19-01-2025
ਲੀਹਾਂ
ਲੇਖਕ : ਡਾ. ਅਮਨ ਅੱਚਰਵਾਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 94176-42785
'ਲੀਹਾਂ' ਗੀਤ-ਸੰਗ੍ਰਹਿ ਡਾ. ਅਮਨ ਅੱਚਰਵਾਲ ਦੀ ਦੂਸਰੀ ਕਾਵਿ-ਪੇਸ਼ਕਾਰੀ ਹੈ। ਇਸ ਤੋਂ ਪਹਿਲਾਂ ਉਸ ਦਾ 'ਪਰਦੇਸੀ ਕੂੰਜਾਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ। ਇਹ ਕਾਵਿ-ਪੁਸਤਕ ਉਸ ਨੇ ਪਿਤਾ ਸਰਦਾਰ ਚੰਨਣ ਸਿੰਘ ਗਿੱਲ ਅਤੇ ਮਾਤਾ ਗੁਰਦਿਆਲ ਕੌਰ ਨੂੰ ਸਮਰਪਿਤ ਕੀਤੀ ਹੈ। ਇਸ ਗੀਤ-ਸੰਗ੍ਰਹਿ ਵਿਚ ਉਸ ਨੇ 'ਪੰਜਾਬੀ ਮਾਂ ਬੋਲੀ ਦੇ ਨਾਂਅ' ਤੋਂ ਲੈ ਕੇ 'ਧੰਨਵਾਦ' ਤੱਕ ਦੋ ਕਾਵਿ-ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿਚ ਤਤਕਾਲੀ ਸਮੇਂ ਸੰਜੀਦਾ ਅਤੇ ਉਤਸ਼ਾਹੀ ਗਾਇਕੀ ਦੀ ਘਾਟ ਰੜਕਦੀ ਹੈ। ਪ੍ਰੰਤੂ ਇਸ ਗੀਤ-ਸੰਗ੍ਰਹਿ ਨੂੰ ਪੜ੍ਹਦਿਆਂ ਸੰਜੀਦਾ ਪਾਠਕ ਇਸ ਘਾਟ ਨੂੰ ਮਹਿਸੂਸ ਨਹੀਂ ਕਰੇਗਾ। ਇਨ੍ਹਾਂ ਗੀਤਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਜਲੀ ਬਾਤ ਨੂੰ ਛੂਹਿਆ ਗਿਆ ਹੈ। ਨੌਜਵਾਨੀ ਨੂੰ ਸੇਧ ਦੇਣ ਵਾਲੀ ਸ਼ਾਇਰੀ ਹੈ ਜਿਸ ਤੋਂ ਉਤਸ਼ਾਹਿਤ ਹੋ ਕੇ ਉਹ ਆਜ਼ਾਦੀ ਦੇ ਪਰਵਾਨਿਆਂ ਦੀਆਂ ਗਾਥਾਵਾਂ ਪੜ੍ਹ-ਸੁਣ ਕੇ ਸਹੀ ਢੰਗ ਨਾਲ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਸਮਝਦਿਆਂ ਆਪਣਾ ਸਾਰਥਿਕ ਪੰਧ ਤਹਿ ਕਰਦਿਆਂ ਮੰਜ਼ਿਲ ਦਾ ਸਿਰਨਾਵਾਂ ਲੱਭ ਸਕਦੇ ਹਨ। ਇਨ੍ਹਾਂ ਗੀਤਾਂ ਵਿਚ ਜਿਥੇ ਸੰਤ ਰਾਮ ਉਦਾਸੀ ਦੀ ਸੋਚ ਦਾ ਝਲਕਾਰਾ ਹੈ, ਉਥੇ ਹੀ ਸ਼ਿਵ ਦੀ ਬਿਰਹਨ ਤੜਪ ਦੀ ਝਲਕ ਵੀ ਹੈ। ਸੰਘਰਸ਼ੀ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਬਿਖੜੇ ਪੈਂਡਿਆਂ ਦਾ ਜ਼ਿਕਰ/ਫਿਕਰ ਹੈ। ਇਸੇ ਲਈ ਇਸ ਗੀਤ-ਸੰਗ੍ਰਹਿ ਦਾ ਨਾਂਅ 'ਲੀਹਾਂ' ਬਹੁਤ ਢੁਕਵਾਂ ਹੈ। ਪੰਜਾਬੀ ਬੋਲੀ ਦੇ ਨਾਂਅ 'ਦਿੱਲੀ ਦੇ ਨਾਂਅ', 'ਫ਼ੌਜੀ ਵੀਰ ਨੂੰ ਖ਼ਤ', 'ਅਤਾ-ਪਤਾ', 'ਸੁਪਨਾ', 'ਕਿਰਤਾਂ ਦੇ ਰਾਖੇ', 'ਤੱਤੀ ਤਵੀ ਤੋਂ', 'ਆਪੇ ਗੁਰ ਚੇਲਾ', 'ਸਤਲੁਜ ਦੇ ਕੰਢੇ', 'ਸ਼ਹੀਦ ਭਗਤ ਸਿੰਘ', 'ਧੰਨਵਾਦ' ਗੀਤ ਪੜ੍ਹਦਿਆਂ ਇਤਿਹਾਸਕ ਪਾਤਰਾਂ : ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ, ਸ. ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੰਘਰਸ਼ੀ ਪਲਾਂ ਦੇ ਸਨਮੁੱਖ ਵਿਚਰਦਾ ਮਹਿਸੂਸ ਕਰਦਾ ਹੈ। ਧੀ ਦੀ ਅਰਜੋਈ, ਕਿਰਤ ਦਾ ਨਿਰਾਦਰ, ਕਿਰਤੀਆਂ ਦੇ ਅਧੂਰਿਆਂ ਸੁਪਨਿਆਂ ਦੀਆਂ ਅਨੇਕਾਂ ਵੰਨਗੀਆਂ ਨਜ਼ਰੀਂ ਪੈਂਦੀਆਂ ਹਨ : 'ਜੰਮੀਂ ਨਾ ਉਸ ਦੇਸ਼ ਮਾਂ' ਮੈਂ ਕਸਮ ਖਾ ਲਈ', 'ਕਾਸਾ ਜਿਥੇ ਕਿਰਤ ਦਾ ਰਹਿੰਦਾ ਹੈ ਖਾਲੀ' ਸਤਰਾਂ ਅਜੋਕੀ ਰਾਜਨੀਤਕ ਵਿਵਸਥਾ ਵੱਲ ਧਿਆਨ ਆਕਰਸ਼ਿਤ ਕਰਦੀਆਂ ਹਨ। ਸ. ਭਗਤ ਸਿੰਘ ਨੂੰ ਉਸ ਦੀ ਮਾਂ ਦਾ ਦਿਲਾਸਾ ਵੀ ਅਜੋਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ : 'ਸ਼ੇਰਾਂ ਵਾਂਗੂੰ ਕਰਕੇ ਪੁੱਤਰਾ ਨੂੰ ਕਰੱਤਵ ਦਿਖਾਈ ਵੇ, ਇਹ ਗੋਰੀ ਸਰਕਾਰ ਦੇ ਅੰਦਰ ਐਸਾ ਭੜਥੂ ਪਾਈਂ ਵੇ/ਮੇਰਾ ਵਸਦਾ ਰਹੇ ਪੰਜਾਬ ਤੇ ਮੁੱਖੋਂ ਕਹਿ ਕੇ ਇਨਕਲਾਬ ਦਾ ਨਾਅਰਾ ਲਾਵੀਂ ਵੇ, ਚੜ੍ਹ ਫਾਂਸੀ ਦੇ ਤਖਤੇ ਡੋਲ ਨਾ ਜਾਵੀਂ ਵੇ, ਡਾ. ਅਮਨ ਅੱਚਲਵਾਲ ਨੂੰ ਕ੍ਰਾਂਤੀਕਾਰੀ ਗੀਤ-ਸੰਗ੍ਰਹਿ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਮੀਨ।
-ਸੰਧੂ ਵਰਿਆਣਵੀ
ਮੋਬਾਈਲ : 98786-14096
ਕਰਮਾ ਸੰਦੜਾ ਖੇਤ
ਲੇਖਕ : ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 120
ਸੰਪਰਕ : 98555-15937
ਲੇਖਕ ਹਰਬੰਸ ਸਿੰਘ ਅਖਾੜਾ ਪੰਜਾਬੀ ਸਾਹਿਤ ਵਿਚ ਇਕ ਚੰਗਾ ਮੁਕਾਮ ਰੱਖਣ ਵਾਲੇ ਸਾਹਿਤਕਾਰ ਹਨ। ਉਨ੍ਹਾਂ ਦਾ ਇਹ ਤੀਸਰਾ ਨਾਵਲ ਹੈ ਜਿਸ ਦਾ ਪੂਰਾ ਬਿਰਤਾਂਤ ਭਾਰਤੀ ਦਰਸ਼ਨ ਦੇ ਇਸ ਸਿਧਾਂਤ ਦੇ ਅਨੁਸਾਰ ਘੜਿਆ ਗਿਆ ਹੈ ਕਿ ਮਨੁੱਖੀ ਜੀਵਨ ਵਿਚ ਕੀਤੇ ਕਰਮਾਂ ਅਨੁਸਾਰ ਹੀ ਫਲ ਮਿਲਦਾ ਹੈ। ਭਾਰਤੀ ਦਰਸ਼ਨ ਵਿਚ ਕਰਮਾਂ ਦੇ ਸਿਧਾਂਤ ਨੂੰ ਸਭ ਤੋਂ ਵੱਧ ਮਹੱਤਵਪੂਰਨ ਸਮਝਿਆ ਗਿਆ ਹੈ । ਆਪੋ ਆਪਣੇ ਕੀਤੇ ਕਰਮਾਂ ਦੇ ਹਿਸਾਬ ਅਨੁਸਾਰ ਹੀ ਮਨੁੱਖ ਆਪਣੀ ਜੀਵਨ ਵਿਚ ਫਲ ਪ੍ਰਾਪਤ ਕਰਦਾ ਹੈ ਅਤੇ ਲੋਕ ਪਰਲੋਕ ਵਿਚ ਆਪਣੀ ਜਗ੍ਹਾ ਬਣਾਉਂਦਾ ਹੈ । ਇਸੇ ਧਾਰਨਾ 'ਤੇ ਆਧਾਰਿਤ ਇਸ ਨਾਵਲ ਵਿਚ ਇਕ ਕਿਸਾਨੀ ਪਰਿਵਾਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਜਿਸ ਵਿਚ ਦੋ ਪੁੱਤਰਾਂ ਅਤੇ ਪਿਤਾ ਦੀ ਕਹਾਣੀ ਵੀ ਨਾਲ ਨਾਲ ਤੁਰਦੀ ਹੈ। ਨਾਵਲ ਵਿਚ ਇਕ ਪੁੱਤਰ ਆਪਣੇ ਕਰਮਾਂ ਸਦਕਾ ਸਮਾਜ ਵਿਚ ਮਾਨ ਸਨਮਾਨ ਤੇ ਪਿਆਰ ਦਾ ਪਾਤਰ ਬਣਦਾ ਹੈ, ਉੱਥੇ ਹੀ ਦੂਸਰਾ ਆਪਣੇ ਕਰਮਾਂ ਕਾਰਨ ਸਭ ਕੁਝ ਆਪਣੇ ਹੱਥੋਂ ਗੁਆ ਬਹਿੰਦਾ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਦੁੱਖਾਂ ਦੀ ਭੱਠੀ ਵਿਚ ਝੋਕ ਜਾਂਦਾ ਹੈ । ਕਈ ਨਾਟਕੀ ਉਤਰਾਅ ਚੜਾਅ ਇਸ ਨਾਵਲ ਦਾ ਹਿੱਸਾ ਬਣਦੇ ਹਨ, ਜਿਹੜੇ ਪਾਠਕ ਨੂੰ ਸੂਝ ਤੇ ਅਨੁਭਵ ਦਿੰਦੇ ਹਨ ਅਤੇ ਕਿਤੇ ਕਿਤੇ ਉਹ ਸਿਰਫ ਸੂਚਨਾ ਮੂਲਕ ਘਟਨਾਵਾਂ ਸਾਬਿਤ ਹੁੰਦੀਆਂ ਹਨ । ਨਾਵਲ ਦੀ ਪਾਤਰ ਉਸਾਰੀ ਦਾ ਨਾਵਲਕਾਰ ਨੇ ਵਿਸ਼ੇਸ਼ ਧਿਆਨ ਰੱਖਿਆ ਹੈ । ਇਸੇ ਸਦਕਾ ਉਸਦੇ ਪਾਤਰ ਲਚਕੀਲੇ ਨਜ਼ਰ ਆਉਂਦੇ ਹਨ, ਜੋ ਆਪਣੇ ਸਮੇਂ, ਸਥਾਨ ਅਤੇ ਹਾਲਾਤ ਅਨੁਸਾਰ ਢਲਦੇ ਹਨ ਅਤੇ ਆਪਣੀ ਮਾਨਸਿਕਤਾ ਅਨੁਸਾਰ ਵਿਚਰਦੇ ਹਨ। ਪੇਂਡੂ ਮਾਹੌਲ ਅਤੇ ਆਪਸੀ ਭਾਈਚਾਰਕ ਸਾਂਝ ਤੋਂ ਇਲਾਵਾ ਪੇਂਡੂ ਜੀਵਨ ਦੇ ਅਨੇਕ ਰੰਗ ਇਸ ਨਾਵਲ ਵਿਚ ਦੇਖਣ ਨੂੰ ਮਿਲਦੇ ਹਨ, ਜਿਹੜੇ ਪਿੰਡਾਂ ਦੇ ਸਮਾਜਿਕ ਜੀਵਨ ਨੂੰ ਪੇਸ਼ ਕਰਦੇ ਹਨ ਇਕਹਿਰੀ ਬੁਣਤੀ ਦਾ ਇਹ ਨਾਵਲ ਆਪਣੀ ਭਾਸ਼ਾ ਸਦਕਾ ਪਾਤਰਾਂ ਨਾਲ ਨਿਆਂ ਕਰਦਾ ਪ੍ਰਤੀਤ ਹੁੰਦਾ ਹੈ।
-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
ਇੰਞ ਨਾ ਹੋਵੇ
ਗ਼ਜ਼ਲਕਾਰ : ਜ਼ੈਨ ਜੱਟ
ਪ੍ਰਕਾਸ਼ਕ : ਪੰਜਾਬੀ ਵਿਰਸਾ, ਟਰੱਸਟ, ਪਲਾਹੀ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98158-02070
ਭਾਰਤ ਤੇ ਪਾਕਿਸਤਾਨ ਵਿਚ ਭਾਵੇਂ ਆਪਸੀ ਸੰਬੰਧ ਕਦੇ ਵੀ ਸੁਖਾਵੇਂ ਨਹੀਂ ਰਹੇ ਪਰ ਆਪਸੀ ਸਾਂਝ ਲਈ ਪੰਜਾਬੀ ਅਦੀਬਾਂ ਦਾ ਆਦਾਨ-ਪ੍ਰਦਾਨ ਇਕ ਪੁਲ ਬਣਦਾ ਰਿਹਾ ਹੈ। ਆਉਣ-ਜਾਣ ਤੋਂ ਬਿਨਾਂ ਏਧਰ ਤੇ ਉਧਰ ਚੰਗੀਆਂ ਕਿਤਾਬਾਂ ਦਾ ਲਿੱਪੀਅੰਤਰ ਹੋ ਕੇ ਛਪਣਾ ਹਮੇਸ਼ਾ ਜਾਰੀ ਰਿਹਾ ਹੈ। ਇਨ੍ਹਾਂ ਪੁਸਤਕਾਂ ਨਾਲ ਕੁਝ ਕੂੜਾ ਕਚਰਾ ਵੀ ਤਰ ਗਿਆ ਜਿਸ ਕਾਰਨ ਅਜਿਹੀਆਂ ਪੁਸਤਕਾਂ ਤੋਂ ਦੋਹੀਂ ਪਾਸੀਂ ਪਾਠਕਾਂ ਦਾ ਮੋਹ ਵੀ ਭੰਗ ਹੋਇਆ ਹੈ। ਪਰ ਜ਼ੈਨ ਜੱਟ ਦੀ 'ਇੰਞ ਨਾ ਹੋਵੇ' ਪੁਸਤਕ ਬਾਰੇ ਮੇਰੀ ਰਾਇ ਵੱਖਰੀ ਹੈ। ਪੰਜਾਬੀ ਵਿਰਸਾ ਟਰੱਸਟ ਨੇ ਹੁਣ ਤੱਕ ਜਿੰਨੀਆਂ ਵੀ ਪੁਸਤਕਾਂ ਛਾਪੀਆਂ ਹਨ, ਉਹ ਕਰੜੀ ਨਿਰਖ ਪਰਖ 'ਚੋਂ ਗੁਜ਼ਰੀਆਂ ਹਨ। ਇਸ ਸੰਗ੍ਰਹਿ ਦਾ ਗ਼ਜ਼ਲਕਾਰ ਜ਼ੈਨ ਜੱਟ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਤੋਂ ਹੈ ਜੋ ਆਰਥਿਕ ਪੱਖੋਂ ਤਾਂ ਸਾਵਾਂ-ਲਾਵਾਂ ਹੈ ਹੀ ਨਾਲ ਦੀ ਨਾਲ ਸਰੀਰਕ ਪੱਖ ਤੋਂ ਵੀ ਸੰਘਰਸ਼ੀ ਹੈ। ਅਜਿਹੇ ਸ਼ਾਇਰ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਸ਼ਲਾਘਾਯੋਗ ਕਦਮ ਹੈ। ਤੀਸਰਾ ਇਹ ਗ਼ਜ਼ਲਾਂ ਬਹੁਤੇ ਪਾਕਿਸਤਾਨੀ ਸ਼ਾਇਰਾਂ ਵਾਂਗ ਬੇਮੁਹਾਰੀਆਂ ਨਹੀਂ ਹਨ। ਜ਼ੈਨ ਨੇ ਗ਼ਜ਼ਲ ਵਿਧਾਨ ਦਾ ਵਧੇਰੇ ਕਰਕੇ ਖਿਆਲ ਰੱਖਿਆ ਹੈ ਤੇ ਸ਼ਿਅਰੀ ਤਬੀਅਤ ਨੂੰ ਸਮਝਿਆ ਹੈ। ਜ਼ੈਨ ਮਜ਼੍ਹਬ ਨੂੰ ਨਿੱਜੀ ਸਮਝਦਾ ਹੈ ਤੇ ਉਸ ਦਾ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖਣ ਵਿਚ ਵਿਸ਼ਵਾਸ ਨਹੀਂ ਹੈ। ਆਪਣੀਆਂ ਗ਼ਜ਼ਲਾਂ ਵਿਚ ਉਸ ਨੇ ਮੁਹੱਬਤ ਨੂੰ ਬਿਹਤਰ ਮਜ਼ਹਬ ਦਰਸਾਇਆ ਹੈ। 'ਇੰਞ ਨਾ ਹੋਵੇ' ਦੀ ਪਹਿਲੀ ਗ਼ਜ਼ਲ 'ਵੱਲ ਦੱਸਨਾ ਵਾਂ' ਰਦੀਫ਼ 'ਤੇ ਆਧਾਰਿਤ ਜਿਸ ਵਿਚ ਉਸ ਦਾ ਨਿਰੋਲ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਲਹਿਜ਼ਾ ਜਾਦੂ ਬਿਖੇਰਦਾ ਹੈ। ਇਹ ਗ਼ਜ਼ਲ ਜਿੰਨੀ ਸਾਦਗੀ ਭਰਪੂਰ ਹੈ ਓਨੀ ਹੀ ਇਸ ਵਿਚ ਤਰਲਤਾ ਹੈ। ਦੂਜੀ ਗ਼ਜ਼ਲ ਦੀ ਰਦੀਫ਼ 'ਖਲੋਤਾ ਹੈ' ਸ਼ਾਇਦ ਹੀ ਕਿਸੇ ਚੜ੍ਹਦੇ ਪੰਜਾਬ ਦੇ ਗ਼ਜ਼ਲਕਾਰ ਨੇ ਵਰਤੀ ਹੋਵੇ। ਇੰਜ ਬਹੁਤੀਆਂ ਗ਼ਜ਼ਲਾਂ ਦੀਆਂ ਰਦੀਫ਼ਾਂ ਅਨੂਠੀਆਂ ਤੇ ਅਸਲ ਪੰਜਾਬੀ ਵਿਚ ਹਨ। ਜ਼ੈਨ ਦਾ ਮਕਬੂਲ ਵਜ਼ਨ ਹੋਰਨਾਂ ਪਾਕਿਸਤਾਨੀ ਗ਼ਜ਼ਲਕਾਰਾਂ ਵਾਂਗ 'ਫੇਲੁਨ' ਹੈ ਤੇ ਮੈਂ ਸਮਝਦਾ ਹਾਂ ਇਸ ਵਜ਼ਨ ਵਿਚ ਜ਼ੈਨ ਦੀ ਬਰਾਬਰੀ ਕਰਨੀ ਆਸਾਨ ਨਹੀਂ ਹੈ। ਉਸ ਨੂੰ ਆਪਣੀ ਗੱਲ ਇਤਿਹਾਸ ਤੇ ਮਿਥਿਹਾਸ ਨਾਲ ਮਿਲਾ ਕੇ ਕਰਨੀ ਆਉਂਦੀ ਹੈ। ਪਾਕਿਸਤਾਨੀ ਪੰਜਾਬੀ ਗ਼ਜ਼ਲ ਦੇ ਸ਼ੌਕੀਨ ਜ਼ੈਨ ਨੂੰ ਪੜ੍ਹ ਕੇ ਜਾਣ ਜਾਣਗੇ ਕਿ ਚੜ੍ਹਦੇ ਵੱਲ ਲਿੱਪੀਅੰਤਰ ਹੋ ਕੇ ਪੜ੍ਹਿਆ ਜਾ ਰਿਹਾ ਕਾਵਿ ਕਿਹੜੇ ਮੁਕਾਮ ਦਾ ਹੈ। ਦੋਹੀਂ ਪਾਸੀਂ ਵਧੀਆ ਲਿਖਣ ਵਾਲੇ ਸ਼ਾਇਰ ਅਜੇ ਪਾਠਕਾਂ ਤੱਕ ਪਹੁੰਚੇ ਨਹੀਂ ਜਾਂ ਉਨ੍ਹਾਂ ਨੂੰ ਪਹੁੰਚਾਇਆ ਹੀ ਨਹੀਂ ਗਿਆ। ਘੱਟੋ-ਘੱਟ ਪੰਜਾਬੀ ਵਿਰਸਾ ਟਰੱਸਟ ਇਸ ਪਾਸੇ ਹੋਰ ਅੱਗੇ ਵਧੇਗਾ, ਮੈਨੂੰ ਆਸ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਗੁਲਾਬੀ ਸੁੰਡੀ
ਲੇਖਕ : ਸੁਰਜੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 375 ਰੁਪਏ, ਸਫ਼ੇ : 268
ਸੰਪਰਕ : 98553-71313
