20-01-2025
ਪਾਣੀ ਪਲੀਤ ਨਾ ਕਰੋ
ਆਮ ਹੀ ਵੇਖਣ ਵਿਚ ਆ ਰਿਹਾ ਹੈ ਕਿ ਬਹੁਤੇ ਥਾਈਂ ਲੋਕ ਆਪਣੇ ਘਰਾਂ ਦਾ ਗੰਦਮੰਦ, ਕੂੜਾ ਆਦਿ ਵਗਦੇ ਪਾਣੀ ਵਿਚ ਸੁੱਟਦੇ ਰਹਿੰਦੇ ਹਨ। ਜਿਸ ਕਰਕੇ ਪੀਣ ਯੋਗ ਪਾਣੀ ਪਲੀਤ ਹੋ ਕੇ ਮਨੁੱਖੀ ਜ਼ਿੰਦਗੀਆਂ ਲਈ ਮਾਰੂ ਬਣ ਜਾਂਦਾ ਹੈ। ਵਹਿਮਾਂ ਭਰਮਾਂ ਵਿਚ ਗਲਤਾਨ ਲੋਕ ਤਾਂ ਪਾਣੀ ਵਿਚ ਬਹੁਤ ਹੀ ਜ਼ਿਆਦਾ ਢਾਲੇ ਆਦਿ ਸੁੱਟਦੇ ਰਹਿੰਦੇ ਹਨ। ਕਾਰਖਾਨਿਆਂ ਵਾਲੇ ਵੀ ਜ਼ਹਿਰੀਲਾ ਪਾਣੀ ਵਗਦੇ ਪਾਣੀ ਵਿਚ ਸੁੱਟਦੇ ਹਨ, ਜੋ ਸਾਰੇ ਪਾਣੀ ਨੂੰ ਹੀ ਜ਼ਹਿਰੀਲਾ ਕਰ ਦਿੰਦਾ ਹੈ। ਫਿਰ ਇਹੋ ਜ਼ਹਿਰੀਲਾ ਪਾਣੀ ਅੱਗੇ ਜਾ ਕੇ ਇਸ ਪਾਣੀ ਨੂੰ ਪੀਣ ਵਾਲੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੀ ਲਪੇਟ ਵਿਚ ਜਕੜ ਲੈਂਦਾ ਹੈ। ਜੇਕਰ ਅਸੀਂ ਗੰਦਾ ਤੇ ਜ਼ਹਿਰੀਲਾ ਪਾਣੀ ਖ਼ੁਦ ਨਹੀਂ ਪੀ ਸਕਦੇ ਤਾਂ ਸਾਨੂੰ ਪਾਣੀ ਨੂੰ ਪਲੀਤ ਕਰਨ ਦਾ ਵੀ ਹੱਕ ਨਹੀਂ ਹੈ। ਕਿਹਾ ਜਾਂਦਾ ਹੈ ਕਿ ਜਲ ਹੈ ਤਾਂ ਕੱਲ ਹੈ, ਕਿਉਂਕਿ ਪਾਣੀ ਤੋਂ ਬਿਨਾਂ ਜੀਵਤ ਰਹਿਣਾ ਸੰਭਵ ਹੀ ਨਹੀਂ ਹੈ। ਗੁਰਬਾਣੀ ਵਿਚ ਤਾਂ ਪਾਣੀ ਨੂੰ ਪਿਤਾ ਤਾਂ ਦਰਜਾ ਦਿੱਤਾ ਗਿਆ ਹੈ। ਸਭ ਨੂੰ ਪਾਣੀ ਦੀ ਮਹੱਤਤਾ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਸਮੇਂ ਦੀ ਲੋੜ ਹੈ ਸਾਦੇ ਸਮਾਗਮ
