JALANDHAR WEATHER

16-02-2025

 
ਅਸੀਂ ਅੱਤਵਾਦੀ ਨਹੀਂ
ਲੇਖਕ : ਕ੍ਰਿਸ਼ਨ ਪ੍ਰਤਾਪ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 168
ਸੰਪਰਕ : 94176-42785

ਕ੍ਰਿਸ਼ਨ ਪ੍ਰਤਾਪ ਦਾ ਲਿਖਿਆ ਹੋਇਆ ਇਹ ਨਾਵਲ ਪੰਜਾਬ ਵਿਚ ਪੈਦਾ ਹੋਏ ਅੱਤਵਾਦ ਦਾ ਪੁਨਰ-ਚਿਤਵਨ ਕਰਦਾ ਹੈ। ਇਸ ਨਾਵਲ ਵਿਚ ਇਕ ਕਿਸਾਨੀ ਪਰਿਵਾਰ ਦੀ ਕਹਾਣੀ ਬਿਆਨ ਕੀਤੀ ਗਈ ਹੈ, ਜਿਸ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਪਰਿਵਾਰ ਵਿਚ ਇਕ ਦਾਦੇ ਦੇ ਦੋ ਪੁੱਤਰ ਅਤੇ ਦੋ ਪੋਤੇ ਦੱਸੇ ਗਏ ਹਨ। ਦੋਵਾਂ ਪੋਤਿਆਂ ਵਿਚੋਂ ਇਕ ਪੜ੍ਹਾਈ-ਲਿਖਾਈ ਵਿਚ ਹੁਸ਼ਿਆਰ ਹੈ ਅਤੇ ਬੀ.ਐੱਸ-ਸੀ ਤੱਕ ਦੀ ਪੜ੍ਹਾਈ ਕਰ ਗਿਆ ਹੈ। ਦੂਜਾ ਪੋਤਾ ਪੜ੍ਹਨ-ਲਿਖਣ ਦੀ ਬਜਾਏ ਛੋਟਾ-ਮੋਟਾ ਬਦਮਾਸ਼ ਬਣ ਗਿਆ ਹੈ। ਇਹ ਦੋਵੇਂ ਚਾਚੇ-ਤਾਏ ਦੇ ਪੁੱਤਰ ਹਨ ਪਰ ਇਨ੍ਹਾਂ ਦੇ ਸੁਭਾਅ ਬਿਲਕੁਲ ਉਲਟ ਹਨ।
ਨਾਵਲਕਾਰ ਦੱਸਦਾ ਹੈ ਕਿ ਅੱਤਵਾਦੀ ਬਣਦੇ ਨਹੀਂ, ਬਲਕਿ ਹਾਲਾਤ ਵਿਚੋਂ ਉਪਜਦੇ ਹਨ। ਅੱਤਵਾਦ ਦੇ ਦਿਨਾਂ ਵਿਚ ਇਕ ਭਰਾ 'ਤੂਫ਼ਾਨ ਸਿੰਘ' ਅੱਤਵਾਦੀ ਸਫ਼ਾਂ ਵਿਚ ਰਲ ਕੇ ਲੁੱਟਾਂ-ਖੋਹਾਂ ਕਰਨ ਲੱਗ ਜਾਂਦਾ ਹੈ, ਜਦੋਂ ਕਿ ਦੂਜਾ ਭਰਾ ਅੱਤਵਾਦੀ ਸਾਹਿਤ ਪੜ੍ਹਨ ਕਾਰਨ ਇਸ ਪਾਸੇ ਜਾਣਾ ਚਾਹੁੰਦਾ ਹੈ ਪਰ ਉਸ ਦੀ ਮਾਂ ਉਸ ਨੂੰ ਬਚਾਈ ਰੱਖਦੀ ਹੈ। ਅੱਤਵਾਦੀ ਬਣਿਆ ਭਰਾ ਤੂਫ਼ਾਨ ਸਿੰਘ ਆਪਣੀ ਸਹੂਲਤ ਲਈ 'ਪੁਲਸ ਕੈਟ' ਬਣ ਜਾਂਦਾ ਹੈ। ਉਹ ਬਹੁਤ ਸਾਰੇ ਅੱਤਵਾਦੀਆਂ ਦੀ ਮੁਖ਼ਬਰੀ ਕਰ ਕੇ ਉਨ੍ਹਾਂ ਨੂੰ ਮਰਵਾ ਦਿੰਦਾ ਹੈ। ਸਿਸਟਮ ਉਸ ਨੂੰ ਕੈਨੇਡਾ ਭੇਜ ਦਿੰਦਾ ਹੈ। ਦੂਜਾ ਪੜ੍ਹਿਆ-ਲਿਖਿਆ ਭਰਾ ਸਿਸਟਮ ਦੇ ਵਿਰੋਧ ਵਿਚ ਬੋਲਦਾ ਰਹਿੰਦਾ ਹੈ। ਪੁਲਿਸ ਉਸ ਨੂੰ ਫੜ ਕੇ ਲੈ ਜਾਂਦੀ ਹੈ ਅਤੇ ਕਈ ਦਿਨ ਕੁੱਟ-ਮਾਰ ਕਰਨ ਪਿੱਛੋਂ ਸਰਪੰਚ ਦੇ ਕਿਹਾਂ ਰਿਹਾਅ ਤਾਂ ਕਰ ਦਿੰਦੀ ਹੈ ਪਰ (ਪੜ੍ਹੇ-ਲਿਖੇ) ਮੁੰਡੇ ਦੇ ਪਿੱਛੇ ਪੁਲਿਸ ਹੱਥ ਧੋ ਕੇ ਪੈ ਜਾਂਦੀ ਹੈ। ਉਸ ਨੂੰ ਬਚਾਉਣ ਲਈ ਮਾਪੇ ਆਪਣੀ ਸਾਰੀ ਜ਼ਮੀਨ ਦਾਅ 'ਤੇ ਲਾ ਕੇ ਬਾਹਰ ਭੇਜ ਦਿੰਦੇ ਹਨ। ਕੈਨੇਡਾ ਵਿਚ ਦੋਵੇਂ ਭਰਾ ਫਿਰ ਇਕੱਠੇ ਹੋ ਜਾਂਦੇ ਹਨ ਅਤੇ ਸਿਸਟਮ ਨੂੰ ਬੇਨਕਾਬ ਕਰਨ ਦੀ ਯੋਜਨਾ ਬਣਾਉਂਦੇ ਹਨ।
ਇਸ ਨਾਵਲ ਦਾ ਸੰਦੇਸ਼ ਹੈ ਕਿ ਗੁੰਡੇ, ਅੱਤਵਾਦੀ ਜਾਂ ਗੈਂਗਸਟਰ 'ਮੌਕਾਪ੍ਰਸਤ ਬੰਦੇ' ਹੁੰਦੇ ਹਨ। ਸਿਸਟਮ ਅਤੇ ਸਰਕਾਰਾਂ ਨੂੰ ਇਹ ਸੂਤ ਬੈਠਦੇ ਹਨ, ਕਿਉਂਕਿ ਇਹ ਲੋਕ ਉਨ੍ਹਾਂ ਵਾਸਤੇ ਵੀ ਕਮਾਈ ਕਰਦੇ ਹਨ। ਜੇਲ੍ਹਾਂ ਵਿਚ ਬੈਠੇ-ਬਿਠਾਏ ਵੀ ਇਹ ਲੋਕ ਲੁੱਟ-ਖਸੁੱਟ ਕਰ ਸਕਦੇ ਹਨ। ਪੁਲਿਸ ਅਤੇ ਮੀਡੀਆ ਇਨ੍ਹਾਂ ਦੇ ਪਰਾਕਰਮਾਂ ਦਾ ਪ੍ਰਚਾਰ ਕਰਦੀ ਹੈ, ਤਾਂ ਕਿ ਇਨ੍ਹਾਂ ਦਾ ਕਾਰੋਬਾਰ ਵਧ-ਫੁੱਲ ਸਕੇ। ਦੂਜੇ ਪਾਸੇ ਕਈ ਨੌਜਵਾਨ ਖਾੜਕੂ ਸਾਹਿਤ ਪੜ੍ਹ ਕੇ ਖਾੜਕੂ ਬਣਨ ਦੀ ਇੱਛਾ ਕਰਨ ਲੱਗਦੇ ਹਨ। ਕੋਈ ਵੀ ਲਿਖਤ 'ਨਾਨ-ਪੋਲੀਟੀਕਲ' ਨਹੀਂ ਹੁੰਦੀ। ਇਕੱਲੇ ਪੰਜਾਬ ਵਿਚ ਹੀ ਨਹੀਂ ਪੂਰੀ ਦੁਨੀਆ ਵਿਚ ਰਾਜਨੀਤਕ-ਢਾਂਚਾ ਭ੍ਰਿਸ਼ਟ ਹੋ ਚੁੱਕਾ ਹੈ। ਸਿੱਧੇ-ਸਾਦੇ ਬੰਦੇ ਦੀ ਆਹੂਤੀ ਦੇ ਕੇ ਸਿਸਟਮ ਫਲਦਾ-ਫੁੱਲਦਾ ਰਹਿੰਦਾ ਹੈ। ਇਹ ਇਕ ਦਿਲਚਸਪ ਨਾਵਲ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

 

 

222? 'ਚ ਘਿਰਿਆ ਦੇਸ਼ ਲੱਭੋ
ਲੇਖਕ : ਜੰਗੀਰ ਸਿੰਘ ਦਿਲਬਰ
ਪ੍ਰਕਾਸ਼ਕ : ਫਰਵਾਹੀ ਪ੍ਰਿੰਟਿੰਗ ਪ੍ਰੈੱਸ ਬਰਨਾਲਾ
ਮੁੱਲ : 200 ਰੁਪਏ, ਸਫ਼ੇ : 72
ਸੰਪਰਕ : 98770-33838

ਇਹ ਪੁਸਤਕ ਬਿਲਕੁਲ ਨਿਵੇਕਲੀ ਕਿਸਮ ਦੀ ਹੈ, ਜਿਸ ਵਿਚ ਆਪਣੇ ਦੇਸ਼ ਦੀ ਦੁਰਦਸ਼ਾ ਦਾ ਬਿਆਨ ਕੀਤਾ ਗਿਆ ਹੈ। ਲੇਖਕ ਦਾ ਦਰਦਵੰਦ, ਸੰਵੇਦਨਸ਼ੀਲ ਅਤੇ ਵਿਵੇਕਸ਼ੀਲ ਆਪਾ ਸਮੇਂ ਦੀਆਂ ਵਧੀਕੀਆਂ, ਜ਼ੁਲਮਾਂ ਅਤੇ ਦੁਸ਼ਵਾਰੀਆਂ ਨੂੰ ਜਰਨ ਤੋਂ ਅਸਮਰੱਥ ਹੈ। ਇਸ ਪੁਸਤਕ ਵਿਚ ਉਸ ਨੇ 222 ਪ੍ਰਸ਼ਨ ਉਠਾਏ ਹਨ, ਜਿਨ੍ਹਾਂ ਵਿਚ ਗੰਭੀਰਤਾ, ਤਲਖ਼ੀ ਅਤੇ ਫ਼ਿਕਰ ਹੈ। ਉਸ ਨੇ ਇਹ ਪੁਸਤਕ ਸਮਰਪਿਤ ਕੀਤੀ ਹੈ ਦੇਸ਼ ਦੇ ਬਦਨਸੀਬ ਲੋਕਾਂ ਨੂੰ ਜੋ ਅਜਿਹੇ ਹਲਾਤਾਂ ਵਿਚ ਆਪਣੀਆਂ ਨਰਕ ਭਰੀਆਂ ਜ਼ਿੰਦਗੀਆਂ ਨੂੰ ਗੁਜ਼ਾਰਦੇ ਹੋਏ ਅਜਿਹੇ ਖ਼ੁਦਗ਼ਰਜ਼ ਅਤੇ ਪਾਪੀ ਲੋਕਾਂ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਇਸ ਸੰਸਾਰ ਤੋਂ ਵਿਦਾ ਹੋ ਜਾਣਗੇ। ਉਸ ਨੇ ਕਈ ਸਵਾਲ ਉਠਾ ਕੇ ਸਾਡੀ ਚੇਤਨਾ ਨੂੰ ਹਲੂਣਿਆ ਹੈ, ਸਾਡੇ ਚਿੰਤਨ ਨੂੰ ਜਗਾਇਆ ਹੈ। ਉਸ ਦਾ ਲੋਕ ਹਿਤੈਸ਼ੀ ਦਿਲ ਇਸ ਦੇਸ਼ ਤੋਂ ਬਹੁਤ ਨਿਰਾਸ਼ ਹੈ, ਜਿੱਥੇ ਝੂਠ, ਫਰੇਬ, ਨਫ਼ਰਤ, ਜਾਤੀਵਾਦ, ਪਖੰਡ, ਭ੍ਰਿਸ਼ਟਾਚਾਰ ਅਤੇ ਘੁਟਾਲਿਆਂ ਦਾ ਬੋਲਬਾਲਾ ਹੈ। ਉਹ ਲੋਕਾਂ ਨੂੰ ਇਨ੍ਹਾਂ ਰਾਜਨੀਤਕ ਚਾਲਾਂ ਪ੍ਰਤੀ ਜਾਗਰੂਕ ਕਰਨਾ ਚਾਹੁੰਦਾ ਹੈ। ਉਸ ਨੇ ਬੜੀ ਹਿੰਮਤ, ਦਲੇਰੀ ਅਤੇ ਬੇਬਾਕੀ ਨਾਲ ਆਪਣੇ ਦੇਸ਼ ਦੀਆਂ ਕੁਰੀਤੀਆਂ ਨੂੰ ਨੰਗਾ ਕੀਤਾ ਹੈ। ਉਹ ਹਨੇਰਿਆਂ ਵਿਚ ਡੁੱਬੇ ਲੋਕਾਂ ਨੂੰ ਅਹਿਸਾਸ ਦਾ ਚਾਨਣ ਦੇਣਾ ਚਾਹੁੰਦਾ ਹੈ। ਇਸ ਉਪਰਾਲੇ ਲਈ ਉਹ ਵਧਾਈ ਦਾ ਪਾਤਰ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

 


ਉੱਨੀਵੀਂ ਸਦੀ ਦਾ ਮਹਾਨ
ਅਣਗੌਲਿਆ ਇਤਿਹਾਸਕਾਰ
ਭਾਈ ਪੰਜਾਬ ਸਿੰਘ ਬਹਿਲੋਕਾ
ਲੇਖਕ : ਹਰਭਜਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਲੇਖਕ ਖ਼ੁਦ
ਸਫ਼ੇ : 107
ਸੰਪਰਕ : 98146-13178


ਇਸ ਪੁਸਤਕ ਦੇ ਲੇਖਕ ਨੇ ਆਪਣੇ ਪਿੰਡ ਦੇ ਵਸਨੀਕ 19ਵੀਂ ਸਦੀ ਦੇ ਅਣਗੌਲੇ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋ ਕਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦਾ ਸਫ਼ਲ ਉਪਰਾਲਾ ਕੀਤਾ ਹੈ। ਇਹ ਸਾਰੀ ਜਾਣਕਾਰੀ ਇਕ ਬਹੀ ਵਿਚੋਂ ਮਿਲੀ ਦੱਸੀ ਗਈ ਹੈ। ਇਹ ਬਹੀ ਉੱਘੇ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਨਿੱਜੀ ਲਾਇਬ੍ਰੇਰੀ ਵਿਚੋਂ ਮਿਲੀ ਹੈ। ਜੋ ਡਾ. ਗੰਡਾ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੌਂਪ ਦਿੱਤੀ ਗਈ ਸੀ। ਲੇਖਕ ਨੇ ਇਸ ਲਿਖਤ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕੀਤੀ ਹੈ। ਬਹੀ ਵਿਚੋਂ ਮਿਲੀ ਜਾਣਕਾਰੀ ਮੁਤਾਬਿਕ ਭਾਈ ਪੰਜਾਬ ਸਿੰਘ ਬਹਿਲੋ ਕਾ ਨੂੰ ਉਨ੍ਹਾਂ ਦੇ ਦਾਦਾ ਭਾਈ ਸੰਗਤ ਸਿੰਘ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਹੋਈ ਸੀ। ਭਾਈ ਪੰਜਾਬ ਸਿੰਘ ਇਸ ਨੂੰ ਕਾਵਿ-ਰੂਪ ਵਿਚ ਕਲਮਬੰਦ ਕੀਤਾ ਅਤੇ ਬਹੀ ਦਾ ਰੂਪ ਦਿੱਤਾ। ਇਸ ਕਾਵਿ-ਰੂਪ ਰਚਨਾ ਵਿਚ ਭਾਈ ਬਹਿਲੋ ਵੰਸ਼ੀਆਂ ਬਾਰੇ ਪ੍ਰਚਲਿਤ ਝੂਠੀਆਂ ਤੇ ਅਣਕਿਆਸੀਆਂ ਕਥਾ-ਕਹਾਣੀਆਂ ਅਤੇ ਨਿਰਮੂਲ ਦੰਦ ਕਥਾਵਾਂ ਦਾ ਸਪੱਸ਼ਟ ਰੂਪ ਵਿਚ ਖੰਡਨ ਕੀਤਾ ਗਿਆ ਹੈ। ਪੁਸਤਕ ਤੋਂ ਇਹ ਜਾਣਕਾਰੀ ਮਿਲਦੀ ਹੈ, ਭਾਈ ਪੰਜਾਬ ਸਿੰਘ ਇਤਿਹਾਸਕਾਰ ਤੇ ਸਫ਼ਲ ਕਵੀ ਸਨ, ਜਿਨ੍ਹਾਂ ਨੂੰ ਛੰਦ-ਬੰਦੀ ਤੇ ਪਿੰਗਲ ਦੀ ਵੀ ਪੂਰੀ ਸੋਝੀ ਸੀ। ਇਨ੍ਹਾਂ ਦੀਆਂ ਰਚਨਾਵਾਂ ਵਿਚ ਬਾਰਾਮਾਹ ਗੋਪੀ ਚੰਦ ਕਾ, ਬੀਰ ਸਿੰਘ ਦੀਪ ਸਿੰਘ ਦਾ ਬਹਾਦਰੀ ਦਾ ਬਿਰਤਾਂਤ, ਮਾਤਾ ਚਿੰਤਪੁਰਨੀ, ਸੀਹਰਫ਼ੀ, ਬੰਸਾਵਲੀ ਸਿੱਧੂਆਂ ਕੀ, ਚੰਡਾਲਕਰ (ਸ਼ੁਭ-ਅਸ਼ੁੱਭ ਕਰਮਾਂ ਸੰਬੰਧੀ) ਆਦਿ ਵੀ ਸ਼ਾਮਿਲ ਹਨ। ਭਾਈ ਪੰਜਾਬ ਸਿੰਘ ਦੀਆਂ ਰਚਨਾਵਾਂ ਦਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੇ ਅੰਤਿਮ ਕਾਲ ਦਾ ਹੈ। ਇਸ ਕਾਵਿ ਵਿਚ ਬ੍ਰਾਹਮਣਵਾਦੀ ਸੋਚ ਭਾਰੂ ਹੈ। ਇਹ ਇਤਿਹਾਸਕ ਸੱਚ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਸਮੇਂ ਡੋਗਰਿਆਂ ਤੇ ਬ੍ਰਾਹਮਣਾਂ ਨੇ ਸਾਜਿਸ਼ਾਂ ਕਰਕੇ ਸਿੱਖ ਇਤਿਹਾਸ ਤੇ ਖ਼ਾਲਸਾ ਸਰਕਾਰ ਨੂੰ ਕਮਜ਼ੋਰ ਕਰਨ ਵਿਚ ਵੱਡਾ ਯੋਗਦਾਨ ਪਾਇਆ। ਭਾਈ ਪੰਜਾਬ ਸਿੰਘ ਦੀ ਸਮੁੱਚੀ ਲਿਖਤ ਵਿਚੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਉਸ ਨੂੰ ਹਿੰਦੂ ਮਿਥਿਹਾਸ ਅਤੇ ਇਤਿਹਾਸ ਦੀ ਸੰਪੂਰਨ ਜਾਣਕਾਰੀ ਸੀ। ਪੁਸਤਕ ਦੇ ਆਰੰਭ ਵਿਚ ਡਾ. ਹਰਜੀਤ ਸਿੰਘ ਸੱਧਰ ਸਾਬਕਾ ਮੁਖੀ, ਪੰਜਾਬੀ ਵਿਭਾਗ, ਮਾਰਕੰਡਾ ਨੈਸ਼ਨਲ ਕਾਲਜ ਸ਼ਾਹਬਾਦ (ਮਾਰਕੰਡਾ) ਹਰਿਆਣਾ ਵਲੋਂ ਦੋ-ਸ਼ਬਦ (ਭੂਮਿਕਾ) ਵਜੋਂ ਲੇਖਕ ਵਲੋਂ ਕੀਤੀ ਸਖ਼ਤ ਘਾਲਣਾ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਲੇਖਕ ਨੇ ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ 'ਚ ਸ਼ਾਮਿਲ ਕਰਕੇ ਆਪਣੇ ਵਲੋਂ ਕੀਤੀ ਮਿਹਨਤ ਦਾ ਸਪੱਸ਼ਟ ਸਬੂਤ ਵੀ ਪੇਸ਼ ਕੀਤਾ ਗਿਆ ਹੈ। ਸਮੁੱਚੇ ਰੂਪ ਵਿਚ 'ਬਹੀ' ਦੇ ਰੂਪ ਵਿਚ ਮਿਲੇ ਇਨ੍ਹਾਂ ਇਤਿਹਾਸਕ ਤੱਥਾਂ ਨੂੰ ਆਪਣੀ ਖੋਜੀ ਪ੍ਰਵਿਰਤੀ ਵਾਲੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਅੱਜ ਅਜਿਹੀਆਂ ਪੁਸਤਕਾਂ ਦੀ ਲੋੜ ਹੈ, ਜੋ ਅਸਲੀਅਤ ਨੂੰ ਪਾਠਕਾਂ ਦੇ ਸਨਮੁੱਖ ਲਿਆ ਕੇ ਇਤਿਹਾਸਕ ਤੱਥਾਂ ਤੋਂ ਜਾਣੂ ਕਰਵਾ ਕੇ ਨਵੀਂ ਪੀੜ੍ਹੀ ਨੂੰ ਪੁਰਖਿਆਂ ਦੇ ਕਾਰਨਾਮਿਆਂ ਨਾਲ ਜੋੜ ਸਕਣ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

 

ਮੇਰੇ ਸੁਪਨਿਆਂ ਦਾ ਦੇਸ਼ ਕੈਨੇਡਾ
ਸੰਪਾਦਕ : ਮਲਕੀਤ ਸਿੰਘ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 425 ਰੁਪਏ, ਸਫ਼ੇ : 299
ਸੰਪਰਕ : 95011-45039

ਮਲਕੀਤ ਸਿੰਘ ਸਿੱਧੂ ਦੀ ਆਤਮ ਕਥਾ ਮੇਰੇ ਸੁਪਨਿਆਂ ਦਾ ਦੇਸ਼ ਕੈਨੇਡਾ ਵਿਚ ਉਸ ਦੁਆਰਾ ਫ਼ੇਸਬੁੱਕ 'ਤੇ ਸਾਂਝੀਆਂ ਕੀਤੀਆਂ ਪੋਸਟਾਂ ਨੂੰ ਜਰਨੈਲ ਸਿੰਘ ਸੇਖਾ ਦੁਆਰਾ ਸੰਪਾਦਿਤ ਕਰ ਪਾਠਾਂ ਦਾ ਰੂਪ ਦਿੱਤਾ ਗਿਆ ਹੈ। ਇਸ ਪੁਸਤਕ ਵਿਚ ਲਗਭਗ ਛੇ ਦਰਜਨ ਤੋਂ ਵੱਧ ਪਾਠ ਹਨ, ਜਿਨ੍ਹਾਂ ਵਿਚ ਮਲਕੀਤ ਸਿੰਘ ਸਿੱਧੂ ਦੀ ਕੈਨੇਡਾ ਜਾ ਵੱਸਣ ਅਤੇ ਉਥੇ ਸੈੱਟ ਹੋਣ ਲਈ ਕੀਤੇ ਸੰਘਰਸ਼ ਦੀ ਕਹਾਣੀ ਦਰਜ ਹੈ। ਉਸ ਨੇ ਆਪਣੀ ਸਾਰੀ ਕਹਾਣੀ ਬਿਆਨ ਕਰਨ ਦੇ ਨਾਲ ਦੋਵਾਂ ਦੇਸ਼ਾਂ ਦੀ ਤੁਲਨਾ ਕਰ ਵਿਦੇਸ਼ ਨੂੰ ਬਿਹਤਰ ਸਿੱਧ ਕਰਨ ਦਾ ਯਤਨ ਵੀ ਕੀਤਾ ਹੈ। ਉਹ ਗੱਲ ਉੱਥੋਂ ਸ਼ੁਰੂ ਕਰਦਾ ਹੈ ਜਦ ਉਸ ਨੇ ਦਸਵੀਂ ਪਾਸ ਕੀਤੀ, ਕਾਲਜ ਦਾਖ਼ਲ ਹੋਇਆ, ਬੀ.ਐੱਡ. ਤੱਕ ਪੜ੍ਹਾਈ ਕੀਤੀ। ਬੀ.ਐੱਸ.ਐੱਫ਼ 'ਚ ਇੰਸਪੈਕਟਰ ਭਰਤੀ ਹੋਣ ਦੀ ਕੋਸ਼ਿਸ਼ ਨਾਕਾਮ ਰਹਿਣ ਤੋਂ ਬਾਅਦ ਉਸ ਨੇ ਅਸਥਾਈ ਤੌਰ 'ਤੇ ਅਧਿਆਪਕ ਦੀ ਨੌਕਰੀ ਕੀਤੀ ਪਰ ਸੰਤੁਸ਼ਟ ਨਾ ਹੋਣ ਕਾਰਨ ਕੈਨੇਡਾ ਜਾਣ ਦਾ ਇਰਾਦਾ ਬਣਾ ਲਿਆ। ਲੋੜੀਂਦੀ ਰਕਮ ਦਾ ਇੰਤਜ਼ਾਮ ਕਰਕੇ ਉਹ ਕੈਨੇਡਾ ਪਹੁੰਚ ਜਾਂਦਾ ਹੈ ਪਰ ਇਥੋਂ ਹੀ ਉਸ ਦੇ ਸੰਘਰਸ਼ ਦੀ ਅਸਲ ਦਾਸਤਾਨ ਸ਼ੁਰੂ ਹੁੰਦੀ ਹੈ। ਪਹਿਲਾ ਪਾਠ ਤਾਂ ਉਸ ਦੇ ਕੈਨੇਡਾ ਪਹੁੰਚਣ ਦੌਰਾਨ ਕੀ ਤੇ ਸਫ਼ਰ 'ਤੇ ਹੀ ਅਧਾਰਿਤ ਹੈ ਅਤੇ ਅੱਗੇ ਉਸ ਦੁਆਰਾ ਪੀ.ਆਰ. ਲਈ ਅਪਲਾਈ ਕਰਨ ਦੀ ਦਾਸਤਾਨ ਹੈ। 89 ਦਿਨਾਂ ਦੀ ਖੱਜਲ-ਖੁਆਰੀ ਤੋਂ ਬਾਅਦ ਉਸ ਨੂੰ ਓਪਨ ਵਰਕ ਪਰਮਿਟ ਵੀ ਮਿਲਦਾ ਹੈ ਅਤੇ ਫਿਰ ਨੌਕਰੀ ਦੀ ਤਲਾਸ਼ ਕਰਨਾ ਇਕ ਵੱਡਾ ਕੰਮ ਬਣ ਜਾਂਦਾ ਹੈ। ਆਖ਼ਰਕਾਰ ਕੈਨੇਡੀਅਨ ਪੈਸੀਫਿਕ ਰੇਲਵੇ ਵਿਚ ਨੌਕਰੀ ਮਿਲਣ ਤੋਂ ਬਾਅਦ ਉਹ ਘਰ ਦਾ ਇੰਤਜ਼ਾਮ ਕਰਨ ਅਤੇ ਕਾਰ ਖਰੀਦਣ ਦੀ ਸਾਰੀ ਕਹਾਣੀ ਦਰਜ ਕਰਦਾ ਹੈ। ਇਸ ਦੌਰਾਨ ਉਸ ਨੇ ਕਈ ਨੌਕਰੀਆਂ ਬਦਲੀਆਂ ਐਮਕੋ ਕੈਨੇਡਾ ਆਇਲ ਐਂਡ ਗੈਸ ਕੰਪਨੀ ਵਿਚ ਉਸ ਦੀ ਪੰਜਵੀਂ ਨੌਕਰੀ ਸੀ, ਜੋ ਸੌਖੀ ਨਹੀਂ ਸੀ ਅਤੇ ਨੌਕਰੀਆਂ ਬਦਲਦੇ-ਬਦਲਦੇ ਉਸ ਨੂੰ ਮਾਸਟਰ ਦੀ ਨੌਕਰੀ ਮਿਲ ਹੀ ਗਈ, ਜੋ ਕਿ ਉਸ ਦੀ ਅੱਠਵੀਂ ਨੌਕਰੀ ਸੀ। ਮਸ਼ਹੂਰ ਝੀਲ ਦਾ ਸ਼ਹਿਰ ਵਾਲਸਟਨ ਦੇ ਇਕ ਸਕੂਲ ਵਿਚ ਇਹ ਨੌਕਰੀ ਕਰਨ ਤੋਂ ਬਾਅਦ ਲੇਖਕ ਨੇ ਆਪਣੀ ਬਦਲੀ ਟਿੰਬਰ ਬੇਅ ਸਕੂਲ ਵਿਚ ਕਰਵਾ ਲਈ। ਅਗਲੇ ਪਾਠਾਂ ਵਿਚ ਲੇਖਕ ਪੰਜਾਬ ਅਤੇ ਕੈਨੇਡਾ ਵਿਚ ਅਧਿਆਪਕ ਦੀ ਨੌਕਰੀ ਬਾਰੇ ਕਈ ਤੁਲਨਾਤਮਕ ਖ਼ੁਲਾਸੇ ਕਰਦਾ ਹੈ ਫਿਰ ਉਹ ਆਪਣੇ ਵਿਆਹ ਦੀ ਸਾਰੀ ਕਹਾਣੀ ਸੁਣਾਉਂਦਾ ਹੈ ਅਤੇ ਭਾਰਤ ਵਿਚ ਗੁਜ਼ਾਰੇ ਕੁਝ ਦਿਨਾਂ ਦੀ ਗੱਲ ਕਰਦਾ ਹੈ। ਉਥੋਂ ਵਾਪਸ ਕੈਨੇਡਾ ਜਾ ਕੇ ਉਹ ਫਿਰ ਨੌਕਰੀ ਲੱਭਣ ਵੱਲ ਤੁਰਦਾ ਹੈ ਅਤੇ ਹੌਲੀ-ਹੌਲੀ ਸੰਘਰਸ਼ ਕਰਦਾ ਹੋਇਆ ਆਪਣੇ ਮੁਕਾਮ ਤੱਕ ਪੁੱਜਦਾ ਹੈ। ਇਸ ਢੰਗ ਨਾਲ ਇਹ ਸਵੈ-ਜੀਵਨੀ ਲੇਖਕ ਦੀ ਵਿਦੇਸ਼ ਜਾ ਵਸਣ ਦੀ ਸਾਰੀ ਦਾਸਤਾਨ ਬਿਆਨ ਕਰਦੀ ਹੈ। ਭਾਸ਼ਾ ਸਰਲ ਅਤੇ ਲੋੜ ਅਨੁਸਾਰ ਵਿਦੇਸ਼ੀ ਪ੍ਰਭਾਵ ਵਾਲੀ ਹੈ ਅਤੇ ਫ਼ੇਸਬੁੱਕ ਪੋਸਟਾਂ ਹੋਣ ਕਾਰਨ ਸੰਬੋਧਨੀ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ਆਸ ਕੀਤੀ ਜਾਂਦੀ ਹੈ ਕਿ ਪੁਸਤਕ ਸੰਬੰਧਿਤ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗੀ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

 


ਦਿ ਬਲੀਡਿੰਗ ਵਿਮੈਨ
("he 2&eed}n{ Women)
ਲੇਖਿਕਾ : ਸਰਬਜੀਤ ਕੌਰ ਸੋਹਲ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ ਸਫ਼ੇ : 136
ਸੰਪਰਕ : 0172-5027427

ਪਿਛਲੇ ਦੋ ਦਹਾਕਿਆਂ ਤੋਂ ਡਾ. ਸਰਬਜੀਤ ਕੌਰ ਸੋਹਲ ਬਤੌਰ ਸ਼ਾਇਰਾ, ਕਹਾਣੀਕਾਰਾ, ਸੰਪਾਦਕਾ, ਸਮੀਖਿਅਕਾ ਅਤੇ ਅਨੁਵਾਦਿਕਾ ਵਜੋਂ ਬੜੀ ਸਿਦਕਦਿਲੀ ਨਾਲ ਕਾਰਜਸ਼ੀਲ ਹੈ। ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਰਚੇਤਾ ਹੈ। ਅੰਗਰੇਜ਼ੀ ਨਾਂਅ ਵਾਲੀ ਹਥਲੀ ਪੁਸਤਕ 'ਦਿ ਬਲੀਡਿੰਗ ਵਿਮੈਨ' ਵਿਸ਼ੇ ਪੱਖੋਂ ਅਤੇ ਦ੍ਰਿਸ਼ਟੀ ਪੱਖੋਂ ਇਕ ਵੱਖਰੇ ਸੰਵਾਦ ਰਚਾਉਣ ਵਾਲੀ ਹੈ। ਔਰਤ-ਮਰਦ ਦੀ ਕਹਾਣੀ ਦੁੱਖਾਂ-ਸੁੱਖਾਂ ਵਾਲੀ ਆਦਿ ਕਾਲ ਤੋਂ ਚਲੀ ਆ ਰਹੀ ਹੈ। ਸ਼ੁਰੂਆਤ ਵਿਚ ਔਰਤ ਹੀ ਕੁਲ ਵੰਸ਼ੀ ਮੰਨੀ ਜਾਂਦੀ ਸੀ। ਜਦੋਂ ਮਰਦ-ਪ੍ਰਧਾਨ ਸਮਾਜ ਦਾ ਉਥਾਨ ਹੋਇਆ ਫਿਰ ਔਰਤ ਦੀ ਹੋਣੀ ਨੂੰ ਕਲੰਕਿਤ ਹੋਣ ਦੀ ਵਿਡੰਬਨਾ ਦਾ ਪਾਤਰ ਬਣਨਾ ਪਿਆ। ਹੁਣ ਜਦੋਂ ਸੱਭਿਅਕ ਸਮਾਜ ਦੀ ਹੋਂਦ ਔਰਤ-ਮਰਦ ਦੇ ਹੱਕਾਂ ਦੀ ਰਖਵਾਲੀ ਦੀ ਜ਼ਿੰਮੇਵਾਰੀ ਦੀ ਗੱਲ ਕਰਦੀ ਹੈ ਤਾਂ ਡਾ. ਸਰਬਜੀਤ ਕੌਰ ਸੋਹਲ ਨੂੰ ਔਰਤ ਦੀ ਹੋਣੀ ਦੀ ਤ੍ਰਾਸਦੀ ਲਈ ਇਹ ਪੁਸਤਕ ਲਿਖਣੀ ਸੁਭਾਵਿਕ ਸੀ। ਉਸ ਨੇ ਵੱਡਾ ਜੇਰਾ ਕਰਕੇ ਔਰਤ ਦੀ ਪੀੜਾ ਨੂੰ ਬਹੁਤ ਨੇੜੇ ਹੋ ਕੇ ਬਿਰਤਾਂਤ ਦਾ ਵਿਸ਼ਾ ਬਣਾਇਆ। ਜਿਸ ਵੇਦਨਾ ਭਰੀ ਸੰਵੇਦਨਾ ਨਾਲ ਉਸ ਨੇ ਔਰਤ ਦੀ ਪੈਰ-ਪੈਰ 'ਤੇ ਹੋ ਰਹੀ ਬੇਕਿਰਕੀ ਅਤੇ ਜ਼ਹਾਲਤ ਨੂੰ ਪੇਸ਼ ਕੀਤਾ, ਉਹ ਸਮੇਂ ਦਾ ਸੱਚ ਹੀ ਨਹੀਂ, ਸਗੋਂ ਸੱਤਾਧਾਰੀ ਮਾਨਵਜਾਤੀ ਨੂੰ ਸ਼ਰਮਸਾਰ ਕਰਨ ਵਾਲਾ ਹੈ। ਇਸੇ ਕਰਕੇ ਹੈਵਾਨੀਅਤ ਦਾ ਨੰਗਾ ਨਾਚ ਮਨੀਪੁਰ ਕਾਂਡ ਵੇਖ ਕੇ ਹਰ ਔਰਤ ਡਰੀ ਹੋਈ ਹੈ। ਦਿੱਲੀ ਦੀਆਂ ਸੜਕਾਂ 'ਤੇ ਵਾਪਰਦੇ ਜਬਰ-ਜਨਾਹ ਤੇ ਹੱਤਿਆਵਾਂ ਅਤੇ ਹੋਰ ਅਨੇਕ ਵਾਪਰੀਆਂ ਦਰਿੰਦਗੀ ਦੀਆਂ ਘਟਨਾਵਾਂ ਨੂੰ ਲੇਖਿਕਾ ਨੇ ਬੜੀ ਦਲੇਰੀ ਅਤੇ ਜ਼ਿੰਮੇਵਾਰੀ ਨਾਲ ਲੋਕ-ਜਗਤ ਅੱਗੇ ਅੱਖਾਂ ਖੋਲ੍ਹਣ ਲਈ ਹੋਕਾ ਦਿੱਤਾ ਹੈ। ਕਾਮ ਜਾਂ ਸੰਭੋਗ, ਔਰਤ-ਮਰਦ ਦੇ ਲਿੰਗੀ ਸੰਬੰਧਾਂ ਬਾਰੇ ਸ੍ਰੀਮਤੀ ਕੈਲਾਸ਼ਪੁਰੀ, ਡਾ. ਜਸਵੰਤ ਕੌਰ ਗਿੱਲ, ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਕਈ ਲੇਖਕਾਂ ਨੇ ਬੜੀ ਜਾਣਕਾਰੀ ਅਤੇ ਵਿਗਿਆਨਕ ਪੱਖੋਂ ਪੁਸਤਕਾਂ ਲਿਖ ਕੇ ਕਾਮ ਤੇ ਲਿੰਗੀ ਵਰਤਾਰੇ ਨੂੰ ਉਸਾਰੂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਹਥਲੀ ਪੁਸਤਕ 'ਚ ਵੱਖੋ-ਵੱਖ ਮਸਲਿਆਂ ਬਾਰੇ 12 ਲੇਖ ਹਨ ਅਤੇ ਕੁਝ ਕਵਿਤਾਵਾਂ ਰਾਹੀਂ ਵੀ ਆਪਣੀ ਕਾਵਿ-ਸੰਵੇਦਨਾ ਇਜ਼ਹਾਰ ਕੀਤੀ ਹੈ। ਕੁਝ ਝੰਜੋੜਨ ਵਾਲੇ ਲੇਖ ਹਨ : ਔਰਤ ਦੀ ਸੈਕਸ ਲਾਈਫ਼, ਦੇਹ ਨਾਲ ਰਿਸ਼ਤਾ, ਇਉਂ ਕਰ ਹੋਵੇ ਜੀਵਣਾ, ਮੈਂ ਸੁੰਦਰ ਹਾਂ, ਅਰਥਾਂ ਦੀ ਤਲਾਸ਼, ਸ਼ੋਸ਼ਣ ਬਨਾਮ ਦਰਦ ਦੇ ਪਿਰਾਮਿਡ, ਔਰਤਾਂ ਦੀ ਵਿਆਹੁਤਾ ਜ਼ਿੰਦਗੀ, ਇਸ਼ਕ ਕਿਤਾਬ ਦੇ ਨਿਯਮ, ਔਰਤਾਂ ਦੇ ਕਾਰਗਿਲ ਆਦਿ। ਕੁਝ ਕਥਨ ਜ਼ਿਕਰਯੋਗ ਹਨ : ਔਰਤ ਹੋਣਾ ਕੁਦਰਤ ਦੀ ਸਭ ਤੋਂ ਖ਼ੂਬਸੂਰਤ ਘਾੜਤ ਹੈ। ਮੁਹੱਬਤ ਦਾ ਰਿਸ਼ਤਾ ਤੇ ਰੱਬ ਦਾ ਦਰਜਾ ਬਰਾਬਰ ਹੀ ਤਾਂ ਹੁੰਦੇ ਹਨ। ਕੰਮ ਦੇ ਮਾਮਲੇ ਵਿਚ ਔਰਤ ਹਮੇਸ਼ਾ ਦੁਰਗਾ ਹੁੰਦੀ। ਔਰਤ ਦੀ ਉਮਰ ਤਾਂ ਜੀਵਨ ਨੂੰ ਰਵਾਂ ਕਰਨ ਵਿਚ ਹੀ ਲੰਘ ਜਾਂਦੀ, ਜਿਊਂਦੀ ਉਹ ਪਤਾ ਨਹੀਂ ਕਦੋਂ? ਲੇਖਿਕਾ ਸਿੱਟਾ ਕੱਢਦੀ ਹੈ : ਸੁਖਾਵੀਂ, ਅਨੰਦਮਈ ਜ਼ਿੰਦਗੀ ਲਈ ਮਰਦ ਤੇ ਵਿਸ਼ੇਸ਼ ਕਰਕੇ ਔਰਤ ਦਾ ਆਪਣੀ ਰੂਹ ਨਾਲ ਰਿਸ਼ਤਾ ਸਮਝਦਾਰੀ ਨਾਲ ਨਿਭਾਉਣਾ ਪਵੇਗਾ। ਔਰਤ ਦੇ ਜਾਗਣ ਦਾ ਸਮਾਂ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

 

ਮੌਜੂਦਾ ਸਮੇਂ ਦਾ ਸੱਚ
ਲੇਖਕ : ਜਸਵੰਤ ਜ਼ੀਰਖ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ ਲੁਧਿਆਣਾ
ਮੁੱਲ : 125 ਰੁਪਏ, ਸਫ਼ੇ : 96
ਸੰਪਰਕ : 98151-69825

ਸੰਨ 2024 ਵਿਚ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੇ ਜਸਵੰਤ ਜੀਰਮ ਦੇ ਇਸ ਲੇਖ-ਸੰਗ੍ਰਹਿ ਵਿਚ ਕੁੱਲ 19 ਲੇਖ ਹਨ। ਇਸ ਪੁਸਤਕ ਦਾ ਹਰ ਲੇਖ ਲੇਖਕ ਦੀ ਪ੍ਰਗਤੀਵਾਦੀ, ਕ੍ਰਾਂਤੀਕਾਰੀ ਅਤੇ ਲੋਕ ਪੱਖੀ ਵਿਚਾਰਧਾਰਾ ਦੀ ਪੇਸ਼ੀਨਗੋਈ ਕਰਦਾ ਹੈ। ਇਸ ਪੁਸਤਕ ਨੂੰ ਸੰਘਰਸ਼ੀਲ ਲੋਕਾਂ ਨੂੰ ਅਰਪਿਤ ਕਰਨਾ ਅਤੇ ਇਸ ਪੁਸਤਕ ਦੇ ਸੰਬੰਧ ਵਿਚ ਤਰਕਸ਼ੀਲ ਵਿਚਾਰਧਾਰਾ ਨਾਲ ਜੁੜੇ, ਜਮਹੂਰੀਅਤ ਅਤੇ ਲੋਕ ਅਧਿਕਾਰਾਂ ਲਈ ਲੜਾਈ ਲੜਨ ਵਾਲੇ ਵਿਦਵਾਨਾਂ ਜਗਮੋਹਨ ਸਿੰਘ, ਬਲਬੀਰ ਲੌਂਗੋਵਾਲ ਦਾ ਆਪਣੇ ਵਿਚਾਰ ਪੇਸ਼ ਕਰਨਾ ਲੇਖਕ ਦੇ ਅਗਾਂਹਵਧੂ ਵਿਚਾਰਾਂ ਦੀ ਸਾਰਥਿਕਤਾ ਨੂੰ ਪ੍ਰਮਾਣਿਤ ਕਰਦਾ ਹੈ । ਮੌਜੂਦਾ ਰਾਜ ਪ੍ਰਬੰਧ ਦੀਆਂ ਲੋਕ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਨ ਅਤੇ ਲੋਕਾਂ ਦੇ ਮਨਾਂ 'ਚ ਵਿਦਰੋਹ ਦੀ ਜੋਤ ਜਗਾਉਣ ਦੇ ਉਦੇਸ਼ ਨਾਲ ਲਿਖੇ ਇਸ ਪੁਸਤਕ ਦੇ ਲੇਖ ਲੋਕਾਂ ਨੂੰ ਆਪਣੇ ਹੋ ਰਹੇ ਸ਼ੋਸ਼ਣ ਦੇ ਵਿਰੁੱਧ ਲਾਮਬੰਦ ਹੋਣ ਦੇ ਸੁਨੇਹੇ ਵੱਲ ਇਸ਼ਾਰਾ ਕਰ ਰਹੇ ਹਨ। ਲੇਖਕ ਦੀਆਂ ਰਚਨਾਵਾਂ ਉਸ ਦੀ ਸਮੇਂ ਦੀ ਨਬਜ਼ ਨੂੰ ਪਛਾਣਨ ਦੀ ਸੂਝ-ਬੁਝ ਦੀ ਹਾਮੀ ਭਰਦੀਆਂ ਹਨ। ਲੋਕ ਚੇਤਨਾ ਦੀ ਮਸ਼ਾਲ ਲੈ ਕੇ ਤੁਰਨ ਵਾਲਾ ਇਸ ਪੁਸਤਕ ਦਾ ਲੇਖਕ ਸਮਾਜ 'ਚ ਆਰਥਿਕ ਨਾ ਬਰਾਬਰੀ, ਗ਼ਰੀਬੀ, ਲੋਕਾਂ ਤੋਂ ਉਨ੍ਹਾਂ ਦੇ ਖੋਹੇ ਜਾ ਰਹੇ ਅਧਿਕਾਰਾਂ ਦੀ ਚਰਚਾ ਛੇੜ ਕੇ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਪਛਾਣਨ ਦਾ ਗਿਆਨ ਵੰਡ ਰਿਹਾ ਅਨੁਭਵ ਹੁੰਦਾ ਹੈ।
ਲੇਖਕ ਆਪਣੇ ਲੇਖਾਂ ਦੇ ਮਾਧਿਅਮ ਰਾਹੀਂ ਜਿੱਥੇ ਜਮਹੂਰੀਅਤ ਤੇ ਲੋਕਾਂ ਦੇ ਹੱਕ ਦੇ ਪੱਖ 'ਚ ਖੜ੍ਹਾ ਵਿਖਾਈ ਦੇ ਰਿਹਾ ਹੈ, ਉੱਥੇ ਉਹ ਆਰਥਿਕ ਨਾ ਬਰਾਬਰੀ, ਗ਼ਰੀਬੀ, ਸ਼ੋਸ਼ਣ ਤੇ ਅਨਿਆਂ ਲਈ ਰਾਜ ਪ੍ਰਬੰਧ ਵਿਚ ਭਾਗੀਦਾਰ ਸਿਆਸੀ ਲੋਕਾਂ ਵਲੋਂ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਆਰਥਿਕ ਮੰਦਹਾਲੀ ਅਤੇ ਕੁਦਰਤੀ ਆਫਤਾਂ ਦੇ ਬਹਾਨੇ ਲਗਾਉਣ ਦੀ ਬਾਖ਼ੂਬੀ ਚਰਚਾ ਕਰ ਰਿਹਾ ਹੈ। ਉਸ ਦੇ ਲੇਖ ਲੋਕਾਂ ਨੂੰ ਵਹਿਮਾਂ-ਭਰਮਾਂ ਤੇ ਗ਼ਲਤ-ਫ਼ਹਿਮੀਆਂ ਤੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦੇ ਜਾਪ ਰਹੇ ਹਨ। ਇਸ ਪੁਸਤਕ ਦੇ ਲੇਖ ਆਦਰਸ਼ਵਾਦ ਦੀ ਧਰਤ ਉੱਤੇ ਨਹੀਂ, ਸਗੋਂ ਸਮਾਜ ਦੀਆਂ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰ ਰਹੇ ਹਨ। ਲੇਖਕ ਦੀ ਜਮਹੂਰੀਅਤ, ਲੋਕ ਹਿਤਾਂ ਪ੍ਰਤੀ ਪ੍ਰਗਤੀਵਾਦੀ ਅਤੇ ਕ੍ਰਾਂਤੀਕਾਰੀ ਵਿਚਾਰਧਾਰਾ ਦੀ ਸ਼ਲਾਘਾ ਕਰਨੀ ਬਣਦੀ ਹੈ। ਲੇਖਕ ਦੀ ਜੋਸ਼ੀਲੀ ਸੋਚ ਦੇ ਨਾਲ-ਨਾਲ ਲੇਖਾਂ ਦੀ ਦਿਲਚਸਪ ਸ਼ੈਲੀ, ਪੇਸ਼ਕਾਰੀ, ਸ਼ਬਦਾਂ ਦੀ ਚੋਣ ਅਤੇ ਉਸ ਦੇ ਭਾਸ਼ਾਈ ਗਿਆਨ ਅਤੇ ਵਿਸ਼ੇ ਚੁਣਨ ਤੇ ਸਾਹਿਤਕ ਹੁਨਰ ਦਾ ਪ੍ਰਗਟਾਵਾ ਹਨ ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

 

 

ਬੁਲਬੁਲ ਦੇ ਬੱਚੇ
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੁੱਲ : 150 ਰੁਪਏ ਪੰਨੇ 48
ਸੰਪਰਕ : 98147-83069

ਪ੍ਰੋੜ੍ਹ ਸਾਹਿਤ ਦੇ ਨਾਲ ਨਾਲ ਬਾਲ ਸਾਹਿਤ ਪ੍ਰਤੀ ਵੀ ਬਰਾਬਰ ਸਿਰਜਣਾ ਕਰਨ ਵਾਲੇ ਅਫ਼ਸਾਨਾਨਿਗਾਰ ਬਲਦੇਵ ਸਿੰਘ ਦਾ ਨਵਾਂ ਬਾਲ ਕਹਾਣੀ ਸੰਗ੍ਰਹਿ 'ਬੁਲਬੁੁਲ ਦੇ ਬੱਚੇ' ਪ੍ਰਕਾਸ਼ ਵਿਚ ਆਇਆ ਹੈ। ਇਸ ਕਥਾ ਸੰਕਲਨ ਵਿਚ ਕੁੱਲ 9 ਕਹਾਣੀਆਂ ਅੰਕਿਤ ਹਨ ਜੋ ਬਾਲਾਂ ਨੂੰ ਆਦਰਸ਼,ਹੱਕ-ਸੱਚ ਅਤੇ ਹੋਰ ਉਸਾਰੂ ਆਸ਼ਿਆਂ ਪ੍ਰਤੀ ਦ੍ਰਿੜ੍ਹ ਕਰਵਾਉਂਦੀਆਂ ਹਨ ਅਤੇ ਸਮਾਜ ਦੀਆਂ ਗ਼ਲਤ ਕਦਰਾਂ ਕੀਮਤਾਂ ਪ੍ਰਤੀ ਚੇਤੰਨ ਕਰਦੀਆਂ ਹੋਈਆਂ ਮਾਨਵੀ-ਜੀਵਨ ਦਾ ਸਦਾਚਾਰਕ ਪੱਧਰ ਉੱਚਾ ਚੁੱਕਣ ਵਿਚ ਯਥਾਯੋਗ ਭੂਮਿਕਾ ਨਿਭਾਉਂਦੀਆਂ ਹਨ। ਇਸ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਜੀਵ ਜੰਤੂਆਂ ਉਪਰ ਆਧਾਰਿਤ ਹਨ, ਜਦੋਂ ਕਿ ਕੁਝ ਕਹਾਣੀਆਂ ਮਾਨਵੀ ਪਾਤਰਾਂ ਨੂੰ ਆਧਾਰ ਬਣਾਉਂਦੀਆਂ ਹਨ। 'ਬੁਲਬੁਲ ਦੇ ਬੱਚੇ' ਕਹਾਣੀ ਸੰਕੇਤ ਕਰਦੀ ਹੈ ਕਿ ਮਾਸੂਮ ਪੰਛੀ ਵੀ ਮਨੁੱਖੀ-ਮੋਹ ਦੇ ਤਲਬਗਾਰ ਹੁੰਦੇ ਹਨ। 'ਇੰਜ ਫਸਿਆ ਬਘਿਆੜ' ਕਹਾਣੀ ਵਿਚ ਸੰਕਟਕਾਲੀਨ ਪ੍ਰਸਥਿਤੀਆਂ ਦੌਰਾਨ ਲੂੰਬੜ ਆਪਣੇ ਦੋਖੀ ਬਘਿਆੜ ਨੂੰ ਸ਼ੇਰ ਕੋਲ ਫਸਾ ਕੇ ਦੂਰਅੰਦੇਸ਼ੀ ਦਾ ਪ੍ਰਮਾਣ ਦਿੰਦਾ ਹੈ। 'ਚਿੜੀ ਦੀ ਹੁਸ਼ਿਆਰੀ' ਕਹਾਣੀ ਵੀ ਇਸ ਆਸ਼ੇ ਨੂੰ ਪ੍ਰਚਾਰਦੀ ਹੈ ਕਿ ਔਖੀ ਘੜੀ ਵਿਚ ਯੋਜਨਾਬੱਧ ਮਨਸੂਬੇ ਅਤੇ ਸਿਆਣਪ ਨਾਲ ਸੰਕਟਮਈ ਹਾਲਾਤ ਦਾ ਕਿਵੇਂ ਸਾਹਮਣਾ ਕੀਤਾ ਜਾ ਸਕਦਾ ਹੈ? 'ਜੈਸੇ ਕੋ ਤੈਸਾ' ਕਹਾਣੀ ਫੋਕੀ ਵਡਿਆਈ ਵਿਚ ਆ ਕੇ ਝੁੱਗਾ ਚੌੜ ਕਰਾਉਣ ਵਾਲਿਆਂ ਨੂੰ ਸਾਵਧਾਨ ਕਰਦੀ ਹੈ ਜਦੋਂ ਕਿ 'ਮਿੱਠੀ ਸ਼ੱਕਰ ਕੌੜੀ ਸ਼ੱਕਰ' ਕਹਾਣੀ ਦੋ ਕੀੜਿਆਂ ਦੇ ਮਾਧਿਅਮ ਦੁਆਰਾ ਭੈੜੇ ਵਿਚਾਰ ਅਤੇ ਭੈੜੀ ਸੋਚ ਦਾ ਤਿਆਗ ਕਰਨ ਦੀ ਪ੍ਰੇਰਨਾ ਦਿੰਦੀ ਹੈ। 'ਨਿੱਕੀ ਮੱਛੀ ਦਾ ਗੀਤ' ਕਹਾਣੀ ਵਿਚ ਨਿੱਕੀ ਮੱਛੀ ਆਪਣੀਆਂ ਦੂਜੀਆਂ ਸਹੇਲੀਆਂ ਨੂੰ ਪ੍ਰੇਰਕੇ ਹੈਂਕੜਬਾਜ਼ ਤੇ ਗੁਸੈਲ ਸੁਨਹਿਰੀ ਮੱਛੀ ਨੂੰ ਸਬਕ ਸਿਖਾਉਂਦੀ ਹੋਈ ਦੱਸਦੀ ਹੈ ਕਿ ਏਕਤਾ ਕਾਮਯਾਬੀ ਦਾ ਵਡਮੁੱਲਾ ਸੂਤਰ ਹੈ। 'ਮੰਮੀ ਦੇ ਆਖੇ ਨਾ ਲੱਗਣ ਦੀ ਪੀੜ' ਕਹਾਣੀ ਸਿਆਣਿਆਂ ਦੀ ਗੱਲ ਮੰਨਣ ਦੇ ਹੱਕ ਵਿਚ ਭੁਗਤਦੀ ਹੈ, ਜਦੋਂ ਕਿ ਇਸ ਸੰਗ੍ਰਹਿ ਦੀ ਆਖ਼ਰੀ ਕਹਾਣੀ 'ਬੱਚਿਆਂ ਨੂੰ ਸੁਪਨੇ ਲੈਣ ਦਿਓ' ਉਨ੍ਹਾਂ ਮਾਪਿਆਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਇਸ ਪ੍ਰਕਾਰ ਸਮਾਜਿਕ ਭੈੜਾਂ ਦੀ ਨਿਖੇਧੀ ਅਤੇ ਚੰਗੇਰੇਪਣ ਨੂੰ ਵਡਿਆਉਣ ਵਾਲੀਆਂ ਇਨ੍ਹਾਂ ਸਮੁੱਚੀਆਂ ਕਹਾਣੀਆਂ ਵਿਚ ਕੋਈ ਨਾ ਕੋਈ ਸੰਦੇਸ਼ ਲੁਕਿਆ ਹੋਇਆ ਹੈ। ਜੀਵ-ਜੰਤੂਆਂ ਅਤੇ ਮਨੁੱਖੀ ਪਾਤਰਾਂ ਦੇ ਮਘਦੇ ਸੰਵਾਦ ਕਹਾਣੀ ਦੀ ਚਾਲ ਨੂੰ ਤੇਜ਼ੀ ਨਾਲ ਅੱਗੇ ਤੋਰਦੇ ਹਨ ਅਤੇ ਹਰ ਕਹਾਣੀ ਚਰਮ ਸੀਮਾ 'ਤੇ ਜਾ ਕੇ ਇਕ ਵਿਸਫੋਟਕ ਸਥਿਤੀ ਨੂੰ ਜਨਮ ਦਿੰਦੀ ਹੈ, ਜਿਸ ਵਿਚੋਂ ਕਿਸੇ ਨਾ ਕਿਸੇ ਉਸਾਰੂ ਸਿੱਖਿਆ ਜਾਂ ਉਪਦੇਸ਼ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਬਾਲ ਕਹਾਣੀਆਂ ਦਾ ਪਲਾਟ ਗੁੰਝਲਦਾਰ ਜਾਂ ਉਲਝਾਊ ਨਹੀਂ, ਸਗੋਂ ਕਿਸੇ ਇਕਹਿਰੀ ਅਤੇ ਸੰਖੇਪ ਘਟਨਾ ਨੂੰ ਦਿਲਚਸਪ ਕਹਾਣੀ ਦੀ ਰੰਗਣ ਪ੍ਰਦਾਨ ਕੀਤੀ ਗਈ ਹੈ। ਇਉਂ ਇਹ ਕਹਾਣੀਆਂ ਬਾਲਾਂ ਲਈ ਰਾਹ-ਦਸੇਰੇ ਵਜੋਂ ਸੂਚਕ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਹੋਈਆਂ ਬਾਲ ਪਾਠਕਾਂ ਦਾ ਮਨੋਰੰਜਨ ਵੀ ਕਰਦੀਆਂ ਹਨ ਅਤੇ ਭਾਸ਼ਾਈ ਗਿਆਨ ਵਿਚ ਵਾਧਾ ਵੀ। ਢੁਕਵੇਂ ਚਿੱਤਰ ਵੀ ਬਾਲ ਮਨਾਂ ਨੂੰ ਭਾਉਂਦੇ ਹਨ। ਅਜਿਹੀਆਂ ਕਹਾਣੀਆਂ ਦੀ ਅਜੋਕੇ ਸਮੇਂ ਵਿਚ ਵਿਸ਼ੇਸ਼ ਅਹਿਮੀਅਤ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

 

 

ਅਮਰ ਗੋਸਵਾਮੀ ਦੀਆਂ ਚੋਣਵੀਆਂ ਬਾਲ ਕਹਾਣੀਆਂ
ਅਨੁਵਾਦ : ਬਲਜਿੰਦਰ ਮਾਨ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਇੰਡੀਆ
ਮੁੱਲ : 130 ਰੁਪਏ, ਸਫ਼ੇ : 72
ਸੰਪਰਕ : 98150-18947


ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਮੁੱਖ ਤੌਰ 'ਤੇ ਬਾਲ ਸਾਹਿਤ ਲੇਖਕ ਹੈ। ਉਸ ਦੁਆਰਾ ਸਿਰਜੀਆਂ, ਅਨੁਵਾਦਿਤ ਅਤੇ ਸੰਪਾਦਿਤ ਦਰਜਨਾਂ ਪੁਸਤਕਾਂ ਨੂੰ ਪਾਠਕਾਂ ਨੇ ਭਰਪੂਰ ਮੁਹੱਬਤ ਕੀਤੀ ਅਤੇ ਕਰ ਰਹੇ ਹਨ। ਬਾਲ ਮਨੋਵਿਗਿਆਨ ਦਾ ਗਿਆਤਾ ਹੋਣ ਕਰਕੇ ਹਰ ਵਿਸ਼ੇ ਨੂੰ ਬਾਲ ਮਨ ਦੇ ਪੱਧਰ ਤੱਕ ਲੈ ਜਾਂਦਾ ਹੈ। ਉਸ ਨੇ ਬਾਲ ਸਾਹਿਤ ਦੀ ਸਿਰਜਣਾ ਦੇ ਨਾਲ-ਨਾਲ ਇੰਡੀਆ ਬੁੱਕ ਆਫ਼ ਰਿਕਾਰਡਸ ਵਿਚ ਦਰਜ ਪੰਜਾਬੀ ਦੇ ਇਕੋ-ਇਕ ਬਾਲ ਰਸਾਲੇ 'ਨਿੱਕੀਆਂ ਕਰੂੰਬਲਾਂ' ਦਾ ਤਿੰਨ ਦਹਾਕਿਆਂ ਤੋਂ ਨਿਰੰਤਰ ਸੰਪਾਦਨ ਕੀਤਾ ਹੈ। ਸਰਬਾਂਗੀ ਲੇਖਕ ਨੇ 7 ਪੁਸਤਕਾਂ ਦਾ ਅਨੁਵਾਦ ਕਾਰਜ ਵੀ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਉਸ ਵਲੋਂ ਬੜੀ ਮਿਹਨਤ ਨਾਲ ਅਨੁਵਾਦ ਕੀਤੀ ਪੁਸਤਕ 'ਅਮਰ ਗੋਸਵਾਮੀ ਦੀਆਂ ਚੋਣਵੀਆਂ ਬਾਲ ਕਹਾਣੀਆਂ' ਨੈਸ਼ਨਲ ਬੁੱਕ ਟਰੱਸਟ ਇੰਡੀਆ ਵਲੋਂ ਚਿੱਤਰਾਂ ਸਮੇਤ ਰੰਗਦਾਰ ਪੰਨਿਆਂ 'ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਅਮਰ ਗੋਸਵਾਮੀ ਵੀ ਹਿੰਦੀ ਦੇ ਬਾਲ ਲੇਖਕ ਸਨ, ਉਨ੍ਹਾਂ ਨੇ ਜਿੱਥੇ ਹਿੰਦੀ ਵਿਚ ਬਾਲ ਕਹਾਣੀਆਂ ਲਿਖੀਆਂ, ਉੱਥੇ ਬੰਗਲਾ ਸਾਹਿਤ ਨੂੰ ਹਿੰਦੀ ਭਾਸ਼ਾ ਵਿਚ ਅਨੁਵਾਦ ਕਰਨ ਦਾ ਵਡਮੁੱਲਾ ਕਾਰਜ ਕੀਤਾ ਹੈ। ਹਥਲੀ ਪੁਸਤਕ ਵਿਚ ਉਨ੍ਹਾਂ ਦੀਆਂ ਬੀਤੇ ਦਹਾਕਿਆਂ ਵਿਚ ਲਿਖੀਆਂ ਦਸ ਹਿੰਦੀ ਬਾਲ ਕਹਾਣੀਆਂ ਦਰਜ ਹਨ, ਜਿਨ੍ਹਾਂ ਨੂੰ ਬਲਜਿੰਦਰ ਮਾਨ ਨੇ ਬੜੀ ਕਲਾਤਮਿਕਤਾ ਨਾਲ ਪੰਜਾਬੀ ਪਾਠਕਾਂ ਲਈ ਉਲਥਾਇਆ ਹੈ। 'ਜੰਗਲ ਦੀ ਘੜੀ' ਕਹਾਣੀ ਜੰਗਲੀ ਜੀਵਾਂ ਦੇ ਕੁਦਰਤੀ ਜੀਵਨ ਵਿਚ ਘੜੀ ਵਰਗੀ ਮਸ਼ੀਨਰੀ ਆਉਣ ਤੇ ਉਨ੍ਹਾਂ ਦੇ ਅਸਤ-ਵਿਅਸਤ ਹੁੰਦੇ ਕੰਮ-ਕਾਜ ਅਤੇ ਦਖ਼ਲ 'ਤੇ ਚਾਨਣਾ ਪਾਉਂਦੀ ਹੈ। 'ਚੁਨਮੁਨ ਕੀੜੇ ਦੀ ਸੈਰ' ਕਹਾਣੀ ਛੋਟੇ ਜੀਵਾਂ ਵਲੋਂ ਆਪਣੇ ਤੋਂ ਵੱਡਿਆਂ ਦੀ ਮਦਦ ਕਰਨ ਦਾ ਕਿੱਸਾ ਹੈ ਕਿ ਜੰਗਲ ਵਿਚ ਚੁਨਮੁਨ ਕੀੜਾ ਕਿਵੇਂ ਹਿਰਨ ਦੇ ਬੱਚਿਆਂ ਨੂੰ ਸ਼ੇਰ ਤੋਂ ਬਚਾਉਂਦਾ ਹੈ। 'ਜਿੱਦੀ ਪਤੰਗ' ਬਾਲ ਕਹਾਣੀ ਹਵਾ 'ਚ ਉੱਡਦੀ ਪਤੰਗ ਦੇ ਹੰਕਾਰ ਅਤੇ ਜ਼ਿੱਦ ਕਰਕੇ ਉਸ ਦੀ ਹੋਂਦ ਖ਼ਤਮ ਹੋਣ ਦੀ ਘਟਨਾ ਰਾਹੀਂ, ਇਨ੍ਹਾਂ ਅਲਾਮਤਾਂ ਤੋਂ ਬਚਣ ਦੀ ਸਿੱਖਿਆ ਦਿੰਦੀ ਹੈ ਅਤੇ 'ਚਲਾਕੀ ਲੁਕ ਨਾ ਸੱਕੀ' ਬਾਲ ਕਹਾਣੀ ਵੀ ਚਿੜੀਆਂ, ਤੋਤਿਆਂ ਦੀ ਇਕਜੁਟਤਾ ਕਾਰਨ ਬਿੱਲੇ ਵਰਗੇ ਚਲਾਕ ਮਾਰਖੋਰੇ ਜਾਨਵਰ ਦੀ ਖੁੰਬ ਠੱਪਣ ਦੀ ਕਹਾਣੀ ਹੈ, ਜੋ ਏਕਤਾ ਤੇ ਭਾਈਚਾਰੇ ਦੀ ਤਾਕਤ ਦਾ ਸੰਦੇਸ਼ ਦਿੰਦੀ ਹੈ। 'ਮਿੱਠੇ ਬੋਲ' ਬਾਲ ਕਹਾਣੀ ਰੁੱਖਾਂ ਨੂੰ ਦੁੱਖ ਨਾ ਪੁਜਾਉਣ ਦੀ ਸਿੱਖਿਆ ਦਿੰਦੀ ਹੈ। 'ਸ਼ੇਰ ਸਿੰਘ ਦੀ ਐਨਕ' ਜੰਗਲੀ ਜਾਨਵਰਾਂ ਦੇ ਸਰੀਰਕ ਦੁੱਖਾਂ ਅਤੇ ਉਨ੍ਹਾਂ ਦੇ ਮਿਲਵਰਤਨ ਦੀ ਕਥਾ ਹੈ। 'ਰੁੱਖਾਂ ਨੂੰ ਮਿਲੀ ਸਜ਼ਾ' ਰੁੱਖਾਂ ਵਲੋਂ ਅਨੁਸ਼ਾਸਨ ਤੋੜ ਕੇ ਫੈਲਾਈ ਅਨਾਰਕੀ ਕਰਕੇ ਉਨ੍ਹਾਂ ਨੂੰ ਧਰਤੀ ਮਾਤਾ ਵਲੋਂ ਇੱਕੋ ਥਾਂ ਖੜ੍ਹੇ ਰਹਿਣ ਦੀ ਮਿਲੀ ਸਜ਼ਾ ਰਾਹੀਂ ਅਨੁਸ਼ਾਸਨ ਪਸੰਦ ਹੋਣ ਦੀ ਨਸੀਹਤ ਦਿੰਦੀ ਹੈ। 'ਪਿਕਨਿਕ 'ਤੇ ਧਮਾਲ : ਸੀਟੀ ਦਾ ਕਮਾਲ' ਬਾਲ ਕਾਹਣੀ ਔਖੇ ਵੇਲੇ ਵਕਤੀ ਸੂਝ-ਬੂਝ ਨਾਲ ਕੰਮ ਲੈਣ ਵੱਲ ਇਸ਼ਾਰਾ ਕਰਦੀ ਹੈ। 'ਰਿੱਛ ਦਾ ਘਰ' ਵੀ ਹੰਕਾਰ ਅਤੇ ਚਾਪਲੂਸਾਂ ਦੀ ਝੂਠੀ ਪ੍ਰਸੰਸਾ ਤੋਂ ਬਚਣ ਦੀ ਸਿੱਖਿਆ ਦਿੰਦੀ ਹੈ। 'ਦਸਵੀਂ ਕਹਾਣੀ ਵਿਆਹ ਵਿਚ ਆਈ ਪਰੀ' ਵੱਧ ਖਾਣ ਨਾਲ ਪੈਦਾ ਹੁੰਦੀਆਂ ਸਰੀਰਕ ਸਮੱਸਿਆਵਾਂ ਅਤੇ ਉਨ੍ਹਾਂ ਤੋਂ ਨਿਜਾਤ ਪ੍ਰਾਪਤ ਕਰਨ ਦੇ ਢੰਗਾਂ ਦੀ ਜਾਣਕਾਰੀ ਦਿੰਦੀ ਰਚਨਾ ਹੈ। ਸਮੁੱਚਾ ਸੰਗ੍ਰਹਿ ਸਰਲ ਭਾਸ਼ਾ ਵਿਚ ਰੌਚਕ ਢੰਗ ਨਾਲ ਜਿੱਥੇ ਬੱਚਿਆਂ ਦਾ ਮਨੋਰੰਜਨ ਕਰਦਾ ਹੈ, ਉੱਥੇ ਗੱਲਾਂ ਹੀ ਗੱਲਾਂ 'ਚ ਜੰਗਲ, ਦਰੱਖਤ, ਪੰਛੀਆਂ, ਜਾਨਵਰਾਂ, ਧਰਤੀ ਅਤੇ ਕੁਦਰਤ ਦੇ ਮਹੱਤਵ ਤੇ ਅਨੁਸ਼ਾਸਨ ਸੰਬੰਧੀ ਵੱਡਮੁਲੀ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ। ਕਹਾਣੀਆਂ ਨਾਲ ਸ਼ਸ਼ੀ ਸ਼ੇਟਯ ਨੇ ਆਪਣੀ ਚਿੱਤਰਕਾਰੀ ਨਾਲ ਇਨ੍ਹਾਂ ਬਾਲ ਕਹਾਣੀਆਂ ਨੂੰ ਵਧੇਰੇ ਅਰਥਪੁਰਨ ਅਤੇ ਅਦਰਸ਼ਕ ਬਣਾਇਆ ਹੈ, ਇਹ ਬਾਲ ਚਿੱਤਰਕਾਰੀ ਇਨ੍ਹਾਂ ਕਹਾਣੀਆਂ ਨੂੰ ਸਮਝਣ ਵਿਚ ਮਦਦਗਾਰ ਸਾਬਿਤ ਹੁੰਦੀ ਹੈ। ਬਲਜਿੰਦਰ ਮਾਨ ਵਲੋਂ ਕੀਤਾ ਅਨੁਵਾਦ ਮੂਲ ਪੰਜਾਬੀ ਕਹਾਣੀਆਂ ਦਾ ਭੁਲੇਖਾ ਪਾਉਂਦਾ ਹੈ। ਇਹੋ ਚੰਗੇ ਅਨੁਵਾਦਕ ਦੀ ਸਫ਼ਲਤਾ ਹੈ। ਅਮਰ ਗੋਸਵਾਮੀ ਦੀਆਂ ਬਾਲ ਕਹਾਣੀਆਂ ਦੀ ਪੰਜਾਬੀ ਵਿਚ ਆਮਦ ਸ਼ੁਭ ਸ਼ਗਨ ਹੈ। ਨਰੋਏ ਅਤੇ ਰੌਚਕ ਬਾਲ ਸਾਹਿਤ ਨੂੰ ਪੰਜਾਬੀ ਪਾਠਕਾਂ ਅੱਗੇ ਪਰੋਸਣ ਦਾ ਇਹ ਇਕ ਯਤਨ ਸ਼ਲਾਘਾਯੋਗ ਹੈ। ਅਜਿਹੇ ਉਪਰਾਲੇ ਕਰਨ ਵਿਚ ਮਾਨ ਸਦਾ ਮੋਹਰੀ ਰਿਹਾ ਹੈ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

 

 

 

ਕਿਣ ਮਿਣ
ਲੇਖਕ : ਮੰਗਤ ਰਾਮ ਪਾਸਲਾ
ਪ੍ਰਕਾਸ਼ਕ : ਪੀ. ਸੁੰਦਰੱਈਆ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 152
ਸੰਪਰਕ : 98141-82998

ਸੱਚੀ-ਸੁੱਚੀ ਕਿਰਤ ਤੇ ਮਮਤਾ ਦੀ ਮੂਰਤ ਬੀਬੀ ਕਰਮੀ ਨੂੰ ਸਮਰਪਿਤ ਚਰਚਾ ਅਧੀਨ ਪੁਸਤਕ 'ਕਿਣ ਮਿਣ' ਮੰਗਤ ਰਾਮ ਪਾਸਲਾ ਦੀ ਬਹੁ-ਪੱਖੀ ਸਾਹਿਤਕ ਪ੍ਰਤਿਭਾ ਦਾ ਪੁਖਤਾ ਪ੍ਰਮਾਣ ਹੈ। ਵਾਰਤਕ, ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦੀ ਇਹ ਪੁਸਤਕ ਜਿਥੇ ਪਾਠਕ ਦੀ ਅਦਬੀ ਸੁਹਜ ਨਾਲ ਸਾਂਝ ਪੁਆਉਂਦੀ ਹੈ, ਉਥੇ ਇਸ ਵਿਚ ਖਿਆਲਾਂ ਦੀ ਮਹੀਨਤਾ ਵੀ ਪਾਠਕ ਦੇ ਮਨ-ਮਸਤਕ ਨੂੰ ਹਲੂਣਾ ਦਿੰਦੀ ਹੈ। ਪੁਸਤਕ ਦੇ ਆਰੰਭ 'ਚ 'ਰਾਹਗੀਰ' ਸਿਰਲੇਖ ਤਹਿਤ ਵਾਰਤਕ ਦੇ 35 ਲੇਖ ਸ਼ਾਮਿਲ ਹਨ, ਜਿਨ੍ਹਾਂ ਵਿਚ ਵੱਖ-ਵੱਖ ਵਿਸ਼ਿਆਂ ਨੂੰ ਸਫ਼ਲਤਾ ਸਹਿਤ ਨਿਭਾਇਆ ਗਿਆ ਹੈ। ਪਹਿਲੀ ਵਾਰਤਕ ਰਚਨਾ 'ਰੀਝਾਂ ਦਾ ਮਰਸੀਆ' 'ਚ ਮਾਤੜ ਬੰਦੇ ਦੀਆਂ ਰੀਝਾਂ ਦਾ ਸਾਰੀ ਉਮਰ ਨਾ ਪੂਰੇ ਹੋਣ ਦਾ ਬੜਾ ਟੁੰਬਵਾਂ ਬਿਰਤਾਂਤ ਹੈ। 'ਬੱਚਾ ਬੰਦੇ ਦਾ ਬਾਪ ਹੈ' ਵਿਚ ਵਿਲੀਅਮ ਵਰਡਸਵਰਥ ਦੀ ਕਵਿਤਾ ਦੇ ਹਵਾਲੇ ਨਾਲ ਲੇਖਕ ਨੇ ਆਪਣੇ ਪੁੱਤਰ, ਨੂੰਹ ਤੇ ਪੋਤਰੇ ਨਾਲ ਮਿਲਣ ਉਪਰੰਤ ਸੂਖਮ ਤਲ 'ਤੇ ਬਹੁਤ ਭਾਵਪੂਰਤ ਗੱਲਾਂ ਲਿਖੀਆਂ ਹਨ। 'ਅਧੂਰੇ ਸੁਪਨੇ' ਵਾਲੀ ਰਚਨਾ ਵੀ ਕਿਸੇ ਨਾ ਕਿਸੇ ਪੱਧਰ 'ਤੇ 'ਰੀਝਾਂ ਦਾ ਮਰਸੀਆ' ਵਿਚਲੀ ਵਿਚਾਰਾਤਮਿਕ ਆਤਮਾ ਨਾਲ ਹੀ ਮੇਲ ਖਾਂਦੀ ਹੈ। ਇਸ ਰਚਨਾ ਦੇ ਅੰਤ 'ਚ ਲੇਖਕ ਦਾ ਇਹ ਆਖਣਾ ਬਿਲਕੁਲ ਸਹੀ ਹੈ ਕਿ 'ਇਸ ਬੀਬੀ ਵਰਗੀਆਂ ਕਿਰਤੀ ਔਰਤਾਂ ਦਾ ਅਧੂਰਾ ਸੁਪਨਾ ਪੂਰਾ ਹੋ ਜਾਵੇ, ਇਸੇ ਉਡੀਕ 'ਚ ਹੀ ਭੱਜੇ ਫਿਰਦੇ ਹਾਂ।' 'ਸਰਹੱਦਾਂ...?' ਵਿਚ ਭੈਣ ਭਰਾ ਦੇ ਪਿਆਰ 'ਚ ਗੜੁੱਚ ਮੋਹ ਭਰੇ ਜਜ਼ਬਾਤ ਦਾ ਇਜ਼ਹਾਰ ਹੈ। 'ਨਿਮਾਣਿਆਂ ਦਾ ਮਾਣ' ਰਚਨਾ ਵਿਚ ਗ਼ਰੀਬਾਂ ਅੰਦਰਲੀ ਅਮੀਰੀ ਬਾਖੂਬੀ ਵੇਖਈ ਜਾ ਸਕਦੀ ਹੈ ਤੇ ਅਮੀਰਾਂ ਅੰਦਰਲੀ ਮਿਜ਼ਾ ਵੀ। ਮੋਬਾਈਲ ਫੋਨ ਵਾਪਸ ਕਰਨ ਵਾਲੇ ਕਿਸੇ ਦੀ ਚੀਜ਼ ਨਹੀਂ ਰੱਖਣੀ ਚਾਹੁੰਦੇ ਤੇ ਮੋਬਾਈਲ ਫੋਨ ਵਾਪਸ ਲੈਣ ਵਾਲੇ ਗ਼ਰੀਬਾਂ ਵਲੋਂ ਪਿਆਈ ਗਈ ਚਾਹ ਵੀ ਔਖੇ ਹੋ ਕੇ ਪੀਂਦੇ ਹਨ। 'ਸਵੈ ਮਾਣ ਦਾ ਘਾਤ' 'ਚ ਮਨੁੱਖ ਅੰਦਰਲੇ ਸਵੈ-ਮਾਣ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਨਜ਼ਰ ਆਉਂਦੇ ਹਨ। ਕਈ ਵਾਰੀ ਡਰ ਤਰਕ ਨਾਲੋਂ ਕਿਵੇਂ ਬਲਵਾਨ ਹੋ ਜਾਂਦਾ ਹੈ, ਇਸ ਗੱਲ ਦਾ ਚੰਗੀ ਤਰ੍ਹਾਂ ਪਤਾ 'ਸਹਿਜ ਸੁਭਾਅ ਦਾ ਤਰਕ' ਵਿਚੋਂ ਲਗਦਾ ਹੈ। ਪੱਤ ਦੀ ਮੌਤ ਦਾ ਦੁੱਖ 'ਦਿਲ ਦਾ ਦਰਦ...' 'ਚੋਂ ਜਾਣਿਆ ਜਾ ਸਕਦਾ ਹੈ। 'ਪਰਬਤੋਂ ਭਾਰੀ ਪੀੜ' 'ਚ ਦੁਸਹਿਰੇ ਵਾਲੇ ਦਿਨ ਰੇਲ ਪਟੜੀ 'ਤੇ ਹੋਏ ਹਾਦਸੇ ਬਾਬਤ ਬੜੀ ਕਰੁਣਾਮਈ ਵਿਥਿਆ ਦਰਜ ਕੀਤੀ ਗਈ ਹੈ। ਅਖ਼ਬਾਰਾਂ ਵੰਡਣ ਵਾਲੇ ਲਈ ਭਰਜਾਈ ਦੇ ਤੰਦਰੁਸਤ ਹੋਣ ਦਾ ਦਿਲਾਸਾ ਹੀ ਬੜਾ ਮਹੱਤਵਪੂਰਨ ਹੋ ਨਿਬੜਦਾ ਹੈ। 'ਦਿਲਾਸਾ' ਨਾਂਅ ਦਾ ਇਹ ਲੇਖ ਬੜੇ ਬਾਰੀਕ ਪੱਧਰ 'ਤੇ ਪਾਠਕ ਦੇ ਮਨ-ਮਸਤਕ ਨੂੰ ਪ੍ਰਭਾਵਿਤ ਕਰਦਾ ਹੈ। ਇੰਝ ਹੀ ਪੁਸਤਕ ਅੰਦਰਸਲੀ ਬਾਕੀ ਵਰਾਤਕ ਵੀ ਖਾਸੀ ਮਿਆਰੀ ਹੈ। ਜਿਥੋਂ ਤੱਕ ਪੁਸਤਕ ਵਿਚਲੀਆਂ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦਾ ਸੰਬੰਧ ਹੈ, ਉਨ੍ਹਾਂ ਬਾਰੇ ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੇ ਪੁਸਤਕ ਦੇ ਆਰੰਭ 'ਚ ਲਿਖੇ ਲੇਖ 'ਇਕ ਸ਼ਖ਼ਸੀਅਤ, ਇਕ ਸ਼ਾਇਰ ਮੰਗਤ ਰਾਮ ਪਾਸਲਾ' ਦੀਆਂ ਆਖਰੀ ਸੱਤਰਾਂ ਹੀ ਕਾਫ਼ੀ ਅਰਥ ਭਰਪੂਰ ਹਨ। ਬਿਨਾਂ ਸ਼ੱਕ ਮੰਗਤ ਰਾਮ ਪਾਸਲਾ ਦੀ ਪੁਸਤਕ 'ਕਿਣ ਮਿਣ' ਇਕ ਮਨ ਚਿੱਤ ਹੋ ਕੇ ਅਧਿਐਨ ਕਰਨ ਵਾਲੀ ਪੁਸਤਕ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

 

 


ਇਹ ਦੇਸ ਪੰਜਾਬ ਦੀ ਸਮਝ ਨਾਹੀਂ
ਲੇਖਕ : ਗੁਰਦੀਪ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 138
ਸੰਪਰਕ : 62804-77383

ਅਸਿ: ਪ੍ਰੋਫ਼ੈਸਰ ਗੁਰਦੀਪ ਸਿੰਘ ਨੇ ਚਾਰ ਖੰਡਾਂ (ਮਿਰਾਂ ਨਾਲ ਜ਼ਿਮੀ ਦੇ ਕੌਲ ਕੋਈ, ਬਹਿ ਨਾ ਏਸ ਬੋਹੜ ਦੀ ਛਾਵੇਂ..., ਕੁੰਜ ਨਾਗ ਦੀ ਖੰਡ ਮੋਰ ਦਾ..., ਲਾਏ ਅੰਬਰਾਂ ਨੇ ਐਵੇਂ...) ਵਿਚ ਵੰਡ ਕੇ ਆਪਣੀਆਂ ਵੱਖ-ਵੱਖ ਦ੍ਰਿਸ਼ਟੀਆਂ ਅਨੁਸਾਰ (ਅਨੇਕ ਕਵੀਆਂ/ਕਹਾਣੀਕਾਰਾਂ / ਫ਼ਿਲਮੀ ਨਾਟਕਾਂ ਬਾਰੇ) ਆਪਣੇ ਆਲੋਚਨਾਤਮਿਕ ਵਿਚਾਰਾਂ ਦੀ ਪ੍ਰਸਤੁਤੀ ਕੀਤੀ ਹੈ। ਇਨ੍ਹਾਂ ਖੋਜ ਨਿਬੰਧਾਂ ਦਾ ਕੇਂਦਰੀ ਵਿਸ਼ਾ 'ਪੰਜਾਬੀ ਰਹਿਤਲ' ਦੀ ਪਛਾਣ ਕਰਨਾ ਹੈ। ਲੇਖਕ ਨੂੰ ਖੇਦ ਹੈ ਕਿ ਪੰਜਾਬ ਦੀ ਰਹਿਤਲ ਨੂੰ ਜਾਂ ਤਾਂ ਅਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਫਿਰ ਇਹ ਸਾਡੀ ਸਮਝ ਤੋਂ ਬਾਹਰ ਹੈ। ਪੰਜਾਬ ਦੀ ਹਿੰਸਾ ਦਾ ਸੰਬੰਧ ਬਾਕੀ ਸੰਸਾਰ ਤੋਂ ਨਿਵੇਕਲਾ ਹੈ। ਇਸ ਦੀ ਅਲੱਗਤਾ ਦੀਆਂ ਨਿਸ਼ਾਨੀਆਂ ਦੇ ਰੂਪ ਭਿੰਨ-ਭਿੰਨ ਹਨ। ਪੰਜਾਬੀਅਤ ਦੀ ਅਜਿਹੀ ਰਹਿਤਲ ਜੋ ਮਜ਼ਲੂਮਾਂ ਦੇ ਨਾਲ ਖੜੋਂਦੀ ਹੈ ਅਤੇ ਜਰਵਾਣਿਆਂ ਨੂੰ ਕਰੜੇ ਹੱਥੀਂ ਟੱਕਰਦੀ ਹੈ। ਇਤਿਹਾਸ ਵਿਚ ਕੀਤੇ ਸੰਘਰਸ਼। ਲੜੀਆਂ ਜੰਗਾਂ ਇਸ 'ਆਦਰਸ਼' ਦਾ ਪ੍ਰਮਾਣ ਪ੍ਰਸਤੁਤ ਕਰਦੀਆਂ ਹਨ। ਸਵੈਸਿੱਧ ਹੈ ਕਿ ਇਹ ਨਿਬੰਧ 'ਪੰਜਾਬੀ ਰਹਿਤਲ' ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ 'ਪ੍ਰੇਮ ਖੇਡਣ ਦਾ ਚਾਓ' ਨਾਲ ਲਬਰੇਜ਼ ਹਨ। ਲੇਖਕ ਦੀ ਸਮੀਖਿਆ ਜੁਗਤ ਇਹ ਪ੍ਰਤੀਤ ਹੁੰਦੀ ਹੈ ਕਿ ਵਿਚਾਰਾਂ ਦੀ ਪੇਸ਼ਕਾਰੀ ਕਰਦਿਆਂ ਲੇਖਕਾਂ ਦੀਆਂ ਰਚਨਾਵਾਂ ਦੇ ਹੱਕ ਜਾਂ ਵਿਰੋਧ ਵਿਚ ਰਾਵਾਂ ਦਾ ਨੋਟਿਸ ਲੈਂਦਿਆਂ ਆਪਣੀ ਨਿੱਜੀ ਰਾਇ ਵੀ ਬੇਬਾਕੀ ਨਾਲ ਦੇ ਜਾਂਦਾ ਹੈ। ਇਸ ਦੇ ਨਾਲ ਹੀ ਆਪਣੀਆਂ ਸਮੀਖਿਆਤਮਿਕ ਸੀਮਾਵਾਂ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰ ਜਾਂਦਾ ਹੈ। ਉਸ ਦੇ ਕੁਝ ਵਿਚਾਰ ਵੀ ਮਹੱਤਵ ਵਾਲੇ ਹਨ। ਜਿਵੇਂ 'ਭਟਕਣ' ਹੈ। ਕੁਝ ਸ਼ਬਦਾਂ ਦੇ ਅਰਥ ਸੱਭਿਆਚਾਰਕ ਮੁਹਾਵਰੇ ਵਿਚ ਨਿਹਿਤ ਹੁੰਦੇ ਹਨ, ਜਿਨ੍ਹਾਂ ਨੂੰ ਮੁਹਾਵਰੇ ਤੋਂ ਵਿਛੋੜ ਕੇ ਸਮਝਿਆ ਨਹੀਂ ਜਾ ਸਕਦਾ। ਲੇਖਕ ਕਈ ਲੋਕ-ਪ੍ਰਿਆ ਟ੍ਰੈਪ ਹੀ ਟ੍ਰੈਡਿੰਗ ਟ੍ਰੈਪ ਹੁੰਦਾ ਹੈ। ਸਿਰਜਣਹਾਰ ਵਲੋਂ ਵੱਖਰੀ ਦੁਨੀਆ ਦੀ ਸਿਰਜਣਾ ਕਰਨਾ ਸ਼ੁੱਧ-ਬੁੱਧ ਖੋਣ ਦਾ ਟ੍ਰੈਪ ਹੁੰਦਾ ਹੈ।
ਅਕਾਲਨ ਨਾਇਕਾਂ ਨੂੰ ਵਕਤੀ ਨਹੀਂ ਸਮਝਣਾ ਚਾਹੀਦਾ, ਇਹ ਤਾਂ ਸਰਵਕਾਲੀ ਹੁੰਦੇ ਹਨ। ਗੱਲ ਕੀ ਗੁਰਦੀਪ ਦਾ ਅਧਿਐਨ ਵਿਸ਼ਾਲ ਹੈ। ਇਸੇ ਲਈ ਉਹ ਪੱਛਮੀ ਅਤੇ ਪੰਜਾਬੀ ਵਿਦਵਾਨਾਂ ਦੇ ਵਿਚਾਰਾਂ ਨਾਲ ਆਪਣੇ ਨਿਬੰਧਾਂ ਨੂੰ ਮਾਅਨੀਖੇਜ਼ ਬਣਾਉਂਦਾ ਹੈ। ਉਸ ਦੇ ਵਿਚਾਰ ਸੰਹਾਲੀਨੁਮਾ ਹਨ। 'ਬੀ' ਆਊਟ ਆਫ਼-'ਏ', ਲਵ-'ਸੀ' ਆਊਟ ਆਫ਼ 'ਬੀ' ਐਂਡ ਸੋ ਔਨ। ਹਥਲੀ ਪੁਸਤਕ ਸਾਹਿਤਕ ਨਵ-ਸਮੀਖਿਆਕਾਰਾਂ ਸਮੀਖਿਆਕਾਰਾਂ ਸਾਹਮਣੇ ਵੰਗਾਰ ਪੇਸ਼ ਕਰਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

 

 


ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ
ਲੇਖਕ : ਗੁਰਨਾਮ ਬਾਵਾ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ.) ਫ਼ਗਵਾੜਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 083072-64301

'ਸੰਵਾਂਤੀ ਬੂੰਦ' ਤੋਂ ਬਾਅਦ ਉਪਰੋਕਤ ਲੇਖਕ ਦਾ ਦੂਜਾ ਨਾਵਲ ਹੈ। ਇਸ ਤੋਂ ਲੇਖਕ ਨੇ ਕੁਝ ਕਵਿਤਾਵਾਂ ਅਤੇ ਕਹਾਣੀਆਂ ਵੀ ਲਿਖੀਆਂ ਹਨ, ਜੋ ਵੱਖ-ਵੱਖ ਅਖ਼ਬਾਰਾਂ 'ਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਨਾਵਲ ਦਾ ਵਿਸ਼ਾ ਵਸਤੂ ਨਿਵੇਕਲਾ ਹੈ, ਜੋ ਕਿ ਏਜੰਟਾਂ ਦੇ ਜੀਵਨ 'ਤੇ ਆਧਾਰਿਤ ਹੈ, ਉਹ ਆਪਣੇ ਜੀਵਨ 'ਚ ਸਦਾ ਸੰਘਰਸ਼ੀਲ ਰਹਿੰਦੇ ਹਨ। ਡੀਲਰਾਂ ਅਤੇ ਮਾਲਕਾਂ ਨੂੰ ਖ਼ੁਸ਼ ਰੱਖਣ ਅਤੇ ਆਪਣੀ ਨੌਕਰੀ ਬਚਾਉਣ ਦੇ ਚੱਕਰ 'ਚ ਉਹ ਕੇਵਲ ਜਗ੍ਹਾ-ਜਗ੍ਹਾ ਘੁੰਮਦੇ ਹੀ ਨਜ਼ਰ ਨਹੀਂ ਆਉਂਦੇ, ਸਗੋਂ ਆਪਣੇ ਜੀਵਨ 'ਚ ਤਰ੍ਹਾਂ-ਤਰ੍ਹਾਂ ਦੀਆਂ ਦੁਸ਼ਵਾਰੀਆਂ ਵੀ ਆਪਣੇ ਪਿੰਡੇ 'ਤੇ ਹੰਢਾਉਂਦੇ ਹਨ। ਨਾਵਲ ਦਾ ਮੁੱਖ ਪਾਤਰ ਮਨਜੀਤ ਸਿੰਘ ਏਜੰਟੀ ਕਰਦਾ ਹੈ। ਟਰੱਕ ਡਰਾਈਵਰ ਇੰਦਰਪਾਲ ਅਤੇ ਪਾਲ ਉਸ ਦੇ ਦੋਸਤ ਬਣ ਜਾਂਦੇ ਹਨ। ਏਜੰਟਾਂ ਅਤੇ ਡਰਾਈਵਰਾਂ ਨੇ ਹਮੇਸ਼ਾ ਸਫ਼ਰ 'ਤੇ ਰਹਿਣਾ ਹੁੰਦਾ ਹੈ। ਇਸ ਕਰਕੇ ਉਹ ਆਪਣੇ ਪਰਿਵਾਰ ਨੂੰ ਬਹੁਤਾ ਸਮਾਂ ਨਹੀਂ ਦੇ ਪਾਉਂਦੇ। ਕਈ ਹਾਲਾਤਾਂ 'ਚ ਕੇਵਲ ਕਿਰਾਏ ਦੇ ਮਕਾਨਾਂ 'ਚ ਰਹਿ ਕੇ ਹੀ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਲੈਂਦੇ ਹਨ। ਨਾਵਲਕਾਰ ਨੇ ਛੋਟੀ ਕਿਸਾਨੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਇਵੇਂ ਹੀ ਪ੍ਰਵਾਸ ਗਏ ਵਿਅਕਤੀਆਂ ਦੀਆਂ ਜ਼ਮੀਨਾਂ ਨੂੰ ਅਫ਼ਸਰਾਂ ਨਾਲ ਮਿਲ-ਮਿਲਾ ਕੇ ਭੂ ਮਾਫ਼ੀਆ ਹੜੱਪਣ ਦਾ ਯਤਨ ਕਰਦਾ ਹੈ। ਅਜਿਹੇ ਭਖ਼ਦੇ ਮਸਲੇ ਨੂੰ ਲੇਖਕ ਨੇ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਨਾਵਲ ਦੀ ਕਹਾਣੀ 'ਚ ਪਾਲ ਅਤੇ ਬਬਲੀ ਦੋ ਪਾਤਰਾਂ ਦਰਮਿਆਨ 'ਲਵ ਅਫ਼ੇਅਰ' ਹੁੰਦਾ ਹੈ ਅਤੇ ਅੰਤ ਨੂੰ ਦੋਹਾਂ ਦਾ ਵਿਆਹ ਹੋ ਜਾਂਦਾ ਹੈ। ਇਸ ਦੇ ਨਾਲ ਹੀ ਨਾਵਲ ਸਮਾਪਤ ਹੋ ਜਾਂਦਾ ਹੈ। ਹਥਲੇ ਨਾਵਲ ਦੀ ਸਮੁੱਚੀ ਕਹਾਣੀ ਦੇ ਹਿਸਾਬ ਨਾਲ ਨਾਵਲ ਦਾ ਸਿਰਲੇਖ ਕਾਫ਼ੀ ਜ਼ਿਆਦਾ ਢੁਕਵਾਂ ਹੈ। ਰਚਨਾ ਦੀ ਸ਼ੈਲੀ, ਵਾਰਤਾਲਾਪ, ਦ੍ਰਿਸ਼ ਚਿਤਰਨ, ਰੌਚਕਤਾ ਅਤੇ ਪਾਤਰ-ਉਸਾਰੀ ਪਾਤਰਾਂ ਦੇ ਸੁਭਾਅ ਮੁਤਾਬਿਕ ਵਧੀਆ ਹੈ। ਨਾਵਲ ਨੂੰ ਪੜ੍ਹਦਿਆਂ ਇਹ ਉਤਸੁਕਤਾ ਬਣੀ ਰਹਿੰਦੀ ਹੈ ਕਿ ਅੱਗੇ ਕੀ ਹੋਣ ਵਾਲਾ ਹੈ? ਲੇਖਕ ਨੇ ਆਪਣੀ ਇਸ ਰਚਨਾ 'ਚ ਕਾਂਡ ਨੰਬਰ ਦੇਣ ਦੀ ਬਜਾਇ ਵੱਖ-ਵੱਖ ਸਿਰਲੇਖ ਦੇ ਨਵਾਂ ਤਜਰਬਾ ਕੀਤਾ ਹੈ, ਜਿਸ ਨਾਲ ਪਾਠਕ ਨੂੰ ਅਗਲੀ ਕਹਾਣੀ ਨੂੰ ਸਮਝਣ 'ਚ ਕਾਫ਼ੀ ਜ਼ਿਆਦਾ ਸੌਖ ਹੋ ਜਾਂਦੀ ਹੈ। ਲੇਖਕ ਨੇ ਮੁੱਖ ਵਿਸ਼ੇ ਦੀ ਪੇਸ਼ਕਾਰੀ ਦੇ ਨਾਲ-ਨਾਲ ਕਈ ਉਪ ਵਿਸ਼ਿਆਂ ਨੂੰ ਵੀ ਬਾਖ਼ੂਬੀ ਛੂਹਿਆ ਹੈ। ਨਾਵਲਕਾਰ ਆਪਣੀ ਗੱਲ ਕਹਿਣ 'ਚ ਕਾਫ਼ੀ ਹੱਦ ਤੱਕ ਸਫ਼ਲ ਸਿੱਧ ਹੋਇਆ ਹੈ।

-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110

 

 

ਚਾਂਦ ਕੀ ਓਰ
ਗ਼ਜ਼ਲਕਾਰ : ਜਗਦੀਸ਼ ਸਿੰਘ 'ਖੁਸ਼ਦਿਲ'
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 450 ਰੁਪਏ, ਸਫ਼ੇ : 159
ਸੰਪਰਕ : 85588-03871

ਪੰਜਾਬੀ ਪੁਸਤਕ ਪ੍ਰਕਾਸ਼ਨਾ ਵਿਚ ਨਵੇਂ-ਨਵੇਂ ਤਜਰਬੇ ਹੁੰਦੇ ਰਹੇ ਹਨ ਤੇ ਹੋ ਰਹੇ ਹਨ। ਕਈ ਪੁਸਤਕਾਂ ਵਿਚ ਇਕ-ਇਕ ਰਚਨਾ ਨੂੰ ਤਿੰਨ-ਤਿੰਨ ਲਿੱਪੀਆਂ ਵਿਚ ਵੀ ਦੇਖਿਆ ਗਿਆ ਹੈ ਤੇ ਦੋ ਲਿੱਪੀਆਂ ਵਿਚ ਤਾਂ ਅਕਸਰ ਕਿਤਾਬਾਂ ਛਪੀਆਂ ਮਿਲਦੀਆਂ ਹਨ। ਜਗਦੀਸ਼ ਸਿੰਘ 'ਖੁਸ਼ਦਿਲ' ਦਾ ਗ਼ਜ਼ਲ ਸੰਗ੍ਰਹਿ 'ਚਾਂਦ ਕੀ ਓਰ' ਵੀ ਅਜਿਹਾ ਤਜਰਬਾ ਹੈ, ਜਿਸ ਦੇ ਟਾਈਟਲ ਤੋਂ ਲੈ ਕੇ ਅੰਤ ਤੱਕ ਹਿੰਦੀ ਤੇ ਗੁਰਮੁਖੀ ਲਿੱਪੀ ਨੂੰ ਬਰਾਬਰ ਸਥਾਨ ਦਿੱਤਾ ਗਿਆ ਹੈ। ਇਸ ਪੁਸਤਕ ਵਿਚ ਕੁੱਲ 71 ਗ਼ਜ਼ਲਾਂ ਛਪੀਆਂ ਹੋਈਆਂ ਮਿਲਦੀਆਂ ਹਨ, ਜਿਨ੍ਹਾਂ ਉੱਤੇ ਗ਼ਜ਼ਲ ਦਾ ਵਜ਼ਨ ਅਤੇ ਬਹਿਰ ਦਾ ਨਾਂਅ ਦਿੱਤਾ ਗਿਆ ਹੈ। ਨਿਆਂਪਾਲਿਕਾ ਦੇ ਵੱਡੇ ਰੁਕਨ ਤੇ ਕਈਆਂ ਕਲਾਵਾਂ ਦੇ ਮਾਹਿਰ ਹਰਚੰਦ ਸਿੰਘ 'ਖੁਸ਼ਦਿਲ' ਪਾਸੋਂ ਉਸ ਨੇ ਗ਼ਜ਼ਲ ਦੇ ਗੁਰ ਸਿੱਖੇ ਸਨ। 'ਖੁਸ਼ਦਿਲ' ਨੇ ਵੱਖ-ਵੱਖ ਅਦਾਲਤਾਂ ਵਿਚ ਲੰਮਾ ਸਮਾਂ ਜੱਜ ਦੀ ਸੇਵਾ ਨਿਭਾਈ ਹੈ, ਜਿਸ ਕਾਰਨ ਉਸ ਨੂੰ ਅਪਰਾਧ ਤੇ ਜ਼ਿਆਦਤੀਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਨਜ਼ਦੀਕ ਤੋਂ ਜਾਨਣ ਦਾ ਮੌਕਾ ਮਿਲਦਾ ਰਿਹਾ ਹੈ। ਸਮਾਜ ਦੀ ਹਰ ਦੁਖਦੀ ਰਗ ਦੀ ਉਸ ਨੂੰ ਵਾਕਫ਼ੀਅਤ ਹੈ ਤੇ ਇਹੀ ਵਾਕਫ਼ੀਅਤ ਜਦੋਂ ਉਸ ਦੇ ਸ਼ਿਅਰਾਂ ਵਿਚ ਢਲਦੀ ਹੈ ਤਾਂ ਗ਼ਜ਼ਲ ਹੋ ਜਾਂਦੀ ਹੈ। ਆਪਣੀਆਂ ਗ਼ਜ਼ਲਾਂ ਵਿਚ 'ਖੁਸ਼ਦਿਲ' ਨੇ ਕਈ ਮਹੱਤਵਪੂਰਨ ਕੌਮੀ, ਕੌਮਾਂਤਰੀ ਤੇ ਸਮਾਜਿਕ ਵਿਸ਼ਿਆਂ ਨੂੰ ਆਪਣੀਆਂ ਗ਼ਜ਼ਲਾਂ ਵਿਚ ਢਾਲਿਆ ਹੈ। ਉਪਰੋਕਤ ਸਤਰਾਂ ਦੀ ਪ੍ਰੋੜ੍ਹਤਾ ਪਾਠਕ ਨੂੰ 'ਚਾਂਦ ਕੀ ਓਰ' ਵਿਚ ਮਿਲ ਜ

15-02-2025

ਭਾਰਤ ਦੀਆਂ ਮਹਾਨ ਵੀਰਾਂਗਣਾਵਾਂ
ਲੇਖਕ : ਭੁਪਿੰਦਰ ਉਪਰਾਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 73550-14055

ਰੀਵਿਊ ਅਧੀਨ ਪੁਸਤਕ ਵਿਚ ਭਾਰਤ ਦੀਆਂ 22 ਬਹਾਦਰ ਨਾਰੀਆਂ ਦੇ ਸੰਖਿਪਤ ਜੀਵਨ ਸਮਾਚਾਰ ਅੰਕਿਤ ਹਨ। ਇਨ੍ਹਾਂ ਔਰਤਾਂ ਨੇ ਦੇਸ਼ ਦੀ ਖ਼ਾਤਰ ਅਜਿਹੇ ਕਾਰਜ ਕੀਤੇ, ਜੋ ਪ੍ਰੇਰਨਾ ਸਰੋਤ ਹਨ। ਲੇਖਕ ਨੇ ਵੱਖ-ਵੱਖ ਔਰਤਾਂ ਦੀਆਂ ਵਿਭਿੰਨ ਜੀਵਨ ਘਟਨਾਵਾਂ ਅਤੇ ਸ਼ਖ਼ਸੀਅਤ ਦੇ ਕੁਝ ਉਘੜਵੇਂ ਪੱਖਾਂ ਨੂੰ ਰੇਖਾਂਕਿਤ ਕੀਤਾ ਹੈ। ਇਹ ਉਹ ਨਾਰੀਆਂ ਹਨ, ਜਿਨ੍ਹਾਂ ਨੇ ਮਹਾਨ ਸੂਰਬੀਰਾਂ/ ਰਾਜਿਆਂ-ਮਹਾਰਾਜਿਆਂ ਨੂੰ ਜਨਮ ਦਿੱਤਾ ਅਤੇ ਕੁਝ ਇਕ ਨੇ ਦੇਸ਼ ਦੀ ਪ੍ਰਤਿਸ਼ਠਾ ਤੇ ਆਭਾ ਦੀ ਰੱਖਿਆ ਹਿਤ ਆਪਣੀ ਜਾਨ ਦੀ ਬਾਜ਼ੀ ਤੱਕ ਲਗਾ ਦਿੱਤੀ। ਇਨ੍ਹਾਂ ਨਾਰੀਆਂ ਦੇ ਜੀਵਨ ਤੋਂ ਸਾਨੂੰ ਉਨ੍ਹਾਂ ਦੇ ਉੱਚੇ ਸੁੱਚੇ ਆਚਰਣ ਤੇ ਦੇਸ਼ ਭਗਤੀ ਦੀ ਭਾਵਨਾ ਦੇ ਦੀਦਾਰ ਹੁੰਦੇ ਹਨ। ਰਜ਼ੀਆ ਸੁਲਤਾਨ ਨੇ ਭਾਰਤ ਉੱਤੇ 1236 ਤੋਂ 1240 ਤੱਕ ਰਾਜ ਕੀਤਾ; ਜਵਾਹਰ ਬਾਈ ਨੇ ਚਿਤੌੜ ਉੱਤੇ ਬਹਾਦੁਰਸ਼ਾਹ ਦੇ ਹਮਲੇ ਦੌਰਾਨ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ; ਜੀਜਾ ਬਾਈ ਨੇ ਆਪਣੇ ਪੁੱਤਰ ਸ਼ਿਵਾਜੀ ਮਰਾਠਾ ਦੀ ਸ਼ਖ਼ਸੀਅਤ ਉਸਾਰੀ ਲਈ ਮਹੱਤਵਪੂਰਨ ਯੋਗਦਾਨ ਦਿੱਤਾ; ਅਹਿਲਿਆ ਬਾਈ ਨੇ ਆਪਣੇ ਰਾਜ ਦੀ ਤਰੱਕੀ ਲਈ ਉਸਾਰੂ ਫ਼ੈਸਲੇ ਲਏ; ਦੁਰਗਾਵਤੀ ਨੇ ਆਸਫ਼ ਖਾਂ ਦਾ ਮੁਕਾਬਲਾ ਕਰਦਿਆਂ ਵੀਰਗਤੀ ਪ੍ਰਾਪਤ ਕੀਤੀ; ਲਕਸ਼ਮੀ ਬਾਈ ਨੇ ਝਾਂਸੀ ਨੂੰ ਬਚਾਉਣ ਲਈ ਅੰਗਰੇਜ਼ਾਂ ਨਾਲ ਯੁੱਧ ਕਰਦਿਆਂ ਪ੍ਰਾਣ ਨਿਛਾਵਰ ਕਰ ਦਿੱਤੇ; ਚੇਨੰਮਾ ਨੇ ਕਿਤੂਰ ਉੱਤੇ ਅੰਗਰੇਜ਼ੀ ਰਾਜ ਦੇ ਕਬਜ਼ੇ ਵਿਰੁੱਧ ਜੰਗ ਵਿਚ ਸ਼ਹੀਦੀ ਪ੍ਰਾਪਤ ਕੀਤੀ; ਭੀਮਾ ਬਾਈ ਨੇ ਆਪਣੀ ਸਿਆਣਪ ਨਾਲ ਇੰਦੌਰ ਨੂੰ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਬਣਨ ਤੋਂ ਬਚਾਇਆ; ਰਾਣੀ ਸਾਹਿਬ ਕੌਰ ਨੇ ਅੰਗਰੇਜ਼ਾਂ ਤੇ ਮਰਹੱਟਿਆਂ ਵਿਰੁੱਧ ਜੰਗ ਵਿਚ ਜਿੱਤ ਪ੍ਰਾਪਤ ਕੀਤੀ; ਹਜ਼ਰਤ ਮਹਲ ਨੇ ਅਵਧ ਉੱਤੇ ਅੰਗਰੇਜ਼ਾਂ ਦੇ ਕਬਜ਼ੇ ਵਿਰੁੱਧ ਜੰਗ ਕੀਤੀ; 12-ਸਾਲਾ ਭੀਲ ਲੜਕੀ ਕਾਲੀ ਬਾਈ ਨੇ ਆਪਣੇ ਅਧਿਆਪਕ ਨੂੰ ਅੰਗਰੇਜ਼ਾਂ ਦੇ ਜ਼ੁਲਮਾਂ ਤੋਂ ਬਚਾਉਣ ਲਈ ਜਾਨ ਦੇ ਦਿੱਤੀ; ਕਾਮਾ ਭੀਕਾ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ ਤੇ ਫਰਾਂਸ ਵਿਚ ਜਲਾਵਤਨੀ ਦਾ ਜੀਵਨ ਬਿਤਾਇਆ; ਰਾਜਬਾਲਾ ਨੇ ਮਰਦ ਦੇ ਭੇਸ ਵਿਚ ਮੇਵਾੜ ਦੇ ਰਾਜੇ ਦੀ ਸ਼ੇਰ ਤੋਂ ਜਾਨ ਬਚਾਈ; ਪੰਨਾ ਦਾਈ ਨੇ ਬੇਮਿਸਾਲ ਢੰਗ ਨਾਲ ਮੇਵਾੜ ਵੰਸ਼ ਦੀ ਰਾਖੀ ਕੀਤੀ; ਕਿਸ਼ੋਰੀ ਰਾਣੀ ਦਾ ਭਰਤਪੁਰ ਦੀਆਂ ਲੋਕ ਕਥਾਵਾਂ ਵਿਚ ਵੱਡਾ ਨਾਂਅ ਹੈ; ਹਾੜਾ ਰਾਣੀ ਨੇ ਆਪਣੇ ਪਤੀ ਰੂੜਾਵਤ ਨੂੰ ਮੁਗਲ ਸੈਨਾ ਨਾਲ ਯੁੱਧ ਵਿਚ ਦੁਚਿਤੀ ਵਿਚ ਵੇਖਦਿਆਂ ਤਲਵਾਰ ਨਾਲ ਆਪਣਾ ਸਿਰ ਵੱਢ ਕੇ ਦਿੱਤਾ; ਝਲਕਾਰੀ ਬਾਈ ਨੇ ਬਹੁਤ ਚਲਾਕੀ ਨਾਲ ਅੰਗਰੇਜ਼ ਅਫ਼ਸਰ ਨੂੰ ਧੋਖਾ ਦਿੱਤਾ; ਅਵੰਤੀ ਬਾਈ ਨੇ ਅੰਗਰੇਜ਼ਾਂ ਨਾਲ ਯੁੱਧ ਕਰਦਿਆਂ ਘਿਰ ਜਾਣ ਤੇ ਖੁਦ ਨੂੰ ਤਲਵਾਰ ਨਾਲ ਖ਼ਤਮ ਕਰ ਲਿਆ; ਮਾਤਾਂਗਿਨੀ ਹਜ਼ਾਰਾ ਭਾਰਤੀ ਆਜ਼ਾਦੀ ਹਿਤ ਪੁਲਿਸ ਗੋਲੀ ਦਾ ਸ਼ਿਕਾਰ ਹੋ ਗਈ; ਕਸਤੂਰਬਾ ਗਾਂਧੀ ਨੇ ਹਰ ਥਾਂ ਪਤੀ ਮਹਾਤਮਾ ਗਾਂਧੀ ਦਾ ਡਟ ਕੇ ਸਾਥ ਦਿੱਤਾ; ਬੀਬੀ ਗੁਲਾਬ ਕੌਰ ਨੇ ਗ਼ਦਰ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲਿਆ; ਕਮਲਾ ਨਹਿਰੂ ਨੇ ਪਤੀ ਜਵਾਹਰ ਲਾਲ ਨਹਿਰੂ ਨਾਲ ਸੁਤੰਤਰਤਾ ਸੰਗਰਾਮ ਵਿਚ ਸਾਥ ਦਿੱਤਾ ਤੇ 36 ਸਾਲ ਦੀ ਉਮਰੇ ਅੰਗਰੇਜ਼ਾਂ ਦੀ ਗ੍ਰਿਫ਼ਤਾਰੀ ਵਿਚ ਸਰੀਰ ਤਿਆਗ ਦਿੱਤਾ। ਹਰ ਮਹਾਨ ਨਾਰੀ ਦੇ ਲੇਖ ਨਾਲ ਉਚਿਤ ਤਸਵੀਰ ਵੀ ਦਿੱਤੀ ਗਈ ਹੈ। ਸਰਵਰਕ ਤੇ ਵੀ 7 ਔਰਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ। ਇਨ੍ਹਾਂ ਵਿਚ ਉਹ ਨਾਰੀਆਂ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਕਾਰਨਾਮੇ ਬਹੁਤ ਮਹਾਨ ਹਨ, ਪਰ ਉਹ ਜ਼ਿਆਦਾਤਰ ਅਣਗੌਲੀਆਂ ਹੀ ਰਹੀਆਂ। ਪੁਸਤਕ-ਲੇਖਕ ਬਾਰੇ ਛੋਟੀ-ਮੋਟੀ ਜਾਣਕਾਰੀ ਵੀ ਨਹੀਂ ਮਿਲਦੀ। ਹੋਰ ਤਾਂ ਹੋਰ ਉਹਦੇ ਐਡਰੈਸ ਦਾ ਵੇਰਵਾ ਵੀ ਗੈਰਹਾਜ਼ਰ ਹੈ, ਤਾਂ ਵੀ ਭਾਰਤੀ ਨਾਰੀਆਂ ਬਾਰੇ ਇਹ ਕਿਤਾਬ ਮਹੱਤਵਪੂਰਨ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94165-92015

ਨਾਗ ਕਥਾਵਾਂ
ਲੇਖਕ : ਵਿਜੈਦਾਨ ਦੇਥਾ
ਸੰਪਾਦਨ ਅਤੇ ਅਨੁਵਾਦ : ਕੇਸਰਾ ਰਾਮ
ਪ੍ਰਕਾਸ਼ਕ : ਨਵਯੁੱਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 094162-35210

ਸੱਪ ਅਤੇ ਮਨੁੱਖ ਦਾ ਆਪਸੀ ਰਿਸ਼ਤਾ ਅਜ਼ਲਾਂ ਤੋਂ ਬਹੁਤ ਪੱਕਾ ਪੀਡਾ ਰਿਹਾ ਹੈ। ਮਿੱਥ ਕਥਾਵਾਂ ਅਤੇ ਕਹਾਣੀਆਂ ਇਨ੍ਹਾਂ ਸੰਬੰਧਾਂ ਨਾਲ ਭਰੀਆਂ ਪਈਆਂ ਹਨ। ਸ਼ੇਸ਼ਨਾਗ ਵਿਸ਼ਣੂੰ ਜੀ ਦੀ ਸ਼ਈਆ ਵਜੋਂ ਵਰਤੇ ਜਾਂਦੇ ਹਨ। ਭਾਰਤੀ ਮਿੱਥ ਮੰਨਦਾ ਹੈ ਕਿ ਧਰਤੀ ਨਾਗ ਦੇ ਫ਼ਨ 'ਤੇ ਟਿਕੀ ਹੋਈ ਹੈ। ਨਾਗ ਪੰਚਮੀ ਦਾ ਤਿਉਹਾਰ ਸਾਡੇ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ। 'ਨਾਗ ਕਥਾਵਾਂ' ਰਾਜਸਥਾਨ ਦੇ ਪ੍ਰਸਿੱਧ ਅਤੇ ਪ੍ਰਮੁੱਖ ਲੇਖਕ ਵਲੋਂ ਰਚੀਆਂ ਗਈਆਂ ਹਨ, ਜਿਨ੍ਹਾਂ ਦੀ ਸੰਪਾਦਨਾ ਅਤੇ ਅਨੁਵਾਦ ਪ੍ਰਸਿੱਧ ਕਹਾਣੀਕਾਰ ਕੇਸਰਾ ਰਾਮ ਵਲੋਂ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ ਉਸ ਨੇ ਵੱਖ-ਵੱਖ ਸੁਭਾਅ ਦਰਸਾਉਂਦੀਆਂ ਦਸ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਕਿਸੇ ਨਾ ਕਿਸੇ ਤਰੀਕੇ ਨਾਗ ਜਾਂ ਸੱਪ ਦੀ ਸ਼ਮੂਲੀਅਤ ਮੁੱਖ ਪਾਤਰ ਵਜੋਂ ਹੋਈ ਹੈ, ਜੋ ਮਨੁੱਖਾਂ ਵਾਂਗ ਬੋਲਦੇ ਤੇ ਵਿਹਾਰ ਕਰਦੇ ਹਨ। ਸੱਪ ਨੂੰ ਸੈਕਸ ਅਤੇ ਧਨ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਸੱਪ ਮਨੁੱਖ ਨੂੰ ਆਪਣੇ ਰਾਹ ਤੋਂ ਭਟਕਾਉਂਦਾ ਵੀ ਦਿਖਾਇਆ ਗਿਆ ਹੈ ਜਿਵੇਂ 'ਸੁਨਹਿਰੀ ਸੱਪ' ਵਿਚਲੀ ਕਹਾਣੀ ਦਰਸਾਉਂਦੀ ਹੈ। 'ਸਿੱਧਾ ਹਿਸਾਬ' ਬਦਲਾਖੋਰ ਸੱਪ ਦੀ ਬਾਤ ਪਾਉਂਦੀ ਹੈ। 'ਅਕ੍ਰਿਤਘਨ ਸੱਪ' ਵਿਚਲਾ ਸੱਪ ਆਪਣੇ ਨਾਲ ਮਨੁੱਖ ਵਲੋਂ ਕੀਤੇ ਭਲੇ ਨੂੰ ਭੁੱਲ ਕੇ ਉਸ ਨੂੰ ਡੰਗ ਮਾਰਨਾ ਚਾਹੁੰਦਾ ਹੈ। 'ਪੁਰਾਣਾ ਸੱਪ', 'ਨਾਗਣ ਤੇਰਾ ਬੰਸ਼ ਵਧੇ', 'ਕੱਟੀ ਹੋਈ ਪੂੰਛ ਵਾਲਾ ਭਰਾ', 'ਫੂਲ ਕੰਵਰ' ਕਹਾਣੀਆਂ ਮਨੁੱਖ-ਹਿਤੈਸ਼ੀ ਸੱਪਾਂ ਦੀਆਂ ਗੱਲਾਂ ਕਰਦੀਆਂ ਹਨ। 'ਸੱਪ ਦੀ ਕ੍ਰਿਤੱਗਤਾ' ਵਿਚ ਭਲਾ ਕਰਨ ਵਾਲੇ ਸੱਪ ਦੀ ਤਸਵੀਰ ਜ਼ਾਹਰ ਹੁੰਦੀ ਹੈ। 'ਲਿਖੇ ਹੋਏ ਲੇਖ ਟਲ ਜਾਣ' ਕਹਾਣੀ ਵਿਚ ਵੀ ਸੱਪ ਦਾ ਭਰਪੂਰ ਜ਼ਿਕਰ ਹੋਇਆ ਹੈ। ਇੰਝ ਇਹ ਕਹਾਣੀਆਂ ਨਿਰੋਲ ਸੱਪਾਂ ਬਾਰੇ ਹਨ ਤੇ ਕਿਸੇ ਨਾ ਕਿਸੇ ਤਰੀਕੇ ਹਰੇਕ ਕਹਾਣੀ ਵਿਚ ਸੱਪ ਦਾ ਜ਼ਿਕਰ ਜਾਂ ਸ਼ਮੂਲੀਅਤ ਹੋਈ ਹੈ। ਹਰੇਕ ਕਹਾਣੀ ਦੀ ਚੂਲ ਸੱਪਾਂ 'ਤੇ ਹੀ ਟਿਕੀ ਦਿਖਾਈ ਦਿੰਦੀ ਹੈ। ਇਨ੍ਹਾਂ ਕਹਾਣੀਆਂ ਤੋਂ ਸਾਨੂੰ ਸੱਪਾਂ ਦੇ ਸੁਭਾਅ, ਕਾਰਜਾਂ ਅਤੇ ਲੋਕ-ਹਿਤੈਸ਼ੀ ਭਾਵਨਾਵਾਂ ਦਾ ਪਤਾ ਲੱਗਦਾ ਹੈ। ਇਨ੍ਹਾਂ ਨੂੰ ਲੋਕ-ਕਹਾਣੀਆਂ ਜਾਂ ਬਾਤਾਂ ਵਜੋਂ ਵੀ ਪੜ੍ਹਿਆ ਜਾ ਸਕਦਾ ਹੈ। ਕਹਾਣੀਆਂ ਰੌਚਕ ਹਨ। ਪੜ੍ਹਨਯੋਗ ਹਨ। ਨਵਾਂ ਬਿਰਤਾਂਤ ਸਿਰਜਦੀਆਂ ਹਨ।

-ਕੇ. ਐੱਲ. ਗਰਗ
ਮੋਬਾਈਲ : 94635-37050

ਮੌਨ ਦਾ ਅਨੁਵਾਦ
ਲੇਖਕ : ਰੂਪ ਦਵਿੰਦਰ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : roopnahil@yahoo.com


'ਯਾਦਾਂ ਦੀ ਮਹਿਕ' ਤੋਂ ਬਾਅਦ 'ਮੌਨ ਦਾ ਅਨੁਵਾਦ' ਰੂਪ ਦਵਿੰਦਰ ਕੌਰ ਦਾ ਖ਼ੂਬਸੂਰਤ ਕਾਵਿ-ਸੰਗ੍ਰਹਿ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਸ਼ਬਦ ਵੀ ਹਨ, ਸੁਹਜ ਵੀ ਹੈ, ਖ਼ਿਆਲ ਵੀ ਹਨ ਅਤੇ ਸੰਵਾਦ ਰਚਾਉਣ ਦਾ ਹੁਨਰ ਵੀ। ਉਨ੍ਹਾਂ ਦੀ ਕਵਿਤਾ ਦਾ ਹਾਸਿਲ ਹੈ ਕਿ ਉਹ ਖ਼ਿਆਲਾਂ ਦੇ ਅਰਥਾਂ ਨੂੰ ਬੇਅਰਥ ਨਹੀਂ ਹੋਣ ਦਿੰਦੇ। ਇਸੇ ਲਈ ਤਾਂ ਉਹ ਬੜੀ ਹੀ ਸਹਿਜਤਾ ਨਾਲ ਅਜੋਕੇ ਪਦਾਰਥਵਾਦੀ ਯੁੱਗ ਵਿਚ ਮਹਿਜ ਪਦਾਰਥ ਸਮਝੀ ਜਾ ਰਹੀ ਔਰਤ ਨੂੰ ਮਰਦ ਦੇ ਬਰਾਬਰ ਖੜ੍ਹਾ ਕਰ ਦਿੰਦੇ ਹਨ:
ਕੌਣ ਕਹੇ ਕਿ ਔਰਤ ਦਾ
ਤਾਂ ਘਰ ਹੀ ਹੁੰਦਾ ਨਹੀਂ,
ਔਰਤ ਨੇ ਹੀ ਘਰ ਤੇ
ਦੁਨੀਆਦਾਰੀ ਸਾਂਭੀ ਏ।
ਰੂਪ ਦਵਿੰਦਰ ਕੌਰ ਸਮਝਦੇ ਹਨ ਕਿ ਸੱਚ ਸਿਰਫ਼ ਉਹੀ ਨਹੀਂ ਹੁੰਦਾ, ਜੋ ਸਾਨੂੰ ਦਿਖਾਈ ਦੇ ਰਿਹਾ ਹੁੰਦਾ ਹੈ ਬਲਕਿ ਬਹੁਤੀ ਵਾਰ ਸੱਚ ਉਹ ਵੀ ਹੁੰਦਾ ਹੈ, ਜੋ ਸਾਡੇ ਕੋਲੋਂ ਲੁਕੋ ਲਿਆ ਹੁੰਦਾ ਹੈ। ਅਸੀਂ ਦੇਖਦੇ ਹਾਂ ਕਿ ਮਨੁੱਖ ਅਸਲ ਵਿਚ ਜਿਹੋ ਜਿਹਾ ਹੁੰਦਾ ਹੈ, ਉਹੋ ਜਿਹਾ ਦਿਸਣਾ ਨਹੀਂ ਚਾਹੁੰਦਾ ਅਤੇ ਜਿਹੋ ਜਿਹਾ ਉਹ ਦਿਸਣਾ ਚਾਹੁੰਦਾ ਹੈ, ਅਸਲ ਵਿਚ ਉਹੋ ਜਿਹਾ ਹੁੰਦਾ ਨਹੀਂ ਹੈ। ਅਕਸਰ ਸਾਡੇ ਠੱਗੇ ਜਾਣ ਦਾ ਕਾਰਨ ਵੀ ਇਹੋ ਹੀ ਹੁੰਦਾ ਕਿ ਅਸੀਂ ਤਸਵੀਰ ਦਾ ਸਿਰਫ਼ ਇਕ ਪਾਸਾ ਹੀ ਦੇਖ ਸਕਦੇ ਹਾਂ:
ਜੋ ਇੱਕ ਪਾਸੇ ਦਿਸਦੈ, ਦੂਜੀ ਤਰਫ਼ ਨਹੀਂ ਹੁੰਦਾ,
ਯਾਦ ਰਹੇ, ਤਸਵੀਰ ਦੇ ਦੋਨੋਂ ਪਾਸੇ ਹੁੰਦੇ ਨੇ।
ਰੂਪ ਦਵਿੰਦਰ ਕੌਰ ਦੀ ਕਵਿਤਾ ਵਿਚ ਉਹ ਸਾਰੇ ਗੁਣ ਮੌਜੂਦ ਹਨ, ਜਿਹੜੇ ਕਿਸੇ ਚੰਗੀ ਰਚਨਾ ਵਿਚ ਹੋਣੇ ਲਾਜ਼ਮੀ ਹੁੰਦੇ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਕੇਵਲ ਸ਼ਬਦ ਅਤੇ ਅਰਥ ਹੀ ਨਹੀਂ ਬੋਲਦੇ ਬਲਕਿ ਇਨ੍ਹਾਂ ਦੇ ਵਿਚਕਾਰਲੀਆਂ ਖਾਲੀ ਥਾਵਾਂ ਵੀ ਬਹੁਤ ਕੁਝ ਕਹਿੰਦੀਆਂ ਪ੍ਰਤੀਤ ਹੁੰਦੀਆਂ ਹਨ। ਉਨ੍ਹਾਂ ਦੀਆਂ ਕਵਿਤਾਵਾਂ ਹਰ ਤਰ੍ਹਾਂ ਦੀ ਮਨੁੱਖੀ ਵਿਤਕਰੇਬਾਜ਼ੀ ਦੇ ਖ਼ਿਲਾਫ਼ ਹੱਕ, ਇਨਸਾਫ਼ ਅਤੇ ਆਜ਼ਾਦੀ ਦਾ ਪਰਚਮ ਬੁਲੰਦ ਕਰਦੀਆਂ ਹਨ। ਉਨ੍ਹਾਂ ਕੋਲੋਂ ਅਜਿਹੀ ਹੋਰ ਮਿਆਰੀ ਸਿਰਜਣਾ ਦੀ ਉਮੀਦ ਕਰਦਿਆਂ ਉਨ੍ਹਾਂ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਸਵੈ ਦੀ ਪਰਿਕਰਮਾ
ਲੇਖਿਕਾ : ਦਵਿੰਦਰ ਬਾਂਸਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 155
ਸੰਪਰਕ : 077174-65715

ਦਵਿੰਦਰ ਬਾਂਸਲ ਪਰਦੇਸੀਂ ਵਸਦੀ ਹੋਈ ਪੰਜਾਬੀ ਮੁਹੱਬਤੀ ਮਿੱਟੀ ਨਾਲ ਜੁੜੀ ਹੋਈ ਕਵਿੱਤਰੀ ਹੈ। 'ਸਵੈ ਦੀ ਪਰਿਕਰਮਾ' (ਕਾਵਿ-ਸੰਗ੍ਰਹਿ) ਉਸ ਦਾ ਤੀਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਝਾਂਜਰਾਂ ਦੀ ਛਨ-ਛਨ' (1998-2021, 2023) ਅਤੇ 'ਜੀਵਨ ਰੁੱਤ ਦੀ ਮਾਲਾ' (2023) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। 'ਸਵੈ ਦੀ ਪਰਿਕਰਮਾ' ਕਾਵਿ-ਸੰਗ੍ਰਹਿ ਦਾ ਸਮਰਪਣ ਹਮਸਫ਼ਰ ਕਸ਼ਮੀਰ ਬਾਂਸਲ ਦੀ ਮੁਹੱਬਤ ਨੂੰ ਜੋ ਤਲਖ਼ ਸਮਿਆਂ 'ਚ ਵੀ ਠੰਢੀ ਹਵਾ ਦੇ ਬੁੱਲ੍ਹਿਆਂ ਦਾ ਅਹਿਸਾਸ ਕਰਵਾਉਂਦੀ ਰਹੀ ਹੈ। ਦੂਸਰਾ ਪੱਖ ਪੋਤੇ-ਪੋਤਰੀਆਂ ਨੂੰ ਜੋ ਭਵਿੱਖੀ ਸੁਖ਼ਦ ਅਵਸਥਾ ਦਾ ਅਹਿਸਾਸ ਅਤੇ ਊਰਜਾਵਾਨ ਹੋਣ ਦਾ ਧਰਵਾਸ ਦਿੰਦੀ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਸਫ਼ਰ' ਤੋਂ ਲੈ ਕੇ 'ਆਜਾ ਵੇ ਮਾਹੀ' ਤੱਕ 68 ਕਵਿਤਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਨ੍ਹਾਂ ਕਵਿਤਾਵਾਂ ਦਾ ਪਾਠ ਕਰਦਿਆਂ ਕਾਵਿ-ਪਾਠਕ ਮਹਿਸੂਸ ਕਰੇਗਾ ਕਿ ਨਾਰੀ ਮਨ ਦੀ ਅੰਤਰ-ਵੇਦਨਾ ਸ਼ਬਦਾਂ ਸੰਗ ਸੰਵਾਦ ਰਚਾਉਂਦੀ ਸੰਵੇਦਨਾ ਤੱਕ ਦਾ ਸਫ਼ਰ ਤਹਿ ਕਰਦੀ ਹੈ। ਉਸ ਨੂੰ ਮਹਿਸੂਸ ਹੋਏਗਾ ਕਿ ਮਨੁੱਖ ਇਤਿਹਾਸਕ ਵਿਕਾਸ ਦੇ ਪੈਂਡੇ ਤਹਿ ਕਰਦਿਆਂ ਅਪਾਰ ਪਦਾਰਥਕ ਤਰੱਕੀ ਤਾਂ ਕਰ ਗਿਆ ਹੈ ਪ੍ਰੰਤੂ ਉਸ ਦੇ ਅੰਦਰ ਸਨੇਹ, ਮੁਹੱਬਤੀ ਛਿਣਾਂ ਦੀ ਥਾਵੇਂ ਆਪਾ-ਧਾਪੀ, ਬੇ-ਵਸਾਹੀ ਦੇ ਭਾਵ ਥਾਂ ਵਸ ਗਏ ਹਨ। ਕਵਿੱਤਰੀ ਮਨੁੱਖੀ ਹੋਂਦ, ਸਵੈ-ਹੋਂਦ, ਵਰਗੀ ਵੰਡ ਦੀ ਥਾਵੇਂ ਕੁੱਲ ਲੋਕਾਈ ਅੰਦਰ ਮੁਹੱਬਤੀ ਪਲਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵੱਲ ਰੁਚਿਤ ਹੈ। ਪਦਾਰਥਕ ਸੁੱਖਾਂ ਦੀ ਪ੍ਰਾਪਤੀ ਲਈ ਹਫ਼ਦਾ ਹੋਇਆ ਮਨੁੱਖ ਆਪਣੇ ਅੰਦਰੋਂ ਸੰਤੁਸ਼ਟੀ, ਧੀਰਜਤਾ, ਸੰਜਮਤਾ ਆਦਿ ਗੁਣਾਂ ਤੋਂ ਸੱਖਣਾ ਹੋਇਆ ਮਹਿਸੂਸ ਕਰਦਾ ਹੈ, ਜੋ ਬੇ-ਚੈਨੀ, ਬੇ-ਭਰੋਸਗੀ ਦਾ ਆਲਮ ਸਿਰਜਦੀ ਹੈ। ਇਸ ਪ੍ਰਸੰਗਾਂ ਦਾ ਵੇਰਵਾ ਦਿੰਦੀਆਂ 'ਸੁਫਨਾ', 'ਮੁਕਤੀ', 'ਅਰਥ', 'ਹਸਰਤ', 'ਭੀੜ', 'ਔਰਤ', 'ਹਿਜਰ', 'ਦੂਰੀ', 'ਬੇਗ਼ਾਨਾ ਸ਼ਹਿਰ', 'ਅਸੀਂ ਤੁਰ ਜਾਣਾ', 'ਰਿਸ਼ਤਿਆਂ ਦੀ ਧੂੜ', 'ਦੁਮੇਲ', 'ਸਵੈ ਦੀ ਪਰਿਕਰਮਾ', 'ਘਰ', 'ਵਸੀਅਤ', 'ਉਮੀਦ', 'ਬਿਖੜੇ ਪੈਂਡੇ' ਆਦਿ ਕਵਿਤਾਵਾਂ ਦੇਖੀਆਂ ਜਾ ਸਕਦੀਆਂ ਹਨ। 'ਉਮੀਦ' ਕਵਿਤਾ ਦੀਆਂ ਹੇਠਲੀਆਂ ਸਤਰਾਂ ਉਪਰੋਕਤ ਵੇਰਵਿਆਂ ਨੂੰ ਤਸਦੀਕ ਕਰਦੀਆਂ ਹਨ :
ਸੋਚਾਂ ਦੇ ਜੰਗਲ ਦੀ/ਕਰ ਪਰਿਕਰਮਾ
ਫਿਰ ਅੱਜ ਘਰ ਹਾਂ ਮੁੜੀ/ਹਿਜਰਾਂ ਦੇ ਕੰਡਿਆਂ
ਪਰੁੰਨ ਦਿੱਤੇ ਜਜ਼ਬੇ ਨੇ/ਫੇਰ ਵੀ ਮੈਂ ਖੜ੍ਹੀ ਦੀ ਖੜ੍ਹੀ...

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਫੁਲਮੋਂ ਤੇ ਰਾਂਝੂ
ਲੇਖਕ : ਮੋਹਨ ਸਿੰਘ ਪ੍ਰੀਤ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 62
ਸੰਪਰਕ : 94649-54400

ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੀ ਇਕ ਲੋਕ-ਪ੍ਰੀਤ ਕਹਾਣੀ ਨੂੰ ਲੇਖਕ ਨੇ ਪੰਜਾਬੀ ਜ਼ਬਾਨ ਰਾਹੀਂ ਇਸ ਪੁਸਤਕ ਵਿਚ ਸਾਂਭ ਕੇ ਸ਼ਲਾਘਾਯੋਗ ਉੱਦਮ ਕੀਤਾ ਹੈ। ਪੰਜਾਬ ਦੇ ਪ੍ਰੀਤ-ਨਾਇਕਾ ਵਾਂਗ ਹਿਮਾਚਲ ਪ੍ਰਦੇਸ਼ ਦੇ ਇਹ ਪ੍ਰੀਤ-ਨਾਇਕ ਫੁਲਮੋਂ ਅਤੇ ਰਾਂਝੂ ਸੱਚੀ ਪ੍ਰੀਤ ਨੂੰ ਅਮਰ ਕਰਨ ਲਈ ਕੁਰਬਾਨੀ ਦਿੰਦੇ ਹਨ। ਜਿਵੇਂ ਕਿ ਪੁਸਤਕ ਦੇ ਲੇਖਕ ਮੋਹਨ ਸਿੰਘ ਪ੍ਰੀਤ ਨੇ ਦੇ ਬੈਕ 'ਤੇ ਲਿਖਿਆ ਹੈ ਕਿ 'ਆਖਰ ਸਮਾਜਿਕ ਵਿਰੋਧ ਦੇ ਚਲਦਿਆਂ ਵਿਆਹ-ਬੰਧਨ 'ਚ ਬੱਝਣ ਦੀ ਰੀਝ ਦਿਲ 'ਚ ਲੈ ਕੇ ਫੁਲਮੋਂ ਤੇ ਰਾਂਝੂ ਇਸ ਦੁਨੀਆ ਤੋਂ ਰੁਖ਼ਸਤ ਹੋ ਕੇ ਸਦਾ ਲਈ ਅਮਰ ਹੋ ਜਾਂਦੇ ਹਨ।
ਪ੍ਰੇਮਿਕਾ ਫੁਲਮੋਂ ਗੱਦੀ ਕੌਮ ਦੇ ਪਰਿਵਾਰ ਦੀ ਧੀ ਹੈ, ਜੋ ਭੇਡਾਂ ਬੱਕਰੀਆਂ ਪਾਲ ਕੇ ਪਰਿਵਾਰ ਦਾ ਗੁਜ਼ਾਰਾ ਤੋਰਦੇ ਹਨ। ਰਾਂਝੂ ਅਮੀਰ ਖਾਨਦਾਨ ਦਾ ਪੁੱਤਰ ਹੈ। ਗ਼ਰੀਬੀ ਦੋਵਾਂ ਦੇ ਪਿਆਰ ਵਿਚ ਵੱਡੀ ਰੁਕਾਵਟ ਸਾਬਤ ਹੁੰਦੀ ਹੈ। ਲੇਖਕ ਨੇ ਇਸ ਕਹਾਣੀ ਨੂੰ ਪੇਸ਼ ਕਰਨ ਵਿਚ ਨਾਟਕੀ ਸ਼ੈਲੀ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਇਸ ਪਹਾੜੀ ਪ੍ਰੇਮੀ-ਪ੍ਰੇਮਿਕਾ ਦੀ ਪ੍ਰੀਤ-ਕਹਾਣੀ ਨੂੰ ਲੇਖਕ ਨੇ ਧੁਰ ਰੂਹ ਤੋਂ ਲਿਖਿਆ ਜਾਪਦਾ ਹੈ। ਪਹਾੜੀ ਵਾਤਾਵਰਨ ਨੂੰ ਸਿਰਜਣ ਹਿਤ ਉਸ ਨੇ ਆਪਣੀ ਕਲਾ ਦੀ ਭਲੀ ਭਾਂਤ ਵਰਤੋਂ ਕੀਤੀ ਹੈ। ਪੁਸਤਕ ਸਾਂਭਣਯੋਗ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਉਮਰੋਂ ਲੰਮਾ ਹਾਉਕਾ
ਲੇਖਕ : ਪਰਮਜੀਤ ਕੌਰ ਸਰਹਿੰਦ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ 159
ਸੰਪਰਕ : 98728-98599

ਵਿਚਾਰਧੀਨ ਪੁਸਤਕ ਬਹੁ-ਪੱਖੀ ਸਿਰਜਣਾਤਮਿਕ ਸ਼ਖ਼ਸੀਅਤ ਪਰਮਜੀਤ ਕੌਰ ਸਰਹਿੰਦ ਦੀ ਗਹਿਰੇ ਦੁੱਖਾਂ ਭਰੇ ਨਿਬੰਧਾਂ ਦੀ ਦਾਸਤਾਂ ਹੈ। ਇਹ ਰਚਨਾ ਮੁੱਖ ਤੌਰ 'ਤੇ ਸਵੈ-ਜੀਵਨਾਤਮਕ ਕਸ਼ਟਾਂ ਭਰੀਆਂ ਯਾਦਾਂ ਨਾਲ ਲਬਰੇਜ਼ ਹੈ। ਇਹ ਪੁਸਤਕ ਉਸ ਨੇ ਆਪਣੇ ਜੀਵਨ-ਸਾਥੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਸਿਰਜੀ ਹੈ। ਉਸ ਦੇ ਸਪੁੱਤਰ ਦੀ ਵੀ 19 ਵਰ੍ਹੇ ਪਹਿਲਾਂ 31 ਸਾਲ ਦੀ ਉਮਰ ਵਿਚ ਮ੍ਰਿਤੂ ਹੋ ਗਈ ਸੀ। ਉਸ ਦੇ ਪਤੀ ਨੂੰ ਬ੍ਰੇਨ ਵਿਚ ਕਲੌਟ ਦੀ ਤਕਲੀਫ਼ ਸੀ। ਇਸ ਕਿਤਾਬ ਦੇ ਅੰਤ ਵਿਚ ਲਗਭਗ 32-33 ਪੰਨਿਆਂ ਵਿਚ (ਪੰਨਾ 126-189) ਵਿਚ ਫੈਲਿਆ ਹਿਰਦੇਵੇਧਕ ਨਾਵਲੈੱਟ ਪੜ੍ਹ ਕੇ ਸਾਰਾ ਦੁਖਾਂਤ ਪਾਠਕਾਂ ਦੀ ਸਾਂਝ ਵਿਚ ਆ ਸਕਦਾ ਹੈ। ਇਸ ਦੇ ਪਹਿਲੇ ਲਗਭਗ 9 ਕਾਂਡ ਵੀ ਇਸੇ ਦੁਖਾਂਤ ਦਾ ਤੀਬਰਤਾ ਨਾਲ ਅਹਿਸਾਸ ਕਰਵਾਉਂਦੇ ਹਨ। ਵਿਚ-ਵਿਚਾਲੇ ਲੇਖਿਕਾ ਪਾਠਕਾਂ ਨੂੰ ਲੋਕ ਗੀਤਾਂ ਦੀ ਪ੍ਰਕਿਰਤਕ ਸ਼ਰਨ ਵਿਚ ਲੈ ਜਾਂਦੀ ਹੈ, ਜਿਸ ਨਾਲ ਪਾਠਕਾਂ ਨੂੰ ਕੁਝ ਸਮੇਂ ਲਈ ਰਾਹਤ ਮਿਲਣੀ ਸੁਭਾਵਿਕ ਹੈ। ਕਈ ਨਿਬੰਧ ਪੰਜਾਬੀ ਰਹਿਤਲ ਨਾਲ ਸੰਬੰਧਿਤ ਹਨ, ਜਿਵੇਂ ਨਸ਼ੇ, ਕਰਜ਼ੇ, ਖ਼ੁਦਕੁਸ਼ੀਆਂ, ਪੁੱਤਰਾਂ/ਧੀਆਂ ਦੀ ਪ੍ਰਵਾਸ ਵੱਲ ਦੌੜ ਅਤੇ ਪਿਛੋਂ ਰਹਿ ਜਾਂਦੇ ਨੇ ਹਉਕੇ ਭਰਦੇ ਮਾਪੇ। ਔਰਤ ਦੀ ਮਾਨਸਿਕਤਾ ਨੂੰ ਵੱਖ-ਵੱਖ ਪਰਿਪੇਖਾਂ (ਬਾਂਝ, ਵਿਧਵਾ, ਮਤ੍ਰੇਈ ਆਦਿ) ਵਿਚ ਦਰਸਾਇਆ ਹੈ। ਪਰਵਾਸ ਦੀਆਂ ਸਮੱਸਿਆਵਾਂ ਦਾ ਬਾਖ਼ੂਬੀ ਵਰਣਨ ਕੀਤਾ ਹੈ। ਇੰਗਲੈਂਡ ਅਤੇ ਨਾਰਵੇ ਵਿਚ ਰਹਿੰਦੀਆਂ ਧੀਆਂ-ਜਵਾਈਆਂ ਦੋਹਤੇ/ ਦੋਹਤੀਆਂ ਦੀਆਂ ਪ੍ਰਾਪਤੀਆਂ ਦੀ ਸੋਹਣੀ ਪ੍ਰਸਤੁਤੀ ਕੀਤੀ ਹੈ। ਪਤੀ (ਜੀਵਨ-ਸਾਥੀ) ਦੀ ਖ਼ਤਰਨਾਕ ਬਿਮਾਰੀ ਸਮੇਂ ਫੋਰਟਿਸ ਹਸਪਤਾਲ ਵਿਚ, ਬੇਅਰਾਮੀ ਝੱਲ ਕੇ, ਸੇਵਾ-ਸੰਭਾਲ ਕਰਨ ਵਾਲਿਆਂ ਦੀ ਖੇਚਲ ਦੀ ਇੰਨ-ਬਿੰਨ ਪੇਸ਼ਕਾਰੀ ਕੀਤੀ ਹੈ। ਲਗਭਗ ਸਾਰੇ ਦੂਰ-ਨੇੜੇ ਦੇ ਪਰਿਵਾਰਾਂ ਦੇ ਨਾਵਾਂ ਸੰਬੰਧੀ ਜਾਣਕਾਰੀ ਦਿੱਤੀ ਹੈ। ਪਿਤਾ ਦੀ ਬਿਮਾਰੀ ਸਮੇਂ ਫ਼ਿਕਰ ਵਿਚ ਡੁੱਬੀਆਂ, ਇੰਗਲੈਂਡ ਅਤੇ ਨਾਰਵੇ ਵਿਚ ਬੈਠੀਆਂ ਧੀਆਂ, ਦੇ ਵਾਰ-ਵਾਰ ਫ਼ੋਨ ਆਉਂਦੇ, ਵਿਖਾਏ ਗਏ ਹਨ। ਦਿਲ-ਚੀਰਵੇਂ ਆਖਰੀ ਪੰਨੇ ਪੜ੍ਹਦਿਆਂ ਪਾਠਕ ਵੀ ਹੰਝੂ ਵਹਾਏ ਬਿਨਾਂ ਸ਼ਾਇਦ ਨਾ ਰਹਿ ਸਕੇ ਜਦੋਂ ਪਰਮਜੀਤ ਲਿਖਦੀ ਹੈ :
'ਸਾਥੀ ਦੇ ਚਿਹਰੇ 'ਤੇ ਬੀਤੇ ਦਿਨ ਵਗਦੀ ਲਾਲੀ ਡੁੱਬਦੇ ਸੂਰਜ ਦੀ ਆਖਰੀ ਲਾਲੀ ਵਰਗੀ ਸੀ... ਉਨ੍ਹਾਂ ਦੀ ਬੁਲੰਦ ਆਵਾਜ਼ ਵਿਚ ਮੈਨੂੰ 'ਗੁੱਡ ਨਾਈਟ' ਕਹਿਣਾ ਮੇਰੇ ਜੀਵਨ ਵਿਚ ਛਾ ਜਾਣ ਵਾਲੇ ਹਨੇਰੇ ਦਾ ਸੰਦੇਸ਼ ਸੀ...' (ਪੰਨਾ : 152)
ਸੰਖੇਪ ਇਹ ਕਿ ਦੁੱਖਦਾਈ ਨਿਬੰਧਾਂ ਦੀ ਇਹ ਕਿਤਾਬ ਅੱਖੀਂ ਵੇਖੇ, ਹੱਡੀਂ ਹੰਢਾਏ, ਕੰਨੀਂ-ਸੁਣੇ, ਸ਼ਿੱਦਤ ਨਾਲ ਅਨੁਭਵ ਕੀਤੇ ਦੁੱਖਾਂ-ਸੁੱਖਾਂ ਦਾ ਸੰਗ੍ਰਹਿ ਹੈ। ਲੇਖਿਕਾ ਦਾ ਹਉਕਿਆਂ ਤੋਂ ਪਾਰ ਲੰਘ ਜਾਣ ਦਾ ਉਪਰਾਲਾ ਹੈ। ਭਾਵਾਂ ਦਾ ਵਿਰੇਚਣ (ਕਥਾਰਸਿਸ) ਹੈ। ਲੇਖਿਕਾ ਵਿਸ਼ੇਸ਼ਕਿਤ ਤੋਂ ਸਾਧਾਰਨੀਕਰਨ ਦਾ ਸੰਦੇਸ਼ ਦੇਣ ਵੱਲ ਰੁਚਿਤ ਪ੍ਰਤੀਤ ਹੁੰਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

09-02-2025

ਜ਼ਿੰਦਗੀ ਦੀ ਖ਼ੁਸ਼ਬੂ
ਲੇਖਕ : ਡਾ. ਸ਼ਿਆਮ ਸੁੰਦਰ ਦੀਪਤੀ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ, ਫ਼ਰੀਦਕੋਟ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 98158-0850
6

ਡਾ. ਸ਼ਿਆਮ ਸੁੰਦਰ ਦੀਪਤੀ ਪੰਜਾਬੀ ਸਾਹਿਤ ਜਗਤ ਵਿਚ ਸਿਰਕੱਢ ਲੇਖਕਾਂ ਵਿਚੋ ਇੱਕ ਹਨ। ਡਾ. ਸਾਹਿਬ ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਬਤੌਰ ਪ੍ਰੋਫੈਸਰ ਤੇ ਮੁਖੀ ਵਜੋਂ ਭੂਮਿਕਾ ਨਿਭਾਅ ਰਹੇ ਹਨ। ਡਾ. ਸ਼ਿਆਮ ਸੁੰਦਰ ਦੀਪਤੀ ਨੇ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ 'ਚ ਆਪਣੀ ਕਲਮ ਨੂੰ ਸਾਰਥਕ ਬਣਾਇਆ ਹੈ। 'ਜ਼ਿੰਦਗੀ ਦੀ ਖ਼ੁਸ਼ਬੂ' ਡਾ. ਸ਼ਿਆਮ ਦਾ ਨਿਵੇਕਲਾ ਵਾਰਤਕ ਸੰਗ੍ਰਹਿ ਹੈ। ਜ਼ਿੰਦਗੀ ਦੀ ਖ਼ੁਸ਼ਬੂ ਸਿਰਲੇਖ ਆਪਣੇ ਨਾਂਅ ਨੂੰ ਸਿੱਧ ਕਰਦਾ ਹੋਇਆ, ਜ਼ਿੰਦਗੀ ਦੇ ਹਰ ਪਹਿਲੂ ਤੋਂ ਵਾਕਿਫ਼ ਕਰਵਾਉਂਦਾ ਹੈ ਸੁਚੱਜੀ ਜੀਵਨ ਸ਼ੈਲੀ ਨੂੰ ਅਪਣਾ ਜ਼ਿੰਦਗੀ ਜਿਊਣ ਦੀ ਜਾਚ ਸਿਖਾਉਂਦਾ ਹੈ। ਅਜੋਕੇ ਪਦਾਰਥਵਾਦੀ ਬੇ-ਪਰਵਾਹ ਜਗਤ ਵਿਚ ਵਿਚਰਦੇ ਜਦੋਂ ਮਨੁੱਖ ਆਪਣੇ-ਆਪ ਨੂੰ ਇਕੱਲਾ, ਉਦਾਸ, ਉਦਰੇਵਿਆਂ ਨਾਲ ਗ੍ਰਸਿਆ, ਦਿਸ਼ਾਹੀਣ, ਮੰਤਵਹੀਣ, ਮੋਹ-ਵਿਹੁਣਾ ਮਹਿਸੂਸ ਕਰਦਾ ਹੈ, ਉੱਥੇ ਮਨੁੱਖੀ ਅੰਤਰ ਮਨ ਅਤੇ ਜ਼ਿਹਨ ਕਿਸੇ ਸਕਾਰਾਤਮਕ ਮਾਰਗ-ਦਰਸ਼ਨ ਦੀ ਉਮੀਦ ਕਰਦਾ ਹੈ। ਅਜਿਹੇ ਪੱਧਰ ਉੱਤੇ ਜ਼ਿੰਦਗੀ ਦੀ ਖ਼ੁਸ਼ਬੂ ਪੁਸਤਕ ਮਾਨਵੀ ਸੰਵੇਦਨਾਵਾਂ ਨੂੰ ਸਮਝਦੀ ਹੋਈ ਮਦਦਗਾਰ ਸਾਬਿਤ ਹੁੰਦੀ ਹੈ। ਇਹ ਪੁਸਤਕ ਆਪਣੇ ਅੰਤਰਗਤ ਜੀਵਨ ਦੇ ਵਿਭਿੰਨ ਵਿਸ਼ਿਆਂ ਨੂੰ ਪ੍ਰਗਟ ਕਰਦੀ ਹੋਈ 42 ਲੇਖਾਂ ਨੂੰ ਸੰਜੋਈ ਬੈਠੀ ਹੈ। ਇਹ ਪੁਸਤਕ ਦਾ ਸਫ਼ਰ ਮਨੁੱਖਤਾ ਵੱਲ ਪਹਿਲ਼ਾ ਕਦਮ ਚੁੱਕਣ ਤੇ ਮਨੁੱਖਤਾ ਵਿਚ ਵਿਸ਼ਵਾਸ ਰੱਖਣ ਤੋਂ ਸ਼ੁਰੂ ਹੁੰਦਾ ਹੋਇਆ ਸੰਘਰਸ਼ਮਈ ਜੀਵਨ ਸ਼ੈਲੀ ਦੇ ਪੱਖਾਂ ਨੂੰ ਬਿਆਨਦਾ ਹੋਇਆ ਮਨੁੱਖਾਂ ਦੇ ਇਕਮਿਕ ਹੋਣ ਤੋਂ ਇੱਕਸੁਰ ਹੋਣ ਤੱਕ ਜਾ ਨਿੱਬੜਦਾ ਹੈ। ਜਿੱਥੇ ਅੱਜਕਲ੍ਹ ਦੀ ਪੀੜ੍ਹੀ ਮੈਨੀਫੈਸਟੇਸ਼ਨ ਵਰਗੇ ਵਿਚਾਰਾਂ ਨੂੰ ਬੇਸੁੱਧ ਹੋ ਅਪਣਾਉਂਦੀ ਹੈ, ਉੱਥੇ ਉਹ ਕਿਰਤ ਨਾਲ ਵਿਕਸਿਤ ਹੁੰਦੀ-ਸੋਚ ਲੇਖ ਵਿਚ ਕਿਰਤ ਦੇ ਮਹਤੱਵ ਨੂੰ ਬਿਆਨਦੇ ਇਹ ਆਖਦੇ ਹਨ 'ਹਰਕਤ ਤੋਂ ਬਗੈਰ ਸੋਚ ਅਪਾਹਿਜ ਹੁੰਦੀ ਹੈ।' ਜੋ ਅੱਜਕਲ੍ਹ ਦੀ ਉਸ ਸੋਚ ਨੂੰ ਦਮਦਾਰ ਸੰਦੇਸ਼ ਦਿੰਦੀ ਹੋਈ ਇੱਕ ਫਿਟਕਾਰ ਲਾਉਂਦੀ ਹੈ, ਜੋ ਮੁਸ਼ਕਤ ਤੋਂ ਜੀਅ ਚੁਰਾਉਂਦੀ ਹੋਈ ਆਪਣੇ ਲਈ &ess efforts and max}mum res&u&t ਵਰਗੀ ਬੇ-ਸਿਰ-ਪੈਰ ਦੀ ਫਿਲਾਸਫੀ ਦੇ ਅੰਬਾਰ ਨੂੰ ਉਜਾਗਰ ਕਰਦੇ ਹਨ ਅਤੇ ਆਪਣੇ ਸੁਪਨ ਜਗਤ ਵਿਚ ਗੁਆਚੇ ਖ਼ਿਆਲੀ ਪੁਲਾਓ ਪਕਾਉਂਦੇ ਰਹਿੰਦੇ ਹਨ। ਆਤਮ-ਨਿਰਭਰਤਾ ਦਾ ਪਾਠ ਪੜ੍ਹਾਉਂਦੇ ਹੋਏ ਇਹ ਪੁਸਤਕ ਵਿਚ ਡਾ. ਸਾਹਿਬ ਹੌਸਲੇ ਦੇ ਮਹੱਤਵ ਨੂੰ ਉਜਾਗਰ ਕਰਦੇ 'ਹੌਂਸਲਾ ਹੀ ਹਿੰਮਤ ਹੈ, ਹਿੰਮਤ ਹੀ ਲੈ ਜਾਂਦੀ ਹੈ ਬੁਲੰਦੀਆਂ 'ਤੇ' ਲੇਖ ਵਿਚ ਉਹ ਆਖਦੇ ਹਨ:- 'ਡਰ ਸਭ ਤੋਂ ਵੱਡਾ ਹਥਿਆਰ ਹੈ, ਹਿੰਮਤ ਨੂੰ ਕੁਰਾਹੇ ਪਾਉਣ ਦਾ।' ਆਪਣੇ-ਆਪ ਨਾਲ ਮੁਕਾਬਲਾ ਲੇਖ ਸਾਨੂੰ ਆਪਣੇ-ਆਪ ਨਾਲ ਵਿਰੇਚਨ ਦੀ ਜਾਚ ਸਿਖਾਉਂਦਾ, ਜਿਸ ਵਿਚ ਡਾ. ਸਾਹਿਬ ਉਲੇਖਦੇ ਹਨ, ਸਵੈ-ਪੜਚੌਲ ਸਾਨੂੰ ਸਵੈ-ਅਨੁਸਾਸ਼ਨ ਸਿਖਾਉਂਦਾ ਹੈ। ਜਿੱਥੇ ਅਜੋਕੀ ਪੀੜ੍ਹੀ ਕਰਮ-ਕਾਡਾਂ, ਹਾਜ਼ਰ ਮੋਤੀ-ਨੱਗ, ਆਪਣੇ ਸਿਤਾਰਿਆਂ ਨੂੰ ਉਲਟਾ-ਸਿੱਧਾ ਕਰ ਕਾਮਯਾਬ ਹੋਣਾ ਲੋਚਦੇ ਹਨ, ਹਰ ਕੰਮ ਮਹੂਰਤ 'ਤੇ ਕਰਨ ਵਰਗੀ ਢੌਂਗੀ ਮਾਪਦੰਡਾਂ ਵਿਚ ਗੁਆਚੇ ਪਏ ਹਨ, ਉਨ੍ਹਾਂ ਨੂੰ ਡਾ. ਸ਼ਿਆਮ ਸੰਦੇਸ਼ ਦਿੰਦੇ ਹਨ- 'ਸਫ਼ਲਤਾ ਦਾ ਗੁਰ ਹੈ-ਨਿਰੰਤਰਤਾ। ਸਫ਼ਲਤਾ ਦਾ ਰਹੱਸ ਹੈ ਜੀਵਨ ਸ਼ੈਲੀ ਵਿਚ ਆਦਤ। ਨਾ ਕੋਈ ਇਸ ਦੇ ਲਈ ਵਾਜਬ ਮਹੂਰਤ ਹੁੰਦਾ ਹੈ, ਨਾ ਕੋਈ ਖ਼ਾਸ ਸਮਾਂ ਤੇ ਨਾ ਹੀ ਕੋਈੂ ਅੰਤਿਮ ਸਮਾਂ।' ਡਾ. ਸ਼ਿਆਮ ਸੁੰਦਰ ਦੀਪਤੀ ਦੀ ਵਾਰਤਕ-ਸ਼ੈਲੀ ਦੀ ਖੂਬੀ ਉਨ੍ਹਾਂ ਦੀ ਵਿਸ਼ੇ ਦੀ ਲੜੀਬੱਧਤਾ ਅਤੇ ਸੰਬੰਧੀ ਵਿਸ਼ੇ ਦੀ ਵਾਰਤਾਲਾਪੀ ਸ਼ੈਲੀ ਹੈ। ਇਸ ਪੁਸਤਕ ਵਿਚ ਪਾਠਕ ਲੇਖ ਪੜ੍ਹਨਾ ਸ਼ੁਰੂ ਕਰਦਾ ਹੈ ਤਾਂ ਮਹਿਸੂਸ ਕਰਦਾ ਹੈ, ਜਿਵੇਂ ਉਹ ਇਸ ਪੁਸਤਕ ਨਾਲ ਸਵੈ-ਸੰਵਾਦ ਰਚਾ ਰਿਹਾ ਹੋਵੇ। ਆਧੁਨਿਕ ਪੀੜ੍ਹੀ ਜਿੱਥੇ ਡਿਪਰੈਸ਼ਨ, ਚਿੰਤਾ, ਤਣਾਅ ਵਰਗੀਆਂ ਨਾ-ਮੁਰਾਦ ਅਲਾਮਤਾਂ ਨਾਲ ਗ੍ਰਸੀ ਪਈ ਹੈ, ਉੱਥੇ ਹੀ ਇਹ ਪੁਸਤਕ ਇੱਕ ਮਾਰਗ-ਦਰਸ਼ਕ ਵਜੋਂ ਉਭਰਦੀ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਆਪ ਸਾਇਕਾਲੋਜੀ ਦੇ ਹਰ ਪੜਾਅ 'ਤੇ ਪੱਧਰ ਨੂੰ ਸਮਝਣ ਦੇ ਮਾਹਿਰ ਹਨ ਤਾਂ ਉਨ੍ਹਾਂ ਨੇ ਮਨੁੱਖ ਅਤੇ ਮਨੁੱਖਤਾ ਦੇ ਹਰ ਪੱਖ ਨੂੰ ਖੰਗੋਲਦੇ ਹੋਏ ਇਸ ਪੁਸਤਕ ਰਾਹੀਂ ਪਾਠਕਾਂ ਨੂੰ ਸਹੀ ਸੇਧ ਦਿੰਦੇ ਹਨ।ਇਸ ਲਈ ਡਾ. ਸਾਹਿਬ ਆਧੁਨਿਕ ਦਿਸ਼ਾਹੀਣ ਪੀੜ੍ਹੀ ਲਈ ਜੀਵਨ ਨੂੰ ਸਾਰਥਕਤਾ ਦੇ ਪੱਧਰ ਉੱਤੇ ਜਿਊਣ ਦੀ ਸ਼ੈਲੀ ਨੂੰ ਸਿਖਾਉਂਦੇ ਹੋਏ, ਉਨ੍ਹਾਂ ਦੇ ਸਾਰਥੀ ਵਜੋਂ ਉੱਭਰਦੇ ਹਨ।

-ਜਸਕਿਰਨਜੀਤ ਕੌਰ
ਮੋਬਾਈਲ : 88476-94338

ਮਿਲਦੇ ਮੁਕੱਦਰਾਂ ਨਾਲ ਹੀ
'ਰੱਬੀ ਬੈਰੋਂਪੁਰੀ ਟਿਵਾਣਾ'
ਸੰਪਾਦਕ : ਮਨਦੀਪ ਕੌਰ ਟਿਵਾਣਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 100
ਸੰਪਰਕ : 98764-84743

ਮਨਦੀਪ ਕੌਰ ਟਿਵਾਣਾ ਵਲੋਂ ਸੰਪਾਦਿਤ ਕੀਤੀ ਹਥਲੀ ਪੁਸਤਕ 'ਮਿਲਦੇ ਮੁਕੱਦਰਾਂ ਨਾਲ ਹੀ' ਪੁਆਧੀ ਸਾਹਿਤ ਦੇ ਸ਼ਹਿਨਸ਼ਾਹ ਮੰਨੇ ਜਾਂਦੇ ਉਨ੍ਹਾਂ ਦੇ ਸਤਿਕਾਰਯੋਗ ਦਾਦਾ ਜੀ ਰੱਬੀ ਬੈਰੋਂਪੁਰੀ ਟਿਵਾਣਾ ਦੀਆਂ ਲਿਖਤਾਂ ਨਾਲ ਸੁਸ਼ੋਭਿਤ ਸੰਗ੍ਰਹਿ ਹੈ, ਜਿਨ੍ਹਾਂ ਨੇ ਲਗਭਗ ਅੱਧੀ ਸਦੀ ਤੱਕ ਆਪਣੀ ਸਿਰਜਣਾ, ਗਾਇਕੀ, ਭੰਗੜੇ ਅਤੇ ਅਦਾਕਾਰੀ ਨਾਲ ਲੋਕ-ਮਨਾਂ 'ਤੇ ਰਾਜ ਕੀਤਾ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨੂੰ ਬਹੁਤ ਹੀ ਸਹਿਜਤਾ ਨਾਲ ਬਿਆਨ ਕਰ ਦੇਣਾ ਉਨ੍ਹਾਂ ਦੀ ਲੇਖਣੀ ਦਾ ਹਾਸਿਲ ਹੈ:
ਗਰਜ਼ ਬਿਨਾਂ ਏਸ ਦੁਨੀਆ ਦੇ ਵਿਚ,
ਕੋਈ ਕਿਸੇ ਦਾ ਯਾਰ ਨਹੀਂ,
ਗਰਜ਼ ਬਿਨਾਂ ਤਾਂ ਅੱਜਕੱਲ੍ਹ ਕੋਈ,
ਕਰਦਾ ਕਿਸੇ ਨੂੰ ਪਿਆਰ ਨਹੀਂ।
ਰੱਬੀ ਬੈਰੋਂਪੁਰੀ ਟਿਵਾਣਾ ਇਸ ਵਿਚਾਰ ਦੇ ਧਾਰਨੀ ਸਨ ਕਿ ਮਨੁੱਖ ਹਮੇਸ਼ਾ ਹੀ ਬੀਤੇ ਸਮੇਂ ਵਿਚ ਆਪਣੇ ਕੋਲੋਂ ਹੋਈਆਂ ਗ਼ਲਤੀਆਂ ਦੇ ਪਛਤਾਵੇ ਕਾਰਨ ਨਿਰਾਸ਼ਾ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਾਪਰਨ ਵਾਲੀਆਂ ਸੰਭਾਵਿਤ ਦੁਰਘਟਨਾਵਾਂ ਦੇ ਡਰ ਕਾਰਨ ਭੈਅ-ਭੀਤ ਰਹਿੰਦਾ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਨੇ ਤਾਂ ਕਦੇ ਵਾਪਰਨਾ ਹੀ ਨਹੀਂ ਹੁੰਦਾ। ਜੇਕਰ ਮਨੁੱਖ ਨੂੰ ਵਰਤਮਾਨ ਵਿਚ ਜਿਊਣ ਦੀ ਜਾਚ ਆ ਜਾਵੇ, ਤਾਂ ਉਸ ਦਾ ਜੀਵਨ ਵਿਸਮਾਦੀ ਆਨੰਦ ਨਾਲ ਭਰ ਜਾਂਦਾ ਹੈ:
ਗਈ ਬੀਤ ਘੜੀ, ਜੋ ਗੁਜ਼ਰ ਗਈ,
ਪੱਲੇ ਪਾ ਬੇਚੈਨੀਆਂ ਕੀ ਬਣਦੈ,
ਅਸੀਂ ਬੀਤ ਗਈ 'ਤੇ ਰੋਂਦੇ ਨਹੀਂ,
ਰੱਤੀ ਭਰ ਪਛਤਾਵਾ ਕਰਦੇ ਨਹੀਂ।
ਮਨਦੀਪ ਕੌਰ ਟਿਵਾਣਾ ਨੇ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡ ਕੇ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ਹੈ। ਪਹਿਲੇ ਭਾਗ ਵਿਚ ਉਨ੍ਹਾਂ ਦੀਆਂ ਛੱਬੀ ਕੱਵਾਲੀਆਂ ਅਤੇ ਦੂਜੇ ਭਾਗ ਵਿਚ ਪੱਚੀ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਰੱਬੀ ਬੈਰੋਂਪੁਰੀ ਟਿਵਾਣਾ ਦੇ ਅਧੂਰੇ ਰਹਿ ਗਏ ਕਾਰਜਾਂ ਨੂੰ ਪੂਰਾ ਕਰਨ ਦਾ ਉਨ੍ਹਾਂ ਵਲੋਂ ਜਾਰੀ ਰੱਖਿਆ ਹੋਇਆ ਇਹ ਵਡਮੁੱਲਾ ਕਾਰਜ ਬੇਹੱਦ ਸ਼ਲਾਘਾਯੋਗ ਹੈ। ਅਜਿਹੀ ਉਮੀਦ ਉਨ੍ਹਾਂ ਵਰਗੀ ਲਾਇਕ ਸੰਤਾਨ ਤੋਂ ਹੀ ਰੱਖੀ ਜਾ ਸਕਦੀ ਹੈ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਸ ਪੁਸਤਕ ਨੂੰ ਵੀ ਸੁਹਿਰਦ ਪਾਠਕ ਜ਼ਰੂਰ ਆਪਣੇ ਮੱਥੇ ਨਾਲ ਲਗਾਉਣਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਮਨ ਦੀ ਵੇਈਂ
ਗ਼ਜ਼ਲਕਾਰ : ਤੇਜਿੰਦਰ ਸਿੰਘ ਅਨਜਾਨਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 94179-38047

ਪੰਜਾਬੀ ਗ਼ਜ਼ਲ ਬਦਲ ਗਈ ਹੈ ਤੇ ਹੋਰ ਬਦਲ ਰਹੀ ਹੈ। ਗ਼ਜ਼ਲ ਲਹਿਰ ਦੇ ਸ਼ੁਰੂਆਤੀ ਦੌਰ ਤੇ ਅਜੋਕੇ ਦੌਰ ਦੀ ਗ਼ਜ਼ਲ ਵਿਚ ਬਹੁਤ ਤਬਦੀਲੀਆਂ ਹੋਈਆਂ ਹਨ। ਮੌਜੂਦਾ ਕਾਲ ਦੀ ਪੰਜਾਬੀ ਗ਼ਜ਼ਲ ਦੇ ਨਾਲ ਰਲਣ ਲਈ ਹਰ ਗ਼ਜ਼ਲਕਾਰ ਨੂੰ ਗੂੜ੍ਹੀਆਂ ਪੈੜਾਂ ਛੱਡਦਿਆਂ ਤੇਜ਼ ਰਫ਼ਤਾਰ ਹੋਣਾ ਪਵੇਗਾ ਤੇ ਆਪਣੀ ਪਹਿਚਾਣ ਤੇ ਨਕਸ਼ ਵੀ ਅਲਹਿਦਾ ਰੱਖਣੇ ਪੈਣਗੇ। ਖ਼ੁਸ਼ੀ ਹੈ 'ਮਨ ਦੀ ਵੇਈਂ' ਗ਼ਜ਼ਲ ਸੰਗ੍ਰਹਿ ਦਾ ਗ਼ਜ਼ਲਕਾਰ ਤੇਜਿੰਦਰ ਅਨਜਾਨਾ ਵੀ ਇਸ ਸੰਬੰਧੀ ਯਤਨਸ਼ੀਲ ਹੈ। ਜਦੋਂ ਕੋਈ ਸੱਜਰਾ ਹਸਤਾਖ਼ਰ ਸੱਜਰਾ ਸਿਰਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਿਸ਼ਚੇ ਹੀ ਉਸ ਨੂੰ ਮਨਚਾਹਿਆ ਪ੍ਰਾਪਤ ਹੁੰਦਾ ਹੈ। 'ਮਨ ਦੀ ਵੇਈਂ' ਦੀ ਪਹਿਲੀ ਗ਼ਜ਼ਲ ਹੀ ਮਨ ਤ੍ਰਿਪਤ ਕਰ ਦਿੰਦੀ ਹੈ, ਜਿਸ ਵਿਚ ਅਗਨ ਦੇ ਦਰਿਆ 'ਤੇ ਕਿਸ਼ਤੀਆਂ ਦੇ ਤਰਨ ਦਾ ਜ਼ਿਕਰ ਮਿਲਦਾ ਹੈ। ਅਨਜਾਨਾ ਦੀ 'ਬਲ਼ਦੇ ਅੱਖਰ ਵੇਖ' ਰਦੀਫ਼ ਵਾਲੀ ਗ਼ਜ਼ਲ ਵੀ ਇਸ਼ਾਰਿਆਂ ਵਿਚ ਬੜਾ ਕੁਝ ਆਖਦੀ ਹੈ, ਦਰਅਸਲ ਗ਼ਜ਼ਲ ਵਿਧਾ ਮੰਗ ਵੀ ਏਹੀ ਕਰਦੀ ਹੈ, ਸਿੱਧੀ ਤੇ ਨਿਰੇ ਤੋਲ ਤੁਕਾਂਤ ਵਾਲੀ ਗ਼ਜ਼ਲ ਦਾ ਹੁਣ ਜ਼ਮਾਨਾ ਨਹੀਂ ਰਿਹਾ। ਪਰ ਪੁਸਤਕ ਦੀਆਂ ਆਖ਼ਰੀ ਕੁਝ ਗ਼ਜ਼ਲਾਂ ਵਿਚ ਇਹ ਬਰਕਰਾਰੀ ਨਹੀਂ ਰਹਿ ਸਕੀ। ਗ਼ਜ਼ਲਕਾਰ ਦੇ ਸ਼ਿਅਰਾਂ ਵਿਚ ਇਤਿਹਾਸ ਤੇ ਮਿਥਹਾਸ ਦੇ ਹਵਾਲੇ ਦੱਸਦੇ ਹਨ ਕਿ ਉਸ ਦੀ ਲਿਖਣ ਦੇ ਨਾਲ ਨਾਲ ਅਧਿਐਨ ਵਿਚ ਵੀ ਦਿਲਚਸਪੀ ਹੈ, ਜੋ ਕਿਸੇ ਵੀ ਕਲਮਕਾਰ ਲਈ ਅਤੀ ਜ਼ਰੂਰੀ ਹੁੰਦੀ ਹੈ। ਉਹ ਜ਼ਿੰਦਗੀ ਨੂੰ ਅਲੱਗ ਕੋਣ ਤੋਂ ਦੇਖਦਾ ਹੈ ਤੇ ਬਹੁਤੇ ਥਾਈਂ ਕਿਸੇ ਬਿੰਦੂ ਬਾਰੇ ਉਸ ਦੀ ਰਾਇ ਵੱਖਰੀ ਹੈ। ਉਸ ਨੂੰ ਘਟਾਵਾਂ, ਇਛਾਵਾਂ, 'ਵਾਵਾਂ ਤੇ ਛਾਵਾਂ 'ਚੋਂ ਵਿਰਲਾਪ ਸੁਣਾਈ ਦਿੰਦਾ ਹੈ ਤੇ ਦਸਤਾਰ, ਰੁਜ਼ਗਾਰ, ਸਤਿਕਾਰ ਤੇ ਪਿਆਰ ਉਸ ਲਈ ਹੱਕ ਦੀ ਹੈਸੀਅਤ ਰੱਖਦੇ ਹਨ। ਉਸ ਦਾ ਮੰਨਣਾ ਹੈ ਕਿ ਅਨੁਭਵ, ਸਿਹਤ, ਸਮਰਪਣ ਤੇ ਸਿਹਤ ਬਿਨਾਂ ਕੀਤਾ ਕਾਰਜ ਕਦੇ ਬਿਹਤਰ ਨਹੀਂ ਹੋ ਸਕਦਾ। ਇਨ੍ਹਾਂ ਗ਼ਜ਼ਲਾਂ ਦੀ ਨਿਸ਼ਚੇ ਹੀ ਸ਼ਲਾਘਾ ਕਰਨੀ ਬਣਦੀ ਹੈ। ਕਈ ਪੰਨਿਆਂ 'ਤੇ ਮਹਿਜ਼ ਤਿੰਨ-ਤਿੰਨ ਸ਼ਿਅਰ ਅੱਖਰਦੇ ਹਨ ਤੇ ਇਸ ਦੀ ਥਾਂ ਪੁਸਤਕ ਦੇ ਸਫ਼ੇ ਘਟਾਏ ਜਾ ਸਕਦੇ ਸਨ। ਪਹਿਲੇ ਦਮਦਾਰ ਗ਼ਜ਼ਲ ਸੰਗ੍ਰਹਿ ਲਈ ਗ਼ਜ਼ਲਕਾਰ ਮੁਬਾਰਕਬਾਦ ਦਾ ਹੱਕ ਰੱਖਦਾ ਹੈ ਤੇ ਇਹ ਮੁਬਾਰਕ ਇਕ ਕਿਰਤੀ ਸ਼ਾਇਰ ਲਈ ਹੋਰ ਵੀ ਵੱਡੀ ਹੋਣੀ ਚਾਹੀਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਵਿਰਸਾ
ਲੇਖਕ : ਡਾ. ਸੁਰਿੰਦਰ ਸਿੰਘ ਕੈਥਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 162
ਸੰਪਰਕ : 094160-73122

ਜਦੋਂ ਸਿਆਣੇ ਲੋਕ ਇਹ ਕਹਿੰਦੇ ਹਨ ਕਿ ਪੰਜਾਬੀ ਸੱਭਿਆਚਾਰਕ ਵਿਰਸਾ ਬਹੁਤ ਪ੍ਰਾਚੀਨ ਹੈ ਤੇ ਲੋਕਧਾਰਾ ਦੇ ਰੂਪਾਂ ਨੇ ਇਸ ਨੂੰ ਜੀਵੰਤ ਰੱਖਿਆ ਹੋਇਆ ਹੈ, ਤਾਂ ਇਹ ਗੱਲ ਸੌ ਫ਼ੀਸਦੀ ਸਹੀ ਨਜ਼ਰ ਆਉਂਦੀ ਹੈ। ਪੰਜਾਬੀ ਸੱਭਿਆਚਾਰ ਤੇ ਲੋਕਧਾਰਾ ਨਾਲ ਸੰਬੰਧਿਤ ਸਮੇਂ-ਸਮੇਂ 'ਤੇ ਡਾ. ਕਰਨੈਲ ਸਿੰਘ ਥਿੰਦ, ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਡਾ. ਤਰਲੋਕ ਸਿੰਘ ਕੰਵਰ ਤੇ ਕੁਝ ਹੋਰ ਸੱਜਣਾਂ ਨੇ ਖ਼ਾਸਾ ਕੰਮ ਕੀਤਾ ਹੋਇਆ ਹੈ। ਹੁਣ ਇਸ ਖੇਤਰ 'ਚ ਡਾ. ਸੁਰਿੰਦਰ ਸਿੰਘ ਕੈਥਲ ਨੇ ਇਸ ਖੋਜ ਪੁਸਤਕ ਰਾਹੀਂ ਆਪਣਾ ਕੀਮਤੀ ਹਿੱਸਾ ਪਾਇਆ ਹੈ। ਇਸ ਤੋਂ ਪਹਿਲਾਂ 'ਪੰਜਾਬੀ ਸੱਭਿਆਚਾਰ ਵਿਚ ਲੋਕ ਵਿਸ਼ਵਾਸ : ਰੂਪ ਤੇ ਧਾਰਨਾਵਾਂ' ਨਾਂਅ ਦੀ ਪੁਸਤਕ ਵੀ ਡਾ. ਸੁਰਿੰਦਰ ਸਿੰਘ ਕੈਥਲ ਦੀ ਕਲਮ ਤੋਂ ਪਾਠਕਾਂ ਕੋਲ ਪੁੱਜੀ ਹੈ।
ਚਰਚਾ ਅਧੀਨ ਪੁਸਤਕ ਦੇ ਕੁੱਲ 11 ਅਧਿਆਏ ਹਨ, ਜਿਹੜੇ ਪੰਜਾਬੀ ਲੋਕ ਧਰਮ, ਲੋਕ ਵਿਸ਼ਵਾਸ, ਪੰਜਾਬੀ ਰੀਤੀ-ਰਿਵਾਜ, ਜਾਦੂ ਟੂਣੇ, ਪੰਜਾਬੀ ਸ਼ਗਨ-ਅਪਸ਼ਗਨ, ਲੋਕ ਕਥਾਵਾਂ, ਲੋਕ ਨਾਟਕ, ਲੋਕ ਨ੍ਰਿਤ, ਪੰਜਾਬੀ ਲੋਕ ਗੀਤ ਤੇ ਲੋਕ ਕਥਾਵਾਂ, ਪੰਜਾਬੀ ਬੁਝਾਰਤਾਂ ਤੇ ਲੋਕ ਗਹਿਣੇ ਅਤੇ ਪੰਜਾਬੀ ਲੋਕ ਖੇਡਾਂ ਦੀ ਵਿਸਤ੍ਰਿਤ ਬਾਤ ਪਾਉਂਦੇ ਹਨ, ਜਿਸ ਵੀ ਵਿਸ਼ੇ ਨੂੰ ਲੇਖਕ ਨੇ ਨਿਭਾਉਣਾ ਆਰੰਭ ਕੀਤਾ, ਉਸ ਨੂੰ ਉਸ ਦੀ ਸਿਖ਼ਰ ਤੱਕ ਬੜੀ ਸੌਖੀ ਤੇ ਸਪੱਸ਼ਟ ਤੇ ਦਿਲਚਸਪ ਭਾਸ਼ਾ 'ਚ ਵਿਦਵਾਨ ਸੱਜਣਾਂ ਦੇ ਪੂਰੇ ਹਵਾਲਿਆਂ ਨਾਲ ਨਿਭਾਇਆ ਹੈ ਤੇ ਪਾਠਕਾਂ ਦੇ ਪੱਲੇ ਬਹੁਤ ਕੁਝ ਪਾਇਆ ਹੈ। ਮਿਸਾਲ ਵਜੋਂ ਡਾ. ਕੈਥਲ ਪਹਿਲੇ ਅਧਿਆਏ 'ਪੰਜਾਬੀ ਲੋਕ ਧਰਮ' ਵਿਚ ਆਰੰਭ ਵਿਚ ਹੀ ਸਪੱਸ਼ਟ ਕਰ ਦਿੰਦਾ ਹੈ ਕਿ ਸੱਭਿਆਚਾਰਕ ਪ੍ਰਸੰਗ ਵਿਚ 'ਲੋਕ ਧਰਮ' ਨੂੰ ਬਹੁਤ ਵਾਰੀ 'ਧਰਮ' ਦੇ ਅਰਥਾਂ 'ਚ ਲੈ ਲਿਆ ਜਾਂਦਾ ਹੈ ਪਰ ਦੋਵਾਂ ਦੀ (ਲੋਕ ਕਰਮ ਤੇ ਵਸ਼ਿਸ਼ਟ ਧਰਮ ਦੀ) ਪ੍ਰਕਿਰਤੀ ਵਿਚ ਢੇਰ ਅੰਤਰ ਹੈ।' ਸਾਰੇ ਅਧਿਆਇਆਂ ਵਿਚ ਕਈ ਫ਼ਿਕਰੇ ਤਾਂ ਅਟੱਲ ਸਚਾਈਆਂ ਵਰਗੇ ਹਨ। ਲੇਖਕ ਦੀ ਲਿਖਣ ਸ਼ੈਲੀ ਇਕ ਤਰ੍ਹਾਂ ਨਾਲ ਅਰਕ ਕੱਢ ਕੇ ਲਿਖਣ ਵਾਲੇ ਅੰਦਾਜ਼ ਦੀ ਹੈ। ਕੁਝ ਵੀ ਵਾਧੂ ਨਹੀਂ ਹੈ। ਹਰ ਫਿਕਰਾ ਸਾਰਥਕ ਹੈ। ਪੜ੍ਹਨ ਵਾਲੇ ਦੀ ਰੂਹ ਰੱਜਦੀ ਜਾਂਦੀ ਹੈ। ਬਿਨਾਂ ਸ਼ੱਕ ਪੰਜਾਬੀ ਲੋਕ ਮਾਨਸਿਕਤਾ ਨੂੰ ਨਵੇਂ ਵਿਸ਼ੇਸ਼ਣੀ ਤੱਥਾਂ ਨਾਲ ਅਤੇ ਇਤਿਹਾਸਕ ਪ੍ਰਸੰਗ 'ਚ ਸਮਝਣ ਦਾ ਤੇ ਸਾਡੀ ਅਮੀਰ ਲੋਕ ਪਰੰਪਰਾ ਨੂੰ ਆਪਣੇ ਨਿਵੇਕਲੇ ਅੰਦਾਜ਼ 'ਚ ਪਾਠਕਾਂ ਸਨਮੁਖ ਲੈ ਆਉਣ ਦਾ ਚੰਗਾ ਉੱਦਮ ਡਾ. ਸੁਰਿੰਦਰ ਸਿੰਘ ਕੈਥਲ ਨੇ 'ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਵਿਰਸਾ' ਪੁਸਤਕ ਦੇ ਰੂਪ ਵਿਚ ਕੀਤਾ ਹੈ। ਪੁਸਤਕ ਹਰ ਸੂਝਵਾਨ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਕਾਰਪੋਰੇਟ ਵਿਕਾਸ ਮਾਡਲ ਅਤੇ ਖਪਤ ਸੱਭਿਆਚਾਰ
ਸੰਪਾਦਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 136 ਰੁਪਏ, ਸਫ਼ੇ : 150
ਸੰਪਰਕ : 98140-87063

ਬਲਬੀਰ ਪਰਵਾਨਾ ਸਿਰਜਣਾਤਮਿਕ ਲੇਖਣ ਦੇ ਨਾਲ-ਨਾਲ 'ਆਈਡੀਆਲਾਜੀਕਲ' ਖੇਤਰ ਵਿਚ ਵੀ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। 'ਖਪਤ ਸੱਭਿਆਚਾਰ' ਦੇ ਜਨਮਦਾਤਾ ਕਾਰਪੋਰੇਟ ਸਿਸਟਮ ਦੇ ਬਖੀਏ ਉਧੇੜਦੀ ਹਥਲੀ ਪੁਸਤਕ ਦੇ ਪੰਜ ਐਡੀਸ਼ਨ ਛਪ ਚੁੱਕੇ ਹਨ। ਪਹਿਲੇ ਐਡੀਸ਼ਨ (2012) ਵਿਚ ਸੁਖਵੰਤ ਹੁੰਦਲ, ਕੈਫ਼ ਕਾਰਮੈਨ ਅਤੇ ਅਰੁੰਧਤੀ ਰਾਏ ਦੇ ਤਿੰਨ ਲੇਖ ਹੀ ਸ਼ਾਮਿਲ ਸਨ। ਤੀਜੇ ਐਡੀਸ਼ਨ ਵਿਚ ਜੋਗੀ ਮਾਂਡੇਰ ਦਾ 'ਇਸ਼ਤਿਹਾਰਬਾਜ਼ੀ' ਬਾਰੇ ਲਿਖਿਆ ਲੇਖ ਵੀ ਸ਼ਾਮਿਲ ਕਰ ਲਿਆ ਗਿਆ ਅਤੇ ਹੁਣ ਪੰਜਵੇਂ ਐਡੀਸ਼ਨ ਵਿਚ ਤਸਕੀਨ ਰਚਿਤ ਲੇਖ 'ਸੱਭਿਆਚਾਰਕ ਉਦਯੋਗ' ਵੀ ਲੈ ਲਿਆ ਗਿਆ ਹੈ। ਇਹ ਪੰਜੇ ਲੇਖ ਉੱਤਰ-ਪੂੰਜੀਵਾਦ ਵਿਚ ਕਾਰਪੋਰੇਟ ਜਗਤ ਦੇ ਮਨਸੂਬਿਆਂ ਨੂੰ ਬੇਨਕਾਬ ਕਰਦੇ ਹਨ। ਮੈਨੂੰ ਖੁਸ਼ੀ ਹੈ ਕਿ ਸੁਖਵੰਤ ਹੁੰਦਲ ਅਤੇ ਤਸਕੀਨ ਨਾ ਕੇਵਲ ਪਹਿਲੇ ਐਡੀਸ਼ਨ ਦੇ ਲੇਖਕਾਂ ਨਾਲ ਬਰ ਮੇਚਦੇ ਹਨ, ਬਲਕਿ ਕੁਝ ਅਜਿਹੇ ਖੱਪਿਆਂ ਨੂੰ ਵੀ ਪੂਰਦੇ ਹਨ, ਜਿਹੜੇ ਪਹਿਲੇ ਲੇਖਾਂ ਵਿਚ ਛੁੱਟ ਗਏ ਸਨ।
ਸੁਖਵੰਤ ਹੁੰਦਲ ਲਿਖਦਾ ਹੈ ਕਿ ਜਦੋਂ 'ਖਪਤ' ਕਰਨਾ ਹੀ ਕਿਸੇ ਵਰਗ ਜਾਂ ਕੌਮ ਦਾ ਉਦੇਸ਼ ਬਣ ਜਾਵੇ, ਉਸ ਸਮੇਂ ਖਪਤ-ਸੱਭਿਆਚਾਰ ਪੈਦਾ ਹੁੰਦਾ ਹੈ। (ਪੰ. 11). 'ਚੇਤਨਾ ਦਾ ਬਾਜ਼ਾਰੀਕਰਨ' ਵਿਚ ਜੋਰੀ ਪਾਂਡੇਰ ਲਿਖਦਾ ਹੈ ਕਿ ਵਿਗਿਆਪਨ ਸਾਡੇ ਜੀਵਨ ਅਤੇ ਸੋਚ ਉੱਪਰ ਦਖਲਅੰਦਾਜ਼ੀ ਹੀ ਨਹੀਂ ਕਰਦਾ ਬਲਕਿ ਸਾਡੀ ਜਾਤੀ ਜ਼ਿੰਦਗੀ ਉੱਤੇ ਹਮਲਾ ਵੀ ਕਰਦਾ ਹੈ। ਫਿਰ ਵੀ ਅਸੀਂ ਸੁਚੇਤ ਨਹੀਂ ਹੋ ਰਹੇ (ਪੰਨਾ 43)। ਤਸਕੀਨ ਬਸਤੀਵਾਦੀ ਲੇਖਕਾਂ ਦੁਆਰਾ ਸਾਡੇ ਸੱਭਿਆਚਾਰ ਨੂੰ ਵਿਗਾੜਨ ਦਾ ਦੋਸ਼ਾਰੋਪਣ ਕਰਦਾ ਹੋਇਆ ਲਿਖਦਾ ਹੈ, 'ਸਥਾਪਤੀ ਨਾਲ ਟਕਰਾਉਣ ਦੇ ਸਿਧਾਂਤਕ ਸੰਕਲਪਾਂ ਨੂੰ ਅਮਲੀ ਰੂਪ ਦੇਣ ਦੀ ਰਣਭੂਮੀ ਸੱਭਿਆਚਾਰ ਹੁੰਦਾ ਹੈ।' (ਪੰ. 67)। ਇਸ ਪ੍ਰਸੰਗ ਵਿਚ ਉਹ ਮਿਰਾਸੀਆਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦਾ ਹੈ। ਰੈਫ਼ ਕਾਰਮੇਨ ਦਾ ਮੱਤ ਹੈ ਕਿ ਪੂੰਜੀਵਾਦੀ ਵਿਕਾਸ ਦਾ ਮਾਡਲ ਗ਼ਲਤ/ਮਿਥਿਆ ਧਾਰਨਾਵਾਂ ਉੱਪਰ ਟਿਕਿਆ ਹੋਇਆ ਹੈ (ਪੰ. 92)। ਅਰੁੰਧਤੀ ਰਾਇ ਵਿਕਾਸ ਕਾਰਜਾਂ ਵਿਚ ਕਬੀਲਿਆਂ, ਸੂਚੀ ਦਰਜ ਜਾਤੀਆਂ ਅਤੇ ਕਿਸਾਨਾਂ ਦੇ ਹਿੱਸੇ ਬਾਰੇ ਬੜੇ ਤਿੱਖੇ-ਤੱਤੇ ਸਵਾਲ ਉਠਾਉਂਦੀ ਹੈ। ਸਾਡੇ ਕਥਿਤ ਬੁੱਧੀਜੀਵੀ ਅਜਿਹੀਆਂ ਰਚਨਾਵਾਂ ਵੀ ਤਾਰੀਫ਼ ਤਾਂ ਕਰਦੇ ਹਨ ਪਰ ਆਪ ਕੋਈ ਖ਼ਤਰਾ ਉਠਾਉਣ ਦੀ ਜੁਰੱਅਤ ਨਹੀਂ ਕਰਦੇ, ਜਿਸ ਨਾਲ ਸਾਰੇ 'ਹਰਫ਼ ਹਵਾ ਵਿਚ ਹੀ ਲਿਖੇ' ਰਹਿ ਜਾਂਦੇ ਹਨ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪੰਜਾਬ ਨੂੰ ਨਸ਼ਿਆਂ ਦਾ ਸੇਕ
ਲੇਖਕ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 122
ਸੰਪਰਕ : 98150-30221

ਪ੍ਰਭਜੋਤ ਕੌਰ ਢਿੱਲੋਂ ਦੀਆਂ ਪ੍ਰਮੁੱਖ ਪੁਸਤਕਾਂ ਜ਼ਿੰਮੇਵਾਰ ਕੌਣ?, ਸੱਚ ਦਾ ਸੂਰਜ, ਆਓ ਆਪਣੀ ਪੀੜ੍ਹੀ ਹੇਠ ਸੋਟਾ ਫੇਰੀਏ, ਹੱਕ ਸੱਚ ਦੀ ਆਵਾਜ਼ ਕਿਸਾਨ ਅੰਦੋਲਨ, ਸ਼ੀਸ਼ਾ ਝੂਠ ਨਹੀਂ ਬੋਲਦਾ, ਮੋਤੀਆਂ ਦਾ ਛੱਜ, ਸੋਚ ਬਦਲੋ ਸਮਾਜ ਬਦਲੋ, ਅਸੀਂ ਚੁੱਪ ਕਿਉਂ ਹਾਂ?, ਏਹ ਕਹੀ ਰੁੱਤ ਆਈ, ਪੰਜਾਬ ਨੂੰ ਨਸ਼ਿਆਂ ਦਾ ਸੇਕ ਆਦਿ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਪੁਸਤਕਾਂ ਦੀ ਸਿਰਜਣਾ ਦਾ ਮੁੱਖ ਮਕਸਦ ਲੋਕਾਈ ਦੀ ਦਿਸ਼ਾ ਨਿਰਧਾਰਿਤ ਕਰਨਾ ਹੈ। 'ਪੰਜਾਬ ਨੂੰ ਨਸ਼ਿਆਂ ਦਾ ਸੇਕ' ਲੇਖਾਂ ਦਾ ਸੰਗ੍ਰਹਿ ਹੈ, ਜਿਸ ਵਿਚ 46 ਲੇਖ ਦਰਜ ਹਨ, ਜੋ ਵਿਭਿੰਨ ਵਿਸ਼ਿਆਂ ਦੀ ਤਰਜਮਾਨੀ ਕਰਦੇ ਹਨ। ਇਸ ਪੁਸਤਕ ਦੇ ਪ੍ਰਮੁੱਖ ਵਿਸ਼ੇ ਨਸ਼ਿਆਂ ਦੀ ਭਰਮਾਰ, ਪੰਚਾਇਤਾਂ ਦੀ ਹਾਲਤ, ਸਿਆਸਤ 'ਚ ਨਿਘਾਰ, ਸਮਾਜਿਕ ਸਿਸਟਮ ਤੇ ਮਨੁੱਖ, ਸੱਚ ਦੀ ਸਦੀਵਤਾ, ਹੰਕਾਰ ਤੇ ਨਿਮਰਤਾ, ਪਿਆਰ, ਇਖ਼ਲਾਕ, ਪੁਰਾਤਨਤਾ, ਬੱਚਿਆਂ ਦੇ ਸੁਭਾਅ ਵਿਚ ਬਦਲਾਵ ਤੇ ਅਨੈਤਿਕਤਾ, ਸਮੇਂ ਦੀ ਅਹਿਮੀਅਤ, ਜੀਵਨ ਸ਼ੈਲੀ, ਮਿੱਟੀ ਤੇ ਆਰਟੀਫਿਸ਼ਲ ਖਿਡਾਉਣੇ, ਮਹਿੰਗਾਈ ਦੀ ਸਮੱਸਿਆ, ਔਰਤਾਂ ਦੀ ਸਥਿਤੀ, ਬੇਰੁਜ਼ਗਾਰੀ ਕਾਰਨ ਨੌਜਵਾਨ ਪੀੜ੍ਹੀ ਦੀ ਹਾਲਤ, ਕੈਂਸਰ ਦੀ ਵਧਦੀ ਸਮੱਸਿਆ, ਕਿਸਾਨ ਤੇ ਕਿਸਾਨ ਅੰਦੋਲਨ, ਨੈਤਿਕ ਮੁੱਲ ਵਿਹਾਰ, ਮੀਡੀਏ ਦੀ ਗਿਰਾਵਟ ਆਦਿ ਹਨ।
ਲੇਖ 'ਨਸ਼ਿਆਂ ਨਾਲ ਹੋ ਰਿਹਾ ਪੰਜਾਬ ਤਬਾਹ' ਵਿਚ ਪੰਜਾਬ ਦੀ ਵਿਗੜਦੀ ਹਾਲਤ ਤੋਂ ਜਾਣੂ ਕਰਵਾਉਂਦੀ ਹੈ। ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜਿਸ ਨੇ ਨੌਜਵਾਨ ਲੜਕੇ-ਲੜਕੀਆਂ ਤੇ ਬੱਚਿਆਂ ਨੂੰ ਵੀ ਗ੍ਰਸਿਆ ਹੈ ਤੇ ਉਨ੍ਹਾਂ ਦਾ ਵਰਤਮਾਨ ਤੇ ਭਵਿੱਖ ਤਬਾਹ ਕਰ ਦਿੱਤਾ:
'ਪੰਜਾਬ ਦੀ ਹਾਲਤ ਸਿਆਸਤਦਾਨਾਂ ਨੇ ਕੁਝ ਕੁ ਸਰਕਾਰੀ ਅਹੁਦੇਦਾਰਾਂ ਨੇ ਅਤੇ ਨਸ਼ਿਆਂ ਦਾ ਵਪਾਰ ਕਰ ਕੇ ਪੈਸੇ ਇਕੱਠੇ ਕਰਨ ਵਾਲਿਆਂ ਨੇ ਦਰਦਨਾਕ ਬਣਾ ਦਿੱਤੀ ਹੈ।'
ਲੇਖ 'ਸੱਚ ਹਮੇਸ਼ਾ ਜਿਊਂਦਾ ਹੈ' ਵਿਚ ਜ਼ਿਕਰ ਮਿਲਦਾ ਹੈ ਕਿ ਸੱਚ ਹਮੇਸ਼ਾ ਆਤਮ-ਵਿਸ਼ਵਾਸ ਨੂੰ ਕਾਇਮ ਰੱਖਦਾ ਹੈ। ਅੱਖਾਂ ਵਿਚ ਚਮਕ, ਜ਼ੁਬਾਨ ਵਿਚ ਕੜਕ ਤੇ ਸਰੀਰ ਵਿਚ ਸਿਦਕ ਰੱਖਦਾ ਹੈ ਜਦ ਕਿ ਜੂਠ :
'ਜੇਕਰ ਝੂਠ ਬੋਲਿਆ ਹੋਏਗਾ ਤਾਂ ਉਸ ਵਿਚ ਦੁਬਾਰਾ ਫ਼ਰਕ ਆ ਜਾਏਗਾ ਅਤੇ ਸਾਨੂੰ ਯਾਦ ਕਰਨਾ ਪਵੇਗਾ ਕਿ ਅਸੀਂ ਅਸਲ ਵਿਚ ਪਹਿਲਾਂ ਬੋਲਿਆ ਕੀ ਸੀ?'
ਲੇਖ 'ਬੱਚਿਆਂ ਦਾ ਗੁਆਚ ਗਿਆ ਬਚਪਨ' ਵਿਚ ਬਚਪਨ ਵਿਚਲੀ ਕਲਾਤਮਿਕਤਾ ਦੇ ਖ਼ਤਮ ਹੋਣ ਪਿੱਛੇ ਆਧੁਨਿਕੀਕਰਨ ਦੇ ਵਰਤਾਰਿਆਂ ਤੋਂ ਜਾਣੂ ਕਰਵਾਇਆ ਹੈ। ਪਹਿਲੇ ਸਮਿਆਂ ਵਿਚ ਬਚਪਨ ਆਨੰਦਮਈ ਅਵਸਥਾ ਰੂਪਮਾਨ ਹੁੰਦਾ ਸੀ ਪਰ ਆਧੁਨਿਕ ਵਰਤਾਰਿਆਂ ਨੇ ਬੱਚਿਆਂ ਤੋਂ ਬਚਪਨ ਤੇ ਮਿੱਟੀ ਦੇ ਅਹਿਸਾਸ ਨੂੰ ਖੋਲਿਆ ਹੈ, ਕੁਦਰਤੀ ਖੇਡਾਂ ਤੇ ਖਿਡੌਣਿਆਂ ਦੀ ਜਗ੍ਹਾ ਪਲਾਸਟਿਕ ਤੇ ਇਲੈਕਟ੍ਰਾਨਿਕ ਖਿਡੌਣਿਆਂ ਦੀ ਭਰਮਾਰ ਨੇ ਉਨ੍ਹਾਂ ਦੀ ਮਾਨਸਿਕਤਾ ਉੱਤੇ ਬੁਰਾ ਪ੍ਰਭਾਵ ਪਾਇਆ ਹੈ। ਇਸ ਤੋਂ ਇਲਾਵਾ ਮਾਂ ਬੋਲੀ ਤੋਂ ਦੂਰੀ ਕਾਰਨ ਅਨੈਤਿਕਤਾ ਦਾ ਪਸਾਰਾ ਵਧਿਆ ਜਾ ਰਿਹਾ ਢਿੱਲੋਂ ਜ਼ਿਕਰ ਕਰਦੀ ਹੈ।
'ਆਪਣੀ ਮਾਂ ਬੋਲੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਬੋਲਣ 'ਤੇ ਜ਼ੋਰ ਦਿੱਤਾ ਜਾਂਦਾ ਹੈ। ਮਾਂ ਬੋਲੀ ਸਿੱਖਣ ਲਈ ਬੱਚੇ 'ਤੇ ਦਬਾਅ ਨਹੀਂ ਪੈਂਦਾ। ਅਸਲ ਵਿਚ ਮਾਪਿਆਂ ਨੂੰ ਲੱਗਦਾ ਹੈ ਕਿ ਜੇਕਰ ਬੱਚਾ ਅੰਗਰੇਜ਼ੀ ਬੋਲ ਰਿਹਾ ਹੈ ਤਾਂ ਉਨ੍ਹਾਂ ਦਾ ਸਮਾਜ ਵਿਚ ਰੁਤਬਾ ਵੱਧਦਾ ਹੈ।'

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

08-02-2025

ਮੇਰੀ ਜੀਵਨ ਕਥਾ : ਸੱਚੋ ਸੱਚ
ਬਾਬਾ ਗੇਂਦਾ ਸਿੰਘ ਦੌਧਰ
ਸੰਪਾਦਕ : ਸੁਖਦੇਵ ਸਿੰਘ ਸਿਰਸਾ
ਪ੍ਰਕਾਸ਼ਕ : ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 98156-36565

ਹਥਲੀ ਪੁਸਤਕ ਦੇ ਸੰਪਾਦਕ ਨੇ ਸਾਹਿਤ ਦੇ ਖੇਤਰ ਵਿਚ ਸਖ਼ਤ ਘਾਲਣਾ ਘਾਲੀ ਹੈ। ਇਸ ਪੁਸਤਕ ਤੋਂ ਇਲਾਵਾ ਉਹ ਅੱਠ ਮੌਲਿਕ ਅਤੇ ਡੇਢ ਦਰਜਨ ਦੇ ਕਰੀਬ ਸੰਪਾਦਿਤ ਪੁਸਤਕ ਪਾਠਕਾਂ ਦੇ ਸਨਮੁੱਖ ਪੇਸ਼ ਕਰ ਚੁੱਕਾ ਹੈ। ਹਥਲੀ ਪੁਸਤਕ ਜੁਝਾਰੂ ਗ਼ਦਰੀ ਬਾਬਾ ਗੇਂਦਾ ਸਿੰਘ ਦੇ ਜੀਵਨ ਦਾ ਸਵੈ-ਬਿਰਤਾਂਤ ਹੈ। ਬਾਬਾ ਗੇਂਦਾ ਸਿੰਘ ਇਤਿਹਾਸ ਦਾ ਅਜਿਹਾ ਪਾਤਰ ਹੈ, ਜਿਸ ਨੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿਚ ਤਾ-ਉਮਰ ਅਜਿਹਾ ਵਡਮੁੱਲਾ ਯੋਗਦਾਨ ਪਾਇਆ, ਜਿਸ ਦਾ ਬਿਆਨ ਬਾਬਾ ਜੀ ਦੁਆਰਾ ਰਚਿਆ ਇਹ ਆਪਣੇ ਜੀਵਨ ਦਾ ਲਿਖਤੀ ਸਰੂਪ ਹੈ, ਜਿਸ ਨੂੰ ਸੰਪਾਦਕ ਨੇ ਆਪਣੇ ਮਿਹਨਤੀ ਸੁਭਾਅ ਮੁਤਾਬਿਕ ਤਰਾਸ਼ ਕੇ ਪੁਸਤਕ ਰੂਪ ਵਿਚ ਪਾਠਕਾਂ ਤੱਕ ਪਹੁੰਚਾਇਆ ਹੈ। ਉਸ ਨੇ ਜਰਜਰੇ ਹੋ ਚੁੱਕੇ ਹਰ ਪੰਨੇ ਨੂੰ ਮੁੜ ਜੀਵਤ ਕੀਤਾ ਹੈ। ਇਹ ਕੇਵਲ ਜਿਊਂਦਾ-ਜਾਗਦਾ ਪ੍ਰਮਾਣ ਹੀ ਨਹੀਂ, ਸਗੋਂ ਬਾਬਾ ਜੀ ਵਲੋਂ ਸਮਾਜਿਕ ਨਾ-ਬਰਾਬਰੀ, ਸਮਾਜਿਕ ਨਿਆਂ ਲਈ ਲੜੇ ਲੰਮੇ ਘੋਲ ਦੀ ਹੂ-ਬਹੂ ਤਸਵੀਰ ਨੂੰ ਪੁਨਰ-ਜੀਵਤ ਸਰੂਪ ਦਿੱਤਾ ਹੈ। ਬਾਬਾ ਜੀ ਅਜਿਹੇ ਸਖ਼ਤ ਜਾਨ ਤੇ ਉੱਚ-ਕਿਰਦਾਰ ਦੇ ਮਾਲਕ ਸਨ, ਜਿਨ੍ਹਾਂ ਸਮੇਂ ਦੀ ਹਕੂਮਤ ਦੇ ਤਸੀਹੇ ਜਰੇ, ਜੇਲ੍ਹਾਂ ਦੇ ਤਸੀਹੇ ਝੱਲੇ। ਏਨੇ ਜਬਰ ਦੇ ਬਾਵਜੂਦ, ਉਹ ਅਜਿਹਾ ਅਡੋਲ ਤੇ ਨਿਧੜਕ ਯੋਧਾ ਸੀ, ਜਿਸ ਨੂੰ ਸੰਪਾਦਕ ਨੇ ਆਪਣੇ ਯਤਨਾਂ ਸਦਕਾ ਪ੍ਰਗਟ ਕਰਨ ਦਾ ਇਹ ਉਪਰਾਲਾ ਕੀਤਾ ਹੈ। ਅਸਲ ਵਿਚ ਬਾਬਾ ਜੀ ਅਜਿਹਾ ਅਣਗੌਲਿਆ ਜਰਨੈਲ ਹੈ, ਜਿਸ ਨੂੰ ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਲੇ ਮਰਜੀਵੜਿਆਂ ਵਾਂਗ ਸੱਤਾ ਦੀ ਧੂੜ ਵਿਚ ਦੱਬਿਆ ਗਿਆ ਸੀ।
ਪੁਸਤਕ ਦੇ ਸੰਪਾਦਕ ਨੇ ਸਾਦੇ ਜੀਵਨ ਦੇ ਧਾਰਨੀ ਬਾਬਾ ਗੇਂਦਾ ਸਿੰਘ ਦੀ ਇਸ ਕ੍ਰਾਂਤੀਕਾਰੀ ਲਿਖਤ ਨੂੰ ਤੱਥਾਂ ਅਤੇ ਨਾਵਾਂ ਦੇ ਰੂਪ ਵਿਚ ਸੋਧਣ ਦੇ ਨਾਲ-ਨਾਲ ਸੰਵਾਰਨ ਦਾ ਯਤਨ ਵੀ ਕੀਤਾ ਹੈ। ਕ੍ਰਾਂਤੀਕਾਰੀ ਯੋਧਿਆਂ ਦੀਆਂ ਬੇਸ਼-ਕੀਮਤੀ ਤਸਵੀਰਾਂ ਨੂੰ ਪੁਸਤਕ ਦਾ ਹਿੱਸਾ ਬਣਾਇਆ ਹੈ। ਪੁਸਤਕ ਦਾ ਹਰ ਪੰਨਾ ਇਹ ਬਿਆਨ ਕਰਦਾ ਹੈ ਕਿ ਇਸ ਦੇਸ਼-ਭਗਤ ਨੇ ਆਪਣੇ ਸਾਥੀਆਂ ਸਮੇਤ ਬਸਤੀਵਾਦੀ ਬਰਤਾਨਵੀ ਹਕੂਮਤ ਵਿਰੁੱਧ ਲੰਮਾ ਤੇ ਜਾਨ-ਹਲੂਣਾ ਸੰਘਰਸ਼ ਕੀਤਾ। ਫਰੰਗੀ ਦੇ ਰਾਜ ਦੀਆਂ ਜੇਲ੍ਹਾਂ ਦੀਆਂ ਸਖ਼ਤ ਸਜ਼ਾਵਾਂ ਕੱਟੀਆਂ। ਜੇਲ੍ਹਾਂ ਵਿਚ ਭੁੱਖ ਹੜਤਾਲਾਂ ਤੋਂ ਇਲਾਵਾ ਕਈ ਵਾਰ ਪਿੰਡ ਵਿਚ ਨਜ਼ਰਬੰਦ ਰੱਖਣ ਦੇ ਬਾਵਜੂਦ ਆਪਣੇ ਅਕੀਦੇ ਤੇ ਇਰਾਦੇ ਤੋਂ ਕਦੇ ਵੀ ਨਹੀਂ ਸਨ ਡੋਲੇ। ਬਾਬਾ ਜੀ ਨੇ ਆਪਣੇ ਪਰਿਵਾਰਕ ਅਤੇ ਵਿਅਕਤੀਗਤ ਸੁੱਖਾਂ ਨਾਲੋਂ ਦੇਸ਼ ਅਤੇ ਕਿਰਤੀ ਲੋਕਾਂ ਦੇ ਹਿਤਾਂ ਨੂੰ ਹਮੇਸ਼ਾ ਪਹਿਲ ਦਿੱਤੀ। ਸਮੇਂ ਦੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਤੇ ਆਰਥਿਕ ਤੰਗੀਆਂ ਦਾ ਬੜੇ ਵੱਡੇ ਦਿਲ-ਗੁਰਦੇ ਨਾਲ ਮੁਕਾਬਲਾ ਕੀਤਾ।
ਪਾਠਕ ਜਿਉਂ-ਜਿਉਂ ਪੁਸਤਕ ਨੂੰ ਵਾਚਦਾ ਹੈ ਤਾਂ ਨਿਰਸੰਦੇਹ ਬਾਬਾ ਜੀ ਦੀ ਵਿਚਾਰਧਾਰਕ ਸਾਫ਼ਗੋਈ, ਅਕੀਦੇ ਦੀ ਮਜ਼ਬੂਤੀ ਤੇ ਸਮਾਜਿਕ ਸੰਘਰਸ਼ ਵਿਚ ਸ਼ਮੂਲੀਅਤ ਇਸ ਯੋਧੇ ਦੇ ਮੀਰੀਗੁਣ ਹਨ। ਨੌਜਵਾਨਾਂ ਤੇ ਵਿਦਿਆਰਥੀਆਂ ਦੀ ਸਮੱਸਿਆਵਾਂ ਪ੍ਰਤੀ ਵੀ ਉਹ ਬੜੇ ਸਪੱਸ਼ਟ ਸਨ। ਲੇਖਕ ਨੇ ਸਵੈ-ਜੀਵਨੀ ਨੂੰ ਮੌਜੂਦਾ ਸਰੂਪ ਦੇਣ ਸਮੇਂ ਸ਼ਬਦ-ਜੋੜ ਵੀ ਉਹੀ ਰੱਖੇ ਹਨ। ਭਾਸ਼ਾਈ ਲਹਿਜਾ ਵੀ ਬਾਬਾ ਜੀ ਵਾਲੀ ਲਿਖਤ ਵਾਲਾ ਹੀ ਹੈ। ਅਸਲ ਵਿਚ ਬਾਬਾ ਜੀ ਦੀ ਲਿਖਤ ਦੀ ਭਾਸ਼ਾ ਲਗਭਗ ਪੌਣੀ ਸਦੀ ਪਹਿਲਾਂ ਵਾਲੀ ਪੰਜਾਬੀ ਭਾਸ਼ਾ ਹੀ ਹੈ। ਉਨ੍ਹਾਂ ਦੇ ਸ਼ਬਦ-ਜੋੜ, ਵਾਕ-ਅੰਸ਼ ਅਤੇ ਮੁਹਾਵਰਾ ਵੀ ਸੱਤ-ਅੱਠ ਦਹਾਕੇ ਪਹਿਲਾਂ ਵਾਲਾ ਹੀ ਹੈ। ਬਾਬਾ ਜੀ ਦੇ ਪਰਿਵਾਰ ਦੀਆਂ ਤਸਵੀਰਾਂ ਨੂੰ ਵੀ ਪੁਸਤਕ ਦਾ ਹਿੱਸਾ ਬਣਾਇਆ ਗਿਆ ਹੈ। ਪੁਸਤਕ ਦੇ ਅੰਤ ਵਿਚ ਬਾਬਾ ਗੇਂਦਾ ਸਿੰਘ ਦੀ ਹੱਥ ਲਿਖਤ ਵਿਚ ਵਰਤੇ ਗਏ ਸ਼ਬਦ-ਜੋੜ ਤੇ ਸ਼ਬਦਾਵਲੀ ਨੂੰ ਮੌਜੂਦਾ ਭਾਸ਼ਾਈ ਅੰਤਰ ਨੂੰ ਪਾਠਕਾਂ ਦੀ ਸਹੂਲਤ ਲਈ ਛਾਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਪਾਦਕ ਵਲੋਂ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ। ਸੰਪਾਦਕ ਵਧਾਈ ਦਾ ਪਾਤਰ ਹੈ, ਜਿਸ ਨੇ ਇਸ ਦੇਸ਼ ਭਗਤ ਗ਼ਦਰੀ ਬਾਬੇ ਨੂੰ ਪਾਠਕਾਂ ਦੇ ਰੂ-ਬਰੂ ਕੀਤਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24090

ਤੇਰੇ ਜਾਣ ਪਿੱਛੋਂ
ਗ਼ਜ਼ਲਕਾਰ : ਰਾਜ਼ ਗੁਰਦਾਸਪੁਰੀ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 75089-13308

ਮਨੁੱਖੀ ਜੀਵਨ ਕਦੇ ਵੀ ਇਕਸਾਰ ਨਹੀਂ ਰਹਿੰਦਾ ਤੇ ਇਸ ਵਿਚ ਖ਼ੁਸ਼ੀਆਂ ਵੀ ਸ਼ਾਮਿਲ ਹੁੰਦੀਆਂ ਹਨ ਤੇ ਦਰਦ ਵੀ। ਜੀਵਨ ਦੇ ਇਹ ਦੋਵੇਂ ਪੱਖ ਜਿੱਥੇ ਇਕ ਸ਼ਾਇਰ ਨੂੰ ਹਮੇਸ਼ਾ ਪ੍ਰਭਾਵਿਤ ਕਰਦੇ ਹਨ ਉਥੇ ਉਸ ਦੀ ਸਿਰਜਣਾ ਵੀ ਇਨ੍ਹਾਂ ਦਾ ਅਸਰ ਕਬੂਲਦੀ ਹੈ। ਰਾਜ਼ ਗੁਰਦਾਸਪੁਰੀ ਦੇਰ ਤੋਂ ਗ਼ਜ਼ਲ ਲੇਖਣ ਨਾਲ ਜੁੜਿਆ ਹੋਇਆ ਹੈ ਅਤੇ 'ਤੇਰੇ ਜਾਣ ਪਿੱਛੋਂ' ਗ਼ਜ਼ਲ ਸੰਗ੍ਰਹਿ ਉਸ ਦੀ ਪਤਨੀ ਦੇ ਸਾਥ ਛੱਡ ਜਾਣ ਦੀ ਉਪਰਾਮਤਾ ਵਿੱਚੋਂ ਉਪਜੀ ਪੁਸਤਕ ਹੈ। ਰਾਜ ਦੇ ਪਹਿਲਾਂ ਵੀ ਕਈ ਗ਼ਜ਼ਲ ਸੰਗ੍ਰਹਿ ਛਪ ਚੁੱਕੇ ਹਨ ਪਰ ਇਹ ਪੁਸਤਕ ਪਹਿਲੀਆਂ ਪੁਸਤਕਾਂ ਤੋਂ ਉਦਾਸ ਸੁਰ ਵਾਲੀ ਹੈ। ਉਂਝ ਰਾਜ਼ ਗੁਰਦਾਸਪੁਰੀ ਦੀ ਇਕ ਆਸ਼ਾਵਾਦੀ ਤੇ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਕਵੀ ਵਜੋਂ ਪਹਿਚਾਣ ਹੈ। ਸੁਭਾਵਿਕ ਤੌਰ 'ਤੇ ਇਹ ਸੰਗ੍ਰਹਿ ਉਸ ਦੀ ਪਤਨੀ ਰੀਟਾ ਨੂੰ ਸਮਰਪਿਤ ਹੈ ਤੇ ਇਸ ਵਿਚ ਗ਼ਜ਼ਲਕਾਰ ਦੀਆਂ ਸਤੱਤਰ ਗ਼ਜ਼ਲਾਂ ਸ਼ਾਮਿਲ ਹਨ। 'ਤੇਰੇ ਜਾਣ ਪਿੱਛੋਂ' ਦੀਆਂ ਕਈ ਗ਼ਜ਼ਲਾਂ ਦੇ ਕੁਝ ਸ਼ਿਅਰਾਂ ਵਿਚ ਦਰਦ ਦੀ ਇੰਤਹਾ ਹੈ। ਉਸ ਨੂੰ ਆਪਣੇ ਘਰ ਦਾ ਵਿਹੜਾ ਖ਼ਾਲੀ-ਖ਼ਾਲੀ ਮਹਿਸੂਸ ਹੁੰਦਾ ਹੈ ਤੇ ਫੁੱਲਾਂ ਦੇ ਰੰਗ ਵੀ ਉਦਾਸ ਉਦਾਸ ਲਗਦੇ ਹਨ। ਉਸ ਨੂੰ ਹੋਲੀ ਤੇ ਹੋਰ ਤਿਉਹਾਰ ਮਾਤਮ ਵਰਗੇ ਮਹਿਸੂਸ ਹੁੰਦੇ ਹਨ ਤੇ ਆਪਣੇ ਪਿਆਰੇ ਬਿਨਾਂ ਖ਼ੁਸ਼ੀ ਦਾ ਵਕਤ ਵੀ ਗ਼ਮੀ ਵਰਗਾ ਜਾਪਦਾ ਹੈ। ਗ਼ਜ਼ਲਕਾਰ ਨੂੰ ਵਿਛੜ ਗਏ ਦਾ ਅਜੇ ਵੀ ਦਿਲ ਵਿਚ ਨਿਵਾਸ ਮਹਿਸੂਸ ਹੁੰਦਾ ਹੈ ਤੇ ਉਸ ਦੀ ਸੂਰਤ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀ ਹੈ। ਉਹ ਆਖਦਾ ਹੈ ਮੇਰੇ ਲਈ ਦਿਨ ਵੀ ਰਾਤ ਵਰਗਾ ਹੈ ਤੇ ਸਵੇਰ ਸ਼ਾਮ ਵਰਗੀ ਹੈ। ਡਾ. ਸਾਧੂ ਸਿੰਘ ਹਮਦਰਦ ਜੀ ਦੀ ਰਦੀਫ਼ 'ਤੇਰੇ ਜਾਣ ਪਿੱਛੋਂ' ਅਨੇਕਾਂ ਗ਼ਜ਼ਲਕਾਰਾਂ ਨੇ ਵਰਤੋਂ ਵਿਚ ਲਿਆਂਦੀ ਹੈ ਤੇ ਰਾਜ਼ ਨੇ ਵੀ ਸ਼ਰਧਾਂਜਲੀ ਵਜੋਂ ਇਸ 'ਤੇ ਬੜੀਆਂ ਪਾਏਦਾਰ ਗ਼ਜ਼ਲਾਂ ਕਹੀਆਂ ਹਨ। ਕੁਝ ਇਕ ਗ਼ਜ਼ਲਾਂ ਨੂੰ ਛੱਡ ਕੇ ਬਾਕੀ ਸਭ ਗ਼ਜ਼ਲਾਂ ਦੀ ਰਦੀਫ਼ ਤੇ ਜ਼ਮੀਨ ਇੱਕੋ ਤੇ ਏਹੀ ਹੈ। ਇਸ ਵਿਸ਼ੇ ਤੋਂ ਅਲੱਗ ਵਿਸ਼ੇ ਵਾਲੀਆਂ ਗ਼ਜ਼ਲਾਂ ਵਿਚ ਰਾਜ਼ ਲੋਕਾਂ ਨੂੰ ਜਾਗਣ, ਸਿਆਸੀ ਗਿਰਗਿਟਾਂ ਤੋਂ ਸਾਵਧਾਨ ਰਹਿਣ, ਸੰਘਰਸ਼ ਕਰਨ ਤੇ ਜ਼ਿੰਦਗੀ ਵਿਚ ਖ਼ੂਬਸੂਰਤ ਰੰਗ ਭਰਨ ਦੀ ਪ੍ਰੇਰਨਾ ਦਿੰਦਾ ਹੈ। ਨਿਸ਼ਚੇ ਹੀ 'ਤੇਰੇ ਜਾਣ ਪਿੱਛੋਂ' ਗ਼ਜ਼ਲ ਸੰਗ੍ਰਹਿ ਜਿੱਥੇ ਗ਼ਜ਼ਲਕਾਰ ਲਈ ਮਨ ਨੂੰ ਹੌਲ਼ਾ ਕਰਨ ਦਾ ਕਾਰਕ ਬਣਦਾ ਹੈ ਉਥੇ ਪਾਠਕ ਨੂੰ ਮਨੁੱਖੀ ਜੀਵਨ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵੀ ਜਾਣਕਾਰੀ ਦਿੰਦਾ ਹੈ ਤੇ ਚੇਤਨ ਕਰਦਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਜੱਟ ਵਿੱਦਿਆ
ਲੇਖਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 147
ਸੰਪਰਕ : 94654-64502

'ਜੱਟ-ਵਿੱਦਿਆ' ਪੰਜਾਬੀ ਭਾਸ਼ਾ ਦੇ ਯੁਵਾ-ਸਕਾਲਰ ਅਤੇ ਸਿਰਜਣਾਤਮਿਕ ਲੇਖਕ ਪ੍ਰੋ. ਜਗਵਿੰਦਰ ਜੋਧਾ ਦੁਆਰਾ ਲਿਖਿਆ ਲੇਖ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚ ਪੰਜਾਬ ਦੇ ਪਿੰਡ-ਸੱਭਿਆਚਾਰ ਬਾਰੇ ਲਿਖੇ 40 ਲੇਖ ਸੰਗ੍ਰਹਿਤ ਹਨ। ਇਨ੍ਹਾਂ ਲੇਖਾਂ ਵਿਚ ਪੰਜਾਬ ਦੇ ਤਿਉਹਾਰਾਂ, ਫ਼ਸਲਾਂ, ਪਸ਼ੂਆਂ, ਕੰਮ-ਧੰਦਿਆਂ ਅਤੇ ਮਨਪਰਚਾਵਿਆਂ ਬਾਰੇ ਉਲੇਖ ਕੀਤਾ ਗਿਆ ਹੈ। ਲੇਖਾਂ ਵਿਚ ਮਿਲਦੀ ਜਾਣਕਾਰੀ ਨੂੰ ਕੋਸ਼ਾਂ, ਮਹਾਨ-ਕੋਸ਼ਾਂ, ਪੌਰਾਣਿਕ-ਕਥਾਵਾਂ, ਅਖਾਉਤਾਂ ਅਤੇ ਲੀਜੈਂਡਜ਼ ਦੁਆਰਾ ਪ੍ਰਮਾਣਿਕ ਬਣਾਇਆ ਗਿਆ ਹੈ। ਇਨ੍ਹਾਂ ਰਚਨਾਵਾਂ ਵਿਚ ਦੀਵਾਲੀ, ਦੁਸਹਿਰਾ, ਲੋਹੜੀ, ਘੋੜਿਆਂ, ਊਠਾਂ, ਬੈਲਾਂ, ਕਣਕ, ਚਾਵਲ, ਬਰਾਸੀਨ, ਫਸਲਾਂ ਦੀ ਵਾਢੀ, ਦਾਣੇ ਕੱਢਣ ਦੀਆਂ ਵਿਧੀਆਂ ਅਤੇ ਇਨ੍ਹਾਂ ਕ੍ਰਿਆਵਾਂ ਨਾਲ ਜੁੜੀਆਂ ਲੋਕ-ਕਹਾਣੀਆਂ ਅਤੇ ਦੰਤ-ਕਥਾਵਾਂ ਦਾ ਬੜਾ ਰੌਚਕ ਵਰਣਨ ਹੋਇਆ ਹੈ।
ਕੁਝ ਲੇਖਾਂ ਵਿਚ ਸਵੈਜੀਵਨੀਗਤ ਹਵਾਲੇ ਵੀ ਆਏ ਹਨ, ਜੋ ਸਮੱਗਰੀ ਨੂੰ ਭਰੋਸੇਯੋਗ ਬਣਾਉਂਦੇ ਹਨ। ਉੱਚ-ਕੋਟੀ ਦਾ ਵਿਦਵਾਨ ਹੋਣ ਦੇ ਬਾਵਜੂਦ ਲੇਖਕ ਆਪਣੀਆਂ ਰਚਨਾਵਾਂ ਨੂੰ ਸਰਲ ਅਤੇ ਠੇਠ ਬੋਲੀ ਰਾਹੀਂ ਬਿਆਨ ਕਰਦਾ ਹੈ। ਇਸ ਪੁਸਤਕ ਵਿਚ ਪੇਂਡੂ ਜੀਵਨ ਨਾਲ ਜੁੜੇ ਕਈ ਵਰਤਾਰਿਆਂ ਅਤੇ ਕੰਮ-ਧੰਦਿਆਂ ਬਾਰੇ ਬੜੀ ਨਵੀਂ ਅਤੇ ਸਟੀਕ ਜਾਣਕਾਰੀ ਮਿਲਦੀ ਹੈ।
ਲੇਖਕ ਹਰ ਫ਼ਸਲ, ਜੀਵ, ਜਾਤੀ-ਪ੍ਰਜਾਤੀ, ਪਸ਼ੂ ਅਤੇ ਸਬਜ਼ੀ-ਭਾਜੀ ਦੀ ਨੈਰੇਸ਼ਨ ਸਮੇਂ ਬਹੁਤ ਮਿਹਨਤ ਅਤੇ ਡੂੰਘੇ ਅਧਿਐਨ ਤੋਂ ਕੰਮ ਲੈਂਦਾ ਹੈ। ਸਾਡੇ ਵਰਗਾ ਆਮ ਪਾਠਕ ਇਸ ਪੁਸਤਕ ਨੂੰ ਪੜ੍ਹੇਗਾ ਅਤੇ ਛੱਡ ਦੇਵੇਗਾ ਪਰ ਤਾਂ ਵੀ ਬਹੁਤ ਸਾਰੀਆਂ ਸੂਚਨਾਵਾਂ ਉਸ ਦੇ ਜਿਹਨ ਵਿਚ ਸਦਾ ਲਈ ਅੰਕਿਤ ਹੋ ਜਾਣਗੀਆਂ। ਪ੍ਰੰਤੂ ਮੈਂ ਚਾਹੁੰਦਾ ਹਾਂ ਕਿ ਇਹ ਪੁਸਤਕ ਪੰਜਾਬ ਦੇ ਨੌਜਵਾਨ ਵਰਗ ਵਲੋਂ ਲਾਜ਼ਮੀ ਤੌਰ 'ਤੇ ਪੜ੍ਹੀ ਜਾਵੇ। ਇਹ ਕੰਮ ਇਸ ਨੂੰ ਇਕ 'ਟੈਕਸਟ-ਬੁੱਕ' ਵਜੋਂ ਪ੍ਰਵਾਨਿਤ ਕਰਨ-ਕਰਾਉਣ ਨਾਲ ਹੀ ਹੋ ਸਕਦਾ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਰੂਹਾਂ ਬੋਲਦੀਆਂ
ਲੇਖਿਕਾ : ਸੁਰਿੰਦਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 187
ਸੰਪਰਕ : 98143-82348

'ਰੂਹਾਂ ਬੋਲਦੀਆਂ' ਸੁਰਿੰਦਰ ਸੰਧੂ ਦਾ ਤੀਸਰਾ ਕਾਵਿ-ਸੰਗ੍ਰਿਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਰੂਹ ਦੀ ਆਵਾਜ਼' (2018) ਅਤੇ 'ਰਿਸ਼ਤੇ ਰੂਹਾਂ ਦੇ' (2020) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਦੁਆ' ਤੋਂ ਲੈ ਕੇ 'ਸਮੁੰਦਰ ਕਿਨਾਰੇ' ਤੱਕ 86 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਸੰਬੰਧ ਬੁਨਿਆਦੀ ਤੌਰ 'ਤੇ ਮਨੁੱਖੀ ਅਕਾਂਖਿਆਵਾਂ ਦੇ ਇਰਦ-ਗਿਰਦ ਹੀ ਪਰਿਕਰਮਾ ਕਰਦੀਆਂ ਹਨ। ਪਰਿਵਾਰ ਤੋਂ ਲੈ ਕੇ ਭਾਈਚਾਰੇ ਤੱਕ ਮਨੁੱਖੀ ਖ਼ਾਹਸ਼ਾਂ ਦੀਆਂ ਅਨੇਕਾਂ ਪਰਤਾਂ ਹਨ, ਜਿਨ੍ਹਾਂ ਨੂੰ ਸਮਝਣਾ-ਸਮਝਾਉਣਾ ਇਨ੍ਹਾਂ ਕਵਿਤਾਵਾਂ ਦਾ ਮੰਤਵ ਜਾਪਦਾ ਹੈ। ਮਨੁੱਖ ਇਕੱਲਾ ਕਦੇ ਵੀ ਨਹੀਂ ਰਹਿ ਸਕਦਾ। ਇਹ ਵਰਤਾਰਾ ਭਾਵੇਂ ਸਰੀਰਕ ਹੋਵੇ ਜਾਂ ਆਤਮਿਕ ਹੋਵੇ, ਮਨੁੱਖੀ ਭਾਵਨਾਵਾਂ ਸਰੀਰਕ ਭਾਸ਼ਾ ਰਾਹੀਂ ਬਹੁਤ ਕੁਝ ਸਮਝਾ ਜਾਂਦੀਆਂ ਹਨ। 'ਸਮੁੰਦਰ ਕਿਨਾਰੇ' ਕਵਿਤਾ 'ਚ 'ਮੱਛੀਆਂ' ਦਾ ਜ਼ਿਕਰ ਆਉਣਾ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਜਾਂਦਾ ਹੈ। 'ਰੂਹਾਂ' ਸਿਰਫ਼ ਤੇ ਸਿਰਫ਼ ਮਨੁੱਖਾਂ 'ਚ ਹੀ ਨਹੀਂ ਹੁੰਦੀਆਂ, ਸਗੋਂ ਇਹ ਤਾਂ ਸਮੁੱਚੀ ਕਾਇਨਾਤ ਦੇ ਕਣ-ਕਣ 'ਚ ਸਮਾਈਆਂ ਹੋਈਆਂ ਹਨ। ਜਾਨਵਰਾਂ, ਰੁੱਖਾਂ, ਪੰਛੀਆਂ, ਜੀਵਾਂ ਦੀਆਂ ਆਪਣੀਆਂ-ਆਪਣੀਆਂ ਬੋਲੀਆਂ ਜਾਂ ਭਾਸ਼ਾਵਾਂ ਹਨ। ਪਰ ਸਰੀਰਕ ਭਾਸ਼ਾ ਸਰਬ ਸਾਂਝੀ ਹੈ। ਇਸ ਕਰਕੇ ਮਨੁੱਖ ਪ੍ਰਾਕਿਰਤੀ ਦੇ ਹਰ ਪ੍ਰਾਣੀ ਨਾਲ ਆਪਣਾ ਸਹਿਜ ਰਿਸ਼ਤਾ ਕਾਇਮ ਕਰ ਲੈਂਦਾ ਹੈ। ਸਮਾਜ ਵਿਚ ਬੱਝਾ ਹੋਇਆ ਮਨੁੱਖ 'ਲਹੂ' ਅਤੇ 'ਅ-ਲਹੂ' ਦੇ ਰਿਸ਼ਤਿਆਂ 'ਚ ਪਰਿਭਾਸ਼ਤ ਹੁੰਦਾ ਹੈ। 'ਲਹੂ' ਦੇ ਰਿਸ਼ਤਿਆਂ ਦਾ ਸੰਬੰਧ ਦਾਦਕਾ ਪੱਖ ਨਾਲ ਜੁੜਦਾ ਹੈ, ਜਦ ਕਿ 'ਅ-ਲਹੂ' ਦੇ ਰਿਸ਼ਤਿਆਂ ਦੀ ਵਿਆਖਿਆ 'ਨਾਨਕਾ' ਪੱਖ ਵਜੋਂ ਕੀਤੀ ਜਾਂਦੀ ਹੈ। ਰੂਹਾਂ ਦਾ ਇਨ੍ਹਾਂ ਰਿਸ਼ਤਿਆਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੁੰਦਾ, ਸਗੋਂ ਇਹ ਮਨੁੱਖ ਦੀ ਮਨੋਬਿਰਤੀ ਨਾਲ ਸੰਬੰਧਿਤ ਹੁੰਦਾ ਹੈ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਕਵਿਤਰੀ ਵਲੋਂ ਵਰਤੇ 'ਤੜਪ', 'ਇਸ਼ਕ', 'ਚਾਹਤ', 'ਸੱਚੀ ਮੁਹੱਬਤ', 'ਵਫ਼ਾ', 'ਮੋਹ', 'ਪੀੜ', 'ਖਾਮੋਸ਼ੀ', 'ਰਿਸ਼ਤੇ ਦਾ ਮੁੱਲ', 'ਸੱਚ', 'ਰਹਿਮ', 'ਤਕਦੀਰ', 'ਪਰਦੇਸ', 'ਮਨ', 'ਤਨਹਾਈ', 'ਰਾਂਝਣ', 'ਵਸੀਅਤ', 'ਹਾਣੀਆ', 'ਮਹਿਕ', 'ਬੰਦਗੀ' ਆਦਿਕ ਵਰਤੇ ਸ਼ਬਦ ਮਾਨਵੀ-ਮਾਨਸਿਕਤਾ ਦੇ ਅਹਿਸਾਸਾਂ ਦੀ ਸ਼ਿੱਦਤਤਾ ਨਾਲ ਸੰਬੰਧਿਤ ਹਨ। ਇਸ ਮਾਨਸਿਕ ਪ੍ਰਕਿਰਿਆ ਦਾ ਸੰਬੰਧ ਮਨੁੱਖ ਦੀ ਅਰਥ ਚੇਤਨਾ ਨਾਲ ਸੰਬੰਧਿਤ ਹੁੰਦਾ ਹੈ। ਇਹ ਰੂਹਾਂ ਦੀ ਤ੍ਰਿਪਤੀ ਜਾਂ ਅਤ੍ਰਿਪਤੀ ਦੀਆਂ ਸੂਚਕ ਵੀ ਹੋ ਸਕਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿਚਲੀਆਂ 'ਦੁਆ', 'ਤੜਪ', 'ਇਸ਼ਕ', 'ਚਾਹਤ', 'ਮਿਲਣ', 'ਮੋਹ', 'ਇਤਫ਼ਾਕ' ਅਤੇ ਹੋਰ ਅਨੇਕਾਂ ਕਵਿਤਾਵਾਂ 'ਚ ਉਕਤ ਵਰਣਿਤ ਪ੍ਰਸੰਗਾਂ ਦੇ ਵੇਰਵੇ ਥਾਂ-ਪੁਰ ਥਾਂ ਮਿਲਦੇ ਹਨ। ਕਵਿਤਾਵਾਂ ਦੇ ਨਾਲ-ਨਾਲ ਦਿੱਤੇ ਚਿੱਤਰ ਵੀ ਕਾਵਿ-ਸੰਗ੍ਰਹਿ ਦੀ ਆਬਾ 'ਚ ਵਾਧਾ ਕਰਦੇ ਹਨ। ਕਾਵਿ-ਸੰਗ੍ਰਹਿ ਨੂੰ ਸਵਾਗਤ ਕਰਨਾ ਬਣਦਾ ਹੈ।

-ਸੰਧੂ ਵਰਿਆਣਵੀ
ਮੋਬਾਈਲ : 98786-14096

ਕਵਿਤਾਵਾਂ ਦੀ ਮਹਿਫ਼ਲ
ਲੇਖਕ : ਸਮਿੱਤਰ ਸਿੰਘ 'ਦੋਸਤ'
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 90
ਸੰਪਰਕ : 92562-92764

ਸਮਿੱਤਰ ਸਿੰਘ 'ਦੋਸਤ' ਆਪਣਾ ਪਲੇਠਾ ਕਾਵਿ-ਸੰਗ੍ਰਹਿ 'ਕਵਿਤਾਵਾਂ ਦੀ ਮਹਿਫ਼ਲ' ਲੈ ਕੇ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕਰ ਰਹੇ ਹਨ। ਪੁਸਤਕ ਵਿਚ ਸ਼ਾਮਿਲ ਰਚਨਾਵਾਂ ਵਿਚ ਉਨ੍ਹਾਂ ਨੇ ਧਾਰਮਿਕ, ਸਮਾਜਿਕ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਵੰਨ-ਸੁਵੰਨੇ ਵਿਸ਼ਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਉਭਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਧਾਰਨਾ ਹੈ ਕਿ ਜੇਕਰ ਅਸੀਂ ਕਿਸੇ ਲਈ ਕੁਝ ਚੰਗਾ ਨਹੀਂ ਕਰ ਸਕਦੇ, ਤਾਂ ਸਾਨੂੰ ਕਿਸੇ ਲਈ ਸਮੱਸਿਆ ਬਣਨ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ:
ਜੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦੀ ਨਹੀਂ ਤਰਤੀਬ,
ਪੁੰਗਰਦੇ ਜ਼ਖ਼ਮਾਂ 'ਤੇ ਨਸ਼ਤਰ ਚਲਾਇਆ ਨਾ ਕਰੋ।
ਅਸੀਂ ਦੇਖਦੇ ਹਾਂ ਕਿ ਦੁਨੀਆ ਦਾ ਕੋਈ ਵੀ ਵਿਅਕਤੀ ਆਪਣੇ-ਆਪ ਤੋਂ ਸੰਤੁਸ਼ਟ ਦਿਖਾਈ ਨਹੀਂ ਦਿੰਦਾ। ਹਰ ਕਿਸੇ ਨੂੰ ਲੱਗਦਾ ਹੈ ਕਿ ਜੋ ਕੁਝ ਵੀ ਉਸ ਦੇ ਕੋਲ ਹੈ, ਉਹ ਉਸ ਦੀ ਯੋਗਤਾ ਅਤੇ ਪਾਤਰਤਾ ਤੋਂ ਕਿਤੇ ਘੱਟ ਹੈ। ਅਸਲ ਵਿਚ ਉਸ ਦੀਆਂ ਸਾਰੀਆਂ ਮਾਨਸਿਕ ਉਲਝਣਾਂ ਦਾ ਬਿਰਤਾਂਤ ਇੱਥੋਂ ਹੀ ਸ਼ੁਰੂ ਹੁੰਦਾ ਹੈ। ਇਹ ਵਹਿਮ ਲੱਗਭੱਗ ਸਰਬ ਵਿਆਪੀ ਹੈ ਅਤੇ ਜੇਕਰ ਕੋਈ ਇਸ ਵਰਤਾਰੇ ਤੋਂ ਬਚਣ ਵਿਚ ਸਫ਼ਲ ਹੁੰਦਾ ਹੈ, ਉਸੇ ਨੂੰ ਹੀ ਆਨੰਦ ਦੀ ਅਵਸਥਾ ਵਿਚ ਦੇਖਿਆ ਜਾ ਸਕਦਾ ਹੈ:
ਸਬਰ. ਸੰਤੋਖ ਤੇ ਧੀਰਜ, ਜਿਨ੍ਹਾਂ ਬੰਨ੍ਹ ਲਿਆ ਪੱਲੇ,
ਚੰਨ ਵਾਂਗੂ ਠੰਢੇ ਤੇ ਸੀਤਲ ਰਹਿਣ ਉਨ੍ਹਾਂ ਦੇ ਚਿਹਰੇ।
ਸਮਿੱਤਰ ਸਿੰਘ 'ਦੋਸਤ' ਨੇ ਇਸ ਪੁਸਤਕ ਵਿਚ ਇਕੱਤੀ ਗੀਤ, ਪੈਂਤੀ ਕਵਿਤਾਵਾਂ ਅਤੇ ਚਾਰ ਗ਼ਜ਼ਲਾਂ ਸ਼ਾਮਿਲ ਕੀਤੀਆਂ ਹਨ। ਬੇਸ਼ੱਕ ਗ਼ਜ਼ਲ ਵਿਧਾ ਸੰਬੰਧੀ ਅਜੇ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਪਰ ਸਮੁੱਚੇ ਰੂਪ ਵਿਚ ਉਨ੍ਹਾਂ ਦੀ ਸਿਰਜਣਾ ਬੇਹੱਦ ਸੰਭਾਵਨਾਵਾਂ ਭਰਪੂਰ ਹੈ। ਗੀਤਕਾਰੀ ਵਿਚ ਤਾਂ ਉਨ੍ਹਾਂ ਦੀ ਪਕੜ ਕਾਫ਼ੀ ਮਜ਼ਬੂਤ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਕਾਵਿਕਤਾ ਵਿਚ ਉਨ੍ਹਾਂ ਦੀ ਮਾਨਵਤਾ ਪ੍ਰਤੀ ਮੁਹੱਬਤ, ਅਪਣੱਤ ਅਤੇ ਹਮਦਰਦੀ ਦੀ ਭਾਵਨਾ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਇੱਕ ਸਮਰੱਥ ਕਵੀ ਦੇ ਰੂਪ ਵਿਚ ਪਾਠਕਾਂ ਦੇ ਸਾਹਮਣੇ ਆਉਣਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

02-02-2025

ਜਿੱਥੋਂ ਸੂਰਜ ਉੱਗਿਆ
ਲੇਖਕ : ਰਾਮ ਲਾਲ ਪ੍ਰੇਮੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98155-17340

'ਜਿਥੋਂ ਸੂਰਜ ਉੱਗਿਆ' ਪੁਸਤਕ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜੱਦੀ ਪੁਸ਼ਤੀ ਪਿੰਡ ਗੜ ਕਲਾਂ ਫਿਰ ਖੱਟ ਗੜ ਕਲਾਂ ਤੋਂ ਹੁਣ 'ਖਟਕੜ ਕਲਾਂ' ਅਤੇ ਪੁਰਖਿਆਂ/ਵੱਡ-ਵਡੇਰਿਆਂ ਦੇ ਮਾਣਮੱਤੇ ਜੀਵਨ ਇਤਿਹਾਸ ਦੀ ਇਕ ਮਾਣ ਯੋਗ ਗਾਥਾ ਹੈ।
ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਵੱਡ ਵਡੇਰੇ ਨਕੜਦਾਦੇ ਫਤਿਹ ਸਿੰਘ ਨੂੰ ਜਗੀਰਦਾਰੀ ਖੱਟ (ਦਾਜ) ਵਿਚ ਮਿਲੀ ਸੀ ਪਰ ਫਿਰ ਵੀ ਉਹ ਆਪਣੀ ਦੇਸ਼ ਭਗਤੀ ਦੇ ਜਜ਼ਬੇ ਨੂੰ ਭੁਲਾ ਨਾ ਸਕਿਆ ਤੇ ਅੰਗਰੇਜ਼ਾਂ ਦੇ ਵਿਰੁੱਧ ਉਠੀ ਹਰ ਮੁਹਿੰਮ ਵਿਚ ਪੂਰੇ ਜ਼ੋਰ ਸੋਰ ਨਾਲ ਭਾਗ ਲੈਂਦਾ ਰਿਹਾ। ਅੱਗੋਂ ਉਸ ਦੀ ਪੀੜ੍ਹੀ ਵਿਚੋਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਪੜਦਾਦਾ ਖੇਮ ਸਿੰਘ, ਦਾਦਾ ਅਰਜਨ ਸਿੰਘ, ਪਿਤਾ ਸ. ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਸਵਰਨ ਸਿੰਘ, ਦਾਦੀ ਜੈ ਕੌਰ, ਮਾਤਾ ਇੰਦ ਕੌਰ (ਵਿਦਿਆਵਤੀ), ਚਾਚੀ ਹਰਨਾਮ ਕੌਰ ਤੇ ਹੁਕਮ ਕੌਰ ਦਾ ਵੀ ਅੰਗਰੇਜ਼ੀ ਹਕੂਮਤ ਦੀ ਗ਼ਲਤ ਤੇ ਦਮਨਕਾਰੀ ਨੀਤੀ ਵਿਰੁੱਧ ਜੂਝਦਿਆਂ ਦਲੇਰੀ ਭਰਿਆ ਜੀਵਨ ਜੀਵਿਆ। ਭਾਵੇਂ ਕੇ ਏਸ ਵਜਾਹ ਕਰਕੇ ਹੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਇਸ ਅਣਖੀ ਖਾਨਦਾਨ ਨੂੰ ਮਿਲੀ ਸਰਕਾਰੀ ਜਗੀਰ/ ਪੈਨਸ਼ਨ ਨੂੰ ਭਾਰੀ ਖੋਰਾ ਲੱਗਿਆ ਤੇ ਕਈ ਪ੍ਰਕਾਰ ਦੇ ਸਰਕਾਰੀ ਤਸ਼ੱਦਦ ਵੀ ਝੱਲਣੇ ਪਏ। ਪਰ ਇਸ ਮਹਾਨ ਖ਼ਾਨਦਾਨ ਨੇ ਦੇਸ਼ ਭਗਤੀ ਦਾ ਪੱਲਾ ਫਿਰ ਨਾ ਛੱਡਿਆ।
ਅਜਿਹੀ ਅਣਖੀ ਖ਼ਾਨਦਾਨ ਵਿਚ ਪੈਦਾ ਹੋਏ ਭਗਤ ਸਿੰਘ ਨੂੰ ਮਿਲੀ ਦੇਸ਼ ਭਗਤੀ ਦੀ ਗੁੜ੍ਹਤੀ ਨੇ ਉਸ ਦੇ ਦਿਲ ਦਿਮਾਗ਼ ਵਿਚ ਵੀ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਕੁੱਟ ਕੁੱਟ ਕੇ ਭਰ ਦਿੱਤਾ ਕਿ ਉਹ ਦੇਸ਼ ਲਈ ਮਰ ਮਿਟਣ ਵਾਲੇ ਦੇਸ਼ ਭਗਤਾਂ ਦੀ ਮੋਹਰਲੀ ਕਤਾਰ ਵਿਚ ਸਿਰਕੱਢ ਨਾਇਕ ਬਣ ਕੇ ਇਕ ਦਾਗਦਾ ਸੂਰਜ ਬਣ ਚਮਕਿਆ। ਧਾਰਮਿਕ, ਸਮਾਜਿਕ ਤੇ ਮਾਨਵਤਾ ਅਤੇ ਜ਼ੁਲਮ ਵਿਰੁੱਧ ਜੂਝਣ ਦੇ ਸਰੋਕਾਰਾਂ ਦੇ ਰੰਗੇ ਗਏ ਇਸ ਦੇਸ਼ ਭਗਤ ਖ਼ਾਨਦਾਨ ਦਾ ਆਰੀਆ ਸਮਾਜ ਨਾਲ ਹੱਦੋਂ ਵੱਧ ਲਗਾਵ ਤੇ ਫਿਰ ਦੂਰੀ ਬਣਨ ਦੇ ਕਾਰਨਾਂ ਦਾ ਬੜੇ ਭਾਵਪੂਰਤ ਸ਼ਬਦਾਂ ਵਿਚ ਵਰਨਣ ਵੀ ਪੜ੍ਹਨ ਨੂੰ ਮਿਲਦਾ ਹੈ।ਬਚਪਨ ਵਿਚ ਦੇਸ਼ ਭਗਤੀ, ਸਮਾਜਿਕ ਕਦਰਾਂ ਕੀਮਤਾਂ ਦੀ ਚਿਣਗ /ਉਤਸੁਕਤਾ ਜਗਾਉਣ ਲਈ ਜੰਗ ਏ ਆਜ਼ਾਦੀ ਦੇ ਇਤਿਹਾਸ ਬਾਰੇ ਸੁਆਲ ਜਵਾਬ ਵਿਧਾ ਵਾਲੀ ਇਹ ਪੁਸਤਕ 'ਜਿਥੋਂ ਸੂਰਜ ਉੱਗਿਆ' ਦੀਆਂ ਰੌਚਕ ਕਹਾਣੀਆਂ ਬਾਤਾਂ ਜਿਥੇ ਬੱਚਿਆਂ ਨਾਲ ਦੇਸ਼ ਪਿਆਰ ਦੀ ਸਾਂਝ ਪਾਉਣ ਵਿਚ ਕਾਫੀ ਸਹਾਈਹੋ ਸਕਦੀਆਂ ਹਨ ਉਥੇ ਪਰਿਵਾਰਕ ਵਡ ਵਡੇਰਿਆਂ ਤੇ ਬੱਚਿਆਂ ਵਿਚ ਆਪਸੀ ਸਾਂਝ ਦਾ ਪੁਲ ਵੀ ਬਣ ਸਕਦੀਆਂ ਹਨ। ਲੇਖਕ ਰਾਮ ਲਾਲ ਪ੍ਰੇਮੀ ਨੇ ਇਸ ਪੁਸਤਕ ਦਾ ਅੰਤ ਬਾਖੂਬੀ ਨਾਲ ਕਾਵਿ ਸਤਰਾਂ ਨਾਲ ਕੀਤਾ ਹੈ:-
'ਕਥਾ ਸਮਾਪਤ ਹੋਤ ਹੈ ਸੁਣ ਲਓ ਬਾਲ ਸੁਜਾਨ
ਸੂਰਜ ਉੱਗਿਆ ਖਟਕੜੋਂ ਧਰਿਆ ਭਗਤ ਸਿੰਘ ਨਾਮ।'

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858

ਇਤਿਹਾਸ ਨੂੰ ਜ਼ਿੰਦਾ ਰੱਖਣ ਵਾਲੇ
ਅਨਮੋਲ ਹੀਰੇ
ਲੇਖਕ : ਗੁਰਮੁਖ ਸਿੰਘ ਐਮ.ਏ.
ਪ੍ਰਕਾਸ਼ਕ : ਸਾਤਵਿਕ ਬੁੱਕਸ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 135
ਸੰਪਰਕ : 98143-44276

ਹਥਲੀ ਪੁਸਤਕ ਦੇ ਲੇਖਕ ਵਲੋਂ ਇਸ ਤੋਂ ਪਹਿਲਾਂ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਇਤਿਹਾਸ ਨਾਲ ਪਿਆਰ ਕਰਨ ਵਾਲੇ ਪਾਠਕਾਂ ਦੇ ਸਨਮੁੱਖ ਭੇਟ ਕੀਤੀਆਂ ਗਈਆਂ ਹਨ। ਇਸ ਪੁਸਤਕ ਦੁਆਰਾ ਨਾਮਵਰ ਢਾਡੀਆਂ ਤੇ ਕਵੀਸ਼ਰਾਂ ਨੂੰ ਪ੍ਰਣਾਮ ਕੀਤਾ ਗਿਆ ਹੈ, ਜਿਨ੍ਹਾਂ ਆਪਣੇ-ਆਪਣੇ ਸਮੇਂ ਕੇਵਲ ਉੱਚ ਰੁਤਬਾ ਹੀ ਪ੍ਰਾਪਤ ਨਹੀਂ ਕੀਤਾ, ਸਗੋਂ ਆਪਣੇ ਸਰੋਤਿਆਂ ਤੋਂ ਮਣਾਂ-ਮੂੰਹੀਂ ਪਿਆਰ ਵੀ ਪ੍ਰਾਪਤ ਕੀਤਾ। ਪੰਜਾਬ ਦੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਇਤਿਹਾਸ ਨੂੰ ਆਪਣੇ ਜੀਵਨ ਵਿਚ ਹੰਢਾਇਆ, ਮਾਣਿਆ ਅਤੇ ਜੀਵਿਆ ਵੀ ਹੈ। ਸੁਹਿਰਦ ਲੇਖਕ ਖੁਦ ਉੱਚ ਪਾਏ ਦਾ ਕਵੀਸ਼ਰ, ਲੇਖਕ ਅਤੇ ਵਿਦਵਾਨ ਹੈ। ਢਾਡੀ ਕਲਾ ਸਾਜ਼ਾਂ ਨਾਲ ਗਾਇਨ ਕਰਨ ਵਾਲੀ ਕਾਵਿ-ਕਲਾ ਹੈ। ਪਰ ਕਵੀਸ਼ਰੀ ਬਿਨਾਂ ਸਾਜ਼ਾਂ ਤੋਂ ਪਹਿਲਾਂ ਤੋਂ ਪੰਜਾਬ ਦੀ ਵਿਰਾਸਤ ਦਾ ਅਹਿਮ ਅੰਗ ਹੈ। ਸਾਡੇ ਮੇਲੇ, ਤਿਉਹਾਰ ਤੇ ਗੁਰਪੁਰਬ ਢਾਡੀਆਂ ਤੇ ਕਵੀਸ਼ਰਾਂ ਨਾਲ ਹੀ ਸ਼ੋਭਦੇ ਹਨ। ਅਸੀਂ ਗੁਰਬਾਣੀ ਤੇ ਇਤਿਹਾਸ ਨੂੰ ਪੜ੍ਹਨ ਨਾਲੋਂ ਸੁਣਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਇਸ ਪੁਸਤਕ ਵਿਚ ਛੇ ਉਘੇ ਢਾਡੀਆਂ ਤੇ ਕਵੀਸ਼ਰਾਂ ਦੇ ਜੀਵਨ ਅਤੇ ਉਨ੍ਹਾਂ ਵਲੋਂ ਆਪਣੀ ਲੇਖਣੀ ਅਤੇ ਕਲਾ ਦੁਆਰਾ ਸੰਗਤ ਵਲੋਂ ਮਿਲੇ ਭਰਪੂਰ ਪਿਆਰ ਤੇ ਸਨੇਹ ਦਾ ਵਰਨਣ ਲੇਖਕ ਨੇ ਬਾਖੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਪਹਿਲੇ ਅਧਿਆਏ ਵਿਚ ਆਪਣੇ ਸਮੇਂ ਢਾਡੀਆਂ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਸੀਤਲ ਦੀ ਬਹੁਪੱਖੀ ਸ਼ਖ਼ਸੀਅਤ ਦਾ ਜ਼ਿਕਰ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਗਿਆਨੀ ਸੋਹਣ ਸਿੰਘ ਸੀਤਲ ਇਕੋ ਸਮੇਂ ਉਘੇ ਸਾਹਿਤਕਾਰ, ਵਿਆਖਿਆਕਾਰ ਅਤੇ ਗਵੱਈਏ ਵੀ ਸਨ। ਉਨ੍ਹਾਂ ਦੇ ਲਿਖੇ ਨਾਵਲ ਅਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਅੱਜ ਤੱਕ ਸਲਾਹਿਆ ਜਾਂਦਾ ਹੈ। ਸੀਤਲ ਜੀ ਢਾਡੀ ਕਲਾ ਦਾ ਸਿਖਰ ਸਨ। ਸਿਖਾਂਦਰੂ ਢਾਡੀਆਂ ਲਈ ਉਨ੍ਹਾਂ ਦੀ ਢਾਡੀ ਕਲਾ ਧਰੂ-ਤਾਰਾ ਵਾਕਰ ਹੈ। ਜਿਸ ਤੋਂ ਰਹਿੰਦੀ ਦੁਨੀਆ ਤੱਕ ਪ੍ਰੇਰਨਾ ਮਿਲਦੀ ਰਹੇਗੀ। ਜਿਥੇ ਉਹ ਮਾਨਵੀ ਗੁਣਾਂ ਦਾ ਮੁਜੱਸਮਾ ਸਨ। ਲੋਭ ਲਾਲਚ ਤੋਂ ਕੋਹਾਂ ਦੂਰ ਰਹਿਣ ਵਾਲੇ ਕਿਰਦਾਰ ਦੇ ਉੱਚ ਦੁਮਾਲੜਾ ਸਨ। ਦੂਜੇ ਅਧਿਆਇ ਵਿਚ ਕਵੀਸ਼ਰੀ ਦੇ 'ਬਾਬਾ ਬੋਹੜ' ਜੋਗਾ ਸਿੰਘ ਜੋਗੀ ਦਾ ਜ਼ਿਕਰ ਕੀਤਾ ਗਿਆ ਹੈ। ਕਵੀਸ਼ਰਾਂ ਦੀ ਦੁਨੀਆ ਵਿਚ ਉੱਚ ਕਦਾਵਰ ਕਵੀ ਸਨ। ਉਨ੍ਹਾਂ ਦੇ ਸ਼ਗਿਰਦਾਂ ਦੀ ਲੰਮੀ ਫਰਿਸ਼ਤ ਹੈ। 19 ਪੁਸਤਕਾਂ ਦੇ ਲੇਖਨ ਕਵੀਸ਼ਰੀ ਜੋਗੀ ਨੂੰ ਲੇਖਕ, ਪ੍ਰਚਾਰਕ ਅਤੇ ਗਾਇਕ ਵਜੋਂ ਜਿਹੜਾ ਮਾਣ ਮਿਲਿਆ, ਉਹ ਕਿਸੇ ਵਿਰਲੇ ਇਨਸਾਨ ਨੂੰ ਜੀਵਨ ਸਫ਼ਰ ਵਿਚ ਮਿਲਦਾ ਹੈ। ਤੀਸਰੇ ਅਧਿਆਏ ਵਿਚ 'ਸਟੇਜਾਂ ਦੇ ਸ਼ਿੰਗਾਰ' ਗਿਆਨੀ ਦਯਾ ਸਿੰਘ ਦਿਲਬਰ ਦੇ ਜੀਵਨ ਢਾਡੀ-ਕਲਾ ਅਤੇ ਸਫਲ ਬੁਲਾਰੇ ਵਜੋਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਮੌਕੇ ਮੁਤਾਬਿਕ ਵਿਅੰਗ ਅਤੇ ਚੋਬਾਂ ਵਾਲੀ ਵੱਖਰੀ ਪ੍ਰਚਾਰ ਵਿਧੀ ਨੇ ਸੰਗਤ ਨੂੰ ਮੋਹ ਲੈਂਦੀ ਸੀ, ਯਾਦ ਸ਼ਕਤੀ ਅਜਿਹੀ ਸੀ, ਜਿਸ ਤੋਂ ਹਰ ਸਰੋਤਾ ਮੰਤਰ-ਮੁਗਧ ਹੋ ਜਾਂਦਾ ਸੀ। ਦੇਸ਼ ਅਤੇ ਵਿਦੇਸ਼ ਵਿਚ ਵਸਦੇ ਪੰਜਾਬੀਆਂ ਦਾ ਚਹੇਤੇ ਢਾਡੀ ਸਨ। ਚੌਥੇ ਅਧਿਆਏ ਵਿਚ ਕਵੀਸ਼ਰ ਕਰਨੈਲ ਸਿੰਘ ਪਾਰਸ ਦੀ ਉੱਚ ਪਾਏ ਦੀ ਕਵੀਸ਼ਰੀ ਦਾ ਜ਼ਿਕਰ ਕੀਤਾ ਗਿਆ ਹੈ। ਪਾਰਸ ਨੂੰ 'ਤਵਿਆਂ ਦੇ ਬਾਦਸ਼ਾਹ' ਵਜੋਂ ਪੰਜਾਬੀ ਸਤਿਕਾਰ ਦਿੰਦੇ ਸਨ। ਪਾਰਸ ਅਜਿਹਾ ਕਵੀਸ਼ਰ ਸੀ, ਜਿਸ ਨੇ ਕਵੀਸ਼ਰੀ ਕਲਾ ਨੂੰ ਰੇਡੀਓ ਤੇ ਟੈਲੀਵਿਜ਼ਨ ਵਰਗੇ ਸੰਚਾਰ ਸਾਧਨਾਂ ਦਾ ਸ਼ਿੰਗਾਰ ਬਣਾਇਆ। ਕਵੀਸ਼ਰੀ ਕਲਾ ਦੁਆਰਾ ਜੀਵਨ ਤੇ ਮੌਤ ਦੀ ਫਿਲਾਸਫੀ ਨੂੰ ਬਿਆਨਣਾ ਉਸ ਦਾ ਮੀਰੀ ਗੁਣ ਸੀ। ਜੀਵਨ ਸ਼ੈਲੀ ਵਿਚ ਕਿਸੇ ਦੀ ਟੈਂਅ ਨਹੀਂ ਮੰਨੀ। ਇਸ ਤੋਂ ਇਲਾਵਾ ਪੁਸਤਕ ਦੇ ਪੰਜਵੇਂ ਅਧਿਆਏ ਵਿਚ 'ਰੀਲਾਂ ਦੇ ਯੁੱਗ ਦੇ ਬਾਦਸ਼ਾਹ' ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਨੂੰ ਯਾਦ ਕੀਤਾ ਗਿਆ, ਜਿਸ ਦੀਆਂ ਆਡੀਓ ਤੇ ਵੀਡੀਓ ਕੈਸੇਟਾਂ ਨੇ ਸੰਸਾਰ ਵਿਚ ਵਸਦੇ ਪੰਜਾਬੀਆਂ ਵਿਚ ਤਹਿਲਕਾ ਮਚਾਇਆ। ਛੇਵੇਂ ਅਧਿਆਏ ਵਿਚ ਕਵੀਸ਼ਰ ਜਰਨੈਲ ਸਿੰਘ ਸਭਰਾ ਨੂੰ 'ਮਾਝੇ ਦੇ ਮਾਣ' ਵਜੋਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਗਿਆ ਹੈ।
ਜਰਨੈਲ ਸਿੰਘ ਸਭਰਾ ਆਪਣੇ ਸਮੇਂ ਦਾ ਬੜਾ ਸਾਊ, ਨੇਕਨੀਅਤ, ਮਿਹਨਤੀ ਅਤੇ ਬੇਬਾਕੀ ਨਾਲ ਸੱਚ ਨੂੰ ਬਿਆਨ ਕਰਨ ਵਾਲਾ ਉੱਚ ਕੋਟੀ ਦਾ ਕਵੀਸ਼ਰ ਸੀ। ਉਹ ਆਪਣੀ ਧੁਨ ਵਿਚ ਰਹਿਣ ਵਾਲਾ ਮਸਤ-ਮੌਲਾ ਸਫਲ ਕਵੀਸ਼ਰ ਹੋ ਗੁਜ਼ਰਿਆ ਹੈ। ਸਮੁੱਚੀ ਪੁਸਤਕ ਵਿਚ ਇਨ੍ਹਾਂ ਢਾਡੀਆਂ ਅਤੇ ਕਵੀਸ਼ਰੀ ਵਰਗੀ ਕੋਮਲ ਕਲਾ ਦੇ ਇਨ੍ਹਾਂ ਹਸਤਾਖਰਾਂ ਨੂੰ ਲੇਖਕ ਨੇ ਕੇਵਲ ਜੀਵਨੀ ਅਤੇ ਸਾਹਿਤਕ ਕਲਾ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਚਰਚਾ ਹੀ ਨਹੀਂ ਕੀਤੀ, ਸਗੋਂ ਇਨ੍ਹਾਂ ਵਲੋਂ ਪਾਏ ਯੋਗਦਾਨ ਅਤੇ ਨਿੱਜੀ ਜੀਵਨ ਉੱਪਰ ਵੀ ਪੰਛੀ ਝਾਤ ਪਾਉਣ ਦਾ ਸਫਲ ਉਪਰਾਲਾ ਤੇ ਉਦਮ ਕੀਤਾ ਹੈ। ਇਨ੍ਹਾਂ ਵਲੋਂ ਗਾਇਨ ਕਵੀਸ਼ਰੀ, ਕਵਿਤਾ ਦੀਆਂ ਵੰਨਗੀਆਂ ਨੂੰ ਪਾਠਕਾਂ ਲਈ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਸੁਹਿਰਦ ਲੇਖਕ ਦਾ ਇਹ ਯਤਨ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਆਪਣੇ ਮਨ-ਪਸੰਦ ਤੇ ਚਹੇਤੇ ਢਾਡੀਆਂ ਅਤੇ ਕਵੀਸ਼ਰਾਂ ਪ੍ਰਤੀ ਸਨੇਹ ਤੇ ਸਤਿਕਾਰ ਦਾ ਸਫਲ ਦਸਤਾਵੇਜ਼ ਹੋ ਨਿਬੜੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਹੀਰ ਸੁੰਨੜ
ਲੇਖਕ: ਸੁਰਿੰਦਰ ਸਿੰਘ ਸੁੰਨੜ
ਪ੍ਰਕਾਸ਼ਕ: ਪੰਜਾਬ ਪਬਲਿਸ਼ਰਜ਼, ਜਲੰਧਰ
ਮੁੱਲ: 125 ਰੁਪਏ, ਸਫ਼ੇ: 80
ਸੰਪਰਕ: 98725-49506

ਸੁਰਿੰਦਰ ਸਿੰਘ ਸੁੰਨੜ ਪੰਜਾਬੀ ਸਾਹਿਤ ਜਗਤ ਦੇ ਅਜਿਹੇ ਮਾਣਮੱਤੇ ਹਸਤਾਖ਼ਰ ਹਨ, ਜਿਨ੍ਹਾਂ ਨੇ ਜਿੰਨਾ ਵੀ ਲਿਖਿਆ ਹੈ, ਬੜਾ ਮਹੱਤਵਪੂਰਨ ਅਤੇ ਜ਼ਿਕਰਯੋਗ ਲਿਖਿਆ ਹੈ। ਅਜੋਕੇ ਬਹੁਤੇ ਕਲਮਕਾਰਾਂ ਵਾਂਗ ਉਹ ਕੇਵਲ ਲਿਖਣ ਲਈ ਹੀ ਨਹੀਂ ਲਿਖਦੇ ਅਤੇ ਨਾ ਹੀ ਉਹ ਕਿਸੇ ਲਕੀਰ ਦਾ ਫ਼ਕੀਰ ਬਣਨਾ ਪਸੰਦ ਕਰਦੇ ਹਨ। ਸਾਹਿਤਕ ਹਲਕਿਆਂ ਵਿਚ ਬੇਹੱਦ ਚਰਚਿਤ ਆਪਣੀਆਂ ਦਸ ਖ਼ੂਬਸੂਰਤ ਪੁਸਤਕਾਂ ਦੀ ਪ੍ਰਕਾਸ਼ਨਾ ਤੋਂ ਬਾਅਦ ਹੱਥਲੀ ਪੁਸਤਕ 'ਹੀਰ ਸੁੰਨੜ' ਵਿਚ ਉਨ੍ਹਾਂ ਵਲੋਂ ਸਿਰਜਿਆ ਗਿਆ ਹੀਰ ਦਾ ਕਿਰਦਾਰ ਇਸ ਤੱਥ ਦੀ ਸ਼ਾਹਦੀ ਭਰਦਾ ਹੈ ਕਿ ਉਹ ਕੁਝ ਨਵਾਂ ਕਰਨ ਨੂੰ ਤਰਜੀਹ ਦਿੰਦੇ ਹਨ:
ਮਰ ਜਾਊਂਗੀ ਲੇਕਿਨ ਨਾ ਉੱਧਲਾਂਗੀ,
ਤੇਰੇ ਬੂਹੇ 'ਤੇ ਆਊਗੀ ਜੰਨ ਮਾਏ।
ਡਾ. ਲਖਵਿੰਦਰ ਸਿੰਘ ਜੌਹਲ ਦਾ ਪੁਸਤਕ ਦੀ ਭੂਮਿਕਾ ਵਿਚ ਇਹ ਲਿਖਣਾ ਬਿਲਕੁੱਲ ਢੁਕਵਾਂ ਹੈ ਕਿ ਹੀਰ-ਰਾਂਝਾ ਸਾਡੀ ਜੀਵਨ-ਜਾਚ ਦਾ ਉਹ ਮਾਨਸਿਕ ਪਹਿਲੂ ਹੈ, ਜੋ ਸਾਡੀਆਂ ਅਕਾਂਖਿਆਵਾਂ ਵਿਚ ਪਨਪਦਾ ਹੋਇਆ ਸਾਕਾਰ ਹੋਣ ਲਈ ਤੜਫ਼ਦਾ ਹੈ। ਬਹੁਤ ਸਾਰੇ ਹੋਰਨਾਂ ਗ੍ਰੰਥਾਂ ਵਾਂਗ ਹੀਰ-ਰਾਂਝੇ ਦਾ ਜ਼ਿਕਰ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਆਇਆ ਹੈ। ਵਾਰਿਸ ਸ਼ਾਹ, ਦਮੋਦਰ, ਅਹਿਮਦਯਾਰ ਅਤੇ ਭਗਵਾਨ ਸਿੰਘ ਆਦਿ ਕਿੱਸਾਕਾਰਾਂ ਵਲੋਂ ਸਿਰਜੇ ਗਏ ਇਹ ਪਾਤਰ ਜੇਕਰ ਮੌਜੂਦਾ ਪ੍ਰਸਥਿਤੀਆਂ ਵਿਚ ਹੁੰਦੇ, ਤਾਂ ਨਿਰਸੰਦੇਹ ਉਹ ਸੁਰਿੰਦਰ ਸਿੰਘ ਸੁੰਨੜ ਦੀ 'ਹੀਰ ਸੁੰਨੜ' ਵਰਗੇ ਹੀ ਹੁੰਦੇ:
ਫਿਰ ਚੂਚਕ ਤੇ ਕੈਦੋਂ ਦੇ ਨਾਲ ਮਿਲ ਕੇ,
ਰਾਂਝੇ ਬੀਅਰ ਬੱਤਾ ਮਾਸਾ ਲਾਇਆ ਜੀ।
ਸੁਰਿੰਦਰ ਸਿੰਘ ਸੁੰਨੜ ਦੀ ਪੁਸਤਕ ਨੂੰ ਗਹੁ ਨਾਲ ਵਾਚਦਿਆਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੇ ਇਕ ਵੀ ਸ਼ਬਦ ਭਰਤੀ ਦਾ ਨਹੀਂ ਪਾਇਆ। ਰਵਾਇਤੀ ਕਹਾਣੀ ਦੇ ਹਵਾਲੇ ਨਾਲ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਸੰਦਰਭ ਵਿਚ ਸਿਰਜਿਆ ਗਿਆ ਇਹ ਨਿਵੇਕਲਾ ਬਿਰਤਾਂਤ ਉਨ੍ਹਾਂ ਦੀ ਮਿਕਨਾਤੀਸੀ ਕਾਵਿਕਤਾ ਦਾ ਹਾਸਲ ਹੈ। ਲੰਬੇ ਅਰਸੇ ਬਾਅਦ ਅਜਿਹੀ ਪਿਆਰੀ ਅਤੇ ਮਿਆਰੀ ਪੁਸਤਕ ਨਸੀਬ ਹੁੰਦੀ ਹੈ। ਉਮੀਦ ਹੈ ਕਿ ਜਿੱਥੇ ਇਹ ਪੁਸਤਕ ਚੰਗਾ ਪੜ੍ਹਨ ਵਾਲੇ ਪਾਠਕਾਂ ਦੀ ਖਿੱਚ ਦਾ ਕੇਂਦਰ ਬਣੇਗੀ, ਉੱਥੇ ਕਵਿਤਾ ਦੇ ਖੇਤਰ ਵਿਚ ਕਾਰਜਸ਼ੀਲ ਸਿਖਿਆਰਥੀਆਂ ਅਤੇ ਖੋਜਾਰਥੀਆਂ ਲਈ ਵੀ ਲਾਹੇਵੰਦ ਸਾਬਤ ਹੋਵੇਗੀ।

ਤੇਰੀਆਂ ਮੁਹੱਬਤਾਂ
ਲੇਖਕ : ਐਮ. ਐਸ. ਦਾਊਂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ: 295 ਰੁਪਏ, ਸਫ਼ੇ: 80
ਸੰਪਰਕ : 98151-23900

ਭਾਈ ਗੁਰਦਾਸ ਜੀ ਦੀ ਸਤਾਈਵੀਂ ਵਾਰ ਨੂੰ ਸਮਰਪਿਤ ਐਮ. ਐਸ. ਦਾਊਂ ਦੀ ਇਹ ਖ਼ੂਬਸੂਰਤ ਪੁਸਤਕ 'ਤੇਰੀਆਂ ਮੁਹੱਬਤਾਂ' ਆਪਣੇ ਸਿਰਲੇਖ ਮੁਤਾਬਿਕ ਮੁਹੱਬਤ ਦੇ ਰੰਗ ਵਿਚ ਰੰਗੀਆਂ ਕਵਿਤਾਵਾਂ ਨਾਲ ਸੁਸ਼ੋਭਿਤ ਹੈ। ਅਜੋਕੇ ਪਦਾਰਥਵਾਦੀ ਯੁੱਗ ਵਿਚ ਪਿਆਰ ਦੇ ਅਰਥ ਬੇਸ਼ੱਕ ਕੁਝ ਵੀ ਲਏ ਜਾਂਦੇ ਹੋਣ ਪਰ ਤਸੱਲੀ ਵਾਲੀ ਗੱਲ ਹੈ ਕਿ ਅਜਿਹੇ ਲੋਕ ਅਜੇ ਵੀ ਮੌਜੂਦ ਹਨ, ਜਿਹੜੇ ਪੌਂਡਾਂ ਅਤੇ ਡਾਲਰਾਂ ਨੂੰ ਠੋਕ੍ਹਰ ਮਾਰ ਕੇ ਇਸ ਪਿਆਰ ਦੀ ਅਨਮੋਲ ਰੁੱਤ ਨੂੰ ਮਾਣਨ ਵਿਚ ਵਿਸ਼ਵਾਸ ਕਰਦੇ ਹਨ:
ਮੇਰੇ ਮੀਤ ਮਹਿਰਮਾ ਵੇ, ਕਿਉਂ ਤੁਰ ਚੱਲਿਆ ਪ੍ਰਦੇਸ।
ਇਹ ਰੁੱਤ ਮਾਨਣ ਦੀ ਵੇ, ਮੇਰੀ ਜੋਬਨ ਮੱਤੀ ਵਰੇਸ।
ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਦਾ ਸਿਧਾਂਤ ਸਾਨੂੰ ਵਿਰਾਸਤ ਵਿਚ ਮਿਲਿਆ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਗਰੀਬ ਦੇ ਮੂੰਹ ਦਾ ਸਥਾਨ ਗੋਲਕਾਂ ਨੇ ਹਥਿਆ ਲਿਆ ਹੈ। ਇਨ੍ਹਾਂ ਗੋਲਕਾਂ ਵਿਚ ਇਕੱਤਰ ਹੋਈ ਮਾਇਆ ਦੀ ਸਦਵਰਤੋਂ ਜਾਂ ਦੁਰਵਰਤੋਂ ਬਾਰੇ ਕੁਝ ਕਹਿਣਾ ਵੀ ਹੁਣ ਅਪਰਾਧ ਮੰਨਿਆ ਜਾਂਦਾ ਹੈ। ਬੇਸ਼ੱਕ ਲੋਕ-ਮਨਾਂ ਵਿਚ ਹਮੇਸ਼ਾ ਨੇਕ ਕਮਾਈ ਹੀ ਸਤਿਕਾਰੀ ਜਾਣੀ ਹੈ ਪਰ ਅਜਿਹੀ ਮਾਨਸਿਕਤਾ ਕਾਰਨ ਕਿਸੇ ਵੇਲੇ ਅੰਨਦਾਤੇ ਸਮਝੇ ਜਾਂਦੇ ਲੋਕ ਵੀ ਅੱਜ ਰੋਟੀ ਦੀ ਲੜਾਈ ਲੜ ਰਹੇ ਹਨ:
ਰੋਟੀ ਨਾਲੋਂ ਪੁੰਨ ਨਾ ਵੱਡਾ, ਵੇਦ-ਕਤੇਬ ਨੇ ਕਹਿੰਦੇ।
ਨੇਕ ਕਮਾਈ ਸਦਾ ਜਿਉਂਦੀ, ਸੂਰਜ ਚੜ੍ਹਦੇ-ਲਹਿੰਦੇ।
ਐਮ. ਐਸ. ਦਾਊਂ ਪੁਸਤਕ ਸੰਬੰਧੀ ਲਿਖੇ ਆਪਣੇ ਸ਼ਬਦਾਂ ਵਿਚ ਪੰਜਾਬੀ ਕਿੱਸਾ-ਕਾਵਿ ਨੂੰ ਸਰਵੋਤਮ ਵਿਰਸਾ ਮੰਨਦੇ ਹਨ। ਨਿਰਸੰਦੇਹ ਹੀਰ-ਰਾਂਝਾ, ਸੱਸੀ-ਪੁੰਨੂ, ਲੈਲਾ-ਮਜਨੂੰ ਆਦਿ ਪ੍ਰੀਤ ਕਹਾਣੀਆਂ ਕਿੱਸਾ ਕਾਵਿ ਦਾ ਅਮੀਰ ਖਜ਼ਾਨਾ ਹਨ। ਸਾਹਿਤ ਦੀ ਵਿਧਾ ਬੇਸ਼ੱਕ ਕੋਈ ਵੀ ਹੋਵੇ, ਪ੍ਰੇਮ ਦੇ ਪ੍ਰਸੰਗ ਹਮੇਸ਼ਾ ਹੀ ਉਸ ਦਾ ਅਟੁੱਟ ਹਿੱਸਾ ਰਹੇ ਹਨ। ਪ੍ਰੇਮ ਦਾ ਪ੍ਰਗਟਾਵਾ ਮਾਨਵੀ ਸੰਵੇਦਨਾ ਦਾ ਸਿਖਰ ਹੁੰਦਾ ਹੈ ਅਤੇ ਇਹ ਦੁਨੀਆ ਨੂੰ ਹੋਰ ਖ਼ੂਬਸੂਰਤ ਬਣਾਉਣ ਵਿਚ ਸਹਾਈ ਹੁੰਦਾ ਹੈ। ਰਿਸ਼ਤੇ-ਨਾਤਿਆਂ ਵਿਚੋਂ ਪ੍ਰੇਮ ਦਾ ਮਨਫ਼ੀ ਹੋਣਾ ਹੀ ਸਾਡੇ ਸਮਾਜਿਕ ਤਾਣੇ-ਬਾਣੇ ਲਈ ਖ਼ਤਰਾ ਬਣਿਆ ਹੋਇਆ ਹੈ। ਬਾਰੂਦ ਦੇ ਢੇਰ 'ਤੇ ਬੈਠੀ ਮਨੁੱਖਤਾ ਲਈ ਪਿਆਰ ਦਾ ਅਜਿਹਾ ਸੁਨੇਹਾ ਬੇਹੱਦ ਸ਼ਲਾਘਾਯੋਗ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਇੰਜ ਮਿਲਿਆ ਰੱਬ ਮੈਨੂੰ
ਲੇਖਕ : ਅਮਰਜੀਤ ਕਸਕ
ਪ੍ਰਕਾਸ਼ਕ : ਪ੍ਰਿਥਮ ਪ੍ਰਕਾਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 110
ਸੰਪਰਕ : 95498-95275

'ਇੰਜ ਮਿਲਿਆ ਰੱਬ ਮੈਨੂੰ' (ਕਾਵਿ-ਸੰਗ੍ਰਹਿ) ਅਮਰਜੀਤ ਕਸਕ ਹੁਰਾਂ ਦਾ ਚੌਥਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 'ਆਪਣੀ-ਆਪਣੀ ਲੋਅ' (2001), 'ਗਹਿਰ' (2006) ਅਤੇ 'ਮਾਣ 'ਤੇ ਲੱਗਿਆ ਸਵੈ' (2017) ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਰੂਹਾਂ ਨੂੰ ਸਮਰਪਿਤ ਹੈ ਜਿਹੜੇ ਇਸ ਗ੍ਰਹਿ 'ਤੇ ਆਏ ਹਨ ਅਤੇ ਜਨਮ ਨੂੰ ਸਫਲਾ ਕਰਨ ਲਈ ਯਤਨਸ਼ੀਲ ਹਨ। ਇਸ ਕਾਵਿ-ਸੰਗ੍ਰਹਿ ਦੇ ਦੋ ਸ਼ਬਦ 'ਕਿੰਜ' ਅਤੇ 'ਇੰਜ' ਕੇਂਦਰੀ ਨੁਕਤੇ ਵਜੋਂ ਲਏ ਗਏ ਹਨ। ਕਵੀ ਦਾ ਦਾਅਵਾ ਹੈ ਕਿ ਉਹ ਮਨੁੱਖੀ ਜੀਵਨ ਨੂੰ 'ਸਮੁੱਚ' ਵਿਚ ਜਾਣਨ ਦੇ ਆਹਰ ਵਿਚ ਹੈ। ਇਸ ਦਾਅਵੇ ਦੀ ਪੁਸ਼ਟੀ ਹਿਤ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ 'ਕਿੰਜ ਖੰਡ-ਪਹਿਲਾ' (ਪਾਣੀ ਤਾਂ ਏਸੇ ਘਾਟੋਂ ਪੀਣੈ' ਤੋਂ ਲੈ ਕੇ ਸੋਚ ਹੀ ਸੱਪਣੀ ਤੱਕ 16 ਕਵਿਤਾਵਾਂ), 'ਕਿੰਜ ਖੰਡ-ਦੂਜਾ' (ਕਸ਼ਿਸ਼ ਤੱਤ ਤੋਂ ਲੈ ਕੇ ਪਹੁੰਚ ਪਛਾਣ ਤੱਕ 17 ਕਵਿਤਾਵਾਂ), ਕਿੰਜ ਖੰਡ-ਤੀਜਾ (ਆਪਣੀ ਪੈੜ ਦੱਬਦਿਆਂ ਤੋਂ ਲੈ ਕੇ ਜੇ ਕਿਸੇ ਸਿਰੇ ਲੱਗਣੈ ਤੱਕ 11 ਕਵਿਤਾਵਾਂ), ਕਿੰਜ ਖੰਡ-ਚੌਥਾ (ਕਿਸ ਦੁਆਰ ਪ੍ਰਵੇਸ਼ ਤੋਂ ਲੈ ਕੇ ਮੈਂ ਰੱਬ ਨੂੰ ਹਾਕ ਮਾਰੀ ਤੱਕ 8 ਕਵਿਤਾਵਾਂ) ਅਤੇ 'ਕਿੰਜ ਖੰਡ-ਪੰਜਵਾਂ (ਆਧਾਰ ਦੀ ਤਲਾਸ਼ ਵਿਚ ਤੋਂ ਲੈ ਕੇ ਅੰਜਲੀ ਨਾ ਬਣੀ ਕਾਇਆ ਤੱਕ 20 ਕਵਿਤਾਵਾਂ) ਦੇ ਪੰਜਾਂ ਖੰਡਾਂ 'ਚ ਕੁੱਲ 72 ਕਵਿਤਾਵਾਂ ਨੂੰ ਸੰਜੋਇਆ ਹੈ। 'ਪਿੰਜਰੇ ਨੂੰ ਮੁਕਤ ਕਰਦੇ ਹੁਣ' ਕਵਿਤਾ ਕਿੰਜ ਖੰਡ-ਤੀਜਾ ਦੇ ਤਤਕਰੇ ਵਿਚ ਦਰਜ ਨਹੀਂ ਹੈ। ਇਸ ਕਵਿਤਾ ਵਿਚ ਕਵੀ ਨੇ ਮਨੁੱਖੀ ਜੀਵਨ ਦੀ ਸਥੂਲ ਉਮਰ ਅਤੇ ਅਸਥੂਲ ਉਮਰ ਦੀ ਤਸ਼ਬੀਹ ਦਿੰਦਿਆਂ ਸਰੀਰ ਦੇ 'ਸਥੂਲੀ ਪਿੰਜਰੇ' ਤੋਂ ਮੁਕਤੀ (ਨਿਰਵਾਣ) ਦੇ ਲਈ ਅਰਜੋਈ ਕੀਤੀ ਹੈ। ਹੇਠਲੀਆਂ ਸਤਰਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ:
ਤੇਰੀ ਉਡਾਣ ਨਾਲ
ਮੇਰੀ ਪਿਆਸ ਬੰਨ੍ਹੀ ਹੋਈ
ਮੇਰੀ ਪਿਆਸ
ਮੇਰੀ ਤਲਾਸ਼ ਦਾ ਸਿਰਨਾਵਾਂ
ਤਲਾਸ਼ ਜਨਮਾਂ-ਜਨਮਾਂ ਤੱਕ ਫੈਲੀ (ਪੰਨਾ 57)
'ਕਿੰਜ ਪੰਜ-ਖੰਡਾਂ' ਦਾ ਪੰਜਾਂ ਖੰਡਾਂ, ਬ੍ਰਹਿਮੰਡਾਂ ਅਤੇ ਪੰਜ ਗਿਆਨ ਇੰਦਰੀਆਂ (ਅੱਖਾਂ, ਕੰਨ, ਜੀਭ ਅਤੇ ਚਮੜੀ (ਸਪਰਸ਼) ਦਾ ਸਮਾਵੇਸ਼ ਕਰਦਿਆਂ ਦਿਸਦੀ ਕਾਇਆ ਦੇ ਅੰਦਰ ਇਕ ਹੋਰ ਅਦ੍ਰਿਸ਼ਟ ਕਾਇਆ ਤੱਕ ਪਹੁੰਚ ਕਰਨ ਦੀ ਤਾਕੀਦ 'ਹੁਣ ਨੂੰ ਫੜ', 'ਮੁਸਕਰਾਇਆ ਹੈ ਰੱਬ', 'ਕਾਲੇ ਸਮੇਂ ਦੀ ਰੱਸੀ ਤੇ ਰੌਸ਼ਨੀ ਦੇ ਸ਼ਬਦ', 'ਖ਼ੁਦ ਨੂੰ ਮਿਣਨ ਪਰਛਾਵੇਂ', 'ਕੋਇਲ ਬੋਲੀ ਜਾਂ ਦੀਪੀ', 'ਆਧਾਰ ਦੀ ਤਲਾਸ਼ ਵਿਚ', 'ਜਿਥੇ ਰੱਬ ਮਿਲਦੈ' ਅਤੇ ਹੋਰ ਅਨੇਕਾਂ ਕਵਿਤਾਵਾਂ ਮਨੁੱਖ ਦੀ ਬਾਹਰੀ ਯਾਤਰਾ ਤੋਂ ਅੰਦਰੂਨੀ ਯਾਤਰਾ ਪ੍ਰਤੀ ਕਸ਼ਿਸ਼ ਪੈਦਾ ਕਰਦੀ ਹੈ। 'ਸਵੈ' ਦਾ 'ਸਵੈ' ਦਾ ਮਿਲਣ ਹੀ ਸ਼ਾਇਦ 'ਇੰਜ ਮਿਲਿਆ ਰੱਬ ਮੈਨੂੰ' ਦਾ ਸੁਖ਼ਦ ਸਫ਼ਰ ਹੈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 098786-14096

ਪਿੰਡ ਤੋਂ ਬ੍ਰਹਿਮੰਡ
ਗ਼ਜ਼ਲਕਾਰ : ਗੁਰਮੀਤ ਸਿੰਘ ਸਿੱਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 215
ਸੰਪਰਕ : 95011-45039

ਸੱਠਵਿਆਂ ਤੋਂ ਸੱਤਰਵਿਆਂ ਵਿਚਕਾਰ ਗ਼ਜ਼ਲ ਪੰਜਾਬੀ ਵਿਚ ਸਥਾਪਤੀ ਲਈ ਅਹੁਲ ਰਹੀ ਸੀ, ਸੱਤਵੇਂ ਤੋਂ ਅੱਠਵੇਂ ਦਹਾਕੇ ਵਿਚ ਇਸ ਦਾ ਮੂੰਹ-ਮੱਥਾ ਦਿੱਸਣ ਲੱਗਾ ਤੇ ਇਸ ਤੋਂ ਬਾਅਦ ਨਵੀਆਂ ਕਲਮਾਂ ਦੀ ਸ਼ਮੂਲੀਅਤ ਨਾਲ ਇਸ ਦਾ ਰੰਗ ਰੂਪ ਨਿੱਖਰਨਾ ਸ਼ੁਰੂ ਹੋ ਗਿਆ। ਇਸ ਉਪਰੰਤ ਇਸ ਦੀ ਸ਼ੈਲੀ ਵਿਚ ਪਰਿਵਰਤਨ ਹੋਏ ਤੇ ਅੱਜ ਗ਼ਜ਼ਲ ਪੰਜਾਬੀ ਕਾਵਿ ਦੀ ਸਭ ਤੋਂ ਵੱਧ ਲਿਖੀ ਤੇ ਪੜ੍ਹੀ ਜਾਣ ਸਿਨਫ਼ ਹੋ ਨਿੱਬੜੀ ਹੈ। ਗ਼ਜ਼ਲਕਾਰਾਂ ਦੇ ਅਜੋਕੇ ਕਾਫ਼ਿਲੇ ਵਿਚ ਨਵੇਂ ਕਲਮਕਾਰ ਨਵੀਆਂ ਸੰਭਾਵਨਾਵਾਂ ਲੈ ਕੇ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਵਿਚੋਂ ਇਕ ਮਕਬੂਲ ਨਾਮ ਗੁਰਮੀਤ ਸਿੰਘ ਸਿੱਧੂ ਦਾ ਵੀ ਹੈ। ਉਸ ਦਾ ਕਾਵਿ ਸਫ਼ਰ ਭਾਵੇਂ ਪੁਰਾਣਾ ਹੈ ਪਰ ਉਸ ਦੀਆਂ ਗ਼ਜ਼ਲਾਂ 'ਤੇ ਨਜ਼ਰ ਮਾਰਦਿਆਂ ਲੱਗਦਾ ਹੀ ਨਹੀਂ ਕਿ ਉਸ ਦਾ ਗ਼ਜ਼ਲ ਨਾਲ ਨਿੱਠ ਕੇ ਜੁੜਾਓ ਦਹਾਕੇ ਕੁ ਦਾ ਹੀ ਹੈ। ਦਰਅਸਲ ਕੈਨੇਡਾ ਵਿਚ ਸਰੀ ਪੰਜਾਬੀ ਗ਼ਜ਼ਲ ਦਾ ਕੇਂਦਰ ਹੈ, ਜਿਥੇ ਇਸ ਸਿਨਫ਼ 'ਤੇ ਸਮਰਪਿਤ ਭਾਵਨਾ ਨਾਲ ਕਾਰਜ ਹੋ ਰਿਹਾ ਹੈ। ਸਿੱਧੂ ਨੂੰ ਵੀ ਇਸ ਦਾ ਲਾਭ ਹੋਇਆ, ਉਂਜ ਨਿਰੰਤਰਤਾ ਤੇ ਅਭਿਆਸ ਕਿਸੇ ਵੀ ਗੁਰਬਾਣੀ ਤੇ ਇਸ ਦੇ ਸਿਧਾਂਤ ਦੀ ਪਾਲਣਾ ਕਰਦਾ ਨਜ਼ਰ ਆਉਂਦਾ ਹੈ। ਉਸ ਦੀ ਗ਼ਜ਼ਲ ਕੋਰੀ ਕਲਪਨਾ ਨਹੀਂ ਹੈ, ਉਹ ਤਨ ਅਤੇ ਮਨ 'ਤੇ ਹੰਢਾਏ ਪਲਾਂ ਨੂੰ ਸ਼ਿਅਰਾਂ ਵਿਚ ਕਸ਼ੀਦ ਕਰਦਾ ਪ੍ਰਤੀਤ ਹੁੰਦਾ ਹੈ। ਗ਼ਜ਼ਲਕਾਰ ਲੋਕ ਦਰਦ ਨੂੰ ਜ਼ੁਬਾਨ ਦਿੰਦਾ ਹੈ ਤੇ ਪਾਠਕ ਲਈ ਚੰਗੇ ਮਾੜੇ ਦਾ ਵਿਸ਼ਲੇਸ਼ਣ ਕਰਦਾ ਹੈ। ਤਕਰੀਬਨ ਤਿੰਨ ਦਹਾਕੇ ਤੋਂ ਉਹ ਪੰਜਾਬ ਦੀ ਮਿੱਟੀ ਤੋਂ ਦੂਰ ਹੈ, ਇਹ ਦਰਦ ਉਸ ਦੀਆਂ ਗ਼ਜ਼ਲਾਂ ਵਿਚ ਪ੍ਰਬਲ ਵੀ ਹੈ। ਪ੍ਰਵਾਸ ਦੇ ਦਰਦ 'ਤੇ ਉਸ ਨੇ ਕਈ ਸ਼ਾਨਦਾਰ ਸ਼ਿਅਰ ਕਹੇ ਹਨ। ਮੁਹੱਬਤ ਮਾਨਵੀ ਜੀਵਨ ਦਾ ਆਧਾਰ ਤੇ ਧੁਰਾ ਹੈ, ਇਸ ਬਿਨਾਂ ਜ਼ਿੰਦਗੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਤੇ ਇਸ ਤੋਂ ਇਸ ਪੁਸਤਕ ਦਾ ਗ਼ਜ਼ਲਕਾਰ ਵੀ ਵਾਕਿਫ਼ ਹੈ। ਉਸ ਨੇ ਇਸ ਵਿਸ਼ੇ 'ਤੇ ਕਈ ਸ਼ਾਨਦਾਰ ਗ਼ਜ਼ਲਾਂ ਲਿਖੀਆਂ ਹਨ। ਪੰਜਾਬ ਦੇ ਪਿੰਡਾਂ ਦੀਆਂ ਰਹੁ-ਰੀਤਾਂ ਤੇ ਸਕਾਫ਼ਤ ਉਸ ਦੇ ਖੂਨ ਵਿਚ ਰਚੀ-ਮਿਚੀ ਹੋਈ ਹੈ। ਪ੍ਰਵਾਸ ਨੇ ਇਸ ਦੀ ਤੀਬਰਤਾ ਨੂੰ ਹੋਰ ਤਿੱਖਾ ਕੀਤਾ ਹੈ, ਜੋ ਸਿੱਧੂ ਦੀਆਂ ਗ਼ਜ਼ਲਾਂ ਦਾ ਆਧਾਰ ਬਣਦੇ ਹਨ। ਸ਼ਾਇਰ ਆਪਣੀਆਂ ਕਾਵਿ-ਕ੍ਰਿਤਾਂ ਦੇ ਨਵੇਂ-ਨਵੇਂ ਬ੍ਰਹਿਮੰਡ ਸਿਰਜਦਾ ਹੈ ਤੇ ਉਸ ਨੂੰ ਸਿਰਫ਼ ਸ਼ਬਦਾਂ ਦੀ ਪ੍ਰਵਾਜ਼ ਚਾਹੀਦੀ ਹੈ। ਅਜਿਹੇ ਸ਼ਬਦ ਸਿੱਧੂ ਕੋਲ ਵੀ ਹਨ। ਸ਼ਾਇਦ ਤਾਂ ਹੀ ਪ੍ਰਵਾਜ਼ ਦੇ ਤੇਜ਼ ਵੇਗ ਕਾਰਨ ਉਸ ਨੇ ਕਿਤੇ ਕਿਤੇ ਗ਼ਜ਼ਲ ਦਾ ਅਨੁਸ਼ਾਸਨ ਵੀ ਅਣਗੌਲਿਆਂ ਕੀਤਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਮੇਰਾ ਪਿੰਡ ਲਧਾਣਾ ਝਿੱਕਾ
ਲੇਖਕ : ਗੁਰਦੀਪ ਸਿੰਘ 'ਮੁਕੱਦਮ'
ਪ੍ਰਕਾਸ਼ਕ : ਬੀ.ਆਰ. ਪਬਲੀਕੇਸ਼ਨ ਸੂੰਨੀ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 9878160133

ਸਥਾਨਕ ਇਤਿਹਾਸ, ਇਤਿਹਾਸਕਾਰੀ ਦੀ ਹੇਠਲੀ ਪਰ ਮਹੱਤਵਪੂਰਨ ਪਰਤ ਹੈ। ਵਿਅਕਤੀ ਵਿਸ਼ੇਸ਼, ਪਿੰਡ ਤੇ ਨਗਰ ਦਾ ਇਤਿਹਾਸ ਇਸ ਦਾ ਖੇਤਰ ਹਨ। ਪ੍ਰੰਤੂ ਮੁਲਕ ਦੀ ਸਭ ਤੋਂ ਛੋਟੀ ਇਕਾਈ ਪਿੰਡ ਦਾ ਇਤਿਹਾਸ ਲਿਖਣ ਦੀ ਵੱਡੀ ਕਠਿਨਾਈ ਇਹ ਹੁੰਦੀ ਹੈ ਕਿ ਇਹ ਕਿਸੇ ਵੀ ਰੂਪ 'ਚ ਲਿਖਤੀ ਨਹੀਂ ਮਿਲਦਾ। ਹਾਂ, ਕਿਤੇ-ਕਿਤੇ ਇਤਿਹਿਾਸ ਪੁਸਤਕਾਂ, ਮਾਲ-ਦਸਤਾਵੇਜ਼ਾਂ ਅਤੇ ਗਜ਼ਟੀਅਰਾਂ ਵਿਚ ਕਿਸੇ-ਕਿਸੇ ਪਿੰਡ-ਨਗਰ ਜਾਂ ਸਥਾਨਕ ਇਤਿਹਾਸ ਦੇ ਇਸ਼ਾਰੇ ਮਿਲਦੇ ਹਨ, ਉਹ ਵੀ ਬੱਝਵੇਂ ਰੂਪ ਵਿਚ ਨਹੀਂ। ਅਕਸਰ ਹੀ ਪੀੜ੍ਹੀ-ਦਰ-ਪੀੜ੍ਹੀ, ਬਜ਼ੁਰਗਾਂ ਅਤੇ ਦੰਦ-ਕਥਾਵਾਂ ਉੱਤੇ ਨਿਰਭਰ ਕਰਨਾ ਪੈਂਦਾ ਹੈ। ਸਿੱਟੇ ਵਜੋਂ ਪਿੰਡਾਂ ਦਾ ਇਤਿਹਾਸ ਗੁੰਮ ਹੋ ਚੱਲਿਆਂ ਹੈ। ਵੇਲਾ ਹੈ ਜਿੰਨਾ ਕੁ ਅਤੇ ਜਿਸ ਵੀ ਰੂਪ ਵਿਚ ਮਿਲ ਸਕਦਾ ਹੈ, ਸਾਂਭ ਲਈਏ। ਨਹੀਂ ਤਾਂ, ਲੋਕ-ਚੇਤਿਆਂ 'ਚ ਪਿਆ ਪਿੰਡਾਂ ਦਾ, ਇਤਿਹਾਸ ਲੁਪਤ ਹੋ ਜਾਵੇਗਾ। ਬੇਹੱਦ ਮੁਸ਼ੱਕਤ ਅਤੇ ਤਰਦੱਦ ਕੀਤਾ ਗਿਆ ਹੈ, ਇਸ ਪੁਸਤਕ ਹਿੱਤ। ਜਿਸ ਵਿਚ ਪਿੰਡ ਕਦ ਵਸਿਆ, ਕਿਸ ਵਸਾਇਆ, ਉੱਥੇ ਵਸ ਜਾਣ ਦੇ ਕਾਰਨ ਅਤੇ ਪਿੰਡ ਦੀ ਮੌੜ੍ਹੀ ਗੱਡਣ ਪਹਿਲਾਂ ਦੀਆਂ ਉੱਘੜਵੀਆਂ ਗੱਲਾਂ। ਪਹਿਲ-ਪਲੱਕੜੇ ਨਾਮਵਰ ਕਰਮਯੋਗੀ, ਪ੍ਰਚੀਨ ਰਹਿਤਲ-ਵਹਿਤਲ, ਜੀਵਨ-ਵਸਰ, ਵਰਤੋਂ-ਵਿਹਾਰ, ਅਣਥੱਕ-ਘਾਲਣਾਵਾਂ, ਕਿਰਤੀ-ਸ਼ਿਲਪੀ-ਕਿਸਾਨ, ਆਜ਼ਾਦੀ ਘੁਲਾਟੀਏ ਤੇ ਹੋਰ ਸਖ਼ਸ਼ੀਅਤਾ, ਬੰਸ਼ਾਵਲੀਆ ਅਤੇ ਖੇਤ-ਖਲਿਆਣ, ਖੂਹ-ਟੋਬਿਆਂ ਤੇ ਸਥਾਨਾਂ-ਅਸਥਾਨਾਂ ਦੀਆਂ ਵਿਸ਼ੇਸ ਗੱਲਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਪੁਸਤਕ ਸੰਬੰਧਿਤ ਪਿੰਡ ਦੇ ਵਸਨੀਕਾਂ ਨੂੰ ਆਪਣੇ ਵਾਰਸਾਂ ਅਤੇ ਆਉਣ ਵਾਲੀਆਂ ਨਸਲਾਂ ਲਈ ਸਾਂਭ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਉਨ੍ਹਾਂ ਦੇ ਪੁਰਖਿਆਂ ਦੀਆਂ, ਖਾਸ ਕਰਕੇ 1947 ਤੋਂ ਪਹਿਲਾਂ ਦੀਆਂ, ਘਾਲਨਾਵਾਂ ਸਮੇਤ ਪਰਿਵਾਰਕ-ਵੰਸ਼ਾਵਲੀਆਂ ਦਰਜ਼ ਹਨ ਜਿਹੜੀਆਂ ਸਿਰਫ ਹਰਿਦੁਆਰ ਜਾਂ ਲੁਪਤ ਹੋ ਗਈ ਮਿਰਾਸ-ਪ੍ਰੋਹਿਤਗਿਰੀ ਕੋਲ ਹੀ ਪ੍ਰਾਪਤ ਸਨ/ਹਨ। ਪਿਛੋਕੜ ਦੀ ਬਾਤ ਪਾਉਂਦੀਆਂ ਇਹ ਗਾਥਾਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਰਕੇ ਵੀ ਪੜ੍ਹਨੀਆਂ-ਸੁਣਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਉਨ੍ਹਾਂ ਦੀ ਜੜ੍ਹ ਦੀ ਗੱਲ ਕਰਦੀਆਂ ਹਨ। ਹਾਂ, ਸਥਾਨਕ ਇਤਿਹਾਸਕਾਰੀ ਜਾਂ ਪਿੰਡਾਂ ਦੀ ਤਵਾਰੀਖ ਨਾਲ ਵਾਹ-ਵਾਸਤਾ ਵਿਦਿਆਰਥੀਆਂ ਅਤੇ ਖੋਜਆਰਥੀਆਂ ਨੂੰ ਇਹ ਪੁਸਤਕ ਵੀ ਵਾਚ ਲੈਣੀ ਚਾਹੀਦੀ ਹੈ।

-ਵਿਜੈ ਬੰਬੇਲੀ
ਮੋਬਾਈਲ : 94634-39075

ਖੱਟੀਆਂ-ਮਿੱਠੀਆਂ ਗੋਲੀਆਂ
ਲੇਖਕ : ਕੁਲਬੀਰ ਸਿੰਘ ਸੂਰੀ (ਡਾ.)
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 98889-24664

ਅਜੋਕੀ ਪੰਜਾਬੀ ਬਾਲ ਨਾਵਲਨਿਗਾਰੀ ਦੇ ਖਿੱਤੇ ਵਿਚ ਪ੍ਰਤੀਬੱਧ ਅਤੇ ਸਰਗਰਮ ਲਿਖਾਰੀ ਡਾ. ਕੁਲਬੀਰ ਸਿੰਘ ਸੂਰੀ ਨੇ ਥੋੜ੍ਹੇ ਅਰਸੇ ਵਿਚ ਹੀ ਕਈ ਯਾਦਗਾਰੀ ਬਾਲ ਨਾਵਲਾਂ ਦੀ ਤਖ਼ਲੀਕ ਕੀਤੀ ਹੈ। ਉਸ ਨੇ ਬਾਲ ਨਾਵਲ ਪਰੰਪਰਾ ਨੂੰ ਚਮਤਕਾਰੀ, ਅੰਧਵਿਸ਼ਵਾਸੀ ਅਤੇ ਨਿਰੋਲ ਕਾਲਪਨਿਕ ਮਾਹੌਲ ਵਿਚੋਂ ਬਾਹਰ ਕੱਢ ਕੇ ਵਾਸਤਵਿਕ ਜੀਵਨ ਦੀ ਪ੍ਰਸਤੁਤੀ ਕਰਨ ਵਾਲੇ ਨਾਵਲਾਂ ਦੀ ਸਿਰਜਣਾ ਕੀਤੀ ਹੈ। ਨਾਵਲਕਾਰ ਨੇ ਯਥਾਰਥਵਾਦੀ ਝਲਕਾਂ ਨਾਲ ਸੰਬੰਧਿਤ ਇਕ ਹੋਰ ਬਾਲ ਨਾਵਲ 'ਖੱਟੀਆਂ ਮਿੱਠੀਆਂ ਗੋਲੀਆਂ' ਬਾਲ ਪਾਠਕਾਂ ਦੇ ਸਨਮੁੱਖ ਕੀਤਾ ਹੈ ਜੋ ਸਮਾਜ ਦੇ ਦੱਬੇ ਕੁਚਲੇ, ਗ਼ੁਰਬਤ ਹੰਢਾਉਂਦੇ ਅਜਿਹੇ ਪਾਤਰ ਦੇ ਇਰਦ-ਗਿਰਦ ਘੁੰਮਦਾ ਹੈ, ਜੋ ਸਿਧਾਰਥ ਵਰਗੇ ਸਮਾਜ ਸੇਵੀ ਅਧਿਆਪਕ ਅਤੇ ਪਰਉਪਕਾਰੀ ਸੋਚਣੀ ਦੇ ਮਾਲਕ ਪਾਤਰਾਂ ਦੀ ਪ੍ਰੇਰਨਾ ਸਦਕਾ ਸੰਘਰਸ਼, ਈਮਾਨਦਾਰੀ, ਦ੍ਰਿੜ੍ਹ ਨਿਸਚੇ ਵਰਗੀਆਂ ਨਿੱਗਰ ਨੈਤਿਕ ਕਦਰਾਂ ਕੀਮਤਾਂ ਅਤੇ ਭਾਵਨਾਵਾਂ ਨੂੰ ਅਪਣਾਉਂਦੇ ਹੋਏ ਬੁਲੰਦੀ ਹਾਸਿਲ ਕਰਦੇ ਹਨ।
ਇਸ ਬਾਲ ਨਾਵਲ ਦਾ ਮੁੱਖ ਨਾਇਕ ਹਰੀਸ਼ ਹੈ, ਜੋ ਸੰਘਰਸ਼ ਦਾ ਪੱਲਾ ਨਹੀਂ ਛੱਡਦਾ। ਛੋਟੀ ਉਮਰ ਵਿਚ ਪਿਤਾ ਦਾ ਸਾਇਆ ਸਿਰੋਂ ਉੱਠਣ ਨਾਲ ਜਦੋਂ ਇਸ ਮੁੱਖ ਪਾਤਰ ਦੇ ਘਰ ਦੀ ਆਰਥਿਕ ਹਾਲਤ ਹੋਰ ਵੀ ਪਤਲੀ ਹੋ ਜਾਂਦੀ ਹੈ ਤਾਂ ਉਹ ਗਲੀ-ਮੁਹੱਲੇ ਵਿਚ ਜਾ ਕੇ ਸੰਤਰੇ ਦੀਆਂ ਖੱਟੀਆਂ-ਮਿੱਠੀਆਂ ਗੋਲੀਆਂ ਅਤੇ ਚਾਕਲੇਟ ਵਾਲੀਆਂ ਟਾਫੀਆਂ ਵੇਚ ਕੇ ਮਾਂ ਨਾਲ ਹੱਥ ਵਟਾਉਣ ਲੱਗਦਾ ਹੈ। ਵਿਰੋਧੀ ਪ੍ਰਸਥਿਤੀਆਂ ਨਾਲ ਜੂਝਦਾ ਹਰੀਸ਼ ਭੁੱਖਣ ਭਾਣਾ ਰਹਿਣ ਕਾਰਨ ਅਤਿ ਦੀ ਗਰਮੀ ਵਿਚ ਬੇਹੋਸ਼ ਵੀ ਹੁੰਦਾ ਹੈ, ਪਰੰਤੂ ਆਪਣੇ ਦ੍ਰਿੜ੍ਹ ਨਿਸਚੇ ਕਾਰਨ ਹਾਰ ਨਹੀਂ ਮੰਨਦਾ। ਉਸ ਦੀ ਦ੍ਰਿੜ੍ਹ ਭਾਵਨਾ ਅਤੇ ਲਗਨ ਵੇਖ ਕੇ ਅਧਿਆਪਕ ਸਿਧਾਰਥ ਦੇ ਹੱਥ ਉਸ ਦੀ ਮਦਦ ਲਈ ਅੱਗੇ ਵਧਦੇ ਹਨ। ਸਿਧਾਰਥ ਦਾ ਸਾਥ ਪਾ ਕੇ ਹਰੀਸ਼ ਕਿਸੇ ਦੇ ਤਰਸ ਦਾ ਮੁਹਤਾਜ਼ ਨਹੀਂ ਬਣਦਾ ਸਗੋਂ ਉਨ੍ਹਾਂ ਦੀ ਹੱਲਾਸ਼ੇਰੀ ਨਾਲ ਮੰਜ਼ਿਲ ਪ੍ਰਾਪਤੀ ਲਈ ਅੱਗੇ ਹੀ ਅੱਗੇ ਵਧਦਾ ਜਾਂਦਾ ਹੈ ਅਤੇ ਮੈਡੀਕਲ ਕਾਲਜ ਵਿਚ ਦਾਖ਼ਲਾ ਲੈਣ ਵਿਚ ਕਾਮਯਾਬ ਹੁੰਦਾ ਹੈ। ਅੰਤ ਇਕ ਦਿਨ ਅਜਿਹਾ ਆਉਂਦਾ ਹੈ ਜਦੋਂ ਇਹ ਸਿਰੜੀ ਨਾਇਕ ਐਮ.ਬੀ.ਬੀ.ਐਸ. ਦੀ ਡਿਗਰੀ ਹਾਸਿਲ ਕਰਕੇ ਕਰਕੇ 'ਡਾਕਟਰ ਹਰੀਸ਼' ਬਣ ਕੇ ਅੰਤਰੀਵੀ ਸਕੂਨ ਹਾਸਿਲ ਕਰਦਾ ਹੈ। ਸਮੀਖਿਆ ਅਧੀਨ ਇਸ ਬਾਲ ਨਾਵਲ ਦੇ ਸਮੁੱਚੇ ਬਿਰਤਾਂਤ ਰਾਹੀਂ ਇਹ ਪਤਾ ਲਗਦਾ ਹੈ ਕਿ ਜੀਵਨ ਵਿਚ ਦਰਪੇਸ਼ ਮੁਸ਼ਕਲਾਤ ਜਾਂ ਸੰਕਟਾਂ ਤੋਂ ਤੰਗ-ਪ੍ਰੇਸ਼ਾਨ ਹੋ ਕੇ ਢੇਰੀ ਢਾਹ ਕੇ ਬਹਿ ਜਾਣਾ ਦਾ ਨਾ ਈ ਨਹੀਂ ਸਗੋਂ ਲਗਨ, ਮਿਹਨਤ, ਹਿੰਮਤ ਅਤੇ ਸਿਰੜ ਨਾਲ ਆਪਣੇ ਸੁਪਨੇ ਨੂੰ ਸਾਕਾਰ ਕਰਨਾ ਹੀ ਜ਼ਿੰਦਾਦਿਲੀ ਹੈ। ਦੂਜੇ ਪਾਸੇ ਅਜੋਕੇ ਪਦਾਰਥਵਾਦੀ ਜਾਂ ਬਾਜ਼ਾਰੂਵਾਦੀ ਯੁੱਗ ਵਿਚ ਅੱਜ ਵੀ ਸਿਧਾਰਥ ਅਤੇ ਮੇਘਾ ਵਰਗੇ ਅਧਿਆਪਕ ਮੌਜੂਦ ਹਨ, ਜੋ ਕਿਸੇ ਵਿਦਿਆਰਥੀ ਵਿਚ ਛੁਪੇ ਹੋਏ ਹੁਨਰ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਮੁਮਕਿਨ ਮਦਦ ਕਰਦੇ ਹਨ। ਇਸ ਪ੍ਰਕਾਰ ਇਹ ਬਾਲ ਨਾਵਲ ਇਸ ਸੁਨੇਹੇ ਦਾ ਸੰਚਾਰ ਕਰਦਾ ਹੈ ਕਿ ਪੱਕਾ ਇਰਾਦਾ ਹੋਵੇ ਤਾਂ ਜੀਵਨ ਦੀ ਹਰ ਮੁਸ਼ਕਲ ਨੂੰ ਸੰਘਰਸ਼ ਨਾਲ ਜਿੱਤਿਆ ਜਾ ਸਕਦਾ ਹੈ। ਇਹ ਨਾਵਲ ਮਨੁੱਖ ਨੂੰ ਪਦਾਰਥਵਾਦੀ ਸੋਚ ਦਾ ਤਿਆਗ ਕਰਕੇ ਲੋੜਵੰਦਾਂ ਪ੍ਰਤੀ ਕਲਿਆਣਕਾਰੀ ਸੋਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ। ਨਾਵਲ ਦੇ ਪਾਤਰਾਂ ਦੀ ਵਾਰਤਾਲਾਪ ਸੁਭਾਵਿਕ ਅਤੇ ਸਰਲ ਹੈ। ਨਾਵਲ ਵਿਚ ਆਦਿ ਤੋਂ ਲੈ ਕੇ ਅੰਤ ਤੱਕ ਉਤਸੁਕਤਾ ਬਰਕਰਾਰ ਰਹਿੰਦੀ ਹੈ ਅਤੇ ਗੁੰਝਲਦਾਰ ਸ਼ਬਦਾਵਲੀ ਤੋਂ ਗੁਰੇਜ਼ ਕੀਤਾ ਗਿਆ ਹੈ।
ਕੁੱਲ ਮਿਲਾ ਕੇ ਇਹ ਬਾਲ ਨਾਵਲ ਵਾਸਤਵਿਕ ਜੀਵਨ ਦੇ ਖ਼ੂਬਸੂਰਤ ਬਿਰਤਾਂਤ ਦਾ ਦਰਪਣ ਕਿਹਾ ਜਾ ਸਕਦਾ ਹੈ। ਮੈਂ ਡਾ. ਸੂਰੀ ਨੂੰ ਇਸ ਪ੍ਰੇਰਕ ਬਾਲ ਨਾਵਲ ਲਈ ਮੁਬਾਰਕਬਾਦ ਦਿੰਦਾ ਹਾਂ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਸੂਝ ਸੰਚਾਰ
ਸੰਪਾਦਕ : ਜਗਜੀਤ ਸਿੰਘ ਆਨੰਦ
ਪ੍ਰਕਾਸ਼ਕ : ਨਵਯੁਗ ਪਬਲੀਸ਼ਰ, ਨਵੀਂ ਦਿੱਲੀ
ਮੁੱਲ : 300 ਰੁਪਏ, ਸਫ਼ੇ : 140
ਸੰਪਰਕ : 011-26802488

ਪ੍ਰਸਿੱਧ ਮਾਰਕਸਵਾਦੀ ਚਿੰਤਕ ਸ. ਜਗਜੀਤ ਸਿੰਘ ਆਨੰਦ ਦੁਆਰਾ ਸੰਪਾਦਿਤ ਇਹ ਪੁਸਤਕ ਕਾਮਰੇਡ ਲੈਨਿਨ-ਦੀ ਜਨਮ-ਸ਼ਤਾਬਦੀ ਦੇ ਅਵਸਰ ਉੱਪਰ ਉਸ ਮਹਾਂ-ਮਾਨਵ ਨੂੰ ਯਾਦ ਕਰਨ ਦਾ ਇਕ ਉਪਰਾਲਾ ਸੀ। ਇਸ ਪੁਸਤਕ ਵਿਚ ਸ. ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੋਂ ਲੈ ਕੇ ਨਾਵਲਕਾਰ ਗੁਰਦਿਆਲ ਸਿੰਘ ਤੱਕ 16 ਪ੍ਰਗਤੀਸ਼ੀਲ ਲੇਖਕਾਂ ਅਤੇ ਮਾਰਕਸਵਾਦੀ ਚਿੰਤਕਾਂ ਦੇ ਵਿਚਾਰ ਅੰਕਿਤ ਹੋਏ ਹਨ। ਸ. ਆਨੰਦ ਦੀ ਇਹ ਕੋਸ਼ਿਸ਼ ਰਹੀ ਕਿ ਇਸ ਪੁਸਤਕ ਵਿਚ ਕੇਵਲ ਉਨ੍ਹਾਂ ਵਿਅਕਤੀਆਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਜਾਵੇ, ਜਿਨ੍ਹਾਂ ਨੂੰ ਸਾਹਿਤ-ਸਿਰਜਣ ਦਾ ਹੁਨਰ ਆਉਂਦਾ ਹੋਵੇ, ਕਿਉਂਕਿ ਕਿਸੇ ਵੀ ਮਹਾਨ ਵਿਅਕਤੀ ਨੂੰ ਜੇਕਰ ਸਾਹਿਤ ਦੀ ਕਿਸੇ ਵਿਧਾ ਦੁਆਰਾ ਸਿਮਰਿਆ ਜਾਵੇ ਤਾਂ ਅਜਿਹੀ ਕੋਸ਼ਿਸ਼ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ। ਕਾਮਰੇਡ ਲੈਨਿਨ ਨਾ ਕੇਵਲ ਆਪ ਇਕ ਚੰਗਾ ਲੇਖਕ ਸੀ, ਬਲਕਿ ਉਹ ਸਾਹਿਤ-ਸ਼ਾਸਤਰ ਦੀ ਥਿਊਰੀ ਨੂੰ ਵੀ ਖ਼ੂਬ ਸਮਝਦਾ ਸੀ। ਉਸ ਨੇ ਆਪਣੇ ਕੁਝ ਹੋਰ ਬੁੱਧੀਮਾਨ ਸਾਥੀਆਂ ਨੂੰ ਪ੍ਰੇਰਨਾ ਦੇ ਕੇ ਸਾਹਿਤ ਦੀ ਮਾਰਕਸਵਾਦੀ ਵਿਆਖਿਆ ਵੀ ਕੀਤੀ ਅਤੇ ਕਰਵਾਈ ਸੀ। ਇਸ ਪੁਸਤਕ ਦੇ ਲੇਖਕਾਂ ਨੇ ਲੈਨਿਨ ਦੀ ਸ਼ਖ਼ਸੀਅਤ, ਸੋਵੀਅਤ ਸਟੇਟ ਨੂੰ ਉਸ ਦੀ ਦੇਣ ਅਤੇ ਵੈਸ਼ਵਿਕ ਪ੍ਰਸੰਗ ਵਿਚ ਉਸ ਦੇ ਵਿਚਾਰਧਾਰਾਈ ਯੋਗਦਾਨ ਨੂੰ ਬੜੇ ਸੁਚੱਜੇ ਢੰਗ ਨਾਲ ਚਿਤਰਿਆ ਅਤੇ ਉਘਾੜਿਆ ਹੈ। ਪੁਸਤਕ ਦੀ ਉਥਾਨਕਾ ਵਿਚ ਕਾਮਰੇਡ ਆਨੰਦ ਨੇ ਬਿਲਕੁਲ ਸਹੀ ਆਂਕਿਆ ਹੈ ਕਿ ਰੂਸੀ ਇਨਕਲਾਬ ਦੁਨੀਆ ਦੇ ਹੋਰ ਇਨਕਲਾਬਾਂ ਤੋਂ ਵੱਖਰਾ ਸੀ ਕਿਉਂਕਿ ਹੋਰ ਇਨਕਲਾਬਾਂ ਵਿਚ ਹਾਕਮ ਭਾਵੇਂ ਬਦਲ ਜਾਂਦੇ ਹਨ ਪਰ ਲੁੱਟ-ਖਸੁੱਟ ਕਿਸੇ ਨਵੇਂ ਰੂਪ ਵਿਚ ਜਾਰੀ ਰਹਿੰਦੀ ਹੈ। ਲੈਨਿਨ ਦੇ ਇਨਕਲਾਬ ਨੇ ਲੁੱਟ-ਖੋਹ ਦੇ ਮੂਲ ਆਧਾਰ, ਜਾਇਦਾਦ ਦੀ ਨਿੱਜੀ ਮਾਲਕੀ ਨੂੰ ਹੀ ਖ਼ਤਮ ਕਰ ਦਿੱਤਾ ਅਤੇ ਇਸ ਤਰ੍ਹਾਂ ਇਕ ਸ਼੍ਰੇਣੀ ਰਹਿਤ ਸਮਾਜ ਦੀ ਨੀਂਹ ਰੱਖ ਦਿੱਤੀ ਸੀ।' ਸੋਵੀਅਤ ਦੇਸ਼ ਦਾ ਸ਼੍ਰੇਣੀ ਰਹਿਤ ਸਮਾਜ ਵਾਲਾ ਮਾਡਲ ਪੂੰਜੀਵਾਦੀ ਵਿਵਸਥਾ ਨੇ ਚੱਲਣ ਨਾ ਦਿੱਤਾ ਪਰ ਭਾਰਤ ਵਿਚ ਅਜੇ ਵੀ ਕੁਝ ਸੰਭਾਵਨਾਵਾਂ ਹੈਨ। ਸਤਿਗੁਰ ਨਾਨਕ ਦੀ ਵਿਚਾਰਧਾਰਾ ਨਾਲ ਮਿਲਾ ਕੇ ਸਮਾਜਵਾਦ ਦੀ ਅਜੇ ਵੀ ਸਥਾਪਨਾ ਕੀਤੀ ਜਾ ਸਕਦੀ ਹੈ। ਪੂੰਜੀਵਾਦ ਨੇ ਆਪਣੀ ਅਉਧ-ਹੰਢਾ ਲਈ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਜਗੀਰ ਸਿੰਘ ਜਗਤਾਰ ਦੇ ਸੰਪਾਦਕੀ ਲੇਖਾਂ ਦੀ ਦ੍ਰਿਸ਼ਟੀ 'ਤੇ
ਅਜੋਕੇ ਸਮੇਂ ਦੀ ਤੋਰ
ਸੰਪਾਦਕ : ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 99558-31357

ਜਗੀਰ ਸਿੰਘ ਜਗਤਾਰ ਨੇ 19 ਸਾਲ ਦੀ ਉਮਰ ਵਿਚ ਪੱਤਰਕਾਰੀ ਦੇ ਖੇਤਰ ਵਿਚ ਆਗਾਜ਼ ਕੀਤਾ। ਉਸ ਦੀ ਅਣਥੱਕ ਮਿਹਨਤ ਤੇ ਕਲਮ 'ਚ ਪਰਪੱਕਤਾ ਉਸ ਦੇ ਜੀਵਨ ਤਜਰਬਿਆਂ ਦੀ ਗਵਾਹ ਹੈ। ਬਲਦੇਵ ਸਿੰਘ ਬੱਦਨ ਨੇ ਜਗੀਰ ਸਿੰਘ ਜਗਤਾਰ ਦੀ ਸਾਹਿਤਕ ਤੇ ਪੱਤਰਕਾਰੀ ਦੇ ਖੇਤਰ ਵਿਚ ਵਿਲੱਖਣਤਾ ਦੇ ਦਰਸ਼ਨ ਪੁਸਤਕ 'ਜਗੀਰ ਸਿੰਘ ਜਗਤਾਰ ਦੇ ਸੰਪਾਦਕੀ ਲੇਖਾਂ ਦੀ ਦ੍ਰਿਸ਼ਟੀ ਤੋਂ ਅਜੋਕੇ ਸਮੇਂ ਦੀ ਤੋਰ' ਵਿਚ ਕਰਵਾਏ ਹਨ। ਪੁਸਤਕ ਵਿਚ 44 ਦੇ ਕਰੀਬ ਲੇਖ ਦਰਜ ਹਨ, ਜੋ ਉਸ ਦੀ ਕਲਮ ਦੀ 'ਹੱਕ ਸੱਚ' ਦਾ ਪਮਾਣ ਹਨ। ਪ੍ਰਮੁੱਖ ਵਿਸ਼ੇ ਭਗਵੰਤ ਮਾਨ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੱਖ-ਵੱਖ ਮਸਲੇ, ਦਿੱਲੀ ਦੀ ਪੰਜਾਬ ਪ੍ਰਤੀ ਸੋਚ, ਪਿੰਡ ਦੀਆਂ ਪੰਚਾਇਤਾਂ, ਕਾਨੂੰਨ ਸੋਧਾਂ ਪਿੱਛੇ ਸਰਕਾਰ ਦੀ ਮਨਸ਼ਾ, ਪਜਾਬੀਆਂ ਦੀ ਕਾਰਜ-ਪ੍ਰਣਾਲੀ ਤੇ ਸੁਭਾਅ, ਭਾਸ਼ਾ ਪ੍ਰਤੀ ਫ਼ਰਜ਼, ਪੋਸਤ ਦੀ ਖੇਤੀ 'ਤੇ ਵਿਚਾਰ ਚਰਚਾ, ਸਿੰਥੈਟਿਕ ਨਸ਼ਿਆਂ ਦੀ ਵੱਧ ਰਹੀ ਆਦਤ, ਭਾਰਤ ਕੈਨੇਡਾ ਅੰਤਰ ਸੰਬੰਧ, ਖੇਡਾਂ ਦੀ ਹੋਂਦ ਤੇ ਪੰਜਾਬ ਦੀ ਸਥਿਤੀ, ਮਸਤੂਆਣਾ ਕਾਂਡ, ਮੁੰਬਈ 'ਚ ਕਿਸਾਨ ਮਾਰਚ ਤੇ ਵੱਖਰਤਾ, ਕਿਸਾਨ ਜਥੇਬੰਦੀਆਂ ਤੇ ਏਕਤਾ, ਭਾਜਪਾ ਦੀ ਕਾਰਜ-ਪ੍ਰਣਾਲੀ, ਪਹਿਲਵਾਨ ਧੀਆਂ ਦਾ ਸੰਘਰਸ਼ ਤੇ ਇਨਸਾਫ਼ ਦੀ ਪੈਰਵੀ, ਸੁਨੀਲ ਜਾਖੜ, ਦਲਿਤਾਂ ਤੋਂ ਵਿੱਦਿਆ ਖੋਹਣਾ, ਸਿਵਲ ਕੋਡ, ਕਾਨੂੰਨੀ ਪ੍ਰਕਿਰਿਆ, ਚੰਦਰਯਾਨ ਮਿਸ਼ਨ ਆਦਿ ਹਨ। ਇਨ੍ਹਾਂ ਵਿਭਿੰਨ ਵਿਸ਼ਿਆਂ ਨੂੰ ਬਿਆਨਣ ਦੀ ਕਲਾਤਮਿਕਤਾ ਵਿਲੱਖਣ ਰੂਪ ਗ੍ਰਹਿਣ ਕਰਦੀ ਹੈ।
ਜਗੀਰ ਸਿੰਘ ਦੀ ਪੱਤਰਕਾਰੀ ਵਿਲੱਖਣਤਾ ਦੀ ਲਿਖਾਇਕ ਹੈ। ਸੁਰਿੰਦਰ ਸਿੰਘ ਨੇ ਉਸ ਨੂੰ ਤੇਜ ਕਲਮ ਦਾ ਪੱਤਰਕਾਰ ਕਿਹਾ, ਸਤਿੰਦਰ ਸਿੰਘ ਨੇ ਰਾਹ ਵਿਖਾਵੇ ਵਾਲਾ ਪੱਤਰਕਾਰ, ਡਾਕਟਰ ਮੇਘਾ ਸਿੰਘ ਉਸ ਨੂੰ ਲੋਕਪੱਖੀ ਪੱਤਰਕਾਰ ਸਮਝਦਾ, ਜਗਸੀਰ ਸੰਧੂ ਨੇ ਉਸ ਨੂੰ ਸਿੱਖੀ ਨੂੰ ਪ੍ਰਣਾਇਆ ਪੱਤਰਕਾਰ ਕਿਹਾ ਅਤੇ ਜਤਿੰਦਰ ਦੇਵਗਣ ਨੇ ਵਿਲੱਖਣ ਸ਼ਖ਼ਸੀਅਤ ਦੀ ਉਪਮਾ ਦਿੱਤੀ ਹੈ। ਡਾ. ਬੱਦਨ ਦਾ ਵਿਚਾਰ :
'ਜਗਤਾਰ ਦੀ ਪੱਤਰਕਾਰੀ, ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਉੱਪਰ ਆਧਾਰਿਤ ਹੈ। ਉਹ ਅਜਿਹਾ ਪੱਤਰਕਾਰ ਹੈ, ਜੋ ਖਰੀਦਿਆ ਨਹੀਂ ਜਾ ਸਕਦਾ। ਅਜੇ ਤੱਕ ਉਸ ਨੇ ਝੂਠੀ ਖ਼ਬਰ ਬਿਆਨਬਾਜ਼ੀ ਅਤੇ ਸੰਪਾਦਕੀ ਕਦੇ ਵੀ ਝੂਠ ਉੱਪਰ ਆਧਾਰਿਤ ਨਹੀਂ।' ਪਾਠਕਾਂ ਨੂੰ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-421810

ਸਰਦਾਰ
ਨਾਟਕਕਾਰ : ਸੰਜੀਵਨ ਸਿੰਘ
ਪ੍ਰਕਾਸਕ : ਯੂਨੀਸਟਾਰ ਬੁੱਕਸ, ਮੋਹਾਲੀ
ਮੁੱਲ : 300 ਰੁਪਏ, ਸਫ਼ੇ : 61
ਸੰਪਰਕ : 94174-60656

ਦੇਸ਼ ਦੀ ਆਜ਼ਾਦੀ ਲਈ ਆਪਾ ਕੁਰਬਾਨ ਕਰਨ ਵਾਲੇ ਪ੍ਰਵਾਨਿਆਂ ਨੂੰ ਸਮਰਪਿਤ 'ਸਰਦਾਰ' ਨਾਟਕ ਸ਼ਹੀਦ ਭਗਤ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। 14 ਪਾਤਰਾਂ ਤੇ 13 ਦ੍ਰਿਸ਼ਾਂ ਵਿਚ ਸੰਪੂਰਨ ਹੋਏ ਇਸ ਨਾਟਕ ਬਾਰੇ ਪ੍ਰੋ. ਜਗਮੋਹਨ ਸਿੰਘ ਨੇ ਅਰਕਨੁਮਾ ਅੰਦਾਜ਼ 'ਚ ਬਿਲਕੁਲ ਸਹੀ ਲਿਖਿਆ ਹੈ ਕਿ 'ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ, ਗਦਰੀ ਬਾਬਿਆਂ ਨੂੰ ਅਸੀਂ ਇਸ ਕਰਕੇ ਪਿਆਰ ਕਰਦੇ ਹਾਂ ਕਿ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਇਕਸਾਰਤਾ ਸੀ। ਭਗਤ ਸਿੰਘ ਨੇ ਆਪਣੇ ਸਾਥੀਆਂ ਨੂੰ ਜੇਲ੍ਹ ਵਿਚ ਕਿਹਾ ਸੀ ਕਿਉਂਕਿ ਜਿਸ ਵਿਚਾਰ ਦਾ ਮੈਨੂੰ ਯਕੀਨ ਹੋ ਜਾਂਦਾ ਹੈ, ਮੈਂ ਉਸ ਨੂੰ ਅਮਲ ਵਿਚ ਲਿਆਉਂਦਾ ਹਾਂ ਅਤੇ ਪੱਕਾ ਕਰਦਾ ਹਾਂ। ਭਲਾ ਚਾਹੁੰਣ ਨਾਲ ਸਮਾਜ ਦਾ ਭਲਾ ਨਹੀਂ ਹੁੰਦਾ, ਸਗੋਂ ਸਮਾਜ ਨੂੰ ਬਦਲਣ ਲਈ ਇਕ ਵਿਗਿਆਨਕ ਸੋਚ ਵਾਲੀ ਗਤੀਸ਼ੀਲ ਸਮਾਜਿਕ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਸੰਜੀਵਨ ਸਿੰਘ ਇਕ ਨਿਸ਼ਠਾ ਵਾਲਾ ਤੇ ਨਾਟਕਲਾ ਦਾ ਖੂਬ ਮਾਸਟਰ ਹੈ। ਉਸ ਨੇ ਨਾਟਕ 'ਸਰਦਾਰ' ਨੂੰ ਬਹੁਤ ਹੀ ਖੂਬ ਅਤੇ ਵਧੀਆ ਤਰੀਕੇ ਨਾਲ ਬੁਣਿਆ ਹੈ। ਇਸ ਵਿਚ ਤਿੰਨ ਪੁਸ਼ਤਾਂ ਦਾ ਸੰਵਾਦ ਹੈ ਅਤੇ ਬਹੁਤ ਹੀ ਖੂਬਸੂਰਤੀ ਨਾਲ ਨਵੀਂ ਪੀੜ੍ਹੀ ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਇਕ ਚੱਲਦੇ ਫਿਰਦੇ ਹੱਸਦੇ ਖੇਡਦੇ ਪਰ ਆਪਣੇ ਉਦੇਸ਼ ਲਈ ਪ੍ਰਤੀਬੱਧ ਦੇ ਤੌਰ 'ਤੇ ਦਿਖਾਇਆ ਹੈ।
'ਮੇਰਾ ਇਹ ਨਾਟਕ' ਤਹਿਤ ਸੰਜੀਵਨ ਸਿੰਘ ਨੇ ਇਸ ਨਾਟਕ ਬਾਰੇ ਗੱਲ ਕਰਦਿਆਂ ਇਕ ਬੜਾ ਭਾਵਪੂਰਤ ਸਵਾਲ ਇਨ੍ਹਾਂ ਸ਼ਬਦਾਂ 'ਚ ਖੜ੍ਹਾ ਕੀਤਾ ਹੈ:
ਹੁਣ ਦੇਖਣਾ ਹੈ ਕਿ ਭਗਤ ਸਿੰਘ ਤੇ ਅਣਗਿਣਤ ਦੇਸ਼ ਭਗਤਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਆਜ਼ਾਦੀ ਖਾਤਰ ਹੱਸ-ਹੱਸ ਕੇ ਕੁਰਬਾਨ ਕੀਤੀਆਂ, ਕੀ ਅੱਜ ਦਾ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ ਤਾਂ ਕੀ ਕਰਨ? ਬਹੁਤ ਸਰਲ, ਸਪੱਸ਼ਟ ਤੇ ਪੂਰੀ ਠੇਠ ਮੁਹਾਵਰੇ ਵਾਲੀ ਪੰਜਾਬੀ ਵਿਚ ਲਿਖਿਆ ਗਿਆ, ਇਹ ਨਾਟਕ ਹੇਠ ਲਿਖੀਆਂ ਕਾਵਿ-ਸਤਰਾਂ 'ਤੇ ਗੱਲ ਮੁਕਾਉਂਦਾ ਹੈ:
ਸਮੇਂ ਦੀ ਲੋੜ ਹੈ ਦੁਰਗਾ ਨੂੰ ਅਵਤਾਰ ਬਣ ਜਾਣਾ
ਵਤਨ ਦੇ ਵਾਸਤੇ ਮੈਂ ਭਗਤ ਸਿੰਘ ਸਰਦਾਰ ਬਣ ਜਾਣਾ
ਨਿਰਸੰਦੇਹ ਸੰਜੀਵਨ ਸਿੰਘ ਦਾ ਉੱਦਮ ਸਲਾਹੁਣਯੋਗ ਹੈ। ਮੇਰੀ ਜਾਚੇ ਨਾਟਕ ਦਾ ਨਾਂਅ 'ਭਗਤ ਸਿੰਘ ਸਰਦਾਰ' ਜਾਂ 'ਸਰਦਾਰ ਭਗਤ ਸਿੰਘ' ਹੁੰਦਾ ਤਾਂ ਰਚਨਾ ਦੀ ਥੀਮਗਤ ਦ੍ਰਿਸ਼ਟੀ ਤੋਂ ਨਾਟਕ ਦੇ ਨਾਂਅ ਦੀ ਗੁਣਾਤਮਿਕਤਾ 'ਚ ਹੋਰ ਵਾਧਾ ਹੋ ਜਾਣਾ ਸੀ। ਪੁਸਤਕ ਅੰਦਰਲੀਆਂ ਰੰਗਦਾਰ ਫੋਟੋਆਂ ਸੁੰਦਰ ਤੇ ਢੁਕਵੀਆਂ ਹਨ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਬੰਤ ਰਾਮ ਅਲੀਸ਼ੇਰ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94178-55876

ਦੋ ਦਰਜਨ ਪੁਸਤਕਾਂ ਦੇ ਰਚੇਤਾ ਹਰੀ ਸਿੰਘ ਢੁੱਡੀਕੇ ਦਾ 10ਵਾਂ ਇਤਿਹਾਸਕ ਨਾਵਲ 'ਬੰਤ ਰਾਮ ਅਲੀਸ਼ੇਰ' ਉਸ ਯੋਧਾ ਦੇ ਜੀਵਨ ਅਤੇ ਮੁਜ਼ਾਰਾ ਲਹਿਰ ਦੌਰਾਨ ਉਸ ਦੁਆਰਾ ਕੀਤੇ ਸੰਘਰਸ਼ 'ਤੇ ਆਧਾਰਿਤ ਹੈ। ਮੁਜ਼ਾਰਾ ਲਹਿਰ ਪੰਜਾਬ ਦੀ ਇਕ ਮਹੱਤਵਪੂਰਨ ਕਿਸਾਨ ਲਹਿਰ ਸੀ। ਇਸ ਲਹਿਰ ਨੇ 1930 ਦੇ ਦਹਾਕੇ ਵਿਚ ਜ਼ੋਰ ਫੜਿਆ, ਜਦੋਂ ਕਿਸਾਨਾਂ ਨੇ ਜ਼ਿਮੀਂਦਾਰਾਂ ਦੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਉਠਾਈ। ਇਸ ਲਹਿਰ ਨੂੰ ਪੰਜਾਬੀ ਸਾਹਿਤ ਦੇ ਬਾਕੀ ਵਿਧਾ-ਰੂਪਾਂ ਦੇ ਨਾਲ-ਨਾਲ ਨਾਵਲ ਵਿਧਾ ਵਿਚ ਵੀ ਵਿਸ਼ੇ ਵਜੋਂ ਵਰਤਿਆ ਗਿਆ ਹੈ। ਨਾਵਲਕਾਰ ਹਰੀ ਸਿੰਘ ਢੁੱਡੀਕੇ ਨੇ ਇਸ ਲਹਿਰ ਨੂੰ ਆਪਣੇ ਇਸ ਨਾਵਲ ਦਾ ਵਿਸ਼ਾ ਬਣਾਇਆ ਹੈ। ਇਸ ਨਾਵਲ ਵਿਚ ਮੁਜ਼ਾਰਿਆਂ ਦੀ ਜ਼ਿੰਦਗੀ, ਉਨ੍ਹਾਂ ਦੇ ਸੰਘਰਸ਼ ਅਤੇ ਉਸ ਸਮੇਂ ਦੀ ਸਮਾਜਿਕ-ਆਰਥਿਕ ਸਥਿਤੀ ਦਾ ਜੀਵੰਤ ਚਿਤਰਣ ਕੀਤਾ ਗਿਆ ਹੈ। ਇਹ ਨਾਵਲ ਸਿਰਫ਼ ਸਾਹਿਤਕ ਪੱਖੋਂ ਹੀ ਨਹੀਂ ਇਤਿਹਾਸਕ ਦਸਤਾਵੇਜ਼ੀ ਪ੍ਰਕਿਰਿਆ ਵਜੋਂ ਵੀ ਮਹੱਤਵਪੂਰਨ ਹੈ। ਨਾਵਲਕਾਰ ਨੇ ਇਸ ਲਹਿਰ ਨੂੰ ਇਕ ਸਮਾਜਿਕ-ਆਰਥਿਕ ਅੰਦੋਲਨ ਵਜੋਂ ਪੇਸ਼ ਕਰਦੇ ਹੋਏ ਮਨੁੱਖੀ ਸੰਵੇਦਨਾਵਾਂ ਅਤੇ ਸੰਘਰਸ਼ ਦੀ ਬਾਤ ਵੀ ਸੁਣਾਈ ਹੈ। ਬੰਤ ਰਾਮ ਅਲੀਸ਼ੇਰ ਦੇ ਫ਼ੌਜ ਵਿਚ ਭਰਤੀ ਹੋਣ ਮਗਰੋਂ ਵੀ ਆਪਣੇ ਅੰਗਰੇਜ਼ ਅਧਿਕਾਰੀਆਂ ਅਤੇ ਉਨ੍ਹਾਂ ਦੇ ਚਹੇਤੇ ਦੇਸੀ ਅਧਿਕਾਰੀਆਂ ਦੀ ਈਨ ਨਾ ਮੰਨੀ। ਇਸੇ ਕਾਰਨ ਉਸ ਨੂੰ ਤਿੰਨ ਸਾਲ ਜੇਲ੍ਹ ਦੀ ਸਜ਼ਾ ਵੀ ਹੋਈ ਅਤੇ ਉਹ ਜਦ ਸਜ਼ਾ ਤੋਂ ਬਾਅਦ ਪਿੰਡ ਪਹੁੰਚਿਆ ਤਾਂ ਬਿਸਵੇਦਾਰੀ ਹੇਠ ਜ਼ਮੀਨਾਂ ਦੀ ਮਲਕੀਅਤ ਕਿਸਾਨਾਂ ਕੋਲ ਨਾ ਹੋਣ ਦੇ ਕਾਰਨ ਲੋਕਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ। ਇਸੇ ਕਾਰਨ ਲੋਕਾਂ ਵਿਚ ਬਗ਼ਾਵਤ ਉੱਠ ਰਹੀ ਸੀ ਅਤੇ ਇਸ ਬਗ਼ਾਵਤ ਵਿਚੋਂ ਜੋ ਲਹਿਰਾਂ ਸੰਘਰਸ਼ ਲਈ ਉੱਠੀਆਂ ਸਨ, 'ਮੁਜ਼ਾਰਾ ਲਹਿਰ' ਇਨ੍ਹਾਂ ਵਿਚੋਂ ਪ੍ਰਮੁੱਖ ਸੀ। ਇਸੇ ਲਹਿਰ ਦੇ ਸੰਘਰਸ਼ ਦੀ ਕਹਾਣੀ ਅਤੇ ਉਸ ਸਾਰੇ ਕਿੱਸੇ ਵਿਚ ਬੰਤ ਰਾਮ ਅਲੀਸ਼ੇਰ ਦਾ ਜੁਝਾਰੂ ਹੱਥ ਬਾਰੇ ਇਸ ਨਾਵਲ ਵਿਚ ਚਿਤਰਤ ਹੋਇਆ। ਇਤਿਹਾਸਕ ਨਾਵਲ ਹੋਣ ਕਾਰਨ ਇਤਿਹਾਸਕ ਅਤੇ ਜਾਣਕਾਰੀ ਪ੍ਰਦਾਨ ਸ਼ੈਲੀ ਦੀ ਵਰਤੋਂ ਹੋਈ ਹੈ ਅਤੇ ਲਹਿਰ ਤੋਂ ਪ੍ਰਭਾਵਿਤ ਤਕਨੀਕੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਨਾਵਲ ਦੇ ਇਕ ਪਾਸਾਰ 'ਚ ਉਹ ਲਿਖਦਾ ਹੈ, ਕਈ ਬਿਸਵੇਦਾਰ ਆਕੜੇ ਹੋਏ ਸਨ ਤੇ ਉਹ ਮੁਜ਼ਾਰਿਆਂ ਨੂੰ ਜ਼ਮੀਨਾਂ ਦੇਣ ਲਈ ਤਿਆਰ ਨਹੀਂ ਸਨ। ਬੰਤ ਰਾਮ ਦਾ ਨਾਂਅ ਤਾਂ ਦੂਰ-ਦੂਰ ਤੱਕ ਬਹੁਤ ਮਸ਼ਹੂਰ ਹੋ ਗਿਆ ਸੀ ਤੇ ਕਈ ਸਰਦਾਰਾਂ ਦੀ ਇਹ ਗੱਲ ਵੀ ਸੁਣਨ ਵਿਚ ਆ ਰਹੀ ਸੀ ਕਿ ਕਦੇ ਵੇਖ ਲਵਾਂਗੇ ਬੰਤ ਰਾਮ ਨੂੰ ਵੀ। ਉਂਝ ਬਹੁਤ ਮੁਜ਼ਾਰੇ ਜਿਹੜੇ ਜ਼ਮੀਨ ਤੋਂ ਬੇਦਖਲ ਕੀਤੇ ਹੋਏ ਸਨ ਤੇ ਕਈ ਤਾਂ ਸਰਦਾਰਾਂ ਦੇ ਦਬਾਅ ਦੇ ਕਾਰਨ ਪਿੰਡ ਹੀ ਛੱਡ ਗਏ ਸਨ। ਉਹ ਸਿੱਧਾ ਬੰਤ ਰਾਮ ਕੋਲ ਆਉਣ ਲੱਗ ਪਏ। ਜੇ ਬੰਤ ਰਾਮ ਘਰ ਨਾ ਮਿਲਦਾ ਤਾਂ ਉਹ ਮੁਜ਼ਾਰੇ ਆਪਣਾ ਨਾਂਅ ਤੇ ਪਿੰਡ ਦਾ ਨਾਂਅ ਦੱਸ ਕੇ ਫੇਰ ਆਉਣ ਦੀ ਗੱਲ ਕਰ ਕੇ ਚਲੇ ਜਾਂਦੇ। ਆਸ ਕੀਤੀ ਜਾਂਦੀ ਹੈ ਕਿ ਇਸ ਨਾਵਲ ਨੂੰ ਵੀ ਹਰੀ ਸਿੰਘ ਢੁੱਡੀਕੇ ਦੇ ਪਹਿਲੇ ਨਾਵਲਾਂ ਵਾਂਗ ਭਰਪੂਰ ਹੁੰਗਾਰਾ ਮਿਲੇਗਾ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

01-02-2025

 ਸ੍ਰਿਸ਼ਟੀ ਦ੍ਰਿਸ਼ਟੀ
ਲੇਖਕ : ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਪਾਤੜਾਂ ਰੋਡ ਸਮਾਣਾ
ਮੁੱਲ : 300 ਰੁਪਏ, ਸਫ਼ੇ : 174
ਸੰਪਰਕ : 99558-31357

ਸ਼ਾਇਰ ਬਲਦੇਵ ਸਿੰਘ 'ਬੱਦਨ' ਇਕ ਬਹੁ-ਵਿਧਾਈ ਲੇਖਕ ਹੈ, ਜੋ ਕਿਸੇ ਰਸਮੀ ਜਾਣ-ਪਹਿਚਾਣ ਦਾ ਮੁਹਤਾਜ ਨਹੀਂ ਕਿਉਂਕਿ ਉਹ ਨੈਸ਼ਨਲ ਬੁੱਕ ਟਰੱਸਟ ਨਵੀਂ ਦਿੱਲੀ ਦੇ ਸਾਬਕਾ ਨਿਰਦੇਸ਼ਕ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਦੇਸ਼ ਭਰ ਵਿਚ ਪੁਸਤਕ ਪ੍ਰਦਰਸ਼ਨੀਆਂ ਲਗਾਉਣ ਦੇ ਨਾਲ-ਨਾਲ ਗੋਸ਼ਟੀਆਂ ਅਤੇ ਕਵੀ ਦਰਬਾਰ ਕਰਵਾਉਂਦੇ ਰਹੇ ਹਨ। ਨਿਰਦੇਸ਼ਕ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਲਗਭਗ 749 ਪੁਸਤਕਾਂ ਦਾ ਪ੍ਰਕਾਸ਼ਨ ਕਰਾਇਆ ਹੈ। ਸ਼ਾਇਰ ਸੰਪਾਦਨਾ, ਅਲੋਚਨਾ, ਅਨੁਵਾਦ ਅਤੇ ਬਾਲ ਲੇਖਕ ਦੇ ਤੌਰ 'ਤੇ ਪ੍ਰਬੁੱਧ ਲੇਖਕਾਂ ਵਿਚ ਉਨ੍ਹਾਂ ਦਾ ਨਾਂਅ ਬੜੇ ਸਤਿਕਾਰ ਨਾਲ ਸ਼ੁਮਾਰ ਕੀਤਾ ਜਾਂਦਾ ਹੈ। ਸ਼ਾਇਰ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਸ੍ਰਿਸ਼ਟੀ ਦ੍ਰਿਸ਼ਟੀ' ਦੇ ਕਾਵਿ-ਪ੍ਰਵਚਨ ਦੇ ਪਸਾਰੇ ਨੂੰ ਆਪਣੇ ਢੰਗ ਤਰੀਕੇ ਨਾਲ ਜਾਂਚਦਾ ਪੜਚੋਲਦਾ ਹੈ। ਪਰ ਸ਼ਾਇਰ ਦ੍ਰਿਸ਼ਟੀ ਨੂੰ ਦ੍ਰਿਸ਼ਟੀਕੋਣ ਤੋਂ ਨਿਰਖਦਾ ਪਰਖਦਾ ਹੈ। ਜਦੋਂ ਤੋਂ 'ਬਿੱਗ ਬੈਂਗ' ਅਰਥਾਤ ਵੱਡੇ ਧਮਾਕੇ ਨਾਲ ਧਰਤੀ ਅਤੇ ਧਰਤੀ ਉਪਰ ਪ੍ਰਕਿਰਤੀ ਦਾ ਪਸਾਰਾ ਹੋਇਆ ਤਾਂ ਬਾਬੇ ਆਦਮ ਤੇ ਮਾਈ ਹਵਾ ਦੇ ਪਰਿਵਾਰਕ ਵਾਧੇ ਨਾਲ ਨਰ ਤੇ ਨਾਰੀ ਦੇ ਕੁਦਰਤੀ ਜੁੱਟ ਦੀਆਂ ਸੰਗਤੀਆਂ ਵਿਸੰਗਤੀਆਂ ਤੇ ਮਾਨਵੀ ਸਰੋਕਾਰਾਂ ਦੀ ਜਿਸ ਤਰ੍ਹਾਂ ਸ਼ਾਇਰ ਨੇ ਬੌਧਿਕ ਮੁਹਾਵਰੇ ਨਾਲ ਸਕੈਨਿੰਗ ਕੀਤੀ ਹੈ, ਉਸ ਨਾਲ ਉਸ ਨੇ ਅਧਿਆਤਮਵਾਦ ਅਤੇ ਰੁਮਾਂਸਵਾਦ ਦੇ ਮਿਸ਼ਰਣ ਦਾ ਚਿੰਤਨ ਮੰਥਨ ਕੀਤਾ ਹੈ, ਉਸ ਨਾਲ ਉਸ ਦੇ ਸ਼ਾਇਰਾਨਾ ਬੋਧ ਦੇ ਆਭਾ ਮੰਡਲ ਦੇ ਭਰਪੂਰ ਦਰਸ਼ਨ ਦੀਦਾਰੇ ਹੁੰਦੇ ਹਨ। ਪ੍ਰਬੁੱਧ ਸਮੀਖਿਆਕਾਰਾਂ ਡਾ. ਅਮਰ ਕੋਮਲ, ਪ੍ਰੋ. ਸੰਧੂ ਵਰਿਆਣਵੀ ਅਤੇ ਮਨਮੋਹਨ ਸਿੰਘ ਦਾਊਂ ਨੇ ਸ਼ਾਇਰ ਨੂੰ ਇਕਮੱਤ ਹੁੰਦਿਆਂ ਸ਼ਾਇਰ ਦੀ ਸ਼ਖ਼ਸੀਅਤ ਨੂੰ ਬੌਧਿਕਤਾ, ਗੰਭੀਰਤਾ, ਪਰਪੱਕਤਾ ਦ੍ਰਿੜ੍ਹ ਨੀਤੀਆਂ ਦਾ ਸੰਕਲਪੀ ਸਰੂਪ, ਮਾਨਵੀ ਕਦਰਾਂ-ਕੀਮਤਾਂ ਦੀ ਪੈਰਵੀ ਕਰਦਿਆਂ ਜਨਵਾਦੀ ਸੋਚ ਦੀਆਂ ਸੰਭਾਵਨਾਵਾਂ ਨੂੰ ਵਿਕਸਿਤ ਹੋਣ ਲਈ ਧਰਾਤਲ ਤਿਆਰ ਕਰਨ ਵਾਲਾ ਬੌਧਿਕ ਧਰੂ ਤਾਰਾ ਗਰਦਾਨਿਆ ਹੈ। ਸ਼ਾਇਰ ਮਨੁੱਖ ਮਨ ਅੰਦਰ ਪਨਪਦੇ ਪੰਜ ਵਿਕਾਰਾਂ ਨਾਲ ਲੜਨ ਲਈ ਜਿਥੇ ਅਧਿਆਤਮਕੀ ਰਾਹ ਦਸੇਰਾ ਬਣਦਾ ਹੈ, ਉਥੇ ਸਿਆਸੀ ਘੜੰਮ ਚੌਧਰੀਆਂ ਦੇ ਗਿਰਗਿਟੀ ਕਿਰਦਾਰ ਨੂੰ ਚੌਰਾਹੇ 'ਚ ਬਾਹਾਂ ਉਲਾਰ ਉਲਾਰ ਕੇ ਉਨ੍ਹਾਂ ਦਾ ਭਾਂਡਾ ਭੰਨਦਿਆਂ ਉਨ੍ਹਾਂ ਨੂੰ ਪਿੱਸੂ ਅਤੇ ਖਟਮਲ ਕਹਿਣ ਤੋਂ ਵੀ ਨਹੀਂ ਝਿਜਕਦਾ ਕਿਉਂਕਿ ਇਹ ਤਾਂ ਜਨਤਾ ਦਾ ਲਹੂ ਪੀਣ ਦਾ ਹੀ ਕੰਮ ਕਰਦੇ ਹਨ। ਉਹ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਅਤੇ ਪ੍ਰਵਾਸ ਦੀ ਹਨੇਰੀ ਨੂੰ ਠੱਲ੍ਹਣ ਲਈ ਆਪਣਾ ਬਣਦਾ ਕਾਵਿ-ਧਰਮ ਤਰਕ ਸੰਗਤ ਢੰਗ ਨਾਲ ਬਾਖੂਬੀ ਨਿਭਾਉਂਦਾ ਹੈ। ਉਹ ਸਮੇਂ ਦੇ ਭਗਵੇਂ ਬ੍ਰਿਗੇਡ ਦੇ ਰਾਜ ਕਰੇਂਦੇ ਰਾਜੇ ਨੂੰ ਉਸ ਦੇ ਦੋਹਰੇ ਮਾਪਦੰਡਾਂ ਦਾ ਸ਼ੀਸ਼ਾ ਤਾਂ ਦਿਖਾਉਂਦਾ ਹੈ ਤੇ ਨਾਲ ਹੀ ਉਹ ਜਨਤਾ ਨੂੰ ਕਲੋਰੋਫਾਰਮ ਸੁੰਘਾਉਣ ਵਾਲੇ ਸਾਰਿਆਂ ਤੋਂ ਵੀ ਅਗਾਊਂ ਜਾਗਰੂਕ ਕਰਵਾਉਂਦਾ ਹੈ। ਉਹ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਡਕਰ ਨੂੰ ਜਿਥੇ ਦਲਿਤਾਂ ਦਾ ਮਸੀਹਾ ਆਖਦਾ ਹੈ, ਉਥੇ ਸ਼ਾਇਰ ਸਾਹਿਰ ਲੁਧਿਆਣਵੀ ਨੂੰ ਪਲ ਦੋ ਪਲ ਦਾ ਸ਼ਾਇਰ ਨਹੀਂ ਬਲਕਿ ਹਰ ਦੌਰ ਦਾ ਸ਼ਾਇਰ ਆਖਦਾ ਹੈ। ਸ਼ਾਇਰ ਅਮਨ ਦਾ ਸ਼ੈਦਾਈ ਹੀ ਨਹੀਂ ਅਲੰਬਰਦਾਰ ਬਣਦਾ ਹੈ ਤੇ ਮਨੁੱਖੀ ਵਿਸੰਗਤੀਆਂ ਤੋਂ ਨਿਜ਼ਾਤ ਪਾਉਣ ਲਈ ਸ਼ਬਦ ਵਿਚ ਠਾਹਰ ਭਾਲਦਾ ਹੈ। ਸਾਰੀ ਸ਼ਾਇਰੀ ਅਲੰਕਾਰ ਚਿਹਨਕੀ ਭਾਸ਼ਾ ਵਿਚ ਹੈ ਤੇ ਸਾਹਿਤ ਦੇ ਗੰਭੀਰ ਪਾਠਕ ਦੀ ਮੰਗ ਕਰਦੀ ਹੈ। ਕਿਤਾਬ ਪੜ੍ਹਨ ਵਾਲੀ ਤਾਂ ਹੈ ਹੀ ਗੁੜ੍ਹਨ ਵਾਲੀ ਵੀ ਹੈ। ਸਾਹਿਤ ਦੀਆਂ ਵਿੰਭਿਨ ਵੰਨਗੀਆਂ ਦੇ ਨਾਲ ਹੁਣ ਕਵਿਤਾ ਦੇ ਪਿੜ ਅੰਦਰ ਨਿਤਰਨ ਲਈ ਬੜਾ ਹੀ ਸ਼ੁੱਭ ਸ਼ਗਨ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਮਹਾਰਾਣੀ ਜਿੰਦਾਂ
ਸੰਪਾਦਕ : ਡਾ. ਭਗਵੰਤ ਸਿੰਘ, ਸੰਦੀਪ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 400 ਰੁਪਏ, ਸਫ਼ੇ : 296
ਸੰਪਰਕ : 98148-51500

ਮਹਾਰਾਣੀ ਜਿੰਦਾਂ (1816-1863) ਪੰਜਾਬ ਵਿਚ ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ (1780-1839) ਦੀ ਆਖਰੀ ਤੇ ਸਭ ਤੋਂ ਛੋਟੀ ਰਾਣੀ ਸੀ। ਉਸ ਦਾ ਪਿਤਾ ਸ. ਮੰਨਾ ਸਿੰਘ ਔਲਖ ਮਹਾਰਾਜੇ ਦੀ ਫ਼ੌਜ ਵਿਚ ਕੁਮੇਦਾਨ ਸੀ। 1835 ਈ. ਵਿਚ ਉਸ ਦੀ ਸ਼ਾਦੀ ਮਹਾਰਾਜੇ ਨਾਲ ਹੋ ਗਈ। ਉਸ ਦੀ ਕੁੱਖੋਂ ਕੰਵਰ ਦਲੀਪ ਸਿੰਘ ਦਾ ਜਨਮ 1838 ਈ. ਵਿਚ ਹੋਇਆ। ਲਗਭਗ ਇਸੇ ਸਮੇਂ ਹੀ ਮਹਾਰਾਜਾ ਰਣਜੀਤ ਸਿੰਘ ਅਧਰੰਗ ਦਾ ਮਰੀਜ਼ ਬਣ ਗਿਆ ਅਤੇ 1839 ਈ. ਵਿਚ ਉਹ ਕਾਲ ਵੱਸ ਹੋ ਗਿਆ। ਮਹਾਰਾਜੇ ਦੀ ਮ੍ਰਿਤੂ ਉਪਰੰਤ ਦਰਬਾਰ ਵਿਚ ਸਰਬ-ਸ਼੍ਰੋਮਣੀ ਬਣਨ ਲਈ ਅਮੀਰਾਂ-ਵਜ਼ੀਰਾਂ ਵਿਚ ਖਾਨਾਜੰਗੀ ਸ਼ੁਰੂ ਹੋ ਗਈ। ਇਸ ਖਾਨਾਜੰਗੀ ਵਿਚ ਮਹਾਰਾਜਾ ਖੜਕ ਸਿੰਘ ਅਤੇ ਕੰਵਰ ਨੌਨਿਹਾਲ ਸਿੰਘ ਵੀ ਭੇਟ ਚੜ੍ਹ ਗਏ। ਹੌਲੀ-ਹੌਲੀ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਦੋ-ਤਿੰਨ ਹੋਰ ਭਰਾ ਵੀ ਖਾਨਾਜੰਗੀ ਦਾ ਸ਼ਿਕਾਰ ਹੋ ਗਏ। ਅੰਗਰੇਜ਼ ਹਾਕਮ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਉੱਪਰ ਨਜ਼ਰਾਂ ਗੱਡੀ ਬੈਠੇ ਸਨ। ਉਨ੍ਹਾਂ ਨੇ ਬੁਹਤ ਸਾਰੇ ਅਮੀਰਾਂ-ਵਜ਼ੀਰਾਂ ਨੂੰ ਆਪਣੇ ਨਾਲ ਮਿਲਾ ਰੱਖਿਆ ਸੀ। ਇਸ ਕਾਰਨ ਉਨ੍ਹਾਂ ਨੂੰ ਸਿੱਖ ਰਾਜ ਉੱਪਰ ਕਬਜ਼ਾ ਕਰਨ ਵਿਚ ਕੋਈ ਵਿਸ਼ੇਸ਼ ਮੁਸ਼ਕਿਲ ਨਾ ਆਈ। ਸੰਕਟ ਦੇ ਇਸ ਸਮੇਂ ਵਿਚ ਮਹਾਰਾਣੀ ਨੇ ਲਾਹੌਰ ਦਰਬਾਰ ਨੂੰ ਬਚਾਉਣ ਲਈ ਪੂਰੀ ਵਾਹ ਲਾਈ ਪਰ ਖੇਰੂੰ-ਖੇਰੂੰ ਹੋ ਚੁੱਕੀ ਸਲਤਨਤ ਵਿਚ ਉਸ ਦੀ ਇਕ ਨਾ ਚੱਲੀ। ਉਸ ਦੇ ਪੁੱਤਰ ਨਾਬਾਲਗ ਬਾਦਸ਼ਾਹ ਦਲੀਪ ਸਿੰਘ ਨੂੰ ਅੰਗਰੇਜ਼ ਇੰਗਲੈਂਡ ਲੈ ਗਏ ਅਤੇ ਉਸ ਨੂੰ ਈਸਾਈ ਬਣਾ ਲਿਆ। ਇਸ ਸਮੇਂ ਵੀ ਰਾਣੀ ਜਿੰਦਾਂ ਨੇ ਬਹੁਤ ਸਾਹਸ ਦਿਖਾਇਆ ਪਰ ਲਾਹੌਰ ਦਰਬਾਰ ਵਿਚ ਕਿਸੇ ਵੀ ਧੜੇ ਨੇ ਉਸ ਦੀ ਸਹਾਇਤਾ ਨਾ ਕੀਤੀ। ਆਪਣੇ ਪੁੱਤਰ ਨੂੰ ਇੰਗਲੈਂਡ ਵਿਚ ਮਿਲਣ ਗਈ ਰਾਣੀ ਦੀ ਉਥੇ ਹੀ ਮ੍ਰਿਤੂ ਹੋ ਗਈ। ਦਲੀਪ ਸਿੰਘ ਉਸ ਦੀਆਂ ਅਸਥੀਆਂ ਨੂੰ ਪੰਜਾਬ ਵੀ ਨਾ ਲਿਆ ਸਕਿਆ। ਇਉਂ ਰਾਣੀ ਦਾ ਦੁਖਾਂਤਿਕ ਅੰਤ ਹੋਇਆ। ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਡਾ. ਭਗਵੰਤ ਸਿੰਘ ਅਤੇ ਸ. ਸੰਦੀਪ ਸਿੰਘ ਨੇ ਬੜੀ ਮਿਹਨਤ ਅਤੇ ਨਿਸ਼ਠਾ ਨਾਲ ਮਹਾਰਾਣੀ ਦਾ ਬਿਰਤਾਂਤ ਤਿਆਰ ਕੀਤਾ ਹੈ। ਗਿਆਨੀ ਸੋਹਣ ਸਿੰਘ ਸੀਤਲ, ਭਾਈ ਹਰਿਸਿਮਰਨ ਸਿੰਘ, ਨੰਦ ਕੁਮਾਰ ਦੇਵ ਸ਼ਰਮਾ, ਸਿਮਰਨ ਕੌਰ, ਪ੍ਰੋ. ਸ਼ਰਨਜੀਤ ਸਿੰਘ, ਅਮਰਜੀਤ ਸਿੰਘ ਚੰਦਨ ਅਤੇ ਰਾਜਵੀਰ ਕੌਰ ਸੰਪਾਦਕਾਂ ਦੇ ਸਹਿਯੋਗੀ ਲੇਖਕ ਹਨ। ਇਹ ਗਿਆਨਵਰਧਕ ਪੁਸਤਕ ਹੈ।

ਕਿੱਥੇ ਖੋ ਗਏ ਚੱਜ ਦੇ ਬੰਦੇ
ਲੇਖਕ : ਸ਼ਮਸ਼ੇਰ ਸਿੰਘ ਸੰਧੂ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 250 ਰੁਪਏ, ਸਫ਼ੇ: 94
ਸੰਪਰਕ : 98763-12860

ਸ਼ਮਸ਼ੇਰ ਸਿੰਘ ਸੰਧੂ ਪੰਜਾਬੀ ਸਾਹਿਤ ਦੇ ਹਰਮਨ ਪਿਆਰੇ ਹਸਤਾਖ਼ਰ ਹਨ। ਬੇਸ਼ੱਕ ਆਮ ਤੌਰ 'ਤੇ ਲੋਕ-ਮਨਾਂ ਵਿਚ ਉਨ੍ਹਾਂ ਦੀ ਪਛਾਣ ਇਕ ਗੀਤਕਾਰ ਦੇ ਰੂਪ ਵਿਚ ਹੀ ਸਥਾਪਿਤ ਹੋਈ ਹੈ ਪਰ ਹੱਥਲੀ ਪੁਸਤਕ 'ਕਿੱਥੇ ਖੋ ਗਏ ਚੱਜ ਦੇ ਬੰਦੇ' ਤੋਂ ਪਹਿਲਾਂ ਉਨ੍ਹਾਂ ਦੀਆਂ ਵੱਖ-ਵੱਖ ਵਿਧਾਵਾਂ ਵਿਚ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦਾ ਗੰਭੀਰ ਮੁੱਲਾਂਕਣ ਕਰਦਿਆਂ ਉਹ ਲਿਖਦੇ ਹਨ ਕਿ ਸਮਾਜ ਨੂੰ ਰਹਿਣਯੋਗ ਬਣਾਉਣ ਲਈ ਚੱਜ ਦੇ ਬੰਦੇ ਬਣਨਾ ਲਾਜ਼ਮੀ ਹੈ:
ਜਾਂ ਤਾਂ ਕਿਧਰੋਂ ਢੂੰਡ ਲਿਆਈਏ, ਚੱਜ ਦੇ ਬੰਦੇ
ਜਾਂ ਫਿਰ ਆਪਾਂ ਹੀ ਬਣ ਜਾਈਏ, ਚੱਜ ਦੇ ਬੰਦੇ
ਸ਼ਮਸ਼ੇਰ ਸਿੰਘ ਸੰਧੂ ਨੇ ਅਖ਼ਬਾਰ ਵਿਚ ਵੀ ਕੰਮ ਕੀਤਾ ਹੈ, ਜਿਸ ਕਰਕੇ ਉਹ ਇਹ ਵੀ ਜਾਣਦੇ ਹਨ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਹਰ ਹੀਲਾ-ਵਸੀਲਾ ਵਰਤ ਕੇ ਅਖ਼ਬਾਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਬਹੁਤੇ ਅਖ਼ਬਾਰ ਆਪਣੀਆਂ ਕਾਰੋਬਾਰੀ ਮਜਬੂਰੀਆਂ ਨੂੰ ਧਿਆਨ ਵਿਚ ਰੱਖਦਿਆਂ ਸਮਝੌਤੇ ਦਾ ਰਾਹ ਵੀ ਚੁਣ ਲੈਂਦੇ ਹਨ ਪਰ ਕੁਝ ਅਖ਼ਬਾਰ ਅਜਿਹੇ ਵੀ ਹੁੰਦੇ ਹਨ, ਜਿਹੜੇ ਆਪਣੀ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਲਈ ਸੰਘਰਸ਼ ਦਾ ਰਾਹ ਅਖ਼ਤਿਆਰ ਕਰਦੇ ਹਨ:
ਕਦੇ ਕਦੇ ਸਰਕਾਰਾਂ ਅੱਗੇ ਝੁਕ ਜਾਵਣ ਅਖ਼ਬਾਰਾਂ
ਕਦੇ ਕਦੇ ਅਖ਼ਬਾਰਾਂ ਹੱਥੋਂ ਠੁਕ ਜਾਵਣ ਸਰਕਾਰਾਂ
ਸਵਰਗੀ ਸੁਰਜੀਤ ਪਾਤਰ ਸਾਹਿਬ ਸ਼ਮਸ਼ੇਰ ਸਿੰਘ ਸੰਧੂ ਨੂੰ ਲੋਕ ਗਾਇਕਾਂ ਅਤੇ ਕਵੀਆਂ ਵਿਚਕਾਰ ਸਭ ਤੋਂ ਲੰਬਾ ਪੁਲ ਕਿਹਾ ਕਰਦੇ ਸਨ। ਤੰਗੀਆਂ-ਤੁਰਸ਼ੀਆਂ ਨਾਲ ਜੂਝਦਾ ਆਮ ਆਦਮੀ, ਮਾਨਵੀ ਰਿਸ਼ਤੇ-ਨਾਤਿਆਂ ਵਿਚੋਂ ਮਨਫ਼ੀ ਹੋ ਰਹੀ ਅਪਣੱਤ, ਪੰਜਾਬ ਦੀ ਰੁਲ ਰਹੀ ਜਵਾਨੀ, ਹਿੰਮਤ ਅਤੇ ਮਿਹਨਤ ਉਨ੍ਹਾਂ ਦੀ ਕਵਿਤਾ ਦੇ ਕੇਂਦਰ ਵਿਚ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਕਵਿਤਾ ਵਿਚ ਵਰਤੀ ਗਈ ਬੋਲੀ ਸਰਲ, ਸਪੱਸ਼ਟ ਅਤੇ ਪੇਂਡੂ ਜੀਵਨ ਦੇ ਜੀਵੰਤ ਝਲਕਾਰਿਆਂ ਨਾਲ ਭਰਪੂਰ ਹੈ। ਆਰਥਿਕ, ਸਮਾਜਿਕ ਅਤੇ ਰਾਜਨੀਤਕ ਵਰਤਾਰਿਆਂ ਦੇ ਸੰਦਰਭ ਵਿਚ ਵੀ ਉਹ ਬੜੀ ਸੂਖਮ ਸੂਝ-ਬੂਝ ਰੱਖਦੇ ਹਨ। ਅਜਿਹੀ ਖ਼ੂਬਸੂਰਤ ਅਤੇ ਮਿਆਰੀ ਪੁਸਤਕ ਪੰਜਾਬੀ ਪਾਠਕਾਂ ਦੇ ਸਨਮੁੱਖ ਕਰਨ ਲਈ ਉਹ ਸੱਚਮੁੱਚ ਵਧਾਈ ਦੇ ਪਾਤਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਪੰਜਾਬ ਅਤੇ ਪਰਵਾਸ
ਸੰਪਾਦਕ : ਗੁਰਪ੍ਰੀਤ ਸਿੰਘ ਤੂਰ, ਅਮਰਜੀਤ ਸਿੰਘ ਭੁੱਲਰ, ਬਲਵੰਤ ਸਿੰਘ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 325 ਰੁਪਏ, ਸਫ਼ੇ : 248
ਸੰਪਰਕ : 98158-00405

ਇਹ ਪੁਸਤਕ ਪੰਜਾਬ ਵਿਚੋਂ ਹੋਣ ਵਾਲੇ ਪ੍ਰਵਾਸ, ਇਸ ਦੇ ਇਤਿਹਾਸ, ਕਾਰਨਾਂ ਅਤੇ ਪ੍ਰਵਾਸ ਵਿਚੋਂ ਨਿਕਲਣ ਵਾਲੇ ਸਿੱਟਿਆਂ ਬਾਰੇ ਬੜੀ ਡੂੰਘੀ ਅਤੇ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਦੀ ਹੈ। ਪੰਜ ਭਾਗਾਂ ਵਿਚ ਵਿਉਂਤਬੱਧ ਇਸ ਪੁਸਤਕ ਦੇ ਲੇਖਾਂ ਨੂੰ ਪੰਜਾਬ ਦੇ ਕਈ ਪ੍ਰਮੁੱਖ ਵਿਦਵਾਨ, ਲੇਖਕਾਂ ਨੇ ਲਿਖਿਆ ਹੈ। ਹੋਰ ਤਾਂ ਹੋਰ, ਬਹੁਤੇ ਲੇਖਕ ਖ਼ੁਦ ਵੀ ਪ੍ਰਵਾਸੀ ਹਨ ਅਤੇ ਉਨ੍ਹਾਂ ਨੇ ਪ੍ਰਵਾਸ ਦੇ ਦਰਦ, ਵੇਰਵੇ ਅਤੇ ਚੁਣੌਤੀਆਂ ਨੂੰ ਆਪਣੇ ਹੱਡਾਂ ਉੱਪਰ ਹੰਢਾਇਆ ਹੈ। ਨਰਿੰਦਰ ਸਿੰਘ ਕਪੂਰ, ਗੁਰਬਖ਼ਸ਼ ਸਿੰਘ ਭੰਡਾਲ, ਧਰਮ ਸਿੰਘ, ਰਣਜੀਤ ਸਿੰਘ ਘੁੰਮਣ, ਗੁਰਬਚਨ ਜਗਤ, ਬਲਦੇਵ ਸਿੰਘ ਸੜਕਨਾਮਾ, ਸਵਰਾਜ ਸਿੰਘ, ਨਵਜੋਤ ਢਿੱਲੋਂ, ਸੁੱਚਾ ਸਿੰਘ ਗਿੱਲ, ਉੱਪਰ ਵਰਣਿਤ ਤਿੰਨ ਸੰਪਾਦਕਾਂ ਅਤੇ ਕੁਝ ਹੋਰ ਯੁਵਾ ਲੇਖਕਾਂ ਦੀਆਂ ਸਟੀਕ ਰਚਨਾਵਾਂ ਨੂੰ ਭਲਾ ਕੌਣ ਕਾਫਰ ਨਿੱਠ ਕੇ ਨਹੀਂ ਪੜ੍ਹਨਾ ਚਾਹੇਗਾ?
ਪੰਜਾਬੀਆਂ ਦੇ ਪ੍ਰਵਾਸ ਨੇ ਸਾਡੇ ਸੱਭਿਆਚਾਰ ਅਤੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਪੂਰੀ ਦੁਨੀਆ ਵਿਚ ਫੈਲਾ ਕੇ ਬੜੀ ਇਤਿਹਾਸਕ ਭੂਮਿਕਾ ਨਿਭਾਈ ਹੈ। ਜਿੰਨੀ ਦੇਰ ਤੱਕ ਹਰ ਦੇਸ਼ ਵਿਚ, ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਨਹੀਂ ਘੁਲਦੇ-ਮਿਲਦੇ, ਉਥੋਂ ਦੇ ਸੱਭਿਆਚਾਰ ਦੇ 'ਸਟੇਟਿਕ' ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸੱਭਿਆਚਾਰਕ-ਸੁਮਿਸ਼ਰਣ ਦੀ ਕਿਰਿਆ ਗਤੀਸ਼ੀਲ ਰਹਿਣੀ ਚਾਹੀਦੀ ਹੈ। ਇਸ ਪੁਸਤਕ ਵਿਚ ਸ਼ਾਮਿਲ ਹਰ ਲੇਖਕ ਇਕ ਵਿਸ਼ਾਲ ਅਨੁਭਵ ਅਤੇ ਪਰਿਪੱਕ ਲੇਖਣੀ ਦਾ ਸੁਆਮੀ ਹੈ। ਇਹੀ ਕਾਰਨ ਹੈ ਕਿ ਹਰ ਲੇਖ, ਪਾਠਕਾਂ ਦੇ ਅਨੁਭਵ ਵਿਚ ਨਵੇਂ ਦਿਸਹੱਦੇ ਖੋਲ੍ਹਦਾ ਹੈ। ਅਮਰਜੀਤ ਭੁੱਲਰ, ਗੁਰਪ੍ਰੀਤ ਸਿੰਘ ਤੂਰ ਅਤੇ ਬਲਵੰਤ ਸਿੰਘ ਸੰਧੂ, ਮਾਨ-ਚਿੱਤਰਾਂ ਅਤੇ ਡਾਟੇ (data) ਦੀ ਸਹਾਇਤਾ ਨਾਲ ਆਪਣੇ ਵਿਚਾਰਾਂ ਨੂੰ ਸਟੀਕਤਾ ਪ੍ਰਦਾਨ ਕਰਦੇ ਹਨ। ਡਾ. ਧਰਮ ਸਿੰਘ, ਡਾ. ਗੁਰਬਖ਼ਸ਼ ਭੰਡਾਲ, ਡਾ. ਨਰਿੰਦਰ ਸਿੰਘ ਕਪੂਰ, ਸਵਰਾਜ ਸਿੰਘ ਅਤੇ ਸੁੱਚਾ ਸਿੰਘ ਗਿੱਲ ਦੀ ਲੇਖਣੀ ਨੂੰ ਭਲਾ ਕੌਮ ਨਹੀਂ ਜਾਣਦਾ। ਸ੍ਰੀ ਗੁਰਬਚਨ ਜਗਤ ਤਾਂ ਅੰਗਰੇਜ਼ੀ ਪੱਤਰਕਾਰੀ ਵਿਚ ਵੀ ਇਕ ਸੁਪਰਿਚਿਤ ਨਾਂਅ ਹੈ। ਇਨ੍ਹਾਂ ਲੇਖਕਾਂ ਨੇ ਦਰਸਾਇਆ ਹੈ ਕਿ ਪ੍ਰਵਾਸ ਇਕ ਦੁਵੱਲੀ ਪ੍ਰਕਿਰਿਆ ਹੁੰਦੀ ਹੈ। ਜੇ ਕੁਝ ਲੋਕ ਪੰਜਾਬ ਵਿਚੋਂ ਪ੍ਰਵਾਸ ਕਰਦੇ ਹਨ ਤਾਂ ਉਨੇ ਹੀ ਲੋਕ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿਚੋਂ ਆ ਵੀ ਰਹੇ ਹਨ। ਆਬਾਦੀ ਦੇ ਨਵੇਂ ਸਮੀਕਰਨ ਬਣ ਰਹੇ ਹਨ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਧੋਬੀ ਪਟਕਾ
ਲੇਖਕ : ਅਮਰਜੀਤ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 116
ਸੰਪਰਕ : 94634-45092

ਆਧੁਨਿਕ ਪੰਜਾਬੀ ਕਹਾਣੀ ਦੇ ਕਹਾਣੀਕਾਰਾਂ ਦੇ ਨਵੇਂ ਪੋਚ ਦੇ ਕਹਾਣੀਕਾਰ ਅਮਰਜੀਤ ਸਿੰਘ ਮਾਨ ਦਾ ਤੇ ਉਸ ਦੀ ਕਹਾਣੀ ਕਲਾ ਦਾ ਖੂਬ ਜ਼ਿਕਰ ਚੱਲ ਰਿਹਾ ਹੈ। ਮਾਨ ਦੇ ਇਸ ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਤੇਰਾਂ ਕਹਾਣੀਆਂ ਨੇ ਉਸ ਦੀ ਕਹਾਣੀ ਕਹਿਣ ਦੀ ਕਲਾ ਨੂੰ ਬੇਹਤਰੀਨ ਸਾਬਤ ਕਰ ਦਿੱਤਾ ਹੈ। ਉਸ ਦੀ ਕਹਾਣੀ 'ਏਦਾਂ ਕਿਉਂ', 'ਸਰਘੀ ਵੇਲੇ ਦਾ ਸੁਪਨਾ', 'ਮੁਕਤੀ', 'ਕਰੂਏ ਵਾਲਾ ਪਾਣੀ', 'ਲੀਲੂ ਕਥਾ' ਉਸ ਦੀ ਪਾਤਰ ਉਸਾਰੀ ਬੋਲੀ ਅਤੇ ਵਿਸ਼ੇ ਨੂੰ ਸਪੱਸ਼ਟਤਾ ਨਾਲ ਪਾਠਕਾਂ ਦੇ ਦਿਲਾਂ ਵਿਚ ਵਸਾਉਣ ਦਾ ਕਾਰਜ ਕਰਦੀਆਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਅੱਜ ਦੇ ਸਮਾਜ ਨੂੰ ਘਿਨਾਉਣਾ ਪੇਸ਼ ਕੀਤਾ ਗਿਆ। ਧਰਮ ਦੇ ਕਰਮ ਕਰਦਿਆਂ ਮਿਹਨਤਕਸ਼ ਲੋਕਾਂ ਦਾ ਬਣਦਾ ਮਿਹਨਤਾਨਾ ਨਾ ਦੇਣਾ ਸਵਾਲ ਪੈਦਾ ਕਰਦੀ ਹੈ ਕਿ ਏਦਾਂ ਕਿਉਂ? ਇਸੇ ਤਰ੍ਹਾਂ ਨਸ਼ਿਆਂ ਦੇ ਪਰਕੋਪ ਕਾਰਨ ਪਤੀ ਦਾ ਨੈਤਿਕ ਪਤਨ ਅਤੇ ਪਤਨੀ ਦਾ ਇਸ ਕੌੜੇ ਸੱਚ ਦਾ ਹੌਸਲੇ ਨਾਲ ਮੁਕਾਬਲਾ ਕਰਨਾ ਕਹਾਣੀ 'ਕਰੂਏ ਵਾਲਾ ਪਾਣੀ' ਦਾ ਧਿਆਨ ਖਿੱਚਵਾਂ ਵਿਸ਼ਾ ਹੈ। ਹੋਰਾਂ ਕਹਾਣੀਆਂ ਵਿਚ ਸ਼ਾਮਿਲ ਕਹਾਣੀ 'ਆਉਣ ਵਾਲਾ ਕੱਲ੍ਹ', 'ਸਿਕਸ ਪਲੱਸ', 'ਮਾਸੀ ਫੱਤੋ', 'ਮਨਫੀ ਹੋਂਦ', 'ਜੰਗਾਲਿਆ ਸਰੀਆ', 'ਧੋਬੀ ਪਟਕਾ', 'ਆਖ ਦਮੋਦਰ' ਅਤੇ 'ਇਕ ਅਧੂਰੀ ਚਾਹਤ' ਆਦਿ ਕਹਾਣੀਕਾਰ ਦੀ ਉਤਮ ਕਲਾਤਮਿਕ ਪ੍ਰਤਿਭਾ ਦੀ ਸੁਆਦਲੀ ਬਾਤ ਪਾਉਂਦੀਆਂ ਹਨ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਤਾਂਘ ਮੁਹੱਬਤ ਦੀ
ਗ਼ਜ਼ਲਕਾਰ : ਤੇਜਿੰਦਰ ਚੰਡਿਹੋਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ :250 ਰੁਪਏ, ਸਫ਼ੇ : 88
ਸੰਪਰਕ : 95010-00224

ਪੰਜਾਬੀ ਕਾਵਿ-ਸਿਰਜਣਾ ਵਿਚ ਗ਼ਜ਼ਲ ਇਸ ਵਕਤ ਸਿਖਰਲੇ ਮੁਕਾਮ 'ਤੇ ਹੈ ਤੇ ਇਸ ਵਿਧਾ ਨੂੰ ਅਪਣਾਉਣ ਵਾਲਿਆਂ ਦੀ ਗਿਣਤੀ ਵਿਚ ਵੀ ਚੋਖਾ ਵਾਧਾ ਹੋਇਆ ਹੈ। ਗ਼ਜ਼ਲ ਨੂੰ ਮਕਬੂਲੀਅਤ ਮਿਲਣ ਕਰਕੇ ਇਸ ਨਾਲ ਸੰਬੰਧਿਤ ਪੁਸਤਕਾਂ ਦਾ ਪ੍ਰਕਾਸ਼ਨ ਵੀ ਵਧਿਆ ਹੈ। ਤੇਜਿੰਦਰ ਚੰਡਿਹੋਕ ਇਕ ਸਮੀਖਿਅਕ, ਆਲੋਚਕ, ਕਹਾਣੀਕਾਰ ਤੇ ਕਵੀ ਵਜੋਂ ਜਾਣਿਆ ਜਾਂਦਾ ਹੈ ਤੇ ਗ਼ਜ਼ਲਕਾਰ ਦੇ ਤੌਰ 'ਤੇ ਵੀ ਉਸ ਦੀ ਪਹਿਚਾਣ ਹੈ। ਭਾਵੇਂ ਉਸ ਦੀਆਂ ਕੱਝ ਪੁਸਤਕਾਂ ਪਹਿਲਾਂ ਛਪੀਆਂ ਹਨ ਪਰ 'ਤਾਂਘ ਮੁਹੱਬਤ ਦੀ' ਉਸ ਦਾ ਨਿਰੋਲ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ਹੈ। ਇਸ ਪੁਸਤਕ ਵਿਚ ਉਸ ਦੀਆਂ ਉਣ੍ਹੱਤਰ ਗ਼ਜ਼ਲਾਂ ਸੰਮਿਲਤ ਹਨ। 'ਤਾਂਘ ਮੁਹੱਬਤ ਦੀ' ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ 'ਤੇ ਬਰਨਾਲੇ ਦੀ ਛਾਪ ਸਹਿਜੇ ਮਹਿਸੂਸੀ ਜਾ ਸਕਦੀ ਹੈ। ਚੰਡਿਹੋਕ ਦੇ ਸ਼ਿਅਰ ਇਧਰ ਉਧਰ ਦੀ ਥਾਂ ਸਿੱਧਾ ਸੰਵਾਦ ਰਚਾਉਂਦੇ ਹਨ ਤੇ ਇਸੇ ਕਾਰਨ ਪਾਠਕ ਸ਼ਿਅਰ ਦੇ ਸੁਨੇਹੇ ਨੂੰ ਜਲਦ ਮਹਿਸੂਸ ਕਰ ਲੈਂਦਾ ਹੈ। ਇਹ ਗ਼ਜ਼ਲਾਂ ਮਨੁੱਖੀ ਜ਼ਿੰਦਗੀ ਨੂੰ ਦਰਪੇਸ਼ ਮੁਸ਼ਕਿਲਾਂ ਦਾ ਵਰਨਣ ਵੀ ਕਰਦੀਆਂ ਹਨ ਤੇ ਇਨ੍ਹਾਂ ਵਿਚ ਮਨੁੱਖ ਅੰਦਰ ਛੁਪੇ ਸਵਾਰਥਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਆਪਣੀ ਪਹਿਲੀ ਹੀ ਗ਼ਜ਼ਲ ਵਿਚ ਉਹ ਮਨੁੱਖ ਦੀ ਤਮ੍ਹਾ ਤੇ ਅਸੰਤੁਸ਼ਟੀ ਬਾਰੇ ਆਖਦਾ ਹੈ ਕਿ ਖ਼ਾਹਿਸ਼ਾਂ ਦੀ ਕੋਈ ਸੀਮਾ ਨਹੀਂ ਹੁੰਦੀ। ਆਸਾਂ ਭਾਵੇਂ ਟੁੱਟ ਜਾਣ ਪਰ ਮਰਦੀਆਂ ਨਹੀਂ। ਦੁੱਖਾਂ ਦੇ ਨਿਵਾਰਨ ਲਈ ਗ਼ਜ਼ਲਕਾਰ ਸੰਘਰਸ਼ ਨੂੰ ਉਤਸ਼ਾਹਿਤ ਕਰਦਾ ਹੈ ਤੇ ਮਨੁੱਖਤਾ ਦੇ ਕਾਤਿਲਾਂ ਦੇ ਹਮਦਰਦ ਸ਼ਾਸ਼ਕ ਨੂੰ ਉਹ ਸੰਭਲਣ ਦਾ ਸੁਨੇਹਾ ਦਿੰਦਾ ਹੈ। ਇਨ੍ਹਾਂ ਗ਼ਜ਼ਲਾਂ 'ਚੋਂ ਬਹੁਤੀਆਂ ਉਸ ਨੇ ਆਪਣੇ ਪਿਆਰੇ ਦੇ ਵਿਛੋੜੇ ਨੂੰ ਸਮਰਪਿਤ ਕੀਤੀਆਂ ਹਨ, ਕਿਸੇ ਲਈ ਵੀ ਸਾਥੀ ਦਾ ਸਾਥ ਛੱਡ ਜਾਣਾ ਦੁੱਖਦਾਇਕ ਹੁੰਦਾ ਹੈ ਤੇ ਇਕ ਸ਼ਾਇਰ ਲਈ ਇਸ ਦੀ ਸ਼ਿੱਦਤ ਹੋਰ ਵੀ ਅਸਹਿ ਹੁੰਦੀ ਹੈ। ਪੁਸਤਕ ਦੀ ਚੌਥੀ ਗ਼ਜ਼ਲ ਗ਼ਜ਼ਲਕਾਰ ਦੀ ਉਦਾਸੀ ਤੇ ਉਪਰਾਮਤਾ ਨੂੰ ਦਰਸਾਉਂਦੀ ਹੈ। ਇੰਝ ਹੀ ਬਹੁਤੀਆਂ ਗ਼ਜ਼ਲਾਂ ਵਿਚ ਉਸ ਦੇ ਅੰਦਰਲੇ ਖ਼ਲਾਅ ਦਾ ਅਜਿਹਾ ਹੀ ਬਿਰਤਾਂਤ-ਸਿਰਜਣ ਦੇਖਿਆ ਜਾ ਸਕਦਾ ਹੈ। ਚੰਡਿਹੋਕ ਦੀਆਂ ਗ਼ਜ਼ਲਾਂ ਨੂੰ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਅਜੇ ਗ਼ਜ਼ਲ ਦਾ ਬੜਾ ਕੁਝ ਉਸ ਦੇ ਜਾਨਣ ਲਈ ਬਾਕੀ ਪਿਆ ਹੈ। ਯਕੀਨਨ ਇਹ ਗ਼ਜ਼ਲ ਸੰਗ੍ਰਹਿ ਗ਼ਜ਼ਲਕਾਰ ਲਈ ਨਵੇਂ ਰਸਤੇ ਬਣਾਏਗਾ ਤੇ ਉਸ ਦੇ ਅਦਬੀ ਸਫ਼ਰ ਨੂੰ ਆਸਾਨ ਕਰੇਗਾ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

26-01-2025

 (ਭਾਰਤ ਦਾ ਬੋਧੀ ਸਮਰਾਟ)
ਅਸ਼ੋਕ ਮਹਾਨ
ਲੇਖਕ : ਵਿਨਸੈਂਟ ਆਰਥਰ ਸਮਿਥ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 208
ਸੰਪਰਕ : 99150-99926

ਵਿਨਸੈਂਟ ਆਰਥਰ ਸਮਿਥ (1843-1920) ਇਕ ਆਇਰਿਸ਼ ਇਤਿਹਾਸਕਾਰ ਅਤੇ 'ਭਾਰਤੀ-ਸੰਸਕ੍ਰਿਤੀ-ਵਿਸ਼ੇਸ਼ਗ)' ਸੀ, ਜੋ 1871 ਵਿਚ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਉੱਤਰ ਪ੍ਰਦੇਸ਼ ਵਿਚ ਨਿਯੁਕਤ ਹੋਇਆ ਸੀ। ਉਹ ਆਈ.ਸੀ.ਐਸ. ਦੀ ਮੈਰਿਟ ਲਿਸਟ ਵਿਚ ਅੱਵਲ ਰਿਹਾ ਸੀ। ਭਾਰਤ ਦੀ ਇਤਿਹਾਸਕਾਰੀ ਅਤੇ ਭਵਨ-ਨਿਰਮਾਣ ਕਲਾ ਵਿਚ ਉਸ ਦੀ ਡੂੰਘੀ ਦਿਲਚਸਪੀ ਸੀ। ਉਸ ਨੇ 'ਮਹਾਨ ਅਕਬਰ' ਅਤੇ 'ਅਸ਼ੋਕ ਮਹਾਨ' ਬਾਰੇ ਦੋ ਮੋਨੋਗ੍ਰਾਫ਼ ਲਿਖੇ। ਪ੍ਰੋ. ਜਸਪਾਲ ਸਿੰਘ ਘਈ ਨੇ ਬੜੀ ਮਿਹਨਤ ਅਤੇ ਨਿਸ਼ਠਾ ਨਾਲ ਉਸ ਦੇ ਮੋਨੋਗ੍ਰਾਫ਼ '1soka : "he 2udd}st 5mperor of 9nd}a (®xford, ੧੯੦੧)' ਦਾ ਅਨੁਵਾਦ ਕੀਤਾ ਹੈ। ਸਮਿਥ ਨੇ ਜੈਨ ਸਤੂਪਾਂ ਅਤੇ ਕੁਸ਼ਾਲ ਰਾਜਿਆਂ ਬਾਰੇ ਵੀ ਬੜਾ ਮਹੱਤਵਪੂਰਨ ਕਾਰਜ ਕੀਤਾ। ਆਰਕਿਆਲੋਜੀ ਵਿਚ ਵੀ ਉਸ ਦੀ ਡੂੰਘੀ ਦਿਲਚਸਪੀ ਸੀ।
ਵਿਨਸੈਂਟ ਨੇ ਅਸ਼ੋਕ ਦੇ ਜੀਵਨ ਕਾਲ ਨਾਲ ਸੰਬੰਧਿਤ ਇਤਿਹਾਸਕ ਵੇਰਵਿਆਂ ਨੂੰ ਸਮਕਾਲੀ ਸਰੋਤਾਂ, ਸ਼ਿਲਾਲੇਖਾਂ ਅਤੇ ਦੰਤ-ਕਥਾਵਾਂ ਦੀ ਸਹਾਇਤਾ ਨਾਲ ਉਸਾਰਿਆ ਹੈ। ਅਸ਼ੋਕ ਬਾਰੇ ਲਿਖਣ ਵਾਸਤੇ ਉਸ ਨੇ ਦੱਖਣੀ ਅਤੇ ਮੱਧ ਏਸ਼ੀਆ ਦੇ ਸਮੁੱਚੇ ਇਤਹਾਸ ਨੂੰ ਹੰਘਾਲਿਆ ਹੈ। ਉਸ ਨੇ ਉੱਤਰ ਪ੍ਰਦੇਸ਼ ਵਿਚ ਕੰਮ ਕਰਦਿਆਂ, ਬਿਹਾਰ, ਓਡੀਸ਼ਾ ਅਤੇ ਬੰਗਾਲ ਦੇ ਪੂਰਬੀ ਤਟਵਰਤੀ ਖੇਤਰਾਂ ਨੂੰ ਜਾਣਨ-ਸਮਝਣ ਵਿਚ ਡੂੰਘੀ ਦਿਲਚਸਪੀ ਲਈ। ਕਾਲਿੰਗਾ ਦੀ ਲੜਾਈ ਦੇ ਵਰਨਣ ਵਾਸਤੇ ਭਾਰਤ ਦੇ ਉੱਤਰ ਪੂਰਬੀ ਖੇਤਰ ਦਾ ਸਰਵੇਖਣ ਕੀਤਾ, ਅਸ਼ੋਕ ਵਲੋਂ ਲਗਵਾਏ ਸ਼ਿਲਾਲੇਖਾਂ ਦੀ ਇਬਾਰਤ ਨੂੰ ਪੜ੍ਹਿਆ ਅਤੇ ਦਰਸਾਇਆ ਕਿ ਤੀਜੀ ਈਸਵੀ ਪੂਰਵ ਦੇ ਸਮੇਂ ਵਿਚ ਅਸ਼ੋਕ ਪਾਸ ਚਾਰ ਲੱਖ ਤੋਂ ਵੱਧ ਸਿਪਾਹੀਆਂ ਅਤੇ ਜਰਨੈਲਾਂ ਦੀ ਫ਼ੌਜ ਹੁੰਦੀ ਸੀ। ਇਸ ਪੁਸਤਕ ਦੀ ਸਮੁੱਚੀ ਸਮੱਗਰੀ ਨੂੰ 7 ਅਧਿਆਵਾਂ ਅਤੇ 4 ਅੰਤਿਕਾਵਾਂ ਦੁਆਰਾ ਪਰੋਸਿਆ ਗਿਆ ਹੈ। ਅਸ਼ੋਕ ਦੇ ਜੀਵਨ, ਰਾਜ ਪ੍ਰਬੰਧ, ਬੋਧੀ ਸਮਾਰਕਾਂ, ਸ਼ਿਲਾਲੇਖਾਂ, ਨੱਕਾਸ਼ੀਆਂ, ਲੰਕਾ ਅਤੇ ਭਾਰਤ ਵਿਚ ਅਸ਼ੋਕ ਬਾਰੇ ਪ੍ਰਚੱਲਿਤ ਦੰਤ-ਕਥਾਵਾਂ ਬਾਰੇ ਸਮਿੱਥ ਨੇ ਬੜੇ ਅਧਿਕਾਰ ਅਤੇ ਵਿਦਵਤਾ ਸਹਿਤ ਲਿਖਿਆ ਹੈ। ਅੰਤਿਕਾਵਾਂ ਵਿਚ ਮੌਰੀਆ ਕਾਲ ਦੇ ਚਾਰਟ, ਸ਼ਿਲਾਲੇਖਾਂ ਦਾ ਵਰਗੀਕਰਨ, ਤਸਵੀਰਾਂ ਅਤੇ ਨਕਸ਼ੇ ਆਦਿ ਦਿੱਤੇ ਗਏ ਹਨ। ਇਹ ਪੁਸਤਕ ਪਾਠਕਾਂ ਦੇ ਕਈ ਪੂਰਵਾਗ੍ਰਹਿਆਂ ਅਤੇ ਹੱਠਧਰਮੀਆਂ ਨੂੰ ਤੋੜੇਗੀ, ਇਸ ਵਿਸ਼ਵਾਸ ਨਾਲ ਮੈਂ ਪ੍ਰੋ. ਘਈ ਨੂੰ 'ਸ਼ਾਬਾਸ਼' ਅਤੇ ਸੰਗਮ ਪ੍ਰਕਾਸ਼ਕਾਂ ਦੇ ਉੱਦਮ ਦਾ ਧੰਨਵਾਦ ਕਰਦਾ ਹਾਂ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪਾਠਾਂਤਰ ਸੁਧਾਈ ਤੇ ਸ਼ੁੱਧ ਛਪਾਈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਲੇਖਕ : ਗਿ. ਜਗਤਾਰ ਸਿੰਘ ਜਾਚਕ
ਪ੍ਰਕਾਸ਼ਕ : ਰੀਥਿੰਕ ਬੁੱਕਜ਼, ਸੰਗਰੂਰ
ਮੁੱਲ : 499 ਰੁਪਏ, ਸਫ਼ੇ : 321
ਸੰਪਰਕ : 94643-46677

ਇਸ ਪੁਸਤਕ ਦੇ ਸੁਹਿਰਦ ਲੇਖਕ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਅਤੇ ਆਨਰੇਰੀ ਅੰਤਰਰਾਸ਼ਟਰੀ ਸਿੱਖ ਮਿਸ਼ਨਰੀ ਵਜੋਂ ਜਾਣੀ-ਪਹਿਚਾਣੀ ਸ਼ਖ਼ਸੀਅਤ ਹਨ। ਹਥਲੀ ਪੁਸਤਕ ਤੋਂ ਪਹਿਲਾਂ ਲੇਖਕ ਵਲੋਂ ਗਹਿਰ-ਗੰਭੀਰ ਵਿਸ਼ਿਆਂ ਉੱਪਰ ਅੱਧੀ ਦਰਜਨ ਪੁਸਤਕਾਂ ਪਾਠਕਾਂ ਲਈ ਭੇਟ ਕੀਤੀਆਂ ਗਈਆਂ ਹਨ। ਅੱਧੀ ਦਰਜਨ ਪੁਸਤਕਾਂ ਅਜੇ ਛਪਣ ਵਾਲੀਆਂ ਹਨ। ਹਥਲੀ ਪੁਸਤਕ ਦਾ ਮਨੋਰਥ ਲੇਖਕ ਦੇ ਵਿਚਾਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਤੀ ਰੂਪ ਦੀ ਸੋਧ, ਸੁਧਾਈ ਅਤੇ ਸ਼ੁੱਧ ਛਪਵਾਈ ਸੰਬੰਧੀ ਚੋਣਵੇਂ ਗੁਰਸਿੱਖ ਵਿਦਵਾਨਾਂ ਵਲੋਂ ਪਿਛਲੇ ਸੌ ਸਾਲਾਂ ਤੋਂ ਕੀਤੀ ਜਾ ਰਹੀ ਘਾਲ-ਕਮਾਈ ਨੂੰ ਭਵਿੱਖ ਦੀਆਂ ਗੁਰਸਿੱਖ ਪੀੜ੍ਹੀਆਂ ਨੂੰ ਸੌਂਪਣ ਦਾ ਇਕ ਯਤਨ ਹੈ। ਬਾਣੀਕਾਰਾਂ ਵਲੋਂ ਰਚੀ ਪਾਵਨ ਗੁਰਬਾਣੀ ਵਿਚ ਕੋਈ ਵੀ ਊਣਤਾਈ ਨਹੀਂ ਹੈ। ਸਮੇਂ-ਸਮੇਂ ਵੀ ਜਦੋਂ ਕੋਈ ਵਿਦਵਾਨ ਗੁਰਬਾਣੀ ਦੀ ਸੋਧ-ਸੁਧਾਈ ਦੀ ਗੱਲ ਕਰਦਾ ਹੈ, ਇਸ ਦਾ ਅਰਥ ਗੁਰਬਾਣੀ ਦੇ ਸ਼ਬਦ-ਸਰੂਪਾਂ ਵਿਚ ਆਏ ਵਿਗਾੜ ਨੂੰ ਸਹੀ ਕਰਨਾ ਹੀ ਹੁੰਦਾ ਹੈ। ਇਹ ਯਤਨ ਪਾਵਨ ਗੁਰਬਾਣੀ ਨੂੰ ਬਦਲਣਾ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਤਾਂ ਗੁਰਬਾਣੀ ਦੇ ਸ਼ਬਦ ਜੋੜਾਂ ਦਾ ਸਹੀ ਤੇ ਮੂਲਿਕ ਸਰੂਪ ਨਿਸ਼ਚਿਤ ਕਰਨ ਵੱਲ ਚੁੱਕਿਆ ਕਦਮ ਹੀ ਹੁੰਦਾ ਹੈ। ਸੂਝਵਾਨ, ਲੇਖਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਗੁਰਬਾਣੀ ਦੀ ਸੋਧ-ਸੁਧਾਈ ਦੇ ਇਸ ਵੱਡੇ ਕਾਰਜ ਨੂੰ 14 ਭਾਗਾਂ ਵਿਚ ਵੰਡ ਕੇ ਵਿਸਥਾਰ ਨਾਲ ਚਰਚਾ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਸਾਰੇ ਅਧਿਆਵਾਂ ਵਿਚ ਵੱਖ-ਵੱਖ ਵਿਸ਼ਿਆਂ ਨੂੰ ਛੋਹ ਕੇ ਗੁਰਮਤਿ ਦੇ ਪਾਠਕਾਂ ਨੂੰ ਸਹੀ ਤੇ ਉਸਾਰੂ ਸੇਧ ਦੇਣ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵੱਖ-ਵੱਖ ਅਧਿਆਏ ਅਧੀਨ ਪਹਿਲੇ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਤੀ ਰੂਪ ਦੀ ਸੋਧ (ਖੋਜ) ਤੇ ਪਾਠਾਂਤਰ ਸੁਧਾਈ, ਦੂਜੇ ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤੀ ਪੁਰਾਤਨ ਸੰਚਿਆਂ ਤੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ਪਾਵਨ ਬੀੜ ਦੇ ਪਰਸਪਰ ਪਾਠ-ਭੇਦ, ਤੀਜੇ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ-ਮੰਗਲਾਚਰਣ ਦੇ ਸਥਾਨ ਅਤੇ ਉਸ ਦੇ ਸੰਪੂਰਨ ਤੇ ਸੰਖੇਪ ਰੂਪ, ਚੌਥੇ ਹਿੱਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਿਰਲੇਖਾਂ ਦੀ ਤਰਤੀਬਕ ਇਕਸਾਰਤਾ, ਪੰਜਵੇਂ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਤੇ ਬਾਣੀਆਂ ਦੀ ਮੂਲਿਕ ਬੱਝਵੀਂ ਤਰਤੀਬ ਉਤੇ ਗੰਭੀਰ ਵਿਚਾਰ ਕੀਤਾ ਗਿਆ ਹੈ। ਪੁਸਤਕ ਦੇ ਛੇਵੇਂ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ-ਵਿਧਾਨ ਦੀ ਇਕਸਾਰਤਾ ਤੇ ਗਣਿਤਕ ਵਿਗਾੜ ਨੂੰ ਵਿਚਾਰ ਅਧੀਨ ਕੀਤਾ ਗਿਆ ਹੈ। ਸੱਤਵੇਂ ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਅਤੇ ਰਾਗਾਂ ਦੇ ਘਰਾਂ ਵਾਲੇ ਬੇਮਿਸਾਲ ਹੋਏ ਸ਼ਬਦਾਂ ਦੇ ਸਹੀ ਸਥਾਨ 'ਤੇ ਵਿਚਾਰ ਲੜੀ ਨੂੰ ਅੱਗੇ ਵਧਾਇਆ ਗਿਆ ਹੈ। ਪੁਸਤਕ ਦੇ ਅੱਠਵੇਂ ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੁਝ ਸ਼ੱਕੀ ਤੁਕਾਂ ਤੇ ਰਚਨਾਵਾਂ ਦੇ ਨਿਰਣਾਇਕ ਹੱਲ 'ਤੇ ਵਿਚਾਰ ਕੀਤਾ ਗਿਆ ਹੈ। ਗਿਆਰ੍ਹਵੇਂ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਰਲੇਖਕ, ਸੰਪਾਦਕੀ, ਅੰਤਕੀ ਸੇਧਾਂ ਅਤੇ ਦੂਹਰੀ ਡੰਡੀ ਵਿਸ਼ਰਾਮ ਚਿੰਨ੍ਹ ਦੀ ਬਹੁ-ਭਾਂਤੀ ਵਰਤੋਂ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ। ਬਾਹਰਵੇਂ ਹਿੱਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰਲੇਖਕ ਲਟਕਵੇਂ ਅੰਕਾਂ, ਦੋਮਾਹੇ ਲਫ਼ਜ਼ਾਂ ਅਤੇ ਲਗਾਖਰਾਂ ਦੀ ਵਿਆਕਰਣਿਕ ਤੇ ਕਾਵਿ-ਰੂਪ ਦੂਹਰੀ ਵਰਤੋਂ, ਤੇਹਰਵੇਂ ਹਿੱਸੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਲਈ ਗੁਰਮੁਖੀ ਦੇ ਵਿਸ਼ੇਸ਼ ਫੌਂਟ ਦੀ ਲੋੜ, 14ਵੇਂ ਤੇ ਅੰਤਿਮ ਅਧਿਆਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗਿਆਨਵੰਤ ਗੁਰਸਿੱਖਾਂ ਨੂੰ ਬੇਨਤੀ ਨਾਲ ਸੰਪੂਰਨ ਕੀਤਾ ਗਿਆ ਹੈ। ਪੁਸਤਕ ਦੀ ਅੰਤਿਕਾ ਦੇ ਪਹਿਲੇ ਹਿੱਸੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਸੰਨ 1952 ਵਿਚ ਛਾਪੀ ਗਈ ਪਾਵਨ ਬੀੜ ਦੀ ਛਪਾਈ ਬਾਰੇ ਜ਼ਰੂਰੀ ਵਾਕਫੀਅਤ ਅਤੇ ਅੰਤਿਕਾ ਦੇ ਦੂਜੇ ਹਿੱਸੇ ਵਿਚ ਚਿਤਾਵਨੀ ਭਰੀ ਜਾਣਕਾਰੀ, ਇਕ ਵਿਸ਼ੇਸ਼ ਨੋਟ ਦਿੱਤਾ ਗਿਆ ਹੈ। ਸਮੁੱਚੇ ਰੂਪ ਵਿਚ ਲੇਖਕ ਦੀ ਗੁਰਬਾਣੀ ਨੂੰ ਨੇੜੇ ਤੋਂ ਸਮਝਣ ਅਤੇ ਇਸ ਦਾ ਸ਼ੁੱਧ ਰੂਪ ਖੋਜਣ ਦੀ ਰੁਚੀ ਵਾਲੇ ਪਾਵਨ ਗੁਰਬਾਣੀ ਦੇ ਪਾਠਕਾਂ ਲਈ ਇਹ ਪੁਸਤਕ ਚਾਨਣ-ਮੁਨਾਰੇ ਵਜੋਂ ਵਿਚਾਰੀ ਜਾਵੇਗੀ। ਇਸ ਪੁਸਤਕ ਨੂੰ ਪਾਠਕਾਂ ਦੇ ਸਨਮੁੱਖ ਪੇਸ਼ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਾਰ ਮੰਚ ਟੋਰਾਂਟੋ (ਕੈਨੇਡਾ) ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ। ਪੁਸਤਕ ਦੇ ਮੁੱਖ ਪੰਨੇ 'ਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਦਿੱਲੀ ਵਾਲੀ ਬੀੜ ਦਾ ਪਹਿਲੇ ਪੱਤਰੇ ਉੱਪਰ ਛਪੇ ਜਪੁ ਸਿਰਲੇਖ, ਸਲੋਕ ਅਤੇ ਪਹਿਲੀ ਪਉੜੀ ਦੀ ਤਸਵੀਰ ਵੀ ਛਾਪੀ ਗਈ ਹੈ। ਲੇਖਕ ਇਸ ਘਾਲਣਾ ਲਈ ਵਧਾਈ ਦਾ ਪਾਤਰ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਰੰਗਾਂ ਤੇ ਸ਼ਬਦਾਂ ਦਾ ਜਾਦੂਗਰ
ਸ਼ਾਇਰ : ਹਰਚੰਦ ਸਿੰਘ 'ਖ਼ੁਸ਼ਦਿਲ'
ਸੰਪਾਦਕ ਤੇ ਪ੍ਰਕਾਸ਼ਕ : ਜਗਦੀਸ਼ ਸਿੰਘ 'ਖ਼ੁਸ਼ਦਿਲ'
ਮੁੱਲ : 650 ਰੁਪਏ, ਸਫ਼ੇ : 144
ਸੰਪਰਕ : 85588-03871

ਪੰਜਾਬੀ ਸਾਹਿਤ ਨੂੰ ਭਰਪੂਰ ਕਰਨ ਲਈ ਹਰ ਮਹੀਨੇ ਭਿੰਨ-ਭਿੰਨ ਵਿਧਾਵਾਂ ਦੀਆਂ ਚੋਖੀਆਂ ਪੁਸਤਕਾਂ ਛਪਦੀਆਂ ਹਨ। ਇਨ੍ਹਾਂ ਵਿਚ ਬਹੁਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਖਰੜਿਆਂ ਨੂੰ ਸਿਰਜਕਾਂ ਦਾ ਥਾਪੜਾ ਹਾਸਿਲ ਹੁੰਦਾ ਹੈ ਤੇ ਕਈਆਂ ਦਾ ਪ੍ਰਕਾਸ਼ਨ ਰਚਣਹਾਰਿਆਂ ਦੇ ਦੁਨੀਆ ਤੋਂ ਤੁਰ ਜਾਣ ਬਾਅਦ ਹੋਇਆ ਹੁੰਦਾ ਹੈ। ਅਜਿਹੀਆਂ ਪੁਸਤਕਾਂ ਰੀਵਿਊ ਕਰਤਾ ਨੂੰ ਕਿਤੇ ਨਾ ਕਿਤੇ ਉਦਾਸ ਕਰਦੀਆਂ ਹਨ ਤੇ ਉਨ੍ਹਾਂ 'ਤੇ ਲਿਖਣਾ ਏਨਾ ਸੁਖਾਲਾ ਨਹੀਂ ਹੁੰਦਾ। 'ਰੰਗਾਂ ਤੇ ਸ਼ਬਦਾਂ ਦਾ ਜਾਦੂਗਰ' ਵੀ ਅਜਿਹੀ ਪੁਸਤਕ ਹੈ ਜੋ ਇਸ ਦੇ ਰਚਣਹਾਰੇ ਹਰਚੰਦ ਸਿੰਘ 'ਖ਼ੁਸ਼ਦਿਲ' ਦੇ ਭਰ ਜਵਾਨੀ ਤੁਰ ਜਾਣ ਬਾਅਦ ਛਪੀ ਹੈ। ਲੇਖਕ ਬਹੁਪੱਖੀ ਸ਼ਖ਼ਸੀਅਤ ਸੀ ਉਸ ਨੇ ਜਿਥੇ ਗੀਤ, ਗ਼ਜ਼ਲ ਤੇ ਰੁਬਾਈਆਂ ਲਿਖੀਆਂ, ਉਥੇ ਉਸ ਨੂੰ ਚਿੱਤਰਕਾਰੀ ਵਿਚ ਵੀ ਮੁਹਾਰਤ ਹਾਸਿਲ ਸੀ। ਇਸ ਪੁਸਤਕ ਦੇ ਅੰਤ ਵਿਚ ਕਾਫ਼ੀ ਗਿਣਤੀ ਵਿਚ ਉਸ ਦੇ ਚਿੱਤਰ ਛਪੇ ਮਿਲਦੇ ਹਨ। ਨਿਆਂਪਾਲਿਕਾ ਵਿਚ ਵੱਡੇ ਅਹੁਦੇ 'ਤੇ ਹੋਣ ਦੇ ਬਾਵਜੂਦ ਉਹ ਕਈ ਸਾਜ਼ਾਂ ਨੂੰ ਵਜਾਉਣ ਦਾ ਮਾਹਿਰ ਵੀ ਸੀ। ਉਸ ਬਾਰੇ ਕਈ ਪ੍ਰਸਿੱਧ ਕਲਮਕਾਰਾਂ ਨੇ ਲਿਖਿਆ ਹੈ ਜਿਨ੍ਹਾਂ ਨੂੰ ਇਸ ਪੁਸਤਕ ਵਿਚ ਸਾਂਭਿਆ ਗਿਆ ਹੈ। ਇਸ ਵੱਖਰੀ ਭਾਂਤ ਦੀ ਪੁਸਤਕ ਦਾ ਸੰਪਾਦਨ ਜਗਦੀਸ਼ ਸਿੰਘ 'ਖ਼ੁਸ਼ਦਿਲ' ਨੇ ਕੀਤਾ ਹੈ। 'ਰੰਗਾਂ ਤੇ ਸ਼ਬਦਾਂ ਦਾ ਜਾਦੂਗਰ' ਵਿਚ ਪੱਚੀ ਗ਼ਜ਼ਲਾਂ, ਦਸ ਰੁਬਾਈਆਂ ਤੇ ਛੱਬੀ ਗੀਤ ਦਰਜ ਹਨ, ਜਿਨ੍ਹਾਂ ਦੇ ਵਿਸ਼ੇ ਵੱਖਰੇ-ਵੱਖਰੇ ਹਨ। ਇਸ ਕਿਤਾਬ ਦੇ ਅੰਤ ਵਿਚ ਲੇਖਕ ਦੇ ਬਣਾਏ 56 ਚਿੱਤਰ ਵੀ ਦੇਖੇ ਜਾ ਸਕਦੇ ਹਨ। ਪੁਸਤਕ ਵਿਚ 'ਖ਼ੁਸ਼ਦਿਲ' ਦੀਆਂ ਤਸਵੀਰਾਂ ਵੀ ਕਾਫ਼ੀ ਗਿਣਤੀ ਵਿਚ ਹਨ। ਗ਼ਜ਼ਲਾਂ ਵਧੇਰੇ ਕਰਕੇ ਰੋਮਾਂਸਵਾਦੀ ਹਨ, ਜਿਨ੍ਹਾਂ ਦੇ ਸ਼ਿਅਰਾਂ ਵਿਚ ਕਿਸੇ ਦੀ ਇੰਤਜ਼ਾਰ ਦਾ ਤਰਜੀਹੀ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿਚ ਕਿਸੇ ਦੀਆਂ ਯਾਦਾਂ ਨੂੰ ਸਾਂਭਿਆ ਗਿਆ ਹੈ ਤੇ ਬਹੁਤੇ ਥਾਈਂ ਗ਼ਜ਼ਲ ਦੇ ਵਿਧਾਨਕ ਬੰਧਨਾਂ 'ਤੇ ਅਜਿਹੇ ਵਲਵਲੇ ਭਾਰੂ ਨਜ਼ਰ ਆਉਂਦੇ ਹਨ। ਰੁਬਾਈਆਂ ਵਧੇਰੇ ਕਰਕੇ ਮਿੱਤਰ ਪਿਆਰੇ ਨੂੰ ਸੰਬੋਧਿਤ ਹਨ। ਗੀਤਾਂ ਵਿਚ ਬਹੁਤੇ ਦੋ ਪਾਤਰੀ ਸੰਵਾਦ ਹਨ, ਜਿਨ੍ਹਾਂ ਵਿਚ ਜ਼ਿੰਦਗੀ ਦੇ ਹਲਕੇ-ਫੁਲਕੇ ਅਨੁਭਵਾਂ ਦੀ ਪੇਸ਼ਕਾਰੀ ਹੈ। 'ਰੰਗਾਂ ਤੇ ਸ਼ਬਦਾਂ ਦਾ ਜਾਦੂਗਰ' ਵਿਚ ਸ਼ਾਮਿਲ ਚਿੱਤਰਾਂ ਵਿਚ ਪਰੰਪਰਾ ਵੀ ਹੈ ਤੇ ਆਧੁਨਿਕਤਾ ਵੀ ਹੈ। ਮੰਗਤੀ ਤੇ ਪੰਜਾਬਣ ਦੇ ਚਿੱਤਰ 'ਖ਼ੁਸ਼ਦਿਲ' ਦੇ ਬੁਰਸ਼ ਦੀ ਸਿਖ਼ਰ ਹਨ। ਮਿਸ਼ਰਤ ਕਲਾਵਾਂ ਵਾਲੀ ਇਹ ਪੁਸਤਕ ਲੇਖਕ ਨੂੰ ਸੱਚੀ ਸ਼ਰਧਾਂਜਲੀ ਪੇਸ਼ ਕਰਦੀ ਪ੍ਰਤੀਤ ਹੁੰਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਬਚਪਨ ਦੀ ਬੁਨਿਆਦ
ਲੇਖਕ : ਬੇਅੰਤ ਸਿੰਘ ਮਲੂਕਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 87
ਸੰਪਰਕ : 98720-89538

'ਬਚਪਨ ਦੀ ਬੁਨਿਆਦ' ਹੱਥਲੀ ਪੁਸਤਕ ਸਟੇਟ ਐਵਾਰਡੀ ਅਧਿਆਪਕ ਤੇ ਲੇਖਕ ਬੇਅੰਤ ਸਿੰਘ ਮਲੂਕਾ ਦਾ ਨਿਬੰਧ ਸੰਗ੍ਰਹਿ ਹੈ। ਪੁਸਤਕ 'ਚ ਬਾਲ ਸਾਹਿਤ ਖਾਸਕਰ ਵਿਦਿਆਰਥੀ ਜੀਵਨ ਨਾਲ ਸਬੰਧਿਤ ਉਸਦੇ 25 ਨਿਬੰਧ ਸ਼ਾਮਿਲ ਹਨ। ਲੇਖਕ ਨੂੰ ਸਕੂਲਾਂ ਨਾਲ ਸੰਬੰਧਿਤ ਵਿਸ਼ਿਆਂ ਦਾ ਚੋਖਾ ਗਿਆਨ ਹੈ ਅਤੇ ਇਸ ਪੁਸਤਕ ਦੇ ਵੱਖ ਵੱਖ ਨਿਬੰਧਾਂ 'ਚ ਉਸ ਨੇ ਆਪਣੀ ਗਹਿਰੀ ਸੂਝ-ਬੂਝ ਦਾ ਬਾਖ਼ੂਬੀ ਪ੍ਰਗਟਾਅ ਕੀਤਾ ਹੈ। ਪਲੇਠੇ ਨਿਬੰਧ 'ਸਕੂਲ ਵਿਚ ਸਵੇਰ ਦੀ ਸਭਾ ਦੀ ਮਹੱਤਤਾ' ਰਾਹੀਂ ਸਕੂਲ 'ਚ ਸਵੇਰ ਦੀ ਸਭਾ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਲੇਖਕ ਦੱਸਦਾ ਹੈ ਕਿ ਸਵੇਰ ਦੀ ਸਭਾ ਨਾਲ ਬੱਚਿਆਂ 'ਚ ਹਿੰਮਤ, ਹੌਸਲੇ ਅਤੇ ਮਜ਼ਬੂਤ ਇਰਾਦੇ ਦੀ ਭਾਵਨਾ ਵਿਕਸਤ ਹੁੰਦੀ ਹੈ। 'ਪ੍ਰਾਇਮਰੀ ਸਕੂਲਾਂ ਵਿਚ ਲਾਇਬ੍ਰੇਰੀ ਦੀ ਮਹੱਤਤਾ' ਨਿਬੰਧ 'ਚ ਉਸ ਨੇ ਦੱਸਿਆ ਹੈ ਕਿ ਪੁਸਤਕਾਂ ਬੱਚਿਆਂ ਦੀ ਬੌਧਿਕ ਅਤੇ ਮਾਨਸਿਕ ਸਮਰੱਥਾ 'ਚ ਵਾਧਾ ਕਰਦੀਆਂ ਹਨ। ਉਨ੍ਹਾਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਵਿਕਸਤ ਕਰਨ ਲਈ ਬੱਚਿਆਂ ਨੂੰ ਲਾਇਬ੍ਰੇਰੀਆਂ ਨਾਲ ਜੋੜਨ ਲਈ ਸਾਰਥਿਕ ਕਦਮ ਚੁੱਕਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ । 'ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਦੀ ਹੈ- ਬਾਲ ਸਭਾ' ਨਿਬੰਧ 'ਚ ਉਸਨੇ ਦੱਸਿਆ ਹੈ ਕਿ ਬਾਲ ਸਭਾਵਾਂ ਵਿਦਿਆਰਥੀਆਂ ਦੀਆਂ ਸਿਰਜਣਾਤਮਿਕ ਅਤੇ ਕਲਾਤਮਿਕ ਰੁਚੀਆਂ ਨੂੰ ਉਭਾਰਦੀਆਂ ਅਤੇ ਨਿਖਾਰਦੀਆਂ ਹਨ। 'ਬੱਚਿਆਂ ਲਈ ਘਾਤਕ ਹੈ ਮੋਬਾਈਲ ਦੀ ਜ਼ਿਆਦਾ ਵਰਤੋਂ' ਨਿਬੰਧ 'ਚ ਉਸਨੇ ਬੱਚਿਆਂ 'ਚ ਮੋਬਾਈਲ ਦੀ ਬੇਲੋੜੀ ਵਰਤੋਂ ਅਤੇ ਇਸਦੇ ਮਾਰ' ਪ੍ਰਭਾਵਾਂ ਬਾਰੇ ਸੁਚੇਤ ਕਰਨ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਸਾਰਥਿਕ ਰੋਲ ਨਿਭਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਪੁਸਤਕ ਦੇ ਹੋਰ ਨਿਬੰਧ 'ਪੜ੍ਹਾਈ ਵਿਚ ਖੇਡਾਂ ਦੀ ਅਹਿਮੀਅਤ', 'ਪੜ੍ਹਾਈ ਵਿਚ ਟੀ ਐਲ ਐਮ ਦੀ ਯੋਗ ਵਰਤੋਂ', 'ਬੱਚਿਆਂ ਦੇ ਪਾਠਕ੍ਰਮ ਦਾ ਹਿੱਸਾ ਹੋਵੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ', ਬੱਚਿਆਂ ਲਈ ਪ੍ਰੇਰਣਾਦਾਇਕ ਹਨ-ਸਲਾਨਾ ਇਨਾਮ ਵੰਡ ਸਮਾਗਮ 'ਕਿੰਝ ਕੀਤੀ ਜਾਵੇ ਸਕੂਲਾਂ ਵਿਚ ਨਵਾਂ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ', 'ਰੋਜ਼ਾਨਾ ਸੈਰ ਕਰੋ, ਤੰਦਰੁਸਤ ਰਹੋ', 'ਰੁੱਖ ਹੁੰਦੇ ਹਨ ਮਨੁੱਖੀ ਜੀਵਨ ਲਈ ਵਰਦਾਨ', 'ਨਵਾਂ ਸਾਲ ਮੁਬਾਰਕ', 'ਬਜ਼ੁਰਗਾਂ ਦਾ ਕਰੋ ਸਤਿਕਾਰ', 'ਬੱਚੇ ਜੂਨ ਮਹੀਨੇ ਦੀਆਂ ਛੁੱਟੀਆਂ ਕਿਵੇਂ ਬਿਤਾਉਣ?', 'ਨਸ਼ਿਆਂ ਤੋਂ ਸੁਚੇਤ ਰਹੇ ਨੌਜਵਾਨ ਪੀੜ੍ਹੀ', 'ਪ੍ਰਾਇਮਰੀ ਪੱਧਰ 'ਤੇ ਸਿੱਖਿਆ ਲਈ ਸਾਰਥਿਕ ਯਤਨਾਂ ਦੀ ਲੋੜ' ਆਦਿ ਪੁਸਤਕ ਦੇ ਸਮੁੱਚੇ ਨਿਬੰਧ ਵਿਦਿਆਰਥੀਆਂ ਲਈ ਬੇਹੱਦ ਸਿੱਖਿਆਦਾਇਕ ਹਨ। ਆਸ ਹੈ ਕਿ ਬਾਲ ਸਾਹਿਤ ਦੇ ਖੇਤਰ 'ਚ ਇਹ ਪੁਸਤਕ ਵਿਦਿਆਰਥੀ ਵਰਗ ਲਈ ਭਰਪੂਰ ਲਾਹੇਵੰਦ ਸੇਧ ਪ੍ਰਦਾਨ ਕਰੇਗੀ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਸਫ਼ਰਨਾਮਾ
ਮੇਰੀ ਦੱਖਣ ਯਾਤਰਾ
ਲੇਖਕ : ਇੰਜ. ਸ਼ਿੰਗਾਰ ਸਿੰਘ ਤਲਵੰਡੀ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ ਭੀਖੀ
ਮੁੱਲ : 150 ਰੁਪਏ, ਸਫ਼ੇ: 87
ਸੰਪਰਕ : 70098-68268

ਘੁੰਮਣ/ਤੁਰਨ-ਫਿਰਨ ਦਾ ਸ਼ੌਂਕੀ ਲੇਖਕ ਇੰਜ. ਸ਼ਿੰਗਾਰ ਸਿੰਘ ਤਲਵੰਡੀ ਜਿਥੇ ਆਪਣਾ ਇਹ ਸ਼ੌਕ ਪੂਰਾ ਕਰਦਿਆਂ ਕੁਦਰਤੀ ਧਰਾਤਲੀ ਵੱਖ-ਵੱਖ ਰੰਗਾਂ ਨੂੰ ਮਾਣਦਾ ਹੈ, ਉਥੇ ਦੂਰ-ਦੁਰੇਡੇ ਵਸੇਂਦੇ ਲੋਕਾਂ ਦੇ ਜੀਵਨ, ਰਹਿਣ-ਸਹਿਣ, ਖਾਣ-ਪੀਣ ਉੱਤੇ ਡੂੰਘੀ ਝਾਤੀ ਵੀ ਮਾਰਦਾ ਹੈ ਅਤੇ ਵੱਖ-ਵੱਖ ਸੱਭਿਆਚਾਰਕ ਖਾਣਿਆਂ ਦਾ ਲੁਤਫ਼ ਵੀ ਉਠਾਉਂਦਾ ਹੈ। ਇਥੇ ਬੱਸ ਨਹੀਂ ਸਗੋਂ ਆਪਣੇ ਸਫ਼ਰ ਨੂੰ ਲਿਖਤੀ ਰੂਪ ਦੇ ਕੇ ਆਪਣੇ ਇਸ ਸੈਰ-ਸਪਾਟੇ ਦੇ ਅਨੁਭਵ ਨੂੰ ਹੋਰ ਲੋਕਾਂ ਨਾਲ ਸਾਂਝਾ ਕਰਨ ਦਾ ਚਾਅ ਉਸ ਦੇ ਸਿਰ ਚੜ੍ਹ ਬੋਲਦਾ ਹੈ। ਸੋ ਇਸ ਚਾਅ ਨੂੰ ਮੁੱਖ ਰੱਖਦਿਆਂ ਹੀ ਲੇਖਕ ਇੰਜ. ਸ਼ਿੰਗਾਰ ਸਿੰਘ ਤਲਵੰਡੀ ਨੇ 'ਸਫ਼ਰਨਾਮਾ ਮੇਰੀ ਦੱਖਣ ਯਾਤਰਾ' ਨਾਂਅ ਦੀ ਪੁਸਤਕ ਸਾਹਿਤ ਜਗਤ ਦੇ ਵਿਹੜੇ ਵਿਚ ਉਤਾਰੀ ਹੈ।
ਇਸ ਪੁਸਤਕ ਦੇ ਸਿਰਲੇਖ 'ਤੇ ਨਜ਼ਰ ਮਾਰਦਿਆਂ ਇਹ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਇਹ ਪੁਸਤਕ ਸਿਰਫ ਦੱਖਣੀ ਭਾਰਤ ਦੀ ਹੀ ਝਾਤੀ ਪਵਾਵੇਗੀ।
ਪਰ ਇਸ ਪੁਸਤਕ ਇਬਾਰਤ ਦੀ ਸ਼ੁਰੂਆਤ ਉਤਰੀ ਭਾਰਤ ਜੰਮੂ-ਕਸ਼ਮੀਰ ਦੇ ਕਟੜਾ ਇਲਾਕੇ ਦੇ ਫੇਰੇ ਤੋਰੇ ਤੋਂ ਸ਼ੁਰੂ ਹੁੰਦੀ ਹੋਈ ਹੀ ਅੱਗੇ ਦੱਖਣ ਵਾਲੇ ਪਾਸੇ ਵੀ ਪਹੁੰਚਦੀ ਹੈ।
ਆਪਣੇ ਸਫ਼ਰ ਦੀ ਹਰ ਪਲ ਦੀ ਬਰੀਕੀ ਦਾ ਖੁਦ ਆਨੰਦ ਮਾਣਦਾ ਹੋਇਆ ਲੇਖਕ ਆਪਣੇ ਪਾਠਕਾਂ ਨੂੰ ਆਪਣੀ ਕਲਮ ਦੀ ਉਂਗਲੀ ਫੜਾ ਕੇ ਆਪਣੇ ਨਾਲ ਤੋਰਦਾ ਮਹਿਸੂਸ ਹੁੰਦਾ ਹੈ। ਆਪਣੇ-ਘਰ ਪਰਿਵਾਰ ਤੇ ਹੋਰ ਸੰਗੀ-ਸਾਥੀਆਂ ਨਾਲ ਜਹਾਜ਼ ਰਾਹੀਂ ਉਡਾਣ ਭਰ ਕੇ ਅਕਾਸ਼ ਵਿਚ ਚਮਕਦੇ ਤਾਰਿਆਂ ਨਾਲ ਸੰਵਾਦ ਰਚਾਉਂਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਦਾ ਹੈ। ਕੇਰਲਾ ਤੇ ਤਾਮਿਲਨਾਡੂ ਦੇ ਮਸ਼ਹੂਰ ਸੈਰ-ਸਪਾਟੇ ਦੀਆਂ ਥਾਵਾਂ, ਸਮੁੰਦਰੀ ਕਿਨਾਰਿਆਂ, ਸਥਾਨਕ ਸੱਭਿਆਚਾਰ, ਲੋਕ ਕਲਾਕਿਰਤੀਆਂ, ਖਾਣਿਆਂ ਦੇ ਸਵਾਦਾਂ ਆਦਿ ਦਾ ਰੌਚਕ ਸ਼ੈਲੀ ਵਿਚ ਵਰਨਣ ਪਾਠਕਾਂ ਦੀ ਪੜ੍ਹਨ ਦੀ ਰੁਚੀ ਨੂੰ ਹੋਰ ਅੱਗੇ ਲਿਜਾਣ ਵਿਚ ਕਾਫੀ ਸਮਰੱਥ ਹੈ। ਮਹੱਤਵਪੂਰਨ ਸਥਾਨਾਂ ਦੀਆਂ ਤਸਵੀਰਾਂ ਇਸ ਪੁਸਤਕ ਦਾ ਸਿਖਰ ਹੋ ਨਿੱਬੜਦੀਆਂ ਹਨ।
ਇਸ ਪੁਸਤਕ ਵਿਚ ਉਥੋਂ ਦੇ ਕੁਝ ਪ੍ਰਸਿੱਧ ਥਾਵਾਂ ਦੇ ਨਾਵਾਂ ਨੂੰ ਅੰਗਰੇਜ਼ੀ ਵਿਚ ਹੀ ਲਿਖਿਆ ਪੜ੍ਹਨ ਨੂੰ ਮਿਲਦਾ ਹੈਜ ੋਆਮ ਪਾਠਕ ਦੀ ਸਮਝ ਤੋਂ ਬਾਹਰਾ ਹੋ ਸਕਦਾ ਹੈ। ਜੇਕਰ ਲੇਖਕ ਅੰਗਰੇਜ਼ੀ ਸ਼ਬਦਾਂ ਦਾ ਨਾਲ ਹੀ ਪੰਜਾਬੀ ਉਚਾਰਨ ਵੀ ਲਿਖ ਦਿੰਦਾ ਤਾਂ ਸੋਨੇ 'ਤੇ ਸੁਹਾਗਾ ਹੋ ਨਿਬੜਦਾ ਸੀ। ਆਸ ਹੈ ਅੱਗੇ ਲੇਖਕ ਆਪਣੀਆਂ ਲਿਖਤਾਂ ਵਿਚ ਇਸ ਗੱਲ ਦਾ ਖਿਆਲ ਜ਼ਰੂਰ ਰੱਖੇਗਾ।

-ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵੱਟਸਐਪ :98764-74858

ਬਿਖਰੇ ਰੰਗ
ਲੇਖਕ : ਹੀਰਾ ਸਿੰਘ ਤੂਤ

ਪ੍ਰਕਾਸ਼ਕ : ਜੁਝਾਰ ਪ੍ਰਕਾਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 99889-03378

ਸ਼ਾਇਰ ਹੀਰਾ ਸਿੰਘ ਤੂਤ ਕਿਸੇ ਰਸਮੀ ਜਾਣ-ਪਛਾਣ ਦਾ ਮੁਹਤਾਜ ਨਹੀਂ ਜੋ ਕਿ ਹਥਲੀ ਕਾਵਿ-ਕਿਤਾਬ 'ਬਿਖਰੇ ਰੰਗ' ਤੋਂ ਪਹਿਲਾਂ ਵੀ 7 ਕਾਵਿ-ਸੰਗ੍ਰਹਿ, 2 ਸਾਂਝੇ ਕਾਵਿ-ਸੰਗ੍ਰਹਿ, 1 ਨਾਵਲ, 2 ਕਹਾਣੀ ਸੰਗ੍ਰਹਿ, 2 ਬਾਲ ਕਵਿਤਾਵਾਂ ਸੰਗ੍ਰਹਿ, 2 ਮਿੰਨੀ ਕਹਾਣੀ ਸੰਗ੍ਰਹਿ ਅਤੇ ਸਾਂਝੇ ਲੇਖ ਸੰਗ੍ਰਹਿ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦੇ ਸਵੈ-ਕਥਨ ਅਨੁਸਾਰ ਇਸ ਕਾਵਿ-ਸੰਗ੍ਰਹਿ ਵਿਚ ਕੁਝ ਨਵੀਆਂ-ਪੁਰਾਣੀਆਂ ਅਤੇ ਪਹਿਲਾਂ ਹੀ ਪ੍ਰਕਾਸ਼ਿਤ ਪੰਜ ਕਾਵਿ-ਸੰਗ੍ਰਹਿਆਂ ਵਿਚ ਚੋਣਵੀਆਂ ਨਜ਼ਮਾਂ ਚੁਣ ਕੇ ਇਕ ਤਰ੍ਹਾਂ ਨਾਲ ਮਿਸ਼ਰਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ। ਸਭ ਤੋਂ ਖ਼ੂਬਸੂਰਤ ਗੱਲ ਇਹ ਲੱਗੀ ਕਿ ਸ਼ਾਇਰ ਨੇ ਇਹ ਪੁਸਤਕ ਆਪਣੇ ਆਪ ਨੂੰ ਸਮਰਪਿਤ ਕੀਤੀ ਹੈ। 2020 ਦੀ ਸਾਹਿਤ ਪੁਰਸਕਾਰ ਵਿਜੇਤਾ ਬੂਟਿਸ ਗਲੁੱਕ ਨੇ ਵੀ ਕਿਹਾ ਸੀ ਕਿ ਸ਼ਾਇਰੀ ਆਪਣੇ-ਆਪ ਨਾਲ ਸਵੈ-ਸੰਵਾਦ ਹੁੰਦੀ ਹੈ। ਸੋ ਸ਼ਾਇਰ ਨੇ ਆਪਣੇ-ਆਪ ਨਾਲ ਮਨ ਬਚਨੀ ਕਰਕੇ ਉਸ ਦਾ ਸਧਾਰਨੀ ਕਰਨ ਕੀਤਾ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੇ ਥਾਹ ਦੀ ਤੰਦ ਸੂਤਰ ਕਿਤਾਬ ਦੇ ਨਾਂਅ 'ਬਿਖਰੇ ਰੰਗ' ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ। ਜ਼ਿੰਦਗੀ ਵਿਚ ਕਦੇ ਫਿੱਕਾ ਰੰਗ ਕਦੇ ਲਾਲ ਗੁਲਾਬ ਅਤੇ ਕਦੇ ਬਦਰੰਗ ਵੀ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਜ਼ਿੰਦਗੀ ਦੀਆਂ ਸੰਗਤੀਆਂ ਵਿਸੰਗਦੀਆਂ ਦੇ ਬਿਖਰੇ ਰੰਗਾਂ ਨੂੰ ਇਕ ਕੋਲਾਜ ਬਣ ਕੇ 192 ਸਫ਼ਿਆਂ 'ਤੇ ਕਵਿਤਾਇਆ ਹੈ। ਜ਼ਿਆਦਾ ਕਵਿਤਾਵਾਂ ਜ਼ਿੰਦਗੀ ਦੇ ਲਾਲ ਗੁਲਾਲ ਮੁਹੱਬਤ ਦੇ ਰੰਗ ਨੂੰ ਕਵਿਤਾਇਆ ਹੈ। ਜ਼ਿਆਦਾ ਨਜ਼ਮਾਂ ਗਭਰੇਟ ਉਮਰ ਦੇ ਤਰੰਗਤੀ ਮੁਹੱਬਤ ਦੇ ਵੱਸਲਾਂ, ਰੋਸਿਆਂ ਮੇਹਣਿਆਂ ਅਤੇ ਮਨ ਮਨਾਉਣੀਆਂ ਤਰੰਗਾਂ ਨੂੰ ਸਮਰਪਿਤ ਹਨ। ਕਹਿੰਦੇ ਨੇ, 'ਇਸ਼ਕ ਨਹੀਂ ਆਸਾਂ, ਏਕ ਆਗ ਕਾ ਦਰਿਆ ਹੈ, ਔਰ ਡੂਬ ਕੇ ਜਾਨਾ ਹੈ।' ਸ਼ਾਇਰ ਅਨੁਸਾਰ ਮੁਹੱਬਤ ਜਿਸਮਾਂ ਦੀ ਖੇਡ ਨਹੀਂ ਰੂਹ ਦਾ ਜਲੌ ਹੁੰਦੀ ਹੈ। ਸ਼ਾਇਰ ਮੁਹੱਬਤ ਵਿਚ ਸੁੱਚਮਤਾ ਦਾ ਪੱਲਾ ਨਹੀਂ ਛੱਡਦਾ। ਸ਼ਾਇਰ ਪਹਿਲੀ ਹੀ ਨਜ਼ਮ 'ਅਰਦਾਸਾ' ਵਿਚ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਦੇਖਣ ਦੀ ਤਾਂਘ ਰੱਖਦਾ ਹੈ। ਮੁਹੱਬਤ ਦੇ ਪੁਲ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਨਾਲ ਸਰਹੱਦ 'ਤੇ ਲੱਗੀ ਕੰਡੇਦਾਰਤਾਰ ਨੂੰ ਇਕ ਫੁੱਲ ਬਣਿਆ ਦੇਖਣਾ ਚਾਹੁੰਦਾ ਹੈ ਤਾਂ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਪੀਡੀ ਗਲਵੱਕੜੀ ਸੰਭਵ ਹੋ ਸਕੇ। ਸ਼ਾਇਰ ਭਗਵੇ ਬ੍ਰਿਗੇਡ ਦੀ ਸ਼ਹਿ 'ਤੇ ਜੋ ਅੱਜ ਦੀਆਂ ਦ੍ਰੋਪਦੀਆਂ ਨੂੰ ਅੱਜ ਦੇ ਦੁਸ਼ਾਸ਼ਨਾਂ ਹੱਥੋਂ ਮਣੀਪੁਰ ਵਿਚ ਹੋਈਆਂ ਨਿਰਬਸਤਰ ਤੇ ਆਸਿਫ਼ਾਂ ਵਰਗੀਆਂ ਬੱਚਿਆਂ ਨਾਲ ਹੋਏ ਜਬਰ ਜਨਾਹ ਅਤੇ ਰਾਫ਼ਰਾਂ ਦਾ ਖਾੜਾ ਬਣੀਆਂ ਬੱਚੀਆਂ ਦੇ ਦਰਦ ਨੂੰ ਬਾਖ਼ੂਬੀ ਕਵਿਤਾਇਆ ਹੈ। ਜਵਾਨ ਹੋ ਰਹੀਆਂ ਧੀਆਂ ਦਾ ਮਾਂ ਦੀ ਫ਼ਿਕਰਮੰਦੀ ਵਲੋਂ ਦਿਖਾਈ ਚਿੰਤਾ ਜਿਥੇ ਵਕਤ ਦੇ ਹਾਕਮ ਨੂੰ ਮੇਹਣੇ ਮਾਰਦੀ ਹੈ ਤੇ ਸਮੇਂ ਦੇ ਹਾਕਮ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹੁੱਝ ਵੀ ਮਾਰਦੀ ਹੈ, ਇਸ ਤੋਂ ਇਲਾਵਾ ਸੁਪਨਿਆਂ ਨੂੰ ਤਾਬੀਰ ਦਾ ਜਾਮਾ ਪਹਿਨਾਉਣ ਲਈ ਵੀ ਤਤਪਰ ਹੈ। ਕਿਤੇ ਕਿਤੇ ਸ਼ਿਵ, ਪਾਤਰ ਦੇ ਪਰਛਾਵਿਆਂ ਵਾਲੀ ਪਿਉਂਦ ਸੰਦੇਹ ਪੈਦਾ ਕਰਦੀ ਹੈ ਅਤੇ ਅੱਕਾਂ ਦੀਆਂ ਕੁਕੜੀਆਂ ਨੂੰ ਅੰਬੀਆਂ ਕਹਿਣਾ ਭਾਸ਼ਾਗਤ ਉਕਾਈ ਰੜਕਦੀ ਹੈ। ਕਿਤਾਬ ਦਾ ਆਕਾਰ ਵਧਾਉਣ ਦੇ ਲਾਲਚ ਤੋਂ ਪਹਿਲੀਆਂ ਨਜ਼ਮਾਂ ਦੀ ਭਰਤੀ ਤੋਂ ਬਚਿਆ ਜਾ ਸਕਦਾ ਸੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਵਿਰਾਸਤੀ ਸ਼ਹਿਰ ਜਲੰਧਰ
ਲੇਖਕ : ਜਤਿੰਦਰ ਪੰਮੀ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਸੰਪਰਕ : 97818-00213

ਇਤਿਹਾਸ ਤੇ ਵਿਰਾਸਤੀ ਯਾਦਾਂ ਅਤੇ ਯਾਦਗਾਰਾਂ ਅਤੇ ਇਮਾਰਤਾਂ ਨੂੰ ਸਚਿੱਤਰ ਬਿਆਨ ਕਰਦੀ ਪੱਤਰਕਾਰ ਲੇਖਕ ਜਤਿੰਦਰ ਪੰਮੀ ਦੀ ਇਹ ਪੁਸਤਕ ਸਚਮੁੱਚ ਇਕ ਨਵੇਂ ਇਤਿਹਾਸ ਦੀ ਸਿਰਜਣਾ ਕਰਦੀ ਪ੍ਰਤੀਤ ਹੁੰਦੀ ਹੈ। ਕਾਲ-ਕਥਾ ਦੇ ਇਤਿਹਾਸਕ ਪੰਨਿਆਂ 'ਤੇ ਇਹ ਪੁਸਤਕ ਗੀਤ ਗਾਉਂਦੇ ਪੱਥਰਾਂ ਦੇ ਮੁਖਾਰਬਿੰਦ ਤੋਂ ਉਪਜਿਆ ਇਕ ਨਾ ਭੁੱਲਣਯੋਗ ਗੀਤ ਬਣ ਕੇ ਰਹਿ ਜਾਵੇਗੀ। 176 ਸਫ਼ਿਆਂ ਦੀ ਇਸ ਪੁਸਤਕ ਵਿਚ 52 ਇਤਿਹਾਸਕ ਮੀਨਾਰਾਂ, ਫਸੀਲਾਂ, ਭਵਨਾਂ ਅਤੇ ਕੇਂਦਰਾਂ ਦਾ ਜ਼ਿਕਰ ਕੀਤਾ ਗਿਆ ਹੈ। ਜਲੰਧਰ ਦੇ ਪੁਰਾਣੇ ਰੇਲਵੇ ਸਟੇਸ਼ਨ, ਸ਼ਹਿਰ ਦੀਆਂ 12 ਬਸਤੀਆਂ, 12 ਬਾਗਾਂ, 12 ਤਲਾਬਾਂ ਅਤੇ 12 ਕੋਟਾਂ ਤੱਕ ਦਾ ਜ਼ਿਕਰ ਕੀਤਾ ਗਿਆ ਹੈ। ਜਤਿੰਦਰ ਪੰਮੀ ਵਲੋਂ ਵਰਣਨ ਕੀਤੀਆਂ ਸਭ ਚੀਜ਼ਾਂ/ਪਦਾਰਥਾਂ ਦਾ ਜ਼ਿਕਰ ਕਰਦੇ ਸਮੇਂ ਉਨ੍ਹਾਂ ਨੇ ਪੰਜਾਬ ਦੀ ਪੁਰਾਤਨ ਕਲਾ ਨੂੰ ਕ੍ਰੋਸ਼ੀਏ ਦੇ ਫੁੱਲਾਂ ਨਾਲ ਸਜੀ ਫੁਲਕਾਰੀ ਵਾਂਗ ਪੇਸ਼ ਕੀਤਾ ਹੈ। ਲੇਖਕ ਨੇ ਸ਼ਹਿਰ ਦੀ ਵਕਤ ਦੀ ਧੂੜ ਵਿਚ ਗਵਾਚ ਚੁੱਕੀ ਵਾਈਟ ਹਾਊਸ ਕੋਠੀ, ਲਾਲ ਕੋਠੀ, ਕਾਜ਼ੀ ਕੋਠੀ, ਕਾਰ ਵਾਲੀ ਕੋਠੀ ਦੇ ਉੱਪਰ ਤੋਂ ਧੂੜ ਦੀਆਂ ਪਰਤਾਂ ਨੂੰ ਉਡਾ ਕੇ ਉਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਸੰਭਾਲ ਕੇ ਰੱਖਣ ਵਾਲੀਆ ੰਤਸਵੀਰਾਂ ਵਾਂਗ ਪੇਸ਼ ਕੀਤਾ ਹੈ। ਫਿਲੌਰ ਦੇ ਕਿਲ੍ਹੇ, ਕਿਲ੍ਹਾ ਮੁਹੱਲਾ, ਬਿਕਰਮ ਮਹੱਲ, ਆਰਤੀ 'ਓਮ ਜੈ ਜਗਦੀਸ਼ ਹਰੇ' ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਅਤੇ ਫਿਲਮਸਾਜ਼ ਯਸ਼ ਚੋਪੜਾ ਦੀ ਰਿਹਾਇਸ਼ ਰਹੇ ਮੁਹੱਲਾ ਗੋਬਿੰਦਗੜ੍ਹ ਦੀਆਂ ਯਾਦਾਂ ਨੂੰ ਤਾਜ਼ਾ ਕਰਕੇ ਲੇਖਕ ਨੇ ਜਲੰਧਰ ਦੇ ਇਤਿਹਾਸਕ ਚਿਹਰੇ-ਮੋਹਰੇ ਨੂੰ ਸਜਾ ਕੇ ਦੇਸ਼ ਅਤੇ ਪੰਜਾਬ ਦੇ ਕਿਸੇ ਵੀ ਕੋਨੇ ਵਿਚ ਵਸੇ ਪੰਜਾਬੀਆਂ ਨੂੰ ਰੋਮਾਂਚਿਤ ਕੀਤਾ ਹੈ।
ਬਸਤੀਆਂ, ਤਲਾਬਾਂ, ਬਾਗਾਂ ਦੇ ਨਾਂਅ ਕਿਵੇਂ ਹੋਂਦ 'ਚ ਆਏ, ਲੇਖਕ ਨੇ ਇਸ ਕੰਮ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ ਬਿਆਨ ਕੀਤਾ ਹੈ। ਮੌਜੂਦਾ ਨਵੀਂ ਪੀੜ੍ਹੀ ਅਤੇ ਆਉਣ ਵਾਲੀ ਪੀੜ੍ਹੀ ਜਿਥੇ ਇਤਿਹਾਸ ਅਤੇ ਵਿਰਾਸਤ ਦੇ ਇਸ ਪੱਖ ਤੋਂ ਇਸ ਪੁਸਤਕ ਦਾ ਲਾਭ ਲੈ ਸਕੇਗੀ, ਉਥੇ ਇਨ੍ਹਾਂ ਵਿਰਾਸਤੀ ਪ੍ਰਤੀਕ ਚਿੰਨ੍ਹਾਂ ਦੇ ਅਮਰ ਹੋ ਜਾਣ ਦੀ ਵੀ ਸੰਭਾਵਨਾ ਹੈ। ਜਲੰਧਰ ਦੇ ਮਹਾਨ ਆਸਥਾ/ਧਾਰਮਿਕ ਕੇਂਦਰ ਮੰਦਿਰ ਦੇਵੀ ਤਲਾਬ ਦੇ ਇਤਿਹਾਸ ਨੂੰ ਜਤਿੰਦਰ ਪੰਮੀ ਨੇ ਪੂਰੀ ਆਸਥਾ ਅਤੇ ਸ਼ਰਧਾ ਨਾਲ ਪੇਸ਼ ਕੀਤਾ ਹੈ। ਬਿਨਾਂ ਸ਼ੱਕ ਜਤਿੰਦਰ ਪੰਮੀ ਦਾ ਇਹ ਸੰਗ੍ਰਹਿ ਕਿਸੇ ਵੀ ਵਿਰਾਸਤੀ ਕਮਰੇ ਦੇ ਸਾਹਮਣੇ ਵਾਲੀ ਦੀਵਾਰ 'ਤੇ ਟੰਗੇ ਆਦਮ-ਕੱਦ ਸ਼ੀਸ਼ੇ ਵਰਗਾ ਹੈ, ਜਿਸ ਦੀ ਹਰੇਕ ਰਚਨਾ ਸਵੈ-ਸਿੱਧ ਹੋਣ ਦੇ ਅਹਿਸਾਸ ਨੂੰ ਜਾਗ੍ਰਿਤ ਕਰਦੀ ਪ੍ਰਤੀਤ ਹੁੰਦੀ ਹੈ। ਇਤਿਹਾਸ ਨੇ ਆਪਣੇ ਇਨ੍ਹਾਂ ਚੋਣਵੇਂ ਵਿਰਾਸਤੀ ਸ਼ਾਹਕਾਰਾਂ 'ਤੇ ਪਈ ਸਮੇਂ ਦੀ ਧੂੜ ਦੇ ਬਾਵਜੂਦ ਇਸ ਦੇ ਸੁੰਦਰਤਾ ਬੋਧ ਨੂੰ ਖੁਰਨ ਨਹੀਂ ਦਿੱਤਾ ਅਤੇ ਇਹ ਵੀ ਇਕ ਓਨਾ ਹੀ ਵੱਡਾ ਸੱਚ ਇਹ ਹੈ ਕਿ ਜਤਿੰਦਰ ਪੰਮੀ ਨੇ ਇਸ ਸੁੰਦਰਤਾ ਬੋਧ ਨੂੰ ਹੂ-ਬਹੂ ਆਪਣੇ ਪਾਠਕਾਂ ਦੇ ਸਾਹਮਣੇ ਰੱਖਣ ਵਿਚ ਆਪਣੇ ਅੰਦਰ ਦੇ ਲੇਖਕ-ਬੋਧ ਨੂੰ ਜਿਊਂਦਾ ਬਣਾਈ ਰੱਖਿਆ ਹੈ।

-ਸਿਮਰ ਸਦੋਸ਼
ਮੋਬਾਈਲ : 94170-56262

25-01-2025

ਵੈਸ਼ਾਲੀ ਦੀ ਨਗਰਵਧੂ
ਮੂਲ ਲੇਖਕ : ਆਚਾਰੀਆ ਚਤੁਰਸੇਨ
ਅਨੁ: ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 550 ਰੁਪਏ, ਸਫ਼ੇ : 432
ਸੰਪਰਕ : 99150-99926

ਵਿਚਾਰਾਧੀਨ ਨਾਵਲ ਦਾ ਕਥਾਨਕ ਬੜਾ ਜਟਿਲ ਹੈ। ਘਟਨਾਵਾਂ ਵੀ ਗੁੰਝਲਦਾਰ ਹਨ। ਪਾਤਰਾਂ ਦੀ ਭਰਮਾਰ ਹੈ। ਇਹ ਨਾਵਲ ਪ੍ਰਾਚੀਨ ਸਮੇਂ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ। ਉਸ ਸਮੇਂ ਮਨੂਵਾਦੀ ਵਰਣ-ਵਿਵਸਥਾ ਵਿਰੁੱਧ ਆਵਾਜ਼ਾਂ ਉੱਠਣ ਲੱਗ ਪਈਆਂ ਸਨ। ਆਉਣ-ਜਾਣ ਦੇ ਸਾਧਨ ਗੱਡੇ, ਰਥ, ਪਾਲਕੀਆਂ, ਘੋੜੇ ਸਨ। ਬਾਣਾਂ-ਤੀਰਾਂ, ਖੜਗਾਂ ਨੇਜਿਆਂ ਨਾਲ ਯੁੱਧ ਲੜੇ ਜਾਂਦੇ ਸਨ। ਬੁੱਧ-ਮਤ ਤੇਜ਼ੀ ਨਾਲ ਫੈਲ ਰਿਹਾ ਸੀ। ਮਹਾਂਵੀਰ, ਚਾਰਵਾਕ ਦਾ ਪ੍ਰਚਾਰ ਵੀ ਹੋ ਰਿਹਾ ਸੀ। ਰਾਜੇ-ਮਹਾਰਾਜੇ, ਸਮਾਰਟ, ਪੁਰੋਹਿਤ, ਅਧਿਕਾਰੀ ਰੱਜੇ ਪੁੱਜੇ ਹੁੰਦੇ ਸਨ। ਵਪਾਰੀ ਵੀ ਅਮੀਰ ਸਨ। ਅਣ-ਆਰੀਆ, ਸ਼ੂਦਰਾਂ, ਅਤੀ ਸ਼ੂਦਰਾਂ ਦਾਸਾਂ ਦੀ ਦਸ਼ਾ ਠੀਕ ਨਹੀਂ ਸੀ। ਦਾਸ ਅਤੇ ਦਾਸੀਆਂ ਵਿਕਾਊ ਮਾਲ ਸਨ। ਔਰਤ ਮੂਲਧਨ ਸੀ, ਵਿਆਜ ਦਾ ਸਾਧਨ ਸੀ। ਗ਼ਰੀਬਾਂ ਦਾ ਸੋਸ਼ਣ ਕੀਤਾ ਜਾਂਦਾ ਸੀ। ਨਾਵਲਕਾਰ ਨੇ 10 ਸਾਲ ਤੱਕ ਅਜਿਹੇ ਸੱਭਿਆਚਾਰ ਦਾ ਨਿੱਠ ਕੇ ਅਧਿਐਨ ਕੀਤਾ। ਕਲਮ ਚੁੱਕੀ ਅਤੇ 1909 ਵਿਚ ਇਸ ਨਾਵਲ ਦੀ ਸਿਰਜਣਾ ਕੀਤੀ ਜੋ 40 ਸਾਲ ਬਾਅਦ 1949 ਵਿਚ ਛਪਿਆ ਅਤੇ ਇਸ ਨਾਵਲ ਦਾ ਸਰਲ ਪੰਜਾਬੀ ਵਿਚ ਅਨੁਵਾਦ 2024 ਵਿਚ ਪ੍ਰਕਾਸ਼ਿਤ ਹੋਇਆ।
ਨਾਵਲ ਵਿਚ ਨਾਜਾਇਜ਼ ਜੰਮੇ ਲੜਕੇ/ਲੜਕੀਆਂ ਮੁੱਖ ਰੋਲ ਅਦਾ ਕਰਦੇ ਹਨ। ਮਾਂ 'ਮਾਤੰਗੀ' ਖ਼ੁਦ ਗੋਸੁਆਮੀ ਦੀ ਧੀ ਸੀ। ਮਾਂ ਮਾਤੰਗੀ ਨਾਲ ਨਜਾਇਜ਼ ਸੰਬੰਧਾਂ ਤੋਂ ਸੋਮਪ੍ਰਭ ਦਾ ਜਨਮ ਹੋਇਆ, ਜਿਸ ਦਾ ਪਿਤਾ ਸਮਰਾਟ ਬਿੰਬਸਾਰ ਸੀ। ਵਰਸ਼ਕਾਰ ਦੀ ਮਾਂ ਵੀ ਆਤੰਗੀ ਸੀ ਅਤੇ ਗੋਸਵਾਮੀ ਦੀ ਨਜਾਇਜ਼ ਔਲਾਦ ਸੀ। 'ਕੁੰਡਨੀ' ਦਾ ਪਿਤਾ ਵਰਸ਼ਕਾਰ ਸੀ ਜੋ ਸੋਮਪ੍ਰਭੂ ਦੀ ਭੈਣ ਸੀ। ਸੋਮਪ੍ਰਭੁ ਨੂੰ ਸੋਮਭਵ ਨੇ ਕੂੜੇ ਦੇ ਢੇਰ 'ਚੋਂ ਲੱਭਿਆ ਸੀ। ਦੇਵੀ ਅੰਬਪਾਲੀ (ਮੁੱਖ ਨਾਇਕਾ) ਨੂੰ ਜਨਮ ਭਾਵੇਂ ਮਾਤਾ ਮਾਤੰਗੀ ਨੇ ਦਿੱਤਾ ਸੀ ਪਰ ਉਹ ਆਰੀਆ ਵਰਸ਼ਕਾਰ ਦੀ ਔਲਾਦ ਸੀ। ਕਹਿਣ ਦਾ ਭਾਵ ਹੈ ਲਗਭਗ ਸਾਰੇ ਮੁੱਖ ਰੋਲ ਅਦਾ ਕਰਨ ਵਾਲੇ ਨਜਾਇਜ਼ ਔਲਾਦ ਹੀ ਸਨ। ਨਾਵਲ ਦੇ ਅੰਤ ਵਿਚ ਅੰਬਪਾਲੀ ਦੀ ਕੁਰਾ ਪੁੱਤਰ ਪੈਦਾ ਹੋਇਆ ਜੋ ਸਮਰਾਟ ਬਿੰਬਸਾਰ ਦੀ ਔਲਾਦ ਸੀ ਅਤੇ ਜਿਸ ਨੂੰ ਬਚਪਨ ਵਿਚ ਹੀ ਮਗਧ ਦਾ ਸਮਰਾਟ ਐਲਾਨਿਆ ਗਿਆ।
'ਅੰਬਪਾਲੀ' ਦੇ ਸਤ-ਭੂਮੀ ਮਹਿਲ ਨੂੰ ਬੋਧ-ਵਿਹਾਰ ਬਣਾਉਣ ਦਾ ਐਲਾਨ ਕੀਤਾ ਗਿਆ। ਅੰਬਪਾਲੀ ਭਿਖਸ਼ਣੀ ਬਣ ਕੇ ਬੁੱਧ ਧਰਮ ਵਿਚ ਸ਼ਾਮਿਲ ਹੋ ਗਈ। ਅੰਬਪਾਲੀ ਦੇ ਸਾਧਵੀ ਬਣਨ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਭਿਖਸ਼ੂ ਬਣਨ ਦੀ ਲਹਿਰ ਹੀ ਚੱਲ ਪਈ।
ਨਾਵਲ ਵਿਚ ਬੁੱਧ ਧਰਮ ਦੀਆਂ ਸਿੱਖਿਆਵਾਂ ਨੂੰ ਵਿਸ਼ੇਸ਼ ਸਥਾਨ ਹਾਸਿਲ ਹੈ, ਜਿਵੇਂ 'ਪ੍ਰਤੀਤਯ ਸਮਉਤਪਾਦ ਦਾ ਸਿਧਾਂਤ' ਪੇਸ਼ ਕੀਤਾ ਗਿਆ, ਜਿਸ ਅਨੁਸਾਰ ਘਟਨਾਵਾਂ ਦੇ ਕਾਰਨ-ਕਾਰਜ ਸੰਬੰਧ ਹੁੰਦੇ ਹਨ ਭਾਵ ਹਰ ਘਟਨਾ ਕਿਸੇ ਹੋਰ ਘਟਨਾ ਦਾ ਨਤੀਜਾ ਹੁੰਦੀ ਹੈ। ਬੁੱਧ ਨੇ ਅਸ਼ਟ ਮਾਰਗ ਪੇਸ਼ ਕੀਤੇ (ਠੀਕ ਦ੍ਰਿਸ਼ਟੀ, ਠੀਕ ਸੰਕਲਪ, ਠੀਕ ਵਚਨ, ਠੀਕ ਕਰਮ, ਠੀਕ ਜੀਵਿਕਾ, ਠੀਕ ਪ੍ਰਯਤਨ, ਠੀਕ ਸਮ੍ਰਿਤੀ, ਠੀਕ ਸਮਾਧੀ ਆਦਿ)।
ਇਸ ਨਾਵਲ ਵਿਚ ਚਮਤਕਾਰ ਵੀ ਵਾਪਰਦੇ ਹਨ। 'ਕੁੰਡਨੀ' ਨਾਗ-ਪਤਨੀ ਹੈ। ਸਾਰੇ ਅਸੁਰ ਉਸ ਦਾ ਚੁੰਮਣ ਲੈਣ ਸਾਰ ਮਰ ਜਾਂਦੇ ਹਨ ਕਿਉਂਕਿ ਉਹ ਵਿਸ਼-ਕੰਨਿਆ ਹੈ। ਪਰ ਭੱਦਰਗੁਪਤ 'ਤੇ ਉਸ ਦੇ ਚੁੰਮਣ ਦਾ ਕੋਈ ਅਸਰ ਨਹੀਂ ਹੋਇਆ ਅਤੇ ਉਹ ਖ਼ੁਦ ਹੀ ਮਰ ਜਾਂਦੀ ਹੈ। ਇਵੇਂ ਹੀ ਹੋਰ ਚਮਤਕਾਰ ਹੋਇਆ। 'ਕੋਸਾਂਭੀ' ਸਮਰਾਟ ਅੰਬਪਾਲੀ ਦੇ ਬਗ਼ੀਚੇ ਵਿਚ ਅਦਿੱਖ ਹੋ ਕੇ ਆਕਾਸ਼ ਮਾਰਗ ਰਾਹੀਂ ਆਇਆ। ਤਿੰਨ ਤਾਲਾਂ ਰਾਹੀਂ ਅਜਿਹੀ ਵੀਣਾ ਵਜਾਈ। ਫਲਸਰੂਪ ਅੰਬਪਾਲੀ ਦਾ ਨਾਚ ਅਤੇ ਸੰਗੀਤ ਇਕ-ਮਿੱਕ ਹੋ ਗਏ। ਲੋਕਾਂ ਨੇ ਛਾਇਆ ਵੀ ਵੇਖੀ। ਨਾਵਲਕਾਰ ਨੇ ਹਰ ਕਾਂਡ ਦਾ ਆਰੰਭ ਪ੍ਰਕਿਰਤੀ ਚਿਤਰਨ, ਵਾਤਾਵਰਨ ਸਿਰਜ ਕੇ ਆਰੰਭ ਕੀਤਾ ਹੈ। ਹਰ ਪਾਤਰ ਦੇ ਨੈਣ-ਨਕਸ਼ ਉਲੀਕੇ ਹਨ। ਸਸਪੈਂਸ (ਸ਼ੰਕਾ) ਦੀ ਤਕਨੀਕ ਵਰਤੀ ਹੈ। ਕਿਸੇ ਮਸਲੇ 'ਤੇ ਵਿਚਾਰ ਲਈ ਇਕੱਤਤਾਵਾਂ ਹੁੰਦੀਆਂ ਸਨ। ਸੰਖੇਪ ਇਹ ਕਿ ਇਸ ਨਾਵਲ ਦੇ 'ਰਹੱਸਾਂ' ਨੂੰ ਸਮਝਣ ਲਈ ਪਾਠਕਾਂ ਨੂੰ ਬਹੁਤ ਚੁਕੰਨੇ ਹੋਣ ਦੀ ਸਖ਼ਤ ਲੋੜ ਹੈ।

-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharamchand@gmail.com

ਚੰਗੇ ਬੱਚੇ
ਲੇਖਕ : ਜਸਪਾਲ ਸਿੰਘ ਨਾਗਰਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ: 100 ਰੁਪਏ, ਸਫੇ : 16
ਸੰਪਰਕ : 9878221721

ਹੱਥਲੀ ਪੁਸਤਕ 'ਚੰਗੇ ਬੱਚੇ' ਜਸਪਾਲ ਸਿੰਘ ਨਾਗਰਾ ਦੀ ਪਹਿਲੀ ਬਾਲ ਪੁਸਤਕ ਜਾਪਦੀ ਹੈ ਕਿਉਂਕਿ ਸ਼ੁਰੂ ਵਿਚ ਪੁਸਤਕਾਂ ਦਾ ਵੇਰਵਾ ਅਕਸਰ ਹੀ ਪੜ੍ਹਨ ਨੂੰ ਮਿਲਦਾ ਹੈ, ਪਰ ਇਸ ਕਿਤਾਬ ਵਿਚ ਇਹ ਵੇਰਵਾ ਨਹੀਂ ਦਿੱਤਾ ਗਿਆ। ਇਸ ਵਿਚ ਤੇਰਾਂ ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਦੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ, ਸਭੇ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਕੂਲ ਅਤੇ ਬਾਲਾਂ ਨਾਲ ਸਬੰਧਤ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ।
-ਬੱਦਲ-
ਰੂੰ ਦੇ ਫੰਬਿਆਂ ਵਰਗੇ ਬੱਦਲ ਐਧਰ-ਓਧਰ ਭੱਜਣ।
ਬਿਜਲੀ ਪੈਦਾ ਕਰਦੇ ਨੇ ਜਦ, ਇਕ ਦੂਜੇ ਵਿਚ ਵੱਜਣ।
ਵੇਖਣ ਨੂੰ ਕੁਝ ਚਿੱਟੇ ਨੇ ਦਿਸਦੇ, ਕੁਝ ਦਿਸਦੇ ਨੇ ਕਾਲ਼ੇ।
ਚਿੱਟੇ ਤਾਂ ਬਸ ਐਵੇਂ ਹੀ ਹੁੰਦੇ, ਕਾਲ਼ੇ ਹੁੰਦੇ ਨੇ ਮੀਂਹ ਵਾਲੇ।
ਝੀਲਾਂ ਅਤੇ ਸਮੁੰਦਰਾਂ ਵਿਚੋਂ, ਪਾਣੀ ਚੁੱਕ ਕੇ ਲਿਆਉਂਦੇ।
ਜਲ-ਥਲ ਧਰਤੀ ਉਤੇ ਕਰਦੇ, ਜਦ ਵੀ ਮੀਂਹ ਵਰਸਾਉਂਦੇ।
ਏਵੇਂ ਹੀ 'ਦਾਦੀ ਮਾਂ'ਕਵਿਤਾ ਬਹੁਤ ਹੀ ਪਿਆਰੀ ਹੈ:-
ਮੰਮੀ ਤੋਂ ਵਧ ਕੇ ਮੈਨੂੰ,
ਲਾਡ ਲਡਾਉਂਦੀ ਦਾਦੀ ਮਾਂ।
ਰਾਤੀਂ ਆਪਣੇ ਨਾਲ ਸੁਲਾ ਕੇ,
ਬਾਤਾਂ ਸੁਣਾਉਂਦੀ ਦਾਦੀ ਮਾਂ,
ਜੇ ਕਿਤੇ ਮੈਨੂੰ ਪਾਪਾ ਮਾਰੇ,
ਭੱਜੀ ਆਉਂਦੀ ਦਾਦੀ ਮਾਂ।
ਮਿਲਿਆ ਕੰਮ ਸਕੂਲੋਂ ਮੈਨੂੰ,
ਰੋਜ਼ ਕਰਵਾਉਂਦੀ ਦਾਦੀ ਮਾਂ।
ਪੜ੍ਹ ਕੇ ਪੁੱਤਰਾ ਅਫਸਰ ਬਣਨਾ,
ਰਹੇ ਰਟਾਉਂਦੀ ਦਾਦੀ ਮਾਂ।
ਇਸੇ ਤਰ੍ਹਾਂ ਹੀ ਹੋਰ ਸਕੂਲ ਅਤੇ ਬੱਚਿਆਂ ਦੀ ਜ਼ਿੰਦਗੀ ਨਾਲ ਸਬੰਧਤ ਬਹੁਤ ਹੀ ਪਿਆਰੀਆਂ ਕਵਿਤਾਵਾਂ ਹਨ ਜਿਵੇਂ: ਸਾਡੇ ਸਰ, ਬਰਸਾਤ, ਚੰਗੇ ਬੱਚੇ, ਛੁੱਟੀਆਂ ਦਾ ਕੰਮ, ਗਰਮੀ, ਪਹਿਲਾ ਸਥਾਨ, ਖਿਆਲ ਆਦਿ। ਸਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਸ਼ਬਦ ਜੋੜਾਂ ਵੱਲ ਪੂਰਾ ਧਿਆਨ ਦਿੱਤਾ ਗਿਆ ਹੈ। ਬਾਲ ਕਵਿਤਾਵਾਂ ਵਿਚ ਕਵਿਤਾਵਾਂ ਵਾਲੇ ਸਾਰੇ ਗੁਣ ਹਨ ਪਰ ਸੋਲਾਂ ਪੰਨੇ ਦੀ ਕਿਤਾਬ ਬਹੁਤ ਛੋਟੀ ਹੈ। ਇਹ ਪਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜ਼ਰੂਰ ਵਾਧਾ ਕਰੇਗੀ। ਲੇਖਕ ਨੂੰ ਮੈਂ ਸ਼ਾਬਾਸ਼ ਅਤੇ ਮੁਬਾਰਕਾਂ ਵੀ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 9463542896

ਉਹ ਜ਼ਰੂਰ ਪਰਤੇਗੀ
ਲੇਖਿਕਾ : ਬਲਜੀਤ ਕੌਰ
ਪ੍ਰਕਾਸ਼ਕ : ਕੇ ਪਬਲੀਕੇਸ਼ਨ ਬਰੇਟਾ
ਮੁੱਲ : 295 ਰੁਪਏ, ਸਫ਼ੇ : 108
ਸੰਪਰਕ : 089884-85545

ਮਿੰਨੀ ਕਹਾਣੀ ਸਾਹਿਤ ਦੀ ਉਹ ਵਿਧਾ ਹੈ ਜਿਹੜੀ ਇਕ ਝਟਕੇ ਨਾਲ ਆਪਣੀ ਗੱਲ ਸਮਾਪਤ ਕਰਦਿਆਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ । ਹਰ ਵਿਧਾ ਵਾਂਗ ਇਸਦਾ ਸਫਰ ਵੀ ਨਿਰੰਤਰ ਜਾਰੀ ਹੈ ਅਤੇ ਇਹ ਆਪਣੇ ਖੇਤਰ ਵਿਚ ਹੋਰ ਨਵੇਂ ਅਯਾਮ ਸਿਰਜਣ ਦੀ ਪ੍ਰਕਿਰਿਆ ਵਿਚੋਂ ਲੰਘ ਰਹੀ ਹੈ। ਬਲਜੀਤ ਕੌਰ ਵੀ ਮਿੰਨੀ ਕਹਾਣੀ ਦੇ ਇਸ ਸਫਰ ਵਿਚ ਸ਼ਾਮਿਲ ਹੈ ਜਿਹੜੀ ਆਪਣੀ ਪੁਸਤਕ ਉਹ ਜ਼ਰੂਰ ਪਰਤੇਗੀ ਲੈ ਕੇ ਪਾਠਕਾਂ ਦੇ ਰੂਬਰੂ ਹੋਈ ਹੈ। ਇਹ ਕਹਾਣੀ ਸੰਗ੍ਰਹਿ ਤਾਜ਼ੀ ਹਵਾ ਦੇ ਬੁੱਲੇ ਵਾਂਗ ਹੈ। ਤਾਜ਼ੀ ਹਵਾ ਦਾ ਬੁੱਲਾ ਹਮੇਸ਼ਾ ਹੀ ਮਨ ਨੂੰ ਇਕ ਤਾਜ਼ਗੀ ਅਤੇ ਸਕੂਨ ਦਾ ਅਹਿਸਾਸ ਕਰਵਾਉਂਦਾ ਹੈ, ਇਸ ਪੁਸਤਕ ਦੀਆਂ ਕਹਾਣੀਆਂ ਪੜ੍ਹਦਿਆਂ ਵੀ ਇਹੀ ਅਹਿਸਾਸ ਹੁੰਦਾ ਹੈ ਕਿਉਂਕਿ ਇਸ ਦੇ ਵੱਖਰੇ ਵਿਸ਼ੇ ਤੇ ਕਹਾਣੀਆਂ ਦਾ ਵਿਅੰਗ ਵੱਖਰੇ ਢੰਗ ਨਾਲ ਪਾਠਕਾਂ ਤੱਕ ਆਪਣੀ ਗੱਲ ਪਹੁੰਚਾਉਣ ਵਿਚ ਕਾਮਯਾਬ ਹੁੰਦਾ ਹੈ । ਚਾਰ ਚਾਰ ਸਤਰਾਂ ਦੀਆਂ ਕਹਾਣੀਆਂ ਵੀ ਆਪਣੀ ਗੱਲ ਸਮਝਾਉਣ ਵਿਚ ਕਾਮਯਾਬ ਰਹਿੰਦੀਆਂ ਹਨ । ਚਾਹੇ ਉਹ ਤਿਆਗ ਕਹਾਣੀ ਹੋਵੇ ਜਾਂ ਫਿਰ ਵਾਰਸ ਜਿਸ ਵਿਚ ਸਰਕਾਰੀ ਤੰਤਰ ਤੇ ਇਕ ਤਕੜੇ ਵਿਅੰਗ ਨਾਲ ਲੇਖਕਾ ਆਪਣੀ ਗੱਲ ਸਮਾਪਤ ਕਰਦੀ ਹੈ। ਸੂਬੇਦਾਰਨੀ, ਅਣਭੋਲ, ਕੀਮਤੀ ਬਾਪੂ, ਪਰਦਾ ਜੀਵਨ ਵਿਚ ਰਿਸ਼ਤਿਆਂ ਦੀ ਅਹਿਮੀਅਤ ਅਤੇ ਬਦਲ ਰਹੀਆਂ ਸਮਾਜਿਕ ਸਮੀਕਰਨਾਂ ਵੱਲ ਝਾਤ ਪਵਾਉਂਦੀਆ ਕਹਾਣੀਆਂ ਹਨ। ਸੁਅੱਤਣ, ਸੱਪ ਤੇ ਭਰਮ ਮਨੁੱਖੀ ਮਾਨਸਿਕਤਾ ਨੂੰ ਫੜਨ ਦੀ ਕੋਸ਼ਿਸ਼ ਕਰਦੀਆਂ ਹਨ। ਕੁਲ 58 ਕਹਾਣੀਆਂ ਦੇ ਸੰਗ੍ਰਹਿ ਵਿਚ ਦੰਭੀ ਕਿਰਦਾਰਾਂ ਵਿਸ਼ਵੀਕਰਨ ਵਰਤਾਰਿਆਂ ਸੋਸ਼ਲ ਮੀਡੀਆ ਦਾ ਰਿਸ਼ਤਿਆਂ ਤੇ ਅਸਰ ਨਿੱਜੀ ਹਿੱਤਾਂ ਨੂੰ ਪੇਸ਼ ਕਰਨ ਦੇ ਨਾਲ ਨਾਲ ਇਕ ਆਸ ਦੀ ਕਿਰਨ ਵੀ ਦਿਖਾਈ ਦਿੰਦੀ ਹੈ ਜੋ ਅੱਗੇ ਵਧਣ ਦਾ ਸੁਨੇਹਾ ਦਿੰਦੀ ਹੈ ਕੁਲ ਮਿਲਾ ਕੇ ਇਹ ਕਹਾਣੀਆਂ ਪੜ੍ਹਦਿਆਂ ਪਾਠਕ ਤਾਜ਼ਗੀ ਮਹਿਸੂਸ ਕਰੇਗਾ ਕਿਉਂਕਿ ਇਹ ਵੱਖਰੇ ਲਹਿਜੇ ਦੀਆਂ ਕਹਾਣੀਆਂ ਦਾ ਸੰਗ੍ਰਹਿ ਉਸ ਦੇ ਹੱਥ ਵਿਚ ਜੁ ਹੋਵੇਗਾ

।-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਕੁਦਰਤ ਦੀ ਗੋਦ ਵਿਚ
ਲੇਖਕ : ਬਲਜਿੰਦਰ ਮਾਨ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 98150-18947


ਹੱਥਲੀ ਪੁਸਤਕ 'ਕੁਦਰਤ ਦੀ ਗੋਦ ਵਿਚ' ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਦੁਆਰਾ ਭਾਰਤ ਦੇ ਵੱਖ-ਵੱਖ ਥਾਵਾਂ ਤੇ ਕੀਤੀਆਂ ਸੈਰਾਂ ਦਾ ਸਫ਼ਰਨਾਮਾ ਹੈ। ਬਲਜਿੰਦਰ ਮਾਨ ਪੰਜਾਬੀ ਮਾਂ ਬੋਲੀ ਦਾ ਬਹੁਪੱਖੀ ਸਾਹਿਤਕਾਰ ਹੈ। ਬਾਲ ਸਾਹਿਤ ਦੇ ਖੇਤਰ 'ਚ ਜਿੱਥੇ ਉਸ ਨੇ ਉਚੇਰੇ ਦਿਸਹੱਦੇ ਸਰ ਕੀਤੇ ਹਨ, ਉਥੇ ਪੰਜਾਬੀ ਸਾਹਿਤ ਦੀਆਂ ਹੋਰ ਵੀ ਵੱਖ-ਵੱਖ ਵਿਧਾਵਾਂ 'ਤੇ ਉਸ ਦੀ ਪਕੜ ਕਾਬਲੇ ਜ਼ਿਕਰ ਹੈ। ਹੱਥਲੀ ਪੁਸਤਕ 'ਚ ਉਸ ਨੇ ਕੁਦਰਤੀ ਨਜ਼ਾਰਿਆਂ ਨੂੰ ਬੜੀ ਖੂਬਸੂਰਤੀ ਨਾਲ ਚਿਤਰਿਆ ਹੈ। ਲੇਖਕ ਦੀ ਕਲਾਤਮਿਕ ਅਤੇ ਰੌਚਿਕ ਸ਼ੈਲੀ ਪਾਠਕ ਨੂੰ ਇਨ੍ਹਾਂ ਕੁਦਰਤੀ ਨਜ਼ਾਰਿਆਂ ਨਾਲ ਖ਼ੂਬ ਆਨੰਦਿਤ ਕਰਦੀ ਹੈ ਅਤੇ ਇੰਝ ਜਾਪਦਾ ਹੈ ਜਿਵੇਂ ਨਾਲੋ-ਨਾਲ ਖ਼ੁਦ ਵੀ ਸਫ਼ਰ ਕਰ ਰਹੇ ਹੋਈਏ। ਲੇਖਕ ਨੇ ਇਸ ਸਫ਼ਰਨਾਮੇ ਦੀ ਸ਼ੁਰੂਆਤ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਧਰਤੀ ਤੋਂ ਕੀਤੀ ਹੈ। ਕੁਦਰਤ ਦੀ ਗੋਦ ਦਾ ਨਿੱਘ ਮਾਣਦਿਆਂ ਉਸਨੇ ਬੈਜਨਾਥ, ਪਾਲਮਪੁਰ, ਅੰਦਰੇਟਾ, ਜੈ ਸਿੰਘ ਪੁਰ ਆਦਿ ਸਥਾਨਾਂ ਦੇ ਸੈਰ ਸਫ਼ਰ ਨੂੰ ਬਾਖ਼ੂਬੀ ਬਿਆਨਿਆ ਹੈ। ਪਦਮਸ੍ਰੀ ਚਿੱਤਰਕਾਰ ਸੋਭਾ ਸਿੰਘ ਦਾ ਸਾਂਭਿਆ ਹੋਇਆ ਘਰ ਅਤੇ ਇੱਥੇ ਆਰਟ ਗੈਲਰੀ ਦੀਆਂ ਕਲਾ ਕ੍ਰਿਤਾਂ ਦੇ ਦਿਲਕਸ਼ ਦ੍ਰਿਸ਼, ਲੇਖਕਾਂ ਦੇ ਘਰ ਵਜੋਂ ਜਾਣਿਆਂ ਜਾਂਦਾ ਬੀਬੀ ਨੌਰਾ ਰਿਚਰਡ ਦਾ ਕੱਚੀ ਮਿੱਟੀ ਨਾਲ ਪੁਰਾਣੇ ਕਲਾਤਮਿਕ ਢੰਗ ਨਾਲ ਉਸਾਰਿਆ ਘਰ ਅਤੇ ਓਪਨ ਏਅਰ ਥੀਏਟਰ ਕਲਾ ਕੇਂਦਰ 'ਚ ਪੁੱਜ ਕੇ ਲੇਖਕ ਇਕੱਲੀ-ਇਕੱਲੀ ਚੀਜ਼ ਨੂੰ ਬੜੀ ਗਹਿਰਾਈ ਨਾਲ ਨਿਹਾਰਦਾ ਜਾਪਦਾ ਹੈ। ਇਸ ਤੋਂ ਇਲਾਵਾ ਨਿਉਗਲ ਖੱਡ ਦਾ ਨਜ਼ਾਰਾ, ਸਜਾਨਪੁਰ ਟੀਹਰਾ ਦਾ ਇਤਿਹਾਸਕ ਪਿਛੋਕੜ, ਦਿੱਲੀ ਦਰਸ਼ਨ, ਚੰਬਾ ਅਤੇ ਸੋਲਨ ਦੇ ਨਜ਼ਾਰੇ, ਰਾਜਸਥਾਨ ਦਾ ਹਿਮਾਲਿਆ ਪੁੱਤਰ ਮਾਊਂਟ ਆਬੂ, ਊਦੇਪੁਰ ਦੀ ਝੀਲ ਦਾ ਨਜ਼ਾਰਾ, ਕੁਦਰਤ ਦਾ ਅਨੋਖਾ ਸੰਗਮ ਮੱਧ ਪ੍ਰਦੇਸ਼ ਦਾ ਪੰਚਮੜੀ, ਪਾਲਮਪੁਰ ਦੇ ਚਾਹ ਦੇ ਬਾਗਾਂ ਵਿਚ, ਸ੍ਰੀ ਹੇਮਕੁੰਟ ਸਾਹਿਬ, ਪਾਉਂਟਾ ਸਾਹਿਬ, ਰਿਸ਼ੀਕੇਸ਼ ਦੇ ਮੰਦਰ ਤੇ ਲਛਮਣ ਝੂਲਾ, ਦੇਹਰਾਦੂਨ ਤੇ ਗੰਧਕ ਝਰਨਾ, ਪੰਜਾਬ ਦੇ ਕੁੱਝ ਇਤਿਹਾਸਕ ਸਥਾਨਾਂ ਦੀ ਯਾਤਰਾ ਆਦਿ ਵੀ ਜਾਣਕਾਰੀ ਭਰਪੂਰ ਅਤੇ ਪਾਠਕ ਨੂੰ ਧੁਰ ਅੰਦਰੋਂ ਧੂਹ ਪਾਉਂਦੀ ਪ੍ਰਤੀਤ ਹੁੰਦੀ ਹੈ। ਸੈਰ ਸਫ਼ਰ ਦੀਆਂ ਢੁੱਕਵੀਆਂ ਤਸਵੀਰਾਂ ਇਸ ਪੁਸਤਕ ਨੂੰ ਹੋਰ ਖ਼ੂਬਸੂਰਤੀ ਪ੍ਰਦਾਨ ਕਰਦੀਆਂ ਹਨ। ਰੌਚਿਕ ਵਾਰਤਕ ਸ਼ੈਲੀ 'ਚ ਰਚੀ ਇਹ ਪੁਸਤਕ ਕੁਦਰਤ ਦੀ ਗੋਦ ਦਾ ਸਚਮੁੱਚ ਹੀ ਨਿੱਘ ਦਿੰਦੀ ਜਾਪਦੀ ਹੈ ਅਤੇ ਇਸਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਬੇਚੈਨ ਹੋਣਾ ਸਿੱਖੋ
ਲੇਖਕ : ਜਸਵਿੰਦਰ ਸੁਰਗੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 102
ਸੰਪਰਕ : 94174-48436

'ਬੇਚੈਨ ਹੋਣਾ ਸਿੱਖੋ' ਪੁਸਤਕ ਡੂੰਘੇ ਅਰਥਾਂ ਦੀ ਧਾਰਨੀ ਹੈ। ਉਂਝ ਭਾਵੇਂ ਬੇਚੈਨੀ ਦਾ ਚਾਹਵਾਨ ਕੋਈ ਨਹੀਂ ਹੁੰਦਾ ਜਿਸ ਬੇਚੈਨ ਹੋਣ ਦੀ ਸਿੱਖਿਆ ਉਸ ਨੇ ਇਸ ਪੁਸਤਕ 'ਚ 21 ਮਿਡਲ ਲੇਖਾਂ ਰਾਹੀਂ ਦਿੱਤੀ ਹੈ। ਉਹ ਸਿਫ਼ਤਯੋਗ ਹੈ। ਜਸਵਿੰਦਰ ਸੁਰਗੀਤ ਦੀਆਂ ਇਸ ਪੁਸਤਕ ਅੰਦਰਲੀਆਂ ਲਿਖਤਾਂ ਉਸ ਦੇ ਅਧਿਆਪਕ ਹੋਣ ਸਦਕਾ ਸਕੂਲ ਨਾਲ ਸੰਬੰਧਿਤ ਸਰੋਕਾਰਾਂ ਦੀ ਗੱਲ ਵੱਧ ਕਰਦੀਆਂ ਹਨ। ਉਂਝ ਵਿਸ਼ਿਆਂ ਦੀ ਵੰਨ-ਸੁਵੰਨਤਾ ਪੂਰੀ ਪੁਸਤਕ ਵਿਚ ਬਾਖ਼ੂਬੀ ਬਰਕਰਾਰ ਹੈ। ਲਿਖਾਰੀ ਲਿਖਤ ਦਾ ਆਰੰਭ ਬੜੇ ਰਮਜ਼ੀ ਤੇ ਰੌਚਕ ਅੰਦਾਜ਼ 'ਚ ਕਰਦਾ ਹੈ। ਜਿਹਾ ਕਿ:
-'ਹੈਂ...? ਐਥੇ ਪੜ੍ਹਾਂਗੇ.. ਆਹ ਕੋਠੀ 'ਚ...?
-ਅੱਜ ਮੈਂ ਸੋਚਦੈਂ, ਉਹ ਹੰਝੂ ਥੋੜ੍ਹਾ ਸਨ, ਉਹ ਤਾਂ ਸਾਡੀ ਨਿਮਾਣੀ ਜਿਹੀ ਸੇਵਾ ਨੂੰ ਸਨਮਾਨ ਬਖ਼ਸ਼ਿਆ ਸੀ।
-ਉਹ ਜਦੋਂ ਹੱਸਦਾ ਹੈ ਤਾਂ ਲਗਦਾ ਹੈ ਕਿ ਜਿਵੇਂ ਸਾਰੀ ਕਾਇਨਾਤ ਹੀ ਉਹਦੇ ਹਾਸੇ ਵਿਚ ਸ਼ਾਮਿਲ ਹੋ ਗਈ ਹੋਵੇ।
ਲੇਖਕ ਦੀ ਵਾਰਤਕ ਸ਼ੈਲੀ ਵਿਚ ਕਾਵਿਕਤਾ ਹੈ, ਰਵਾਨੀ ਹੈ, ਰੌਚਿਕਤਾ ਹੈ ਤੇ ਸਮੇਂ ਦਾ ਸੱਚ ਕਹਿਣ ਦੀ ਜੁਰਅਤ ਵੀ ਹੈ। ਇਕ ਥਾਂ ਉਹ ਲਿਖਦਾ ਹੈ :-
'ਵੋਟਾਂ ਦੀ ਰੁੱਤ' ਵੇਲੇ ਵੱਡੇ-ਵੱਡੇ ਨਾਅਰੇ ਗੂੰਜਦੇ ਹਨ। ਗ਼ਰੀਬੀ ਨੂੰ ਜੜੋਂ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਫਰਸ਼ ਤੋਂ ਅਰਸ਼ ਤੱਕ ਲਿਜਾਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਨਾਅਰੇ ਵੀ ਅਜਿਹੇ ਮਨੋਵਿਗਿਆਨਕ ਢੰਗ ਨਾਲ ਸਿਰਜੇ ਜਾਂਦੇ ਹਨ ਕਿ ਇਕ ਵਾਰ ਤਾਂ ਸੁਣ ਕੇ ਇਉਂ ਲਗਦਾ ਹੈ ਬਸ ਹੁਣ ਤਾਂ ਬੇੜਾ ਪਾਰ ਹੋਇਆ ਕਿ ਹੋਇਆ, ਪਰ ਕੁਝ ਨਹੀਂ ਬਦਲਦਾ। ਇਹ ਸਾਰਾ ਕੁਝ ਧੂੰਏਂ ਦਾ ਪਹਾੜ ਹੁੰਦਾ ਹੈ।' (ਪੰਨਾ-17)
ਨਿਰਸੰਦੇਹ ਜਸਵਿੰਦਰ ਸੁਰਗੀਤ ਦੀ ਕਲਮ 'ਚ ਤਾਕਤ ਹੈ। ਉਸ ਦਾ ਗੱਲ ਕਹਿਣ ਦਾ ਅੰਦਾਜ਼ ਬਹੁਤਾ ਕਰਕੇ ਬਿਰਤਾਂਤਕ, ਵਾਰਤਾਲਾਪੀ ਤੇ ਕਥਾ ਰਸ ਵਾਲਾ ਹੈ। ਉਹ ਚਾਹੇ ਤਾਂ ਵਧੀਆ ਕਹਾਣੀਆਂ ਵੀ ਲਿਖ ਸਕਦਾ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਆਦਰਸ਼ ਸਮਾਜ ਦੀ ਸਿਰਜਣਾ ਸੰਭਾਵਨਾਵਾਂ ਤੇ ਚੁਣੌਤੀਆਂ
ਲੇਖਕ : ਨਰਿੰਦਰ ਸਿੰਘ ਜ਼ੀਰਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ ਅੰਮ੍ਰਿਤਸਰ,
ਮੁੱਲ : 550 ਰੁਪਏ, ਸਫੇ : 280
ਸੰਪਰਕ : 98146-6260

ਨਰਿੰਦਰ ਸਿੰਘ ਜ਼ੀਰਾ ਨੇ ਪੰਜਾਬੀ ਸਾਹਿਤ ਦੀ ਝੋਲੀ ਪ੍ਰਮੁੱਖ ਪੁਸਤਕਾਂ ਚਾਨਣ ਕਣੀਆਂ, ਭਵਿੱਖ ਤੇ ਚੁਣੌਤੀਆਂ, ਜ਼ਿੰਦਗੀ ਦੇ ਰਾਹ, ਆਦਰਸ਼ ਸਮਾਜ ਦੀ ਸਿਰਜਣਾ ਸੰਭਾਵਨਾਵਾਂ ਤੇ ਚੁਣੌਤੀਆਂ ਪਾਈਆਂ ਹਨ। ਪੁਸਤਕ ਵਿਚ 57 ਲੇਖ ਦਰਜ ਹਨ ਜੋ ਸਮਾਜਿਕ ਸਿਸਟਮ ਵਿਚ ਵਿਚਰਦੇ ਮਨੁੱਖ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਹਨ। ਸਮਾਜ ਵਿਚ ਊਣਤਾਈਆਂ ਅਧੀਨ ਛੇੜ-ਛਾੜ, ਪਰਿਵਾਰਕ ਰਿਸ਼ਤਿਆਂ 'ਚ ਕੁੜੱਤਣ, ਨੌਜਵਾਨ ਪੀੜ੍ਹੀ ਵਿਚ ਵਧ ਰਹੀ ਅਨੈਤਿਕਤਾ, ਆਚਰਣ ਗਿਰਾਵਟ, ਔਰਤਾਂ ਦੀ ਬੇਪਤੀ ਤੇ ਚਿੰਤਾਜਨਕ ਸਥਿਤੀ, ਬਜ਼ੁਰਗਾਂ ਦੀ ਹਾਲਤ, ਘਟੀਆ ਰਾਜਨੀਤੀ, ਵਧ ਰਹੀਆਂ ਸੜਕ ਦੁਰਘਟਨਾਵਾਂ, ਕਿਸਾਨ ਦੀ ਆਰਥਿਕ ਸਥਿਤੀ ਤੇ ਸਰਕਾਰਾਂ, ਸੋਸ਼ਲ ਮੀਡੀਆ ਦੀ ਨਕਾਰਤਮਿਕ ਭੂਮਿਕਾ, ਮਾਤ ਭਾਸ਼ਾ ਪ੍ਰਤੀ ਅਵੇਸਲਾਪਨ, ਸਿੱਖਿਆ ਦਾ ਡਿਗ ਰਿਹਾ ਪੱਧਰ, ਕੁਦਰਤੀ ਵਾਤਾਵਰਨ ਗੰਧਲਾ ਕਰਨ ਵਾਲੀ ਮਾਨਸਿਕਤਾ, ਨਸ਼ਿਆਂ ਦੀ ਭਰਮਾਰ, ਮਹਿੰਗਾਈ ਚ ਵਾਧਾ, ਸਿਹਤ ਵਿਚ ਗਿਰਾਵਟ ਆਦਿ ਅਨੇਕ ਵਿਸ਼ਿਆਂ ਬਾਰੇ ਚਰਚਾ ਕਰਦੇ ਹੋਏ ਵਿਸ਼ਵ ਸ਼ਾਂਤੀ ਨੂੰ ਕਾਇਮ ਕਰਨ ਲਈ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਉੱਪਰ ਚੱਲਣ ਦੀ ਤਾਕੀਦ ਕੀਤੀ ਗਈ ਹੈ।
ਨਰਿੰਦਰ ਜ਼ੀਰਾ ਨੇ ਮਾਤ-ਭਾਸ਼ਾ ਦੀ ਉੱਚਤਾ ਬਾਰੇ ਜ਼ਿਕਰ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਮੁੜ ਤੋਂ ਆਪਣੀ ਮਾਤ-ਭਾਸ਼ਾ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਹੈ:
ਬੋਲੀ ਨਾ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ
ਮਾਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ ਜਾਣੀਆਂ
ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ
ਦੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ।
ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਖ਼ਾਲਸਾ ਏਡ ਵਰਗੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ ਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਿਧਾਂਤ ਨੂੰ ਬਰਕਰਾਰ ਰੱਖਿਆ ਜਾ ਸਕੇ। ਸੋਸ਼ਲ ਮੀਡੀਏ ਨੇ ਨੌਜਵਾਨ ਵਰਗ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪ੍ਰਭਾਵਿਤ ਕੀਤਾ ਜਿਸ ਕਾਰਨ ਉਹਨਾਂ ਦੇ ਸਰੀਰ ਤੇ ਮਾਨਸਿਕਤਾ 'ਤੇ ਬੁਰਾ ਪ੍ਰਭਾਵ ਪਿਆ। ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ:
ਵਿਸ਼ਵ ਭਰ ਵਿਚ ਹਰ ਸਾਲ ਪ੍ਰਦੂਸ਼ਣ ਕਾਰਨ 90 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। 50 ਲੱਖ ਵਿਅਕਤੀ ਵੱਧ ਗਰਮੀ ਤੇ ਵੱਧ ਸਰਦੀ ਕਾਰਨ ਮਰ ਜਾਂਦੇ ਹਨ। ਪ੍ਰਦੂਸ਼ਣ ਕਾਰਨ ਦੁਨੀਆਂ ਨੂੰ ਹਰ ਸਾਲ 4 ਤੋਂ 6 ਟ੍ਰਿਲੀਅਨ ਡਾਲਰ ਪ੍ਰਤੀ ਮਿੰਟ ਦਾ ਨੁਕਸਾਨ ਹੋ ਰਿਹਾ ਹੈ। ਜ਼ੀਰਾ ਦੁਆਰਾ ਪੁਸਤਕ ਵਿਚ ਵਿਚਾਰੇ ਮਸਲੇ ਪਾਠਕਾਂ ਦੀ ਸਮਝ ਵਿਚ ਵਾਧਾ ਕਰਦੇ ਹੋਏ ਕੁਦਰਤੀ ਸਰੋਤਾਂ ਨੂੰ ਬਚਾਉਣ ਵੱਲ ਪ੍ਰੇਰਿਤ ਕਰਦੇ ਹਨ।ਹਰੇਕ ਵਿਸ਼ਾ ਵਿਸ਼ੇਸ਼ ਧਿਆਨ ਤੇ ਚਿੰਤਨ ਦੀ ਮੰਗ ਕਰਦਾ ਹੈ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

19-01-2025

 ਲੀਹਾਂ
ਲੇਖਕ : ਡਾ. ਅਮਨ ਅੱਚਰਵਾਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 84
ਸੰਪਰਕ : 94176-42785

'ਲੀਹਾਂ' ਗੀਤ-ਸੰਗ੍ਰਹਿ ਡਾ. ਅਮਨ ਅੱਚਰਵਾਲ ਦੀ ਦੂਸਰੀ ਕਾਵਿ-ਪੇਸ਼ਕਾਰੀ ਹੈ। ਇਸ ਤੋਂ ਪਹਿਲਾਂ ਉਸ ਦਾ 'ਪਰਦੇਸੀ ਕੂੰਜਾਂ' ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ। ਇਹ ਕਾਵਿ-ਪੁਸਤਕ ਉਸ ਨੇ ਪਿਤਾ ਸਰਦਾਰ ਚੰਨਣ ਸਿੰਘ ਗਿੱਲ ਅਤੇ ਮਾਤਾ ਗੁਰਦਿਆਲ ਕੌਰ ਨੂੰ ਸਮਰਪਿਤ ਕੀਤੀ ਹੈ। ਇਸ ਗੀਤ-ਸੰਗ੍ਰਹਿ ਵਿਚ ਉਸ ਨੇ 'ਪੰਜਾਬੀ ਮਾਂ ਬੋਲੀ ਦੇ ਨਾਂਅ' ਤੋਂ ਲੈ ਕੇ 'ਧੰਨਵਾਦ' ਤੱਕ ਦੋ ਕਾਵਿ-ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿਚ ਤਤਕਾਲੀ ਸਮੇਂ ਸੰਜੀਦਾ ਅਤੇ ਉਤਸ਼ਾਹੀ ਗਾਇਕੀ ਦੀ ਘਾਟ ਰੜਕਦੀ ਹੈ। ਪ੍ਰੰਤੂ ਇਸ ਗੀਤ-ਸੰਗ੍ਰਹਿ ਨੂੰ ਪੜ੍ਹਦਿਆਂ ਸੰਜੀਦਾ ਪਾਠਕ ਇਸ ਘਾਟ ਨੂੰ ਮਹਿਸੂਸ ਨਹੀਂ ਕਰੇਗਾ। ਇਨ੍ਹਾਂ ਗੀਤਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਜਲੀ ਬਾਤ ਨੂੰ ਛੂਹਿਆ ਗਿਆ ਹੈ। ਨੌਜਵਾਨੀ ਨੂੰ ਸੇਧ ਦੇਣ ਵਾਲੀ ਸ਼ਾਇਰੀ ਹੈ ਜਿਸ ਤੋਂ ਉਤਸ਼ਾਹਿਤ ਹੋ ਕੇ ਉਹ ਆਜ਼ਾਦੀ ਦੇ ਪਰਵਾਨਿਆਂ ਦੀਆਂ ਗਾਥਾਵਾਂ ਪੜ੍ਹ-ਸੁਣ ਕੇ ਸਹੀ ਢੰਗ ਨਾਲ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਸਮਝਦਿਆਂ ਆਪਣਾ ਸਾਰਥਿਕ ਪੰਧ ਤਹਿ ਕਰਦਿਆਂ ਮੰਜ਼ਿਲ ਦਾ ਸਿਰਨਾਵਾਂ ਲੱਭ ਸਕਦੇ ਹਨ। ਇਨ੍ਹਾਂ ਗੀਤਾਂ ਵਿਚ ਜਿਥੇ ਸੰਤ ਰਾਮ ਉਦਾਸੀ ਦੀ ਸੋਚ ਦਾ ਝਲਕਾਰਾ ਹੈ, ਉਥੇ ਹੀ ਸ਼ਿਵ ਦੀ ਬਿਰਹਨ ਤੜਪ ਦੀ ਝਲਕ ਵੀ ਹੈ। ਸੰਘਰਸ਼ੀ ਜੀਵਨ ਦੀਆਂ ਤੰਗੀਆਂ-ਤੁਰਸ਼ੀਆਂ ਬਿਖੜੇ ਪੈਂਡਿਆਂ ਦਾ ਜ਼ਿਕਰ/ਫਿਕਰ ਹੈ। ਇਸੇ ਲਈ ਇਸ ਗੀਤ-ਸੰਗ੍ਰਹਿ ਦਾ ਨਾਂਅ 'ਲੀਹਾਂ' ਬਹੁਤ ਢੁਕਵਾਂ ਹੈ। ਪੰਜਾਬੀ ਬੋਲੀ ਦੇ ਨਾਂਅ 'ਦਿੱਲੀ ਦੇ ਨਾਂਅ', 'ਫ਼ੌਜੀ ਵੀਰ ਨੂੰ ਖ਼ਤ', 'ਅਤਾ-ਪਤਾ', 'ਸੁਪਨਾ', 'ਕਿਰਤਾਂ ਦੇ ਰਾਖੇ', 'ਤੱਤੀ ਤਵੀ ਤੋਂ', 'ਆਪੇ ਗੁਰ ਚੇਲਾ', 'ਸਤਲੁਜ ਦੇ ਕੰਢੇ', 'ਸ਼ਹੀਦ ਭਗਤ ਸਿੰਘ', 'ਧੰਨਵਾਦ' ਗੀਤ ਪੜ੍ਹਦਿਆਂ ਇਤਿਹਾਸਕ ਪਾਤਰਾਂ : ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ, ਸ. ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੰਘਰਸ਼ੀ ਪਲਾਂ ਦੇ ਸਨਮੁੱਖ ਵਿਚਰਦਾ ਮਹਿਸੂਸ ਕਰਦਾ ਹੈ। ਧੀ ਦੀ ਅਰਜੋਈ, ਕਿਰਤ ਦਾ ਨਿਰਾਦਰ, ਕਿਰਤੀਆਂ ਦੇ ਅਧੂਰਿਆਂ ਸੁਪਨਿਆਂ ਦੀਆਂ ਅਨੇਕਾਂ ਵੰਨਗੀਆਂ ਨਜ਼ਰੀਂ ਪੈਂਦੀਆਂ ਹਨ : 'ਜੰਮੀਂ ਨਾ ਉਸ ਦੇਸ਼ ਮਾਂ' ਮੈਂ ਕਸਮ ਖਾ ਲਈ', 'ਕਾਸਾ ਜਿਥੇ ਕਿਰਤ ਦਾ ਰਹਿੰਦਾ ਹੈ ਖਾਲੀ' ਸਤਰਾਂ ਅਜੋਕੀ ਰਾਜਨੀਤਕ ਵਿਵਸਥਾ ਵੱਲ ਧਿਆਨ ਆਕਰਸ਼ਿਤ ਕਰਦੀਆਂ ਹਨ। ਸ. ਭਗਤ ਸਿੰਘ ਨੂੰ ਉਸ ਦੀ ਮਾਂ ਦਾ ਦਿਲਾਸਾ ਵੀ ਅਜੋਕੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ : 'ਸ਼ੇਰਾਂ ਵਾਂਗੂੰ ਕਰਕੇ ਪੁੱਤਰਾ ਨੂੰ ਕਰੱਤਵ ਦਿਖਾਈ ਵੇ, ਇਹ ਗੋਰੀ ਸਰਕਾਰ ਦੇ ਅੰਦਰ ਐਸਾ ਭੜਥੂ ਪਾਈਂ ਵੇ/ਮੇਰਾ ਵਸਦਾ ਰਹੇ ਪੰਜਾਬ ਤੇ ਮੁੱਖੋਂ ਕਹਿ ਕੇ ਇਨਕਲਾਬ ਦਾ ਨਾਅਰਾ ਲਾਵੀਂ ਵੇ, ਚੜ੍ਹ ਫਾਂਸੀ ਦੇ ਤਖਤੇ ਡੋਲ ਨਾ ਜਾਵੀਂ ਵੇ, ਡਾ. ਅਮਨ ਅੱਚਲਵਾਲ ਨੂੰ ਕ੍ਰਾਂਤੀਕਾਰੀ ਗੀਤ-ਸੰਗ੍ਰਹਿ ਦੀਆਂ ਬਹੁਤ-ਬਹੁਤ ਮੁਬਾਰਕਾਂ। ਆਮੀਨ।

-ਸੰਧੂ ਵਰਿਆਣਵੀ
ਮੋਬਾਈਲ : 98786-14096


ਕਰਮਾ ਸੰਦੜਾ ਖੇਤ
ਲੇਖਕ : ਹਰਬੰਸ ਸਿੰਘ ਅਖਾੜਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 140 ਰੁਪਏ, ਸਫ਼ੇ : 120
ਸੰਪਰਕ : 98555-15937

ਲੇਖਕ ਹਰਬੰਸ ਸਿੰਘ ਅਖਾੜਾ ਪੰਜਾਬੀ ਸਾਹਿਤ ਵਿਚ ਇਕ ਚੰਗਾ ਮੁਕਾਮ ਰੱਖਣ ਵਾਲੇ ਸਾਹਿਤਕਾਰ ਹਨ। ਉਨ੍ਹਾਂ ਦਾ ਇਹ ਤੀਸਰਾ ਨਾਵਲ ਹੈ ਜਿਸ ਦਾ ਪੂਰਾ ਬਿਰਤਾਂਤ ਭਾਰਤੀ ਦਰਸ਼ਨ ਦੇ ਇਸ ਸਿਧਾਂਤ ਦੇ ਅਨੁਸਾਰ ਘੜਿਆ ਗਿਆ ਹੈ ਕਿ ਮਨੁੱਖੀ ਜੀਵਨ ਵਿਚ ਕੀਤੇ ਕਰਮਾਂ ਅਨੁਸਾਰ ਹੀ ਫਲ ਮਿਲਦਾ ਹੈ। ਭਾਰਤੀ ਦਰਸ਼ਨ ਵਿਚ ਕਰਮਾਂ ਦੇ ਸਿਧਾਂਤ ਨੂੰ ਸਭ ਤੋਂ ਵੱਧ ਮਹੱਤਵਪੂਰਨ ਸਮਝਿਆ ਗਿਆ ਹੈ । ਆਪੋ ਆਪਣੇ ਕੀਤੇ ਕਰਮਾਂ ਦੇ ਹਿਸਾਬ ਅਨੁਸਾਰ ਹੀ ਮਨੁੱਖ ਆਪਣੀ ਜੀਵਨ ਵਿਚ ਫਲ ਪ੍ਰਾਪਤ ਕਰਦਾ ਹੈ ਅਤੇ ਲੋਕ ਪਰਲੋਕ ਵਿਚ ਆਪਣੀ ਜਗ੍ਹਾ ਬਣਾਉਂਦਾ ਹੈ । ਇਸੇ ਧਾਰਨਾ 'ਤੇ ਆਧਾਰਿਤ ਇਸ ਨਾਵਲ ਵਿਚ ਇਕ ਕਿਸਾਨੀ ਪਰਿਵਾਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਜਿਸ ਵਿਚ ਦੋ ਪੁੱਤਰਾਂ ਅਤੇ ਪਿਤਾ ਦੀ ਕਹਾਣੀ ਵੀ ਨਾਲ ਨਾਲ ਤੁਰਦੀ ਹੈ। ਨਾਵਲ ਵਿਚ ਇਕ ਪੁੱਤਰ ਆਪਣੇ ਕਰਮਾਂ ਸਦਕਾ ਸਮਾਜ ਵਿਚ ਮਾਨ ਸਨਮਾਨ ਤੇ ਪਿਆਰ ਦਾ ਪਾਤਰ ਬਣਦਾ ਹੈ, ਉੱਥੇ ਹੀ ਦੂਸਰਾ ਆਪਣੇ ਕਰਮਾਂ ਕਾਰਨ ਸਭ ਕੁਝ ਆਪਣੇ ਹੱਥੋਂ ਗੁਆ ਬਹਿੰਦਾ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਦੁੱਖਾਂ ਦੀ ਭੱਠੀ ਵਿਚ ਝੋਕ ਜਾਂਦਾ ਹੈ । ਕਈ ਨਾਟਕੀ ਉਤਰਾਅ ਚੜਾਅ ਇਸ ਨਾਵਲ ਦਾ ਹਿੱਸਾ ਬਣਦੇ ਹਨ, ਜਿਹੜੇ ਪਾਠਕ ਨੂੰ ਸੂਝ ਤੇ ਅਨੁਭਵ ਦਿੰਦੇ ਹਨ ਅਤੇ ਕਿਤੇ ਕਿਤੇ ਉਹ ਸਿਰਫ ਸੂਚਨਾ ਮੂਲਕ ਘਟਨਾਵਾਂ ਸਾਬਿਤ ਹੁੰਦੀਆਂ ਹਨ । ਨਾਵਲ ਦੀ ਪਾਤਰ ਉਸਾਰੀ ਦਾ ਨਾਵਲਕਾਰ ਨੇ ਵਿਸ਼ੇਸ਼ ਧਿਆਨ ਰੱਖਿਆ ਹੈ । ਇਸੇ ਸਦਕਾ ਉਸਦੇ ਪਾਤਰ ਲਚਕੀਲੇ ਨਜ਼ਰ ਆਉਂਦੇ ਹਨ, ਜੋ ਆਪਣੇ ਸਮੇਂ, ਸਥਾਨ ਅਤੇ ਹਾਲਾਤ ਅਨੁਸਾਰ ਢਲਦੇ ਹਨ ਅਤੇ ਆਪਣੀ ਮਾਨਸਿਕਤਾ ਅਨੁਸਾਰ ਵਿਚਰਦੇ ਹਨ। ਪੇਂਡੂ ਮਾਹੌਲ ਅਤੇ ਆਪਸੀ ਭਾਈਚਾਰਕ ਸਾਂਝ ਤੋਂ ਇਲਾਵਾ ਪੇਂਡੂ ਜੀਵਨ ਦੇ ਅਨੇਕ ਰੰਗ ਇਸ ਨਾਵਲ ਵਿਚ ਦੇਖਣ ਨੂੰ ਮਿਲਦੇ ਹਨ, ਜਿਹੜੇ ਪਿੰਡਾਂ ਦੇ ਸਮਾਜਿਕ ਜੀਵਨ ਨੂੰ ਪੇਸ਼ ਕਰਦੇ ਹਨ ਇਕਹਿਰੀ ਬੁਣਤੀ ਦਾ ਇਹ ਨਾਵਲ ਆਪਣੀ ਭਾਸ਼ਾ ਸਦਕਾ ਪਾਤਰਾਂ ਨਾਲ ਨਿਆਂ ਕਰਦਾ ਪ੍ਰਤੀਤ ਹੁੰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਇੰਞ ਨਾ ਹੋਵੇ
ਗ਼ਜ਼ਲਕਾਰ : ਜ਼ੈਨ ਜੱਟ
ਪ੍ਰਕਾਸ਼ਕ : ਪੰਜਾਬੀ ਵਿਰਸਾ, ਟਰੱਸਟ, ਪਲਾਹੀ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98158-02070

ਭਾਰਤ ਤੇ ਪਾਕਿਸਤਾਨ ਵਿਚ ਭਾਵੇਂ ਆਪਸੀ ਸੰਬੰਧ ਕਦੇ ਵੀ ਸੁਖਾਵੇਂ ਨਹੀਂ ਰਹੇ ਪਰ ਆਪਸੀ ਸਾਂਝ ਲਈ ਪੰਜਾਬੀ ਅਦੀਬਾਂ ਦਾ ਆਦਾਨ-ਪ੍ਰਦਾਨ ਇਕ ਪੁਲ ਬਣਦਾ ਰਿਹਾ ਹੈ। ਆਉਣ-ਜਾਣ ਤੋਂ ਬਿਨਾਂ ਏਧਰ ਤੇ ਉਧਰ ਚੰਗੀਆਂ ਕਿਤਾਬਾਂ ਦਾ ਲਿੱਪੀਅੰਤਰ ਹੋ ਕੇ ਛਪਣਾ ਹਮੇਸ਼ਾ ਜਾਰੀ ਰਿਹਾ ਹੈ। ਇਨ੍ਹਾਂ ਪੁਸਤਕਾਂ ਨਾਲ ਕੁਝ ਕੂੜਾ ਕਚਰਾ ਵੀ ਤਰ ਗਿਆ ਜਿਸ ਕਾਰਨ ਅਜਿਹੀਆਂ ਪੁਸਤਕਾਂ ਤੋਂ ਦੋਹੀਂ ਪਾਸੀਂ ਪਾਠਕਾਂ ਦਾ ਮੋਹ ਵੀ ਭੰਗ ਹੋਇਆ ਹੈ। ਪਰ ਜ਼ੈਨ ਜੱਟ ਦੀ 'ਇੰਞ ਨਾ ਹੋਵੇ' ਪੁਸਤਕ ਬਾਰੇ ਮੇਰੀ ਰਾਇ ਵੱਖਰੀ ਹੈ। ਪੰਜਾਬੀ ਵਿਰਸਾ ਟਰੱਸਟ ਨੇ ਹੁਣ ਤੱਕ ਜਿੰਨੀਆਂ ਵੀ ਪੁਸਤਕਾਂ ਛਾਪੀਆਂ ਹਨ, ਉਹ ਕਰੜੀ ਨਿਰਖ ਪਰਖ 'ਚੋਂ ਗੁਜ਼ਰੀਆਂ ਹਨ। ਇਸ ਸੰਗ੍ਰਹਿ ਦਾ ਗ਼ਜ਼ਲਕਾਰ ਜ਼ੈਨ ਜੱਟ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਤੋਂ ਹੈ ਜੋ ਆਰਥਿਕ ਪੱਖੋਂ ਤਾਂ ਸਾਵਾਂ-ਲਾਵਾਂ ਹੈ ਹੀ ਨਾਲ ਦੀ ਨਾਲ ਸਰੀਰਕ ਪੱਖ ਤੋਂ ਵੀ ਸੰਘਰਸ਼ੀ ਹੈ। ਅਜਿਹੇ ਸ਼ਾਇਰ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨਾ ਸ਼ਲਾਘਾਯੋਗ ਕਦਮ ਹੈ। ਤੀਸਰਾ ਇਹ ਗ਼ਜ਼ਲਾਂ ਬਹੁਤੇ ਪਾਕਿਸਤਾਨੀ ਸ਼ਾਇਰਾਂ ਵਾਂਗ ਬੇਮੁਹਾਰੀਆਂ ਨਹੀਂ ਹਨ। ਜ਼ੈਨ ਨੇ ਗ਼ਜ਼ਲ ਵਿਧਾਨ ਦਾ ਵਧੇਰੇ ਕਰਕੇ ਖਿਆਲ ਰੱਖਿਆ ਹੈ ਤੇ ਸ਼ਿਅਰੀ ਤਬੀਅਤ ਨੂੰ ਸਮਝਿਆ ਹੈ। ਜ਼ੈਨ ਮਜ਼੍ਹਬ ਨੂੰ ਨਿੱਜੀ ਸਮਝਦਾ ਹੈ ਤੇ ਉਸ ਦਾ ਅੱਖਾਂ 'ਤੇ ਪੱਟੀ ਬੰਨ੍ਹ ਕੇ ਰੱਖਣ ਵਿਚ ਵਿਸ਼ਵਾਸ ਨਹੀਂ ਹੈ। ਆਪਣੀਆਂ ਗ਼ਜ਼ਲਾਂ ਵਿਚ ਉਸ ਨੇ ਮੁਹੱਬਤ ਨੂੰ ਬਿਹਤਰ ਮਜ਼ਹਬ ਦਰਸਾਇਆ ਹੈ। 'ਇੰਞ ਨਾ ਹੋਵੇ' ਦੀ ਪਹਿਲੀ ਗ਼ਜ਼ਲ 'ਵੱਲ ਦੱਸਨਾ ਵਾਂ' ਰਦੀਫ਼ 'ਤੇ ਆਧਾਰਿਤ ਜਿਸ ਵਿਚ ਉਸ ਦਾ ਨਿਰੋਲ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਲਹਿਜ਼ਾ ਜਾਦੂ ਬਿਖੇਰਦਾ ਹੈ। ਇਹ ਗ਼ਜ਼ਲ ਜਿੰਨੀ ਸਾਦਗੀ ਭਰਪੂਰ ਹੈ ਓਨੀ ਹੀ ਇਸ ਵਿਚ ਤਰਲਤਾ ਹੈ। ਦੂਜੀ ਗ਼ਜ਼ਲ ਦੀ ਰਦੀਫ਼ 'ਖਲੋਤਾ ਹੈ' ਸ਼ਾਇਦ ਹੀ ਕਿਸੇ ਚੜ੍ਹਦੇ ਪੰਜਾਬ ਦੇ ਗ਼ਜ਼ਲਕਾਰ ਨੇ ਵਰਤੀ ਹੋਵੇ। ਇੰਜ ਬਹੁਤੀਆਂ ਗ਼ਜ਼ਲਾਂ ਦੀਆਂ ਰਦੀਫ਼ਾਂ ਅਨੂਠੀਆਂ ਤੇ ਅਸਲ ਪੰਜਾਬੀ ਵਿਚ ਹਨ। ਜ਼ੈਨ ਦਾ ਮਕਬੂਲ ਵਜ਼ਨ ਹੋਰਨਾਂ ਪਾਕਿਸਤਾਨੀ ਗ਼ਜ਼ਲਕਾਰਾਂ ਵਾਂਗ 'ਫੇਲੁਨ' ਹੈ ਤੇ ਮੈਂ ਸਮਝਦਾ ਹਾਂ ਇਸ ਵਜ਼ਨ ਵਿਚ ਜ਼ੈਨ ਦੀ ਬਰਾਬਰੀ ਕਰਨੀ ਆਸਾਨ ਨਹੀਂ ਹੈ। ਉਸ ਨੂੰ ਆਪਣੀ ਗੱਲ ਇਤਿਹਾਸ ਤੇ ਮਿਥਿਹਾਸ ਨਾਲ ਮਿਲਾ ਕੇ ਕਰਨੀ ਆਉਂਦੀ ਹੈ। ਪਾਕਿਸਤਾਨੀ ਪੰਜਾਬੀ ਗ਼ਜ਼ਲ ਦੇ ਸ਼ੌਕੀਨ ਜ਼ੈਨ ਨੂੰ ਪੜ੍ਹ ਕੇ ਜਾਣ ਜਾਣਗੇ ਕਿ ਚੜ੍ਹਦੇ ਵੱਲ ਲਿੱਪੀਅੰਤਰ ਹੋ ਕੇ ਪੜ੍ਹਿਆ ਜਾ ਰਿਹਾ ਕਾਵਿ ਕਿਹੜੇ ਮੁਕਾਮ ਦਾ ਹੈ। ਦੋਹੀਂ ਪਾਸੀਂ ਵਧੀਆ ਲਿਖਣ ਵਾਲੇ ਸ਼ਾਇਰ ਅਜੇ ਪਾਠਕਾਂ ਤੱਕ ਪਹੁੰਚੇ ਨਹੀਂ ਜਾਂ ਉਨ੍ਹਾਂ ਨੂੰ ਪਹੁੰਚਾਇਆ ਹੀ ਨਹੀਂ ਗਿਆ। ਘੱਟੋ-ਘੱਟ ਪੰਜਾਬੀ ਵਿਰਸਾ ਟਰੱਸਟ ਇਸ ਪਾਸੇ ਹੋਰ ਅੱਗੇ ਵਧੇਗਾ, ਮੈਨੂੰ ਆਸ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਗੁਲਾਬੀ ਸੁੰਡੀ
ਲੇਖਕ : ਸੁਰਜੀਤ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 375 ਰੁਪਏ, ਸਫ਼ੇ : 268
ਸੰਪਰਕ : 98553-71313

ਡਾ. ਸੁਰਜੀਤ ਬਰਾੜ ਬਹੁ-ਵਿਧਾਵੀ ਰਚਨਾਕਾਰ ਹੈ। ਉਹਨੇ ਕਵਿਤਾ, ਆਲੋਚਨਾ, ਕਹਾਣੀ, ਵਾਰਤਕ, ਸੰਪਾਦਨਾ ਅਤੇ ਅਨੁਵਾਦ ਆਦਿ ਨਾਲ ਸੰਬੰਧਿਤ ਦੋ ਦਰਜਨ ਤੋਂ ਵਧੀਕ ਪੁਸਤਕਾਂ ਦੀ ਰਚਨਾ ਕੀਤੀ ਹੈ। 'ਗੁਲਾਬੀ ਸੁੰਡੀ' ਉਸ ਦਾ ਨਵਾਂ ਨਾਵਲ ਹੈ, ਜਿਸ ਦੇ 16 ਕਾਂਡ ਹਨ। ਅਸਲ ਵਿਚ ਇਹ ਨਾਵਲ ਵਾਂਗ ਬੱਝਵੀਂ ਤੇ ਇਕ ਲੜੀਵਾਰ ਕਹਾਣੀ ਦੀ ਥਾਂ ਵੱਖ-ਵੱਖ ਕਹਾਣੀਆਂ ਹੀ ਹਨ। ਸਾਰੇ ਕਾਂਡਾਂ ਵਿਚ ਪਿੰਡ ਬਾਗਪੁਰ ਦੀਆਂ ਵੱਖ-ਵੱਖ ਸਮੱਸਿਆਵਾਂ, ਕੁਰੀਤੀਆਂ, ਔਕੜਾਂ ਦੀ ਬਾਤ ਪਾਈ ਗਈ ਹੈ। ਇਹ ਪੁਸਤਕ ਇਕੋ ਵਿਚਾਰਧਾਰਾ ਨੂੰ ਪ੍ਰਸਤੁਤ ਕਰਦੀ ਹੈ। ਸਾਰੇ ਹੀ ਕਾਂਡਾਂ ਵਿਚ ਕਾਮਰੇਡ ਜੀਤ ਤੇ ਕਾਮਰੇਡ ਟਹਿਲ ਦੇ ਵਿਚਾਰਾਂ ਨੂੰ ਪ੍ਰਮੁੱਖਤਾ ਨਾਲ ਰੇਖਾਂਕਿਤ ਕੀਤਾ ਗਿਆ ਹੈ। ਪਹਿਲੇ ਕਾਂਡ ਵਿਚ ਪ੍ਰੇਮਪਾਲ ਤੇ ਜਗਤਾਰ ਦੀ ਅਣਜੋੜ ਪ੍ਰੇਮਗਾਥਾ, ਦੂਜੇ ਵਿਚ ਕਿਰਨ ਤੇ ਦੀਦਾਰ ਦੀ ਕਹਾਣੀ ਰਾਹੀਂ ਨਸ਼ਿਆਂ ਦਾ ਬਿਰਤਾਂਤ, ਤੀਜੇ ਵਿਚ ਹਰੀ ਦੀ ਜ਼ਮੀਨ ਤੇ ਮੇਜਰ ਵਲੋਂ ਗ਼ੈਰ-ਕਾਨੂੰਨੀ ਡਾਕਾ, ਚੌਥੇ ਵਿਚ ਮਜ਼੍ਹਬੀ ਸਿੱਖ ਜੋਰਾ ਸਿੰਘ ਦੀ ਮਾਰਮਿਕ ਕਥਾ, ਪੰਜਵੇਂ ਵਿਚ ਬਲਬੀਰ ਜੱਬਲ ਦਾ ਘਰੇਲੂ ਕਲਾ-ਕਲੇਸ਼, ਛੇਵੇਂ ਵਿਚ ਦੌਲਤ ਰਾਮ ਦੀ ਧੀ ਸੁਨੀਤਾ ਦਾ ਗੁਆਂਢੀ ਦਵਿੰਦਰ ਵਲੋਂ ਜਬਰ ਜਨਾਹ, ਸੱਤਵੇਂ ਵਿਚ ਇਕ ਭਰਾ ਵਲੋਂ ਆਪਣੀ ਵਿਧਵਾ ਭਾਬੀ ਤੇ ਉਹਦੇ ਮੁੰਡੇ ਨੂੰ ਨਹਿਰ ਵਿਚ ਸੁੱਟ ਕੇ ਉਹਦੀ ਜ਼ਮੀਨ 'ਤੇ ਕਬਜ਼ਾ ਕਰਨਾ, ਅੱਠਵੇਂ ਵਿਚ ਮਤਰੇਈ ਮਾਂ ਵਲੋਂ ਮਤਰੇਏ ਪੁੱਤ ਨਾਲ ਭੈੜਾ ਸਲੂਕ, ਨੌਵੇਂ ਵਿਚ ਪਿੰਡ ਦੀ ਔਰਤ ਨਿਰਮਲਾ ਵਲੋਂ ਵੱਖ-ਵੱਖ ਲੋਕਾਂ ਨਾਲ ਨਾਜਾਇਜ਼ ਸੰਬੰਧ, ਦਸਵੇਂ ਵਿਚ ਪਿਤਾ ਵਲੋਂ ਦੋਹਾਂ ਮੁੰਡਿਆਂ ਦਾ ਮਾਂ ਦੀ ਮੌਤ ਪਿੱਛੋਂ ਪਾਲਣ-ਪੋਸਣ, ਗਿਆਰ੍ਹਵੇਂ ਵਿਚ ਪੁੱਤਰ ਵਲੋਂ ਬੁੱਢੇ ਮਾਂ ਪਿਓ ਦਾ ਨਿਰਾਦਰ, ਬਾਰ੍ਹਵੇਂ ਵਿਚ ਪੁਲਿਸ ਵਲੋਂ ਗਾਇਬ ਹੋਈ ਧੀ ਬਰਾਮਦ ਨਾ ਕਰ ਸਕਣ ਦੀ ਨਿੰਦਣਯੋਗ ਕਾਰਵਾਈ, ਤੇਰ੍ਹਵੇਂ ਵਿਚ ਨਸ਼ਈ ਪੁੱਤ ਦੇ ਖ਼ੌਫ਼ਨਾਕ ਕਾਰੇ, ਚੌਧਵੇਂ ਵਿਚ ਬੂਬਨੇ ਸਾਧਾਂ ਉੱਤੇ ਲੋਕਾਂ ਦਾ ਅੰਨ੍ਹਾ ਵਿਸ਼ਵਾਸ, ਪੰਦਰਵੇਂ ਵਿਚ ਅੰਮ੍ਰਿਤਧਾਰੀ ਸਿੱਖ ਦਾ ਕੱਟੜ ਰਵੱਈਆ, ਸੋਲਵੇਂ ਤੇ ਅੰਤਿਮ ਕਾਂਡ ਵਿਚ ਕਾਮਰੇਡ ਜੀਤ ਵਲੋਂ ਸਿਸਟਮ ਦੀ ਕਾਰਗੁਜ਼ਾਰੀ ਦੀ ਚੀਰਫਾੜ...। ਕਾਮਰੇਡ ਜੀਤ ਤੇ ਟਹਿਲ ਨੇ ਪਿੰਡਾਂ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ, ਪੂੰਜੀਵਾਦੀ ਸਿਸਟਮ ਦੇ ਹਮਲਿਆਂ ਦਾ ਮੁਕਾਬਲਾ ਕਰਨ, ਕੱਟੜਵਾਦੀਆਂ ਤੋਂ ਬਚਣ, ਬਾਬਿਆਂ-ਭੇਖੀਆਂ ਦੇ ਜਾਲ ਵਿਚ ਫਸਣ ਤੋਂ ਤੋਬਾ ਕਰਨ, ਨਸ਼ਿਆਂ ਦੀ ਦਲਦਲ ਦੇ ਮਾਰੂ ਪ੍ਰਭਾਵਾਂ, ਅਨਪੜ੍ਹਤਾ ਆਦਿ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ ਹਨ। ਸਮਾਜ-ਸੁਧਾਰ ਤੇ ਚੰਗੇਰੀ ਜੀਵਨ-ਜਾਚ ਬਾਰੇ ਕਾਮਰੇਡਾਂ ਦੇ ਉਸਾਰੂ ਵਿਚਾਰਾਂ ਨੂੰ ਥਾਂ-ਥਾਂ 'ਤੇ ਪ੍ਰਗਟਾਇਆ ਗਿਆ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਜੰਗਲ ਬੇਲੇ ਦੀਆਂ ਬਾਤਾਂ
ਲੇਖਕ : ਸਾਬੀ ਈਸਪੁਰੀ
ਪ੍ਰਕਾਸ਼ਕ : ਬਸੰਤ-ਸੁਹੇਲ ਪਬਲੀਕੇਸ਼ਨਜ਼ ਫਗਵਾੜਾ
ਮੁੱਲ : 100 ਰੁਪਏ, ਸਫੇ : 19
ਸੰਪਰਕ : 94171-16476

ਹਥਲੀ ਪੁਸਤਕ 'ਜੰਗਲ ਬੇਲੇ ਦੀਆਂ ਬਾਤਾਂ' ਸਾਬੀ ਈਸਪੁਰੀ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜੋ ਬਾਲਾਂ ਨੂੰ ਨੈਤਿਕ ਸਿੱਖਿਆਵਾਂ ਨਾਲ ਭਰਪੂਰ ਕਰਦੀ ਹੋਈ ਬਹੁਤ ਹੀ ਪਿਆਰੀ ਨਿਆਰੀ ਰੰਗਦਾਰ ਤਸਵੀਰਾਂ ਨਾਲ ਸ਼ਿੰਗਾਰੀ ਬਹੁ-ਮੁੱਲੀ ਪੁਸਤਕ ਹੈ। ਜਿਸ ਵਿਚ 9 ਬਾਲ ਕਹਾਣੀਆਂ ਹਨ। ਬੱਚੇ ਪੰਛੀਆਂ ਅਤੇ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਏਸੇ ਕਰਕੇ ਲੇਖਕ ਨੇ ਸਾਰੀਆਂ ਕਹਾਣੀਆਂ ਵਿਚ ਪਾਤਰ ਪੰਛੀ ਅਤੇ ਜਾਨਵਰਾਂ ਉਨ੍ਹਾਂ ਦੀਆਂ ਆਦਤਾਂ ਅਨੁਸਾਰ ਹੀ ਲਏ ਹਨ। ਪਹਿਲੀ ਕਹਾਣੀ 'ਸਵੇਰ ਦੀ ਸੈਰ ਵਿਚ' ਬਾਲਾਂ ਨੂੰ ਬਹੁਤ ਹੀ ਰੌਚਕ ਕਹਾਣੀ ਨਾਲ ਸੈਰ ਕਰਨ ਦੀ ਮਹਾਨਤਾ ਸਮਝਾਈ ਗਈ ਹੈ। ਜੰਗਲ ਦਾ ਰਾਜਾ ਸ਼ੇਰ ਬਹੁਤ ਉਦਾਸ ਬੈਠਾ ਹੈ ਕਿਉਂਕਿ ਜੰਗਲ ਵਿਚ ਬਹੁਤ ਸਾਰੇ ਜਾਨਵਰ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਸ਼ੇਰ ਨੇ ਹੰਗਾਮੀ ਮੀਟਿੰਗ ਸੱਦੀ ਅਤੇ ਜਾਨਵਰਾਂ ਨਾਲ ਵਿਚਾਰਾਂ ਕੀਤੀਆਂ ਸਭ ਤੋਂ ਪਹਿਲਾਂ ਜ਼ਿਰਾਫ ਬੋਲਿਆ ਕਹਿੰਦਾ, 'ਸਾਰੇ ਕੰਮ ਤਾਂ ਕੰਪਿਊਟਰ ਕਰੀ ਜਾਂਦਾ ਹੈ ਸਾਨੂੰ ਵਿਹਲਿਆਂ ਨੂੰ ਬਿਮਾਰੀਆਂ ਹੀ ਲੱਗਣੀਆਂ ਹਨ ਜਾਂ ਸਾਰਾ ਦਿਨ ਕੰਪਿਊਟਰ 'ਤੇ ਬੈਠਣ ਵਾਲਿਆਂ ਨੂੰ ਵੀ ਬਿਮਾਰੀਆਂ ਹੀ ਲੱਗਣੀਆਂ ਹਨ ਉਸ ਤੋਂ ਬਾਅਦ ਬਹੁਤੇ ਜਾਨਵਰਾਂ ਦੀ ਰਾਇ ਸੀ ਕਿ ਟੈਲੀਫੂਨ ਦੀ ਬੇਲੋੜੀ ਵਰਤੋਂ ਅਤੇ ਸਾਡਾ ਮਾੜਾ ਖਾਣ ਪੀਣ ਵੀ ਇਨ੍ਹਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ ਅਸੀਂ ਕੰਮ ਕਾਰ ਭਾਵ ਮਿਹਨਤ ਕਰਨੀ ਛੱਡ ਗਏ ਹਾਂ'। ਅਖੀਰ ਵਿਚ ਸਾਰੇ ਜਾਨਵਰਾਂ ਦੀ ਸਾਂਝੀ ਰਾਇ ਸੀ ਕਿ ਸਵੇਰ ਤੋਂ ਆਪਾਂ ਸਾਰੇ ਸੈਰ ਕਰਿਆ ਕਰੀਏ ਤਾਂ ਹੀ ਤੰਦਰੁਸਤ ਰਹਾਂਗੇ ਕੁਝ ਦਿਨਾਂ ਵਿਚ ਹੀ ਸ਼ੇਰ ਨੂੰ ਰਿਪੋਰਟਾਂ ਪਹੁੰਚ ਰਹੀਆਂ ਸਨ ਕਿ ਸਾਰੇ ਜਾਨਵਰ ਬਹੁਤ ਖ਼ੁਸ਼ ਹਨ ਅਤੇ ਜਲਦੀ-ਜਲਦੀ ਤੰਦਰੁਸਤ ਹੋ ਰਹੇ ਹਨ ਏਵੇਂ ਹੀ 'ਖਜੂਰ ਤੇ ਕਾਂ' ਵਾਲੀ ਕਹਾਣੀ ਬਹੁਤ ਹੀ ਸਿੱਖਿਆਦਾਇਕ ਹੈ ਕਾਂ ਹੰਕਾਰੀ ਸੀ ਬਹੁਤ ਉੱਚਾ ਉਡ ਕੇ ਅਖੀਰ ਇਕ ਖਜੂਰ ਤੇ ਆ ਬੈਠਾ ਖਜੂਰ ਉਸ ਨੂੰ ਪੁੱਛਦੀ ਹੈ, 'ਐਨਾ ਉੱਚਾ ਉੱਡਣ ਦਾ ਕੀ ਫਾਇਦਾ ਹੈ ਅਖੀਰ ਤਾਂ ਧਰਤੀ 'ਤੇ ਹੀ ਆਉਣਾ ਹੈ ਤਾਂ ਕਾਂ ਹੰਕਾਰ ਵਿਚ ਬੋਲਿਆ ਅਜੇ ਤਾਂ ਗਰਮੀ ਕਰਕੇ ਮੈਂ ਬਹੁਤ ਘੱਟ ਉੱਚਾ ਉਡਿਆ ਹਾਂ ਮੈਂ ਤਾਂ ਬਹੁਤ ਉੱਚਾ ਉੱਡ ਲੈਂਦਾ ਹਾਂ ਤੇ ਖੰਜ਼ੂਰ ਨੂੰ ਕਹਿੰਦਾ ਤੂੰ ਕਿਉਂ ਬਾਕੀ ਰੁੱਖਾਂ ਨਾਲੋਂ ਐਨੀ ਉੱਚੀ ਹੋ ਕੇ ਆਕੜ ਕੇ ਖੜ੍ਹੀ ਏਂ ਤਾਂ ਖੰਜ਼ੂਰ ਭਾਵੁਕ ਹੋ ਗਈ, 'ਕਹਿੰਦੀ ਮੇਰੀ ਧੌਣ ਵੀ ਵੇਖ ਕਿਵੇਂ ਝੁਕੀ ਹੋਈ ਹੈ ਇਸ ਤੋਂ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਉਮੇ ਹੰਕਾਰ ਅਤੇ ਆਕੜ ਕਰਨੀ ਬਹੁਤ ਮਾੜੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸਾਰੀਆਂ ਕਹਾਣੀਆਂ ਬਾਲਾਂ ਨੂੰ ਮਨੋਰੰਜਨ ਦੇ ਨਾਲ ਨਾਲ ਸੁਭਾਵਿਕ ਹੀ ਉੱਚੀ -ਸੁੱਚੀ ਸਿੱਖਿਆ ਵੀ ਦਿੰਦੀਆਂ ਹਨ। ਲੇਖਕ ਖੁਦ ਅਧਿਆਪਕ ਹੋਣ ਕਰਕੇ ਬਾਲਾਂ ਦੀ ਨਬਜ਼ ਨੂੰ ਬਹੁਤ ਬਰੀਕੀ ਨਾਲ ਪਛਾਣਦਾ ਹੈ। ਜ਼ਿੰਦਗੀ ਦਾ ਢੇਰ ਸਾਰਾ ਤਜ਼ਰਬਾ ਵੀ ਰੱਖਦੇ ਹਨ। ਇਸ ਤੋਂ ਪਹਿਲਾਂ ਲੇਖਕ ਬਹੁਤ ਸਾਰੀਆਂ ਬਾਲ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਹਨ ਇਥੇ ਹੀ ਵੱਸ ਨਹੀਂ ਪਿਛਲੇ ਲੰਬੇ ਸਮੇਂ ਤੋਂ ਬਾਲਾਂ ਲਈ ਬਹੁਤ ਹੀ ਪਿਆਰਾ ਮੈਗਜ਼ੀਨ 'ਤਨੀਸ਼ਾ' ਵੀ ਕੱਢਦੇ ਹਨ। ਮੈਂ ਇਸ ਬਹੁਤ ਹੀ ਪਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ ਅਤੇ ਅਧਿਆਪਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹੀਆਂ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਵਿਚ ਲਿਆ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ। ਬਾਲਾਂ ਨੂੰ ਸਮੇਂ ਦੇ ਹਾਣੀ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣਾਓ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ: 9463542896

ਜੋਗੀੜਾ ਗਾਉਂਦਾ ਗਲ਼ੀ-ਗਲ਼ੀ
ਲੇਖਕ : ਜਨਕ ਸ਼ਰਮੀਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫੇ : 143
ਸੰਪਰਕ : 86996-99367

ਸ਼ਾਇਰ ਜਨਕ ਸ਼ਰਮੀਲਾ ਹੱਥਲੇ ਕਾਵਿ-ਸੰਗ੍ਰਹਿ 'ਜੋਗੀੜਾ ਗਾਉਂਦਾ ਗਲੀ ਗਲੀ' ਜਿਸ ਨੂੰ ਉਹ ਰੂਹਾਨੀ ਕਾਵਿ-ਸੰਗ੍ਰਹਿ ਕਹਿੰਦਾ ਹੈ, ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਰੂਹਾਨੀ ਸੰਗ੍ਰਹਿ 'ਮਿਲ ਬੁੱਲ੍ਹਿਆ ਇਕ ਵਾਰ' ਰਾਹੀਂ ਪੰਜਾਬੀ ਸੂਫ਼ੀਆਨਾ ਸ਼ਾਇਰੀ ਦੀ ਦਰਗਾਹ 'ਤੇ ਧਮਾਲ ਪਾ ਚੁੱਕਿਆ ਹੈ। ਅਜਿਹੀ ਸ਼ਾਇਰੀ ਵੱਖਰੀ ਤਰ੍ਹਾਂ ਦੇ ਪਾਠਕ ਤੇ ਸਰੋਤਿਆਂ ਦੀ ਮੰਗ ਕਰਦੀ ਹੈ। ਅਜਿਹੀ ਸ਼ਾਇਰੀ ਫਕੀਰਾਂ ਦੇ ਮਜ਼ਾਰਾਂ, ਅਸਥਾਨਿਆਂ ਅਤੇ ਦਰਗਾਹਾਂ 'ਤੇ ਗਮੰਤਰੀਆਂ ਅਤੇ ਕੱਵਾਲਾਂ ਵਲੋਂ ਸਾਜ਼ ਤੇ ਆਵਾਜ਼ ਨਾਲ ਕੀਤੀ ਪੇਸ਼ਕਾਰੀ ਅਕਸਰ ਸਰੋਤਿਆਂ ਨੂੰ ਵੱਜਦ ਵਿਚ ਲਿਆ ਕੇ ਝੂਮਣ ਲਾ ਦਿੰਦੀ ਹੈ। ਅਜਿਹੀ ਸ਼ਾਇਰੀ ਸੁਰ ਦੇ ਨਾਲ ਸਟੇਜੀ ਰੁਮਾਂਚਿਕਤਾ ਦੇ ਅੰਗ-ਸੰਗ ਹੋ ਜਾਂਦੀ ਹੈ। ਸ਼ਾਇਰ ਨੇ ਸਾਈਂ ਬੁੱਲ੍ਹੇਸ਼ਾਹ ਅਤੇ ਸ਼ਾਹ ਹੁਸੈਨ ਦੇ ਪਰਛਾਵਿਆਂ ਤੋਂ ਪਿਉਂਦ ਚੜ੍ਹਾ ਕੇ ਮਾਰਫਤੀ ਕਲਾਮ ਨੂੰ ਕਵਿਤਾਇਆ ਹੈ ਅਤੇ ਅਜਿਹੇ ਕਲਾਮ ਰਿਕਾਰਡਿੰਗ ਕੰਪਨੀਆਂ ਦੀ ਪੈਸੇ ਕਮਾਉਣ ਲਈ ਪਹਿਲੀ ਮੰਗ ਹੁੰਦੀ ਹੈ। ਸ਼ਾਇਰ ਨੇ ਜ਼ਿੰਦਗੀ ਨੂੰ ਚਰਖੇ, ਪੂਣੀਆਂ ਅਤੇ ਤੂੰਬੇ ਦੇ ਮੈਟਾਫਿਰਾਂ ਅਤੇ ਉਪਨਾਵਾਂ ਨਾਲ ਸੰਜੋਏ ਸ਼ਬਦਾਂ ਨਾਲ ਮੁਰਾਦਾਂ ਮੰਗਣ ਲਈ ਅਤੇ ਮੁਰਸ਼ਦ ਨੂੰ ਰਿਝਾਉਣ ਲਈ ਲੇਲ੍ਹੜੀਆਂ ਕੱਢਦੀ ਸ਼ਾਇਰੀ ਲਿਖੀ ਹੈ। ਸ਼ਾਇਰ ਆਪਣੇ ਮੁਰਸ਼ਦ ਨੂੰ ਰੀਝਾਉਣ ਲਈ ਪੁਰਸਲਾਤ ਦੀ ਨਦੀ ਪਾਰ ਕਰਨ ਵਰਗੇ ਤਰੱਦਦ ਦੀ ਮੰਗ ਕਰਦਾ ਹੈ। ਉਹ ਰਾਂਝੇ ਨੂੰ ਰੱਬ ਅਤੇ ਹੀਰ ਨੂੰ ਵਾਰਸ ਸ਼ਾਹ ਵਾਂਗ ਰੂਹ ਕਹਿਣ ਤੱਕ ਚਲੇ ਜਾਂਦਾ ਹੈ। ਅਜਿਹੀ ਸ਼ਾਇਰੀ ਕਵਿਤਾਉਣ ਲੱਗਿਆਂ ਅਕਸਰ ਸ਼ਾਇਰ ਦੁਹਰਾਓ ਦਾ ਸ਼ਿਕਾਰ ਹੋ ਜਾਂਦਾ ਹੈ। ਸ਼ਾਇਰ ਕੋਲ ਕਾਵਿ-ਸ਼ਿਲਪ ਤਾਂ ਹੈ ਪਰ ਕਾਵਿ ਚਿੰਤਨ ਇਸ ਲਈ ਝੋਲ ਮਾਰ ਜਾਂਦਾ ਹੈ ਕਿਉਂਕਿ ਅਕਸਰ ਥਾਂ ਥਾਂ ਡੇਰੇ ਖੁੰਬਾਂ ਵਾਂਗ ਉਗ ਆਏ ਹਨ। ਜਿਥੇ ਸਰੋਤਿਆਂ ਨੂੰ 'ਮਸਤ' ਬਣਾਉਣ ਦੀ ਕਵਾਇਦ ਕਰਵਾਈ ਜਾਂਦੀ ਹੈ। ਸ਼ਾਇਰ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਆਪੋ-ਆਪਣੇ ਬੌਧਿਕ ਮਾਪਦੰਡਾਂ 'ਤੇ ਨਿਰਭਰ ਕਰਦਾ ਹੈ। ਖ਼ੈਰ ਤੁਸੀਂ ਹਾਲ ਦੀ ਘੜੀ ਸ਼ਾਇਰ ਦੇ ਮਾਰਫਤੀ ਰੰਗ ਦਾ ਰੰਗ ਦੇਖੋ:
'ਦੋਸਤਾਂ ਨੂੰ ਵੀ ਗਲ ਨਾਲ ਲਾਈਂ,
ਦੁਸ਼ਮਣਾਂ ਦੀ ਵੀ ਸੁੱਖ ਮਨਾਈਂ
ਜਿਸ ਨੇ ਤੈਨੂੰ ਜ਼ਿੰਦਗੀ ਬਖ਼ਸ਼ੀ
ਉਸ ਮਾਲਕ ਨੂੰ ਭੁੱਲ ਨਾ ਜਾਈਂ
ਹਰਦਮ ਉਸ ਦਾ ਕਰ ਸ਼ੁਕਰਾਨਾ
ਸਭ ਦੀ ਮੰਗ ਭਲੀ
ਜੋਗੀੜਾ ਗਾਉਂਦਾ ਗਲ਼ੀ-ਗਲ਼ੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਉੱਚ ਜਾਤੀ ਹੋਣ ਦਾ ਸੰਤਾਪ
ਲੇਖਕ : ਗੁਰਦੀਪ ਸਿੰਘ ਵੜੈਚ
ਪ੍ਰਕਾਸ਼ਕ: ਸਪਤਰਿਸ਼ੀਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 60
ਸੰਪਰਕ :94630-23152

ਭਾਵੇਂ ਕੁਦਰਤ ਨੇ ਹਰ ਮਨੁੱਖ ਵਿਚ ਕੁਝ ਨਾ ਕੁਝ ਖਾਸ ਵਖਰੇਵੇਂ ਰੱਖਦੇ ਹੋਏ ਉਸ ਦੇ ਸਰੀਰ ਦੀ ਆਮ ਰਚਨਾ ਕਰੀਬ ਕਰੀਬ ਇਕੋ ਤਰ੍ਹਾਂ ਦੀ ਹੀ ਕੀਤੀ ਹੋਈ ਹੈ। ਪਰ ਮਨੁੱਖ ਵਿਚਲੇ ਘੜੱਮ ਚੌਧਰਪੁਣੇ ਨਾਲ ਓਤਪੋਤ ਮੁੱਠੀ ਭਰ ਜਾਤ ਜਾਤ ਅਭਿਮਾਨੀ ਝੁੰਡ ਨੇ ਮਨੁੱਖ ਜਾਤੀ ਵਿਚ ਇਕ ਬਹੁਤ ਵੱਡੇ ਭੇਦ ਭਾਵ ਜਾਤੀ ਪ੍ਰਥਾ ਦਾ ਖਲਾਅ ਪੈਦਾ ਕਰਕੇ ਮਨੁੱਖਤਾ/ਇਨਸਾਨੀਅਤ 'ਤੇ ਭਾਰੀ ਸੱਟ ਮਾਰੀ ਹੈ। ਜਿਸ ਦੀ ਅਸਹਿ ਪੀੜਾ ਹਰ ਵਰਗ ਕਿਸੇ ਨਾ ਕਿਸੇ ਰੂਪ ਵਿਚ ਮਹਿਸੂਸ ਕਰ ਰਿਹਾ ਹੈ। ਆਦਿ ਜੁਗਾਦ ਤੋਂ ਅਖੌਤੀ ਨੀਵੀਂ ਜਾਤੀ, ਇਹ ਸੰਤਾਪ ਝਲਦੀ ਆ ਰਹੀ ਹੈ ਤੇ ਹੁਣ ਵੋਟਾਂ ਬਟੋਰੂ ਸਿਆਸੀ ਸਿਸਟਮ ਨੇ ਬੇਲੋੜਾ ਉਹ ਵੀ ਹੱਦੋਂ ਰਾਖਵੇਂਕਰਨ ਨੇ ਅਖੌਤੀ ਉਚ ਜਾਤੀ (ਜਨਰਲ ਵਰਗ) ਦੇ ਨੱਕ ਵਿਚ ਵੀ ਦਮ ਕੀਤਾ ਹੋਇਆ ਹੈ। ਜਿਸ ਦੀ ਪੀੜਾ ਨੂੰ ਸਮਾਜ ਸੇਵੀ ਲੇਖਕ ਗੁਰਦੀਪ ਸਿੰਘ ਵੜੈਚ ਨੇ ਪੁਸਤਕ 'ਉੱਚ ਜਾਤੀ ਹੋਣ ਦਾ ਸੰਤਾਪ' ਵਿਚ ਬੜੀ ਬੇਬਾਕੀ ਨਾਲ ਵਰਨਣ ਕੀਤਾ ਹੈ।
ਉਚ ਜਾਤੀ ਦੇ ਸੰਤਾਪ ਨੂੰ ਹੱਡੀਂ ਹੰਢਾਉਂਦੇ ਜਿਊਂਦੇ-ਜਾਗਦੇ ਪਾਤਰਾਂ ਨੂੰ ਅੱਖੀਂ ਦੇਖੀਆਂ ਤੇ ਰੋਜ਼ੀ ਰੋਟੀ ਲਈ ਉਨ੍ਹਾਂ ਦੇ ਜੀਵਨ ਦੀਆਂ ਸਖ਼ਤ ਰਾਮ ਕਹਾਣੀਆਂ ਯਾਦਾਂ ਦੇ ਇਸ ਪਰਾਗੇ ਰੂਪੀ ਪੁਸਤਕ ਵਿਚ ਉੱਚ ਜਾਤੀ ਦੇ ਧੋਣ ਵਿਚ ਗੱਡਿਆ ਹੰਕਾਰੀ ਕਿੱਲੇ ਕਰਕੇ ਕਿਰਤ ਮਜਦੂਰੀ ਕਰਨ ਵਿਚ ਸ਼ਰਮ ਮਹਿਸੂਸ ਕਰਨਾ, ਨੱਕ ਨਜੂਮ ਰੱਖਣ ਖਾਤਰ ਝੁੱਗਾ ਚੌੜ ਕਰਵਾਉਣ ਦੇ ਹੱਦੋਂ ਵੱਧ ਖਰਚੀਲੇ ਭੈੜੇ ਰੀਤੀ ਰਿਵਾਜ, ਉੱਚ ਜਾਤੀ ਕਾਰਨ ਸਰਕਾਰੀ ਸਹੂਲਤਾਂ ਵਿਚ ਵੱਡੀ ਰੁਕਾਵਟ, ਪੱਥਰ ਦਿਲ ਘਰ ਪਰਿਵਾਰ ਵਲੋਂ ਵਿਧਵਾ ਨੂੰਹ (ਖਾਸ ਕਰਕੇ ਪੁੱਤਰ ਤੋਂ ਵਿਰਵੀ ਧੀਆਂ ਦੀ ਮਾਂ ਵਿਧਵਾ) ਦੇ ਜਾਇਦਾਦੀ ਹੱਕ ਦੱਬਣ ਦੀ ਭੈੜੀ ਨੀਅਤ ਦੇ ਨਾਕਾਰਾਤਮਿਕ ਯਤਨ, ਨਸ਼ਾ ਖੋਰੀ, ਇਨਸਾਫ਼ ਵਿਚ ਬੇਲੋੜੀ ਹੱਦੋਂ ਵੱਧ ਦੇਰ ਨਾਲ ਨਿਆਂ ਦਾ ਵੀ ਬੇਮਾਇਨੇ ਹੋ ਨਿਬੜਨਾ, ਜਨਰਲ ਵਰਗ ਵਿਚ ਜੰਮਣਾ ਗੁਨਾਹ/ਸਰਾਪ ਬਣ ਕੇ ਸਮੇਂ ਦਾ ਇਕ ਵੱਡਾ ਨਾਸੂਰ ਬਣ ਜਾਣਾ, ਨੌਕਰੀਆਂ ਪ੍ਰਾਪਤੀਆਂ ਵਿਚ ਕਾਣੀ ਵੰਡ ਦਾ ਰੁਝਾਨ ਵਧਣਾ, ਤਰੱਕੀਆਂ ਵਿਚ ਬਾਰ ਬਾਰ ਰਾਖਵੇਂਕਰਨ ਦਾ ਗ਼ੈਰ-ਜ਼ਰੂਰੀ ਲਾਭ ਨਾਲ ਲਿਆਕਤ/ਯੋਗਤਾ ਦੇ ਹੁੰਦੇ ਬਲਾਤਕਾਰ ਨਾਲ ਕੰਮਕਾਰ ਦੀ ਨਿਪੁੰਨਤਾ ਨੂੰ ਠੇਸ ਪਹੁੰਚਣਾ, ਨੀਵੀਂ ਜਾਤੀ ਲਈ ਮਿਲਦੀਆਂ ਸਹੂਲਤਾਂ/ਨੌਕਰੀਆਂ
ਦੇ ਲਾਭ ਲਈ ਧੋਖਾਧੜੀਆਂ / ਇਖਲਾਕ ਤੋਂ ਡਿਗੇ ਕਰਮ ( ਅਖੌਤੀ ਨੀਵੀਂ ਜਾਤ ਦੇ ਝੂਠੇ ਸਰਟੀਫਿਕੇਟ ਬਣਾਉਣ ਦਾ ਨਾਕਾਰਾਤਮਿਕ ਰੁਝਾਨ ਪ੍ਰਚੱਲਿਤ ਹੋਣਾ) ਤੇ ਹੱਕਰਸੀ ਆਦਿ ਨਿਰਾਰਥਕ ਪੱਖਾਂ ਨੂੰ ਘਟਾਉਣ ਲਈ ਲੇਖਕ ਗੁਰਦੀਪ ਸਿੰਘ ਵੜੈਚ ਨੇ ਬਹੁਤ ਵਧੀਆ ਸਾਰਥਿਕ ਪੱਖਾਂ ਨੂੰ ਬੜੀ ਸੂਝ-ਬੂਝ ਨਾਲ ਸੁਝਾਇਆ ਹੈ, ਜਿਵੇਂ ਕਿ ਸਰਕਾਰੀ ਸਹੂਲਤਾਂ ਵੰਡ ਲਈ ਜਾਤੀਵਾਦ ਦੀ ਥਾਂ ਆਰਥਿਕਤਾ ਨੂੰ ਆਧਾਰ ਬਣਾਉਣ ਦੀ ਪ੍ਰੋੜਤਾ ਕਰਨਾ, ਚੁੱਲ੍ਹਾ ਮਘਦਾ ਰੱਖਣ ਖਾਤਰ ਰੋਜ਼ੀ ਰੋਟੀ ਲਈ ਕੰਮ ਕਾਰ ਕਰਨ ਦੀ ਹਿਚਕਚਾਹਟ/ਝਿਜਕਸ਼ਰਮ ਨੂੰ ਦੂਰ ਕਰਨਾ ਦੀ ਲੋੜ ਆਦਿ ਸਾਰਥਿਕ ਵਿਸ਼ਿਆਂ ਨੂੰ ਉਜਾਗਰ ਕਰਦੀ ਯਾਦਾਂ ਦੀ ਪਟਾਰੀ ਰੂਪੀ ਪੁਸਤਕ'ਉਚ ਜਾਤੀ ਹੋਣ ਦਾ ਸੰਤਾਪ' ਦੀ ਆਮਦ ਦਾ ਨਿੱਘਾ ਸੁਆਗਤ ਹੈ ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858

ਮਿੱਟੀ ਦਾ ਪੁਤਲਾ
ਲੇਖਕ : ਮੋਹੀ ਅਮਰਜੀਤ ਸਿੰਘ
ਪ੍ਰਕਾਸ਼ਕ : ਹਾਊਸ ਆਫ ਲਿਟਰੇਚਰ, ਲੁਧਿਆਣਾ
ਮੁੱਲ : 200- ਰੁਪਏ ਸਫੇ : 64
ਸੰਪਰਕ : 85690-63627

ਮੋਹੀ ਅਮਰਜੀਤ ਸਿੰਘ ਸਿਰੜੀ ਰੰਗ ਕਰਮੀ ਹੈ। ਉਸਨੇ ਨਾਟਕ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਵੀ ਕੀਤਾ ਹੈ। ਹਥਲੀ ਪੁਸਤਕ ਵਿਚ ਉਸਦੇ ਦੋ ਨਾਟਕ ਸ਼ਾਮਲ ਹਨ 'ਘਰ ਘਰ ਇਹੋ ਅੱਗ' ਅਤੇ 'ਮਿੱਟੀ ਦਾ ਪੁਤਲਾ'। 'ਘਰ ਘਰ ਇਹੋ ਅੱਗ' ਮੱਧ ਵਰਗੀ ਕਿਸਾਨ ਪਰਿਵਾਰ ਦੀ ਕਹਾਣੀ ਹੈ। ਲੋੜਾਂ ਥੋੜਾਂ ਵਿਚੋਂ ਲੰਘਦਾ ਜਰਨੈਲ ਸਿੰਘ ਆਪਣੇ ਛੋਟੇ ਜਿਹੇ ਪਰਿਵਾਰ, ਘਰਵਾਲੀ, ਪੁੱਤ ਅਤੇ ਧੀ ਦਾ ਗੁਜ਼ਾਰਾ ਤੋਰਦਾ ਹੈ। ਠੰਢੇ ਬੁੱਲਿਆਂ ਦੀ ਆਸ ਵਿਚ ਮਿਹਨਤ ਕਰਦੇ ਪਰਿਵਾਰ ਨੂੰ ਦੋ ਤੱਤੀਆ 'ਵਾਵਾਂ ਘੇਰਦੀਆਂ ਹਨ। ਇਕ ਵਿਦੇਸ਼ ਜਾਣ ਵਾਲੀ ਹੋੜ ਅਤੇ ਦੂਸਰੀ ਨਸ਼ਿਆਂ ਵਾਲੀ ਹਨੇਰੀ। ਜਰਨੈਲ ਅਤੇ ਹਰਨਾਮ ਕੌਰ (ਪਤਨੀ) ਵੱਡਾ ਸੁੱਨਾ ਲੈਕੇ ਆਪਣੀ ਪੜ੍ਹੀ-ਲਿਖੀ ਧੀ (ਪ੍ਰੀਤੀ) ਦਾ ਰਿਸ਼ਤਾ ਵਿਦੇਸ਼ੀ ਮੁੰਡੇ (ਹੈਰੀ) ਨਾਲ ਕਰ ਦਿੰਦੇ ਹਨ ਜਿਸ ਲਈ ਲੱਖਾਂ ਦੇ ਕਰਜ਼ੇ ਦੇ ਬੋਝ ਥੱਲੇ ਪਰਿਵਾਰ ਆਉਂਦਾ ਹੈ। ਪੁੱਤ (ਬੂਟਾ) ਇਕ ਤਾਂ ਬੇਰੁਜਗਾਰ ਹੈ, ਬਾਪੂ ਨਾਲ ਹੱਥ ਵੀ ਨਹੀਂ ਵਟਾਉਂਦਾ ਉੱਤੋਂ ਆਪਣੇ ਦੋਸਤ (ਦੀਪ) ਨਾਲ ਮਿਲ ਕੇ ਨਸ਼ਿਆਂ ਦੀ ਅੱਗ ਵਿਚ ਸੜਨ ਲਗਦਾ ਹੈ। ਆੜ੍ਹਤੀਏ ਦੇ ਮਿਹਨੇ ਜਰਨੈਲ ਦੀ ਅਣਖ ਨੂੰ ਵੰਗਾਰ ਵਾਂਗ ਲਗਦੇ ਹਨ। ਪਰਿਵਾਰ ਭਿਆਨਕ ਭੈਅ ਵਿਚੋਂ ਲੰਘ ਰਿਹਾ ਹੈ। ਪ੍ਰੀਤੀ ਦੇ ਸਹੁਰੇ ਚੰਗਾ ਵਿਹਾਰ ਨਹੀਂ ਕਰਦੇ ਸਗੋਂ ਲਾਲਚ ਵਸ ਹੋਰ ਪੈਸੇ ਮੰਗਦੇ ਹਨ। ਉਸਦਾ ਪਤੀ ਵੀ ਕੈਨੇਡਾ ਤੋਂ ਕੋਈ ਸਾਰਥਕ ਹੁੰਗਾਰਾ ਨਹੀਂ ਭਰ ਰਿਹਾ। ਪ੍ਰੀਤੀ ਕਾਫੀ ਦੁਬਿਧਾ ਵਿਚ ਹੈ। ਜਰਨੈਲ ਸਿੰਘ ਨੂੰ ਖੁਦਕਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਦਿਸ ਰਿਹਾ। ਬੇਸ਼ਕ ਇਹ ਬਿਮਾਰੀ ਅੱਜ ਸਾਰੇ ਘਰ ਘਰ ਦੀ ਕਹਾਣੀ ਬਣ ਚੁੱਕੀ ਹੈ ਪਰ ਨਾਟਕਕਾਰ ਮੋਹੀ ਨੇ ਆਸ-ਭਰਪੂਰ ਮੋੜ ਲਿਆਂਦਾ ਹੈ ਕਿ ਪ੍ਰੀਤੀ ਵਿਦੇਸ਼ ਜਾਣ ਦੀ ਇੱਛਾ ਤਿਆਗ ਦਿੰਦੀ ਹੈ ਅਤੇ ਹੈਂਕੜਬਾਜ ਪਤੀ ਤੋਂ ਮੂੰਹ ਮੋੜ ਕੇ ਤੋੜ ਵਿਛੋੜ ਕਰਕੇ ਬਾਪੂ ਦੀ ਧਿਰ ਬਣਦੀ ਹੈ। ਪ੍ਰੀਤੀ ਦਾ ਖੇਤ ਜਾਣਾ ਤੇ ਬੂਟੇ ਵਲੋਂ ਨਸ਼ਿਆਂ ਵਾਲੀ ਸਰਿੰਜ ਨੂੰ ਤੋੜ ਕੇ ਬਾਪ ਨਾਲ ਖੜ੍ਹਨਾ ਪਰਿਵਾਰ ਦੇ ਚੰਗੇ ਭਵਿੱਖ ਦਾ ਪ੍ਰਤੀਕ ਹੈ। ਦੂਸਰਾ ਨਾਟਕ ਸਾਧੂ ਸਿੰਘ ਦੇ ਕਾਵਿ ਸੰਗ੍ਰਿਹ 'ਦੀਵੇ 'ਚੋਂ ਉੱਗਦੇ ਸੂਰਜ' ਦੇ ਅਧਾਰਿਤ ਹੈ। ਮਜ਼ਦੂਰ ਪਰਿਵਾਰ ਦੀ ਕਹਾਣੀ ਹੈ, ਬਲਕਿ ਦੋ ਪਰਿਵਾਰਾਂ ਦੀ ਨਾਟਕ ਦੀ ਪਿਠ ਭੂਮੀ ਦਸਦੀ ਹੈ ਕਿ ਬਿੰਦਰ ਨੇ ਜਸਬੀਰ ਦਾ ਕਤਲ ਕਰ ਦਿੱਤਾ। ਜਸਬੀਰ ਦੀ ਘਰਵਾਲੀ ਅਮਨ, ਬਾਪ ਕੁਲਵੰਤ, ਪੁੱਤ ਦੀਪਾ ਅਤੇ ਧੀ ਸਿੰਮੀ ਦੁੱਖ ਭੋਗ ਰਹੇ ਹਨ। ਅਮਨ ਕਿਵੇਂ ਨਾ ਕਿਵੇਂ ਘਰ ਤੋਰ ਰਹੀ ਹੈ। ਪੁੱਤ ਅਤੇ ਧੀ ਪੜ੍ਹਾਈ ਦੇ ਨਾਲ ਨਾਲ ਮਜ਼ਦੂਰੀ ਕਰਕੇ ਹੱਥ ਵਟਾਉਂਦੇ ਹਨ, ਬਾਪ ਬਜ਼ੁਰਗ ਹੈ। ਇਕ ਆਰਥਿਕਤਾ ਦੀ ਮਾਰ ਅਤੇ ਦੂਸਰਾ ਜਸਬੀਰ ਦਾ ਵਿਛੋੜ੍ਹਾ ਦੋਵੇਂ ਦਰਦ ਡੂੰਘੇ ਹਨ। ਉਧਰ ਕਤਲ ਕਰਨ ਤੋਂ ਬਾਅਦ ਬਿੰਦਰ ਜੇਲ੍ਹ ਵਿਚ ਸਜ਼ਾ ਭੁਗਤ ਰਿਹਾ ਹੈ, ਉਸਦੀ ਘਰਵਾਲੀ ਕਰਮੋਂ ਵੀ ਆਪਣੀਆਂ ਧੀਆਂ ਨੂੰ ਔਖੀ ਸੌਖੀ ਪਾਲ ਰਹੀ ਹੈ ਅਤੇ ਕਚਿਹਰੀਆਂ, ਵਕੀਲਾਂ, ਪੁਲਿਸ ਦੇ ਚੱਕਰ ਦੀ ਘੰਮਣ-ਘੇਰੀ ਨੂੰ ਮਹਿਸੂਸ ਕਰਦੀ ਹੈ। ਗੱਲ ਇਸ ਮੋੜ 'ਤੇ ਆ ਖੜ੍ਹਦੀ ਹੈ ਕਿ ਜੇਕਰ ਜਸਵੀਰ ਦਾ ਪਰਿਵਾਰ ਬਿੰਦਰ (ਜਸਵੀਰ ਦਾ ਕਾਤਲ) ਨੂੰ ਮੁਆਫ ਕਰ ਦੇਵੇ ਤਾਂ ਬਿੰਦਰ ਬਰੀ ਹੋ ਸਕਦਾ। ਜਿਸ ਲਈ ਬਿੰਦਰ ਦੀ ਘਰਵਾਲੀ ਕਰਮੋ, ਅਮਨ ਦੇ ਘਰ ਆ ਕੇ ਝੋਲੀ ਅੱਡਦੀ ਹੈ ਪਰ ਅਮਨ ਦੇ ਅੰਦਰਲੀ ਅੱਗ ਲਾਟ ਤੋਂ ਭਾਂਬੜ ਬਣੀ ਹੋਣ ਕਰਕੇ ਗੱਲ ਕਿਸੇ ਸਿਰੇ ਨਹੀਂ ਲਗਦੀ ਦਿਸਦੀ। ਅਚਾਨਕ ਦੀਪਾ ਨਵੀਂ ਸੋਚ ਦਾ ਪ੍ਰਤੀਕ ਬਣਦਾ ਹੋਇਆ, ਮੁਆਫ ਕਰਨ ਦੀ ਹਾਮੀ ਭਰਦਾ ਹੈ, ਇਸ ਤਰਕ ਨਾਲ ਕਿ ਜੋ ਹੋਣਾ ਉਹ ਹੋਗਿਆ ਹੁਣ ਤਾਂ ਦੋਵੇਂ ਪਰਿਵਾਰ ਕੋਰਟ ਕਚਿਹਰੀਆਂ ਚੋਂ ਬਚ ਸਕਦੇ ਹਨ ਬਲਿਕ ਬਚਣਾ ਚਾਹੀਦਾ ਹੈ। ਦੀਪੇ ਨਾਲ ਅਮਨ ਅਤੇ ਪਰਿਵਾਰ ਦੇ ਸਹਿਮਤ ਹੋਣ ਨਾਲ ਨਾਟਕ ਦਾ ਸਿਖਰ ਸੁਖਾਵਾਂ ਹੁੰਦਾ ਹੈ। ਮੋਹੀ ਅਮਰਜੀਤ ਸਿੰਘ ਦੀ ਪੁਸਤਕ ਵਿਚਲੇ ਦੋਵੇਂ ਨਾਟਕ ਪੰਜਾਬ ਦੇ ਜ਼ਖ਼ਮਾਂ ਦੀ ਬਾਤ ਸੁਣਾਉਂਦੇ ਹਨ। ਭਾਸ਼ਾ, ਵਾਰਤਾਲਾਪ, ਘਟਨਾਵਾਂ ਦਿਲਚਸਪ ਵੀ ਹਨ ਅਤੇ ਪਾਠਕ ਦਰਸ਼ਕ ਨੂੰ ਨਾਲ ਲੈ ਕੇ ਤੁਰਨ ਦੇ ਸਮਰਥ ਵੀ ਹਨ ਇਸੇ ਕਰਕੇ ਇਹ ਨਾਟਕ ਰੰਗਮੰਚ ਦੀ ਕਸਵੱਟੀ 'ਤੇ ਖਰੇ ਉਤਰਦੇ ਨਜ਼ਰ ਆਉਂਦੇ ਹਨ।

-ਨਿਰਮਲ ਜੌੜਾ
ਮੋਬਾਈਲ : 98140-78799

ਤਾਰਿਆਂ ਦੀ ਛਾਵੇਂ
ਲੇਖਕ : ਧਿਆਨ ਸਿੰਘ ਸ਼ਾਹ ਸਿਕੰਦਰ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫੇ : 48
ਸੰਪਰਕ : 98148-22601

ਨਾਵਲੈੱਟ ਤਾਰਿਆਂ ਦੀ ਛਾਵੇਂ ਦੇ ਰਚੇਤਾ ਧਿਆਨ ਸਿੰਘ ਸ਼ਾਹ ਸਿਕੰਦਰ ਦੀ ਹੱਥਲੀ ਪੁਸਤਕ ਉਸ ਦੀ ਸੱਤਵੀਂ ਮੌਲਿਕ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 6 ਪੁਸਤਕਾਂ ਕਾਵਿ-ਸੰਗ੍ਰਹਿ, ਕਹਾਣੀ-ਸੰਗ੍ਰਹਿ, ਸਵੈ-ਜੀਵਨੀ, ਸਫ਼ਰਨਾਮਾ ਅਤੇ ਸੰਸਮਰਣ ਵੀ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ ਉਹ ਤਿੰਨ ਪੁਸਤਕਾਂ ਸੰਪਾਦਿਤ ਕਰਕੇ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਕ ਪੁਸਤਕ ਸੰਪਾਦਕੀਆਂ ਦੀ ਸੰਪਾਦਿਤ ਕੀਤੀ ਹੈ ਤੇ ਇਕ ਦੋਹੜਾ ਕਾਵਿ-ਰੂਪ ਤੇ ਕੀਤੀ ਖੋਜ 'ਤੇ ਆਧਾਰਿਤ ਹੈ। ਉਸ ਦੀ ਇਕ ਪੁਸਤਕ ਸੰਵਿਧਾਨਕ ਸੇਧਾਂ ਬਾਰੇ ਵੀ ਹੈ। ਹੱਥਲੀ ਪੁਸਤਕ ਇਕ ਨਾਵਲੈੱਟ ਹੈ ਜੋ ਪੰਜਾਬ ਵਿਚਲੇ ਉਸ ਕਾਲੇ ਦੌਰ ਦੀ ਕਥਾ ਸੁਣਾਉਂਦੀ ਹੈ ਜਦ ਅੱਤਵਾਦ ਕਾਰਨ ਦਹਿਸ਼ਤ, ਡਰ, ਭੈਅ ਅਤੇ ਨਫ਼ਰਤ ਪੰਜਾਬ ਦੀ ਹਵਾ ਵਿਚ ਘੁਲੀ ਹੋਈ ਸੀ। ਇਸ ਦਹਿਸ਼ਤ ਦਾ ਖ਼ਮਿਆਜ਼ਾ ਕਈ ਬੇਕਸੂਰਾਂ ਨੂੰ ਭੁਗਤਣਾ ਪਿਆ ਸੀ। ਅਜਿਹੇ ਹੀ ਇਕ ਵਿਅਕਤੀ ਦੀ ਕਹਾਣੀ ਇਸ ਨਾਵਲੈੱਟ ਵਿਚ ਬਿਆਨੀ ਗਈ ਹੈ। ਉਸ ਦਾ ਨਾਂਅ ਸੋਹਣਾ ਹੈ ਜੋ ਇਕ ਸੁੰਦਰ ਅਤੇ ਸਿਆਣਾ ਨੌਜਵਾਨ ਹੈ। ਆਪਣੀ ਸਾਦਗੀ ਅਤੇ ਸਿਆਣਪ ਕਾਰਨ ਉਹ ਪਿੰਡ ਦੀਆਂ ਕੁੜੀਆਂ ਦਾ ਚਹੇਤਾ ਬਣ ਜਾਂਦਾ ਹੈ ਪਰ ਉਸ ਦਾ ਇਸ ਸਭ ਕਾਸੇ ਤੋਂ ਅਣਜਾਣ ਰਹਿਣਾ ਹੀ ਉਸ ਦੇ ਜੀਵਨ ਦਾ ਗ੍ਰਹਿਣ ਬਣ ਜਾਂਦਾ ਹੈ। ਪਿੰਡ ਦੀਆਂ ਕੁੜੀਆਂ ਦੇ ਮਾਪੇ ਭਵਿੱਖ ਦੇ ਕਿਸੇ ਅਣਜਾਣ ਡਰ ਤੋਂ ਸਾਵਧਾਨ ਹੁੰਦਿਆਂ ਉਸ ਨੂੰ ਝੂਠੇ ਕੇਸ 'ਚ ਫਸਾ ਦਿੰਦੇ ਹਨ ਜਿਸ ਕਾਰਨ ਉਸ ਦੀ ਅਤੇ ਉਸ ਦੇ ਭੈਣ ਭਰਾਵਾਂ ਦੀ ਜ਼ਿੰਦਗੀ ਵੀ ਖ਼ਰਾਬ ਹੋ ਜਾਂਦੀ ਹੈ। ਸੋਹਣੇ ਨੂੰ ਨਾ ਚਾਹੁੰਦੇ ਹੋਏ ਵੀ ਹਥਿਆਰ ਚੁੱਕਣੇ ਪੈਂਦੇ ਹਨ ਅਤੇ ਉਸ ਦਾ ਚੰਗੇ ਜੀਵਨ ਦਾ ਸੁਪਨਾ ਟੁੱਟ ਜਾਂਦਾ ਹੈ। ਇਸ ਨਾਵਲੈੱਟ ਵਿਚ ਪੁਲਿਸ ਅਤੇ ਫ਼ੌਜ ਦੀ ਨਕਾਰਾਤਮਕ ਭੂਮਿਕਾ ਕਾਰਨ ਵੀ ਉਸ ਦੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅਤੇ ਇਸੇ ਝੂਠੇ ਮਾਹੌਲ ਕਾਰਨ ਉਸ ਨੂੰ ਪੁਲਿਸ ਵਲੋਂ ਮਾਰ ਵੀ ਦਿੱਤਾ ਜਾਂਦਾ ਹੈ। ਇਸ ਨਾਵਲੈੱਟ ਵਿਚ ਉਸ ਕਾਲੇ ਦੌਰ ਦੇ ਪਰਛਾਵਿਆਂ ਹੇਠ ਜਿਨ੍ਹਾਂ ਕਈ ਵਿਅਕਤੀਆਂ ਦੀ ਜ਼ਿੰਦਗੀ ਖ਼ਰਾਬ ਹੋਈ ਉਨ੍ਹਾਂ ਵਿਚੋਂ ਇਕ ਦਾ ਹੀ ਵਰਣਨ ਕੀਤਾ ਗਿਆ ਹੈ। ਅਜਿਹੇ ਕਈ ਕਿੱਸੇ ਅਜੇ ਸਾਹਮਣੇ ਆਉਣੇ ਬਾਕੀ ਹਨ ਜਿਨ੍ਹਾਂ ਬਾਰੇ ਇਤਿਹਾਸ ਵਿਚ ਵੀ ਕੋਈ ਵਰਣਨ ਨਹੀਂ ਮਿਲਦਾ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਬੁੱਝੋ ਮੇਰੀ ਬਾਤ?
ਸੰਪਾਦਕ : ਜਗਸੀਰ ਸਿੰਘ ਮੌੜ ਤੇ ਸੁਖਪਾਲ ਕੌਰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਜੋਧਪੁਰ ਪਾਖ਼ਰ, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 76
ਸੰਪਰਕ : 99151-41606

ਜਗਸੀਰ ਸਿੰਘ ਮੌੜ ਅਤੇ ਸੁਖਪਾਲ ਕੌਰ ਦੋਵੇਂ ਪਤੀ-ਪਤਨੀ ਇਸ ਪੁਸਤਕ ਦੇ ਸੰਪਾਦਕ ਹਨ। ਦਿਲਚਸਪ ਗੱਲ ਇਹ ਹੈ ਕਿ ਦੋਵੇਂ ਹੀ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਅਧਿਆਪਕ ਵਜੋਂ ਕਾਰਜਸ਼ੀਲ ਹਨ। ਦੋਹਾਂ ਦਾ ਪ੍ਰਾਇਮਰੀ ਪੱਧਰ 'ਤੇ ਬੱਚਿਆਂ ਨਾਲ਼ ਸਿੱਧਾ ਰਾਬਤਾ ਹੋਣ ਕਾਰਨ ਉਨ੍ਹਾਂ ਆਪਣੇ ਵੱਖ-ਵੱਖ ਸਰੋਤਾਂ ਤੋਂ ਬੁਝਾਰਤਾਂ ਨੂੰ ਇਕੱਠਾ ਕਰਕੇ ਕਿਤਾਬੀ ਰੂਪ ਦੇਣ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਅਜੋਕੇ ਸਮੇਂ ਅੰਦਰ ਜਿਹੜੇ ਬੱਚੇ ਆਪਣੀ ਸੁਰਤ ਸੰਭਾਲਦਿਆਂ ਹੀ ਮੋਬਾਈਲ ਫ਼ੋਨਾਂ ਨਾਲ ਜੁੜ ਗਏ ਹਨ। ਉਨ੍ਹਾਂ ਨੇ ਇਹ ਬੁਝਾਰਤਾਂ ਆਪਣੀ ਨਾਨਾ-ਨਾਨੀ ਜਾਂ ਦਾਦੀ-ਦਾਦੇ ਦੇ ਮੂੰਹੋਂ ਕਦੇ ਨਹੀਂ ਸੁਣੀਆਂ ਹੋਣਗੀਆਂ। ਇਕਹਿਰੇ ਪਰਿਵਾਰ ਹੋਣ ਕਾਰਨ ਬੱਚਿਆਂ ਦੇ ਹਿੱਸੇ ਆਪਣੇ ਵੱਡ-ਵਡੇਰਿਆਂ ਤੋਂ ਸੁਣੀਆਂ ਬੁਝਾਰਤਾਂ ਨਹੀਂ ਆਈਆਂ ਹੋਣਗੀਆਂ। ਕਿਸੇ ਸਮੇਂ ਸਾਡੇ ਘਰਾਂ 'ਚ ਵੱਡ-ਵਡੇਰੇ ਰਾਤ ਸਮੇਂ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਬੁਝਾਰਤਾਂ ਤੋਂ ਇਲਾਵਾ ਰਾਜੇ-ਰਾਣੀਆਂ, ਜਨੌਰਾਂ ਅਤੇ ਭੂਤਾਂ-ਪ੍ਰਰੇਤਾਂ ਦੀਆਂ ਕਹਾਣੀਆਂ ਸੁਣਾ ਕੇ ਜਿੱਥੇ ਉਨ੍ਹਾਂ ਦਾ ਮਨਪ੍ਰਚਾਵਾ ਕਰਿਆ ਕਰਦੇ ਸਨ, ਓਥੇ ਹੀ ਇਸ ਮਾਧਿਅਮ ਦੁਆਰਾ ਨੈਤਿਕ ਸਿੱਖਿਆ ਦੇਣ ਦੇ ਨਾਲ਼-ਨਾਲ਼ ਬੌਧਿਕ ਪੱਧਰ ਨੂੰ ਵੀ ਹੋਰ ਮਜ਼ਬੂਤ ਕਰਦੇ ਸਨ। ਬੁਝਾਰਤਾਂ ਨੂੰ ਸਾਂਝੇ ਪਰਿਵਾਰ ਦੇ ਕਈ-ਕਈ ਬੱਚੇ ਬੜੀ ਉਤਸੁਕਤਾ ਨਾਲ ਰਾਤ ਨੂੰ ਸੁਣਦੇ ਸਨ, ਜਿਸ ਬਾਤ ਦਾ ਸਹੀ ਜਵਾਬ ਨਾ ਸੁੱਝਦਾ ਤਾਂ 'ਭਿਆਂ' ਕਹਿ ਕੇ ਖਹਿੜਾ ਛੁਡਾਉਂਦੇ ਸਨ। ਉਪਰੰਤ ਉਸ ਬਾਤ ਦੇ ਨੇੜ-ਤੇੜ ਦਾ ਸੰਕੇਤਕ ਗਿਆਨ ਲੈ ਕੇ ਫ਼ਿਰ ਉਸ ਨੂੰ ਬੁੱਝਣ ਦਾ ਯਤਨ ਕਰਦੇ ਸਨ। ਬੁਝਾਰਤਾਂ ਲੋਕ ਸਾਹਿਤ ਦਾ ਹਿੱਸਾ ਹਨ, ਲੋਕ ਕਹਾਣੀਆਂ ਸੁਣ-ਸੁਣਾ ਕੇ ਇਕ ਪੀੜ੍ਹੀ ਤੋਂ ਦੂਜੀਆਂ ਪੀੜ੍ਹੀਆਂ ਤੱਕ ਅੱਪੜ ਜਾਂਦੀਆਂ ਸਨ। ਪਰ ਹੁਣ ਜ਼ਮਾਨਾ ਜ਼ਿਆਦਾ ਬਦਲ ਗਿਆ ਹੋਣ ਕਰਕੇ ਪੁਰਾਤਨ ਕਥਾਵਾਂ/ਬੁਝਾਰਤਾਂ ਅੱਗੇ ਨਹੀਂ ਵਧ ਰਹੀਆਂ। ਪੁਸਤਕ ਵਿਚ ਸ਼ਾਮਿਲ ਬੁਝਾਰਤਾਂ ਅਸੀਂ ਸੁਣੀਆਂ ਹੋਈਆਂ ਹਨ, ਪਰ ਬੱਚਿਆਂ ਨੇ ਨਹੀਂ। ਇਸ ਨਿੱਗਰ ਉਪਰਾਲੇ ਲਈ ਅਧਿਆਪਕ ਜੋੜੀ ਵਧਾਈ ਦੀ ਹੱਕਦਾਰ ਹੈ। ਯਕੀਨ ਹੈ ਕਿ ਹਰੇਕ ਬੱਚਾ ਇਸ ਪੁਸਤਕ ਨੂੰ ਪੂਰੀ ਦਿਲਚਸਪੀ ਨਾਲ ਪੜ੍ਹੇਗਾ।

-ਮੋਹਰ ਗਿੱਲ ਸਿਰਸੜੀ
ਮੋਬਾਈਲ : 98156-59110

ਵੰਡਨਾਮਾ
ਕਵੀ : ਹਰਵਿੰਦਰ ਸਿੰਘ ਭੱਟੀ
ਅੰਗਰੇਜ਼ੀ ਅਨੁਵਾਦ : ਪ੍ਰੋ. ਕੁਮੂਲ ਅਭੀ
ਪ੍ਰਕਾਸ਼ਕ : ਯੂਨਿਸਟਾਰ ਬੁੱਕਸ ਮੁਹਾਲੀ
ਮੁੱਲ : 695 ਰੁਪਏ, ਸਫ਼ੇ : 122
ਸੰਪਰਕ : 98152-49886

1947 ਦੀ ਭਾਰਤ-ਪਾਕਿ ਵੰਡ ਦਾ ਸ਼ਿਕਾਰ ਹੋਏ ਮਾਸੂਮ ਤੇ ਬੇਕਸੂਰ ਲੋਕਾਂ ਨੂੰ ਸਮਰਪਿਤ ਚਰਚਾ ਅਧੀਨ ਕਾਵਿ-ਪੁਸਤਕ ਉਸ ਵਕਤ ਦੀ ਕਾਸ਼ੀਦਗੀ ਨੂੰ ਬਹੁਤ ਸੰਜਮੀ, ਸੰਗਠਿਤ, ਸਾਰਥਿਕ, ਲੈਅਬੱਧ ਤੇ ਬੱਝਵੇਂ ਪ੍ਰਭਾਵਸ਼ਾਲੀ ਅੰਦਾਜ਼ 'ਚ ਪਾਠਕਾਂ ਦੀ ਸੂਝ-ਸਮਝ ਦਾ ਹਿੱਸਾ ਬਣਾਉਂਦੀ ਹੈ। ਇਹ ਪੁਸਤਕ ਕਾਵਿ-ਆਤਮਾ 'ਚ ਏਨੀ ਨੇੜੇ ਹੈ ਕਿ ਜੇਕਰ 'ਬਿੰਦਰ ਸਿਆਂ' ਦੀ ਥਾਂ 'ਵਾਰਿਸਸ਼ਾਹ ਮੀਆਂ' ਪੜ੍ਹ ਲਿਆ ਜਾਵੇ ਤਾਂ ਵਾਰਿਸ ਦੀ ਬੈਂਤਾਂ ਵਾਲੀ 'ਹੀਰ' ਬਦੋਬਦੀ ਯਾਦ ਆ ਜਾਂਦੀ ਹੈ। 'ਬਿੰਦਰ ਸਿਹੁੰ' ਨਾਂਅ ਦੇ ਪਾਤਰ ਰਾਹੀਂ ਹਰਵਿੰਦਰ ਸਿੰਘ ਭੱਟੀ ਨੇ ਸਿਰਫ਼ 1947 ਦੀ ਦੇਸ਼ ਵੰਡ ਦੀ ਪੀੜ ਨੂੰ ਹੀ 'ਵੰਡਨਾਮਾ' 'ਚ ਵਿਅਕਤ ਨਹੀਂ ਕੀਤਾ ਸਗੋਂ ਪੰਜਾਬ ਦੀ ਵਿਲੱਖਣਤਾ ਨੂੰ ਵੀ ਗਾਗਰ 'ਚ ਸਾਗਰ ਭਰਨ ਵਾਂਗ ਪੇਸ਼ ਕੀਤਾ ਹੈ। ਇਸ ਕਾਵਿ-ਰਚਨਾ ਵਿਚਲੇ ਕਈ ਵਾਕ ਅਟੱਲ ਸੱਚਾਈਆਂ ਵਾਲੀ ਮਹਾਨਤਾ ਰੱਖਦੇ ਹਨ। ਮਿਸਾਲ ਵਜੋਂ:
-ਬਿੰਦਰ ਸਿਆਂ ਬਾਹਲੇ ਨੇਰ੍ਹਾ ਢੋਣ ਵਾਲੇ ਥੋੜ੍ਹੇ ਹੋਣਗੇ ਉੱਚੀਆਂ ਬਿਰਤੀਆਂ ਦੇ
-ਬਿੰਦਰ ਸਿਆਂ ਬਿਨ ਆਪਣਾ-ਆਪ ਜਾਣੇ ਬਸਤੇ ਫੋਲਣੇ ਕੀ ਕੌਮਾਂ ਦੂਜੀਆਂ ਦੇ
-ਬਿੰਦਰ ਸਿਆਂ ਰੱਬ ਹੀ ਸੀ ਸਕਦੈ ਦਾਮਨ ਹੋਣ ਜਦ ਚਾਕ ਮੁਹੱਬਤਾਂ ਦੇ।
-ਬਿੰਦਰ ਸਿਆਂ ਛੱਡਣਾ ਰਾਜ ਔਖਾ ਬਾਘੜ ਯਾਰ ਕਦ ਬਣਦੇ ਲੇਲਿਆਂ ਦੇ
-ਬਿੰਦਰ ਸਿਆਂ ਲੀਡਰ ਛੋਟੀ ਸੋਚ ਵਾਲੇ ਮੁੱਢ ਬੰਨ੍ਹਦੇ ਸਦਾ ਬਦਹਾਲੀਆਂ ਦਾ।
ਪੂਰੀ ਪੁਸਤਕ ਵਿਚਲਾ ਕਾਵਿ-ਬਿਰਤਾਂਤ 'ਸਿਫ਼ਤ ਸਾਲਾਹ' ਦੇ ਸਿਰਲੇਖ ਤੋਂ ਸ਼ੁਰੂ ਹੋ ਕੇ ਇਨਸਾਨੀਅਤ ਤੇ ਰੂਹਾਨੀਅਤ' ਉਤੇ ਸਮਾਪਤ ਹੁੰਦਾ ਹੈ। ਵਿਚਕਾਰਲਾ ਕਾਵਿ-ਬਿਰਤਾਂਤ 'ਦੇਸ਼ ਪੰਜਾਬ', 'ਲਿਖਣ ਦਾ ਸਬੱਬ', 'ਅੰਗਰੇਜ਼ਾਂ ਦੀ ਆਮਦ', 'ਅੰਗਰੇਜ਼ਾਂ ਦੀਆਂ ਸਕੀਮਾਂ', '1857 ਦਾ ਗ਼ਦਰ', 'ਨਾਮਧਾਰੀ ਲਹਿਰ', 'ਅੰਗਰੇਜ਼ੀ ਪੜ੍ਹਾਈ ਦਾ ਅਸਰ', 'ਗ਼ਦਰ ਪਾਰਟੀ', 'ਪਹਿਲਾ ਸੰਸਾਰ ਯੁੱਧ', 'ਅੰਗਰੇਜ਼ ਤੇ ਫਿਰਕਾਪ੍ਰਸਤੀ', 'ਦੂਸਰਾ ਸੰਸਾਰ ਯੁੱਧ', 'ਯੁੱਧ ਦਾ ਅੰਤ ਤੇ ਅੰਗਰੇਜ਼ੀ ਚਾਲਾਂ', 'ਫਿਰਕੂ ਦੰਗੇ', 'ਫਿਰਕਾਪ੍ਰਸਤੀ ਤੇ ਪੰਜਾਬ ਦੀ ਵੰਡ', 'ਸਿੱਖਾਂ ਦੀ ਹੋਣੀ', 'ਉਜਾੜਾ ਤੇ ਹਿਜਰਤ', 'ਔਰਤਾਂ 'ਤੇ ਜ਼ੁਲਮ', 'ਉਜਾੜਾ ਤੇ ਨਰਕੀ ਸਫਰ', 'ਇਨਸਾਨੀ ਫਿਤਰਤ', 'ਅੰਗਰੇਜ਼ ਅਫਸਰ ਤੇ ਫਿਰਕੂ ਲੀਡਰ', 'ਰਿਫਿਊਜੀਆਂ ਦੀ ਦਸ਼ਾ', 'ਮੁੜ ਵਸੇਬੇ ਦੀਆਂ ਮੁਸ਼ਕਿਲਾਂ' ਤੇ 'ਮੁੜ ਵਸੇਬੇ ਤੋਂ ਬਾਅਦ' ਦੇ ਸਿਰਲੇਖਾਂ ਦੇ ਅੰਤਰਗਤ ਸੰਪੰਨ ਹੋਇਆ ਹੈ। ਚੱਲ ਰਹੀ ਗੱਲ ਦੇ ਅਨੁਕੂਲ 61 ਚਿੱਤਰ (ਕਾਲੇ ਚਿੱਟੇ) ਵੀ ਨਾਲ ਦਰਜ ਹਨ। ਇਕੋ ਸਮੇਂ ਪੰਜਾਬੀ ਤੇ ਅੰਗਰੇਜ਼ੀ ਵਿਚ ਪੜ੍ਹੀ ਜਾਣ ਵਾਲੀ ਇਹ ਪੁਸਤਕ 'ਵੰਡ ਨਾਮਾ' ਜਿਥੇ ਸ਼ਾਇਰ ਦੀ ਕਲਮ ਦੀ ਤਾਕਤ ਦਿਖਾਉਂਦੀ ਹੈ, ਉਥੇ ਨਿਭਾਏ ਗਏ ਵਿਸ਼ਾ-ਵਸਤੂ ਨੂੰ ਵੀ ਬੜੀ ਟੁੰਬਵੀਂ ਸ਼ੈਲੀ 'ਚ ਪਾਠਕਾਂ/ਸਰੋਤਿਆਂ ਦੇ ਮਨ-ਮਸਤਕ ਦਾ ਹਿੱਸਾ ਬਣਾਉਂਦੀ ਹੋਈ ਸਮੇਂ, ਸਥਾਨ ਤੇ ਸਥਿਤੀਆਂ ਨਾਲ ਜੁੜਦੇ ਕਈ ਕਾਰਨਾਂ-ਕਾਰਜਾਂ 'ਤੇ ਭਰਵਾਂ ਪ੍ਰਕਾਸ਼ ਪਾਉਂਦੀ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-0echo

ਸਿੱਖੀ ਦੀ ਮਹਿਕ
ਲੇਖਕ : ਅਵਤਾਰ ਸਿੰਘ ਤੂਫ਼ਾਨ
ਪਬਲਿਸ਼ਰ : ਸਪੀਕਰ ਪਬਲੀਕੇਸ਼ਨਜ਼ ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95017-35100

ਇਸ ਕਾਵਿ-ਸੰਗ੍ਰਹਿ ਦੇ ਲੇਖਕ/ਕਵੀ ਸਵਰਗਵਾਸੀ ਅਵਤਾਰ ਸਿੰਘ ਤੂਫ਼ਾਨ ਭਾਵੇਂ 1997 ਵਿਚ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਚੁੱਕਾ ਹੈ। ਸਮੇਂ-ਸਮੇਂ ਲੇਖਕ ਵੱਖ-ਵੱਖ ਵਿਧਾਵਾਂ ਵਿਚ ਕਲਮੀ ਸਫਰ ਕਰਦਾ ਰਿਹਾ। ਲੇਖਕ ਸੱਤ ਪੁਸਤਕਾਂ ਪੰਜਾਬੀ ਸਾਹਿਤ ਨੂੰ ਵੱਖ-ਵੱਖ ਵਿਧਾਵਾਂ ਵਿਚ ਪਾਠਕਾਂ ਨੂੰ ਭੇਟ ਕਰ ਚੁੱਕਾ ਹੈ। ਕਵੀ ਦੇ ਦੋਵੇਂ ਸਪੁੱਤਰਾਂ ਵਲੋਂ ਇਹ ਪੁਸਤਕ ਆਪਣੇ ਪਿਤਾ ਜੀ (ਕਵੀ) ਦੇ ਅਕਾਲ ਚਲਾਣੇ ਤੋਂ ਬਾਅਦ ਪਾਠਕਾਂ ਦੇ ਸਨਮੁਖ ਕੀਤੀ ਹੈ। ਪੁਸਤਕ ਵਿਚ ਸ਼ਾਮਿਲ ਢਾਈ ਦਰਜਨ, ਕਵਿਤਾਵਾਂ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹਨ। ਕਵੀ ਨੇ ਛੰਦਾ ਬੰਦੀ ਵਿਚ ਕਵਿਤਾ ਲਿਖ ਕੇ ਪ੍ਰੋੜ ਪੰਥਕ ਸਟੇਜੀ ਕਵੀ ਹੋਣ ਦਾ ਸਬੂਤ ਦਿੱਤਾ ਹੈ। ਕਵੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਨੇ ਆਪਣੀ ਹਰ ਰਚਨਾ ਵਿਚ ਕਾਫੀਆ, ਰਦੀਸ਼ ਤੇ ਤੋਲ-ਤੁਕਾਂਤ ਦਾ ਪੂਰਾ ਖਿਆਲ ਰੱਖਿਆ ਹੈ। ਕਵੀ ਨੇ ਕਵਿਤਾਵਾਂ ਵਿਚ ਰਸ, ਅਲੰਕਾਰ ਅਤੇ ਤਸ਼ਬੀਹਾਂ ਨਾਲ ਸ਼ਿੰਗਾਰਣ ਨੇ ਫ਼ਰਜ਼ ਨੂੰ ਵੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਇਆ ਹੈ। ਹਰ ਇਕ ਕਵਿਤਾ ਵਿਚੋਂ ਸਿੱਖੀ ਦੀ ਖੁਸ਼ਬੂ ਤਾਂ ਆਉਂਦੀ ਹੀ ਹੈ-ਨਾਲ-ਨਾਲ ਪੰਥਕ ਜਜ਼ਬੇ ਦਾ ਪ੍ਰਗਟਾਵਾ ਵੀ ਹੁੰਦਾ ਹੈ। ਜ਼ਿਆਦਾਤਰ ਕਵਿਤਾਵਾਂ ਬੈਂਤ ਛੰਦ ਵਿਚ ਹਨ, ਦੋ ਵਾਰਾਂ ਅਤੇ ਕੁਝ ਕੁ ਛੋਟੇ ਬਹਿਰ ਵਾਲੀਆਂ ਰਚਨਾਵਾਂ ਵੀ ਹਨ। ਵਿਸ਼ੇ ਨੂੰ ਆਰੰਭ ਤੋਂ ਅੰਤ ਤੱਕ ਨਿਭਾਉਣ ਦਾ ਯਤਨ ਕੀਤਾ ਗਿਆ ਹੈ। ਕਵੀ ਦੀ ਧਰਮ ਸੁਪਤਨੀ ਸਵਰਗਵਾਸੀ 'ਨਿਰੰਜਨ' ਅਵਤਾਰ ਕੌਰ ਵੀ ਨਾਮਵਰ ਕਵਿਤਰੀ ਸਨ।
ਕਵੀ ਦੀਆਂ ਵੱਖ-ਵੱਖ ਕਵਿਤਾਵਾਂ ਦੀਆਂ ਕੁਝ ਕੁ ਵੰਨਗੀਆਂ ਪਾਠਕਾਂ ਦੇ ਰੂਬਰੂ ਹਨ।
'ਨਾਨਕੀ ਦਾ ਪਿਆਰ ਵੀਰ ਨਾਨਕ' ਕਵਿਤਾ ਦੀ ਵੰਨਗੀ ਹੈ। ਵੱਲ ਕੱਢੇ ਵਲੀ ਹੰਕਾਰੀਆ ਦੇ, ਸੱਜਣ ਠੱਗਾਂ ਨੂੰ ਪਿਆਰ ਸਿਖਾ ਦਿੱਤਾ। ਮਾਣ ਤੋੜਿਆ ਕੌਡਿਆਂ ਰਾਖਸ਼ਾਂ ਦਾ, ਰੀਠਿਆ ਤਾਈਂ ਵੀ ਮਿੱਠਾ ਬਣਾ ਦਿੱਤਾ। 1984 ਵਿਚ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦਾ ਬਿਆਨ ਵੀ ਬੇਬਾਕੀ ਨਾਲ ਕੀਤਾ ਹੈ।
'ਕਵਿਤਾ' ਰਾਏ ਕੱਲੇ ਨਾਲ ਕੁਝ ਗੱਲਾਂ ਕਵਿਤਾ ਵਿਚ ਸਰਬੰਸਦਾਨੀ ਪਿਤਾ ਜੀ ਦੀ ਬੁਲੰਦੀ ਵੱਲ ਇਸ਼ਾਰਾ ਹੈ।
ਕੀ ਹੋਇਆ ਤਕਦੀਰ ਨੇ ਪਾਈਆਂ ਨੇ ਭੀੜਾਂ
ਮਾਂ ਗੁਜਰੀ ਤੋਂ ਵੱਧ ਨੇ, ਧਰਤੀ ਦੀਆਂ ਪੀੜਾਂ।
ਕੀ ਹੋਇਆ ਜੇ ਟੁਰ ਗੇ, ਮੇਰੇ ਪੁੱਤਰ ਚਾਰੇ,
ਸ਼ੁਕਰ ਹੈ ਉਸ ਕਰਤਾਰ ਦਾ, ਅਸੀਂ ਕਰਜ਼ ਉਤਾਰੇ।
ਕੀ ਹੋਇਆ ਜੇ ਬੁਝ ਗਏ, ਮੇਰੀ ਕੁਲ ਦੇ ਦੀਵੇ,
ਮੇਰਾ ਭੁਝੰਗੀ ਖਾਲਸਾ, ਸਦੀਆਂ ਤੱਕ ਜੀਵੇ।
ਆਪਣੇ ਕਵੀ ਪਿਤਾ ਦੀਆਂ ਕਵਿਤਾਵਾਂ ਦੇ, ਸੰਗ੍ਰਹਿ ਨੂੰ ਪਾਠਕਾਂ ਦੇ ਰੂ-ਬਰੂ ਕਰਨ ਲਈ ਦੋਵੇਂ ਸਪੁੱਤਰ ਵਧਾਈ ਦੇ ਪਾਤਰ ਹਨ। ਪੁਸਤਕ ਦੇ ਆਰੰਭ ਵਿਚ 'ਮੁੱਖ ਬੰਦ' ਰੂਪ ਵਿਚ ਦੋ ਸ਼ਬਦ ਲਿਖ ਕੇ ਉੱਘੇ ਕਵੀ ਤੇ ਨਾਮਵਰ ਸਾਹਿਤਕਾਰ ਡਾ. ਹਰੀ ਸਿੰਘ ਜਾਚਕ ਨੇ ਵੀ ਆਪਣੇ ਫ਼ਰਜ਼ ਨੂੰ ਬਾਖੂਬੀ ਨਿਭਾਇਆ ਹੈ। ਕਵਿਤਾ ਨਾਲ ਪਿਆਰ ਕਰਨ ਵਾਲੇ ਪਾਠਕਾਂ ਲਈ ਪੁਸਤਕ ਸਾਂਭਣਯੋਗ ਸੌਗਾਤ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 

18-01-2025

 ਸਮਾਜਿਕ ਕ੍ਰਾਂਤੀ ਦੇ ਆਗੂ
ਜੋਤੀ ਰਾਓ ਫੁਲੇ
ਮੂਲ ਲੇਖਕ : ਐਮ.ਡੀ. ਜਗਤਾਪ,
ਡਾ. ਐਮ.ਐਲ. ਪਰਿਹਾਰ
ਅਨੁਵਾਦਕ : ਡਾ. ਬਲਦੇਵ ਸਿੰਘ 'ਬੱਦਨ'
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 99588-31357

ਇਸ ਪੁਸਤਕ ਨੂੰ ਮੂਲ ਲੇਖਕਾਂ ਨੇ 12 ਕਾਂਡਾਂ ਵਿਚ ਵੰਡਿਆ ਹੈ। ਡਾ. 'ਬੱਦਨ' ਨੇ ਇਸ ਕਿਤਾਬ ਦਾ ਸਰਲ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਇਸ ਪੁਤਕ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਜੋਤੀ ਰਾਓ ਫੁਲੇ ਦੇ ਜੀਵਨ ਦੀਆਂ ਮੁੱਖ ਘਟਨਾਵਾਂ ਅਤੇ ਸਮਾਜਿਕ ਕ੍ਰਾਂਤੀ ਵਿਚ ਪਾਏ ਅਹਿਮ ਯੋਗਦਾਨ ਦੀਆਂ ਮੁੱਲਵਾਨ ਗੱਲਾਂ ਨੋਟ ਕੀਤੀਆਂ ਜਾ ਸਕਦੀਆਂ ਹਨ। ਭਾਵ ਫੁਲੇ ਦਾ ਜਨਮ 1827 ਅਤੇ ਮੌਤ 1890 ਵਿਚ ਹੋਈ। ਸੰਯੋਗਵੱਸ ਉਸ ਦੀ ਮੌਤ ਤੋਂ ਕਿ ਸਾਲ ਬਾਅਦ ਅਰਥਾਤ 1891 ਵਿਚ ਡਾ. ਬੀ.ਆਰ. ਅੰਬੇਡਕਰ ਦਾ ਜਨਮ ਹੋਇਆ, ਜਿਨ੍ਹਾਂ ਨੇ ਜੋਤੀ ਰਾਓ ਨੂੰ ਆਪਣਾ ਗੁਰੂ ਮੰਨਿਆ। ਜੋਤੀ ਰਾਓ ਦਾ ਜਨਮ ਇਕ ਫੁੱਲਾਂ ਦੇ ਮਾਲੀ ਅਤੇ ਵਪਾਰੀ ਪਰਿਵਾਰ ਵਿਚ ਹੋਇਆ। ਜਿਸ ਕਾਰਨ ਉਨ੍ਹਾਂ ਦੇ ਨਾਂਅ ਨਾਲ ਉਪ-ਨਾਂਅ ਫੁਲੇ ਜੁੜਿਆ। ਉਨ੍ਹਾਂ ਨੇ ਆਪਣੀ ਪਤਨੀ ਸਾਵਿਤਰੀ ਬਾਈ ਨੂੰ ਘਰੇ ਪੜ੍ਹਾਇਆ ਅਤੇ ਸਿੱਖਿਆ ਦੇ ਇਤਿਹਾਸ ਵਿਚ ਪਹਿਲੀ ਅਧਿਆਪਕਾ ਬਣਾਇਆ। ਉਨ੍ਹਾਂ ਨੇ ਸ਼ੂਦਰਾਂ-ਅਤਿ ਸ਼ੂਦਰਾਂ ਨੂੰ ਜਾਗ੍ਰਿਤ ਕੀਤਾ। ਉਨ੍ਹਾਂ ਨੇ ਸਮਾਜ ਸੁਧਾਰ ਲਈ 10 ਪੁਸਤਕਾਂ ਲਿਖੀਆਂ। ਉਨ੍ਹਾਂ ਦੀ 'ਸਰਵਜਨਿਕ ਸਤਯਧਰਮ' ਪੁਸਤਕ ਐਸਾ ਗ੍ਰੰਥ ਹੈ ਜੋ 'ਫੁਲੋਸਿਮ੍ਰਤੀ' ਹੈ ਜੋ ਕਿ ਪ੍ਰਾਚੀਨ ਕਾਲ ਦੀ 'ਮਨੂਸਮ੍ਰਿਤੀ ਨੂੰ ਕੱਟਦਾ ਹੈ। ਪੰ. 170 'ਫੁਲੇ' ਨੇ ਆਪਣਾ ਖੂਹ ਪਾਣੀ ਦੀ ਵਰਤੋਂ ਲਈ ਸ਼ੂਦਰਾਂ-ਅਤੀ ਸ਼ੂਦਰਾਂ ਲਈ ਖੋਲ੍ਹ ਦਿੱਤਾ ਸੀ। ਜੋਤੀ ਰਾਓ ਅਤੇ ਸਾਵਿਤਰੀ ਬਾਈ ਦੇ ਕੋਈ ਔਲਾਦ ਨਹੀਂ ਸੀ ਹੋਈ। ਇਸ ਲਈ ਉਨ੍ਹਾਂ ਨੇ ਵਿਧਵਾ ਔਰਤ ਦੇ ਨਾਜਾਇਜ਼ ਬੱਚੇ (ਯਸ਼ਵੰਤ) ਨੂੰ ਗੋਦ ਲਿਆ ਅਤੇ ਸਾਰੀ ਵਿਰਾਸਤ ਉਸ ਦੇ ਨਾਂਅ ਕਰਵਾ ਦਿੱਤੀ। ਫੁਲੇ ਨੇ ਮਨੂੰਵਾਦੀ ਵਰਣ-ਵੰਡ ਦਾ ਕਰੜੇ ਸ਼ਬਦਾਂ ਵਿਚ ਖੰਡਨ ਕੀਤਾ। ਜੋਤੀ ਰਾਓ ਨੇ ਕਿਹਾ ਹੈ, 'ਬ੍ਰਾਹਮਣ ਭਰਾ ਹਨ... ਅਸੀਂ ਉਨ੍ਹਾਂ ਨੂੰ ਭਰਾ ਮੰਨਣ ਲਈ ਤਿਆਰ ਹਾਂ, ਬਸ਼ਰਤੇ ਕਿ ਉਹ ਅੱਜ ਤੋਂ ਆਪਣੇ ਵਿਚੋਂ ਸਵਾਰਥ ਨੂੰ ਤਿਆਗ ਦੇਣ। ਪੰ. 158 ਜੋਤੀ ਰਾਓ ਦਾ ਅਧਿਐਨ ਬੜਾ ਵਿਸ਼ਾਲ ਸੀ। ਉਨ੍ਹਾਂ ਨੇ ਮਾਰਕਸ, ਲੈਨਿਨ, ਅਬਰਾਹਮ ਲਿੰਕਨ ਦਾ ਪ੍ਰਭਾਵ ਕਬੂਲ ਕੀਤਾ। ਅਮਰੀਕੀ ਬਾਗ਼ੀ ਲੇਖਕ 'ਟਾਮਸ ਪੇਨ' ਦੇ ਗ੍ਰੰਥ 'ਮਨੁੱਖ ਦੇ ਅਧਿਕਾਰ' (ਰਾਇਟਸ ਆਫ਼ ਮੈਨ) ਦਾ ਗੂੜ੍ਹਾ ਪ੍ਰਭਾਵ ਪਿਆ। ਉਨ੍ਹਾਂ ਦੀ ਸੋਚ ਮਾਨਵਵਾਦੀ ਸੀ। ਉਹ ਭਾਰਤੀ ਨਾਰੀ ਦੇ ਮੁਕਤੀ-ਦਾਤਾ ਸਿੱਧ ਹੋਏ। ਵਿਧਵਾ ਵਿਆਹ ਦੀ ਕ੍ਰਾਂਤੀ ਲਈ ਸਮਾਜ ਨੂੰ ਝੰਜੋੜਿਆ, ਦੇਵ ਵਾਸੀ ਪ੍ਰਥਾ ਖਿਲਾਫ਼ ਜੰਗ ਲੜੀ। ਉਨ੍ਹਾਂ ਨੇ ਸਰਬ ਸਾਂਝੇ ਸਤਿ ਧਰਮ ਦੇ 33 ਸੂਤਰ ਦੱਸੇ ਹਨ। ਪੰ. 125 ਜੋਤੀ ਰਾਓ ਨਾਸਤਿਕ ਨਹੀਂ ਸਨ, ਪਰ ਈਸ਼ਵਰ ਨੂੰ 'ਨਿਰਮਾਣਕਾਰੀ ਕਰਤਾ' ਮੰਨਦੇ ਸਨ। ਉਨ੍ਹਾਂ ਨੇ ਕਿਸਾਨਾਂ, ਵਿਕਲਾਂਗਾਂ, ਸ਼ੂਦਰਾਂ-ਅਤਿ ਸ਼ੂਦਰਾਂ, ਕਿਰਤੀਆਂ ਦੇ ਜੀਵਨ ਸੁਧਾਰ ਲਈ ਆਪਣੇ ਜੀਵਨ ਦੇ 40 ਵਰ੍ਹੇ ਸਮਰਪਿਤ ਕੀਤੇ। ਲੇਖਕਾਂ ਦਾ ਨਿਰਣਾ ਹੈ 'ਸਾਧਾਰਨ ਪਰਿਵਾਰ ਵਿਚ ਜਨਮ ਲੈ ਕੇ ਅਸਾਧਾਰਨ ਬਣੇ ਜੋਤੀ ਰਾਓ ਦੀ ਕਾਰਜਸ਼ੀਲਤਾ ਦਾ ਸਹੀ ਕਾਰਨ ਲੱਭਣਾ ਔਖਾ ਹੈ। ...ਇਸ ਨੂੰ ਸਮਝਣਾ ਜਾਂ ਸਮਝਾਉਣਾ ਕਠਿਨ ਹੈ। ਪੰ. 116. ਫੁਲੇ ਦੀ ਸਿੱਖਿਆ ਦਾ ਤਤਸਾਰ ਹੈ:
ਵਿੱਦਿਆਬਿਨ ਮਤ ਗਈ, ਮਤ ਬਿਨ ਨੀਤੀ ਗਈ,
ਨੀਤੀ ਬਿਨ ਗਤ ਗਈ, ਗਤ ਬਿਨ ਧਨ ਗਿਆ
ਧਨ ਬਿਨ ਸ਼ੂਦਰ ਪਤਿਤ ਹੋਏ, ਏਨਾ ਘੋਰ ਅਨਰਥ।
(ਪੰ. 194)
ਮਹਾਤਮਾ ਜੋਤੀ ਰਾਓ ਫੁਲੇ ਆਪਣੇ ਸਮੇਂ ਤੋਂ ਬਹੁਤ ਅੱਗੇ ਸਨ। ਉਨ੍ਹਾਂ ਦੇ ਸੋਚੇ ਹੋਏ ਕਈ ਕਾਰਜ ਅੱਜ ਸਵਾ ਸੌ ਸਾਲ ਤੋਂ ਬਾਅਦ ਵੀ ਪੂਰੇ ਨਹੀਂ ਹੋਏ। ਮਹਾਰਾਸ਼ਟਰ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਸਮਾਜਿਕ ਕ੍ਰਾਂਤੀ ਦੇ ਆਗੂ ਮਹਾਂਮਾਨਵ ਮਹਾਤਮਾ ਫੁਲੇ 'ਤੇ ਮਾਣ ਹੈ। ਪੰਨਾ. ਉਹੀ।
ਮੂਲ-ਲੇਖਕ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਹਿੰਦੇ ਹਨ ਕਿ ਅਸੀਂ (ਅਜੋਕੀ ਪੀੜ੍ਹੀ ਨੇ) ਜੋਤੀ ਰਾਓ ਨੂੰ ਮਾਲੀ ਜਾਤੀ, ਡਾ. ਅੰਬੇਡਕਰ ਨੂੰ ਦਲਿਤ ਜਾਤੀ, ਸ਼ਾਹੂ ਜੀ ਮਹਾਰਾਜ ਨੂੰ ਮਰਾਠਾ ਜਾਤੀ ਦਾ ਮੰਨ ਕੇ (ਅਸੀਂ) ਆਪਣੀ ਜ਼ਿੰਮੇਵਾਰੀ ਤੋਂ ਛੁਟਕਾਰਾ ਪਾ ਲਿਆ ਹੈ। ਇਹ ਪੁਸਤਕ ਹਰ ਪਾਠਕ ਦੇ ਪੜ੍ਹਨ ਵਾਲੀ ਹੈ ਕਿਉਂਕਿ ਇਸ ਪੁਸਤਕ ਵਿਚ ਹਰ ਗੱਲ ਤਰਕਪੂਰਨਤਾ ਅਤੇ ਬੇਬਾਕੀ ਨਾਲ ਪੇਸ਼ ਕੀਤੀ ਗਈ ਹੈ।

-ਡਾ. ਧਰਮ ਚੰਦ ਵਾਤਿਸ਼
vatishdharamchand@gmail.com

ਕੋਮਲ ਪੱਤੀਆਂ ਦਾ ਉਲਾਂਭਾ
ਲੇਖਕ : ਦਵਿੰਦਰ ਪਟਿਆਲਵੀ
ਪ੍ਰਕਾਸ਼ਕ : ਕੇ. ਪਬਲੀਕੇਸ਼ਨਜ਼ ਮਾਨਸਾ
ਮੁੱਲ : 195 ਰੁਪਏ, ਸਫ਼ੇ : 98
ਸੰਪਰਕ : 62839-76369

'ਕੋਮਲ ਪੱਤੀਆਂ ਦਾ ਉਲਾਂਭਾ' ਕਾਵਿ-ਸੰਗ੍ਰਹਿ ਸੰਵੇਦਨਸ਼ੀਲ ਕਵੀ ਦਵਿੰਦਰ ਪਟਿਆਲਵੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਉਂਝ ਇਸ ਤੋਂ ਪਹਿਲਾਂ ਉਸ ਦੇ ਮਿੰਨੀ ਕਹਾਣੀ ਸੰਗ੍ਰਹਿ 'ਛੋਟੇ ਲੋਕ' (ਪੰਜਾਬੀ) ਅਤੇ 'ਉਡਾਨ' (ਹਿੰਦੀ) ਪ੍ਰਕਾਸ਼ਿਤ ਹੋ ਚੁੱਕੇ ਹਨ। ਜਿਨ੍ਹਾਂ ਰਾਹੀਂ ਉਸ ਨੇ ਚੰਗਾ ਨਾਂਅ ਕਮਾਇਆ ਅਤੇ ਸਨਮਾਨ ਪ੍ਰਾਪਤ ਕੀਤੇ ਹਨ। ਹਥਲੇ ਕਾਵਿ-ਸੰਗ੍ਰਹਿ ਵਿਚ ਉਸ ਨੇ 'ਪਾਪਾ ਦੇ ਨਾਂਅ' ਤੋਂ ਲੈ ਕੇ 'ਮੁਸਕਾਨ ਦੇ ਨਾਂਅ' ਤੱਕ 41 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਇਸ ਕਾਵਿ-ਪੁਸਤਕ ਨੂੰ ਉਨ੍ਹਾਂ ਨੇ ਆਪਣੇ ਪੂਰਵਜ਼ਾਂ ਸ੍ਰੀ ਕ੍ਰਿਸ਼ਨ-ਦੇਵਕੀ, ਮਾਸਟਰ ਪਿਆਰੇ ਲਾਲ - ਜਸਵੰਤੀ ਜੀ, ਇੰਜੀ. ਜਗਦੀਸ਼ ਮਿੱਤਰ, ਸ੍ਰੀ ਹੁਕਮ ਚੰਦ - ਵਿਦਿਆਵਤੀ, ਸ੍ਰੀ ਕੁਲਵੰਤ ਰਾਏ ਦੇ ਨਾਂਅ ਕਰਦਿਆਂ ਆਪਣੀਆਂ ਜੜ੍ਹਾਂ ਨੂੰ ਨਮਸਕਾਰ ਕੀਤਾ ਹੈ। ਦਰੱਖਤ ਦੀਆਂ ਜੜ੍ਹਾਂ, ਤਣਾ, ਟਾਹਣੀਆਂ, ਪੱਤੇ, ਫਲ-ਫੁੱਲ ਮਹੱਤਵਪੂਰਨ ਹੁੰਦੇ ਹਨ। ਇਸ ਲਈ ਇਨ੍ਹਾਂ ਕਵਿਤਾਵਾਂ ਦੇ ਕਾਵਿ-ਪਾਤਰ ਵੀ ਇਨ੍ਹਾਂ ਵਿਸ਼ਿਆਂ ਨਾਲ ਹੀ ਗੁਫ਼ਤਗੂ ਕਰਦੇ ਕਾਵਿ-ਪਾਠਕ ਨੂੰ ਮਹਿਸੂਸ ਹੋਣਗੇ। ਸਮਾਜਿਕ ਰਿਸ਼ਤਿਆਂ ਦੀ ਟੱਬਰਦਾਰੀ ਵਿਚ ਵਿਸ਼ੇਸ਼ ਖਿੱਚ ਅਤੇ ਅਹਿਮੀਅਤ ਹੁੰਦੀ ਹੈ। ਇਸ ਲਈ 'ਪਾਪਾ ਦੇ ਨਾਂਅ', 'ਮੁਸਕਾਨ ਦੇ ਨਾਂ', 'ਮਾਂ ਦਾ ਫ਼ਿਕਰ', 'ਪ੍ਰੀਤੀ ਦੇ ਨਾਂ', 'ਪਤਨੀ ਦਾ ਜਨਮ ਦਿਨ' ਆਦਿ ਕਵਿਤਾਵਾਂ ਪਰਿਵਾਰਕ ਦੁੱਖਾਂ-ਸੁੱਖਾਂ ਦੀ ਗਾਥਾ ਬਿਆਨਦੀਆਂ ਹਨ। ਇਸੇ ਤਰ੍ਹਾਂ 'ਰੋਟੀ ਰਿਕਸ਼ਾ ਤੇ ਡਿਗਰੀਆਂ', 'ਕੰਟੀਨ ਵਾਲਾ ਟਿੰਕਾ', 'ਘਰ ਤੋਂ ਦਫ਼ਤਰ ਤੱਕ', 'ਕੱਪੜੇ ਸਿਊਣ ਵਾਲੀ ਔਰਤ', 'ਛੁੱਟੀ ਵਾਲਾ ਦਿਨ', 'ਦਫ਼ਤਰ ਵਿਚ ਨੌਕਰੀ ਕਰਨ ਵਾਲੀ ਮੈਡਮ', 'ਬੱਸ ਬੱਚਾ ਅਤੇ ਸਹਿਯਾਤਰੀ' ਆਦਿ ਕਵਿਤਾਵਾਂ ਮਨੁੱਖੀ ਜੀਵਨ ਦੀ ਗੁਜ਼ਰ-ਬਸਰ ਨਾਲ ਜੁੜੀ ਮਿਹਨਤ-ਮੁਸ਼ੱਕਤ ਰਾਹੀਂ ਕਮਾਈ ਜਾਣ ਵਾਲੀ ਉਜਰਤ ਦੇ ਰਾਹ 'ਚ ਆਉਂਦੀਆਂ ਦੁਸ਼ਵਾਰੀਆਂ ਨਾਲ ਸਾਂਝ ਪੁਆਉਂਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਜਿਥੇ ਮਨੁੱਖੀ ਭਾਵਨਾਵਾਂ ਨਾਲ ਨਿੱਤ ਹੁੰਦੇ ਖਿਲਵਾੜ ਦੀ ਦਾਸਤਾਂ ਬਿਆਨ ਕੀਤੀ ਗਈ ਹੈ, ਉਥੇ ਹੀ ਇਹ ਜ਼ਿੰਦਗੀ ਪ੍ਰਤੀ ਨਾ-ਉਮੀਦੀ ਦੀ ਬਿਰਤੀ ਤੋਂ ਵੀ ਨਿਰਲੇਪ ਰਹਿਣ ਦੀ ਥਾਵੇਂ ਆਸ-ਉਮੀਦ ਦਾ ਪੱਲਾ ਵੀ ਕਾਵਿ-ਪਾਠਕ ਨੂੰ ਫੜਨ ਦੀ ਨਸੀਹਤ ਦਿੰਦੀਆਂ ਹਨ। ਇਨ੍ਹਾਂ ਕਵਿਤਾਵਾਂ 'ਚ ਅੰਗਰੇਜ਼ੀ ਭਾਸ਼ਾ ਦੇ 'ਡਿਸਟਰਬ', 'ਬਾਈਕ', 'ਡਿਲੀਵਰ', 'ਪੈਂਡਿੰਗ', 'ਲਿਸਟ', 'ਕੇਸ' ਆਦਿ ਸ਼ਬਦ ਅਜੋਕੀ ਕਰਿਓਲ ਭਾਸ਼ਾ ਦਾ ਸੰਕੇਤ ਵੀ ਹਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਅਕਬਰ
ਲੇਖਕ : ਰਾਹੁਲ ਸੰਕਰਤਾਇਨ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 495 ਰੁਪਏ, ਸਫ਼ੇ : 352
ਸੰਪਰਕ : 99150-99926

ਸ੍ਰੀ ਰਾਹੁਲ ਸੰਕਰਤਾਇਨ, ਭਾਰਤ ਦੇ ਪ੍ਰਾਚੀਨ ਰਿਸ਼ੀਆਂ-ਮੁਨੀਆਂ ਵਾਂਗ ਇਕ ਸਿਦਕੀ ਅਤੇ ਸਿਰੜੀ ਵਿਦਵਾਨ ਸੀ। ਉਸ ਨੇ ਭਾਰਤ ਦੇ ਭੂਗੋਲ, ਸੰਸਕ੍ਰਿਤੀ ਅਤੇ ਸਾਹਿਤਕ ਵਿਰਸੇ ਬਾਰੇ ਬੜੀ ਨਿਸ਼ਠਾ ਅਤੇ ਸਮਰਪਣ-ਭਾਵਨਾ ਨਾਲ ਲਿਖਿਆ ਹੈ। ਉਹ ਭਾਰਤ ਦੀ ਅਖੰਡਤਾ ਅਤੇ ਸਮੁੱਚਤਾ ਦਾ ਮੁਦਈ ਸੀ। ਰਾਹੁਲ ਸੰਕਰਤਾਇਨ ਪੇਸ਼ੇਵਰ ਇਤਿਹਾਸਕਾਰ ਨਹੀਂ ਸੀ। ਸਾਡੇ ਭਾਰਤੀ ਇਤਿਹਾਸਕਾਰਾਂ ਨੇ ਆਪਣੇ ਕੰਮ ਵਿਚ ਪ੍ਰਯੋਗ ਕਰਨ ਦੀ ਜ਼ਰੂਰਤ ਨਾ ਸਮਝੀ। ਬਸ ਉਹ 'ਮੱਖੀ 'ਤੇ ਮੱਖੀ' ਮਾਰਦੇ ਚਲੇ ਗਏ। ਇਹੀ ਕਾਰਨ ਹੈ ਕਿ ਸਾਡੇ ਇਤਿਹਾਸ, ਗਲੋਬਲ ਆਗ੍ਰਿਹਾਂ ਨੂੰ ਪੂਰਾ ਨਹੀਂ ਕਰ ਸਕਦੇ। ਸਾਡਾ ਪੂਰੇ ਦਾ ਪੂਰਾ ਦੇਸ਼, ਰਵਾਇਤੀ ਇਤਿਹਾਸਾਂ ਨੂੰ ਪੜ੍ਹਨ ਸਦਕਾ ਪੱਖ ਪਾਤੀ, ਹਿੰਸਕ ਅਤੇ ਫਿਰਕਾਪ੍ਰਸਤ ਹੋ ਗਿਆ ਹੈ।
ਰਾਹੁਲ ਸੰਕਰਤਾਇਨ ਪਰੰਪਰਾਵਾਦੀ ਇਤਿਹਾਸਕਾਰਾਂ ਨੂੰ ਪੜ੍ਹਨ ਦੇ ਨਾਲ-ਨਾਲ ਸਥਾਨਕ ਰਵਾਇਤਾਂ, ਲੀਜੈਂਡਾਂ ਅਤੇ ਲੋਕ ਇਤਿਹਾਸਾਂ ਨੂੰ ਬਰਾਬਰ ਦਾ ਮਹੱਤਵ ਦਿੰਦਾ ਹੈ। ਇਸੇ ਕਾਰਨ ਉਸ ਦੇ ਇਤਿਹਾਸ 'ਮਾਨਵਵਾਦ' ਨੂੰ ਪਹਿਲ ਦਿੰਦੇ ਹਨ। 'ਅਕਬਰ' ਦਾ ਇਤਿਹਾਸ ਲਿਖਣ ਸਮੇਂ ਉਹ ਸਾਡੇ ਕਥਿਤ ਪੜ੍ਹੇ-ਲਿਖੇ ਵਰਗਾਂ ਦੇ ਬਹੁਤ ਸਾਰੇ ਪੂਰਵਾਗ੍ਰਹਿਆਂ ਅਤੇ ਹਠ-ਧਰਮੀਆਂ ਦਾ ਨਿਵਾਰਨ ਕਰਦਾ ਹੈ। ਆਪਣੀ ਇਸ ਪੁਸਤਕ ਦੇ ਆਰੰਭ ਵਿਚ ਉਹ ਲਿਖਦਾ ਹੈ ਕਿ ਮਗਧ ਦੀ ਚੜ੍ਹਤ ਨਾਲ ਭਾਰਤ ਦਾ ਇਤਿਹਾਸ ਆਰੰਭ ਹੁੰਦਾ ਹੈ-ਫਿਰ ਛੇਵੀਂ ਸਦੀ ਤੋਂ ਬਾਰ੍ਹਵੀਂ ਸਦੀ ਤੱਕ ਕਨੌਜ ਕੇਂਦਰ ਰਿਹਾ। ਉਸ ਉਪਰੰਤ ਤੁਰਕਾਂ ਨੇ ਦਿੱਲੀ ਨੂੰ ਮਹਾਨ ਭਾਰਤੀ ਸਾਮਰਾਜ ਹੋਣ ਦਾ ਮਾਣ ਬਖ਼ਸ਼ਿਆ। ਪਰ ਇਹ ਸਮਝਣਾ ਜ਼ਰੂਰ ਮੁਸ਼ਕਿਲ ਹੈ ਕਿ ਕਿਵੇਂ ਮੁੱਠੀ ਭਰ ਤੁਰਕ ਭਾਰਤ ਉੱਪਰ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਏ? ਗੱਲ ਇਹ ਹੈ ਕਿ ਜੇਕਰ ਆਮ ਲੋਕਾਂ ਵਿਚ ਸੈਨਿਕ ਸ਼ਕਤੀ ਅਤੇ ਪਰਸਪਰ ਇਕਮੁੱਠਤਾ ਨਹੀਂ ਤਾਂ ਉਨ੍ਹਾਂ ਦਾ ਵਜੂਦ ਹੱਡ-ਮਾਸ ਦੇ ਇਕ ਵੱਡੇ ਢੇਰ ਤੋਂ ਵੱਧ ਮਹੱਤਵ ਨਹੀਂ ਰੱਖਦਾ। (ਪੰਨਾ 12)।
ਲੇਖਕ, ਅਕਬਰ ਨੂੰ ਸ਼ਹਿਨਸ਼ਾਹ ਅਸ਼ੋਕ ਤੋਂ ਉਪਰੰਤ, ਭਾਰਤੀ ਤਹਿਜ਼ੀਬ ਦਾ ਇਕ ਵੱਡਾ ਧਰੂ ਤਾਰਾ ਮੰਨਦਾ ਹੈ। ਉਹ ਬਹੁਤ ਬਹਾਦਰ, ਬੁੱਧੀਮਾਨ, ਭਵਿੱਖਦਰਸ਼ੀ ਅਤੇ ਨੀਤੀ-ਨਿਪੁੰਨ ਬਾਦਸ਼ਾਹ ਸੀ। ਸ਼ੇਰਸ਼ਾਹ ਸੂਰੀ ਵਾਂਗ ਉਸ ਦੇ ਰਾਜ ਵਿਚ ਬਹੁਤ ਸਾਰੇ ਪ੍ਰਤਿਭਾਸ਼ੀਲ ਹਿੰਦੂਆਂ ਨੂੰ ਉੱਚੇ ਮਰਤਬੇ ਮਿਲੇ ਹੋਏ ਸਨ।
ਉਸ ਨੇ ਇਸਲਾਮ ਦੇ ਸਮਾਨਾਂਤਰ ਇਕ ਨਵਾਂ ਮਾਨਵਵਾਦੀ ਧਰਮ 'ਦੀਨ-ਏ-ਇਲਾਹੀ' ਚਲਾਇਆ, ਜਿਸ ਵਿਚ ਭਾਰਤ ਦੇ ਸਮੂਹ ਧਰਮਾਂ ਦੇ ਪ੍ਰਮੁੱਖ ਲੱਛਣ ਸ਼ਾਮਿਲ ਸਨ। ਉਸ ਦੇ ਯਤਨਾਂ ਸਦਕਾ ਭਾਰਤੀ ਇਸਲਾਮ ਨੇ ਇਕ ਵਸ਼ਿਸ਼ਟ ਸ਼ਕਲ-ਸੂਰਤ ਧਾਰਨ ਕਰ ਲਈ ਸੀ। ਜਿਸ ਨੂੰ ਪਿਛਲੇ ਕਈ ਦਹਾਕਿਆਂ ਤੋਂ ਵਿਗਾੜਨ ਦੀਆਂ ਰਾਸ਼ਟਰੀ/ ਅੰਤਰਰਾਸ਼ਟਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਸਿੱਧ ਪੰਜਾਬੀ ਵਿਦਵਾਨ ਪ੍ਰੋ. ਜਸਪਾਲ ਘਈ ਦਾ ਅਨੁਵਾਦ ਸ਼ਾਨਦਾਰ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਉਰਦੂ ਦਾ ਕਾਫ਼ : ਜਿਰਾਫ਼
ਲੇਖਕ : ਚਰਨ ਪੁਆਧੀ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 099964-25988

ਪੁਆਧੀ ਖਿੱਤੇ ਦੇ ਜਾਣੇ-ਪਛਾਣੇ ਬਾਲ ਸਾਹਿਤ ਲੇਖਕ ਚਰਨ ਪੁਆਧੀ ਨੇ ਸਾਹਿਤ-ਸਾਧਨਾ ਨੂੰ ਨਿਰੰਤਰ ਕਾਰਜਸ਼ੀਲ ਰੱਖਿਆ ਹੋਇਆ ਹੈ। ਆਪਣੇ ਬਾਲ ਸਾਹਿਤ ਦੀ ਸਿਰਜਣਾਤਮਕ ਲੜੀ ਨੂੰ ਅੱਗੇ ਤੋਰਦਿਆਂ ਉਸ ਨੇ ਹੁਣ ਨਵੀਨਤਮ ਬਾਲ ਕਾਵਿ ਸੰਗ੍ਰਹਿ 'ਉਰਦੂ ਦਾ ਕਾਫ਼' ਬਾਲਾਂ ਦੇ ਸਨਮੁੱਖ ਕੀਤਾ ਹੈ। ਇਸ ਪੁਸਤਕ ਦੇ ਸਿਰਲੇਖ ਦਾ ਸੰਕੇਤ ਇਹ ਹੈ ਕਿ ਜ਼ਿਰਾਫ਼ ਜਾਨਵਰ ਦੀ ਸ਼ਕਲ ਉਰਦੂ ਦੇ ਅੱਖਰ ਕਾਫ਼ ਵਰਗੀ ਹੁੰਦੀ ਹੈ ਜਿਸ ਨੂੰ ਪੁਸਤਕ ਦੇ ਟਾਈਟਲ ਉਪਰ ਵੀ ਦਰਸਾਇਆ ਗਿਆ ਹੈ।
ਚਰਨ ਪੁਆਧੀ ਦੀ ਇਸ ਬਾਲ ਕਾਵਿ-ਪੁਸਤਕ ਵਿਚ ਕੁੱਲ 25 ਕਵਿਤਾਵਾਂ ਅੰਕਿਤ ਹਨ। ਇਨ੍ਹਾਂ ਵਿਚ ਰਿਸ਼ਤੇ ਨਾਤਿਆਂ ਵਿਚਲੇ ਮੋਹ ਮੁਹੱਬਤ ਦੀ ਵੀ ਗੱਲ ਕੀਤੀ ਗਈ ਹੈ ਅਤੇ ਸਿੱਖਿਆ ਜਗਤ ਨਾਲ ਸੰਬੰਧ ਵਸਤੂ ਜਗਤ ਨੂੰ ਵੀ ਆਧਾਰ ਬਣਾਇਆ ਗਿਆ ਹੈ। ਨਿੱਕੀਆਂ ਵੱਡੀਆਂ ਘਰੇਲੂ ਅਤੇ ਕੁਦਰਤੀ ਵਸਤਾਂ ਵੀ ਇਹਨਾਂ ਕਵਿਤਾਵਾਂ ਦੀ ਸ਼ਕਲ ਵਿਚ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਪੁਆਧੀ ਉਨ੍ਹਾਂ ਵਿਸ਼ਿਆਂ ਦਾ ਖ਼ੂਬਸੂਰਤੀ ਨਾਲ ਨਿਭਾਓ ਕਰਦੀ ਹੈ ਜਿਨ੍ਹਾਂ ਬਾਰੇ ਬਾਲ ਮਨਾਂ ਨੂੰ ਸਮਝ ਹੈ। ਉਹ ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਬੱਚਿਆਂ ਨੂੰ ਅੰਕਲ ਆਂਟੀ ਬੋਲਣ ਦੇ ਰੁਝਾਨ ਤੋਂ ਰੋਕ ਕੇ ਸਾਧਾਰਨ ਅਤੇ ਠੇਠ ਪੰਜਾਬੀ ਭਾਸ਼ਾ ਵਿਚ ਰਿਸ਼ਤੇ ਨਾਤਿਆਂ ਨੂੰ ਦਰਸਾਉਂਦਾ ਹੈ। ਇਨ੍ਹਾਂ ਕਵਿਤਾਵਾਂ ਵਿਚ ਬਾਂਦਰ, ਡੱਡੂ, ਘੋੜਾ, ਜ਼ਿਰਾਫ਼, ਬੱਤਖ਼ ਆਦਿ ਜੀਵ-ਜੰਤੂਆਂ ਬਾਰੇ ਵਾਕਫ਼ੀਅਤ ਹਾਸਲ ਕਰਕੇ ਬਾਲ ਪਾਠਕ ਪ੍ਰਸੰਨਤਾ ਅਤੇ ਸੁਹਜ-ਸੁਆਦ ਅਨੁਭਵ ਕਰਦੇ ਹਨ। ਕੁਦਰਤੀ ਪੂੰਜੀ ਨੂੰ ਸਾਂਭਣ ਵਾਸਤੇ ਵੀ ਇਹ ਪੁਸਤਕ ਖ਼ੂਬਸੂਰਤ ਸੁਨੇਹਿਆਂ ਦਾ ਸਾਰਥਿਕ ਸੰਚਾਰ ਕਰਦੀ ਹੈ।ਇਸ ਸੰਦਰਭ ਵਿਚ ਕਵਿਤਾ 'ਟੂਟੀ' ਦੀਆਂ ਕੁਝ ਸਤਰਾਂ ਦਾ ਜ਼ਿਕਰ ਕਰਨਾ ਗ਼ੈਰ-ਪ੍ਰਸੰਗਿਕ ਨਹੀਂ ਹੋਵੇਗਾ :
ਰੱਬਾ! ਕਿਸੇ ਨੂੰ ਨਾ ਤਰਸਾਵੀੇਂ
ਪਾਣੀ ਦੀ ਨਾ ਕਿੱਲਤ ਪਾਵੀਂ।
ਪਾਣੀ ਪਿਤਾ ਹੈ ਪਰਮੇਸ਼ਰ।
ਟੂਟੀ ਲੱਗੀ ਸਾਡੇ ਘਰ। (ਪੰਨਾ 21)
ਇਸ ਪ੍ਰਕਾਰ ਸੁੰਦਰ ਤੋਲ-ਤੁਕਾਂਤ ਦੀ ਚਾਸ਼ਨੀ ਵਿਚ ਗੁੰਨ੍ਹੀਆਂ ਇਹ ਕਵਿਤਾਵਾਂ ਬੱਚਿਆਂ ਨੂੰ ਵਰਚਾਉਂਦੀਆਂ, ਹਸਾਉਂਦੀਆਂ ਅਤੇ ਪਰਚਾਉਂਦੀਆਂ ਹੋਈਆਂ ਉਨ੍ਹਾਂ ਦੇ ਸ਼ਾਬਦਿਕ ਗਿਆਨ ਵਿਚ ਉਚਿਤ ਵਾਧਾ ਵੀ ਕਰਦੀਆਂ ਹਨ। ਯਕੀਨਨ ਇਹ ਪੁਸਤਕ ਬਾਲਾਂ ਲਈ ਇਕ ਦਿਲਕਸ਼ ਤੋਹਫ਼ਾ ਸਿੱਧ ਹੁੰਦੀ ਹੈ। ਇਨ੍ਹਾਂ ਕਵਿਤਾਵਾਂ ਨਾਲ ਬਣੇ ਢੁੱਕਵੇਂ ਚਿੱਤਰ ਵੀ ਬਾਲ ਮਨਾਂ ਨੂੰ ਟੁੰਭਦੇ ਹਨ। ਪੁਸਤਕ ਦੀ ਸਮੁੱਚੀ ਦਿੱਖ ਸੁੰਦਰ ਹੈ। ਪੁਆਧੀ ਤੋਂ ਅਜਿਹੇ ਹੋਰ ਮਿਆਰੀ ਬਾਲ ਸਾਹਿਤ ਦੀ ਉਮੀਦ ਕੀਤੀ ਜਾਂਦੀ ਹੈ।

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

 

12-01-2025

 ਆਜ਼ਾਦੀ ਦੇ ਓਹਲੇ
ਲੇਖਕ/ਸੰਪਾਦਕ : ਸਤਵੀਰ ਸਿੰਘ ਚਾਨੀਆ
ਪ੍ਰਕਾਸ਼ਕ : ਪੰਜ ਨਦ ਪ੍ਰਕਾਸ਼ਨ, ਲਾਂਬੜਾ, ਜਲੰਧਰ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 92569-73526

ਹਥਲੀ ਪੁਸਤਕ ਦੇ ਲੇਖਕ ਵਲੋਂ ਦੇਸ਼ ਦੀ ਆਜ਼ਾਦੀ ਸਮੇਂ ਹੱਸਦੇ-ਵੱਸਦੇ ਪੰਜਾਬ ਦੀ ਬਰਬਾਦੀ ਅਤੇ ਭਾਰਤ ਦੇ ਆਬਾਦ ਹੋਣ ਦੀ ਗਾਥਾ ਨੂੰ ਵੱਖ-ਵੱਖ ਉਨ੍ਹਾਂ ਸੱਜਣਾਂ-ਮਿੱਤਰਾਂ ਦੀ ਜ਼ੁਬਾਨੀ ਬਿਆਨ ਕੀਤੀਆਂ ਹੱਡ ਬੀਤੀਆਂ ਨੂੰ ਪਾਠਕਾਂ ਸਨਮੁੱਖ ਪੇਸ਼ ਕਰਨ ਦਾ ਨਿਵੇਕਲਾ ਯਤਨ ਹੈ। ਲੇਖਕ/ਸੰਪਾਦਕ ਇਸ ਤੋਂ ਪਹਿਲਾਂ ਵੀ ਇਕ ਕਿਤਾਬ ਪਾਠਕਾਂ ਦੇ ਗੋਚਰੇ ਕਰ ਚੁੱਕਾ ਹੈ। ਇਸ ਪੁਸਤਕ ਨੂੰ ਪੰਜਾਬੀ ਸੱਥ ਨੇ ਛਾਪ ਕੇ ਆਪਣੇ ਫ਼ਰਜ਼ ਦੀ ਪੂਰਤੀ ਕੀਤੀ ਹੈ। ਧਰਤੀ ਉੱਪਰ ਜਦੋਂ ਮਨੁੱਖ ਦੀ ਉਤਪਤੀ ਹੁੰਦੀ ਹੈ, ਉਸ ਸਮੇਂ ਤੋਂ ਹੀ ਇਨਸਾਨੀਅਤ ਅਤੇ ਹੈਵਾਨੀਅਤ ਆਹਮੋ-ਸਾਹਮਣੇ ਹੋ ਰਹੀ ਹੈ। ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਹਮੇਸ਼ਾ ਯੁੱਧ ਦਾ ਮੈਦਾਨ ਰਿਹਾ ਹੈ। ਇਸ ਦਾ ਭਿਆਨਕ ਤੇ ਡਰਾਉਣਾ ਰੂਪ 1947 ਦੇ ਰੌਲਿਆਂ ਸਮੇਂ ਧਰਮ ਦੇ ਨਾਂਅ 'ਤੇ ਪੰਜਾਬ ਦੀ ਵੰਡ ਸੀ। ਇਕੋ ਧਰਤੀ 'ਤੇ ਵੱਸਣ ਵਾਲੇ ਵੱਖ-ਵੱਖ ਧਰਮਾਂ ਨੂੰ ਵੰਡਣ ਵਾਲੇ ਰਾਜਨੀਤਕ ਲੋਕਾਂ ਨੇ ਇਸ ਜਰਖੇਜ਼ ਧਰਤੀ ਨੂੰ ਲਹੂ ਨਾਲ ਰੰਗ ਦਿੱਤਾ। ਗੁਰੂ ਸਾਹਿਬਾਨ ਤੇ ਸੂਫ਼ੀ ਸੰਤਾਂ ਦੀ ਇਹ ਧਰਤੀ ਜਿਥੋਂ ਪਿਆਰ ਤੇ ਮੁਹੱਬਤ ਦਾ ਪੈਗ਼ਾਮ ਗੂੰਜਦਾ ਸੀ, ਇਕ-ਦੂਜੇ ਦੇ ਖ਼ੂਨ ਨਾਲ ਲਾਲੋ-ਲਾਲ ਹੋ ਗਈ। ਫਿਰੰਗੀ ਵਲੋਂ ਆਜ਼ਾਦੀ ਦਾ ਐਲਾਨ ਹੁੰਦਿਆਂ ਹੀ ਅਜਿਹੀ ਫਿਰਕੂ ਹਨੇਰੀ ਚੱਲੀ ਜਿਸ ਦੀ ਪੀੜਾ ਤੇ ਦਰਦ ਨੂੰ ਬਿਆਨ ਤੋਂ ਬਾਹਰ ਹੈ। ਲੇਖਕ ਵਲੋਂ ਦਰਦ ਕਹਾਣੀਆਂ ਵਿਚ 'ਮੈਂ ਰਹਿ ਗਈ ਮਕਾਣੇ ਜਾਣੋਂ' ਦੇ ਬਿਆਨ ਕਰਤਾ 'ਮੁਜੱਫਰ ਰਿਜ਼ਮੀ ਡਾ. ਜਸਵੀਰ ਸਿੰਘ ਚਾਨੀਆ ਦੀ ਰਚਨਾ 'ਜੰਗਲ ਵਿਚ ਮੰਗਲ' ਪੰਜਾਬ ਦੀਆਂ ਬਾਰਾਂ, ਮਹਿੰਦਰ ਸਿੰਘ ਹੇਅਰ ਦੀ ਜ਼ੁਬਾਨੀ 'ਸਿੱਖ ਕਿਸਾਨੀ ਨੇ ਮਾਰੂ ਬਾਰਾਂ ਨੂੰ ਨਖਲਿਸਤਾਨ 'ਚ ਬਦਲ ਦਿੱਤਾ। ਗੁਰਦੇਵ ਸਿੰਘ ਜੌਹਲ ਦੀ ਰਚਨਾ 'ਸ਼ਾਹ ਮੁਹੰਮਦ ਲਾਣੇਦਾਰ' ਨੇ ਿੰਹਦੂ ਸਿੱਖਾਂ ਨਾਲ ਦਗਾ ਕੀਤਾ, ਵਰਿਆਣ ਸਿੰਘ ਬਾਜਵਾ ਦਾ ਬਿਆਨ 'ਅਸੀਂ ਸਿਆਲਕੋਟੀਏ ਬਾਜਵੇ ਹੁੰਦੇ ਹਾਂ', ਮੋਹਣ ਲਾਲ ਬਜੂਹਾ ਵਲੋਂ 'ਦੂਰ ਗਏ ਪਰਛਾਵੇਂ', ਦੌਲਤ ਸਿੰਘ ਗਿੱਲ ਵਲੋਂ 'ਕਰਨੈਲੀ ਕਿਆਂ ਨੇ ਤੱਤੀ ਵਾਅ ਨਾ ਲੱਗਣ ਦਿੱਤੀ', ਠੇਕੇਦਾਰ ਲਾਲ ਸਿੰਘ ਚਾਨੀਆ ਸਾਰੀ ਰਾਤ ਲਾਸ਼ਾਂ ਦੇ ਢੇਰ 'ਚ ਹੀ ਸੁੱਤੇ ਰਹੇ', ਪ੍ਰਕਾਸ਼ ਸਿੰਘ ਮਲਹੋਤਰਾ 'ਮਜ਼੍ਹਬੀ ਜਨੂੰਨੀਆਂ ਪੰਜਾਬ ਵਿਚ ਖ਼ੂਨ ਦੀ ਹੋਲੀ ਖੇਡੀ', ਇਸ ਤੋਂ ਅੱਗੇ ਜਥੇਦਾਰ ਤਰਲੋਕ ਸਿੰਘ ਤੇਹਿੰਗ, ਲਛਮਣ ਸਿੰਘ ਤੇਹਿੰਗ, ਮਾਈ ਜੀਤ ਕੌਰ ਚੰਦੀ, ਫੁੰਮਣ ਸਿੰਘ ਭੱਟੀਆਂ ਦੀ ਜ਼ੁਬਾਨੀ 'ਸਾਡੇ ਪਰਿਵਾਰ ਦੇ ਤੀਹ ਮੈਂਬਰ ਆਜ਼ਾਦੀ ਦੀ ਭੇਟ ਚੜ੍ਹੇ, ਅਮਰ ਕੌਰ ਜਲੰਧਰ ਵਲੋਂ 'ਸੋਹਣ ਸਿੰਘ ਸਦ ਨਮਸਕਾਰ ਤੈਨੂੰ', ਮੋਹਣ ਸਿੰਘ ਫੁੱਲ ਦੀ ਹੱਡੀ ਬੀਤੀ, ਲਛਮਣ ਸਿੰਘ ਖਿੰਡਾ, ਸਲਵੰਤ ਕੌਰ ਦਾਨੇਵਾਲ ਵਲੋਂ 'ਜ਼ੈਲਦਾਰ ਵਧਾਵਾ ਸਿੰਘ ਦਾ ਸਿਰ ਨੇਜੇ 'ਤੇ ਟੰਗ ਕੇ ਪਿੰਡ ਵਿਚ ਜੇਤੂ ਜਲੂਸ ਕੱਢਿਆ ਗਿਆ', ਮਾਈ ਮਹਿੰਦਰ ਸਿੰਘ ਕੌਰ ਫਾਜ਼ਲਵਾਲਾ ਦੀ ਬਿਆਨੀ ਹੱਡ ਬੀਤੀ '20 ਚੱਕ ਮੀਆਂ ਚੰਨੂੰ ਦੀ ਦਰਦ ਬਿਆਨੀ', ਗਫ਼ੂਰਾਂ ਬੀਬੀ ਜੰਡਿਆਲਾ ਮੰਜਕੀ ਵਲੋਂ 'ਭਲੇ ਸਿੱਖਾਂ ਕਰਕੇ ਅਸੀਂ ਪਾਕਿਸਤਾਨੀ ਨਾ ਬਣ ਸਕੇ', ਕਿਰਪਾਲ ਸਿੰਘ ਉੱਗੀ 'ਸੁਪਨਿਆਂ ਤੂੰ ਸੁਲਤਾਨ ਹੈਂ', ਜੋਗਿੰਦਰ ਸਿੰਘ ਉੱਗੀ ਵਲੋਂ 'ਅਸੀਂ ਸਰਗੋਧੇ ਦੇ ਜਾਏ ਹਾਂ', 'ਬੀਬੀ ਜੀਤ ਕੌਰ ਉੱਗੀ ਦੀ ਦਰਦ ਕਹਾਣੀ 'ਦਸ ਲੱਖ ਪੰਜਾਬੀਆਂ ਦੀਆਂ ਲਾਸ਼ਾਂ 'ਤੇ ਆਜ਼ਾਦ ਭਾਰਤ ਦੀ ਨੀਂਹ ਖੜ੍ਹੀ ਹੈ, ਬੁਨਿਆਦ ਵਰਗੇ ਸੱਜਣਾਂ ਦੀਆਂ ਹੰਢਾਈਆਂ, ਉਜਾੜੇ ਦੀਆਂ ਗਾਥਾਵਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪੰਜਾਬੀ ਸੱਥ ਵਲੋਂ ਡਾ. ਨਿਰਮਲ ਸਿੰਘ ਲਾਂਬੜਾ ਤੇ ਮੋਤਾ ਸਿੰਘ ਸਰਾਏ ਨੇ ਪੁਸਤਕ ਰੂਪ ਵਿਚ ਪਾਠਕਾਂ ਨੂੰ ਭੇਟ ਕਰਕੇ ਅਤੇ ਟਾਈਟਲ ਦੇ ਆਖਰੀ ਪੰਨੇ 'ਤੇ ਲੇਖਕ ਸਰਦਾਰ ਪੰਛੀ ਨੇ ਦੋ ਸ਼ਬਦ ਲਿਖ ਕੇ ਸੋਨੇ 'ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਸੁਖੈਨ ਭਾਸ਼ਾ ਸ਼ੈਲੀ ਵਿਚ ਲਿਖੀਆਂ ਗੁੱਝੀਆਂ ਪੀੜਾਂ ਨੂੰ ਵਾਚਣਾ ਹਰ ਪਾਠਕ ਦੀ ਜ਼ਿੰਮੇਵਾਰੀ ਬਣਦੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ
ਲੇਖਕ : ਬਹਾਦਰ ਸਿੰਘ ਗੋਸਲ ਪ੍ਰਿੰ.
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ 200 ਰੁਪਏ, ਸਫ਼ੇ : 112
ਸੰਪਰਕ : 98764-52223

ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ। ਉਸ ਦੀਆਂ ਬਾਲ ਸਾਹਿਤ ਦੀ 69, ਵਾਰਤਕ ਦੀਆਂ 30 ਅਤੇ 4 ਸੰਪਾਦਿਤ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ। ਪੁਸਤਕ 'ਪ੍ਰੀਤਾਂ ਪੰਜਾਬੀ ਸੱਭਿਆਚਾਰ ਦੀਆਂ' ਵਿਚ 24 ਵਿਸ਼ਿਆਂ ਨੂੰ ਬਾਖੂਬੀ ਨਿਭਾਉਂਦੇ ਹੋਏ ਪਾਠਕਾਂ ਦੀ ਆਪਣੇ ਅਮੀਰ ਵਿਰਸੇ ਨਾਲ ਸਾਂਝ ਸਥਾਪਿਤ ਕੀਤੀ ਹੈ। ਲੇਖ 'ਅੰਬ ਤਾਂ ਗਏ ਸੀ ਹੁਣ ਨਜ਼ਾਰੇ ਵੀ ਗਏ' ਅਧੀਨ ਕੁਰਾਲੀ ਅਤੇ ਮੋਰਿੰਡੇ ਦੀ ਵਿਲੱਖਣਤਾ ਦੇ ਦਰਸ਼ਨ ਕਰਵਾਉਂਦਾ ਹੈ। ਕੁਰਾਲੀ ਨੂੰ ਅੰਬਾਂ ਦੀ ਪੈਦਾਵਾਰ ਕਰਕੇ ਅੰਬਾਵਲੀ ਵੀ ਕਿਹਾ ਜਾਂਦਾ ਸੀ। ਮਨ ਦੀ ਸਹਿਜਭਾਵੀ ਅਵੱਸਥਾ:
ਅੰਬਾਂ ਦਿਆ ਰਾਖਿਆ ਵੇ,
ਅੰਬ ਮੈਨੂੰ ਤੋੜ ਦੇ।
ਬੱਦਲੀਆਂ ਆਈਆਂ,
ਮੈਨੂੰ ਛੇਤੀ ਘਰ ਮੋੜਦੇ।
ਪੁਸਤਕ ਵਿਚ ਭੰਡਾਂ ਦੀ ਕਲਾਤਮਿਕਤਾ ਦਾ ਜ਼ਿਕਰ ਕੀਤਾ ਗਿਆ ਹੈ। ਭੰਡਾਂ ਨੂੰ ਖੁਸ਼ੀ ਦੇ ਮੌਕਿਆਂ ਉੱਤੇ ਕੋਈ ਪੱਕੀ ਰਕਮ ਨਹੀਂ ਦਿੱਤੀ ਜਾਂਦੀ ਸੀ, ਸਗੋਂ ਇਨ੍ਹਾਂ ਦੀ ਮਿਹਨਤ ਦਾ ਨਾਮ ਹੀ ਕਮਾਈ ਦਾ ਸਾਧਨ ਸੀ। ਭੰਡਾਂ ਦੀ ਵਿਅੰਗਾਤਮਕ ਜੁਗਤ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਸੀ। ਲੇਖ 'ਚਿੱਤ ਬੱਕਰੀ ਲੈਣ ਨੂੰ ਕਰਦਾ' ਵਿਚ ਬੱਕਰੀ ਦੀ ਕਿਸਾਨੀ ਜੀਵਨ ਸ਼ੈਲੀ ਨਾਲ ਸਾਂਝ ਦਾ ਜ਼ਿਕਰ ਕੀਤਾ ਹੈ। ਪੇਂਡੂ ਜੀਵਨ ਵਿਚ ਬੱਕਰੀ ਦੀ ਹਰਮਨ ਪਿਆਰਤਾ ਕਰਕੇ ਲੋਕ-ਗੀਤਾਂ ਤੇ ਬੁਝਾਰਤਾਂ ਵਿਚ ਸਰਦਾਰੀ ਬਣ ਗਈ।
ਪਿੰਡਾਂ ਵਿਚ ਕੋਠਿਆਂ ਦੀਆਂ ਛੱਤਾਂ ਤੋਂ ਲਟੈਣਾਂ ਅਲੋਪ ਹੋ ਗਈਆਂ ਹਨ ਤੇ ਪੱਕਿਆਂ ਦੀ ਮੰਗ ਹੈ:
ਮੈਂ ਵੀ ਸੜਕ ਤੇ ਨਹਿਰ ਕਿਨਾਰੇ
ਪੱਕਾ ਚੁਬਾਰਾ ਪਾਉਣਾ
ਰੱਖਣਾ ਜੇ ਤੇਰੀ ਮਰਜ਼ੀ
ਪੇਕੇ ਜਾ ਕੇ ਮੜਕ ਨਾਲ ਆਉਣਾ।
'ਪਣ ਚੱਕੀ' ਜਾਂ 'ਘਰਾਟਾਂ ਦੀ ਚੱਕੀ' ਦਾ ਜ਼ਿਕਰ ਵੀ ਕੀਤਾ ਗਿਆ ਹੈ। ਘਰਾਟਾਂ ਦੀ ਚੱਕੀ ਦੀ ਵਿਸ਼ੇਸ਼ਤਾ ਤੇ ਕਾਰਜ-ਪ੍ਰਣਾਲੀ ਦੇ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ ਹੈ। ਪੁਸਤਕ ਵਿਚ ਸੁਹਜ ਤ੍ਰਿਪਤੀ ਦੇ ਨਾਲ-ਨਾਲ ਗਿਆਨ ਪ੍ਰਦਾਨ ਵੀ ਕੀਤਾ ਗਿਆ।

-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ : 81465-42810

ਜ਼ਿੰਦਗੀ ਵਿਕਦੀ ਨਹੀਂ
ਲੇਖਕ : ਰਾਜਿੰਦਰ ਰਾਜ਼ ਸਵੱਦੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 167
ਸੰਪਰਕ : 97803-00247

1964 ਵਿਚ 'ਹਵਾੜ' ਅਤੇ 1967 ਵਿਚ 'ਜ਼ਿੰਦਗੀ ਦਾ ਚਿਹਰਾ' ਨਾਮਕ ਦੋ ਕਹਾਣੀ ਸੰਗ੍ਰਹਿ ਦੇ ਰਚੈਤਾ ਰਾਜਿੰਦਰ 'ਰਾਜ਼' ਸਵੱਦੀ ਦੀ ਕਲਮ ਤੋਂ ਹੋਰ ਰਚਨਾਵਾਂ ਦੀ ਉਮੀਦ ਕਰਦੇ ਪਾਠਕਾਂ ਨੂੰ ਉਸ ਸਮੇਂ ਬੇਹੱਦ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੋਵੇਗਾ ਜਦੋਂ 1993 ਵਿਚ ਰਜਿੰਦਰ ਰਾਜ ਸਵੱਦੀ ਉਨ੍ਹਾਂ ਨੂੰ ਹੰਝੂਆਂ ਵਿਚ ਛੱਡ ਕੇ ਸਦਾ ਲਈ ਦੂਜੀ ਦੁਨੀਆ ਵਿਚ ਤੁਰ ਗਿਆ। ਉਸ ਦੀ ਮੌਤ ਤੋਂ ਲਗਭਗ 30 ਸਾਲ ਬਾਅਦ ਉਸ ਦੇ ਪੁੱਤਰ ਰਾਜਦੀਪ ਸਿੰਘ ਤੂਰ ਨੇ ਇਨ੍ਹਾਂ ਦੋਹਾਂ ਕਹਾਣੀ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਨੂੰ ਸੰਪਾਦਿਤ ਕਰ ਕੇ ਇਕ ਪੁਸਤਕ 'ਜ਼ਿੰਦਗੀ ਵਿਕਦੀ ਨਹੀਂ' ਤਿਆਰ ਕੀਤੀ ਹੈ। ਇਸ ਇਕ ਹੀ ਪੁਸਤਕ ਵਿਚ 'ਰਾਜ਼' ਸਵੱਦੀ ਦੀਆਂ 31 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦਾ ਅਧਿਐਨ ਕਰਨ 'ਤੇ ਰਾਜਿੰਦਰ 'ਰਾਜ਼' ਸਵੱਦੀ ਇਕ ਮਾਨਵਵਾਦੀ ਕਹਾਣੀਕਾਰ ਸਿੱਧ ਹੁੰਦਾ ਹੈ। ਉਸ ਦੇ ਕਥਾ ਜਗਤ ਵਿਚ ਉਸ ਵੇਲੇ ਦੇ ਪੰਜਾਬ ਦੇ ਪਿੰਡਾਂ ਦਾ ਜੀਵਨ ਪੇਸ਼ ਹੋਇਆ ਹੈ। ਇਹ ਉਹ ਸਮਾਂ ਸੀ ਜਦੋਂ ਅਜੇ ਮੰਡੀਕਰਨ ਤੇ ਵਿਸ਼ਵੀਕਰਨ ਇਸ ਸੱਭਿਆਚਾਰ 'ਤੇ ਅਸਰ ਅੰਦਾਜ਼ ਨਹੀਂ ਹੋਇਆ ਸੀ। ਇਨ੍ਹਾਂ ਕਹਾਣੀਆਂ ਵਿਚੋਂ ਕਿਰਦਾਰਾਂ ਦੇ ਉੱਚ ਚਰਿੱਤਰ, ਉਨ੍ਹਾਂ ਦੇ ਸੁਪਨ ਸੰਸਾਰ, ਮਨ ਦੇ ਚਾਅ, ਮਾਵਾਂ ਦੀ ਮਮਤਾ, ਪਰਿਵਾਰਾਂ ਦੇ ਆਰਥਿਕ ਸੰਘਰਸ਼, ਨਵੀਂ ਵਿਆਹੀ ਔਰਤ ਦੇ ਚਾਅ ਮਨ ਵਿਚ ਹੀ ਮਰਨ ਦੀ ਮਾਯੂਸੀ, ਧਰਮਾਂ ਤੋਂ ਆਰ-ਪਾਰ ਕੁਰਬਾਨੀ ਦਾ ਜਜ਼ਬਾ, ਮਨੁੱਖੀ ਜੀਵਨ ਦੀਆਂ ਥੁੜਾਂ ਅਤੇ ਪਾਤਰਾਂ ਦੀ ਮਨੋਵਿਗਿਆਨਿਕ ਭਾਵੁਕਤਾ ਪ੍ਰਗਟ ਹੋਈ ਹੈ। ਇਸ ਕਥਾ ਸੰਸਾਰ ਦੇ ਪਾਤਰ ਕੰਸੋ, ਬਿੱਲੂ, ਬੰਸੀ, ਦੀਪ, ਦੀਸ਼ਾ, ਬਾਬਾ ਗੁਰੀਆ, ਪਿਆਰੋ, ਸਾਧੂ ਰਾਮ ਅਤੇ ਬਲਬੀਰ ਵਰਗੇ ਕਈ ਪਾਤਰ ਵਾਸਤਵਿਕ ਪਾਤਰਾਂ ਦੇ ਅਕਸ ਪ੍ਰਦਰਸ਼ਿਤ ਕਰਦੇ ਨਜ਼ਰ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਕਹਾਣੀਕਾਰਾਂ ਨੇ ਕਈ ਕਹਾਣੀਆਂ ਦੇ ਪਾਤਰਾਂ ਦੇ ਨਾਮਕਰਨ ਨਹੀਂ ਕੀਤੇ ਅਤੇ ਪਤੀ-ਪਤਨੀ, ਔਰਤ-ਮਰਦ ਜਾਂ ਹੋਰ ਜਾਤੀਵਾਚਕ ਨਾਂਵ ਵਰਤ ਕੇ ਹੀ ਕਹਾਣੀ ਲਿਖੀ ਹੈ। ਕਹਾਣੀਆਂ ਦੀ ਭਾਸ਼ਾ ਸਰਲ ਹੈ ਜਿਸ ਉਤੇ ਕਹਾਣੀਕਾਰ ਦੀ ਇਲਾਕਾਈ ਉਪ-ਬੋਲੀ ਦਾ ਪ੍ਰਭਾਵ ਪ੍ਰਤੱਖ ਹੈ। ਉਸ ਦੀ ਲੇਖਣ ਸ਼ੈਲੀ ਬਿਆਨੀਆ ਹੈ ਅਤੇ ਕਹਾਣੀ ਅਤੇ ਪਾਤਰਾਂ ਦੀ ਲੋੜ ਮੁਤਾਬਿਕ ਸੰਵਾਦ ਸ਼ੈਲੀ ਦੀ ਵਰਤੋਂ ਹੋਈ ਹੈ। ਰਾਜਦੀਪ ਸਿੰਘ ਤੂਰ ਵਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਕਾਰਨ ਇਹ ਕਹਾਣੀਆਂ ਹਮੇਸ਼ਾ ਲਈ ਸਾਂਭੀਆਂ ਜਾ ਸਕੀਆਂ ਹਨ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਨੇੜਿਓਂ ਦੇਖੀ ਦੁਨੀਆਂ
ਲੇਖਕ : ਲੋਕ ਨਾਥ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 94171-76877

ਮਨੁੱਖ ਨੇ ਜਿਹੜੇ ਅਨੁਭਵ ਆਪਣੇ ਹੱਡੀਂ ਹੰਢਾਏ ਹੁੰਦੇ ਹਨ, ਜਦੋਂ ਉਹ ਉਨ੍ਹਾਂ ਅਨੁਭਵਾਂ ਨੂੰ ਕਿਸੇ ਪੁਸਤਕ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕਰਦਾ ਹੈ ਤਾਂ ਇਹ ਅਨੁਭਵ ਦੂਜਿਆਂ ਲਈ ਪ੍ਰੇਰਨਾ ਸਰੋਤ ਤਾਂ ਬਣਦੇ ਹੀ ਹਨ, ਨਾਲ ਦੀ ਨਾਲ ਦੂਜਿਆਂ ਦੀ ਜ਼ਿੰਦਗੀ 'ਤੇ ਅਸਰ ਅੰਦਾਜ਼ ਵੀ ਹੁੰਦੇ ਹਨ। ਲੋਕ ਨਾਥ ਸ਼ਰਮਾ ਦੀ ਵਾਰਤਕ ਪੁਸਤਕ 'ਨੇੜਿਉਂ ਦੇਖੀ ਦੁਨੀਆ' ਕੁਝ ਇਸੇ ਤਰ੍ਹਾਂ ਦੀ ਹੀ ਪੁਸਤਕ ਹੈ, ਜਿਸ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਕੌੜੇ-ਮਿੱਠੇ ਅਨੁਭਵ ਲਘੂ ਲੇਖਾਂ ਦੇ ਰੂਪ ਵਿਚ ਪੇਸ਼ ਕੀਤੇ ਹਨ। ਇਨ੍ਹਾਂ ਲੇਖਾਂ ਵਿਚ ਲੇਖਕ ਦੇ ਜੀਵਨ ਦੇ ਕਾਰਜ ਖੇਤਰ ਭਾਵ ਸਿੱਖਿਆ ਦੇ ਖੇਤਰ ਦੇ ਅਨੁਭਵ ਵੀ ਦਰਜ ਹਨ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਪੇਸ਼ ਆਉਂਦੀਆਂ ਚੁਣੌਤੀਆਂ ਦੇ ਨਾਲ-ਨਾਲ ਕਾਮਯਾਬੀ ਦੇ ਗੁਰ ਵੀ ਸੁਝਾਏ ਗਏ ਹਨ, ਮਿਸਾਲ ਵਜੋਂ ਲੇਖਕ ਸਿੱਖਿਆ ਦੇ ਖੇਤਰ ਵਿਚੋਂ ਜਿਥੇ ਨਕਲ ਵਰਗੀ ਲਾਹਨਤ ਨੂੰ ਦੂਰ ਕਰਨ ਦੀ ਤਾਗੀਦ ਕਰਦਾ ਹੈ, ਉਥੇ ਖੰਨੇ ਦੇ ਸਰਕਾਰੀ ਸਕੂਲ ਨੂੰ ਵੀ ਉਸ ਨੇ ਆਪਣੇ ਚੇਤਿਆਂ ਵਿਚ ਵਸਾਇਆ ਹੋਇਆ ਹੈ। ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਅਤੇ ਸ਼ਰੀਕੇ ਭਾਈਚਾਰੇ ਦੁਆਰਾ ਕੀਤੀ ਬੇਵਫਾਈ ਵੀ ਇਨ੍ਹਾਂ ਲੇਖਾਂ ਵਿਚ ਬਾਖੂਬੀ ਪੇਸ਼ ਹੋਈ ਹੈ। ਲੇਖਕ ਨੇ 10 ਵਿਸ਼ਿਆਂ ਵਿਚ ਐਮ.ਏ. ਪਾਸ ਕੀਤੀ ਹੋਈ ਹੈ ਪਰ ਇਸ ਪਿੱਛੇ ਜਿਹੜੀ ਮਿਹਨਤ ਝਲਕਦੀ ਹੈ, ਉਸ ਦਾ ਜ਼ਿਕਰ ਵੀ ਪੁਸਤਕ ਵਿਚ ਹੋਇਆ ਹੈ। ਲੇਖਕ ਇਨ੍ਹਾਂ ਲੇਖਾਂ ਵਿਚ ਕਿਧਰੇ-ਕਿਧਰੇ ਆਪਣੇ ਅਤੀਤ ਨਾਲ ਵੀ ਸੰਵਾਦ ਰਚਾਉਂਦਾ ਹੈ ਕਿਉਂਕਿ ਅਤੀਤ ਵਿਚ ਭੋਗੇ ਸੁਖਮਈ ਪਲ ਉਸ ਨੂੰ ਸਕੂਨ ਪ੍ਰਦਾਨ ਕਰਦੇ ਹਨ। ਜਿਵੇਂ 'ਗਲੀਆਂ ਮੇਰੇ ਪਿੰਡ ਦੀਆਂ', ਗੁਆਂਢ 'ਚ ਵਸਦੇ ਕਰਮਯੋਗੀ ਲੋਕ, ਪਿਤਾ ਜੀ ਦੇ ਤੁਰ ਜਾਣ ਪਿਛੋਂ ਲੇਖਕ ਦੀਆਂ ਭਾਵੁਕ ਭਾਵਨਾਵਾਂ ਨੂੰ ਪੇਸ਼ ਕਰਨ ਵਾਲੇ ਲੇਖ ਹਨ। ਨਸ਼ਿਆਂ ਦਾ ਸਮਾਜ ਨੂੰ ਖੋਰਾ ਲਾਉਣਾ, ਠੱਗਾਂ ਅਤੇ ਧੋਖੇਬਾਜ਼ਾਂ ਦੀਆਂ ਚਾਲਾਂ, ਦੁਨੀਆ ਨੂੰ ਕੀ ਹੋ ਗਿਆ, ਆਦਿ ਲੇਖ ਲੇਖਕ ਦੀ ਸਮਾਜ ਪ੍ਰਤੀ ਫਿਕਰਮੰਦੀ ਦਾ ਇਜ਼ਹਾਰ ਕਰਨ ਵਾਲੇ ਹਨ। ਲੇਖਕ ਆਪਣੇ ਇਸ ਹਰੇਕ ਜੀਵਨ ਅਨੁਭਵ ਨੂੰ ਪੇਸ਼ ਕਰਨ ਤੋਂ ਪਹਿਲਾਂ ਸੰਖੇਪ ਭੂਮਿਕਾ ਵਿਸ਼ੇ ਬਾਰੇ ਬੰਨ੍ਹਣ ਤੋਂ ਬਾਅਦ ਵਿਸਥਾਰ ਦਿੰਦਿਆਂ ਫਿਰ ਆਪਣੀ ਜ਼ਿੰਦਗੀ ਵਿਚੋਂ ਕੋਈ ਨਾ ਕੋਈ ਘਟਨਾ ਪੇਸ਼ ਕਰਦਾ ਹੈ, ਜਿਸ ਨਾਲ ਉਸ ਦਾ ਕਿਸੇ ਵੀ ਘਟਨਾ, ਪ੍ਰਸਥਿਤੀ ਵਿਚਲਾ ਅਨੁਭਵ ਪ੍ਰਮਾਣਿਕ ਰੂਪ ਵਿਚ ਸਾਹਮਣੇ ਆਉਂਦਾ ਹੈ। ਲੋਕ ਨਾਥ ਸ਼ਰਮਾ ਅਨੁਭਵੀ ਲੇਖਕ ਹੈ, ਜਿਸ ਕਰਕੇ ਉਸ ਦੀ ਲਿਖਣ ਸ਼ੈਲੀ ਵੀ ਪ੍ਰਭਾਵਿਤ ਕਰਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਚੱਟ ਗਈ ਮਲਾਈ
ਲੇਖਿਕਾ : ਮਨਿੰਦਰ ਕੌਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 130 ਰੁਪਏ, ਸਫ਼ੇ : 32
ਸੰਪਰਕ : 94173-66998

ਬੱਚਿਆਂ ਨੂੰ ਸਾਹਿਤ ਅਤੇ ਭਾਸ਼ਾ ਨਾਲ ਜੋੜਨ ਲਈ ਅਧਿਆਪਕ ਵਰਗ ਦੀ ਮਹੱਤਵਪੂਰਨ ਭੂਮਿਕਾ ਹੈ। ਬੱਚਿਆਂ ਨਾਲ ਸਿੱਧਾ ਤਾਅਲੁਕ ਹੋਣ ਕਾਰਨ ਅਧਿਆਪਕ ਉਨ੍ਹਾਂ ਦੀ ਬਾਲ ਮਨੋਵਿਗਿਆਨਕ ਸਥਿਤੀ ਨੂੰ ਡੂੰਘੀ ਤਰ੍ਹਾਂ ਸਮਝਦਾ ਹੈ। ਮਨਿੰਦਰ ਕੌਰ ਅਜਿਹੇ ਹੀ ਅਧਿਆਪਕ-ਕਲਮਕਾਰਾਂ ਵਿਚੋਂ ਇਕ ਹੈ, ਜਿਸ ਦਾ ਅਕਸਰ ਛੋਟੀ ਉਮਰ ਦੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਇਨ੍ਹਾਂ ਬਾਲ-ਬਾਲੜੀਆਂ ਦੀਆਂ ਮਾਨਸਿਕ, ਬੌਧਿਕ, ਸਰੀਰਕ ਲੋੜਾਂ ਅਤੇ ਸਮੱਸਿਆਵਾਂ ਦੇ ਨਾਲ-ਨਾਲ ਉਸ ਨੂੰ ਉਨ੍ਹਾਂ ਦੀਆਂ ਰੁਚੀਆਂ ਬਾਰੇ ਡੂੰਘਾ ਅਨੁਭਵ ਹੈ। ਇਸ ਸਮੁੱਚੇ ਵਰਤਾਰੇ ਨੂੰ ਕੇਂਦਰ ਵਿਚ ਰੱਖ ਕੇ ਇਸ ਲੇਖਿਕਾ ਨੇ ਬਾਲਾਂ ਲਈ ਆਪਣਾ ਪਲੇਠਾ ਕਾਵਿ ਸੰਗ੍ਰਹਿ 'ਚੱਟ ਗਈ ਮਲਾਈ' ਸਿਰਜਿਆ ਹੈ, ਜਿਸ ਵਿਚ ਅਜਿਹੇ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ, ਜੋ ਬਚਪਨ ਦੀ ਅਵਸਥਾ ਨਾਲ ਜੁੜੇ ਹੋਏ ਹਨ।
ਲੇਖਿਕਾ ਨੇ ਇਸ ਸੰਗ੍ਰਹਿ ਵਿਚ ਮੁੱਖ ਤੌਰ 'ਤੇ ਸਕੂਲੀ ਸਿੱਖਿਆ ਅਤੇ ਇਸ ਨਾਲ ਸੰਬੰਧਿਤ ਉਸਾਰੂ ਚੌਗਿਰਦੇ ਨੂੰ ਆਧਾਰ ਬਣਾਇਆ ਹੈ। ਇਸ ਹਵਾਲੇ ਨਾਲ ਉਸ ਦੀਆਂ ਕਵਿਤਾਵਾਂ ਵਿਚੋਂ 'ਚਲੋ ਜੀ ਚੱਲੀਏ ਸਕੂਲ ਨੂੰ', 'ਮੇਰਾ ਸਮਾਰਟ ਸਕੂਲ', 'ਅੱਖਰਾਂ ਦਾ ਮੇਲਾ', 'ਮੈਡਮ ਜੀ', 'ਮੁਹਾਰਨੀ ਗੀਤ' ਆਦਿ ਦੇ ਨਾਂ ਲਏ ਜਾ ਸਕਦੇ ਹਨ। ਇਸੇ ਪ੍ਰਕਾਰ ਭਾਂਤ-ਭਾਂਤ ਦੇ ਨਿੱਕੇ-ਵੱਡੇ ਜੀਵ ਜੰਤੂਆਂ ਨਾਲ ਸੰਬੰਧਿਤ ਕਵਿਤਾਵਾਂ ਵਿਚੋਂ 'ਚੱਟ ਗਈ ਮਲਾਈ', 'ਚੂਹਾ ਚੂਹੀ ਗਏ ਬਜ਼ਾਰ', 'ਕਾਂ ਤੇ ਚਿੜੀ', 'ਡਾ. ਬਾਂਦਰ ਦਾ ਕਲੀਨਿਕ' ਅਤੇ 'ਚਿੜੀ ਦਾ ਆਲ੍ਹਣਾ' ਆਦਿ ਹਨ। 'ਮੇਰੀ ਗੁੱਡੀ', 'ਮੀਂਹ ਵਿਚ ਕਿਸ਼ਤੀ', 'ਭਾਂਡੇ ਬੋਲਦੇ' ਆਦਿ ਕਵਿਤਾਵਾਂ ਵਿਚ ਵੀ ਬਾਲੋਪਯੋਗੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਕਈ ਕਵਿਤਾਵਾਂ ਵਿਚ ਵਿਅੰਗਮਈ ਅੰਦਾਜ਼ ਦੀ ਵਰਤੋਂ ਕੀਤੀ ਗਈ ਹੈ। 'ਜੁਗਨੂੰ' ਕਵਿਤਾ ਵਿਚ ਨਿੱਕੇ ਜਿਹੇ ਜੀਵ ਜੁਗਨੂੰ ਦੇ ਮਾਧਿਅਮ ਦੁਆਰਾ ਇਉਂ ਵੱਡਾ ਸੁਨੇਹਾ ਦਿੱਤਾ ਗਿਆ ਹੈ :
ਨਿੱਕਾ ਜਿਹਾ ਇਕ ਜੁਗਨੂੰ ਸੀ
ਬੜਾ ਬਹਾਦਰ ਜੁਗਨੂੰ ਸੀ
ਨ੍ਹੇਰੇ ਤੋਂ ਨਹੀਂ ਡਰਦਾ ਸੀ
ਘੁੱਪ ਹਨੇਰੇ ਦੇ ਵਿਚ ਉਹ
ਜਗ-ਮਗ ਜਗ-ਮਗ ਕਰਦਾ ਸੀ।
(ਪੰਨਾ 10)
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਤਿੱਤਲੀਆਂ, ਫੁੱਲ, ਮਧੂਮੱਖੀਆਂ, ਵੰਨ ਸੁਵੰਨੇ ਖਿਡੌਣੇ, ਭਾਂਤ-ਭਾਂਤ ਦੇ ਜੀਵ ਜੰਤੂ ਵਿਚਰਦੇ ਵਿਖਾਈ ਦਿੰਦੇ ਹਨ। ਅੱਖਰਾਂ ਅਤੇ ਹਿੰਦਸਿਆਂ ਵਾਲੀਆਂ ਕਵਿਤਾਵਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਮਦਦਗਾਰ ਸਿੱਧ ਹੁੰਦੀਆਂ ਹਨ।
ਇਨ੍ਹਾਂ ਕਵਿਤਾਵਾਂ ਰਾਹੀਂ ਬਾਲ ਮਾਨਸਿਕਤਾ ਨੂੰ ਖ਼ੂਬ ਵਧਣ-ਫੁੱਲਣ ਦਾ ਉਸਾਰੂ ਮੌਕਾ ਪ੍ਰਦਾਨ ਕੀਤਾ ਹੈ। ਇਹ ਕਵਿਤਾਵਾਂ ਬਾਲਾਂ ਦੇ ਚਰਿੱਤਰ ਨਿਰਮਾਣ ਦੀ ਉਸਾਰੀ ਤਾਂ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਉਨ੍ਹਾਂ ਦੇ ਮਾਤ ਭਾਸ਼ਾ ਪ੍ਰਤੀ ਗਿਆਨ ਵਿਚ ਵੀ ਇਜ਼ਾਫ਼ਾ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਵਿਚ ਲੈਅ, ਤਾਲ ਅਤੇ ਦ੍ਰਿਸ਼ ਵਰਣਨ ਅਤੇ ਮਨੋਰੰਜਨ ਹੈ। ਰੰਗਦਾਰ ਚਿੱਤਰ ਬੱਚਿਆਂ ਨੂੰ ਕਵਿਤਾਵਾਂ ਪੜ੍ਹਨ ਲਈ ਪ੍ਰੇਰਦੇ ਵਿਖਾਈ ਦਿੰਦੇ ਹਨ। ਆਸ ਕੀਤੀ ਜਾਂਦੀ ਹੈ ਕਿ ਲੇਖਿਕਾ ਇਸੇ ਤਰ੍ਹਾਂ ਬਾਲ-ਮਨਾਂ ਨੂੰ ਸੇਧ ਦੇਣ ਵਾਲਾ ਸਾਹਿਤ ਸਿਰਜ ਕੇ ਮਾਂ ਬੋਲੀ ਦਾ ਗੌਰਵ ਵਧਾਉਂਦੀ ਰਹੇਗੀ।

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

ਚਾਨਣ ਦੀ ਚੋਗ
ਲੇਖਕ : ਸੁਰਜੀਤ ਦੇਵਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 150 ਰੁਪਏ, ਸਫੇ : 56.
ਸੰਪਰਕ : 92563-67202

ਹੱਥਲੀ ਪੁਸਤਕ 'ਚਾਨਣ ਦੀ ਚੋਗ' ਸੁਰਜੀਤ ਦੇਵਲ ਦੀ ਬਹੁਤ ਹੀ ਪਿਆਰੀ ਬਾਲ ਪੁਸਤਕ ਹੈ ਜਿਸ ਵਿਚ ਬੱਤੀ ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਵੱਡੀ ਗੱਲ ਹੈ ਕਿ ਸਭ ਰਚਨਾਵਾਂ ਆਯੂ-ਗੁੱਟ ਦੇ ਹਿਸਾਬ ਨਾਲ ਵੰਡੀਆਂ ਹੋਈਆਂ ਹਨ ਪਹਿਲਾ ਭਾਗ ਦੋ ਤੋਂ ਪੰਜ ਸਾਲ ਦੇ ਬੱਚਿਆਂ ਲਈ ਹੈ। ਦੂਜਾ ਭਾਗ ਪੰਜ ਤੋਂ ਨੌਂ ਸਾਲ ਦੇ ਬੱਚਿਆਂ ਲਈ ਹੈ ਅਤੇ ਤੀਜਾ ਭਾਗ ਨੌਂ ਤੋਂ ਚੌਦਾਂ ਸਾਲ ਦੇ ਬੱਚਿਆਂ ਲਈ ਹਨ। ਸਭੇ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆਂ ਵੀ ਦਿੰਦੀਆਂ ਹਨ। ਲੇਖਕ ਬਹੁਤ ਹੀ ਅਨੁਭਵੀ ਅਤੇ ਤਜਰਬੇਕਾਰ ਹੈ ਇਸ ਤੋਂ ਪਹਿਲਾਂ ਵੀ ਸੱਤ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਨਰਸਰੀ ਬੱਚਿਆਂ ਲਈ ਲਿਖੀ ਕਵਿਤਾ 'ਰੋਟੀ' ਕਮਾਲ ਦੀ ਕਵਿਤਾ ਹੈ:-
-ਰੋਟੀ-
ਮਾਂ ਰਸੋਈ ਦੇ ਵਿਚ ਜਾ ਕੇ,
ਆਟਾ ਗੁੰਨੇ ਪ੍ਰਾਂਤ ਵਿਚ ਪਾ ਕੇ।
ਚੇਸਟਾ ਉੱਤਰ ਬੈੱਡ ਤੋਂ ਆਈ।
ਮਾਂ ਦੇ ਕੋਲ ਆ ਕੇ ਰੱਟ ਲਾਈ।
ਮਾਂ! ਮਾਂ! ਆਤਾ ਦੇ।
ਮਾਂ! ਮਾਂ! ਆਤਾ ਦੇ।
ਮਾਂ-ਮਾਂ ਕਹੇ ਕੀ ਕਰਨਾ ਆਟਾ।
ਚੇਸਟਾ-ਮਾਂ ਮੈਂ ਲੋਤੀ ਪਾਊਂ।
ਮਾਂ-ਤੇਰੀ ਰੋਟੀ ਕੌਣ ਖਾਊਗਾ।
ਚੇਸਟਾ-ਦਾਦੂ ਲੋਤੀ ਥਾਊ ਆ।
ਏਸੇ ਤਰ੍ਹਾਂ ਦੂਸਰੇ ਗੁੱਟ ਵਿਚ ਵੀ ਬਹੁਤ ਪਿਆਰੀਆਂ ਕਵਿਤਾਵਾਂ ਹਨ ਜਿਵੇਂ 'ਪੁਸਤਕ'।
-ਪੁਸਤਕ-
ਮਾਂ ਹਾਂ ਪੁਸਤਕ ਤੇਰੀ।
ਗੱਲ ਮੰਨੀ ਤੂੰ ਮੇਰੀ।
ਮੈਂ ਅੱਖਰਾਂ ਦੀ ਦੀਪ ਮਾਲਾ।
ਮਨ ਮਸਤਕ ਤੇਰੇ ਕਰੂੰ ਉਜਾਲਾ।
ਮੈਨੂੰ ਖੋਲ੍ਹ ਕੇ ਪੜ੍ਹਿਆ ਕਰ।
ਨਾ ਤੂੰ ਮੇਰੇ ਕੋਲੋਂ ਡਰਿਆ ਕਰ।
ਦੋਸਤੀ ਮੇਰੇ ਨਾਲ ਬਣਾ।
ਜੀਵਨ ਨੂੰ ਖ਼ੁਸ਼ਹਾਲ ਬਣਾ।
ਏਸੇ ਤਰ੍ਹਾਂ ਹੀ ਤੀਜੇ ਭਾਗ ਵਿਚ ਵੀ ਬਹੁਤ ਹੀ ਸਿੱਖਿਆਂ ਦਾਇਕ ਰਚਨਾਵਾਂ ਹਨ ਜਿਵੇਂ ''ਮਾਂ ਵਰਗੀ ਮਾਂ ਬੋਲੀ''।
-ਮਾਂ ਵਰਗੀ ਮਾਂ ਬੋਲੀ-
ਸਾਹਿਤ ਦੇ ਹੀਰਿਆਂ ਨਾਲ ਇਹ ਸ਼ਿੰਗਾਰੀ ਐ।
ਮਾਂ ਵਰਗੀ ਮਾਂ ਬੋਲੀ ਪੰਜਾਬੀ ਪਿਆਰੀ ਐ।
ਬੇ-ਮੁੱਖ ਮਾਂ ਬੋਲੀ ਤੋਂ ਕਦੇ ਵੀ ਹੋਣਾ ਨਹੀਂ।
ਮਾਂ ਦਾ ਬਣਦਾ ਮਾਣ ਕਦੇ ਵੀ ਖੋਣਾ ਨਹੀਂ।
ਪੁੱਤਾਂ ਦੇ ਸਿਰ ਮਾਂ ਕਰਦੀ ਸਰਦਾਰੀ ਐ।
ਮਾਂ ਵਰਗੀ ਮਾਂ ਬੋਲੀ............।
ਏਸੇ ਤਰ੍ਹਾਂ ਹੀ ਕੁਲਫੀ, ਭੈਣ ਨੂੰ ਵੀਰ ਪਿਆਰਾ, ਅਮਨ ਦੀ ਘੁੱਗੀ, ਮਾਂ ਦੀ ਮਮਤਾ, ਚਾਨਣ ਦੀ ਚੋਗ, ਰੁੱਖ ਲਾਵੋ ਜਨ ਜੀਵਨ ਬਚਾਵੋ, ਪਾਣੀ-ਪਾਣੀ ਕਰਦੇ ਆਦਿ ਬਹੁਤ ਹੀ ਪਿਆਰੀਆਂ ਅਤੇ ਸਿੱਖਿਆਦਾਇਕ ਰਚਨਾਵਾਂ ਹਨ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜਿੱਥੇ ਬਹੁਤ ਵਾਧਾ ਕਰੇਗੀ ਉੱਥੇ ਪੰਜਾਬ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਵੀ ਬਣੇਗੀ। ਲੇਖਕ ਨੂੰ ਮੈਂ ਸ਼ਾਬਾਸ਼ ਅਤੇ ਮੁਬਾਰਕਾਂ ਵੀ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

 

11-01-2025

 ਸੱਥ ਗੱਲਾਂ
ਲੇਖਕ : ਸੁਖਮੰਦਰ ਸਿੰਘ ਬਰਾੜ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨ, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 98516-00000

ਸੱਥਾਂ ਪੰਜਾਬੀ ਸੱਭਿਆਚਾਰਕ ਸਮਾਜ ਦੀ ਵਿਰਾਸਤ ਹਨ। ਵਿਹਲੇ ਸਮੇਂ ਨੂੰ ਪਾਸ ਕਰਨ ਲਈ ਪੇਂਡੂ ਲੋਕ ਸੱਥਾਂ ਦੀ ਵਰਤੋਂ ਕਰਦੇ ਹਨ। ਇਸ ਸਾਂਝੀ ਥਾਂ 'ਤੇ ਲੋਕ ਬਾਰਾਂ ਬੀਟੀ 'ਤੇ ਤਾਸ਼ ਖੇਡਦੇ ਹਨ। ਸੱਥਾਂ ਦੀ ਸਮਾਜਿਕ ਮੁਹੱਤਤਾ ਦੇ ਕਾਰਨ ਹੀ ਲੇਖਕ ਨੇ 'ਸੱਥ ਗੱਲਾਂ' ਨਾਂ ਦੀ ਪੁਸਤਕ ਪ੍ਰਕਸ਼ਿਤ ਕੀਤੀ ਹੈ। ਸਾਰੀ ਪੁਸਤਕ ਨੂੰ 16 ਵਾਰਤਕ ਵਿਅੰਗਾਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਵਿਚ ਕਹਾਵਤਾਂ, ਚੁਟਕਲੇ ਅਤੇ ਅਖਾਣਾਂ ਦੀ ਵਰਤੋਂ ਹੋਈ ਹੈ। ਸੱਥਾਂ ਵਿਚ ਜਿਹੜੀਆਂ ਗੱਲਾਂ ਲੋਕ ਕਰਦੇ ਹਨ, ਉਨ੍ਹਾਂ ਦਾ ਸਾਰਥਿਕ ਮਹੱਤਵ ਹੁੰਦਾ ਹੈ। ਇਸ ਪੁਸਤਕ ਦਾ ਅਧਿਐਨ ਕਰਦਿਆਂ ਪਾਤਰਾਂ ਦੀ ਬੋਲੀ, ਪਹਿਰਾਵਾ, ਆਦਤਾਂ, ਵਾਤਾਵਰਨ ਅਤੇ ਪੰਜਾਬੀ ਸੱਭਿਆਚਾਰਕ-ਸਮਾਜ ਦੀ ਉਪਭਾਸ਼ਾਈ ਬੋਲੀ ਦਾ ਗਿਆਨ ਹੁੰਦਾ ਹੈ। ਲੇਖਕ ਦਾ ਪਾਤਰਾਂ ਰਾਹੀਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਕ ਨਿਵੇਕਲਾ ਕਾਰਜ ਹੈ। ਇਸ ਵਿਚ ਸਾਹਿਤ ਦੇ ਕਈ ਅੰਗਾਂ ਨੂੰ ਛੋਹਿਆ ਹੈ। ਵਿਅੰਗਾਤਮਕ ਲੇਖਾਂ ਵਿਚ ਹਾਸ-ਰਸ ਅਤੇ ਰੋਚਿਕਤਾ ਵਿਦਮਾਨ ਹੈ। ਵਿਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਵਿਚ ਵਿਭਿੰਨਤਾ, ਕਹਾਣੀ, ਲੜੀ ਬੱਧਤਾਂ, ਪੇਂਡੂ ਰਹਿਤਲ ਦਾ ਗਿਆਨ, ਵਿਆਖਿਆ ਤੇ ਸੰਜਮ ਆਦਿ ਦਾ ਪ੍ਰਗਟਾਵਾ ਹੁੰਦਾ ਹੈ।
ਇਸ ਪੁਸਤਕ ਵਿਚ ਪੰਜਾਬੀ ਸੱਥ, ਪਿੰਡਾਂ ਦੇ ਬੰਦਿਆਂ ਦੇ ਛੋਟੇ-ਛੋਟੇ ਨਾਂਅ 'ਤੇ ਉਨ੍ਹਾਂ ਦੀ ਬੋਲੀ ਵਿਸ਼ੇਸ਼ ਢੰਗ ਨਾਲ ਪੇਸ਼ ਕੀਤੀ ਗਈ ਮਿਲਦੀ ਹੈ। ਲੋਕਾਂ ਦੇ ਸਮਾਜ ਵਿਚ ਰਹਿੰਦਿਆਂ, ਮਾੜੇ-ਮੋਟੇ ਗਿਲੇ ਸਿਕਵੇ, ਰੋਸਿਆਂ ਅਤੇ ਕਈ ਲੋਕਾਂ ਦੇ ਲੜਾਕੂ ਸੁਭਾਅ ਦੇ ਕਾਰਨ, ਮਾਮੂਲੀ ਗੱਲਾਂ ਦਾ ਵੱਡੇ-ਵੱਡੇ ਝਗੜਿਆਂ ਵਿਚ ਬਦਲ ਜਾਣਾ ਨਜ਼ਰੀਂ ਪੈਂਦਾ ਹੈ। ਇਨ੍ਹਾਂ ਝਗੜਿਆ ਦਾ ਨਿਪਟਾਰਾ ਸਮਾਜਿਕ ਵਰਤਾਰੇ ਅਧੀਨ ਪਿੰਡ ਦੇ ਸਿਆਣਿਆਂ, ਮੋਹਤਬਰਾਂ ਅਤੇ ਪੰਚਾਇਤਾਂ ਦੁਆਰਾ ਨਿਆਂ ਕਰਨਾ ਇਕ ਬਹੁਤ ਹੀ ਸੁਚੱਜੇ ਤੇ ਸਿਆਣੇ ਭਾਈਚਾਰਕ ਸੰਬੰਧਾਂ ਦੀ ਝਲਕ ਪੇਸ਼ ਕਰਦਾ ਹੈ।
'ਸੱਥ ਗੱਲਾਂ, ਪੁਸਤਕ ਦੇ ਵੱਖ-ਵੱਖ ਪਾਠਾਂ ਵਿਚ ਸੱਭਿਆਚਾਰਕ ਸਮਾਜ ਦੀ ਹਰੇਕ ਸਮੱਸਿਆਂ ਜਿਵੇਂ ਪਰਿਵਾਰਕ ਰਿਸ਼ਤੇ, ਸਰਕਾਰੀ ਪ੍ਰਬੰਧ, ਸਰਕਾਰੀ ਅਮਲੇ ਦੀ ਭ੍ਰਿਸ਼ਟਚਾਰੀ ਅਤੇ ਰਾਜਨੀਤੀਵਾਨਾਂ ਦੀਆਂ ਗ਼ਲਤ ਨੀਤੀਆਂ ਦੀ ਪੋਲ ਪਾਤਰਾਂ ਦੀ ਬੋਲੀ ਰਾਹੀ ਖੁੱਲ੍ਹਵਾਈ ਗਈ ਹੈ। ਲੇਖਕ ਆਪਣੇ ਦਿਲ ਦੀਆਂ ਗੱਲਾਂ ਸੱਥ ਦੇ ਲੋਕਾਂ ਦੇ ਬੋਲਾਂ ਰਾਹੀਂ ਕਰਵਾਉਂਦਾ ਹੈ। ਉਹ ਆਪਣੀ ਬੁੱਧੀ ਰਾਹੀਂ ਉਨ੍ਹਾਂ ਵਿਚ ਚੇਤਨਤਾ ਪੈਦਾ ਕਰਦੇ ਹਨ। ਉਹ ਪਿੰਡ ਦੇ ਲੋਕਾਂ ਦੀ ਸਮਾਜਿਕ ਤੇ ਸੱਭਿਆਚਾਰਕ ਜੀਵਨ ਦੀ ਸਮਝ ਪੂਰੀ ਤਰ੍ਹਾਂ ਰੱਖਦਾ ਹੈ। ਉਨ੍ਹਾਂ ਨੂੰ ਮਾਲੂਮ ਹੈ ਕਿ ਪਿੰਡ ਦੇ ਲੋਕਾਂ ਦਾ ਜੀਵਨ ਜਿਊਣ ਦਾ ਢੰਗ ਕਿਸ ਤਰ੍ਹਾਂ ਦਾ ਹੁੰਦਾ ਹੈ।
ਇਹ ਵਿਚ ਪੇਸ਼ ਕੀਤੇ ਗਏ ਵਿਅੰਗਾਤਮਕ ਲੇਖਾਂ ਵਿਚ ਇਕ ਹੀ ਪ੍ਰਕਾਰ ਦੀ ਸ਼ੈਲੀ ਹੈ। ਲੇਖਕ ਬਿਰਤਾਂਤ ਸਿਰਜਣ ਵਿਚ ਬਹੁਤ ਮਾਹਰ ਹੈ। ਇਨ੍ਹਾਂ ਦੇ ਲੇਖਾਂ ਨੂੰ ਪੜ੍ਹਨ ਵਾਲਾ ਪਾਠਕ ਆਪਣੇ ਪੁਰਾਤਨ ਸਮਿਆਂ ਨੂੰ ਯਾਦ ਕਰਦਿਆਂ ਪਿੰਡਾਂ ਵਿਚ ਭਰਮਣ ਕਰਨ ਪਹੁੰਚ ਜਾਂਦਾ ਹੈ। ਲੇਖਕ ਘਟਨਾਵਾਂ, ਤੱਥਾਂ ਤੇ ਬੋਲੀ ਦੇ ਸੁਮੇਲ ਕਰਕੇ ਸੱਥ ਵਿਚ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ। ਲੇਖਕ ਨੇ ਇਕ ਪਿੰਡ ਦੀ ਸਮਾਜਿਕ, ਰਾਜਨੀਤਕ ਤੇ ਪਰਿਵਾਰਕ ਸਮੱਸਿਆਵਾਂ ਨੂੰ ਸੋਚਣ, ਸਮਝਣ ਤੇ ਹੱਲ ਕਰਨ ਦਾ ਆਪਣੀ ਯੋਗਤਾ ਰਾਹੀ ਇਕ ਵਿਅੰਗਾਤਮਕ ਰੂਪ ਵਿਚ ਚਿਤਰਨ ਕੀਤਾ ਹੈ। ਇਹ ਉਸ ਦਾ ਬਹੁਤ ਵਧੀਆ ਉਦਮ ਹੈ।

-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572

ਹਾਇਕੂ ਗੁਲਜ਼ਾਰ
ਲੇਖਿਕਾ : ਡਾ. ਦਵਿੰਦਰਜੀਤ ਕੌਰ ਦ੍ਰਿਵ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 72
ਸੰਪਰਕ : 98786-74705

ਹਾਇਕੂ ਦਾ ਸਿੱਧਾ ਸੰਬੰਧ ਜਾਪਾਨੀ ਸਾਹਿਤ ਨਾਲ ਹੈ। ਡਾ. ਦਵਿੰਦਰਜੀਤ ਕੌਰ ਦ੍ਰਿਵ ਨੇ ਇਸ ਖੇਤਰ ਵਿਚ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਕਾਰਜ ਕੀਤਾ ਹੈ। ਆਪਣੇ ਚਾਰ ਹਾਇਕੂ-ਸੰਗ੍ਰਹਿਆਂ ਦੀ ਪ੍ਰਕਾਸ਼ਨਾ ਤੋਂ ਬਾਅਦ ਹਥਲਾ ਹਾਇਕੂ-ਸੰਗ੍ਰਹਿ 'ਹਾਇਕੂ ਗੁਲਜ਼ਾਰ' ਉਨ੍ਹਾਂ ਦੀ ਪੰਜਵੀਂ ਪ੍ਰਕਾਸ਼ਿਤ ਪੁਸਤਕ ਹੈ। ਹਾਇਕੂ 17 ਵਰਣਾਂ ਵਿਚ ਬੰਨ੍ਹਿਆ ਜਾਂਦਾ ਹੈ ਅਤੇ ਇਸ ਦਾ ਸਰੂਪ 3 ਸਤਰਾਂ ਦਾ ਹੁੰਦਾ ਹੈ। ਪਹਿਲੀ ਸਤਰ ਵਿਚ ਪੰਜ ਵਰਣ ਹੁੰਦੇ ਹਨ, ਜਦੋਂ ਕਿ ਦੂਜੀ ਵਿਚ 7 ਅਤੇ ਤੀਜੀ ਸਤਰ ਵਿਚ ਫਿਰ ਪੰਜ ਵਰਣ ਹੁੰਦੇ ਹਨ। ਗ਼ਜ਼ਲ ਦੇ ਸ਼ਿਅਰ ਵਾਂਗ ਹਰ ਹਾਇਕੂ ਵਿਚ ਇਕ ਪੂਰਾ ਵਿਚਾਰ ਪ੍ਰਗਟਾਇਆ ਗਿਆ ਹੁੰਦਾ ਹੈ ਅਤੇ ਇਹ ਆਪਣੇ-ਆਪ ਵਿਚ ਸੰਪੂਰਨ ਹੁੰਦਾ ਹੈ। ਜੇਕਰ ਹਾਇਕੂ ਨੂੰ ਥੋੜ੍ਹਾ-ਬਹੁਤਾ ਤੁਕਾਂਤਿਕ ਰੰਗ ਦੇ ਲਿਆ ਜਾਵੇ ਤਾਂ ਇਸ ਦਾ ਮੁਹਾਂਦਰਾ ਹੋਰ ਵੀ ਵਧੀਆ ਲੱਗਣ ਲੱਗਦਾ ਹੈ ਪਰ ਅਜਿਹਾ ਕਰਨਾ ਇਸ ਵਿਧਾ ਵਿਚ ਕੋਈ ਜ਼ਰੂਰੀ ਸ਼ਰਤ ਨਹੀਂ ਹੈ। ਉਨ੍ਹਾਂ ਵਲੋਂ ਇਸ ਹਾਇਕੂ-ਸੰਗ੍ਰਹਿ ਨੂੰ ਬਹੁਤ ਹੀ ਖ਼ੂਬਸੂਰਤ ਬਿੰਬਾਂ ਅਤੇ ਅਲੰਕਾਰਾਂ ਦੀਆਂ ਕਾਰਾਗਰੀਆਂ ਨਾਲ ਸ਼ਿੰਗਾਰ ਕੇ ਹੋਰ ਖ਼ੂਬਸੂਰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੰਗ੍ਰਹਿ ਨੂੰ ਪ੍ਰਾਕਿਰਿਤਕ ਛੋਹਾਂ ਦੇਣ ਦਾ ਉਨ੍ਹਾਂ ਦਾ ਸੋਨੇ 'ਤੇ ਸੁਹਾਗੇ ਵਾਲਾ ਯਤਨ ਵੀ ਟਪੂਸੀਆਂ ਮਾਰਦੇ ਮਨੁੱਖੀ ਮਨ ਨੂੰ ਕੀਲ ਕੇ ਬਿਠਾਉਣ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕਰਨ ਲਈ ਜਾਪਾਨ ਦੀ ਇਸ ਹਰਮਨ ਪਿਆਰੀ ਵਿਧਾ ਨੂੰ ਕੁਝ ਨਵਾਂ ਪੜ੍ਹਨ ਦਾ ਸ਼ੌਕ ਰੱਖਣ ਵਾਲੇ ਸੁਹਿਰਦ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰ ਕੇ ਡਾ. ਦਵਿੰਦਰਜੀਤ ਕੌਰ ਦ੍ਰਿਵ ਨੇ ਸੱਚਮੁੱਚ ਹੀ ਬੜਾ ਸ਼ਲਾਘਾਯੋਗ ਕਾਰਜ ਕੀਤਾ ਹੈ। ਉਦਾਹਰਣ ਦੇ ਰੂਪ ਵਿਚ ਮੈਂ ਉਨ੍ਹਾਂ ਦੀ ਪੁਸਤਕ ਵਿਚੋਂ ਉਨ੍ਹਾਂ ਦੇ ਦੋ ਹਾਇਕੂ ਨਮੂਨੇ ਵਜੋਂ ਤੁਹਾਡੀ ਨਜ਼ਰ ਕਰਨ ਦੀ ਖ਼ੁਸ਼ੀ ਪ੍ਰਾਪਤ ਕਰ ਰਿਹਾ ਹਾਂ:
ਮਾਨਵ ਵਿਚੋਂ / ਮਾਨਵਤਾ ਗਾਇਬ
ਦਾਨਵ ਘੁੰਮੇ / ਮਾਂ ਦੀ ਗੋਦ 'ਚੋਂ
ਬੱਚਾ ਸਬਕ ਸਿੱਖੇ / ਮਾਤ ਭਾਸ਼ਾ ਹੈ

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਖੂਹ ਦੀ ਆਵਾਜ਼
ਲੇਖਕ : ਪਰਗਟ ਸਿੰਘ ਜੰਬਰ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 85280-26566

ਦੁੱਖ ਸੁੱਖ ਦਾ ਝਲਕਾਰਾ ਜ਼ਿਆਦਾ ਕਰ ਕੇ ਸਾਡੇ ਆਪਣੇ ਸੁਭਾਅ/ਵਰਤਾਰੇ ਦਾ ਨਤੀਜਾ ਹੀ ਹੁੰਦਾ ਹੈ। ਜਾਨੀ ਖੂਹ ਦੀ ਆਵਾਜ਼ ਹੀ ਹੁੰਦੇ ਹਨ। ਲੇਖਕ ਪਰਗਟ ਸਿੰਘ ਜੰਬਰ ਦੀ ਪੁਸਤਕ 'ਖੂਹ ਦੀ ਆਵਾਜ਼' ਇਸੇ ਗੱਲ ਦੀ ਸ਼ਾਹਦੀ ਭਰਦੀ ਹੋਈ ਸਾਹਿਤਕ ਜਗਤ ਦੇ ਵਿਹੜੇ ਵਿਚ ਦਾਖ਼ਲ ਹੋਈ ਹੈ। ਵੱਖ-ਵੱਖ ਸਮਾਜਿਕ ਵਿਸ਼ਿਆਂ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠੀ ਇਸ ਪੁਸਤਕ ਵਿਚ ਸੱਤ ਕੁ ਦਰਜਨ ਦੇ ਕਰੀਬ ਮਿੰਨੀ ਕਹਾਣੀਆਂ ਹਨ। ਯਾਦਾਂ ਦੀ ਇਸ ਸਾਹਿਤਕ ਚੰਗੇਰ 'ਖੂਹ ਦੀ ਆਵਾਜ਼'ਦੀ ਇਕ ਵਿਲੱਖਣ ਇਹ ਖੂਬੀ ਹੈ ਇਸ ਦੀ ਹਰ ਕਹਾਣੀ ਦੀ ਕਿਸੇ ਨਾ ਕਿਸੇ ਪੱਖ ਤੋਂ ਅਗਲੀ ਕਹਾਣੀ ਨਾਲ ਤਾਰ ਜੁੜਦੀ ਜਾਂਦੀ ਹੈ। ਜਿਸ ਕਰਕੇ ਇਨ੍ਹਾਂ ਮਿੰਨੀ ਕਹਾਣੀਆਂ ਨੂੰ ਪੜ੍ਹਦਿਆਂ ਪੜ੍ਹਦਿਆਂ ਅਹਿਸਾਸ ਹੋਣ ਲੱਗਦਾ ਹੈ ਕਿ ਜਿਵੇਂ ਉਹ ਇਕ ਰੌਚਕ ਨਾਵਲ ਪੜ੍ਹ ਰਿਹਾ ਹੋਵੇ। ਵਹਿਮ ਭਰਮਾ ਵਿਚ ਫਸਣਾ, ਧਾਰਮਿਕ ਪਰਪੰਚ ਰਚਣੇ, ਲਿੰਗ ਭੇਦਭਾਵ, ਮਾਦਾ ਭਰੂਣ ਹੱਤਿਆਵਾਂ, ਵਿਚਾਰਧਾਰਕ ਟਕਰਾ, ਕਾਣੀ ਵੰਡ, ਸਰਕਾਰੀ ਦਮਨ, ਸਮਾਜਿਕ ਵਿਰੋਧਾਭਾਸ, ਹੜਬੜੀ, ਘੁਮੰਡ, ਬੇਇਨਸਾਫ਼ੀ, ਸੋਸ਼ਣ ਬਾਜ਼ੀ, ਈਰਖਾ, ਸਾੜਾ, ਕਿਸੇ ਦੀ ਤਰੱਕੀ ਵਿਚ ਰੋੜਾ ਅਟਕਾਉਣਾ, ਨਿਰਾਸ਼ਾ, ਨਿਰਉਤਸ਼ਾਹਿਤ, ਪਿਛਲੱਗ, ਆਤਮ ਵਿਸ਼ਵਾਸ ਦੀ ਘਾਟ ਆਦਿ ਵਿਸ਼ਿਆਂ ਉੱਤੇ ਬੇਬਾਕੀ ਨਾਲ ਉਂਗਲ ਧਰਦਿਆਂ ਲੇਖਕ ਪਰਗਟ ਸਿੰਘ ਜੰਬਰ ਨੇ ਤਰਕ, ਕਿਰਤ, ਧਰਮ ਦੀ ਅਸਲੀਅਤ, ਨਰ ਮਾਦਾ ਵਿਚ ਸਮਾਨਤਾ, ਆਪਸੀ ਸਾਂਝ, ਬਰਾਬਰਤਾ, ਵੰਡ ਛਕਣ, ਲੋਕ ਹਿੱਤੂ ਸਰਕਾਰੀ ਤੰਤਰ, ਹਲੇਮੀ, ਸਹਿਜ, ਇਨਸਾਫ਼, ਪਿਆਰ, ਆਤਮ ਵਿਸ਼ਵਾਸ, ਹੱਲਾਸ਼ੇਰੀ, ਆਸਵੰਦ ਆਦਿ ਨਾਲ ਸਾਰਥਿਕ ਸਾਵਾਂਪਨ ਲਿਆਉਣ ਦਾ ਵਧੀਆ ਉਪਰਾਲਾ ਕੀਤਾ ਹੈ। ਖੂਹ ਦੀ ਮੋੜਵੀਂ ਆਵਾਜ਼ ਭਾਵ ਆਪਣੇ ਹੀ ਵਿਵਹਾਰ ਦਾ ਫਲ ਚੱਖਣ ਨੂੰ ਹੀ ਮਿਲਣਾ ਹੈ। ਸੋ ਸਰਬੱਤ ਦੇ ਭਲੇ ਦਾ ਸੰਕਲਪ ਲੈ ਕੇ ਚੰਗੇ ਵਿਵਹਾਰ ਦੇ ਪਾਸਾਰੇ ਦੀ ਪੁਰਜ਼ੋਰ ਹਮਾਇਤ ਕਰਦੀ 'ਖੂਹ ਦੀ ਆਵਾਜ਼' ਇਸ ਪੁਸਤਕ ਦੀ ਸਾਹਿਤ ਪਿੜ ਵਿਚ ਆਮਦ ਦਾ ਦਿਲੀ ਸਵਾਗਤ ਹੈ।

-ਮਾ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਵਟਸਐਪ : 98764-74858

ਮਹਿਕ ਪਿਆਰ ਦੀ
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94175-62053

'ਮਹਿਕ ਪਿਆਰ ਦੀ' ਜਗਜੀਤ ਮੁਕਤਸਰੀ ਦਾ 16ਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੇ 'ਰੱਬੀ ਜੋਤ', 'ਕਲਯੁਗ ਦੇ ਅਵਤਾਰ', 'ਸ਼ਹੀਦਾਂ ਦੇ ਸਿਰਤਾਜ', 'ਮੂੰਹੋਂ ਮੰਗੀਆਂ ਮੁਰਾਦਾਂ', 'ਲਾਲ ਗੁਰੂ ਦਸਮੇਸ਼ ਦੇ', 'ਸੱਚਖੰਡ ਲੈ ਜਾਊਗੀ', 'ਦਾਤਾਰ ਮਹਿਮਾ', 'ਆਪੇ ਗੁਰ ਚੇਲਾ', 'ਇਕੋ ਤੇਰਾ ਨਾਮ ਦਾਤਿਆ', 'ਸ਼ਾਨ ਪੰਜਾਬੀਆਂ ਦੀ', 'ਦਸਤਾਰ ਖ਼ਾਲਸੇ ਦੀ', 'ਰੰਗਲਾ ਪੰਜਾਬ', 'ਨੱਚਦੇ ਅਹਿਸਾਸ', 'ਸਵੈ-ਜੀਵਨੀ', 'ਯਾਰ ਗ਼ਰੀਬਾਂ ਦਾ' ਆਦਿ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਸੁੱਖਾਂ ਤੇਰੀਆਂ ਰਵਾਂ ਮੈਂ...' ਤੋਂ ਲੈ ਕੇ 'ਪੜ੍ਹ ਲਓ ਚਿੱਤ ਲਾ ਕੇ ਬੇਟਾ' ਆਦਿ ਤੱਕ 72 ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਵਿਚ ਦੋ ਗੀਤ ਬੋਲੀਆਂ, ਟੱਪਿਆਂ ਨਾਲ ਸੰਬੰਧਿਤ ਹਨ। ਮਹਿਮਾਨ ਨਿਵਾਜ਼ੀ ਵਜੋਂ ਗੁਰਿੰਦਰਜੀਤ ਗੋਲਡੀ, ਜਸਪ੍ਰੀਤ ਕੌਰ ਮੁਕਤਸਰੀ ਅਤੇ ਸਵਰਗੀ ਗਿਆਨੀ ਰਣ ਸਿੰਘ ਵੈਦ ਦੇ ਵੀ ਤਿੰਨ ਗੀਤ ਸ਼ਾਮਿਲ ਕੀਤੇ ਗਏ ਹਨ। ਇਹ ਸਮੁੱਚੀ ਕਾਵਿ ਪੁਸਤਕ ਗੀਤਾਂ ਭਰੀ ਚੰਗੇਰ ਹੈ। ਇਨ੍ਹਾਂ ਰਚਨਾਵਾਂ ਵਿਚ ਪ੍ਰਮੁੱਖ ਤੌਰ 'ਤੇ ਸਮਾਜਿਕ, ਆਰਥਿਕ, ਧਾਰਮਿਕ, ਰਾਜਨੀਤਕ ਅਤੇ ਸੱਭਿਆਚਾਰਕ ਵਿਸ਼ਿਆਂ ਨੂੰ ਛੂਹਿਆ ਗਿਆ। ਨਸ਼ਾਖ਼ੋਰੀ, ਕੁਨਬਾ-ਪਰਵਰੀ, ਊਚਤਾ-ਨੀਚਤਾ, ਦਵੈਸ਼, ਮਾਦਾ ਭਰੂਣ ਹੱਤਿਆ, ਕਾਣੀ ਵੰਡ, ਫਿਰਕਾਪ੍ਰਸਤੀ, ਮਾੜੀਆਂ ਨੀਤਾਂ, ਭ੍ਰਿਸ਼ਟਾਚਾਰੀ ਵਿਵਹਾਰ ਦੀ ਆਲੋਚਨਾ ਕਰਦਿਆਂ ਇਨ੍ਹਾਂ ਕਵਿਤਾਵਾਂ 'ਚ ਆਪਸੀ ਮੁਹੱਬਤ, ਵਾਤਾਵਰਨ ਪ੍ਰਤੀ ਜਾਗਰੂਕਤਾ, ਯਾਰੀ, ਦੋਸਤੀ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਗੁਣਾਂ ਨੂੰ ਅਪਣਾਉਣ ਦੀ ਵਕਾਲਤ ਕੀਤੀ ਗਈ ਹੈ। ਪੰਜਾਬੀ ਮਾਂ-ਬੋਲੀ ਨੂੰ ਸਤਿਕਾਰਨ ਦੇ ਨਾਲ-ਨਾਲ ਜ਼ਨਾਨੀ-ਮਾਂ, ਪਾਲਣਹਾਰੀ ਮਾਂ, ਧਰਤੀ ਦੀ ਮਹੱਤਤਾ ਨੂੰ ਪਛਾਨਣ ਦੀ ਬਾਤ ਪਾਈ ਗਈ ਹੈ। ਇਨ੍ਹਾਂ ਗੀਤਾਂ ਵਿਚਲੀ ਵਿਚਾਰਧਾਰਾ ਦਰਅਸਲ ਗੁਰੂਆਂ, ਪੀਰਾਂ, ਭਗਤਾਂ ਦੀ ਉਚਾਰੀ ਬਾਣੀ ਤੋਂ ਪ੍ਰਭਾਵਿਤ ਹੈ। ਪ੍ਰਭੂ ਦੀ ਰਹਿਮਤ ਦੀ ਮਹਿਮਾ ਤਿੰਨ ਰੰਗ ਨਹੀਂ ਲੱਭਣੇ, ਵਿਚ ਇਉਂ ਬਿਆਨੀ ਗਈ ਹੈ:
ਰਹਿਮਤ ਹੈ ਉਸ ਮਾਲਕ ਦੀ ਤੂੰ,
ਪਰੀਆਂ ਤੋਂ ਵੱਧ ਸੋਹਣੀ,
ਮਿੱਠੀਆਂ ਮਿੱਠੀਆਂ ਗੱਲਾਂ ਤੂੰ ਕਰਦੀ,
ਲਗਦੀ ਏ ਮਨ ਮੋਹਣੀ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰੰਗ:
ਜੁੱਗ ਜੁੱਗ ਜਿਊਣ ਪੰਜਾਬੀ ਤੇ
ਮੇਰਾ ਵਸਦਾ ਰਵੇ ਪੰਜਾਬ
ਮਹਿਕ ਪਿਆਰ ਦੀ ਆਵੇ ਵੀਰਨੋ
ਜਿੱਦਾਂ ਫੁੱਲ ਗੁਲਾਬ
ਗੀਤਾਂ ਵਿਚ ਸੰਗੀਤਾਤਮਿਕਤਾ ਵਿਸ਼ੇਸ਼ ਗੁਣ ਹੈ ਜੋ ਕਿ ਗਾਏ ਜਾਣ, ਯੋਗ ਹਨ। ਆਮੀਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਸੱਚ ਦਾ ਦੀਵਾ
ਕਵਿੱਤਰੀ : ਸੁਖਵਿੰਦਰ ਕੌਰ ਮਣਕੂ
ਪ੍ਰਕਾਸ਼ਕ : ਸਾਹਿਤਯ ਕਲਸ਼ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 111
ਸੰਪਰਕ : 99151-48151

ਇਸ਼ਕ, ਰੂਹਾਨੀਅਤ, ਗਹਿਰਾਈ, ਅਰਦਾਸ, ਬੰਦਗੀ ਅਤੇ ਜ਼ਿੰਦਗੀ ਨਾਲ ਧੜਕਦੀਆਂ ਇਹ ਕਵਿਤਾਵਾਂ ਕੁਦਰਤ, ਕਾਦਰ ਅਤੇ ਦਿਲਾਂ ਨਾਲ ਸੰਵਾਦ ਰਚਾਉਂਦੀਆਂ ਹਨ। ਕੁਝ ਝਲਕਾਂ ਪੇਸ਼ ਹਨ:
ਜਿਸ ਨੂੰ ਸ਼ੌਕ ਨੱਚਣ ਦਾ ਲੱਗ ਜਾਵੇ,
ਉਹ ਖੰਡੇ ਦੀਆਂ ਧਾਰਾਂ 'ਤੇ ਵੀ ਨੱਚਦੇ ਨੇ।
ਫਿਰ ਠੰਢੇ ਕਰ ਅੰਗਿਆਰਾਂ ਨੂੰ,
ਆਪ ਅੱਗ ਦੇ ਵਾਂਗੂੰ ਮੱਚਦੇ ਨੇ।

ਰੁੱਤਾਂ ਨੇ ਤੱਤੀਆਂ, ਧੁੱਪਾਂ ਨੇ ਤੱਤੀਆਂ
ਤੱਤੀਆਂ-ਤੱਤੀਆਂ ਵਗਣ ਹਵਾਵਾਂ।
ਉਹ ਬੈਠੇ ਅਡੋਲ ਚੌਂਕੜਾ ਲਾ ਕੇ,
ਮੇਰਾ ਗੁਰੂ ਲਿਖੇ ਨਵਾਂ ਸਿਰਨਾਵਾਂ।

ਸਭ ਤੋਂ ਸੌਖੀ ਏ, ਕਿਸੇ ਦੇ,
ਔਗੁਣਾਂ ਦੀ ਪਰਖ ਕਰਨੀ
ਸਭ ਤੋਂ ਔਖਾ ਏ,
ਆਪਣੇ-ਆਪ ਨੂੰ ਦੋਸ਼ੀ ਠਹਿਰਾਉਣਾ।

ਇਥੇ ਬਹੁਤੇ ਪੈਰ ਪਸਾਰੀਂ ਨਾ
ਇਹ ਦੁਨੀਆ ਰੈਣ ਬਸੇਰਾ ਹੈ।
ਕਿਉਂ ਹਰ ਚੀਜ਼ ਤੇ ਹੱਕ ਜਤਾਵੇ
ਕੁਝ ਵੀ ਨਾ ਇਥੇ ਤੇਰਾ ਹੈ।
ਇਹ ਕਵਿਤਾਵਾਂ ਜਿਥੇ ਕਵਿੱਤਰੀ ਦੇ ਨਿੱਜੀ ਜਜ਼ਬਿਆਂ ਨੂੰ ਪ੍ਰਗਟਾਉਂਦੀਆਂ ਹਨ, ਉਥੇ ਇਕ ਸਾਫ਼-ਸੁਥਰੇ ਸਮਾਜ ਦਾ ਨਕਸ਼ਾ ਉਲੀਕਦੀਆਂ ਹਨ। ਇਸ ਕਾਵਿ-ਸੰਗ੍ਰਹਿ ਦਾ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਹੋਇ ਗਈ ਪਰਭਾਤ
ਲੇਖਕ : ਪੰਜਾਬ ਸਿੰਘ 'ਮੋਹਸਿਨ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 128
ਸੰਪਰਕ : 98723-90736

ਸ਼ਾਇਰ ਜੋ ਦੇਖਦਾ ਹੈ ਉਸ ਦੀ ਕਲਮ ਉਸੇ ਨੂੰ ਕਲਾਤਮਿਕ ਦ੍ਰਿਸ਼ਟੀ ਨਾਲ ਪੇਸ਼ ਕਰਦੀ ਹੈ। ਸ਼ਬਦ ਉਹੀ ਹੁੰਦੇ ਪਰ ਕਲਮਕਾਰ ਕੋਲ ਉਨ੍ਹਾਂ ਨੂੰ ਤਰਤੀਬ ਦੇਣ ਦੀ ਕਲਾ ਹੁੰਦੀ ਹੈ ਤੇ ਏਹੀ ਤਰਤੀਬ ਸ਼ਾਇਰੀ ਦਾ ਰੂਪ ਧਾਰਨ ਕਰਦੀ ਹੈ। ਇਹ ਵੀ ਸੱਚ ਹੈ ਖ਼ਾਸ ਕਰ ਪੰਜਾਬੀ ਦੇ ਬਹੁਤੇ ਸ਼ਾਇਰ ਜੇ ਅੰਦਰੂਨੀ ਤੌਰ 'ਤੇ ਦੂਸਰੇ ਨਾਲ ਖ਼ਲਿਸ਼ ਰੱਖਦੇ ਹਨ ਤਾਂ ਉਹ ਕਿਸੇ ਨਾ ਕਿਸੇ ਕਲਮਕਾਰ ਤੋਂ ਪ੍ਰਭਾਵਤ ਵੀ ਜ਼ਰੂਰ ਹੁੰਦੇ ਹਨ। ਪੰਜਾਬ ਸਿੰਘ 'ਮੋਹਸਿਨ' ਦੀਆਂ ਗ਼ਜ਼ਲਾਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਸ 'ਤੇ ਸੂਫ਼ੀ ਕਾਵਿ ਦੀ ਗੂੜ੍ਹੀ ਛਾਪ ਹੈ। ਜਿਵੇਂ ਸੂਫ਼ੀ ਕਾਵਿ ਦਾ ਅਕੀਦਾ ਤੇ ਫ਼ਲਸਫ਼ਾ ਮੁਹੱਬਤ ਦਾ ਪਸਾਰਾ ਹੈ ਇਵੇਂ ਹੀ 'ਮੋਹਸਿਨ' ਦੀਆਂ ਗ਼ਜ਼ਲਾਂ ਨਿੱਜੀ ਰੰਜਿਸ਼ਾਂ ਤੋਂ ਉੱਪਰ ਉੱਠ ਕੇ ਮੋਹ-ਪਿਆਰ ਦੀਆਂ ਤੰਦਾਂ ਨੂੰ ਪਕੇਰਾ ਕਰਨ ਦਾ ਕਾਰਜ ਕਰਦੀਆਂ ਹਨ। ਇਸ ਪੁਸਤਕ ਤੋਂ ਪਹਿਲਾਂ ਉਸ ਦੇ ਚਾਰ ਕਾਵਿ ਸੰਗ੍ਰਹਿ ਛਪ ਚੁੱਕੇ ਹਨ ਜਿਸ ਕਾਰਨ ਉਸ ਦਾ ਅਨੁਭਵ ਵਿਸ਼ਾਲ ਰੂਪ ਅਖ਼ਿਤਿਆਰ ਕਰ ਚੁੱਕਾ ਹੈ। ਗ਼ਜ਼ਲਕਾਰ ਆਪਣੀਆਂ ਕਈ ਗ਼ਜ਼ਲਾਂ ਵਿਚ ਕਈ ਸਵਾਲ ਉਠਾਉਂਦਾ ਹੈ ਤੇ ਉਨ੍ਹਾਂ ਦੇ ਆਪ ਹੀ ਉੱਤਰ ਦਿੰਦਾ ਹੈ। ਉਸ ਅਨੁਸਾਰ ਵਿਛੋੜੇ ਵਾਲੀ ਰਾਤ ਵਿਚ ਮਨ ਦੇ ਆਲ੍ਹਣੇਂ ਦਾ ਤਿਨਕਾ-ਤਿਨਕਾ ਕਿਉਂ ਸੜ ਰਿਹਾ ਹੈ ਤੇ ਅਜਿਹੇ ਜੀਵਨ ਨਾਲੋਂ ਥੁੜ੍ਹਿਆ ਹੀ ਕੀ ਹੈ। ਸੂਫ਼ੀਆਨਾ ਅਸਰ ਉਸ ਦੀਆਂ ਗ਼ਜ਼ਲਾਂ ਦੇ ਸਿਰ ਚੜ੍ਹ ਬੋਲਦਾ ਹੈ ਉਹ ਆਖਦਾ ਹੈ ਇਸ਼ਕ ਦੇ ਸੌਦੇ ਵਿਚ ਉਧਾਰ ਨਹੀਂ ਚਲਦਾ ਤੇ ਇਸ ਦਾ ਅਨੁਭਵ ਉਹੀ ਕਰ ਸਕਦਾ ਹੈ ਜਿਸ ਨੇ ਮੈਂ ਦੀ ਕੁੰਜ ਉਤਾਰ ਦਿੱਤੀ ਹੈ। ਗ਼ਜ਼ਲਕਾਰ ਦੁਨੀਆ ਦੇ ਸ਼ੋਰ ਤੋਂ ਬੇਖ਼ਬਰ ਹੈ ਤੇ ਉਸ ਨੂੰ ਸਿਰਫ਼ ਪੀਹੂ ਪੀਹੂ ਤੇ ਕੁਹੂ ਕੁਹੂ ਸੁਣਾਈ ਦਿੰਦੀ ਹੈ। ਮੋਹਸਿਨ ਦੁਨੀਆਦਾਰੀ ਤੋਂ ਵੀ ਬੇਖ਼ਬਰ ਨਹੀਂ ਤਦੇ ਉਸ ਨੂੰ ਅਫ਼ਸੋਸ ਹੈ ਕਿ ਪੱਤਝੜ ਦਾ ਮੌਸਮ ਸਾਰਾ ਸਾਲ ਕਿਉਂ ਰਹਿੰਦਾ ਹੈ ਤੇ ਕਲੀਆਂ ਦੀ ਜਾਨ ਕੰਡਿਆਂ ਵਿਚ ਕਿਉਂ ਫਸੀ ਰਹਿੰਦੀ ਹੈ। ਉਸ ਦਾ ਵਿਸ਼ਵਾਸ ਹੈ ਦੁਨੀਆ ਦੇ ਮਹਿਲ ਮੁਨਾਰੇ ਤੇ ਤਖ਼ਤ ਸਭ ਖ਼ਤਮ ਹੋ ਜਾਣਗੇ ਪਰ ਫ਼ਕੀਰ ਦੀ ਝੁੱਗੀ ਹਮੇਸ਼ਾਂ ਸਲਾਮਤ ਰਹੇਗੀ। ਆਪਣੇ ਪਿਆਰੇ ਦੀ ਯਾਦ ਵਿਚ ਉਸ ਦੇ ਮਨ ਵਿਚ ਹੌਲ ਪੈਂਦੇ ਹਨ ਤੇ ਪਲਕਾਂ ਦੀ ਝਾਲਰ ਹੰਝੂ ਕੇਰਦੀ ਹੈ। ਗ਼ਜ਼ਲਕਾਰ ਦੀਆਂ ਅੱਖਾਂ ਵਿਚ ਖ਼ਾਬ ਵੀ ਅੰਗੜਾਈਆਂ ਲੈਂਦੇ ਹਨ ਤੇ ਉਸ ਨੂੰ ਯਕੀਨ ਹੈ ਕਿ ਇਸ਼ਕ ਮਰਨ ਪਿੱਛੋਂ ਵੀ ਆਪਣੀ ਮਸਤੀ ਵਿਚ ਰਹੇਗਾ। ਭਾਵੇਂ 'ਹੋਇ ਗਈ ਪਰਭਾਤ' ਨੂੰ ਗ਼ਜ਼ਲ ਸੰਗ੍ਰਹਿ ਦਰਸਾਇਆ ਗਿਆ ਹੈ ਪਰ ਇਸ ਵਿਚ ਹੋਰ ਵਿਧਾਵਾਂ ਦੀਆਂ ਵੀ ਕੁਝ ਰਚਨਾਵਾਂ ਸ਼ਾਮਿਲ ਹਨ। ਤਕਨੀਕੀ ਤੌਰ 'ਤੇ ਇਨ੍ਹਾਂ ਗ਼ਜ਼ਲਾਂ ਵਿਚ ਉਂਗਲ ਉਠਾਉਣ ਨੂੰ ਬਹੁਤ ਥਾਵਾਂ ਹਨ, ਇੱਥੋਂ ਤੱਕ ਕਿ ਕਈ ਜਗ੍ਹਾ ਕਾਫ਼ੀਏ ਵੀ ਦਰੁਸਤ ਨਹੀਂ ਰੱਖੇ ਗਏ। ਉਂਝ ਇਹ ਸੰਗ੍ਰਹਿ ਆਪਣੇ ਮੰਤਵ ਵਿਚ ਸਫ਼ਲ ਦਿਖਾਈ ਦਿੰਦਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

04-01-2025

ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਪ੍ਰਮੁੱਖ ਸਰੋਕਾਰ
ਮੁੱਖ ਸੰਪਾਦਕ :”ਡਾ. ਜਸਵੀਰ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ : 120
ਸੰਪਰਕ : 98146-73236


ਵਿਚਾਰ ਅਧੀਨ ਪੁਸਤਕ ਦੇ ਮੁੱਖ ਸੰਪਾਦਕ ਡਾ. ਜਸਵੀਰ ਸਿੰਘ, ਪਿ੍ੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਹਨ | ਉਨ੍ਹਾਂ ਨਾਲ ਤਿੰਨ ਸੰਪਾਦਕ (ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਰਾਵਿੰਦਰ ਸਿੰਘ ਅਤੇ ਡਾ. ਮਨਦੀਪ ਕੌਰ) ਨੇ ਆਪਣਾ ਯੋਗਦਾਨ ਪਾਇਆ ਹੈ | ਇਸ ਪੁਸਤਕ ਵਿਚ ਉਪਰੋਕਤ ਕਾਲਜ ਦੇ (ਵੀਹ) ਐਸੋਸੀਏਟ+ਸਹਾਇਕ ਪ੍ਰੋਫੈਸਰਾਂ ਨੇ ਪੰਜਾਬੀ ਸੱਭਿਆਚਾਰ ਅਤੇ ਲੋਕਧਾਰਾ ਬਾਰੇ ਗਹਿਨ ਦਿ੍ਸ਼ਟੀ ਨਾਲ ਮੁਲਾਂਕਣ ਕੀਤਾ ਹੈ | ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਪ੍ਰੋਜੈਕਟ 'ਤੇ ਕੰਮ ਕਰਨ ਲਈ ਪਿੰ੍ਰਸੀਪਲ ਜੀ ਨੇ ਉਤਸ਼ਾਹਿਤ ਕੀਤਾ ਹੋਵੇ ਕਿਉਂਕਿ ਖੋਜਕਰਤਾ ਇਕੋ ਕਾਲਜ ਨਾਲ ਸੰਬੰਧਿਤ ਹਨ | ਇਸ ਮੁੱਲਵਾਨ ਕਿਤਾਬ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਸੰਬੰਧਿਤ ਖੋਜੀਆਂ ਨੂੰ ਸੱਭਿਆਚਾਰ ਅਤੇ ਲੋਕਧਾਰਾ ਬਾਰੇ ਵੱਖ-ਵੱਖ ਸੰਕਲਪਾਂ, ਪਰਿਭਾਸ਼ਾਵਾਂ ਅਤੇ ਆਪੋ-ਆਪਣੇ ਵਿਸ਼ਿਆਂ ਦੇ ਲੱਛਣ ਅਤੇ ਵਿਸ਼ੇਸ਼ਤਾਵਾਂ 'ਤੇ ਭਲੀ ਭਾਂਤ ਅਬੂਰ ਹਾਸਲ ਹੈ | ਮਨੁੱਖ ਅਤੇ ਪ੍ਰਕਿਰਤੀ ਦਾ ਰਿਸ਼ਤਾ ਦਵੰਦਾਤਮਕ ਹੈ | ਸੱਭਿਆਚਾਰ ਦੋ ਸ਼ਬਦਾਂ ਦੇ ਸਮਾਸ ਸੱਭਿਆ+ਆਚਾਰ ਤੋਂ ਹੋਂਦ ਵਿਚ ਆਇਆ ਹੈ | ਸੱਭਿਆਚਾਰ ਵਿਚ ਪਰੰਪਰਾ ਤੋਂ ਅਜੋਕੇ ਸਮੇਂ ਤੱਕ ਦਾ ਮਨੁੱਖੀ ਵਿਵਹਾਰ ਸ਼ਾਮਿਲ ਹੈ | ਵੰਨ-ਸੁਵੰਨਤਾ ਇਸ ਦਾ ਵਿਸ਼ੇਸ਼ ਲੱਛਣ ਹੈ | ਇਹ ਇਕ ਗੁੰਝਲਦਾਰ ਸਿਸਟਮ ਹੈ | ਇਹ ਹਮੇਸ਼ਾ ਪਰਿਵਰਤਨ ਵਿਚ ਰਹਿੰਦਾ ਹੈ | ਇਹ ਲੋਕ ਜੀਵਨ ਦਾ ਸ਼ੀਸ਼ਾ ਹੁੰਦਾ ਹੈ | ਰਿਸ਼ਤਾ-ਨਾਤਾ ਪ੍ਰਣਾਲੀ ਦਾ ਇਸ ਵਿਚ ਵਿਸ਼ੇਸ਼ ਸਥਾਨ ਹੁੰਦਾ ਹੈ | ਪੰਜਾਬਣਾਂ ਦਾ ਗਿੱਧਾ ਉਨ੍ਹਾਂ ਦੀਆਂ ਵੱਖ-ਵੱਖ ਭਾਵਨਾਵਾਂ ਦਾ ਪ੍ਰਗਟਾਵਾ ਹੈ | ਮਲਵਈ ਗਿੱਧਾ ਮਰਦਾਂ ਦੀ ਵਿਸ਼ੇਸ਼ਤਾ ਹੈ | ਜਦੋਂ ਤੋਂ ਇਹ ਲੋਕ-ਨਾਚ (ਭੰਗੜਾ ਅਤੇ ਗਿੱਧਾ) ਮੰਚ-ਮੁਖੀ ਹੋਣੇ ਸ਼ੁਰੂ ਹੋਏ ਹਨ, ਉਦੋਂ ਤੋਂ ਇਨ੍ਹਾਂ ਵਿਚ ਪਹਿਲਾਂ ਵਰਗੀ ਸੁਭਾਵਿਕਤਾ, ਸੁਹਜਤਾ, ਕੁਦਰਤੀਪਣ ਨਹੀਂ ਰਿਹਾ | ਲੋਕਧਾਰਾ ਬਾਰੇ ਵਿਲੀਅਮ ਥਾਮਨ ਅਤੇ ਰਿਚਰਡ ਟੈਂਪਲ ਦੇ ਹਵਾਲੇ ਨਾਲ ਗੱਲ ਕੀਤੀ ਗਈ ਹੈ | ਲੋਕਧਾਰਾ ਲੋਕ ਮਨਾਂ ਦੀ ਅਭਿਵਿਅਕਤੀ ਹੈ, ਲੋਕ-ਕਥਾਵਾਂ ਵੀ ਲੋਕਧਾਰਾ ਦਾ ਅਭਿੰਨ ਅੰਗ ਹਨ | ਲੋਕ ਵਿਸ਼ਵਾਸਾਂ ਨੂੰ ਅੱਜ ਦੇ ਵਿਗਿਆਨਕ ਯੁੱਗ ਵਿਚ ਵੀ ਸਵੀਕਾਰ ਕੀਤਾ ਜਾਂਦਾ ਹੈ | ਮੇਲੇ, ਤਿਉਹਾਰ, ਰਸਮੋ-ਰਿਵਾਜ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੇ ਹਨ | ਫੁਲਕਾਰੀ, ਕਸੀਦਾਕਾਰੀ ਨਾਲ ਸੰਬੰਧਿਤ ਔਰਤਾਂ ਦਾ ਹੁਨਰ ਹੈ | ਰਾਸ ਲੀਲ੍ਹਾ, ਰਾਮ ਲੀਲ੍ਹਾ, ਨਕਲਾਂ, ਨੌਟੰਕੀ ਆਦਿ ਲੋਕ-ਨਾਟ ਦੇ ਅਧੀਨ ਹੀ ਵਿਚਾਰੇ ਜਾਣੇ ਚਾਹੀਦੇ ਨੇ | ਗੱਲ ਕੀ, ਇਸ ਮੁੱਲਵਾਨ ਪੁਸਤਕ ਵਿਚ ਸੱਭਿਆਚਾਰ ਬਾਰੇ ਬਹੁਮੁੱਲੀ, ਬਹੁਵਿਸਥਾਰੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ | ਖੋਜ-ਨਿਬੰਧ ਲੇਖਕਾਂ ਦਾ ਅਧਿਐਨ ਵਿਸ਼ਾਲ ਹੈ | ਅਨੇਕਾਂ ਵਿਦਵਾਨਾਂ ਨੂੰ ਉਧਰਿਤ ਕੀਤਾ ਗਿਆ ਹੈ | ਕਈ ਵਿਦਵਾਨਾਂ ਦੇ ਵਾਰ-ਵਾਰ ਹਵਾਲੇ ਦੇ ਕੇ ਉਧਰਿਤ ਕੀਤਾ ਗਿਆ ਹੈ | ਕਈ ਵਿਦਵਾਨਾਂ ਦੇ ਵਾਰ-ਵਾਰ ਹਵਾਲੇ ਦੇ ਕੇ ਲੇਖਕਾਂ ਨੇ ਆਪਣੇ ਵਿਚਾਰਾਂ ਦੀ ਪੁਸ਼ਟੀ ਕੀਤੀ ਹੈ | ਭਾਵ ਡਾ. ਜਸਵਿੰਦਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ. ਵਣਜਾਰਾ ਬੇਦੀ, ਡਾ. ਕਰਨੈਲ ਸਿੰਘ ਥਿੰਦ, ਡਾ. ਗੁਰਬਖ਼ਸ਼ ਫਰੈਂਕ, ਡਾ. ਨਾਹਰ ਸਿੰਘ, ਡਾ. ਭੁਪਿੰਦਰ ਸਿੰਘ ਖਹਿਰਾ ਇਤਿਆਦਿ | ਸਾਰੇ ਉਧਰਿਤ ਵਿਦਵਾਨਾਂ ਦੇ ਯੋਗਦਾਨ ਦੁਆਰਾ ਇਹ ਪੁਸਤਕ ਸੱਭਿਆਚਾਰ ਅਤੇ ਲੋਕਧਾਰਾ ਬਾਰੇ ਮੁੱਲਵਾਨ ਦਸਤਾਵੇਜ਼ ਬਣ ਗਈ ਪ੍ਰਤੀਤ ਹੁੰਦੀ ਹੈ, ਜੋ ਨਵੇਂ ਖੋਜੀਆਂ ਲਈ ਮਾਰਗਦਰਸ਼ਕ ਬਣ ਸਕਦੀ ਹੈ |

-ਡਾ. ਧਰਮ ਚੰਦ ਵਾਤਿਸ਼
vatishdharamchand@gmail.com

 

ਹਰਿਆਣਾ ਦੀ ਪੰਜਾਬੀ ਕਵਿਤਾ ਦੇ ਦਾਰਸ਼ਨਿਕ ਸਰੋਕਾਰ
ਲੇਖਕ : ਸੰਦੀਪ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 152
ਸੰਪਰਕ : 88720-00423

ਦਰਸ਼ਨ ਜਾਂ ਫਿਲਾਸਫੀ ਦੀਆਂ ਉਂਜ ਤਾਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਹਨ | ਹਰ ਚਿੰਤਕ ਨੇ ਇਸ ਨੂੰ ਆਪਣੇ ਨੁਕਤਾ-ਨਿਗਾਹ ਤੋਂ ਵਿਅਕਤ ਕੀਤਾ ਹੈ | ਪਰ ਆਮ ਧਾਰਨਾ ਹੈ ਕਿ ਦਰਸ਼ਨ ਇਕ ਅਜਿਹੀ ਕਿਤਾਬ ਹੈ ਜਿਸ ਦਾ ਪਹਿਲਾ ਤੇ ਆਖਰੀ ਪੰਨਾ ਗੁੰਮ ਹੈ | ਦਰਸ਼ਨ ਨੂੰ ਅਧਿਆਤਮਿਕਤਾ ਦਾ ਬੌਧਿਕ ਗਿਆਨ ਵੀ ਮੰਨਿਆ ਜਾਂਦਾ ਹੈ | ਸੰਦੀਪ ਸ਼ਰਮਾ ਨੇ ਇਸ ਪੁਸਤਕ 'ਚ ਹਰਿਆਣਾ ਪ੍ਰਾਂਤ ਦੇ ਕੁਝ ਪ੍ਰਮੁੱਖ ਪੰਜਾਬੀ ਕਵੀਆਂ ਦੀ ਮੌਲਿਕ ਦਾਰਸ਼ਨਿਕ ਪਹੁੰਚ ਬਾਬਤ ਕੁਝ ਸਥਾਪਨਾਵਾਂ ਨਿਸਚਿਤ ਕਰਨ ਅਤੇ ਤੁਲਨਾਤਮਿਕ ਤਲ 'ਤੇ ਇਕ ਅਲੱਗ ਪ੍ਰਸੰਗ ਉਸਾਰਨ ਦਾ ਉਪਰਾਲਾ ਕੀਤਾ ਹੈ | ਹਰਿਆਣਾ ਵਿਚ ਪ੍ਰਾਪਤ ਪੰਜਾਬੀ ਕਵਿਤਾ ਵਿਚਲੇ ਦਾਰਸ਼ਨਿਕ ਸਰੋਕਾਰਾਂ ਦੀ ਗੱਲ ਕਰਨ ਤੋਂ ਪਹਿਲਾਂ ਸੰਦੀਪ ਸ਼ਰਮਾ ਨੇ ਸਾਹਿਤ, ਸਮਾਜ ਤੇ ਕਵਿਤਾ ਦੇ ਅੰਤਰ ਸੰਬੰਧਾਂ ਦੀ ਜਿਹੜੀ ਸਰਲ, ਸਪੱਸ਼ਟ ਤੇ ਭਾਵਪੂਰਤ ਵਿਆਖਿਆ ਕੀਤੀ ਹੈ, ਉਹ ਆਪਣੇ-ਆਪ 'ਚ ਹੀ ਉੱਚ ਅਕਾਦਮਿਕ ਸਥਿਤੀ ਵਾਲੀ ਹੈ | ਪੁਸਤਕ ਦੇ ਆਖਰੀ ਚੈਪਟਰ 'ਚ ਹਰਿਆਣਾ ਦੇ ਇਕ ਪ੍ਰਤੀਨਿਧ ਕਵੀ ਹਰਿਭਜਨ ਰੇਣੂ ਦੇ ਕਾਵਿ-ਸੰਸਾਰ ਦਾ ਸਮੀਖਿਆਤਮਕ ਵਿਚਾਰ ਕਰਦਿਆਂ ਨਿਚੋੜਨੁਮਾ ਗੱਲ ਕੀਤੀ ਗਈ ਹੈ ਕਿ ਹਰਿਭਜਨ ਸਿੰਘ ਰੈਣੂ ਕਵਿਤਾ ਨੂੰ ਸੁਚੇਤ ਰਚਨਾਤਮਿਕ ਕਾਰਜ ਪ੍ਰਵਾਨ ਕਰਦਾ ਹੈ | ਉਹ ਸੱਚ ਆਖਣ ਦਾ ਸ਼ੈਦਾਈ ਹੈ ਤੇ ਉਸ ਨੂੰ ਭਾਂਬੜ ਮਚਣ ਦਾ ਕੋਈ ਡਰ ਨਹੀਂ | 'ਤੈਨੂੰ ਕਾਫ਼ਰ ਕਾਫ਼ਰ ਆਖਦੇ, ਤੂੰ ਆਹੋ ਆਹੋ ਆਖ' ਵਾਲੀ ਬੁੱਲ੍ਹੇ ਤੇ ਕਬੀਰ ਦੀ ਪਰੰਪਰਾ ਨੂੰ ਉਹ ਅੱਗੇ ਤੋਰਦਾ ਹੈ | ਬੰਦ ਕਮਰਿਆਂ ਵਿਚ ਸ਼ਬਦਾਂ ਦੇ ਹਥਿਆਰ ਘੜਨ ਦੀ ਥਾਂ ਉਹ ਇਕ ਅਜਿਹਾ ਲੋਕ ਗੀਤ ਸਿਰਜਣਾ ਚਾਹੁੰਦਾ ਹੈ, ਜਿਸ ਦਾ ਸਿਰਲੇਖ ਜ਼ਿੰਦਗੀ ਵਰਗਾ ਹੋਵੇ ਤੇ ਜੋ ਲੋਕਾਂ ਦੇ ਦੁੱਖਾਂ-ਸੁੱਖਾਂ ਦੀ ਬਾਤ ਪਾਵੇ | ਡਾ. ਹਰਸਿਮਰਨ ਸਿੰਘ ਰੰਧਾਵਾ ਤੇ ਡਾ. ਸਤੀਸ਼ ਕੁਮਾਰ ਵਰਮਾ ਨੇ ਇਸ ਸਮੀਖਿਆਤਮਕ ਕਾਰਜ ਦੀ ਖਾਸੀ ਤਾਰੀਫ਼ ਕੀਤੀ ਹੈ | ਨਿਰਸੰਦੇਹ ਸੰਦੀਪ ਸ਼ਰਮਾ ਦਾ ਇਹ ਸਮੀਖਿਆਤਮਕ ਕਾਰਜ ਅਸਲੋਂ ਕਾਬਲ-ਏ-ਤਾਰੀਫ਼ ਹੈ |

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਖ਼ੂਬਸੂਰਤ ਜ਼ਿੰਦਗੀ ਦਾ ਰਾਜ
ਲੇਖਕ : ਸੰਜੀਵ ਸਿੰਘ ਸੈਣੀ
ਪ੍ਰਕਾਸ਼ਕ : ਪੁਲਾਂਘ ਪ੍ਰਕਾਸ਼ਨ, ਬਰਨਾਲਾ
ਮੁੱਲ : 325 ਰੁਪਏ, ਸਫ਼ੇ : 176
ਸੰਪਰਕ : 78889-66168

ਇਸ ਪੁਸਤਕ ਦੇ ਲੇਖਕ ਸੰਜੀਵ ਕੁਮਾਰ ਸੈਣੀ ਹੈ, ਜਿਵੇਂ ਕਿ ਪੁਸਤਕ ਦਾ ਨਾਂਅ ਹੈ, ਉਸ ਤਰ੍ਹਾਂ ਹੀ ਇਸ ਵਿਚ ਖ਼ੂਬਸੂਰਤ 48 ਲੇਖ ਵੱਖੋ-ਵੱਖਰੇ ਵਿਸ਼ਿਆਂ 'ਤੇ ਲਿਖੇ ਹੋਏ ਹਨ | ਇਸ ਤੋਂ ਪਹਿਲਾਂ ਵੀ ਲੇਖਕ ਨੇ ਕੁਝ ਪੁਸਤਕਾਂ ਲਿਖੀਆਂ ਹਨ | ਇਸ ਪੁਸਤਕ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਲੇਖਕ ਦੀ ਸੋਚ ਉਡਾਰੀ ਅੰਬਰਾਂ ਤੀਕ ਪੁੱਜੀ ਹੋਈ ਹੈ ਅਤੇ ਉਸ ਨੇ ਇਨਸਾਨ ਦੀ ਸਮੁੱਚੀ ਜ਼ਿੰਦਗੀ ਦੇ ਪਹਿਲੂਆਂ 'ਤੇ ਜਿਸ ਤਰ੍ਹਾਂ ਖੁੱਭ ਕੇ ਚਾਨਣਾ ਪਾਇਆ ਹੈ, ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਓਨੀ ਹੀ ਥੋੜ੍ਹੀ ਹੈ | ਸਾਰੇ ਪੁਸਤਕ ਵਿਚਲੇ ਲੇਖ ਸਾਨੂੰ ਚੰਗਾ ਜੀਵਨ ਜਿਊਣ ਦੀ ਸੇਧ ਦਿੰਦੇ ਹਨ | ਇਹੋ ਜਿਹੇ ਵਿਚਾਰਾਂ ਦੀ ਪੁਸਤਕ ਲਿਖਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਜ਼ਿੰਦਗੀ ਦਾ ਨਿਚੋੜ ਕੱਢ ਕੇ ਇਸ ਤਰ੍ਹਾਂ ਦੇ ਗਿਆਨ ਭਰਪੂਰ ਲੇਖ ਲਿਖ ਕੇ ਲੇਖਕ ਨੇ ਬਹੁਤ ਸੋਹਣਾ ਕਾਰਜ ਕੀਤਾ ਹੈ | ਲੇਖਕ ਅੱਜ ਦੀ ਜ਼ਿੰਦਗੀ ਵਿਚ ਵਿਖਾਵੇਪਣ ਦਾ ਹਾਮੀ ਨਹੀਂ ਹੈ ਅਤੇ ਨਾਲ ਹੀ ਰਸਮਾਂ-ਰਿਵਾਜਾਂ ਤੇ ਮਾਨਤਾਵਾਂ ਦੇ ਜ਼ਿਆਦਾ ਹੱਕ ਵਿਚ ਨਹੀਂ | ਕੁਝ ਲੇਖਾਂ ਵਿਚ ਕਚਿਆਈ ਵੀ ਝਲਕਦੀ ਹੈ ਜੋ ਕਿ ਹਾਵੀ ਤਾਂ ਨਹੀਂ ਪ੍ਰੰਤੂ ਫਿਰ ਵੀ ਕੁਝ ਨਾ ਕੁਝ ਕਹਿਣ ਵਿਚ ਕੁਝ ਪੱਧਰ ਤੀਕ ਸਫ਼ਲ ਹੁੰਦੀ ਹੈ | ਇਸ ਪ੍ਰਤੀ ਲੇਖਕ ਨੂੰ ਧਿਆਨ ਵਿਚ ਰੱਖ ਕੇ ਰਚਨਾ ਦੀ ਪਕਿਆਈ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ | ਪੁਸਤਕ ਵਿਚ 48 ਲੇਖ ਕੁਝ ਜੋ ਕਿ ਆਪੋ-ਆਪ ਦੇ ਵਿਚ ਕੁਝ ਨਾ ਕੁਝ ਹੋਕਾ ਦਿੰਦੇ ਹਨ | ਪੁਸਤਕ ਵਿਚ ਸਮਾਜ ਦਾ ਉਲਝ ਰਿਹਾ ਤਾਣਾ-ਬਾਣਾ, ਪੰਜਾਬ ਸਿਆਂ! ਉਦਾਸ ਹੈ, ਆਪਣੇ-ਆਪ ਨੂੰ ਹਾਰਨ ਨਾ ਦਿਓ, ਬਿਨਾਂ ਮੰਗਿਆਂ ਨਾ ਦਿਓ ਸਲਾਹ, ਦਿਲੋਂ ਕਰੀਏ ਬਜ਼ੁਰਗਾਂ ਦਾ ਸਤਿਕਾਰ, ਹੁਣ ਨਹੀਂ ਰਿਹਾ ਪਹਿਲਾਂ ਵਰਗਾ ਪੰਜਾਬ, ਸੋਹਣੇ ਨਹੀਂ, ਚੰਗੇ ਬਣੋ, ਵਕਤ ਭਰੋਸਾ ਤੇ ਇੱਜ਼ਤ, ਕੁਦਰਤ ਤੇ ਮਨੁੱਖ ਦਾ ਰਿਸ਼ਤਾ ਆਦਿ ਲੇਖਾਂ ਦੇ ਵਿਸ਼ੇ ਚੋਣਵੇਂ ਹਨ, ਜਿਨ੍ਹਾਂ ਵਿਚ ਇਨਸਾਨ ਨੂੰ ਹਲੂਣਨ ਦੀ ਕੋਸ਼ਿਸ਼ ਕੀਤੀ ਗਈ ਹੈ | ਅੱਜ ਦੇ ਸਮੇਂ ਵਿਚ ਜੋ ਬਦਲਾਓ ਆ ਰਿਹਾ ਹੈ, ਉਸ ਦੇ ਪ੍ਰਤੀ ਨੂੰ ਲੇਖਕ ਨੇ ਸਾਨੂੰ ਸੁਚੇਤ ਕੀਤਾ ਹੈ ਅਤੇ ਆਪਣੀ ਅੰਦਰਲੀ ਹੂਕ ਨੂੰ ਪਾਠਕਾਂ ਦੇ ਨਾਲ ਸਾਂਝਾ ਕੀਤਾ ਹੈ |

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990

ਸੁਪਨਸਾਜ਼
ਲੇਖਕ : ਡਾ. ਇੰਦਰਪ੍ਰੀਤ ਧਾਮੀ 
ਪ੍ਰਕਾਸ਼ਕ : ਓਜ਼ ਪ੍ਰਕਾਸ਼ਕ , ਪੱਟੀ 
ਮੁੱਲ : 200 ਰੁਪਏ, ਸਫ਼ੇ : 54
ਸੰਪਰਕ : 98155-20066

 ਸੁਪਨੇ ਲੈਣੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਉੱਦਮ, ਹਿੰਮਤ ਤੇ ਮਿਹਨਤ ਦਾ ਪੱਲਾ ਫੜ ਕੇ ਆਪਣੇ ਜੀਵਨ ਮਨੋਰਥ ਵਿਚ ਸਫ਼ਲ ਹੋਣਾ ਹੀ ਅਸਲ ਜ਼ਿੰਦਗੀ ਹੁੰਦੀ ਹੈ | ਅਸਲ ਜ਼ਿੰਦਗੀ ਦਾ ਮੁੱਢ ਕਿਸ਼ੋਰ ਅਵਸਥਾ ਜਾਨੀ ਜਵਾਨੀ (ਹੋਸ਼ ਸੰਭਾਲਣ) ਦੀ ਅਵਸਥਾ ਤੋਂ ਹੀ ਹੋ ਜਾਂਦੀ ਹੈ | 'ਸੁਪਨਸਾਜ਼' ਨਾਵਲ ਦੀ ਕਹਾਣੀ ਅਨੁਸਾਰ ਜਦ ਕਿਤੇ ਕਿਸੇ ਮਜਬੂਰੀ ਕਾਰਨ ਸੁਪਨੇ ਤਿੜਕਦੇ ਮਹਿਸੂਸ ਹੋਣ ਲੱਗਣ ਤਾਂ ਅਜਿਹੇ ਨਾਜ਼ੁਕ ਮੌਕੇ ਜੇਕਰ ਕੋਈ ਹਮਦਰਦੀ ਭਰਿਆ ਹੌਸਲਾ ਅਫਜ਼ਾਈ ਦਾ ਥਾਪੜਾ ਮਿਲ ਜਾਵੇ ਤਾਂ ਫਿਰ ਹੋਰ ਵੀ ਜੋਸ਼ ਤੇ ਹੋਸ਼ ਨਾਲ ਮੰਜ਼ਿਲ ਦੀ ਪ੍ਰਾਪਤੀ ਲਈ ਵਧਿਆ ਜਾ ਸਕਦਾ ਹੈ |  ਬੱਚਿਆਂ ਦੀ ਬੁੱਧ ਬਿਬੇਕ/ ਲਿਆਕਤ/ ਲਗਨ ਅਨੁਸਾਰ ਸਿੱਖਿਆ ਦਾ ਪ੍ਰਬੰਧ, ਮਾਪਿਆਂ ਵਲੋਂ  ਬੱਚਿਆਂ ਦੇ ਚੰਗੇ ਭਵਿੱਖ ਨੂੰ ਲੈ ਕੇ  ਲਏ ਜਾਣ  ਵਾਲੇ ਉੱਚ ਸੁਪਨੇ ਦਾ ਬੱਚਿਆਂ ਉਪਰ  ਗ਼ੈਰ-ਜ਼ਰੂਰੀ ਵਾਧੂ ਬੋਝ ਦਾ ਨਾ ਥੋਪਣਾ, ਅਧਿਆਪਕਾਂ ਦਾ ਵਿਦਿਆਰਥੀਆਂ ਪ੍ਰਤੀ ਨਰਮੀ ਭਰਿਆ ਵਤੀਰਾ, ਆਰਥਿਕ ਤੰਗੀਆਂ-ਤੁਰਸ਼ੀਆਂ ਸਮੇਂ ਕਿਸੇ ਪਰਉਪਕਾਰੀ ਵਲੋਂ ਮਦਦ/ਸਹਾਰਾ, ਸਿੱਖਣ ਦੇ ਸਾਜ਼ਗਾਰ ਮਾਹੌਲ, ਮਿਹਨਤ ਤੇ ਸਿਖਿਆਰਥੀਆਂ ਦੇ ਸਿੱਖਣ ਰੁਚੀ ਨੂੰ ਤਰਜੀਹ ਆਦਿ ਸਫਲਤਾ ਦੀ ਕੁੰਜੀ ਹੁੰਦੇ ਨੇ | ਇਹ ਨਾਵਲ ਇਸ ਗੱਲ ਦੀ ਵੀ ਪ੍ਰੋੜ੍ਹਤਾ ਕਰਦਾ ਹੈ ਕਿ  ਸਮਾਜ ਨੂੰ ਜਿਥੇ ਡਾਕਟਰ  ਇੰਜੀਨੀਅਰਾਂ ਤੇ  ਹੋਰ ਉੱਚ ਯੋਗਤਾ ਲਾਬੀ ਦੀ ਲੋੜ ਹੁੰਦੀ ਹੈ, ਉਥੇ ਹੋਰ ਬਹੁਤ ਸਾਰੇ ਸਮਾਜਿਕ ਸਰੋਕਾਰਾਂ  ਵਾਲੇ ਮਾਹੌਲ ਦੀ ਵੀ ਲੋੜ ਹੁੰਦੀ ਹੈ, ਜਿਸ ਕਰਕੇ ਸਾਇੰਸ  ਵਿਸ਼ਿਆਂ ਦੇ ਨਾਲ ਨਾਲ ਅਰਥ ਤੇ ਆਰਟ ਵਿਸ਼ਿਆਂ ਦੀ ਸੰਤੁਲਤ ਸਿੱਖਿਆ ਦੇ ਮਾਹੌਲ ਦਾ ਪ੍ਰਬੰਧ ਵੀ ਜ਼ਰੂਰੀ ਹੋਣਾ ਚਾਹੀਦਾ ਹੈ | ਹੁਸ਼ਿਆਰ ਪਰ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਨੂੰ ਸਮੇਂ ਸਿਰ ਮਿਲਦੀ ਸਰਕਾਰੀ ਮਾਇਕ ਸਹਾਇਤਾ ਵੀ ਨਰੋਏ ਸਮਾਜ ਨੂੰ ਹੋਰ ਤਕੜਾ ਕਰਨ  ਵਿਚ ਆਪਣਾ ਉੱਘਾ ਯੋਗਦਾਨ ਪਾਉਂਦੀ ਹੈ |  ਨਾਵਲਕਾਰ ਡਾ. ਇੰਦਰਪ੍ਰੀਤ ਧਾਮੀ ਦੀ ਕਿਰਤ  'ਸੁਪਨਸਾਜ਼' ਦਾ ਸਾਹਿਤ ਜਗਤ ਪ੍ਰਵੇਸ਼ ਨੂੰ ਜੀ ਆਇਆਂ ਕਹਿਣਾ ਬਣਦਾ ਹੀ ਬਣਦਾ ਹੈ, ਕਿਉਂਕਿ ਹਰ ਵਰਗ ਦੇ ਪਾਠਕਾਂ ਖਾਸ ਕਰਕੇ ਕਿਸ਼ੋਰ ਅਵਸਥਾ ਦੇ ਵਰਗ  ਲਈ ਇਹ ਨਾਵਲ ਕਾਫੀ ਹੱਦ ਤੱਕ ਫਾਇਦੇਮੰਦ ਸਾਬਤ ਹੋ ਸਕਦਾ ਹੈ | ਸੋ, ਕਿਸ਼ੋਰ ਅਵਸਥਾ ਦੇ ਵਿਦਿਆਰਥੀਆਂ ਨੂੰ 'ਸੁਪਨਸਾਜ਼' ਨਾਵਲ ਜ਼ਰੂਰ ਪੜ੍ਹਨਾ ਚਾਹੀਦਾ ਹੈ ਤੇ  ਸਫਲ ਜੀਵਨ ਜਾਚ ਲਈ ਇਸ ਨਾਵਲ ਵਿਚੋਂ ਕੁਝ ਗੁਰ ਸਿੱਖ ਕੇ ਲਾਹਾ ਜ਼ਰੂਰ ਖੱਟਣਾ ਚਾਹੀਦਾ ਹੈ |

-ਮ. ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਮੋਬਾਈਲ : 98764-74858

ਮਹਾਨ ਯੋਧਾ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ
ਲੇਖਕ : ਜਸਵੰਤ ਸਿੰਘ 'ਰਾਹੀ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 340
ਸੰਪਰਕ : 94648-94994

ਪੰਜਾਬੀ ਸਾਹਿਤ 'ਚ ਇਤਿਹਾਸਕ ਪੁਸਤਕਾਂ ਦੀ ਨਿਵੇਕਲੀ ਥਾਂ ਹੁੰਦੀ ਹੈ | ਲੇਖਕ ਜਸਵੰਤ ਸਿੰਘ 'ਰਾਹੀ' ਦੁਆਰਾ ਰਚਿਤ ਪੁਸਤਕ 'ਮਹਾਨ ਯੋਧਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ (ਮਹਾ-ਕਾਵਿ)' ਵੀ ਇਤਿਹਾਸਕ ਘਟਨਾਵਾਂ ਬਾਰੇ ਜਾਣਕਾਰੀ ਦਿੰਦੀ ਪੁਸਤਕ ਹੈ | ਇਸ ਪੁਸਤਕ ਦੇ ਭੂਮਿਕਾ ਪੰਨੇ 'ਚ ਅੰਕਿਤ ਕੀਤਾ ਗਿਆ ਹੈ ਕਿ ਸਰਦਾਰ ਬਹਾਦਰ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਵਿਚ ਉਹ ਸੂਰਮਾ ਹੈ, ਜਿਸ ਦੇ ਤੁੱਲ ਕੋਈ ਵਿਰਲਾ ਹੀ ਅੱਪੜਦਾ ਹੈ | ਸਰਦਾਰ ਬਹਾਦਰ ਜੱਸਾ ਸਿੰਘ ਜੀ ਨੂੰ ਆਪਣੇ ਬਾਬਾ ਜੀ ਦੀਆਂ ਕੁਰਬਾਨੀਆਂ ਦੀ ਪਾਣ ਚੜ੍ਹੀ ਹੋਈ ਸੀ, ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮਿ੍ਤ ਪਾਨ ਕੀਤਾ ਸੀ ਅਤੇ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿਚ ਜਥੇਦਾਰੀ ਕਰਦੇ ਹੋਏ ਸ਼ਹੀਦ ਹੋਏ ਸਨ | ਸਰਦਾਰ ਬਹਾਦਰ ਜੱਸਾ ਸਿੰਘ ਦਾ ਜਨਮ 5 ਮਈ 1923 ਈ ਨੂੰ ਇਛੋਗਿਲ ਜ਼ਿਲ੍ਹਾ ਲਾਹੌਰ ਵਿਖੇ ਹੋਇਆ ਸੀ | ਇਸ ਲਈ ਉਨ੍ਹਾਂ ਨੂੰ ਜੱਸਾ ਸਿੰਘ ਇਛੋਗਿਲੀਆ ਕਿਹਾ ਜਾਣ ਲੱਗਾ | ਵੱਡੇ ਹੋਣ 'ਤੇ ਉਨ੍ਹਾਂ ਨੇ ਆਪਣੇ-ਆਪ ਨੂੰ ਗੁਰੂ ਰਾਮ ਦਾਸ ਜੀ ਦੇ ਦਰ 'ਤੇ ਸਮਰਪਿਤ ਕਰ ਦਿੱਤਾ ਅਤੇ ਗੁਰੂ ਰਾਮ ਦਾਸ ਲੰਗਰ ਅਸਥਾਨ ਨੂੰ ਰਾਮ ਰੋਟੀ ਅਤੇ ਰਾਮ ਰੌਣੀ ਦੀ ਕੱਚੀ ਗੜ੍ਹੀ ਨੂੰ ਦੁਬਾਰਾ ਉਸਾਰ ਕੇ 'ਰਾਮਗੜ੍ਹ' ਕਿਲੇ੍ਹ ਦਾ ਨਾਂਅ ਦਿੱਤਾ, ਜਿਸ ਕਰਕੇ ਸੋਢੀ ਸੁਲਤਾਨ ਗੁਰੂ ਰਾਮਦਾਸ ਦੇ ਦਰ ਦੇ ਸੇਵਕ ਵਲੋਂ 'ਰਾਮਗੜ੍ਹੀਆ' ਦੇ ਤਖੱਲਸ ਨਾਲ ਜਾਣਿਆ ਜਾਣ ਲੱਗਾ | ਲੇਖਕ ਨੇ ਇਸ ਪੁਸਤਕ 'ਚ ਉਨ੍ਹਾਂ ਦੇ ਜੀਵਨ, ਕਲਾ ਕੌਸ਼ਲੀ, ਗੁਰੂ ਭਗਤੀ ਅਤੇ ਯੋਧਾ ਪ੍ਰਵਿਰਤੀ ਆਦਿ ਦੇ ਇਤਿਹਾਸ ਨੂੰ ਕਾਵਿ ਸ਼ਰਧਾਂਜਲੀਆਂ ਦੇ ਰੂਪ 'ਚ ਕਲਮ ਕੀਤਾ ਹੈ, ਜਿਸ ਵਿਚ ਪਹਿਲੀਆਂ ਤਿੰਨ ਕਵਿਤਾਵਾਂ (ਬਰਕਤ ਦਾ ਕੇਂਦਰ, ਗੁਰੂ ਘਰ ਅਤੇ ਖੰਡਰ ਬੋਲਦੇ) ਪ੍ਰਸਤਾਵਨਾ ਦੇ ਤੌਰ 'ਤੇ ਦਿੱਤੀਆਂ ਹਨ | ਫਿਰ 10 ਖੰਡਾਂ ਵਿਚ 130 ਕਵਿਤਾਵਾਂ ਦਾ ਸੰਗ੍ਰਹਿ ਬੜੀ ਖ਼ੂਬਸੂਰਤੀ ਨਾਲ ਕਲਮਬੰਦ ਕੀਤਾ ਹੈ | ਸਾਰੀਆਂ ਕਵਿਤਾਵਾਂ ਵਧੀਆ ਹਨ |
ਪੁਸਤਕ ਦੇ ਪੇਸ਼ਕਾਰੀ ਦੇ ਨਾਲ-ਨਾਲ ਪੇਪਰ, ਪਿੰ੍ਰਟਿੰਗ ਅਤੇ ਟਾਈਟਲ ਵੀ ਖ਼ੂਬਸੂਰਤ ਹੈ | ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਲੇਖਕ ਵਧਾਈ ਦੇ ਪਾਤਰ ਹਨ | ਪਾਠਕਾਂ ਨੂੰ ਵੀ ਇਤਿਹਾਸਕ ਪੱਖੋਂ ਜਾਣਕਾਰੀ ਮਿਲਦੀ ਹੈ |

-ਜਸਵਿੰਦਰ ਸਿੰਘ 'ਕਾਈਨੌਰ'
ਮੇਬਾਈਲ : 98888-42244

ਸਮੇਂ ਦੀ ਅੱਖ
ਗ਼ਜ਼ਲਕਾਰ : ਸੁਰਜੀਤ ਸਿੰਘ ਕਾਉਂਕੇ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94179-15615

ਸੁਰਜੀਤ ਸਿੰਘ ਕਾਉਂਕੇ ਨੇ ਬਹੁਤਾ ਕਰਕੇ ਸ਼ਾਇਰੀ ਨੂੰ ਅਪਣਾਇਆ ਹੈ ਪਰ ਇਸ ਦੇ ਨਾਲ-ਨਾਲ ਉਸ ਨੇ ਵਾਰਤਕ 'ਤੇ ਵੀ ਕਲਮ ਅਜ਼ਮਾਈ ਹੈ | 'ਸਮੇਂ ਦੀ ਅੱਖ' ਸੁਰਜੀਤ ਸਿੰਘ ਕਾਉਂਕੇ ਦੀ ਅੱਠਵੀਂ ਪ੍ਰਕਾਸ਼ਨਾ ਹੈ, ਜਿਸ ਵਿਚ ਉਸ ਦੀਆਂ 72 ਗ਼ਜ਼ਲਾਂ ਸ਼ਾਮਿਲ ਹਨ | ਮੇਰੀ ਜਾਚੇ ਇਹ ਉਸ ਦਾ ਪਹਿਲਾ ਗ਼ਜ਼ਲ-ਸੰਗ੍ਰਹਿ ਹੈ, ਜਿਸ ਵਿਚ ਸਿਰਫ਼ ਗ਼ਜ਼ਲ ਵਿਧਾ ਹੀ ਛਾਪੀ ਗਈ ਹੈ | ਅਜੋਕੀ ਪੰਜਾਬੀ ਗ਼ਜ਼ਲ ਦੀ ਸ਼ੈਲੀ ਵਿਚ ਤੇਜ਼ੀ ਨਾਲ ਪਰਿਵਰਤਨ ਹੋਏ ਹਨ ਤੇ ਇਹ ਸ਼ੁਰੂਆਤੀ ਤੇ ਮੱਧਅੰਤਰੀ ਦੌਰ ਵਾਲੀ ਨਹੀਂ ਰਹੀ | ਇਸ ਪੁਸਤਕ ਨੂੰ ਵਾਚਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਕਾਉਂਕੇ ਵਲ-ਵਲੇਵੇਂ ਪਾਉਣ ਦੀ ਥਾਂ ਸਿੱਧੀ ਗੱਲ ਕਰਨੀ ਪਸੰਦ ਕਰਦਾ ਹੈ | ਉਸ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਜਿੱਥੇ ਵੱਖ-ਵੱਖ ਰੰਗ ਸੰਮਿਲਤ ਹਨ, ਉਥੇ ਕਈ ਗ਼ਜ਼ਲਾਂ ਇਕ ਹੀ ਵਿਸ਼ੇ ਦੁਆਲੇ ਕੇਂਦਰਿਤ ਰਹਿੰਦੀਆਂ ਹਨ, ਜਿਸ ਨੂੰ ਮੁਸਲਸਲ ਗ਼ਜ਼ਲ ਵੀ ਕਿਹਾ ਜਾ ਸਕਦਾ ਹੈ | ਪੁਸਤਕ ਦੀ ਪਹਿਲੀ ਗ਼ਜ਼ਲ ਕੁਦਰਤ ਦੀ ਉਸਤਿਤ ਤੇ ਉਸ ਦੀ ਮਹਿਮਾ ਦਾ ਵਿਖਿਆਨ ਕਰਦੀ ਹੈ | ਇਸ ਵਿਚ ਰੁੱਖਾਂ ਨੂੰ ਉਗਾਉਣ ਤੇ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਹੈ | ਕੁਦਰਤ ਦੀ ਵਿਸ਼ਾਲਤਾ ਤੋਂ ਮੁਨਕਰ ਹੋਇਆ ਨਹੀਂ ਜਾ ਸਕਦਾ | ਇਸ ਤੋਂ ਅਗਲੀ ਗ਼ਜ਼ਲ ਵਿਚ ਉਹ ਰਾਜਸੀ ਨੇਤਾਵਾਂ ਦੇ ਨਕਾਬ ਉਤਾਰਦਾ ਦਿਖਾਈ ਦਿੰਦਾ ਹੈ, ਜਿਨ੍ਹਾਂ ਨੇ ਦੱਸਿਆ ਕੁਝ ਹੋਰ ਤੇ ਕੀਤਾ ਕੁਝ ਹੋਰ ਹੈ | ਅਗਲੇਰੀਆਂ ਗ਼ਜ਼ਲਾਂ ਵਿਚ ਉਸ ਨੇ ਮੁਹੱਬਤ ਤੇ ਇਸ ਤੋਂ ਪੈਦਾ ਹੋਈਆਂ ਦੁਸ਼ਵਾਰੀਆਂ ਨੂੰ ਆਪਣੇ ਸ਼ਬਦਾਂ ਵਿਚ ਢਾਲਿਆ ਹੈ | ਗ਼ਜ਼ਲਕਾਰ ਦੁਨੀਆ ਦੀ ਗਿਰਗਿਟੀ ਜੀਵਨ ਸ਼ੈਲੀ ਤੋਂ ਉਪਰਾਮ ਹੈ ਤੇ ਉਸ ਨੂੰ ਕਹਿਣਾ ਪੈਂਦਾ ਹੈ ਕਿ ਦੁਨੀਆ ਵਿਚ ਸਭ ਕੁਝ ਵਿਕਣ ਲਈ ਤਿਆਰ ਹੈ ਤੇ ਇਹ ਹੈ ਵੀ ਸੱਚ | ਕੂੰਜਾਂ, ਬਰਸਾਤਾਂ, ਤੇਰੀ ਦਹਿਲੀਜ਼ ਉੱਤੇ, ਚੁੱਪ, ਦਿਨ ਤੇ ਜ਼ਿੰਦਗੀ ਆਦਿ ਰਦੀਫ਼ ਵਾਲੀਆਂ ਗ਼ਜ਼ਲਾਂ ਮੁਸੱਲਸਲ ਹਨ, ਜਿਨ੍ਹਾਂ ਵਿਚ ਗ਼ਜ਼ਲਕਾਰ ਦੇ ਭਾਵ ਵਿਸਤਰਤ ਰੂਪ ਨਾਲ ਪੇਸ਼ ਹੋਏ ਹਨ | ਉਸ ਲਈ ਪਿਆਰ, ਫੁੱਲ, ਬੂਟੇ, ਬਾਗ਼, ਜੰਗਲ, ਦਰਿਆ, ਸਿਤਾਰੇ, ਪੌਣ ਤੇ ਪਾਣੀ ਜ਼ਿੰਦਗੀ ਹਨ | ਦੂਸਰਿਆਂ ਦੇ ਕੰਮ ਆਉਣਾ ਉਸ ਲਈ ਸਭ ਤੋਂ ਵੱਡਾ ਧਰਮ ਹੈ | ਗ਼ਜ਼ਲਕਾਰ ਅਧਿਆਪਨ ਨਾਲ ਵੀ ਜੁੜਿਆ ਰਿਹਾ ਹੈ ਤੇ ਉਮਰ ਦੇ ਹਿਸਾਬ ਨਾਲ ਵੀ ਉਸ ਨੂੰ ਚੋਖਾ ਤਜਰਬਾ ਹਾਸਿਲ ਹੈ, ਜਿਸ ਕਾਰਨ ਉਹ ਤੜਕ-ਫੜਕ ਦੀ ਥਾਂ ਆਪਣੀ ਰਚਨਾ ਨੂੰ ਉਪਦੇਸ਼ਕ ਮੋੜ ਵੀ ਦੇ ਦਿੰਦਾ ਹੈ | ਇਹ ਗ਼ਜ਼ਲਾਂ ਪਾਠਕਾਂ ਲਈ ਰਾਹ ਦਸੇਰੇ ਬਣਦੀਆਂ ਹਨ ਤੇ ਇਨ੍ਹਾਂ ਵਿਚ ਅਜਿਹਾ ਬਹੁਤ ਕੁਝ ਹੈ ਜੋ ਜ਼ਿੰਦਗੀ ਵਿਚ ਢਾਲਿਆ ਜਾ ਸਕਦਾ ਹੈ | ਸ਼ਾਇਦ ਭਾਵਾਂ ਦੇ ਤੇਜ਼ ਵਹਾਅ ਕਾਰਨ ਉਸ ਤੋਂ ਗ਼ਜ਼ਲ ਵਿਧਾਨ ਦੇ ਕਿਨਾਰਿਆਂ ਨਾਲ ਵੀ ਖਹਿ ਹੋ ਗਿਆ ਹੈ | ਜੇ ਇਸ ਤੋਂ ਬਚਿਆ ਜਾਂਦਾ ਤਾਂ ਹੋਰ ਵੀ ਚੰਗਾ ਹੁੰਦਾ |

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

 

22-12-2024

ਬੈਠਾ ਸੋਢੀ ਪਾਤਿਸ਼ਾਹੁ
ਲੇਖਕ : ਗੁਰਦਿਆਲ ਸਿੰਘ ਨਿਮਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 500 ਰੁਪਏ, ਸਫ਼ੇ : 332
ਸੰਪਰਕ : 098122-33662

ਇਸ ਹਥਲੇ ਮਹਾਂਕਾਵਿ ਦਾ ਲੇਖਕ ਪੰਜਾਬੀ ਕਾਵਿ-ਸਾਹਿਤ ਦੀ ਝੋਲੀ ਵਿਚ ਇਸ ਮਹਾਂਕਾਵਿ ਤੋਂ ਪੂਰਵ ਅੱਧੀ ਦਰਜਨ ਕਾਵਿ-ਗ੍ਰੰਥ ਭੇਟ ਕਰ ਚੁੱਕਾ ਹੈ। ਇਸ ਤੋਂ ਇਲਾਵਾ ਤਿੰਨ ਕਾਵਿ-ਸੰਗ੍ਰਹਿ ਵੀ ਪਾਠਕਾਂ ਦੇ ਰੂ-ਬਰੂ ਹੋ ਚੁੱਕੇ ਹਨ। ਕਵੀ ਲਗਭਗ ਅੱਧੀ ਸਦੀ ਤੋਂ ਕਾਵਿ-ਸਾਹਿਤ ਦੀ ਸੇਵਾ ਕਰ ਰਿਹਾ ਹੈ, ਮਹਾਂਕਵੀ ਗੁਰਦਿਆਲ ਸਿੰਘ ਨਿਮਰ ਹੁਣ ਕਿਸੇ ਜਾਣ-ਪਹਿਚਾਣ ਦਾ ਮੁਥਾਜ ਨਹੀਂ। ਕਵੀ ਦੀ ਕਲਮ ਵਿਚੋਂ ਸੱਚੀ-ਸੁੱਚੀ ਸੁਹਿਰਦ ਤੇ ਸ਼ਰਧਾਮੂਲਕ ਕਾਵਿਧਾਰਾ ਨਿਰੰਤਰ ਵਹਿ ਰਹੀ ਹੈ। ਉਹ ਪੰਥਕ ਕਵੀ ਦਰਬਾਰਾਂ ਵਿਚ ਹਾਜ਼ਰੀ ਲਗਵਾਉਣ ਦੇ ਨਾਲ-ਨਾਲ ਨਿਰੰਤਰ ਮਹਾਂ-ਕਾਵਿ ਦੀ ਰਚਨਾ ਵੀ ਕਰ ਰਿਹਾ ਹੈ। ਇਹ ਮਹਾਂ-ਕਾਵਿ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦੇ ਜੀਵਨ ਚਰਿੱਤਰ, ਕਾਰਜਾਂ, ਪਰਉਪਕਾਰਾਂ, ਸਿੱਖ ਧਰਮ ਦੀ ਚੜ੍ਹਦੀਕਲਾ ਲਈ ਕੀਤੇ ਯਤਨਾਂ, ਉਪਰਾਲਿਆਂ ਦੇ ਇਤਿਹਾਸਕ ਅਤੇ ਧਾਰਮਿਕ ਸੰਦਰਭ ਵਿਚ ਪੇਸ਼ ਕਰਨ ਦਾ ਲੰਮਾ ਬਿਰਤਾਂਤ ਹੈ। ਉਸ ਵਲੋਂ ਮਹਾਂ-ਕਾਵਿ ਲਿਖਣ ਦੀ ਪਰੰਪਰਾਗਤ ਸ਼ੈਲੀ ਮੁਤਾਬਿਕ ਪਹਿਲੇ ਅਧਿਆਏ 'ਅਰਜੋਈ' ਤੋਂ ਸ਼ੁਰੂਆਤ ਕਰਕੇ ਆਖਰੀ 133ਵੇਂ ਅਧਿਆਏ 'ਗੁਰੂ ਰਾਮ ਦਾਸ ਜੀ ਦੇ ਜੋਤੀ-ਜੋਤ ਸਮਾਉਣ' ਤੱਕ ਨਿਰੰਤਰ ਵਾਪਰ ਰਹੀਆਂ ਘਟਨਾਵਾਂ ਤੇ ਕਾਰਜਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਮਹਾਂ-ਕਾਵਿ ਲਈ ਪ੍ਰਵਾਨ ਕੀਤੇ ਮਕਬੂਲ ਛੰਦਾਂ ਕਬਿੱਤ ਤੇ ਬੈਂਤ ਛੰਦਾਂ ਦੇ ਨਾਲ-ਨਾਲ ਲੋਕ ਬਹਿਰਾਂ ਅਤੇ ਢਾਡੀਆਂ, ਕਵੀਸ਼ਰਾਂ ਵਲੋਂ ਗਾਈਆਂ ਜਾਂਦੀਆਂ ਵਾਰਾਂ ਨੂੰ ਯੋਗ ਥਾਂ ਦਿੱਤੀ ਗਈ ਹੈ। ਕਵੀ ਇਸ ਦ੍ਰਿਸ਼ਟੀ ਤੋਂ ਮਹਾਂ-ਕਾਵਿ ਦੇ ਅਚਾਰੀਆ ਵਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਨੂੰ ਵੀ ਧਿਆਨਗੋਚਰੇ ਰੱਖਦਾ ਹੈ। ਮਹਾਂ-ਕਵੀ ਕੇਵਲ ਬਿਰਤਾਂਤ ਤੇ ਘਟਨਾਵਾਂ ਦਾ ਕੇਵਲ ਜ਼ਿਕਰ ਹੀ ਨਹੀਂ ਕਰਦਾ, ਸਗੋਂ ਗੁਰੂ ਸਾਹਿਬ ਦੇ ਉਪਦੇਸ਼, ਉਦੇਸ਼ ਅਤੇ ਗੁਰਬਾਣੀ ਵਿਚ ਦਿੱਤੇ ਸੰਦੇਸ਼ ਨੂੰ ਵੀ ਪਾਠਕਾਂ ਦੇ ਸਨਮੁੱਖ ਪੇਸ਼ ਕਰਦਾ ਹੈ। ਕਵੀ ਮਹਾਂ-ਕਾਵਿ ਵਿਚਲੀ ਸਮੁੱਚੀ ਕਵਿਤਾ ਉਸ ਸਮੇਂ ਦਾ ਤਤਕਾਲੀ ਰਾਜਨੀਤਕ, ਆਰਥਿਕ, ਸਭਿਆਚਾਰਕ ਅਤੇ ਧਾਰਮਿਕ ਪਰਸਥਿਤੀਆਂ ਨੂੰ ਵੀ ਬਿਆਨ ਕਰਦਾ ਹੈ। ਮਹਾਂ-ਕਾਵਿ ਜਿਸ ਮਹਾਂ-ਨਾਇਕ ਦੇ ਜੀਵਨ ਨੂੰ ਬਿਆਨ ਕਰ ਰਿਹਾ ਹੁੰਦਾ ਹੈ, ਉਸ ਨੂੰ ਸਮੇਂ ਦੀ ਹਰ ਸਥਿਤੀ 'ਤੇ ਵਾਪਰ ਰਹੀਆਂ ਘਟਨਾਵਾਂ ਨਾਲ ਸਾਹਮਣਾ ਕਰਨਾ ਹੁੰਦਾ ਹੈ। ਕਵੀ ਵਲੋਂ ਇਸ ਮਹਾਂ-ਕਾਵਿ ਦੇ ਨਾਇਕ ਚੌਥੇ ਗੁਰੂ ਨਾਨਕ ਸ੍ਰੀ ਗੁਰੂ ਰਾਮ ਦਾਸ ਜੀ ਦੇ ਜੀਵਨ ਨਾਲ ਵਾਪਰੀ ਹਰ ਘਟਨਾ 'ਤੇ ਕਾਰਜ ਨੂੰ ਬਾਰੀਕਬੀਨੀ ਨਾਲ ਵਾਚਿਆ ਹੈ। ਗੁਰਮਤਿ ਫ਼ਲਸਫ਼ੇ ਅਤੇ ਚੌਥੇ ਪਾਤਿਸ਼ਾਹ ਦੁਆਰਾ ਰਚੀ ਬਾਣੀ ਨੂੰ ਵੀ ਮੱਦੇ-ਨਜ਼ਰ ਰੱਖਿਆ ਗਿਆ ਹੈ। ਅੰਮ੍ਰਿਤਸਰ ਨਗਰ ਦੀ ਉਸਾਰੀ ਸਮੇਂ 52 ਕਿੱਤਿਆਂ ਨਾਲ ਸੰਬੰਧਿਤ ਕਿਰਤੀਆਂ ਨੂੰ ਵਸਾਉਣਾ, ਪਾਵਨ ਸਰੋਵਰ ਦੀ ਉਸਾਰੀ ਗੁਰਬਾਣੀ ਗਾਇਨ ਦੇ ਨਿਰੰਤਰ ਪ੍ਰਵਾਹ ਰਾਹੀਂ ਨਾਮ ਦੀ ਮਹਿਮਾ ਅਤੇ ਸੰਗਤ ਲਈ ਲੰਗਰ ਦਾ ਨਿਰੰਤਰ ਚਲਾਉਣਾ ਵੱਡੇ ਕਾਰਜ ਹਨ। ਗੁਰੂ ਰਾਮਦਾਸ ਜੀ ਨੇ ਗੁਰਮਤਿ ਫਲਸਫ਼ੇ ਨੂੰ ਆਪਣੀ ਪਾਵਨ ਬਾਣੀ ਅਤੇ ਕਾਰਜਾਂ ਰਾਹੀਂ ਕਿਵੇਂ ਜਨ ਸਧਾਰਨ ਤੱਕ ਪਹੁੰਚਾਇਆ। ਇਸ ਦਾ ਜ਼ਿਕਰ ਬਾਖ਼ੂਬੀ ਮਹਾਂ-ਕਾਵਿ ਵਿਚੋਂ ਮਿਲਦਾ ਹੈ। ਵੰਨਗੀ ਵਜੋਂ ਪੇਸ਼ ਕੁਝ ਬੋਲ ਹਨ।
-ਅੰਮ੍ਰਿਤਸਰ ਸੰਸਾਰ ਦਾ ਸਰ ਉੱਚਾ, ਸਿਜਦੇ ਇਸ ਨੂੰ ਕੁੱਲ ਸੰਸਾਰ ਕਰਦਾ।
ਇਹਦੇ ਜਿਹਾ ਸੰਸਾਰ ਤੇ ਦਰ ਕੋਈ ਨਾ, ਸਿੱਖ ਗੁਰਾਂ ਦਾ ਇਸ 'ਤੇ ਮਾਣ ਕਰਦਾ।
ਧੁਰਾ ਸਿੱਖੀ ਪ੍ਰਚਾਰ ਦਾ ਸਿਰਜ ਸੋਹਣਾ, ਭਾਗ ਮਾਝੇ ਦੀ ਧਰਤੀ ਨੂੰ ਲਾਏ ਸਾਹਿਬਾਂ।
ਕਾਰੀਗਰ ਮੁਹਾਰਤੀ ਸਭ ਸੱਦ ਕੇ, ਸੋਹਣੀ ਨਗਰੀ ਦੇ ਵਿਚ ਵਸਾਏ ਸਾਹਿਬਾਂ।
ਵੱਖੋ-ਵੱਖ ਕਿੱਤਿਆਂ ਦੀ ਵੱਖ-ਵੱਖ ਚੋਣ ਕਰਕੇ, ਵੱਖੋ-ਵੱਖ ਸਭ ਬਾਜ਼ਾਰ ਬਣਵਾਏ ਸਾਹਿਬਾਂ,
ਧੁਰ ਕੀ ਬਾਣੀ ਦਾ ਜਦੋਂ ਪ੍ਰਵਾਹ ਚਲਦਾ, ਲੱਖਾਂ ਰਾਹ ਅਕਾਸ਼ ਵਲ ਖੁਲ੍ਹਦੇ ਨੇ।
ਸਮੁੱਚੇ ਰੂਪ ਵਿਚ ਇਹ ਹਥਲਾ ਮਹਾਂਕਾਵਿ ਚੌਥੇ ਪਾਤਿਸ਼ਾਹ ਦੀ ਪਵਿੱਤਰ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਕਵੀ ਦੀ ਉੱਤਮ ਕਾਵਿ-ਕਲਾ ਰਾਹੀਂ ਰੂਪਮਾਨ ਕਰ ਰਿਹਾ ਹੈ।
ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿਚ ਗੁਰਬਾਣੀ ਉਚਾਰਨ ਕੀਤੀ ਹੈ, ਨਾਲ ਗੁਰੂ ਸਾਹਿਬ ਵਲੋਂ ਰਚੀਆਂ ਅੱਠ ਵਾਰਾਂ ਨੂੰ ਵੀ ਕਵੀ ਨੇ ਕਾਵਿ-ਕਲਾ ਰਾਹੀਂ ਬਾਖ਼ੂਬੀ ਚਿਤਰਿਆ ਹੈ। ਕਵੀ ਨੇ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਮਹਾਂ-ਕਾਵਿ ਨੂੰ ਮੌਜੂਦਾ ਸਰੂਪ ਦਿੱਤਾ ਹੈ।
ਮਹਾਂ-ਕਾਵਿ ਦੇ ਮੁੱਖਬੰਦ ਵਜੋਂ ਦੋ ਸ਼ਬਦ ਲਿਖਦਿਆਂ ਡਾ. ਨਰਿੰਦਰ ਸਿੰਘ ਸਾਬਕਾ ਡਿਪਟੀ ਚੇਅਰਮੈਨ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਕਵੀ ਨੂੰ 'ਸਿੱਖੀ ਦੀ ਸ਼ਾਨ ਨਿਮਰ' ਵਜੋਂ ਪੇਸ਼ ਕੀਤਾ ਹੈ। 'ਮਹਾਂ-ਕਾਵਿ' ਨੂੰ ਡਾ. ਹਰਿੰਦਰ ਸਿੰਘ ਕੰਗ, ਪ੍ਰਿੰਸੀਪਲ ਗੁਰੂ ਨਾਨਕ ਖ਼ਾਲਸਾ ਕਾਲਜ ਯਮੁਨਾ ਨਗਰ ਨੇ 'ਜੀ ਆਇਆਂ' ਕਰਕੇ ਸੰਬੋਧਨ ਕੀਤਾ ਹੈ। ਉੱਘੇ ਸਾਹਿਤਕਾਰ ਤੇ ਕਵੀ ਡਾ. ਹਰੀ ਸਿੰਘ ਜਾਚਕ ਨੇ ਕਵੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਵਰਣਨ ਵੀ ਭਾਵਪੂਰਤ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦੇ ਆਰੰਭ ਵਿਚ ਗੁਰੂ ਸਾਹਿਬ ਨਾਲ ੰਸਬੰਧਿਤ ਅਸਥਾਨਾਂ ਦੀਆਂ ਕੁਝ-ਕੁ ਤਸਵੀਰਾਂ ਤੋਂ ਇਲਾਵਾ, ਸਹਾਇਕ ਪੁਸਤਕ ਸੂਚੀ ਅਤੇ ਸੋਢੀ ਵੰਸ਼ ਦਾ ਕੁਰਸੀਨਾਮਾ ਮਹਾਂਕਾਵਿ ਦੀ ਅੰਤਿਕਾ ਵਿਚ ਦਿੱਤਾ ਗਿਆ ਹੈ। ਮਹਾਂਕਾਵਿ ਦੇ ਕਵੀ ਨੇ ਇਹ ਪੁਸਤਕ ਗੁਰੂ ਰਾਮਦਾਸ ਜੀ ਦੀ 450 ਸਾਲਾ ਗੁਰਿਆਈ ਸ਼ਤਾਬਦੀ ਨੂੰ ਸਮਰਪਿਤ ਕੀਤੀ ਹੈ। ਗੁਰਮਤਿ ਸਾਹਿਤ 'ਤੇ ਕਵਿਤਾ ਦਾ ਰਸ ਲੈਣ ਵਾਲੇ ਪਾਠਕਾਂ ਲਈ ਮਹਾਂ-ਕਾਵਿ ਸਾਂਭਣਯੋਗ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਜੀਓ ਜ਼ਿੰਦਗੀ ਮਸਤ
ਅਨੁਵਾਦ ਤੇ ਸੰਪਾਦਨ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 160
ਸੰਪਰਕ : 92090-00001

ਪੰਜਾਬੀ ਵਾਰਤਕ ਲੇਖਣ ਵਿਚ ਜਸਪ੍ਰੀਤ ਸਿੰਘ ਜਗਰਾਉਂ ਉੱਭਰ ਕੇ ਸਾਹਮਣੇ ਆਉਣ ਵਾਲਾ ਲੇਖਕ ਹੈ। ਸਾਹਿਤਕਾਰੀ ਵਿਚ ਉਸ ਦਾ ਪ੍ਰਵੇਸ਼ ਇਕ ਚੰਗਾ ਪਾਠਕ ਹੋਣ ਕਾਰਨ ਸੰਭਵ ਹੋਇਆ ਹੈ। ਉਸ ਦੀ ਕੀਰਤੀ ਦਾ ਗਰਾਫ਼ ਦਰਸਾਉਂਦਾ ਹੈ ਕਿ ਸਾਹਿਤਕ ਰਚਨਾਵਾਂ ਨਾਲ ਨਿਰੰਤਰ ਸੰਵਾਦ ਰਚਾਉਂਦੇ ਰਹਿਣ ਵਾਲਾ ਵਿਅਕਤੀ ਹੀ ਇਕ ਚੰਗਾ ਲੇਖਕ ਬਣ ਸਕਦਾ ਹੈ ਕਿਉਂਕਿ ਉਹ ਜਾਣਦਾ ਹੁੰਦਾ ਹੈ ਕਿ ਪਾਠਕਾਂ ਲਈ ਕਿਸ ਤਰ੍ਹਾਂ ਦੇ ਸਾਹਿਤ ਦੀ ਰਚਨਾ ਕਰਨੀ ਚਾਹੀਦੀ ਹੈ। ਜਸਪ੍ਰੀਤ ਸਿੰਘ ਜਗਰਾਉਂ ਪ੍ਰੇਰਨਾ ਭਰਪੂਰ, ਆਸ਼ਾਵਾਦੀ ਅਤੇ ਕਲਿਆਣਕਾਰੀ ਸਾਹਿਤ ਦਾ ਸ਼ੈਦਾਈ ਹੈ। ਉਸ ਦੁਆਰਾ ਅਨੁਵਾਦਿਤ ਅਤੇ ਸੰਗ੍ਰਹਿਤ ਹਥਲੀ ਪੁਸਤਕ ਇਸੇ ਤਰ੍ਹਾਂ ਦੇ ਸਾਹਿਤ ਦਾ ਹੀ ਇਕ ਖਜ਼ਾਨਾ ਹੈ।
ਅਜੋਕੇ ਪੂੰਜੀਵਾਦੀ ਯੁੱਗ ਨੇ ਹਰ ਇਨਸਾਨ ਨੂੰ ਅਸ਼ਾਂਤ, ਬੇਚੈਨ ਅਤੇ ਝੁੰਜਲਿਆ ਹੋਇਆ ਸ਼ਖ਼ਸ ਬਣਾ ਦਿੱਤਾ ਹੈ। ਇਹ ਦੁਨੀਆ ਬੜੇ ਤਿੱਖੇ ਮੁਕਾਬਲੇ ਵਿਚ ਫਸ ਗਈ ਹੈ। ਇਸ ਕਾਰਨ ਲੋਕ ਚਿੜਚਿੜੇ, ਈਰਖਾਲੂ ਅਤੇ ਗੁਸੈਲ ਬਣ ਗਏ ਹਨ। ਜਸਪ੍ਰੀਤ ਸਿੰਘ ਨੇ ਇਧਰੋਂ-ਉਧਰੋਂ ਪੱਤਰ-ਪੱਤ੍ਰਿਕਾਵਾਂ (ਗਿਆਨਾਮ੍ਰਿਤ : ਈਸ਼ਵਰੀ ਵਿਸ਼ਵ ਵਿਦਿਆਲੇ) ਵਿਚੋਂ ਪੜ੍ਹੇ ਚੋਣਵੇਂ ਪ੍ਰੇਰਨਾ ਭਰਪੂਰ ਲੇਖਾਂ ਦਾ ਅਨੁਵਾਦ ਅਤੇ ਸੰਪਾਦਨ ਕਰ ਕੇ ਹਥਲੀ ਪੁਸਤਕ ਨੂੰ ਸਰੰਜਾਮ ਦਿੱਤਾ ਹੈ। ਇਸ ਵਿਚ ਖ਼ੁਸ਼ੀ, ਸਹਿਜ, ਚੜ੍ਹਦੀ ਕਲਾ, ਨੇਕੀ, ਮੁਹੱਬਤ, ਸੇਵਾ, ਸ਼ਾਂਤੀ, ਸਬਰ, ਸੰਤੋਖ, ਸਾਦਗੀ ਅਤੇ ਕਰਮਸ਼ੀਲਤਾ ਵਰਗੇ ਸਦਗੁਣਾਂ ਨੂੰ ਦ੍ਰਿੜ੍ਹ ਕਰਵਾਉਣ ਵਾਲੇ 63 ਲੇਖ ਸੰਗ੍ਰਹਿਤ ਹਨ। ਅਜਿਹੇ ਲੇਖਾਂ ਨੂੰ ਵਾਰ-ਵਾਰ ਪੜ੍ਹਨ ਅਤੇ ਆਪਣੇ ਨਿਤਪ੍ਰਤੀ ਦੇ ਜੀਵਨ ਵਿਚ ਹੰਢਾਉਣ ਦੁਆਰਾ ਆਧੁਨਿਕ ਮਨੁੱਖ ਚੜ੍ਹਦੀ ਕਲਾ ਵਿਚ ਰਹਿਣ ਦੀ ਜੁਗਤ ਸਿੱਖ ਜਾਂਦਾ ਹੈ। ਇਸ ਰੂਪ ਵਿਚ ਹਥਲੀ ਪੁਸਤਕ ਦਾ ਮਹੱਤਵ ਨਿਰਵਿਵਾਦ ਹੈ।
ਦੁਨੀਆ ਭਰ ਦੇ ਮਹਾਂਪੁਰਖਾਂ ਨੇ ਉਕਤ ਵੰਨਗੀ ਦੇ ਨੈਤਿਕ ਗੁਣਾਂ ਅਤੇ ਆਚਾਰ ਵਿਹਾਰ ਨੂੰ ਅਪਣਾਉਣ ਦੀ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਸਾਹਿਬ ਨੇ ਪੰਡਿਤਾਂ (ਹਰਿਦੁਆਰ), ਧਨਾਢਾਂ (ਮਲਿਕ ਭਾਗੋ, ਏਮਨਾਬਾਦ), ਰਾਕਸ਼ਾਂ (ਮੱਧ ਪ੍ਰਦੇਸ਼), ਜਾਦੂਗਰਨੀਆਂ (ਕਾਮਰੂਪ), ਠੱਗਾਂ (ਤੁਲੰਬਾ), ਨਾਥ ਜੋਗੀਆਂ (ਹਿਮਾਲਾ ਪਰਬਤ) ਨੂੰ ਸਹਿਜ ਯੋਗ ਵਿਚ ਰਹਿਣ ਅਤੇ ਦਿਖਾਵੇਬਾਜ਼ੀ ਤੋਂ ਨਿਰਲੇਪ ਰਹਿਣ ਦੀ ਪ੍ਰੇਰਨਾ ਦਿੱਤੀ ਸੀ ਜੋ ਮਨੁੱਖ ਨੂੰ ਸ਼ਾਂਤੀ ਅਤੇ ਸਕੂਨ ਪ੍ਰਦਾਨ ਕਰਨ ਦੀ ਵਿਧੀ ਹੈ। ਪਰ ਪੂੰਜੀਵਾਦੀ ਯੁੱਗ ਨੇ ਸਭ ਕੁਝ ਭੁਲਾ ਦਿੱਤਾ ਹੈ। ਇਥੋਂ ਤੱਕ ਕਿ ਜਿਹੜੇ ਸੰਤ, ਉਪਦੇਸ਼ਕ, ਵਿਚਾਰਕ ਅਤੇ ਚਿੰਤਕ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਵੀ ਹਨ ਅਤੇ ਜਿਨ੍ਹਾਂ ਨੂੰ ਸੁਣਨ ਲਈ ਹਜ਼ਾਰਾਂ ਸਰੋਤੇ ਇਕੱਤਰ ਹੁੰਦੇ ਹਨ, ਉਹ ਖ਼ੁਦ ਵੀ ਈਰਖਾ, ਕ੍ਰੋਧ ਅਤੇ ਨਫ਼ਰਤ ਦੇ ਕਾਰਨ ਬੰਦੂਕਧਾਰੀ ਅੰਗ-ਰੱਖਿਅਕਾਂ ਦੀ ਇਕ ਟੁਕੜੀ ਆਪਣੇ ਨਾਲ ਲੈ ਕੇ ਚਲਦੇ ਹਨ। ਮਸਤ ਰਹਿਣਾ ਕੋਈ ਸੌਖੀ ਖੇਡ ਨਹੀਂ ਰਹੀ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਜਦੋਂ ਜਾਗੋ ਉਦੋਂ ਸਵੇਰਾ
ਲੇਖਕ : ਐਸ. ਕੇ. ਅਗਰਵਾਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 75089-20001

ਪੰਜਾਬੀ ਨਿਬੰਧਕਾਰੀ 'ਚ ਕਈ ਨਵੀਆਂ ਕਲਮਾਂ ਨੇ ਸਮਕਾਲੀ ਸਮੱਸਿਆਵਾਂ ਨੂੰ ਵਾਰਤਕ ਰਾਹੀਂ ਪੇਸ਼ ਕਰਨ ਦਾ ਚੰਗਾ ਉੱਦਮ ਪ੍ਰਾਰੰਭ ਕੀਤਾ ਹੈ। ਇਸ ਪਾਸੇ ਸਾਬਕਾ ਜੱਜ ਅਤੇ ਹੁਣ ਉੱਚ-ਅਧਿਕਾਰੀ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕ-ਹਿਤਕਾਰੀ ਸ੍ਰੀ ਐਸ. ਕੇ. ਅਗਰਵਾਲ ਦੀ ਪਲੇਠੀ ਲੇਖ-ਰਚਨਾ 'ਜਦੋਂ ਜਾਗੋ ਉਦੋਂ ਸਵੇਰਾ' ਪਾਠਕਾਂ ਦੇ ਸਨਮੁੱਖ ਹੋਈ ਹੈ। ਆਪਣੇ ਮਾਪਿਆਂ ਨੂੰ ਸਮਰਪਿਤ ਅਤੇ ਮਾਂ-ਬੋਲੀ ਪੰਜਾਬੀ ਨੂੰ ਪ੍ਰਣਾਈ ਇਹ ਪੁਸਤਕ ਕਈ ਪੱਖਾਂ ਤੋਂ ਨਿਵੇਕਲੀ ਹੈ। 29 ਲੇਖ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਅਤੇ ਭਾਸ਼ਾ ਸਰਲ ਤੇ ਸਪੱਸ਼ਟ ਹੈ, ਰੌਚਿਕ ਹੈ। ਇਨਸਾਫ਼ ਕਰਨ ਵਾਲੀ ਕੁਰਸੀ ਨਾਲ ਜਿਥੇ ਸ੍ਰੀ ਅਗਰਵਾਲ ਨੇ ਸ਼ੋਭਾ ਖੱਟੀ ਹੈ, ਉਥੇ ਸਾਹਿਤ ਜਗਤ ਵਿਚ ਸਬੂਤੇ-ਕਦਮੀ ਪੈਰ ਪੁੱਟਿਆ। ਅਜਿਹਾ ਪਹਿਲਾ ਗਜ਼ਟਿਡ ਅਧਿਕਾਰੀ ਹੈ ਜੋ ਆਪਣੇ ਲੋਕਾਂ ਦੇ ਫ਼ੈਸਲੇ ਪੰਜਾਬੀ ਮਾਂ-ਬੋਲੀ ਵਿਚ ਕਰਦਾ ਸੀ, ਸੁਣਦਾ ਤੇ ਸੁਣਾਉਂਦਾ ਸੀ ਅਤੇ ਆਪ ਆਪਣੀ ਕਲਮ ਨਾਲ ਲਿਖਦਾ ਸੀ, 'ਮਾਖਿਓਂ ਮਿੱਠੀ ਪੰਜਾਬੀ ਡਿੱਠੀ' (ਪੰਨਾ 36) ਲੇਖ ਇਸ ਗੱਲ ਦੀ ਤਸਦੀਕ ਕਰਦਾ ਹੈ। ਲੇਖਕ ਜ਼ੋਰ ਦੇ ਕੇ ਆਖਦਾ ਹੈ, 'ਮਾਂ, ਮਮਤਾ, ਮੁਹੱਬਤ ਅਤੇ ਮਾਂ-ਬੋਲੀ ਤੋਂ ਬਿਨਾਂ ਜ਼ਿੰਦਗੀ ਨੀਰਸ ਹੈ। ਮਾਂ-ਬੋਲੀ-ਆਤਮਾ ਨੂੰ ਸ਼ੁੱਧ ਰੱਖਦੀ ਹੈ। ਮੇਰੇ ਜੱਜ ਬਣਨ 'ਚ ਪੰਜਾਬੀ ਮਾਂ-ਬੋਲੀ ਦੀ ਅਹਿਮ ਭੂਮਿਕਾ ਹੈ।' 'ਮੇਰੇ ਵਲੋਂ' ਰਚਨਾ 'ਚ ਲੇਖਕ ਹੋਰ ਵੀ ਗੂੜ੍ਹੇ ਸ਼ਬਦਾਂ 'ਚ ਆਖਦਾ : ਮੇਰੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ ਕਿ ਮਨੁੱਖੀ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਸ਼ਬਦਾਂ ਰਾਹੀਂ ਚਿਤਰਦਿਆਂ ਮੇਰੀ ਬੋਲੀ ਮੇਰੇ ਪਿੰਡ ਦੇ ਲੋਕਾਂ ਵਾਂਗ ਬਿਲਕੁਲ ਸਾਦੀ ਰਹੇ।' ਗੁਰੂ ਦੀ ਮਹਿਮਾ, ਆਓ ਸਿੱਖੀਏ ਸਿਖਾਈਏ, ਜਦੋਂ ਕੁਰਸੀ ਰੋ ਪਈ, ਪਿੰਡ ਦੀ ਸੱਥ, ਬਜ਼ੁਰਗਾਂ ਦਾ ਸਤਿਕਾਰ, ਬੋਲਣ ਦੀ ਕਲਾ, ਕਥਨੀ ਤੇ ਕਰਨੀ, ਸਕਾਰਾਤਮਿਕਤਾ, ਫਰਕ, ਨਸ਼ਾ ਕਿ ਨਾਸ਼, ਪਿਆਰ ਦਾ ਸਾਗਰ ਮਾਂ, ਰੁੱਖਾਂ ਵੱਲ ਰੁੱਖ, ਮਿੱਤਰਤਾ, ਮੇਰੇ ਪਿਤਾ ਜੀ, ਫ਼ੈਸਲਾ ਤੇ ਸਕੂਲ, ਨਾਰੀ ਸ਼ਕਤੀ, ਰਿਸ਼ਤਿਆਂ ਦਾ ਘਾਣ, ਸਮਾਧਾਨ ਆਦਿਕ ਵਿਸ਼ਿਆਂ ਨੂੰ ਆਪਣੇ ਜੀਵਨ ਤਜਰਬਿਆਂ ਰਾਹੀਂ ਵਰਨਣ ਕੀਤਾ ਗਿਆ ਹੈ। ਸਿਆਣਿਆਂ ਦੀਆਂ ਦੱਸੀਆਂ ਘਟਨਾਵਾਂ, ਕਥਾਵਾਂ ਰਾਹੀਂ ਬਾਤਾਂ ਸੁਣਾਉਣ ਦੀ ਵਿਧੀ ਵਰਗੀ ਸ਼ੈਲੀ ਵਰਤੀ ਹੈ। ਲੋੜ ਅਨੁਸਾਰ ਕਾਵਿ-ਟੁਕੜੀਆਂ, ਪ੍ਰਵਚਨ, ਅਖੌਤਾਂ ਤੇ ਮੁਹਾਵਰਿਆਂ ਨੂੰ ਢੁਕਵੇਂ ਢੰਗ ਨਾਲ ਵਰਤਿਆ ਗਿਆ। ਬਹੁਤ ਸਾਰੇ ਫ਼ੈਸਲੇ, ਸਮੱਸਿਆਵਾਂ ਅਤੇ ਔਕੜਾਂ ਨੂੰ ਲੇਖਕ ਨੇ ਆਪਣੀ ਉਸਾਰੂ ਦ੍ਰਿਸ਼ਟੀ ਨਾਲ ਹੱਲ ਕਰ ਕੇ ਕ੍ਰਿਸ਼ਮਾ ਕਰ ਵਿਖਾਇਆ। ਇਹ ਵਿਸ਼ੇ ਸਮਾਜਿਕ ਸਰੋਕਾਰਾਂ ਵਾਲੇ ਹਨ। ਸਮਾਜ ਨੂੰ ਚੰਗੇਰਾ, ਰਹਿਣਯੋਗ ਤੇ ਖ਼ੁਸ਼ਹਾਲ ਬਣਾਉਣ ਲਈ ਇਹ ਲੇਖ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੇ ਹਨ। ਪੁਸਤਕ ਦੇ ਅੰਤ 'ਚ ਸਾਰੰਸ਼ ਵਜੋਂ 12 ਪੰਨਿਆਂ 'ਤੇ ਰੌਚਿਕ ਸਵਾਲ-ਜਵਾਬ ਦਿੱਤੇ ਗਏ ਹਨ। ਕਈ ਵਾਕ ਕਥਨਾਂ ਵਰਗੇ ਹਨ ਜਿਵੇਂ ਮਾਂ ਰੱਬ ਵਰਗੀ ਨਹੀਂ ਸਗੋਂ ਰੱਬ ਮਾਂ ਵਰਗਾ ਹੁੰਦਾ ਹੈ। ਅਜਿਹੀ ਲਿਖਤ ਨੂੰ ਮੁਬਾਰਕ! ਪੁਸਤਕ ਦਾ ਨਾਂਅ ਸੰਦੇਸ਼ ਪਰੁੰਨਾ ਹੈ। ਲੇਖਕ ਦਾ ਗਿਆਨ ਵਸੀਹ ਹੈ, ਉਸ ਨੇ ਪੰਜਾਬੀ-ਲੋਕ-ਸਾਹਿਤ ਦੀਆਂ ਸਿਆਣਪਾਂ ਰਾਹੀਂ ਆਪਣੇ ਵਿਸ਼ੇ ਨੂੰ ਪ੍ਰਭਾਵੀ ਬਣਾਉਣ ਲਈ ਰਾਜੇ-ਮਹਾਰਾਜੇ, ਪੰਛੀ, ਜਾਨਵਰਾਂ ਦੀਆਂ ਮਿਸਾਲਾਂ ਦਿੱਤੀਆਂ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਜ਼ਿੰਦਗੀ ਦੀ ਪੂੰਜੀ
ਲੇਖਕ : ਮਹਿੰਦਰ ਸਿੰਘ ਮਾਨ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99158-03554

ਸ਼ਾਇਰ ਮਹਿੰਦਰ ਸਿੰਘ ਮਾਨ ਹਥਲੀ ਕਾਵਿ-ਕਿਤਾਬ 'ਜ਼ਿੰਦਗੀ ਦੀ ਪੂੰਜੀ' ਤੋਂ ਪਹਿਲਾਂ ਵੀ ਚਾਰ ਕਾਵਿ-ਸੰਗ੍ਰਹਿ 'ਚੜ੍ਹਿਆ ਸੂਰਜ', 'ਪੁਲ ਅਤੇ ਖਾਰ', 'ਸੂਰਜ ਦੀਆਂ ਕਿਰਨਾਂ', 'ਖਜ਼ਾਨਾ', 'ਸੂਰਜ ਹਾਲੇ ਡੁੱਬਿਆ ਨਹੀਂ' ਅਤੇ ਇਕ ਗ਼ਜ਼ਲ ਸੰਗ੍ਰਹਿ 'ਮਘਦਾ ਸੂਰਜ' ਨਾਲ ਪੰਜਾਬੀ ਸ਼ਾਇਰੀ ਦੇ ਰੂਬਰੂ ਹੋ ਚੁੱਕਿਆ ਹੈ। ਸ਼ਾਇਰ ਪਿੰਡ ਰੱਕੜਾਂ ਢਾਹਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸੇਵਾਮੁਕਤ ਮੁੱਖ ਅਧਿਆਪਕ ਹੈ। ਇਸ ਸੰਗ੍ਰਹਿ ਵਿਚ 54 ਕਵਿਤਾਵਾਂ, 49 ਬੋਲੀਆਂ ਅਤੇ 26 ਗ਼ਜ਼ਲਾਂ ਹਨ, ਜੋ ਜ਼ਿੰਦਗੀ ਜਿਊਣ ਦੀਆਂ ਰਮਜ਼ਾਂ, ਸਮਝਾਉਣੀਆਂ ਅਤੇ ਜ਼ਿੰਦਗੀ ਦੀ ਪੂੰਜੀ ਨੂੰ ਕਮਾਉਣ ਤੇ ਖਾਣ-ਖਰਚਣ ਦੀਆਂ ਅਧਿਆਪਕੀ ਸੇਧਾਂ ਸਾਰਾਂ ਨੂੰ 96 ਸਫਿਆਂ ਤੱਕ ਕਵਿਤਾਇਆ ਹੈ। ਸ਼ਾਇਰ ਉਮਰ ਦੀਆਂ ਤਿਰਕਾਲਾਂ ਤੱਕ ਪਹੁੰਚ ਚੁੱਕਿਆ ਹੈ, ਜਿਸ ਕੋਲੋਂ ਜੀਵਨ ਭਰ ਦੇ ਔਝੜ ਰਾਹਾਂ ਸੰਮਤੀਆਂ ਦੀ ਫਲਸਫਾਨਾ ਪਹੁੰਚ ਦੀ ਉਮੀਦ ਸੀ ਪਰ ਸ਼ਾਇਰ ਹਾਲ ਦੀ ਘੜੀ ਆਮਦ ਤੇ ਆਬੁਰਦ ਦੇ ਤ੍ਰਿਸ਼ੰਕੂ ਵਿਚਕਾਰ ਹੀ ਸ਼ਾਬਦਿਕ ਪਰਿਕਰਮਾ ਕਰ ਰਿਹਾ ਹੈ। ਸ਼ਾਇਰ ਕਿਸੇ ਸ਼ਾਬਦਿਕ ਜਿਮਨਾਸਟ ਦੀਆਂ ਕਲਾਬਾਜ਼ੀ ਤੋਂ ਵਿਥ ਸਿਰਜ ਕੇ ਸਪੱਸ਼ਟ ਗੱਲ ਕਹਿਣ ਵਿਚ ਵਿਸ਼ਵਾਸ ਰੱਖਦਾ ਹੈ। ਸ਼ਾਇਰ ਰੁੱਖ ਲਗਾਓ, ਕੁੱਖ ਬਚਾਓ ਵਰਗੇ ਸ਼ਾਬਦਿਕ ਕਾਵਿ ਧਰਮ ਨਾਲ ਕਲਮ ਅਜ਼ਮਾਈ ਕਰ ਰਿਹਾ ਹੈ। ਸ਼ਾਇਰ ਸਿਆਸਤਦਾਨਾਂ ਦੇ ਵੋਟਰ ਬਟੋਰੂ ਕਿਰਦਾਰ ਨੂੰ ਚੁਰਸਤੇ ਵਿਚ ਨੰਗਿਆਂ ਕਰਦਾ ਹੈ ਕਿ ਕਿਵੇਂ ਉਹ ਵੋਟਾਂ ਤੋਂ ਪਹਿਲਾਂ ਲਾਰਿਆਂ ਦੇ ਲੌਲੀਪਾਪ ਦਿੰਦੇ ਹਨ ਪਰ ਬਾਅਦ ਵਿਚ ਇਸ ਤਰ੍ਹਾਂ ਅੱਖਾਂ ਫੇਰ ਲੈਂਦੇ ਹਨ ਤੇ ਆਪਣੇ ਸਮਰਥਕਾਂ ਨੂੰ ਪਹਿਚਾਣਨ ਤੋਂ ਵੀ ਮੁਨਕਰ ਹੋ ਜਾਂਦੇ ਹਨ। ਸ਼ਾਇਰ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਜ਼ਿਕਰ ਕਰਕੇ ਅੱਜ ਦੇ ਸਿਰਫ਼ ਬਾਣੇ ਦੇ ਭੇਖੀ ਸਿੱਖਾਂ ਤੇ ਤਲਵਾਰਾਂ ਦੀ ਵਾਛੜ ਮਾਰਦਾ ਹੈ ਕਿ ਆਧੁਨਿਕਤਾ ਦੀ ਧੁੰਦ ਵਿਚ ਕਿਵੇਂ ਸਿੱਖ ਫਲਸਫੇ ਦੇ ਤਿੰਨ ਅਸੂਲਾਂ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ' ਦੇ ਰਾਹ ਦਸੇਰੇ ਪੰਧ ਤੋਂ ਫਟਕ ਗਏ ਹਨ। ਉਹ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਟੁੱਟਣ ਦੀ ਵੀ ਉਮੀਦ ਲਗਾਈ ਬੈਠਾ ਹੈ ਤਾਂ ਕਿ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਗੁਰਧਾਮ ਤੇ ਜੰਮਣ ਭੋਇੰ ਦੇ ਖੁੱਲ੍ਹ ਕੇ ਦਰਸ਼ਨ ਕਰ ਸਕਣ। ਸ਼ਾਇਰ ਅੱਜ ਦੀ ਆਈ ਆਜ਼ਾਦੀ ਨੂੰ ਸੁਪਨਿਆਂ ਦੀ ਆਜ਼ਾਦੀ ਨਹੀਂ ਮੰਨਦਾ ਜਿਸ ਆਜ਼ਾਦੀ ਨੂੰ ਲਿਆਉਣ ਪਾਤਰ ਕੌਮੀ ਪਰਵਾਨਿਆਂ ਨੇ ਆਪਣੀ ਜਾਨ ਦੀ ਅਹੂਤੀ ਦਿੱਤੀ। ਉਸ ਦੀਆਂ ਬੋਲੀਆਂ ਦੀ ਵੰਨਗੀ ਦਾ ਤੁਸੀਂ ਵੀ ਲੇਖਾ-ਜੋਖਾ ਕਰੋ 'ਮਾਂ ਨੂੰ ਬਿਰਧ ਆਸ਼ਰਮ ਵਿਚ ਛੱਡ ਕੇ, ਪੁੱਤ ਨੂੰਹ ਦੇ ਚਿਹਰੇ ਖਿੜ ਗਏ।' ਅਤੇ 'ਜਿਹਦੇ ਘਰ ਬੈਠੀ ਦੇ ਦੁਖਦੇ ਗੋਡੇ, ਉਹ ਡੇਰੇ ਜਾ ਕੇ ਸੇਵਾ ਕਰਦੀ' ਸ਼ਾਇਰ ਨੂੰ ਚਾਹੀਦਾ ਹੈ ਕਿ ਸਿੱਧ ਪੱਧਰੀ ਸ਼ਾਇਰੀ ਨੂੰ ਛੱਡ ਕੇ ਸਮਕਾਲੀ ਸ਼ਾਇਰੀ ਦੇ ਅੰਗੀਕਾਰ ਹੋਣ ਲਈ ਆਧੁਨਿਕ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰੇ ਤਾਂ ਕਿ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਆਮਦ ਹੋਵੇ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਸਰਸਵਤੀ ਲਾਇਬਰੇਰੀ
ਲੇਖਿਕਾ : ਡਾ. ਰਵਨੀਤ ਧਾਲੀਵਾਲ
ਪ੍ਰਕਾਸ਼ਕ : ਪੈਪਸੂ ਪਬਲੀਕੇਸ਼ਨ, ਪਟਿਆਲਾ
ਮੁੱਲ : 120 ਰੁਪਏ, ਸਫ਼ੇ : 48
ਸੰਪਰਕ : 97794-85859

ਅਜੋਕੇ ਸਮੇਂ ਵਿਚ ਲਾਇਬ੍ਰੇਰੀਆਂ ਵਿਚ ਜਾ ਕੇ ਪੁਸਤਕਾਂ-ਰਸਾਲੇ ਆਦਿ ਪੜ੍ਹਨ ਦੀ ਪ੍ਰਵਿਰਤੀ ਮੱਠੀ ਪੈਂਦੀ ਜਾ ਰਹੀ ਹੈ ਜਿਸ ਕਰਕੇ ਬਾਲ ਮਾਨਸਿਕਤਾ ਪੱਛਮੀ ਸੱਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਗ੍ਰਿਫ਼ਤ ਵਿਚ ਆ ਕੇ ਆਪਣੇ ਮੁੱਲਵਾਨ ਪੰਜਾਬੀ ਪਿਛੋਕੜ ਨੂੰ ਤਿਲਾਂਜਲੀ ਦੇ ਰਹੀ ਹੈ। ਅਜਿਹੀ ਹੀ ਸੰਕਟਕਾਲੀਨ ਅਵਸਥਾ ਵਿਚ ਕੁਝ ਕਲਮਕਾਰ ਨਵੀਂ ਪੀੜ੍ਹੀ ਨੂੰ ਪੁਸਤਕ-ਸੱਭਿਆਚਾਰ ਨਾਲ ਜੋੜਨ ਲਈ ਪ੍ਰਯਤਨਸ਼ੀਲ ਹਨ। ਇਸ ਸੰਦਰਭ ਵਿਚ ਡਾ. ਰਵਨੀਤ ਧਾਲੀਵਾਲ ਦੀ ਕਾਵਿ ਪੁਸਤਕ 'ਸਰਸਵਤੀ ਲਾਇਬਰੇਰੀ' ਮੇਰੇ ਸਨਮੁੱਖ ਹੈ ਜੋ ਬੁਨਿਆਦੀ ਤੌਰ 'ਤੇ ਬਾਲ ਪਾਠਕ ਵਰਗ ਨੂੰ ਪੰਜਾਬੀ ਭਾਸ਼ਾ, ਸਾਹਿਤ, ਸਿੱਖਿਆ ਅਤੇ ਪ੍ਰਕਿਰਤਕ ਵਰਤਾਰਿਆਂ ਤੋਂ ਜਾਣੂ ਕਰਵਾਉਂਦੀ ਹੈ। ਇਸ ਪੁਸਤਕ ਵਿਚ ਜਿੱਥੇ ਪੂਰਬੀ-ਪੱਛਮੀ ਮੁਲਕਾਂ ਦੇ ਵੰਨ-ਸੁਵੰਨੇ ਲੇਖਕਾਂ ਦੀਆਂ ਪੁਸਤਕਾਂ ਸੁਸ਼ੋਭਿਤ ਹਨ ਉਥੇ ਹੀ ਵਿਦਿਆਰਥੀ-ਵਰਗ ਲਈ ਸਿਰਜਣਾਤਮਕ ਵਾਤਾਵਰਨ ਸਿਰਜਿਆ ਵਿਖਾਈ ਦਿੰਦਾ ਹੈ। ਜੇਕਰ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਵਿਸ਼ੈ-ਵਸਤੂ ਦੇ ਨਜ਼ਰੀਏ ਤੋਂ ਆਧਾਰ ਵੰਡ ਕਰਕੇ ਵੇਖਿਆ ਜਾਵੇ ਤਾਂ ਚੰਦਰਮਾ, ਸੂਰਜ, ਮੇਰਾ ਬਗੀਚਾ, ਆ ਗਈ ਹੁਸੀਨ ਬਸੰਤ, ਬਰਸਾਤ ਦਾ ਮੌਸਮ, ਅਮਰੂਦ ਦਾ ਦਰੱਖ਼ਤ ਆਦਿ ਕਵਿਤਾਵਾਂ ਕੁਦਰਤ ਦੀ ਖ਼ੂਬਸੂਰਤੀ ਦੇ ਝਲਕਾਰੇ ਮਾਰਦੀਆਂ ਅਨੁਭਵ ਹੁੰਦੀਆਂ ਹਨ। ਦੂਜੇ ਪਾਸੇ 'ਸਰਸਵਤੀ ਲਾਇਬਰੇਰੀ', 'ਮੇਰਾ ਪੈਨ', 'ਪੀਹੂ ਦਾ ਸਕੂਲ ਬੈਗ', 'ਰੂਹੀ ਦੀ ਕਿਤਾਬ' ਅਤੇ 'ਮਿਊਜ਼ਿਕ ਟੀਚਰ' ਕਵਿਤਾਵਾਂ ਸਾਹਿਤਕ ਅਤੇ ਵਿੱਦਿਅਕ ਚੌਗਿਰਦੇ ਦਾ ਨਿਰਮਾਣ ਕਰਦੀਆਂ ਵਿਖਾਈ ਦਿੰਦੀਆਂ ਹਨ। ਇਸੇ ਪ੍ਰਕਾਰ ਕੁਝ ਫੁਟਕਲ ਕਵਿਤਾਵਾਂ ਜਿਵੇਂ 'ਸਫ਼ਾਈ', 'ਮੈਂ ਹਾਂ ਪਰੀ', 'ਮੇਰੇ ਕਮਰੇ ਦੀ ਖਿੜਕੀ', 'ਮੇਰਾ ਘਰ ਅਤੇ 'ਮੇਰੀ ਬਿੱਲੀ ਲੂਸੀ' ਆਪਣੇ ਮਨੋਰਥ ਦਾ ਸਾਰਥਿਕ ਸੰਚਾਰ ਕਰਦੀਆਂ ਹਨ। ਇਹ ਖੁੱਲ੍ਹੀਆਂ ਬਾਲ ਕਵਿਤਾਵਾਂ ਹਨ। ਚੰਗਾ ਹੁੰਦਾ ਜੇਕਰ ਇਨ੍ਹਾਂ ਕਵਿਤਾਵਾਂ ਨੂੰ ਤੋਲ ਤੁਕਾਂਤ ਅਤੇ ਲੈਅ ਵਿਚ ਸਿਰਜਿਆ ਜਾਂਦਾ ਕਿਉਂਕਿ ਛੋਟੀ ਆਯੂ ਦੇ ਬੱਚਿਆਂ ਨੂੰ ਲੈਅ-ਤਾਲ ਵਿਚ ਰਚੀਆਂ ਕਵਿਤਾਵਾਂ ਵਧੇਰੇ ਚੰਗੀਆਂ ਲਗਦੀਆਂ ਹਨ ਜਿਵੇਂ ਨਰਸਰੀ ਕਵਿਤਾਵਾਂ। ਖੁੱਲ੍ਹੇ ਅੰਦਾਜ਼ ਦੇ ਨਜ਼ਰੀਏ ਤੋਂ ਨਜ਼ਮ ਪ੍ਰਤੀ ਉਨ੍ਹਾਂ ਦੀ ਅਜੇ ਉਹ ਦਿਲਚਸਪੀ ਅਤੇ ਆਕਰਸ਼ਣ ਨਹੀਂ ਹੁੰਦਾ ਜੋ ਵਡੇਰੀ ਉਮਰ ਦੇ ਪਾਠਕ ਵਰਗ ਦਾ ਹੁੰਦਾ ਹੈ। ਚੰਗਾ ਹੁੰਦਾ ਜੇਕਰ ਹਿੰਦੀ ਉਰਦੂ ਦੇ ਸ਼ਬਦਾਂ 'ਪੰਖ', 'ਝੋਂਕਾ', 'ਚੁਪਕੇ ਚੁਪਕੇ', 'ਨਾ ਜਾਨੇ ਕਿਆ ਕਿਆ', 'ਓੜੀ', 'ਪਨਪ', 'ਰਿਤੂਰਾਜ', 'ਸਰਚਸ਼ਮਾ', 'ਜ਼ਿਹਨ', 'ਨਾਯਾਬ' ਅਤੇ 'ਅਠਖੇਲੀਆਂ' ਆਦਿ ਵਰਗੇ ਸ਼ਬਦਾਂ ਦੀ ਸੌਖੇ ਅਤੇ ਛੇਤੀ ਸਮਝ ਵਿਚ ਆ ਜਾਣ ਵਾਲੇ ਪੰਜਾਬੀ ਸ਼ਬਦਾਂ ਦਾ ਬਦਲ ਦਿੱਤਾ ਜਾਂਦਾ। ਖ਼ੈਰ, ਪ੍ਰਕਿਰਤਕ ਅਤੇ ਵਿੱਦਿਅਕ ਮੁੱਲਾਂ ਨਾਲ ਬੱਚਿਆਂ ਦੀ ਸਾਂਝ ਪੁਆਉਣ ਵਾਲੀ ਇਹ ਪੁਸਤਕ ਪੜ੍ਹਨਯੋਗ ਹੈ। ਕੰਪਿਊਟਰੀਕ੍ਰਿਤ ਚਿੱਤਰ ਕਵਿਤਾਵਾਂ ਨੂੰ ਸਮਝਣ ਵਿਚ ਮਦਦਗਾਰ ਬਣਦੇ ਹਨ। ਲੇਖਿਕਾ ਤੋਂ ਹੋਰ ਮਿਆਰੀ ਬਾਲ ਸਾਹਿਤ ਦੀ ਸਿਰਜਣਾ ਦੀ ਉਮੀਦ ਰੱਖਦਾ ਹਾਂ।\

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

ਮੈਨੂੰ ਬੁੱਧੂ ਹੋਣਾ ਚਾਹੀਦਾ
ਲੇਖਕ : ਜਸਵੰਤ ਜ਼ਫ਼ਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 80540-04977

ਜਸਵੰਤ ਜ਼ਫ਼ਰ ਨਿਰੰਤਰ ਲਿਖਣ ਵਾਲੇ ਸਿਰਮੌਰ ਅਤੇ ਸਮਰੱਥ ਕਵੀ ਹਨ। ਵੱਖ-ਵੱਖ ਵਿਧਾਵਾਂ ਵਿਚ ਪ੍ਰਕਾਸ਼ਿਤ ਇਕ ਦਰਜਨ ਪੁਸਤਕਾਂ ਤੋਂ ਬਾਅਦ 'ਮੈਨੂੰ ਬੁੱਧ ਹੋਣਾ ਚਾਹੀਦਾ' ਉਨ੍ਹਾਂ ਦਾ ਬੇਹੱਦ ਖ਼ੂਬਸੂਰਤ ਕਾਵਿ-ਸੰਗ੍ਰਹਿ ਹੈ। ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋ ਕੇ ਅਲੱਗ-ਥਲੱਗ ਪਏ ਮਨੁੱਖ ਨੂੰ ਆਪਣੀ ਵਿਸਮਾਦੀ ਅਵਸਥਾ ਨਾਲ ਜੁੜਨ ਲਈ ਇਹ ਪੁਸਤਕ ਵਰਦਾਨ ਸਾਬਤ ਹੋ ਸਕਦੀ ਹੈ। ਮਨੁੱਖ ਜਦੋਂ ਵੀ ਆਪਣੇ ਆਪ ਨੂੰ ਸਮੇਟਦਾ ਹੈ, ਤਾਂ ਉਹ ਵਿਆਪਕ ਹੁੰਦਾ ਹੈ ਅਤੇ ਜਦੋਂ ਵੀ ਬਿੱਖਰਦਾ ਹੈ, ਤਾਂ ਉਹ ਤੁਛ ਹੁੰਦਾ ਹੈ। ਸਿਮਟਣ ਅਤੇ ਬਿੱਖਰਨ ਦਾ ਇਹ ਸਿਲਸਿਲਾ ਨਿਰੰਤਰ ਚਲਦਾ ਹੈ। ਸੰਸਾਰ ਦੇ ਤਮਾਮ ਨਫ਼ੇ-ਨੁਕਸਾਨ ਸਾਡੇ ਬਿੱਖਰਨ ਦਾ ਕਾਰਨ ਹਨ ਅਤੇ ਆਪਣਾ ਮੂਲ ਪਛਾਣਨ ਲਈ ਸਿਮਟਣਾ ਲਾਜ਼ਮੀ ਹੈ। ਜ਼ਫ਼ਰ ਸਾਹਿਬ ਇਸ ਸਮੁੱਚੇ ਵਰਤਾਰੇ ਵਿਚ ਬੁੱਧੀ ਦੀ ਅਹਿਮ ਭੂਮਿਕਾ ਨੂੰ ਜਾਣਦੇ ਹਨ। ਬੁੱਧੀ ਆਪਣੇ ਸੁਭਾਅ ਤੋਂ ਹੀ ਸਵਾਰਥੀ ਹੈ। ਉਹ ਆਪਣੇ ਹੀ ਹਿਤ ਬਾਰੇ ਸੋਚਦੀ, ਸਮਝਦੀ ਅਤੇ ਕਰਦੀ ਹੈ। ਇਸ ਪ੍ਰਕਿਰਿਆ ਵਿਚ ਉਸ ਦਾ ਟਕਰਾਅ ਅੰਦਰਲੀ ਆਵਾਜ਼ ਨਾਲ ਵੀ ਹੁੰਦਾ ਹੈ, ਜਿੱਥੇ ਸਰਬੱਤ ਦੇ ਭਲੇ ਦਾ ਸਿਧਾਂਤ ਉੱਸਰਦਾ ਹੈ। ਜਦੋਂ ਜਦੋਂ ਵੀ ਸਾਡੀ ਬੁੱਧੀ ਅੰਦਰਲੀ ਆਵਾਜ਼ ਨਾਲ ਇਕਸੁਰ ਹੁੰਦੀ ਹੈ, ਉਹ ਬੁੱਧਾਂ ਨੂੰ ਜਨਮ ਦਿੰਦੀ ਹੈ, ਕਲਿਆਣਕਾਰੀ ਹੁੰਦੀ ਹੈ ਅਤੇ ਅੰਦਰਲੀ ਆਵਾਜ਼ ਨਾਲੋਂ ਟੁੱਟੀ ਬੁੱਧੀ ਹਮੇਸ਼ਾ ਵਿਨਾਸ਼ਕਾਰੀ ਰਹੀ ਹੈ।
ਜਸਵੰਤ ਜ਼ਫ਼ਰ ਦੀ ਕਵਿਤਾ ਨੂੰ ਵਾਰ-ਵਾਰ ਪੜ੍ਹਨ ਉਪਰੰਤ ਪਾਠਕ ਨੂੰ ਜੋ ਸੋਝੀ ਹੁੰਦੀ ਹੈ, ਉਹ ਉਸ ਨੂੰ ਸਾਰੀਆਂ ਘੁੰਮਣਘੇਰੀਆਂ ਵਿਚੋਂ ਕੱਢ ਕੇ ਸ਼ਾਂਤ, ਸਹਿਜ ਅਤੇ ਅਡੋਲ ਅਵਸਥਾ ਵਿਚ ਲੈ ਜਾਂਦੀ ਹੈ। ਫਿਰ ਉਸ ਨੂੰ ਕੋਈ ਬਾਹਰੀ ਕਾਰਨ ਪ੍ਰੇਸ਼ਾਨ ਕਰ ਸਕਣ ਦੇ ਸਮਰੱਥ ਨਹੀਂ ਰਹਿੰਦਾ ਕਿਉਂਕਿ ਹੁਣ ਉਸ ਦੀ ਖ਼ੁਸ਼ੀ ਆਪਣੀ ਹੁੰਦੀ ਹੈ, ਸਦੀਵੀ ਹੁੰਦੀ ਹੈ। ਆਮ ਪੁਸਤਕਾਂ ਵਾਂਗ ਕੇਵਲ ਕੇਵਲ ਅੱਖਰੀ ਪਾਠ ਸ਼ਾਇਦ ਇਸ ਪੁਸਤਕ ਨੂੰ ਸਮਝਣ ਵਿਚ ਸਾਰਥਿਕ ਨਾ ਰਹੇ ਪਰ ਮੇਰਾ ਖ਼ਿਆਲ ਹੈ ਕਿ ਜੇਕਰ ਇਸ ਦੇ ਅਸਲੀ ਤੱਤ ਨੂੰ ਮਾਣਨਾ ਹੈ, ਤਾਂ ਪੁਸਤਕ ਨੂੰ ਡੁੱਬ ਕੇ ਪੜ੍ਹਨਾ ਪਵੇਗਾ। ਜ਼ਫ਼ਰ ਸਾਹਿਬ ਦੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਉਨੀ ਘੱਟ ਮਹਿਸੂਸ ਹੁੰਦੀ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027

ਬਲਦੇਵ ਸਿੰਘ ਸੜਕਨਾਮਾ ਦਾ ਨਾਵਲ
ਜਿਉਣਾ ਮੌੜ
ਸੰਪਾਦਕ : ਡਾ. ਸਿਮਰਨ ਕੌਰ ਸੇਠੀ ਅਤੇ ਮਨਪ੍ਰੀਤ ਕੌਰ ਧਾਲੀਵਾਲ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨ, ਬਠਿੰਡਾ
ਮੁੱਲ : 274 ਰੁਪਏ, ਸਫ਼ੇ : 165
ਸੰਪਰਕ : 95928-87628

ਜਿਉਣਾ ਮੌੜ ਨਾਵਲ ਦਾ ਲੇਖਕ ਆਪਣੇ ਨਾਵਲਾਂ ਰਾਹੀਂ ਉਨ੍ਹਾਂ ਦੇ ਮੁੱਖ ਪਾਤਰਾਂ ਦੀ ਜੀਵਨ ਗਾਥਾ ਨੂੰ ਵੱਖਰੇ ਅੰਦਾਜ਼ ਵਿਚ ਪੇਸ਼ ਕਰਕੇ ਉਸ ਦੇ ਸੱਚ ਨੂੰ ਪਾਠਕਾਂ ਦੇ ਰੂਬਰੂ ਕਰਵਾਉਣ ਵਾਲੇ ਬਲਦੇਵ ਸਿੰਘ ਸੜਕਨਾਮਾ ਦੀ ਪੰਜਾਬੀ ਭਾਸ਼ਾ ਦੇ ਸਾਹਿਤ ਦੇ ਖੇਤਰ ਵਿਚ ਨਿਵੇਕਲੀ ਪਹਿਚਾਣ ਹੈ। ਵੱਖ-ਵੱਖ ਸਾਹਿਤਕ ਮੰਚਾਂ 'ਤੇ ਇਸ ਨਾਵਲ ਬਾਰੇ ਪੜ੍ਹੇ ਗਏ ਖੋਜ ਪੱਤਰਾਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਚਰਚਿਤ 15 ਵਿਦਵਾਨਾਂ ਵਲੋਂ ਮੁਲਾਂਕਣ ਵਜੋਂ ਪੁਸਤਕ ਦੇ ਰੂਪ ਵਿਚ ਰੂਪਮਾਨ ਕੀਤਾ ਗਿਆ ਹੈ। ਲੇਖਕ ਇਤਿਹਾਸ ਨੂੰ ਸਾਂਭੀ ਬੈਠੇ ਇਸ ਨਾਵਲ ਦੇ ਮੁੱਖ ਪਾਤਰ ਜਿਉਣੇ ਮੋੜ ਦੇ ਜੀਵਨ ਬਿਰਤਾਂਤ ਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਸਗੋਂ ਮਜ਼ਲੂਮ, ਲਤਾੜੇ ਹੋਏ, ਸ਼ੋਸ਼ਿਤ ਕੀਤੇ ਜਾ ਰਹੇ ਅਤੇ ਗ਼ਰੀਬੀ ਦਾ ਸੰਤਾਪ ਭੋਗ ਰਹੇ ਉਸ ਵਰਗ ਦੀ ਬਾਤ ਪਾਉਣਾ ਚਾਹੁੰਦਾ ਹੈ, ਜਿਸਨੂੰ ਉਸ ਸਮੇਂ ਦੀ ਹਕੂਮਤ ਅਤੇ ਪੂੰਜੀਪਤੀਆਂ ਨੇ ਆਪਣੇ ਅੱਤਿਆਚਾਰ ਨਾਲ ਵਿਦਰੋਹ ਕਰਨ ਲਈ ਮਜਬੂਰ ਕੀਤਾ। ਜਿਉਣਾ ਮੌੜ ਤਿਲ ਤਿਲ ਕਰਕੇ ਸਮਾਜ 'ਚ ਵੰਡਿਆ ਹੋਇਆ ਨਜ਼ਰ ਆਉਂਦਾ ਹੈ ਤੇ ਅਜੋਕੇ ਸਮੇਂ 'ਚ ਵੀ ਉਹ ਵਿਖਾਈ ਦਿੰਦਾ ਹੈ। ਦੂਜੇ ਇਤਿਹਾਸਕ ਨਾਵਲਾਂ ਦੀ ਤਰਜ਼ 'ਤੇ ਬਲਦੇਵ ਸਿੰਘ ਸੜਕਨਾਮਾ ਵਲੋਂ ਨਾਵਲ ਜਿਉਣਾ ਮੋੜ ਦੇ ਮੁੱਖ ਪਾਤਰ ਜਿਉਣਾ ਮੌੜ ਦੀ ਜ਼ਿੰਦਗੀ ਦੇ ਇਕ ਕਿਰਤੀ ਤੋਂ ਉਸ ਸਮੇਂ ਦੀ ਹਕੂਮਤ ਦੇ ਵਿਰੁੱਧ ਬਗ਼ਾਵਤ ਕਰਕੇ ਲੋਕ ਨਾਇਕ ਬਣਨ ਦੇ ਸਫ਼ਰ ਦੇ ਬਿਰਤਾਂਤ ਨੂੰ ਇਕ ਵੱਖਰੇ ਅੰਦਾਜ਼ 'ਚ ਨਾਵਲ ਦੇ ਰੂਪ 'ਚ ਰੂਪਮਾਨ ਕਰਕੇ ਪਾਠਕਾਂ ਤੱਕ ਪਹੁੰਚਾਉਣਾ, ਉਸ ਦੀ ਸਿਫਤੀ ਸਾਹਿਤਕ ਪ੍ਰਾਪਤੀ ਹੈ।
ਜਿਉਣਾ ਮੌੜ ਨਾਵਲ ਬਾਰੇ ਵੱਖਰੇ ਵੱਖਰੇ ਸਾਹਿਤਕ ਮੰਚਾਂ 'ਤੇ ਹੋਏ ਵਿਚਾਰ ਵਟਾਂਦਰੇ ਅਤੇ ਪੜ੍ਹੇ ਖੋਜ ਪੱਤਰਾਂ ਨੂੰ ਗਿਆਨ ਦਾ ਭੰਡਾਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰਬੁੱਧ ਮਾਹਿਰਾਂ ਵਲੋਂ ਆਪਣੇ ਅਨੁਭਵ ਦੇ ਆਧਾਰ ਉੱਤੇ 'ਜਿਉਣਾ ਮੌੜ ਨਾਵਲ ਇਕ ਮੁਲਾਂਕਣ' ਸਿਰਲੇਖ ਹੇਠ ਪੁਸਤਕ ਦੇ ਰੂਪ 'ਚ ਪੇਸ਼ ਕਰਨ ਨਾਲ ਬਲਦੇਵ ਸਿੰਘ ਸੜਕਨਾਮਾ ਦੇ ਇਸ ਸਾਹਿਤਕ ਉਪਰਾਲੇ ਨੂੰ ਹੋਰ ਹੁੰਘਾਰਾ ਮਿਲੇਗਾ। ਖੋਜ ਪੱਤਰਾਂ ਤੋਂ ਉਪਜੀ ਇਸ ਪੁਸਤਕ 'ਚ 15 ਵਿਦਵਾਨਾਂ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਜਿਉਣੇ ਮੌੜ ਦੇ ਕਿੱਸੇ ਦਾ ਗਲਪੀ ਰੂਪਾਂਤਰਣ ਕਰਦਿਆਂ ਇਹ ਦਰਸਾਇਆ ਹੈ ਕਿ ਨਾਵਲ ਦੇ ਲੇਖਕ ਨੇ ਜਿਥੇ ਇਕ ਪਾਸੇ ਇਤਿਹਾਸਕ ਸੱਚ ਨੂੰ ਗਾਲਪਨਿਕ ਰਚਨਾ ਵਿਚ ਰੂਪਾਂਤਰ ਕਰਨ ਦਾ ਕਾਰਜ ਕੀਤਾ ਹੈ ਉਥੇ ਹੀ ਜਿਊਣੇ ਮੋੜ ਦੇ ਡਾਕੂ ਬਿੰਬ ਨੂੰ ਨਕਾਰਦਿਆਂ ਉਸਦੇ ਲੋਕ ਨਾਇਕ ਦੇ ਬਿੰਬ ਨੂੰ ਵਧੇਰੇ ਉਭਾਰਿਆ ਹੈ। ਉਨ੍ਹਾਂ ਨੇ ਜਿਉਣਾ ਮੌੜ ਦੇ ਸੰਦਰਭ 'ਚ ਨਾਇਕ ਦੇ ਰੂਪ ਨੂੰ ਮੁੱਖ ਰੱਖ ਕੇ ਉਸ ਦੇ ਕਰਤਵਾਂ, ਨੈਤਿਕਤਾ ਭਰਪੂਰ ਫੈਸਲਿਆਂ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਨਾਵਲ ਦੀ ਸਫਲਤਾ ਨੂੰ ਸਲਾਹਿਆ ਹੈ।
ਇਸ ਨਾਵਲ ਦੇ ਲੇਖਕ ਅਤੇ ਇਸਦਾ ਮੁਲਾਂਕਣ ਕਰਨ ਵਾਲੇ ਵਿਦਵਾਨਾਂ ਨੇ ਇਤਿਹਾਸਕ ਸਚਾਈ ਨੂੰ ਅਜੋਕੀ ਪੀੜ੍ਹੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾ ਕੇ ਸਲਾਹੁਣ ਯੋਗ ਸਾਹਿਤਕ ਉਪਰਾਲਾ ਕੀਤਾ ਹੈ। ਵਿਦਵਾਨਾਂ ਵਲੋਂ ਨਾਵਲ ਦੇ ਵਿਸ਼ਾ ਅਤੇ ਕਲਾ ਪੱਖ ਦੀ ਬਹੁਤ ਹੀ ਡੂੰਘਾਈ ਤੱਕ ਜਾ ਕੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਅਤੇ ਨਿਰਪ ਖਤਾ ਨਾਲ ਕੀਤੀ ਗਈ ਪਰਖ ਪੜਚੋਲ ਅਤੇ ਮੁਲਾਂਕਣ ਨੂੰ ਪੁਸਤਕ ਰੂਪ ਦੇਣ ਲਈ ਪ੍ਰਯੋਗ ਕੀਤੀ ਗਈ ਸ਼ਬਦਾਵਲੀ ਵਿਦਵਾਨਾਂ ਦੀ ਵਿਦਵਤਾ ਦੀ ਪੇਸ਼ਗੋਈ ਕਰਦੀ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

ਲਫ਼ਜ਼ਾਂ ਦੇ ਸਾਗਰ
ਲੇਖਕ : ਰਮਣੀਕ ਸਿੰਘ ਘੁੰਮਣ, ਜਸ਼ਨਜੋਤ ਘੁੰਮਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 124
ਸੰਪਰਕ : 98768-43488

'ਲਫ਼ਜ਼ਾਂ ਦੇ ਸਾਗਰ' ਕਾਵਿ-ਸੰਗ੍ਰਹਿ ਰਮਣੀਕ ਸਿੰਘ ਘੁੰਮਣ ਅਤੇ ਉਸ ਦੀ ਬੇਟੀ ਜਸ਼ਨਜੋਤ ਘੁੰਮਣ ਦਾ ਸਾਂਝਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਨ੍ਹਾਂ ਨੇ ਦਾਦੀ ਸਵ. ਬੀਬੀ ਅਮਰ ਕੌਰ ਨੂੰ ਸਮਰਪਿਤ ਕੀਤਾ ਹੈ, ਜੋ ਕਿ ਅਧਿਆਪਕਾ ਸਨ। ਰਮਣੀਕ ਸਿੰਘ, ਖ਼ੁਦ ਵੀ ਮਿਲਾਪੜੇ ਸੁਭਾਅ ਦੇ ਅਧਿਆਪਕ ਹਨ। ਉਹ ਜਿਥੇ ਧੀਆਂ ਦੇ ਮਾਣ-ਸਤਿਕਾਰ ਦੀ ਗੱਲ ਕਰਦੇ ਹਨ, ਉਥੇ ਉਨ੍ਹਾਂ ਨੇ ਸੱਚੀ-ਮੁੱਚੀਂ ਦਾ ਵਿਵਹਾਰ ਕਰਦਿਆਂ ਆਪਣੀ ਬੇਟੀ ਦੀਆਂ ਅੱਠ ਕਾਵਿ-ਰਚਨਾਵਾਂ ਨੂੰ ਆਪਣੇ ਨਾਲ ਹੀ ਇਸ ਕਾਵਿ-ਸੰਗ੍ਰਹਿ ਵਿਚ ਥਾਂ ਦਿੱਤੀ ਹੈ। ਇਸ ਕਾਵਿ-ਸੰਗ੍ਰਹਿ ਵਿਚ ਉਸ ਨੇ 'ਖ਼ਾਲਸਾ' ਕਵਿਤਾ ਤੋਂ ਲੈ ਕੇ 'ਤੇਰਾ ਪਿਆਰ' ਤੱਕ ਅਤੇ ਜਸ਼ਨਜੋਤ ਦੀਆਂ 'ਜੀਵਨ-ਜਾਚ' ਤੋਂ ਲੈ ਕੇ 'ਪਿਆਰ' ਤੱਕ ਦੀਆਂ 99 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਗੁਰਬਾਣੀ ਦੇ ਆਸ਼ੇ ਮੁਤਾਬਿਕ ਹੀ 'ਸਚਿਆਰ' ਮਨੁੱਖ ਦੀ ਸੰਕਲਪਨਾ ਦੀ ਧਾਰਨਾ ਨੂੰ ਦ੍ਰਿੜ੍ਹਾਇਆ ਗਿਆ ਹੈ, ਜਿਸ ਰਾਹੀਂ ਮਨੁੱਖਾਂ ਅੰਦਰ ਸਚਿਆਰ ਅਤੇ ਸਾਕਾਰਤਮਿਕ ਭਾਵਨਾਵਾਂ ਪ੍ਰਜਵਲਿਤ ਕਰਨ ਦੀ ਭਾਵਨਾ ਵਿਅਕਤ ਕੀਤੀ ਗਈ ਹੈ। ਇਹ ਕਵਿਤਾ ਰਸੀਲੀ ਹੈ, ਭਾਵਨਾਤਮਿਕ ਹੈ ਅਤੇ ਉਪਦੇਸ਼ਾਤਮਿਕ ਬਿਰਤੀ ਦੀ ਧਾਰਨੀ ਹੈ। 'ਖ਼ਾਲਸਾ' ਕਵਿਤਾ ਖ਼ਾਲਸੇ ਦੇ ਤੇਗ ਰਾਹੀਂ ਉਪਜਣ, ਵਿਗਸਣ ਦੀ ਗਾਥਾ ਬਿਆਨ ਕਰਦੀ ਹੈ। 'ਉਹ ਮੇਰੇ ਵੱਲ ਹੋ ਜਾਵੇ', 'ਨਜ਼ਰ ਸਵੱਲੀ' ਆਦਿ ਕਵਿਤਾਵਾਂ ਪਰਮ-ਸੱਤਾ ਦੀ ਹੋਂਦ, ਮਿਹਰ ਵੱਲ ਸੰਕੇਤ ਕਰਦੀਆਂ ਹਨ। 'ਫੁਲਵਾੜੀ' ਕਵਿਤਾ ਦੀਆਂ ਸਤਰਾਂ 'ਸ਼ਬਦ' ਦੀ ਅਜ਼ਮਤ ਦਾ ਸੰਕੇਤ ਦਿੰਦੀਆਂ ਹਨ:
ਸ਼ਬਦਾਂ ਦੀ ਫੁਲਵਾੜੀ 'ਚੋਂ
ਚੰਦ ਹਰਫ਼ ਭੇਜੇ ਨੇ,
ਕਰ ਸਰਾਬੋਰ ਨਾਲ ਮੁਹੱਬਤ,
ਤੇਰੀ ਤਰਫ਼ ਭੇਜੇ ਨੇ,
ਨਾ ਏ ਛੱਲ ਨਾ ਕਪਟ,
ਮੋਹ ਇਲਾਹੀ ਸਹੇਜੋ ਨੇ।
ਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਹੈ ਕਿ ਉਹ ਇਕ ਸੁਹਿਰਦ ਅਤੇ ਮਿਲਾਪੜੇ ਸੁਭਾਅ ਵਾਲਾ ਅਧਿਆਪਕ ਹੈ। ਇਸ ਲਈ ਉਹ ਆਸ ਕਰਦਾ ਹੈ ਕਿ ਸਭਨਾਂ ਜੀਵਾਂ ਅੰਦਰ ਸੁਤੰਤਰਤਾ, ਸਮਾਨਤਾ, ਭਾਈਚਾਰੇ ਦੀ ਅਤੇ ਨਿਆਂ ਦੀਆਂ ਭਾਵਨਾਵਾਂ ਉਤਪੰਨ ਹੋਣ ਤਾਂ ਜੋ ਸਮਾਜ ਅੰਦਰ ਫੈਲੇ ਅਨਾਚਾਰ ਤੋਂ ਨਿਜਾਤ ਮਿਲ ਸਕੇ। ਇਸ ਲਈ ਸੋਹਣੇ ਸਮਾਜ ਦੀ ਸਿਰਜਣਾ ਦਾ ਆਸਵੰਦ ਹੈ। ਇਸ ਕਾਵਿ-ਸੰਗ੍ਰਹਿ ਨੂੰ ਜੀ ਆਇਆਂ ਕਹਿੰਦਿਆਂ ਖ਼ੁਸ਼ੀ ਮਹਿਸੂਸ ਕਰਦਾ ਹਾਂ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਪੰਜਾਬ ਦੀ ਸਕੂਲ ਸਿੱਖਿਆ
ਲੇਖਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 176
ਸੰਪਰਕ :

'ਪੰਜਾਬ ਦੀ ਸਕੂਲ ਸਿੱਖਿਆ' ਤੇਜਾ ਸਿੰਘ ਤਿਲਕ ਦੁਆਰਾ ਲਿਖੀ ਅਜਿਹੀ ਪੁਸਤਕ ਹੈ ਜੋ ਪੰਜਾਬ ਦੀ ਸਕੂਲੀ ਸਿੱਖਿਆ ਦੀ ਆਲੋਚਨਾਤਮਿਕ ਨਜ਼ਰੀਏ ਤੋਂ ਪਰਖ ਪੜਚੋਲ ਕਰਨ ਵਾਲੀ ਵਿਸ਼ੇਸ਼ ਪੁਸਤਕ ਹੈ। ਆਮ ਹੀ ਲੋਕਾਂ ਵਿਚ ਚਰਚਾ ਚਲਦੀ ਰਹਿੰਦੀ ਹੈ ਕਿ ਪੰਜਾਬ ਦਾ ਸਕੂਲੀ ਢਾਂਚਾ ਬਹੁਤ ਸਾਰੀਆਂ ਊਣਤਾਈਆਂ ਦਾ ਸ਼ਿਕਾਰ ਹੋ ਰਹਿ ਗਿਆ ਹੈ, ਇਸ ਦੇ ਪਿੱਛੇ ਕਿਹੜੇ ਕਾਰਨ ਹਨ। ਇਹ ਪੁਸਤਕ ਉਨ੍ਹਾਂ ਸਾਰੇ ਹੀ ਕਾਰਨਾਂ ਦੀ ਤਲਾਸ਼ ਕਰਦੀ ਹੈ। ਤੇਜਾ ਸਿੰਘ ਤਿਲਕ ਨੇ ਸਕੂਲੀ ਸਿੱਖਿਆ ਦੇ ਇਤਿਹਾਸਕ ਪਰਿਪੇਖ ਨੂੰ ਦ੍ਰਿਸ਼ਟੀ ਗੋਚਰ ਕਰਦਿਆਂ ਅਜੋਕੇ ਸਿੱਖਿਆ ਪ੍ਰਬੰਧ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ ਹੈ ਕਿਉਂਕਿ ਸਿੱਖਿਆ ਢਾਂਚੇ ਵਿਚ ਬਹੁਤ ਸਾਰੀਆਂ ਧਿਰਾਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਿਲ ਹੁੰਦੀਆਂ ਹਨ ਜਿਵੇਂ ਅਧਿਆਪਕ, ਅਧਿਆਪਕ ਜਥੇਬੰਦੀਆਂ, ਵਿੱਦਿਆਰਥੀਆਂ ਦੇ ਮਾਪੇ ਅਤੇ ਸਰਕਾਰਾਂ ਦੀ ਭੂਮਿਕਾ। ਜਦੋਂ ਇਨ੍ਹਾਂ ਸਾਰੀਆਂ ਹੀ ਧਿਰਾਂ ਵਿਚ ਤਾਲਮੇਲ ਦੀ ਘਾਟ ਆਉਂਦੀ ਹੈ ਤਾਂ ਸਿੱਖਿਆ ਦਾ ਢਾਂਚਾ ਡਾਵਾਂਡੋਲ ਹੁੰਦਾ ਜਾਂਦਾ ਹੈ। ਪੁਸਤਕ ਵਿਚ ਲੇਖਕ ਨੇ ਸਾਰੀਆਂ ਹੀ ਧਿਰਾਂ ਬਾਰੇ ਵਿਸਥਾਰਪੂਰਬਕ ਸੰਵਾਦ ਰਚਾਇਆ ਹੈ ਕਿ ਕਿਤੇ ਨਾ ਕਿਤੇ ਕੋਈ ਨੁਕਸ ਜ਼ਰੂਰ ਹੁੰਦਾ ਹੈ ਜਦੋਂ ਇਹ ਪਵਿੱਤਰ ਖੇਤਰ ਦੂਸ਼ਿਤ ਹੋ ਜਾਂਦਾ ਹੈ। ਲੇਖਕ ਨੇ ਆਪਣੀ ਇਸ ਪੁਸਤਕ ਨੂੰ ਵੱਖ-ਵੱਖ ਛੇ ਪਾਠਾਂ ਵਿਚ ਵੰਡ ਕੇ ਵੱਖ-ਵੱਖ ਲੇਖ ਪੇਸ਼ ਕੀਤੇ ਹਨ ਅਤੇ ਪੁਸਤਕ ਦੇ ਅੰਤ 'ਤੇ ਦੋ ਕਹਾਣੀਆਂ ਅਤੇ ਕੁਝ ਕਵਿਤਾਵਾਂ ਦੇ ਨਾਲ ਸਹਾਇਕ ਪੁਸਤਕ ਸੂਚੀ ਵੀ ਦਿੱਤੀ ਹੈ। ਬੇਸ਼ੱਕ ਇਹ ਪੁਸਤਕ ਤੇਜਾ ਸਿੰਘ ਤਿਲਕ ਦੀ ਮੌਲਿਕ ਪੁਸਤਕ ਹੈ ਪਰ ਵਿਚ ਹੀ ਕੁਝ ਹੋਰ ਵਿਦਵਾਨਾਂ ਦੇ ਲੇਖ ਵੀ ਸ਼ਾਮਿਲ ਹਨ ਜੋ ਲੇਖਕ ਨੇ ਵੱਖ-ਵੱਖ ਸਰੋਤਾਂ ਜਿਵੇਂ ਅਖ਼ਬਾਰਾਂ ਆਦਿ ਤੋਂ ਪ੍ਰਾਪਤ ਕੀਤੇ ਹਨ। ਇਸ ਦੇ ਨਾਲ ਹੀ ਦੁਨੀਆ ਦੇ ਮਹਾਨ ਚਿੰਤਕਾਂ ਦੇ ਵਿਚਾਰ ਵੀ ਜੋ ਉਨ੍ਹਾਂ ਨੇ ਵਿੱਦਿਆ ਦੇ ਖੇਤਰ ਬਾਰੇ ਸਮੇਂ-ਸਮੇਂ ਆਖੇ ਉਹ ਪੁਸਤਕ ਵਿਚ ਸ਼ਾਮਿਲ ਹਨ। ਕਿਉਂਕਿ ਪੁਸਤਕ ਸੰਵਾਦੀ ਸੁਰ ਵਾਲੀ ਹੈ, ਇਸ ਕਰਕੇ ਇਸ ਨੂੰ ਪੜ੍ਹਦਿਆਂ ਪਾਠਕ ਅੱਕਦਾ-ਥੱਕਦਾ ਨਹੀਂ ਸਗੋਂ ਉਸ ਦੇ ਦਿਲੋ-ਦਿਮਾਗ਼ ਵਿਚ ਸਿੱਖਿਆ ਦੇ ਢਾਂਚੇ ਦੀ ਡਾਵਾਂਡੋਲਤਾ ਬਾਰੇ ਫਿਕਰਮੰਦੀ ਦਾ ਅਹਿਸਾਸ ਜਾਗਦਾ ਹੈ। ਸਿੱਖਿਆ ਦੇ ਖੇਤਰ ਵਿਚ ਸਾਮਰਾਜੀ ਤਾਕਤਾਂ ਦੀ ਸ਼ਮੂਲੀਅਤ ਵੀ ਇਸ ਢਾਂਚੇ ਦੇ ਵਿਗਾੜ ਦਾ ਇਕ ਕਾਰਨ ਬਣਦੀ ਹੈ। ਕੁੱਲ ਮਿਲਾ ਕੇ ਪੁਸਤਕ ਸਿੱਖਿਆ ਸੁਧਾਰਾਂ ਬਾਰੇ ਜਾਗਰੂਕ ਕਰਨ ਵਾਲੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਦੋ ਤੇਰੀਆਂ ਦੋ ਮੇਰੀਆਂ
ਸੰਪਾਦਕ : ਬਹਾਦਰ ਸਿੰਘ ਗੋਸਲ (ਪ੍ਰਿੰਸੀਪਲ)
ਪਬਲੀਸ਼ਰ : ਤਰਲੋਚਨ ਪਬਲੀਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98764-52223

ਸਾਂਝੇ ਕਾਵਿ-ਸੰਗ੍ਰਹਿ ਦੀ ਇਹ ਪੁਸਤਕ ਵੱਖਰੇ ਰੰਗ ਦੀ ਹੈ ਜਿਸ ਦੇ ਵਿਚ 42 ਇਸਤਰੀ ਤੇ ਪੁਰਸ਼ਾਂ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਹੈ ਅਤੇ ਇਕ ਗੁਲਦਸਤਾਂ ਬਣਾਉਣਾ ਇਹ ਸੰਪਾਦਕ ਦੀ ਵੱਡੀ ਖੂਬੀ ਹੈ। ਇਸ ਪੁਸਤਕ ਦੇ ਸੰਪਾਦਕ ਜੰਗ ਬਹਾਦਰ ਗੋਸਲ ਹਨ, ਜਿਨ੍ਹਾਂ ਨੂੰ ਅਧਿਆਪਨ ਖੇਤਰ ਦਾ ਲੰਬਾ ਤਜਰਬਾ ਹੈ ਅਤੇ ਉਹ ਵੱਡੇ ਸਾਹਿਤਕਾਰ ਵੀ ਹਨ। ਉਨ੍ਹਾਂ ਨੇ ਹੁਣ ਤੱਕ 101 ਪੁਸਤਕਾਂ ਲਿਖ ਕੇ ਪਾਠਕਾਂ ਤੀਕ ਪੁੱਜਦੀਆਂ ਕੀਤੀਆਂ ਹਨ, ਜੋ ਕਿ ਵੱਡੀ ਗੱਲ ਹੈ, ਇਕ ਪੁਸਤਕ ਲਿਖਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ। ਪ੍ਰੰਤੂ ਇਨ੍ਹਾਂ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ। ਬਾਲ ਸਾਹਿਤ 69 ਪੁਸਤਕਾਂ ਲਿਖ ਦਿੱਤੀਆਂ ਅਤੇ ਨਾਲ ਹੀ ਵਾਰਤਕ ਦੀਆਂ 29 ਪੁਸਤਕਾਂ ਤੇ ਸੰਪਾਦਕ ਦੀਆਂ 4 ਪੁਸਤਕਾਂ ਲਿਖ ਕੇ ਚੰਗਾ ਨਾਮਣਾ ਖੱਟਿਆ ਹੈ। ਇਸ ਪੁਸਤਕ ਦੇ ਵਿਚ ਵੱਖ-ਵੱਖ ਲੇਖਕਾਂ ਦੀਆਂ ਲਿਖੀਆਂ ਪੁਸਤਕਾਂ ਆਪਣੇ ਵਿਸ਼ੇ 'ਤੇ ਢੁਕਦੀਆਂ ਹਨ। ਲੇਖਕ ਦਾ ਕੁਦਰਤ ਦੇ ਨਾਲ ਪਿਆਰ ਹੋਣਾ ਇਕ ਵੱਡੀ ਗੱਲ ਹੈ ਅਤੇ ਪੁਸਤਕ ਵਿਚ ਵੀ ਇਸੇ ਵਿਸ਼ੇ 'ਤੇ ਰਚਨਾਵਾਂ ਸ਼ਾਮਿਲ ਕਰਕੇ ਗੋਸਲ ਸਾਹਿਬ ਨੇ ਇਕ ਗੁਲਦਸਤਾ ਤਿਆਰ ਕਰ ਕੇ ਉਸ ਦੀ ਖੁਸ਼ਬੂ ਹਰ ਪਾਸੇ ਖਿਲੇਰ ਦਿੱਤੀ ਹੈ। ਪੁਸਤਕ ਵਿਚਲੀਆਂ ਸਾਰੀਆਂ ਕਵਿਤਾਵਾਂ ਖੂਬਸੂਰਤ ਹਨ। ਇਨ੍ਹਾਂ ਨੂੰ ਪੜ੍ਹਨ ਵਾਲੇ ਪਾਠਕ ਵੀ ਪੜ੍ਹਦੇ -ਪੜ੍ਹਦੇ ਕੁਦਰਤ ਦੇ ਵਿਚ ਆਪਣੇ-ਆਪ ਹੀ ਰਚ ਜਾਂਦਾ ਹੈ ਅਤੇ ਜੇਕਰ ਇਕ ਵਾਰ ਪੁਸਤਕ ਪੜ੍ਹਨੀ ਸ਼ੁਰੂ ਕਰ ਦਿੱਤੀ ਜਾਵੇ, ਫਿਰ ਅੱਧ ਵਿਚਕਾਰ ਛੱਡਣ ਨੂੰ ਦਿਲ ਨਹੀਂ ਕਰਦਾ। ਪੁਸਤਕ ਵਿਚਲੀਆਂ ਕਵਿਤਾਵਾਂ ਦੇ ਵਿਚੋਂ ਲੇਖਕਾਂ ਨੇ ਆਪਣੀ ਅੰਦਰਲੀ ਹੂਕ ਨੂੰ ਕਿਵੇਂ ਕੱਢਿਆ ਹੈ:
ਚਿੱਟੀ ਚਾਦਰ ਅਮਨ ਦੀ
ਉਹਨੇ ਸਿਰ 'ਤੇ ਤਾਣੀ।
ਬਣ ਠਣ ਅੰਬਰੋਂ ਉੱਤਰੀ
ਕੋਈ ਜਿਉਂ ਪਟਰਾਣੀ।
ਹੋਰ ਰਚਨਾਵਾਂ ਵੇਖੋ:
ਕੁਦਰਤ ਤੇਰੇ ਅਜਬ ਨਿਆਰੇ
ਬਿਆਨ ਨਾ ਹੁੰਦੇ ਮੈਥੋਂ ਸਾਰੇ,
ਕਿਧਰੇ ਫੁੱਲ ਬਗੀਚੇ ਲੱਗਣ
ਰੁੱਖ ਟਾਹਣੀਆਂ ਤੇ ਫਲ ਲੱਦੇ।
ਪ੍ਰਦੂਸ਼ਣ ਦੇ ਪ੍ਰਤੀ ਲੇਖਿਕਾ ਲਿਖਦੀ ਹੈ:
ਚਿੜੀਆਂ ਨਾ ਦਿਸਦੀਆਂ, ਤੋਤੇ ਨਾ ਦਿਸਦੇ
ਦਿਸਣ ਨਾ ਘੁੱਗੀਆਂ ਗਟਾਰਾਂ
ਤਿੱਤਰ ਬਟੇਰਿਆਂ ਦਾ ਘਾਣ ਹੋ ਗਿਆ,
ਬਾਗੀ ਨਾ ਰਹੀਆਂ ਬਹਾਰਾਂ।
ਸਮੁੱਚੇ ਤੌਰ 'ਤੇ ਪੁਸਤਕ ਸਾਂਭਣਯੋਗ ਹੈ। ਪੁਸਤਕ ਵਿਚ ਸਾਰੀਆਂ ਰਚਨਾਵਾਂ ਇਕ-ਦੂਜੇ ਤੋਂ ਵਧੀਆ ਹਨ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਮੈਂ ਤੇ ਮੇਰੇ
ਲੇਖਕ : ਸੁਰਜੀਤ ਬੈਂਸ
ਪ੍ਰਕਾਸ਼ਕ : ਤਰਲੋਚਨ ਪਬਲਿਸਰਜ਼ ਚੰਡੀਗੜ੍ਹ
ਮੁੱਲ: 325 ਰੁਪਏ, ਸਫ਼ੇ : 175
ਸੰਪਰਕ : 98037-05226

'ਮੈਂ ਤੇ ਮੇਰੇ' (ਸਵੈ-ਜੀਵਨੀ) ਸੁਰਜੀਤ ਬੈਂਸ ਦੀ ਪੂਰੀ ਜ਼ਿੰਦਗੀ ਦਾ ਚਿਤਰਨ ਹੈ। ਉਨ੍ਹਾਂ ਨੇ ਆਪਣੀ ਸਵੈ-ਜੀਵਨੀ ਲਿਖੀ ਹੈ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਫ਼ਰਨਾਮਾ ਹੈ। ਜਦੋਂ ਕੋਈ ਆਪਣੇ ਅਤੇ ਆਪਣਿਆਂ ਬਾਰੇ ਲਿਖਣਾ ਚਾਹੁੰਦਾ ਹੈ ਤਾਂ ਇਹ ਬੜਾ ਹੀ ਕਠਿਨ ਕਾਰਜ ਹੁੰਦਾ ਹੈ। ਉਨ੍ਹਾਂ ਨੇ ਆਪਣੀ ਲਿਖਤ ਵਿਚ ਸੁਹਿਰਦਤਾ ਅਤੇ ਸੰਜਮ ਨੂੰ ਬਰਕਰਾਰ ਰੱਖਿਆ ਹੈ। ਇਸ ਸਵੈ-ਜੀਵਨੀ ਵਿਚ ਹਰਿਆਵਲ ਅਤੇ ਬੀਆਬਾਨ ਦੋਨਾਂ ਦਾ ਮਿਸ਼ਰਣ ਮਿਲਦਾ ਹੈ। ਇਹ ਦੁੱਖਾਂ-ਸੁੱਖਾਂ ਅਤੇ ਇਸ ਦੇ ਨਾਲ ਹੀ ਹੋਣੀਆਂ ਤੇ ਅਣਹੋਣੀਆਂ ਗੱਲਾਂ ਦੀ ਇੱਕ ਦਾਸਤਾਨ ਹੈ। ਉਨ੍ਹਾਂ ਦੀ ਸੋਚ ਹੈ ਕਿ ਉਹ ਲਿਖਣ ਲਈ ਅੱਖਰ ਨਹੀਂ ਲੱਭਦੀ, ਸਗੋਂ ਘਟਨਾ ਜਿਹਨ ਵਿਚ ਆਉਂਦਿਆਂ ਆਪਣੇ ਆਪ ਹੀ ਵੇਗ ਦੀ ਤਰ੍ਹਾਂ ਆਉਂਦੇ ਹਨ। ਉਹ ਆਪਣੇ ਤੋਂ ਇਲਾਵਾ ਕੋਈ ਅੱਖਰ ਨਹੀਂ ਲਿਖਦੀ, ਉਸ ਨੇ ਜੋ ਕੁਝ ਲਿਖਿਆ ਉਹ ਜੀਵਨ ਦੀ ਅਸਲ ਸੱਚਾਈ ਹੈ। ਉਨ੍ਹਾਂ ਦਾ ਤੁਸੱਵਰ ਸੰਦਲੀ ਬਾਗਾਂ ਦੀ ਮਹਿਕ ਵਿਚ ਉਡਾਰੀਆਂ ਲਾਉਂਦਾ ਹੈ। ਇਨ੍ਹਾਂ ਬਾਗਾਂ ਦੀ ਮਹਿਕ ਹੀ ਉਨ੍ਹਾਂ ਦੇ ਲੇਖਾਂ ਵਿਚ ਪਨਪਦੀ ਹੈ। ਉਹ ਆਪਣੇ ਜਵਾਨ ਪੁੱਤਰ ਦੀ ਤਰਾਸਦੀ ਬੜੇ ਸ਼ਾਂਤ ਤੇ ਸੱਚੇ ਮਨ ਨਾਲ ਜ਼ਿਕਰ ਕਰਦੇ ਹਨ। ਇਸ ਪੁਸਤਕ ਦੇ ਲੇਖਾਂ ਵਿਚ ਚੰਗੇ ਅਤੇ ਮੰਦੇ ਲੋਕਾਂ ਦੀ ਪਛਾਣ ਹੁੰਦੀ ਹੈ। ਇਨ੍ਹਾਂ ਚੰਗੇ ਲੋਕਾਂ ਦਾ ਮਿਲਾਪ ਹੀ ਸਤਿਸੰਗ ਦੇ ਸਮਾਨ ਹੁੰਦਾ ਹੈ। ਇਨ੍ਹਾਂ ਦੀ ਲਿਖਣ ਕਲਾ ਤੋਂ ਮਾਲੂਮ ਹੁੰਦਾ ਹੈ ਕਿ ਸਾਰੇ ਲੋਕਾਂ ਦਾ ਮੰਦੇ-ਚੰਗੇ ਲੋਕਾਂ ਨਾਲ ਵਾਹ ਪੈਂਦਾ ਹੈ, ਪ੍ਰੰਤੂ ਲੇਖਕ ਦਾ ਰੁਝਾਨ ਹਮੇਸ਼ਾ ਚੰਗਿਆਈ ਵੱਲ ਰਹਿੰਦਾ ਹੈ। ਇਸ ਪੁਸਤਕ ਵਿਚ ਮਾਝੇ ਦੀ ਧਰਾਤਲ ਅਤੇ ਸੰਸਕ੍ਰਿਤੀ ਦਾ ਚਿਤਰਨ ਕੀਤਾ ਗਿਆ ਮਿਲਦਾ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ ਰਹਿਤਲ ਦੀ ਮਹਿਕ ਬਾਰੇ ਗੱਲ ਹੁੰਦੀ ਹੈ। ਇਨ੍ਹਾਂ ਦੀ ਪੁਸਤਕ ਨੂੰ ਪਿਛਲੇ ਸਮੇਂ ਵਾਪਰੀ ਪੰਜਾਬ ਦੀ ਤਰਾਸਦੀ ਦਾ ਪ੍ਰਮਾਣ ਵੀ ਕਿਹਾ ਜਾ ਸਕਦਾ ਹੈ। ਸਾਡੇ ਪੁਰਾਖਿਆਂ ਦਾ ਬਿਰਤਾਂਤ ਵੀ ਇਸ ਦੇ ਵਿਚੋਂ ਝਲਕਦਾ ਹੈ। ਇਨ੍ਹਾਂ ਦੀ ਸਵੈ-ਜੀਵਨੀ ਨੂੰ ਪੜ੍ਹਦਿਆਂ ਹੀ ਘੁੱਗ ਵਸਦੇ ਲਹਿੰਦੇ ਪੰਜਾਬ (ਪਾਕਿਸਤਾਨ) ਪਹੁੰਚ ਜਾਂਦੇ ਹਾਂ। ਅਸੀਂ ਇਨ੍ਹਾਂ ਦੇ ਰਾਹੀਂ ਜਾਣਦੇ ਹਾਂ ਕਿ ਪੁਰਾਤਨ ਸਮੇਂ ਧੀਆਂ ਨੂੰ ਜਿਊਂਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਵੱਡੇ-ਵੱਡੇ ਲੋਕ ਵੀ ਧੀ ਪੈਦਾ ਨਹੀਂ ਕਰਨਾ ਚਾਹੁੰਦੇ ਸਨ। ਪੰਜਾਬ ਦੇ ਕਈ ਇਲਾਕਿਆਂ ਵਿਚ ਔਰਤਾਂ ਪਸ਼ੂਆਂ ਸਮਾਨ ਜੀਵਨ ਬਤੀਤ ਕਰਦੀਆਂ ਸਨ। ਸੁਰਜੀਤ ਬੈਂਸ ਦੇ ਜੀਵਨ 'ਤੇ ਝਾਤ ਮਾਰਿਆਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਜਨਮ ਖੁਸ਼ੀਨੁਮਾ ਤੇ ਖੁਸ਼ਹਾਲ ਪਰਿਵਾਰ ਵਿਚ ਬਤੀਤ ਹੋਇਆ। ਉਨ੍ਹਾਂ ਨੇ ਬਹੁਤ ਉੱਚ ਵਿੱਦਿਆ ਹਾਸਿਲ ਕੀਤੀ ਅਤੇ ਗ੍ਰਹਿਸਥੀ ਜੀਵਨ ਬੜੇ ਧੀਰਜ, ਦਲੇਰੀ ਤੇ ਸੰਤੋਖ ਨਾਲ ਬਤੀਤ ਕੀਤਾ। ਜਿਹੜਾ ਹਾਲੇ ਵੀ ਨਿਰੰਤਰ ਜਾਰੀ ਹੈ। ਉਹ ਸਹਿਣਸ਼ੀਲਤਾ ਦੇ ਗੁਣਾਂ ਨਾਲ ਭਰਪੂਰ ਇੱਕ ਲੇਖਿਕਾ ਹੈ। ਇਸੇ ਗੁਣਾ ਕਰਕੇ ਹੀ ਉਨ੍ਹਾਂ ਨੇ ਕਈ ਸਰੀਰਕ, ਮਾਨਸਿਕ ਤੇ ਆਰਥਿਕ ਕਸ਼ਟਾਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ। ਸੁਰਜੀਤ ਬੈਂਸ ਦੀ ਸਵੈ-ਜੀਵਨੀ 'ਮੈਂ ਤੇ ਮੇਰੇ' ਜੀਵਨ ਦੀ ਖੁਸ਼ੀ ਤੇ ਆਨੰਦ ਦਾ ਪ੍ਰਤੀਕ ਹੈ। ਇਹ ਜੀਵਨ ਦਾ ਇਕ ਪ੍ਰਮਾਣਿਕ ਦਸਤਾਵੇਜ਼ ਹੈ।

-ਡਾ. ਅਮਰਜੀਤ ਸਿੰਘ ਗਿੱਲ
ਮੋਬਾਈਲ : 98553-88572

 

15-12-2024

ਮੋਈ ਮਾਂ ਦਾ ਦੁੱਧ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 98151-23900

ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਇਸ ਕਹਾਣੀ-ਸੰਗ੍ਰਹਿ ਦੀਆਂ ਅੱਠ ਕਹਾਣੀਆਂ ਵਿਚ ਵੰਡ ਦੇ ਉਨ੍ਹਾਂ ਜ਼ਖ਼ਮਾਂ ਦੀ ਦਾਸਤਾਨ ਪੇਸ਼ ਕੀਤੀ ਹੈ, ਜਿਹੜੇ ਭਰਨ ਤੋਂ ਬਾਅਦ ਵੀ ਆਪਣੇ ਨਿਸ਼ਾਨ ਛੱਡ ਗਏ ਹਨ। ਕਹਾਣੀਕਾਰ ਦਾ ਆਪਣਾ ਇਲਾਕਾ ਪੁਆਧ ਹੋਣ ਕਾਰਨ ਇਨ੍ਹਾਂ ਕਹਾਣੀਆਂ ਦਾ ਧਰਾਤਲ ਵੀ ਪੁਆਧ ਹੀ ਹੈ, ਜਿੱਥੇ 1947 ਦੇ ਵੇਲੇ ਵਿਚ ਵਾਪਰੀਆਂ ਘਟਨਾਵਾਂ ਨੂੰ ਲੇਖਕ ਨੇ ਆਪਣੇ ਕੰਨੀ ਸੁਣਿਆ ਅਤੇ ਆਪਣੇ ਸ਼ਬਦਾਂ ਵਿਚ ਬਿਆਨ ਕਰਦਿਆਂ ਪਾਠਕਾਂ ਦੇ ਰੂਬਰੂ ਕੀਤਾ ਹੈ ।1947 ਦਾ ਉਹ ਸਮਾਂ ਅਜਿਹਾ ਸੀ ਜਦੋਂ ਇਨਸਾਨੀਅਤ ਸ਼ਰਮਸਾਰ ਹੋਈ ਤੇ ਫਿਰ ਫਿਰਕਾਪ੍ਰਸਤੀ ਦਾ ਜ਼ਹਿਰ ਇਸ ਧਰਤੀ 'ਤੇ ਇਸ ਕਦਰ ਫੈਲਿਆ ਕਿ ਹਰ ਕੋਈ ਉਸ ਦਾ ਸ਼ਿਕਾਰ ਹੋ ਗਿਆ। ਪਰ ਕਿਤੇ-ਕਿਤੇ ਇਨਸਾਨੀਅਤ ਨੇ ਆਪਣੀ ਹੋਂਦ ਨੂੰ ਬਰਕਰਾਰ ਰੱਖਦਿਆਂ ਮਾਨਵਤਾ ਦਾ ਝੰਡਾ ਬੁਲੰਦ ਕੀਤਾ। ਆਪਣੇ ਬਚਪਨ ਵਿਚ ਇਨ੍ਹਾਂ ਹੱਲਿਆਂ ਦਾ ਅਚੇਤ ਮਨ ਦੇ ਪ੍ਰਭਾਵ ਲੇਖਕ ਕਿਵੇਂ ਕਬੂਲਦਾ ਹੈ ਇਸ ਬਾਰੇ ਉਹ ਆਪਣੀ ਭੂਮਿਕਾ ਵਿਚ ਬਾਖੂਬੀ ਲਿਖਦਾ ਹੈ। ਹਰ ਕਹਾਣੀ ਦੀ ਸ਼ੁਰੂਆਤ ਵਿਚ ਦਿੱਤੀਆਂ ਕਾਵਿਕ ਸਤਰਾਂ ਕਹਾਣੀ ਪੜ੍ਹਨ ਤੋਂ ਪਹਿਲਾਂ ਜਿਵੇਂ ਪਾਠਕ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਦੀਆਂ ਹਨ ਕਿ ਉਹ ਇਕ ਅਜਿਹੇ ਵਾਕੇ ਨਾਲ ਜੁੜੀਆਂ ਕਹਾਣੀਆਂ ਪੜ੍ਹਨ ਜਾ ਰਿਹਾ ਹੈ, ਜਿਹੜਾ ਕਿ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਫਰਿਸ਼ਤੇ ਵਰਗਾ ਮਨੁੱਖ ਦਾ ਨਾਇਕ ਆਪਣੇ ਪਿੰਡ ਦੀ ਧੀ-ਭੈਣ ਨੂੰ ਬਚਾ ਉਸ ਨੂੰ ਆਪਣੀ ਧੀ ਬਣਾ ਜਿੰਦਗੀ ਦੇ ਨਵੇਂ ਰਸਤੇ ਪਾਉਂਦਾ ਹੈ ਤੇ ਲੇਖਕ ਨਾਲ ਆਪਣੀ ਹੱਡ ਬੀਤੀ ਸਾਂਝੀ ਕਰਕੇ ਉਹ ਹਲਕਾ ਮਹਿਸੂਸ ਕਰਦਾ ਹੈ। ਲੇਖਕ ਨੂੰ ਉਸ ਨਾਲ ਮਿਲਦਿਆਂ ਇੱਕ ਫਰਿਸ਼ਤੇ ਵਰਗੇ ਮਨੁੱਖ ਨਾਲ ਮਿਲਣ ਦਾ ਅਹਿਸਾਸ ਹੁੰਦਾ ਹੈ, ਜਿਸ ਨੇ ਇਕ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ ਗੰਡਾਸੀ ਵਾਲਾ ਮੋਢਾ ਦਾ ਨਾਇਕ ਵੀ ਅਜਿਹੀ ਸਥਿਤੀ ਵਿਚ ਇਸੇ ਹੀ ਤਰ੍ਹਾਂ ਗੁਜ਼ਰਦਾ ਹੈ, ਜੋ ਦੋ ਸਕੀਆਂ ਭੈਣਾਂ ਨੂੰ ਬਚਾਉਣ ਵਿਚ ਕਾਮਯਾਬ ਹੁੰਦਾ ਹੈ ਪਰ ਸਰਕਾਰਾਂ ਦੇ ਫ਼ੈਸਲੇ ਕਾਰਨ ਇਸ ਨੂੰ ਇੱਕ ਭੈਣ ਨੂੰ ਵਾਪਸ ਪਾਕਿਸਤਾਨ ਭੇਜਣਾ ਪੈਂਦਾ ਹੈ। ਮੋਈ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਨੂੰ ਬਚਾ ਕੇ ਹਜ਼ਾਰਾਂ ਸਿੰਘ, ਜੋ ਆਪਣੇ ਸਾਥੀਆਂ ਨਾਲ ਲੁਟੇਰਿਆਂ ਦੇ ਟੋਲੇ ਵਿਚ ਸ਼ਾਮਿਲ ਸੀ, ਇੱਕ ਨਵੇਂ ਇਨਸਾਨ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ ਤੇ ਉਹ ਉਸ ਬੱਚੇ ਦੇ ਜ਼ਰੀਏ ਆਪਣੀ ਜ਼ਿੰਦਗੀ ਦਾ ਮਕਸਦ ਪਾ ਲੈਂਦਾ ਹੈ। ਇਸ ਕਹਾਣੀ ਨੂੰ ਲੇਖਕ ਨੇ ਬਹੁਤ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ। ਕਬਰਾਂ 'ਚੋਂ ਉੱਠਦੀ ਖੁਸ਼ਬੂ ਤੇ ਕਰੀਮ ਬਖਸ਼ ਕਹਾਣੀਆਂ ਦਾ ਵਿਸ਼ਾ ਵਸਤੂ ਵੀ ਕੁਝ ਅਜਿਹਾ ਹੀ ਹੈ ਜਿੱਥੇ ਇਨਸਾਨੀ ਕਦਰਾਂ ਕੀਮਤਾਂ ਨੂੰ ਪਹਿਲ ਦਿੱਤੀ ਗਈ ਹੈ। ਇਕ ਇਲਾਚੀ ਇਕ ਛੁਹਾਰਾ ਇੱਕ ਵੱਖਰੇ ਜਿਹੇ ਰੰਗ ਦੀ ਕਹਾਣੀ ਹੈ, ਜਿਸ ਵਿਚ ਪਿਆਰ ਕਰਨ ਵਾਲਿਆਂ ਨੂੰ ਵੰਡ ਦੇ ਕਾਰਨ ਵਿਛੜਨਾ ਪੈਂਦਾ ਹੈ। ਰਾਤ ਦੇ ਹਨੇਰੇ ਵਿਚ ਉਨ੍ਹਾਂ ਦੀ ਆਖਰੀ ਮਿਲਣੀ ਉਨ੍ਹਾਂ ਦੇ ਪਿਆਰ ਦੀ ਗਵਾਹ ਬਣਦੀ ਹੈ। ਲਾਵਾਰਸ ਦਾ ਪੁਨਰ ਜਨਮ ਵਿਚ ਆਪਣੇ ਮਾਪਿਆਂ ਤੋਂ ਵਿਛੜੇ ਇੱਕ ਬੱਚੇ ਨੂੰ ਪਾਲ ਸੂਬੇਦਾਰ ਕਪੂਰ ਸਿੰਘ ਇਨਸਾਨੀਅਤ ਦਾ ਫਰਜ਼ ਨਿਭਾਉਂਦਾ ਹੈ ਅਤੇ ਉਸ ਨੂੰ ਇਕ ਨਵਾਂ ਜਨਮ ਦਿੰਦਾ ਹੈ। ਭਾਵੇਂ ਉਹ ਬੱਚਾ ਬਾਅਦ ਵਿਚ ਆਪਣੇ ਅਸਲੀ ਮਾਪਿਆਂ ਨੂੰ ਮਿਲਦਾ ਹੈ ਅਤੇ ਸਫਲਤਾ ਦੀਆਂ ਸਿਖਰਾਂ 'ਤੇ ਬੈਠਦਾ ਹੈ ਪਰ ਉਹ ਕਦੀ ਵੀ ਆਪਣੇ ਉਨ੍ਹਾਂ ਮਾਪਿਆਂ ਨੂੰ ਨਹੀਂ ਭੁੱਲ ਪਾਉਂਦਾ, ਜਿਨ੍ਹਾਂ ਉਸ ਨੂੰ ਲਾਵਾਰਸ ਹੋਣ ਤੋਂ ਬਚਾ ਪੁਨਰ ਜਨਮ ਦਿੱਤਾ ਅਤੇ ਉਹ ਵਾਪਸ ਭਾਰਤ ਆ ਆਪਣੇ ਉਨ੍ਹਾਂ ਮਾਪਿਆਂ ਨੂੰ ਸਿਜਦਾ ਕਰਦਿਆਂ ਉਸ ਪਿੰਡ ਦੀ ਖ਼ੈਰ ਮੰਗਦਾ ਹੈ। ਸਰਲ ਸਾਧਾਰਨ ਲਹਿਜ਼ੇ ਵਾਲੀਆਂ ਇਨ੍ਹਾਂ ਕਹਾਣੀਆਂ ਵਿਚ ਦੇਸ਼ ਵੰਡ ਦਾ ਦਰਦ ਆਪਸੀ ਭਾਈਚਾਰਾ ਇਨਸਾਨੀਅਤ ਅਤੇ ਲੋਕਾਈ ਨਾਲ ਹਮਦਰਦੀ ਦਾ ਸੁਨੇਹਾ ਕਹਾਣੀਕਾਰ ਵਲੋਂ ਦਿੱਤਾ ਗਿਆ ਹੈ।

-ਡਾ.ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਇਕ ਪਾਸ਼ ਇਹ ਵੀ
ਲੇਖਕ : ਸ਼ਮਸ਼ੇਰ ਸੰਧੂ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 171
ਸੰਪਰਕ : 98763-12860

ਸ਼ਮਸ਼ੇਰ ਸੰਧੂ ਖ਼ੁਦ ਨਾਮਵਰ ਗੀਤਕਾਰ ਹੈ। ਪਾਸ਼ ਪੰਜਾਬੀ ਕਾਵਿ-ਜਗਤ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ। 'ਇਕ ਪਾਸ਼ ਇਹ ਵੀ' ਪੁਸਤਕ ਦਾ ਇਹ ਦੂਜਾ ਐਡੀਸ਼ਨ ਹੈ, ਜਿਸ ਵਿਚ ਲੇਖਕ ਮੁਤਾਬਿਕ 'ਸਾਂਝੇ ਤੇ ਪੁਰਾਣੇ ਮਿੱਤਰਾਂ ਦੇ ਦੋ ਲੇਖ ਵੀ ਸ਼ਾਮਿਲ ਕਰ ਲਏ ਹਨ। ਸ਼ਮਸ਼ੇਰ ਸੰਧੂ ਦਾ ਆਖਣਾ ਹੈ ਕਿ ਇਕ ਪਾਸ਼ ਉਹ ਸੀ ਜੋ ਪੰਜਾਬੀ ਕਵਿਤਾ ਵਿਚ ਇਨਕਲਾਬੀ ਕਵੀ ਜਾਂ ਵਿਦਰੋਹੀ ਸੁਰ ਵਜੋਂ ਉਭਰਿਆ। ਉਸ ਪਾਸ਼ ਨੂੰ ਤੁਹਾਡੇ 'ਚੋਂ ਬਹੁਤੇ ਭਲੀ-ਭਾਂਤ ਜਾਣਦੇ ਹਨ। ...ਪਰ ਪਾਸ਼ ਦੀ ਸ਼ਖ਼ਸੀਅਤ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਸਨ। ਉਹਦੇ ਸੁਭਾਅ ਦੀਆਂ ਕਈ ਪਰਤਾਂ ਸਨ...।'
ਪਾਸ਼ ਦੀ ਸ਼ਖ਼ਸੀਅਤ ਦੇ ਕਈ ਹੋਰ ਪਹਿਲੂ ਤੇ ਉਸ ਦੇ ਸੁਭਾਅ ਦੀਆਂ ਕਈ ਪਰਤਾਂ ਨੂੰ ਇਸ ਪੁਸਤਕ 'ਚੋਂ ਜਾਣਿਆ ਸਮਝਿਆ ਜਾ ਸਕਦਾ ਹੈ। ਇਸ ਪੁਸਤਕ 'ਚੋਂ ਪਾਸ਼ ਬਾਰੇ ਬਹੁਤ ਕੁਝ ਨਵਾਂ ਤੇ ਦਿਲਚਸਪ ਪੜ੍ਹਨ ਨੂੰ ਮਿਲਦਾ ਹੈ। ਜਿਵੇਂ :-
-'ਕਿਸੇ ਸਮੇਂ ਗ਼ਜ਼ਲ ਦਾ ਬੋਲਬਾਲਾ ਹੋ ਗਿਆ ਸੀ। ਪਾਸ਼ ਗ਼ਜ਼ਲ ਦੇ ਸਖ਼ਤ ਖਿਲਾਫ਼ ਸੀ। ਦੀਪਕ ਜੈਤੋਈ, ਸਾਧੂ ਸਿੰਘ ਹਮਦਰਦ, ਡਾ. ਰਣਧੀਰ ਸਿੰਘ ਚੰਦ, ਪ੍ਰਿੰ. ਤਖ਼ਤ ਸਿੰਘ, ਅਜਾਇਬ ਹੁੰਦਲ ਤੇ ਹੋਰ ਬਹੁਤ ਸਾਰੇ ਗ਼ਜ਼ਲ ਦਰਬਾਰ ਕਰਾਉਂਦੇ ਰਹਿੰਦੇ ਸਨ। ਨਵੀਂ ਪੀੜ੍ਹੀ ਦੇ ਬਹੁਤੇ ਸਿਰਕੱਢ ਸ਼ਾਇਰ ਪਾਸ਼ ਵਾਂਗ ਹੀ ਗ਼ਜ਼ਲ ਦੇ ਹੱਕ ਵਿਚ ਨਹੀਂ ਸਨ। (ਪੰਨਾ-37)
-ਪਾਸ਼ ਸੁਚੇਤ ਮਨੁੱਖ ਸੀ। ਆਤਮਿਕ ਪੱਧਰ 'ਤੇ ਉਹ ਬਹੁਤ ਵੱਡਾ ਦਾਰਸ਼ਨਿਕ ਸੀ। ਸਰੀਰਕ ਪੱਖੋਂ ਉਹ ਅੰਤਾਂ ਦਾ ਛੋਹਲਾ ਤੇ ਫੁਰਤੀਲਾ ਬੰਦਾ ਸੀ। (ਪੰਨਾ-70)
ਇਸ ਪੁਸਤਕ ਵਿਚ ਸ਼ਾਮਿਲ ਡਾ. ਨਾਹਰ ਸਿੰਘ ਦਾ 'ਪਾਸ਼ ਦੀ ਕਵਿਤਾ ਅਤੇ ਵਿਰਾਸਤ ਦਾ ਸਵਾਲ' ਉੱਚ ਪਾਏ ਦੀ ਸੰਤੁਲਿਤ ਸਮੀਖਿਆਤਮਿਕ ਰਚਨਾ ਹੈ। 'ਪੰਜਾਬੀ ਗੀਤਾਂ ਦੀਆਂ ਗਾਇਕਾਵਾਂ' ਤੇ 'ਹੁਸਨ... ਖ਼ੂਬਸੂਰਤੀ... ਸੁੰਦਰਤਾ' ਸਿਰਲੇਖਾਂ ਵਾਲੇ ਆਰਟੀਕਲ ਇਸ ਪੁਸਤਕ ਦੀ ਗੁਣਾਤਮਿਕਤਾ 'ਚ ਹੋਰ ਵੀ ਵਾਧਾ ਕਰਦੇ ਹਨ। ਜਿਥੇ ਪਾਸ਼ ਬਾਰੇ ਸ਼ਮਸ਼ੇਰ ਸੰਧੂ ਨੇ ਬਹੁਤ ਭਾਵਪੂਰਤ ਲਿਖਿਆ ਹੈ, ਉਥੇ ਉਸ ਦੀਆਂ ਲਿਖਤਾਂ 'ਚੋਂ ਉਸ ਦਾ ਵੱਖ-ਵੱਖ ਅਨੁਸ਼ਾਸਨਾਂ ਦਾ ਵਿਸ਼ਵ ਪੱਧਰੀ ਦੀਰਘ ਅਧਿਐਨ ਵੀ ਪਾਠਕ ਦੀ ਸੋਚ ਨੂੰ ਸੱਜਰਾਪਨ ਬਖ਼ਸ਼ਦਾ ਹੈ। ਨਿਰਸੰਦੇਹ ਇਸ ਪੁਸਤਕ ਦਾ ਅੱਖਰ-ਅੱਖਰ ਪੜ੍ਹਨ ਵਾਲਾ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਪੰਜਾਬੀ ਸਭਿਆਚਾਰ
(ਵਿਆਹ-ਪ੍ਰਥਾ : ਆਰੰਭ ਤੇ ਵਿਕਾਸ)
ਲੇਖਕ : ਜਲੌਰ ਸਿੰਘ ਖੀਵਾ (ਡਾ.)
ਪ੍ਰਕਾਸ਼ਕ : ਪੀਪਲਜ਼ ਫੋਰਮ, ਬਰਗਾੜੀ (ਪੰਜਾਬ)
ਮੁੱਲ : 200 ਰੁਪਏ, ਸਫ਼ੇ : 174
ਸੰਪਰਕ : 98723-83236

ਡਾ. ਜਲੌਰ ਸਿੰਘ ਖੀਵਾ ਪੰਜਾਬ ਦੇ ਪ੍ਰਮੁੱਖ ਕਾਲਜਾਂ ਵਿਚ ਪੋਸਟਗ੍ਰੈਜੂਏਟ ਸ਼੍ਰੇਣੀਆਂ ਨੂੰ ਪੜ੍ਹਾਉਣ ਵਾਲਾ ਇਕ ਵਚਨਬੱਧ ਅਧਿਆਪਕ ਅਤੇ ਲੇਖਕ ਹੈ। ਉਹ ਕੋਸ਼ਿਸ਼ ਕਰਦਾ ਹੈ ਕਿ ਉਸ ਦਾ ਗਿਆਨ ਸਪੱਸ਼ਟ ਅਤੇ ਸਹਿਜ ਢੰਗ ਨਾਲ ਸੰਪ੍ਰੇਸ਼ਿਤ ਹੋ ਜਾਵੇ। ਉਹ 'ਪੰਡਿਤਾਊ' ਕਿਸਮ ਦੀ ਵਿਦਵਤਾ ਦਾ ਕਾਇਲ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਜਿਸ ਸ਼ਹਿਰ ਜਾਂ ਕਾਲਜ ਨਾਲ ਸੰਬੰਧਿਤ ਰਿਹਾ, ਉਥੋਂ ਦੇ ਨੌਜਵਾਨ ਵਰਗ ਵਿਚ ਉਸ ਦੀ ਭੱਲ ਬਣੀ ਰਹੀ। ਬੇਸ਼ੱਕ ਉਹ ਮਾਰਕਸਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਵਿਦਵਾਨ ਹੈ ਪਰ ਉਹ 'ਤੜਾਗੀਵਾਦੀ' ਮਾਨਸਿਕਤਾ ਵਿਚ ਨਹੀਂ ਬੱਝਿਆ ਬਲਕਿ ਉਦਾਰਚਿਤ ਹੋ ਕੇ ਆਪਣੇ ਸੱਭਿਆਚਾਰ ਦੀਆਂ ਸੰਸਥਾਵਾਂ ਅਤੇ ਸਾਹਿਤ-ਰੂਪਾਂ ਦਾ ਵਿਸ਼ਲੇਸ਼ਣ ਕਰਦਾ ਹੈ। ਪੰਜਾਬ ਇਕ ਅਜਿਹਾ ਪ੍ਰਦੇਸ਼ ਹੈ, ਜਿਥੇ ਪਿਛਲੇ ਕਈ ਹਜ਼ਾਰ ਵਰ੍ਹਿਆਂ ਤੋਂ ਵਿਦੇਸ਼ੀ ਕੌਮਾਂ ਦਾ ਆਉਣ-ਜਾਣ ਬਣਿਆ ਰਿਹਾ ਹੈ। ਇਸ ਕਾਰਨ ਇਥੋਂ ਦੀ ਹਰ ਸੰਸਥਾ ਦੇ ਸਰੂਪ ਵਿਚ ਹੈਰਾਨੀਜਨਕ ਵਿਵਿਧਤਾ ਮਿਲ ਜਾਂਦੀ ਹੈ। ਗੰਧਰਵ-ਵਿਆਹ, ਸਮਗੋਤਰੀ, ਅਸਮਗੋਤਰੀ, ਇਕ-ਪੁਰਖੀ, ਅਨੇਕਪੁਰਖੀ, ਕਰੇਵਾ, ਚੱਦਰ ਪਾਉਣਾ, ਕੱਢ ਕੇ ਲੈ ਆਉਣਾ ਆਦਿ ਤੋਂ ਲੈ ਕੇ ਲੀਗਲ (ਕਾਨੂੰਨੀ-ਵਿਆਹ), ਲਿਵਿੰਗ-ਇਨ, ਸਮਲਿੰਗੀ-ਵਿਆਹ ਆਦਿਕ ਵਿਆਹ-ਪ੍ਰਥਾ ਦੇ ਅਨੇਕ ਰੂਪ ਇਥੇ ਮਿਲ ਜਾਂਦੇ ਹਨ। ਡਾ. ਖੀਵਾ ਇਕ ਸਪੱਸ਼ਟਵਾਦੀ ਅਤੇ ਗ਼ੈਰ-ਰਸਮੀ ਸ਼ਖ਼ਸੀਅਤ ਵਾਲਾ ਬੁੱਧੀਜੀਵੀ ਹੈ। ਉਸ ਨੂੰ ਇਹ ਮੰਨਣ/ਕਹਿਣ ਵਿਚ ਕੋਈ ਝਿਜਕ ਨਹੀਂ ਕਿ ਵਿਆਹ ਦੀ ਪ੍ਰਥਾ, ਜਵਾਨ ਉਮਰ ਦੇ ਪੁਰਸ਼ਾਂ-ਔਰਤਾਂ ਦੇ ਲਿੰਗ-ਸੰਬੰਧਾਂ ਨੂੰ ਨਿਯਮਿਤ ਅਤੇ ਨਿਸਚਿਤ ਕਰਨ ਲਈ ਘੜੀ ਗਈ ਤਾਂ ਜੋ ਸਮਾਜ ਦਾ ਮਾਹੌਲ ਸਹਿਜ ਅਤੇ ਸੰਤੁਲਿਤ ਰਹੇ, ਕਿਸੇ ਇਸਤਰੀ ਨਾਲ ਸੰਬੰਧ ਬਣਾਉਣ ਵਾਸਤੇ ਲੜਾਈ-ਝਗੜੇ ਨਾ ਹੁੰਦੇ ਰਹਿਣ। ਵਿਆਹ-ਸੰਸਥਾ ਇਹ ਨਿਸਚਿਤ ਕਰ ਦਿੰਦੀ ਹੈ ਕਿ ਕਿਹੜੀ ਇਸਤਰੀ ਜਾਂ ਪੁਰਖ ਨਾਲ ਯੌਨ-ਸੰਬੰਧ ਰੱਖਣ ਵਾਸਤੇ, ਕਿਹੜਾ ਵਿਅਕਤੀ ਸਮਾਜਿਕ ਤੌਰ 'ਤੇ ਪ੍ਰਵਾਨਿਤ ਹੈ। ਇਸ ਪੁਸਤਕ ਵਿਚ ਉਸ ਨੇ ਵਿਆਹ-ਪ੍ਰਥਾ ਦੇ ਵਿਕਾਸ, ਵਿਆਹ ਬਨਾਮ ਜਾਤ-ਪਾਤ, ਵਿਆਹ ਦੀਆਂ ਵਿਭਿੰਨ ਸ਼੍ਰੇਣੀਆਂ ਦਾ ਵਰਗੀਕਣ, ਮੁਕਲਾਵਾ (ਮੁਕ-ਲਾਵਾ ਜਾਂ ਕਲਾਵਾ) ਅਤੇ ਜੋੜੀਆਂ ਜਗ ਥੋੜ੍ਹੀਆਂ (ਪੰਜਾਬੀ ਲੋਕਗੀਤਾਂ ਦੇ ਹਵਾਲੇ ਨਾਲ) ਆਦਿ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਹਰ ਵਰਗ, ਹੋਰ ਸੋਚ ਅਤੇ ਹਰ ਉਮਰ ਦੇ ਪਾਠਕਾਂ ਲਈ ਇਕੋ ਜਿਹੀ ਵਿਚਾਰ-ਉਤੇਜਕ ਸਿੱਧ ਹੋਵੇਗੀ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਕੱਚੇ ਘਰਾਂ ਦੀਆਂ ਖੁਸ਼ੀਆਂ
ਲੇਖਿਕਾਵਾਂ : ਕਮਲਵੀਰ ਕੌਰ ਅਤੇ ਪ੍ਰਭਜੋਤ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 99151-03490

'ਕੱਚੇ ਘਰਾਂ ਦੀਆਂ ਖੁਸ਼ੀਆਂ' ਬਾਲ ਪੁਸਤਕ ਵਿਚ ਕੁੱਲ ਚਾਲੀ ਬਾਲ ਕਵਿਤਾਵਾਂ ਅਤੇ ਗੀਤ ਹਨ। ਲੇਖਿਕਾਵਾਂ ਵਿਦਿਆਰਥਣਾਂ ਹੋਣ ਕਰਕੇ ਇਨ੍ਹਾਂ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ ਜਿਵੇਂ :-'ਮਾਂ, ਰੁੱਖ ਪੰਛੀ, ਪਾਣੀ, ਦੋਸਤ, ਅਧਿਆਪਕ, ਬੱਚੇ, ਸਕੂਲ, ਸਹੇਲੀ, ਦਾਦੀ, ਬਾਪੂ, ਪੰਛੀ, ਫੁੱਲ, ਬਿੱਲੀ, ਮੱਖੀ ਆਦਿ। ਵਿਦਿਆਰਥਣਾਂ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਚੰਗੀਆਂ ਬਾਲ ਕਵਿਤਾਵਾਂ ਅਤੇ ਗੀਤ ਲਿਖੇ ਹਨ ਜਿਵੇਂ 'ਰੁੱਖ' ਕਵਿਤਾ ਵਿਚ ਸਰਲਤਾ ਵੇਖੋ :
-ਰੁੱਖ-
ਜੇ ਇੱਕ ਰੁੱਖ ਕੱਟੋ ਤਾਂ ਚਾਰ ਲਗਾਓ,
ਆਓ ਸਾਰੇ ਰੁੱਖ ਲਗਾਓ।
ਰੁੱਖ ਸਾਨੂੰ ਫਲ਼ ਦਿੰਦੇ ਨੇ,
ਰੁੱਖ ਸਾਨੂੰ ਜੀਵਨ ਦਿੰਦੇ ਨੇ।
ਜੜ੍ਹੀ ਬੂਟੀ ਤੇ ਲੱਕੜ ਮਿਲਦੀ,
ਰੁੱਖਾਂ ਤੋਂ ਹੈ ਜ਼ਿੰਦਗੀ ਮਿਲਦੀ।
ਏਸੇ ਤਰ੍ਹਾਂ ਹੀ 'ਪੁਸਤਕ'ਕਵਿਤਾ ਵੀ ਬਹੁਤ ਪਿਆਰੀ ਹੈ।
-ਪੁਸਤਕ-
ਪੁਸਤਕਾਂ ਹਨ ਗਿਆਨ ਦਾ ਭੰਡਾਰ,
ਮਿਲਦਾ ਸਾਨੂੰ ਇਨ੍ਹਾਂ ਵਿਚੋਂ ਬਹੁਤ ਗਿਆਨ।
ਪੁਸਤਕ ਵਿਚ ਲਿਖੇ ਸ਼ਬਦ ਸਾਨੂੰ ਸਮਝਾ ਦਿੰਦੇ ਨੇ,
ਦੁਨੀਆ ਦੇ ਚੰਗੇ ਰਸਤੇ 'ਤੇ ਚੱਲਣਾ ਸਿਖਾਉਂਦੇ ਨੇ।
ਪੜ੍ਹ ਕੇ ਪੁਸਤਕ ਅਸੀਂ ਬਣਦੇ ਮਹਾਨ,
ਫੇਰ ਕਰਦੇ ਲੋਕ ਸਾਡਾ ਸਨਮਾਨ।
ਏਸੇ ਤਰ੍ਹਾਂ 'ਪਾਣੀ' ਕਵਿਤਾ ਰਾਹੀਂ ਪਾਣੀ ਦੀ ਮਹਾਨਤਾ ਦੱਸਣ ਦੀ ਕੋਸ਼ਿਸ਼ ਕੀਤੀ ਹੈ।
-ਪਾਣੀ-
ਪਾਣੀ ਬੜਾ ਅਨਮੋਲ ਹੈ,
ਇਸ ਨੂੰ ਗਵਾਇਆ ਨਾ ਕਰੋ।
ਇਸ ਨੂੰ ਡੋਲ੍ਹੋ ਨਾ,
ਬਚਾਓ ਇੱਕ-ਇੱਕ ਬੂੰਦ,
ਜੇ ਇਸ ਨੂੰ ਕੀਤਾ ਖਰਾਬ,
ਤਾਂ ਜ਼ਿੰਦਗੀ ਹੋ ਜਾਊ ਬਰਬਾਦ।
ਖਾਣ ਪੀਣ ਤੇ ਨਹਾਉਣ ਧੋਣ ਲਈ,
ਇਹ ਪਾਣੀ ਕੰਮ ਆਵੇ।
ਸਾਡੇ ਖੇਤਾਂ ਨੂੰ ਸਿੰਜ ਕੇ,
ਫਸਲਾਂ ਵੀ ਉਪਜਾਵੇ।
ਚਿੱਤਰਕਾਰੀ ਛੇਵੀਂ ਜਮਾਤ ਦੇ ਬੱਚੇ ਹਨੀ ਸਿੰਘ ਨੇ ਕੀਤੀ ਹੈ, ਚੰਗੀ ਗੱਲ ਸੀ ਜੇ ਇਹ ਚਿੱਤਰਕਾਰੀ ਕਿਸੇ ਵੱਡੀ ਜਮਾਤ ਦੇ ਕਿਸੇ ਬੱਚੇ ਤੋਂ ਕਰਵਾਈ ਜਾਂਦੀ ਹੋਰ ਵੀ ਵਧੀਆ ਗੱਲ ਬਣਨੀ ਸੀ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਸਿੱਖਿਆ ਵੀ ਦਿੰਦੀਆਂ ਹਨ। ਨਵੀਆਂ ਬਾਲ ਲੇਖਿਕਾਵਾਂ ਤੇ ਪਹਿਲਾ ਉਪਰਾਲਾ ਹੋਣ ਕਰਕੇ ਕਵਿਤਾਵਾਂ ਵਿਚ ਵਜ਼ਨ ਤੋਲ ਤੁਕਾਂਤ ਦੀਆਂ ਕੁਝ ਕੁ ਕਮੀਆਂ ਹਨ, ਜੋ ਅਨੁਭਵ ਅਤੇ ਤਜਰਬੇ ਨਾਲ ਦੂਰ ਹੋ ਜਾਣਗੀਆਂ ਪਰ ਫੇਰ ਵੀ ਇਨ੍ਹਾਂ ਬੱਚੀਆਂ ਵਿਚ ਭਵਿੱਖ ਦੀਆਂ ਸ਼ਾਨਦਾਰ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ। ਮੈਂ ਇਨ੍ਹਾਂ ਬੱਚਿਆਂ ਦੇ ਸਕੂਲ ਅਧਿਆਪਕਾਂ ਦੀ ਪ੍ਰਸੰਸਾ ਕਰਦਾ ਹਾਂ, ਜਿਹੜੇ ਬਾਲਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਜਾਗਰ ਕਰਨ ਵਿਚ ਸਹਾਈ ਹੁੰਦੇ ਹਨ। ਬੱਚੀਆਂ ਵਲੋਂ ਐਨੀ ਛੋਟੀ ਉਮਰ ਵਿਚ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਸ਼ਾਨਦਾਰ ਪੁਸਤਕ ਪਾਈ ਹੈ ਮੈਂ ਸ਼ਾਬਾਸ਼ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਨਿੱਕੀ ਜਿਹੀ ਖ਼ੁਸ਼ੀ
ਲੇਖਿਕਾ : ਗੁਰਦੀਪ ਕੌਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 80 ਰੁਪਏ, ਸਫ਼ੇ : 24
ਸੰਪਰਕ : 92090-00001

'ਨਿੱਕੀ ਜਿਹੀ ਖ਼ੁਸ਼ੀ' ਵਿਦਿਆਰਥਣ ਲੇਖਿਕਾ ਗੁਰਦੀਪ ਕੌਰ ਦੀਆਂ ਬਾਲ ਕਹਾਣੀਆਂ ਦੀ ਪੁਸਤਕ ਹੈ। ਇਸ ਵਿਚ ਉਸ ਦੀਆਂ 7 ਬਾਲ ਕਹਾਣੀਆਂ ਸ਼ਾਮਿਲ ਹਨ। ਵਿਦਿਆਰਥਣ ਲੇਖਿਕਾ ਗੁਰਦੀਪ ਕੌਰ ਨੇ ਆਪਣੇ ਸਕੂਲੀ ਮਾਹੌਲ 'ਚੋਂ ਪ੍ਰਾਪਤ ਕੀਤੇ ਇਨ੍ਹਾਂ ਬਾਲ ਕਹਾਣੀਆਂ ਦੇ ਵਿਸ਼ੇ ਅਤੇ ਪਾਤਰਾਂ ਦੀ ਘਾੜਤ ਬਾਖ਼ੂਬੀ ਘੜੀ ਹੈ। ਠੇਠ ਪੇਂਡੂ ਸਰਲ ਭਾਸ਼ਾ ਇਨ੍ਹਾਂ ਬਾਲ ਕਹਾਣੀਆਂ ਨੂੰ ਹੋਰ ਸੁਆਦਲਾ ਬਣਾਉਂਦੀ ਹੈ। ਪਲੇਠੀ ਬਾਲ ਕਹਾਣੀ 'ਹੌਸਲਾ' 'ਚ ਉਸ ਨੇ ਮਿਸਾਲ ਦਿੱਤੀ ਹੈ ਕਿ ਦ੍ਰਿੜ੍ਹ ਇਰਾਦੇ, ਹੌਸਲੇ ਅਤੇ ਮਿਹਨਤ ਨਾਲ ਹਰ ਚੀਜ਼ ਸੰਭਵ ਹੋ ਸਕਦੀ ਹੈ। 'ਨਿੱਕੀ ਜਿਹੀ ਖ਼ਸ਼ੀ' ਇਕ ਦਿਆਲੂ ਕਿਸਮ ਦੇ ਲੜਕੇ ਦੀ ਕਹਾਣੀ ਹੈ ਜੋ ਕਿ ਕਿਸੇ ਦਾ ਭਲਾ ਕਰਕੇ ਉਸ 'ਚੋਂ ਆਪਣੀ ਨਿੱਕੀਆਂ-ਨਿੱਕੀਆਂ ਖੁਸ਼ੀਆਂ ਲੱਭਦਾ ਹੈ। 'ਸੁਪਨਾ' ਕਹਾਣੀ 'ਚ ਦਰਸਾਇਆ ਗਿਆ ਹੈ ਕਿ ਸਖਤ ਮਿਹਨਤ ਨਾਲ ਸਾਰੇ ਸੁਪਨੇ ਪੂਰੇ ਕੀਤੇ ਜਾ ਸਕਦੇ ਹਨ। 'ਸੱਚੇ ਦੋਸਤ' ਕਹਾਣੀ 'ਚ ਪ੍ਰੇਰਣਾ ਦਿੱਤੀ ਗਈ ਹੈ ਕਿ ਸੱਚਾ ਦੋਸਤ ਉਹ ਹੁੰਦਾ ਹੈ ਜੋ ਕਿ ਮੁਸ਼ਕਿਲ ਵਕਤ 'ਚ ਆਪਣੇ ਦੋਸਤ ਦੇ ਕੰਮ ਆਵੇ। 'ਰੌਸ਼ਨੀ' ਕਹਾਣੀ ਦੂਸਰੇ ਦੀ ਮੱਦਦ ਕਰਨ ਲਈ ਪ੍ਰੇਰਿਤ ਕਰਦੀ ਹੈ। ਇਸ ਤੋਂ ਇਲਾਵਾ 'ਰਾਸਤਾ', 'ਪਿਆਰ' ਆਦਿ ਬਾਲ ਕਹਾਣੀਆਂ ਵੀ ਰੌਚਿਕ ਅਤੇ ਪ੍ਰੇਰਣਾਦਾਇਕ ਹਨ। ਇਸ ਪੁਸਤਕ ਦੀਆਂ ਬਾਲ ਕਹਾਣੀਆਂ ਬਾਲ ਮਨਾਂ ਨੂੰ ਟੁੰਬਦੀਆਂ ਹਨ ਅਤੇ ਪ੍ਰੇਰਣਾਦਾਇਕ ਹੋਣ ਕਰਕੇ ਕੋਈ ਨਾ ਕੋਈ ਸਾਰਥਿਕ ਸੁਨੇਹਾ ਵੀ ਦਿੰਦੀਆਂ ਜਾਪਦੀਆਂ ਹਨ। ਇਸ ਵਿਦਿਆਰਥਣ ਲੇਖਿਕਾ ਤੋਂ ਭਵਿੱਖ 'ਚ ਬਾਲ ਸਾਹਿਤ ਦੀਆਂ ਹੋਰ ਵੀ ਵਧੀਆ ਰਚਨਾਵਾਂ ਦੀਆਂ ਸੰਭਾਵਨਾਵਾਂ ਹਨ। ਵਿਦਿਆਰਥਣ ਲੇਖਿਕਾ ਗੁਰਦੀਪ ਕੌਰ ਦੀਆਂ ਇਸ ਹਥਲੀ ਪੁਸਤਕ ਵਿਚਲੀਆਂ ਬਾਲ ਕਹਾਣੀਆਂ ਬਾਲ ਮਨਾਂ ਦੇ ਹਾਣ ਦੀਆਂ ਹੋਣ ਕਰਕੇ ਬਾਲ ਪਾਠਕਾਂ ਨੂੰ ਆਪਣੇ ਵੱਲ ਖਿੱਚ ਪਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਪੁਸਤਕ ਦੀਆਂ ਬਾਲ ਕਹਾਣੀਆਂ ਨੂੰ ਆਪਣੀ ਚਿੱਤਰਕਲਾ ਨਾਲ ਸ਼ਿੰਗਾਰਨ ਵਾਲੇ ਵਿਦਿਆਰਥੀ ਅਨਮੋਲਪ੍ਰੀਤ ਸਿੰਘ ਦੇ ਯਤਨਾਂ ਦੀ ਵੀ ਭਰਪੂਰ ਪ੍ਰਸੰਸਾ ਕਰਨੀ ਬਣਦੀ ਹੈ, ਜਿਸ ਦੇ ਚਿੱਤਰਾਂ ਨੇ ਇਨ੍ਹਾਂ ਬਾਲ ਕਹਾਣੀਆਂ ਨੂੰ ਹੋਰ ਖ਼ੂਬਸੂਰਤ ਅਤੇ ਜਾਨਦਾਰ ਬਣਾ ਦਿੱਤਾ ਹੈ। ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ, ਪਟਿਆਲਾ ਵਲੋਂ ਵਿਦਿਆਰਥੀ ਲੇਖਕਾਂ ਲਈ ਆਰੰਭੇ ਅਜਿਹੇ ਯਤਨ ਸ਼ਲਾਘਾਯੋਗ ਹਨ। ਬਾਲ ਸਾਹਿਤ 'ਚ ਇਸ ਰੌਚਿਕ ਬਾਲ ਕਹਾਣੀਆਂ ਦੀ ਪੁਸਤਕ ਦਾ ਤਹਿ ਦਿਲੋਂ ਸਵਾਗਤ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਰੂਹਾਂ ਦੇ ਗੀਤ
ਲੇਖਕ : ਡਾ. ਗੁਰਪ੍ਰੀਤ ਇੰਦਰ ਸਿੰਘ
ਪ੍ਰਕਾਸ਼ਕ : ਲੇਖਕ ਖ਼ੁਦ
ਸਫ਼ੇ : 92

ਪੰਜਾਬੀ ਭਾਸ਼ਾ ਵਿਚ ਕਈ ਨਵੀਆਂ ਪ੍ਰਵਿਤੀਆਂ ਨੇ ਜਨਮ ਲਿਆ ਹੈ। ਭਾਸ਼ਾ ਇਕ ਨਿੱਤ ਵਗਦਾ ਦਰਿਆ ਹੈ, ਜੋ ਸਦਾ ਨਵੀਆਂ ਤੋਂ ਨਵੀਆਂ ਭਾਸ਼ਾਵਾਂ ਨੂੰ ਜਨਮ ਦਿੰਦਾ ਹੈ ਸਮੇਂ ਦੀ ਲੋੜ ਹੀ ਨਵੀਆਂ ਭਾਸ਼ਾਵਾਂ ਦੇ ਪੈਦਾ ਹੋਣ ਦਾ ਮੂਲ ਕਾਰਨ ਹੁੰਦੀ ਹੈ। ਡਾ. ਗੁਰਪ੍ਰੀਤ ਇੰਦਰ ਸਿੰਘ ਮਨੋਰੋਗਾਂ ਦੇ ਮਾਹਰ ਹਨ ਉਨ੍ਹਾਂ ਦੀ ਪਲੇਠੀ ਪੁਸਤਕ 'ਰੂਹਾਂ ਦੇ ਗੀਤ' ਛਪ ਕੇ ਪਾਠਕਾਂ ਤੀਕ ਪੁੱਜੀ ਹੈ। ਇਸ ਕਿਤਾਬ ਵਿਚ 92 ਕਵਿਤਾਵਾਂ ਹਨ ਜੋ ਇਸ਼ਕ ਮਿਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਯਾਤਰਾ ਕਰਦੀਆਂ ਹਨ। ਸੌਖੇ, ਸਰਲ ਸ਼ਬਦਾਂ 'ਚ ਰੰਗੀਆਂ ਇਹ ਕਵਿਤਾਵਾਂ ਹਨ। ਰੱਬ ਨਾਲ ਗੱਲਾਂ ਕਰਨ ਵਾਲੇ ਸ਼ਬਦਾਂ ਨਾਲ ਜੋੜਦੀਆਂ ਇਹ ਕਵਿਤਾਵਾਂ ਕਿਸੇ ਸਥਾਪਿਤ ਲੇਖਕ ਦਾ ਭੁਲੇਖਾ ਪਾਉਂਦੀਆਂ ਹਨ ਅਤੇ ਮਾਨਵੀ ਸੰਵੇਦਨਾ ਨਾਲ ਓਤਪੋਤ ਹਨ। ਕਵੀ ਮੂਲ ਰੂਪ ਵਿਚ ਸੰਵੇਦਨਸ਼ੀਲ ਪ੍ਰਾਣੀ ਹੁੰਦਾ ਹੈ ਇਸ ਲਈ ਉਸ ਦੀ ਕਾਵਿਕ ਬਿਰਤੀ ਵਿਚੋਂ ਸੰਵਦੇਨਾ ਦੇ ਕਈ ਰੂਪ ਪ੍ਰਗਟ ਹੁੰਦੇ ਹਨ। ਰੂਹ ਦੇ ਵਿਭਿੰਨ ਦ੍ਰਿਸ਼ਾਂ ਵਿਚੋਂ ਸੰਵੇਦਨਾ ਦੀ ਝਲਕ ਦੇਖੀ ਜਾ ਸਕਦੀ ਹੈ।
ਇਸ਼ਕ ਮਿਜਾਜ਼ੀ ਤਾਂ ਸੀ, ਇਸ਼ਕ ਹਕੀਕੀ ਤੇ ਜਾਣ ਵਾਲਾ ਰਾਹ
ਅਸੀਂ ਇਸ਼ਕ ਮਿਜਾਜ਼ੀ ਦੀ ਖੁਸ਼ਬੂ ਵਿਚ, ਜਿੰਦ ਗਵਾ ਬੈਠੇ।
ਕਾਮਲ ਮੁਰਸ਼ਿਦ ਨੇ ਜਦੋਂ, ਕੀਤੀ ਨਦਰ ਦੀ ਨਿਗਾਹ
ਇਸ਼ਕ ਮਿਜਾਜ਼ੀ ਨੂੰ ਛੱਡ, ਹਕੀਕੀ ਨਾਲ ਦਿਲ ਲਾ ਬੈਠੇ।
ਅਸਲ ਕਾਵਿਕ ਰੂਹ ਵਿਚ ਇਕ ਪੂਰਾ ਮਨੁੱਖੀ ਸੰਸਾਰ, ਕਾਇਨਾਤ, ਬਨਸਪਤੀ ਆਦਿ ਦਾ ਬੋਲਬਾਲਾ ਹੈ। ਜੋ ਕਾਵਿਤਾ ਦੇ ਵਿਧਾਨ ਵਿਚ ਕਾਰਜਸ਼ੀਲ ਹੈ। ਰੂਹ ਦੇ ਗੀਤਾਂ ਦੇ ਬਹਾਨੇ ਇਹ ਚਸ਼ਮੇ ਵਾਂਗ ਫੁੱਟ ਰਹੇ ਖਿਆਲ ਹਨ ਜੋ ਵੱਖ-ਵੱਖ ਬਿੰਬਾਂ ਰਾਹੀਂ ਆਪਣਾ ਰੂਪ ਧਾਰਦੇ ਹਨ। ਕਵੀ ਕੋਲ ਕਾਵਿਕ ਰੂਹ ਨੂੰ ਫੈਲਾਉਣ ਦੀ ਸਮਰੱਥਾ ਹੈ। ਇਹ ਕਾਵਿ ਖਿਆਲ ਕਵਿਤਾਵਾਂ ਦਾ ਅਭਾਸ ਕਰਾਉਂਦੇ ਹਨ, ਕਾਵਿਤਾਵਾਂ ਬਿਰਤਾਂਤਕ ਨਹੀਂ ਪਰ ਇਨ੍ਹਾਂ ਵਿਚ ਬਿਰਤਾਂਤ ਦੇ ਬੀਜ ਪਏ ਨਜ਼ਰ ਆਉਂਦੇ ਹਨ। ਪਰਾਗਾ ਵੀ ਹੋਵੇ, ਮਿੱਠੀਆਂ ਮੁਹੱਬਤਾਂ ਦੀ ਚੰਗੇਰ ਵੀ ਹੋਵੇ, ਪਰ ਫਿਰ ਵੀ ਖਿਲਾਰਾ ਸਾਂਭਣਾ ਬੜਾ ਔਖਾ ਹੋ ਜਾਂਦਾ ਹੈ। ਹਰ ਰਚਨਾ ਦੇ ਸਿਰਜਣ ਪਲ ਵਿਚ ਭਾਸ਼ਾਈ ਮੁਹਾਂਦਰਾ ਪਿਆ ਹੁੰਦਾ ਹੈ ਜੋ ਕਈ ਖਿਆਲਾਂ, ਵਿਚਾਰਾਂ ਦੇ ਦਵੰਦ ਨੂੰ ਪੇਸ਼ ਕਰਨ ਦੇ ਸਮੱਰਥ ਹੁੰਦਾ ਹੈ। ਕਵੀ ਰੂਹ ਦੇ ਗੀਤ ਗਾਉਂਦਾ ਆਪਣੇ ਕਾਵਿ ਸੰਸਾਰ ਦੀ ਸਿਰਜਣਾ ਕਰਕੇ ਆਪਣੀ ਕਾਵਿਕ ਸਮੱਰਥਾ ਦਾ ਬਖੂਬੀ ਇਜ਼ਹਾਰ ਹਥਲੀ ਪੁਸਤਕ ਵਿਚ ਕਰਦਾ ਹੈ। ਡਾ. ਗੁਰਪ੍ਰੀਤ ਇੰਦਰ ਸਿੰਘ ਨੇ ਜਿਥੇ ਮਾਨਸਿਕ ਰੋਗੀ ਤੇ ਨਸ਼ਿਆਂ 'ਚ ਗਰਕ ਹੋ ਚੁਕੇ ਲੋਕਾਂ ਨੂੰ ਰੀਝ ਨਾਲ ਪੜ੍ਹਿਆ ਵਾਚਿਆ ਤੇ ਇਲਾਜ ਕੀਤਾ ਹੈ, ਏਵੇਂ ਹੀ ਉਹ ਆਪਣੀ ਕਵਿਤਾ ਨਾਲ ਵਿਵਹਾਰਕ ਸੰਵਾਦ ਰਚਾਉਂਦਾ ਹੈ।
ਮੇਰੀ ਚੁੱਪ ਨੂੰ ਤੂੰ,
ਨਾਸਮਝੀ ਸਮਝ ਬੈਠੀ
ਇਹ ਤਾਂ ਤੇਰੇ ਮੂਰਖਪੁਣੇ 'ਤੇ
ਨਾ ਬੋਲਣ ਦੀ ਤਾਕੀਦ ਸੀ।
ਇਸ ਅਖੀਰਲੀ ਕਵਿਤਾ ਨਾਲ ਹੀ ਉਸ ਦੀ ਕਿਤਾਬ ਮੁਕੰਮਲ ਹੋ ਜਾਂਦੀ ਹੈ। ਮੈਂ ਇਸ ਪੁਸਤਕ ਨੂੰ ਜੀ ਆਇਆਂ ਕਹਿੰਦਾ ਹਾਂ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

14-12-2024

 ਹਰਫ਼ਾਂ ਦੀ ਜਾਗੀਰ
ਲੇਖਕ : ਪ੍ਰੋ. ਕੁਲਵੰਤ ਸਿੰਘ ਔਜਲਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 144
ਸੰਪਰਕ : 84377-88856

ਕਵਿਤਾਵਾਂ ਤਾਂ ਰੋਜ਼ ਹੀ ਪੜ੍ਹੀਂਦੀਆਂ ਨੇ ਪਰ ਅਧਿਐਨ ਅਧੀਨ ਕਾਵਿ-ਸੰਗ੍ਰਹਿ ਨੇ ਜਿੰਨਾ ਅਨੰਦ ਦਿੱਤਾ ਹੈ, ਅਜਿਹਾ ਕਦੇ-ਕਦੇ ਹੀ ਨਸੀਬ ਹੁੰਦਾ ਹੈ। ਕਵੀ ਨੇ ਇਹ ਕਿਤਾਬ ਆਪਣੇ ਬੱਚਿਆਂ ਨੂੰ ਸਕੂਲ ਲਿਜਾਣ ਵਾਲੇ ਰਿਕਸ਼ਾ ਚਾਲਕ 'ਗੁਰਨਾਮ' ਨੂੰ ਸਮਰਪਿਤ ਕੀਤੀ ਹੈ। 'ਅੱਖਰ ਮੰਚ' ਕਪੂਰਥਲੇ ਦੇ ਪ੍ਰਧਾਨ ਨੈਸ਼ਨਲ ਐਵਾਰਡੀ ਸਰਵਣ ਸਿੰਘ ਨੇ ਇਸ ਪੁਸਤਕ ਦੀ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਹੈ। ਇਸ ਕਾਵਿ-ਸੰਗ੍ਰਹਿ ਨੂੰ ਛੇ ਮੁੱਖ ਭਾਗਾਂ ਵਿਚ ਵੰਡਿਆ ਹੈ। ਇਨ੍ਹਾਂ ਭਾਗਾਂ ਦੇ ਕ੍ਰਮਵਾਰ ਸਿਰਲੇਖ ਇਸ ਪ੍ਰਕਾਰ ਹਨ ਜਿਵੇਂ ਕਿ 'ਧੜਕਦੀ ਕਿਤਾਬ ਵਰਗੀਆਂ', ਮਾਂ ਵਰਗੀਆਂ, ਸੱਜਰੀ ਸਵੇਰ ਦੇ ਸੁਪਨੇ ਉਪਜਾਉਂਦੀਆਂ, ਅਗ਼ਜ਼ਲ ਸਮਿਆਂ ਦੀਆਂ, ਦਿਲ 'ਚੋਂ ਬੋਲਦੀਆਂ, ਤਾਉਮਰੇ ਬਨਵਾਸ' ਵਰਗੀਆਂ ਕਵਿਤਾਵਾਂ ਆਦਿ। ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਕਵਿਤਾਵਾਂ ਸਵੈਜੀਵਨੀ, ਚਿੰਤਨ-ਚੇਤਨਾ, ਅੱਖੀਂ ਵੇਖੇ, ਹੱਡੀਂ ਹੰਢਾਏ ਅਨੁਭਵ ਵਿਚੋਂ ਹੋਂਦ ਗ੍ਰਹਿਣ ਕਰਦੀਆਂ ਹੋਣ। ਕਵੀ ਇਸ ਧਰਤੀ 'ਤੇ ਬੇਗਮਪੁਰ (ਯੂਟੋਪੀਆ) ਸਿਰਜਣਾ ਚਾਹੁੰਦਾ ਹੈ।
ਮੇਰੀ ਧੜਕਣ ਵਿਚੋਂ ਸਿੰਮਦੇ ਅਜੇ ਵੀ ਆਬਸ਼ਾਰ
ਮੈਂ ਅਜੇ ਵੀ ਬੇਗ਼ਮਪੁਰ ਦੇ ਖਾਬ ਵਰਗਾ ਹਾਂ। ਪੰਨਾ 16
ਦਰਅਸਲ ਇਹ ਕਵਿਤਾਵਾਂ ਸਰਕਾਰ ਵਲੋਂ ਪਿੱਛੇ ਜਿਹੇ ਲਾਗੂ ਕੀਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਸੰਘਰਸ਼ ਤੋਂ ਬਾਅਦ ਸਿਰਜੀਆਂ ਜਾਪਦੀਆਂ ਹਨ :
ਮੇਰੇ ਧੁਰ ਅੰਦਰ ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ
ਮੈਂ ਇਨਸਾਫ਼ ਮੰਗਦੀਆਂ ਆਵਾਜ਼ਾਂ ਦਾ ਸਾਂਝਾ ਮੁਹਾਜ਼ ਹਾਂ। ਪੰਨਾ 17
ਲੇਖਕ ਨੇ ਆਪਣਾ ਸਵੈ-ਚਿੱਤਰ ਕਵਿਤਾਵਾਂ 'ਚ ਉਲੀਕਿਆ ਜਾਪਦਾ ਹੈ। ਉਸ ਨੂੰ 1947 ਦੀ ਦੁਖਾਂਤ ਦੀ ਪੀੜ ਹੈ ਜਦੋਂ ਹਾਲੀ ਉਸ ਦਾ ਜਨਮ ਨਹੀਂ ਹੋਇਆ ਸੀ। ਉਹ 70 ਸਾਲ ਦੀ ਉਮਰ ਵਿਚ ਕਹਿੰਦਾ ਹੈ ਕਿ ਪਿੰਡ ਛੱਡ ਕੇ ਮਾਡਲ ਟਾਊਨ-ਕਪੂਰਥਲਾ ਦਾ ਵਸਨੀਕ ਬਣਿਆ। ਲਾਲ ਸੂਹੀ ਸੋਚ ਕਾਮਰੇਡੀ ਸੋਚ ਹੈ। ਕਿਤਾਬਾਂ ਦੀ ਸੰਭਾਲ ਕਰਦਾ ਰਹਿੰਦਾ ਹੈ। ਉਸ ਦਾ ਮਨੋਰਥ ਅੱਖਰਾਂ ਅਤੇ ਸ਼ਬਦਾਂ ਦਾ ਵਣਜ ਕਰਨਾ ਹੈ। ਪਰਿਵਾਰ ਦੇ ਨਾਂਅ ਵੀ ਦੇ ਦਿੱਤੇ ਹਨ। ਮਾਂ ਸ਼ਾਇਦ ਫ਼ਾਨੀ ਸੰਸਾਰ ਤੋਂ ਕੂਚ ਕਰ ਗਈ। ਮਾਤਾ-ਪਿਤਾ ਦੀ ਮਿਹਨਤ ਤੋਂ ਬਣੀ ਸ਼ਖ਼ਸੀਅਤ ਹੈ।
ਸਿੱਖੀ ਇਤਿਹਾਸ ਤੋਂ ਬਿਨਾਂ ਹੋਰ ਅਨੇਕਾਂ ਹਵਾਲੇ ਨੇ ਮਸਲਨ ਬਾਬਾ ਨਾਨਕ, ਬਾਬਾ ਮਰਦਾਨਾ, ਸਾਈਂ ਮੀਆਂ ਮੀਰ, ਫ਼ਰੀਦ, ਕਬੀਰ, ਸਰਵਣ, ਪੂਰਨ, ਰਾਣੀ ਸੁੰਦਰਾਂ, ਭਾਈ ਲਾਲੋ, ਮਲਕ ਭਾਗੋ ਆਦਿ। ਬਲਦੇ ਸਮਾਜ ਦੀਆਂ ਝਾਕੀਆਂ ਪ੍ਰਸਤੁਤ ਕੀਤੀਆਂ ਨੇ। ਜਿਵੇਂ :
* ਦਿਨ ਕੁਲਵੰਤ ਸਦਾ ਇਕੋ ਜਿਹੇ ਰਹਿੰਦੇ ਨਹੀਂ
ਸੱਥਾਂ 'ਚ ਸਿਆਣੇ ਹੁਣ ਪਹਿਲਾਂ ਵਾਂਗੂ ਬਹਿੰਦੇ ਨਹੀਂ। ਪੰ. 37
* ਪਿੰਡਾਂ ਦਾ ਭੂਗੋਲ ਹੜੱਪ ਗਏ ਐਵੀਨਿਊ ਅਤੇ ਕਲੋਨੀਆਂ
ਕਦੇ ਹੁੰਦਾ ਸੀ ਟਾਊਨ ਜਲੰਧਰ ਪਿੰਡਾਂ ਵਰਗਾ ਸ਼ਹਿਰ। ਪੰਨਾ 834
* ਨਾ ਧੜਕੇ, ਨਾ ਰੀਝੇ, ਨਾ ਤੜਪੇ, ਨਾ ਤਿਲਮਿਲਾਵੇ
ਬਾਜ਼ਾਰ ਚਾਹੁੰਦਾ ਹੈ ਬੰਦਿਆਂ ਨੂੰ ਮੋਬਾਈਲ ਤੇ ਮਸ਼ੀਨ ਕਰਨਾ। ਪੰ. 91
ਉੱਤਰ-ਆਧੁਨਿਕ ਯੁੱਗ ਹੈ। ਪੁੱਤਰਾਂ ਵਾਂਗ ਧੀਆਂ ਵੀ ਰੁਜ਼ਗਾਰ ਦੀ ਤਲਾਸ਼ ਵਿਚ ਕੈਲਗਰੀ, ਟੋਰਾਂਟੋ, ਵੈਨਕੂਵਰ ਆਦਿ ਵੱਲ ਮਾਸੂਮ ਵਲਵਲੇ ਲੈ ਕੇ, ਡਾਲਰਾਂ ਦੇ ਦੇਸ਼ ਵੱਲ ਚੱਲੀਆਂ ਨੇ, ਮਨਾਂ ਵਿਚ ਪੱਕੇ ਹੋਣ ਦਾ ਉਦੇਸ਼ ਮਚਲਦਾ ਹੈ।
ਪੰਜਾਬੀ ਭਾਸ਼ਾ 'ਤੇ ਅੰਗਰੇਜ਼ੀ ਹਾਵੀ ਹੋ ਰਹੀ ਹੈ। ਅਜੋਕੀਆਂ ਔਰਤਾਂ ਦਾ ਸੰਘਰਸ਼ ਚਿਤਰਿਆ ਹੈ। ਕਈ ਧਰਮਾਂ ਦੀ ਏਕਤਾ ਦਾ ਹਾਮੀ ਹੈ। ਆਧੁਨਿਕ ਸੱਭਿਅਤਾ ਨੂੰ ਛਲਾਵਾ (ਸਿਮੁਲੇਕਰਮ) ਸਮਝਦਾ ਹੈ। ਬੰਦੇ ਅੰਦਰੋਂ ਹੋਰ ਨੇ, ਬਾਹਰੋਂ ਹੋਰ ਨੇ। ਸਮਾਜ ਦੀ ਨਿਘਰਦੀ ਹਾਲਤ ਕਵਿਤਾਈ ਹੈ। ਉਂਝ ਕਵੀ ਆਸ਼ਾਵਾਦੀ ਹੈ। ਚੰਡੀਗੜ੍ਹ ਸ਼ਹਿਰ ਦਾ ਮਾਨਵੀਕਰਨ ਕੀਤਾ ਹੈ। ਰਵੀ ਨੇ ਅਨੇਕਾਂ ਬਿੰਬਾਂ, ਅਲੰਕਾਰ, ਪ੍ਰਤੀਕਾਂ (ਮੈਟਾਫਰਾਂ) ਨਾਲ ਆਪਣੇ ਕਾਵਿ ਨੂੰ ਸਤਿਅਮ, ਸ਼ਿਵਮ, ਸੁੰਦਰਮ ਦੀ ਮਹਾਨ ਕਿਰਤ ਬਣਾਇਆ ਹੈ। ਕੁੱਲ ਮਿਲਾ ਕੇ ਇਹ ਕਾਵਿ-ਸੰਗ੍ਰਹਿ ਬੀਤੇ ਸਮੇਂ ਦੀਆਂ ਯਾਦਾਂ, ਵਰਤਮਾਨ ਦੀਆਂ ਅਹਿਮ ਘਟਨਾਵਾਂ ਅਤੇ ਭਵਿੱਖ ਲਈ ਸੁਪਨੇ ਸਿਰਜਦਾ ਵਿਲੱਖਣ ਦਸਤਾਵੇਜ਼ ਹੋ ਨਿਬੜਿਆ ਹੈ।

-ਡਾ. ਧਰਮ ਚੰਦ ਵਾਤਿਸ਼
ਈਮੇਲ : vatish.dharamchand@gmail.com

ਵਾਰਤਕ ਰੰਗ
ਸੰਪਾਦਕੀ ਮੰਡਲ : ਡਾ. ਤਰਸਪਾਲ ਕੌਰ, ਮਹਿੰਦਰ ਸਿੰਘ ਰਾਹੀ, ਡਾ. ਰਾਮਪਾਲ ਸ਼ਾਹਪੁਰੀ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 148
ਸੰਪਰਕ : 98766-36159

ਇਸ ਲੇਖ-ਸੰਗ੍ਰਹਿ ਵਿਚ 52 ਨਿਬੰਧਕਾਰਾਂ ਵਲੋਂ ਲਿਖੇ 52 ਲੇਖ ਸ਼ਾਮਿਲ ਹਨ। ਇਹ ਰਚਨਾਵਾਂ ਜ਼ਿੰਦਗੀ ਦੇ ਵੱਖੋ-ਵੱਖ ਰੰਗ ਪੇਸ਼ ਕਰਦੀਆਂ ਹਨ ਜਿਵੇਂ ਰੂਹਾਨੀ, ਸਾਹਿਤਕ, ਮਨੋਵਿਗਿਆਨਕ ਆਦਿ। ਇਹ ਰੰਗ ਸਤਰੰਗੀ ਪੀਂਘ ਵਾਂਗੂੰ ਆਕਰਸ਼ਕ ਅਤੇ ਮਾਣਨਯੋਗ ਹਨ। ਰੂਹਾਨੀਅਤ ਦਾ ਅਕਸ ਪੇਸ਼ ਕਰਦੇ ਹੋਏ ਕੁਝ ਲੇਖ ਬਹੁਤ ਪ੍ਰਭਾਵਸ਼ਾਲੀ ਹਨ ਜਿਵੇਂ ਭਗਤ ਰਵਿਦਾਸ ਜੀ ਦੀ ਕਿਰਤੀ ਵਿਚਾਰਧਾਰਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਬਾਬਾ ਬੁੱਢਾ ਜੀ, ਜ਼ਫ਼ਰਨਾਮਾ ਦਾ ਰੂਹਾਨੀ ਰਹੱਸ ਆਦਿ। ਸਾਹਿਤਕ ਰੰਗ ਨਾਲ ਲਬਰੇਜ਼ ਲੇਖਾਂ ਵਿਚੋਂ ਸਹਿਜ, ਸੁਹਜ ਅਤੇ ਸੱਭਿਆਚਾਰ ਝਲਕਦਾ ਹੈ। ਕਵਿਤਾ, ਕਵੀਸ਼ਰੀ, ਸੰਗੀਤ, ਲੋਕ ਸਾਹਿਤ ਅਤੇ ਸਿਰਜਣਾ ਦੇ ਸੰਦਰਭ ਬਾਰੇ ਚਾਨਣਾ ਪਾਇਆ ਗਿਆ ਹੈ। ਅਜੋਕੇ ਪੰਜਾਬ ਦੇ ਕੁਝ ਗੰਭੀਰ ਮਸਲੇ ਵਿਚਾਰੇ ਗਏ ਹਨ ਜਿਵੇਂ ਪਦਾਰਥਕ ਸੁਖਾਂ ਵਿਚ ਉਲਝਿਆ ਇਨਸਾਨ, ਬਾਲ ਮਜ਼ਦੂਰੀ ਅਤੇ ਬਾਲ ਅੱਤਿਆਚਾਰ, ਪਰਵਾਸ, ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਸੁਚੱਜੀ ਵਰਤੋਂ ਆਦਿ। ਆਪੇ ਦੀ ਪਛਾਣ ਅਤੇ ਮਨੁੱਖੀ ਜੀਵਨ ਦੀਆਂ ਚੁਣੌਤੀਆਂ ਸੰਬੰਧੀ ਸੁਚੇਤ ਕੀਤਾ ਗਿਆ ਹੈ। ਪੰਜਾਬੀਆਂ ਦੇ ਦਿਲਾਂ ਵਿਚੋਂ ਅਣਖ, ਸਿਦਕ, ਸੱਚ ਅਤੇ ਸਹਿਜ ਅਲੋਪ ਹੁੰਦੇ ਜਾ ਰਹੇ ਹਨ। ਮਨੁੱਖੀ ਸੁਆਰਥਾਂ ਅਤੇ ਲਾਲਚਾਂ ਨੇ ਖ਼ੂਬਸੂਰਤ ਧਰਤੀ ਨੂੰ ਭਿਆਨਕ ਜੰਗਾਂ ਅਤੇ ਨਫ਼ਰਤਾਂ ਵੱਲ ਧੱਕ ਦਿੱਤਾ ਹੈ। ਮਮਤਾ, ਦਇਆ, ਕਰੁਣਾ, ਮਿੱਤਰਤਾ, ਅਪਣੱਤ ਅਤੇ ਵਫ਼ਾ ਵਰਗੀਆਂ ਕਦਰਾਂ-ਕੀਮਤਾਂ ਦੀ ਥਾਂ 'ਤੇ ਭੁੱਖ, ਕੰਗਾਲੀ, ਫ਼ਸਾਦ ਅਤੇ ਦਹਿਸ਼ਤ ਦਾ ਬੋਲ-ਬਾਲਾ ਹੁੰਦਾ ਜਾ ਰਿਹਾ ਹੈ। ਸਮੁੱਚੇ ਤੌਰ 'ਤੇ ਇਹ ਇਕ ਵਧੀਆ ਪੁਸਤਕ ਹੈ ਜੋ ਬੇਰੰਗੀ ਹੁੰਦੀ ਜਾ ਰਹੀ ਹੈ ਜ਼ਿੰਦਗੀ ਵਿਚ ਮੁਹੱਬਤ ਦੇ ਰੰਗ ਭਰਨ ਦਾ ਯਤਨ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਮਾਤਾ ਗੁਜਰੀ ਜੀ ਦੇ ਲਾਲ ਦੇ ਲਾਲ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 60
ਸੰਪਰਕ : 98764-52223

ਪੰਜਾਬੀ ਬਾਲ-ਸਾਹਿਤ ਵਿਚ ਪ੍ਰਿੰ. ਬਹਾਦਰ ਸਿੰਘ ਗੋਸਲ ਦਾ ਵਿਸ਼ੇਸ਼ ਸਥਾਨ ਹੈ। ਇਸ ਖੇਤਰ ਵਿਚ ਉਸ ਦੀਆਂ 99 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਪਣੀਆਂ ਕਵਿਤਾਵਾਂ ਵਿਚ ਉਸ ਨੇ ਬੱਚਿਆਂ ਦੇ ਮਾਨਸਿਕ ਪੱਧਰ ਅਨੁਸਾਰ ਸਰਲ ਭਾਸ਼ਾ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਨੂੰ ਪੜ੍ਹ ਕੇ ਬਾਲ-ਪਾਠਕਾਂ ਦੇ ਮਨ ਉੱਪਰ ਸੁਖਾਵਾਂ ਪ੍ਰਭਾਵ ਪੈਂਦਾ ਹੈ ਅਤੇ ਉਹ ਆਪਣੇ ਅਮੀਰ ਵਿਰਸੇ ਤੋਂ ਜਾਣੂ ਹੁੰਦੇ ਹਨ। ਰੰਗੀਨ ਤਸਵੀਰਾਂ ਤੇ ਦਿਲਖਿਚਵੀਂ ਛਪਾਈ ਨਾਲ ਸ਼ਿੰਗਾਰੀ ਬਾਲ-ਕਵਿਤਾਵਾਂ ਦੀ ਇਹ ਪੁਸਤਕ ਲੇਖਕ ਦੀ 100ਵੀਂ ਰਚਨਾ ਹੈ। ਧਾਰਮਿਕ ਕਵਿਤਾਵਾਂ ਦੀ ਇਹ ਪੁਸਤਕ ਦਸਮੇਸ਼ ਪਿਤਾ ਜੀ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕੀਤੀ ਗਈ ਹੈ, ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਵਿਲੱਖਣ ਕੁਰਬਾਨੀਆਂ ਦਿੱਤੀਆਂ। ਪੁਸਤਕ ਵਿਚਲੀਆਂ ਕਵਿਤਾਵਾਂ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਕੀਤੀਆਂ ਜਾ ਰਹੀਆਂ ਹਨ :
-ਗੁਰ ਦਸਮੇਸ਼ ਦੇ ਛੋਟੇ ਲਾਲ ਪਿਆਰੇ, ਵਿੱਛੜ ਗਏ ਪਰਿਵਾਰ ਤੋਂ ਸਰਸਾ ਕਿਨਾਰੇ।
ਮਹੀਨਾ ਪੋਹ ਦਾ ਠੰਢੀ ਰਾਤ ਸੀ, ਇਕ ਦਾਦੀ ਮਾਂ ਦਾ ਸਾਥ ਸੀ।
-ਪੁੱਤ ਵਾਰਨਾ ਦੇਸ਼ ਤੋਂ ਇਕ ਔਖਾ, ਉਹ ਤਾਂ ਚਾਰਾਂ ਹੀ ਪੁੱਤਾਂ ਨੂੰ ਵਾਰ ਗਿਆ।
ਚਾਰ ਮੋਏ ਤਾਂ ਵੀ ਕੀ ਹੋਇਆ, ਸਾਰੇ ਸਿੰਘਾਂ ਨੂੰ ਹੀ ਕਹਿ ਪਰਿਵਾਰ ਗਿਆ।
-ਜੰਗ ਨੂੰ ਚੱਲਿਆ ਅਜੀਤ ਸਿੰਘ ਸੂਰਮਾ, ਉਹ ਘੋੜੇ ਉੱਤੇ ਅੱਡੀ ਲਾਅ।
ਉਹਨੂੰ ਡਰ ਨਹੀਂ ਭੋਰਾ ਮੌਤ ਦਾ, ਮਨ ਜੰਗ ਜੂਝਣ ਦਾ ਚਾਅ।
ਵਿਸ਼ੇ 'ਤੇ ਰੂਪ ਦੇ ਪੱਖ ਤੋਂ ਛਪੀ ਇਸ ਖ਼ੂਬਸੂਰਤ ਪੁਸਤਕ ਲਈ ਲੇਖਕ ਅਤੇ ਪ੍ਰਕਾਸ਼ਕ ਦੋਵੇਂ ਹੀ ਵਧਾਈ ਦੇ ਪਾਤਰ ਹਨ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਪੱਕੀਆਂ ਵੋਟਾਂ
ਲੇਖਕ : ਉਜਾਗਰ ਲਲਤੋਂ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 140 ਰੁਪਏ ਸਫ਼ੇ : 104
ਸੰਪਰਕ : 98724-48221

ਇਸ ਨਾਵਲ ਦਾ ਦੂਸਰਾ ਐਡੀਸ਼ਨ ਛਪਿਆ ਹੈ। ਪਹਿਲੀ ਵਾਰ ਇਹ ਨਾਵਲ 2014 ਵਿਚ ਛਪਿਆ ਸੀ। ਸਿਰਲੇਖ ਤੋਂ ਸਪੱਸ਼ਟ ਹੈ ਕਿ ਨਾਵਲ ਦਾ ਕੈਨਵਸ ਵੋਟ ਰਾਜਨੀਤੀ ਨਾਲ ਜੁੜਦਾ ਹੈ। ਬਿਨਾਂ ਕਿਸੇ ਭੂਮਿਕਾ/ਤਸਵੀਰ ਦੇ ਲੇਖਕ ਨੇ ਆਪਣੀ ਮਾਤਾ ਜੀ ਨੂੰ ਸਮਰਪਿਤ ਕੀਤਾ ਹੈ ਤੇ ਹੋਰ ਚਾਰ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਨਾਵਲ ਕਥਾਰਸ ਭਰਪੂਰ ਹੈ। ਪਿੰਡਾਂ ਦਾ ਸੱਭਿਆਚਾਰ ਤੇ ਗ਼ਰੀਬ ਲੋਕਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਰੂਪਮਾਨ ਕਰਦਾ ਹੈ। ਮੁੱਖ ਪਾਤਰ ਦਿਹਾੜੀਦਾਰ ਕਰਮਾ ਤੇ ਉਸ ਦੀ ਪਤਨੀ ਅਮਰੀਕੋ ਹਨ। ਅਮਰੀਕੋ ਗੰਭੀਰ ਬਿਮਾਰੀ ਨਾਲ ਪੀੜਤ ਹੈ। ਸਰਕਾਰੀ ਹਸਪਤਾਲ ਤੋਂ ਦਵਾਈ ਵੀ ਨਹੀਂ ਮਿਲਦੀ। ਆਪ੍ਰੇਸ਼ਨ ਕਰਾਉਣਾ ਹੈ। ਪਰ ਕੋਲ ਪੈਸੇ ਨਹੀਂ ਹਨ। ਗ਼ਰੀਬੀ ਕਰਕੇ ਪਿੰਡ ਦੀ ਸਾਬਕਾ ਸਰਪੰਚਣੀ ਗੁਰਦੇਵ ਕੌਰ ਨਾਲ ਗੱਲ ਕਰਦੇ ਹਨ। ਉਹ ਆਪ੍ਰੇਸ਼ਨ ਲਈ ਮਦਦ ਦੀ ਹਾਮੀ ਭਰਦੀ ਹੈ। ਪਰ ਮਸਲਾ ਇਹ ਹੈ ਕਿ ਕਰਮੇ ਦੀ ਸੁਰ ਪੁਰਾਣੇ ਸਮੇਂ ਤੋਂ ਵਿਰੋਧੀ ਪਾਰਟੀ ਦੇ ਨੰਬਰਦਾਰ ਨਾਲ ਮਿਲਦੀ ਹੈ। ਹੁਣ ਉਹ ਦੁਬਿਧਾ ਵਿਚ ਹੈ। ਉਸ ਦਾ ਦਿਲ ਨੰਬਰਦਾਰ ਤੋਂ ਵਿਤੀ ਮਦਦ ਲੈਣ ਨੂੰ ਕਰਦਾ ਹੈ। ਇਕ ਵਾਰੀ ਤਾਂ ਆਪ੍ਰੇਸ਼ਨ ਦੀ ਪੂਰੀ ਤਿਆਰੀ ਹੋ ਜਾਂਦੀ ਹੈ। ਹਸਪਤਾਲ ਜਾਣ ਲਈ ਅਮਰੀਕੋ ਤਿਆਰ ਬੈਠੀ ਹੈ। ਪਰ ਫਿਰ ਕੋਈ ਹੋਰ ਘਰ ਦਾ ਜੀਅ ਆ ਕੇ ਰੋਕ ਦਿੰਦਾ ਹੈ। ਕਰਮੇ ਦਾ ਭਰਾ ਜੈਲਾ ਤਰਕਸ਼ੀਲ ਵਿਚਾਰਾਂ ਵਾਲਾ ਪਾਤਰ ਹੈ ਉਧਰ ਚੋਣਾ ਦੇ ਦਿਨ ਹਨ। ਨੰਬਰਦਾਰ ਤੇ ਉਮੀਦਵਾਰ ਕਰਮੇ ਦੇ ਘਰ ਵੋਟਾਂ ਦਾ ਕਹਿਣ ਆਉਂਦੇ ਹਨ। ਅਮਰੀਕੋ ਦੀ ਸੱਸ ਦਿਆਲੋ ਬਹੁਤ ਸਲੀਕੇ ਨਾਲ ਨੂੰਹ ਦੇ ਆਪ੍ਰੇਸ਼ਨ ਦੀ ਗੱਲ ਕਰਦੀ ਹੈ। ਨੰਬਰਦਾਰ ਕਹਿੰਦਾ ਹੈ ਕਿ ਉਹ ਕਰਮੇ ਨੂੰ ਰਾਤ ਨੂ ਮੇਰੇ ਕੋਲ ਭੇਜੇ। ਨਾਲ ਹੀ ਬੱਗਾ ਸਿੰਘ ਉਮੀਦਵਾਰ ਨੂੰ ਆਪਣੀਆਂ ਪੱਕੀਆਂ ਵੋਟਾਂ ਹੋਣ ਦਾ ਯਕੀਨ ਦੁਆਉਂਦਾ ਹੈ (ਪੰਨਾ 92)। ਕਰਮਾ ਰਾਤ ਨੂੰ ਜਾਂਦਾ ਹੈ। ਨੰਬਰਦਾਰ ਨਹੀਂ ਮਿਲਦਾ ਪਰ ਉਸ ਦਾ ਭਰਾ ਧੀਰਾ ਕਰਮੇ ਦੀਆਂ ਪੰਜ ਵੋਟਾਂ ਦਾ ਮੁੱਲ ਲੈਣ ਲਈ ਕਹਿੰਦਾ ਹੈ। ਦਾਰੂ ਦਾ ਸ਼ੁਕੀਨ ਕਰਮਾਂ ਵੋਟਾਂ ਮੁੱਲ ਲੈਣ ਤੋਂ ਕੋਰੀ ਨਾਂਹ ਕਰ ਦਿੰਦਾ ਹੈ। ਉਹ ਸਵੈਮਾਨ ਵਾਲਾ ਬੰਦਾ ਹੈ ਪਰ ਹੈ ਸਿੱਧ ਪੱਧਰਾ। ਗੱਲਬਾਤ ਵਿਚ ਢਿੱਲਾ ਹੈ। ਫਿਰ ਦੋ ਤਿੰਨ ਗੇੜੇ ਹੋਰ ਵੀ ਨੰਬਰਦਾਰ ਵੱਲ ਲਾਉਂਦਾ ਹੈ ਕਿ ਸ਼ਾਇਦ ਪੈਸੇ ਮਿਲ ਜਾਣ ਕਿਉਂਕਿ ਉਸ ਦੀ ਪਾਰਟੀ ਚੋਣ ਜਿੱਤ ਵੀ ਜਾਂਦੀ ਹੈ। ਪਰ ਨੰਬਰਦਾਰ ਅਖੀਰ ਕੈਨੇਡਾ ਨੂੰ ਚਲਾ ਜਾਂਦਾ ਹੈ। ਅਮਰੀਕੋ ਦਾ ਆਪ੍ਰੇਸ਼ਨ ਨਹੀਂ ਹੁੰਦਾ। ਦੋਵੇਂ ਜੀਅ ਸੋਚਦੇ ਹਨ। ਹੁਣ ਫੇਰ? ਬੱਚਿਆਂ ਵਲੋਂ ਕਤੂਰੇ ਪਾਲਣ ਦੇ ਅਤੇ ਹੋਰ ਦਿਲਚਸਪ ਦ੍ਰਿਸ਼ ਨਾਵਲ ਵਿਚ ਸੁਹਜ ਭਰਦੇ ਹਨ।

-ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160

ਕਿੱਸਾ ਮੌਜੇ
ਲੇਖਕ : ਮਾਸਟਰ ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 94170-49417

ਮਾਸਟਰ ਦੇਸ ਰਾਜ ਛਾਜਲੀ ਹਥਲੀ ਕਾਵਿ-ਕਿਤਾਬ 'ਕਿੱਸਾ ਮੌਜੇ : ਕੰਮੀਆਂ ਦੀ ਘੜੰਮ ਚੌਧਰੀਆਂ ਨਾਲ ਟੱਕਰ' ਤੋਂ ਪਹਿਲਾਂ ਵੀ ਆਪਣੀਆਂ 6 ਕਿਤਾਬਾਂ 'ਗਾਥਾ ਕ੍ਰਿਸ਼ਨਗੜ੍ਹ', 'ਕਾਮਰੇਡ ਤਾਰਾ ਸਿੰਘ ਜਵਾਹਰ ਵਾਲਾ' (ਜੀਵਨੀ), 'ਭਾਰਤ ਅਤੇ ਦਿੱਲੀ', 'ਗ਼ਦਰੀ ਗੁਲਾਬ ਕੌਰ ਅਤੇ ਹੋਰ ਕਾਵਿ-ਨਾਟਕ' ਅਤੇ ਕਰਤਾਰ ਸਿੰਘ ਸਰਾਭਾ ਅਤੇ ਯੋਧਿਆਂ ਦੀਆਂ ਵਾਰਾਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਕਿਸੇ ਰਸਮੀ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਕਿਉਂਕਿ ਉਹ ਅਕਸਰ ਹੀ ਕ੍ਰਾਂਤੀਕਾਰਾਂ ਦੀਆਂ ਬਰਸੀਆਂ ਅਤੇ ਜਨਤਕ ਇਕੱਠਾਂ ਤੇ ਅਖਾੜਾ ਤਰਜ਼ ਦੀ ਰੁਮਾਚਿਕਤਾ ਭਰੀ ਸਟੇਜੀ ਕਵੀਸ਼ਰੀ ਰਾਹੀਂ ਸਰੋਤਿਆਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ। ਡਾ. ਮੀਤ ਖਟੜਾ ਨੇ ਸ਼ਾਇਰ ਦੀ ਛੰਦ ਬੱਧ ਤੇ ਅਲੰਕਾਰਕ ਸ਼ਾਇਰੀ ਦੀ ਬੜੀ ਹੀ ਪ੍ਰਬੁੱਧਤਾ ਨਾਲ ਸਾਂਝ ਪਵਾਈ ਹੈ। ਸ਼ਾਇਰ ਨੇ ਆਪਣੇ ਸਵੈ-ਕਥਨੀ ਵਿਚ ਸਪੱਸ਼ਟ ਕੀਤਾ ਹੈ ਕਿ ਇਹ ਕਿੱਸਾ ਕਿਸੇ ਰਾਜੇ ਰਾਣਿਆਂ ਬਾਰੇ ਨਹੀਂ ਬਲਕਿ ਮਨੂੰ ਸਿਮਰਤੀ ਵਲੋਂ ਦੁਰਕਾਰੇ ਬਦ ਤੋਂ ਬਦਤਰ ਜ਼ਿੰਦਗੀ-ਗੁਜ਼ਰ ਬਸਰ ਕਰਨ ਹਾਸ਼ੀਆਗਤ ਦਲਿਤਾਂ ਦੇ ਦੁਖਾਂਤ ਬਾਰੇ ਹੈ। ਸ਼ਾਇਰ ਕਿੱਸਾਕਾਰ ਦਮੋਦਰ ਦੀ ਤਰਜ਼ 'ਤੇ ਕਿ 'ਆਖ ਦਮੋਦਰ ਅੱਖੀਂ ਡਿੱਠਾ' ਵਾਂਗ ਇਸ ਕਿੱਸੇ ਦੇ ਪਾਤਰ ਨੂੰ ਉਸ ਨੇ ਅੱਖੀ ਦੇਖਿਆ ਹੈ ਕਹਿ ਕੇ ਕਲਮਬੰਦ ਕੀਤਾ ਹੈ। ਸ਼ਾਇਰ ਮੌਜੇ ਪਿੰਡ ਦੀ ਮੋਹੜੀ ਜੋ 1673 ਦੇ ਆਸ-ਪਾਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਮਦ ਵੇਲੇ ਗੱਡੀ ਗਈ ਸੀ, ਨੂੰ ਇਤਿਹਾਸਕ ਹਵਾਲਿਆਂ ਨਾਲ ਬਿਰਤਾਂਤ ਸਿਰਜਦਾ ਹੈ। ਉਹ ਸਪੱਸ਼ਟ ਕਰਦਾ ਹੈ ਕਿ ਮਨੂੰ ਸਿਮਰਤੀ ਦੀ ਜਾਤ-ਪਾਤ ਦੀ ਵੰਡ ਕਰਨ ਸਮੇਂ ਜੋ ਸਥਾਨ ਪਹਿਲੇ ਨੰਬਰ 'ਤੇ ਬ੍ਰਹਮਣ ਦਾ ਸੀ ਪਰ ਇਸ ਸਮੇਂ ਤੀਜੇ ਸਥਾਨ 'ਤੇ ਅੰਕਿਤ ਜ਼ਿਮੀਂਦਾਰ ਪੰਜਾਬ ਵਿਚ ਪਹਿਲੇ ਥਾਂ 'ਤੇ ਆਪਣੇ ਆਪ ਨੂੰ ਸਮਝ ਰਿਹਾ ਹੈ ਤੇ ਇਤਿਹਾਸ ਨੂੰ ਪੁੱਠਾ ਗੇੜ ਦੇ ਕੇ ਦਲਿਤ ਸਮਾਜ ਨੂੰ ਫਿਰ ਅੱਧੋਗਤੀ ਵਲ ਧਕੇਲ ਕੇ ਉਨ੍ਹਾਂ ਦੀ ਹੋ ਰਹੀ ਤਰੱਕੀ ਤੋਂ ਚਿੜ ਕੇ ਮੁਰਦਾਰ ਢੋਣ ਦੇ ਕੰਮਾਂ ਵਲ ਫਿਰ ਦੇਖਣ ਦਾ ਤਲਬਗਾਰ ਹੈ। ਸ਼ਾਇਰ ਨੇ ਬੜੀ ਹੀ ਬੇਬਾਕੀ ਨਾਲ 'ਕੱਠ ਲੋਹੇ ਦੀ ਲੱਠ' ਦੇ ਅਖਾਣ ਨਾਲ ਪਿੰਡ ਦੇ ਘੜੰਮ ਚੌਧਰੀਆਂ ਵਲੋਂ ਸੇਵਾ ਸਿੰਘ ਦਲਿਤ ਨਾਲ ਕੀਤੇ ਧੱਕੇ ਦਾ ਵਿਖਿਆਨ ਕੀਤਾ ਹੈ ਤੇ ਅਖੀਰ ਵਿਚ ਦਲਿਤ ਸਮਾਜ ਨੂੰ ਜਿੱਤ ਦੇ ਪਰਚਮ ਲਹਿਰਾਉਂਦੇ ਦਿਖਾਇਆ ਹੈ। ਸ਼ਾਇਰ ਨੂੰ ਕਿੱਸੇ ਵਿਚ ਆਏ ਅਸਲੀ ਨਾਂਅ ਲਿਖਣ ਤੋਂ ਗੁਰੇਜ ਕਰਨਾ ਚਾਹੀਦਾ ਸੀ ਤੇ ਇਸ ਕਾਰਨ ਫੈਲੀ ਕੁੜਿੱਤਣ ਨਾਲ ਸ਼ਾਇਰ ਨੂੰ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਾਇਰ ਤੇ ਬਹੁਜਨ ਪਾਰਟੀ ਦਾ ਪ੍ਰਭਾਵ ਸਾਫ਼ ਨਜ਼ਰ ਆਉਂਦਾ ਹੈ, ਜਿਸ ਕਾਰਨ ਸਿਧਾਂਤਕ ਪ੍ਰਤੀਬੱਧਤਾ ਝੋਲ ਮਾਰ ਜਾਂਦੀ ਹੈ। ਸ਼ਾਇਰ ਨੂੰ ਜਾਤ ਤੇ ਜਮਾਤ ਦਾ ਨਿੱਠ ਕੇ ਅਧਿਐਨ ਕਰਨਾ ਬਣਦਾ ਹੈ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਇਕ ਸੁਪਨਾ
ਲੇਖਕ : ਧਿਆਨ ਸਿੰਘ ਸ਼ਾਹ ਸਿਕੰਦਰ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਮੁੱਲ : 180 ਰੁਪਏ, ਸਫ਼ੇ : 110
ਸੰਪਰਕ : 98148-22601

ਧਿਆਨ ਸਿੰਘ ਸ਼ਾਹ ਸਕੰਦਰ ਸੰਪਾਦਕ 'ਰੂਪਾਂਤਰ' ਪ੍ਰਗਤੀਸ਼ੀਲ ਅਤੇ ਲੋਕ-ਹਿਤਕਾਰੀ ਲੇਖਕ ਹੈ। ਵਾਰਤਕ ਰਚਨਾ 'ਇਕ ਸੁਪਨਾ' ਤੋਂ ਪਹਿਲਾਂ ਉਸ ਦੇ ਕਾਵਿ-ਸੰਗ੍ਰਹਿ, ਕਹਾਣੀ-ਸੰਗ੍ਰਹਿ, ਸਫ਼ਰਨਾਮਾ, ਸੰਪਾਦਨਾ ਪੁਸਤਕਾਂ ਅਤੇ ਖੋਜ ਪੁਸਤਕਾਂ ਛਪ ਚੁੱਕੀਆਂ ਹਨ। 'ਇਕ ਸੁਪਨਾ' ਉਸ ਦੀ ਨਿਵੇਕਲੀ ਵਾਰਤਕ ਪੁਸਤਕ ਹੈ। ਇਹ ਪੁਸਤਕ ਸੁਪਨ-ਸਾਜ਼, ਪਿਛਲੇ ਯੁੱਗਾਂ ਦੀ ਗੱਲ, ਸਿਆਸਤ, ਵਿਸ਼ਵ ਗੌਰਮਿੰਟ-ਇਕ ਸੰਕਲਪ, ਕਰੰਸੀ, ਪੈਸਾ, ਜਾਇਦਾਦ, ਆਰਥਿਕਤਾ, ਧਨ ਦੌਲਤ, ਬੇਗ਼ਮਪੁਰਾ, ਪ੍ਰਬੰਧ, ਭਾਵਨਾ ਤੇ ਸਦਭਾਵਨਾ, ਵਿੱਦਿਆ, ਸਿੱਖਿਆ, ਸਿਖਲਾਈ, ਉਪਦੇਸ਼ ਤੇ ਪ੍ਰਚਾਰ, ਹੀਰੋ-ਵਰਸ਼ਿਪ ਅਤੇ ਅੰਤਿਕਾ ਕਾਂਡਾਂ ਵਿਚ ਵੰਡੀ ਹੋਈ ਹੈ। ਆਦਿਕਾਲ ਮਹਾਤਮਾ ਬੁੱਧ ਦੇ ਜੀਵਨ ਅਸ਼ਟ ਮਾਰਗ ਤੋਂ ਲੈ ਕੇ ਅਜੋਕੇ ਸਮਿਆਂ ਨੂੰ ਸੰਬੋਧਨ ਕੀਤੀ ਗਈ ਹੈ। ਉਹ ਮਹਾਨ ਸ਼ਖ਼ਸੀਅਤਾਂ ਜਿਨ੍ਹਾਂ ਨੇ ਮਨੁੱਖ ਦੀ ਸੁੱਖ-ਸ਼ਾਂਤੀ ਅਤੇ ਸਮਾਜ ਨੂੰ ਨਵੀਂ ਰੌਸ਼ਨੀ ਅਤੇ ਵਿਗਿਆਨਕ ਕਾਢਾਂ ਰਾਹੀਂ ਸੁਪਨੇ ਦਿੱਤੇ, ਉਨ੍ਹਾਂ ਦੇ ਨਾਲ ਹੋਈਆਂ-ਬੀਤੀਆਂ ਨੂੰ ਬੜੇ ਰੌਚਿਕ ਤੇ ਸਾਰਥਿਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸ੍ਰੀ ਸ਼ਾਹ ਸਕੰਦਰ ਬੜੀ ਬੇਬਾਕੀ ਅਤੇ ਵਿਗਿਆਨਕ-ਦ੍ਰਿਸ਼ਟੀ ਨਾਲ ਗੱਲ ਕਹਿਣ ਵਾਲਾ ਅਗਰਗਾਮੀ ਲੇਖਕ ਹੈ। ਹਥਲੀ ਪੁਸਤਕ ਉਸ ਦੇ ਜੀਵਨ ਅਧਿਐਨ ਦੀ ਆਰਸੀ ਹੈ, ਜਿਸ 'ਚੋਂ ਪਾਠਕ ਹਰ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਦੂਜੇ ਸ਼ਬਦਾਂ 'ਚ ਲੇਖਕ ਦੀ ਉਮਰ ਭਰ ਦੀ ਕਮਾਈ ਦਾ ਨਿਚੋੜ ਹੈ। ਬਾਬਾ ਨਾਨਕ ਦੀ ਬਾਣੀ ਨੂੰ ਪੁਨਰ-ਵਤੀਰੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਾਠਕ ਸ੍ਰੀ ਸ਼ਾਹ ਸਿਕੰਦਰ ਦੇ ਪ੍ਰਾਪਤ ਕੀਤੇ ਗਿਆਨ ਤੋਂ ਹੈਰਾਨ ਵੀ ਹੁੰਦਾ ਹੈ। ਸਮਾਜ ਨੂੰ ਚੰਗੇਰਾ ਬਣਾਉਣ ਵਾਲੇ ਸੁਪਨਸਾਜ਼ ਸੁਕਰਾਤ, ਪਲੈਟੋ, ਅਰਸਤੂ, ਲੂਈ ਪਾਸਚਰ, ਕੈਪਲਰ, ਕੋਪਰਨੀਕਸ, ਗਲੈਲੀਓ, ਬਰੂਨੋ, ਮਾਰਕਸ, ਸਰਵੀਟਸ, ਡਾਰਵਿਨ, ਡਾ. ਫਰਾਇਡ, ਜਾਨ ਲਾਕ, ਐਡਮ ਸਮਿੱਥ, ਜ਼ਾਨ ਰਸਕਿਨ, ਆਈਨਸਟਾਈਨ, ਨਿਊਟਨ, ਸਟੀਫਨ ਹਕਿੰਗਜ਼ ਤੇ ਹੋਰ ਸ਼ਖ਼ਸੀਅਤਾਂ ਦੇ ਪ੍ਰਵਚਨਾਂ ਤੇ ਕਾਢਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਲੇਖਕ ਲੋਕਰਾਜ ਤੋਂ ਅਗਾਂਹ ਕਲਿਆਣ-ਰਾਜ ਦੀ ਲੋਚਾ ਰੱਖਦਾ ਹੈ ਤੇ ਸਗਲ-ਸ੍ਰਿਸ਼ਟੀ ਨੂੰ ਸਵਰਗੀ ਬੇਗਮਪੁਰਾ 'ਚ ਪ੍ਰਵਰਤਿਤ ਹੋਇਆ ਕਲਪਨਾ ਤੇ ਅਰਜੋਈ ਕਰਦਾ। ਕਥਨਾਂ ਪ੍ਰਵਚਨਾਂ ਤੇ ਤੱਤਾਂ ਨੂੰ ਆਧਾਰ ਬਣਾ ਕੇ ਆਪਣੀ ਗੱਲ ਦੀ ਪੁਸ਼ਟੀ ਕਰਦਾ ਹੈ। ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਵਾਰਤਕ ਸ਼ੈਲੀ ਅਨੁਪਮ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

08-12-2024

ਬਾਤਾਂ ਵਾਹਗਿਓਂ ਪਾਰ ਦੀਆਂ
ਲੇਖਕ : ਸਤਨਾਮ ਸਿੰਘ ਮਾਣਕ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 172
ਸੰਪਰਕ : 98726-21741

ਪੰਜਾਬੀ ਦੇ ਸਭ ਤੋਂ ਵੱਡੇ ਅਖ਼ਬਾਰ 'ਅਜੀਤ' ਦੇ ਕਾਰਜਕਾਰੀ ਸੰਪਾਦਕ ਅਤੇ 'ਹਿੰਦ-ਪਾਕਿ ਦੋਸਤੀ ਮੰਚ' ਦੇ ਪ੍ਰਚਾਰਕ ਸ. ਸਤਨਾਮ ਸਿੰਘ ਮਾਣਕ ਦੀ ਇਹ ਪੁਸਤਕ ਲਾਹੌਰ ਦੇ ਫਲੈਟੀਜ਼ ਹੋਟਲ ਵਿਚ 13 ਅਪ੍ਰੈਲ ਤੋਂ 16 ਅਪ੍ਰੈਲ, 2001 ਤੱਕ ਹੋਈ 'ਪੰਜਾਬੀ ਆਲਮੀ ਕਾਨਫ਼ਰੰਸ' ਦਾ ਅੱਖੀਂ ਵੇਖਿਆ ਵੇਰਵਾ ਪੇਸ਼ ਕਰਦੀ ਹੈ। ਇਹ ਪੁਸਤਕ ਇਕ ਸਫ਼ਰਨਾਮਾ ਹੋਣ ਦੇ ਨਾਲ-ਨਾਲ ਇਕ 'ਮੁਹੱਬਤਨਾਮਾ' ਅਤੇ 'ਸਾਹਿਤਨਾਮਾ' ਵੀ ਹੈ। ਸਤਨਾਮ ਸਿੰਘ ਮਾਣਕ ਨੂੰ ਪਾਕਿਸਤਾਨੀ ਪੰਜਾਬ ਨਾਲ ਹੋਰ ਕੁਝ ਲੇਖਕਾਂ ਵਾਂਗ ਕੋਈ 'ਹੇਰਵਾ' ਤਾਂ ਨਹੀਂ ਸੀ ਪਰ ਤਾਂ ਵੀ ਪੰਜਾਬੀਅਤ ਦੇ ਇਤਬਾਰੋਂ ਉਹ ਪਾਕਿਸਤਾਨ ਵਿਚ ਬਿਤਾਏ ਛੇ-ਸੱਤ ਦਿਨਾਂ ਦੌਰਾਨ ਵਾਰ-ਵਾਰ ਭਾਵੁਕ ਅਤੇ ਅੰਦੋਲਿਤ ਹੁੰਦਾ ਰਿਹਾ।
ਇਸ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ (13 ਅਪ੍ਰੈਲ) ਵਿਚ ਜਨਾਬ ਫ਼ਖ਼ਰ ਜ਼ਮਾਂ, ਸੁਤਿੰਦਰ ਸਿੰਘ ਨੂਰ ਅਤੇ ਦਲੀਪ ਕੌਰ ਟਿਵਾਣਾ ਨੇ ਦੋਵਾਂ ਪੰਜਾਬਾਂ ਦੀ ਸਾਂਝੀ-ਵਿਰਾਸਤ ਉੱਪਰ ਪਹਿਰਾ ਦੇਣ ਦੇ ਅਹਿਦ ਨੂੰ ਦੁਹਰਾਇਆ। ਇਸੇ ਦਿਨ ਦੇ ਦੂਜੇ ਸੈਸ਼ਨ ਵਿਚ ਅਮੀਨ ਮਲਕ, ਇਲਿਆਸ ਘੁੰਮਣ, ਦਿਲਸ਼ਾਦ ਟਿਵਾਣਾ, ਵਰਿਆਮ ਸਿੰਘ ਸੰਧੂ, ਸ. ਪ੍ਰੇਮ ਸਿੰਘ ਐਡਵੋਕੇਟ (ਟਰੱਸਟੀ ਅਜੀਤ), ਐਸ. ਐਸ. ਭੱਟੀ ਅਤੇ ਪ੍ਰੋ. ਸਰਵਣ ਸਿੰਘ ਆਦਿ ਨੇ ਦੋਹਾਂ ਮੁਲਕਾਂ ਵਿਚ ਅਮਨ ਅਤੇ ਸਦਭਾਵਨਾ ਦਾ ਪੈਗ਼ਾਮ ਦਿੱਤਾ। ਰਾਤ ਨੂੰ ਹੋਏ ਮੁਸ਼ਾਇਰੇ ਵਿਚ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ, ਜਗਤਾਰ, ਪ੍ਰੋ. ਗੁਰਭਜਨ ਗਿੱਲ ਅਤੇ ਉੱਧਰੋਂ ਬਾਬਾ ਨਜ਼ਮੀ ਨੇ ਸ਼ਾਨਦਾਰ ਕਲਾਮ ਪੇਸ਼ ਕਰਕੇ ਪੰਜਾਬੀ ਬੋਲੀ ਦੀ 'ਬੱਲੇ ਬੱਲੇ' ਕਰਵਾ ਦਿੱਤੀ।
ਸ. ਸਤਨਾਮ ਸਿੰਘ ਮਾਣਕ ਇਸ ਕਾਨਫ਼ਰੰਸ ਤੋਂ ਪਹਿਲਾਂ ਵੀ 'ਹਿੰਦ-ਪਾਕਿ ਦੋਸਤੀ ਮੰਚ' ਦਾ ਇਕ ਅਹਿਮ ਕਾਰਕੁੰਨ ਬਣਿਆ ਹੋਇਆ ਸੀ ਅਤੇ ਸ੍ਰੀ ਗੁਲਜ਼ਾਰ, ਸ੍ਰੀ ਕੁਲਦੀਪ ਨਈਅਰ, ਸ. ਹਰਨੇਕ ਸਿੰਘ ਘੜੂੰਆਂ ਵਰਗੇ ਸੁਹਿਰਦ ਅਤੇ ਸੰਵੇਦਨਸ਼ੀਲ ਮਿੱਤਰਾਂ ਨਾਲ ਜੁੜ ਕੇ ਆਜ਼ਾਦੀ ਦੀ ਪੂਰਵ-ਸੰਧਿਆ ਮੌਕੇ ਮੋਮਬੱਤੀਆਂ ਜਗਾ ਕੇ ਸਾਂਝੇ ਸੱਭਿਆਚਾਰ ਨੂੰ ਜ਼ਿੰਦਾ-ਜਾਵੇਦ ਰੱਖਣ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਸੀ। ਇਸ ਕਾਰਨ ਪੱਛਮੀ ਪੰਜਾਬ ਵਿਚ ਬਹੁਤ ਸਾਰੇ ਲੇਖਕ ਅਤੇ ਫ਼ਨਕਾਰ ਉਸ ਦੇ ਦੋਸਤ ਬਣ ਗਏ ਸਨ। ਰਾਇ ਅਜ਼ੀਜ਼-ਉੱਲਾ ਅਤੇ ਇਲਿਆਸ ਘੁੰਮਣ ਦੇ ਪਰਿਵਾਰ (ਬੇਗ਼ਮ ਘੁੰਮਣ ਅਤੇ ਬੱਚੇ ਕਸ਼ਫ਼ ਨਾਨਕੀ ਅਤੇ ਆਦਮ ਨਾਨਕ) ਨਾਲ ਤਾਂ ਉਸ ਦਾ ਪਰਿਵਾਰਕ ਰਿਸ਼ਤਾ ਬਣ ਗਿਆ ਸੀ। ਇਸ ਕਾਰਨ ਪੰਜ-ਛੇ ਦਿਨਾਂ ਦੀ ਇਹ ਯਾਤਰਾ ਉਸ ਨੂੰ ਕਈ ਵਰ੍ਹਿਆਂ ਦੀ ਮੁਹੱਬਤ ਜਿੰਨੀ ਖ਼ੁਸ਼ੀ ਦੇ ਗਈ ਅਤੇ ਇਸ ਖ਼ੁਸ਼ੀ ਨੂੰ ਲੇਖਕ ਨੇ ਬੜੀ ਸੰਵੇਦਨਾ ਨਾਲ ਚਿਤਵਿਆ ਅਤੇ ਚਿਤਰਿਆ ਹੈ।
ਮਦੀਹਾ ਗੌਹਰ ਦੁਆਰਾ ਮੰਚਿਤ ਅਤੇ ਸ਼ਾਹਿਦ ਨਦੀਮ ਦੁਆਰਾ ਲਿਖਤ ਨਾਟਕ 'ਬੁੱਲਾ' ਦੀ ਪੇਸ਼ਕਾਰੀ ਨੂੰ ਲੇਖਕ ਨੇ ਇਕ ਪਰਿਪੱਕ ਰੰਗਕਰਮੀ ਵਾਂਗ ਅੰਕਿਤ ਕੀਤਾ ਹੈ। ਇਸੇ ਪ੍ਰਕਾਰ ਪ੍ਰੋ. ਰਾਜਪਾਲ ਸਿੰਘ ਅਤੇ ਪ੍ਰੋ. ਕੁਲਦੀਪ ਕੌਰ ਟਿਵਾਣਾ ਦੀ ਟੀਮ ਵਲੋਂ ਪੇਸ਼ 'ਗਿੱਧੇ' ਦੀ ਝਲਕ ਵੀ ਬੜੀ ਸਟੀਕਤਾ ਨਾਲ ਪੇਸ਼ ਕੀਤੀ ਹੈ। ਮੈਂ ਚਾਹੁੰਦਾ ਹਾਂ ਕਿ ਸ. ਸਤਨਾਮ ਸਿੰਘ ਮਾਣਕ ਅਖ਼ਬਾਰਾਂ ਦੇ ਨਾਲ-ਨਾਲ ਸਾਹਿਤਕਾਰੀ ਵੀ ਪੂਰੇ 'ਦਮ-ਖਮ' ਨਾਲ ਕਰਦਾ ਰਹੇ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਤਵਾਰੀਖ
ਪੰਡੋਰੀ ਗੰਗਾ ਸਿੰਘ
ਪ੍ਰਸੰਗ
ਬੱਬਰ ਅਕਾਲੀ ਲਹਿਰ
ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਅਲੱਖ ਪ੍ਰਕਾਸ਼ਨ, ਮੱਲੀਆਂ ਖ਼ੁਰਦ, ਜਲੰਧਰ
ਮੁੱਲ : 250 ਰੁਪਏ, ਸਫ਼ੇ : 150
ਸੰਪਰਕ : 94634-39075

ਸ੍ਰੀ ਵਿਜੈ ਬੰਬੇਲੀ, ਪੰਜਾਬ ਦਾ ਆਂਚਲਿਕ ਇਤਿਹਾਸ ਲਿਖਣ ਵਾਲੇ ਇਤਿਹਾਸਕਾਰਾਂ ਵਿਚ ਇਕ ਪ੍ਰਮੁੱਖ ਨਾਂਅ ਹੈ। ਆਂਚਲਿਕ ਇਤਿਹਾਸਕਾਰੀ ਦੀ ਲੋੜ ਅਤੇ ਮਹੱਤਵ ਦਾ ਵਰਣਨ ਕਰਦਿਆਂ ਡਾ. ਗੰਡਾ ਸਿੰਘ ਨੇ ਇਕ ਇਤਿਹਾਸਕ-ਕਾਨਫ਼ਰੰਸ ਵਿਚ ਸ਼ਾਮਿਲ ਡੈਲੀਗੇਟਾਂ ਨੂੰ ਸੰਬੋਧਨ ਕਰਨ ਸਮੇਂ ਕਿਹਾ ਸੀ ਕਿ ਪੰਜਾਬ ਦੇ ਕਾਲਜਾਂ ਵਿਚ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਆਪਣੇ-ਆਪਣੇ ਪਿੰਡ ਦਾ ਇਤਿਹਾਸ ਲਿਖਣ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਇਤਿਹਾਸਕਾਰਾਂ ਦੀ ਕਮੀ ਕਾਰਨ ਪਿੰਡਾਂ ਦਾ ਇਤਿਹਾਸ ਰੁਲਦਾ ਜਾ ਰਿਹਾ ਹੈ। ਜੇ ਅਸੀਂ ਨਾ ਸੰਭਾਲਿਆ ਤਾਂ ਇਹ ਸਦਾ ਲਈ ਗੁੰਮ ਜਾਵੇਗਾ। ਇਸੇ ਪ੍ਰਕਾਰ ਦਾ ਸੰਸਾ ਸ੍ਰੀ ਵਿਜੈ ਬੰਬੇਲੀ ਨੇ ਵੀ ਜ਼ਾਹਿਰ ਕੀਤਾ ਹੈ। ਪਰ ਉਸ ਨੇ 'ਪੰਡੋਰੀ ਗੰਗਾ ਸਿੰਘ' ਦਾ ਇਤਿਹਾਸ ਲਿਖ ਕੇ ਆਪਣੇ-ਆਪ ਨੂੰ ਉਲਾਂਭੇ ਤੋਂ ਸੁਰਖ਼ਰੂ ਕਰ ਲਿਆ ਹੈ। ਪੰਜਾਬ ਵਿਚ ਛੋਟੇ ਪਿੰਡਾਂ ਨੂੰ 'ਪੰਡੋਰੀ' ਕਹਿਣ ਦੀ ਪ੍ਰਥਾ ਹੈ। ਸਾਡੇ ਇਥੇ 'ਪੰਡੋਰੀ' ਨਾਂਅ ਨਾਲ ਸ਼ੁਰੂ ਹੋਣ ਵਾਲੇ 50-60 ਪਿੰਡ ਵਸੇ ਹੋਏ ਹਨ। ਪੰਡੋਰੀ ਦੀ ਸ਼ਨਾਖਤ ਦੱਸਣ ਲਈ ਇਸ ਦੇ ਨਾਲ ਵਸਾਉਣ ਵਾਲੇ ਸ਼ਖ਼ਸ ਜਾਂ ਖ਼ਾਨਦਾਨ ਦਾ ਨਾਂਅ ਜੋੜ ਦਿੱਤਾ ਜਾਂਦਾ ਹੈ। ਸਾਡਾ ਇਹ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਵਿਚ ਉਸ ਸਥਾਨ ਉੱਪਰ ਸਥਿਤ ਹੈ, ਜਿਥੇ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲੇ ਦੀਆਂ ਹੱਦਾਂ ਮਿਲਦੀਆਂ ਹਨ। ਇਹ ਇਕ ਅਜਿਹਾ ਸਥਾਨ ਸੀ, ਜਿਥੇ ਇਕੱਠੇ ਹੋਣ ਵਾਲੇ ਬੱਬਰ ਅਕਾਲੀ, ਇਕ ਜ਼ਿਲ੍ਹੇ ਤੋਂ ਬੜੀ ਅਸਾਨੀ ਨਾਲ ਦੂਜੇ ਜ਼ਿਲ੍ਹੇ ਵਿਚ ਚਲੇ ਜਾਂਦੇ ਸਨ ਅਤੇ ਇਸ ਤਰ੍ਹਾਂ ਕਿਸੇ ਇਕ ਜ਼ਿਲ੍ਹੇ ਦੀ ਪੁਲਿਸ ਤੋਂ ਫੜੇ ਨਹੀਂ ਸਨ ਜਾ ਸਕਦੇ ਹਨ। ਲੇਖਕ ਨੇ ਇਸ ਜ਼ਿਲ੍ਹੇ ਦੀ ਭੂਗੋਲਿਕ, ਭੂਮੀਗਤ, ਸਮਾਜਿਕ ਅਤੇ ਸੱਭਿਆਚਾਰਕ ਬਣਤਰ ਦਾ ਬੜਾ ਆਲਿਮਾਨਾ ਚਿੱਤਰ ਖਿੱਚਿਆ ਹੈ। ਉਸ ਦਾ ਅਨੁਭਵ ਬੜਾ ਵਿਸ਼ਾਲ ਅਤੇ ਪ੍ਰਗਤੀਸ਼ੀਲ ਹੈ। ਬੱਬਰ ਅਕਾਲੀ ਲਹਿਰ 1921 ਈ. ਵਿਚ 'ਗੁਰਦੁਆਰਾ ਸੁਧਾਰ ਲਹਿਰ', 'ਗ਼ਦਰ ਲਹਿਰ' ਅਤੇ ਪਗੜੀ ਸੰਭਾਲ ਜੱਟਾ! ਆਦਿ ਤਹਿਰੀਕਾਂ ਦੇ ਸਮਾਨਾਂਤਰ, ਵਤਨ ਦੀ ਸੁਤੰਤਰਤਾ ਲਈ ਪੈਦਾ ਹੋਈ ਸੀ। ਇਸ ਲਹਿਰ ਵਿਚ ਸੈਂਕੜੇ ਯੋਧਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਹੁਤ ਸਾਰਿਆਂ ਨੂੰ ਫਾਂਸੀ ਦੀਆਂ ਸਜ਼ਾਵਾਂ ਵੀ ਹੋਈਆਂ। ਗੁਰਦੁਆਰਾ ਸੁਧਾਰ ਲਹਿਰ ਤੋਂ ਪਿੱਛੋਂ ਪੰਜਾਬੀਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਨ ਵਾਸਤੇ ਦੋ ਚੱਕਰਵਰਤੀ ਜਥੇ ਬਹੁਤ ਪ੍ਰਸਿੱਧ ਹੋਏ। ਬਾਅਦ ਵਿਚ ਇਨ੍ਹਾਂ ਦੋਹਾਂ ਦੇ ਮਿਲਣ ਕਾਰਨ 'ਬੱਬਰ ਅਕਾਲੀ ਲਹਿਰ' ਦਾ ਜਨਮ ਹੋਇਆ। ਲੇਖਕ ਨੇ ਇਤਿਹਾਸ ਦੇ ਇਸ ਸੁਨਹਿਰੀ ਅਧਿਆਏ ਨੂੰ ਬੜੇ ਵਿਸਤਾਰ ਅਤੇ ਸਟੀਕਤਾ ਸਹਿਤ ਲਿਖਿਆ ਹੈ।

ਅੱਖਰ ਬੋਧ ਅਤੇ ਸਿੱਖ ਧਰਮ ਦੀ ਵਿਸ਼ੇਸ਼ ਜਾਣਕਾਰੀ
ਸੰਪਾਦਕ ਤੇ ਪ੍ਰਕਾਸ਼ਕ : ਮਹੰਤ ਕਾਹਨ ਸਿੰਘ 'ਸੇਵਾ ਪੰਥੀ'
ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਸਿੰਘ ਜੀ ਸਾਹਿਬ, ਗੋਨਿਆਣਾ ਮੰਡੀ (ਬਠਿੰਡਾ)
ਸਫ਼ੇ : 56
ਸੰਪਰਕ : 98140-04503

ਸੇਵਾ ਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ, ਗੋਨਿਆਣਾ ਮੰਡੀ (ਬਠਿੰਡਾ) ਦੇ ਮੁਖੀ ਮਹੰਤ ਕਾਹਨ ਸਿੰਘ ਜੀ 'ਸੇਵਾ ਪੰਥੀ' ਨੇ ਬੜੀ ਮਿਹਨਤ ਤੇ ਲਗਨ ਨਾਲ ਇਹ ਆਕਾਰ ਵਿਚ ਛੋਟੀ, ਪਰ ਵਿਸ਼ਾ-ਵਸਤੂ ਵਜੋਂ ਮਹਾਨ ਪੁਸਤਕ ਪ੍ਰਕਾਸ਼ਿਤ ਕੀਤੀ ਹੈ। ਇਹ ਪੁਸਤਕ ਪਹਿਲਾਂ ਹੀ ਅੱਠ ਵਾਰ ਛਪ ਚੁੱਕੀ ਹੈ। ਇਹ ਇਸ ਦਾ ਨੌਵਾਂ ਐਡੀਸ਼ਨ ਹੈ। ਇਸ ਪੁਸਤਕ ਵਿਚ ਪੰਜਾਬੀ ਮਾਂ-ਬੋਲੀ ਸਿੱਖਣ, ਸਿੱਖ ਧਰਮ, ਕੇਸ, ਦਸਤਾਰ, ਅੰਮ੍ਰਿਤ, ਬਖ਼ਸ਼ਿਸ਼ ਮੂਲ ਮੰਤਰ ਦੀ, ਸ਼ਰਾਬਪਾਨ, ਤਮਾਕੂ ਦੇ ਨੁਕਸਾਨ ਆਦਿ ਵਿਸ਼ਿਆਂ ਬਾਰੇ ਗੁਰਮਤਿ ਅਨੁਸਾਰ ਚਰਚਾ ਕੀਤੀ ਗਈ ਹੈ। ਇਸ ਤੋਂ ਛੁੱਟ ਪੰਜਾਬੀ ਅੱਖਰ ਬੋਧ, ਦਸ ਗੁਰੂ ਸਾਹਿਬਾਨ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਪੰਜ ਤਖ਼ਤ, ਪੰਜ ਕਕਾਰ, ਨਿਤਨੇਮ ਦੀਆਂ ਬਾਣੀਆਂ, ਮੂਲ ਮੰਤਰ ਅਤੇ ਉਸ ਦੇ ਅਰਥ ਪੰਜਾਬੀ ਤੇ ਅੰਗਰੇਜ਼ੀ ਵਿਚ ਦਰਸਾਏ ਗਏ ਹਨ। ਆਸ ਹੈ ਪਾਠਕ ਇਸ ਪੁਸਤਕ ਨੂੰ ਪੜ੍ਹਨ ਉਪਰੰਤ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਗੇ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਇਸ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦੇਣਗੇ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਬੰਦ ਦਰਵਾਜ਼ੇ ਦੀ ਝਾਤ
ਲੇਖਕ : ਪਵਨ ਕੁਮਾਰ 'ਹੋਸ਼ੀ'
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 230 ਰੁਪਏ, ਸਫ਼ੇ : 104
ਸੰਪਰਕ : 80545-45087

ਪਵਨ ਕੁਮਾਰ ਹੋਸ਼ੀ ਅਜਿਹੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰਨਾ ਲੋਚਦੇ ਹਨ, ਜਿੱਥੇ ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਹੋਵੇ। ਸਾਰਿਆਂ ਨੂੰ ਜੀਵਨ ਵਿਚ ਤਰੱਕੀ ਕਰਨ ਲਈ ਬਰਾਬਰ ਦੇ ਮੌਕੇ ਮਿਲਣ, ਹਰ ਕਿਸੇ ਨੂੰ ਉਸ ਦੀ ਮਿਹਨਤ ਦਾ ਪੂਰਾ ਮੁੱਲ ਮਿਲੇ ਅਤੇ ਹਰ ਕੋਈ ਆਪਣੇ ਜੀਵਨ ਨੂੰ ਮਾਣਨ ਦੇ ਸਮਰੱਥ ਹੋ ਸਕੇ। ਪੰਜਾਬ ਪੁਲਿਸ ਵਿਚੋਂ ਸੇਵਾ-ਮੁਕਤ ਹੋਣ ਕਰਕੇ ਉਹ ਸਮਾਜਿਕ ਤਾਣੇ-ਬਾਣੇ ਦੀਆਂ ਗੁੰਝਲਦਾਰ ਪਰਤਾਂ ਸਬੰਧੀ ਵੀ ਬੜੀ ਜ਼ਿਕਰਯੋਗ ਸੂਝ-ਬੂਝ ਰੱਖਦੇ ਹਨ:
ਮੰਦਰਾਂ, ਮਸਜਿਦਾਂ ਤੇ
ਗੁਰਦੁਆਰਿਆਂ ਦੀ
ਇੱਥੇ ਭਰਮਾਰ ਹੈ।
ਫਿਰ ਵੀ ਭਵਿੱਖ ਨੂੰ ਲਕਵਾ ਤੇ
ਇਨਸਾਨੀਅਤ ਬਿਮਾਰ ਹੈ।
ਦੁਨੀਆ ਵਿਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨੂੰ ਅਸੰਭਵ ਕਿਹਾ ਜਾ ਸਕਦਾ ਹੋਵੇ। ਅਸਲ ਵਿਚ ਸੁਣੀਆਂ-ਸੁਣਾਈਆਂ ਧਾਰਨਾਵਾਂ ਅਕਸਰ ਹੀ ਸਾਡੇ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਹਨ ਅਤੇ ਸਾਨੂੰ ਪ੍ਰਸਥਿਤੀਆਂ ਨਾਲ ਸਮਝੌਤਾ ਕਰਨ ਲਈ ਮਜਬੂਰ ਕਰ ਦਿੰਦੀਆਂ ਹਨ। ਪਵਨ ਕੁਮਾਰ ਹੋਸ਼ੀ ਇਸ ਵਿਚਾਰਧਾਰਾ ਦੇ ਧਾਰਨੀ ਹਨ ਕਿ ਹਿੰਮਤ ਅਤੇ ਹੌਸਲਾ ਰੱਖਣ ਵਾਲੇ ਸਿਰੜੀ ਵਿਅਕਤੀ ਦੀਆਂ ਮਨਚਾਹੀਆਂ ਮੰਜ਼ਿਲਾਂ ਖ਼ੁਦ ਚੱਲ ਕੇ ਉਸ ਦੇ ਕਦਮਾਂ ਵਿਚ ਆਉਂਦੀਆਂ ਹਨ:
ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ,
ਉੱਪਰ ਉੱਠ ਜੋ,
ਤੇ ਮਰੇ ਹੋਏ ਸੁਪਨਿਆਂ ਨੂੰ ਵੀ
ਤੁਸੀਂ ਸਾਕਾਰ ਕਰੋ।
ਪਵਨ ਕੁਮਾਰ ਹੋਸ਼ੀ ਦੀ ਕਵਿਤਾ ਉਨ੍ਹਾਂ ਸਾਰੇ ਗੁਣਾਂ ਨਾਲ ਪੂਰੀ ਤਰ੍ਹਾਂ ਲਬਰੇਜ਼ ਹੈ, ਜੋ ਇੱਕ ਚੰਗੀ ਕਵਿਤਾ ਵਿਚ ਹੋਣੇ ਲਾਜ਼ਮੀ ਹੁੰਦੇ ਹਨ। ਅਜੇ ਤਾਂ ਉਨ੍ਹਾਂ ਦੇ ਸਾਹਿਤਕ ਸਫ਼ਰ ਦੀ ਪਲੇਠੀ ਪੁਲਾਂਘ ਹੈ ਅਤੇ ਭਵਿੱਖ ਵਿਚ ਉਨ੍ਹਾਂ ਨੇ ਹੋਰ ਉਚੇਰੇ ਪੜਾਅ ਤੈਅ ਕਰਨੇ ਹਨ। ਹਥਲੀ ਪੁਸਤਕ 'ਬੰਦ ਦਰਵਾਜ਼ੇ ਦੀ ਝਾਤ' ਵਿਚ ਉਨ੍ਹਾਂ ਨੇ ਵਰਤਮਾਨ ਦੇ ਹਰੇਕ ਭਖਦੇ ਮਸਲੇ ਨੂੰ ਛੂਹਣ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੀ ਕਵਿਤਾ ਵਿਚ ਬੜੀਆਂ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ, ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਕੋਲੋਂ ਹੋਰ ਮਿਆਰੀ ਸਿਰਜਣਾ ਦੀ ਉਮੀਦ ਬੱਝਦੀ ਹੈ। ਆਪਣੇ ਆਪ ਨਾਲ ਸੰਵਾਦ ਰਚਾਉਣ ਦੀ ਉਨ੍ਹਾਂ ਦੀ ਇਸ ਬੇਹੱਦ ਖ਼ੂਬਸੂਰਤ ਜੁਗਤ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਪੈਰਿਸ ਕਮਿਊਨ ਸੰਬੰਧੀ
ਲੇਖਕ : ਕਾਰਲ ਮਾਰਕਸ ਫ਼ਰੈਡਰਿਕ ਏਂਗਲਜ਼
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 499 ਰੁਪਏ, ਸਫ਼ੇ : 412
ਸੰਪਰਕ : 95011-45039

ਤਿੰਨ ਭਾਗਾਂ ਵਿਚ ਲਿਖੀ ਗਈ ਇਹ ਪੁਸਤਕ ਵਿਸ਼ਵ ਵਿਚ ਕਮਿਊਨਿਸਟ ਲਹਿਰ ਦੇ ਉਸ ਇਤਿਹਾਸਿਕ ਸਮੇਂ ਦਾ ਦਸਤਾਵੇਜ਼ ਹੈ, ਜਦੋਂ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੇ ਸੁਪਨਈ ਸਿਧਾਂਤਾਂ ਨੇ ਪਹਿਲੀ ਵਾਰ ਰਾਜਨੀਤਕ ਸੱਤਾ ਹਾਸਲ ਕਰਕੇ, ਵਿਸ਼ਵ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਸਿਧਾਂਤਾਂ ਨੂੰ ਪਹਿਲੀ ਸਫ਼ਲਤਾ ਕਾਰਲ ਮਾਰਕਸ ਵਲੋਂ 'ਕਮਿਊਨਿਸਟ ਮੈਨੀਫੈਸਟੋ' ਲਿਖੇ ਜਾਣ ਤੋਂ 23 ਸਾਲ ਬਾਅਦ 1871 ਵਿਚ ਮਿਲੀ ਸੀ। ਇਕ ਧੂੰਆਧਾਰ ਸੰਘਰਸ਼ ਤੋਂ ਬਾਅਦ ਫ਼ਰਾਂਸ ਦੇ ਕਿਰਤੀਆਂ ਨੇ 18 ਮਾਰਚ, 1871 ਨੂੰ ਬੁਰਜੁਆ ਹਾਕਮਾਂ ਨੂੰ ਪੈਰਿਸ ਸ਼ਹਿਰ ਵਿਚੋਂ ਬਾਹਰ ਧੱਕ ਕੇ ਸੱਤਾ ਆਪਣੇ ਹੱਥਾਂ ਵਿਚ ਲੈ ਲਈ ਸੀ। 28 ਮਾਰਚ, 1871 ਨੂੰ ਇਨ੍ਹਾਂ ਕਿਰਤੀਆਂ ਨੇ ਵਿਸ਼ਵ ਦਾ ਪਹਿਲਾ ਪਰੋਲੇਤਾਰੀ ਸ਼ਾਸਨ 'ਪੈਰਿਸ ਕਮਿਊਨ' ਸਥਾਪਿਤ ਕੀਤਾ ਸੀ। ਇਸ ਅਦਭੁਤ ਸ਼ਾਸਨ ਨੂੰ 'ਲੋਕਾਂ ਵੱਲੋਂ ਲੋਕਾਂ ਲਈ ਹਕੂਮਤ' ਦਾ ਨਾਮ ਦਿੱਤਾ ਗਿਆ ਅਤੇ ਪਹਿਲੀ ਵਾਰ ਕਿਰਤੀਆਂ ਦੇ ਹੱਕ ਵਿਚ ਫ਼ੈਸਲੇ ਲਏ ਗਏ। ਪਰ ਇਹ ਰਾਜ ਪ੍ਰਬੰਧ ਸਿਰਫ਼ 72 ਦਿਨ ਹੀ ਚੱਲ ਸਕਿਆ ਸੀ। ਸਜ-ਪਛਾਖੜੀਆਂ ਨਾਲ ਹੋਏ ਇਕ ਗਹਿਗੱਚ ਮੁਕਾਬਲੇ ਪਿੱਛੋਂ ਇਹ ਸੱਤਾ ਢਹਿਢੇਰੀ ਹੋ ਗਈ। ਪਰ ਵਿਸ਼ਵ ਭਰ ਦੇ ਇਨਕਲਾਬੀਆਂ ਲਈ ਦੂਰ-ਅੰਦੇਸ਼ੀ ਭਰੇ ਸਬਕ ਛੱਡ ਗਈ। 1917 ਵਾਲੇ ਰੂਸੀ ਇਨਕਲਾਬ ਦੇ ਜਨ ਨਾਇਕ ਵਲਾਦੀਮੀਰ ਇਲੀਅਚ ਓਲੀਆਨੋਵ ਲੈਨਿਨ ਨੇ 'ਪੈਰਿਸ ਕਮਿਊਨ' ਬਾਰੇ ਲਿਖਿਆ ਸੀ:-
'ਕਮਿਊਨ ਨੇ ਯੂਰਪ ਦੇ ਪਰੋਲੇਤਾਰੀਆਂ ਨੂੰ ਸੋਸ਼ਲਿਸਟ ਇਨਕਲਾਬ ਦੇ ਕਾਰਜਾਂ ਨੂੰ ਸਥੂਲ ਰੂਪ ਵਿਚ ਪੇਸ਼ ਕਰਨਾ ਸਿਖਾਇਆ। ਪੈਰਿਸ ਵਿਚ ਤੋਪਾਂ ਦੀ ਗਰਜ ਨੇ ਪਰੋਲੇਤਾਰੀਆਂ ਦੇ ਅਤਿ ਪਛੜੇ ਹਿੱਸਿਆਂ ਨੂੰ ਡੂੰਘੀ ਨੀਂਦ ਵਿਚੋਂ ਜਗਾ ਦਿੱਤਾ ਅਤੇ ਹਰ ਥਾਂ ਇਨਕਲਾਬੀ ਸੋਚ ਦੇ ਪ੍ਰਚਾਰ ਦੇ ਵਾਧੇ ਨੂੰ ਬਲ ਬਖਸ਼ਿਆ।'
ਇਹ ਪੁਸਤਕ 'ਪੈਰਿਸ ਕਮਿਊਨ' ਦੀ ਇਤਿਹਾਸਿਕ ਮਹੱਤਤਾ ਨੂੰ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੀਆਂ ਲਿਖਤਾਂ ਰਾਹੀਂ ਸਮਝਣ ਦੀ ਸੋਝੀ ਪ੍ਰਧਾਨ ਕਰਦੀ ਹੈ। ਇਸ ਵਿਚ ਇਨ੍ਹਾਂ ਦੋਵਾਂ ਸਿਧਾਂਤਕਾਰਾਂ ਦੀਆਂ 'ਪੈਰਿਸ ਕਮਿਊਨ' ਸੰਬੰਧੀ ਲਿਖੀਆਂ ਗਈਆਂ ਪ੍ਰਮੁੱਖ ਲਿਖਤਾਂ ਸ਼ਾਮਿਲ ਹਨ। ਕਿਤਾਬ ਦੇ ਪਹਿਲੇ ਭਾਗ ਵਿਚ ਫਰਾਂਸ ਵਿਚ ਖਾਨਾਜੰਗੀ ਬਾਰੇ ਕਾਰਲ ਮਾਰਕਸ ਦਾ ਵਿਸ਼ਲੇਸ਼ਣ 'ਇੰਟਰਨੈਸ਼ਨਲ' ਦੀ ਸਥਾਪਨਾ ਸੰਬੰਧੀ ਉਸ ਦੇ ਵਿਚਾਰ ਅਤੇ ਏਂਗਲਜ਼ ਦੀਆਂ ਟਿੱਪਣੀਆਂ ਅੰਕਿਤ ਹਨ। ਦੂਜੇ ਭਾਗ ਵਿਚ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੀਆਂ ਤਕਰੀਰਾਂ ਅਤੇ 'ਪੈਰਿਸ ਕਮਿਊਨ' ਦੀਆਂ ਵਰ੍ਹੇਗੰਢਾਂ ਉੱਤੇ ਕੀਤੇ ਗਏ ਸਮਾਗਮਾਂ ਦੀਆਂ ਰਿਪੋਰਟਾਂ ਸਮੇਤ ਵੱਖ-ਵੱਖ ਆਗੂਆਂ ਦੇ ਬਿਆਨ ਅਤੇ ਲੇਖ ਦਰਜ ਹਨ। ਜਦੋਂ ਕਿ ਤੀਜੇ ਭਾਗ ਵਿਚ ਕਾਰਲ ਮਾਰਕਸ ਤੇ ਏਂਗਲਜ਼ ਵਲੋਂ ਵੱਖ-ਵੱਖ ਆਗੂਆਂ ਨੂੰ ਲਿਖੇ ਗਏ ਖ਼ਤ ਦਰਜ ਕੀਤੇ ਗਏ ਹਨ। ਕਿਤਾਬ ਦੀ ਅੰਤਿਕਾ ਵਜੋਂ 'ਇੰਟਰਨੈਸ਼ਨਲ' ਦੀ ਆਮ ਪਰੀਸ਼ਦ ਦਾ ਸੰਦੇਸ਼ ਪੱਤਰ ਛਾਪਿਆ ਗਿਆ ਹੈ। ਜੋ ਕਾਮਰੇਡ ਲੈਨਿਨ ਦੇ 'ਪਹਿਲੀ ਇੰਟਰਨੈਸ਼ਨਲ' ਸੰਬੰਧੀ ਵਿਚਾਰਾਂ ਨੂੰ ਵੀ ਉਜਾਗਰ ਕਰਦਾ ਹੈ। :-
'ਪਰੋਲੇਤਾਰੀ ਦੀ ਪਹਿਲੀ ਇੰਟਰਨੈਸ਼ਨਲ' ਪਹਿਲੀ ਜਨਤਕ ਇੰਟਰਨੈਸ਼ਨਲ ਜਥੇਬੰਦੀ ਸੀ, ਜਿਸ ਦੀ ਅਗਵਾਈ ਮਾਰਕਸ ਅਤੇ ਏਂਗਲਜ਼ ਨੇ ਕੀਤੀ ਸੀ। ਇਸ ਨੇ ਵਿਗਿਆਨਿਕ ਸੋਸ਼ਲਿਜ਼ਮ ਦੇ ਵਿਚਾਰ, ਮੁੱਖ ਸਰਮਾਏਦਾਰ ਦੇਸ਼ਾਂ ਦੇ ਅਗਾਂਹ ਵਧੂ ਕਿਰਤੀਆਂ ਤੱਕ ਪਹੁੰਚਾਏ ਅਤੇ ਸਰਮਾਏ ਉੱਤੇ ਇਨਕਲਾਬੀ ਹਮਲੇ ਲਈ ਕਿਰਤੀਆਂ ਦੀ ਕੌਮਾਤਰੀ ਜਥੇਬੰਦੀ ਦਾ ਅਧਾਰ ਤਿਆਰ ਕੀਤਾ।'
ਇਹ ਪੁਸਤਕ ਨਵੇਂ ਦੌਰ ਦੇ ਇਨਕਲਾਬੀ ਸੰਘਰਸ਼ਾਂ ਨੂੰ ਵਰਤਮਾਨ ਦਿਸ਼ਾ ਦੇਣ ਲਈ ਪੜ੍ਹਨੀ ਜ਼ਰੂਰੀ ਹੈ। ਕਿਉਂਕਿ ਇਹ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਅੰਧ-ਰਾਸ਼ਟਰਵਾਦ ਅਤੇ ਧਾਰਮਿਕ ਕੱਟੜਤਾ ਸੰਬੰਧੀ ਗ਼ਲਤ-ਫ਼ਹਿਮੀਆਂ ਨਾਲ ਸਿੱਝਣ ਲਈ ਸਹੀ ਸਮਝ ਪ੍ਰਦਾਨ ਕਰ ਸਕਦੀ ਹੈ।

-ਡਾ.ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਥੋੜ੍ਹਾ-ਬਹੁਤ
ਕਵੀ : ਧਰਮਿੰਦਰ ਭੰਗੂ ਕਾਲੇਮਾਜਰਾ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 89686-82300

'ਥੋੜ੍ਹਾ ਬਹੁਤ' ਕਾਵਿ-ਸੰਗ੍ਰਹਿ ਧਰਮਿੰਦਰ ਭੰਗੂ ਕਾਲੇਮਾਜਰਾ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਕਵੀ ਨੇ ਇਹ ਸਾਰੀਆਂ ਕਵਿਤਾਵਾਂ ਸਮਾਜਿਕ ਮਸਲਿਆਂ ਬਾਰੇ ਤੇ ਵਰਤਮਾਨ ਸਮੇਂ ਸਮਾਜ ਦੀ ਸੋਚ, ਰਿਸ਼ਤੇ ਅਤੇ ਸਮਾਜਿਕ ਸਰੋਕਾਰਾਂ ਵਿਚ ਆ ਰਹੇ ਬਦਲਾਵਾਂ ਨੂੰ ਧਿਆਨ ਵਿਚ ਰੱਖ ਕੇ ਲਿਖੀਆਂ ਹਨ। ਇਸ ਪੁਸਤਕ ਦੀ ਭੂਮਿਕਾ ਰਬਿੰਦਰ ਸਿੰਘ ਰੱਬੀ ਅਤੇ ਗੁਰਿੰਦਰ ਸਿੰਘ ਕਲਸੀ (ਖੋਜ ਅਫ਼ਸਰ ਭਾਸ਼ਾ ਵਿਭਾਗ ਰੂਪਨਗਰ) ਨੇ ਲਿਖੀ ਹੈ। ਇਨ੍ਹਾਂ ਭੂਮਿਕਾਵਾਂ ਤੋਂ ਜਾਣਕਾਰੀ ਹੁੰਦੀ ਹੈ ਕਿ ਧਰਮਿੰਦਰ ਭੰਗੂ ਦੀਆਂ ਕਵਿਤਾਵਾਂ ਦੇ ਵਿਸ਼ੇ ਕਰਾਂਤੀਕਾਰੀ ਜਾਂ ਇਨਕਲਾਬੀ ਸੋਚ ਨਾਲ ਇਸ ਲਈ ਜੁੜੇ ਹਨ ਕਿਉਂ ਜੋ ਇਹ ਕਵੀ ਮੁਲਾਜ਼ਮ ਆਗੂ ਹੈ ਤੇ ਮੁਲਾਜ਼ਮ ਹੱਕਾਂ ਲਈ ਜੂਝਦਿਆਂ ਉਸ ਦੀਆਂ ਕਾਵਿ-ਰਚਨਾਵਾਂ ਵਿਗਿਆਨਕ ਸੋਚ ਤੇ ਕ੍ਰਾਂਤੀਕਾਰੀ ਵਿਚਾਰਾਂ ਵਾਲੀਆਂ ਹਨ। ਕਵੀ ਨੇ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜਿਕ ਚਿੰਤਾਵਾਂ ਤੇ ਫਿਕਰਾਂ ਬਾਰੇ ਜ਼ਿਕਰ ਕੀਤਾ ਹੈ। ਉਹ ਸਭ ਤੋਂ ਵੱਡੀ ਵੰਗਾਰ, ਪ੍ਰਦੂਸ਼ਣ ਰੋਕਣ ਅਤੇ ਪਾਣੀ ਦੇ ਬਚਾਅ ਸੰਬੰਧੀ ਚੇਤਨ ਕਰਦਿਆਂ ਪ੍ਰਗਟ ਕਰਦਾ ਹੈ :
ਹਰੀਆਂ ਕ੍ਰਾਂਤੀਆਂ ਨਾਲ ਝੋਨਾ ਅਸੀਂ ਲਾ ਲਿਆ।
ਧਰਤੀ ਦਾ ਸਾਰਾ ਪਾਣੀ ਅਸੀਂ ਹੈ ਗਵਾ ਲਿਆ
ਬਣੇ ਰਾਖੇ ਹੀ ਬਾਗ ਦੇ ਦੋਖੀ ਕਿਵੇਂ ਹੈ ਗੁਲਾਬ ਬਚਣਾ
ਆਪਾਂ ਰਹੇ ਜੇ ਗਵਾਉਂਦੇ ਪਾਣੀ ਕਿੱਥੋਂ ਹੈ ਪੰਜਾਬ ਬਚਣਾ
ਕਵੀ ਨੇ ਭਗਤ ਸਿੰਘ ਦੇ ਕ੍ਰਾਂਤੀਕਾਰੀ ਫਲਸਫ਼ੇ ਦਾ ਵਰਤਮਾਨ ਸਮੇਂ ਬਦਲਦਾ ਸਰੂਪ ਅਤੇ ਨੌਜਵਾਨ ਪੀੜ੍ਹੀ ਅੰਦਰ ਕੇਵਲ ਭਗਤ ਸਿੰਘ ਦੀਆਂ ਤਸਵੀਰਾਂ ਤੱਕ ਦੀ ਦਿਲਚਸਪੀ ਤੇ ਉਸ ਦੀ ਵਿਚਾਰਧਾਰਾ ਤੋਂ ਕਿਨਾਰਾ ਕਰਨ ਦੀ ਰੁਚੀ ਨੂੰ ਕਾਫ਼ੀ ਪ੍ਰਬਲ ਰੂਪ ਵਿਚ ਪੇਸ਼ ਕੀਤਾ ਹੈ। ਉਹ ਭਗਤ ਸਿੰਘ ਦੀ ਸੋਚ ਨੂੰ ਵਰਤਮਾਨ ਸਮੇਂ ਧੁੰਦਲੀ ਹੋਣ ਤੱਕ ਦੇ ਕੇਵਲ ਵਿਖਾਵੇ ਖਾਤਰ ਉਸ ਦੇ ਬੁੱਤ 'ਤੇ ਪਾਏ ਜਾਂਦੇ ਹਾਰ ਤੱਕ ਦੇ ਭਗਤ ਸਿੰਘ ਦੀ ਵਿਚਾਰਦਾਰਾ ਨਾ ਅਪਣਾਉਣ 'ਤੇ ਦੁੱਖ ਮਹਿਸੂਸ ਕਰਦਾ ਹੈ। ਕਵੀ ਨੇ ਜਾਗੋ ਪੰਜਾਬ ਦਿਓ ਲੋਕੋ ਰਾਹੀਂ ਨਸ਼ਿਆਂ ਦੀ ਵਰਤੋਂ ਨਾ ਕਰਨ ਲਈ ਸੁਚੇਤ ਕੀਤਾ ਹੈ। ਕਵੀ ਨੇ ਵਿਅੰਗਾਤਮਿਕ ਜੁਗਤ ਨਾਲ ਸਮੇਂ ਦੀਆਂ ਤਲਖ਼ ਹਕੀਕਤਾਂ ਤੋਂ ਸੁਚੇਤ ਕੀਤਾ ਹੈ। ਨੋਟਤੰਤਰ, ਮਨ ਕੀ ਬਾਤ, ਇਨਕਲਾਬ, ਮੁਆਫ਼ੀਨਾਮਾ, ਮੋਬਾਈਲ, ਰਿਸ਼ਤੇ, ਸਰਾਭੇ ਦਾ ਵਾਰਿਸ, ਵੋਟਾਂ, ਮਖੌਟੇ, ਫ਼ਾਸਲਾ, ਹੈਪੀ ਫਾਦਰਜ਼ ਡੇ, ਜੋਕਾਂ, ਸਾਜ਼ਿਸ਼ਾਂ ਦੇ ਦੌਰ ਵਿਚ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਬਹੁਤ ਛੋਟੀਆਂ ਰਚਨਾਵਾਂ ਵਿਚ ਬਹੁਤ ਗੰਭੀਰ ਵਿਚਾਰ ਵੀ ਕਵੀ ਨੇ ਪ੍ਰਗਟਾਏ ਹਨ। ਵੋਟ ਦੀ ਤਾਕਤ, ਘਰ ਵਾਪਸੀ, ਸਮਝੌਤਾ, ਭੁਲੇਖਾ, ਇਲਜ਼ਾਮ, ਜੇ ਸੱਚੇ ਹੋ ਨਾਨਕ ਦੇ, ਕੇਹਾ ਇਹ ਮੌਸਮ ਆਇਆ, ਰਚਨਾਵਾਂ ਵੀ ਸਲਾਹੁਣਯੋਗ ਹਨ। ਮਈ ਦਿਵਸ ਰਾਹੀਂ ਮਜ਼ਦੂਰ ਤੇ ਕਿਰਤੀਆਂ ਨੂੰ ਇਕਮੁੱਠ ਹੋਣ ਦਾ ਸੱਦਾ ਦਿੱਤਾ ਹੈ। ਸਮੁੱਚੇ ਤੌਰ 'ਤੇ ਇਹ ਕਾਵਿ ਪੁਸਤਕ ਬਹੁਤ ਹੀ ਉਸਾਰੂ ਅਤੇ ਅਗਾਂਹਵਧੂ ਵਿਸ਼ਿਆਂ ਨਾਲ ਭਰਪੂਰ ਕਾਵਿ ਪੁਸਤਕ ਹੈ। ਕਵੀ ਨੂੰ ਇਸ ਦੀ ਮੁਬਾਰਕਬਾਦ।

-ਪ੍ਰੋ. ਕੁਲਜੀਤ ਕੌਰ

ਆਓ, ਸ਼ੁੱਧ ਪੰਜਾਬੀ ਦਾ ਨਾਹਰਾ ਸਿਰਜੀਏ
ਲੇਖਕ : ਰਬਿੰਦਰ ਸਿੰਘ ਰੱਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ :191
ਸੰਪਰਕ : 89689-46129

ਅੱਖਰਾਂ ਦਾ ਜੰਗਲ... ਕੰਨਾ (ਲਗ) ਅਤੇ ਬਿੰਦੀ (ਲਗਾਖਰ) ਦਾ ਰੋਲਾ... ਕੰਨਾ ਆਖੇ ਮੈਂ ਵੱਡਾ, ਮੈਂ ਪੂਰਾ... ਬਿੰਦੀ ਕਹਿੰਦੀ ਸਾਰੇ ਬਰਾਬਰ, ਕੋਈ ਨਾ ਪੂਰਾ... ਕੰਨਾ ਇਕ ਅੱਖਰ ਨਾਲ ਲੱਗ ਕੇ ਸ਼ਬਦ ਬਣਾਉਣ ਲੱਗਾ... ਬਿੰਦੀ ਨੇ ਨਾਲ ਆ ਕੇ ਅਰਥ ਬਦਲ ਦਿੱਤੇ... (ਨਾ-ਨਾਂ), (ਗਾ-ਗਾਂ)... ਕੰਨੇ ਨੇ ਇਕ ਅੱਖਰ ਹੋਰ ਬੁਲਾਇਆ ਪਰ ਬਿੰਦੀ ਨਾ ਟਲੀ... (ਸਮਾ-ਸਮਾਂ), (ਭਰਾ-ਭਰਾਂ)... ਕੰਨੇ ਨੇ ਦੋ ਥਾਈਂ ਆ ਕੇ ਦੋ ਅੱਖਰਾਂ ਨਾਲ ਯਾਰੀ ਲਾਈ ਪਰ ਬਿੰਦੀ ਦਾ ਫਿਰ ਵੀ ਉਹੀ ਕੰਮ... (ਸਾਕਾ-ਸਾਕਾਂ), (ਆਸਾ-ਆਸਾਂ)... ਕੰਨਾ ਬਿਹਾਰੀ ਨਾਲ ਗੱਲ ਕਰਨ ਗਿਆ... ਦੋਵੇਂ ਰਲ ਗਏ ਪਰ ਬਿੰਦੀ ਤਾਂ ਬਿੰਦੀ ਸੀ... (ਗੀਤਾ-ਗੀਤਾਂ), (ਤੀਆ-ਤੀਆਂ)... ਬਿੰਦੀ ਨੇ ਬਿਹਾਰੀ ਨੂੰ ਵੀ ਹੱਥ ਵਿਖਾ ਦਿੱਤੇ... (ਰਾਹੀ-ਰਾਹੀਂ), (ਵਾਰੀ-ਵਾਰੀਂ)... ਕੰਨੇ ਨੇ ਲਾਂ ਤੋਂ ਮਦਦ ਮੰਗੀ ਪਰ ਬਿੰਦੀ ਨੇ ਸਭ ਵਿਅਰਥ ਕਰ ਦਿੱਤਾ...(ਵੇਲਾ-ਵੇਲਾਂ),(ਗੇੜਾ-ਗੇੜਾਂ)...ਹੋੜੇ ਨੂੰ ਕਿਹਾ ਪਰ ਗੱਲ ਨਾ ਬਣੀ...(ਦੋਹਾ-ਦੋਹਾਂ),(ਗੋਤਾ-ਗੋਤਾਂ)... ਕਨੌੜੇ ਨੇ ਵੀ ਵਾਹ ਲਾ ਲਈ... (ਸੌ-ਸੌਂ), (ਚੌਕਾ-ਚੌਂਕਾ)... ਬਿੰਦੀ ਨੇ ਔਕੜ ਦੁਲੈਂਕੜ ਵੀ ਚਿੱਤ ਕਰਤੇ... (ਬੂਟਾ-ਬੂਟਾਂ), (ਸੁੱਖਾ-ਸੁੱਖਾਂ)... ਔਂਕੜ ਨੇ ਮਦਦ ਮੰਗੀ ਤੇ ਅੱਧਕ ਨਰਾਜ਼ ਹੋ ਗਿਆ... ਪਰ ਫਿਰ ਵੀ ਕੰਨੇ ਦੀ ਮਦਦ ਕਰ ਗਿਆ... (ਸੱਟਾ-ਸੱਟਾਂ) ਅੱਧਕ ਬਿਹਾਰੀ ਨਾਲ ਰਲ ਕੇ ਵੀ ਬਿੰਦੀ ਦਾ ਮੁਕਾਬਲਾ ਨਾ ਕਰ ਸਕਿਆ... ਫਿਰ ਟਿੱਪੀ ਵੀ ਬਿੰਦੀ ਦੇ ਉਲਟ ਹੋ ਗਈ... ਔਕੜ, ਸਿਹਾਰੀ ਸਭ ਰਲਕੇ ਵੀ ਬਿੰਦੀ ਨੂੰ ਹਰਾ ਨਾ ਸਕੇ... ਇਸੇ ਲੜਾਈ ਵਿਚ ਸ਼ਬਦ ਮੁਖੀ ਵਲੋਂ ਅਨੁਨਾਸਕੀ ਅੱਖਰਾਂ, ਪੈਰ ਬਿੰਦੀ ਵਾਲੇ ਅੱਖਰਾਂ ਅਤੇ ਪੂਰੇ ਅੱਖਰ-ਪਰਿਵਾਰ ਬਾਰੇ ਕਈ ਫ਼ੈਸਲੇ ਲਏ ਗਏ... ਅੱਖਰਾਂ ਤੋਂ ਸ਼ਬਦ ਅਤੇ ਸ਼ਬਦਾਂ ਤੋਂ ਵਾਕ ਬਣਾਉਣ ਦੇ ਨਿਯਮ ਬਣਾਏ ਗਏ... ਇਹ ਅੱਖਰਾਂ, ਲਗਾਂ ਅਤੇ ਲਗਾਖਰਾਂ ਦੀ ਕਹਾਣੀ ਰਵਿੰਦਰ ਸਿੰਘ ਰੱਬੀ ਵਲੋਂ ਲਿਖੀ ਗਈ ਹੈ। ਲੇਖਕ ਵਲੋਂ ਇਹ ਕਹਾਣੀ ਸਿਰਜਣ ਦਾ ਮੁੱਖ ਪ੍ਰਯੋਜਨ ਪਾਠਕ ਨੂੰ ਪੰਜਾਬੀ ਸ਼ਬਦ ਜੋੜਾਂ ਦੇ ਨਿਯਮ ਸਮਝਾਉਣਾ ਹੈ। ਉਸ ਨੇ ਅੱਖਰਾਂ, ਲਗਾਂ, ਲਗਾਖਰਾਂ ਆਦਿ ਨੂੰ ਨਾਇਕ-ਖਲਨਾਇਕ ਦਾ ਰੂਪ ਦੇ ਕੇ ਪੰਜਾਬੀ ਦੇ ਵਿਆਕਰਨਿਕ ਨਿਯਮਾਂਵਾਲੀ ਗੱਲ ਸਮਝਾਈ ਹੈ। ਇਕੋ ਜਿਹੀਆਂ ਆਵਾਜ਼ਾਂ ਵਾਲੇ ਕਈ ਲਫਜ਼ਾਂ, ਉਨ੍ਹਾਂ ਦੇ ਅਰਥ ਅਤੇ ਸ਼ਬਦ-ਜੋੜਾਂ ਦੇ ਨਿਯਮ ਸਮਝਾਉਣ ਲਈ ਇਸ ਕਹਾਣੀ ਵਿਚ ਸੁੰਦਰ ਦ੍ਰਿਸ਼ ਤੇ ਬਿੰਬ ਸਿਰਜੇ ਹਨ। ਲੇਖਕ ਦਾ ਇਸ ਢੰਗ ਨਾਲ ਇਹ ਪੁਸਤਕ ਲਿਖਣਾ ਇਕ ਸ਼ਲਾਘਾਯੋਗ ਕਦਮ ਹੈ। ਲੇਖਕ ਅੱਜ ਦੇ ਸਮੇਂ ਵਿਚ ਪੰਜਾਬੀ ਭਾਸ਼ਾ ਬੋਲਣ ਸਮੇਂ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਅਤੇ ਗੁਰਮੁਖੀ ਲਿੱਪੀ ਵਿਚ ਲਿਖਣ ਸਮੇਂ ਗ਼ਲਤ ਸ਼ਬਦ ਜੋੜਾਂ ਕਾਰਨ ਚਿੰਤਾ ਵਿਅਕਤ ਕਰਦਾ ਹੈ। ਉਹ ਪੰਜਾਬੀ ਭਾਸ਼ਾ ਦੇ ਸ਼ਬਦ ਜੋੜਾਂ ਦੇ ਮਿਆਰੀਕਰਨ ਦੀ ਲੋੜ ਨੂੰ ਅਨੁਭਵ ਕਰ ਪੰਜਾਬੀ ਵਿਦਵਾਨਾਂ ਨੂੰ ਇਸ ਖੇਤਰ ਵਿਚ ਕੰਮ ਕਰਨ ਨੂੰ ਪ੍ਰੇਰਦਾ ਹੈ। ਇਸ ਸੰਬੰਧੀ ਹੋ ਚੁੱਕੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਉਹ ਹੋਰ ਵੱਧ ਮਿਹਨਤ ਕੀਤੇ ਜਾਣ ਦੀ ਲੋੜ ਨੂੰ ਮਹਿਸੂਸ ਕਰਦਾ ਹੈ। ਆਸ ਕੀਤੀ ਜਾਂਦੀ ਹੈ ਕਿ ਉਸ ਦੁਆਰਾ ਕੀਤੇ ਇਸ ਵਿਲੱਖਣ ਕਾਰਜ ਦੀ ਭਰਪੂਰ ਪ੍ਰਸੰਸਾ ਹੋਵੇਗੀ ਅਤੇ ਇਸ ਵਰਗੇ ਹੋਰ ਕੰਮ ਵੀ ਵਿਦਵਾਨਾਂ ਵੱਲੋਂ ਕੀਤੇ ਜਾਣਗੇ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਧਰੂ ਤਾਰਾ
ਸੰਤ-ਸਿਪਾਹੀ ਭਾਈ ਮਹਿੰਗਾ ਸਿੰਘ ਜੀ ਬੱਬਰ
ਲੇਖਕ : ਹਾਕਮ ਸਿੰਘ ਨੱਤਿਆਂ
ਪ੍ਰਕਾਸ਼ਕ : ਦਵਿੰਦਰਪਾਲ ਸਿੰਘ, ਖਰੜ
ਸਫ਼ੇ : 60, ਭੇਟਾ : ਮੁਫ਼ਤ
ਸੰਪਰਕ : 98554-82940

ਸਾਕਾ 1984 ਸਮੇਂ ਬੱਬਰ ਜਥੇਬੰਦੀ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਉਰਫ (ਕੁਲਵੰਤ ਸਿੰਘ) ਦੇ ਅੰਤਲੇ ਸਮੇਂ ਦੀ ਜੀਵਨ ਗਾਥਾ ਹੈ। ਲੇਖਕ ਹਾਕਮ ਸਿੰਘ ਨੱਤਿਆਂ ਨੇ ਹਥਲੀ ਕਿਤਾਬ ਵਿਚ ਭਾਈ ਮਹਿੰਗਾ ਸਿੰਘ ਤੇ ਉਸ ਦੇ ਪਰਿਵਾਰ ਨਾਲ ਸੰਬੰਧਿਤ ਅੰਦਾਜਨ 42 ਤੋਂ ਵੱਧ ਰੰਗਦਾਰ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਹਨ। ਦਸ ਕਾਵਿ-ਰਚਨਾਵਾਂ ਹਨ ਅਤੇ 29 ਸਿਰਲੇਖਾਂ ਵਿਚ ਇਹ ਕਿਤਾਬ ਸੰਪੂਰਨ ਹੁੰਦੀ ਹੈ।
ਭਾਈ ਮਹਿੰਗਾ ਸਿੰਘ ਬੱਬਰ ਜਥੇਬੰਦੀ ਦਾ ਸਿਰਕੱਢ ਜੁਝਾਰੂ ਸਿੰਘ ਸੀ, ਇਹ ਜਥੇਬੰਦੀ ਅਖੰਡ ਕੀਰਤਨੀ ਜਥੇ ਦੀ ਉਪਜ ਸੀ। ਉਨ੍ਹਾਂ ਦਾ ਜਨਮ 3 ਜਨਵਰੀ 1957 ਨੂੰ ਮੁਹੱਲਾ ਵਿਸ਼ਕਰਮਾ, ਜਮਨਾ ਨਗਰ ਹਰਿਆਣਾ ਵਿਖੇ ਹੋਇਆ। ਹੋਸ਼ ਸੰਭਾਲਣ 'ਤੇ ਉਸ ਦੀ ਸ. ਅਮਰ ਸਿੰਘ ਖ਼ਾਲਸਾ ਸਨਅਤਕਾਰ ਨਾਲ ਸੰਗਤ ਹੋਈ। ਜੋ ਅਖੰਡ ਕੀਰਤਨੀ ਜਥੇ ਦਾ ਮੈਂਬਰ ਸੀ। ਉਸ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕਿਆ ਤੇ ਗੁਰੂ ਦਾ ਲੜ ਫੜਿਆ। ਮਾਤਾ ਪਿਤਾ ਨੇ ਵੀ ਥੋੜ੍ਹੀ ਦੇਰ ਬਾਅਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਭਾਈ ਮਹਿੰਗਾ ਸਿੰਘ 1977 ਵਿਚ ਘਰ ਪਰਿਵਾਰ ਛੱਡ ਕੇ ਸ੍ਰੀ ਦਰਬਾਰ ਸਾਹਿਬ ਪੁਹੰਚ ਗਿਆ, ਜਿਥੇ ਇਸ ਦਾ ਮਿਲਾਪ ਭਾਈ ਫ਼ੌਜਾ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਮਹਿਲ ਸਿੰਘ, ਭਾਈ ਅਨੋਖ ਸਿੰਘ, ਭਾਈ ਮਨਮੋਹਨ ਸਿੰਘ ਫ਼ੌਜੀ, ਭਾਈ ਸੁਲੱਖਣ ਸਿੰਘ ਤੇ ਹੋਰ ਜੁਝਾਰੂ ਸਿੰਘਾਂ ਨਾਲ ਹੋਇਆ। ਉਥੇ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਨਾਲ ਵੀ ਮੇਲ ਜੋਲ ਵਧਦਾ ਗਿਆ। 1978 ਦੀ ਵਿਸਾਖੀ ਵਾਲੇ ਦਿਨ ਨਕਲੀ ਨਿਰੰਕਾਰੀਆਂ ਵੱਲੋਂ ਖੂਨੀ ਕਾਂਡ ਵਰਤਾਇਆ ਗਿਆ। 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਜਿਨ੍ਹਾਂ ਦੇ ਮੁਖੀ ਭਾਈ ਫੌਜਾ ਸਿੰਘ ਸ਼ਹੀਦ ਸਨ। ਇਸ ਸ਼ਹੀਦੀ ਸਾਕੇ ਦੀ ਖਬਰ ਇਲਾਕੇ ਵਿਚ ਦੇਣ ਲਈ ਭਾਈ ਮਹਿੰਗਾ ਸਿੰਘ ਨੂੰ ਬੀਬੀ ਅਮਰਜੀਤ ਕੌਰ ਨੇ ਭੇਜਿਆ ਸੀ। ਭਾਈ ਮਹਿੰਗਾ ਸਿੰਘ ਫੁਰਤੀਲਾ ਅਤੇ ਆਗਿਆਕਾਰੀ ਸਿੰਘ ਸੀ। ਇਸ ਕਾਂਡ ਦਾ ਅਸਰ ਭਾਈ ਮਹਿੰਗਾ ਸਿੰਘ 'ਤੇ ਬਹੁਤ ਡੂੰਘਾ ਹੋਇਆ ਤੇ ਉਹ ਬੀਬੀ ਅਮਰਜੀਤ ਕੌਰ ਦੀ ਤਾਬਿਆ ਸੇਵਾ ਵਿਚ ਜੁਟ ਗਿਆ।
1 ਜੂਨ, 1984 ਨੂੰ ਸਵੇਰੇ ਅਰਦਾਸ ਕਰਕੇ ਦੁਮਾਲਾ ਸਜਾਇਆ ਅਤੇ ਸ਼ਸਤਰ ਸਜਾ ਕੇ ਤਿਆਰ-ਬਰ-ਤਿਆਰ ਹੋ ਕੇ ਬੀਬੀ ਅਮਰਜੀਤ ਕੌਰ ਨੂੰ ਅਜਿਹੀ ਗੱਜ ਕੇ ਫਤਿਹ ਬੁਲਾਈ, ਜਿਵੇਂ ਇਹ ਫ਼ਤਿਹ ਆਖਰੀ ਹੋਵੇ ਅਤੇ ਨਾਲ ਹੀ ਬੇਨਤੀ ਕੀਤੀ ਕਿ ਮਾਤਾ ਜੀ ਆਪਣੇ ਪੁੱਤਰ ਨੂੰ ਆਸੀਸ ਬਖਸ਼ੋ। ਬੀਬੀ ਜੀ ਨੇ ਪਿਆਰ ਦਿੱਤਾ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ।ਆਪਣੀ ਧਰਮ ਮਾਤਾ ਅਮਰਜੀਤ ਕੌਰ ਦਾ ਆਸ਼ੀਰਵਾਦ ਲੈ ਕੇ ਆਪਣੇ ਮੋਰਚੇ ਵੱਲ ਚੱਲ ਪਿਆ ਜੋ ਕਿ ਬਾਬਾ ਅੱਟਲ ਰਾਇ ਜੀ ਦੇ ਆਖਰੀ ਮੰਜ਼ਲ 'ਤੇ ਸਥਿਤ ਸੀ।
ਰਸਤੇ ਵਿਚ ਕਈ ਜੁਝਾਰੂ ਸਿੰਘ ਮਿਲੇ, ਸਾਰਿਆਂ ਨੇ ਗੱਜ ਕੇ ਚੜ੍ਹਦੀਕਲਾ ਦੀ ਫ਼ਤਹਿ ਬੁਲਾਈ। ਭਾਈ ਮਹਿੰਗਾ ਸਿੰਘ ਨੇ ਅਸਥਾਨ ਬਾਬਾ ਅਟੱਲ ਰਾਏ ਸਾਹਿਬ ਦੇ ਸਨਮੁੱਖ ਖੜੇ ਹੋ ਕੇ ਅਰਦਾਸ ਕੀਤੀ ''ਬਾਬਾ ਅਟੱਲ, ਬਖਸ਼ੋ ਬਲ, ਮਨ ਰਹੇ ਅਟੱਲ, ਕ੍ਰਿਪਾ ਕਰ ਦਿਓ ਅੱਜ ਹੀ ਸ਼ਾਇਦ ਨਾ ਆਵੇ ਕੱਲ੍ਹ" ਭਾਈ ਸਾਹਿਬ ਨੇ ਮੋਰਚੇ ਵਿਚ ਜਾ ਕੇ ਸਿੰਘਾਂ ਸਾਥੀਆਂ ਨੂੰ ਕਿਹਾ ਸਿੰਘੋ ਤਿਆਰ ਹੋ ਜਾਵੋ ਸ਼ਾਇਦ ਅੱਜ ਸਰਕਾਰੀ ਫੌਜਾਂ ਨਾਲ ਦਸਤ ਪੰਜਾ ਲੈਣ ਦਾ ਮੌਕਾ ਮਿਲ ਜਾਵੇ। ਨੂੰ ਜੀ ਆਇਆਂ ਨੂੰ ਕਹਿਣਾ ਪਏ। ਇਹ ਕਹਿਣ ਤੇ ਸਾਥੀਆਂ ਦੇ ਚਿਹਰੇ ਖਿੜ ਗਏ।
1 ਜੂਨ, 1984 ਤਕਰੀਬਨ ਸ਼ਾਮ ਦਾ 4 ਕੁ ਵਜੇ ਦਾ ਸਮਾਂ ਸੀ ਜਦੋਂ ਫ਼ੌਜਾਂ ਨੇ ਬਾਬਾ ਅਟੱਲ ਰਾਏ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਬਸ ਫਿਰ ਕੀ ਸੀ ਕਿ ਸਿੰਘਾਂ ਨੇ ਮੋਰਚਾ ਸੰਭਾਲਦਿਆਂ ਅਜਿਹਾ ਹੱਲਾ ਬੋਲਿਆ ਤੇ ਕਾਫ਼ੀ ਫ਼ੌਜੀ ਉਥੇ ਹੀ ਢੇਰੀ ਹੋ ਗਏ। ਇਕ ਵਾਰ ਤਾਂ ਫ਼ੌਜਾਂ ਵਿਚ ਸਨਾਟਾ ਜਿਹਾ ਛਾ ਗਿਆ ਅਤੇ ਫ਼ੌਜ ਵਲੋਂ ਘੇਰਾਬੰਦੀ ਹੋਰ ਸਖਤ ਕਰ ਦਿੱਤੀ ਗਈ। ਥੋੜ੍ਹੇ ਸਮੇਂ ਬਾਅਦ ਭਾਈ ਮਹਿੰਗਾ ਸਿੰਘ ਨੇ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਉੱਚਾ ਚਮਕੀਲਾ ਦੁਮਾਲਾ ਫ਼ੌਜ ਦੇ ਨਜ਼ਰੀਂ ਪੈ ਗਿਆ ਤਾਂ ਫ਼ੌਜਾਂ ਨੇ ਵੱਡਾ ਹਮਲਾ ਬੋਲਿਆ ਅਤੇ ਇਸੇ ਹਮਲੇ ਦੌਰਾਨ ਉਹ ਸ਼ਹੀਦ ਹੋ ਗਏ।
ਗੁ: ਮੰਜੀ ਸਾਹਿਬ ਦੀਵਾਨ ਹਾਲ ਦੇ ਨੇੜੇ ਸਸਕਾਰ ਕੀਤਾ ਗਿਆ ਜਿੱਥੇ ਤਕਰੀਬਨ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਹਮਲੇ ਵਿਚ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ। ਭਾਈ ਮਹਿੰਗਾ ਸਿੰਘ ਦੇ ਸਸਕਾਰ ਸਮੇਂ ਬੀਬੀ ਅਮਰਜੀਤ ਕੌਰ ਅਤੇ ਸੰਤ ਹਰਚੰਦ ਸਿੰਘ ਲੌਗੋਂਵਾਲ ਨੇ ਵੈਰਾਗਮਈ ਕੀਰਤਨ ਕੀਤਾ। ਇਹ ਹੱਥਲੀ ਕਿਤਾਬ ਭਾਈ ਮਹਿੰਗਾ ਸਿੰਘ ਬੱਬਰ ਦੇ ਜੀਵਨ ਬਾਰੇ ਚੰਗੀ ਜਾਣਕਾਰੀ ਮੁਹੱਈਆ ਕਰਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਡੱਡੂਆਂ ਦੀ ਮੁਕਾਬਲੇਬਾਜ਼ੀ
ਲੇਖਿਕਾ : ਗਗਨਪ੍ਰੀਤ ਕੌਰ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 20
ਸੰਪਰਕ : 76529-08747

ਪੰਜਾਬੀ ਬਾਲ ਸਾਹਿਤ ਵਿਚ ਕਹਾਣੀ ਅਜਿਹੀ ਦਿਲਚਸਪ ਸਿਨਫ਼ ਹੈ ਜੋ ਕਿਸੇ ਘਟਨਾਕ੍ਰਮ ਦੇ ਮਾਧਿਅਮ ਦੁਆਰਾ ਪਾਠਕ ਵਰਗ ਨੂੰ ਨਿੱਗਰ ਸੰਦੇਸ਼ ਦਿੰਦੀ ਹੈ। ਗਗਨਪ੍ਰੀਤ ਕੌਰ ਰਚਿਤ ਪੁਸਤਕ 'ਡੱਡੂਆਂ ਦੀ ਮੁਕਾਬਲੇਬਾਜ਼ੀ' ਇਸੇ ਵੰਨਗੀ 'ਤੇ ਆਧਾਰਿਤ ਹੈ, ਜਿਸ ਵਿਚ ਕੁੱਲ 6 ਕਹਾਣੀਆਂ ਸ਼ਾਮਿਲ ਹਨ।
ਹਥਲੀ ਪੁਸਤਕ ਦੀ ਪ੍ਰਥਮ ਕਹਾਣੀ 'ਚੰਗਾ ਮਿੱਤਰ' ਚੰਗੇ ਅਤੇ ਬੁਰਾ ਵਿਵਹਾਰ ਰੱਖਣ ਵਾਲੇ ਦੋ ਦੋਸਤਾਂ ਦਾ ਕਥਾ ਬਿਰਤਾਂਤ ਹੈ। ਜਿਸ ਦਾ ਸਿੱਟਾ ਇਹ ਸਾਹਮਣੇ ਆਉਂਦਾ ਹੈ ਕਿ ਚੰਗਿਆਈ ਪੱਥਰ ਤੇ ਖੋਦੀ ਇਬਾਰਤ ਦੇ ਸਮਾਨ ਹੈ ਜਿਸ ਦੀ ਛਾਪ ਅਮਿੱਟ ਹੁੰਦੀ ਹੈ। 'ਸਿਆਣਾ ਆਦਮੀ' ਕਹਾਣੀ ਪਿੰਡ ਦੇ ਇਕ ਸਿਆਣੇ ਆਦਮੀ ਰਾਹੀਂ ਇਹੋ ਸੁਨੇਹਾ ਦਿੰਦੀ ਹੈ ਕਿ ਚਿੰਤਾ ਕਿਸੇ ਮੁਸ਼ਕਿਲ ਦਾ ਹੱਲ ਨਹੀਂ ਹੁੰਦੀ। ਇਹ ਕੀਮਤੀ ਸਮੇਂ ਤੇ ਸ਼ਕਤੀ ਨੂੰ ਨਸ਼ਟ ਕਰਨ ਦਾ ਹੀ ਸਬੱਬ ਹੈ। ਅਜਿਹੀ ਪ੍ਰਸਥਿਤੀ ਵਿਚ ਧੀਰਜ ਅਤੇ ਦੂਰਦ੍ਰਿਸ਼ਟੀ ਤੋਂ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ।
'ਕੀ ਤੈਨੂੰ ਤੈਰਨਾ ਆਉਂਦਾ?' ਕਹਾਣੀ ਇਕ ਢੌਂਗੀ ਤੇ ਗੁਸੈਲ ਸਾਧ 'ਤੇ ਆਧਾਰਿਤ ਹੈ, ਜੋ ਲੋਕਾਂ ਨੂੰ ਅਨਪੜ੍ਹ, ਮੂਰਖ ਅਤੇ ਗਵਾਰ ਕਹਿ ਕੇ ਉਨ੍ਹਾਂ ਦਾ ਮੌਜੂ ਉਡਾਉਂਦਾ ਹੈ ਪਰੰਤੂ ਜਦੋਂ ਖ਼ੁਦ ਡੁੱਬਣ ਲਗਦਾ ਹੈ ਤਾਂ ਉਸ ਦੀ ਅਖੌਤੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ ਹੈ। ਅੰਤ ਵਿਚ ਉਹ ਮੱਲਾਹ ਕੋਲੋਂ ਜਨਤਾ ਨਾਲ ਮੰਦਾ ਬੋਲਣ ਲਈ ਆਪਣੇ ਗ਼ਲਤ ਵਿਵਹਾਰ ਲਈ ਖ਼ਿਮਾ ਯਾਚਨਾ ਕਰਦਾ ਹੈ। 'ਡੱਡੂਆਂ ਦੀ ਮੁਕਾਬਲੇਬਾਜ਼ੀ' ਅਤੇ 'ਪਰੀਆਂ ਦੀ ਪਹਾੜੀ' ਕਹਾਣੀਆਂ ਸਾਧਾਰਨ ਕਿਸਮ ਦੀਆਂ ਹਨ ਪਰੰਤੂ ਇਨ੍ਹਾਂ ਦੇ ਸਮਾਨਾਂਤਰ ਕਹਾਣੀ 'ਸਦਾ ਬਹਾਰ ਦੋਸਤ' ਚੂਹੇ ਅਤੇ ਡੱਡੂ ਪਾਤਰਾਂ ਦੇ ਮਾਧਿਅਮ ਦੁਆਰਾ ਸੁਨੇਹਾ ਦਿੰਦੀ ਹੈ ਕਿ ਮੂਰਖ਼ ਮਿੱਤਰ ਸਿਆਣੇ ਮਿੱਤਰ ਦਾ ਵੀ ਨੁਕਸਾਨ ਕਰਵਾ ਦਿੰਦਾ ਹੈ। ਇਹ ਕਹਾਣੀਆਂ ਬੱਚਿਆਂ ਵਿਚ ਪੜ੍ਹਨ ਰੁਚੀਆਂ ਉਤਪੰਨ ਕਰਦੀਆਂ ਹਨ। ਕਿਤੇ-ਕਿਤੇ ਅਖਾਣਾਂ ਅਤੇ ਮੁਹਾਵਰਿਆਂ ਨਾਲ ਕਹਾਣੀਆਂ ਦੀ ਮਹੱਤਤਾ ਵਿਚ ਸਾਰਥਿਕ ਵਾਧਾ ਵੀ ਕੀਤਾ ਗਿਆ ਹੈ। ਹਰ ਕਹਾਣੀ ਦੇ ਅੰਤ ਵਿਚ ਕਹਾਣੀ ਦੇ ਆਧਾਰਿਤ ਕੋਈ ਨਾ ਕੋਈ ਸਿੱਖਿਆ ਪ੍ਰਦਾਨ ਕੀਤੀ ਗਈ ਹੈ। ਵਰਤਮਾਨ ਦੌਰ ਵਿਚ ਅਜਿਹਾ ਅਮਲ ਬਾਲ ਪਾਠਕਾਂ ਨੂੰ ਨੈਤਿਕਤਾ ਨਾਲ ਜੋੜਨ ਦਾ ਇਕ ਚੰਗਾ ਉਦਮ ਹੈ।
ਰੰਗਦਾਰ ਚਿੱਤਰਾਂ ਨਾਲ ਸ਼ਿੰਗਾਰੀ ਇਹ ਪੁਸਤਕ ਅੱਠ ਤੋਂ ਬਾਰਾਂ ਸਾਲਾਂ ਦੇ ਬੱਚਿਆਂ ਲਈ ਵਿਸ਼ੇਸ਼ ਪੜ੍ਹਨਯੋਗ ਹੈ।

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

ਪਰਵਾਸੀ ਪੰਜਾਬੀ ਗਲਪ
ਖੋਜ-ਝਰੋਖਾ
ਲੇਖਿਕਾ : ਡਾ. ਰਮਨਪ੍ਰੀਤ ਕੌਰ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 120
ਸੰਪਰਕ : 98765-87726

'ਪਰਵਾਸੀ ਪੰਜਾਬੀ ਗਲਪ ਖੋਜ-ਝਰੋਖਾ' ਡਾ. ਰਮਨਪ੍ਰੀਤ ਕੌਰ ਦੀ ਤੀਜੀ ਖੋਜ ਭਰਪੂਰ ਕ੍ਰਿਤ ਹੈ। ਇਸ ਤੋਂ ਪਹਿਲਾਂ ਉਹ 'ਸਤਲੁਜ ਵਹਿੰਦਾ ਰਿਹਾ : ਪਾਠ ਅਧਿਐਨ' ਅਤੇ 'ਬਲਦੇਵ ਸਿੰਘ ਦੇ ਨਾਵਲਾਂ ਦੀ ਗਲਪ-ਚੇਤਨਾ' ਖੋਜ ਦੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਹਥਲੀ ਪੁਸਤਕ ਵਿਚ ਉਸ ਨੇ ਪੰਜਾਬ ਦੀ ਧਰਤੀ 'ਤੇ ਜੁਆਨ ਹੋਏ ਉਨ੍ਹਾਂ ਲੇਖਕਾਂ ਦੀ ਵਿਚਾਰਧਾਰਾਈ ਦ੍ਰਿਸ਼ਟੀਕੋਣ ਵਿਚ ਆਏ ਪਰਿਵਰਤਨ ਨੂੰ ਚਿੱਤਰਿਆ ਹੈ, ਜਿਹੜੇ ਪੈਂਤੀ ਚਾਲੀ ਸਾਲ ਪਹਿਲਾਂ ਵਿਦੇਸ਼ ਚਲੇ ਗਏ ਸਨ। ਇਨ੍ਹਾਂ ਵਿਚੋਂ ਜਰਨੈਲ ਸਿੰਘ, ਵੀਨਾ ਵਰਮਾ, ਹਰਪ੍ਰੀਤ ਸੇਖਾ, ਬਲੀਜੀਤ, ਸੁਖਬੀਰ ਦੀਆਂ ਕਹਾਣੀਆਂ ਅਤੇ ਨਾਵਲਾਂ ਉੱਤੇ ਵਿਸ਼ੇਸ਼ ਤੌਰ 'ਤੇ ਆਪਣੀ ਖੋਜ ਨੂੰ ਕੇਂਦ੍ਰਿਤ ਕੀਤਾ ਹੈ। ਗਲਪ ਸਾਹਿਤ ਦਾ ਕੈਨਵਸ ਕਵਿਤਾ, ਇਕਾਂਗੀ, ਨਿਬੰਧ ਆਦਿ ਰੂਪਾਂ ਦੇ ਮੁਕਾਬਲੇ ਵਧੇਰੇ ਮੋਕਲਾ ਅਤੇ ਵੱਧ ਸੰਭਾਵਨਾਵਾਂ ਵਾਲਾ ਹੁੰਦਾ ਹੈ। ਇਸ ਵਿਚ ਮਨੁੱਖੀ ਜੀਵਨ ਦੀ ਵਾਸਤਵਿਕਤਾ ਦੀ ਜਟਿਲਤਾ ਅਤੇ ਬਹੁ-ਪਾਸਾਰੀ ਤਾਣੇ-ਬਾਣੇ ਨੂੰ ਵਧੇਰੇ ਠੋਸ ਰੂਪ ਵਿਚ ਰੂਪਮਾਨ ਕਰਨ ਦੀ ਗੁੰਜਾਇਸ਼ ਹੁੰਦੀ ਹੈ। ਡਾ. ਰਮਨਪ੍ਰੀਤ ਕੌਰ ਨੇ ਆਪਣੀ ਖੋਜ ਵਿਚ ਇਹ ਸਿੱਧ ਕੀਤਾ ਹੈ ਕਿ ਉਪਰੋਕਤ ਲੇਖਕਾਂ ਨੇ ਪਰਵਾਸੀ ਪੰਜਾਬੀ ਕਥਾ-ਵਸਤੂ, ਕਥਾ-ਦ੍ਰਿਸ਼ਟੀ ਅਤੇ ਕਥਾ-ਸਿਲਪ ਨੂੰ ਨਵੀਂ ਨੁਹਾਰ ਦਿੱਤੀ ਹੈ। ਇਨ੍ਹਾਂ ਲੇਖਕਾਂ ਨੇ ਪੂਰਵਲੀ ਪਰਵਾਸੀ ਪੰਜਾਬੀ ਕਹਾਣੀ ਦੇ ਪ੍ਰਚੱਲਿਤ ਬੌਧਿਕ ਸਰੋਕਾਰਾਂ ਜਿਵੇਂ ਭੂ-ਹੇਰਵਾ, ਨਸਲੀ-ਵਿਤਕਰਾ, ਪੀੜ੍ਹੀ-ਪਾੜਾ, ਇਕੱਲਤਾ, ਬੇਗਾਨਗੀ, ਪਰਿਵਾਰਕ ਟੁੱਟ-ਭੱਜ ਅਤੇ ਪੂੰਜੀਵਾਦੀ ਨੈਤਿਕਤਾ ਦੀਆਂ ਅਲਾਮਤਾਂ ਜਿਵੇਂ ਨਿੱਜਵਾਦ, ਪਦਾਰਥਵਾਦ ਅਤੇ ਬੇਬਾਕ ਕਾਮੁਕਤਾ ਆਦਿ ਵਿਸ਼ਿਆਂ ਨੂੰ ਆਪਣੇ ਕਥਾ-ਜਗਤ ਦਾ ਕੇਂਦਰੀ ਸੂਤਰ ਨਹੀਂ ਬਣਾਇਆ। ਇਨ੍ਹਾਂ ਦੀ ਕਥਾ ਦ੍ਰਿਸ਼ਟੀ ਦੀ ਵਿਲੱਖਣਤਾ ਇਹ ਹੈ ਕਿ ਉਹ ਪੂਰਬੀ ਅਤੇ ਪੱਛਮੀ ਸੱਭਿਆਚਾਰਾਂ ਵਿਚੋਂ ਕਿਸੇ ਇੱਕ ਨੂੰ ਸ੍ਰੇਸ਼ਠ ਜਾਂ ਦੂਜੇ ਨੂੰ ਪਛੜੇਵੇਂ ਮਾਰਿਆ ਨਹੀਂ ਕਹਿੰਦੇ।
ਪੱਛਮ ਦੇ ਵਿਕਸਤ ਪੂੰਜੀਵਾਦੀ ਦੇਸ਼ਾਂ ਵਿਚ ਵਿਅਕਤੀ ਦੀ ਆਜ਼ਾਦੀ ਬਹੁਤ ਅਹਿਮ ਸੁਆਲ ਹੈ। ਉੱਥੇ ਵਿਅਕਤੀ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਨਾਲ ਕਿਸੇ ਕਿਸਮ ਦੇ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ। ਏਸ਼ੀਆਈ ਭਾਈਚਾਰੇ ਦੇ ਲੋਕ ਪੱਛਮੀ ਦੇਸ਼ਾਂ ਵਿਚ ਜਾ ਕੇ ਆਰਥਿਕ ਤੌਰ 'ਤੇ ਸੁਰੱਖਿਅਤ ਅਤੇ ਪਦਾਰਥਕ ਤੌਰ 'ਤੇ ਖ਼ੁਸ਼ਹਾਲ ਹੋ ਜਾਂਦੇ ਹਨ। ਪਰੰਤੂ ਉਹ ਆਪਣੇ ਸੱਭਿਆਚਾਰਕ ਸਰੋਕਾਰਾਂ ਅਤੇ ਪਰੰਪਰਾਵਾਦੀ ਸੰਸਕਾਰਾਂ ਤੋਂ ਮੁਕਤ ਨਹੀਂ ਹੁੰਦੇ। ਨਤੀਜੇ ਵਜੋਂ ਪੱਛਮੀ ਦੇਸ਼ਾਂ ਵਿਚ ਪੈਦਾ ਹੋਈ ਅਤੇ ਉੱਥੋਂ ਦੇ ਸੱਭਿਆਚਾਰ ਵਿਚ ਰਚ ਮਿਚ ਰਹੀ ਨਵੀਂ ਪੀੜ੍ਹੀ ਅਤੇ ਪਰੰਪਰਾਵਾਦੀ ਸੋਚ ਵਾਲੀ ਪੁਰਾਣੀ ਪੀੜ੍ਹੀ ਵਿਚ ਟਕਰਾਉ ਬਹੁਤ ਤਿੱਖਾ ਹੁੰਦਾ ਹੈ। ਜਰਨੈਲ ਸਿੰਘ ਦੀ 'ਪਛਾਣ' ਕਹਾਣੀ ਇਸੇ ਟਕਰਾਉ ਨੂੰ ਪੇਸ਼ ਕਰਦੀ ਹੈ। ਸੁਲੱਖਣ ਸਿੰਘ ਤੇ ਸੁਰਜੀਤ ਕੌਰ ਆਪਣੇ ਪੁੱਤਰ ਤੇ ਨੂੰਹ ਦੇ ਪਰਿਵਾਰ ਦੀ ਮੱਦਦ ਲਈ ਬੜੇ ਚਾਅ ਨਾਲ ਕੈਨੇਡਾ ਜਾਂਦੇ ਹਨ। ਰਿਟਾਇਰਡ ਕਰਨਲ ਸੁਲੱਖਣ ਸਿੰਘ ਪੁੱਤਰ ਦੇ ਪਰਿਵਾਰ ਦੀ ਆਰਥਿਕ ਮੱਦਦ ਲਈ ਬੁਢਾਪੇ ਵਿਚ ਵੀ ਮਿੱਲਾਂ ਵਿਚ ਸਕਿਉਰਟੀ ਮੁਲਾਜ਼ਮ ਦੀ ਨੌਕਰੀ ਕਰਦਾ ਹੈ। ਸੁਰਜੀਤ ਕੌਰ ਆਪਣੇ ਪੋਤਾ ਪੋਤੀ ਪਰਿੰਦਰ ਪੈਮ ਤੇ ਡੈਲੀ ਨੂੰ ਸਾਂਭਦੀ ਹੈ। ਦਾਦੇ ਨੂੰ ਪੋਤੇ ਪੋਤੀ ਦਾ ਗੋਰਿਆਂ ਦੇ ਜੁਆਕਾਂ ਨਾਲ ਮਿਲਣਾ ਗਿਲਣਾ ਚੰਗਾ ਨਹੀਂ ਲਗਦਾ। ਜਦੋਂ ਉਹ ਆਪਣੀ ਪੋਤੀ ਨੂੰ ਉਸ ਦੇ ਗੋਰੇ ਕਲਾਸਫੈਲੋ ਡੇਵ ਨਾਲ ਲੀਵਿੰਗ ਰੂਮ ਵਿਚ ਇਤਰਾਜ਼-ਯੋਗ ਸਥਿਤੀ ਵਿਚ ਦੇਖਦਾ ਹੈ ਤਾਂ ਉਹ ਡੇਵ ਨੂੰ ਡਾਂਟ ਦਿੰਦਾ ਹੈ ਤੇ ਪੋਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਪੋਤੀ ਇਸ ਨੂੰ ਆਪਣੀ ਅਜ਼ਾਦੀ ਵਿਚ ਖ਼ਲਲ ਸਮਝਦੀ ਹੈ। ਉਹ ਮਾਂ ਪਿਉ ਕੋਲ ਦਾਦੇ ਦੀ ਸ਼ਿਕਾਇਤ ਲਾਉਂਦੀ ਹੈ। ਉਸ ਦੇ ਮੰਮੀ ਡੈਡੀ ਉਲਟਾ ਸੁਲੱਖਣ ਸਿੰਘ ਨੂੰ ਇੱਥੋਂ ਦੇ ਮਾਹੌਲ ਮੁਤਾਬਕ ਬਦਲਣ ਲਈ ਕਹਿੰਦੇ ਹਨ। ਸੁਲੱਖਣ ਨੂੰ ਮਾਨਸਿਕ ਤੌਰ 'ਤੇ ਬਹੁਤ ਵੱਡਾ ਝਟਕਾ ਲਗਦਾ ਹੈ। ਉਹ ਆਪਣੇ ਪੁੱਤਰ ਦੇ ਘਰ ਨੂੰ ਕੈਦ ਸਮਝ ਕੇ ਆਪਣੇ ਦੋਸਤ ਸਾਧੂ ਸਿੰਘ ਦੇ ਘਰ ਰਹਿਣ ਲਈ ਚਲਾ ਜਾਂਦਾ ਹੈ। ਕਹਾਣੀਕਾਰ ਇੱਥੇ ਇਹ ਸੁਆਲ ਖੜ੍ਹਾ ਕਰਦਾ ਹੈ ਕਿ ਪਰਵਾਸ ਵਿਚ ਵਸਦੇ ਬੰਦੇ ਦੀ ਪਛਾਣ ਕੀ ਹੈ?
ਇਸ ਪ੍ਰਕਾਰ ਡਾ. ਰਮਨਪ੍ਰੀਤ ਕੌਰ ਨੇ ਪਰਵਾਸੀ ਪੰਜਾਬੀ ਕਹਾਣੀ ਅਤੇ ਨਾਵਲ ਸਾਹਿਤ ਵਿਚ ਆਈ ਨਿਵੇਕਲੀ ਤਬਦੀਲੀ ਨੂੰ ਬੜੀ ਕਲਾਤਮਿਕ ਵਿਧੀ ਰਾਹੀਂ ਸਾਕਾਰ ਕੀਤਾ ਹੈ। ਜਿਸ ਨੂੰ ਪੰਜਾਬੀ ਸਾਹਿਤ ਵਿਚ 'ਜੀ ਆਇਆਂ ਨੂੰ' ਕਹਿਣਾ ਬਣਦਾ ਹੈ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

ਸੁਰਖਾਬ
ਲੇਖਕ : ਭੂਪਿੰਦਰ ਸਿੰਘ ਜੋਗੇਵਾਲਾ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 89688-00387

ਸਾਹਿਤ ਸਿਰਜਣ ਅਤੇ ਅਧਿਐਨ ਵਿਚ ਨਿਰੰਤਰ ਤੌਰ 'ਤੇ ਰਮੇ ਹੋਏ ਕਵੀ ਭੁਪਿੰਦਰ ਸਿੰਘ ਜੋਗੇਵਾਲਾ ਦੀ 57 ਕਵਿਤਾਵਾਂ ਦੀ ਇਹ ਹਥਲੀ ਪੁਸਤਕ ਉਸ ਦੀ ਤੀਖਣ ਬੁੱਧੀ, ਡੂੰਘੀ ਸੋਚ, ਗੰਭੀਰ ਅਤੇ ਸੰਵੇਦਨਸ਼ੀਲ ਇਨਸਾਨ ਹੋਣ ਦੀ ਪੇਸ਼ੀਨਗੋਈ ਕਰਦੀ ਹੈ। ਅਨੇਕਾਂ ਅਖ਼ਬਾਰਾਂ ਅਤੇ ਰਸਾਲਿਆਂ 'ਚ ਸਮੇਂ-ਸਮੇਂ 'ਤੇ ਪ੍ਰਕਾਸ਼ਿਤ ਹੋਣ ਵਾਲਾ ਇਹ ਕਵੀ ਭਾਵੇਂ ਕਵਿਤਾ ਦੇ ਖੇਤਰ 'ਚ ਨਵਾਂ ਹੈ ਪਰ ਉਸ ਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਅਨੁਭਵ ਹੁੰਦਾ ਹੈ ਕਿ ਉਹ ਕਵਿਤਾ ਸਿਰਜਣ ਦੇ ਗੁਰਾਂ, ਨਿਯਮਾਂ ਅਤੇ ਉਦੇਸ਼ਾਂ ਦੀ ਸਮਝ ਅਤੇ ਸਮਰੱਥਾ ਰੱਖਦਾ ਹੈ। ਉਸ ਦੀਆਂ ਕਵਿਤਾਵਾਂ ਇਸ ਗੱਲ ਨੂੰ ਬਿਆਨ ਕਰਦੀਆਂ ਹਨ ਕਿ ਉਹ ਆਪਣੇ ਆਲੇ ਦੁਆਲੇ, ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ, ਭਖਦੇ ਮਸਲਿਆਂ, ਹਾਲਤਾਂ ਅਤੇ ਸਥਿਤੀਆਂ ਬਾਰੇ ਗਹਿਰੀ ਜਾਣਕਾਰੀ ਰੱਖਦਾ ਹੈ। ਉਹ ਕੇਵਲ ਮੁੱਦੇ ਚੁੱਕਣੇ ਹੀ ਨਹੀਂ ਜਾਣਦਾ ਸਗੋਂ ਰਾਹ ਦਸੇਰਾ ਬਣ ਕੇ ਉਨ੍ਹਾਂ ਦੇ ਹਲ ਵੀ ਦਸਦਾ ਮਹਿਸੂਸ ਹੁੰਦਾ ਹੈ। ਸੰਵਾਦ ਸ਼ੈਲੀ ਦੇ ਮਾਧਿਅਮ ਰਾਹੀਂ ਸਮਾਜਿਕ ਬੁਰਾਈਆਂ ਦੇ ਸ਼ਿਕਾਰ ਸਮਾਜ ਦੇ ਲੋਕਾਂ ਦੀ ਬੜੀ ਨਿਰਪੱਖਤਾ ਨਾਲ ਟਕੋਰ ਕਰਨੀ ਉਸ ਦੇ ਮੰਝੇ ਹੋਏ ਕਵੀ ਵੱਲ ਇਸ਼ਾਰਾ ਕਰਦੀ ਹੈ। ਉਸ ਦੇ ਇਸ ਕਾਵਿ-ਸੰਗ੍ਰਹਿ ਵਿਚ ਭਾਵੇਂ ਕੁਝ ਵਿਸ਼ੇ ਦੁਹਰਾਏ ਵੀ ਗਏ ਹਨ ਪਰ ਫੇਰ ਵੀ ਉਸ ਵਲੋਂ ਇਸ ਕਾਵਿ ਸੰਗ੍ਰਹਿ ਲਈ ਚੁਣੇ ਗਏ ਵਿਸ਼ਿਆਂ ਮਾਂ ਬਾਪ ਦੀ ਅਜੋਕੇ ਸਮਾਜ 'ਚ ਹਾਲਤ,ਧੀਆਂ ਦੀ ਸਥਿਤੀ, ਸਾਉਣ ਦੇ ਮਹੀਨੇ ਬਾਰੇ, ਤਿਉਹਾਰਾਂ, ਸੱਭਿਆਚਾਰ, ਬਿਹਰੇ ਦੇ ਸੰਤਾਪ, ਬਚਪਨ ਦੇ ਅਨੰਦ, ਦਸਮ ਪਿਤਾ ਦੇ ਸਾਹਿਬਜ਼ਾਦਿਆਂ ਅਤੇ ਗਿਰਝਾਂ ਵਰਗੇ ਲੋਕਾਂ ਬਾਰੇ ਪੜ੍ਹਦਿਆਂ ਜਿਥੇ ਉਸ ਦੇ ਸਮਾਜਿਕ, ਸੱਭਿਆਚਾਰਕ ਅਤੇ ਅਧਿਆਤਮਕ ਗਿਆਨ ਦਾ ਪ੍ਰਗਟਾਵਾ ਹੁੰਦਾ ਹੈ, ਉਥੇ ਉਸ ਦੀ ਸਾਹਿਤਕ ਕਲਾ ਵਿਚ ਪਰਿਪਕਤਾ ਅਤੇ ਭਾਸ਼ਾਈ ਮੁਹਾਰਤ ਦਾ ਵੀ ਅਹਿਸਾਸ ਹੁੰਦਾ ਹੈ।
ਉਸ ਨੇ ਆਪਣੀਆਂ ਰਚਨਾਵਾਂ ਵਿਚ ਸਮੇਂ ਦੀ ਨਬਜ਼ ਨੂੰ ਭਾਂਪਦਿਆਂ ਵਿਸਰਦੇ ਜਾ ਰਹੇ ਸੱਭਿਆਚਾਰ, ਪਿੱਛੇ ਰਹਿੰਦੇ ਜਾ ਰਹੇ ਪਿੰਡਾਂ, ਨੌਜਵਾਨਾਂ ਦੇ ਹੋ ਰਹੇ ਪ੍ਰਵਾਸ, ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਜਿਹੇ ਮੁੱਦਿਆਂ ਨੂੰ ਬਹੁਤ ਹੀ ਫ਼ਿਕਰਮੰਦੀ, ਸੰਵੇਦਨਸ਼ੀਲਤਾ, ਮਰਮਤਾ ਅਤੇ ਉਦਾਸੀ ਭਰੇ ਮਨ ਨਾਲ ਚੁੱਕਿਆ ਹੈ। ਉਸ ਦੀ ਕਾਵਿ-ਸ਼ੈਲੀ ਦੀ ਸਰਲਤਾ, ਸਹਿਜਤਾ, ਮੌਲਿਕਤਾ ਅਤੇ ਸੰਵੇਦਨਸ਼ੀਲਤਾ ਉਸ ਨੂੰ ਹਰ ਵਰਗ ਦੇ ਪਾਠਕਾਂ ਤੱਕ ਪਹੁੰਚਾਉਣ ਦੀ ਭੂਮਿਕਾ ਨਿਭਾਏਗੀ। ਉਸ ਨੇ ਸੰਵੇਦਨਸ਼ੀਲ ਅਤੇ ਸੂਖਮਭਾਵੀ ਸ਼ਾਇਰ ਵਜੋਂ ਆਪਣੀਆਂ ਭਾਵਨਾਵਾਂ ਅਤੇ ਵਲਵਲਿਆਂ ਨੂੰ ਸ਼ਬਦੀ ਰੂਪ 'ਚ ਰੂਪਮਾਨ ਕੀਤਾ ਹੈ। ਇਸ ਕਾਵਿ-ਸੰਗ੍ਰਹਿ ਦੇ ਵਿਸ਼ੇ ਆਮ ਜਨਤਾ, ਧਰਤੀ ਅਤੇ ਹਕੀਕਤਾਂ ਨਾਲ ਜੁੜੇ ਹੋਏ ਹਨ। ਉਹ ਸਿੱਧੇ ਸਾਦੇ ਸ਼ਬਦਾਂ ਛੋਟੇ-ਛੋਟੇ ਬਿੰਬਾਂ ਰਾਹੀਂ ਆਪਣੇ ਭਾਵਾਂ ਨੂੰ ਸਹਿਜ ਰੂਪ ਵਿਚ ਪ੍ਰਗਟਾਉਂਦਾ ਹੈ। ਉਹ ਸ਼ਬਦਾਂ ਦਾ ਭਰਮ ਜਾਲ ਨਹੀਂ ਬੁਣਦਾ। ਉਸ ਦੀਆਂ ਕਵਿਤਾਵਾਂ ਦੇ ਛੰਦ, ਅਲੰਕਾਰ, ਸ਼ਬਦ ਚੋਣ, ਲੈਅ, ਬਹਾਅ ਅਤੇ ਤੁਕਬੰਦੀ ਉਸ ਦੀ ਕਾਵਿ ਕਲਾ ਵਿਚ ਮੁਹਾਰਤ ਨੂੰ ਪ੍ਰਮਾਣਿਤ ਕਰਦੇ ਹਨ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-27136

07-12-2024

 ਸਤਿਗੁਰ ਰਵਿਦਾਸ-ਬਾਣੀ :
ਕ੍ਰਾਂਤੀਕਾਰੀ ਸੰਦੇਸ਼

(ਭਾਗ-2)
ਲੇਖਕ : ਨਵਤੇਜ ਗੜ੍ਹਦੀਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 242
ਸੰਪਰਕ : 94637-76985

ਵਿਚਾਰਧੀਨ ਪੁਸਤਕ ਪਾਠਕਾਂ ਲਈ ਬੜੀ ਮੁੱਲਵਾਨ ਹੈ। ਇਸ ਤੋਂ ਪਹਿਲਾਂ ਕਿ ਇਸ ਅਹਿਮ ਕਿਤਾਬ ਦਾ ਆਦਿ ਤੋਂ ਅੰਤ ਤੱਕ ਅਧਿਐਨ ਕੀਤਾ ਜਾਵੇ, ਸਾਡੇ ਲਈ ਲਾਹੇਵੰਦ ਰਹੇਗਾ ਕਿ ਫਰਾਂਸੀਸੀ ਚਿੰਤਕ ਜੱਕ ਦੈਰੀਦਾ ਦੇ ਅਧਿਐਨ ਦੀ ਵਿਧੀ ਨੂੰ ਸਮਝਿਆ ਜਾਵੇ। ਇਹ ਸਿਧਾਂਤ ਕਿਸੇ ਰਚਨਾ ਨੂੰ ਵਿਖੰਡਨ/ਵਿਰਚਨਾ/ਡੀਕੰਸਟਰੱਕਸ਼ਨ ਵਿਧੀ ਅਨੁਸਾਰ ਸਮਝਣ ਵੱਲ ਰੁਚਿਤ ਹੈ। ਇਸ ਸਿਧਾਂਤ ਅਨੁਸਾਰ ਅਰਥ ਨਿਰਧਾਰਨ ਵਿਚ ਪਾਠਕ ਦੀ ਭੂਮਿਕਾ ਵੀ ਸ਼ਾਮਿਲ ਹੁੰਦੀ ਹੈ। ਜੱਕ ਦੈਰੀਜਾ ਵੀ ਸਮਝਦਾ ਹੈ ਕਿ ਪੱਛਮ ਅਤੇ ਕਿਸੇ ਹੱਦ ਤੱਕ ਪੂਰਬੀ ਸੱਭਿਆਚਾਰ ਵੀ ਬ੍ਰਹਮ ਪਰਕਤਾ, ਅਵਤਾਰਵਾਦ, ਲੋਗੋਸੈਂਟਰਿਕ ਹੈ, ਸੁਕਰਾਤ ਅਤੇ ਪਲੈਟੋ ਨੇ ਵੀ ਬ੍ਰਹਮਪਰਕਤਾ ਦੀ ਗੱਲ ਕੀਤੀ ਹੈ ਪਰ ਕੁਝ ਭਾਰਤੀ ਸਿਧਾਂਤ/ਸਿਧਾਂਤਕਾਰ ਭਾਵ ਬੁੱਧ, ਮਹਾਂਵੀਰ, ਲੋਕਾਇਤ, ਚਾਕਵਾਕ, ਸੋਫਿਸਟ ਆਦਿ ਅਵਤਾਰਵਾਦ ਨਾਲ ਸਹਿਮਤ ਨਹੀਂ ਜਾਪਦੇ। ਦੈਰਿਦਾ ਅਨੁਸਾਰ ਹਾਸ਼ਿਆਕ੍ਰਿਤ ਨੂੰ 'ਕੇਂਦਰ' ਵਿਚ ਲਿਜਾਇਆ ਜਾ ਸਕਦਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਸ ਤੱਥ ਵਿਚ ਨਿਹਿਤ ਹੈ ਕਿ ਇਸ ਦੇ ਅਧਿਐਨ ਵਿਚ ਸਤਿਗੁਰੂ ਰਵਿਦਾਸ ਬਾਣੀ 'ਕੇਂਦਰ' ਵਿਚ ਰਹਿੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੀ ਬਾਣੀ (ਭਗਤ ਬਾਣੀ ਸਮੇਤ) ਵਿਚੋਂ ਢੁਕਵੇਂ ਮਹਾਂਵਾਕ ਲੈ ਕੇ ਰਵਿਦਾਸ ਜੀ ਦੇ ਵਿਚਾਰਾਂ ਦੀ ਪੁਸ਼ਟੀ ਕੀਤੀ ਗਈ ਹੈ। ਇਵੇਂ ਹੀ ਡਾ. ਭੀਮ ਰਾਓ ਅੰਬੇਡਕਰ ਅਤੇ ਹੋਰਨਾਂ ਸਿਰਕੱਢ ਵਿਦਵਾਨਾਂ ਦੀਆਂ ਟੂਕਾਂ ਉਧਰਿਤ ਕਰ ਕੇ ਲੇਖਕ ਨੇ ਆਪਣੀ ਤਰਕਪੂਰਨਤਾ ਨੂੰ ਪ੍ਰਮਾਣਿਕਤਾ ਪ੍ਰਦਾਨ ਕੀਤੀ ਹੈ। ਅਵਤਾਰ (ਲੋਗੋਸੈਂਟਰਿਕ) ਦੇ ਉਲਟ ਲੇਖਕ ਨੂੰ ਸਾਰੇ ਪ੍ਰਕ੍ਰਿਤਕ ਵਾਤਾਵਰਨ ਵਿਚ ਰੱਬੀ ਹੋਂਦ ਅਦ੍ਰਿਸ਼ ਰੂਪ ਮਹਿਸੂਸ ਹੁੰਦੀ ਹੈ। ਉਹ 'ਮਨੂਵਾਦ' ਦਾ ਸਖ਼ਤ ਸ਼ਬਦਾਂ ਵਿਚ ਖੰਡਨ ਕਰਦਾ ਹੈ, ਜਿਸ ਦੁਆਰਾ ਬ੍ਰਾਹਮਣ, ਕਸ਼ੱਤਰੀ, ਵੈਸ਼ ਜਾਤੀਆਂ ਨੂੰ ਵਰਣ-ਵੰਡ ਅਨੁਸਾਰ ਉਚਤਮ ਸਥਾਨ ਪ੍ਰਦਾਨ ਕੀਤਾ ਗਿਆ ਹੈ ਅਤੇ ਸ਼ੂਦਰ/ਅਛੂਤ ਦਬਾਓ-ਅਧੀਨ ਹੀ ਜੀਵਨ-ਕਟੀ ਕਰਦੇ ਰਹੇ। ਉਨ੍ਹਾਂ ਨੂੰ ਜਾਇਦਾਦ ਮਾਲਕੀ ਵਰਗੀਆਂ ਸਹੂਲਤਾਂ ਪ੍ਰਾਪਤ ਨਹੀਂ ਸਨ, ਸ਼ੂਦਰ ਹਾਸ਼ਿਆਕ੍ਰਿਤ ਸ਼੍ਰੇਣੀ ਬਣ ਕੇ ਰਹਿ ਗਏ। ਅਸਤਿਤਵਹੀਣ ਹੀ ਰਹੇ। ਡਾ. ਅੰਬੇਡਕਰ ਅਨੁਸਾਰ, 'ਮੈਂ ਸਦਾ ਇਸ ਤੱਥ ਦਾ ਧਾਰਨੀ ਰਿਹਾ ਹਾਂ ਕਿ ਜ਼ਿੰਦਗੀ ਦੇ ਹਰ ਖੇਤਰ ਵਿਚ ਗਿਆਨ ਦੀ ਤਾਕਤ ਹੈ। ਜਦੋਂ ਤੱਕ ਦਲਿਤ ਸਾਰੇ ਗਿਆਨ ਦੀ ਗਹਿਰਾਈ ਨਹੀਂ ਪੀ ਲੈਂਦੇ, ਉਦੋਂ ਤੱਕ ਉਹ ਆਪਣੀ ਸੁਤੰਤਰਤਾ ਅਤੇ ਸਵੈਇੱਛਤ ਦਾ ਨਿਸ਼ਾਨਾ ਪ੍ਰਾਪਤ ਨਹੀਂ ਕਰ ਸਕਦੇ।' ਪੰ: 20, ਨਵਤੇਜ ਨੇ ਰਵਿਦਾਸ ਜੀ ਦੀ ਬਾਣੀ ਨੂੰ ਡੂੰਘਾਈ ਨਾਲ ਸਮਝਣ ਲਈ 8 ਮੁੱਖ ਗੱਲਾਂ ਨੂੰ ਆਧਾਰ ਬਣਾ ਲਿਆ ਹੈ। (ਖਤਰੇ ਭਰਿਆ ਬਾਣੀ-ਮਾਰਗ, ਬਚਨ ਰਚਨਾ, ਨਰਕ-ਸੁਰਗ, ਆਵਾ-ਗਵਣ ਤੋਂ ਮੁਕਤੀ, ਨਾਮ, ਕਰਮਾਂ ਦਾ ਚੱਕਰ, ਬ੍ਰਾਹਮਣ, ਗੁਰੂ) ਆਦਿ। ਚੰਗੇ ਕਰਮ ਕਰਦਿਆਂ ਧਰਤੀ 'ਤੇ ਹੀ ਸਵਰਗ ਹੈ। ਮਾੜੇ ਕੰਮ ਕਰਦਿਆਂ ਇਥੇ ਹੀ ਨਰਕ ਹੈ। ਬਾਣੀ ਦੀ ਸਿੱਖਿਆ 'ਤੇ ਅਮਲ ਕਰ ਕੇ ਇਸ ਜੀਵਨ ਵਿਚ ਹੀ 'ਮੁਕਤੀ' ਸੰਭਵ ਹੈ। ਰੱਬ ਪ੍ਰਕਿਰਤੀ ਦੇ ਕਣ-ਕਣ ਵਿਚ। ਨਾਮ 'ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ॥' ਹੈ, ਮੂਰਤੀ ਪੂਜਾ, ਕਲੰਡਰ ਪੂਜਾ, ਵਹਿਮਾਂ, ਭਰਮਾਂ, ਪਾਖੰਡਾਂ ਨੂੰ ਤਰਕਪੂਰਨ ਦ੍ਰਿਸ਼ਟੀ ਨਾਲ ਸਮਝਣਾ ਬਣਦਾ ਹੈ। ਰਵਿਦਾਸ ਜੀ ਦੁਆਰਾ ਪ੍ਰਚਾਰੇ ਨਾਮ (ਬਾਣੀ) ਵਿਚ ਕਸ਼ਟ-ਮੁਕਤੀ ਲਈ ਸਮਰੱਥ ਜੁਗਤ ਨਿਹਿਤ ਹੈ। ਲੇਖਕ ਦੀਆਂ ਅੱਖਾਂ ਮੂਹਰੇ ਅਜੇ ਵੀ ਖਤਰੇ ਦਾ ਦ੍ਰਿਸ਼ ਘੁੰਮਦਾ ਹੈ, ਜਦੋਂ ਉਹ ਲਿਖਦਾ ਹੈ, 'ਭਲਾ ਅੱਜ ਅਸੀਂ ਬਾਣੀ ਸ਼ਬਦ/ਨਾਮ ਨਾਲੋਂ ਟੁੱਟ ਕੇ ਰਵਿਦਾਸ ਜੀ ਦੀ ਸੁੰਦਰ ਮੂਰਤੀ ਅੱਗੇ ਖੜ੍ਹੋ ਕੇ, ਥਾਲ ਵਿਚ ਦੀਵਾ, ਫੁੱਲ, ਧੂਫ਼ ਸਜਾ ਕੇ, ਉਸ ਨੂੰ ਘੁਮਾਉਂਦਿਆਂ ਨਾਮੁ ਤੇਰੋ ਆਰਤੀ ਮਜਨੁ ਮੁਰਾਰੇ, ਢੋਲਕੀ, ਛੈਣੇ, ਚਮਟਾ, ਖੜਕਾਉਂਦਿਆਂ ਟੱਪ-ਟੱਪ, ਝੂਮ-ਝੂਮ ਕੇ ਗਾਉਣ ਤਾਂ ਨਹੀਂ ਲੱਗ ਪਏ।'

-ਡਾ. ਧਰਮ ਚੰਦ ਵਾਤਿਸ਼

vatish.dharamchand@gmail.com

ਬੰਦਾ ਬੰਦੇ ਦੀ ਦਾਰੂ
ਸ਼ਾਇਰ : ਸੁਰਜੀਤ ਸਿੰਘ ਮੌਜੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 81462-31896

'ਬੰਦਾ ਬੰਦੇ ਦੀ ਦਾਰੂ' ਸ਼ਾਇਰ ਸੁਰਜੀਤ ਸਿੰਘ ਮੌਜੀ ਦਾ ਚੌਥਾ ਕਾਵਿ-ਸੰਗ੍ਰਹਿ ਹੈ ਜਿਸ ਵਿਚ ਬਹੁਤੇ ਗੀਤ ਸ਼ਾਮਿਲ ਹਨ। ਇਨ੍ਹਾਂ ਗੀਤਾਂ ਦੇ ਵਿਸ਼ੇ ਪਹਿਲੀਆਂ ਪੁਸਤਕਾਂ ਵਾਂਗ ਜ਼ਿਆਦਾਤਰ ਧਾਰਮਿਕ ਹਨ। ਚਾਹੇ ਪੱਧਰ ਸਾਹਿਤਕ ਵੀ ਹੋਵੇ ਪਰ ਆਲੋਚਕਾਂ ਵਲੋਂ ਗੀਤਾਂ ਨੂੰ ਆਮ ਤੌਰ 'ਤੇ ਸਾਹਿਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ। ਅਜਿਹਾ ਇਸ ਸਿਨਫ਼ ਨਾਲ ਅਨਿਆਂ ਹੈ। ਸੁਰਜੀਤ ਸਿੰਘ ਮੌਜੀ ਦੀ ਇਸ ਪੁਸਤਕ ਵਿਚ ਕੁੱਝ ਦੋ ਪਾਤਰੀ ਗੀਤ ਵੀ ਸ਼ਾਮਿਲ ਕੀਤੇ ਗਏ ਹਨ ਪਰ ਇਹ ਚੱਲਵੀਂ ਗੀਤਕਾਰੀ ਤੇ ਗਾਇਕੀ ਦੀ ਸ਼੍ਰੇਣੀ ਵਿਚ ਨਹੀਂ ਰੱਖੇ ਜਾ ਸਕਦੇ। ਇਨ੍ਹਾਂ ਦੇ ਵਿਸ਼ੇ ਸਮਾਜਿਕ ਤੇ ਧਾਰਮਿਕ ਹਨ। ਪੁਸਤਕ ਦੇ ਸ਼ੁਰੂ ਵਿਚ ਕਰਮ ਸਿੰਘ ਜ਼ਖ਼ਮੀ ਦਾ ਲੇਖ ਸ਼ਾਇਰ ਬਾਰੇ ਚੋਖੀ ਜਾਣਕਾਰੀ ਪ੍ਰਦਾਨ ਕਰਦਾ ਤੇ ਉਸ ਦਾ ਤਬਸਿਰਾ ਸੰਤੁਲਤ ਪਹੁੰਚ ਅਪਣਾਉਂਦਾ ਹੈ। 'ਬੰਦਾ ਬੰਦੇ ਦੀ ਦਾਰੂ' ਦਾ ਪਹਿਲਾ ਤੇ ਦੂਸਰਾ ਗੀਤ ਬਾਬੇ ਨਾਨਕ ਨੂੰ ਸੰਬੋਧਤ ਹਨ, ਇਨ੍ਹਾਂ ਵਿਚ ਉਹ ਬਾਬੇ ਨਾਨਕ ਨੂੰ ਆਪਣੀ ਕ੍ਰਿਪਾ ਬਣਾਈ ਰੱਖਣ ਦੀ ਬੇਨਤੀ ਕਰਦਾ ਹੈ। ਸ਼ਾਇਰ ਗੁਰੂ ਨਾਨਕ ਨੂੰ ਸੱਚਾ ਲਿਖਾਰੀ ਤਸਲੀਮ ਕਰਦਾ ਹੋਇਆ ਕਹਿੰਦਾ ਹੈ ਕਿ ਬਾਬਾ ਰਮਜ਼ਾਂ ਨਾਲ ਸ਼ਬਦਾਂ ਨੂੰ ਮਨੁੱਖੀ ਕਸ਼ਟ ਦੇ ਤਾਰਨਹਾਰ ਬਣਾਉਂਦਾ ਹੈ। ਸ਼ਾਇਰ ਚਾਹੁੰਦਾ ਹੈ ਮੈਂ ਉਸ ਦੇ ਰੰਗ ਵਿਚ ਰੰਗਿਆ ਜਾਵਾਂ ਤੇ ਉਸ ਦੇ ਦਰ 'ਤੇ ਆ ਕੇ ਮੇਰਾ ਕਲਿਆਣ ਹੋ ਜਾਵੇ। ਇੰਝ ਹੀ ਸ਼ਾਇਰ ਹੋਰਨਾਂ ਗੁਰੂ ਸਾਹਿਬਾਨਾਂ ਤੇ ਭਗਤਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦਾ ਹੈ। ਇਸ ਪੁਸਤਕ ਵਿਚ ਸ਼ਹੀਦ ਭਗਤ ਸਿੰਘ ਤੇ ਭਗਤ ਪੂਰਨ ਸਿੰਘ ਬਾਰੇ ਵੀ ਲੰਬੀਆਂ ਰਚਨਾਵਾਂ ਸ਼ਾਮਿਲ ਹਨ। ਮੌਜੀ ਨੇ ਧਾਰਮਿਕ ਤੇ ਸਮਾਜਿਕ ਵਿਸ਼ਿਆਂ ਦੇ ਨਾਲ ਨਾਲ ਕੁਝ ਮਿਸ਼ਰਤ ਤੇ ਨਿੱਜੀ ਵਿਸ਼ਿਆਂ ਨੂੰ ਵੀ ਛੋਹਿਆ ਹੈ। ਉਹ ਲੋਕਾਂ ਨੂੰ ਮਰਜ਼ੀ ਨਾਲ ਹਕੂਮਤ ਚੁਣਨ ਤੇ ਵਾਅਦਿਆਂ 'ਤੇ ਯਕੀਨ ਨਾ ਕਰਨ ਦੀ ਤਾਕੀਦ ਕਰਦਾ ਹੈ। ਸ਼ਾਇਰ ਮਨੁੱਖ ਦੇ ਆਪਹੁਦਰੇਪਨ ਤੋਂ ਨਿਰਾਸ਼ ਹੈ ਤੇ ਮਨੁੱਖ ਨੂੰ ਚਾਰ ਦਿਨਾਂ ਦੇ ਮੇਲੇ ਵਿਚ ਚੰਗੇ ਗੁਣ ਪੈਦਾ ਕਰਨ ਦੀ ਅਪੀਲ ਕਰਦਾ ਹੈ। 'ਬੰਦਾ ਬੰਦੇ ਦੀ ਦਾਰੂ' ਵਿਚ ਸੁਰਜੀਤ ਸਿੰਘ ਮੌਜੀ ਆਮ ਫ਼ਹਿਮ ਜ਼ੁਬਾਨ ਦਾ ਪ੍ਰਯੋਗ ਕਰਦਾ ਹੈ ਤੇ ਉਸ ਦੀ ਕਲਮ 'ਤੇ ਪੰਜਾਬ ਦੇ ਖੇਤਾਂ ਦੀ ਮਿੱਟੀ ਦੀ ਖ਼ੁਸ਼ਬੂ ਦੀ ਛਾਪ ਹੈ। ਇਹ ਗੀਤ ਪਰੰਪਰਿਕ ਸ਼ੈਲੀ 'ਤੇ ਆਧਾਰਤ ਹਨ, ਬਿਹਤਰ ਹੁੰਦਾ ਸ਼ਾਇਰ ਦੁਆਰਾ ਇਨ੍ਹਾਂ ਗੀਤਾਂ ਵਿਚ ਕੁਝ ਨਵੇਂ ਪ੍ਰਯੋਗ ਤੇ ਦ੍ਰਿਸ਼ਟੀਕੋਣ ਪੇਸ਼ ਕੀਤੇ ਜਾਂਦੇ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਬੋਲ ਰਸੀਲੇ
ਗੀਤਕਾਰ : ਧਿਆਨ ਸਿੰਘ ਕਾਹਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98881-46893

ਇਸ ਪੁਸਤਕ ਵਿਚ ਜੀਵਨ ਦੇ ਵੱਖੋ-ਵੱਖਰੇ ਰੰਗਾਂ ਦੀ ਝਲਕ ਪੇਸ਼ ਕਰਨ ਵਾਲੇ ਗੀਤ ਹਨ। ਧਾਰਮਿਕ, ਸਮਾਜਿਕ, ਸੱਭਿਆਚਾਰਕ ਗੀਤਾਂ ਦੇ ਇਸ ਪਰਾਗੇ ਵਿਚੋਂ ਕੁਝ ਝਲਕਾਂ ਮਾਣੀਏ
ਰੱਬ ਤੋਂ ਪਹਿਲੋਂ ਮੁੱਖ 'ਚੋਂ ਨਿਕਲੇ ਦੁਨੀਆ ਵਾਲਿਓ ਨਾਂ ਗੁਜਰੀ।
ਸਿੱਖ ਕੌਮ ਦੇ ਪੂਜਣ ਵਾਲੀ ਰੱਬ ਤੋਂ ਪਹਿਲਾਂ ਮਾਂ ਗੁਜਰੀ।
ਮਚ ਰਹੀਆਂ ਅੱਗਾਂ ਨੂੰ ਬੁਝਾਓ ਮੇਰੇ ਦੋਸਤੋ।
ਲੈਣ ਨਾ ਲਪੇਟ ਪਾਣੀ ਪਾਉ ਮੇਰੇ ਦੋਸਤੋ।
ਸਿੱਖੀ ਜੱਗ 'ਤੇ ਬਣੀ ਏ ਧਰੂ-ਤਾਰਾ, ਜ਼ਾਲਮ ਹੈਰਾਨ ਰਹਿ ਗਿਆ,
ਤਿੱਖਾ ਚਲਦਾ ਏ ਸੀਸ ਉਤੇ ਆਰਾ, ਜ਼ਾਲਮ ਹੈਰਾਨ ਰਹਿ ਗਿਆ।
ਬਈ ਪੂਜੋ ਉਨ੍ਹਾਂ ਸ਼ਹੀਦਾਂ ਨੂੰ ਜਿਨ੍ਹਾਂ ਦੇਸ਼ ਆਜ਼ਾਦ ਕਰਾਇਆ।
ਇਕ ਇਕ ਕਤਰਾ ਖ਼ੂਨ ਦਾ ਆਪਣਾ ਦੇਸ਼ ਦੇ ਲੇਖੇ ਲਾਇਆ।
ਧੀ ਗ਼ਰੀਬ ਦੀ ਬਲੀ ਨਾ ਚੜ੍ਹਾਓ, ਦਾਜ ਨੂੰ ਲੈਣ ਵਾਲਿਓ।
ਤੁਸੀਂ ਖੌਫ਼ ਖ਼ੁਦਾ ਦਾ ਥੋੜ੍ਹਾ ਖਾਉ, ਦਾਜ ਨੂੰ ਲੈਣ ਵਾਲਿਓ।
ਇਨ੍ਹਾਂ ਗੀਤਾਂ ਵਿਚ ਕਈ ਮਸਲੇ ਉਠਾਏ ਗਏ ਹਨ, ਜਿਵੇਂ ਫਿਰਕੂਵਾਦ, ਜਾਤ-ਪਾਤ, ਫੈਸ਼ਨ, ਕਿਸਾਨਾਂ, ਮਜ਼ਦੂਰਾਂ ਦੀਆਂ ਖੇਚਲਾਂ ਅਤੇ ਪੰਜਾਬ ਪੰਜਾਬੀ ਪ੍ਰਤੀ ਫਿਕਰਮੰਦੀ। ਸਮਾਜਿਕ ਕੁਰੀਤੀਆਂ ਦੇ ਨਾਲ-ਨਾਲ ਸਮਾਜਿਕ ਰਸਮੋ-ਰਿਵਾਜ, ਸ਼ਿੰਗਾਰ, ਨਸ਼ੇ, ਇਸ਼ਕ, ਵਿਛੋੜੇ ਦੀ ਪੀੜ ਨੂੰ ਵੀ ਉਜਾਗਰ ਕੀਤਾ ਗਿਆ ਹੈ। ਗੀਤਕਾਰ ਦੀ ਕਲਮ ਕਈ ਸਾਰਥਿਕ ਸੁਨੇਹੇ ਦਿੰਦੀ ਹੈ। ਸਰਲ, ਰਸੀਲੇ, ਰੰਗੀਲੇ, ਸੁਨੇਹੜੇ ਦੇਣ ਵਾਲੀ ਇਸ ਪਲੇਠੀ ਪੁਸਤਕ ਦਾ ਸਵਾਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਪੰਖ ਵਿਹੂਣੀ ਉਡਾਨ
ਲੇਖਕ : ਡਾ. ਧਰਮਪਾਲ ਸਾਹਿਲ,
ਪ੍ਰਿੰ. ਪ੍ਰੋਮਿਲਾ ਅਰੋੜਾ
ਪ੍ਰਕਾਸ਼ਕ : 5-ਆਬ ਪ੍ਰਕਾਸ਼ਨ, ਜਲੰਧਰ
ਮੁੱਲ : 120 ਰੁਪਏ, ਸਫ਼ੇ : 96
ਸੰਪਰਕ : 987661-56964


ਚਿੜੀ ਜਿਹਾ ਦਿਲ ਮੇਰਾ, ਸੱਧਰਾਂ ਨੇ ਬਾਜ਼ ਹੋਈਆਂ।
ਧੜਕਣਾਂ ਸਾਰੰਗੀ ਵਾਂਗ ਗ਼ਮਾਂ ਵਾਲਾ ਸਾਜ਼ ਹੋਈਆਂ।

ਪੰਖ ਵਿਹੂਣੀ ਉਡਾਨ ਕਵੀ ਸੁਭਾਸ਼ ਪਾਰਸ ਬਾਰੇ ਲਿਖੀ ਪੁਸਤਕ ਹੈ ਜਿਸ ਵਿਚ ਡਾ. ਧਰਮਪਾਲ ਸਾਹਿਲ ਅਤੇ ਪ੍ਰਿੰ. ਪ੍ਰੋਮਿਲਾ ਅਰੋੜਾ ਨੇ ਇਸ ਕਵੀ ਦੀ ਜ਼ਿੰਦਗੀ ਅਤੇ ਉਸ ਦੇ ਸੰਘਰਸ਼ ਨੂੰ ਕਲਮਬੱਧ ਕੀਤਾ ਹੈ। ਸੁਭਾਸ਼ ਪਾਰਸ ਦੀ ਜ਼ਿੰਦਗੀ ਇਕ ਊਣੀ ਜ਼ਿੰਦਗੀ ਹੈ। ਸਰੀਰਕ ਪੱਖੋਂ, ਆਰਥਿਕ ਪੱਖੋਂ ਅਤੇ ਪਰਿਵਾਰਕ ਪੱਖੋਂ ਊਣੇ ਹੋਣ ਦੇ ਬਾਵਜੂਦ ਇਹ ਸ਼ਖ਼ਸ ਆਪਣੇ ਆਪ ਨੂੰ ਇਕ ਸੰਪੂਰਨ ਵਿਅਕਤੀ ਵਜੋਂ ਸਥਾਪਤ ਕਰਦਾ ਹੈ। ਲਗਭਗ 33 ਸਾਲਾਂ ਤੋਂ ਮੰਜੇ 'ਤੇ ਪਏ ਇਸ ਇਨਸਾਨ ਨੇ ਆਪਣੇ ਜੀਵਨ ਵਿਚ ਸਾਬਤ ਕੀਤਾ ਹੈ ਕਿ ਉਹ ਇਸ ਅਪੰਗਤਾ ਦੇ ਬਾਵਜੂਦ ਹਾਰਿਆ ਨਹੀਂ ਹੈ। ਉਹ ਆਪਣੇ ਸੰਘਰਸ਼ ਲਗਾਤਾਰ ਜਾਰੀ ਰੱਖ ਕੇ ਮਿਥਿਆ ਮੁਕਾਮ ਹਾਸਲ ਕਰਨ ਦਾ ਦਮ ਰੱਖਦਾ ਹੈ। ਇਸ ਪੁਸਤਕ ਵਿਚ 14 ਪਾਠ ਹਨ ਜਿਨ੍ਹਾਂ ਵਿਚ ਲੇਖਕ ਨੇ ਕਵੀ ਸੁਭਾਸ਼ ਪਾਰਸ ਦੀ ਜ਼ਿੰਦਗੀ ਦੇ ਵੱਖਰੇ ਪੜਾਵਾਂ ਬਾਰੇ ਲਿਖਿਆ ਹੈ। ਉਸ ਦਾ ਬਚਪਨ, ਉਸ ਦਾ ਰੋਗ਼, ਉਸ ਦਾ ਸੰਘਰਸ਼, ਕਿਤਾਬਾਂ ਦੀ ਪੜ੍ਹਾਈ ਤੇ ਫਿਰ ਕਵਿਤਾ ਰਚਨਾ ਆਦਿ ਪੜਾਵਾਂ ਨਾਲ ਹੀ ਉਸ ਦੀ ਪਰਿਵਾਰਕ ਜ਼ਿੰਦਗੀ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ। ਉਸ ਦਾ ਆਪਣਾ ਦੁੱਖ ਉਸ ਸਮੇਂ ਜ਼ਿਆਦਾ ਵਧ ਜਾਂਦਾ ਸੀ ਜਦੋਂ ਉਸ ਦੀਆਂ ਦੋਵੇਂ ਭੈਣਾਂ ਦੁਖੀ ਹੁੰਦੀਆਂ ਸਨ। ਇਕ ਭੈਣ ਦੀ ਮੌਤ ਤੇ ਦੂਜੀ ਦਾ ਵਿਧਵਾ ਹੋ ਜਾਣਾ ਉਸ ਦੇ ਦੁੱਖਾਂ ਨੂੰ ਹੋਰ ਵਧਾ ਦਿੰਦਾ ਹੈ। ਇਨ੍ਹਾਂ ਪਾਠਾਂ ਤੋਂ ਬਾਅਦ 12 ਉਪ-ਪਾਠ ਦਿੱਤੇ ਗਏ ਹਨ ਜਿਨ੍ਹਾਂ ਵਿਚ ਸੁਰਜੀਤ ਪਾਤਰ, ਡਾ. ਧਰਮਪਾਲ ਸਾਹਿਲ, ਅਵਤਾਰ ਸਿੰਘ ਭੰਡਾਲ, ਸੁੱਖੀ ਬਾਠ, ਪ੍ਰਿੰ. ਪ੍ਰੋਮਿਲਾ ਅਰੋੜਾ, ਸ਼ਹਿਬਾਜ਼ ਖ਼ਾਨ ਅਤੇ ਜਸਪਾਲ ਸਿੰਘ ਦੇ ਕਵੀ ਸੁਭਾਸ਼ ਪਾਰਸ ਜਾਂ ਉਸ ਦੀਆਂ ਪੁਸਤਕਾਂ ਬਾਰੇ ਲਿਖੇ ਵਿਚਾਰ ਸ਼ਾਮਿਲ ਕੀਤੇ ਗਏ ਹਨ। ਨਾਲ ਹੀ ਉਸ ਦੀਆਂ ਕੁਝ ਰਚਨਾਵਾਂ ਹਿੰਦੀ ਤੇ ਪੰਜਾਬੀ ਵਿਚ ਵੀ ਸ਼ਾਮਿਲ ਕੀਤੀਆਂ ਹਨ। ਆਸ ਕੀਤੀ ਜਾਂਦੀ ਹੈ ਕਿ ਉਸ ਦਾ ਜੀਵਨ ਅਤੇ ਇਹ ਪੁਸਤਕ ਪਾਠਕਾਂ ਲਈ ਪ੍ਰੇਰਨਾ ਦਾ ਜ਼ਰੀਆ ਬਣੇਗੀ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਸਮਝਾਂ ਤੇ ਰਮਜ਼ਾਂ
ਲੇਖਿਕਾ : ਪ੍ਰਕਾਸ਼ ਕੌਰ ਪਾਸ਼ਾਂ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 159
ਸੰਪਰਕ : 98767-85599

'ਸਮਝਾਂ ਤੇ ਰਮਜ਼ਾਂ' ਕਾਵਿ ਪੁਸਤਕ ਪ੍ਰਕਾਸ਼ ਕੌਰ ਪਾਸ਼ਾਂ ਦੀ ਪਹਿਲੀ ਕਾਵਿ-ਪੁਸਤਕ ਹੈ। ਇਸ ਪੁਸਤਕ ਨੂੰ ਵਿਸ਼ਿਆਂ ਅਨੁਸਾਰ ਲੇਖਿਕਾ ਨੇ ਵੱਖ-ਵੱਖ ਭਾਗਾਂ ਵਿਚ ਵੰਡਿਆ ਹੈ ਜੋ ਪਾਠਕ ਲਈ ਬਹੁਤ ਅਸਾਨ ਜਾਪਦਾ ਹੈ। ਕੁਦਰਤ ਸਿਰਲੇਖ ਹੇਠ ਕਵਿਤਰੀ ਪਾਸ਼ਾਂ ਨੇ ਮਹੀਨਾ ਸਾਉਣ, ਕਾਦਰ ਦੇ ਰੰਗ, ਪੰਜਾਬ 'ਚ ਹੜ੍ਹਾਂ ਦੀ ਮਾਰ, ਆਲਮੀ ਤਪਸ਼ ਅਤੇ ਬਰਸਾਤ ਕਵਿਤਾਵਾਂ ਦਰਜ ਕੀਤੀਆਂ ਹਨ। ਜੋ ਮਨੁੱਖ ਦੁਆਰਾ ਪ੍ਰਕਿਰਤੀ ਨਾਲ ਕੀਤੀ ਜਾ ਰਹੀ ਛੇੜਛਾੜ ਦੇ ਵਿਸ਼ੇ ਨੂੰ ਪ੍ਰਗਟਾਉਂਦੀਆਂ ਹਨ। ਅਧਿਆਤਮਿਕ ਅਤੇ ਧਾਰਮਿਕ ਵਿਸ਼ਿਆਂ ਰਾਹੀਂ ਲੇਖਿਕਾ ਨੇ ਸਿੱਖ ਧਰਮ ਦੇ ਬਾਰੇ ਕਾਵਿ ਰਚਨਾਵਾਂ ਕੀਤੀਆਂ ਹਨ, ਜਿਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਖ਼ਾਲਸਾ ਸਿਰਜਣਾ ਦਿਵਸ, ਪੋਹ ਮਹੀਨੇ ਦੀਆਂ ਸ਼ਹਾਦਤਾਂ (ਦਸਮੇਸ਼ ਪਿਤਾ), ਸਤਿਗੁਰੂ ਨਾਨਕ ਪ੍ਰਗਟਿਆ, ਸਾਹਿਬ-ਏ-ਕਲਾਮ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ, ਬੇਮਿਸਾਲ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਮੁੱਖ ਹਨ। ਸਮਾਜਿਕ ਵਿਸ਼ਿਆਂ ਨਾਲ ਸੰਬੰਧਿਤ ਕਾਵਿ ਰਚਨਾਵਾਂ ਰਾਹੀਂ ਸ਼ਾਇਰਾ ਨੇ ਸਮਾਜਕ ਸਰੋਕਾਰਾਂ ਬਾਰੇ ਕਾਵਿ-ਰਚਨਾ ਕੀਤੀ ਹੈ। ਉਸ ਨੇ ਵਾਤਾਵਰਨ ਦੀਆਂ ਚੁਣੌਤੀਆਂ ਲਈ ਸਮਾਜ ਨੂੰ ਜ਼ਿੰਮੇਵਾਰ ਦੱਸਿਆ ਹੈ, ਸਮੇਂ ਦੇ ਰੰਗ, ਰੇਡੀਓ, ਜੈਸਾ ਅੰਨ ਤੈਸਾ ਮਨ, ਸੋਗ ਸਮਾਗਮ, ਕੁਸ਼ਤੀ, ਅਜੋਕੇ ਰਿਸ਼ਤੇ, ਆਨਲਾਈਨ ਪੜ੍ਹਾਈ, ਮਨੁੱਖੀ ਮਾਨਸਿਕਤਾ, ਫ਼ਿਰਕੂਵਾਦ ਦਾ ਜ਼ਹਿਰ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਰਿਸ਼ਤਿਆਂ ਬਾਰੇ ਲੇਖਿਕਾ ਲਿਖਦੀ ਹੈ:
ਆਸ਼ਰਮਾਂ 'ਚ ਬਿਰਧ ਕਈ ਰੁਲ ਜਾਂਦੇ ਨੇ
ਲਾਡਲੇ ਉਨ੍ਹਾਂ ਨੂੰ ਜਦੋਂ ਭੁੱਲ ਜਾਂਦੇ ਨੇ
ਇਕੱਲੇ ਉਹ ਰਹਿਣ ਲਈ ਲਾਚਾਰ ਹੋ ਗਏ
ਸੋਹਣੇ ਫੁੱਲ ਗੁਲਾਬ ਦੇ ਕਿਉਂ ਖਾਰ ਹੋ ਗਏ
ਨਵਾਂ ਸਾਲ ਮੁਬਾਰਕ ਅਤੇ ਹਾਥਰਸ ਦੀ ਮਨੀਸ਼ਾ ਕਵਿਤਾ ਵੀ ਬਹੁਤ ਸੰਵੇਦਨਾ ਭਰਪੂਰ ਹਨ। ਕੋਰੋਨਾ ਮਹਾਂਮਾਰੀ ਨਾਲ ਸੰਸਾਰ ਪੱਧਰ ਉੱਤੇ ਪਏ ਪ੍ਰਭਾਵ ਨੂੰ ਲੇਖਿਕਾ ਚੇਤਨਾ ਭਰਪੂਰ ਕਾਵਿ-ਰਚਨਾ ਕਰਦੀ ਹੈ। ਮਾਂ ਦੀ ਵੇਦਨਾ ਕਵਿਤਾ ਕਿਸੇ ਤ੍ਰਾਸਦੀ ਦੇ ਵਰਨਣ ਦਾ ਭਾਵਪੂਰਤ ਪ੍ਰਗਟਾਵਾ ਹੈ। ਵੰਡ ਦਾ ਦਰਦ, ਬਾਲ ਦਿਵਸ-ਦੇਸ਼ ਦਾ ਭਵਿੱਖ, ਬੇਇਨਸਾਫ਼ੀਆਂ, ਬੇਵਫ਼ਾਈ, ਤਿੜਕਦੇ ਪਰਿਵਾਰ, ਜੰਗ-ਏ-ਬਰਬਾਦੀ, ਅੱਠ ਮਾਰਚ ਦਾ ਦਿਨ, ਪਿਆਰ, ਗੁਆਚ ਰਹੇ ਸੰਸਕਾਰ ਮੁੱਖ ਵਿਸ਼ੇ ਹਨ। ਰਾਜਨੀਤਕ ਭਾਗ ਵਿਚ ਅਗਨੀਪੱਥ ਸਕੀਮ, ਨਵੀਂ ਸਰਕਾਰ, ਗੋਦੀ ਮੀਡੀਆ, ਚੋਣਾਂ ਵਿਚ ਹਾਰ ਦਾ ਡਰ ਵਿਸ਼ੇ ਕਵਿਤਰੀ ਨੇ ਬਾਖ਼ੂਬੀ ਨਿਭਾਏ ਹਨ। ਡਾ. ਹਰੀ ਸਿੰਘ ਜਾਚਕ ਨੇ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਸਮਾਜ ਨੂੰ ਸੇਧ ਦੇਣ ਵਾਲੀਆਂ ਦੱਸਿਆ ਹੈ, ਜਿਹੜੀਆਂ ਕਾਵਿਕ ਨਿਯਮਾਂ ਨੂੰ ਪੂਰਾ ਨਿਭਾਉਂਦੀਆਂ ਹਨ। ਸਮੁੱਚੇ ਤੌਰ 'ਤੇ ਲੇਖਿਕਾ ਪ੍ਰਕਾਸ਼ ਕੌਰ ਪਾਸ਼ਾਂ ਇਸ ਕਾਵਿ-ਪੁਸਤਕ ਲਈ ਵਧਾਈ ਦੀ ਹੱਕਦਾਰ ਹੈ।

-ਪ੍ਰੋ. ਕੁਲਜੀਤ ਕੌਰ

ਜਿਸ ਤਨੁ ਲਾਗੇ ਸੋਈ ਜਾਣੈ॥
ਲੇਖਕ : ਜਗਜੀਤ ਮੁਕਤਸਰੀ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫੇ : 160
ਸੰਪਰਕ : 94175-62053

ਲੇਖਕ ਦੀ ਜ਼ਿਕਰ ਅਧੀਨ ਪੁਸਤਕ ਤੋਂ ਪਹਿਲਾਂ ਵੀ 14 ਦੇ ਲਗਭਗ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਕਈ ਪੁਸਤਕਾਂ ਛਪਾਈ ਅਧੀਨ ਵੀ ਦੱਸੀਆਂ ਗਈਆਂ ਹਨ ਪਰ ਲੇਖਕ ਦੀ ਸਵੈ-ਜੀਵਨੀ ਇਤਿਹਾਸਕ ਘਟਨਾਵਾਂ ਵਿਚ ਲਿਪਟੀ ਹੋਈ ਜਾਪਦੀ ਹੈ, ਜਿਸ ਤਰ੍ਹਾਂ ਸਾਲ 1962 ਦੀ ਹਿੰਦ-ਚੀਨ ਦੀ ਲੜਾਈ, 1964 'ਚ ਪ੍ਰਧਾਨ ਮੰਤਰੀ ਨਹਿਰੂ ਦਾ ਦਿਹਾਂਤ, ਪੰਜਾਬ ਦੇ ਮੁੱਖ ਮੰਤਰੀ ਦਾ ਦਿਹਾਂਤ ਤੋਂ ਲੈ ਕੇ 1965, 1966, 1969, 1971 ਤੇ 1972 ਦੀਆਂ ਘਟਨਾਵਾਂ ਆਦਿ। ਇਨ੍ਹਾਂ ਤੋਂ ਇਲਾਵਾ ਅੱਗੋਂ ਇਸ ਨੂੰ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਉਹ ਕਾਮਯਾਬ ਵੀ ਹੋਇਆ ਹੈ। ਪੰਨਾ 53 'ਤੇ 3.8.1977 ਦੀ ਅਦਭੁਤ ਘਟਨਾ ਜਿਸ ਵਿਚ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਆਏ ਤੇ ਦੋ ਘੰਟੇ ਬਾਅਦ ਦੁਰਘਟਨਾ ਹੋ ਜਾਣੀ ਵਾਕਿਆ ਹੀ ਹੈਰਾਨ ਕਰਨ ਵਾਲੀ ਘਟਨਾ ਹੈ। ਲੇਖਕ ਨੇ ਸਾਰੀ ਪੁਸਤਕ ਵਿਚ ਸਵੈ-ਜੀਵਨੀ ਤੇ ਸਵੈ ਪੜਚੋਲ ਦੀ ਗੱਲ ਕੋਈ ਨਾ ਕੋਈ ਘਟਨਾ ਦਾ ਹਵਾਲਾ ਦੇ ਕੇ ਹੀ ਪੂਰੀ ਕੀਤੀ ਹੈ। ਲੇਖਕ ਦੀ ਸਮੁੱਚੀ ਲਿਖਤ ਤੋਂ ਲਗਦਾ ਹੈ ਕਿ ਉਹ ਧਾਰਮਿਕ ਗਤੀਵਿਧੀਆਂ ਜਾਂ ਫਿਰ ਬਹੁਤ ਜ਼ਿਆਦਾ ਧਾਰਮਿਕ ਵਿਚਾਰਾਂ ਨਾਲ ਜੁੜਿਆ ਹੋਇਆ ਹੈ, ਫਿਰ ਵੀ ਸ਼ਬਦਾਵਲੀ ਸੁਆਦਲੀ ਲੱਗੀ ਹੈ।... ਲੇਖਕ ਦੀ ਇਸ ਗੱਲ ਦਾ ਪ੍ਰਮਾਣ ਇਸ ਘਟਨਾ ਤੋਂ ਲਗਦਾ ਹੈ, ਜਿਸ ਤਰ੍ਹਾਂ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਨੌਕਰੀ ਮਿਲਣ ਨੂੰ ਬੜੇ ਵਿਸਥਾਰ 'ਚ ਦੱਸਣਾ। ਉਸ ਤੋਂ ਬਾਅਦ ਖੁੱਬਣ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਡਰਾਇੰਗ ਟੀਚਰ ਦੀ ਨੌਕਰੀ ਮਿਲਣ ਦੀ ਘਟਨਾ ਨੂੰ ਵੀ ਵਿਸਥਾਰ ਨਾਲ ਦੱਸਣਾ। ਕਹਿ ਸਕਦੇ ਹਾਂ ਕਿ ਲੇਖਕ ਸਮੇਂ-ਸਮੇਂ ਦੀਆਂ ਮਾੜੀਆਂ-ਚੰਗੀਆਂ ਘਟਨਾਵਾਂ 'ਚ ਜਿਨ੍ਹਾਂ ਵੀ ਮਿੱਤਰ-ਪਿਆਰਿਆਂ ਦਾ ਜ਼ਿਕਰ ਕੀਤਾ ਹੈ, ਉਹ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਹੈ। ਲੇਖਕ ਦਾ ਇਹ ਤਜਰਬਾ ਵੀ ਸਫਲ ਹੋ ਨਿਬੜਿਆ ਹੈ, ਜੇਕਰ ਕਿਤਾਬ ਛਪਣ ਤੋਂ ਪਹਿਲਾਂ ਇਕ ਵਾਰ ਪਰੂਫ਼ ਰੀਡਿੰਗ ਹੋਰ ਹੋ ਜਾਂਦੀ ਤਾਂ ਗੱਲ ਸੋਨੇ 'ਤੇ ਸੁਹਾਗੇ ਵਾਲੀ ਹੋ ਜਾਂਦੀ।

-ਡੀ.ਆਰ. ਬੰਦਨਾ
ਮੋਬਾਈਲ : 94173-89003

01-12-2024

 ਜਸਬੀਰ ਕੌਰ ਬਰਨਾਲਾ ਦੀਆਂ ਸਮੁੱਚੀਆਂ ਕਵਿਤਾਵਾਂ
ਸੰਪਾਦਨ : ਡਾ. ਬਲਦੇਵ ਸਿੰਘ ਬੱਧਣ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 300 ਰੁਪਏ, ਸਫ਼ੇ : 156
ਸੰਪਰਕ : 99558-31357

ਇਸ ਪੁਸਤਕ ਦੇ ਸੰਪਾਦਕ ਡਾ. ਬਲਦੇਵ ਸਿੰਘ ਬੱਧਣ ਹਨ। ਪੁਸਤਕ ਵਿਚ ਜਸਬੀਰ ਕੌਰ ਬਰਨਾਲਾ ਦੀਆਂ ਲਿਖੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਸਬੀਰ ਕੌਰ ਬਰਨਾਲਾ ਦੇ ਲਿਖਣ ਦਾ ਆਪਣਾ ਹੀ ਨਿਵੇਕਲਾ ਢੰਗ ਹੈ ਅਤੇ ਜੋ ਵੀ ਕਹਿੰਦੀ ਹੈ, ਉਹ ਸਾਰਥਿਕ ਅਰਥ ਭਰਪੂਰ ਤੇ ਡੂੰਘਾ ਹੈ। ਉਹ ਨਾਰੀ ਦੇ ਦਿਲ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਦੀ ਹੈ ਅਤੇ ਇਸ ਵਿਸ਼ੇ 'ਤੇ ਜੋ ਵੀ ਲਿਖਦੀ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਖੁੱਭ ਕੇ ਲਿਖਦੀ ਹੈ, ਜਿਸ ਦੀ ਜਿੰਨੀ ਵੀ ਦਾਦ ਦਿੱਤੀ ਜਾਵੇ, ਓਨੀ ਥੋੜ੍ਹੀ ਹੈ। ਇਨ੍ਹਾਂ ਦੀਆਂ ਰਚਨਾਵਾਂ ਆਪਣੇ ਵਿਚ ਆਪ ਹੀ ਬੋਲਦੀਆਂ ਹਨ। ਇਸ ਕਵਿੱਤਰੀ ਨੇ ਪਹਿਲਾਂ ਵੀ ਕੁਝ ਪੁਸਤਕਾਂ ਲਿਖ ਕੇ ਪਾਠਕਾਂ ਦੇ ਦਿਲ ਵਿਚ ਆਪਣੀ ਵੱਖਰੀ ਥਾਂ ਬਣਾਈ ਹੋਈ ਹੈ। ਇਸ ਨੇ ਵੱਖ-ਵੱਖ ਵਿਸ਼ਿਆਂ 'ਤੇ ਅਰਥ ਭਰਪੂਰ ਕਵਿਤਾਵਾਂ ਲਿਖ ਕੇ ਪਾਠਕਾਂ ਨੂੰ ਵੀ ਹਲੂਣ ਕੇ ਰੱਖ ਦਿੱਤਾ ਹੈ ਅਤੇ ਪਾਠਕ ਨੂੰ ਇਨ੍ਹਾਂ ਦੀ ਨਵੀਂ ਲਿਖੀ ਰਚਨਾ ਪੜ੍ਹਨ ਦੀ ਉਤਸੁਕਤਾ ਰਹਿੰਦੀ ਹੈ। ਲੇਖਕਾਂ ਦੀ ਸੋਚ ਮਾਨਵਵਾਦੀ ਹੈ ਅਤੇ ਉਹ ਸਭ ਦਾ ਭਲਾ ਲੋਚਦੀ ਹੈ। ਲੇਖਿਕਾ ਦੇ ਕੰਨ ਤੇ ਅੱਖਾਂ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹਦੀਆਂ ਹਨ ਅਤੇ ਸਮਾਜ ਵਿਚ ਵਾਪਰ ਰਹੇ ਹਰ ਘਟਨਾ ਤੇ ਸਥਿਤੀ ਨੂੰ ਪੂਰੀ ਤਰ੍ਹਾਂ ਦੇ ਨਾਲ ਵਾਚਦੀ ਹੈ ਅਤੇ ਉਹ ਆਲੇ-ਦੁਆਲੇ ਫੈਲੇ ਭ੍ਰਿਸ਼ਟਾਚਾਰ ਤੋਂ ਵੀ ਦੁਖੀ ਹੁੰਦੀ ਹੋਈ ਉਸ ਨੂੰ ਬਦਲਣ ਦੀ ਚਾਹ ਵੀ ਰੱਖਦੀ ਹੈ। ਪੁਸਤਕ ਵਿਚਲੀਆਂ ਕਵਿਤਾਵਾਂ ਖੁਸ਼ੀ ਦਾ ਸਮਾਂ, ਮੌਤ ਦਾ ਪਹਿਰਾ, ਕੰਵਾਰੇ ਸ਼ਬਦਾਂ, ਮੇਰੀ ਬੇਟੀ, ਕਾਲੀ ਐਨਕ, ਹਲੂਣਾ, ਸੁੰਦਰਤਾ ਦੀ ਸ਼ਕਤੀ, ਤੂਫ਼ਾਨ, ਆਇਆ ਨਵਾਂ ਸਾਲ, ਮਾਂ ਦੀ ਮਮਤਾ, ਟੁੱਟੀ ਵੰਝਲੀ, ਰੋਂਦੇ ਨੈਣ, ਖਾਮੋਸ਼ੀ, ਆਲ੍ਹਣਾ ਆਦਿ ਕਵਿਤਾਵਾਂ ਦੇ ਵਿਚ ਕਵਿੱਤਰੀ ਤੇ ਬਹੁਤ ਕੁਝ ਕਹਿ ਕੇ ਸਾਨੂੰ ਹਲੂਣ ਕੇ ਰੱਖ ਦਿੱਤਾ ਹੈ। ਕਵਿੱਤਰੀ ਦੀ ਸੋਚ ਉਡਾਰੀ, ਸ਼ਬਦਾਂ ਦੀ ਚੋਣ ਤੇ ਵਿਸ਼ਾ ਕਮਾਲ ਦੇ ਹਨ। ਇਕ ਥਾਂ ਕਵਿੱਤਰੀ ਲਿਖਦੀ ਹੈ : 'ਦੇਸ਼ ਮੇਰੇ ਵਿਚ ਫੈਲਿਆ ਅੱਤਿਆਚਾਰ, ਕਿਵੇਂ ਲਿਖਾਂ ਮੈਂ ਗੀਤ ਦੇਸ਼ ਪਿਆਰ ਦੇ, ਚਾਰੇ ਪਾਸੇ ਪਸਰਿਆ ਭ੍ਰਿਸ਼ਟਾਚਾਰ, ਮੰਦਰ, ਮਸਜਿਦ, ਗਿਰਜੇ, ਗੁਰਦੁਆਰੇ, ਕਤਲਗਾਹਾਂ ਬਣ ਗਏ ਨੇ ਸਾਰੇ।' ਉਹ ਇਕ ਥਾਂ ਹੋਰ ਲਿਖਦੀ ਹੈ, 'ਹੋ ਗਿਆ ਮਨ ਕਿਉਂ ਉਦਾਸ, ਕੀ ਬਾਤ ਹੋ ਗਈ, ਕੀ ਕਿਸੇ ਆਪਣੇ ਦੇ ਨਾਲ, ਮੁਲਾਕਾਤ ਹੋ ਗਈ।'

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਅੱਖ 'ਚ ਅਟਕਿਆ ਗਲੇਡੂ
ਲੇਖਕ : ਡਾ. ਬਲਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 295 ਰੁਪਏ, ਸਫ਼ੇ : 136
ਸੰਪਰਕ : 98768-01309

