ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਾਰ ਲੈਣ ਪਹੁੰਚੇ

ਸੁਲਤਾਨਪੁਰ ਲੋਧੀ,7 ਸਤੰਬਰ (ਜਗਮੋਹਣ ਸਿੰਘ ਥਿੰਦ)- ਦਰਿਆ ਬਿਆਸ ਵਿਚ ਆਏ ਹੜ ਕਾਰਨ ਹਲਕਾ ਸੁਲਤਾਨਪੁਰ ਲੋਧੀ ਦੇ ਟਾਪੂ ਨਵਾਂ ਪਿੰਡ ਮੰਡ ਬਾਊਪੁਰ ਵਿਖੇ ਬੀਤੇ ਦਿਨ ਕੁਝ ਕਿਸਾਨਾਂ ਦੇ ਘਰ ਢਹਿ- ਢੇਰੀ ਹੋ ਗਏ ਸਨ। ਜਿਸ ਦੇ ਚਲਦਿਆਂ ਕੁਝ ਦਿਨ ਪਹਿਲਾਂ ਚਰਨਜੀਤ ਮਸੀਹ ਚੇਅਰਮੈਨ ਕ੍ਰਿਸ਼ਚੀਅਨ ਯੂਥ ਫੈਲੋਸ਼ਿਪ ਪੰਜਾਬ ਵਲੋ ਮਾਲਵਿਕਾ ਸੂਦ ਹਲਕਾ ਇੰਚਾਰਜ ਮੋਗਾ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਸੂਦ ਫਾਊਂਡੇਸ਼ਨ ਦੀ ਤਰਫੋਂ ਪੀੜਤ ਪਰਿਵਾਰਾਂ ਦੇ ਘਰ ਬਣਾਉਣ ਲਈ ਯਤਨ ਕਰਨ। ਜਿਸ ਤੋਂ ਬਾਅਦ ਉੱਘੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਮੌਕਾ ਦੇਖਣ ਆਏ । ਪਿੰਡ ਮੰਡ ਬਾਊਪੁਰ ਅਤੇ ਸਾਂਗਰਾ ਵਿਚ ਮੌਕਾ ਦੇਖਣ ਤੋਂ ਬਾਅਦ ਪੀੜਤ ਕਿਸਾਨ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਸੋਨੂ ਸੂਦ ਨੇ ਕਿਹਾ ਕਿ ਉਹ ਉਨ੍ਹਾਂ ਦੀ ਹਰ ਮੁਸ਼ਕਿਲ ਵਿਚ ਸਾਥ ਦੇਣਗੇ ਉਨ੍ਹਾਂ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਤੇ ਅੱਜ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪੰਜਾਬੀ ਕਿਸਾਨ ਭਰਾਵਾਂ ਦੀ ਬਾਂਹ ਫੜੀਏ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸੂਦ ਫਾਊਂਡੇਸ਼ਨ ਕਿਸਾਨਾਂ ਦੀ ਹਰ ਸੰਭਵ ਮਦਦ ਕਰੇਗਾ । ਉਨ੍ਹਾਂ ਨੇ ਕਿਹਾ ਕਿ ਜਦੋਂ ਪਾਣੀ ਘਟ ਜਾਵੇਗਾ ਤਾਂ ਜਲਦੀ ਉਹ ਉਸਾਰੀ ਸ਼ੁਰੂ ਕਰਵਾਉਣਗੇ। ਉਨ੍ਹਾਂ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਨਹੀਂ ਉਹ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨਗੇ। ਇਸ ਮੌਕੇ ਹਲਕੇ ਦੇ ਯੂਥ ਆਗੂ ਚਰਨਜੀਤ ਸਿੰਘ ਨੇ ਸੂਦ ਫਾਊਂਡੇਸ਼ਨ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਮੰਡ ਬਾਊਪੁਰ ਅਤੇ ਇਸ ਦੇ ਆਲੇ ਦੁਆਲੇ ਕਿਸਾਨਾਂ ਦੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਹੈ।ਇਸ ਮੌਕੇ ਨੰਬਰਦਾਰ ਕੁਲਦੀਪ ਸਿੰਘ ਸਾਂਗਰਾ , ਪਰਮਜੀਤ ਸਿੰਘ ਆਦਿ ਸਾਰੇ ਪਿੰਡਾਂ ਦਾ ਸਰਵੇਖਣ ਕੀਤਾ ਗਿਆ।