ਡਾ. ਸੁਰਜੀਤ ਬਰਾੜ ਬਹੁ-ਵਿਧਾਵੀ ਰਚਨਾਕਾਰ ਹੈ। ਉਹਨੇ ਕਵਿਤਾ, ਆਲੋਚਨਾ, ਕਹਾਣੀ, ਵਾਰਤਕ, ਸੰਪਾਦਨਾ ਅਤੇ ਅਨੁਵਾਦ ਆਦਿ ਨਾਲ ਸੰਬੰਧਿਤ ਦੋ ਦਰਜਨ ਤੋਂ ਵਧੀਕ ਪੁਸਤਕਾਂ ਦੀ ਰਚਨਾ ਕੀਤੀ ਹੈ। 'ਗੁਲਾਬੀ ਸੁੰਡੀ' ਉਸ ਦਾ ਨਵਾਂ ਨਾਵਲ ਹੈ, ਜਿਸ ਦੇ 16 ਕਾਂਡ ਹਨ। ਅਸਲ ਵਿਚ ਇਹ ਨਾਵਲ ਵਾਂਗ ਬੱਝਵੀਂ ਤੇ ਇਕ ਲੜੀਵਾਰ ਕਹਾਣੀ ਦੀ ਥਾਂ ਵੱਖ-ਵੱਖ ਕਹਾਣੀਆਂ ਹੀ ਹਨ। ਸਾਰੇ ਕਾਂਡਾਂ ਵਿਚ ਪਿੰਡ ਬਾਗਪੁਰ ਦੀਆਂ ਵੱਖ-ਵੱਖ ਸਮੱਸਿਆਵਾਂ, ਕੁਰੀਤੀਆਂ, ਔਕੜਾਂ ਦੀ ਬਾਤ ਪਾਈ ਗਈ ਹੈ। ਇਹ ਪੁਸਤਕ ਇਕੋ ਵਿਚਾਰਧਾਰਾ ਨੂੰ ਪ੍ਰਸਤੁਤ ਕਰਦੀ ਹੈ। ਸਾਰੇ ਹੀ ਕਾਂਡਾਂ ਵਿਚ ਕਾਮਰੇਡ ਜੀਤ ਤੇ ਕਾਮਰੇਡ ਟਹਿਲ ਦੇ ਵਿਚਾਰਾਂ ਨੂੰ ਪ੍ਰਮੁੱਖਤਾ ਨਾਲ ਰੇਖਾਂਕਿਤ ਕੀਤਾ ਗਿਆ ਹੈ। ਪਹਿਲੇ ਕਾਂਡ ਵਿਚ ਪ੍ਰੇਮਪਾਲ ਤੇ ਜਗਤਾਰ ਦੀ ਅਣਜੋੜ ਪ੍ਰੇਮਗਾਥਾ, ਦੂਜੇ ਵਿਚ ਕਿਰਨ ਤੇ ਦੀਦਾਰ ਦੀ ਕਹਾਣੀ ਰਾਹੀਂ ਨਸ਼ਿਆਂ ਦਾ ਬਿਰਤਾਂਤ, ਤੀਜੇ ਵਿਚ ਹਰੀ ਦੀ ਜ਼ਮੀਨ ਤੇ ਮੇਜਰ ਵਲੋਂ ਗ਼ੈਰ-ਕਾਨੂੰਨੀ ਡਾਕਾ, ਚੌਥੇ ਵਿਚ ਮਜ਼੍ਹਬੀ ਸਿੱਖ ਜੋਰਾ ਸਿੰਘ ਦੀ ਮਾਰਮਿਕ ਕਥਾ, ਪੰਜਵੇਂ ਵਿਚ ਬਲਬੀਰ ਜੱਬਲ ਦਾ ਘਰੇਲੂ ਕਲਾ-ਕਲੇਸ਼, ਛੇਵੇਂ ਵਿਚ ਦੌਲਤ ਰਾਮ ਦੀ ਧੀ ਸੁਨੀਤਾ ਦਾ ਗੁਆਂਢੀ ਦਵਿੰਦਰ ਵਲੋਂ ਜਬਰ ਜਨਾਹ, ਸੱਤਵੇਂ ਵਿਚ ਇਕ ਭਰਾ ਵਲੋਂ ਆਪਣੀ ਵਿਧਵਾ ਭਾਬੀ ਤੇ ਉਹਦੇ ਮੁੰਡੇ ਨੂੰ ਨਹਿਰ ਵਿਚ ਸੁੱਟ ਕੇ ਉਹਦੀ ਜ਼ਮੀਨ 'ਤੇ ਕਬਜ਼ਾ ਕਰਨਾ, ਅੱਠਵੇਂ ਵਿਚ ਮਤਰੇਈ ਮਾਂ ਵਲੋਂ ਮਤਰੇਏ ਪੁੱਤ ਨਾਲ ਭੈੜਾ ਸਲੂਕ, ਨੌਵੇਂ ਵਿਚ ਪਿੰਡ ਦੀ ਔਰਤ ਨਿਰਮਲਾ ਵਲੋਂ ਵੱਖ-ਵੱਖ ਲੋਕਾਂ ਨਾਲ ਨਾਜਾਇਜ਼ ਸੰਬੰਧ, ਦਸਵੇਂ ਵਿਚ ਪਿਤਾ ਵਲੋਂ ਦੋਹਾਂ ਮੁੰਡਿਆਂ ਦਾ ਮਾਂ ਦੀ ਮੌਤ ਪਿੱਛੋਂ ਪਾਲਣ-ਪੋਸਣ, ਗਿਆਰ੍ਹਵੇਂ ਵਿਚ ਪੁੱਤਰ ਵਲੋਂ ਬੁੱਢੇ ਮਾਂ ਪਿਓ ਦਾ ਨਿਰਾਦਰ, ਬਾਰ੍ਹਵੇਂ ਵਿਚ ਪੁਲਿਸ ਵਲੋਂ ਗਾਇਬ ਹੋਈ ਧੀ ਬਰਾਮਦ ਨਾ ਕਰ ਸਕਣ ਦੀ ਨਿੰਦਣਯੋਗ ਕਾਰਵਾਈ, ਤੇਰ੍ਹਵੇਂ ਵਿਚ ਨਸ਼ਈ ਪੁੱਤ ਦੇ ਖ਼ੌਫ਼ਨਾਕ ਕਾਰੇ, ਚੌਧਵੇਂ ਵਿਚ ਬੂਬਨੇ ਸਾਧਾਂ ਉੱਤੇ ਲੋਕਾਂ ਦਾ ਅੰਨ੍ਹਾ ਵਿਸ਼ਵਾਸ, ਪੰਦਰਵੇਂ ਵਿਚ ਅੰਮ੍ਰਿਤਧਾਰੀ ਸਿੱਖ ਦਾ ਕੱਟੜ ਰਵੱਈਆ, ਸੋਲਵੇਂ ਤੇ ਅੰਤਿਮ ਕਾਂਡ ਵਿਚ ਕਾਮਰੇਡ ਜੀਤ ਵਲੋਂ ਸਿਸਟਮ ਦੀ ਕਾਰਗੁਜ਼ਾਰੀ ਦੀ ਚੀਰਫਾੜ...। ਕਾਮਰੇਡ ਜੀਤ ਤੇ ਟਹਿਲ ਨੇ ਪਿੰਡਾਂ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ, ਪੂੰਜੀਵਾਦੀ ਸਿਸਟਮ ਦੇ ਹਮਲਿਆਂ ਦਾ ਮੁਕਾਬਲਾ ਕਰਨ, ਕੱਟੜਵਾਦੀਆਂ ਤੋਂ ਬਚਣ, ਬਾਬਿਆਂ-ਭੇਖੀਆਂ ਦੇ ਜਾਲ ਵਿਚ ਫਸਣ ਤੋਂ ਤੋਬਾ ਕਰਨ, ਨਸ਼ਿਆਂ ਦੀ ਦਲਦਲ ਦੇ ਮਾਰੂ ਪ੍ਰਭਾਵਾਂ, ਅਨਪੜ੍ਹਤਾ ਆਦਿ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਹਨ। ਸਮਾਜ-ਸੁਧਾਰ ਤੇ ਚੰਗੇਰੀ ਜੀਵਨ-ਜਾਚ ਬਾਰੇ ਕਾਮਰੇਡਾਂ ਦੇ ਉਸਾਰੂ ਵਿਚਾਰਾਂ ਨੂੰ ਥਾਂ-ਥਾਂ 'ਤੇ ਪ੍ਰਗਟਾਇਆ ਗਿਆ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015
ਜੰਗਲ ਬੇਲੇ ਦੀਆਂ ਬਾਤਾਂ
ਲੇਖਕ : ਸਾਬੀ ਈਸਪੁਰੀ
ਪ੍ਰਕਾਸ਼ਕ : ਬਸੰਤ-ਸੁਹੇਲ ਪਬਲੀਕੇਸ਼ਨਜ਼ ਫਗਵਾੜਾ
ਮੁੱਲ : 100 ਰੁਪਏ, ਸਫੇ : 19
ਸੰਪਰਕ : 94171-16476
ਹਥਲੀ ਪੁਸਤਕ 'ਜੰਗਲ ਬੇਲੇ ਦੀਆਂ ਬਾਤਾਂ' ਸਾਬੀ ਈਸਪੁਰੀ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਾਲਾਂ ਨੂੰ ਨੈਤਿਕ ਸਿੱਖਿਆਵਾਂ ਨਾਲ ਭਰਪੂਰ ਕਰਦੀ ਹੋਈ ਬਹੁਤ ਹੀ ਪਿਆਰੀ ਨਿਆਰੀ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁ-ਮੁੱਲੀ ਪੁਸਤਕ ਹੈ। ਜਿਸ ਵਿਚ 9 ਬਾਲ ਕਹਾਣੀਆਂ ਹਨ। ਬੱਚੇ ਪੰਛੀਆਂ ਅਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਏਸੇ ਕਰਕੇ ਲੇਖਕ ਨੇ ਸਾਰੀਆਂ ਕਹਾਣੀਆਂ ਵਿਚ ਪਾਤਰ ਪੰਛੀ ਅਤੇ ਜਾਨਵਰਾਂ ਉਨ੍ਹਾਂ ਦੀਆਂ ਆਦਤਾਂ ਅਨੁਸਾਰ ਹੀ ਲਏ ਹਨ। ਪਹਿਲੀ ਕਹਾਣੀ 'ਸਵੇਰ ਦੀ ਸੈਰ ਵਿਚ' ਬਾਲਾਂ ਨੂੰ ਬਹੁਤ ਹੀ ਰੌਚਕ ਕਹਾਣੀ ਨਾਲ ਸੈਰ ਕਰਨ ਦੀ ਮਹਾਨਤਾ ਸਮਝਾਈ ਗਈ ਹੈ। ਜੰਗਲ ਦਾ ਰਾਜਾ ਸ਼ੇਰ ਬਹੁਤ ਉਦਾਸ ਬੈਠਾ ਹੈ ਕਿਉਂਕਿ ਜੰਗਲ ਵਿਚ ਬਹੁਤ ਸਾਰੇ ਜਾਨਵਰ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਸ਼ੇਰ ਨੇ ਹੰਗਾਮੀ ਮੀਟਿੰਗ ਸੱਦੀ ਅਤੇ ਜਾਨਵਰਾਂ ਨਾਲ ਵਿਚਾਰਾਂ ਕੀਤੀਆਂ ਸਭ ਤੋਂ ਪਹਿਲਾਂ ਜ਼ਿਰਾਫ ਬੋਲਿਆ ਕਹਿੰਦਾ, 'ਸਾਰੇ ਕੰਮ ਤਾਂ ਕੰਪਿਊਟਰ ਕਰੀ ਜਾਂਦਾ ਹੈ ਸਾਨੂੰ ਵਿਹਲਿਆਂ ਨੂੰ ਬਿਮਾਰੀਆਂ ਹੀ ਲੱਗਣੀਆਂ ਹਨ ਜਾਂ ਸਾਰਾ ਦਿਨ ਕੰਪਿਊਟਰ 'ਤੇ ਬੈਠਣ ਵਾਲਿਆਂ ਨੂੰ ਵੀ ਬਿਮਾਰੀਆਂ ਹੀ ਲੱਗਣੀਆਂ ਹਨ ਉਸ ਤੋਂ ਬਾਅਦ ਬਹੁਤੇ ਜਾਨਵਰਾਂ ਦੀ ਰਾਇ ਸੀ ਕਿ ਟੈਲੀਫੂਨ ਦੀ ਬੇਲੋੜੀ ਵਰਤੋਂ ਅਤੇ ਸਾਡਾ ਮਾੜਾ ਖਾਣ ਪੀਣ ਵੀ ਇਨ੍ਹਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਅਸੀਂ ਕੰਮ ਕਾਰ ਭਾਵ ਮਿਹਨਤ ਕਰਨੀ ਛੱਡ ਗਏ ਹਾਂ'। ਅਖੀਰ ਵਿਚ ਸਾਰੇ ਜਾਨਵਰਾਂ ਦੀ ਸਾਂਝੀ ਰਾਇ ਸੀ ਕਿ ਸਵੇਰ ਤੋਂ ਆਪਾਂ ਸਾਰੇ ਸੈਰ ਕਰਿਆ ਕਰੀਏ ਤਾਂ ਹੀ ਤੰਦਰੁਸਤ ਰਹਾਂਗੇ ਕੁਝ ਦਿਨਾਂ ਵਿਚ ਹੀ ਸ਼ੇਰ ਨੂੰ ਰਿਪੋਰਟਾਂ ਪਹੁੰਚ ਰਹੀਆਂ ਸਨ ਕਿ ਸਾਰੇ ਜਾਨਵਰ ਬਹੁਤ ਖ਼ੁਸ਼ ਹਨ ਅਤੇ ਜਲਦੀ-ਜਲਦੀ ਤੰਦਰੁਸਤ ਹੋ ਰਹੇ ਹਨ ਏਵੇਂ ਹੀ 'ਖਜੂਰ ਤੇ ਕਾਂ' ਵਾਲੀ ਕਹਾਣੀ ਬਹੁਤ ਹੀ ਸਿੱਖਿਆਦਾਇਕ ਹੈ ਕਾਂ ਹੰਕਾਰੀ ਸੀ ਬਹੁਤ ਉੱਚਾ ਉਡ ਕੇ ਅਖੀਰ ਇਕ ਖਜੂਰ ਤੇ ਆ ਬੈਠਾ ਖਜੂਰ ਉਸ ਨੂੰ ਪੁੱਛਦੀ ਹੈ, 'ਐਨਾ ਉੱਚਾ ਉੱਡਣ ਦਾ ਕੀ ਫਾਇਦਾ ਹੈ ਅਖੀਰ ਤਾਂ ਧਰਤੀ 'ਤੇ ਹੀ ਆਉਣਾ ਹੈ ਤਾਂ ਕਾਂ ਹੰਕਾਰ ਵਿਚ ਬੋਲਿਆ ਅਜੇ ਤਾਂ ਗਰਮੀ ਕਰਕੇ ਮੈਂ ਬਹੁਤ ਘੱਟ ਉੱਚਾ ਉਡਿਆ ਹਾਂ ਮੈਂ ਤਾਂ ਬਹੁਤ ਉੱਚਾ ਉੱਡ ਲੈਂਦਾ ਹਾਂ ਤੇ ਖੰਜ਼ੂਰ ਨੂੰ ਕਹਿੰਦਾ ਤੂੰ ਕਿਉਂ ਬਾਕੀ ਰੁੱਖਾਂ ਨਾਲੋਂ ਐਨੀ ਉੱਚੀ ਹੋ ਕੇ ਆਕੜ ਕੇ ਖੜ੍ਹੀ ਏਂ ਤਾਂ ਖੰਜ਼ੂਰ ਭਾਵੁਕ ਹੋ ਗਈ, 'ਕਹਿੰਦੀ ਮੇਰੀ ਧੌਣ ਵੀ ਵੇਖ ਕਿਵੇਂ ਝੁਕੀ ਹੋਈ ਹੈ ਇਸ ਤੋਂ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਉਮੇ ਹੰਕਾਰ ਅਤੇ ਆਕੜ ਕਰਨੀ ਬਹੁਤ ਮਾੜੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਰੀਆਂ ਕਹਾਣੀਆਂ ਬਾਲਾਂ ਨੂੰ ਮਨੋਰੰਜਨ ਦੇ ਨਾਲ ਨਾਲ ਸੁਭਾਵਿਕ ਹੀ ਉੱਚੀ -ਸੁੱਚੀ ਸਿੱਖਿਆ ਵੀ ਦਿੰਦੀਆਂ ਹਨ। ਲੇਖਕ ਖੁਦ ਅਧਿਆਪਕ ਹੋਣ ਕਰਕੇ ਬਾਲਾਂ ਦੀ ਨਬਜ਼ ਨੂੰ ਬਹੁਤ ਬਰੀਕੀ ਨਾਲ ਪਛਾਣਦਾ ਹੈ। ਜ਼ਿੰਦਗੀ ਦਾ ਢੇਰ ਸਾਰਾ ਤਜ਼ਰਬਾ ਵੀ ਰੱਖਦੇ ਹਨ। ਇਸ ਤੋਂ ਪਹਿਲਾਂ ਲੇਖਕ ਬਹੁਤ ਸਾਰੀਆਂ ਬਾਲ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ ਇਥੇ ਹੀ ਵੱਸ ਨਹੀਂ ਪਿਛਲੇ ਲੰਬੇ ਸਮੇਂ ਤੋਂ ਬਾਲਾਂ ਲਈ ਬਹੁਤ ਹੀ ਪਿਆਰਾ ਮੈਗਜ਼ੀਨ 'ਤਨੀਸ਼ਾ' ਵੀ ਕੱਢਦੇ ਹਨ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਅਤੇ ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ।
-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ: 9463542896
ਜੋਗੀੜਾ ਗਾਉਂਦਾ ਗਲ਼ੀ-ਗਲ਼ੀ
ਲੇਖਕ : ਜਨਕ ਸ਼ਰਮੀਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫੇ : 143
ਸੰਪਰਕ : 86996-99367
ਸ਼ਾਇਰ ਜਨਕ ਸ਼ਰਮੀਲਾ ਹੱਥਲੇ ਕਾਵਿ-ਸੰਗ੍ਰਹਿ 'ਜੋਗੀੜਾ ਗਾਉਂਦਾ ਗਲੀ ਗਲੀ' ਜਿਸ ਨੂੰ ਉਹ ਰੂਹਾਨੀ ਕਾਵਿ-ਸੰਗ੍ਰਹਿ ਕਹਿੰਦਾ ਹੈ, ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਰੂਹਾਨੀ ਸੰਗ੍ਰਹਿ 'ਮਿਲ ਬੁੱਲ੍ਹਿਆ ਇਕ ਵਾਰ' ਰਾਹੀਂ ਪੰਜਾਬੀ ਸੂਫ਼ੀਆਨਾ ਸ਼ਾਇਰੀ ਦੀ ਦਰਗਾਹ 'ਤੇ ਧਮਾਲ ਪਾ ਚੁੱਕਿਆ ਹੈ। ਅਜਿਹੀ ਸ਼ਾਇਰੀ ਵੱਖਰੀ ਤਰ੍ਹਾਂ ਦੇ ਪਾਠਕ ਤੇ ਸਰੋਤਿਆਂ ਦੀ ਮੰਗ ਕਰਦੀ ਹੈ। ਅਜਿਹੀ ਸ਼ਾਇਰੀ ਫਕੀਰਾਂ ਦੇ ਮਜ਼ਾਰਾਂ, ਅਸਥਾਨਿਆਂ ਅਤੇ ਦਰਗਾਹਾਂ 'ਤੇ ਗਮੰਤਰੀਆਂ ਅਤੇ ਕੱਵਾਲਾਂ ਵਲੋਂ ਸਾਜ਼ ਤੇ ਆਵਾਜ਼ ਨਾਲ ਕੀਤੀ ਪੇਸ਼ਕਾਰੀ ਅਕਸਰ ਸਰੋਤਿਆਂ ਨੂੰ ਵੱਜਦ ਵਿਚ ਲਿਆ ਕੇ ਝੂਮਣ ਲਾ ਦਿੰਦੀ ਹੈ। ਅਜਿਹੀ ਸ਼ਾਇਰੀ ਸੁਰ ਦੇ ਨਾਲ ਸਟੇਜੀ ਰੁਮਾਂਚਿਕਤਾ ਦੇ ਅੰਗ-ਸੰਗ ਹੋ ਜਾਂਦੀ ਹੈ। ਸ਼ਾਇਰ ਨੇ ਸਾਈਂ ਬੁੱਲ੍ਹੇਸ਼ਾਹ ਅਤੇ ਸ਼ਾਹ ਹੁਸੈਨ ਦੇ ਪਰਛਾਵਿਆਂ ਤੋਂ ਪਿਉਂਦ ਚੜ੍ਹਾ ਕੇ ਮਾਰਫਤੀ ਕਲਾਮ ਨੂੰ ਕਵਿਤਾਇਆ ਹੈ ਅਤੇ ਅਜਿਹੇ ਕਲਾਮ ਰਿਕਾਰਡਿੰਗ ਕੰਪਨੀਆਂ ਦੀ ਪੈਸੇ ਕਮਾਉਣ ਲਈ ਪਹਿਲੀ ਮੰਗ ਹੁੰਦੀ ਹੈ। ਸ਼ਾਇਰ ਨੇ ਜ਼ਿੰਦਗੀ ਨੂੰ ਚਰਖੇ, ਪੂਣੀਆਂ ਅਤੇ ਤੂੰਬੇ ਦੇ ਮੈਟਾਫਿਰਾਂ ਅਤੇ ਉਪਨਾਵਾਂ ਨਾਲ ਸੰਜੋਏ ਸ਼ਬਦਾਂ ਨਾਲ ਮੁਰਾਦਾਂ ਮੰਗਣ ਲਈ ਅਤੇ ਮੁਰਸ਼ਦ ਨੂੰ ਰਿਝਾਉਣ ਲਈ ਲੇਲ੍ਹੜੀਆਂ ਕੱਢਦੀ ਸ਼ਾਇਰੀ ਲਿਖੀ ਹੈ। ਸ਼ਾਇਰ ਆਪਣੇ ਮੁਰਸ਼ਦ ਨੂੰ ਰੀਝਾਉਣ ਲਈ ਪੁਰਸਲਾਤ ਦੀ ਨਦੀ ਪਾਰ ਕਰਨ ਵਰਗੇ ਤਰੱਦਦ ਦੀ ਮੰਗ ਕਰਦਾ ਹੈ। ਉਹ ਰਾਂਝੇ ਨੂੰ ਰੱਬ ਅਤੇ ਹੀਰ ਨੂੰ ਵਾਰਸ ਸ਼ਾਹ ਵਾਂਗ ਰੂਹ ਕਹਿਣ ਤੱਕ ਚਲੇ ਜਾਂਦਾ ਹੈ। ਅਜਿਹੀ ਸ਼ਾਇਰੀ ਕਵਿਤਾਉਣ ਲੱਗਿਆਂ ਅਕਸਰ ਸ਼ਾਇਰ ਦੁਹਰਾਓ ਦਾ ਸ਼ਿਕਾਰ ਹੋ ਜਾਂਦਾ ਹੈ। ਸ਼ਾਇਰ ਕੋਲ ਕਾਵਿ-ਸ਼ਿਲਪ ਤਾਂ ਹੈ ਪਰ ਕਾਵਿ ਚਿੰਤਨ ਇਸ ਲਈ ਝੋਲ ਮਾਰ ਜਾਂਦਾ ਹੈ ਕਿਉਂਕਿ ਅਕਸਰ ਥਾਂ ਥਾਂ ਡੇਰੇ ਖੁੰਬਾਂ ਵਾਂਗ ਉਗ ਆਏ ਹਨ। ਜਿਥੇ ਸਰੋਤਿਆਂ ਨੂੰ 'ਮਸਤ' ਬਣਾਉਣ ਦੀ ਕਵਾਇਦ ਕਰਵਾਈ ਜਾਂਦੀ ਹੈ। ਸ਼ਾਇਰ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਆਪੋ-ਆਪਣੇ ਬੌਧਿਕ ਮਾਪਦੰਡਾਂ 'ਤੇ ਨਿਰਭਰ ਕਰਦਾ ਹੈ। ਖ਼ੈਰ ਤੁਸੀਂ ਹਾਲ ਦੀ ਘੜੀ ਸ਼ਾਇਰ ਦੇ ਮਾਰਫਤੀ ਰੰਗ ਦਾ ਰੰਗ ਦੇਖੋ:
'ਦੋਸਤਾਂ ਨੂੰ ਵੀ ਗਲ ਨਾਲ ਲਾਈਂ,
ਦੁਸ਼ਮਣਾਂ ਦੀ ਵੀ ਸੁੱਖ ਮਨਾਈਂ
ਜਿਸ ਨੇ ਤੈਨੂੰ ਜ਼ਿੰਦਗੀ ਬਖ਼ਸ਼ੀ
ਉਸ ਮਾਲਕ ਨੂੰ ਭੁੱਲ ਨਾ ਜਾਈਂ
ਹਰਦਮ ਉਸ ਦਾ ਕਰ ਸ਼ੁਕਰਾਨਾ
ਸਭ ਦੀ ਮੰਗ ਭਲੀ
ਜੋਗੀੜਾ ਗਾਉਂਦਾ ਗਲ਼ੀ-ਗਲ਼ੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਉੱਚ ਜਾਤੀ ਹੋਣ ਦਾ ਸੰਤਾਪ
ਲੇਖਕ : ਗੁਰਦੀਪ ਸਿੰਘ ਵੜੈਚ
ਪ੍ਰਕਾਸ਼ਕ: ਸਪਤਰਿਸ਼ੀਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 60
ਸੰਪਰਕ :94630-23152
ਭਾਵੇਂ ਕੁਦਰਤ ਨੇ ਹਰ ਮਨੁੱਖ ਵਿਚ ਕੁਝ ਨਾ ਕੁਝ ਖਾਸ ਵਖਰੇਵੇਂ ਰੱਖਦੇ ਹੋਏ ਉਸ ਦੇ ਸਰੀਰ ਦੀ ਆਮ ਰਚਨਾ ਕਰੀਬ ਕਰੀਬ ਇਕੋ ਤਰ੍ਹਾਂ ਦੀ ਹੀ ਕੀਤੀ ਹੋਈ ਹੈ। ਪਰ ਮਨੁੱਖ ਵਿਚਲੇ ਘੜੱਮ ਚੌਧਰਪੁਣੇ ਨਾਲ ਓਤਪੋਤ ਮੁੱਠੀ ਭਰ ਜਾਤ ਜਾਤ ਅਭਿਮਾਨੀ ਝੁੰਡ ਨੇ ਮਨੁੱਖ ਜਾਤੀ ਵਿਚ ਇਕ ਬਹੁਤ ਵੱਡੇ ਭੇਦ ਭਾਵ ਜਾਤੀ ਪ੍ਰਥਾ ਦਾ ਖਲਾਅ ਪੈਦਾ ਕਰਕੇ ਮਨੁੱਖਤਾ/ਇਨਸਾਨੀਅਤ 'ਤੇ ਭਾਰੀ ਸੱਟ ਮਾਰੀ ਹੈ। ਜਿਸ ਦੀ ਅਸਹਿ ਪੀੜਾ ਹਰ ਵਰਗ ਕਿਸੇ ਨਾ ਕਿਸੇ ਰੂਪ ਵਿਚ ਮਹਿਸੂਸ ਕਰ ਰਿਹਾ ਹੈ। ਆਦਿ ਜੁਗਾਦ ਤੋਂ ਅਖੌਤੀ ਨੀਵੀਂ ਜਾਤੀ, ਇਹ ਸੰਤਾਪ ਝਲਦੀ ਆ ਰਹੀ ਹੈ ਤੇ ਹੁਣ ਵੋਟਾਂ ਬਟੋਰੂ ਸਿਆਸੀ ਸਿਸਟਮ ਨੇ ਬੇਲੋੜਾ ਉਹ ਵੀ ਹੱਦੋਂ ਰਾਖਵੇਂਕਰਨ ਨੇ ਅਖੌਤੀ ਉਚ ਜਾਤੀ (ਜਨਰਲ ਵਰਗ) ਦੇ ਨੱਕ ਵਿਚ ਵੀ ਦਮ ਕੀਤਾ ਹੋਇਆ ਹੈ। ਜਿਸ ਦੀ ਪੀੜਾ ਨੂੰ ਸਮਾਜ ਸੇਵੀ ਲੇਖਕ ਗੁਰਦੀਪ ਸਿੰਘ ਵੜੈਚ ਨੇ ਪੁਸਤਕ 'ਉੱਚ ਜਾਤੀ ਹੋਣ ਦਾ ਸੰਤਾਪ' ਵਿਚ ਬੜੀ ਬੇਬਾਕੀ ਨਾਲ ਵਰਨਣ ਕੀਤਾ ਹੈ।
ਉਚ ਜਾਤੀ ਦੇ ਸੰਤਾਪ ਨੂੰ ਹੱਡੀਂ ਹੰਢਾਉਂਦੇ ਜਿਊਂਦੇ-ਜਾਗਦੇ ਪਾਤਰਾਂ ਨੂੰ ਅੱਖੀਂ ਦੇਖੀਆਂ ਤੇ ਰੋਜ਼ੀ ਰੋਟੀ ਲਈ ਉਨ੍ਹਾਂ ਦੇ ਜੀਵਨ ਦੀਆਂ ਸਖ਼ਤ ਰਾਮ ਕਹਾਣੀਆਂ ਯਾਦਾਂ ਦੇ ਇਸ ਪਰਾਗੇ ਰੂਪੀ ਪੁਸਤਕ ਵਿਚ ਉੱਚ ਜਾਤੀ ਦੇ ਧੋਣ ਵਿਚ ਗੱਡਿਆ ਹੰਕਾਰੀ ਕਿੱਲੇ ਕਰਕੇ ਕਿਰਤ ਮਜਦੂਰੀ ਕਰਨ ਵਿਚ ਸ਼ਰਮ ਮਹਿਸੂਸ ਕਰਨਾ, ਨੱਕ ਨਜੂਮ ਰੱਖਣ ਖਾਤਰ ਝੁੱਗਾ ਚੌੜ ਕਰਵਾਉਣ ਦੇ ਹੱਦੋਂ ਵੱਧ ਖਰਚੀਲੇ ਭੈੜੇ ਰੀਤੀ ਰਿਵਾਜ, ਉੱਚ ਜਾਤੀ ਕਾਰਨ ਸਰਕਾਰੀ ਸਹੂਲਤਾਂ ਵਿਚ ਵੱਡੀ ਰੁਕਾਵਟ, ਪੱਥਰ ਦਿਲ ਘਰ ਪਰਿਵਾਰ ਵਲੋਂ ਵਿਧਵਾ ਨੂੰਹ (ਖਾਸ ਕਰਕੇ ਪੁੱਤਰ ਤੋਂ ਵਿਰਵੀ ਧੀਆਂ ਦੀ ਮਾਂ ਵਿਧਵਾ) ਦੇ ਜਾਇਦਾਦੀ ਹੱਕ ਦੱਬਣ ਦੀ ਭੈੜੀ ਨੀਅਤ ਦੇ ਨਾਕਾਰਾਤਮਿਕ ਯਤਨ, ਨਸ਼ਾ ਖੋਰੀ, ਇਨਸਾਫ਼ ਵਿਚ ਬੇਲੋੜੀ ਹੱਦੋਂ ਵੱਧ ਦੇਰ ਨਾਲ ਨਿਆਂ ਦਾ ਵੀ ਬੇਮਾਇਨੇ ਹੋ ਨਿਬੜਨਾ, ਜਨਰਲ ਵਰਗ ਵਿਚ ਜੰਮਣਾ ਗੁਨਾਹ/ਸਰਾਪ ਬਣ ਕੇ ਸਮੇਂ ਦਾ ਇਕ ਵੱਡਾ ਨਾਸੂਰ ਬਣ ਜਾਣਾ, ਨੌਕਰੀਆਂ ਪ੍ਰਾਪਤੀਆਂ ਵਿਚ ਕਾਣੀ ਵੰਡ ਦਾ ਰੁਝਾਨ ਵਧਣਾ, ਤਰੱਕੀਆਂ ਵਿਚ ਬਾਰ ਬਾਰ ਰਾਖਵੇਂਕਰਨ ਦਾ ਗ਼ੈਰ-ਜ਼ਰੂਰੀ ਲਾਭ ਨਾਲ ਲਿਆਕਤ/ਯੋਗਤਾ ਦੇ ਹੁੰਦੇ ਬਲਾਤਕਾਰ ਨਾਲ ਕੰਮਕਾਰ ਦੀ ਨਿਪੁੰਨਤਾ ਨੂੰ ਠੇਸ ਪਹੁੰਚਣਾ, ਨੀਵੀਂ ਜਾਤੀ ਲਈ ਮਿਲਦੀਆਂ ਸਹੂਲਤਾਂ/ਨੌਕਰੀਆਂ
ਦੇ ਲਾਭ ਲਈ ਧੋਖਾਧੜੀਆਂ / ਇਖਲਾਕ ਤੋਂ ਡਿਗੇ ਕਰਮ ( ਅਖੌਤੀ ਨੀਵੀਂ ਜਾਤ ਦੇ ਝੂਠੇ ਸਰਟੀਫਿਕੇਟ ਬਣਾਉਣ ਦਾ ਨਾਕਾਰਾਤਮਿਕ ਰੁਝਾਨ ਪ੍ਰਚੱਲਿਤ ਹੋਣਾ) ਤੇ ਹੱਕਰਸੀ ਆਦਿ ਨਿਰਾਰਥਕ ਪੱਖਾਂ ਨੂੰ ਘਟਾਉਣ ਲਈ ਲੇਖਕ ਗੁਰਦੀਪ ਸਿੰਘ ਵੜੈਚ ਨੇ ਬਹੁਤ ਵਧੀਆ ਸਾਰਥਿਕ ਪੱਖਾਂ ਨੂੰ ਬੜੀ ਸੂਝ-ਬੂਝ ਨਾਲ ਸੁਝਾਇਆ ਹੈ, ਜਿਵੇਂ ਕਿ ਸਰਕਾਰੀ ਸਹੂਲਤਾਂ ਵੰਡ ਲਈ ਜਾਤੀਵਾਦ ਦੀ ਥਾਂ ਆਰਥਿਕਤਾ ਨੂੰ ਆਧਾਰ ਬਣਾਉਣ ਦੀ ਪ੍ਰੋੜਤਾ ਕਰਨਾ, ਚੁੱਲ੍ਹਾ ਮਘਦਾ ਰੱਖਣ ਖਾਤਰ ਰੋਜ਼ੀ ਰੋਟੀ ਲਈ ਕੰਮ ਕਾਰ ਕਰਨ ਦੀ ਹਿਚਕਚਾਹਟ/ਝਿਜਕਸ਼ਰਮ ਨੂੰ ਦੂਰ ਕਰਨਾ ਦੀ ਲੋੜ ਆਦਿ ਸਾਰਥਿਕ ਵਿਸ਼ਿਆਂ ਨੂੰ ਉਜਾਗਰ ਕਰਦੀ ਯਾਦਾਂ ਦੀ ਪਟਾਰੀ ਰੂਪੀ ਪੁਸਤਕ'ਉਚ ਜਾਤੀ ਹੋਣ ਦਾ ਸੰਤਾਪ' ਦੀ ਆਮਦ ਦਾ ਨਿੱਘਾ ਸੁਆਗਤ ਹੈ ।
-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858
ਮਿੱਟੀ ਦਾ ਪੁਤਲਾ
ਲੇਖਕ : ਮੋਹੀ ਅਮਰਜੀਤ ਸਿੰਘ
ਪ੍ਰਕਾਸ਼ਕ : ਹਾਊਸ ਆਫ ਲਿਟਰੇਚਰ, ਲੁਧਿਆਣਾ
ਮੁੱਲ : 200- ਰੁਪਏ ਸਫੇ : 64
ਸੰਪਰਕ : 85690-63627
ਮੋਹੀ ਅਮਰਜੀਤ ਸਿੰਘ ਸਿਰੜੀ ਰੰਗ ਕਰਮੀ ਹੈ। ਉਸਨੇ ਨਾਟਕ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਵੀ ਕੀਤਾ ਹੈ। ਹਥਲੀ ਪੁਸਤਕ ਵਿਚ ਉਸਦੇ ਦੋ ਨਾਟਕ ਸ਼ਾਮਲ ਹਨ 'ਘਰ ਘਰ ਇਹੋ ਅੱਗ' ਅਤੇ 'ਮਿੱਟੀ ਦਾ ਪੁਤਲਾ'। 'ਘਰ ਘਰ ਇਹੋ ਅੱਗ' ਮੱਧ ਵਰਗੀ ਕਿਸਾਨ ਪਰਿਵਾਰ ਦੀ ਕਹਾਣੀ ਹੈ। ਲੋੜਾਂ ਥੋੜਾਂ ਵਿਚੋਂ ਲੰਘਦਾ ਜਰਨੈਲ ਸਿੰਘ ਆਪਣੇ ਛੋਟੇ ਜਿਹੇ ਪਰਿਵਾਰ, ਘਰਵਾਲੀ, ਪੁੱਤ ਅਤੇ ਧੀ ਦਾ ਗੁਜ਼ਾਰਾ ਤੋਰਦਾ ਹੈ। ਠੰਢੇ ਬੁੱਲਿਆਂ ਦੀ ਆਸ ਵਿਚ ਮਿਹਨਤ ਕਰਦੇ ਪਰਿਵਾਰ ਨੂੰ ਦੋ ਤੱਤੀਆ 'ਵਾਵਾਂ ਘੇਰਦੀਆਂ ਹਨ। ਇਕ ਵਿਦੇਸ਼ ਜਾਣ ਵਾਲੀ ਹੋੜ ਅਤੇ ਦੂਸਰੀ ਨਸ਼ਿਆਂ ਵਾਲੀ ਹਨੇਰੀ। ਜਰਨੈਲ ਅਤੇ ਹਰਨਾਮ ਕੌਰ (ਪਤਨੀ) ਵੱਡਾ ਸੁੱਨਾ ਲੈਕੇ ਆਪਣੀ ਪੜ੍ਹੀ-ਲਿਖੀ ਧੀ (ਪ੍ਰੀਤੀ) ਦਾ ਰਿਸ਼ਤਾ ਵਿਦੇਸ਼ੀ ਮੁੰਡੇ (ਹੈਰੀ) ਨਾਲ ਕਰ ਦਿੰਦੇ ਹਨ ਜਿਸ ਲਈ ਲੱਖਾਂ ਦੇ ਕਰਜ਼ੇ ਦੇ ਬੋਝ ਥੱਲੇ ਪਰਿਵਾਰ ਆਉਂਦਾ ਹੈ। ਪੁੱਤ (ਬੂਟਾ) ਇਕ ਤਾਂ ਬੇਰੁਜਗਾਰ ਹੈ, ਬਾਪੂ ਨਾਲ ਹੱਥ ਵੀ ਨਹੀਂ ਵਟਾਉਂਦਾ ਉੱਤੋਂ ਆਪਣੇ ਦੋਸਤ (ਦੀਪ) ਨਾਲ ਮਿਲ ਕੇ ਨਸ਼ਿਆਂ ਦੀ ਅੱਗ ਵਿਚ ਸੜਨ ਲਗਦਾ ਹੈ। ਆੜ੍ਹਤੀਏ ਦੇ ਮਿਹਨੇ ਜਰਨੈਲ ਦੀ ਅਣਖ ਨੂੰ ਵੰਗਾਰ ਵਾਂਗ ਲਗਦੇ ਹਨ। ਪਰਿਵਾਰ ਭਿਆਨਕ ਭੈਅ ਵਿਚੋਂ ਲੰਘ ਰਿਹਾ ਹੈ। ਪ੍ਰੀਤੀ ਦੇ ਸਹੁਰੇ ਚੰਗਾ ਵਿਹਾਰ ਨਹੀਂ ਕਰਦੇ ਸਗੋਂ ਲਾਲਚ ਵਸ ਹੋਰ ਪੈਸੇ ਮੰਗਦੇ ਹਨ। ਉਸਦਾ ਪਤੀ ਵੀ ਕੈਨੇਡਾ ਤੋਂ ਕੋਈ ਸਾਰਥਕ ਹੁੰਗਾਰਾ ਨਹੀਂ ਭਰ ਰਿਹਾ। ਪ੍ਰੀਤੀ ਕਾਫੀ ਦੁਬਿਧਾ ਵਿਚ ਹੈ। ਜਰਨੈਲ ਸਿੰਘ ਨੂੰ ਖੁਦਕਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਦਿਸ ਰਿਹਾ। ਬੇਸ਼ਕ ਇਹ ਬਿਮਾਰੀ ਅੱਜ ਸਾਰੇ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ ਪਰ ਨਾਟਕਕਾਰ ਮੋਹੀ ਨੇ ਆਸ-ਭਰਪੂਰ ਮੋੜ ਲਿਆਂਦਾ ਹੈ ਕਿ ਪ੍ਰੀਤੀ ਵਿਦੇਸ਼ ਜਾਣ ਦੀ ਇੱਛਾ ਤਿਆਗ ਦਿੰਦੀ ਹੈ ਅਤੇ ਹੈਂਕੜਬਾਜ ਪਤੀ ਤੋਂ ਮੂੰਹ ਮੋੜ ਕੇ ਤੋੜ ਵਿਛੋੜ ਕਰਕੇ ਬਾਪੂ ਦੀ ਧਿਰ ਬਣਦੀ ਹੈ। ਪ੍ਰੀਤੀ ਦਾ ਖੇਤ ਜਾਣਾ ਤੇ ਬੂਟੇ ਵਲੋਂ ਨਸ਼ਿਆਂ ਵਾਲੀ ਸਰਿੰਜ ਨੂੰ ਤੋੜ ਕੇ ਬਾਪ ਨਾਲ ਖੜ੍ਹਨਾ ਪਰਿਵਾਰ ਦੇ ਚੰਗੇ ਭਵਿੱਖ ਦਾ ਪ੍ਰਤੀਕ ਹੈ। ਦੂਸਰਾ ਨਾਟਕ ਸਾਧੂ ਸਿੰਘ ਦੇ ਕਾਵਿ ਸੰਗ੍ਰਿਹ 'ਦੀਵੇ 'ਚੋਂ ਉੱਗਦੇ ਸੂਰਜ' ਦੇ ਅਧਾਰਿਤ ਹੈ। ਮਜ਼ਦੂਰ ਪਰਿਵਾਰ ਦੀ ਕਹਾਣੀ ਹੈ, ਬਲਕਿ ਦੋ ਪਰਿਵਾਰਾਂ ਦੀ ਨਾਟਕ ਦੀ ਪਿਠ ਭੂਮੀ ਦਸਦੀ ਹੈ ਕਿ ਬਿੰਦਰ ਨੇ ਜਸਬੀਰ ਦਾ ਕਤਲ ਕਰ ਦਿੱਤਾ। ਜਸਬੀਰ ਦੀ ਘਰਵਾਲੀ ਅਮਨ, ਬਾਪ ਕੁਲਵੰਤ, ਪੁੱਤ ਦੀਪਾ ਅਤੇ ਧੀ ਸਿੰਮੀ ਦੁੱਖ ਭੋਗ ਰਹੇ ਹਨ। ਅਮਨ ਕਿਵੇਂ ਨਾ ਕਿਵੇਂ ਘਰ ਤੋਰ ਰਹੀ ਹੈ। ਪੁੱਤ ਅਤੇ ਧੀ ਪੜ੍ਹਾਈ ਦੇ ਨਾਲ ਨਾਲ ਮਜ਼ਦੂਰੀ ਕਰਕੇ ਹੱਥ ਵਟਾਉਂਦੇ ਹਨ, ਬਾਪ ਬਜ਼ੁਰਗ ਹੈ। ਇਕ ਆਰਥਿਕਤਾ ਦੀ ਮਾਰ ਅਤੇ ਦੂਸਰਾ ਜਸਬੀਰ ਦਾ ਵਿਛੋੜ੍ਹਾ ਦੋਵੇਂ ਦਰਦ ਡੂੰਘੇ ਹਨ। ਉਧਰ ਕਤਲ ਕਰਨ ਤੋਂ ਬਾਅਦ ਬਿੰਦਰ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ, ਉਸਦੀ ਘਰਵਾਲੀ ਕਰਮੋਂ ਵੀ ਆਪਣੀਆਂ ਧੀਆਂ ਨੂੰ ਔਖੀ ਸੌਖੀ ਪਾਲ ਰਹੀ ਹੈ ਅਤੇ ਕਚਿਹਰੀਆਂ, ਵਕੀਲਾਂ, ਪੁਲਿਸ ਦੇ ਚੱਕਰ ਦੀ ਘੰਮਣ-ਘੇਰੀ ਨੂੰ ਮਹਿਸੂਸ ਕਰਦੀ ਹੈ। ਗੱਲ ਇਸ ਮੋੜ 'ਤੇ ਆ ਖੜ੍ਹਦੀ ਹੈ ਕਿ ਜੇਕਰ ਜਸਵੀਰ ਦਾ ਪਰਿਵਾਰ ਬਿੰਦਰ (ਜਸਵੀਰ ਦਾ ਕਾਤਲ) ਨੂੰ ਮੁਆਫ ਕਰ ਦੇਵੇ ਤਾਂ ਬਿੰਦਰ ਬਰੀ ਹੋ ਸਕਦਾ। ਜਿਸ ਲਈ ਬਿੰਦਰ ਦੀ ਘਰਵਾਲੀ ਕਰਮੋ, ਅਮਨ ਦੇ ਘਰ ਆ ਕੇ ਝੋਲੀ ਅੱਡਦੀ ਹੈ ਪਰ ਅਮਨ ਦੇ ਅੰਦਰਲੀ ਅੱਗ ਲਾਟ ਤੋਂ ਭਾਂਬੜ ਬਣੀ ਹੋਣ ਕਰਕੇ ਗੱਲ ਕਿਸੇ ਸਿਰੇ ਨਹੀਂ ਲਗਦੀ ਦਿਸਦੀ। ਅਚਾਨਕ ਦੀਪਾ ਨਵੀਂ ਸੋਚ ਦਾ ਪ੍ਰਤੀਕ ਬਣਦਾ ਹੋਇਆ, ਮੁਆਫ ਕਰਨ ਦੀ ਹਾਮੀ ਭਰਦਾ ਹੈ, ਇਸ ਤਰਕ ਨਾਲ ਕਿ ਜੋ ਹੋਣਾ ਉਹ ਹੋਗਿਆ ਹੁਣ ਤਾਂ ਦੋਵੇਂ ਪਰਿਵਾਰ ਕੋਰਟ ਕਚਿਹਰੀਆਂ ਚੋਂ ਬਚ ਸਕਦੇ ਹਨ ਬਲਿਕ ਬਚਣਾ ਚਾਹੀਦਾ ਹੈ। ਦੀਪੇ ਨਾਲ ਅਮਨ ਅਤੇ ਪਰਿਵਾਰ ਦੇ ਸਹਿਮਤ ਹੋਣ ਨਾਲ ਨਾਟਕ ਦਾ ਸਿਖਰ ਸੁਖਾਵਾਂ ਹੁੰਦਾ ਹੈ। ਮੋਹੀ ਅਮਰਜੀਤ ਸਿੰਘ ਦੀ ਪੁਸਤਕ ਵਿਚਲੇ ਦੋਵੇਂ ਨਾਟਕ ਪੰਜਾਬ ਦੇ ਜ਼ਖ਼ਮਾਂ ਦੀ ਬਾਤ ਸੁਣਾਉਂਦੇ ਹਨ। ਭਾਸ਼ਾ, ਵਾਰਤਾਲਾਪ, ਘਟਨਾਵਾਂ ਦਿਲਚਸਪ ਵੀ ਹਨ ਅਤੇ ਪਾਠਕ ਦਰਸ਼ਕ ਨੂੰ ਨਾਲ ਲੈ ਕੇ ਤੁਰਨ ਦੇ ਸਮਰਥ ਵੀ ਹਨ ਇਸੇ ਕਰਕੇ ਇਹ ਨਾਟਕ ਰੰਗਮੰਚ ਦੀ ਕਸਵੱਟੀ 'ਤੇ ਖਰੇ ਉਤਰਦੇ ਨਜ਼ਰ ਆਉਂਦੇ ਹਨ।
-ਨਿਰਮਲ ਜੌੜਾ
ਮੋਬਾਈਲ : 98140-78799
ਤਾਰਿਆਂ ਦੀ ਛਾਵੇਂ
ਲੇਖਕ : ਧਿਆਨ ਸਿੰਘ ਸ਼ਾਹ ਸਿਕੰਦਰ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫੇ : 48
ਸੰਪਰਕ : 98148-22601
ਨਾਵਲੈੱਟ ਤਾਰਿਆਂ ਦੀ ਛਾਵੇਂ ਦੇ ਰਚੇਤਾ ਧਿਆਨ ਸਿੰਘ ਸ਼ਾਹ ਸਿਕੰਦਰ ਦੀ ਹੱਥਲੀ ਪੁਸਤਕ ਉਸ ਦੀ ਸੱਤਵੀਂ ਮੌਲਿਕ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 6 ਪੁਸਤਕਾਂ ਕਾਵਿ-ਸੰਗ੍ਰਹਿ, ਕਹਾਣੀ-ਸੰਗ੍ਰਹਿ, ਸਵੈ-ਜੀਵਨੀ, ਸਫ਼ਰਨਾਮਾ ਅਤੇ ਸੰਸਮਰਣ ਵੀ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਤਿੰਨ ਪੁਸਤਕਾਂ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਕ ਪੁਸਤਕ ਸੰਪਾਦਕੀਆਂ ਦੀ ਸੰਪਾਦਿਤ ਕੀਤੀ ਹੈ ਤੇ ਇਕ ਦੋਹੜਾ ਕਾਵਿ-ਰੂਪ ਤੇ ਕੀਤੀ ਖੋਜ 'ਤੇ ਆਧਾਰਿਤ ਹੈ। ਉਸ ਦੀ ਇਕ ਪੁਸਤਕ ਸੰਵਿਧਾਨਕ ਸੇਧਾਂ ਬਾਰੇ ਵੀ ਹੈ। ਹੱਥਲੀ ਪੁਸਤਕ ਇਕ ਨਾਵਲੈੱਟ ਹੈ ਜੋ ਪੰਜਾਬ ਵਿਚਲੇ ਉਸ ਕਾਲੇ ਦੌਰ ਦੀ ਕਥਾ ਸੁਣਾਉਂਦੀ ਹੈ ਜਦ ਅੱਤਵਾਦ ਕਾਰਨ ਦਹਿਸ਼ਤ, ਡਰ, ਭੈਅ ਅਤੇ ਨਫ਼ਰਤ ਪੰਜਾਬ ਦੀ ਹਵਾ ਵਿਚ ਘੁਲੀ ਹੋਈ ਸੀ। ਇਸ ਦਹਿਸ਼ਤ ਦਾ ਖ਼ਮਿਆਜ਼ਾ ਕਈ ਬੇਕਸੂਰਾਂ ਨੂੰ ਭੁਗਤਣਾ ਪਿਆ ਸੀ। ਅਜਿਹੇ ਹੀ ਇਕ ਵਿਅਕਤੀ ਦੀ ਕਹਾਣੀ ਇਸ ਨਾਵਲੈੱਟ ਵਿਚ ਬਿਆਨੀ ਗਈ ਹੈ। ਉਸ ਦਾ ਨਾਂਅ ਸੋਹਣਾ ਹੈ ਜੋ ਇਕ ਸੁੰਦਰ ਅਤੇ ਸਿਆਣਾ ਨੌਜਵਾਨ ਹੈ। ਆਪਣੀ ਸਾਦਗੀ ਅਤੇ ਸਿਆਣਪ ਕਾਰਨ ਉਹ ਪਿੰਡ ਦੀਆਂ ਕੁੜੀਆਂ ਦਾ ਚਹੇਤਾ ਬਣ ਜਾਂਦਾ ਹੈ ਪਰ ਉਸ ਦਾ ਇਸ ਸਭ ਕਾਸੇ ਤੋਂ ਅਣਜਾਣ ਰਹਿਣਾ ਹੀ ਉਸ ਦੇ ਜੀਵਨ ਦਾ ਗ੍ਰਹਿਣ ਬਣ ਜਾਂਦਾ ਹੈ। ਪਿੰਡ ਦੀਆਂ ਕੁੜੀਆਂ ਦੇ ਮਾਪੇ ਭਵਿੱਖ ਦੇ ਕਿਸੇ ਅਣਜਾਣ ਡਰ ਤੋਂ ਸਾਵਧਾਨ ਹੁੰਦਿਆਂ ਉਸ ਨੂੰ ਝੂਠੇ ਕੇਸ 'ਚ ਫਸਾ ਦਿੰਦੇ ਹਨ ਜਿਸ ਕਾਰਨ ਉਸ ਦੀ ਅਤੇ ਉਸ ਦੇ ਭੈਣ ਭਰਾਵਾਂ ਦੀ ਜ਼ਿੰਦਗੀ ਵੀ ਖ਼ਰਾਬ ਹੋ ਜਾਂਦੀ ਹੈ। ਸੋਹਣੇ ਨੂੰ ਨਾ ਚਾਹੁੰਦੇ ਹੋਏ ਵੀ ਹਥਿਆਰ ਚੁੱਕਣੇ ਪੈਂਦੇ ਹਨ ਅਤੇ ਉਸ ਦਾ ਚੰਗੇ ਜੀਵਨ ਦਾ ਸੁਪਨਾ ਟੁੱਟ ਜਾਂਦਾ ਹੈ। ਇਸ ਨਾਵਲੈੱਟ ਵਿਚ ਪੁਲਿਸ ਅਤੇ ਫ਼ੌਜ ਦੀ ਨਕਾਰਾਤਮਕ ਭੂਮਿਕਾ ਕਾਰਨ ਵੀ ਉਸ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅਤੇ ਇਸੇ ਝੂਠੇ ਮਾਹੌਲ ਕਾਰਨ ਉਸ ਨੂੰ ਪੁਲਿਸ ਵਲੋਂ ਮਾਰ ਵੀ ਦਿੱਤਾ ਜਾਂਦਾ ਹੈ। ਇਸ ਨਾਵਲੈੱਟ ਵਿਚ ਉਸ ਕਾਲੇ ਦੌਰ ਦੇ ਪਰਛਾਵਿਆਂ ਹੇਠ ਜਿਨ੍ਹਾਂ ਕਈ ਵਿਅਕਤੀਆਂ ਦੀ ਜ਼ਿੰਦਗੀ ਖ਼ਰਾਬ ਹੋਈ ਉਨ੍ਹਾਂ ਵਿਚੋਂ ਇਕ ਦਾ ਹੀ ਵਰਣਨ ਕੀਤਾ ਗਿਆ ਹੈ। ਅਜਿਹੇ ਕਈ ਕਿੱਸੇ ਅਜੇ ਸਾਹਮਣੇ ਆਉਣੇ ਬਾਕੀ ਹਨ ਜਿਨ੍ਹਾਂ ਬਾਰੇ ਇਤਿਹਾਸ ਵਿਚ ਵੀ ਕੋਈ ਵਰਣਨ ਨਹੀਂ ਮਿਲਦਾ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਬੁੱਝੋ ਮੇਰੀ ਬਾਤ?