ਅੱਜ ਅਸੀਂ ਵੇਖਦੇ ਹਾਂ ਕਿ ਲੋਕ ਸਮਾਗਮਾਂ 'ਤੇ ਆਪਣੀ ਸਮਰੱਥਾ ਤੋਂ ਵਧ ਕੇ ਬੇਲੋੜਾ ਖ਼ਰਚ ਕਰਦੇ ਹਨ। ਇਹ ਖ਼ਰਚ ਬੱਚਿਆਂ ਦੇ ਜਨਮ ਦਿਨ, ਵਿਆਹਾਂ ਤੇ ਸ਼ੋਕ ਸਮਾਗਮਾਂ 'ਤੇ ਕੀਤੇ ਜਾਂਦੇ ਹਨ। ਗ਼ਰੀਬ ਆਦਮੀ ਵੀ ਅਮੀਰਾਂ ਵੱਲ ਵੇਖ, ਉਨ੍ਹਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਚਾਦਰ ਤੋਂ ਵਧ ਕੇ ਪੈਰ ਪਸਾਰ ਲੈਂਦਾ ਹੈ। ਇਸ ਤਰ੍ਹਾਂ ਕਈ ਵਾਰ ਕਰਜ਼ੇ ਦੇ ਬੋਝ ਥੱਲੇ ਦੱਬਿਆ ਜਾਂਦਾ ਹੈ। ਦੂਸਰਾ ਵੱਡੇ-ਵੱਡੇ ਸਮਾਗਮਾਂ 'ਤੇ ਅਸੀਂ ਵੇਖਦੇ ਹਾਂ ਕਿ ਖਾਣਾ ਬਹੁਤ ਮਾਤਰਾ ਵਿਚ ਖ਼ਰਾਬ ਹੋ ਜਾਂਦਾ ਹੈ ਅਤੇ ਪਲਾਸਟਿਕ ਪੇਪਰ ਵਿਚ ਪਏ ਖਾਣੇ ਕਾਰਨ ਕਚਰਾ ਵੀ ਪੈਦਾ ਹੁੰਦਾ ਹੈ, ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਜੇਕਰ ਇਹ ਖਾਣਾ ਗ਼ਰੀਬਾਂ ਲਈ ਵਰਤਿਆ ਜਾਵੇ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ। ਜਿਸ ਤਰ੍ਹਾਂ ਲੋਕ ਅੱਜ ਮੰਦਹਾਲੀ ਵਿਚ ਗੁਜ਼ਰ ਰਹੇ ਹਨ, ਤਾਂ ਸਮਾਂ ਮੰਗ ਕਰਦਾ ਹੈ ਕਿ ਉਹ ਸਾਦੇ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਅਤੇ ਆਪਣੀ ਹੱਡ ਭੰਨਵੀਂ ਮਿਹਨਤ ਦੁਆਰਾ ਕੀਤੀ ਕਮਾਈ ਨੂੰ ਖੋਰਾ ਲੱਗਣ ਤੋਂ ਬਚਾਉਣ। ਅੱਜ ਅਸੀਂ ਵੇਖਿਆ ਹੈ ਕਿ ਕਈ ਅਮੀਰ ਲੋਕ ਵੀ ਸਾਦੇ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਲੱਗ ਪਏ ਹਨ। ਇਹ ਸਮਾਜ ਲਈ ਇਕ ਚੰਗਾ ਸੰਦੇਸ਼ ਹੈ।
-ਅਸ਼ੀਸ਼ ਸ਼ਰਮਾ ਜਲੰਧਰ।
ਬਲਾਚੌਰ ਬਾਈਪਾਸ ਦਾ ਸੁਧਾਰ ਹੋਵੇ
