ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫਾ ਦੇਣ ਤੋਂ ਬਾਅਦ ਲਿਆ ਵਾਪਸ
ਕਰਨਾਲ (ਹਰਿਆਣਾ), 20 ਜਨਵਰੀ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਪੰਥਕ ਦਲ ਝੀਂਡਾ ਗਰੁੱਪ ਨੂੰ ਬਹੁਮਤ ਨਾ ਮਿਲਣ ਉਤੇ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫਾ ਦੇਣ ਦੇ ਕੀਤੇ ਐਲਾਨ ਤੋਂ ਬਾਅਦ ਸੰਗਤ ਅਤੇ ਉਨ੍ਹਾਂ ਦੇ ਜਿੱਤੇ ਉਮੀਦਵਾਰਾਂ ਦੇ ਦਬਾਅ ਹੇਠ ਫੈਸਲਾ ਵਾਪਸ ਲੈ ਲਿਆ। ਇਸ ਸਾਰੇ ਘਟਨਾਕ੍ਰਮ ਦੀ ਚਰਚਾ ਹਰਿਆਣਾ ਵਿਚ ਜ਼ੋਰਾਂ ਸ਼ੋਰਾਂ ਨਾਲ ਹੋਈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਜਾਰੀ ਲਿਸਟ ਵਿਚ ਝੀਂਡਾ ਗਰੁੱਪ ਦੇ 11 ਮੈਂਬਰ ਜੇਤੂ ਦਰਸਾਏ ਗਏ ਜਿਨ੍ਹਾਂ ਵਿਚੋਂ ਇਕ ਮੋਹਨਜੀਤ ਸਿੰਘ ਪਾਣੀਪਤ ਵੀ ਸ਼ਾਮਿਲ ਹਨ ਪਰ ਅੱਜ ਝੀਂਡਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ 10 ਨਹੀਂ 9 ਉਮੀਦਵਾਰ ਜਿੱਤੇ ਹਨ ਅਤੇ ਚੋਣ ਕਮਿਸ਼ਨ ਦੀ ਗਲਤੀ ਕਾਰਨ ਗਲਤ ਅੰਕੜੇ ਆਏ ਹਨ। ਇਸ ਅਨੁਸਾਰ ਪੰਥਕ ਦਲ ਝੀਂਡਾ ਗਰੁੱਪ ਦੇ 9 ਮੈਂਬਰਾਂ ਨੇ ਜਿੱਤ ਹਾਸਿਲ ਕੀਤੀ। ਸਿੱਖ ਸਮਾਜ ਸੰਸਥਾ ਜੋ ਨਲਵੀ ਗਰੁੱਪ ਨਾਲ ਸੰਬੰਧਿਤ ਹੈ, ਉਸ ਦੇ 3 ਮੈਂਬਰਾਂ ਨੇ ਜਿੱਤ ਦਰਜ ਕੀਤੀ। ਹਰਿਆਣਾ ਸਿੱਖ ਪੰਥਕ ਦਲ ਬਾਦਲ ਧੜੇ ਦੇ 6 ਮੈਂਬਰਾਂ ਨੇ ਜਿੱਤ ਦਰਜ ਕੀਤੀ ਅਤੇ 22 ਆਜ਼ਾਦ ਮੈਂਬਰਾਂ ਨੇ ਜਿੱਤ ਦਰਜ ਕੀਤੀ।