ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ 9 ਲੱਖ ਦੀ ਮਾਰੀ ਠੱਗੀ

ਭਵਾਨੀਗੜ੍ਹ, (ਸੰਗਰੂਰ), 1 ਸਤੰਬਰ (ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਦੀ ਇਕ ਲੜਕੀ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਵਲੋਂ 9 ਲੱਖ ਰੁਪਏ ਦੀ ਠੱਗੀ ਮਾਰਨ ਉਤੇ ਪੁਲਿਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ। ਇਸ ਸਬੰਧੀ ਸਥਾਨਕ ਸ਼ਹਿਰ ਦੇ ਵਾਸੀ ਬੁੱਧ ਸਿੰਘ ਪੁੱਤਰ ਪ੍ਰੀਤਮ ਸਿੰਘ ਵਲੋਂ ਜ਼ਿਲ੍ਹਾ ਮੁਖੀ ਕੋਲ ਕੀਤੀ ਗਈ। ਸ਼ਿਕਾਇਤ ’ਚ ਲਿਖ਼ਾਏ ਗਏ ਬਿਆਨਾਂ ਅਨੁਸਾਰ ਕਿ ਉਸ ਨੇ ਆਪਣੀ ਲੜਕੀ ਪਰਮਜੀਤ ਕੌਰ ਨੂੰ ਆਸਟ੍ਰੇਲੀਆ ਭੇਜਣ ਦੀ ਇੱਛਾ ਨਾਲ ਆਪਣੇ ਲੜਕੇ ਗੁਰਪਾਲ ਸਿੰਘ ਰਾਹੀਂ ਇਕ ਲੜਕੀ ਨਾਲ ਸੰਪਰਕ ਕੀਤਾ ਸੀ, ਜਿਸ ਨਾਲ ਉਸ ਦੇ ਲੜਕੇ ਦੀ ਪਹਿਲਾ ਤੋਂ ਹੀ ਜਾਣ-ਪਛਾਣ ਸੀ। ਉਸ ਲੜਕੀ ਨਾਲ ਗੱਲਬਾਤ ਹੋਣ ਤੋਂ ਬਾਅਦ ਉਸ ਨੇ ਅਪ੍ਰੈਲ 2023 ਵਿਚ 2 ਲੱਖ ਰੁਪਏ ਦੱਸੇ ਗਏ ਬੈਂਕ ਖ਼ਾਤੇ ’ਚ ਟਰਾਂਸਫ਼ਰ ਕਰ ਦਿੱਤੇ।
ਇਸ ਤੋਂ ਬਾਅਦ ਉਸ ਲੜਕੀ ਨੇ ਪਰਮਜੀਤ ਕੌਰ ਦੇ ਕਾਗਜ਼ ਪੱਤਰ ਚੰਦਨ ਜਾਸੂਜਾ ਨੂੰ ਭੇਜ ਦਿੱਤੇ ਸੀ, ਜਿਸ ਤੋਂ ਬਾਅਦ ਉਹ ਚੰਦਨ ਜਾਸੂਜਾ ਦੇ ਸੰਪਰਕ ’ਚ ਆਏ ਤੇ ਉਸ ਨੂੰ ਆਪਣੀ ਲੜਕੀ ਨੂੰ ਵਿਦੇਸ਼ (ਆਸਟ੍ਰੇਲੀਆ) ਭੇਜਣ ਲਈ ਅਲੱਗ-ਅਲੱਗ ਸਮੇਂ ’ਤੇ 7 ਲੱਖ ਰੁਪਏ ਦੇ ਦਿੱਤੇ ਸੀ। ਇਸ ਤੋਂ ਬਾਅਦ ਉਸ ਵਲੋਂ ਇਨ੍ਹਾਂ ਨੂੰ ਵਿਦੇਸ਼ ਜਾਣ ਲਈ ਦਿੱਤੇ ਗਏ ਕਾਗਜ਼ ਪੱਤਰ ਉਤੇ ਵੀਜ਼ਾ ਚੈੱਕ ਕਰਵਾਉਣ ’ਤੇ ਜਾਅਲੀ ਨਿਕਲੇ। ਜਦੋਂ ਉਸ ਨੇ ਆਪਣੇ ਦਿੱਤੇ ਹੋਏ ਰੁਪਏ ਵਾਪਸ ਮੰਗੇ ਤਾਂ ਉਸ ਨੇ ਰੁਪਏ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ਦੀ ਸ਼ਿਕਾਇਤ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ। ਇਸ ਸਬੰਧੀ ਥਾਣਾ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਬੁੱਧ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਵਾਨੀਗੜ੍ਹ ਦੀ ਸ਼ਿਕਾਇਤ ’ਤੇ ਚੰਦਨ ਜਾਸੂਜਾ ਪੁੱਤਰ ਅਸ਼ਵਨੀ ਕੁਮਾਰ ਜਾਸੂਜਾ ਵਾਸੀ ਆਜੀਮਗੜ੍ਹ, ਅਬੋਹਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।