ਵੈਸੇ ਤਾਂ ਅਵਾਰਾ ਪਸ਼ੂਆਂ, ਖ਼ਰਾਬ ਸੜਕਾਂ, ਜਗਾੜੂ ਰੇਹੜੀਆਂ, ਸੜਕਾਂ ਕਿਨਾਰੇ ਸਾਮਾਨ ਵੇਚਣ ਵਾਲਿਆਂ ਆਦਿ ਦੀ ਭੀੜ ਕਾਰਨ ਸਾਡੇ ਦੇਸ਼ ਵਿਚ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਅਸੀਂ ਇਸ ਨੂੰ ਕੁਦਰਤੀ ਭਾਣਾ ਕਹਿ ਕੇ ਮਨ ਸਮਝਾ ਲੈਂਦੇ ਹਾਂ। ਕਈ ਵਾਰ ਛੋਟੀਆਂ-ਛੋਟੀਆਂ ਖਾਮਿਆਂ ਕਾਰਨ ਹੀ ਕੀਮਤੀ ਜਾਨਾਂ ਚੱਲੀਆਂ ਜਾਂਦੀਆਂ ਹਨ। ਚੰਡੀਗੜ੍ਹ ਤੋਂ ਚੱਲ ਕੇ ਰਸਤੇ ਵਿਚ ਵੱਡੀਆਂ ਸੜਕਾਂ-ਵੱਡੇ ਸ਼ਹਿਰਾਂ ਜਿਵੇਂ ਖੱਬੇ ਪਾਸੇ ਲੁਧਿਆਣਾ-ਮੋਗਾ, ਫਿਰੋਜ਼ਪੁਰ ਨੂੰ, ਰੋਪੜ ਤੋਂ ਸੱਜੇ ਨੂੰ ਨੰਗਲ-ਹਿਮਾਚਲ ਪ੍ਰਦੇਸ਼ ਜਾਣ ਲਈ ਸੜਕ ਦੇ ਕੰਢੇ ਕਈ ਬੋਰਡ ਲਗਾ ਕੇ ਰਸਤਾ ਦਰਸਾਇਆ ਗਿਆ ਹੈ। ਬਹੁਤ ਹੀ ਵਧੀਆ ਗੱਲ ਹੈ। ਲੇਕਿਨ ਬਲਾਚੌਰ ਬਾਈਪਾਸ 'ਤੇ ਐਸਾ ਨਹੀਂ ਹੈ। ਗੜ੍ਹੀ ਤੋਂ ਪਹਿਲਾਂ ਇਕ ਸੜਕ ਹੁਸ਼ਿਆਰਪੁਰ-ਪਠਾਨਕੋਟ-ਜੰਮੂ-ਕਟੜਾ ਨੂੰ ਮੁੜਦੀ ਹੈ। ਉਥੇ ਕੋਈ ਵੱਡਾ ਬੋਰਡ ਨਹੀਂ ਲਗਾਇਆ। ਹੁਸ਼ਿਆਰਪੁਰ ਜਾਣ ਵਾਲੇ ਅਕਸਰ ਭੁੱਲ ਜਾਂਦੇ ਹਨ। ਜੇਕਰ ਇਕ ਰੋਪੜ-ਫਗਵਾੜਾ ਸੜਕ 'ਤੇ ਗੜ੍ਹੀ ਨੇੜੇ ਸੱਜੇ ਪਾਸੇ ਨੂੰ ਤੀਰ ਦੇ ਨਿਸ਼ਾਨ ਲਗਾ ਕੇ ਲਗਾ ਦਿੱਤਾ ਜਾਵੇ ਤਾਂ ਇਸ ਨਾਲ ਇਧਰ ਜਾਣ ਵਾਲਿਆਂ ਨੂੰ ਸਹੂਲਤ ਮਿਲੇਗੀ ਅਤੇ ਭੁਲੇਖਾ ਨਹੀਂ ਪਵੇਗਾ। ਦੂਸਰਾ ਇਸ ਬਾਈਪਾਸ 'ਤੇ ਨਿੱਤ ਹੀ ਹਾਦਸੇ ਵਾਪਰਦੇ ਹਨ। ਗੜ੍ਹੀ ਮੋੜ 'ਤੇ ਸੜਕ ਦੇ ਦੋਵੇਂ ਪਾਸੀਂ ਝਾੜੀਆਂ ਹਨ। ਉਹ ਸਾਫ਼ ਕਰਨੀਆਂ ਚਾਹੀਦੀਆਂ ਹਨ। ਤੀਸਰਾ ਅਗਲਾ ਗੋਲ-ਚੱਕਰ ਟੇਢਾ-ਮੇਢਾ ਹੈ। ਉਸ ਨੂੰ ਬੇਸ਼ੱਕ ਥੋੜ੍ਹਾ ਛੋਟਾ ਕਰ ਦੇਣਾ ਚਾਹੀਦਾ ਹੈ।
-ਗੁਰਚਰਨ ਸਿੰਘ
ਪਿੰਡ-ਡਾਕ. ਮਜਾਰਾ, ਸ਼ਹੀਦ ਭਗਤ ਸਿੰਘ ਨਗਰ।
ਆਨਲਾਈਨ ਪਦਾਰਥਾਂ ਦੀ ਮਿਆਦ
ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ਼ ਇੰਡੀਆ ਨੇ ਬੀਤੇ ਦਿਨ ਆਨਲਾਈਨ ਪਦਾਰਥਾਂ ਦੀ ਵਿਕਰੀ ਨੂੰ ਲੈ ਕੇ ਕੁਝ ਚਿਤਾਵਨੀਆਂ ਜਾਰੀ ਕੀਤੀਆਂ ਹਨ ਜੋ ਹਰੇਕ ਖ਼ਪਤਕਾਰ ਲਈ ਜਾਣਨੀਆਂ ਬਹੁਤ ਜ਼ਰੂਰੀ ਹਨ। ਅਥਾਰਟੀ ਦੁਆਰਾ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਜਿਥੇ ਆਨਲਾਈਨ ਡਲਿਵਰ ਹੋ ਰਹੇ ਪਦਾਰਥਾਂ ਦੀ ਵਰਤੋਂ ਵਿਚ ਲਿਆਉਣ ਦੀ ਮਿਆਦ ਘੱਟੋ-ਘੱਟ ਪੰਤਾਲੀ ਦਿਨ ਹੋਣੀ ਚਾਹੀਦੀ ਹੈ, ਉਥੇ ਇਨ੍ਹਾਂ ਪਦਾਰਥਾਂ ਦੀ ਗੁਣਵੱਤਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਆਨਲਾਈਨ ਆਰਡਰ ਕੀਤੇ ਜਾਂਦੇ ਪਦਾਰਥਾਂ 'ਚ ਉਹੀ ਨਹੀਂ ਹੁੰਦਾ ਅਤੇ ਜੇਕਰ ਹੁੰਦਾ ਹੈ ਤਾਂ ਉਸ ਦੀ ਵਰਤੋਂ ਕਰਨ ਦੀ ਮਿਆਦ ਪੁੱਗ ਚੁੱਕੀ ਹੁੰਦੀ ਹੈ। ਇਸ ਕਰਕੇ ਜਿਥੇ ਖਪਤਕਾਰ ਦਾ ਸ਼ੋਸ਼ਣ ਹੁੰਦਾ ਹੈ ਉਥੇ ਉਸ ਦੇ ਪੈਸੇ ਤੇ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਸ਼ਿਕਾਇਤ ਕਰਨ 'ਤੇ ਨਿਪਟਾਰਾ ਹੋਣ ਵਿਚ ਕਈ ਸਾਲ ਲੱਗ ਜਾਂਦੇ ਹਨ। ਪ੍ਰੰਤੂ ਹੁਣ ਜਦੋਂ ਆਨਲਾਈਨ ਸ਼ਿਕਾਇਤ ਕਰਨ ਦੀ ਸੁਵਿਧਾ ਪ੍ਰਦਾਨ ਕਰ ਦਿੱਤੀ ਗਈ ਹੈ ਤਾਂ ਉਸ ਦਾ ਫਾਇਦਾ ਲਾਭਕਾਰੀ ਨੂੰ ਜ਼ਰੂਰ ਮਿਲੇਗਾ। ਕੋਈ ਵੀ ਪਦਾਰਥ ਆਨਲਾਈਨ ਖਰੀਦਣ ਸਮੇਂ ਗਾਹਕ ਦਾ ਜਾਗਰੂਕ ਤੇ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ।
-ਰਜਵਿੰਦਰ ਪਾਲ ਸ਼ਰਮਾ