ਪ੍ਰੋਫੈਸਰ ਆਫ ਸਿੱਖ-ਇਜ਼ਮ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਦਾ ਕੈਨੇਡਾ 'ਚ ਅਕਾਲ ਚਲਾਣਾ
ਗੁਰੂਸਰ ਸੁਧਾਰ (ਲੁਧਿਆਣਾ), 20 ਜਨਵਰੀ (ਜਗਪਾਲ ਸਿੰਘ ਸਿਵੀਆਂ)-ਸਿੱਖ ਪੰਥ ਦੇ ਮਹਾਨ ਵਿਦਵਾਨ ਅਤੇ ਸਤਿਕਾਰਯੋਗ ਗੁਰੂਸਰ ਸੁਧਾਰ ਵਾਸੀ ਪ੍ਰਿੰਸੀਪਲ ਰਾਮ ਸਿੰਘ ਜੀ ਟੋਰਾਂਟੋ ਕੈਨੇਡਾ ਵਿਖੇ ਅੱਜ 19-01-25 ਨੂੰ 77 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਪ੍ਰਿੰਸੀਪਲ ਰਾਮ ਸਿੰਘ ਕੁਲਾਰ ਜੀ ਦੇ ਚਲਾਣੇ ਉਤੇ ਸਿੱਖ ਪੰਥ ਅੰਦਰ ਸੋਗ ਦੀ ਲਹਿਰ ਦੌੜ ਗਈ। ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਰਪ੍ਰਸਤ, ਜੀਵਨ ਟਰੱਸਟੀ, ਕੋਰ ਕਮੇਟੀ ਮੈਂਬਰ ਸਨ ਅਤੇ ਉਨ੍ਹਾਂ ਨੇ ਲੰਬਾ ਸਮਾਂ ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਵਜੋਂ ਅਗਵਾਈ ਕੀਤੀ। ਸ੍ਰੀ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਅੰਗਰੇਜ਼ੀ ਦੇ ਪ੍ਰੋਫੈਸਰ, ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਪ੍ਰਿੰਸੀਪਲ ਅਤੇ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਮੈਂਬਰੀ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਉਨ੍ਹਾਂ ਨੇ ਲੰਬਾ ਸਮਾਂ ਸੇਵਾ ਕੀਤੀ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰੋਫੈਸਰ ਆਫ਼ ਸਿੱਖ ਇਜ਼ਮ ਵਜੋਂ ਵੀ ਨਿਵਾਜਿਆ ਗਿਆ। ਪ੍ਰਿੰਸੀਪਲ ਕੁਲਾਰ ਜੀ ਦੇ ਅਕਾਲ ਚਲਾਣੇ ਉਤੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁੱਖ ਪ੍ਰਗਟ ਕਰਦਿਆਂ ਸਿੱਖ ਪੰਥ ਲਈ ਗਹਿਰਾ ਸਦਮਾ ਦੱਸਿਆ।