ਕੀਵ, 17 ਜੁਲਾਈ (ਏਜੰਸੀ)-ਯੂਕਰੇਨ ਦੀ ਅਰਥਵਿਵਸਥਾ ਮੰਤਰੀ ਤੇ ਅਮਰੀਕਾ ਨਾਲ ਖਣਿਜ ਸੌਦੇ 'ਚ ਮੁੱਖ ਵਾਰਤਾਕਾਰ ਯੂਲੀਆ ਸਵੀਰੀਡੇਂਕੋ ਨੂੰ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ | ਉਹ 2022 'ਚ ਰੂਸ ਦੇ ਵੱਡੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਯੂਕਰੇਨ ਦੀ ਪਹਿਲੀ ਨਵੀਂ ਸਰਕਾਰ ਮੁਖੀ ਬਣ ਗਈ ਹੈ | ਸਵੀਰੀਡੇਂਕੋ ਯੂਕਰੇਨੀ ਸਰਕਾਰ 'ਚ ਨਵੀਆਂ ਭੂਮਿਕਾਵਾਂ ਲੈਣ ਵਾਲੇ ਅਧਿਕਾਰੀਆਂ ਦੇ ਸਮੂਹ 'ਚੋਂ ਇਕ ਹੈ | ਰਾਸ਼ਟਰਪਤੀ ਜ਼ੇਲੇਂਸਕੀ ਰੂਸ ਦੇ ਲਗਾਤਾਰ ਹਮਲੇ ਦੇ ਮੱਦੇਨਜ਼ਰ ਯੁੱਧ ਤੋਂ ਥੱਕੇ ਹੋਏ ਰਾਸ਼ਟਰ ਨੂੰ ਊਰਜਾ ਦੇਣ ਤੇ ਘਰੇਲੂ ਹਥਿਆਰਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੈਬਨਿਟ |ਚ ਫੇਰਬਦਲ ਕਰ ਰਹੇ ਹਨ | ਹਾਲਾਂਕਿ, ਘਰੇਲੂ ਤੌਰ 'ਤੇ ਕੈਬਨਿਟ 'ਚ ਫੇਰਬਦਲ ਨੂੰ ਇਕ ਵੱਡਾ ਬਦਲਾਅ ਨਹੀਂ ਮੰਨਿਆ ਜਾ ਰਿਹਾ ਹੈ | ਇਸ ਬਦਲਾਅ ਦਾ ਉਦੇਸ਼ ਨਾ ਸਿਰਫ਼ ਯੁੱਧ ਤੋਂ ਥੱਕੇ ਹੋਏ ਜਨਤਾ 'ਚ ਨਵੀਂ ਊਰਜਾ ਭਰਨਾ ਹੈ, ਸਗੋਂ ਘਰੇਲੂ ਤੌਰ 'ਤੇ ਹਥਿਆਰਾਂ ਦੇ ਨਿਰਮਾਣ ਨੂੰ ਵੀ ਉਤਸ਼ਾਹਿਤ ਕਰਨਾ ਹੈ | ਦਰਅਸਲ, ਰਾਸ਼ਟਰਪਤੀ ਆਪਣੀ ਭਰੋਸੇਮੰਦ ਟੀਮ ਨਾਲ ਰਣਨੀਤਕ ਮੋਰਚਿਆਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ | ਇਸ ਦੇ ਨਾਲ ਹੀ, ਇਹ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡੇਨਿਸ ਸ਼ਮਿਹਾਲ ਨੂੰ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ |