ਸੁਖਬੀਰ ਸਿੰਘ ਬਾਦਲ ਵਲੋਂ ਲੋਹੀਆਂ ਦੇ ਬੰਨ੍ਹਾਂ ਦਾ ਦੌਰਾ

ਲੋਹੀਆਂ ਖਾਸ (ਜਲੰਧਰ), 7 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜ਼ਿਲ੍ਹਾ ਜਲੰਧਰ ਦੇ ਬਲਾਕ ਲੋਹੀਆਂ ਖਾਸ ਨੇੜਲੇ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਦੌਰਾ ਕੀਤਾ ਗਿਆ। ਗਿੱਦੜ ਪਿੰਡੀ ਰੇਲਵੇ ਬੰਨ੍ਹ ਦੇ ਨੇੜੇ ਪੁੱਜੇ ਸੁਖਬੀਰ ਸਿੰਘ ਬਾਦਲ ਵਲੋਂ ਬੰਨ੍ਹ ਦੀ ਮੁਰੰਮਤ ਕਰਵਾ ਰਹੀ ਹੜ੍ਹ ਰੋਕੂ ਲੋਕ ਕਮੇਟੀ ਗਿੱਦੜਪਿੰਡੀ ਅਤੇ ਦੂਜੇ ਪਾਸੇ ਦਾਰੇਵਾਲ ਪਿੰਡ ਦੇ ਬੰਨ੍ਹ ਬਣਾ ਰਹੇ ਸੇਵਾਦਾਰਾਂ ਨੂੰ ਦੋ ਦੋ ਲੱਖ ਰੁਪਏ ਨਗਦ ਭੇਂਟ ਕੀਤੇ ਗਏ ਅਤੇ ਦੋ ਦੋ ਹਜ਼ਾਰ ਲੀਟਰ ਡੀਜ਼ਲ ਦੇ ਕੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਸਭ ਤੋਂ ਪਹਿਲਾਂ ਕੈਬਨਿਟ ਵਿਚ ਹੜਾਂ ਦੇ ਬੰਨ੍ਹਾਂ ਨੂੰ ਕੰਕਰੀਟ ਨਾਲ ਬਣਾਉਣ ਦਾ ਮਤਾ ਪਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਅਤੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ।