ਛੀਨੀਵਾਲ ਕਲਾਂ 'ਚ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ

ਮਹਿਲ ਕਲਾਂ,7 ਸਤੰਬਰ (ਅਵਤਾਰ ਸਿੰਘ ਅਣਖੀ) - ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ 451ਵੇਂ ਜੋਤੀ ਜੋਤ ਦਿਵਸ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਹਰਦਿਆਲ ਸਿੰਘ , ਰਜਿੰਦਰ ਸਿੰਘ , ਜਥੇ: ਪ੍ਰਿਤਪਾਲ ਸਿੰਘ ਦੇ ਉੱਦਮ ਸਦਕਾ ਧਾਰਮਿਕ ਸ਼ਖ਼ਸੀਅਤ ਮੈਂਬਰ ਸ਼੍ਰੋਮਣੀ ਕਮੇਟੀ ਸਵ: ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਕਲਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ । ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਭਾਈ ਪ੍ਰਗਟ ਸਿੰਘ ਨੇ ਕਥਾ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ।
ਇਸ ਮੌਕੇ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਗੁਰਜੰਟ ਸਿੰਘ ਸਿੱਧੂ ਨੇ ਸਮੂਹ ਸੰਗਤਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਧਾਰਮਿਕ ਸ਼ਖ਼ਸੀਅਤ ਸਵ: ਸੰਤ ਦਲਬਾਰ ਸਿੰਘ ਛੀਨੀਵਾਲ ਵਲੋਂ ਸ਼ੁਰੂ ਕੀਤੀ ਧਾਰਮਿਕ ਸਮਾਗਮ ਦੀ ਇਸ ਪਿਰਤ ਨੂੰ ਅੱਗੇ ਤੋਰਦਿਆਂ ਹਰਦਿਆਲ ਸਿੰਘ , ਰਜਿੰਦਰ ਸਿੰਘ ਤੇ ਜਥੇ: ਪ੍ਰਿਤਪਾਲ ਸਿੰਘ ਵਲੋਂ ਹਰ ਸਾਲ ਸਾਲਾਨਾ ਸਮਾਗਮ ਕਰਵਾਉਣਾ ਪਰਿਵਾਰ ਦੀ ਪੰਥਕ ਸੋਚ ਤੇ ਗੁਰੂ ਸਹਿਬਾਨ ਪ੍ਰਤੀ ਸ਼ਰਧਾ ਸਤਿਕਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਗਤੀ ਰਸ ਦੇ ਧਾਰਨੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਸਰਬ ਸਾਂਝੀਵਾਲਤਾ ਤੇ ਬਰਾਬਰਤਾ ਦਾ ਪੈਗਾਮ ਦਿਤਾ। ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਜੋ ਸਾਨੂੰ ਸਮਾਜ 'ਚ ਵਹਿਮ ਭਰਮ ਉਚ ਨੀਚ ਜਾਤਪਾਤ ਨੂੰ ਦੂਰ ਕਰਨ ਲਈ ਪ੍ਰੇਰਿਤ ਕਰਦੀ ਹੈ ।