ਸ਼੍ਰੋਮਣੀ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖ਼ਰੀ ਮਿਤੀ ਵਿਚ ਵਾਧਾ
10 ਮਾਰਚ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ਼ ਅੰਮ੍ਰਿਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ, 2025 ਨੂੰ ਕਰਵਾ ਦਿੱਤੀ ਗਈ ਸੀ ਅਤੇ ਮੁੱਢਲੀ ਪ੍ਰਕਾਸ਼ਨਾ, ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਮਿਤੀ 24 ਜਨਵਰੀ ਸੀ ਜਿਸ ਨੂੰ ਕਮਿਸ਼ਨਰ ਗੁਰਦੁਆਰਾ ਚੋਣਾ ਵਲੋਂ ਵਧਾ ਕੇ 10 ਮਾਰਚ, 2025 ਤੱਕ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਜੋਤੀ ਬਾਲਾ ਨੇ ਦੱਸਿਆ ਕਿ ਯੋਗ ਸਿੱਖ ਵੋਟਰ ਨਵੀਂ ਵੋਟ ਬਣਾਉਣ ਵਾਸਤੇ ਬਿਨੈਪੱਤਰ ਫਾਰਮ ਨੰ:1 ਵਿਚ ਸਮੇਤ ਇਕ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਤੇ ਅਧਾਰ ਕਾਰਡ ਦੀ ਕਾਪੀ ਨਾਲ ਨੱਥੀ ਕਰਕੇ ਸੰਬੰਧਿਤ ਰੀਵਾਇਜਿੰਗ ਅਥਾਰਟੀ ਦਫ਼ਤਰ ਵਿਖੇ 10 ਮਾਰਚ, 2025 ਤੱਕ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਾਪਤ ਹੋਏ ਦਾਅਵੇ ਇਤਰਾਜ਼ਾਂ ਨੂੰ ਡਿਸਪੋਜ ਕਰਨ ਦੀ ਆਖਰੀ ਮਿਤੀ 24-3-2025 ਹੈ ਅਤੇ ਵੋਟਰ ਸੂਚੀਆਂ ਦੀ ਛਪਾਈ 15 ਅਪ੍ਰੈਲ, 2025 ਤੱਕ ਮੁਕੰਮਲ ਕਰਕੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 16 ਅਪ੍ਰੈਲ, 2025 ਨੂੰ ਕੀਤੀ ਜਾਵੇ ।