ਸੜਕ 'ਤੇ ਟੋਏ ਨਾਲ 5 ਆਟੋ ਰਿਕਸ਼ਾ ਪਲਟੇ, ਕਈ ਜ਼ਖਮੀ

ਮਲੇਰਕੋਟਲਾ, 1 ਸਤੰਬਰ (ਮੁਹੰਮਦ ਹਨੀਫ ਥਿੰਦ)-ਰੇਲਵੇ ਲਾਈਨ ਉਪਰੋਂ ਦੀ ਬਣੇ ਹੋਏ ਰਾਏਕੋਟ ਪੁਲ ਮਲੇਰਕੋਟਲਾ ਤੋਂ ਲੈ ਕੇ ਕੈਂਚੀਆਂ ਤੱਕ ਬਣੀ ਸੜਕ ਜੋ ਕਿ ਸੈਂਕੜਿਆਂ ਹੀ ਪਿੰਡਾਂ ਅਤੇ ਕਈ ਸ਼ਹਿਰਾਂ ਦੀ ਆਵਾਜਾਈ ਨੂੰ ਪਿੰਡਾਂ ਅਤੇ ਸ਼ਹਿਰਾਂ ਨਾਲ ਜੋੜਦੀ ਹੈ। ਰਾਏਕੋਟ ਸੜਕ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਇਥੋਂ ਦੀ ਗੁਜ਼ਰਨ ਵਾਲੀ ਆਵਾਜਾਈ ਨੂੰ ਵੱਡੀਆਂ-ਵੱਡੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਲੇਰਕੋਟਲੇ ਦਾ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸੇ ਕਰਕੇ ਅੱਜ 5 ਈ-ਰਿਕਸ਼ੇ ਡੂੰਘੇ ਟੋਇਆਂ ਵਿਚ ਡਿੱਗ ਕੇ ਪਲਟ ਗਏ, ਜਿਸ ਨਾਲ ਸਵਾਰੀਆਂ ਵੀ ਵਾਲ-ਵਾਲ ਬਚ ਗਈਆਂ। ਕਈ ਆਟੋ ਚਾਲਕਾਂ ਦੇ ਤਾਂ ਮਾਮੂਲੀ ਸੱਟਾਂ ਵੀ ਲੱਗੀਆਂ। ਇਕ ਆਟੋ ਚਾਲਕ ਆਪਣੇ ਆਟੋ ਵਿਚ ਟਾਈਲਾਂ ਅਤੇ ਹੋਰ ਸਮੱਗਰੀ ਛੱਡਣ ਜਾ ਰਿਹਾ ਸੀ ਤਾਂ ਉਸਦਾ ਆਟੋ ਪਲਟ ਗਿਆ। ਆਟੋ ਪਲਟਣ ਕਾਰਨ ਉਸ ਵਿਚ ਲੱਦੀਆਂ ਗਈਆਂ ਟਾਈਲਾਂ ਅਤੇ ਸਾਰੀ ਸਮੱਗਰੀ ਪਾਣੀ ਵਿਚ ਡਿੱਗ ਗਈ। ਉਥੇ ਮੌਕੇ ਉਤੇ ਮੌਜੂਦ ਲੋਕਾਂ ਨੇ ਆਟੋ ਰਿਕਸ਼ਾ ਵਾਲੇ ਦੀ ਮਦਦ ਕੀਤੀ ਅਤੇ ਉਸ ਦੀਆਂ ਟਾਈਲਾਂ ਅਤੇ ਹੋਰ ਸਮੱਗਰੀ ਨੂੰ ਬਾਹਰ ਕਢਵਾਇਆ। ਤੇਜ਼ ਮੀਹ ਪੈਣ ਕਾਰਨ ਅਤੇ ਸੜਕ ਉੱਪਰ ਪਏ ਹੋਏ ਡੂੰਘੇ-ਡੂੰਘੇ ਟੋਏ ਨਜ਼ਰ ਨਹੀਂ ਆਉਂਦੇ। ਇਸ ਲਈ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਅਗਾਂਹ ਤੋਂ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ।