ਨਿਊਯਾਰਕ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇੰਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਾਰਵਾਈ ਕਰਦਿਆਂ ਇਕ ਭਾਰਤੀ ਸਮੇਤ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੱਤੀ ਹੈ । ਇਨ੍ਹਾਂ ਵਿਚ ਭਾਰਤੀ ਨਾਗਰਿਕ ਵਿਪਿਨ ਪੰਚਾਲ ਸ਼ਾਮਿਲ ਹੈ, ਜਿਸ ਨੂੰ ਨਸ਼ੇ ਦੇ ਅਸਰ ਹੇਠ ਗੱਡੀ ਚਲਾ ਕੇ ਮੌਤ ਦਾ ਕਾਰਨ ਬਣਨ ਦੇ ਜੁਰਮ ਵਿਚ ਪਹਿਲਾਂ ਹੀ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।
ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਪੰਚਾਲ ਦੀ ਦੋਸ਼ਸਿੱਧੀ ਪੈਨਸਿਲਵੇਨੀਆ ਦੀ ਅੱਪਰ ਮੈਕੰਜੀ ਟਾਊਨਸ਼ਿਪ ਨਾਲ ਸਬੰਧਿਤ ਮਾਮਲੇ ਵਿਚ ਹੋਈ ਸੀ । ਵਿਭਾਗ ਨੇ ਉਸ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਿਹਾ ਭਾਰਤੀ ਨਾਗਰਿਕ ਦੱਸਿਆ ਹੈ । ਉਸ ਦੀ ਗ੍ਰਿਫ਼ਤਾਰੀ ਦਾ ਜ਼ਿਕਰ ਹਫ਼ਤੇ ਦੇ ਅਖੀਰ ਦੌਰਾਨ ਕੀਤੀਆਂ ਇੰਮੀਗ੍ਰੇਸ਼ਨ ਕਾਰਵਾਈਆਂ ਬਾਰੇ ਜਾਰੀ ਬਿਆਨ ਵਿਚ ਕੀਤਾ ਗਿਆ ਹੈ।
ਪੰਚਾਲ ਬਾਰੇ ਜਾਰੀ ਜਾਣਕਾਰੀ ਵਿਚ ਹਾਦਸੇ ਦੀ ਮਿਤੀ, ਮ੍ਰਿਤਕ ਦੀ ਪਛਾਣ ਤੇ ਅਦਾਲਤ ਵਲੋਂ ਸੁਣਾਈ ਗਈ ਸਜ਼ਾ ਦਾ ਵੇਰਵਾ ਨਹੀਂ ਦਿੱਤਾ ਗਿਆ। ਤਾਜ਼ਾ ਬਿਆਨ ’ਚ ਉਸਨੂੰ ਆਈਸ ਵਲੋਂ ਹਿਰਾਸਤ ਵਿਚ ਲਏ ਜਾਣ ਬਾਰੇ ਹੈ । ਵਿਭਾਗ ਦੀ ਸੂਚੀ ਵਿਚ ਪੰਚਾਲ ਤੋਂ ਇਲਾਵਾ ਹੋਰ 13 ਵਿਦੇਸ਼ੀ ਨਾਗਰਿਕਾਂ ਦੇ ਨਾਂਅ ਸ਼ਾਮਿਲ ਹਨ ।