ਮੀਂਹ ਨਾਲ ਡਿੱਗੀ ਬੁਟੀਕ ਦੀ ਛੱਤ, ਜਾਨੀ ਨੁਕਸਾਨ ਤੋਂ ਹੋਇਆ ਬਚਾਅ

ਭੁਲੱਥ (ਕਪੂਰਥਲਾ), 1 ਸਤੰਬਰ (ਮਨਜੀਤ ਸਿੰਘ ਰਤਨ)-ਸਬ-ਡਵੀਜ਼ਨਲ ਕਸਬਾ ਭੁਲੱਥ ਦੇ ਮੇਨ ਬਾਜ਼ਾਰ ਵਿਚ ਲਗਾਤਾਰ ਮੀਂਹ ਪੈਣ ਨਾਲ ਇਕ ਬੁਟੀਕ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੀ ਮਾਲਕਣ ਨੇ ਦੱਸਿਆ ਕਿ ਉਨ੍ਹਾਂ ਦੀ ਮੇਨ ਬਾਜ਼ਾਰ ਵਿਚ ਬੁਟੀਕ ਦੀ ਇਕ ਦੁਕਾਨ ਹੈ ਅਤੇ ਉਨ੍ਹਾਂ ਦੀ ਦੁਕਾਨ 'ਤੇ ਉਨ੍ਹਾਂ ਨਾਲ ਕੁਝ ਲੜਕੀਆਂ ਕੰਮ ਕਰਦੀਆਂ ਹਨ। ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਕੇ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਚਲੀਆਂ ਗਈਆਂ। ਕਰੀਬ 15 ਮਿੰਟਾਂ ਬਾਅਦ ਹੀ ਉਨ੍ਹਾਂ ਨੂੰ ਦੁਕਾਨ ਨਾਲ ਵਾਲੇ ਦੁਕਾਨਦਾਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਅੰਦਰੋਂ ਬਹੁਤ ਜ਼ੋਰ ਦੀ ਆਵਾਜ਼ ਆਈ ਹੈ। ਉਹ ਉਸੇ ਵੇਲੇ ਹੀ ਵਾਪਸ ਆਪਣੇ ਦੁਕਾਨ ਉਤੇ ਆ ਗਈਆਂ ਅਤੇ ਜਦੋਂ ਉਨ੍ਹਾਂ ਨੇ ਆਪਣੀ ਦੁਕਾਨ ਦਾ ਸ਼ਾਟਰ ਖੋਲ੍ਹ ਕੇ ਦੇਖਿਆ ਤਾਂ ਦੁਕਾਨ ਦੀ ਛੱਤ ਡਿੱਗੀ ਹੋਈ ਸੀ। ਉਨ੍ਹਾਂ ਕਿਹਾ ਕਿ ਦੁਕਾਨ ਦੀ ਛੱਤ ਡਿੱਗਣ ਨਾਲ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਲਬੇ ਦੇ ਥੱਲੇ ਉਨ੍ਹਾਂ ਦੀ ਦੁਕਾਨ ਦਾ ਕਾਫੀ ਸਾਮਾਨ ਆ ਗਿਆ, ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ।