JALANDHAR WEATHER

ਦਰਿਆ ਬਿਆਸ ਵਲੋਂ ਆਰਜ਼ੀ ਬੰਨ੍ਹ ਨੂੰ ਬਚਾਉਣ ਲਈ ਸੰਗਤਾਂ ਵਲੋਂ ਜੱਦੋ ਜਹਿਦ ਜਾਰੀ

ਕਪੂਰਥਲਾ, 7 ਸਤੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਪਿੰਡ ਮੰਡ ਖਿਜਰਪੁਰ ਦੇ ਸਾਹਮਣੇ ਇਲਾਕੇ ਦੇ 12 ਤੋਂ ਵੱਧ ਪਿੰਡਾਂ ਵਲੋਂ ਬਣਾਏ ਗਏ ਆਰਜ਼ੀ ਬੰਨ੍ਹ ਨੂੰ ਦਰਿਆ ਬਿਆਸ ਵਲੋਂ ਲਗਾਤਾਰ ਢਾਹ ਲਗਾਏ ਜਾਣ ਕਾਰਨ 150 ਫੁੱਟ ਤੋਂ ਵੱਧ ਬੰਨ੍ਹ ਦਾ ਅੰਦਰਲਾ ਹਿੱਸਾ ਦਰਿਆ ਬੁਰਦ ਹੋ ਰਿਹਾ ਹੈ, ਜਿਸ ਕਾਰਨ ਇਸ ਬੰਨ੍ਹ ਦੇ ਟੁੱਟਣ ਦਾ ਖ਼ਤਰਾ ਵਧ ਗਿਆ ਹੈ | ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਆਦਮਪੁਰ, ਭੋਗਪੁਰ, ਮੋਗਾ ਦੇ ਪਿੰਡ ਚੰਦਪੁਰਾਣਾ ਤੋਂ ਇਲਾਵਾ ਹੋਰ ਪਿੰਡਾਂ ਦੀਆਂ ਸੰਗਤਾਂ 40 ਦੇ ਕਰੀਬ ਟਰਾਲੀਆਂ ਲੈ ਕੇ ਇਸ ਬੰਨ੍ਹ ਨੂੰ ਬਚਾਉਣ ਲਈ ਜੱਦੋ ਜਹਿਦ ਕਰ ਰਹੀਆਂ ਹਨ | ਕਪੂਰਥਲਾ ਹਲਕੇ ਦੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸੁਲਤਾਨਪੁਰ ਲੋਧੀ ਹਲਕੇ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਬੰਨ੍ਹ ਨੂੰ ਸੁਰੱਖਿਅਤ ਰੱਖਣ ਲਈ 4 ਪੋਕ ਲੇਨ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ ਤੇ ਦੋਵੇਂ ਵਿਧਾਇਕ ਲਗਭਗ 3-4 ਘੰਟਿਆਂ ਤੋਂ ਬੰਨ੍ਹ ਨੂੰ ਸੁਰੱਖਿਅਤ ਰੱਖਣ ਵਿਚ ਜੁਟੇ ਲੋਕਾਂ ਨੂੰ ਹੱਲਾ ਸ਼ੇਰੀ ਦੇ ਰਹੇ ਹਨ | ਉਨ੍ਹਾਂ ਬੰਨ੍ਹ ਨੂੰ ਬਚਾਉਣ ਲਈ ਮੌਕੇ 'ਤੇ ਅਰਦਾਸ ਵੀ ਕੀਤੀ |

ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਬੋਰਿਆਂ ਦੇ ਕਰੇਟ ਬਣਾ ਕੇ ਲਗਾਏ ਸਨ, ਪ੍ਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਬੋਰਿਆਂ ਦੇ ਕਰੇਟ ਵੀ ਪਾਣੀ ਦੇ ਨਾਲ ਹੀ ਵਹਿ ਗਏ | ਲੋਕਾਂ ਨੇ ਇਹ ਵੀ ਦੱਸਿਆ ਕਿ ਦਰਿਆ ਬਿਆਸ ਵਲੋਂ ਵਹਿਣ ਬਦਲਣ ਕਾਰਨ ਸ੍ਰੀ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਮੰਡ ਖਿਜਰਪੁਰ ਤੱਕ ਲੋਕਾਂ ਵਲੋਂ ਲਗਾਇਆ ਗਿਆ 9 ਕਿੱਲੋਮੀਟਰ ਲੰਮੇ ਬੰਨ੍ਹ ਦੇ ਵੱਡੇ ਹਿੱਸੇ ਨੂੰ ਜ਼ੋਰਦਾਰ ਢਾਹ ਲੱਗੀ ਹੋਈ ਹੈ ਤੇ ਲੋਕਾਂ ਵਲੋਂ ਦਰਿਆ ਵਾਲੇ ਪਾਸੇ ਦਰਖ਼ਤ ਸੁੱਟਣ ਦੇ ਨਾਲ ਨਾਲ ਬੋਰੇ ਲਗਾਉਣ ਦਾ ਕੰਮ ਵੀ ਜਾਰੀ ਹੈ ਤੇ ਪੋਕ ਲੇਨ ਮਸ਼ੀਨਾਂ ਦਰਿਆ ਦੇ ਬਾਹਰਲੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਨੇੜਲੇ ਖੇਤਾਂ ਵਿਚੋਂ ਮਿੱਟੀ ਪੁੱਟ ਕੇ ਲਗਾ ਰਹੀਆਂ ਹਨ ਅਤੇ ਕਮਜ਼ੋਰ ਬੰਨ੍ਹ ਦੇ ਨਾਲ ਰਿੰਗ ਬੰਨ੍ਹ ਵੀ ਬਣਾਇਆ ਜਾ ਰਿਹਾ ਹੈ | ਲੋਕ ਹਰ ਹੀਲੇ ਇਸ ਬੰਨ੍ਹ ਨੂੰ ਬਚਾਉਣ ਲਈ ਯਤਨਸ਼ੀਲ ਹਨ, ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਦੀ ਪੇਸ਼ ਨਹੀਂ ਜਾ ਰਹੀ | ਖ਼ਬਰ ਦੀਆਂ ਇਹ ਸਤਰਾਂ ਰਾਤ 7 ਵਜੇ ਤੱਕ ਲਿਖਣ ਤੱਕ ਬੰਨ੍ਹ ਨੂੰ ਬਚਾਉਣ ਦਾ ਕੰਮ ਜੰਗੀ ਪੱਤਰ 'ਤੇ ਚੱਲ ਰਿਹਾ ਹੈ ਤੇ ਇਸ ਨੂੰ ਰਾਤ ਭਰ ਜਾਰੀ ਰੱਖਣ ਲਈ ਲਾਈਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