ਗੜ੍ਹਸ਼ੰਕਰ ਖੇਤਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ, ਕਈ ਪਿੰਡਾਂ 'ਚ ਪਾਣੀ ਦਾਖਲ, ਬਿਜਲੀ ਘਰ ਵੀ ਪਾਣੀ ਦੀ ਲਪੇਟ 'ਚ

ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਦੇਰ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਗੜ੍ਹਸ਼ੰਕਰ ਇਲਾਕੇ ਵਿਚ ਵੀ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਇਲਾਕੇ ਦੇ ਕਈ ਪਿੰਡਾਂ ’ਚ ਪਾਣੀ ਆਉਣ ਤੋਂ ਬਾਅਦ ਹਾਲਾਤ ਵਿਗੜੇ ਹੋਏ ਦੇਖਣ ਨੂੰ ਮਿਲ ਰਹੇ ਹਨ। ਮੀਂਹ ਦੇ ਨਾ ਰੁਕਣ ਨਾਲ ਸਥਿਤੀ ਹੋਰ ਵੀ ਗੰਭੀਰ ਬਣਨ ਵੱਲ ਵੱਧ ਰਹੀ ਹੈ। ਪਿੰਡ ਚਾਂਦਪੁਰ ਰੁੜਕੀ ਸਾਈਡ ਤੋਂ ਆਇਆ ਪਾਣੀ ਸੜਕਾਂ ਤੇ ਰਸਤਿਆਂ ਨੂੰ ਤੋੜਦਾ ਹੋਇਆ ਪਿੰਡ ਰੋੜ ਮਜਾਰਾ, ਨੰਗਲਾਂ ਤੋਂ ਹੁੰਦਾ ਹੋਇਆ ਪਿੰਡ ਬੋੜਾਂ ਅਤੇ ਘਾਗੋਂ ਰੋੜਾਂਵਾਲੀ ਵੱਲ ਨੂੰ ਵੱਧ ਰਿਹਾ ਹੈ। ਇਸ ਪਾਣੀ ਦੀ ਮਾਰ ਪਿੰਡਾਂ ਤੋਂ ਹੁੰਦੀ ਹੋਈ ਗੜ੍ਹਸ਼ੰਕਰ ਸ਼ਹਿਰ ਨੂੰ ਪਵੇਗੀ।
ਪਿੰਡ ਡੁੱਗਰੀ, ਭੰਮੀਆਂ ਸਾਈਡ ਤੋਂ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਬਿਜਲੀ ਘਰ ਵੀ ਪਾਣੀ ਦੀ ਲਪੇਟ ਵਿਚ ਆ ਚੁੱਕਾ ਹੈ। ਇਥੇ ਸ੍ਰੀ ਅਨੰਦਪੁਰ ਰੋਡ ’ਤੇ ਪਾਣੀ ਆਉਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਪਈ ਹੈ। ਖਾਲਸਾ ਕਾਲਜ ਅਤੇ ਅੰਬੇਡਕਰ ਨਗਰ ’ਤੇ ਵੀ ਪਾਣੀ ਦਾ ਖਤਰਾ ਮੰਡਰਾ ਰਿਹਾ ਹੈ। ਇਲਾਕੇ ਦੇ ਪਿੰਡਾਂ ਰਾਮਪੁਰ ਬਿਲੜੋਂ ਅਤੇ ਖਾਨਪੁਰ ਵਿਖੇ ਵੀ ਕੰਡੀ ਨਹਿਰ ਸਾਈਡ ਤੋਂ ਪਾਣੀ ਆਉਣ ਕਾਰਨ ਕਈ ਘਰ ਪ੍ਰਭਾਵਿਤ ਹੋਏ ਹਨ ਤੇ ਇਥੇ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ।