![](/cmsimages/20250205/4770935__gauklab.jpg)
ਸ਼ਾਹਕੋਟ, 5 ਫਰਵਰੀ (ਏ.ਐਸ. ਅਰੋੜਾ/ਸੁਖਦੀਪ ਸਿੰਘ) - ਨਗਰ ਪੰਚਾਇਤ਼ ਸ਼ਾਹਕੋਟ ਦੇ ਪ੍ਰਧਾਨ ਅਤੇ ਉੇੱਪ ਪ੍ਰਧਾਨ ਦੀ ਚੋਣ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਲਈ ਕਾਂਗਰਸ ਪਾਰਟੀ ਦਾ ਵਫ਼ਦ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੀ ਅਗਵਾਈ 'ਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਰਾਣਾ ਗੁਰਜੀਤ ਸਿੰਘ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਕਪੂਰਥਲਾ, ਪ੍ਰਗਟ ਸਿੰਘ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਜਲੰਧਰ ਕੈਂਟ, ਬਲਵਿੰਦਰ ਸਿੰਘ ਧਾਲੀਵਾਲ ਵਿਧਾਇਕ ਫਗਵਾੜਾ, ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਆਦਮਪੁਰ ਆਦਿ ਵੀ ਮੌਜੂਦ ਸਨ। ਜਾਣਕਾਰੀ ਦਿੰਦਿਆ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਚੋਣਾਂ 'ਚ ਸ਼ਾਹਕੋਟ ਦੇ 13 ਵਾਰਡਾਂ 'ਚੋ ਕਾਂਗਰਸ ਦੇ 9 ਅਤੇ 'ਆਪ' ਦੇ 4 ਉਮੀਦਵਾਰ ਚੋਣ ਜਿੱਤ ਕੇ ਕੌਸਲਰ ਬਣੇ ਹਨ, ਜਿਸ ਕਾਰਨ ਕਾਂਗਰਸ ਪਾਰਟੀ ਦੀ ਕਮੇਟੀ ਬਣਨੀ ਤੈਅ ਹੈ, ਪਰ 'ਆਪ' ਵਲੋਂ ਧੱਕੇ ਨਾਲ ਕਮੇਟੀ ਬਣਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ, ਜਿਸ ਕਾਰਨ ਪਹਿਲਾਂ 2 ਵਾਰ ਚੋਣ ਕਿਸੇ ਨਾ ਕਿਸੇ ਬਹਾਨੇ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ 6 ਫਰਵਰੀ ਨੂੰ ਚੋਣ ਦਾ ਸਮਾਂ ਦਿੱਤਾ ਗਿਆ ਹੈ, ਜਿਸ ਦੌਰਾਨ ਵੀ ਧੱਕੇਸ਼ਾਹੀ ਹੋਣ ਦੀ ਸ਼ੰਕਾ ਹੈ। ਇਸ ਧੱਕੇ ਨੂੰ ਰੋਕਣ ਲਈ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਨਿਰਪੱਖ ਢੰਗ ਨਾਲ ਚੋਣ ਕਰਵਾਉਣ ਦੀ ਅਪੀਲ ਕੀਤੀ ਗਈ ਹੈ।