07-09-25
ਸਲੋਚਨਾ
ਲੇਖਕ : ਅਮਰ ਗਰਗ ਕਲਮਦਾਨ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫੇ : 112
ਸੰਪਰਕ : 98143-41746
ਨਿਬੰਧਕਾਰ ਅਤੇ ਕਹਾਣੀਕਾਰ ਅਮਰ ਗਰਗ ਕਲਮਦਾਨ ਦੇ ਦੂਸਰੇ ਕਹਾਣੀ ਸੰਗ੍ਰਹਿ 'ਸਲੋਚਨਾ' ਵਿਚ 20 ਕਹਾਣੀਆਂ ਦਰਜ ਹਨ। ਕਹਾਣੀਆਂ ਦੇ ਸਿਧਾਂਤਕ ਪੱਖ ਬਾਰੇ ਪ੍ਰਿੰਸੀਪਲ ਪ੍ਰੇਮਲਤਾ ਵਲੋਂ ਲਿਖੀ ਗਈ ਪੁਸਤਕ ਦੀ ਭੁਮਿਕਾ ਮੁਤਾਬਕ ਕਲਮਦਾਨ ਵਿਗਿਆਨ ਦਾ ਵਿਦਿਆਰਥੀ/ਅਧਿਆਪਕ ਰਿਹਾ ਹੈ। ਮਾਰਕਸਵਾਦੀ ਸੋਚ ਤੋਂ ਪ੍ਰਭਾਵਿਤ ਹੈ ਅਤੇ ਨਾਲ ਹੀ ਵੈਦਿਕ ਫਿਲਾਸਫੀ ਦੇ ਪ੍ਰਭਾਵ ਹੇਠ ਨਿਰਾਕਾਰ ਰੱਬ ਦੀ ਨਿਰਪੇਖ ਸੋਚ ਨੂੰ ਨਾ ਕੇਵਲ ਰੱਦ ਕਰਦਾ ਹੈ। ਸਗੋਂ ਉਸਨੂੰ ਸਮਾਜ ਵਿਚ ਅਨੇਕ ਬੁਰਾਈਆਂ ਦੀ ਜੜ੍ਹ ਸਮਝਦਾ ਹੈ। ਪਰ ਨਾਲ ਦੀ ਨਾਲ ਉਹ ਭਾਰਤੀ ਵੈਦਿਕ ਫਿਲਾਸਫੀ ਅਤੇ ਕਪਿਲ ਦੀ ਸਾਂਖਿਆ ਫਿਲਾਸਫੀ ਨਾਲ ਜੁੜਿਆ ਰਹਿੰਦਾ ਹੈ। ਭੂਮਿਕਾ ਲੇਖਕ ਨੇ ਤਾਂ ਕਲਮਦਾਨ ਦੀਆਂ ਪੁਸਤਕ ਵਿਚਲੀਆਂ ਚਾਰ ਕਹਾਣੀਆਂ ਸਿੰਜਰ, ਮੇਰਾ ਪਹਿਲਾ ਅਧਿਆਪਕ ਮੇਰਾ ਸਿਰਜਕ, ਸੁਨਿਹਰੀ ਕਿਰਨਾਂ, ਤੱਕਲਾ ਅਤੇ ਨਾਸਤਕ ਪੁਰ ਦੀ ਸੈਰ ਨੂੰ ਵਿਸ਼ਵ ਪ੍ਰਸਿੱਧ ਮਹਾਨ ਲੇਖਕ ਲੀੳ ਟਾਲਸਟਾਇ ਦੀ ਕਹਾਣੀ 'ਤਿੰਨ ਦਰਵੇਸ਼' ਦੇ ਪਧੱਰ ਦੀਆਂ ਦੱਸਿਆ ਹੈ।
ਪੁਸਤਕ ਦੀ ਸਿਰਲੇਖ ਕਹਾਣੀ 'ਸਲੋਚਨਾ' ਦੀ ਪ੍ਰਤਿਭਾਸ਼ਾਲੀ ਮੁੱਖ ਪਾਤਰ ਸਲੋਚਨਾ ਵੈਪਨ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ। ਉਸ ਦਾ ਸਹਿਪਾਠੀ ਅਸ਼ੋਕ ਹੈ। ਸਲੋਚਨਾ ਬੀ ਟੈਕ ਕਰਨ ਉਪਰੰਤ ਆਰਡੀਨੈਂਸ ਅਦਾਰੇ ਵਿਚ ਤਾਇਨਾਤ ਹੁੰਦੀ ਹੈ ਅਤੇ ਏ ਕੇ 247 ਨਾਂ ਦਾ ਹਥਿਆਰ ਇਜ਼ਾਦ ਕਰਦੀ ਹੈ। ਸਲੋਚਨਾ ਦੀ ਸੁਰੱਖਿਆ ਲਈ ਉਸ ਨੂੰ ਵਿਭਾਗੀ ਤੌਰ ਤੇ ਲਾਇਸੈਂਸ ਵਾਲਾ ਪਿਸਟਲ ਦਿੱਤਾ ਜਾਂਦਾ ਹੈ। ਫਿਰ ਆਪਣੇ ਚਹੇਤੇ ਅਸ਼ੋਕ ਨਾਲ ਵਿਆਹ ਲਈ ਪੰਡਿਤਾਂ ਵਲੋਂ ਜਨਮ ਕੁੰਡਲੀਆਂ ਦਾ ਮਿਲਾਨ ਨਾ ਹੋਣਾ ਉਨ੍ਹਾਂ ਦੇ ਵਿਆਹ ਵਿਚ ਰੁਕਾਵਟ ਪੈਦਾ ਕਰਦਾ ਹੈ ਅਤੇ ਉਹ ਦੋਵੇਂ ਇਸ ਪ੍ਰਣਾਲੀ ਨੂੰ ਰੱਦ ਕਰਦਿਆਂ ਮੋਮਬੱਤੀ ਦੁਆਲੇ ਸੱਤ ਫੇਰੇ ਲੈ ਕੇ ਉਸ ਦੀ ਵੀਡੀਉ ਬਣਾ ਕੇ ਆਪਣੇ ਘਰ ਦਿਆਂ ਨੂੰ ਉਨ੍ਹਾਂ ਦਾ ਵਿਆਹ ਕਰਨ ਲਈ ਮਜਬੂਰ ਕਰਦੇ ਹਨ। ਇਕ ਪੰਡਤ ਵਲੋਂ ਜਨਮ ਕੁੰਡਲੀ ਵਿਚ ਹੇਰ ਫੇਰ ਕਰਨ ਤੋਂ ਇਨਕਾਰ ਕਰਨ ਅਤੇ ਦੂਸਰੇ ਪੰਡਤ ਵਲੋਂ ਉਨ੍ਹਾਂ ਦੇ ਵਿਆਹ ਪੜ੍ਹੇ ਜਾਣ ਤੇ ਲਗਨ ਵੇਦਾਂ ਦੌਰਾਨ ਬਹਿਸ ਹੋਣ ਤੇ ਸਲੋਚਨਾ ਵਲੋਂ ਆਪਣੀ ਪਿਸਟਲ ਨਾਲ ਪੰਡਿਤ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਕੇਸ ਅਦਾਲਤ ਵਿਚ ਜਾਂਦਾ ਹੈ। ਜੱਜ ਆਪ ਫ਼ੈਸਲਾ ਲੈਣ ਦੀ ਬਜਾਏ ਸਲੋਚਨਾ ਅਤੇ ਪੰਡਤ ਦੀ ਵਿਧਵਾ ਨੂੰ ਹੀ ਆਪਸ ਵਿਚ ਫ਼ੈਸਲਾ ਕਰਨ ਲਈ ਕਹਿੰਦਾ ਹੈ ਅਤੇ ਸਲੋਚਨਾ ਵਲੋਂ ਕੀਤੇ ਫ਼ੈਸਲੇ ਨੂੰ ਇੰਨ-ਬਿੰਨ ਪ੍ਰਵਾਨ ਵੀ ਕਰ ਲੈਂਦਾ ਹੈ। ਪੰਡਿਤ ਦੀ ਵਿਧਵਾ ਸਲੋਚਨਾ ਦੇ ਫ਼ੈਸਲੇ ਤੋਂ ਖੁਸ਼ ਹੁੰਦੀ ਹੈ ਅਤੇ ਸਲੋਚਨਾ ਤੇ ਅਸ਼ੋਕ ਦੀ ਸ਼ਾਦੀ ਆਪ ਕਰਾੳਂਦੀ ਹੈ। ਬੇਸ਼ੱਕ ਲੇਖਕ ਕਹਾਣੀ ਦੇ ਅੰਤ ਵਿਚ ਲਿਖਦਾ ਹੈ ਕਿ ਉਹੀ ਸਮਾਂ, ਉਹੀ ਪੈਲੇਸ ਉਹੀ 21 ਦਸੰਬਰ ਦਾ ਦਿਨ ਸਲੋਚਨਾ ਅਤੇ ਅਸ਼ੋਕ ਇੱਕ ਦੂਜੇ ਦਾ ਹੱਥ ਫੜੀ ਵਿਆਹ ਮੰਡਪ ਵਿਚ ਹਾਜ਼ਰ ਹੁੰਦੇ ਹਨ। ਲੇਕਿਨ ਪਹਿਲਾਂ ਤਾਂ 13 ਦਸੰਬਰ ਤਰੀਕ ਮਿੱਥੀ ਗਈ ਹੁੰਦੀ ਹੈ। ਇੰਜ ਕਹਾਣੀ ਵਿਚ ਲੇਖਕ ਵਲੋਂ ਇੱਕ ਅਜੀਬੋ ਗਰੀਬ ਕਰਿਸ਼ਮਾਈ ਯਥਾਰਥ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੰਜ ਹੀ ਕਹਾਣੀ, 'ਸਿੰਜਰ, ਮੇਰਾ ਪਹਿਲਾ ਅਧਿਆਪਕ ਮੇਰਾ ਸਿਰਜਕ' ਪੜ੍ਹਦਿਆਂ ਚੰਗੇਜ਼ ਆਇਤਮਾਤੋਵ ਦੀ ਸੰਸਾਰ ਪ੍ਰਸਿੱਧ ਪੁਸਤਕ 'ਪਹਿਲਾ ਅਧਿਆਪਕ' ਚੇਤੇ ਆਉਣ ਲਗਦੀ ਹੈ। ਇਸ ਵਿਚ ਸਿੰਜਰ ਵਲੋਂ ਆਪਣੇ ਡੇਰੇ ਵਿਚ ਅੱਲ੍ਹਾ ਦੀ ਹੋਂਦ ਤੇ ਕੀਤੀ ਗਈ ਟਿੱਪਣੀ ਉਸ ਲਈ ਮੁਸੀਬਤ ਬਣ ਜਾਂਦੀ ਹੈ। ਇਸ ਕਹਾਣੀ ਵਿਚ ਵੀ ਵਿਸ਼ਵ ਪ੍ਰਸਿੱਧ ਪੁਸਤਕ ਪਹਿਲਾ ਅਧਿਆਪਕ ਵਾਂਗ ਹੀ ਵਿਦਿਆਰਥਣਾ ਹੱਥੋਂ ਰੁੱਖ ਲਵਾਏ ਗਏ ਹਨ। ਇੱਥੇ ਵੀ ਲਲਦੀਦ ਸਿੰਜਰ ਵਿਰੁੱਧ ਬਤੌਰ ਜੱਜ ਫ਼ੈਸਲਾ ਸੁਣਾਉਂਦੀ ਹੈ ਅਤੇ ਧਾਰਮਕ ਕਟੱੜਤਾ ਮੁਹਰੇ ਸਮਾਜਵਾਦੀ ਤਾਕਤ ਦੀ ਹਾਰ ਹੁੰਦੀ ਦਿਖਾਈ ਦਿੰਦੀ ਹੈ। ਕਹਾਣੀ ਨਾਸਤਕਪੁਰ ਦੀ ਸੈਰ ਵਿਚ ਵੀ ਸਾਡੇ ਧਾਰਮਕ ਪ੍ਰਦੂਸ਼ਣ ਤੇ ਵਿਅੰਗ ਕੱਸਿਆ ਗਿਆ ਹੈ। ਕੁਝ ਕਹਾਣੀਆਂ ਫੈਟੇਂਸੀ ਦੇ ਜ਼ਿਆਦਾ ਨੇੜੇ ਲਗਦੀਆਂ ਹਨ। ਕਹਾਣੀਕਾਰ ਦਾ ਇੱਛਤ ਯਥਾਰਥ ਅਸਲ ਯਥਾਰਥ ਤੇ ਹਾਵੀ ਹੁੰਦਾ ਜਾਪਦਾ ਹੈ। ਕਹਾਣੀਕਾਰ ਵਲੋਂ ਆਪ ਹੀ ਆਪਣੀਆਂ ਕਹਾਣੀਆਂ ਬਾਰੇ ਕੀਤੀ ਗਈ ਟਿੱਪਣੀ, 'ਹੱਥਲੀ ਪੁਸਤਕ ਦੀ ਹਰੇਕ ਕਹਾਣੀ ਪੜ੍ਹਨ ਤੇ ਰੋਟੀ ਵਾਂਗ ਲੱਗੇਗੀ। ਜਿਹੜੀ ਮਨੁੱਖੀ ਜ਼ਿੰਦਗੀ ਵਿਚ ਸਭ ਤੋਂ ਨੇੜਲੀ ਸਾਥਣ ਹੈ। ਮੇਰਾ ਦਾਅਵਾ ਹੈ ਕਹਾਣੀ ਪੜ੍ਹਨ ਉਪਰੰਤ ਪਾਠਕ ਨੂੰ ਇਹ ਮਨੁੱਖੀ ਲੋੜ ਨਜ਼ਰ ਆਵੇਗੀ। ਕਹਾਣੀਆਂ ਦਾ ਇਹੋ ਗੁਣ ਇਨ੍ਹਾਂ ਨੂੰ ਲੋਕ ਕਹਾਣੀਆਂ ਵੱਲ, ਆਖ਼ਿਰ ਵਿਚ ਅਮਰਤਾ ਵੱਲ ਲੈ ਜਾਵੇਗਾ।' ਇਸ ਲੇਖਕੀ ਕਥਨ ਮਗਰੋਂ ਕੁਝ ਵੀ ਕਹਿਣਾ ਬੇਮਾਨੀ ਜਿਹਾ ਲਗਦਾ ਹੈ।
- ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਮਹਿਸਮਪੁਰ, ਜਵਾਹਰਕੇ ਤੇ ਤਲਵੰਡੀ ਕਲਾਂ
ਕਤਲ ਕਾਂਡ
ਸੰਪਾਦਕ : ਸ਼ਮਸ਼ੇਰ ਸਿੰਘ ਸੋਹੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 216
ਸੰਪਰਕ : 98764-74671
'ਮਹਿਸਮਪੁਰ ਜਵਾਹਰਕੇ ਤੇ ਤਲਵੰਡੀ ਕਲਾਂ-ਕਤਲ ਕਾਂਡ' ਸ਼ਮਸ਼ੇਰ ਸਿੰਘ ਸੋਹੀ ਦੁਆਰਾ ਸੰਪਾਦਿਤ ਕੀਤੀ ਨੌਵੀਂ ਕ੍ਰਿਤ ਹੈ, ਜੋ ਕਿ ਉਸ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈ ਹੈ। ਇਸ ਤੋਂ ਪਹਿਲਾਂ ਉਹ ਅਮਰਜੋਤ ਦੇ ਆਖ਼ਰੀ ਬੋਲ, ਆਵਾਜ਼ਾਂ ਅਮਰ ਰਹਿਣਗੀਆਂ, ਪੰਜਾਬੀ ਸੱਭਿਆਚਾਰ ਦੇ ਅਨਮੋਲ ਰਤਨ, ਕਲਾ ਜਗਤ ਦੇ ਅਨਮੋਲ ਹੀਰੇ, ਆਪ ਸਾਫ਼ ਤਾਂ ਦੇਸ਼ ਸਾਫ਼, ਪੰਜਾਬੀ ਹੀਰੇ ਤੇ ਮਣੀਆਂ, ਗੁੰਮ ਗਏ ਪੰਜਾਬੀ ਸੱਭਿਆਚਾਰ ਦੀਆਂ ਪੈੜਾਂ ਲੱਭਦਿਆਂ, ਜਿਉਂਦੀਆਂ ਰਹਿਣਗੀਆਂ ਕਲਮਾਂ ਪੁਸਤਕਾਂ ਲਿਖ ਚੁੱਕਾ ਹੈ। ਹਥਲੀ ਪੁਸਤਕ ਵਿਚ ਸੰਪਾਦਕ ਤੋਂ ਇਲਾਵਾ ਪੰਮੀ ਸਿੱਧੂ, ਵਿਜੈ ਟੰਡਨ, ਪ੍ਰੋ. ਸੁਰਿੰਦਰ ਮੱਲ੍ਹੀ, ਸੇਵਾ ਸਿੰਘ ਨੌਰਥ, ਮੇਜਰ ਸਿੰਘ ਜਖੇਪਲ, ਬੀਰਾ ਰਾਈਆਂ ਵਾਲਾ, ਐੱਚ.ਐੱਸ. ਡਿੰਪਲ, ਸ.ਸ. ਰਮਲਾ, ਸੁਖਵਿੰਦਰ ਸੰਧੂ ਅਤੇ ਦਲੇਰ ਕੌਰ ਸੋਹੀ ਦੇ ਆਰਟੀਕਲ ਸ਼ਾਮਿਲ ਕੀਤੇ ਗਏ ਹਨ। ਇਸ ਪੁਸਤਕ ਵਿਚ ਮਹਿਸਮਪੁਰ, ਜਵਾਹਰਕੇ ਅਤੇ ਤਲਵੰਡੀ ਕਲਾਂ ਤਿੰਨ ਵੱਖੋ-ਵੱਖ ਪਿੰਡਾਂ ਵਿਚ ਪੰਜਾਬੀ ਗੀਤਾਂ ਦੀ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦਾ ਕਤਲ, ਸਿੱਧੂ ਮੂਸੇਵਾਲਾ ਦਾ ਕਤਲ ਅਤੇ ਪੰਜਾਬੀ ਫ਼ਿਲਮਾਂ ਦੇ ਨਾਇਕ ਵਰਿੰਦਰ ਦੇ ਕਤਲ ਦਾ ਵਰਨਣ ਕਰਨ ਦੇ ਨਾਲ-ਨਾਲ ਇਨ੍ਹਾਂ ਕਲਾਕਾਰਾਂ ਦੀ ਹੋਈ ਪ੍ਰਸਿੱਧੀ ਦੇ ਕਾਰਨਾਂ ਦੀ ਨਿਸ਼ਾਨਦੇਹੀ ਨੂੰ ਵੀ ਬਿਆਨ ਕੀਤਾ ਗਿਆ ਹੈ। ਇਸ ਪੁਸਤਕ ਵਿਚਲੇ ਬਹੁਤੇ ਲੇਖਕਾਂ ਨੇ ਆਪੋ-ਆਪਣੀ ਲਿਖ਼ਤ ਵਿਚ ਜਿੱਥੇ ਇਨ੍ਹਾਂ ਕਲਾਕਾਰਾਂ ਨੂੰ ਬਹੁਤ ਉੱਚ ਕੋਟੀ ਦੇ ਆਰਟਿਸਟ ਸਿੱਧ ਕੀਤਾ ਹੈ, ਉੱਥੇ ਇਨ੍ਹਾਂ ਨੂੰ ਕਤਲ ਕਰਨ ਵਾਲਿਆਂ ਦੇ ਕਾਰੇ ਨੂੰ ਵਾਰ-ਵਾਰ ਭੰਡਿਆ ਗਿਆ ਹੈ। ਦਲੇਰ ਕੌਰ ਸੋਹੀ ਨੇ ਆਪਣੇ ਆਰਟੀਕਲ ਵਿਚ ਬੜੀ ਸ਼ਿੱਦਤ ਅਤੇ ਬੇਬਾਕੀ ਨਾਲ ਇਹ ਗੱਲ ਕਹੀ ਹੈ ਕਿ ਅਮਰ ਸਿੰਘ ਚਮਕੀਲਾ ਤੇ ਅਮਰਜੋਤ, ਸਿੱਧੂ ਮੂਸੇਵਾਲਾ ਦੇ ਗੀਤ ਬੇਸ਼ੱਕ ਸਭਿਆਚਾਰਕ ਕਦਰਾਂ-ਕੀਮਤਾਂ ਅਨੁਸਾਰ ਪੂਰੇ ਨਹੀਂ ਉੱਤਰਦੇ। ਪਰੰਤੂ ਫ਼ੇਰ ਵੀ ਇਨ੍ਹਾਂ ਕਲਾਕਾਰਾਂ ਦੇ ਗਾਏ ਗੀਤਾਂ ਦਾ ਇੰਨਾ ਜ਼ਿਆਦਾ ਮਕਬੂਲ ਹੋਣਾ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੀਆਂ ਰੁਚੀਆਂ ਅਤੇ ਪਸੰਦਾਂ ਹੀ ਸਨ। ਬਿਨਾਂ ਸ਼ੱਕ ਉਹ ਪੰਜਾਬੀਆਂ ਨੂੰ ਚੰਗੇ ਸਰੋਤ ਬਣਨ ਦੀ ਢੁੱਕਵੀਂ ਅਤੇ ਨੇਕ ਰਾਇ ਦਿੰਦੀ ਹੈ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਕੋਸਾ ਪਾਣੀ
ਲੇਖਕ: ਧਰਮ ਸਿੰਘ ਕੰਮੇਆਣਾ
ਪ੍ਰਕਾਸ਼ਕ: ਨਵਯੁੱਗ ਪਬਲਿਸ਼ਰ, ਨਵੀਂ ਦਿੱਲੀ
ਮੁੱਲ: 325 ਰੁਪਏ, ਸਫ਼ੇ: 132
ਸੰਪਰਕ: 98760-62329
ਧਰਮ ਸਿੰਘ ਕੰਮੇਆਣਾ ਉਨ੍ਹਾਂ ਸੰਵੇਦਨਸ਼ੀਲ ਕਵੀਆਂ ਵਿਚੋਂ ਹਨ, ਜਿਹੜੇ ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਹੀ ਸਿਰਜਣਾ ਦੇ ਬਿੱਖੜੇ ਮਾਰਗ ਦੇ ਰਾਹੀ ਬਣ ਜਾਂਦੇ ਹਨ। ਉਨ੍ਹਾਂ ਦੀ ਸਾਹਿਤਕ ਸਿਰਜਣਾ ਇੱਕ ਭਰ ਵਗਦਾ ਦਰਿਆ ਹੈ ਅਤੇ ਉਨ੍ਹਾਂ ਨੇ ਆਪਣੀ ਕਵਿਤਾ ਵਿਚ ਪੇਂਡੂ ਰੂੜ੍ਹੀਆਂ, ਮੁਹਾਵਰੇ ਅਤੇ ਸ਼ਬਦਾਵਲੀ ਦੀ ਸੁਚੱਜੀ ਵਰਤੋਂ ਕਰ ਕੇ ਇੱਕ ਨਿਵੇਕਲੀ ਸੰਰਚਨਾ ਨੂੰ ਜਨਮ ਦਿੱਤਾ ਹੈ। ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵਾਂ ਵਿਚ ਵਿਚਰਦਿਆਂ ਵੀ ਉਹ ਕਦੇ ਆਸ਼ਾਵਾਦ ਦਾ ਲੜ ਨਹੀਂ ਛੁੱਟਣ ਦਿੰਦੇ:
ਦੁੱਖ ਦੇ ਕਦੇ
ਦਿਨ ਨਾ ਗਿਣੋ
ਇੱਕ ਦੌਰ ਹੈ
ਜੋ ਬੀਤ ਜਾਏਗਾ।
ਧਰਮ ਸਿੰਘ ਕੰਮੇਆਣਾ ਕੋਲ ਕਹਿਣ ਲਈ ਵੀ ਬਹੁਤ ਕੁੱਝ ਹੈ ਅਤੇ ਆਪਣੀ ਗੱਲ ਕਹਿਣ ਦਾ ਹੁਨਰ ਵੀ। ਸਮਾਜਿਕ ਵਿਕਾਸ ਦੇ ਦੌਰ ਵਿਚੋਂ ਗੁਜ਼ਰਦੇ ਸ਼ਹਿਰੀਕਰਨ ਦੀ ਭੇਟ ਚੜ੍ਹੇ ਪੰਜਾਬ ਨੂੰ ਦੇਖ ਕੇ ਉਹ ਨਿਰਾਸ਼ ਨਹੀਂ ਹੁੰਦੇ ਬਲਕਿ ਇਸ ਨੂੰ ਗਤੀਸ਼ੀਲਤਾ ਦਾ ਅਨਿੱਖੜਵਾਂ ਅੰਗ ਸਮਝਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਹਵਾਵਾਂ ਦੇ ਉਲਟ ਚੱਲਣ ਵਾਲੇ ਲੋਕ ਬੇਸ਼ੱਕ ਗਿਣਤੀਆਂ-ਮਿਣਤੀਆਂ ਵਿਚ ਬਹੁਤ ਥੋੜ੍ਹੇ ਹੁੰਦੇ ਹਨ ਪਰ ਮੰਜ਼ਿਲਾਂ ਹਮੇਸ਼ਾ ਉਨ੍ਹਾਂ ਦੇ ਕਦਮ ਹੀ ਚੁੰਮਿਆ ਕਰਦੀਆਂ ਹਨ:
ਜਦ ਥੱਲੜੀ ਉੱਤੇ ਆ ਜਾਵੇ
ਧਰਤੀ ਕੰਬ ਜਾਵੇ।
ਹੱਥਲੇ ਕਾਵਿ-ਸੰਗ੍ਰਹਿ 'ਕੋਸਾ ਪਾਣੀ' ਤੋਂ ਪਹਿਲਾਂ ਉਨ੍ਹਾਂ ਦੇ ਤੇਰਾਂ ਕਾਵਿ-ਸੰਗ੍ਰਹਿ, ਚਾਰ ਗੀਤ-ਸੰਗ੍ਰਹਿ, ਇੱਕ ਕਾਵਿ-ਨਾਟ, ਇੱਕ ਵਾਰਤਕ ਦੀ ਪੁਸਤਕ, ਦੋ ਸਵੈ-ਜੀਵਨੀ ਨਾਲ ਸਬੰਧਿਤ ਪੁਸਤਕਾਂ, ਸੱਤ ਨਾਵਲ, ਅੱਠ ਪੁਸਤਕਾਂ ਬਾਲ-ਸਾਹਿਤ ਦੀਆਂ, ਇੱਕ ਸਫ਼ਰਨਾਮਾ, ਇੱਕ ਮਿੰਨੀ ਕਹਾਣੀਆਂ ਦੀ ਪੁਸਤਕ ਅਤੇ ਤਿੰਨ ਖੋਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਦੇ ਲਿਖੇ ਇੱਕ ਸੌ ਪੱਚੀ ਤੋਂ ਵੱਧ ਗੀਤ ਫ਼ੀਚਰ ਫ਼ਿਲਮਾਂ, ਸੀਰੀਅਲਾਂ ਅਤੇ ਆਡੀਓ-ਵੀਡੀਓ ਕੈਸਿਟਾਂ ਦੇ ਰੂਪ ਵਿਚ ਪ੍ਰਸਿੱਧ ਗਾਇਕਾਂ ਅਤੇ ਗਾਇਕਾਵਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਵੱਖ-ਵੱਖ ਯੂਨੀਵਰਸਿਟੀਆਂ ਵਿਚ ਉਨ੍ਹਾਂ ਦੀ ਸ਼ਾਇਰੀ ਨੂੰ ਆਧਾਰ ਬਣਾ ਕੇ ਐਮ. ਫਿਲ ਅਤੇ ਪੀ-ਐਚ. ਡੀ. ਦੇ ਥੀਸਿਸ ਲਿਖੇ ਗਏ ਹਨ ਅਤੇ ਉਨ੍ਹਾਂ ਦੀ ਕਾਵਿ-ਰਚਨਾ ਪੰਜਾਬੀ ਯੂਨੀਵਰਸਿਟੀ ਦੇ ਸਿਲੇਬਸ ਵਿਚ ਵੀ ਸ਼ਾਮਲ ਹੈ। ਉਮੀਦ ਹੈ ਕਿ ਪਾਠਕ ਪਹਿਲਾਂ ਵਾਂਗ ਉਨ੍ਹਾਂ ਦੀ ਇਸ ਪੁਸਤਕ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ।
-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
ਬੈਂਡ ਵਾਲ਼ੀ ਕੁੜੀ
ਲੇਖਕ : ਕੁੰਦਨ ਲਾਲ ਭੱਟੀ
ਪ੍ਰਕਾਸ਼ਕ: ਸਾਹਿਤਿਆ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫੇ : 36
ਸੰਪਰਕ : 94785 90189
ਕੁੰਦਨ ਲਾਲ ਭੱਟੀ ਦੀ ਪੁਸਤਕ 'ਬੈਂਡ ਵਾਲੀ ਕੁੜੀ ' ਵਿਚ ਇਸੇ ਨਾਮ ਦਾ ਇੱਕ ਛੋਟਾ ਪੰਜਾਬੀ ਨਾਟਕ ਹੈ। ਕੇਸ਼ਵ ਦੇ ਪਰਿਵਾਰ ਦੀ ਕਹਾਣੀ ਹੈ ਇਹ ਨਾਟਕ। ਪਰਿਵਾਰ ਵਿਚ ਕੇਸ਼ਵ ਦੀ ਪਤਨੀ ਬੱਬੀ ਅਤੇ ਪੁੱਤਰ ਦਾਨਵ ਹਨ ਅਤੇ ਨਾਟਕ ਵਿਚ ਉਸ ਦੀ ਭੈਣ ਕਿੰਦੋ ਵੀ ਸ਼ਾਮਿਲ ਹੈ। ਨਾਟਕ ਦੀ ਮੱਹਤਵਪੂਰਨ ਗੱਲ ਇਹ ਹੈ ਕਿ ਨਾਟਕ ਵਿਚ ਸ਼ਾਮਿਲ ਨਾ ਹੋਕੇ ਵੀ ਬੈਂਡ ਵਾਲੀ ਕੁੜੀ ਇਸ ਨਾਟਕ ਦੀ ਮੁੱਖ ਪਾਤਰ ਬਣ ਜਾਂਦੀ ਹੈ ਕਿਉਂਕਿ ਮੌਜੂਦਾ ਸਮਾਜਕ ਵਰਤਾਰੇ ਅਨੁਸਾਰ ਨਾਟਕ ਦੀ ਸਾਰੀ ਚਰਚਾ ਵਿਚ ਮੁੱਖ ਧੁਰਾ ਬੈਂਡ ਵਾਲੀ ਕੁੜੀ ਹੀ ਰਹਿੰਦੀ ਹੈ। ਦਾਨਵ ਦਾ ਸੁਪਨਾ ਵਿਦੇਸ਼ ਵਿਚ ਜਾਣਾ ਹੈ ਜਿਸ ਲਈ ਉਹ ਕਿਸੇ ਚੰਗੇ ਬੈਂਡ ਪ੍ਰਾਪਤ ਕਰਕੇ ਆਈਲਿਟਸ ਪਾਸ ਕੁੜੀ ਦੀ ਤਲਾਸ਼ ਵਿਚ ਹੈ ਜਦੋਂਕਿ ਉਸ ਦਾ ਬਾਪ ਕੇਸ਼ਵ ਇਸ ਦੇ ਉਲਟ ਹੈ ਜੋ ਉਸ ਨੂੰ ਮਿਹਨਤ ਕਰਨ ਲਈ ਪ੍ਰੇਰਦਾ ਹੈ ਤਾਂ ਕਿ ਉਹ ਆਪਣੇ ਦਮ 'ਤੇ ਵਿਦੇਸ਼ ਜਾਵੇ ਅਤੇ ਸਵੈਮਾਣ ਵਾਲੀ ਜ਼ਿੰਦਗੀ ਜੀਵੇ। ਦਾਨਵ ਦੀ ਮਾਂ ਬੱਬੀ ਆਪਣੇ ਪੁੱਤਰ ਨਾਲ ਸਹਿਮਤ ਤਾਂ ਹੁੰਦੀ ਹੈ ਪਰ ਉਸ ਨੂੰ ਉਹ ਖਬਰਾਂ ਸੁਣ ਸੁਣ ਡਰ ਲਗਦਾ ਹੈ ਜਿਨ੍ਹਾਂ ਵਿਚ ਪਤਾ ਲਗਦਾ ਹੈ ਕਿ ਆਈਲਿਟਸ ਪਾਸ ਕੁੜੀਆਂ ਲੜਕੇ ਵਾਲਿਆਂ ਤੋਂ ਸਾਰਾ ਖਰਚਾ ਕਰਵਾ ਕੇ ਵਿਦੇਸ਼ ਪਹੁੰਚ ਕੇ ਧੋਖਾ ਕਰਦੀਆਂ ਹਨ। ਇਸ ਤਰ੍ਹਾਂ ਕਿੰਨੇ ਹੀ ਨੌਜਵਾਨ ਮੁੰਡਿਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣ ਦੀਆਂ ਖਬਰਾਂ ਬੱਬੀ ਅਤੇ ਪਰਿਵਾਰ ਨੂੰ ਸਤਾਉਂਦੀਆਂ ਹਨ ਅਤੇ ਬੇਚੈਨ ਕਰਦੀਆਂ ਹਨ। ਘਰ ਵਿਚ ਇਹੋ ਬਹਿਸ ਚਲਦੀ ਰਹਿੰਦੀ ਹੈ। ਇਸੇ ਦੌਰਾਨ ਕੇਸਵ ਦੀ ਭੈਣਾ ਕਿੰਦੋ ਦਾ ਫੋਨ ਆਉਂਦਾ ਹੈ ਅਤੇ ਦੱਸਦੀ ਕਿ ਉਸ ਦੀ ਬੇਟੀ ਸਿੰਮੀ ਨੇ ਸਾਢੇ ਅੱਠ ਬੈਂਡ ਲੈ ਕੇ ਆਈਲਿਟਸ ਪਾਸ ਕੀਤਾ ਹੈ। ਕਿੰਦੋ ਦਸਦੀ ਹੈ ਸਿੰਮੀ ਆਈਲਿਟਸ ਦੇ ਨਾਂਅ 'ਤੇ ਮੁੰਡਿਆਂ ਨਾਲ ਠੱਗੀ ਕਰਨ ਵਾਲੀਆਂ ਕੁੜੀਆਂ ਦੇ ਬਹੁਤ ਖਿਲਾਫ ਹੈ। ਇਸ ਚਰਚਾ ਦੌਰਾਨ ਆਈਲਿਟਸ ਦੇ ਨਾਂਅ 'ਤੇ ਹੁੰਦੇ ਇਸ ਧੋਖੇ ਵਾਲੇ ਵਰਤਾਰੇ ਦਾ ਸਮਤੋਲ ਬਣਦਾ ਹੈ।
ਪੁਸਤਕ ਦੇ ਹਰੇਕ ਪੰਨੇ ਉੱਤੇ ਚਿਤਰਕਾਰੀ ਕੀਤੀ ਗਈ ਹੈ ਜਾਨੀ ਤਸਵੀਰਾਂ ਰਾਹੀਂ ਵੀ ਨਾਟਕ ਤੁਰਦਾ ਹੈ ਅਤੇ ਨਾਟਕ ਪੜ੍ਹਦੇ ਸਮੇਂ ਇਹ ਤਸਵੀਰਾਂ ਪਾਠਕ ਨੂੰ ਦ੍ਰਿਸ਼ ਸਮਝਾਉਣ ਵਿਚ ਸਹਾਈ ਹੁੰਦੀਆਂ ਹਨ। ਨਾਟਕਕਾਰ ਦੁਆਰਾ ਲਿਖੇ ਗੀਤ ਇਸ ਨਾਟਕ ਦੇ ਉਦੇਸ਼ ਨੂੰ ਉਭਾਰਨ ਵਿਚ ਸਹਾਈ ਹੁੰਦੇ ਹਨ।
-ਨਿਰਮਲ ਜੌੜਾ
ਮੋਬਾਈਲ : 98140-78799
ਕੂਕ ਸਰਹੱਦੋਂ ਪਾਰ ਦੀ
ਮੂਲ ਲੇਖਕ : ਸਗੀਰ ਤਬੱਸੁਮ
ਲਿਪੀਆਂਤਰ : ਸੁਖਮੰਦਰ ਕੌਰ ਮੋਗਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 220 ਰੁਪਏ, ਸਫੇ : 132
ਸੰਪਰਕ : 70870-86575
ਲਹਿੰਦੇ ਪੰਜਾਬ (ਪਾਕਿਸਤਾਨ) ਵਿਜ਼ ਜ਼ਿਲਾ ਬਹਾਵਲਨਗਰ ਹੈ। ਇਸ ਅਦਬੀ ਜ਼ਿਲ੍ਹੇ ਨਾਲ ਸੰਬੰਧਤ ਪ੍ਰਸਿੱਧ ਸ਼ਾਇਰ ਸਗੀਰ ਤਬੱਸੁਮ ਨੇ ਬਹਾਵਲ ਨਗਰ ਜ਼ਿਲ੍ਹੇ ਵਿਚ ਰਹਿੰਦੇ 25 ਸ਼ਾਇਰਾਂ ਤੇ ਅਦੀਬਾਂ ਦੀ ਸਾਇਰੀ, ਜੀਵਨ, ਰਿਹਾਇਸ਼, ਤਾਲੀਮ, ਕੰਮ ਕਾਰ ਨੌਕਰੀ ਅਤੇ ਸ਼ਖਸੀਅਤ ਦੇ ਹੋਰ ਪੱਖਾਂ ਨੂੰ ਰੌਸ਼ਨ ਕਰਦੀ ਇਹ ਪੁਸਤਕ ਸ਼ਾਹਮੁਖੀ ਵਿਚ ਲਿਖੀ ਹੈ। ਡਾ ਕੁਲਦੀਪ ਸਿੰਘ ਦੀਪ ਦੀ ਪ੍ਰੇਰਨਾ ਨੇ ਸੁਖਮੰਦਰ ਕੌਰ ਮੋਗਾ ਤੋਂ ਇਹ ਕਿਤਾਬ ਸ਼ਾਹਮੁਖੀ ਤੋਂ ਗੁਰਮੁਖੀ ਲਿਪੀ ਵਿਚ ਛਪਵਾਈ ਹੈ। ਇਸ ਵਾਸਤੇ ਸੁਖਮੰਦਰ ਕੌਰ ਨੂੰ ਮਿਲੇ ਉਤਸ਼ਾਹ, ਦੀ ਚਰਚਾ ਡਾ ਕੁਲਦੀਪ ਸਿੰਘ ਦੀਪ ਨੇ ਕਿਤਾਬ ਦੇ ਮੁੱਢਲੇ ਪੰਨਿਆਂ 'ਤੇ ਕੀਤੀ ਹੈ। ਵਾਰਤਕ ਦੀ ਇਸ ਪੁਸਤਕ ਦੇ ਟਾਈਟਲ ਤੇ ਡਾ. ਦੀਪ ਨੇ ਸਗੀਰ ਤਬੱਸੁਮ ਬਾਰੇ ਲਿਖਿਆ ਹੈ ਕਿ ਇਹ ਪੁਸਤਕ ਸਰਹੱਦੋਂ ਪਾਰ ਚੜ੍ਹਦੇ ਪੰਜਾਬ ਨੂੰ ਮਿਲਿਆ ਅਜ਼ੀੰਮ ਤੋਹਫਾ ਹੈ। ਬਹਾਵਲਨਗਰ ਖੇਤਰ ਦੀ ਮਾਣਮਤੀ ਅਦਬੀ ਵਿਰਾਸਤ ਦਾ ਪਿਛੋਕੜ ਸੂਫੀ ਸੈਖ ਖਵਾਜਾ ਚਿਸ਼ਤੀ ਨਾਲ ਜੁੜਦਾ ਹੈ ਜੋ ਬਾਬਾ ਸ਼ੇਖ ਫਰੀਦ ਦੀ ਵਿਰਾਸਤ ਹੈ। ਬਹਾਵਲਨਗਰ ਦੀ ਧਰਤੀ ਨੇ ਬਹੁਤ ਸਾਰੇ ਅਦੀਬ ਪੈਦਾ ਕੀਤੇ ਹਨ। ਉਹ ਹੁਣ ਭਾਵੇਂ ਨੌਕਰੀ ਦੇ ਚੱਕਰ ਵਿਚ ਲਾਹੌਰ ਜਾਂ ਹੋਰ ਸ਼ਹਿਰਾਂ ਵਿਚ ਰਹਿ ਰਹੇ ਹਨ। ਪਰ ਉਨ੍ਹਾਂ ਨੂੰ ਆਪਣੇ ਜੱਦੀ ਸ਼ਹਿਰ ਬਹਾਵਲਨਗਰ ਨਾਲ ਪਿਆਰ ਹੈ, ਮੁਹੱਬਤ ਹੈ। ਇਹ ਮੁਹਬਤ, ਉਦਰੇਵਾਂ ਪਿਆਰ ਖਲੂਸ ਤੇ ਹੋਰ ਬਹੁਤ ਕੁਝ ਇਨ੍ਹਾਂ ਅਦੀਬਾਂ ਦੀ ਸ਼ਾਇਰੀ ਵਿਚ ਮਿਲਦਾ ਹੈ। ਲਿਪੀਆਂਤਰ ਇਸ ਕਦਰ ਮਿਆਰੀ ਹੈ ਕਿ ਸਾਰੀ ਵਾਰਤਕ ਦਾ ਲਹਿਜ਼ਾ ਤੇ ਸ਼ੈਲੀ ਲਹਿੰਦੇ ਪੰਜਾਬ ਵਾਲੀ ਉਰਦੂ ਸ਼ਬਦਾਂ ਨਾਲ ਲਬਰੇਜ਼ ਪੰਜਾਬੀ ਵਿਚ ਹੈ। ਕਿਤਾਬ ਪੜ੍ਹਦੇ ਹੋਏ ਸ਼ਹਿਦ ਵਰਗੀ ਬੋਲੀ ਦੀ ਮਿਠਾਸ ਦਾ ਅਹਿਸਾਸ ਹੁੰਦਾ ਹੈ। ਲਹਿੰਦੇ ਪੰਜਾਬ ਦਾ ਬੋਲੀ ਉਚਾਰਨ ਅੰਤਰ ਇਧਰ ਚੜ੍ਹਦੇ ਪੰਜਾਬ ਦੀ ਬੋਲੀ ਨਾਲੋਂ ਸਾਦਾ ਤੇ ਮਿੱਠਾਂ ਜਿਹਾ ਮਹਿਸੂਸ ਹੁੰਦਾ ਹੈ। ਸੁਖਮੰਦਰ ਕੌਰ ਦਾ ਸ਼ਾਹਮੁਖੀ ਗਿਆਨ ਚਿੰਤਨਮਈ ਹੈ। ਹਰੇਕ ਸ਼ਾਇਰ ਦੀ ਤਸਵੀਰ ਹੈ ਤੇ ਨਾਮ ਦੇ ਨਾਲ ਸ਼ਾਇਰੀ ਦੀ ਵਿਸ਼ੇਸ਼ਤਾ ਦੇ ਮੁਹੱਬਤੀ ਸ਼ਬਦ/ਵਾਕ ਹਨ। ਜਿਵੇਂ ਰੋਹੀ ਦਾ ਨੁਮਾਇੰਦਾ ਸ਼ਾਇਰ ਪੀਰ ਬਖਸ਼ ਰੁਹੇਲਾ, ਰੇਸ਼ਮੀ ਧਾਗਿਆਂ 'ਚ ਮੁੱਹਬਤਾਂ ਦੇ ਮੋਤੀ ਪਰੋਂਦਾ-ਆਮਿਰ ਸੁਹੇਲ, ਹਨੇਰਿਆਂ ਵਿਚ ਦੀਵੇ ਬਾਲਦਾ ਸ਼ਾਇਰ- ਕੈਫੀ, ਬੰਦ ਗਲੀ ਦੇ ਆਖਰੀ ਮਕਾਨ ਦਾ ਵਾਸੀ -ਇਮਰਾਨ ਲਕਵੀ, ਚਿਸ਼ਤੀਆਂ ਦਾ ਦਰਵੇਸ਼ ਸ਼ਾਇਰ ਆਸ਼ਿਕ ਅਲੀ ਅੰਜੁਮ, ਅਦਬ ਦੇ ਸਮੁੰਦਰਾਂ ਦਾ ਤਾਰੂ -ਫਾਰੂਕ ਨਦੀਮ ਆਦਿ। ਹੋਰ ਸ਼ਾਇਰਾਂ ਵਿਚ ਗੁਲਜ਼ੇਬ ਅਬਾਸੀ, ਫਜ਼ਲ ਫਰੀਦ ਲਾਲੇ ਕਾ, ਸਲੀਮ ਨਜ਼ਰ, ਖਾਵਰ ਵਹੀਦ, ਇਮਤਿਆਜ਼ ਸਰਵਰ, ਅਜਮਲ ਖਿਆਲ, ਅਹਿਮਦ ਰਸ਼ੀਦ ਭੱਟੀ, ਹਸਨ ਇਰਸ਼ਾਂਦ, ਅਫਜ਼ਲ ਰਾਜਪੂਤ, ਸ਼ਹਿਜ਼ਾਦ ਜ਼ੋਈਆ, ਅਲੀ ਅਰਸ਼ਦ ਮੀਰ, ਤਲਹਾ ਬਿਨ ਸੁਹੇਲ, ਨਸੀਮ ਗੁਲਫਾਮ, ਮੁਸ਼ਤਾਕ ਕਮਰ, ਸਲੀਮ ਸ਼ਹਿਜ਼ਾਦ, ਇਸਹਾਕ ਸਹੋਤਾ, ਰਸ਼ੀਦ ਫਟੜ, ਸੇਮ ਰਾਓ ਇਨਾਮ ਉਲਾ ਖਾਨ, ਸਾਦ ਉਲਾ ਸ਼ਾਹ ਦੀ ਸ਼ਾਇਰੀ ਦਾ ਪ੍ਰਭਾਵਸ਼ਾਲੀ ਜ਼ਿਕਰ ਹੈ। ਕਿਤਾਬ ਵਿਚ ਉਰਦੂ ਸ਼ਬਦਾਂ ਦੀ ਭਰਮਾਰ ਹੈ। ਉਰਦੂ ਸ਼ਬਦਾਂ ਦੇ ਪੰਜਾਬੀ ਅਰਥ ਕਿਤਾਬ ਵਿਚ ਦਿੱਤੇ ਗਏ ਹਨ। ਕਿਤਾਬ ਦੋਨਾਂ ਪੰਜਾਬਾਂ ਦੀ ਮਾਂ ਬੋਲੀ ਦੀ ਅਦਬੀ ਸਾਂਝ ਨੂੰ ਪੱਕਾ ਕਰਦੀ ਹੈ ਤੇ ਸਾਂਝੀ ਪੰਜਾਬੀਅਤ ਦਾ ਪ੍ਰਮਾਣ ਹੈ। ਭਰਪੂਰ ਸਵਾਗਤ ਹੈ।
-ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਸ਼ਹੀਦ ਭਗਤ ਸਿੰਘ
ਹੋਣ ਦੇ ਅਰਥ
ਸੰਪਾਦਕ : ਡਾ. ਅਨੂਪ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 395 ਰੁਪਏ, ਸਫ਼ੇ : 176
ਸੰਪਰਕ : 98768-01268
ਸ਼ਹੀਦੇ-ਆਜ਼ਮ ਭਗਤ ਸਿੰਘ ਬਾਰੇ ਪ੍ਰਕਾਸ਼ਿਤ ਇਸ ਪੁਸਤਕ ਵਿਚ ਸਾਡੇ ਮਹਾਂਨਾਇਕ ਸ. ਭਗਤ ਸਿੰਘ ਬਾਰੇ 26 ਲੇਖ ਸੰਗ੍ਰਹਿਤ ਹਨ। ਇਨ੍ਹਾਂ ਵਿਚੋਂ 8 ਲੇਖ ਇਕੱਲੇ ਡਾ. ਚਮਨ ਲਾਲ ਦੇ ਹਨ, ਜਿਸ ਨੇ ਭਗਤ ਸਿੰਘ ਦੀਆਂ ਤਮਾਮ ਲਿਖਤਾਂ ਨੂੰ ਲੱਭਣ, ਪ੍ਰਕਾਸ਼ਿਤ ਕਰਨ ਅਤੇ ਉਸ ਬਾਰੇ ਲਿਖੀਆਂ ਪੁਸਤਕਾਂ ਦੇ ਆਧਾਰ ਉੱਪਰ ਭਗਤ ਸਿੰਘ ਦਾ ਜੀਵਨ-ਬਿਰਤਾਂਤ ਤਿਆਰ ਕਰਨ ਬਾਰੇ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਉੱਪਰ ਭਗਤ ਸਿੰਘ ਦੇ ਸੰਦੇਸ਼ ਨੂੰ ਪ੍ਰਸਾਰਿਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਪੰਜਾਬ ਅਤੇ ਪੂਰੇ ਭਾਰਤ ਵਿਚ ਭਗਤ ਸਿੰਘ ਦੇਸ਼ਭਗਤੀ ਅਤੇ ਜੁਰੱਅਤ ਦਾ ਇਕ ਰੌਸ਼ਨ-ਪ੍ਰਤੀਕ ਬਣ ਚੁੱਕਾ ਹੈ ਅਤੇ ਕੋਈ ਚਾਹੇ-ਨਾ-ਚਾਹੇ, ਉਸ ਦੇ ਕੁਝ ਪ੍ਰਸੰਸਕ ਨੌਜਵਾਨਾਂ ਨੇ ਉਸ ਨੂੰ ਉਪਭੋਗ-ਸੰਸਕ੍ਰਿਤੀ ਦਾ ਇਕ ਅੰਗ ਵੀ ਬਣਾ ਦਿੱਤਾ ਹੈ। ਪਰ ਸੱਤਾ ਇਹੋ ਜਿਹੇ ਹਥਕੰਡੇ ਅਪਣਾਉਂਦੀ ਹੀ ਰਹੀ ਹੈ। ਮਹਾਤਮਾ ਬੁੱਧ, ਭਗਤ ਰਵਿਦਾਸ, ਭਗਤ ਕਬੀਰ ਅਤੇ ਡਾ. ਅੰਬੇਡਕਰ... ਨੂੰ ਵੀ ਨਹੀਂ ਬਖਸ਼ਿਆ, ਜੋ ਬ੍ਰਾਹਮਣਵਾਦੀ ਦਮਨ ਦੇ ਵਿਰੁੱਧ ਸਨ।
ਡਾ. ਅਨੂਪ ਸਿੰਘ ਇਕ ਵਚਨਬੱਧ ਮਾਰਕਸਵਾਦੀ ਚਿੰਤਕ ਹੈ। ਉਸ ਨੇ ਆਪਣੀ ਹਥਲੀ ਪੋਥੀ ਵਿਚ ਇਸ ਗੱਲ ਉੱਪਰ ਜ਼ੋਰ ਦਿੱਤਾ ਹੈ ਕਿ ਬੰਬਾਂ-ਪਿਸਤੌਲਾਂ ਦੀ ਰਾਜਨੀਤੀ ਕਰਨ ਨਾਲੋਂ ਉਹ ਇਕ ਪ੍ਰਗਤੀਵਾਦੀ ਅਤੇ ਇਨਕਲਾਬੀ ਵਿਚਾਰਧਾਰਾ ਉੱਪਰ ਪਹਿਰਾ ਦਿੰਦਾ ਸੀ ਅਤੇ ਅੱਜ ਉਸੇ ਵਿਚਾਰਧਾਰਾ ਨੂੰ ਨਿਤਾਰ-ਨਿਖਾਰ ਕੇ ਪੇਸ਼ ਕਰਨ ਦੀ ਜ਼ਰੂਰਤ ਹੈ। ਭਗਤ ਸਿੰਘ ਨੇ ਆਪਣੀ ਵਿਚਾਰਧਾਰਾ ਨੂੰ ਦੋ ਸੂਤਰਾਂ ਵਿਚ ਬੰਨ੍ਹ ਕੇ ਪੇਸ਼ ਕੀਤਾ ਸੀ: 1. ਇਨਕਲਾਬ ਜ਼ਿੰਦਾਬਾਦ, 2. ਸਾਮਰਾਜ ਮੁਰਦਾਬਾਦ। ਉਹ ਮਾਰਕਸ ਦੀ ਸੈਮੀਨਲ ਰਚਨਾ ਕੈਪੀਟਲ (ਸਰਮਾਇਆ) ਵੀ ਪੜ੍ਹਦਾ ਰਿਹਾ, ਲੈਨਿਨ ਦੀ ਜੀਵਨੀ ਤਾਂ ਅੰਤਿਮ ਛਿਣਾਂ ਤੱਕ ਉਸ ਦੇ ਹੱਥ ਰਹੀ। ਟ੍ਰਾਟਸਕੀ ਦੇ ਹਵਾਲੇ ਵੀ ਉਹ ਅਕਸਰ ਦਿਆ ਕਰਦਾ ਸੀ। ਪਰ ਉਹ ਜਾਤ-ਪਾਤ ਅਤੇ ਛੂਤ-ਛਾਤ ਦੇ ਵੀ ਸਖ਼ਤ ਵਿਰੁੱਧ ਸੀ (ਦੇਖੋ ਦੇਵਿੰਦਰ ਦਮਨ : ਛਿਪਣ ਤੋਂ ਪਹਿਲਾਂ)। ਵਰਗਿਸ ਸਲਾਮਤ ਨੇ ਇਸੇ ਵਿਸ਼ੇ ਬਾਰੇ ਲਿਖਿਆ ਹੈ। ਇਸ ਪੁਸਤਕ ਦੇ ਕੁਝ ਹੋਰ ਲੇਖ (ਸਰਵ ਸ੍ਰੀ) ਹਰਵਿੰਦਰ ਭੰਡਾਲ, ਸਵਰਾਜਬੀਰ, ਸਰਬਜੀਤ ਸਿੰਘ ਵਿਰਕ, ਪ੍ਰੋ. ਸੁਖਦੇਵ ਸੋਹਲ, ਗੁਰਚਰਨ ਸਿੰਘ ਨੂਰਪੁਰ, ਹਰਭਜਨ ਸਿੰਘ, ਗੁਰਦੇਵ ਸਿੰਘ ਸਿੱਧੂ, ਗੁਲਜ਼ਾਰ ਸਿੰਘ ਸੰਧੂ, ਪਰਮਜੀਤ ਸਿੰਘ ਨਿੱਕੇ ਘੁੰਮਣ, ਜੁਪਿੰਦਰਜੀਤ ਸਿੰਘ, ਅਮੋਲਕ ਸਿੰਘ, ਅਵਤਾਰ ਲੰਗੇਰੀ ਅਤੇ ਡਾ. ਰਘਬੀਰ ਕੌਰ ਦੁਆਰਾ ਲਿਖੇ ਗਏ ਹਨ। ਡਾ. ਅਨੂਪ ਸਿੰਘ ਨੇ ਸ. ਭਗਤ ਸਿੰਘ ਦੀ ਪ੍ਰਾਸੰਗਿਕਤਾ ਬਾਰੇ ਬੜੇ ਵਿਸ਼ਲੇਸ਼ਣਾਤਮਕ ਢੰਗ ਨਾਲ ਲਿਖਿਆ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136