ਖਰੜ, 15 ਜੁਲਾਈ (ਜੰਡਪੁਰੀ)-ਖਰੜ ਸ਼ਹਿਰ 'ਚ ਜਿੱਥੇ ਰੋਜ਼ਾਨਾ ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉੱਥੇ ਹੀ ਹੁਣ ਸ਼ਹਿਰ ਦੀਆਂ ਗਲੀਆਂ 'ਚ ਕਣਕ ਧੋ ਕੇ ਸੁਕਾਉਣੀ ਵੀ ਔਖੀ ਹੋ ਗਈ ਹੈ ਕਿਉਂਕਿ ਦਿਨ-ਦਿਹਾੜੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਗਲੀ 'ਚ ਸੁੱਕਣੀ ਪਾਈ ਕਣਕ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਤੇਗ਼ ਬਹਾਦਰ ਨਗਰ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਉਸ ਨੇ ਆਟਾ ਪਿਸਾਉਣ ਲਈ ਕਣਕ ਧੋ ਕੇ ਮੰਜੇ 'ਤੇ ਚਾਦਰ ਪਾ ਕੇ ਸੁੱਕਣ ਲਈ ਪਾਈ ਸੀ | ਇਸੇ ਦੌਰਾਨ ਇਕ ਵਿਅਕਤੀ ਜਿਸ ਕੋਲ ਮਹਿੰਗਾ ਮੋਟਰਸਾਈਕਲ ਸੀ, ਮੰਜੇ ਉੱਤੇ ਸੁੱਕਣੀ ਪਾਈ ਕਣਕ ਨੂੰ ਚਾਦਰ ਸਮੇਤ ਚੋਰੀ ਕਰਕੇ ਫ਼ਰਾਰ ਹੋ ਗਿਆ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖਰੜ ਸ਼ਹਿਰ 'ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਦੀ ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰੜ ਸ਼ਹਿਰ ਅੰਦਰ ਪੁਲਿਸ ਦੀ ਨਫ਼ਰੀ ਵਧਾਈ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ |