ਸ਼੍ਰੋਮਣੀ ਕਮੇਟੀ ਵਲੋਂ ਮੁੰਬਈ 'ਚ ਚਾਰ ਸਾਹਿਬਜ਼ਾਦੇ ਐਮ.ਆਰ.ਆਈ. ਤੇ ਸੀ.ਟੀ. ਸਕੈਨ ਕੇਂਦਰ ਸ਼ੁਰੂ
ਅੰਮ੍ਰਿਤਸਰ, 24 ਜਨਵਰੀ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਮੁੰਬਈ ਵਿਖੇ ਚੱਲ ਰਹੇ ਗੁਰੂ ਨਾਨਕ ਖ਼ਾਲਸਾ ਕਾਲਜ ਮਾਟੁੰਗਾ ਵਿਚ ਅੱਜ ਚਾਰ ਸਾਹਿਬਜ਼ਾਦੇ ਐਮ.ਆਰ.ਆਈ. ਤੇ ਸੀ.ਟੀ. ਸਕੈਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਬਾਵਾ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ, ਸ਼੍ਰੋਮਣੀ ਕਮੇਟੀ ਦੇ ਓ.ਐੱਸਡੀ ਸ. ਸਤਬੀਰ ਸਿੰਘ ਧਾਮੀ, ਸ. ਜਸਬੀਰ ਸਿੰਘ ਧਾਮ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆਂ ਕਿ ਇਸ ਸੈਂਟਰ ਵਿਖੇ ਆਰਥਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਕੇਵਲ 10 ਰੁਪਏ ਵਿਚ ਐਮ.ਆਰ.ਆਈ., ਸੀ.ਟੀ. ਸਕੈਨ, ਐਕਸਰੇ ਆਦਿ ਟੈਸਟਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ 1313 ਨਾਮ ਉੱਤੇ ਚਲਾਈ ਜਾਣ ਵਾਲੀ ਫਾਰਮੇਸੀ ਤੋਂ ਮਾਰਕੀਟ ਰੇਟ ਨਾਲੋਂ 25% ਘੱਟ ਰੇਟ ਉੱਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਖੂਨ ਦੀ ਜਾਂਚ ਦੇ ਟੈਸਟ ਵੀ 50% ਸਸਤੀਆਂ ਦਰਾਂ ਉੱਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਆਮ ਲੋਕਾਂ ਲਈ ਵੀ ਬਹੁਤ ਸਸਤੀਆਂ ਦਰਾਂ ਉੱਤੇ ਦਿੱਤੀਆਂ ਜਾਣਗੀਆਂ।