ਚੰਡੀਗੜ੍ਹ-ਜ਼ੀਰਕਪੁਰ ਬਾਰਡਰ 'ਤੇ ਹੰਗਾਮਾ, ਪੀ.ਆਰ.ਟੀ.ਸੀ ਬੱਸ ਕਰਮਚਾਰੀਆਂ 'ਤੇ ਕੁੱਟਮਾਰ ਦੇ ਦੋਸ਼
ਜ਼ੀਰਕਪੁਰ, 25 ਮਈ (ਅਲੀ)- ਚੰਡੀਗੜ੍ਹ-ਜ਼ੀਰਕਪੁਰ ਬਾਰਡਰ 'ਤੇ ਸੋਮਵਾਰ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਇਕ ਪੀ.ਆਰ.ਟੀ.ਸੀ ਬੱਸ ਦੇ ਡਰਾਈਵਰ ਅਤੇ ਕੰਡਕਟਰ 'ਤੇ ਟੈਕਸੀ ਚਾਲਕ ਨਾਲ ਕੁੱਟਮਾਰ ਅਤੇ ਉਸ ਵਿਚ ਸਵਾਰ ਮਹਿਲਾਵਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ। ਘਟਨਾ ਤੋਂ ਬਾਅਦ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਸਥਾਨਕ ਲੋਕਾਂ ਵਿਚ ਰੋਸ ਦੇਖਣ ਨੂੰ ਮਿਲਿਆ।
ਮਿਲੀ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ ਬੱਸ ਨੰਬਰ PB65 AD 1202 ਦੇ ਡਰਾਈਵਰ ਨੇ ਕਥਿਤ ਤੌਰ 'ਤੇ ਟੈਕਸੀ ਨੰਬਰ PB01B1424 ਦੇ ਅੱਗੇ ਬੱਸ ਲਗਾ ਕੇ ਉਸ ਨੂੰ ਰੋਕ ਲਿਆ। ਦੋਸ਼ ਹੈ ਕਿ ਇਸ ਤੋਂ ਬਾਅਦ ਬੱਸ ਡਰਾਈਵਰ ਅਤੇ ਕੰਡਕਟਰ ਦੀ ਟੈਕਸੀ ਚਾਲਕ ਨਾਲ ਤਕਰਾਰ ਸ਼ੁਰੂ ਹੋ ਗਈ, ਜੋ ਕੁਝ ਹੀ ਸਮੇਂ ਵਿਚ ਵੱਡੇ ਵਿਵਾਦ ਵਿਚ ਬਦਲ ਗਈ।
ਪ੍ਰਤੱਖਦਰਸ਼ੀਆਂ ਦੇ ਮੁਤਾਬਕ ਵਿਵਾਦ ਦੌਰਾਨ ਦੋਵੇਂ ਪੱਖਾਂ ਵਿਚਕਾਰ ਤਿੱਖੀ ਬਹਿਸ ਅਤੇ ਗਾਲੀ-ਗਲੌਚ ਹੋਈ। ਦੋਸ਼ ਹਨ ਕਿ ਮਾਮਲਾ ਇੰਨਾ ਵੱਧ ਗਿਆ ਕਿ ਟੈਕਸੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਅਤੇ ਟੈਕਸੀ ਚਾਲਕ ਨਾਲ ਹੱਥਾਪਾਈ ਵੀ ਕੀਤੀ ਗਈ। ਉੱਥੇ ਹੀ ਟੈਕਸੀ ਵਿੱਚ ਮੌਜੂਦ ਮਹਿਲਾਵਾਂ ਨੇ ਧੱਕਾ-ਮੁੱਕੀ ਅਤੇ ਬਦਸਲੂਕੀ ਕਰਨ ਦੀ ਸ਼ਿਕਾਇਤ ਵੀ ਕੀਤੀ ਹੈ।
ਘਟਨਾ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੀ ਵੀ ਚਰਚਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੂਰੀ ਘਟਨਾ ਦੀ ਰਿਕਾਰਡਿੰਗ ਮੌਜੂਦ ਹੈ, ਹਾਲਾਂਕਿ ਵੀਡੀਓ ਦੀ ਸੁਤੰਤਰ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ। ਘਟਨਾ ਤੋਂ ਬਾਅਦ ਆਲੇ-ਦੁਆਲੇ ਮੌਜੂਦ ਲੋਕਾਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਦੋਸ਼ ਸਹੀ ਹਨ ਤਾਂ ਜਨਤਕ ਆਵਾਜਾਈ ਕਰਮਚਾਰੀਆਂ ਵਲੋਂ ਇਸ ਤਰ੍ਹਾਂ ਦਾ ਵਰਤਾਅ ਬਹੁਤ ਗੰਭੀਰ ਮਾਮਲਾ ਹੈ। ਲੋਕਾਂ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਜਾਂ ਸੰਬੰਧਿਤ ਵਿਭਾਗ ਵਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।
;
;
;
;
;
;
;