ਸਤਲੁਜ ਦਰਿਆ 'ਚ ਪਾਣੀ ਦਾ ਪੱਧਰ 1.25 ਲੱਖ ਕਿਊਸਿਕ ਪੁੱਜਾ

ਮਾਛੀਵਾੜਾ ਸਾਹਿਬ, 1 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸੂਬੇ ਵਿਚ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਦਰਿਆਵਾਂ, ਨਦੀਆਂ ਤੇ ਨਾਲਿਆਂ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਕਈ ਥਾਵਾਂ ’ਤੇ ਪਾੜ ਵੀ ਪੈ ਗਏ ਹਨ। ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਜਿਥੇ 2 ਦਿਨ ਪਹਿਲਾਂ 70 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ, ਉਹ ਹੁਣ ਵਧ ਕੇ 1.25 ਲੱਖ ਕਿਊਸਿਕ ਤੱਕ ਪਹੁੰਚ ਗਿਆ, ਜਿਸ ਨਾਲ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਅੱਜ ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਵਲੋਂ ਵੀ ਪਿੰਡ ਧੁੱਲੇਵਾਲ ਦੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਵਿਚ ਪਾਣੀ ਵਧਣ ਕਾਰਨ ਜੋ ਪਹਿਲਾਂ ਜ਼ਮੀਨ ਨੂੰ ਖੋਰਾ ਲਗਾਉਣ ਲਈ ਬੋਰੀਆਂ ਭਰ ਕੇ ਠੋਕਰਾਂ ਲਗਾਈਆਂ ਸਨ, ਉਹ ਵੀ ਤੇਜ਼ ਵਹਾਅ ਵਿਚ ਵਹਿ ਗਈਆਂ, ਉਪਰੋਂ ਵਧਦਾ ਪਾਣੀ ਜ਼ਮੀਨ ਨੂੰ ਖੋਰਾ ਲਗਾਉਂਦਾ ਹੋਇਆ ਧੁੱਸੀ ਬੰਨ੍ਹ ਵੱਲ ਨੂੰ ਆ ਰਿਹਾ ਹੈ, ਜਿਸ ਕਾਰਨ ਕਿਨਾਰੇ ਬੈਠੇ ਪਿੰਡਾਂ ਦੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿਰਦੇਸ਼ ਹਨ ਕਿ ਹੜ੍ਹਾਂ ਵਰਗੀ ਸਥਿਤੀ ਵਿਚ ਪੀੜਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜੇ ਤੱਕ ਸਥਿਤੀ ਕੰਟਰੋਲ ਵਿਚ ਹੈ ਅਤੇ ਉਹ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਕੋਈ ਅਣਸੁਖਦ ਘਟਨਾ ਨਾ ਵਾਪਰੇ। ਪਰਮਜੀਤ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਹਰਲੇ ਸੂਬਿਆਂ ਦਾ ਹਰ ਮੁਸ਼ਕਿਲ ਘੜੀ ਵਿਚ ਸਾਥ ਦਿੱਤਾ ਪਰ ਅੱਜ ਜਦੋਂ ਪੰਜਾਬ ’ਤੇ ਆਫ਼ਤ ਪਈ ਹੈ ਤਾਂ ਕੋਈ ਵੀ ਸੂਬਾ ਸਾਰ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ’ਤੇ ਪ੍ਰਮਾਤਮਾ ਦੀ ਪੂਰੀ ਕਿਰਪਾ ਹੈ ਜੋ ਮੁਸ਼ਕਿਲ ਘੜੀ ਵਿਚ ਇਕ ਦੂਜੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਮੌਕੇ ’ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਭਾਖੜਾ ਡੈਮ ’ਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਵੱਲ ਵਧ ਰਿਹਾ ਹੈ ਅਤੇ ਜੇਕਰ ਉਥੋਂ ਫਲੱਡ ਗੇਟ ਖੋਲ੍ਹੇ ਗਏ ਤਾਂ ਇਸਦਾ ਪਾਣੀ ਸਿੱਧਾ ਸਤਲੁਜ ਦਰਿਆ ਵਿਚ ਵਧੇਗਾ, ਜਿਸ ਨਾਲ ਧੁੱਸੀ ਬੰਨ੍ਹ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ।