ਘੱਗਰ ਨਦੀ 'ਚ ਰਾਤ ਵੇਲੇ ਚੱਲ ਰਹੀ ਨਜਾਇਜ਼ ਮਾਈਨਿੰਗ, ਪਿੰਡ ਵਾਸੀਆਂ 'ਚ ਰੋਸ
ਡੇਰਾਬੱਸੀ, 25 ਮਈ (ਰਣਬੀਰ ਸਿੰਘ)- ਹਲਕਾ ਡੇਰਾਬੱਸੀ ਦੇ ਅਧੀਨ ਆਉਂਦੇ ਪਿੰਡ ਕਕਰਾਲੀ ਨੇੜੇ ਲੰਘਦੀ ਘੱਗਰ ਨਦੀ ਵਿਚ ਰਾਤ ਦੇ ਹਨੇਰੇ 'ਚ ਸ਼ਰੇਆਮ ਚੱਲ ਰਹੀ ਨਜਾਇਜ਼ ਮਾਈਨਿੰਗ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਥਾਨਕ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਨਵੇਂ ਮਾਈਨਿੰਗ ਅਫ਼ਸਰ ਵਲੋਂ ਅਹੁਦਾ ਸੰਭਾਲਣ ਦੇ ਮਹਿਜ਼ ਇਕ ਦਿਨ ਬਾਅਦ ਹੀ ਇੱਥੇ ਮਾਈਨਿੰਗ ਮਾਫੀਆ ਮੁੜ ਸਰਗਰਮ ਹੋ ਗਿਆ ਹੈ। ਰਾਤ ਵੇਲੇ ਨਦੀ ਵਿਚੋਂ ਰੇਤ ਅਤੇ ਗਟਕਾ (ਪੱਥਰ) ਭਰਨ ਲਈ ਦਰਜਨਾਂ ਟਰਾਲੀਆਂ ਲਾਈਨਾਂ ਵਿਚ ਖੜ੍ਹੀਆਂ ਦਿਖਾਈ ਦਿੰਦੀਆਂ ਹਨ, ਜਿਸ ਕਾਰਨ ਲੋਕਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਮਾਫੀਆ ਵਲੋਂ ਵਣ ਵਿਭਾਗ ਦੀ ਸਰਕਾਰੀ ਜ਼ਮੀਨ ਵਿਚੋਂ ਵੀ ਸ਼ਰੇਆਮ ਪੁਟਾਈ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਗੋਰਖਧੰਦੇ ਵਿਚ ਪਿੰਡ ਦੇ ਹੀ ਕੁਝ ਰਸੂਖ਼ਦਾਰ ਮੋਹਤਬਰਾਂ ਦੀ ਮਿਲੀਭੁਗਤ ਹੋ ਸਕਦੀ ਹੈ। ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
;
;
;
;
;
;
;