17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਰੂਸ ’ਚ ਵੱਡਾ ਜਹਾਜ਼ ਹਾਦਸਾ: ਫੌਜੀ An-12 ਜਹਾਜ਼ ਹੋਇਆ ਕ੍ਰੈਸ਼, ਸਵਾਰ ਸਾਰੇ 17 ਲੋਕਾਂ ਦੀ ਮੌਤ

ਰੂਸ- ਰੂਸ ਦੇ ਦੱਖਣ-ਪੱਛਮੀ ਸਾਇਬੇਰੀਆ ਵਿਚ ਮੰਗਲਵਾਰ ਦੇਰ ਰਾਤ ਇਕ ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਐਂਟੋਨੋਵ An-12 ਜਹਾਜ਼ ਵਿਚ ਸਵਾਰ ਸਾਰੇ 17 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ...

ਅਜੀਤ ਡੈਸਕ 17-11-2026
ਦੱਖਣ-ਪੱਛਮੀ ਸਾਇਬੇਰੀਆ ’ਚ ਵਾਪਰਿਆ ਹਾਦਸਾ, ਬਚਾਅ ਅਤੇ ਐਮਰਜੈਂਸੀ ਟੀਮਾਂ ਮੌਕੇ ’ਤੇ ਤਾਇਨਾਤ

ਰੂਸ- ਰੂਸ ਦੇ ਦੱਖਣ-ਪੱਛਮੀ ਸਾਇਬੇਰੀਆ ਵਿਚ ਮੰਗਲਵਾਰ ਦੇਰ ਰਾਤ ਇਕ ਫੌਜੀ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਐਂਟੋਨੋਵ An-12 ਜਹਾਜ਼ ਵਿਚ ਸਵਾਰ ਸਾਰੇ 17 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ।

ਖੇਤਰੀ ਗਵਰਨਰ ਇਲਿਆ ਸੇਰੇਡਯੁਕ ਨੇ ਸੋਸ਼ਲ ਮੈਸੇਜਿੰਗ ਪਲੇਟਫਾਰਮ MAX ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 9:30 ਵਜੇ ਵਾਪਰਿਆ। ਹਾਲਾਂਕਿ, ਉਨ੍ਹਾਂ ਨੇ ਆਪਣੇ ਬਿਆਨ ਵਿਚ ਜਹਾਜ਼ ਦੀ ਕਿਸਮ ਜਾਂ ਹਾਦਸੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਹਾਦਸਾਗ੍ਰਸਤ ਜਹਾਜ਼ ਐਂਟੋਨੋਵ An-12 ਸੀ, ਜੋ ਸਾਇਬੇਰੀਆ ਦੇ ਨੋਵੋਸਿਬਿਰਸਕ ਤੋਂ ਕ੍ਰਾਸਨੋਯਾਰਸਕ ਖੇਤਰ ਦੇ ਕਾਂਸਕ ਵੱਲ ਜਾ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੈਡੀਕਲ ਟੀਮਾਂ, ਪੁਲਿਸ, ਐਮਰਜੈਂਸੀ ਸੇਵਾਵਾਂ ਅਤੇ ਨੈਸ਼ਨਲ ਗਾਰਡ ਦੇ ਜਵਾਨਾਂ ਨੂੰ ਮੌਕੇ ’ਤੇ ਭੇਜਿਆ ਗਿਆ। ਰਾਹਤ ਅਤੇ ਜਾਂਚ ਕਾਰਜਾਂ ਦੇ ਤਾਲਮੇਲ ਲਈ ਐਮਰਜੈਂਸੀ ਕੇਂਦਰ ਵੀ ਸਥਾਪਤ ਕੀਤਾ ਗਿਆ।

ਫਿਲਹਾਲ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਵਲੋਂ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਕਿ ਜਹਾਜ਼ ਵਿਚ ਤਕਨੀਕੀ ਖਰਾਬੀ ਆਈ ਸੀ ਜਾਂ ਹਾਦਸੇ ਪਿੱਛੇ ਕੋਈ ਹੋਰ ਕਾਰਨ ਸੀ। ਜਾਂਚਕਰਤਾ ਜਹਾਜ਼ ਦੇ ਰੂਟ ਅਤੇ ਹਾਦਸੇ ਤੋਂ ਪਹਿਲਾਂ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ।

ਸਤੰਬਰ ’ਚ ਵੀ ਰੂਸੀ ਫੌਜੀ ਜਹਾਜ਼ ਹੋਇਆ ਸੀ ਹਾਦਸਾਗ੍ਰਸਤ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿਚ ਰੂਸ ਦੇ ਦੂਰ ਪੂਰਬੀ ਇਲਾਕੇ ਵਿਚ ਇਕ Tu-95 ਰਣਨੀਤਕ ਬੰਬਾਰ ਜਹਾਜ਼ ਵੀ ਸਿਖਲਾਈ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿਚ ਛੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਸੀ, ਜਦਕਿ ਇਕ ਹੋਰ ਮੈਂਬਰ ਜ਼ਖ਼ਮੀ ਹੋਇਆ ਸੀ।

ਰੂਸੀ ਰੱਖਿਆ ਮੰਤਰਾਲੇ ਅਨੁਸਾਰ ਇਹ ਜਹਾਜ਼ ਅਮੂਰ ਖੇਤਰ ਦੇ ਇਕ ਸੁੰਨਸਾਨ ਇਲਾਕੇ ਵਿਚ ਡਿੱਗਿਆ ਸੀ। ਮੰਤਰਾਲੇ ਨੇ ਦੱਸਿਆ ਸੀ ਕਿ ਹਾਦਸੇ ਸਮੇਂ ਬੰਬਾਰ ਜਹਾਜ਼ ਵਿਚ ਕੋਈ ਹਥਿਆਰ ਨਹੀਂ ਸੀ। ਉਸ ਘਟਨਾ ਦੀ ਜਾਂਚ ਲਈ ਵੀ ਫੌਜੀ ਜਾਂਚਕਰਤਾਵਾਂ ਦੀ ਟੀਮ ਤਾਇਨਾਤ ਕੀਤੀ ਗਈ ਸੀ। 

ਅਗਲੀ ਖ਼ਬਰ ਟ੍ਰੈਵਿਸ ਹੈੱਡ ਦੀ SRH ਤੋਂ ਵਿਦਾਈ ’ਤੇ ਭਾਵੁਕ ਹੋਏ ਅਭਿਸ਼ੇਕ ਸ਼ਰਮਾ, ਸਾਂਝੇਦਾਰੀ ਦੇ ਯਾਦਗਾਰ ਦੌਰ ਦਾ ਹੋਇਆ ਅੰਤ