ਮੇਲੇ 'ਚ ਵੱਡਾ ਹਾਦਸਾ ਟਲਿਆ, ਹਵਾ 'ਚ ਰੁਕਿਆ ਝੂਲਾ
ਕਪੂਰਥਲਾ, 25 ਮਈ (ਦਵਿੰਦਰ)- ਕਪੂਰਥਲਾ ਦੇ ਬੇਗੋਵਾਲ ਇਲਾਕੇ 'ਚ ਚੱਲ ਰਹੇ ਮੇਲੇ 'ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਮੇਲੇ 'ਚ ਲਗਾਇਆ ਗਿਆ ਇਕ ਵੱਡਾ ਝੂਲਾ ਅਚਾਨਕ ਹਵਾ 'ਚ ਰੁਕ ਗਿਆ। ਝੂਲੇ 'ਚ ਬੈਠੇ ਕਈ ਲੋਕਾਂ ਦੀ ਜਾਨ ਖਤਰੇ 'ਚ ਪੈ ਗਈ ਅਤੇ ਮੌਕੇ 'ਤੇ ਹਫੜਾ-ਦਫੜੀ ਮੱਚ ਗਈ।
ਜਾਣਕਾਰੀ ਅਨੁਸਾਰ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਾਲਾਨਾ ਬਰਸੀ ਨੂੰ ਸਮਰਪਿਤ 1, 2 ਅਤੇ 3 ਜੂਨ ਨੂੰ ਬੇਗੋਵਾਲ ਵਿਖੇ ਮੇਲਾ ਲਗਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਵਿਚ ਬੱਚਿਆਂ ਅਤੇ ਨੌਜਵਾਨਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਝੂਲੇ ਲਗਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਚੱਲ ਰਿਹਾ ਵੱਡਾ ਕੈਰੋਸਲ ਸਵਿੰਗ ਤਕਨੀਕੀ ਖ਼ਰਾਬੀ ਕਾਰਨ ਅਚਾਨਕ ਹਵਾ 'ਚ ਬੰਦ ਹੋ ਗਿਆ। ਝੂਲੇ 'ਚ ਫਸੇ ਲੋਕ ਕਾਫੀ ਦੇਰ ਤੱਕ ਦਹਿਸ਼ਤ 'ਚ ਰਹੇ। ਘਟਨਾ ਤੋਂ ਬਾਅਦ ਮੇਲੇ 'ਚ ਮੌਜੂਦ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਝੂਲੇ ਦੇ ਸੰਚਾਲਕਾਂ ਨੇ ਤਕਨੀਕੀ ਨੁਕਸ ਨੂੰ ਠੀਕ ਕੀਤਾ ਅਤੇ ਝੂਲੇ ਵਿੱਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਤੋਂ ਬਾਅਦ ਮੇਲੇ 'ਚ ਆਏ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਲੇ ਵਿੱਚ ਲਗਾਏ ਗਏ ਸਾਰੇ ਝੂਲਿਆਂ ਅਤੇ ਹੋਰ ਸਾਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
;
;
;
;
;
;
;