ਨਸ਼ਾ ਤਸਕਰਾਂ ਖ਼ਿਲਾਫ਼ ਸੁਲਤਾਨਵਿੰਡ ਪੁਲਿਸ ਦੀ ਵੱਡੀ ਕਾਰਵਾਈ, ਹੈਰੋਇਨ, ਪਿਸਤੌਲ ਅਤੇ ਡਰੱਗ ਮਨੀ ਸਮੇਤ 4 ਕਾਬੂ
ਸੁਲਤਾਨਵਿੰਡ, 25 ਮਈ (ਗੁਰਨਾਮ ਸਿੰਘ ਬੁੱਟਰ)- ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਨਾਕੇਬੰਦੀ ਦੌਰਾਨ ਚਾਰ ਮੁਲਜ਼ਮਾਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ, ਨਾਜਾਇਜ਼ ਅਸਲ੍ਹੇ ਅਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਮਾਮਲੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. (ਸਿਟੀ-1) ਵਿਸ਼ਾਲਜੀਤ ਸਿੰਘ, ਏ.ਸੀ.ਪੀ. ਪ੍ਰੀਤਇੰਦਰ ਸਿੰਘ ਅਤੇ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ. ਗੁਰਿੰਦਰਜੀਤ ਸਿੰਘ, ਏ.ਐੱਸ.ਆਈ. ਸੁਰਜੀਤ ਸਿੰਘ ਅਤੇ ਹੌਲਦਾਰ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਨੇੜੇ 'ਸੱਪਾ ਵਾਲਾ ਡੇਰਾ' ਵਿਖੇ ਸ਼ੱਕੀ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕੁਝ ਹਥਿਆਰਬੰਦ ਵਿਅਕਤੀ ਇਲਾਕੇ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਘੁੰਮ ਰਹੇ ਹਨ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਕਤ ਨੌਜਵਾਨਾਂ ਨੂੰ ਘੇਰ ਕੇ ਕਾਬੂ ਕਰ ਲਿਆ।
ਮੁਲਜ਼ਮਾਂ ਦੀ ਮੌਕੇ 'ਤੇ ਕੀਤੀ ਗਈ ਤਲਾਸ਼ੀ ਦੌਰਾਨ 1 ਕਿਲੋ 409 ਗ੍ਰਾਮ ਅਤੇ 26 ਮਿਲੀਗ੍ਰਾਮ ਹੈਰੋਇਨ, ਅਮਰੀਕਾ ਦਾ ਬਣਿਆ ਇਕ 30 ਬੋਰ ਨਾਜਾਇਜ਼ ਪਿਸਤੌਲ (ਸਮੇਤ ਮੈਗਜ਼ੀਨ) ਅਤੇ 15,000 ਰੁਪਏ ਨਕਦ ਡਰੱਗ ਮਨੀ ਬਰਾਮਦ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੈਮਲ ਸਿੰਘ ਪੁੱਤਰ ਸੁਖਬੀਰ ਸਿੰਘ (ਵਾਸੀ ਗੁਰੂ ਕੀ ਵਡਾਲੀ, ਅੰਮ੍ਰਿਤਸਰ), ਹਰਦੀਪ ਸਿੰਘ ਪੁੱਤਰ ਵਿਜੇ ਸਿੰਘ (ਵਾਸੀ ਛੇਹਰਟਾ, ਅੰਮ੍ਰਿਤਸਰ), ਦਲਜੀਤ ਸਿੰਘ ਉਰਫ਼ ਸਾਜਨ ਪੁੱਤਰ ਅੰਮ੍ਰਿਤਪਾਲ ਸਿੰਘ (ਵਾਸੀ ਬਾਬਾ ਦੀਪ ਐਵੇਨਿਊ, ਸੰਨ ਸਾਹਿਬ, ਛੇਹਰਟਾ, ਅੰਮ੍ਰਿਤਸਰ), ਹਰਮਿੰਦਰ ਸਿੰਘ ਪੁੱਤਰ ਰਣਜੀਤ ਸਿੰਘ (ਵਾਸੀ ਸੰਨ ਸਾਹਿਬ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਮੁਲਜ਼ਮਾਂ ਖ਼ਿਲਾਫ਼ ਥਾਣਾ ਸੁਲਤਾਨਵਿੰਡ ਵਿਖੇ ਐੱਨ.ਡੀ.ਪੀ.ਐੱਸ. ਐਕਟ ਅਤੇ ਅਸਲ੍ਹਾ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਨਸ਼ਾ ਤਸਕਰੀ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
;
;
;
;
;
;
;