ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਵੱਖ-ਵੱਖ ਟੀਮਾਂ ਕਰ ਰਹੀਆਂ ਕੰਮ - ਸ਼ੇਰ ਸਿੰਘ ਘੁਬਾਇਆ

ਸ੍ਰੀ ਮੁਕਤਸਰ ਸਾਹਿਬ, 1 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਵੱਡਾ ਨੁਕਸਾਨ ਹੋਇਆ ਹੈ। ਉਸ ਦੇ ਲੋਕ ਸਭਾ ਹਲਕੇ ਵਿਚ ਹਰੀਕੇ ਤੋਂ ਲੈ ਕੇ ਗੰਗਾਨਗਰ ਤੱਕ 200 ਕਿਲੋਮੀਟਰ ਬਾਰਡਰ ਏਰੀਆ ਪੈਂਦਾ ਹੈ, ਉਹ 15 ਦਿਨਾਂ ਤੋਂ ਇਸ ਖੇਤਰ ਵਿਚ ਲੋਕਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮਦਦ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਹੜ੍ਹਾਂ ਵਿਚ ਘਿਰੇ ਲੋਕਾਂ ਦੀ ਸਾਰ ਲਵੇ। ਉਨ੍ਹਾਂ ਕਿਹਾ ਕਿ ਫਸਲਾਂ ਡੁੱਬ ਗਈਆਂ ਹਨ ਅਤੇ ਘਰ ਢਹਿ ਗਏ ਹਨ। ਬੀਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਫਾਜ਼ਿਲਕਾ ਇਲਾਕੇ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਜਾ ਰਿਹਾ ਹੈ ਅਤੇ ਮੈਂ ਸਾਰੇ ਲੋਕ ਸਭਾ ਹਲਕੇ ਵਿਚ ਲੋਕਾਂ ਨੂੰ ਮਿਲ ਕੇ ਵੱਖ-ਵੱਖ ਟੀਮਾਂ ਬਣਾ ਕੇ ਮਦਦ ਕਰ ਰਿਹਾ ਹਾਂ।