ਸੜਕ ਹਾਦਸੇ 'ਚ 2 ਦੀ ਮੌਤ, ਕਈ ਜ਼ਖ਼ਮੀ
ਫਾਜ਼ਿਲਕਾ, 19 ਜਨਵਰੀ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਪਿਕਅੱਪ ਗੱਡੀ ਅਤੇ ਘੋੜੇ ਟਰਾਲੇ ਵਿਚਕਾਰ ਭਿਆਨਕ ਟੱਕਰ ਵਿਚ ਦੋ ਦੀ ਮੌਤ ਹੋ ਗਈ ਅਤੇ 8 ਲੋਕ ਹਾਦਸੇ ਵਿਚ ਜ਼ਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜਦੋਂਕਿ ਕਈ ਲੋਕ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ। ਜਿਥੇ ਦੋ ਵਿਅਕਤੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਇਕ ਨੂੰ ਬਠਿੰਡਾ ਅਤੇ ਇਕ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਹਾਦਸੇ ਦਾ ਕਾਰਨ ਸੰਘਣੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ। ਹਾਦਸਾ ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਮੰਡੀ ਲਾਧੂਕਾ ਦੇ ਨੇੜੇ ਪਿੰਡ ਲੱਖੇ ਕੜਾਈਆਂ ਕੋਲ ਵਾਪਰਿਆ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਦੇ ਪਿੰਡ ਮੁਹਾਰ ਸੋਨਾ ਤੋਂ ਇਕ ਮ੍ਰਿਤਕ ਔਰਤ ਦੀਆਂ ਅਸਥੀਆਂ ਨੂੰ ਪਰਿਵਾਰ ਬਿਆਸ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।