ਮਹਾਕੁੰਭ 'ਚ 20 ਹਜ਼ਾਰ ਤੋਂ ਵੱਧ ਪਲਾਸਟਿਕ ਦੀਆਂ ਬੋਤਲਾਂ ਕੀਤੀਆਂ ਇਕੱਠੀਆਂ

ਮਹਾਕੁੰਭ ਨਗਰ (ਪ੍ਰਯਾਗਰਾਜ), 14 ਫਰਵਰੀ-ਮਹਾਕੁੰਭ ਦੇ ਆਯੋਜਨ ਵਿਚ ਵਾਤਾਵਰਣ ਸੁਰੱਖਿਆ ਅਤੇ ਸਫਾਈ ਸੰਬੰਧੀ ਕਈ ਵਿਲੱਖਣ ਪ੍ਰਯੋਗ ਕੀਤੇ ਗਏ ਹਨ। ਇਸ ਕ੍ਰਮ ਵਿਚ ਜਲ ਕਲਸ਼ ਪਹਿਲ ਮਹਾਕੁੰਭ ਵਿਚ ਖਿੱਚ ਦਾ ਕੇਂਦਰ ਬਣ ਗਿਆ ਹੈ, ਜੋ ਕਿ ਅਰੈਲ ਘਾਟ ਸੈਕਟਰ 24 ਨਿਸ਼ਾਦ ਰਾਜ ਮਾਰਗ 'ਤੇ ਸਥਾਪਤ ਕੀਤਾ ਗਿਆ ਹੈ। ਕੁੰਭ ਖੇਤਰ ਵਿਚ ਵਰਤੀਆਂ ਜਾਣ ਵਾਲੀਆਂ ਪਾਣੀ ਦੀਆਂ ਬੋਤਲਾਂ ਜਲ ਕਲਸ਼ ਵਿਚ ਇਕੱਠੀਆਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਬੋਤਲਾਂ ਨੂੰ ਰੀਸਾਈਕਲ ਕਰਕੇ ਦੁਬਾਰਾ ਵਰਤਿਆ ਜਾਵੇਗਾ ਤਾਂ ਜੋ ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਦਾ ਕੁਦਰਤ 'ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਮੁਹਿੰਮ ਦੌਰਾਨ 20,000 ਤੋਂ ਵੱਧ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਕੀਤੀਆਂ ਗਈਆਂ ਹਨ। ਮੁਹਿੰਮ ਜਲ ਕਲਸ਼ ਨਮਾਮਿ ਗੰਗੇ ਮਿਸ਼ਨ ਦੇ ਸਾਬਕਾ ਡਾਇਰੈਕਟਰ ਜਨਰਲ ਜੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਸੰਗਠਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ। ਜਲ ਕਲਸ਼ ਪਹਿਲਕਦਮੀ ਇਕ 20 ਦਿਨਾਂ ਮੁਹਿੰਮ ਹੈ ਜੋ ਡਿਵੈਲਪਮੈਂਟ ਅਲਟਰਨੇਟਿਵਜ਼ ਦੁਆਰਾ ਐਚ.ਸੀ.ਐਲ. ਫਾਊਂਡੇਸ਼ਨ ਦੇ ਸਹਿਯੋਗ ਨਾਲ 1 ਫਰਵਰੀ ਤੋਂ 20 ਫਰਵਰੀ, 2025 ਤੱਕ ਆਯੋਜਿਤ ਕੀਤੀ ਗਈ ਹੈ। ਸਥਾਨਕ ਪੱਧਰ 'ਤੇ, ਆਦਰਸ਼ ਸੇਵਾ ਸੰਮਤੀ ਅਤੇ ਮੰਗਲ ਭੂਮੀ ਫਾਊਂਡੇਸ਼ਨ ਇਸ ਪਹਿਲਕਦਮੀ ਦਾ ਸਮਰਥਨ ਕਰ ਰਹੇ ਹਨ।