ਟਰੰਪ ਪ੍ਰਸ਼ਾਸਨ ਦੀਆਂ ਜਾਂਚਾਂ ਨੂੰ ਲੈ ਕੇ ਵਾਈਟ ਹਾਊਸ ਤੇ ਡੈਮੋਕ੍ਰੈਟ ਆਹਮੋ - ਸਾਹਮਣੇ
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਖ਼ਿਲਾਫ਼ ਸੰਸਦੀ ਜਾਂਚਾਂ ਦੀ ਤਿਆਰੀ ਕਰ ਰਹੇ ਡੈਮੋਕ੍ਰੈਟ ਆਗੂਆਂ ਨੂੰ ਵ੍ਹਾਈਟ ਹਾਊਸ ਨੇ ਚਿਤਾਵਨੀ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਡਰਾਉਣ ਜਾਂ ਸਰਕਾਰੀ ਸੇਵਾ ਤੋਂ ਰੋਕਣ ਲਈ ਜਾਂਚ ਦੀ ਪ੍ਰਕਿਰਿਆ ਵਰਤਣਾ ਅਪਰਾਧ ਦੇ ਦਾਇਰੇ ’ਚ ਆ ਸਕਦਾ ਹੈ। ਵ੍ਹਾਈਟ ਹਾਊਸ ਦੇ ਕਾਨੂੰਨੀ ਸਲਾਹਕਾਰ ਵਿਲ ਸ਼ਾਰਫ਼ ਨੇ ਇਹ ਗੱਲ ਰੌਬਰਟ ਗਾਰਸੀਆ ਨੂੰ ਭੇਜੇ ਪੱਤਰ ਵਿਚ ਆਖੀ ਹੈ।
ਨਿਊਯਾਰਕ, 12 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਟਰੰਪ ਪ੍ਰਸ਼ਾਸਨ ਖ਼ਿਲਾਫ਼ ਸੰਸਦੀ ਜਾਂਚਾਂ ਦੀ ਤਿਆਰੀ ਕਰ ਰਹੇ ਡੈਮੋਕ੍ਰੈਟ ਆਗੂਆਂ ਨੂੰ ਵ੍ਹਾਈਟ ਹਾਊਸ ਨੇ ਚਿਤਾਵਨੀ ਦਿੱਤੀ ਹੈ ਕਿ ਅਧਿਕਾਰੀਆਂ ਨੂੰ ਡਰਾਉਣ ਜਾਂ ਸਰਕਾਰੀ ਸੇਵਾ ਤੋਂ ਰੋਕਣ ਲਈ ਜਾਂਚ ਦੀ ਪ੍ਰਕਿਰਿਆ ਵਰਤਣਾ ਅਪਰਾਧ ਦੇ ਦਾਇਰੇ ’ਚ ਆ ਸਕਦਾ ਹੈ। ਵ੍ਹਾਈਟ ਹਾਊਸ ਦੇ ਕਾਨੂੰਨੀ ਸਲਾਹਕਾਰ ਵਿਲ ਸ਼ਾਰਫ਼ ਨੇ ਇਹ ਗੱਲ ਰੌਬਰਟ ਗਾਰਸੀਆ ਨੂੰ ਭੇਜੇ ਪੱਤਰ ਵਿਚ ਆਖੀ ਹੈ। ਗਾਰਸੀਆ ਜਨਵਰੀ ਵਿਚ ਡੈਮੋਕ੍ਰੈਟ ਬਹੁਮਤ ਵਾਲੀ ਪ੍ਰਤੀਨਿਧੀ ਸਭਾ ਦੀ ਨਿਗਰਾਨੀ ਕਮੇਟੀ ਦੇ ਚੇਅਰਮੈਨ ਬਣ ਸਕਦੇ ਹਨ। ਪੱਤਰ ਵਿਚ ਵ੍ਹਾਈਟ ਹਾਊਸ ਨੇ ਦਲੀਲ ਦਿੱਤੀ ਹੈ ਕਿ ਸੰਸਦੀ ਜਾਂਚਾਂ ਦਾ ਜਾਇਜ਼ ਮਕਸਦ ਕਾਨੂੰਨ ਬਣਾਉਣ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਸਿਆਸੀ ਵਿਰੋਧੀਆਂ ਨੂੰ ਸਜ਼ਾ ਦੇਣ ਲਈ ਨਹੀਂ ਵਰਤਿਆ ਜਾ ਸਕਦਾ। ਗਾਰਸੀਆ ਨੇ ਜਵਾਬ ’ਚ ਕਿਹਾ ਕਿ ਕਾਂਗਰਸ ਨੂੰ ਸਰਕਾਰ ਦੀ ਜਾਂਚ ਤੇ ਨਿਗਰਾਨੀ ਦਾ ਅਧਿਕਾਰ ਸੰਵਿਧਾਨ ਦਿੰਦਾ ਹੈ, ਵ੍ਹਾਈਟ ਹਾਊਸ ਨਹੀਂ। ਉਨ੍ਹਾਂ ਕਿਹਾ ਕਿ ਡੈਮੋਕ੍ਰੈਟ ਧਮਕੀਆਂ ਕਾਰਨ ਪਿੱਛੇ ਨਹੀਂ ਹਟਣਗੇ। ਪਾਰਟੀ ਆਗੂ ਹਕੀਮ ਜੈਫਰੀਜ਼ ਨੇ ਵੀ ਪੱਤਰ ਨੂੰ ਤੱਥਾਂ ਅਤੇ ਸੰਵਿਧਾਨ ਦੇ ਪੱਖੋਂ ਗ਼ਲਤ ਕਰਾਰ ਦਿੱਤਾ। ਡੈਮੋਕ੍ਰੈਟ ਆਗੂ ਟਰੰਪ ਦੇ ਮੁੜ ਸੱਤਾ ’ਚ ਆਉਣ ਮਗਰੋਂ ਉਨ੍ਹਾਂ ਅਤੇ ਪਰਿਵਾਰ ਦੀ ਵਧੀ ਦੌਲਤ, ਕ੍ਰਿਪਟੋਕਰੰਸੀ ਕਾਰੋਬਾਰ, ਖਣਿਜ ਸੌਦਿਆਂ ਅਤੇ ਵ੍ਹਾਈਟ ਹਾਊਸ ਦੇ ਉਸਾਰੀ ਪ੍ਰਾਜੈਕਟਾਂ ਦੀ ਪੜਤਾਲ ਕਰਨਾ ਚਾਹੁੰਦੇ ਹਨ। ਐਪਸਟੀਨ ਮਾਮਲੇ ਦੀ ਜਾਂਚ ਸੰਭਾਲਣ ਦੇ ਢੰਗ ਅਤੇ ਇਮੀਗ੍ਰੇਸ਼ਨ ਕਾਰਵਾਈਆਂ ’ਤੇ ਵੀ ਸਵਾਲ ਚੁੱਕਣ ਦੀ ਤਿਆਰੀ ਹੈ। ਟਰੰਪ ਅਤੇ ਵ੍ਹਾਈਟ ਹਾਊਸ ਕਿਸੇ ਵੀ ਗ਼ਲਤ ਕੰਮ ਤੋਂ ਇਨਕਾਰ ਕਰਦੇ ਆਏ ਹਨ।