ਪਿਛਲੇ 13 ਦਿਨ ਤੋਂ ਹੜ੍ਹ ਦਾ ਸੰਤਾਪ ਭੋਗ ਰਹੇ ਹਨ 35 ਗੁੱਜਰ ਪਰਿਵਾਰ

ਪਠਾਨਕੋਟ , 7 ਸਤੰਬਰ (ਵਿਨੋਦ) - 12 ਦਿਨ ਬੀਤ ਜਾਣ ਦੇ ਬਾਅਦ ਵੀ ਹੜ੍ਹ ਦਾ ਸੰਤਾਪ ਭੋਗ ਰਹੇ ਮਲਕਪੁਰ ਦੇ 35 ਗੁੱਜਰ ਪਰਿਵਾਰ ਅੱਜ ਵੀ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹਨ। ਪੀੜਤਾਂ ਨੇ ਦੱਸਿਆ ਕਿ ਲਗਭਗ 13 ਦਿਨ ਪਹਿਲਾਂ ਯੂ.ਬੀ.ਡੀ.ਸੀ. ਨਹਿਰ ਓਵਰਫਲੋ ਹੋ ਗਈ ਸੀ। ਜਿਸ ਕਰਕੇ ਨਹਿਰ ਦਾ ਪਾਣੀ ਉਨਾਂ ਦੇ ਘਰਾਂ ਵਿਚ ਜਾ ਵੜਿਆ ਸੀ, ਜਿਸ ਕਾਰਨ ਉਹ ਆਪਣੇ ਘਰ ਛੱਡ ਕੇ ਭੱਜ ਗਏ। ਜਦੋਂ ਪਾਣੀ ਦਾ ਪੱਧਰ ਘਟਿਆ ਤਾਂ ਉਹ ਵਾਪਸ ਆਏ ਤਾ ਘਰ ਦੇ ਹਾਲਾਤ ਬਹੁਤ ਖਰਾਬ ਹਨ।
ਅੱਜ ਵੀ ਉਨ੍ਹਾਂ ਦੇ ਘਰ ਨੂੰ ਜਾਣ ਵਾਲਾ 2 ਕਿਲੋਮੀਟਰ ਦਾ ਰਸਤਾ, ਗਾਰ ਅਤੇ ਪਾਣੀ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕੰਮਾਂ ਕਾਰ ਤੇ ਜਾਣ ਲਈ ਬੜੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਇਸ ਹੜ੍ਹ ਦੇ ਨਾਲ ਉਨ੍ਹਾਂ ਦੇ ਡੰਗਰ ਵੀ ਮਰ ਗਏ ਤੇ ਪ੍ਰਸ਼ਾਸਨ ਵਲੋਂ ਕਿਸੇ ਨੇ ਵੀ ਉਨਾਂ ਦੀ ਸਾਰ ਨਹੀਂ ਲਈ। ਉਹ ਬੜੀ ਮੁਸ਼ਕਿਲ ਨਾਲ ਆਰਥਿਕ ਤੰਗੀ ਦੇ ਵਿਚ ਆਪਣਾ ਜੀਵਨ ਬਸਰ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੱਥੇ ਇਹ ਗੁੱਜਰ ਪਰਿਵਾਰ ਰਹਿੰਦੇ ਹਨ ਉਥੋਂ ਮਾਤਰ ਕੁਝ ਹੀ ਦੂਰੀ 'ਤੇ ਡੀ.ਸੀ. ਦਾ ਦਫ਼ਤਰ ਵੀ ਹੈ, ਪਰ ਫਿਰ ਵੀ ਇਹ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹੈ।