ਵਰ੍ਹਦੇ ਮੀਂਹ ਵਿਚ ਵੀ ਲੋਕਾਂ ਅਤੇ ਪ੍ਰਸ਼ਾਸਨ ਵਲੋਂ ਤਾਜੋਵਾਲ - ਮੰਡਾਲਾ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਜੱਦੋ - ਜਹਿਦ ਜਾਰੀ

ਉਸਮਾਨਪੁਰ ( ਨਵਾਂਸ਼ਹਿਰ) , 7 ਸਤੰਬਰ ( ਸੰਦੀਪ ਮਝੂਰ)- ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਤਾਜੋਵਾਲ ਦੇ ਤਾਜੋਵਾਲ - ਮੰਡਾਲਾ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਲਈ ਇਲਾਕੇ ਦੇ ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਜੱਦੋ - ਜਹਿਦ ਵਰ੍ਹਦੇ ਮੀਂਹ ਵਿਚ ਵੀ ਜਾਰੀ ਹੈ। ਫਿਲਹਾਲ ਬੰਨ੍ਹ ਦੀ ਸਥਿਤੀ ਕਾਬੂ ਹੇਠ ਹੈ। ਅੱਜ ਸਵੇਰੇ ਮੌਸਮ ਸਾਫ ਰਿਹਾ, ਜਿਸ ਨਾਲ ਬੰਨ੍ਹ 'ਤੇ ਰਾਹਤ ਕਾਰਜ ਤੇਜ਼ੀ ਨਾਲ ਚੱਲ ਰਹੇ ਸਨ। ਪਰ ਦੁਪਹਿਰ 2 ਵਜੇ ਮੀਂਹ ਲੱਗਣ ਕਰਕੇ ਰਾਹਤ ਕਾਰਜ ਪ੍ਰਭਾਵਿਤ ਹੋਏ। ਪਰ ਫਿਰ ਵੀ ਲੋਕਾਂ ਦਾ ਜੋਸ਼ ਪੂਰੀ ਤਰ੍ਹਾਂ ਨਾਲ ਬਰਕਰਾਰ ਹੈ। ਅੱਜ ਜਦੋਂ " ਅਜੀਤ" ਵਲੋਂ ਬੰਨ੍ਹ ਦਾ ਦੌਰਾ ਕੀਤਾ ਗਿਆ ਤਾਂ ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਦਰਿਆ ਵਿਚ ਪਾਣੀ ਦਾ ਪੱਧਰ ਤਾਂ ਠੀਕ ਹੈ। ਪਰ ਪਾਣੀ ਬਹੁਤ ਤੇਜ਼ੀ ਨਾਲ ਵਗ ਰਿਹਾ ਹੈ। ਬੰਨ੍ਹ ਦੀ ਮੁੱਖ ਠੋਕਰ ਨੂੰ ਲੱਗੀ ਢਾਹ 'ਤੇ ਕਾਬੂ ਪਾ ਲਿਆ ਗਿਆ ਹੈ।
ਪਰ ਹੁਣ ਦਰਿਆ ਦਾ ਪਾਣੀ ਘੁੰਮ ਕੇ ਅਗਲੀ ਠੋਕਰ ਨੂੰ ਢਾਹ ਲਗਾ ਰਿਹਾ ਹੈ। ਉਨ੍ਹਾਂ ਦਸਿਆ ਕਿ ਬੰਨ੍ਹ 'ਤੇ ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਰੇਗਾ ਦੀ ਲੇਬਰ ਕੰਮ ਵਾਸਤੇ ਲਗਾਈ ਗਈ ਹੈ। ਇਸ ਤੋਂ ਇਲਾਵਾ ਡ੍ਰੇਨੇਜ ਵਿਭਾਗ ਦੇ ਅਧਿਕਾਰੀ ਵੀ ਬੰਨ੍ਹ 'ਤੇ ਮੌਜੂਦ ਹਨ। ਬੰਨ੍ਹ ਤੇ ਲੋਕਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਬੰਨ੍ਹ 'ਤੇ ਸਥਿਤੀ ਕਾਬੂ ਹੇਠ ਹੈ। ਅੱਜ ਵੀ ਬੰਨ੍ਹ ਤੇ ਸੇਵਾ ਕਰ ਰਹੀਆਂ ਸੰਗਤਾਂ ਲਈ ਵੱਖ - ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ।