ਬਿਆਸ ਦਰਿਆ ਦੇ ਬਦਲੇ ਵਹਿਣ ਕਾਰਨ ਮੰਡ ਬਾਊਪੁਰ ਵਿਖੇ ਘਰਾਂ ਨੂੰ ਢਾਅ ਲੱਗਣ ਲੱਗੀ , ਲੋਕ ਘਰਾਂ ਦਾ ਸਾਮਾਨ ਬਾਹਰ ਕੱਢਣ ਲੱਗੇ

ਸੁਲਤਾਨਪੁਰ ਲੋਧੀ, 7 ਸਤੰਬਰ (ਜਗਮੋਹਣ ਸਿੰਘ ਥਿੰਦ)-ਬਾਊਪੁਰ ਮੰਡ ਇਲਾਕੇ ਵਿਚ ਬਿਆਸ ਦਰਿਆ ਦੇ ਬਦਲੇ ਵਹਿਣ ਨੇ ਅੱਧੀ ਦਰਜਨ ਘਰਾਂ ਨੂੰ ਢਾਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਘਰਾਂ ਵਿਚ ਵੱਡੀਆਂ ਤਰੇੜਾਂ ਆਉਣ ਕਾਰਨ ਪੀੜਤ ਲੋਕਾਂ ਨੇ ਆਪਣੇ ਘਰ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਬਣਾਏ ਗਏ ਵੱਡੇ ਬੇੜੇ ਵਿਚ ਦੋ ਘਰਾਂ ਦਾ ਇਕੋ ਵਾਰ ਸਾਮਾਨ ਲੱਦ ਕੇ ਸੁਰੱਖਿਅਤ ਥਾਂ ‘ਤੇ ਲਿਆਂਦਾ ਗਿਆ।ਮੁਬਾਰਕਪੁਰ ਦੇ ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਤੋਂ ਬਿਆਸ ਦਰਿਆ ਵਹਿਣ ਵੱਗਣ ਲੱਗ ਪਿਆ ਹੈ। ਪਾਣੀ ਦਾ ਤੇਜ਼ ਵਹਾਅ ਘਰ ਨੂੰ ਸਿੱਧਾ ਟੱਕਰ ਮਾਰ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਦੀਆਂ ਨੀਂਹਾਂ ਹਿੱਲ ਗਈਆਂ ਹਨ ਤੇ ਮਕਾਨਾਂ ਨੂੰ ਵੱਡੀਆਂ ਤਰੇੜਾਂ ਆ ਗਈਆਂ ਹਨ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਤੋਂ ਢਾਹ ਲੱਗਣੀ ਸ਼ੁਰੂ ਹੋ ਗਈ ਸੀ ਤੇ ਉਸ ਸਮੇਂ ਤੋਂ ਘਰ ਦਾ ਸਾਮਾਨ ਚੁੱਕਣਾ ਸ਼ੁਰੂ ਕਰ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਸਮੇਤ 6 ਹੋਰ ਘਰ ਹਨ ਜਿੰਨ੍ਹਾਂ ਨੂੰ ਬਿਆਸ ਦਰਿਆ ਦੇ ਬਦਲੇ ਵਹਿਣ ਨੇ ਢਾਅ ਲਾਈ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਆਪਣਾ ਵੱਡਾ ਬੇੜਾ ਸਮੇਂ ਸਿਰ ਨਾ ਭੇਜਦੇ ਤਾਂ ਸਾਡਾ ਸਾਮਾਨ ਹੜ੍ਹ ਵਿਚ ਨਹੀਂ ਸੀ ਕੱਢਿਆ ਜਾਣਾ। ਉਧਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਅੱਜ ਤੇਜ਼ ਮੀਂਹ ਦੇ ਵਰ੍ਹਦਿਆ ਵੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰਾਂ ਦੇ ਘਰਾਂ ਵਿਚ ਪ੍ਰਸ਼ਾਦੇ ਪਹੁੰਚਦੇ ਕੀਤੇ।