ਨਗਰ ਨਿਗਮ ਦਫ਼ਤਰ ’ਚ ਲੱਗੀ ਅੱਗ, ਰਿਕਾਰਡ ਸੜ੍ਹ ਕੇ ਸਵਾਹ
ਪਠਾਨਕੋਟ, 24 ਜਨਵਰੀ (ਸੰਧੂ)- ਅੱਜ ਸਵੇਰੇ ਨਗਰ ਨਿਗਮ ਪਠਾਨਕੋਟ ਦੇ ਦਫ਼ਤਰ ਵਿਚ ਉਸ ਸਮੇਂ ਅਫ਼ਰਾ ਤਫ਼ਰੀ ਮੱਚ ਗਈ, ਜਦੋਂ ਦਫ਼ਤਰ ਵਿਚ ਮੌਜੂਦ ਚੌਕੀਦਾਰ ਨੇ ਨਗਰ ਨਿਗਮ ਦਫ਼ਤਰ ਦੇ ਰਿਕਾਰਡ ਰੂਮ ਵਿਚ ਅੱਗ ਦੀਆਂ ਲਪਟਾਂ ਵੇਖੀਆਂ। ਇਸ ਤੋਂ ਬਾਅਦ ਉਸ ਨੇ ਆਪਣੇ ਉੱਚ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ। . ਦੋ ਗੱਡੀਆਂ ਰਾਹੀਂ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਰਿਕਾਰਡ ਰੂਮ ਵਿਚ ਰੱਖਿਆ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਉੱਥੇ ਮੌਜੂਦ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਪਰ ਜਦੋਂ ਉਨ੍ਹਾਂ ਨਾਲ ਫਾਇਰ ਸਿਸਟਮ ਬਾਰੇ ਗੱਲ ਕੀਤੀ ਗਈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ ।