ਰੂਪਨਗਰ, 15 ਜੁਲਾਈ (ਯਸ਼ਵੰਤ ਬੱਸੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਤਹਿਸੀਲ ਕੰਪਲੈਕਸ ਰੂਪਨਗਰ ਦੇ ਅਚਨਚੇਤ ਦੌਰੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਲੋਂ ਤਹਿਸੀਲਾਂ ਵਿਚ ਹੋਣ ਵਾਲੀ ਰਜਿਸਟਰੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਆਸਾਨ ਬਣਾਉਣ ਲਈ 'ਈਜ਼ੀ ਰਜਿਸਟਰੇਸ਼ਨ' ਨਾਂਅ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਨਵੇਂ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਰਜਿਸਟਰੀਆਂ ਕਾਰਨ ਲੋਕਾਂ ਦੀ ਖੱਜਲ ਖੁਆਰੀ, ਲਾਈਨਾਂ 'ਚ ਖੜੇ੍ਹ ਹੋਣ ਅਤੇ ਦਲਾਲੀ ਪ੍ਰਥਾ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਰਿਹਾ ਹੈ | ਵਿਧਾਇਕ ਚੱਢਾ ਨੇ ਕਿਹਾ, ਹੁਣ ਕੋਈ ਵੀ ਨਾਗਰਿਕ ਆਪਣੀ ਜ਼ਮੀਨ, ਪਲਾਟ ਜਾਂ ਮਕਾਨ ਦੀ ਰਜਿਸਟਰੀ ਕਰਵਾਉਣ ਲਈ ਈਜ਼ੀ ਰਜਿਸਟਰੇਸ਼ਨ ਪੋਰਟਲ ਰਾਹੀਂ ਆਸਾਨੀ ਨਾਲ ਆਨਲਾਈਨ ਸਮਾਂ ਬੁੱਕ ਕਰ ਸਕਦਾ ਹੈ | ਨਾਗਰਿਕਾਂ ਨੂੰ ਹੁਣ ਕੇਵਲ ਸਰਕਾਰੀ ਫੀਸਾਂ ਅਤੇ ਅਸ਼ਟਾਮ ਦਾ ਹੀ ਭੁਗਤਾਨ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਵੀ ਸੁਵਿਧਾ ਦਿੱਤੀ ਹੈ ਕਿ ਜੇਕਰ ਕੋਈ ਨਾਗਰਿਕ ਕਿਸੇ ਵੀ ਕਾਰਨ ਕਰਕੇ ਤਹਿਸੀਲ ਦਫ਼ਤਰ ਨਹੀਂ ਆ ਸਕਦਾ, ਤਾਂ ਉਹ ਹੈਲਪਲਾਈਨ ਨੰਬਰ 1076 'ਤੇ ਕਾਲ ਕਰਕੇ ਡਾਇਰੈਕਟਰ ਨੂੰ ਘਰ ਬੁਲਾ ਸਕਦਾ ਹੈ | ਇਹ ਡਾਇਰੈਕਟਰ ਨਿਰਧਾਰਿਤ ਦਸਤਾਵੇਜ਼ ਲੈ ਕੇ ਸਿੱਧਾ ਘਰ ਆ ਕੇ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਪੂਰੀ ਕਰਦਾ ਹੈ, ਜੋ ਕਿ ਪੰਜਾਬ ਦੇ ਅੰਦਰ ਇੱਕ ਕ੍ਰਾਂਤੀਕਾਰੀ ਪੈਰਵਾਹ ਬਣੀ ਹੈ | ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਈਜ਼ੀ ਰਜਿਸਟਰੇਸ਼ਨ ਨੂੰ ਵਰਤ ਕੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਦੋਹਾਂ ਬਚਾਇਆ ਜਾ ਸਕਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਕਾਨੂੰਗੋ ਮਿਥੀਲੇਸ਼ ਕੁਮਾਰ, ਵਕੀਲ ਅਜੈ ਕੁਮਾਰ ਕਸ਼ਯਪ, ਡੀਡ ਰਾਇਟਰ ਸੁਖਜਿੰਦਰ ਸਿੰਘ ਅਤੇ ਤਹਿਸੀਲਦਾਰ ਹਰਿਸਮਰਨ ਸਿੰਘ ਹਾਜ਼ਰ ਸਨ |