24-01-2025
ਲਾਇਬ੍ਰੇਰੀ ਕਦੋਂ ਖੁੱਲ੍ਹੇਗੀ
ਬਠਿੰਡਾ ਜ਼ਿਲਾ ਪ੍ਰਸ਼ਾਸਨ ਨੇ ਕਰੋੜਾਂ ਰੁਪਏ ਖ਼ਰਚ ਕਰਕੇ ਮਿੰਨੀ ਸਕੱਤਰੇਤ ਦੇ ਨਜ਼ਦੀਕ ਮੁੱਖ ਡਾਕਘਰ ਕੋਲ ਬਹੁਤ ਵਧੀਆ ਤੇ ਆਲੀਸ਼ਾਨ ਇਮਾਰਤ ਲਾਇਬ੍ਰੇਰੀ ਲਈ ਕਾਫ਼ੀ ਸਮੇਂ ਤੋਂ ਤਿਆਰ ਕੀਤੀ ਹੋਈ ਹੈ। ਇਸ ਲਾਇਬ੍ਰੇਰੀ ਦੇ ਛੇਤੀ ਸ਼ੁਰੂ ਹੋਣ ਦੀ ਆਮ ਲੋਕਾਂ ਵਿਚ ਬਹੁਤ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ, ਪਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੀ ਪਤਾ ਨਹੀਂ ਕਿਹੜੀ ਮਜਬੂਰੀ ਹੈ ਕਿ ਲਾਇਬ੍ਰੇਰੀ ਚਾਲੂ ਕਰਨ ਵਿਚ ਦੇਰੀ ਕੀਤੀ ਜਾ ਰਹੀ ਹੈ। ਲਾਇਬ੍ਰੇਰੀ ਲਈ ਸਟਾਫ਼ ਦੀ ਚੋਣ ਕੀਤੇ ਵੀ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ। ਆਮ ਲੋਕਾਂ, ਵਿਦਿਆਰਥੀ ਵਰਗ ਤੇ ਸਾਹਿਤਕ ਪ੍ਰੇਮੀਆਂ ਦੀ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਲਾਇਬ੍ਰੇਰੀ ਨੂੰ ਜਲਦੀ ਚਾਲੂ ਕੀਤਾ ਜਾਵੇ।
-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਵਿਆਹਾਂ ਵਿਚ ਕੈਟਰਿੰਗ
ਅੱਜਕਲ੍ਹ ਵਿਆਹਾਂ ਵਿਚਲੀ ਖੇਚਲ ਘੱਟ ਕਰਨ ਲਈ ਕੈਟਰਿੰਗ ਕਰ ਲਈ ਜਾਂਦੀ ਹੈ। ਸਾਧਾਰਨ ਤਬਕੇ ਦੇ ਵਿਆਹਾਂ ਵਿਚ ਲਗਪਗ ਇਕ ਹਜ਼ਾਰ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਪਲੇਟ ਲੜਕੀ ਵਾਲਿਆਂ ਤੋਂ ਪੈਸੇ ਲਏ ਜਾਂਦੇ ਹਨ। ਆਮ ਤੌਰ 'ਤੇ ਲੜਕੇ ਵਾਲਿਆਂ ਦੀ ਮੰਗ ਹੁੰਦੀ ਹੈ ਕਿ ਲੈਣਾ-ਦੇਣਾ ਕੁਝ ਨਹੀਂ, ਬਰਾਤ ਦੀ ਸੇਵਾ ਪੂਰੀ ਹੋਣੀ ਚਾਹੀਦੀ ਹੈ ਅਤੇ ਅਸੀਂ ਬਰਾਤ ਵੀ ਘੱਟ ਲੈ ਕੇ ਆਵਾਂਗੇ। ਜਦ ਵਿਆਹ ਖ਼ਤਮ ਹੋ ਜਾਂਦਾ ਹੈ ਤਾਂ ਇਸ ਕੈਟਰਿੰਗ ਦਾ ਖ਼ਰਚਾ ਲੱਖਾਂ ਵਿਚ ਬਣਿਆ ਹੁੰਦਾ ਹੈ, ਜਿਸ ਦਾ ਕਾਰਨ ਵਰਤੀਆਂ ਗਈਆਂ ਪਲੇਟਾਂ ਦੀ ਗਿਣਤੀ ਅਸੀਂ ਰਿਸ਼ਤੇਦਾਰਾਂ ਅਨੁਸਾਰ ਤਾਂ ਲਗਾ ਲੈਂਦੇ ਹਾਂ ਪਰ ਜਿਹੜੇ ਹਲਵਾਈ, ਬਹਿਰੇ, ਬੈਂਡ ਬਾਜੇ ਵਾਲੇ, ਡੀ.ਜੇ. ਵਾਲੇ, ਡੈਕੋਰੇਸ਼ਨ ਵਾਲੇ ਆਦਿ ਸੌ ਜਾਂ ਸੌ ਤੋਂ ਵੱਧ ਬੰਦੇ ਬਣ ਜਾਂਦੇ ਹਨ, ਉਨ੍ਹਾਂ ਨੂੰ ਅਸੀਂ ਗਿਣਦੇ ਹੀ ਨਹੀਂ। ਸੋ, ਸਾਨੂੰ ਆਪਣੇ ਘਰਾਂ ਵਿਚ ਸਾਦੇ ਵਿਆਹ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਮੁਫ਼ਤ ਦੇ ਤਣਾਅ ਅਤੇ ਕਰਜ਼ੇ ਤੋਂ ਬਚ ਸਕਾਂਗੇ।
-ਅਸ਼ੀਸ਼ ਸ਼ਰਮਾ
ਜਲੰਧਰ।
ਨਵਾਂ ਵਾਇਰਸ
ਅੱਜਕੱਲ੍ਹ ਇਕ ਹੋਰ ਵਾਇਰਸ ਐੱਚ.ਐਮ.ਪੀ.ਵੀ. ਦੀ ਦੇਸ਼ ਵਿਚ ਐਂਟਰੀ ਹੋਈ ਹੈ। ਵਾਇਰਸ 'ਤੇ ਵਾਇਰਸ ਪੈਦਾ ਹੋਣ ਨਾਲ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ। ਇਸ ਵਿਸ਼ੇ 'ਤੇ ਜਾਗਰੂਕਤਾ ਅਤੇ ਮਾਨਸਿਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਵਾਇਰਸ ਦੇ ਸਰਦੀ ਜ਼ੁਕਾਮ ਵਾਲੇ ਲੱਛਣ ਦੱਸੇ ਗਏ ਹਨ। ਇਸ ਨਾਲ ਸਰਕਾਰ ਗੰਭੀਰਤਾ ਨਾਲ ਸਿੱਝ ਰਹੀ ਹੈ। ਸ਼ਾਇਦ ਪਿਛਲੀਆਂ ਮਹਾਂਮਾਰੀਆਂ ਤੋਂ ਸਿੱਖੇ ਸਬਕ ਕੰਮ ਆ ਰਹੇ ਹਨ।
ਐੱਚ.ਐੱਮ.ਪੀ.ਵੀ. ਵਾਇਰਸ ਚਿੜੀਆਂ ਤੋਂ ਪੈਦਾ ਹੋਇਆ ਦੱਸਿਆ ਗਿਆ ਹੈ। ਮਨੁੱਖ 'ਤੇ ਇਸ ਦੀ ਖੋਜ 2001 ਵਿਚ ਹੋਈ ਸੀ। ਇਸ ਦੌਰਾਨ ਪਤਾ ਚੱਲਿਆ ਕਿ ਇਹ ਵਾਇਰਸ ਮਨੁੱਖ 'ਚ ਵੀ ਫੈਲਦਾ ਹੈ। ਸਾਹ ਰੋਗ ਵਾਲਿਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਇਹ ਵਿਗੜ ਕੇ ਨਿਮੋਨੀਆ ਬਣ ਜਾਂਦਾ ਹੈ। ਇਹ ਲਾਗ ਦੀ ਬਿਮਾਰੀ ਹੈ। ਚੀਨ ਦੇ ਮੈਡੀਕਲ ਮਾਹਿਰਾਂ ਅਨੁਸਾਰ ਇਹ 14 ਸਾਲ ਤੱਕ ਅਤੇ 65 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਨੂੰ ਘੇਰਦੀ ਹੈ। ਇਸ ਉਮਰੇ ਇਮਿਊਨਿਟੀ ਦੀ ਕਮੀ ਹੁੰਦੀ ਹੈ।
-ਸੁਖਪਾਲ ਸਿੰਘ ਗਿੱਲ
ਬਾਲ ਸੰਸਾਰ ਟੁੰਬ ਗਿਆ
ਹਰ ਸਨਿਚਰਵਾਰ ਨੂੰ ਛਪਦਾ ਬਾਲ ਸੰਸਾਰ ਮੈਗਜ਼ੀਨ ਬੱਚਿਆਂ ਨੂੰ ਰੌਚਕ ਜਾਣਕਾਰੀ ਦੇਣ ਵਾਲਾ ਅਨਮੋਲ ਖਜ਼ਾਨਾ ਹੈ। ਲੋਹੜੀ ਦੇ ਤਿਉਹਾਰ ਦੀਆਂ ਕਵਿਤਾਵਾਂ, ਵਿਗਿਆਨਕ ਬੁਝਾਰਤਾਂ, ਅਨਮੋਲ ਬਚਨ, ਖੇਡ ਪਹੇਲੀ ਆਦਿ ਬੱਚਿਆਂ ਦੇ ਮਨੋਰੰਜਨ ਤੇ ਗਿਆਨ ਤੇ ਕੁਸ਼ਲਤਾ ਨੂੰ ਵਧਾਉਂਦੀਆਂ ਹਨ।
ਹੁਣ ਜਦੋਂ ਬੱਚਿਆਂ ਦੇ ਸਾਲਾਨਾ ਇਮਤਿਹਾਨ ਹੋਣੇ ਜਾ ਰਹੇ ਹਨ ਤਾਂ ਬੱਚਿਆਂ ਦੇ ਦਿਮਾਗੀ ਗਿਆਨ, ਮਨੋਰੰਜਨ ਤੇ ਸਿੱਖਿਆਦਾਇਕ ਕਵਿਤਾਵਾਂ ਤੇ ਰਚਨਾਵਾਂ ਦੇ ਨਾਲ ਬੱਚਿਆਂ ਨੂੰ ਪੇਪਰਾਂ ਦੀ ਤਿਆਰੀ ਵਾਸਤੇ ਆਪਣੇ ਲੇਖਾਂ ਰਾਹੀਂ ਵਿਸ਼ੇਸ਼ ਜਾਣਕਾਰੀ ਦੇਣੀ ਚਾਹੀਦੀ ਹੈ।
-ਗੁਰਮੀਤ ਸਿੰਘ ਵੇਰਕਾ