ਸੰਪਾਦਕ : ਜਗਸੀਰ ਸਿੰਘ ਮੌੜ ਤੇ ਸੁਖਪਾਲ ਕੌਰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖ਼ਰ, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 99151-41606
ਜਗਸੀਰ ਸਿੰਘ ਮੌੜ ਅਤੇ ਸੁਖਪਾਲ ਕੌਰ ਦੋਵੇਂ ਪਤੀ-ਪਤਨੀ ਇਸ ਪੁਸਤਕ ਦੇ ਸੰਪਾਦਕ ਹਨ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅਧਿਆਪਕ ਵਜੋਂ ਕਾਰਜਸ਼ੀਲ ਹਨ। ਦੋਹਾਂ ਦਾ ਪ੍ਰਾਇਮਰੀ ਪੱਧਰ 'ਤੇ ਬੱਚਿਆਂ ਨਾਲ਼ ਸਿੱਧਾ ਰਾਬਤਾ ਹੋਣ ਕਾਰਨ ਉਨ੍ਹਾਂ ਆਪਣੇ ਵੱਖ-ਵੱਖ ਸਰੋਤਾਂ ਤੋਂ ਬੁਝਾਰਤਾਂ ਨੂੰ ਇਕੱਠਾ ਕਰਕੇ ਕਿਤਾਬੀ ਰੂਪ ਦੇਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਅਜੋਕੇ ਸਮੇਂ ਅੰਦਰ ਜਿਹੜੇ ਬੱਚੇ ਆਪਣੀ ਸੁਰਤ ਸੰਭਾਲਦਿਆਂ ਹੀ ਮੋਬਾਈਲ ਫ਼ੋਨਾਂ ਨਾਲ ਜੁੜ ਗਏ ਹਨ। ਉਨ੍ਹਾਂ ਨੇ ਇਹ ਬੁਝਾਰਤਾਂ ਆਪਣੀ ਨਾਨਾ-ਨਾਨੀ ਜਾਂ ਦਾਦੀ-ਦਾਦੇ ਦੇ ਮੂੰਹੋਂ ਕਦੇ ਨਹੀਂ ਸੁਣੀਆਂ ਹੋਣਗੀਆਂ। ਇਕਹਿਰੇ ਪਰਿਵਾਰ ਹੋਣ ਕਾਰਨ ਬੱਚਿਆਂ ਦੇ ਹਿੱਸੇ ਆਪਣੇ ਵੱਡ-ਵਡੇਰਿਆਂ ਤੋਂ ਸੁਣੀਆਂ ਬੁਝਾਰਤਾਂ ਨਹੀਂ ਆਈਆਂ ਹੋਣਗੀਆਂ। ਕਿਸੇ ਸਮੇਂ ਸਾਡੇ ਘਰਾਂ 'ਚ ਵੱਡ-ਵਡੇਰੇ ਰਾਤ ਸਮੇਂ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਬੁਝਾਰਤਾਂ ਤੋਂ ਇਲਾਵਾ ਰਾਜੇ-ਰਾਣੀਆਂ, ਜਨੌਰਾਂ ਅਤੇ ਭੂਤਾਂ-ਪ੍ਰਰੇਤਾਂ ਦੀਆਂ ਕਹਾਣੀਆਂ ਸੁਣਾ ਕੇ ਜਿੱਥੇ ਉਨ੍ਹਾਂ ਦਾ ਮਨਪ੍ਰਚਾਵਾ ਕਰਿਆ ਕਰਦੇ ਸਨ, ਓਥੇ ਹੀ ਇਸ ਮਾਧਿਅਮ ਦੁਆਰਾ ਨੈਤਿਕ ਸਿੱਖਿਆ ਦੇਣ ਦੇ ਨਾਲ਼-ਨਾਲ਼ ਬੌਧਿਕ ਪੱਧਰ ਨੂੰ ਵੀ ਹੋਰ ਮਜ਼ਬੂਤ ਕਰਦੇ ਸਨ। ਬੁਝਾਰਤਾਂ ਨੂੰ ਸਾਂਝੇ ਪਰਿਵਾਰ ਦੇ ਕਈ-ਕਈ ਬੱਚੇ ਬੜੀ ਉਤਸੁਕਤਾ ਨਾਲ ਰਾਤ ਨੂੰ ਸੁਣਦੇ ਸਨ, ਜਿਸ ਬਾਤ ਦਾ ਸਹੀ ਜਵਾਬ ਨਾ ਸੁੱਝਦਾ ਤਾਂ 'ਭਿਆਂ' ਕਹਿ ਕੇ ਖਹਿੜਾ ਛੁਡਾਉਂਦੇ ਸਨ। ਉਪਰੰਤ ਉਸ ਬਾਤ ਦੇ ਨੇੜ-ਤੇੜ ਦਾ ਸੰਕੇਤਕ ਗਿਆਨ ਲੈ ਕੇ ਫ਼ਿਰ ਉਸ ਨੂੰ ਬੁੱਝਣ ਦਾ ਯਤਨ ਕਰਦੇ ਸਨ। ਬੁਝਾਰਤਾਂ ਲੋਕ ਸਾਹਿਤ ਦਾ ਹਿੱਸਾ ਹਨ, ਲੋਕ ਕਹਾਣੀਆਂ ਸੁਣ-ਸੁਣਾ ਕੇ ਇਕ ਪੀੜ੍ਹੀ ਤੋਂ ਦੂਜੀਆਂ ਪੀੜ੍ਹੀਆਂ ਤੱਕ ਅੱਪੜ ਜਾਂਦੀਆਂ ਸਨ। ਪਰ ਹੁਣ ਜ਼ਮਾਨਾ ਜ਼ਿਆਦਾ ਬਦਲ ਗਿਆ ਹੋਣ ਕਰਕੇ ਪੁਰਾਤਨ ਕਥਾਵਾਂ/ਬੁਝਾਰਤਾਂ ਅੱਗੇ ਨਹੀਂ ਵਧ ਰਹੀਆਂ। ਪੁਸਤਕ ਵਿਚ ਸ਼ਾਮਿਲ ਬੁਝਾਰਤਾਂ ਅਸੀਂ ਸੁਣੀਆਂ ਹੋਈਆਂ ਹਨ, ਪਰ ਬੱਚਿਆਂ ਨੇ ਨਹੀਂ। ਇਸ ਨਿੱਗਰ ਉਪਰਾਲੇ ਲਈ ਅਧਿਆਪਕ ਜੋੜੀ ਵਧਾਈ ਦੀ ਹੱਕਦਾਰ ਹੈ। ਯਕੀਨ ਹੈ ਕਿ ਹਰੇਕ ਬੱਚਾ ਇਸ ਪੁਸਤਕ ਨੂੰ ਪੂਰੀ ਦਿਲਚਸਪੀ ਨਾਲ ਪੜ੍ਹੇਗਾ।
-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110
ਵੰਡਨਾਮਾ
ਕਵੀ : ਹਰਵਿੰਦਰ ਸਿੰਘ ਭੱਟੀ
ਅੰਗਰੇਜ਼ੀ ਅਨੁਵਾਦ : ਪ੍ਰੋ. ਕੁਮੂਲ ਅਭੀ
ਪ੍ਰਕਾਸ਼ਕ : ਯੂਨਿਸਟਾਰ ਬੁੱਕਸ ਮੁਹਾਲੀ
ਮੁੱਲ : 695 ਰੁਪਏ, ਸਫ਼ੇ : 122
ਸੰਪਰਕ : 98152-49886
1947 ਦੀ ਭਾਰਤ-ਪਾਕਿ ਵੰਡ ਦਾ ਸ਼ਿਕਾਰ ਹੋਏ ਮਾਸੂਮ ਤੇ ਬੇਕਸੂਰ ਲੋਕਾਂ ਨੂੰ ਸਮਰਪਿਤ ਚਰਚਾ ਅਧੀਨ ਕਾਵਿ-ਪੁਸਤਕ ਉਸ ਵਕਤ ਦੀ ਕਾਸ਼ੀਦਗੀ ਨੂੰ ਬਹੁਤ ਸੰਜਮੀ, ਸੰਗਠਿਤ, ਸਾਰਥਿਕ, ਲੈਅਬੱਧ ਤੇ ਬੱਝਵੇਂ ਪ੍ਰਭਾਵਸ਼ਾਲੀ ਅੰਦਾਜ਼ 'ਚ ਪਾਠਕਾਂ ਦੀ ਸੂਝ-ਸਮਝ ਦਾ ਹਿੱਸਾ ਬਣਾਉਂਦੀ ਹੈ। ਇਹ ਪੁਸਤਕ ਕਾਵਿ-ਆਤਮਾ 'ਚ ਏਨੀ ਨੇੜੇ ਹੈ ਕਿ ਜੇਕਰ 'ਬਿੰਦਰ ਸਿਆਂ' ਦੀ ਥਾਂ 'ਵਾਰਿਸਸ਼ਾਹ ਮੀਆਂ' ਪੜ੍ਹ ਲਿਆ ਜਾਵੇ ਤਾਂ ਵਾਰਿਸ ਦੀ ਬੈਂਤਾਂ ਵਾਲੀ 'ਹੀਰ' ਬਦੋਬਦੀ ਯਾਦ ਆ ਜਾਂਦੀ ਹੈ। 'ਬਿੰਦਰ ਸਿਹੁੰ' ਨਾਂਅ ਦੇ ਪਾਤਰ ਰਾਹੀਂ ਹਰਵਿੰਦਰ ਸਿੰਘ ਭੱਟੀ ਨੇ ਸਿਰਫ਼ 1947 ਦੀ ਦੇਸ਼ ਵੰਡ ਦੀ ਪੀੜ ਨੂੰ ਹੀ 'ਵੰਡਨਾਮਾ' 'ਚ ਵਿਅਕਤ ਨਹੀਂ ਕੀਤਾ ਸਗੋਂ ਪੰਜਾਬ ਦੀ ਵਿਲੱਖਣਤਾ ਨੂੰ ਵੀ ਗਾਗਰ 'ਚ ਸਾਗਰ ਭਰਨ ਵਾਂਗ ਪੇਸ਼ ਕੀਤਾ ਹੈ। ਇਸ ਕਾਵਿ-ਰਚਨਾ ਵਿਚਲੇ ਕਈ ਵਾਕ ਅਟੱਲ ਸੱਚਾਈਆਂ ਵਾਲੀ ਮਹਾਨਤਾ ਰੱਖਦੇ ਹਨ। ਮਿਸਾਲ ਵਜੋਂ:
-ਬਿੰਦਰ ਸਿਆਂ ਬਾਹਲੇ ਨੇਰ੍ਹਾ ਢੋਣ ਵਾਲੇ ਥੋੜ੍ਹੇ ਹੋਣਗੇ ਉੱਚੀਆਂ ਬਿਰਤੀਆਂ ਦੇ
-ਬਿੰਦਰ ਸਿਆਂ ਬਿਨ ਆਪਣਾ-ਆਪ ਜਾਣੇ ਬਸਤੇ ਫੋਲਣੇ ਕੀ ਕੌਮਾਂ ਦੂਜੀਆਂ ਦੇ
-ਬਿੰਦਰ ਸਿਆਂ ਰੱਬ ਹੀ ਸੀ ਸਕਦੈ ਦਾਮਨ ਹੋਣ ਜਦ ਚਾਕ ਮੁਹੱਬਤਾਂ ਦੇ।
-ਬਿੰਦਰ ਸਿਆਂ ਛੱਡਣਾ ਰਾਜ ਔਖਾ ਬਾਘੜ ਯਾਰ ਕਦ ਬਣਦੇ ਲੇਲਿਆਂ ਦੇ
-ਬਿੰਦਰ ਸਿਆਂ ਲੀਡਰ ਛੋਟੀ ਸੋਚ ਵਾਲੇ ਮੁੱਢ ਬੰਨ੍ਹਦੇ ਸਦਾ ਬਦਹਾਲੀਆਂ ਦਾ।
ਪੂਰੀ ਪੁਸਤਕ ਵਿਚਲਾ ਕਾਵਿ-ਬਿਰਤਾਂਤ 'ਸਿਫ਼ਤ ਸਾਲਾਹ' ਦੇ ਸਿਰਲੇਖ ਤੋਂ ਸ਼ੁਰੂ ਹੋ ਕੇ ਇਨਸਾਨੀਅਤ ਤੇ ਰੂਹਾਨੀਅਤ' ਉਤੇ ਸਮਾਪਤ ਹੁੰਦਾ ਹੈ। ਵਿਚਕਾਰਲਾ ਕਾਵਿ-ਬਿਰਤਾਂਤ 'ਦੇਸ਼ ਪੰਜਾਬ', 'ਲਿਖਣ ਦਾ ਸਬੱਬ', 'ਅੰਗਰੇਜ਼ਾਂ ਦੀ ਆਮਦ', 'ਅੰਗਰੇਜ਼ਾਂ ਦੀਆਂ ਸਕੀਮਾਂ', '1857 ਦਾ ਗ਼ਦਰ', 'ਨਾਮਧਾਰੀ ਲਹਿਰ', 'ਅੰਗਰੇਜ਼ੀ ਪੜ੍ਹਾਈ ਦਾ ਅਸਰ', 'ਗ਼ਦਰ ਪਾਰਟੀ', 'ਪਹਿਲਾ ਸੰਸਾਰ ਯੁੱਧ', 'ਅੰਗਰੇਜ਼ ਤੇ ਫਿਰਕਾਪ੍ਰਸਤੀ', 'ਦੂਸਰਾ ਸੰਸਾਰ ਯੁੱਧ', 'ਯੁੱਧ ਦਾ ਅੰਤ ਤੇ ਅੰਗਰੇਜ਼ੀ ਚਾਲਾਂ', 'ਫਿਰਕੂ ਦੰਗੇ', 'ਫਿਰਕਾਪ੍ਰਸਤੀ ਤੇ ਪੰਜਾਬ ਦੀ ਵੰਡ', 'ਸਿੱਖਾਂ ਦੀ ਹੋਣੀ', 'ਉਜਾੜਾ ਤੇ ਹਿਜਰਤ', 'ਔਰਤਾਂ 'ਤੇ ਜ਼ੁਲਮ', 'ਉਜਾੜਾ ਤੇ ਨਰਕੀ ਸਫਰ', 'ਇਨਸਾਨੀ ਫਿਤਰਤ', 'ਅੰਗਰੇਜ਼ ਅਫਸਰ ਤੇ ਫਿਰਕੂ ਲੀਡਰ', 'ਰਿਫਿਊਜੀਆਂ ਦੀ ਦਸ਼ਾ', 'ਮੁੜ ਵਸੇਬੇ ਦੀਆਂ ਮੁਸ਼ਕਿਲਾਂ' ਤੇ 'ਮੁੜ ਵਸੇਬੇ ਤੋਂ ਬਾਅਦ' ਦੇ ਸਿਰਲੇਖਾਂ ਦੇ ਅੰਤਰਗਤ ਸੰਪੰਨ ਹੋਇਆ ਹੈ। ਚੱਲ ਰਹੀ ਗੱਲ ਦੇ ਅਨੁਕੂਲ 61 ਚਿੱਤਰ (ਕਾਲੇ ਚਿੱਟੇ) ਵੀ ਨਾਲ ਦਰਜ ਹਨ। ਇਕੋ ਸਮੇਂ ਪੰਜਾਬੀ ਤੇ ਅੰਗਰੇਜ਼ੀ ਵਿਚ ਪੜ੍ਹੀ ਜਾਣ ਵਾਲੀ ਇਹ ਪੁਸਤਕ 'ਵੰਡ ਨਾਮਾ' ਜਿਥੇ ਸ਼ਾਇਰ ਦੀ ਕਲਮ ਦੀ ਤਾਕਤ ਦਿਖਾਉਂਦੀ ਹੈ, ਉਥੇ ਨਿਭਾਏ ਗਏ ਵਿਸ਼ਾ-ਵਸਤੂ ਨੂੰ ਵੀ ਬੜੀ ਟੁੰਬਵੀਂ ਸ਼ੈਲੀ 'ਚ ਪਾਠਕਾਂ/ਸਰੋਤਿਆਂ ਦੇ ਮਨ-ਮਸਤਕ ਦਾ ਹਿੱਸਾ ਬਣਾਉਂਦੀ ਹੋਈ ਸਮੇਂ, ਸਥਾਨ ਤੇ ਸਥਿਤੀਆਂ ਨਾਲ ਜੁੜਦੇ ਕਈ ਕਾਰਨਾਂ-ਕਾਰਜਾਂ 'ਤੇ ਭਰਵਾਂ ਪ੍ਰਕਾਸ਼ ਪਾਉਂਦੀ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-0echo
ਸਿੱਖੀ ਦੀ ਮਹਿਕ
ਲੇਖਕ : ਅਵਤਾਰ ਸਿੰਘ ਤੂਫ਼ਾਨ
ਪਬਲਿਸ਼ਰ : ਸਪੀਕਰ ਪਬਲੀਕੇਸ਼ਨਜ਼ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95017-35100
ਇਸ ਕਾਵਿ-ਸੰਗ੍ਰਹਿ ਦੇ ਲੇਖਕ/ਕਵੀ ਸਵਰਗਵਾਸੀ ਅਵਤਾਰ ਸਿੰਘ ਤੂਫ਼ਾਨ ਭਾਵੇਂ 1997 ਵਿਚ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਚੁੱਕਾ ਹੈ। ਸਮੇਂ-ਸਮੇਂ ਲੇਖਕ ਵੱਖ-ਵੱਖ ਵਿਧਾਵਾਂ ਵਿਚ ਕਲਮੀ ਸਫਰ ਕਰਦਾ ਰਿਹਾ। ਲੇਖਕ ਸੱਤ ਪੁਸਤਕਾਂ ਪੰਜਾਬੀ ਸਾਹਿਤ ਨੂੰ ਵੱਖ-ਵੱਖ ਵਿਧਾਵਾਂ ਵਿਚ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਕਵੀ ਦੇ ਦੋਵੇਂ ਸਪੁੱਤਰਾਂ ਵਲੋਂ ਇਹ ਪੁਸਤਕ ਆਪਣੇ ਪਿਤਾ ਜੀ (ਕਵੀ) ਦੇ ਅਕਾਲ ਚਲਾਣੇ ਤੋਂ ਬਾਅਦ ਪਾਠਕਾਂ ਦੇ ਸਨਮੁਖ ਕੀਤੀ ਹੈ। ਪੁਸਤਕ ਵਿਚ ਸ਼ਾਮਿਲ ਢਾਈ ਦਰਜਨ, ਕਵਿਤਾਵਾਂ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ। ਕਵੀ ਨੇ ਛੰਦਾ ਬੰਦੀ ਵਿਚ ਕਵਿਤਾ ਲਿਖ ਕੇ ਪ੍ਰੋੜ ਪੰਥਕ ਸਟੇਜੀ ਕਵੀ ਹੋਣ ਦਾ ਸਬੂਤ ਦਿੱਤਾ ਹੈ। ਕਵੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਨੇ ਆਪਣੀ ਹਰ ਰਚਨਾ ਵਿਚ ਕਾਫੀਆ, ਰਦੀਸ਼ ਤੇ ਤੋਲ-ਤੁਕਾਂਤ ਦਾ ਪੂਰਾ ਖਿਆਲ ਰੱਖਿਆ ਹੈ। ਕਵੀ ਨੇ ਕਵਿਤਾਵਾਂ ਵਿਚ ਰਸ, ਅਲੰਕਾਰ ਅਤੇ ਤਸ਼ਬੀਹਾਂ ਨਾਲ ਸ਼ਿੰਗਾਰਣ ਨੇ ਫ਼ਰਜ਼ ਨੂੰ ਵੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਹੈ। ਹਰ ਇਕ ਕਵਿਤਾ ਵਿਚੋਂ ਸਿੱਖੀ ਦੀ ਖੁਸ਼ਬੂ ਤਾਂ ਆਉਂਦੀ ਹੀ ਹੈ-ਨਾਲ-ਨਾਲ ਪੰਥਕ ਜਜ਼ਬੇ ਦਾ ਪ੍ਰਗਟਾਵਾ ਵੀ ਹੁੰਦਾ ਹੈ। ਜ਼ਿਆਦਾਤਰ ਕਵਿਤਾਵਾਂ ਬੈਂਤ ਛੰਦ ਵਿਚ ਹਨ, ਦੋ ਵਾਰਾਂ ਅਤੇ ਕੁਝ ਕੁ ਛੋਟੇ ਬਹਿਰ ਵਾਲੀਆਂ ਰਚਨਾਵਾਂ ਵੀ ਹਨ। ਵਿਸ਼ੇ ਨੂੰ ਆਰੰਭ ਤੋਂ ਅੰਤ ਤੱਕ ਨਿਭਾਉਣ ਦਾ ਯਤਨ ਕੀਤਾ ਗਿਆ ਹੈ। ਕਵੀ ਦੀ ਧਰਮ ਸੁਪਤਨੀ ਸਵਰਗਵਾਸੀ 'ਨਿਰੰਜਨ' ਅਵਤਾਰ ਕੌਰ ਵੀ ਨਾਮਵਰ ਕਵਿਤਰੀ ਸਨ।
ਕਵੀ ਦੀਆਂ ਵੱਖ-ਵੱਖ ਕਵਿਤਾਵਾਂ ਦੀਆਂ ਕੁਝ ਕੁ ਵੰਨਗੀਆਂ ਪਾਠਕਾਂ ਦੇ ਰੂਬਰੂ ਹਨ।
'ਨਾਨਕੀ ਦਾ ਪਿਆਰ ਵੀਰ ਨਾਨਕ' ਕਵਿਤਾ ਦੀ ਵੰਨਗੀ ਹੈ। ਵੱਲ ਕੱਢੇ ਵਲੀ ਹੰਕਾਰੀਆ ਦੇ, ਸੱਜਣ ਠੱਗਾਂ ਨੂੰ ਪਿਆਰ ਸਿਖਾ ਦਿੱਤਾ। ਮਾਣ ਤੋੜਿਆ ਕੌਡਿਆਂ ਰਾਖਸ਼ਾਂ ਦਾ, ਰੀਠਿਆ ਤਾਈਂ ਵੀ ਮਿੱਠਾ ਬਣਾ ਦਿੱਤਾ। 1984 ਵਿਚ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦਾ ਬਿਆਨ ਵੀ ਬੇਬਾਕੀ ਨਾਲ ਕੀਤਾ ਹੈ।
'ਕਵਿਤਾ' ਰਾਏ ਕੱਲੇ ਨਾਲ ਕੁਝ ਗੱਲਾਂ ਕਵਿਤਾ ਵਿਚ ਸਰਬੰਸਦਾਨੀ ਪਿਤਾ ਜੀ ਦੀ ਬੁਲੰਦੀ ਵੱਲ ਇਸ਼ਾਰਾ ਹੈ।
ਕੀ ਹੋਇਆ ਤਕਦੀਰ ਨੇ ਪਾਈਆਂ ਨੇ ਭੀੜਾਂ
ਮਾਂ ਗੁਜਰੀ ਤੋਂ ਵੱਧ ਨੇ, ਧਰਤੀ ਦੀਆਂ ਪੀੜਾਂ।
ਕੀ ਹੋਇਆ ਜੇ ਟੁਰ ਗੇ, ਮੇਰੇ ਪੁੱਤਰ ਚਾਰੇ,
ਸ਼ੁਕਰ ਹੈ ਉਸ ਕਰਤਾਰ ਦਾ, ਅਸੀਂ ਕਰਜ਼ ਉਤਾਰੇ।
ਕੀ ਹੋਇਆ ਜੇ ਬੁਝ ਗਏ, ਮੇਰੀ ਕੁਲ ਦੇ ਦੀਵੇ,
ਮੇਰਾ ਭੁਝੰਗੀ ਖਾਲਸਾ, ਸਦੀਆਂ ਤੱਕ ਜੀਵੇ।
ਆਪਣੇ ਕਵੀ ਪਿਤਾ ਦੀਆਂ ਕਵਿਤਾਵਾਂ ਦੇ, ਸੰਗ੍ਰਹਿ ਨੂੰ ਪਾਠਕਾਂ ਦੇ ਰੂ-ਬਰੂ ਕਰਨ ਲਈ ਦੋਵੇਂ ਸਪੁੱਤਰ ਵਧਾਈ ਦੇ ਪਾਤਰ ਹਨ। ਪੁਸਤਕ ਦੇ ਆਰੰਭ ਵਿਚ 'ਮੁੱਖ ਬੰਦ' ਰੂਪ ਵਿਚ ਦੋ ਸ਼ਬਦ ਲਿਖ ਕੇ ਉੱਘੇ ਕਵੀ ਤੇ ਨਾਮਵਰ ਸਾਹਿਤਕਾਰ ਡਾ. ਹਰੀ ਸਿੰਘ ਜਾਚਕ ਨੇ ਵੀ ਆਪਣੇ ਫ਼ਰਜ਼ ਨੂੰ ਬਾਖੂਬੀ ਨਿਭਾਇਆ ਹੈ। ਕਵਿਤਾ ਨਾਲ ਪਿਆਰ ਕਰਨ ਵਾਲੇ ਪਾਠਕਾਂ ਲਈ ਪੁਸਤਕ ਸਾਂਭਣਯੋਗ ਸੌਗਾਤ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040