ਉੱਘੇ ਸਮਾਜ ਸੇਵੀ ਤੇ ਕਾਰੋਬਾਰੀ ਠੇਕੇਦਾਰ ਪਿਆਰਾ ਸਿੰਘ ਬਮਰਾਹ ਦਾ ਦਿਹਾਂਤ
ਬਾਬਾ ਬਕਾਲਾ ਸਾਹਿਬ, 19 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੇ ਉੱਘੇ ਸਮਾਜ ਸੇਵਕ ਅਤੇ ਉੱਘੇ ਕਾਰੋਬਾਰੀ ਸ. ਅਤਰ ਸਿੰਘ ਬਮਰਾਹ, ਜਗਜੀਤ ਸਿੰਘ ਸੋਨੂੰ ਬਮਰਾਹ ਦੇ ਸਤਿਕਾਰਯੋਗ ਪਿਤਾ ਠੇਕੇਦਾਰ ਪਿਆਰਾ ਸਿੰਘ ਬਮਰਾਹ (ਬਮਰਾਹ ਸਾਅ ਮਿੱਲ ਵਾਲਿਆਂ) ਦਾ ਅੱਜ ਦੁਪਹਿਰ 2.30 ਵਜੇ ਦੇ ਕਰੀਬ ਅਚਾਨਕ ਦਿਹਾਂਤ ਹੋ ਗਿਆ, ਉਹ 90 ਵਰ੍ਹਿਆਂ ਦੇ ਸਨ ਅਤੇ ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਉਨ੍ਹਾਂ ਨੇ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਵਿਖੇ ਅੰਤਿਮ ਸਵਾਸ ਲਏ। ਉਨ੍ਹਾਂ ਦੀ ਮੌਤ ਦੀ ਖਬਰ ਜਿਵੇਂ ਹੀ ਬਾਬਾ ਬਕਾਲਾ ਸਾਹਿਬ ਪੁੱਜੀ ਤਾਂ ਸਾਰਾ ਮਾਹੌਲ ਗਮਗੀਨ ਹੋ ਗਿਆ। ਵੱਖ-ਵੱਖ ਧਾਰਮਿਕ, ਸਿਆਸੀ, ਸਮਾਜ ਸੇਵੀ ਸ਼ਖਸੀਅਤਾਂ ਨੇ ਉਨ੍ਹਾਂ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ 20 ਜਨਵਰੀ, ਸੋਮਵਾਰ ਨੂੰ ਦੁਪਹਿਰ 1 ਵਜੇ ਬਾਬਾ ਬਕਾਲਾ ਸਾਹਿਬ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।