ ਅਤੇ ਜਦੋਂ ਪੰਜਾਬ ਮੁਸੀਬਤ ਵਿਚ ਹੁੰਦਾ ਹੈ, ਤਾਂ ਦਿੱਲੀ ਉਸ ਦਾ ਦਰਦ ਸਾਂਝਾ ਕਰਨ ਲਈ ਉਸ ਦੇ ਨਾਲ ਖੜ੍ਹੀ ਹੁੰਦੀ ਹੈ।
ਮੁੱਖ ਮੰਤਰੀ ਗੁਪਤਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਸਰਕਾਰ ਨੇ ਰਾਹਤ ਫੰਡ ਵਿੱਚ 5 ਕਰੋੜ ਰੁਪਏ ਦਾਨ ਕੀਤੇ ਸਨ ਅਤੇ ਅੱਜ ਇਹ ਵੱਡੀ ਰਾਹਤ ਸਮੱਗਰੀ ਪੰਜਾਬ ਭੇਜ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦਿੱਲੀ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ। ਇਸ ਮੌਕੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਵੀਰੇਂਦਰ ਸਚਦੇਵਾ ਸਮੇਤ ਦਿੱਲੀ ਸਰਕਾਰ ਦੇ ਸਾਰੇ ਕੈਬਨਿਟ ਮੰਤਰੀ ਮੌਜੂਦ ਸਨ। ਗੁਪਤਾ ਨੇ ਕਿਹਾ, "ਇਹ ਸਿਰਫ਼ ਰਾਹਤ ਸਮੱਗਰੀ ਨਹੀਂ ਹੈ, ਸਗੋਂ ਆਪਣੇ ਪਰਿਵਾਰ ਨਾਲ ਖੜ੍ਹੇ ਹੋਣ ਦਾ ਸੁਨੇਹਾ ਹੈ। ਦਿੱਲੀ ਦੇ ਲੋਕ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਭਵਿੱਖ ਵਿਚ ਵੀ ਅਜਿਹਾ ਕਰਦੇ ਰਹਿਣਗੇ।