'ਅੱਖ 'ਚ ਅਟਕਿਆ ਗਲੇਡੂ' ਡਾ. ਬਲਜੀਤ ਸਿੰਘ ਢਿਲੋਂ ਦੁਆਰਾ ਲਿਪੀਅੰਕਿਤ ਕੀਤਾ ਗਿਆ ਤੀਸਰਾ ਕਹਾਣੀ ਸੰਗ੍ਰਹਿ ਹੈ। ਡਾ. ਬਲਜੀਤ ਸਿੰਘ ਢਿੱਲੋਂ ਆਪ ਨੇਤਰ ਰੋਗਾਂ ਦੇ ਮਾਹਿਰ ਡਾਕਟਰ ਹਨ, ਪਰ ਫਿਰ ਵੀ ਉਨ੍ਹਾਂ ਦਾ ਪੰਜਾਬੀ ਕਹਾਣੀਆਂ ਅਤੇ ਆਪਣੇ ਵਿਰਸੇ ਪ੍ਰਤੀ ਇਕ ਖ਼ਾਸ ਲਗਾਅ, ਜੋ ਉਨ੍ਹਾਂ ਦੀਆਂ ਕਹਾਣੀਆਂ ਵਿਚ ਦੇਖਣ ਨੂੰ ਮਿਲਦਾ ਹੈ। ਹਥਲੇ ਕਹਾਣੀ ਸੰਗ੍ਰਹਿ ਵਿਚ ਉਨ੍ਹਾਂ ਦੀਆਂ 11 ਕਹਾਣੀਆਂ ਦਰਜ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ ਲੋਕਾਂ ਦੇ ਸਮਾਜਿਕ, ਆਰਥਿਕ, ਮਨੋਵਿਗਿਆਨਕ ਪੱਖਾਂ ਨੂੰ ਨਿਸੰਗ ਪ੍ਰਗਟ ਕੀਤਾ ਹੈ। 'ਬਰਲੂ' ਕਹਾਣੀ ਉਨ੍ਹਾਂ ਦੀ ਮਨੁੱਖ ਦੀ ਮਨੋ-ਬਿਰਤੀ ਨੂੰ ਪ੍ਰਗਟ ਕਰਦੀ ਕਹਾਣੀ ਹੈ। ਕਹਾਣੀ ਵਿਚ ਬਾਲ੍ਹੋ ਦੁਆਰਾ ਸੱਤ ਰੰਗਾ ਤਵੀਤ ਲਾਹ ਕੇ ਸੁੱਟਣਾ ਮਨੁੱਖਤਾ ਦਾ ਆਧੁਨਿਕਤਾ ਦਾ ਪੱਲਾ ਫੜ ਵਹਿਮਾਂ-ਭਰਮਾਂ ਨੂੰ ਸਿਰੇ ਤੋਂ ਉਖੇੜ ਸੁੱਟਣ ਦੇ ਪ੍ਰਤੀਕ ਵਜੋਂ ਰੂਪਮਾਨ ਹੁੰਦਾ ਹੈ। 'ਗੇਲੋ' ਕਹਾਣੀ ਇਸ ਪੁਸਤਕ ਦੀ ਇਕ ਲਾਜਵਾਬ ਕਹਾਣੀ ਦੀ ਮਿਸਾਲ ਹੈ। ਕਹਾਣੀ ਦਾ ਚੌਖਟਾ ਬਹੁਤ ਹੀ ਦਮਦਾਰ ਹੈ। 'ਅੱਖਾਂ ਵਿਚ ਅਟਕਿਆ ਗਲੇਡੂ' ਇਕ ਹਾਸ-ਰੱਸੀ ਕਹਾਣੀ ਹੋ ਨਿੱਬੜਦੀ ਹੈ। ਕਹਾਣੀਕਾਰ ਨੇ ਸਮਾਜ ਵਿਚ ਵਾਪਰ ਰਹੇ ਹਲਕੇ-ਫੁਲਕੇ ਵਿਸ਼ੇ ਨੂੰ ਆਪਣੀ ਕਹਾਣੀ ਦਾ ਵਿਸ਼ਾ ਲਿਆ ਹੈ। 'ਤਲਬ' ਕਹਾਣੀ ਵਿਚ ਆਗਾਜ਼ ਨਾਂਅ ਦੀ ਕੁੜੀ ਜੋ ਬਚਪਨ ਤੋਂ ਹੀ ਆਪਣੇ ਬਾਪੂ ਦੇ ਨੌਕਰ ਦੇ ਮੁੰਡੇ ਸੁਖਰਾਜ ਨੂੰ ਪਸੰਦ ਕਰਦੀ ਹੈ ਉਸ ਦੀ ਕਹਾਣੀ ਹੈ। ਆਪਣੇ ਪਿਆਰ ਦੀ ਪੂਰਤੀ ਦੀ ਤਲਬ ਵਿਚ ਉਹ ਸਾਰੇ ਸਮਾਜ ਤੋਂ ਹੀ ਵਿੱਥ ਬਣਾ ਲੈਂਦੀ ਹੈ। ਇਸ ਕਹਾਣੀ ਵਿਚ ਸੁਖਰਾਜ ਇੱਕ ਸੁਹਿਰਦ ਪਾਤਰ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਪਰ ਪਿੰਡ ਵਾਲਿਆਂ ਲਈ ਉਹ ਤਰਸ ਦਾ ਪਾਤਰ ਹੈ ਕਿਉਂਕਿ ਸੁਖਰਾਜ ਦਾ ਪਿਉ ਪਹਿਲਾਂ ਹੀ ਆਗਾਜ਼ ਦੇ ਟੱਬਰ ਨੂੰ ਬਚਾਉਂਦਾ ਆਪਣੀ ਜਾਨ ਉਨ੍ਹਾਂ ਲਈ ਗਵਾ ਬੈਠਾ ਸੀ ਅਤੇ ਉਨ੍ਹਾਂ ਅਨੁਸਾਰ ਇੱਥੇ ਉਨ੍ਹਾਂ ਨੂੰ ਸੁਖਰਾਜ ਨਾਲ ਵੀ ਧੱਕਾ ਹੋਇਆ ਲੱਗਦਾ ਹੈ। 'ਕੁਲਫ਼ੀ ਵਾਲੀ ਕੁੜੀ', 'ਬੇਰੀਆਂ ਵਾਲਾ ਖ਼ੂਹ' ਵੀ ਇਸ ਕਹਾਣੀ ਸੰਗ੍ਰਹਿ ਦੀਆਂ ਖ਼ੂਬਸੂਰਤ ਕਹਾਣੀਆਂ ਹਨ। 'ਰੋਟੀ ਧਰਮ' ਨੂੰ ਇਸ ਸੰਗ੍ਰਹਿ ਦੀ ਸਭ ਤੋਂ ਬੇ-ਮਿਸਾਲ ਕਹਾਣੀ ਕਹਿ ਲਿਆ ਜਾਵੇ ਤਾਂ ਕੁਝ ਵੀ ਗਲ਼ਤ ਨਹੀਂ ਹੋਵੇਗਾ। ਅਵਤਾਰ ਸਿੰਘ ਪਾਤਰ ਰਾਹੀਂ ਕਹਾਣੀਕਾਰ ਪਾਠਕਾਂ ਦੇ ਸਮਰੱਥ ਧਰਮ ਦੇ ਮੌਲਿਕ ਅਰਥਾਂ ਉੱਤੇ ਚਾਨਣਾ ਪਾਉਂਦਾ ਹੈ। ਇਸ ਕਹਾਣੀ ਦੀ ਪੇਸ਼ਕਾਰੀ ਵਿਚ ਲੇਖਕ ਦਾ ਕਮਾਲ ਹੈ ਕਿ ਸੰਵਾਦਕ-ਨਾਟਕੀ ਪੇਸ਼ਕਾਰੀ ਜੋ ਧਰਮ ਦੇ ਅਰਥਾਂ ਨੂੰ ਤਰਕਵਾਦ ਦੇ ਅਧਾਰ ਉੱਤੇ ਰੂਪਮਾਨ ਕਰਦਾ ਹੈ। 'ਹੱਡੋ-ਰੋੜੇ' ਕਹਾਣੀ ਵਿਚ ਕਹਾਣੀਕਾਰ ਪਿੱਛਲ-ਝਾਤ ਵਿਧੀ ਦਾ ਪ੍ਰਯੋਗ ਬਹੁਤ ਸਫ਼ਲ ਢੰਗ ਨਾਲ ਕਰਦਾ ਹੈ। ਇਸ ਕਹਾਣੀ ਵਿਚ ਪੰਜਾਬ ਉੱਤੇ ਸਮੇਂ-ਸਮੇਂ ਹਾਵੀ ਹੁੰਦੇ ਤਰਾਸਦੀਆਂ ਦੇ ਦੌਰ ਦਾ ਜ਼ਿਕਰ ਕੀਤਾ ਗਿਆ। ਇਸ ਕਹਾਣੀ ਵਿਚ ਕਹਾਣੀਕਾਰ ਦਾ ਕਮਾਲ ਪ੍ਰਤੀਕ ਸਿਰਜਣ ਵਿਚ ਹੈ। ਕਹਾਣੀ ਦੇ ਅੰਤ ਵਿਚ 'ਪੋਤਰੇ ਨੇ ਦਾਦੇ ਦੀਆਂ ਸਾਰੀਆਂ ਜੇਬਾਂ ਫੋਲੀਆਂ ਉਨ੍ਹਾਂ ਵਿਚੋਂ ਉਸ ਨੂੰ ਜਾਰਜ ਪੰਚਮ ਦੀ ਫੋਟੋ ਵਾਲਾ ਖੋਟਾ ਰੁਪਈਆ ਮਿਲਿਆ.... ਜਵਾਨ ਹੋ ਰਹੇ ਉਸ ਦੇ ਪੋਤਰੇ ਨੇ ਦਾਦੇ ਨੂੰ ਗੁੱਸੇ ਵਿਚ ਚਿੱਟੇ ਦਾ ਟੀਕਾ ਲਾ ਦਿੱਤਾ ਬਾਕੀ ਬੱਚਦਾ ਆਪਣੇ ਲਾ ਲਿਆ.... ਆਖ਼ਰ ਪੋਤੇ ਦੀ ਲਾਸ਼ ਹੱਡੋ-ਰੋੜੇ ਵਾਲੇ ਛੱਪੜ ਕੰਢਿਓਂ ਮਿਲ ਗਈ।'' ਕਹਾਣੀਕਾਰ ਦੀਆਂ ਕਹਾਣੀਆਂ ਨੇ ਠੇਠ ਪੰਜਾਬੀ ਦਾ ਮੁਹਾਂਦਰਾ ਅਖ਼ਤਿਆਰ ਕੀਤਾ ਹੈ। ਗਤੀਸ਼ੀਲਤਾ ਦੀ ਧੁੰਦ ਵਿਚ ਗੁਆਚ ਗਏ ਕਈ ਸ਼ਬਦ ਕਹਾਣੀਆਂ ਵਿਚ ਲੋਕਾਂ ਦੇ ਜ਼ਿਹਨ ਵਿਚ ਮੁੜ ਸੁਰਜੀਤ ਕੀਤੇ ਹਨ। ਕਹਾਣੀਕਾਰ ਨੂੰ ਪੰਜਾਬ ਦੇ ਪਿੰਡਾਂ ਦਾ ਵੀ ਚੋਖਾ ਗਿਆਨ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਬੇ-ਪਛਾਣੇ ਨਹੀਂ ਬਲਕਿ ਜਾਣੇ-ਪਹਿਚਾਣੇ ਹਨ, ਪਰ ਲੋਕ ਅਕਸਰ ਇਨ੍ਹਾਂ ਬਾਰੇ ਗੱਲ ਕਰਨੋਂ ਸੰਕੋਚਦੇ ਹਨ, ਪਰ ਲੇਖਕ ਨੇ ਬੇਬਾਕ ਹੋ ਇਨ੍ਹਾਂ ਸ਼ਬਦਾਂ ਦੀ ਲੜੀ ਵਿਚ ਪਰੋਇਆ ਹੈ ਅਤੇ ਆਪਣੇ ਡਾਕਟਰੀ ਅਨੁਭਵ ਦਾ ਲਾਭ ਉੱਠਾ ਇਨ੍ਹਾਂ ਨੇ ਹਰ ਵਿਸ਼ੇ ਵਿਚ ਸਪਸ਼ੱਟਤਾ ਦਾ ਪ੍ਰਗਟਾ ਕੀਤਾ ਹੈ। ਕਹਾਣੀਕਾਰ ਦੀਆਂ ਕਹਾਣੀਆਂ ਪੰਜਾਬ ਦੇ ਲੋਕ ਵਿਹਾਰ ਨੂੰ ਪ੍ਰਗਟ ਕਰਦੀਆਂ ਆਪਣੇ ਅੰਦਰ ਪੰਜਾਬੀਆਂ ਦੇ ਸੱਧਰਾਂ ਦੀਆਂ ਅਣ-ਸੁਲਝਿਆਂ ਗੰਢਾਂ ਨੂੰ ਸਮੋਈ ਬੈਠੀਆਂ ਹਨ।

-ਜਸਕਿਰਨਜੀਤ ਕੌਰ
ਮੋਬਾਈਲ : 88476-94338

ਚੰਗੇ ਬੱਚੇ-2
ਲੇਖਕ : ਜਸਪਾਲ ਸਿੰਘ ਨਾਗਰਾ
ਪ੍ਰਕਾਸ਼ਕ : ਨਵਰੰਗ ਪਬਲੀਕੇੇਸ਼ਨਜ਼, ਸਮਾਣਾ
ਮੁੱਲ : 100 ਰੁਪਏ, ਸਫ਼ੇ : 16
ਸੰਪਰਕ : 99151-29747

'ਚੰਗੇ ਬੱਚੇ (ਭਾਗ 2)' ਬਾਲ ਕਾਵਿ-ਸੰਗ੍ਰਹਿ ਜਸਪਾਲ ਸਿੰਘ ਨਾਗਰਾ ਰਚਿਤ ਕ੍ਰਿਤ ਹੈ। ਇਸ ਪੁਸਤਕ ਵਿਚ ਬਾਲ ਸਾਹਿਤ ਸਿਰਜਣਾ ਦੇ ਮੂਲ ਆਸ਼ੇ ਦੀ ਤਰਜਮਾਨੀ ਕਰਦੀਆਂ ਕਵਿਤਾਵਾਂ ਹਨ ਜੋ ਪੰਜ ਤੋਂ ਅੱਠ ਸਾਲਾਂ ਦੀ ਉਮਰ-ਗੁੱਟ ਦੇ ਬਾਲ ਪਾਠਕਾਂ ਦੀਆਂ ਪੜ੍ਹਨ ਰੁਚੀਆਂ ਨੂੰ ਪ੍ਰਫੁੱਲਿਤ ਕਰਦੀਆਂ ਹਨ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਤੇ ਸੁਪਨਿਆਂ ਦੀ ਤਰਜਮਾਨੀ ਕਰਦੀਆਂ ਹਨ। ਇਸ ਬਾਲ-ਕਾਵਿ ਸੰਗ੍ਰਹਿ ਵਿਚ ਇਕ ਚੇਤੰਨ ਕਵੀ ਵਾਂਗ ਕਲਮਕਾਰ ਅਜਿਹੀਆਂ ਨਕਾਰਾਤਮਿਕ ਅੰਧਵਿਸ਼ਵਾਸੀ ਅਤੇ ਸਮਾਜ ਵਿਰੋਧੀ ਪ੍ਰਵਿਰਤੀਆਂ ਦੀ ਮੁਖ਼ਾਲਫ਼ਤ ਕਰਦਾ ਹੈ ਜੋ ਬਚਪਨ ਦੀ ਪਾਕ-ਪਵਿੱਤਰ ਤੇ ਖ਼ੁਸ਼ਬੂਦਾਰ ਬਗ਼ੀਚੀ ਲਈ ਹਾਨੀਕਾਰਕ ਮਾਹੌਲ ਪੈਦਾ ਕਰਦੀਆਂ ਹਨ।
ਕਵੀ ਦੀ ਕਾਵਿ ਸਿਰਜਣਾ ਦਾ ਉਸਾਰੂ ਪਹਿਲੂ ਇਹ ਹੈ ਕਿ ਉਹ ਪ੍ਰਕਿਰਤਕ-ਸੌਂਦਰਯ ਨੂੰ ਕਾਇਮ ਰੱਖਣ ਲਈ ਸਾਰਥਿਕ ਉਦਮ ਕਰਦੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਰੁੱਖ ਨਾ ਕੱਟਣ ਦੀ ਪ੍ਰੇਰਨਾ ਦਿੰਦਾ ਹੋਇਆ ਗ੍ਰੀਨ ਦੀਵਾਲੀ ਮਨਾਉਣ ਦਾ ਸਮਰਥਨ ਕਰਦਾ ਹੈ। ਕਵੀ ਵਰਤਮਾਨ ਸਿੱਖਿਆ ਪ੍ਰਣਾਲੀ ਵਿਚ ਗਣਿਤ ਵਿਗਿਆਨ ਮੇਲੇ ਦਾ ਵਿਸ਼ੇਸ਼ ਜ਼ਿਕਰ ਕਰਦਾ ਹੈ। ਐਤਵਾਰ ਦੀ ਛੁੱਟੀ ਦੌਰਾਨ ਮੌਜ ਮਸਤੀਆਂ ਦਾ ਵਰਨਣ ਕਰਦਾ ਹੈ। ਨਾਲ ਹੀ ਗੱਡੀ ਚਲਾਉਂਦੇ ਹੋਏ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਲਈ ਵੀ ਸਾਵਧਾਨ ਕਰਦਾ ਹੈ। 'ਨਵੇਂ ਅਸੂਲ', 'ਨਵਾਂ ਸਬਕ', 'ਨਵੇਂ ਸਾਲ ਵਿਚ', 'ਹੱਥ ਅਕਲ ਨੂੰ ਮਾਰੋ', 'ਸਮੇਂ ਸਿਰ' ਅਤੇ 'ਛਮ ਛਮ ਵਰਖਾ' ਵੀ ਪੜ੍ਹਨਯੋਗ ਕਵਿਤਾਵਾਂ ਹਨ।
ਇਸ ਪੁਸਤਕ ਵਿਚਲੀ ਲਗਭਗ ਹਰ ਕਵਿਤਾ ਬਾਲ ਪਾਠਕਾਂ ਨੂੰ ਕੋਈ ਨਾ ਕੋਈ ਠੋਸ ਪੈਗ਼ਾਮ ਦਿੰਦੀ ਹੋਈ ਉਸ ਨੂੰ ਆਪਣੇ ਚੌਗਿਰਦੇ, ਮਾਤ ਭਾਸ਼ਾ, ਕੁਦਰਤ ਦੀ ਸਾਂਭ-ਸੰਭਾਲ ਅਤੇ ਗਿਆਨ ਵਿਗਿਆਨ ਪ੍ਰਤੀ ਸਜਗ ਕਰਦੀ ਹੈ। ਭਾਵੇਂ ਕੁਝ ਕਵਿਤਾਵਾਂ ਲੋੜੋਂ ਵੱਧ ਲੰਮੀਆਂ ਹਨ ਪਰੰਤੂ ਫਿਰ ਵੀ ਰੰਗਦਾਰ ਚਿੱਤਰਾਂ ਦੇ ਆਕਰਸ਼ਣ ਨਾਲ ਇਨ੍ਹਾਂ ਕਵਿਤਾਵਾਂ ਵਿਚ ਦਿਲਚਸਪੀ ਦੇ ਅੰਸ਼ ਬਰਕਰਾਰ ਹਨ ਅਤੇ ਬਾਲ ਆਦਿ ਤੋਂ ਲੈ ਕੇ ਅੰਤ ਤੱਕ ਇਨ੍ਹਾਂ ਨਾਲ ਜੁੜਿਆ ਰਹਿੰਦਾ ਹੈ। ਪੁਸਤਕ ਦਾ ਮੁੱਲ ਵੀ ਕੁਝ ਜ਼ਿਆਦਾ ਮਹਿਸੂਸ ਹੁੰਦਾ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਮੁੱਚੀ ਪੁਸਤਕ ਸੁੰਦਰ ਤੇ ਪ੍ਰਭਾਵੀ ਹੈ। ਬਾਲ ਸਾਹਿਤ ਵਿਚ ਅਜਿਹੀਆਂ ਪੁਸਤਕਾਂ ਦੀ ਜ਼ਰੂਰਤ ਹੈ।

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 9814423703

ਸ਼ਾਇਦ... ਮੈਨੂੰ ਪਛਾਣ ਲੈਣ
ਲੇਖਕ : ਰਵਿੰਦਰ ਰੁਪਾਲ ਕੌਲਗੜ੍ਹ
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ
ਮੁੱਲ : 300 ਰੁਪਏ, ਸਫ਼ੇ : 128
ਸੰਪਰਕ : 93162-88955

ਪੁਸਤਕ ਕਹਾਣੀ-ਸੰਗ੍ਰਹਿ ਹੈ। ਇਸ ਵਿਚ 15 ਬਿਹਤਰੀਨ ਕਹਾਣੀਆਂ ਹਨ। ਚਰਚਿਤ ਕਹਾਣੀਕਾਰ ਦਾ ਪਹਿਲਾ ਕਹਾਣੀ ਸੰਗ੍ਰਹਿ 'ਨਿਆਈਂ ਵਾਲਾ ਟੱਕ' ਸੀ। ਕਹਾਣੀ ਖੇਤਰ ਦਾ ਉਹ ਸਥਾਪਿਤ ਚਿਹਰਾ ਹੈ। ਇਸ ਦੂਸਰੇ ਕਹਾਣੀ ਸੰਗ੍ਰਹਿ ਤੋਂ ਪਹਿਲਾਂ ਉਸ ਦੇ ਸੰਪਾਦਿਤ ਸੰਗ੍ਰਹਿ, ਬਾਲ ਨਾਵਲ, ਹਾਸ ਵਿਅੰਗ, ਸਮੇਤ ਅੱਧੀ ਦਰਜਨ ਕਿਤਾਬਾਂ ਛਪ ਚੁਕੀਆਂ ਹਨ। ਸਾਹਿਤਕਾਰਾਂ ਨੂੰ ਸਮਰਪਿਤ ਪੁਸਤਕ ਦੇ ਆਰੰਭ ਵਿਚ ਲੇਖਕ ਨੇ ਨਾਵਲਕਾਰ ਰਾਮ ਸਰੂਪ ਅਣਖੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬੀ ਕਹਾਣੀ ਹਰੇਕ ਦਹਾਕੇ ਕਰਵਟ ਬਦਲਦੀ ਹੈ। ਇਹ ਗੱਲ ਉਦੋਂ ਦੀ ਹੈ ਜਦੋਂ ਅਜੇ ਸੋਸ਼ਲ ਮੀਡਿਆ ਨਹੀਂ ਸੀ ਹੁੰਦਾ। ਹੁਣ ਤਾਂ ਕਹਾਣੀ ਜ਼ਿੰਦਗੀ ਦੀ ਤੇਜ਼ ਰਫ਼ਤਾਰ ਨਾਲ ਬਦਲ ਰਹੀ ਹੈ। ਨਿੱਤ ਨਵੇਂ ਵਿਸ਼ੇ ਆ ਰਹੇ ਹਨ ਕਿਉਂਕਿ ਪੰਜਾਬੀ ਬੰਦਾ ਪਰਵਾਸ ਕਰਦੇ ਦੁਨੀਆ ਭਰ ਵਿਚ ਫੈਲ ਰਹੇ ਹਨ। ਲੇਖਕ ਨੇ ਅਕਹਾਣੀ ਵਿਚੋਂ ਐੜਾਂ ਅੱਖਰ ਨੂੰ ਤੋੜਨ ਦਾ ਯਤਨ ਪਹਿਲਾਂ ਵੀ ਕੀਤਾ ਸੀ ਤੇ ਇਸ ਕਿਤਾਬ ਵਿਚ ਵੀ ਇਹੀ ਯਤਨ ਹੈ। ਕਿਤਾਬ ਦੇ ਸਿਰਲੇਖ ਵੇਖ ਕੇ ਹੀ ਇਸ ਖਿਆਲ ਨੂੰ ਪਰਪੱਕਤਾ ਮਿਲ ਰਹੀ ਹੈ। ਕਹਾਣੀਆਂ ਦੇ ਅਧਿਐਨ ਪਿਛੋਂ ਇਹ ਧਾਰਨਾ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ। ਕਿਤਾਬ ਦੇ ਸਿਰਲੇਖ ਵਾਲੀ ਰਚਨਾ ਵਿਚ ਦੁਖੀ ਔਰਤ ਵਿਧਵਾ ਹੁੰਦੀ ਹੈ। ਪਤੀ ਨਾਲ ਅੱਠ ਸਾਲ ਗੁਜ਼ਾਰੇ ਸਨ। ਫਿਰ ਉਹ ਅੱਖਾਂ ਦਾਨ ਕਰਕੇ ਮਰ ਗਿਆ। ਭੂਆ ਦੇ ਕਹਿਣ 'ਤੇ ਦੂਸਰਾ ਵਿਆਹ ਕਰਵਾਇਆ। ਦੂਸਰਾ ਪਤੀ ਕਸਾਈ ਨਿਕਲਿਆ। ਗੱਲ ਗੱਲ 'ਤੇ ਕੁੱਟ ਮਾਰ ਕਰਦਾ। ਅਖੀਰ ਦੁਖੀ ਹੋ ਕੇ ਮਰਨ ਚਲੀ ਔਰਤ ਨੂੰ ਉਸ ਡਾਕਟਰ ਨੂੰ ਮਿਲਣ ਦਾ ਖਿਆਲ ਆਇਆ ਜਿਸ ਨੇ ਪਹਿਲੇ ਪਤੀ ਦੀਆਂ ਅੱਖਾਂ ਲਾਹ ਕੇ ਲੋੜਵੰਦ ਮਰੀਜ਼ ਨੂੰ ਲਾਈਆਂ ਸੀ। ਔਰਤ ਉਨ੍ਹਾਂ ਅੱਖਾਂ ਨੂੰ ਵੇਖਣ ਦੀ ਤਲਬਗਾਰ ਹੈ। ਇਹ ਸੋਚ ਕੇ ਸ਼ਾਇਦ... ਮੈਨੂੰ ਪਛਾਣ ਲੈਣ। ਤੇਜ਼ ਚਾਲ ਵਾਲੀ ਕਹਾਣੀ ਦਿਲਚਸਪ ਰਚਨਾ ਹੈ।
ਸੰਗ੍ਰਹਿ ਦੀਆਂ ਹੋਰ ਕਹਾਣੀਆਂ ਵਿਚ ਵੀ ਔਰਤ ਦਾ ਦੁੱਖ ਦਰਦ ਕਿਸੇ ਨਾ ਕਿਸੇ ਰੂਪ ਝਲਕਦਾ ਹੈ। ਕਹਾਣੀਆਂ ਵਿਚ ਕੁਦਰਤੀ ਵਹਾਉ ਹੈ। ਮਨੋਵਿਗਿਆਨਕ ਸੋਚਾਂ ਹਨ। ਪਾਤਰ ਕਿਰਿਆਸ਼ੀਲ ਹਨ। 'ਅਗੇ ਕਹਾਣੀ ਨਹੀਂ ਸੀ' ਦਾ ਪਾਤਰ ਮੁੰਡਾ, ਲਿੰਗ ਬਦਲੀ ਕਰਵਾ ਕੇ ਕੁੜੀ ਬਣਦਾ ਹੈ। ਕਹਾਣੀ ਦੀ ਸਮੁੱਚੀ ਸਥਿਤੀ ਅਤੇ ਪੇਸ਼ਕਾਰੀ ਸੁਹਜਮਈ ਹੈ। ਸੰਗ੍ਰਹਿ ਦੀਆਂ ਕਹਾਣੀਆਂ ਲਾੜੀ, ਲਟ ਲਟ ਬਲਦੀ ਅੱਗ, ਬਿੰਦੀਆ ਚਮਕੇਗੀ, ਕਾਲਾ ਦੁੱਧ, ਬਾਹਵਾਂ, ਨਖੱਟੂ, ਚੁੰਨੀ ਦਾ ਸਫਰ ਕਥਾਰਸ ਭਰਪੂਰ ਦਿਲਚਸਪ ਤਿੱਖੇ ਸੰਵਾਦ ਵਾਲੀਆਂ ਵਧੀਆ ਕਹਾਣੀਆਂ ਹਨ। ਕਹਾਣੀਆਂ ਪੜ੍ਹਨ ਪਿਛੋਂ ਵਾਹ! ਮੂੰਹ ਵਿਚੋਂ ਆਪ-ਮੁਹਾਰੇ ਨਿਕਲਦਾ ਹੈ। ਮਾਨਵੀ ਸੁਰ ਵਾਲੀਆਂ ਕਹਾਣੀਆਂ ਵਿਸ਼ਵ ਪਧਰ ਦੇ ਹਾਣ ਦੀਆਂ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਜ਼ਿੰਦਗੀ ਦਾ ਮਨੋਰਥ
ਲੇਖਕ : ਨਿਰਮਲ ਸਿੰਘ ਲਾਲੀ ਸੁਧਾਰਕ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ ਜਲੰਧਰ
ਮੁੱਲ : 180 ਰੁਪਏ, ਸਫ਼ੇ : 85
ਸੰਪਰਕ : 0181-2623184

ਮਨੁੱਖ ਆਪਣੀ ਜ਼ਿੰਦਗੀ ਨੂੰ ਸੌਖੀ ਅਤੇ ਸਾਵੀਂ-ਪੱਧਰੀ ਜਿਊਣ ਲਈ ਕਈ ਤਰ੍ਹਾਂ ਦੇ ਯਤਨ ਕਰਦਾ ਰਹਿੰਦਾ ਹੈ। ਪਰ ਇਹ ਸੱਚ ਹੈ ਕਿ ਜੇਕਰ ਮਨੁੱਖ ਜ਼ਿੰਦਗੀ ਵਿਚ ਨੈਤਿਕ ਅਤੇ ਸਦਾਚਾਰਕ ਗੁਣਾਂ ਨੂੰ ਧਾਰਨ ਕਰ ਲਵੇ ਤਾਂ ਬਿਨਾਂ ਕਿਸੇ ਉਚੇਚੇ ਯਤਨ ਦੇ ਹੀ ਉਸ ਦੀ ਜ਼ਿੰਦਗੀ ਕੁਝ ਹੱਦ ਤੱਕ ਸੌਖੀ ਅਤੇ ਸੁਖਾਲੀ ਹੋ ਸਕਦੀ ਹੈ। ਨਿਰਮਲ ਸਿੰਘ ਲਾਲੀ 'ਸੁਧਾਰਕ' ਦੀ ਪੁਸਤਕ 'ਜ਼ਿੰਦਗੀ ਦਾ ਮਨੋਰਥ' ਵੀ ਕੁਝ ਇਸੇ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਦਾ ਹੀ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਪੁਸਤਕ ਹੈ। ਲੇਖਕ ਨੇ ਇਸ ਪੁਸਤਕ ਦੇ ਪਹਿਲੇ ਭਾਗ ਵਿਚ ਲਘੂ ਲੇਖ ਸ਼ਾਮਿਲ ਕੀਤੇ ਹਨ ਅਤੇ ਦੂਜੇ ਭਾਗ ਵਿਚ ਇਸੇ ਨਾਲ ਸੰਬੰਧਿਤ ਕੁਝ ਕਵਿਤਾਵਾਂ ਸ਼ਾਮਿਲ ਹਨ। ਤਕਰੀਬਨ ਇਸ ਪੁਸਤਕ ਵਿਚਲੇ ਸਾਰੇ ਹੀ ਲੇਖ ਭਾਵੇਂ ਉਹ ਸਿਰਲੇਖ ਪੱਖੋਂ ਵੰਨ-ਸੁਵੰਨੇ ਹੋਣ ਪਰ ਵਿਸ਼ੇ ਪੱਖੋਂ ਅੰਤਰ-ਸੰਬੰਧਿਤ ਹੀ ਹਨ। ਇਕ ਲੇਖ ਦੂਜੇ ਲੇਖ ਦੀ ਕੜੀ ਹੀ ਜਾਪਦਾ ਹੈ। ਲੇਖਕ ਨੇ ਗੁਰਬਾਣੀ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਮੁਤਾਬਿਕ ਜੀਵਨ ਜਾਚ ਨੂੰ ਢਾਲਣ ਦੀ ਤਾਗੀਦ ਕੀਤੀ ਹੈ। ਲੇਖਕ ਅਨੁਸਾਰ ਜਿਥੇ ਸ਼ੁੱਭ ਗੁਣਾਂ ਨੂੰ ਧਾਰਨ ਕਰਨ ਦੀ ਲੋੜ ਹੈ ਅਤੇ ਸ਼ੁੱਭ ਅਮਲ ਕਰਨ ਦੀ ਲੋੜ ਹੈ, ਉਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ ਇਕ-ਦੂਜੇ ਪ੍ਰਤੀ ਸਾੜਾ ਆਦਿ ਤਿਆਗਣ ਦੀ ਵੀ ਲੋੜ ਹੈ। ਜੇਕਰ ਅਸੀਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਨੂੰ ਧਾਰਨ ਕਰਾਂਗੇ ਤਾਂ ਹੀ ਚੰਗੇਰੇ ਸਮਾਜ ਦੀ ਕਾਮਨਾ ਕੀਤੀ ਜਾ ਸਕਦੀ ਹੈ। ਅਸਲ ਵਿਚ ਚੰਗੀ ਸਿੱਖਿਆ ਅਤੇ ਸ਼ੁੱਭ ਅਮਲ ਹੀ ਸਾਡੀ ਜ਼ਿੰਦਗੀ ਨੂੰ ਆਤਮਿਕ ਅਤੇ ਅਧਿਆਤਮਕ ਉਚਾਈਆਂ ਵੀ ਪ੍ਰਦਾਨ ਕਰਦੇ ਹਨ ਅਤੇ ਸਮਾਜ ਨੂੰ ਵੀ ਸਵੱਛ ਕਦਰਾਂ-ਕੀਮਤਾਂ ਵੀ ਪ੍ਰਦਾਨ ਕਰਦੇ ਹਨ। ਲੇਖਕ ਨੇ ਇਹ ਵੀ ਦੱਸਿਆ ਕਿ ਹਰੇਕ ਵਿਅਕਤੀ ਵਿਚ ਇਕ-ਦੂਜੇ ਤੋਂ ਅੱਗੇ ਵਧਣ ਦੀ ਦੌੜ ਲੱਗੀ ਹੋਈ ਹੈ, ਜਿਸ ਲਈ ਉਹ ਕਈ ਤਰ੍ਹਾਂ ਦੇ ਹੱਥ ਕੰਡੇ ਵੀ ਵਰਤਦਾ ਹੈ ਪਰ ਹੱਥਕੰਡਿਆਂ ਦੀ ਬਜਾਏ ਜੇਕਰ ਮਿਹਨਤ, ਲਗਨ, ਉੱਦਮ ਅਤੇ ਦ੍ਰਿੜ੍ਹਤਾ ਨਾਲ ਕਾਰਜ ਕੀਤਾ ਜਾਵੇ ਤਾਂ ਕਿਸੇ ਵੀ ਟੀਚੇ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰਬਾਣੀ ਦੀ ਰੌਸ਼ਨੀ ਵਿਚ ਲੇਖਕ ਇਹ ਵੀ ਸੁਝਾਅ ਦਿੰਦਾ ਹੈ ਕਿ ਮਨੁੱਖ ਨੂੰ ਅਜਿਹੇ ਕਾਰਜ ਨਹੀਂ ਕਰਨੇ ਚਾਹੀਦੇ ਜਿਸ ਕਰਕੇ ਉਸ ਨੂੰ ਬਾਅਦ ਵਿਚ ਪਛਤਾਉਣਾ ਪਵੇ। 23 ਲੇਖਾਂ ਅਤੇ 7 ਕਵਿਤਾਵਾਂ ਦੁਆਰਾ ਲੇਖਕ ਨੇ ਜ਼ਿੰਦਗੀ ਦੇ ਮਨੋਰਥ ਬਾਰੇ ਸੁਚੇਤ ਹੋਣ ਲਈ ਆਪਣਾ ਮਤ ਪੇਸ਼ ਕੀਤਾ ਹੈ, ਜਿਸ ਦੀ ਨਿਸ਼ਾਨਦੇਹੀ ਇਹ ਪੁਸਤਕ ਕਰਦੀ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਮਰਣਾ ਮੁਣਸਾ ਸੂਰਿਆ
ਲੇਖਕ : ਪ੍ਰੋ. ਨਿਰੰਜਣ ਸਿੰਘ ਢੇਸੀ
ਪ੍ਰਕਾਸ਼ਕ : ਨਿਰੰਜਣ ਫਾਊਂਡੇਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 200
ਸੰਪਰਕ : 98140-16875

ਅਕਲ ਇਲਮ ਵਿਰਾਸਤ ਦੇ ਸੁਚੱਜੜੇ ਸੁਮੇਲ ਪ੍ਰੋ. ਨਿਰੰਜਣ ਸਿੰਘ ਢੇਸਾ ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੇ ਪਿੰਡ ਮੇਦਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਮਾਂ-ਬੋਲੀ ਪੰਜਾਬੀ ਦੀ ਬੇਬਾਕੀ ਨਾਲ ਸੇਵਾ ਕਰ ਕੇ ਨਵੇਂ ਦਿਸਹੱਦਿਆਂ ਨੂੰ ਉਸਾਰਨ 'ਚ ਜੀਵਨ ਭਰ ਕਾਰਜ ਕਰਨ ਵਾਲੇ ਸਾਦਕ ਵਜੋਂ ਨਾਮਣਾ ਖੱਟਿਆ ਹੈ। ਲਗਭਗ 35 ਸਾਲ ਆਪਣੇ ਵਿਦਿਆਰਥੀਆਂ ਨੂੰ ਚਾਨਣ ਵੰਡਿਆ। ਪੰਜਾਬ 'ਚ ਕਾਲੇ ਦਿਨਾਂ ਦੇ ਝੱਖੜ ਸਮੇਂ ਆਪਣੀ ਉਸਾਰੂ ਸੋਚ ਰਾਹੀਂ ਪੰਜਾਬ ਦੇ ਉਜਲੇ ਭਵਿੱਖ ਲਈ ਭੂਮਿਕਾ ਨਿਭਾਈ। ਪੰਜਾਬ ਦੇ ਅੱਜ ਦੇ ਸਮਿਆਂ 'ਚ ਜਦੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸ਼੍ਰੋਮਣੀ ਅਕਾਲੀ ਦਲ ਦੋਸ਼ਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਪ੍ਰਬੰਧਨ ਦੇ ਆਦਿ ਤੋਂ ਲੈ ਕੇ ਵਰਤਮਾਨ ਸਮੇਂ ਨੂੰ ਪੱਖਪਾਤ ਤੋਂ ਉੱਚੇ ਉਠ ਕੇ, ਸਾਫ਼-ਸੁਥਰੇ ਮਾਹੌਲ ਲਈ ਫਿਕਰਮੰਦੀ ਰੱਖਦਿਆਂ, ਆਪਣੀ ਬੁੱਧ-ਬਿਬੇਕ ਰਾਹੀਂ ਵਿਚਾਰ ਪੇਸ਼ ਕੀਤੇ ਗਏ ਹਨ। ਹਥਲੀ ਪੁਸਤਕ ਤੋਂ ਪਹਿਲਾਂ ਢੇਸੀ ਦੀ ਬਹੁਤ ਚਰਚਿਤ ਰਚਨਾਂ 'ਸਿੱਖ ਜਗਤ ਵਿਚ ਫੁੱਟ ਅਤੇ ਇਸ ਦੇ ਕਾਰਨ' ਜੋ 1988 'ਚ ਛਪੀ ਸੀ, ਉਸ ਨੂੰ 'ਮਰਣਾ ਮੁਣਸਾ ਸੂਰਿਆ' ਦੇ ਅੰਤਿਮ ਭਾਗ 'ਚ ਸ਼ਾਮਿਲ ਕੀਤਾ ਗਿਆ। ਪ੍ਰੋ. ਢੇਸੀ ਦੇ ਸਪੁੱਤਰ ਜਗਰੂਪ ਸਿੰਘ ਢੇਸੀ ਨੇ ਯਤਨ ਕਰ ਕੇ ਇਸ ਹਥਲੀ ਪੁਸਤਕ ਰਾਹੀਂ ਆਪਣੇ ਪਿਤਾ ਦੀ ਵਡਮੁੱਲੀ ਵਿਰਾਸਤ ਨੂੰ ਸਾਂਭ ਕੇ ਵੱਡਾ ਉੱਦਮ ਕੀਤਾ ਹੈ। ਇਸ ਸੰਗ੍ਰਹਿ ਵਿਚ ਕੁੱਲ 32 ਮੁੱਲਵਾਨ ਲੇਖ ਰੂਪੀ ਲਿਖਤਾਂ ਹਨ। ਹਰ ਰਚਨਾ ਵਿਚ ਗੁਰਬਾਣੀ ਦੀਆਂ ਢੁਕਵੀਆਂ ਤੁਕਾਂ (ਪ੍ਰਵਚਨ) ਰਾਹੀਂ ਆਪਣੀ ਗੱਲ ਸਪੱਸ਼ਟ ਕੀਤੀ ਗਈ ਹੈ। ਡਾ. ਨਿਰਮਲ ਸਿੰਘ ਲਾਬੜਾ ਨੇ ਪ੍ਰੋ. ਢੇਸੀ ਦੇ ਕਾਰਜਾਂ ਬਾਰੇ ਤੇ ਸ਼ਖ਼ਸੀਅਤ ਬਾਰੇ ਬਾਕਮਾਲ ਲਿਖਿਆ। ਪੰਜਾਬੀ ਸੱਥ ਦਾ ਸੰਕਲਪ ਵੀ ਪ੍ਰੋ. ਢੇਸੀ ਦੀ ਹੀ ਦੇਣ ਹੈ। ਅਡੰਬਰੀ, ਕਰਮਕਾਂਡੀ, ਭੁੱਲ-ਭਲੱਈਆ 'ਚੋਂ ਕੱਢ ਗੁਰਮਤਿ ਦੀ ਰੂਹ ਪਛਾਣਨ ਤੇ ਉਹਦੇ ਸਿਧਾਂਤਾਂ 'ਤੇ ਅਮਲ ਕਰਨ ਦੀ ਜਿਹੜੀ ਰੂਪ-ਰੇਖਾ ਪ੍ਰੋ. ਢੇਸੀ ਨੇ ਉਲੀਕੀ ਹੈ, ਉਹ ਕਾਬਲ-ਏ-ਤਾਰੀਫ਼ ਹੈ। ਮਹੱਤਵਪੂਰਨ ਲੇਖ ਪੰਥਕ ਏਕਤਾ ਦਾ ਮਸਲਾ, ਵਿਸ਼ਵ ਵਿਰਾਸਤ ਦਾ ਮਸਲਾ, ਹਰਿਮੰਦਰ ਸਾਹਿਬ ਅਤੇ ਯੂਨੈਸਕੋ ਦੀ ਰਿਪੋਰਟ ਤੇ ਡੋਜ਼ੀਅਰ ਸੰਬੰਧੀ ਰਿਪੋਰਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਤੇ ਇਸ ਕਮੇਟੀ ਦੇ ਪ੍ਰਚਾਰਕ ਅਤੇ ਪ੍ਰਬੰਧਕ ਅਤੇ ਪ੍ਰਧਾਨ ਕਿਹੋ ਜਿਹੇ ਹੋਣ, ਇਨ੍ਹਾਂ ਗੰਭੀਰ ਵਿਸ਼ਿਆਂ ਨੂੰ ਬੁਹਤ ਬੇਧੜਕ ਹੋ ਕੇ ਉਸਾਰੂ ਦ੍ਰਿਸ਼ਟੀ ਦਾ ਸਬੂਤ ਦਿੱਤਾ ਗਿਆ। ਇੰਜ ਹੀ ਅਕਾਲੀ ਦਲ (ਸ਼੍ਰੋਮਣੀ) ਦੇ ਆਦਿ ਤੋਂ ਹੁਣ ਤੱਕ ਦੇ ਝਗੜਿਆਂ 'ਤੇ ਆਪ-ਹੁਦਰੇਪਣ ਦੀਆਂ ਘਟਨਾਵਾਂ ਨੂੰ ਬਿਆਨਿਆ ਗਿਆ। ਇਸ ਤੋਂ ਬਿਨਾਂ ਸੁੱਚਤਾ, ਸਾਦਗੀ, ਕਰਮ-ਫਲ, ਸਤਿਗੁਰੂ/ਗੁਰੂ, ਦਇਆ, ਕੁਰਬਾਨੀ ਆਦਿ ਵਿਸ਼ਿਆਂ ਨੂੰ ਗੁਰਬਾਣੀ ਦੇ ਪਰਿਪੇਖ 'ਚ ਸਪੱਸ਼ਟ ਕੀਤਾ ਗਿਆ। ਸਿੱਖ ਜਗਤ ਤੇ ਗੁਰਮਤਿ ਅਦਾਰਿਆਂ ਨੂੰ ਇਹ ਪੁਸਤਕ ਸੇਧ ਦੇਣ ਵਾਲੀ ਹੈ। ਬੜੇ ਠੋਸ ਸ਼ਬਦਾਂ ਰਾਹੀਂ ਪ੍ਰੋ. ਢੇਸੀ ਨੇ ਨਿਰਣਾ ਕੀਤਾ ਕਿ ਭਾਰਤ ਦੀ ਹਰ ਸਮੇਂ ਦੀ ਹਾਕਮ ਜਮਾਤ ਨੇ ਸਿੱਖ ਚਿੰਤਨ ਅਤੇ ਸੱਭਿਆਚਾਰ ਬਾਰੇ ਮੌਕੇ ਅਨੁਸਾਰ ਭੁਲਾਂਦਰੇ ਖੜ੍ਹੇ ਕੀਤੇ ਹਨ। ਉਸ ਨੇ ਆਪਣੀਆਂ ਕੁਟਲ ਨੀਤੀਆਂ ਨਾਲ ਉੱਚ ਪੱਧਰ ਦੇ ਨੇਤਾਵਾਂ, ਸੰਤਾਂ ਤੇ ਮਹੰਤਾਂ ਨੂੰ ਮੂਹਰੇ ਬਣਾ ਕੇ ਵਰਤਿਆ। ਸਿੱਖ ਪੰਥ ਦੇ ਸੰਕਟ ਸਮੇਂ ਇਹ ਪੁਸਤਕ ਸਿੱਖ ਕੌਮ ਲਈ ਪੜ੍ਹਨੀ ਜ਼ਰੂਰੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

 

 

23-11-2024

 ਇਲਾਹੀ ਗਿਆਨ ਦਾ ਸਾਗਰ
ਆਦਿ ਗੁਰੂ ਗ੍ਰੰਥ ਸਾਹਿਬ
ਸਰਬ-ਸਾਂਝੀ ਗੁਰਬਾਣੀ
ਲੇਖਕ : ਅਨੁਰਾਗ ਸਿੰਘ
ਪ੍ਰਕਾਸ਼ਕ : ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ, ਸ਼ਬਦ ਪ੍ਰਕਾਸ਼ ਮਿਊਜ਼ੀਅਮ, ਰਕਬਾ, ਲੁਧਿਆਣਾ
ਮੁੱਲ : 3100 ਰੁਪਏ, ਸਫ਼ੇ : 144
ਸੰਪਰਕ : 98728-23277

ਆਰਟ ਪੇਪਰ ਉੱਪਰ ਛਪੀ ਰੰਗਦਾਰ, ਅਨਮੋਲ ਚਿੱਤਰਾਂ ਰਾਹੀਂ ਮੂੰਹੋਂ ਬੋਲਦੀ, ਈਸ਼ਵਰੀ ਫ਼ਲਸਫ਼ੇ ਨੂੰ ਬਿਆਨਦੀ ਇਹ ਪੁਸਤਕ ਸੁਹਿਰਦ ਲੇਖਕ ਦੀ ਘਾਲਣਾ ਦਾ ਉੱਤਮ ਤੇ ਅਨੂਠਾ ਉੱਦਮ ਹੈ। ਇਸ ਤਿੰਨ ਭਾਸ਼ਾਈ (ਅੰਗਰੇਜ਼ੀ, ਪੰਜਾਬੀ ਤੇ ਹਿੰਦੀ) ਪੁਸਤਕ ਦੇ ਅੰਦਰੂਨੀ ਹਿੱਸੇ ਵਿਚ ਮਨੁੱਖੀ ਹਿਰਦੇ ਵਾਂਗ ਧੜਕਦੇ ਬਹੁਮੁੱਲੇ ਚਿੱਤਰ, ਬਾਣੀਕਾਰਾਂ ਦੇ ਮੁਖਾਰਬਿੰਦ ਤੋਂ ਨਿਕਲੇ ਬਾਣੀਕਾਰਾਂ ਦੇ ਪਵਿੱਤਰ ਬੋਲ ਹਨ। ਅਸਲ ਵਿਚ ਇਹ ਪੁਸਤਕ ਸ਼ਬਦ ਪ੍ਰਕਾਸ਼ ਅਜਾਇਬ ਘਰ ਰਕਬਾ, ਲੁਧਿਆਣਾ ਵਿਖੇ ਸੁਸ਼ੋਭਿਤ ਇਤਿਹਾਸਕ ਖਜ਼ਾਨੇ ਦੀ ਦਿਲਕਸ਼ ਤਸਵੀਰ ਹੀ ਹੈ। ਇਸ ਪੁਸਤਕ ਦਾ ਸੁਹਿਰਦ ਲੇਖਕ ਗੁਰਮਤਿ ਦਰਸ਼ਨ ਨੂੰ ਸਮਰਪਿਤ ਹੋ ਕੇ ਪ੍ਰਚਾਰਨ ਤੇ ਪ੍ਰਸਾਰਨ ਲਈ ਹਮੇਸ਼ਾ ਤਤਪਰ ਰਿਹਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਲਾਹੀ ਗਿਆਨ ਦਾ ਵਿਸ਼ਾਲ ਸਾਗਰ ਹੈ। ਆਦਿ ਗੁਰੂ ਨਾਨਕ ਦੇਵ ਜੀ ਦੇ ਰੱਬੀ-ਪੈਗ਼ਾਮ ਅਤੇ ਰੱਬੀ ਅਨੁਭਵ ਤੋਂ ਸਿੱਖ ਧਰਮ ਦਾ ਆਗਾਜ਼ ਹੁੰਦਾ ਹੈ। ਇਸ ਤੋਂ ਬਾਅਦ ਆਪ ਜੀ ਦੇ ਨੌਂ ਉੱਤਰਾਧਿਕਾਰੀਆਂ (ਗੁਰੂ ਸਾਹਿਬਾਨ) ਤੇ ਆਤਮਿਕ ਉੱਚਤਾ ਅਤੇ ਯਥਾਰਥਕ ਸਮਾਜ ਦੀ ਉਸਾਰੀ ਲਈ ਆਤਮਿਕ, ਰਾਜਨੀਤਕ ਅਤੇ ਭਾਈ ਏਕਤਾ ਲਈ ਕਾਰਜਸ਼ੀਲ ਰਹਿ ਕੇ ਆਪਣੇ ਸਿੱਖ ਨੂੰ ਆਤਮਿਕ ਮੰਡਲ ਦਾ ਵਾਸੀ ਬਣਾਇਆ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਵਿਲੱਖਣ ਹੋਂਦ ਕਾਇਮ ਕਰਨ ਲਈ ਸੰਸਾਰ ਦੇ ਸਾਰੇ ਪ੍ਰਚਲਿਤ ਅਤੇ ਸਥਾਪਿਤ ਧਰਮਾਂ ਵਾਂਗ ਆਪਣੇ ਪੈਰੋਕਾਰਾਂ ਲਈ ਵੱਖਰੇ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸਿਧਾਂਤ ਅਤੇ ਦਸਤੂਰ ਸਥਾਪਿਤ ਕੀਤੇ। ਸਿੱਖ ਧਰਮ ਦੀ ਬੁਨਿਆਦ ਉਸ ਸਥਿਰ ਰੂਹਾਨੀ ਸਿਧਾਂਤ 'ਤੇ ਰੱਖੀ ਗਈ, ਜਿਸ ਅਨੁਸਾਰ ਸਮੁੱਚੀ ਮਾਨਵ ਜਾਤੀ ਵਿਚ ਬਿਨਾਂ ਕਿਸੇ ਜਾਤ, ਧਰਮ ਜਾਂ ਸੱਭਿਆਚਾਰ ਦੇ ਭਿੰਨ-ਭੇਦ ਦੇ ਪਰਮ-ਪਿਤਾ ਪਰਮਾਤਮਾ ਦੀ ਜੋਤਿ ਦਾ ਵਾਸ ਹੈ।
ਲੇਖਕ ਨੇ ਪੁਸਤਕ ਦੇ ਆਰੰਭ ਵਿਚ ਪ੍ਰਵੇਸ਼ਕਾ ਸਿਰਲੇਖ ਅਧੀਨ ਕੁਝ ਕੁ ਸਫ਼ਿਆਂ ਵਿਚ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਭਾਵਪੂਰਤ ਸ਼ਬਦਾਂ ਦੁਆਰਾ ਇਸ ਨੂੰ ਦੁਨੀਆ ਦੇ ਤੱਤ ਗਿਆਨ ਦੇ ਗ੍ਰੰਥਾਂ ਦਾ ਮਹਾਨ ਸੰਕਲਨ ਦੱਸਦਿਆਂ ਮੰਨਿਆ ਇਹ ਮਹਾਨ ਗ੍ਰੰਥ ਦੁਨੀਆ ਦੀ ਸਮੁੱਚੀ ਮਾਨਵਤਾ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਇਕ ਈਸ਼ਵਰ ਦੀ ਅਰਾਧਨਾ ਵਿਚ ਜੁੜ ਕੇ ਬੈਠਣ ਦਾ ਸਬੱਬ ਬਖਸ਼ਦਾ ਹੈ। ਜਦੋਂ ਵੀ ਸੱਚ ਦੀ ਖੋਜ ਵਿਚ ਤੁਰਿਆ ਕੋਈ ਜਗਿਆਸੂ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ ਹੈ ਤਾਂ ਉਹ ਆਪਣੇ-ਆਪ ਨੂੰ ਪਰਮ-ਪਿਤਾ ਪਰਮਾਤਮਾ ਦੇ ਸ਼ਬਦ-ਬ੍ਰਹਮ ਰੂਪੀ ਇਲਾਹੀ ਗਿਆਨ ਨੂੰ ਸਮਰਪਿਤ ਕਰਦਾ ਹੈ। ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ ਪਾਵਨ ਬਾਣੀ ਦੇ ਰਚਨਹਾਰ ਤੇ ਗੁਰੂ ਸਾਹਿਬਾਨ ਦੇ ਸੰਖੇਪ ਜੀਵਨ ਅਤੇ ਉਨ੍ਹਾਂ ਦੇ ਆਕਰਸ਼ਿਤ ਚਿੱਤਰਾਂ ਦੇ ਦਰਸ਼ਨ ਕਰਵਾਏ ਗਏ ਹਨ। ਦੂਜੇ ਭਾਗ ਵਿਚ ਗੁਰੂ ਨਾਨਕ ਸਾਹਿਬ ਤੋਂ ਪੂਰਵ ਬਾਰਾਂ ਭਗਤ ਸਾਹਿਬਾਨ ਭਗਤ ਜੈਦੇਵ ਜੀ, ਸੂਫ਼ੀ ਸੰਤ ਸ਼ੇਖ ਫ਼ਰੀਦ ਸਾਹਿਬ, ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਰਵਿਦਾਸ ਜੀ, ਭਗਤ ਸੈਣ ਜੀ, ਭਗਤ ਕਬੀਰ ਜੀ, ਭਗਤ ਪੀਪਾ ਜੀ, ਭਗਤ ਧੰਨਾ ਜੀ ਦੇ ਸੁੰਦਰ ਚਿੱਤਰ ਅਤੇ ਸੰਖੇਪ ਤੇ ਭਾਵਪੂਰਤ ਜੀਵਨਾਂ ਦਾ ਵੇਰਵਾ ਹੈ। ਪੁਸਤਕ ਦੇ ਤੀਜੇ ਹਿੱਸੇ ਵਿਚ ਤਿੰਨ ਸਮਕਾਲੀ ਭਗਤ ਸਾਹਿਬਾਨ ਜਿਨ੍ਹਾਂ ਵਿਚ ਭਗਤ ਭੀਖਣ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦੇ ਚਿੱਤਰ-ਦਰਸ਼ਨ ਅਤੇ ਸੰਪੇਖ ਜੀਵਨ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਚੌਥੇ ਭਾਗ ਵਿਚ ਗੁਰੂ ਦਰਬਾਰ ਦੇ ਉਨ੍ਹਾਂ ਚਾਰ ਗੁਰਸਿੱਖ ਬਾਣੀਕਾਰਾਂ ਦੇ ਸੰਖੇਪ ਜੀਵਨ ਅਤੇ ਸੁੰਦਰ ਤਸਵੀਰਾਂ ਮਿਲਦੀਆਂ ਹਨ। ਇਨ੍ਹਾਂ ਵਿਚ ਭਾਈ ਮਰਦਾਨਾ ਜੀ, ਭਾਈ ਸੱਤਾ ਅਤੇ ਰਾਏ ਬਲਵੰਡ ਜੀ, ਬਾਬਾ ਸੁੰਦਰ ਜੀ ਸ਼ਾਮਿਲ ਹਨ। ਅਗਲੇ ਭਾਗ ਵਿਚ ਗੁਰੂ ਸਾਹਿਬਾਨ ਦੀ ਉਪਮਾ ਅਤੇ ਮਹਾਨਤਾ ਨੂੰ ਦਰਸਾਉਣ ਵਾਲੇ ਬਾਣੀਕਾਰਾਂ ਵਿਚ ਭੱਟ ਸਾਹਿਬਾਨ ਦੇ ਜੀਵਨ ਅਤੇ ਭੱਟ ਕਲਸਹਾਰ ਜੀ, ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭਿਖਾ ਜੀ, ਭੱਟ ਸੱਲ੍ਹ ਜੀ, ਭੱਟ ਭੱਲ ਜੀ, ਭੱਟ ਨਲ੍ਹ ਜੀ, ਭੱਟ ਗਯੰਦ ਜੀ, ਭੱਟ ਮਥੁਰਾ ਜੀ, ਭੱਟ ਬੱਲ੍ਹ ਜੀ ਅਤੇ ਭੱਟ ਹਰਿਬੰਸ ਜੀ ਦੀਆਂ ਸੁੰਦਰ ਤਸਵੀਰਾਂ ਵੀ ਇਕ ਪੰਨੇ ਉੱਪਰ ਸੁਸ਼ੋਭਿਤ ਹਨ। ਭੱਟ ਸਾਹਿਬਾਨ ਦਾ ਕੁਰਸੀਨਾਮਾ ਵੀ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਪੁਸਤਕ ਦੀ ਅੰਤਿਕਾ ਵਿਚ ਸ਼ਬਦ-ਪ੍ਰਕਾਸ਼ ਅਜਾਇਬ ਘਰ ਰਕਬਾ, ਲੁਧਿਆਣਾ 'ਚ ਮੁੱਖ ਸੇਵਾਦਾਰ ਕ੍ਰਿਸ਼ਨ ਕੁਮਾਰ ਵਲੋਂ ਅਜਾਇਬ ਘਰ ਅਤੇ ਪੁਸਤਕ ਸੰਬੰਧੀ ਪ੍ਰਤੀ ਭਾਵਪੂਰਤ ਸਾਂਝ ਕੀਤੀ ਹੈ। ਇਸ ਤੋਂ ਇਲਾਵਾ ਸਹਾਇਕ ਪੁਸਤਕ ਸੂਚੀ, ਟਰੱਸਟ ਦੇ ਟਰੱਸਟੀਜ਼ ਮੈਂਬਰ, ਸਰਪ੍ਰਸਤ ਅਤੇ ਸਹਿਯੋਗੀਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਅਜਾਇਬ ਘਰ ਦੀਆਂ ਤਸਵੀਰਾਂ, ਅਜਾਇਬ ਘਰ ਦੇ ਦਰਸ਼ਨਾਂ ਲਈ ਆਏ ਉੱਘੇ ਵਿਅਕਤੀਆਂ ਦੇ ਵਿਚਾਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਦੀ ਤਸਵੀਰ ਤੋਂ ਇਲਾਵਾ ਕੁਝ ਕੁ ਅਹਿਮ ਇਤਿਹਾਸਕ ਤਸਵੀਰਾਂ ਅਤੇ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਹਸਤਾਖ਼ਰਾਂ (ਨਿਸ਼ਾਨ) ਦੇ ਚਿੱਤਰ ਵੀ ਸੁਸ਼ੋਭਿਤ ਹਨ। ਸਮੁੱਚੇ ਰੂਪ ਵਿਚ ਇਹ ਬਹੁਮੁੱਲੀ ਅਤੇ ਲੇਖਕ ਦੀ ਸਖ਼ਤ ਮਿਹਨਤ ਨਾਲ ਪੇਸ਼ ਕੀਤਾ, ਇਹ ਤਿੰਨ ਭਾਸ਼ਾਈ ਪੁਸਤਕ ਰੂਪੀ ਗੁਲਦਸਤਾ ਅਧਿਆਤਮਿਕ ਦੁਨੀਆ ਵਿਚ ਸਲਾਹਿਆ ਜਾਵੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

-ਮੁਨਸ਼ੀ ਪ੍ਰੇਮ ਚੰਦ ਦੀਆਂ ਦਲਿਤ ਜੀਵਨ ਬਾਰੇ 'ਉੱਨੀ ਕਹਾਣੀਆਂ'
ਅਨੁਵਾਦਕ : ਡਾਕਟਰ ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ: 186
ਸੰਪਰਕ : 99588-31357

ਅਨੇਕ ਵਿਧਾਵਾਂ ਵਿਚ ਸਾਹਿਤ ਦੀ ਸਿਰਜਣਾ ਕਰਨ ਵਾਲੇ ਸਥਾਪਿਤ ਲੇਖਕ ਅਤੇ ਨਿਰੰਤਰ ਤੌਰ ਤੇ ਸਾਹਿਤ ਸਾਧਨਾ ਵਿਚ ਰੁੱਝੇ ਹੋਏ ਡਾਕਟਰ ਬਲਦੇਵ ਸਿੰਘ ਬੱਦਨ ਆਪਣੇ ਆਪ ਵਿਚ ਰਾਸ਼ਟਰੀ ਪੱਧਰ ਦੀ ਚਰਚਿਤ ਸਾਹਿਤਕ ਸ਼ਖ਼ਸੀਅਤ ਹਨ। ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਡਾਕਟਰ ਬੱਦਨ ਖੁੱਦ ਇਕ ਨਾਮੀ ਲੇਖਕ ਅਤੇ ਅਨੁਵਾਦਕ ਹੀ ਨਹੀਂ ਸਗੋਂ ਅਨੇਕਾਂ ਲੇਖਕ ਪੈਦਾ ਕਰਨ ਵਾਲੀ ਨਰਸਰੀ ਜਾਂ ਸੰਸਥਾ ਵੀ ਹਨ। ਉਨ੍ਹਾਂ ਵਲੋਂ ਸਿਰਜਿਆ ਸਾਹਿਤ ਦੇਸ਼ ਦੀਆਂ ਅਨੇਕ ਭਾਸ਼ਾਵਾਂ 'ਚ ਅਨੁਵਾਦਿਤ ਹੋ ਚੁੱਕਾ ਹੈ। ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਰਚਨਾਵਾਂ ਦਾ ਅਨੁਵਾਦ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਨੁਵਾਦਕ ਦੀ ਦੋਵਾਂ ਭਾਸ਼ਾਵਾਂ ਉੱਤੇ ਪੂਰੀ ਪਕੜ, ਦੋਵਾਂ ਭਾਸ਼ਾਵਾਂ ਦਾ ਪੁਖਤਾ ਗਿਆਨ ਅਤੇ ਅਨੁਵਾਦ ਕਲਾ 'ਚ ਪੂਰੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਮੁਨਸ਼ੀ ਪ੍ਰੇਮ ਚੰਦ ਦੀਆਂ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਉੱਨੀ ਕਹਾਣੀਆਂ ਨੂੰ ਪੜ੍ਹਦਿਆਂ ਅਨੁਭਵ ਹੁੰਦਾ ਹੈ ਕਿ ਡਾਕਟਰ ਬੱਧਣ ਹਿੰਦੀ ਅਤੇ ਪੰਜਾਬੀ ਭਾਸ਼ਾ ਦਾ ਭਰਪੂਰ ਗਿਆਨ ਰੱਖਣ ਵਾਲੇ ਅਤੇ ਅਨੁਵਾਦ ਕਲਾ ਵਿਚ ਵੀ ਮਾਹਿਰ ਹਨ। ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਦੇ ਹਿੰਦੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਦੇ ਅਨੁਵਾਦ ਦੇ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ। ਡਾਕਟਰ ਬੱਦਨ ਨੇ ਹਿੰਦੀ ਭਾਸ਼ਾ ਦੇ ਪ੍ਰਸਿੱਧ ਰਚਨਾਕਾਰ ਮੁਨਸ਼ੀ ਪ੍ਰੇਮ ਚੰਦ ਦੀਆਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਕਰਕੇ ਜਿਥੇ ਉਨ੍ਹਾਂ ਦੇ ਪਾਠਕਾਂ ਵਿਚ ਵਾਧਾ ਕੀਤਾ ਹੈ, ਉਥੇ ਉਨ੍ਹਾਂ ਦੀ ਵਿਚਾਰਧਾਰਾ ਦਾ ਸੁਨੇਹਾ ਪੰਜਾਬੀ ਭਾਸ਼ਾ ਦੇ ਪਾਠਕਾਂ ਤੱਕ ਵੀ ਪਹੁੰਚਾਇਆ ਹੈ। ਡਾ. ਬੱਦਨ ਨੇ ਸਮੁੱਚੀ ਮਨੁੱਖੀ ਸੰਵੇਦਨਾਵਾਂ ਦੇ ਕਹਾਣੀਕਾਰ ਮੁਨਸ਼ੀ ਪ੍ਰੇਮ ਚੰਦ ਦੇ ਸਾਹਿਤ ਨੂੰ ਪੰਜਾਬੀ ਭਾਸ਼ਾ ਦੇ ਪਾਠਕਾਂ ਤੱਕ ਪਹੁੰਚਾ ਕੇ ਸ਼ਲਾਘਾ ਯੋਗ ਕਾਰਜ ਕੀਤਾ ਹੈ। ਸਮਾਜ ਦੇ ਮੌਜੂਦਾ ਹਾਲਾਤਾਂ ਅਨੁਸਾਰ ਮਿਆਰੀ ਸਾਹਿਤ ਦਾ ਇਕ ਭਾਸ਼ਾ ਤੋਂ ਦੂਜੀ ਭਾਸ਼ਾ 'ਚ ਅਨੁਵਾਦ ਕਰ ਕੇ ਸਮਾਜ ਦੇ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ ਅਤੇ ਦੇਸ਼ ਅਤੇ ਸਮਾਜ ਦੇ ਹਿਤ ਵਿਚ ਹੈ। ਦੁੱਧ ਦਾ ਮੁੱਲ, ਠਾਕੁਰ ਦਾ ਖੂਹ, ਸਦਗਤੀ, ਸਵਾ ਸੇਰ ਕਣਕ ਵਰਗੀਆਂ ਕਹਾਣੀਆਂ ਦਬਿਆਂ ਕੁਚਲਿਆਂ, ਅਣਡਿੱਠ, ਦਲਿਤਾਂ ਅਤੇ ਸ਼ੋਸ਼ਿਤਾਂ ਪ੍ਰਤੀ ਸੰਵੇਦਨਸ਼ੀਲਤਾ ਦਾ ਸੂਚਕ ਹਨ। ਅਨੁਵਾਦਕ ਨੇ ਉਸ ਸਮੇਂ ਦੇ ਸਮਾਜ ਅਤੇ ਮੌਜੂਦਾ ਸਮਾਜ ਦੇ ਦਲਿਤ, ਸ਼ੋਸ਼ਿਤ ਅਤੇ ਦੱਬੇ ਕੁਚਲੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦਿਆਂ ਮੌਜੂਦਾ ਸਮੇਂ ਦੀ ਨਬਜ਼ ਨੂੰ ਭਾਂਪਦਿਆਂ ਪ੍ਰੇਮ ਚੰਦ ਦੀਆਂ ਕਹਾਣੀਆਂ ਦਾ ਅਨੁਵਾਦ ਕਰਕੇ ਆਪਣੀ ਮਨੁੱਖੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਹੈ। ਕਹਾਣੀਆਂ ਦਾ ਅਨੁਵਾਦ ਕਰਦਿਆਂ ਅਨੁਵਾਦਕ ਨੇ ਕਹਾਣੀਆਂ ਦੇ ਪਾਤਰਾਂ ਦੇ ਚਰਿੱਤਰ, ਉਨ੍ਹਾਂ ਦੀ ਮਾਨਸਿਕਤਾ ਅਤੇ ਘਟਨਾਵਾਂ ਲਈ ਉਚਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਕਿਤੇ ਵੀ ਪਾਠਕਾਂ ਨੂੰ ਕਹਾਣੀਆਂ ਦੇ ਉਦੇਸ਼, ਅਰਥ ਅਤੇ ਵਿਸ਼ਾ ਵਸਤੂ ਨੂੰ ਸਮਝਣ ਵਿਚ ਔਖ ਨਹੀਂ ਲੱਗੇਗੀ। ਸਮੁੱਚੇ ਤੌਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਡਾਕਟਰ ਬੱਦਨ ਕਹਾ ਣੀਆਂ ਦਾ ਅਨੁਵਾਦ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ।

-ਪ੍ਰਿੰ. ਵਿਜੈ ਕੁਮਾਰ
ਮੋਬਾਈਲ : 98726 27136

ਅੰਬਰ ਤੇ ਧਰਤੀ
ਲੇਖਕ : ਪ੍ਰੋ. ਜੋਗਿੰਦਰ ਸਿੰਘ ਕੰਗ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ ਪਾਇਲ (ਲੁਧਿਆਣਾ)
ਮੁੱਲ : 250 ਰੁਪਏ, ਸਫ਼ੇ : 144

ਸੰਪਰਕ : 98785-03673

ਸ਼ਾਇਰ ਪ੍ਰੋ. ਜੋਗਿੰਦਰ ਸਿੰਘ ਕੰਗ ਹਥਲੇ ਕਾਵਿ-ਸੰਗ੍ਰਹਿ 'ਅੰਬਰ ਤੇ ਧਰਤੀ' ਤੋਂ ਪਹਿਲਾਂ ਵੀ ਦੋ ਕਾਵਿ-ਸੰਗਰਹਿਾਂ 'ਸ਼ਮ੍ਹਾਂ ਤੇ ਪਰਵਾਨੇ', 'ਮਾਲਾ ਤੇ ਤਲਵਾਰ', 'ਦਸਮੇਸ਼ ਮਹਿਮਾ' (ਕਾਵਿ-ਸੰਗ੍ਰਹਿ), ਸੰਪਾਦਨਾ, 'ਨਿਰੰਤਰ ਵਗਦੀ ਨਦੀ' (ਸੋਵੀਨਾਰ) ਰਾਹੀਂ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ ਅਤੇ ਇਕ ਮਹਾਂਕਾਵਿ 'ਸੱਚ ਦਾ ਸੂਰਜ' ਛਪਾਈ ਅਧੀਨ ਹੈ। ਸ਼ਾਇਰ ਕਿਸੇ ਰਸਮੀ ਜਾਣ-ਪਛਾਣ ਦਾ ਮੁਹਥਾਜ ਨਹੀਂ ਕਿਉਂਕਿ ਉਹ ਅਕਸਰ ਹੀ ਸਟੇਜੀ ਰੁਮਾਂਚਿਕਤਾ ਦੇ ਪੰਥਕ ਕਵੀ ਦਰਬਾਰਾਂ ਦੀ ਰੂਹੇ ਰਵਾਂ ਹਨ। ਸ਼ਾਇਰ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸ਼ਾਇਰ ਦੇ ਸਾਹਿਤ ਨਾਲ ਮੱਸ ਰੱਖਣ ਵਾਲੇ ਦਸ ਸਾਹਿਤਕਾਰਾਂ ਨੇ ਵਿਮੋਚਨੀ ਸ਼ਬਦ ਲਿਖੇ ਹਨ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਥਾਹ ਕਾਵਿ-ਸੰਗ੍ਰਹਿ ਦੇ ਨਾਂਅ 'ਅੰਬਰ ਤੇ ਧਰਤੀ' ਤੋਂ ਸਹਿਜੇ ਹੀ ਇਸ ਦੀ ਤੰਦ ਸੂਤਰ ਅਸਾਡੇ ਹੱਥ ਆ ਜਾਂਦੀ ਹੈ ਕਿਉਂਕਿ ਅੰਬਰ ਤੇ ਧਰਤੀ ਸਾਣੀ ਨੂੰ ਅਰਸ਼ ਤੇ ਫ਼ਰਸ਼ ਦਰਮਿਆਨ ਜੋ ਵੀ ਸੰਮਤੀਆਂ ਵਿਸੰਗਤੀਆਂ ਦੇ ਸਰੋਕਾਰ ਹਨ, ਉਨ੍ਹਾਂ ਉੱਤੇ ਸ਼ਾਇਰ ਦੇ ਕਲਮ ਚਲਾਈ ਹੈ। ਇਸ ਸੰਗ੍ਰਹਿ ਦੀ ਪਹਿਲੀ ਹੀ ਨਜ਼ਮ 'ਪੰਜਾਬ' ਇਸ ਪੁਸਤਕ ਦਾ ਹਾਸਿਲ ਹੋ ਨਿਬੜਦੀ ਹੈ, ਜਦੋਂ ਉਹ ਪੰਜਾਬ ਨੂੰ ਗੁਰੂਆਂ ਪੀਰਾਂ ਦੀ ਧਰਤੀ ਜਿਥੇ ਕੁਰੂਕਸ਼ੇਤਰ ਦੀ ਜੰਗ ਹੋਈ, ਗੀਤਾ ਉਚਾਰੀ ਗਈ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਈ, ਇਸ ਖੜਗ ਭੁਜਾ ਤੇ ਬਾਬਰ ਵਰਗੇ ਧਾੜਵੀਆਂ ਨਾਲ ਯੋਧਿਆਂ ਦੇ ਟੱਕਰ ਲਈ ਅਤੇ ਸਾਰੇ ਸੰਸਾਰ ਨੂੰ ਜਿੱਤਣ ਦਾ ਸੁਪਨਾ ਦੇਖਣ ਵਾਲੇ ਸਿਕੰਦਰ ਮਹਾਨ ਨੂੰ ਬਿਆਸ ਦਰਿਆ ਤੋਂ ਹੀ ਵਾਪਸ ਕਰਾਇਆ। ਸ਼ਾਇਰ ਅਧਿਆਤਮਵਾਦ ਦੇ ਆਭਾ ਮੰਡਲ ਦੀ ਜ਼ਿਆਦਾ ਪਰਿਕਰਮਾ ਕਰਦਾ ਹੈ ਜਦੋਂ ਕਿ ਵਿਭਿੰਨ ਸਰੋਕਾਰ ਵੀ ਉਸ ਦੀ ਕਲਮ ਦਾ ਹਿੱਸਾ ਬਣਦੇ ਹਨ। ਸ਼ਾਇਰ ਪੰਜਾਬ ਨੂੰ ਜਿਥੇ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ, ਉਥੇ ਮਾਂ-ਬੋਲੀ ਪੰਜਾਬੀ ਦਾ ਵੀ ਪਹਿਰੇਦਾਰ ਬਣਦਾ ਹੈ। ਸ਼ਾਇਰ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਜਿਥੇ ਆਪਣਾ ਕਾਵਿ-ਤਰੱਦਦ ਕਰਦਾ ਹੈ, ਉਥੇ ਨੌਜਵਾਨ ਪੀੜ੍ਹੀ ਵਲੋਂ ਚੰਗੇ ਭਵਿੱਖ ਦੀ ਆਸ ਵਿਚ ਵਿਦੇਸ਼ਾਂ ਨੂੰ ਜਾ ਰਹੀ ਹੋੜ 'ਤੇ ਕਿੰਤੂ ਪ੍ਰੰਤੂ ਕਰਦਿਆਂ ਉਹ ਸਮੇਂ ਦੀਆਂ ਸਰਕਾਰਾਂ ਤੇ ਨਜ਼ਲਾ ਝਾੜਦਿਆਂ ਸਪੱਸ਼ਟ ਕਰਦਾ ਹੈ ਕਿ ਜੇ ਸਰਕਾਰਾਂ ਇਥੇ ਹੀ ਰੁਜ਼ਗਾਰ ਦੇ ਵਸੀਲੇ ਪੈਦਾ ਕਰ ਦੇਣ ਤਾਂ ਇਹ ਮੁਹਾਣ ਰੋਕਿਆ ਜਾ ਸਕਦਾ ਹੈ। ਸ਼ਾਇਰ ਪ੍ਰੀਤਾਂ ਦੇ ਬੋਹੜ ਦੀ ਛਾਂ ਮਾਣਨ ਦਾ ਤਲਬਗਾਰ ਤਾਂ ਹੈ ਹੀ ਉਥੇ ਅੱਜ ਦੀ ਦਰੋਪਦੀ ਤੇ ਅੱਜ ਦੀ ਸੀਤਾ ਦੀ ਰੱਖਿਆ ਲਈ ਅੱਜ ਦੇ ਦੁਸ਼ਾਸਨਾਂ ਤੇ ਅੱਜ ਦੇ ਰਾਵਣਾਂ ਨੂੰ ਵੀ ਵੰਗਾਰਦਾ ਹੈ। ਸ਼ਾਇਰ ਭਾਰਤੀ ਕਾਵਿ-ਸ਼ਾਸਤਰ ਦੇ ਰਮਾਂ ਅਤੇ ਪਿੰਗਲ ਦੇ ਨਿਯਮਾਂ ਦਾ ਗੂੜ੍ਹ ਗਿਆਨੀ ਹੈ। ਨਿਕਟ ਭਵਿੱਖ ਵਿਚ ਸ਼ਾਇਰ ਤੋਂ ਅਧਿਆਤਮਵਾਦੀ ਸੁਰ ਤੋਂ ਵਿਥ ਸਿਰਜ ਕੇ ਸਮਕਾਲੀ ਤਰਕ ਸੰਗਤ ਤੇ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ। ਹਾਲ ਦੀ ਘੜੀ ਉਸ ਦੀ ਗ਼ਜ਼ਲ ਦਾ ਰੰਗ ਦੇਖੋ :
'ਨਫ਼ਰਤਾਂ ਕਰਕੇ ਦੂਰ ਦਿਲਾਂ 'ਚੋਂ, ਆਓ ਮਨਾਂ 'ਚ ਨੂਰ ਵਸਾਈਏ।
ਜ਼ਿੰਦਗੀ ਇਹ ਅਣਮੋਲ ਬੜੀ ਏ, ਆਓ ਇਸ ਨੂੰ ਸਫ਼ਲ ਬਣਾਈਏ।
ਅਮਨ ਏਕਤਾ ਦੇ ਰਾਹ ਚੱਲ ਕੇ, ਮੁੱਕ ਜਾਣ ਸਭ ਝਗੜੇ ਝੇੜੇ,
ਰਚ ਕੇ ਨਵ-ਇਤਿਹਾਸ ਦੇ ਪੰਨੇ, ਸੂਲੀ ਤੋਂ ਮਨਸੂਰ ਬਚਾਈਏ।'

-ਭਗਵਾਨ ਢਿੱਲੋਂ
ਮੋਬਾਈਲ : 98143-78254

ਸ੍ਰੀ ਗੁਰੂ ਤੇਗ ਬਹਾਦਰ ਜੀ
ਦੇ ਚਰਨ ਛੋਹ ਪ੍ਰਾਪਤ ਜ਼ਿਲ੍ਹਾ ਬਰਨਾਲਾ ਦੇ ਇਤਿਹਾਸਕ ਬਾਰਾਂ ਗੁਰਦੁਆਰੇ ਸਾਹਿਬਾਨ ਦਾ ਵੇਰਵਾ
ਲੇਖਕ : ਗੁਰਜੀਤ ਸਿੰਘ ਖੁੱਡੀ
ਪ੍ਰਕਾਸ਼ਕ : ਲੇਖਕ ਖ਼ੁਦ, ਸਫ਼ੇ : 36
ਸੰਪਰਕ : 98725-45131

ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਛੋਹ ਪ੍ਰਾਪਤ ਬਰਨਾਲਾ ਜ਼ਿਲ੍ਹੇ ਅੰਦਰਲੇ 12 ਇਤਿਹਾਸਕ ਗੁਰਦੁਆਰਾ ਸਾਹਿਬਾਨ ਬਾਬਤ ਇਸ 36 ਪੰਨਿਆਂ ਦੀ ਪੁਸਤਕ 'ਚ ਸੰਜਮੀ ਤੇ ਭਾਵਪੂਰਤ ਸ਼ੈਲੀ 'ਚ ਲਿਖ ਕੇ ਪੱਤਰਕਾਰ ਗੁਰਜੀਤ ਸਿੰਘ ਖੁੱਡੀ ਨੇ ਗਾਗਰ 'ਚ ਸਾਗਰ ਭਰਨ ਵਾਲਾ ਕਾਰਜ ਕੀਤਾ ਹੈ। ਲੇਖਕ ਦੀ ਸ਼ਰਧਾਮਈ ਸ਼ੈਲੀ ਲਿਖਤ ਦਾ ਰੰਗ ਹੋਰ ਵੀ ਗੂੜ੍ਹਾ ਕਰਦੀ ਹੈ ਤੇ ਪੜ੍ਹਨ ਵਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਬਦੋਬਦੀ ਆਪਣਾ ਸਿਰ ਝੁਕਾਅ ਦਿੰਦਾ ਹੈ। 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਜ਼ਿਲ੍ਹਾ ਬਰਨਾਲਾ ਅੰਦਰਲੇ ਜਿਹੜੇ 12 ਗੁਰਦੁਆਰਾ ਸਾਹਿਬਾਨ ਦਾ ਇਸ ਪੁਸਤਕ 'ਚ ਵੇਰਵਾ ਹੈ ਉਹ ਹਨ : 'ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ', ਪਿੰਡ ਸੇਖਾ, ਗੁ: ਸਾਹਿਬ ਗੁਰੂਸਰ ਪਾਤਿਸ਼ਾਹੀ ਨੌਵੀਂ ਪਿੰਡ ਕੱਟੂ, ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਫਰਵਾਹੀ, ਗੁ: ਸਾਹਿਬ ਗੁਰੂਸਰ ਪੱਕਾ ਪਾਤਿਸ਼ਾਹੀ ਨੌਵੀਂ ਹੰਡਿਆਇਆ, ਗੁ: ਸਾਹਿਬ ਗੁਰੂਸਰ ਕੱਚਾ ਪਾਤਿਸ਼ਾਹੀ ਨੌਵੀਂ ਹੰਡਿਆਇਆ, ਗੁ: ਅੜੀਸਰ ਸਾਹਿਬ ਪਿੰਡ ਕੋਠੇ ਚੂੰਘਾਂ-ਹੰਡਿਆਇਆ-ਧੌਲਾ, ਗੁਰਦੁਆਰਾ ਸੋਹੀਆਣਾ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਧੌਲਾ, ਗੁ: ਕੈਲੋਂ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਢਿੱਲਵਾਂ, ਗੁ: ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਢਿੱਲਵਾਂ, ਗੁ: ਦੁੱਲਮਸਰ ਸਾਹਿਬ ਪਾਤਿਸ਼ਾਹੀ ਨੌਵੀਂ ਕੋਠੇ ਦੁੱਲਮਸਰ (ਮੌੜ-ਨਾਭਾ), ਗੁਰਦੁਆਰਾ ਦਾਤਣਸਰ ਸਾਹਿਬ ਪਿੰਡ ਭਗਤਪੁਰਾ (ਮੌੜ-ਨਾਭਾ), ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਪੰਧੇਰ (ਬਰਨਾਲਾ)। ਉਪਰੋਕਤ ਪ੍ਰਸਤੁਤ ਗੁਰਦੁਆਰਾ ਸਾਹਿਬਾਨ ਬਾਰੇ ਢੁਕਵੀਂ ਜਾਣਕਾਰੀ ਦੇ ਨਾਲ-ਨਾਲ ਇਸ ਪੁਸਤਕ ਵਿਚ ਸੰਤ ਬਲਬੀਰ ਸਿੰਘ ਘੁੰਨਸ, ਸੰਤ ਬਾਬਾ ਟੇਕ ਸਿੰਘ ਧਨੌਲਾ, ਗੁਰਪ੍ਰੀਤ ਸਿੰਘ ਲਾਡੀ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਗੁਰਸੇਵਕ ਸਿੰਘ ਧੌਲਾ, ਨਿਰਮਲ ਸਿੰਘ ਬਰਨਾਲਾ (ਯੂ.ਐੱਸ.ਏ.), ਪੱਤਰਕਾਰ ਬੰਧਨਤੋੜ ਸਿੰਘ ਤੇ ਕੁਝ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦੇ ਸੰਦੇਸ਼ਾਂ ਦੇ ਰੂਪ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸ਼ਰਧਾ ਤੇ ਜਾਣਕਾਰੀ ਭਰਪੂਰ ਵਿਚਾਰ ਦਰਜ ਕੀਤੇ ਗਏ ਹਨ। ਖ਼ੁਦ ਗੁਰਜੀਤ ਸਿੰਘ ਖੁੱਡੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਕਮਾਲ ਦੀ ਲਿਖਤ ਲਿਖੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਗਾਥਾ ਬਾਰੇ ਗਿਆਨੀ ਕਰਮ ਸਿੰਘ ਭੰਡਾਰੀ ਨੇ ਬੜੇ ਵਿਸਤਾਰ ਵਿਚ ਲਿਖਿਆ ਹੈ। 'ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਚ ਵਿਲੱਖਣਤਾ' ਸਿਰਲੇਖ ਤਹਿਤ ਮਹਿੰਦਰ ਸਿੰਘ ਰਾਹੀ ਨੇ ਪੁਸਤਕ 'ਸ੍ਰੀ ਗੁਰੂ ਤੇਗ ਬਹਾਦਰ ਜੀ, ਜੀਵਨ, ਬਾਣੀ ਅਤੇ ਵਾਰਤਕ ਵਿਚ ਵਿਲੱਖਣਤਾ' ਵਿਚੋਂ ਕੁਝ ਅੰਸ਼ ਇਸ ਪੁਸਤਕ 'ਚ ਸ਼ਾਮਿਲ ਕੀਤੇ ਹਨ। ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਸੰਬੰਧੀ ਕਈ ਵਿਦਵਾਨਾਂ ਤੇ ਪਤਵੰਤੇ ਸੱਜਣਾਂ ਦੇ ਵਿਚਾਰ ਵੀ ਪੁਸਤਕ ਵਿਚ ਮੌਜੂਦ ਹਨ। ਪੂਰੀ ਪੁਸਤਕ ਪ੍ਰਭਾਵਸ਼ਾਲੀ ਹੈ। ਵੱਡੇ ਅਰਥਾਂ ਵਾਲੀ ਹੈ ਤੇ ਸਭ ਨੂੰ ਪੜ੍ਹਨੀ ਚਾਹੀਦੀ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਸ਼ਮਸ਼ਾਨ ਘਾਟ ਸੌਂ ਗਿਆ
ਲੇਖਿਕਾ : ਹਰਦੀਪ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 99141-27999

ਇਹ ਲੇਖਿਕਾ ਦਾ ਪਹਿਲਾ ਕਹਾਣੀ-ਸੰਗ੍ਰਹਿ ਹੈ। ਕਹਾਣੀਕਾਰਾ ਮੀਡੀਆ ਕਰਮੀ ਹੈ ਤੇ ਇਕ ਚੈਨਲ ਦੀ ਖੋਜੀ ਰਿਪੋਰਟਰ ਤੇ ਨਿਊਜ਼ ਰੀਡਰ ਹੈ। ਕਹਾਣੀ ਸੰਗ੍ਰਹਿ ਦੀ ਭੂਮਿਕਾ ਵਿਚ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਨੇ ਕਹਾਣੀਆਂ ਦੀ ਸੂਖਮ ਜਾਣ ਪਛਾਣ ਕਰਾਈ ਹੈ। ਇਹ ਕਹਾਣੀਆਂ ਸਮਾਜ ਵਿਚ ਅਪਰਾਧਿਕ ਬਿਰਤੀ ਦੇ ਵਧ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕਰਦੀਆਂ ਹਨ। ਖ਼ਾਸ ਕਰਕੇ ਪੰਜਾਬੀ ਸਮਾਜ ਵਿਚ ਵਧ ਰਿਹਾ ਔਰਤਾਂ ਦਾ ਸ਼ੋਸ਼ਣ, ਕੁਝ ਕਹਾਣੀਆ ਵਿਚ ਫ਼ਿਲਮੀ ਰੰਗ ਜਾਪਦਾ ਹੈ। ਪਰ ਲੇਖਿਕਾ ਦਾ ਸਵੈ-ਕਥਨ ਹੈ...। ਪੁਸਤਕ ਦੀਆਂ ਕਹਾਣੀਆਂ ਸੱਚ ਦੇ ਬੂਹੇ ਅਗੇ ਖੜ੍ਹੀਆਂ ਹਨ। ਕਹਾਣੀ ਕਿੱਟੀ ਪਾਰਟੀ ਦੀ ਨਵੀ (ਨਵਜੀਤ) ਘਰ ਦੀ ਮਾੜੀ ਆਰਥਿਕਤਾ ਕਰਕੇ ਸਹੇਲੀਆਂ ਨਾਲ ਕਿੱਟੀ ਪਾਰਟੀ ਵਿਚ ਨਹੀਂ ਜਾ ਸਕਦੀ। ਵਿਆਹ ਪਿੱਛੋਂ ਵੀ ਪਤੀ ਕਿੱਟੀ ਪਾਰਟੀ ਵਿਚ ਜਾਣ ਨੂੰ ਫਜ਼ੂਲ ਖਰਚੀ ਤੇ ਅਮੀਰਾਂ ਦੇ ਚੋਚਲੇ ਕਹਿੰਦਾ ਹੈ। ਫਿਰ ਵੀ ਜਿਵੇਂ ਕਿਵੇਂ ਉਹ ਨਵੀ (ਪਤਨੀ) ਨੂੰ ਕਿੱਟੀ ਪਾਰਟੀ ਦੇ ਪੈਸੇ ਦੇ ਕੇ ਭੇਜ ਦਿੰਦਾ ਹੈ। ਕਿੱਟੀ ਦੀ ਪਹਿਲੀ ਰਕਮ ਉਸਨੂੰ ਮਿਲਦੀ ਹੈ। ਹੋਟਲ ਦੀ ਪਾਰਟੀ ਵਿਚ ਉਸ ਦੇ ਹਿੱਸੇ 343 ਰੁਪਏ ਆਉਂਦੇ ਹਨ। ਪਰ ਐਨੇ ਰੁਪਏ ਨਾਲ ਘਰ ਦੀ ਚਾਰ ਦਿਨਾਂ ਦੀ ਸਬਜ਼ੀ ਆ ਜਾਣ ਦਾ ਸੋਚ ਕੇ ਉਸ ਦੀ ਚਿੰਤਾ ਪਰਿਵਾਰਕ ਹੁੰਦੀ ਹੈ ।
ਕਹਾਣੀ ਲੁਕਣ-ਮੀਚੀ ਵਿਚ ਬਿੰਦਰ ਦਾ ਉਸ ਦੇ ਮਾਮੇ ਵਲੋਂ ਜਬਰ ਜਨਾਹ ਹੋਣ ਦਾ ਕੁਰੱਖਤ ਬਿਰਤਾਂਤ ਹੈ। ਉਸ ਦੀ ਸਹੇਲੀ ਪਰਮਿੰਦਰ ਨੂੰ ਇਹ ਘਟਨਾ ਸੁਪਨੇ ਵਿਚ ਵੀ ਤੰਗ ਕਰਦੀ ਹੈ ਤੇ ਵਿਆਹ ਪਿੱਛੋਂ ਵੀ।
ਪੁਸਤਕ ਸਿਰਲੇਖ ਵਾਲੀ ਕਹਾਣੀ ਵਿਚ ਪਰਿਵਾਰ ਵਿਚ ਤਿੰਨ ਪੁੱਤਰ ਤੇ ਇਕੋ ਇਕ ਧੀ ਰੀਟਾ ਨਸ਼ੇ ਵਿਚ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ ਤੇ ਘਰ ਤਬਾਹ ਹੋ ਜਾਂਦਾ ਹੈ। ਰੀਟਾ ਸ਼ਮਸ਼ਾਨ ਘਾਟ ਵਿਚ ਜਾ ਕੇ ਨਸ਼ਾ ਕਰਦੀ ਗੈਂਗ ਦਾ ਹਿੱਸਾ ਬਣਦੀ ਹੈ। ਕਹਾਣੀ ਰੱਬ ਦੀ ਕਚਹਿਰੀ ਫ਼ਿਲਮੀ ਰੰਗ ਦੀ ਰਚਨਾ ਹੈ। ਕੁੜੀ ਦੀ ਸਕੂਟਰੀ ਨਾਲ ਮੁੰਡੇ ਦੀ ਗੱਡੀ ਦਾ ਹਾਦਸਾ ਹੁੰਦਾ ਹੈ। ਮੁੰਡਾ, ਕੁੜੀ ਦੀ ਗੱਡੀ ਮੁਰੰਮਤ ਕਰਵਾ ਕੇ ਦਿੰਦਾ ਹੈ ਤੇ ਤਿੰਨ ਦਿਨ ਉਸ ਨੂੰ ਦਫ਼ਤਰ ਛੱਡਣ ਵੀ ਜਾਂਦਾ ਹੈ। ਨੇੜਤਾ ਵਧ ਜਾਂਦੀ ਹੈ। ਵਿਆਹ ਹੋ ਜਾਂਦਾ ਹੈ ਕਹਾਣੀ ਵਿਚ ਮਾਂ ਦਾ ਐਨਾ ਜ਼ਿਆਦਾ ਦਖਲ ਕੁੜੀ ਦੇ ਸਹੁਰੇ ਘਰ ਹੁੰਦਾ ਹੈ ਕਿ ਪਤੀ-ਪਤਨੀ ਵਿਚ ਤਲਾਕ ਦੀ ਨੌਬਤ ਤੱਕ ਆ ਜਾਂਦੀ ਹੈ। ਪਰਿਵਾਰ ਟੁੱਟ ਜਾਂਦਾ ਹੈ। ਕਹਾਣੀਆਂ ਵਿਚ ਔਰਤ ਦੁੱਖਾਂ ਵਿਚ ਪਿਸਦੀ ਹੈ। ਫ਼ਿਲਮ ਇੰਡਸਟਰੀ ਵਿਚ ਡਿੰਪਲ (ਕਹਾਣੀ ਆਖਰਕਾਰ ਇਨਸਾਫ ਕਦੋਂ) ਕਿਰਨ (ਪੀ. ਜੀ. ਹੋਸਟਲ ਦੀ ਕਾਲੀ ਰਾਤ) ਕਮਲਜੀਤ (ਕਹਾਣੀ ਏ. ਟੀ. ਐਮ.) ਨੀਰੂ (ਪਿੰਜਰਾ) ਦੀ ਦੁੱਖਾਂ ਮਾਰੀ ਜ਼ਿੰਦਗੀ ਇਕੋ ਜਿਹੀ ਹੈ। ਇਹ ਔਰਤਾਂ, ਮਰਦ ਸ਼ੋਸ਼ਣ ਦਾ ਸ਼ਿਕਾਰ ਹਨ। ਦਿਲਚਸਪ ਤੇ ਕਥਾ ਰਸ ਭਰਪੂਰ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 9814856160

ਮੇਰਾ ਹੱਕ ਬਣਦਾ ਏ ਨਾ?
ਲੇਖਕ : ਰਾਜਵਿੰਦਰ ਰੌਂਤਾ
ਪ੍ਰਕਾਸ਼ਕ : ਪੰਜਾਬੀ ਕਵੀ ਪਬਲੀਕੇਸ਼ਨ, ਮੋਗਾ
ਮੁੱਲ : 170 ਰੁਪਏ, ਸਫ਼ੇ : 104
ਸੰਪਰਕ : 98764-86187

ਰਾਜਵਿੰਦਰ ਰੌਂਤਾ ਦੀ ਪਲੇਠੀ ਪੁਸਤਕ 'ਮੇਰਾ ਹੱਕ ਬਣਦਾ ਏ ਨਾ?' ਬਹੁਤ ਹੀ ਸੰਵੇਦਨਸ਼ੀਲ ਅਤੇ ਸੂਖ਼ਮ ਸੂਝ-ਬੂਝ ਨਾਲ ਸ਼ਿੰਗਾਰੀ ਖ਼ੂਬਸੂਰਤ ਪੁਸਤਕ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਕਵਿਤਾ ਵਿਚ ਕਾਵਿਕਤਾ ਦੀ ਨਬਜ਼ ਧੜਕਦੀ ਪ੍ਰਤੀਤ ਹੁੰਦੀ ਹੈ। ਨਹੀਂ ਤਾਂ ਅਜੋਕੇ ਸਮੇਂ ਵਿਚ ਖੁੱਲ੍ਹੀ ਕਵਿਤਾ ਦੇ ਨਾਂਅ 'ਤੇ ਸਾਡੇ ਸਾਹਮਣੇ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਸ ਨੂੰ ਨਾ ਤਾਂ ਕਵਿਤਾ ਵਾਲੇ ਪਾਸੇ ਹੀ ਰੱਖਿਆ ਜਾ ਸਕਦਾ ਹੁੰਦਾ ਹੈ ਅਤੇ ਨਾ ਹੀ ਉਸ ਨੂੰ ਵਾਰਤਕ ਕਹਿਣ ਦਾ ਹੌਸਲਾ ਪੈਂਦਾ ਹੈ:
ਇਨ੍ਹਾਂ ਨੂੰ ਕਹਿ ਦਿਓ
ਕਿ ਲੋਕ ਜਾਣ ਚੁੱਕੇ ਨੇ...
ਫ਼ਿਰਕੂ ਹਵਾਵਾਂ ਵਗਦੀਆਂ ਨਹੀਂ
ਵਗਾਈਆਂ ਜਾਂਦੀਆਂ।
ਸੰਸਾਰ ਵਿਚ ਜੇਕਰ ਕਿਸੇ ਰਿਸ਼ਤੇ ਨੂੰ ਰੱਬ ਵਰਗੇ ਪਾਕ-ਪਵਿੱਤਰ ਰਿਸ਼ਤੇ ਦਾ ਨਾਂਅ ਦਿੱਤਾ ਜਾ ਸਕਦਾ ਹੈ, ਤਾਂ ਨਿਰਸੰਦੇਹ ਉਹ ਕੇਵਲ ਅਤੇ ਕੇਵਲ ਮਾਂ ਹੀ ਹੋ ਸਕਦੀ ਹੈ। ਰਾਜਵਿੰਦਰ ਰੌਂਤਾ ਮਹਿਸੂਸ ਕਰਦੇ ਹਨ ਕਿ ਮਾਂ ਦਾ ਕੋਈ ਬਦਲ ਨਹੀਂ ਹੋ ਸਕਦਾ, ਮਾਂ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਅਤੇ ਸੱਚ ਕਿਹਾ ਜਾਵੇ ਤਾਂ ਮਾਂ ਤਾਂ ਰੱਬ ਵੀ ਨਹੀਂ ਬਣ ਸਕਦਾ। ਰੱਬ ਘਟ-ਘਟ ਵਿਚ ਵਿਆਪਕ ਹੋ ਸਕਦਾ ਹੈ, ਰੱਬ ਨਿਰਮੋਹੀ ਹੋ ਸਕਦਾ ਹੈ ਪਰ ਮਾਂ ਦਾ ਦਿਲ ਤਾਂ ਕੇਵਲ ਆਪਣੇ ਬੱਚੇ ਲਈ ਹੀ ਧੜਕਦਾ ਹੈ:
ਮਾਂ ਦੀ ਮਮਤਾ ਰੂਪ ਇਲਾਹੀ
ਚਿਹਰਾ ਪੜ੍ਹ ਦੁੱਖ ਜਾਣੇ।
ਮਾਂ ਦਾ ਕੋਈ ਬਦਲ ਨਹੀਂ ਏ
ਆਖਣ ਲੋਕ ਸਿਆਣੇ।
ਰਾਜਵਿੰਦਰ ਰੌਂਤਾ ਮਿਹਨਤਕਸ਼ ਲੋਕਾਂ ਦੇ ਹੱਕਾਂ ਦੀ ਗੱਲ ਵੀ ਕਰਦੇ ਹਨ, ਸਦੀਆਂ ਤੋਂ ਦਬਾਈ ਜਾ ਰਹੀ ਔਰਤ ਦੀ ਚਰਚਾ ਵੀ ਛੇੜਦੇ ਹਨ, ਮਾਂ-ਬੋਲੀ ਪੰਜਾਬੀ ਦੀ ਦੁਰਦਸ਼ਾ ਨੂੰ ਦੇਖ ਕੇ ਉਨ੍ਹਾਂ ਦਾ ਕੋਮਲ ਮਨ ਤੜਫ਼ਦਾ ਹੈ, ਜਾਤਾਂ-ਧਰਮਾਂ ਦੇ ਨਾਂਅ 'ਤੇ ਹੁੰਦੀ ਵਿਤਕਰੇਬਾਜ਼ੀ ਵੀ ਉਨ੍ਹਾਂ ਨੂੰ ਵਿਆਕੁਲ ਕਰਦੀ ਹੈ ਅਤੇ ਸੌੜੇ ਸਿਆਸੀ ਹਿਤਾਂ ਲਈ ਲੋਕਾਂ ਨੂੰ ਬਲਦੀ ਦੇ ਮੂੰਹ ਦੇਣਾ ਵੀ ਉਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਸ਼ੋਰ-ਸ਼ਰਾਬੇ ਤੋਂ ਰਹਿਤ ਸਰਲ ਅਤੇ ਸਹਿਜ ਸੁਭਾਅ ਵਾਲੀ ਇਸ ਕਵਿਤਾ ਦਾ ਹਾਰਦਿਕ ਸਵਾਗਤ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਗੁਰਦਿਆਲ ਸਿੰਘ
ਦੇ ਨਾਵਲਾਂ ਦਾ

ਭਾਸ਼ਾ ਵਿਗਿਆਨਕ ਅਧਿਐਨ
ਲੇਖਿਕਾ : ਡਾ. ਸੁਖਰਾਜ ਸਿੰਘ ਧਾਲੀਵਾਲ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 175
ਸੰਪਰਕ : 98153-54141

ਗੁਰਦਿਆਲ ਸਿੰਘ ਦੇ ਨਾਵਲਾਂ ਦਾ ਭਾਸ਼ਾ ਵਿਗਿਆਨ ਅਧਿਐਨ ਡਾ. ਸੁਖਰਾਜ ਸਿੰਘ ਧਾਲੀਵਾਲ ਦੀ ਖੋਜ ਭਰਪੂਰ ਰਚਨਾ ਹੈ। ਜਿਸ ਵਿਚ ਲੇਖਕ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਅਧਿਐਨ ਕਰਨ ਦਾ ਸਫਲ ਉਪਰਾਲਾ ਕੀਤਾ ਹੈ। ਗੁਰਦਿਆਲ ਸਿੰਘ ਪੰਜਾਬੀ ਦਾ ਸਰਬਾਂਗੀ ਲੇਖਕ ਹੈ। ਨਾਵਲ ਸਾਹਿਤ ਵਿਚ ਉਸ ਦਾ ਨਾਂਅ ਬੜਾ ਉੱਘਾ ਹੈ। ਉਸ ਨੇ ਆਪਣੇ ਜੀਵਨ ਦਾ ਵੱਡਾ ਸਮਾਂ ਮਾਲਵੇ ਦੇ ਗੜ੍ਹ ਪਿੰਡ ਜੈਤੋ ਵਿਚ ਬਿਤਾਇਆ ਹੈ। ਉਹ ਆਪਣੇ ਨਾਵਲਾਂ ਵਿਚ ਜੈਤੋ ਦੇ ਆਲੇ-ਦੁਆਲੇ ਦੀ ਉਪਭਾਸ਼ਾ ਮਲਵਈ ਨੂੰ ਬੜੀ ਖੂਬਸੂਰਤੀ ਨਾਲ ਵਰਤਦਾ ਹੈ। ਜਿਥੋਂ ਤੱਕ ਡਾ. ਧਾਲੀਵਾਲ ਵਲੋਂ ਹਥਲੀ ਪੁਸਤਕ ਵਿਚ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਅਧਿਐਨ ਦਾ ਵਿਸ਼ਾ ਬਣਾਇਆ ਗਿਆ ਹੈ, ਉਹ ਨਿਸ਼ਚੇ ਹੀ ਬੜਾ ਅਹਿਮ ਅਤੇ ਸਲਾਹੁਣਯੋਗ ਕਾਰਜ ਹੈ। ਲੇਖਕ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਨੂੰ ਅਧਿਐਨ ਦਾ ਵਿਸ਼ਾ ਬਣਾਉਂਦੇ ਸਮੇਂ ਤਿੰਨ ਅਧਾਰ ਨਿਸ਼ਚਿਤ ਕੀਤੇ ਹਨ। ਜਦੋਂ ਉਹ ਨਾਵਲਾਂ ਦਾ ਭਾਸ਼ਾ ਵਿਗਿਆਨਕ ਅਧਿਐਨ ਕਰਦਾ ਹੈ ਤਾਂ ਧੁਨੀ ਵਿਉਂਤ ਪੱਧਰ ਉਤੇ, ਸ਼ਬਦਾਂ ਦੀ ਅੰਦਰਲੀ ਬਣਤਰ ਦੇ ਪੱਧਰ ਉਤੇ ਅਤੇ ਵਾਕ ਵਿਗਿਆਨਕ ਪੱਧਰ ਉਤੇ ਫੋਕਸ ਕਰਦਾ ਹੈ। ਉਹ ਸ਼ਬਦਾਂ ਦੀਆਂ ਵੱਖ-ਵੱਖ ਪੁਜੀਸ਼ਨਾਂ ਵਿਚ ਸ੍ਵਰਾਂ ਅਤੇ ਵਿਅੰਜਨਾਂ ਦਾ ਨਿਖੇੜਾ ਕਰਕੇ ਅਖੰਡੀ ਧੁਨੀ ਗ੍ਰਾਮਾਂ ਦਾ ਅਧਿਐਨ ਕਰਦਾ ਹੈ। ਇਸੇ ਤਰ੍ਹਾਂ ਸ਼ਬਦਾਂ ਦਾ ਵਿਉਂਤਪਤ ਤੇ ਵਿਕਾਰ ਪੱਖੋਂ ਵਿਧਾਨ ਸਿਰਜਦਾ ਹੈ। ਵਿਆਕਰਣਕ ਕਾਰਜ ਵਿਚ ਵਾਕ ਦੇ ਅਧਿਐਨ ਨੂੰ ਹੀ ਭਾਸ਼ਾਈ ਅਧਿਐਨ ਮੰਨਿਆ ਜਾਂਦਾ ਹੈ। ਬਿਰਤਾਂਤਕ ਰਚਨਾਵਾਂ ਵਿਚ ਵਾਕ ਅਧਿਐਨ ਬੜੀ ਰੌਚਿਕਤਾ ਪੈਦਾ ਕਰਦੇ ਹਨ। ਇਨ੍ਹਾਂ ਤੋਂ ਅਸੀਂ ਅਨੇਕਾਂ ਭਾਸ਼ਾਈ ਪੈਟਰਨ ਘੋਖ ਸਕਦੇ ਹਾਂ, ਜਿਨ੍ਹਾਂ ਕਰਕੇ ਭਾਸ਼ਾ ਵਰਤੋਂ ਵਿਚ ਕਲਤਾਮਿਕਤਾ ਪੈਦਾ ਕਰਦੀ ਹੈ। ਕਲਾਕਾਰੀ ਵਾਕਾਂ ਵਿਚ ਨਿੱਖਰ ਕੇ ਸਾਹਮਣੇ ਆਉਂਦੀ ਹੈ। ਇਸ ਖੰਡ ਵਿਚ ਧਾਲੀਵਾਲ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਵਿਚੋਂ ਵਾਕਾਤਮਕ ਪੈਟਰਨ ਲੱਭਣ ਦਾ ਸਫਲ ਯਤਨ ਕੀਤਾ ਹੈ।
ਮਨੁੱਖ ਅਤੇ ਸਮਾਜ ਦਾ ਰਿਸ਼ਤਾ ਬੜਾ ਗੂੜ੍ਹਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਦੇ ਨਾਲ-ਨਾਲ ਭਾਸ਼ਾਈ ਪ੍ਰਾਣੀ ਵੀ ਹੈ। ਇਸ ਕਰਕੇ ਮਨੁੱਖ ਦੀਆਂ ਸਿਰਜਣਾਵਾਂ ਸਮਾਜ ਅਤੇ ਭਾਸ਼ਾ ਦੇ ਸੰਬੰਧਾਂ ਉਤੇ ਉਸਰੀਆਂ ਨਜ਼ਰ ਆਉਂਦੀਆਂ ਹਨ। ਇਸ ਖੰਡ ਵਿਚ ਲੇਖਕ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਦਾ ਸਮਾਜ ਭਾਸ਼ਾ ਵਿਗਿਆਨ ਪੱਖੋਂ ਅਧਿਐਨ ਕਰਕੇ ਇਨ੍ਹਾਂ ਵਿਚਲੀਆਂ ਇਕਾਈਆਂ ਦਾ ਮਾਈਕ੍ਰੋ ਪੱਖ ਪੇਸ਼ ਕੀਤਾ ਹੈ। ਸਮਾਜਿਕ ਭਾਸ਼ਾਈ ਰੂਪਾਂ ਦੇ ਉਸ ਨੇ ਕਈ ਪੈਟਰਨ ਜਿਵੇਂ ਬ੍ਰਾਹਮਣਾਂ ਦੀ ਭਾਸ਼ਾ, ਜੱਟਾਂ ਦੀ ਭਾਸ਼ਾ, ਅਮਲੀਆਂ ਦੀ ਭਾਸ਼ਾ, ਤਰਖਾਣਾਂ ਦੀ ਭਾਸ਼ਾ, ਧਾਰਮਿਕ ਵਿਅਕਤੀਆਂ ਦੀ ਭਾਸ਼ਾ, ਪੁਲਸੀਆਂ ਦੀ ਭਾਸ਼ਾ ਨੂੰ ਘੋਖਿਆ ਹੈ। ਪ੍ਰਵਚਨ ਵਕਤਾ ਅਤੇ ਸਰੋਤੇ ਦਰਮਿਆਨ ਭਾਸ਼ਾਈ ਸੰਸਾਚਰ ਦਾ ਵਟਾਂਦਰਾ ਹੁੰਦਾ ਹੈ, ਜਿਸ ਦੇ ਰੂਪ ਨੂੰ ਇਸ ਦੇ ਸਮਾਜਿਕ ਉਦੇਸ਼ ਰਾਹੀਂ ਦੇਖਿਆ ਜਾ ਸਕਦਾ ਹੈ। ਇਸ ਕਥਨ ਦੇ ਪ੍ਰਸੰਗ ਵਿਚ ਡਾ. ਧਾਲੀਵਾਲ ਨੇ ਗੁਰਦਿਆਲ ਸਿੰਘ ਦੇ ਨਾਵਲਾਂ ਵਿਚ ਪ੍ਰਵਚਨਾਂ-ਮੂਲਕਤਾ ਦੇ ਲੱਛਣ ਪਛਾਣ ਕੇ ਅਧਿਐਨ ਕੀਤਾ ਹੈ। ਬੇਸ਼ੱਕ ਕੋਈ ਵੀ ਖੋਜ ਕਾਰਜ ਅੰਤਿਮ ਨਹੀਂ ਹੁੰਦਾ। ਹਰੇਕ ਖੋਜ ਵਿਚ ਨਵੀਆਂ ਸੰਭਾਵਨਾਵਾਂ ਪਈਆਂ ਹੁੰਦੀਆਂ ਹਨ। ਪ੍ਰੰਤੂ ਨਿਸ਼ਚੇ ਹੀ ਇਹ ਖੋਜ ਭਰਪੂਰ ਪੁਸਤਕ ਪਾਠਕਾਂ ਅਤੇ ਖੋਜੀਆਂ ਲਈ ਲਾਹੇਵੰਦ ਸਿੱਧ ਹੋਵੇਗੀ।

ਡਾ. ਇਕਬਾਲ ਸਿੰਘ ਸਕਰੌਦੀ।
ਮੋਬਾਈਲ : 84276-85020

ਬੁੱਝ ਕੇ ਬੱਚਿਓ ਤੁਸੀਂ ਦਿਖਾਓ
ਲੇਖਕ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 32
ਸੰਪਰਕ : 99184-69564

ਉਤਸੁਕਤਾ ਬਾਲ ਸਾਹਿਤ ਦਾ ਵਿਸ਼ੇਸ਼ ਲੱਛਣ ਹੈ। ਬੁਝਾਰਤਾਂ ਵਿਚ ਇਹ ਗੁਣ ਵਿਸ਼ੇਸ਼ ਤੌਰ 'ਤੇ ਲਿਪਤ ਹੁੰਦਾ ਹੈ। ਬੱਚੇ ਇਸ ਵੰਨਗੀ ਪ੍ਰਤੀ ਕੁਝ ਵਧੇਰੇ ਜਿਗਿਆਸਾਮਈ ਹੁੰਦੇ ਹਨ ਅਤੇ ਇਕ ਦੂਜੇ ਤੋਂ ਪਹਿਲਾਂ ਉਤਰ ਦੇਣ ਲਈ ਤਤਪਰ ਰਹਿੰਦੇ ਹਨ। ਬਾਲ ਸਾਹਿਤ ਦੇ ਇਸ ਅਹਿਮ ਕਾਵਿ ਰੂਪ ਨਾਲ ਸੰਬੰਧਿਤ ਹੈ ਪੁਸਤਕ 'ਬੁੱਝ ਕੇ ਬੱਚਿਓ ਤੁਸੀਂ ਦਿਖਾਓ' ਜੋ ਆਤਮਾ ਸਿੰਘ ਚਿੱਟੀ ਵਲੋਂ ਮੂਲ ਰੂਪ ਵਿਚ ਕਾਵਿਮਈ ਸ਼ੈਲੀ ਵਿਚ ਸਿਰਜੀ ਗਈ ਹੈ। ਆਤਮਾ ਸਿੰਘ ਚਿੱਟੀ ਪਿਛਲੇ ਲਗਭਗ ਪੰਜ ਦਹਾਕਿਆਂ ਤੋਂ ਬੜੀ ਪ੍ਰਤਿਬੱਧਤਾ, ਲਗਨ ਅਤੇ ਨਿਸ਼ਕਾਮ ਭਾਵਨਾ ਨਾਲ ਬਾਲ ਕਵਿਤਾ ਅਤੇ ਬਾਲ ਗੀਤ ਪਰੰਪਰਾ ਨੂੰ ਵਿਕਸਿਤ ਲੀਹਾਂ 'ਤੇ ਲਗਾਤਾਰ ਤੋਰਨ ਵਾਲਾ ਕਲਮਕਾਰ ਹੈ। ਤੇਜ਼ ਤਰਾਰੀ ਦੇ ਅਜੋਕੇ ਦੌਰ ਵਿਚ ਹੁਣ ਫਿਰ ਇਸ ਲੇਖਕ ਨੇ ਇਸ ਪੁਸਤਕ ਵਿਚ ਕੁੱਲ 12 ਕਾਵਿ ਕਵਿਤਾਵਾਂ ਨੂੰ ਬੁਝਾਰਤ-ਸ਼ੈਲੀ ਵਿਚ ਸਿਰਜਿਆ ਹੈ। ਇਸ ਪੁਸਤਕ ਦੀ ਹਰ ਕਾਵਿ ਬੁਝਾਰਤ ਦਾ ਆਗ਼ਾਜ਼ ਉਤਸੁਕਤਾ ਭਰਪੂਰ ਢੰਗ ਨਾਲ ਕਰਦਿਆਂ ਸੰਬੰਧਿਤ ਵਸਤੂ ਬਾਰੇ ਸੰਕੇਤ ਕੀਤੇ ਗਏ ਹਨ। ਮਿਸਾਲ ਵਜੋਂ 'ਗਰਮੀ ਰੁੱਤ' ਦਾ ਜ਼ਿਕਰ ਕਰਦਿਆਂ ਕਵੀ ਬੁਝਾਰਤ ਦੀਆਂ ਮੁੱਢਲੀਆਂ ਪੰਕਤੀਆਂ ਇਉਂ ਪ੍ਰਗਟ ਕਰਦਾ ਹੈ :
ਕਿਹੜੀ ਰੁੱਤ ਕਹਾਏ ਬੱਚਿਓ
ਕਿਹੜੀ ਰੁੱਤ ਕਹਾਏ?
ਤਿੱਖੀਆਂ ਧੁੱਪਾਂ ਪੈਣ ਲੱਗੀਆਂ
ਸਭ ਦਾ ਚਿੱਤ ਘਬਰਾਏ।'( ਪੰਨਾ 27)
ਇਨ੍ਹਾਂ ਕਾਵਿ ਬੁਝਾਰਤਾਂ ਵਿਚ ਕਵੀ ਨੇ ਲਗਭਗ ਉਨ੍ਹਾਂ ਸਾਰੇ ਅਹਿਮ ਵਿਸ਼ਿਆਂ ਦੀ ਚੋਣ ਕੀਤੀ ਹੈ ਜਿਨ੍ਹਾਂ ਦਾ ਬਾਲਾਂ ਨਾਲ ਸਿੱਧਾ ਸੰਬੰਧ ਹੈ। ਮਨੁੱਖੀ ਸਮਾਜ, ਕੁਦਰਤੀ ਵਰਤਾਰੇ, ਪੌਣ ਪਾਣੀ, ਪ੍ਰਦੂਸ਼ਣ, ਵਿਦਿਅਕ ਪਾਸਾਰੇ, ਵੰਨ ਸੁਵੰਨੀਆਂ ਰੁੱਤਾਂ, ਫ਼ਲਾਂ-ਫੁੱਲਾਂ, ਜੀਵ ਜੰਤੂਆਂ, ਵਿਗਿਆਨਕ ਅਤੇ ਆਵਾਜਾਈ ਦੀਆਂ ਖੋਜਾਂ, ਕਾਢਾਂ ਅਤੇ ਹੋਰ ਸ੍ਰੋਤ ਇਨ੍ਹਾਂ ਬੁਝਾਰਤਾਂ ਦਾ ਆਧਾਰ ਬਣਦੇ ਹਨ। ਇਸ ਪੁਸਤਕ ਦੇ ਅੰਤ ਵਿਚ ਸੰਬੰਧਿਤ ਕਾਵਿ ਬੁਝਾਰਤਾਂ ਦੇ ਉਤਰ ਰੰਗਦਾਰ ਤਸਵੀਰਾਂ ਦੀ ਸ਼ਕਲ ਵਿਚ ਦਿੱਤੇ ਗਏ ਹਨ। ਕੁੱਲ ਮਿਲਾ ਕੇ ਇਹ ਪੁਸਤਕ ਜਿੱਥੇ ਮੱਠੀ ਪੈਂਦੀ ਜਾ ਰਹੀ ਬੁਝਾਰਤ-ਵੰਨਗੀ ਦੀ ਰਵਾਇਤ ਨੂੰ ਹੁਲਾਰਾ ਦਿੰਦੀ ਹੈ ਉਥੇ ਬਾਲ ਮਨਾਂ ਵਿਚ ਮਾਂ ਬੋਲੀ ਅਤੇ ਸਾਹਿਤ ਪ੍ਰਤੀ ਸਨੇਹ ਵੀ ਪੈਦਾ ਕਰਦੀ ਹੈ ਅਤੇ ਉਨ੍ਹਾਂ ਦੇ ਵਸਤੂ ਗਿਆਨ ਵਿਚ ਇਜ਼ਾਫ਼ਾ ਵੀ ਕਰਦੀ ਹੈ।
ਬਾਲ ਸਾਹਿਤ ਦੇ ਖਿੱਤੇ ਵਿਚ ਅਜਿਹੀਆਂ ਪੁਸਤਕਾਂ ਦੀ ਹੋਰ ਵਧੇਰੇ ਜ਼ਰੂਰਤ ਭਾਸਦੀ ਹੈ।

-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703

ਸੋਚ ਕੇ ਦੱਸੋ
ਇਹ ਹਨ ਕੌਣ?
ਲੇਖਕ : ਆਤਮਾ ਸਿੰਘ ਚਿੱਟੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 28
ਸੰਪਰਕ : 99884-69564

ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਆਤਮਾ ਸਿੰਘ ਚਿੱਟੀ ਲੰਬੇ ਸਮੇਂ ਤੋਂ ਨਿਰੰਤਰ ਬਾਲ ਸਾਹਿਤ ਦੇ ਖੇਤਰ 'ਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। ਵਿਲੱਖਣ ਗੱਲ ਇਹ ਵੀ ਹੈ ਕਿ ਉਨ੍ਹਾਂ ਦੀਆਂ ਬਾਲ ਰਚਨਾਵਾਂ ਬੱਚਿਆਂ ਦੇ ਮੇਚ ਦੀਆਂ ਹੁੰਦੀਆਂ ਹਨ ਅਤੇ ਜ਼ਿਆਦਾ ਬੌਧਿਕਤਾ ਦਾ ਬੋਝ ਉਹ ਆਪਣੀਆਂ ਰਚਨਾਵਾਂ ਤੇ ਥੋਪਣ ਤੋਂ ਪ੍ਰਹੇਜ਼ ਕਰਦੇ ਹਨ, ਇਸੇ ਕਰਕੇ ਉਨ੍ਹਾਂ ਦੀਆਂ ਬਾਲ ਰਚਨਾਵਾਂ ਬਾਲ ਵਰਗ ਨੂੰ ਖ਼ੂਬ ਪਸੰਦ ਆਉਂਦੀਆਂ ਹਨ। ਹਥਲੀ ਪੁਸਤਕ 'ਸੋਚ ਕੇ ਦੱਸੋ ਇਹ ਹਨ ਕੌਣ?' ਵਿਚ ਉਨ੍ਹਾਂ ਸਾਡੀ ਲੋਕ ਧਾਰਾ ਦਾ ਪ੍ਰਮੁੱਖ ਹਿੱਸਾ ਮੰਨੀਆਂ ਜਾਂਦੀਆਂ 'ਬੁਝਾਰਤਾਂ' ਨੂੰ ਕਾਵਿ-ਰੰਗਤ ਦੇ ਕੇ ਕਾਵਿ-ਬੁਝਾਰਤਾਂ ਵਜੋਂ ਬਾਲ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ। ਅਜੋਕੇ ਇੰਟਰਨੈੱਟ ਦੇ ਦੌਰ 'ਚ ਜਦ ਹਰ ਹੱਥ 'ਚ ਮੋਬਾਈਲ ਆ ਗਿਆ ਹੈ ਤਾਂ ਸਾਡੀ ਲੋਕ ਧਾਰਾ ਦਾ ਅਹਿਮ ਅੰਗ 'ਬੁਝਾਰਤਾਂ' ਦਾ ਵਿਸਰ ਜਾਣਾ ਸੁਭਾਵਿਕ ਹੈ ਪਰੰਤੂ ਲੇਖਕ ਆਤਮਾ ਸਿੰਘ ਚਿੱਟੀ ਨੇ ਬਾਲ ਪਾਠਕਾਂ 'ਚ ਬੁਝਾਰਤਾਂ ਦੀ ਦਿਲਚਸਪੀ ਪੈਦਾ ਕਰਨ ਲਈ ਕਵਿਤਾ ਦੇ ਰੂਪ 'ਚ ਨਵੀਆਂ ਬੁਝਾਰਤਾਂ ਦੀ ਸਿਰਜਣਾ ਕਰਕੇ ਇਹ ਪੁਸਤਕ ਤਿਆਰ ਕੀਤੀ ਹੈ। ਇਸ ਪੁਸਤਕ 'ਚ 9 ਕਾਵਿ ਬੁਝਾਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਵੰਨਗੀ ਵਜੋਂ ਇਕ ਨਮੂਨਾ ਪੇਸ਼ ਹੈ :
ਰੋਜ਼ ਸਵੇਰੇ ਘਰ-ਘਰ ਆਵੇ।
ਗੱਲਾਂ ਨਵੀਆਂ ਨਿੱਤ ਸੁਣਾਵੇ।
ਸਾਰੇ ਕਹਿੰਦੇ ਕਿੱਥੋਂ ਆਈ?
ਸਾਰੀ ਖ਼ਲਕਤ ਪਿੱਛੇ ਲਾਈ। (ਅਖ਼ਬਾਰ )
ਇਕ ਹੋਰ ਵੰਨਗੀ ਵੇਖੋਂ :
ਤਿੰਨੇ ਸੂਈਆਂ ਚੱਕਰ ਲਾਉਣ।
ਸਹੀ ਟਾਈਮ ਦਾ ਬੋਧ ਕਰਾਉਣ।
ਸੂਈਆਂ ਦੇਖਾਂ ਲਾ ਕੇ ਨੀਝ।
ਸੋਚ ਕੇ ਬੁੱਝੋ ਕੀ ਹੈ ਚੀਜ਼ ?
(ਗੁੱਟ ਘੜੀ)
ਇਸ ਪੁਸਤਕ ਵਿਚਲੀਆਂ ਇਨ੍ਹਾਂ ਕਾਵਿ-ਬੁਝਾਰਤਾਂ ਨੂੰ ਬੁੱਝਣ ਲਈ ਬੱਚਿਆਂ ਦੀ ਦਿਮਾਗ਼ੀ ਕਸਰਤ ਹੋਵੇਗੀ, ਜਿਸ ਨਾਲ ਬੱਚਿਆਂ ਦਾ ਦਿਮਾਗ਼ੀ ਪੱਧਰ, ਸੋਚ, ਸੂਝ-ਬੂਝ ਹੋਰ ਵਿਕਸਿਤ ਹੋਵੇਗੀ। ਇਹ ਬਾਲ ਪੁਸਤਕ ਬੱਚਿਆਂ ਲਈ ਅਨਮੋਲ ਤੋਹਫ਼ਾ ਹੈ। ਬਾਲ ਸਾਹਿਤ 'ਚ ਅਜਿਹੀ ਰੌਚਿਕ ਕਾਵਿ-ਬੁਝਾਰਤਾਂ ਦੀ ਪੁਸਤਕ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਸੰਸਾਰ ਪ੍ਰਸਿੱਧ ਖੇਡ
ਕਹਾਣੀਆਂ
ਅਨੁਵਾਦਕ : ਗੁਰਮੇਲ ਮਡਾਹੜ
ਸੰਪਾਦਕ : ਕਰਮ ਸਿੰਘ ਜ਼ਖ਼ਮੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98146-28027

'ਸੰਸਾਰ ਪ੍ਰਸਿੱਧ ਖੇਡ ਕਹਾਣੀਆਂ' ਬਹੁਪੱਖੀ ਸਾਹਿਤਕਾਰ ਗੁਰਮੇਲ ਮਡਾਹੜ ਦੁਆਰਾ ਅਨੁਵਾਦ ਕੀਤੀ ਅਤੇ ਕਰਮ ਸਿੰਘ ਜ਼ਖ਼ਮੀ ਦੁਆਰਾ ਸੰਪਾਦਿਤ ਕੀਤੀ ਅਜਿਹੀ ਪੁਸਤਕ ਹੈ ਜਿਸ ਵਿਚ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਖਿਡਾਰੀਆਂ ਸੰਬੰਧੀ ਲਿਖੀਆਂ ਕਹਾਣੀਆਂ ਪੇਸ਼ ਹੋਈਆਂ ਹਨ। ਸੰਸਾਰ ਦੇ ਜਿਨ੍ਹਾਂ ਮੁਲਕਾਂ ਦੇ ਲੇਖਕਾਂ ਦੀਆਂ ਕਹਾਣੀਆਂ ਨੂੰ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਗਿਆ ਹੈ, ਉਨ੍ਹਾਂ ਵਿਚ ਰੂਸ, ਬਰਤਾਨੀਆ, ਅਮਰੀਕਾ, ਪੁਰਤਗਾਲ, ਨਿਊਜ਼ੀਲੈਂਡ, ਫਰਾਂਸ, ਪਾਕਿਸਤਾਨ, ਜਰਮਨੀ, ਬ੍ਰਾਜ਼ੀਲ ਅਤੇ ਪੰਜਾਬ (ਭਾਰਤ) ਪ੍ਰਮੁੱਖ ਹਨ। ਇਨ੍ਹਾਂ ਕਹਾਣੀਆਂ ਵਿਚ ਕੁਝ ਇਕ ਕਹਾਣੀਆਂ ਅਜਿਹੀਆਂ ਵੀ ਹਨ ਜੋ ਕਿਸੇ ਇਕ ਦੇਸ਼ ਦੇ ਇਕ ਤੋਂ ਵੱਧ ਕਹਾਣੀਕਾਰਾਂ ਦੁਆਰਾ ਲਿਖੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਵੱਖ-ਵੱਖ ਕਹਾਣੀਕਾਰਾਂ ਨੇ ਖਿਡਾਰੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਖੇਡ ਦੌਰਾਨ ਕੀਤੇ ਸੰਘਰਸ਼ ਅਤੇ ਦਰਪੇਸ਼ ਚੁਣੌਤੀਆਂ ਦਾ ਵਰਨਣ ਬੜੇ ਹੀ ਵਿਵੇਕਪੂਰਨ ਤਰੀਕੇ ਨਾਲ ਕੀਤਾ ਹੈ। ਮਿਸਾਲ ਵਜੋਂ 'ਖੂਨੀ ਮੈਚ' ਕਹਾਣੀ ਵਿਚ ਸਾਰੇ ਹੀ ਖਿਡਾਰੀਆਂ ਨੂੰ ਇਸ ਕਰਕੇ ਮਾਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਹਾਰਦੇ ਨਹੀਂ ਹਨ। ਇਸ ਤਰ੍ਹਾਂ 'ਮਾਸ ਦਾ ਟੁਕੜਾ' ਅਤੇ 'ਖਿਡਾਰੀ ਦਾ ਦਿਲ' ਕਹਾਣੀਆਂ ਵੀ ਖਿਡਾਰੀਆਂ ਦੀ ਮਨੋਦਸ਼ਾ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਹਨ। ਪੰਜਾਬੀ ਕਹਾਣੀ 'ਏਕਲਵਯਾ' ਵੀ ਖਿਡਾਰੀ ਨੂੰ ਨਵੇਂ ਪ੍ਰਸੰਗ ਵਿਚ ਪੇਸ਼ ਕਰਨ ਵਾਲੀ ਕਹਾਣੀ ਹੈ। ਕਈ ਵਾਰੀ ਇਨ੍ਹਾਂ ਕਹਾਣੀਆਂ ਵਿਚਲੇ ਪਾਤਰ ਖਿਡਾਰੀ ਜਾਨ ਤੋਂ ਹੱਥ ਇਸ ਕਰਕੇ ਵੀ ਧੋ ਬੈਠਦੇ ਹਨ ਕਿਉਂਕਿ ਉਹ ਸਵੈ-ਮਾਣ ਨਾਲ ਜਿਊਣਾ ਚਾਹੁੰਦੇ ਹਨ। ਸਾਨ੍ਹ 'ਤੇ ਵਾਰ ਕਰਨ ਵਾਲੀ ਖ਼ਤਰਨਾਕ ਖੇਡ ਵਿਚ ਵੀ ਖਿਡਾਰੀ ਆਪਣੀ ਜਾਨ ਤੋਂ ਵਿਰਵੇ ਹੋ ਜਾਂਦੇ ਹਨ। ਸਾਨੂੰ ਇਹ ਕਹਾਣੀਆਂ ਪੜ੍ਹ ਕੇ ਇਹ ਅਹਿਸਾਸ ਵੀ ਹੋ ਜਾਂਦੇ ਹਨ ਕਿ ਖਿਡਾਰੀਆਂ ਦੀ ਗਲੈਮਰ ਭਰੀ ਜ਼ਿੰਦਗੀ ਦੇ ਪਿੱਛੇ ਹੋਰ ਕਿਹੜੇ-ਕਿਹੜੇ ਸੱਚ ਲੁਕੇ ਹੋਏ ਹਨ। ਇਸ ਪੁਸਤਕ ਵਿਚ ਕੁੱਲ 22 ਕਹਾਣੀਆਂ ਸ਼ਾਮਿਲ ਹਨ, ਜੋ ਇਕੋ ਖੇਤਰ ਅਤੇ ਵਿਸ਼ੇ ਨਾਲ ਸੰਬੰਧਿਤ ਇਕ ਨਵੀਨ ਕਾਰਜ ਹੈ। ਇਹ ਕਹਾਣੀਆਂ ਏਨੀਆਂ ਦਿਲਚਸਪ ਅਤੇ ਸੱਚ ਦੇ ਨਜ਼ਦੀਕ ਹਨ ਕਿ ਪਾਠਕ ਨੂੰ ਆਪਣੇ ਨਾਲ ਹੀ ਤੋਰ ਲੈਂਦੀਆਂ ਹਨ। ਗੁਰਮੇਲ ਮਡਾਹੜ ਦੀ ਮਿਹਨਤ ਦੀ ਮੂੰਹ ਬੋਲਦੀ ਮਿਸਾਲ ਇਨ੍ਹਾਂ ਕਹਾਣੀਆਂ ਨੂੰ ਕਰਮ ਸਿੰਘ ਜ਼ਖ਼ਮੀ ਨੇ ਸੰਪਾਦਿਤ ਕਰਨ ਦਾ ਵਧੀਆ ਯਤਨ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਨਾਨਕ ਦਰਸ਼ਨ ਤੇ ਸਹਿਜ-ਸੁਭਾਅ
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਕਾਵਿ-ਸ਼ਾਸਤਰ, ਫਗਵਾੜਾ
ਮੁੱਲ : 350 ਰੁਪਏ, ਸਫ਼ੇ : 140
ਸੰਪਰਕ : 98156-04864

ਚਰਨ ਸਿੰਘ ਲੰਮੇ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਸਰੀ ਵਿਚ ਰਹਿੰਦਾ ਹੋਇਆ ਪੰਜਾਬੀ ਸਾਹਿਤ ਸਿਰਜਣਾ ਨਾਲ ਲਗਾਤਾਰ ਜੁੜਿਆ ਹੋਇਆ ਹੈ। ਗੁਰੂ ਨਾਨਕ ਦੇ ਸ਼ਬਦ ਦਰਸ਼ਨ ਨੂੰ ਸਮਰਪਤ ਉਸ ਦੀ ਇਸ ਪੁਸਤਕ ਵਿਚ ਦੋ ਕਾਵਿ ਨਾਟਕ ਹਨ, ਪਹਿਲਾ 'ਨਾਨਕ ਦਰਸ਼ਨ' ਅਤੇ ਦੂਸਰਾ 'ਸਹਿਜ-ਸੁਭਾਅ'।
ਨਾਟਕ 'ਨਾਨਕ ਦਰਸ਼ਨ' ਦੀ ਆਰੰਭਤਾ ਵਿਚ ਨਾਟਕਕਾਰ ਪਾਠਕ ਨਾਲ ਸਾਂਝ ਪਾਉਂਦਾ ਹੈ ਕਿ ਗੁਰੂ ਨਾਨਕ ਨੇ ਆਤਮਾ ਰਾਹੀਂ ਪਹਿਲਾਂ ਬ੍ਰਹਮ ਨੂੰ ਪਾਇਆ, ਫਿਰ ਜਪੁਜੀ ਦੀ ਰਚਨਾ ਕੀਤੀ। ਪ੍ਰਭੂ ਵਿਚ ਲੀਨ ਹੋ ਕੇ ਪ੍ਰਭੂ ਦੇ ਗੁਣਾਂ ਨੂੰ ਜੀਵਿਆ, ਹੰਢਾਇਆ ਤੇ ਅਹਿਸਾਸਿਆ, ਆਪਣੇ ਜੀਵਨ ਵਿਚ ਉਤਾਰਿਆ। ਨਾਟਕ ਦੇ ਛੇ ਪਾਤਰਾਂ ਵਿਚੋਂ ਇਕ ਪਿੱਠਵਰਤੀ ਆਵਾਜ਼ ਅਤੇ ਇਕ ਥੀਮ ਗੀਤ ਹੈ, ਜਿਸ ਰਾਹੀਂ ਨਾਟਕਕਾਰ ਕਹਾਣੀ ਨੂੰ ਅੱਗੇ ਤੋਰਦਾ ਨਾਨਕ ਦਰਸ਼ਨ ਕਰਵਾਉਂਦਾ ਹੈ। ਸਮਾਂ ਅਤੇ ਤ੍ਰਿਸ਼ਨਾ ਨਾਟਕ ਦੇ ਹੋਰ ਦੋ ਪਾਤਰ ਹਨ ਜਿਨ੍ਹਾਂ ਦੀ ਵਾਰਤਾਲਾਪ ਨਾਨਕ ਕਾਲ ਨੂੰ ਉਭਾਰਦੀ ਹੈ ਜਦੋਂ ਕਿ ਸਾਧੂ ਅਤੇ ਅਭਿਵਿਅਕਤੀ ਨਾਂਅ ਦੇ ਪਾਤਰਾਂ ਰਾਹੀਂ ਨਾਟਕਕਾਰ ਨਾਟਕ ਦੇ ਦ੍ਰਿਸ਼ਾਂ ਨੂੰ ਬੰਨ੍ਹਦਾ ਹੈ। ਇਹ ਛੇ ਪਾਤਰ ਵੱਖ-ਵੱਖ ਦ੍ਰਿਸ਼ਾਂ ਰਾਹੀਂ ਪਾਠਕ ਨੂੰ ਨਾਨਕ ਦਰਸ਼ਨ ਕਰਵਾ ਕੇ ਨਾਨਕ ਦੀ ਵਿਚਾਰਧਾਰਾ ਵਿਚ ਸਮੋਅ ਦਿੰਦੇ ਹਨ। ਨਾਟਕ ਵਿਚ ਰੌਸ਼ਨੀ ਅਤੇ ਅਵਾਜ਼ ਰਾਹੀਂ ਵੱਖ-ਵੱਖ ਦ੍ਰਿਸ਼ਾਂ ਨੂੰ ਉਭਾਰਨ ਲਈ ਨਿਰਦੇਸ਼ ਦਿੱਤੇ ਗਏ ਹਨ ਜੋ ਨਾਟਕ ਦੇ ਮੰਚਨ ਸਮੇਂ ਨਿਰਦੇਸ਼ਕ ਅਤੇ ਕਲਾਕਾਰਾਂ ਲਈ ਸਹਾਈ ਹੋਣਗੇ।
ਪੁਸਤਕ ਵਿਚਲਾ ਦੂਸਰਾ ਨਾਟਕ 'ਸਹਿਜ ਸੁਭਾਅ' ਹੈ। ਇਸ ਪਰਿਵਾਰਕ ਕਹਾਣੀ ਦੇ ਅੱਠ-ਦਸ ਪਰਿਵਾਰਕ ਪਾਤਰ ਹਨ ਜਿਨ੍ਹਾਂ ਦੀ ਵਾਰਤਾਲਾਪ ਨੂੰ ਪਿਠਵਰਤੀ ਆਵਾਜ਼ ਅਤੇ ਥੀਮ ਗੀਤ ਨਾਲ ਵੱਖ-ਵੱਖ ਦ੍ਰਿਸ਼ਾਂ ਰਾਹੀਂ ਰੂਪਮਾਨ ਕੀਤਾ ਗਿਆ ਹੈ। ਮੁੱਖ ਪਾਤਰ ਕੈਥੀ ਇਕ ਨੌਜਵਾਨ ਖ਼ੂਬਸੂਰਤ ਵਿਆਹੀ ਵਰੀ ਲੜਕੀ ਹੈ। ਉਸ ਦਾ ਪਤੀ ਜਾਰਜ ਅਤੇ ਉਸ ਦੇ ਦੋ ਮਿੱਤਰ ਜੋਨ ਅਤੇ ਮਾਈਕ ਹਨ। ਕਹਾਣੀ ਵਿਚ ਕੈਥੀ ਦੇ ਪੇਕਿਆਂ ਦਾ ਪਰਿਵਾਰ ਵੀ ਹਿੱਸਾ ਬਣਦਾ ਹੈ। ਉਸ ਦਾ ਪਿਤਾ ਸਟੀਵ, ਮਤਰੇਈ ਮਾਂ ਜੈਕਲੀਨ, ਸਕਾ ਭਰਾ ਰਿਚਰਡ ਅਤੇ ਨੌਕਰਾਨੀ ਜੈਸਮੀਨ। ਜਾਰਜ ਦੇ ਮਿੱਤਰ ਜੋਨ ਦਾ ਵਪਾਰੀ ਹੋਣਾ ਅਤੇ ਵਪਾਰ ਵਿਚ ਤਬਾਹ ਹੁੰਦੇ ਆਮ ਮਿਹਨਤਕਸ਼ ਲੋਕਾਂ ਬਾਰੇ ਕੈਥੀ ਚਰਚਾ ਕਰਦੀ ਹੈ। ਜਾਰਜ ਦੇ ਦੂਸਰੇ ਮਿੱਤਰ ਮਾਇਕ ਦੀ ਕਲਾ ਕ੍ਰਿਤ ਬਾਰੇ ਸਹਜ ਚਰਚਾ ਹੁੰਦੀ ਹੈ ਜੋ ਕੈਥੀ ਨੂੰ ਪਸੰਦ ਹੈ।
ਕੈਥੀ ਮਾਨਸਿਕ ਉਲਝਣ ਵਿਚ ਹੈ ਕਿਉਂ ਉਹ ਆਪਣੇ ਭਰਾ ਰਿਚਰਡ ਪ੍ਰਤੀ ਉਲਾਰ ਹੁੰਦੀ ਹੈ। ਭੈਣ ਭਰਾ ਦੇ ਰਿਸ਼ਤੇ ਨੂੰ ਨਕਾਰਦੀ ਹੈ। ਸ਼ਾਇਦ ਉਸ ਦੇ ਬਾਪ ਦੀ ਕੀਤੀ ਰਿਸ਼ਤੇ ਪਲੀਤ ਕਰਨ ਦੀ ਗ਼ਲਤੀ ਦਾ ਨਤੀਜਾ ਹੈ। ਕੈਥੀ ਦੀ ਇਹ ਸੋਚ ਸਿਖਰ 'ਤੇ ਪਹੁੰਚਦੀ ਲਾਲ ਸੁਰਖ ਹੁੰਦੀ ਹੈ ਤਾਂ ਅਚਾਨਕ ਸਹਿਜ ਸੁਭਾਅ ਉਸ ਦੀ ਮਾਨਸਿਕਤਾ ਸੋਚਾਂ ਵਿਚ ਘਿਰਦੀ ਹੈ ਅਤੇ ਉਹ ਆਪਣੀ ਭਟਕਣ ਤੋਂ ਵਾਪਸ ਪਰਤਦੀ ਹੋਈ, ਆਪਣੇ ਪਤੀ ਜਾਰਜ ਦੇ ਗਲ ਲਗਦੀ ਹੈ। ਇਹ ਇਸ ਨਾਟਕ ਦੀ ਇਕ ਵਿਲੱਖਣ ਕਹਾਣੀ ਹੈ ਜਿਸ ਨੂੰ ਨਾਟਕਕਾਰ ਨੇ ਅੰਤ ਤੇ ਨਾਟਕੀ ਅੰਦਾਜ਼ ਵਿਚ ਮੋੜ ਦਿੱਤਾ ਹੈ।

-ਨਿਰਮਲ ਜੌੜਾ
ਮੋਬਾਈਲ : 98140-78799

22-11-2024

 ਭੁਲਿਓ ਨਾ ਕੁਰਬਾਨੀ
ਲੇਖਕ : ਰਤਨ ਟਾਹਲਵੀ
ਪ੍ਰਕਾਸ਼ਕ : ਮਿਸਟਰ ਸਿੰਘ ਪਬਲੀਕੇਸ਼ਨ, ਬਠਿੰਡਾ
ਮੁੱਲ : 200 ਰੁਪਏ, ਸਫ਼ੇ : 160
ਸੰਪਰਕ : 81462-10637

ਹਥਲੇ ਕਾਵਿ-ਸੰਗ੍ਰਹਿ ਵਿਚ ਕਵੀ ਵਲੋਂ 6 ਦਰਜਨ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਸਮੁੱਚੀਆਂ ਕਾਵਿ-ਰਚਨਾਵਾਂ ਭਾਵਪੂਰਤ ਸੰਦੇਸ਼ ਦੇ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਕਵੀ ਨੇ ਦਰਜਨ ਦੇ ਲਗਭਗ ਕਵਿਤਾਵਾਂ ਦੀਆਂ ਪੁਸਤਕਾਂ ਪਾਠਕਾਂ ਨੂੰ ਭੇਟ ਕੀਤੀਆਂ ਹਨ। ਕਵੀ ਰਤਨ ਟਾਹਲਵੀ ਸੂਖਮ ਭਾਵੀ ਹੋਣ ਕਰਕੇ ਤਕਰੀਬਨ ਹਰ ਕਵਿਤਾ ਨੂੰ ਸੂਫ਼ੀ ਸ਼ਾਇਰ ਵਜੋਂ ਪਾਠਕਾਂ ਨੂੰ ਡੂੰਘੇ ਵਹਿਣ ਵੱਲ ਲਿਜਾਣ ਦਾ ਕਾਰਜ ਕਰਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਧਾਰਮਿਕ ਗੀਤਾਂ ਤੇ ਵਾਰਾਂ ਨੂੰ ਵੀ ਯੋਗ ਸਥਾਨ ਦਿੱਤਾ ਗਿਆ ਹੈ। ਸੁਹਿਰਦ ਸ਼ਾਇਰ ਲੰਮੇ ਸਮੇਂ ਤੋਂ ਕਾਵਿ-ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨੂੰ ਕਲਮ ਦੀ ਛੋਹ ਦੇ ਚੁੱਕੇ ਹਨ। ਇਸੇ ਕਰਕੇ ਪਾਠਕ ਤੇ ਸਰੋਤਿਆਂ ਦੇ ਸਨਮੁੱਖ ਸੂਫ਼ੀ ਸ਼ਾਇਰ ਅਤੇ ਕਵੀ ਵਜੋਂ ਜਾਣ-ਪਛਾਣ ਬਣਾ ਚੁੱਕਾ ਹੈ। ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਕਵਿਤਾਵਾਂ 'ਨੌਵਾਂ ਨਾਨਕ', 'ਮੱਖਣ ਸ਼ਾਹ ਲੁਬਾਣਾ', 'ਸ਼ਹੀਦ ਭਾਈ ਤਾਰੂ ਸਿੰਘ', 'ਸ਼ਹੀਦ ਭਾਈ ਮਤੀ ਦਾਸ', 'ਸ਼ਹੀਦ ਭਾਈ ਦਿਆਲਾ ਜੀ', 'ਸ਼ਹੀਦ ਭਾਈ ਜੈਤਾ ਜੀ', 'ਲੱਖੀ ਸ਼ਾਹ ਵਣਜਾਰਾ', 'ਛੋਟੇ ਸਾਹਿਬਜ਼ਾਦੇ', 'ਹਰੀ ਸਿੰਘ ਨਲੂਆ', 'ਸਾਕਾ ਨਨਕਾਣਾ ਸਾਹਿਬ', 'ਧਰਤੀ ਪੰਜਾਬ ਦੀ', 'ਬਾਬਾ ਬੰਦਾ ਸਿੰਘ ਬਹਾਦਰ', 'ਨੀਲੇ ਦਾ ਸ਼ਾਹ ਅਸਵਾਰ', 'ਭਾਈ ਮਨੀ ਸਿੰਘ ਜੀ', 'ਭਾਈ ਬਿਧੀ ਚੰਦ ਜੀ', 'ਛੋਟੇ ਸਾਹਿਬਜ਼ਾਦੇ', 'ਧੰਨ ਬਾਬਾ ਮੋਤੀ ਰਾਮ ਮਹਿਰਾ', 'ਦੀਵਾਨ ਟੋਡਰ ਮੱਲ', 'ਮਾਤਾ ਭਾਗੋ ਜੀ', 'ਹਰੀ ਸਿੰਘ ਨਲੂਆ' ਆਦਿ ਪਾਠਕ ਨੂੰ ਸੁਹਜ ਸਵਾਦ, ਬਿੰਬ ਅਤੇ ਤਸ਼ਬੀਹਾਂ ਦੇ ਵੱਖ-ਵੱਖ ਰੰਗਾਂ ਵਿਚੋਂ ਕਵੀ ਦੀ ਵਿਦਵਤਾਂ ਨੂੰ ਉਜਾਗਰ ਕਰ ਰਹੀਆਂ ਹਨ।
ਕਾਵਿ-ਸੰਗ੍ਰਹਿ ਵਿਚ ਸ਼ਾਮਿਲ ਵੱਖ-ਵੱਖ ਕਵਿਤਾਵਾਂ ਦੀਆਂ ਵੰਨਗੀਆਂ ਵਿਚਾਰਨਯੋਗ ਹਨ।
-ਸਿਜਦਾ ਬਾਬੇ ਨਾਨਕ ਨੂੰ,
ਦੁਨਿਆਵੀ ਜਾਮੇ ਆਇਆ ਹੂ।
ਕਲਿਤਾਰਨ ਗੁਰੂ ਨਾਨਕ ਆਇਆ,
ਭਾਈ ਗੁਰਦਾਸ ਸੁਨਾਇਆ ਹੂ।
ਸ਼ਬਦ, ਹਲੀਮੀ, ਸੱਚ ਦੇ ਰਸਤੇ, ਮੱਕਾ ਉਸ ਘੁਮਾਇਆ ਹੂ।
'ਰਤਨ' ਹੱਥੀ ਕਰਕੇ ਖਾਉ, ਗੁਰੂ ਨਾਨਕ ਸਮਝਾਇਆ ਹੂ।
(ਸੂਫ਼ੀਆਨਾ ਦੋਹੜੇ)
-ਸੁਣੋ ਖ਼ਾਲਸਾ, ਸੁਣੋ ਸੁਣਾਵਾਂ,
ਗੁਰੂ ਪ੍ਰੇਮ ਦੀ ਵਿਥਿਆ,
ਬਹੁਤ ਸੌਦਾਗਰ ਵੱਡਾ ਸੀ ਉਹ,
ਵਿਚ ਇਤਿਹਾਸ ਦੇ ਲਿਖਿਆ।
ਲੱਖਪਤੀ ਵੀ ਹੋ ਕੇ ਸੀ ਉਹ, ਰਹਿੰਦਾ ਸਦਾ ਨਿਮਾਣਾ।
ਗੁਰੂ ਨਾਨਕ ਦਾ ਸਿੱਖ ਹੋਇਆ ਇਕ,
ਮੱਖਣ ਸ਼ਾਹ ਲੁਬਾਣਾ। (ਕਵਿਤਾ-ਮੱਖਣ ਸ਼ਾਹ ਲੁਬਾਣਾ)
-ਕਰੇ ਸੂਬਿਆਂ ਗੱਲਾਂ, ਖੌਫ਼ ਦੀਆਂ
ਨਾਲੇ ਦੇਵੇ ਧਮਕੀਆਂ, ਮੌਤ ਦੀਆਂ।
ਰੱਖ ਦੁਸ਼ਮਣੀ ਜੰਮ ਜੰਮ ਕੇ, ਗੱਲਾਂ ਕਰ ਇਹ ਗੱਲਾਂ ਹਟ ਕੇ,
ਅਸੀਂ ਵਾਰਿਸ ਉਨ੍ਹਾਂ ਦੇ, ਲੜੇ ਚਮਕੌਰਗੜ੍ਹ ਜੋ ਡੱਟ ਕੇ।
(ਕਵਿਤਾ ਛੋਟੇ ਸਾਹਿਬਜ਼ਾਦੇ)
ਅਦਬੀ ਖੇਤਰ ਵਿਚ ਵਿਚਰਨ ਵਾਲੇ, ਕਾਵਿ-ਰਸੀਏ ਪਾਠਕਾਂ ਨੂੰ ਇਸ ਪੁਸਤਕ ਨੂੰ ਵਾਚ ਕੇ ਸ਼ਾਇਰ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਪੁਸਤਕ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਪੁਸਤਕ ਦੇ ਅੰਤ ਵਿਚ ਸਹਿਯੋਗੀਆਂ ਦੀ ਰੰਗਦਾਰ ਤਸਵੀਰਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਮਨ-ਕਸੁੰਭਾ
ਕਵਿਤਰੀ : ਦਲਵੀਰ ਕੌਰ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 275 ਰੁਪਏ, ਸਫ਼ੇ : 65
ਸੰਪਰਕ : 089304-08546

ਇਹ ਕਾਵਿ-ਨਿਬੰਧ ਸੰਗ੍ਰਹਿ ਵਿਲੱਖਣ ਭਾਵਾਂ ਦਾ ਪ੍ਰਗਟਾਅ ਹੈ। ਮਨ ਇਕ ਗੁੰਝਲਦਾਰ ਬੁਝਾਰਤ ਹੈ, ਜਿਸ ਦੀਆਂ ਪਰਤਾਂ ਖੋਲ੍ਹਣੀਆਂ ਬਹੁਤ ਔਖੀਆਂ ਹਨ। ਮਨ ਕਸੁੰਭਾ ਵੀ ਹੈ ਅਤੇ ਜੋਤਿ-ਸਰੂਪ ਵੀ ਹੈ। ਕਸੁੰਭੇ ਦੇ ਫੁੱਲ ਬਹੁਤ ਭੜਕੀਲੇ ਲਾਲ ਰੰਗ ਦੇ ਹੁੰਦੇ ਹਨ ਪਰ ਧੁੱਪ ਨਾਲ ਜਾਂ ਮੀਂਹ ਨਾਲ ਉਨ੍ਹਾਂ ਦਾ ਰੰਗ ਫਿੱਕਾ ਪੈ ਜਾਂਦਾ ਹੈ। ਮਾਇਆ ਦੇ ਰੰਗ ਕਸੁੰਭੇ ਵਾਂਗ ਥੋੜ੍ਹ ਚਿਰੇ ਹੁੰਦੇ ਹਨ ਜਦ ਕਿ ਇਬਾਦਤ ਦੇ ਰੰਗ ਪੱਕੇ ਮਜੀਠੀ ਹੁੰਦੇ ਹਨ। ਚੇਤਨਾ ਨੂੰ ਅਤੇ ਚਿੰਤਨ ਨੂੰ ਟੁੰਬਣ ਵਾਲੀਆਂ ਇਨ੍ਹਾਂ ਕਾਵਿ ਟੁਕੜੀਆਂ ਦੀਆਂ ਕੁਝ ਝਲਕਾਂ ਪੇਸ਼ ਹਨ :
ਸੁਭਾ ਸ਼ਾਮ ਸੂਰਜ ਦੇ ਚੱਕਰ ਵਾਂਗ ਅਸਾਂ...
ਜਾਗਣਾ ਸੀ - ਸੌਣਾ ਸੀ - ਖਿੜਨਾ ਸੀ
ਸਾਡੇ ਵਿਹੜੇ... ਕਸੁੰਭ ਰੰਗ...!
ਧਰਤ ਦਾ ਸੀਨਾ ਕਦ ਫਟਿਆ - ਕਦ ਪੱਥਰ-ਅੱਗ
ਪੱਥਰ ਹੋਈ... ਜੀਵਨ ਕਦ-ਕਿੱਥੇ ਡੁੱਲ੍ਹਿਆ...
-ਤੂੰ ਮੇਰੇ ਅੰਦਰ ਅਜ਼ਲਾਂ ਤੋਂ ਪਿਆ ਸੀ...
ਜਾਂ ਮੈਂ ਤੇਰੀ ਸ਼ਾਖ 'ਤੇ, ਫੁੱਟਣਾ ਚਾਹਿਆ ਸੀ ਕਦੀ!
-ਤੈਨੂੰ ਕਹਿਣਾ ਕੀ-ਤੈਨੂੰ ਲਿਖਣਾ ਕੀ!
ਤੈਨੂੰ ਤੇ ਸੋਚਣ ਜਿੰਨੀ ਵੀ ਵਿੱਥ ਨਹੀਂ...!
-ਧੰਨਵਾਦ ਤੇਰਾ ਚੇਤੇ 'ਚ ਵਸਣ ਲਈ
ਧੰਨਵਾਦ ਤੇਰਾ ਚਿੱਤ ਹੋਣ ਲਈ!
ਇਸ ਖ਼ੂਬਸੂਰਤ ਪੁਸਤਕ ਦਾ ਸੁਆਗਤ ਹੈ।

-ਡਾ. ਸਰਬਜੀਤ ਕੌਰ ਸੰਧਾਵਾਲੀਆ

ਚਿੜੀਏ
ਤੇਰਾ ਕੌਣ ਵਿਚਾਰਾ?
ਲੇਖਕ : ਮੁਖਤਿਆਰ ਸਿੰਘ ਅਰਸ਼ੀ
ਪ੍ਰਕਾਸ਼ਕ : ਅਰਸ਼ੀ ਪ੍ਰਕਾਸ਼ਨ, ਖੰਨਾ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 94657-08424

ਹਥਲੇ ਲੇਖ ਸੰਗ੍ਰਹਿ 'ਚ ਲੇਖਕ ਨੇ ਗੁਰਬਤ ਨਾਲ ਜੂਝਦੀ ਮਨੁੱਖਤਾ ਦੀ ਦਾਸਤਾਂ ਚਿੜੀ-ਚਿੜੇ ਨੂੰ ਪਾਤਰ ਬਣਾ ਕੇ ਬਹੁਤ ਕਾਰੀਗਰੀ ਨਾਲ ਪੇਸ਼ ਕੀਤੀ ਹੈ। ਪਹਿਲੇ ਸਮਿਆਂ 'ਚ ਲੋਕਾਂ ਕੋਲ ਗ਼ਰੀਬੀ ਕਰਕੇ ਨਾ ਪੈਸਾ ਸੀ ਨਾ ਪੈਸੇ ਦਾ ਸਰੋਤ ਸੀ। ਕੱਖਾਂ ਕਾਨਿਆਂ ਤੇ ਸ਼ਤੀਰਾਂ ਬਾਲਿਆਂ ਦੇ ਘਰ ਬਣਾ ਕੇ ਰਹਿੰਦੇ ਸਨ। ਅੱਜ ਵਾਂਗ ਪੱਕੇ ਮਹਿਲਾਂ ਵਰਗੀਆਂ ਕੋਠੀਆਂ ਬਣਾਉਣੀਆਂ ਉਨ੍ਹਾਂ ਦੇ ਵੱਸ 'ਚ ਨਹੀਂ ਸਨ। ਕੱਚੀਆਂ ਛੱਤਾਂ 'ਚ ਚਿੜੀ-ਚਿੜੇ ਦੇ ਆਲ੍ਹਣੇ ਹੋਇਆ ਕਰਦੇ ਸਨ, ਜਿਥੇ ਉਹ ਆਂਡੇ ਦਿੰਦੇ ਤੇ ਬੱਚੇ ਪਾਲਦੇ ਸਨ। ਇਸ 10 ਪੰਨਿਆਂ ਦੇ ਲੇਖ 'ਚ ਚਿੜੀ-ਚਿੜੇ ਦੀ ਗੱਲਬਾਤ 'ਚ ਪੂਰੀ ਬੇਵਸੀ ਤੇ ਮਜਬੂਰੀ ਦਾ ਚਿਤਰਣ ਕੀਤਾ ਗਿਆ ਹੈ, ਵਧੀਆ ਨਿਭਾਇਆ ਗਿਆ ਹੈ। 'ਅਪੀਲ' ਲੇਖ ਵੀ ਪਹਿਲੇ ਲੇਖ ਦਾ ਹੀ ਹਿੱਸਾ ਲਗਦਾ ਹੈ। 'ਆਰੀਆ ਕਬੀਲਿਆਂ ਦਾ ਭਾਰਤ ਵਿਚ ਆਉਣ ਦਾ ਖ਼ੁਲਾਸਾ' ਸਿਰਲੇਖ ਨਾਲ ਕੋਈ ਮੇਲ ਨਹੀਂ ਖਾਂਦਾ। ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਜ਼ਿਕਰ ਕਰਨਾ ਜਾਂ ਸੰਵਿਧਾਨ ਦੇ ਤਵਾਰੀਖੀ ਪਿਛੋਕੜ 'ਤੇ ਝਾਤ ਮਾਰਨਾ, ਪਾਰਟੀ ਵਾਈਜ਼ ਵੇਰਵਾ ਜਾਂ ਫਿਰ ਡਰਾਫਟਿਡ ਕਮੇਟੀ ਬਾਰੇ ਚਾਨਣਾ ਪਾਉਣਾ ਗਿਆਨ ਵੰਡਣ ਵਾਲੇ ਲੇਖ ਵਧੀਆ ਲੱਗੇ ਹਨ। ਇਹ ਲੇਖ ਆਪਣੀ ਜਗ੍ਹਾ ਸਮੇਂ ਦੀ ਨਜ਼ਾਕਤ ਦੇ ਹਿਸਾਬ ਨਾਲ ਬਹੁਤ ਖ਼ੂਬ ਨਿਭੇ ਹਨ ਪਰ ਚਿੜੀਏ ਤੇਰਾ ਕੌਣ ਵਿਚਾਰਾ ਨਾਲ ਕਿਸੇ ਤਰ੍ਹਾਂ ਵੀ ਕੋਈ ਮੇਲ ਨਹੀਂ ਖਾਂਦੇ। ਪੁਸਤਕ ਦੀ ਅੰਤਿਕਾ 'ਚ ਗ਼ਜ਼ਲਾਂ ਜਾਂ ਬੁੱਤ ਤੇ ਰੂਹ ਵਿਚਕਾਰ ਵਾਲੀ ਗੱਲ ਨੂੰ ਲੇਖਕ ਅਲੱਗ ਪੁਸਤਕ ਦਾ ਰੂਪ ਦੇ ਦਿੰਦਾ ਤਾਂ ਹੋਰ ਚੰਗਾ ਹੁੰਦਾ। ਫਿਰ ਵੀ ਲੇਖਕ ਦੀ ਸੋਚ ਨੂੰ ਸਲਾਮ ਹੈ। ਉਮੀਦ ਕਰਦੇ ਹਾਂ ਅੱਗੋਂ ਵੀ ਉਨ੍ਹਾਂ ਦੀ ਕਲਮ ਨਿਰੰਤਰ ਇਸੇ ਤਰ੍ਹਾਂ ਪਾਠਕਾਂ ਨੂੰ ਕੁਝ ਨਾ ਕੁਝ ਦਿੰਦੀ ਰਹੇਗੀ।

-ਡੀ.ਆਰ. ਬੰਦਨਾ
ਮੋਬਾਈਲ : 94173-89003


ਗੱਡਿਆਂ ਤੋਂ ਹਵਾਈ ਜਹਾਜ਼ ਤੱਕ
ਲੇਖਕ : ਪ੍ਰਿਤਪਾਲ ਸਿੰਘ ਜੈਂਟਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 695 ਰੁਪਏ, ਸਫ਼ੇ : 198
ਸੰਪਰਕ : 98152-98459

ਪ੍ਰਿਤਪਾਲ ਸਿੰਘ ਜੈਂਟਲ ਨੇ ਹਥਲੀ ਪੁਸਤਕ ਰਾਹੀਂ ਆਪਣੇ ਪਰਿਵਾਰ ਦੀ ਚਾਰ ਪੀੜ੍ਹੀਆਂ ਦੀ ਪ੍ਰਾਪਤੀ ਅਤੇ ਤਬਦੀਲੀਆਂ ਨੂੰ ਦਰਸਾਉਂਦੇ ਸਮੁੱਚੇ ਸਮਾਜ ਦੀ ਗੱਲ ਕੀਤੀ ਹੈ। ਉਹ ਲਿਖਦੇ ਨੇ ਕਿ ਉਨ੍ਹਾਂ ਦੇ ਪੜਦਾਦੇ ਦੇ ਜੀਵਨ ਕਾਲ ਦੌਰਾਨ ਸੰਨ 1849 ਤੋਂ ਸਮਾਜ 'ਚ ਉਥਲ-ਪੁਥਲ ਸ਼ੁਰੂ ਹੋ ਗਈ ਸੀ, ਇਸ ਲਈ ਇਹ ਸਮਾਂ ਪਰਿਵਾਰ ਦੇ ਸਫ਼ਰ ਨਾਲ ਜੋੜਿਆ ਹੈ। ਲੇਖਕ ਦੇ ਪਿਤਾ ਦਾ ਨਾਂਅ ਨਗਿੰਦਰ ਸਿੰਘ ਸਰਾਂ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਅੰਗਰੇਜ਼ਾਂ ਨੇ ਬੜੀ ਵਿਉਂਤਬੱਧ ਤਰੀਕੇ ਨਾਲ ਸੰਨ 1849 'ਚ ਪੰਜਾਬ 'ਤੇ ਕਬਜ਼ਾ ਕਰਨ ਪਿੱਛੋਂ ਪੰਜਾਬ ਨੂੰ ਖ਼ਤਮ ਕਰਨ ਦਾ ਸਿਲਸਿਲਾ ਆਰੰਭਿਆ। ਸਿਆਸੀ ਹਮਲੇ ਸ਼ੁਰੂ ਹੋਏ। ਪੁਰਾਤਨ ਪੰਜਾਬ ਜੋ ਦਿੱਲੀ ਤੋਂ ਲੈ ਕੇ ਪਿਸ਼ੌਰ ਤੋਂ ਅਗੇਰੇ ਅਫ਼ਗਾਨਿਸਤਾਨ ਦੀ ਹੱਦ ਸੀ, ਨੂੰ ਛੋਟਾ ਕਰ ਦਿੱਤਾ ਗਿਆ। ਸਿਆਸੀ ਹਮਲਿਆਂ ਦੇ ਨਾਲ-ਨਾਲ ਕੁਦਰਤੀ ਤਬਦੀਲੀਆਂ ਕਰਕੇ ਬਦਲਾਅ ਆਉਂਦੇ ਗਏ। ਉਦੋਂ ਸਫ਼ਰ ਭਾਵੇਂ ਪੈਦਲ ਅਤੇ ਗੱਡਿਆਂ ਉੱਤੇ ਨਿਰਭਰ ਸੀ ਲੇਕਿਨ ਚੀਜ਼ਾਂ ਬਹੁਤ ਸਸਤੀਆਂ ਸਨ ਅਤੇ ਲੋਕਾਂ 'ਚ ਆਪਸੀ ਪਿਆਰ ਸੀ। ਰਿਸ਼ਵਤਖੋਰੀ ਨਾਬਰਾਬਰ ਸੀ। ਪੈਦਲ ਅਤੇ ਗੱਡਿਆਂ ਤੋਂ ਬਾਅਦ ਫਿਰ ਮੋਟਰ ਗੱਡੀਆਂ, ਹਵਾਈ ਜਹਾਜ਼, ਰੇਡੀਓ, ਟੈਲੀਵੀਜ਼ਨ, ਇੰਟਰਨੈੱਟ ਆਦਿ ਵਰਗੀਆਂ ਆਧੁਨਿਕ ਸਹੂਲਤਾਂ ਸ਼ੁਰੂ ਹੋਈਆਂ। ਹੱਥੀਂ ਹੋਣ ਵਾਲੀ ਖੇਤੀ ਮਸ਼ੀਨਾਂ 'ਤੇ ਨਿਰਭਰ ਹੋ ਗਈ। ਸੱਭਿਆਚਾਰ, ਰੀਤੀ ਰਿਵਾਜਾਂ, ਖੇਡਾਂ ਅਤੇ ਫ਼ਸਲਾਂ ਆਦਿ 'ਚ ਵੀ ਕਾਫੀ ਬਦਲਾਅ ਆਇਆ ਹੈ। ਇਨਸਾਨੀ ਜ਼ਿੰਦਗੀ 'ਚ ਆ ਰਹੀਆਂ ਤਬਦੀਲੀਆਂ ਬਾਰੇ ਸਹੀ ਲਿਖਿਆ ਹੈ ਕਿ ਅਸੀਂ ਕਲਪਨਾ ਨਹੀਂ ਕਰ ਸਕਦੇ ਕਿ ਅਗਲੀਆਂ ਪੀੜ੍ਹੀਆਂ ਕਿਹੜੇ ਸਾਧਨਾਂ ਦੀ ਵਰਤੋਂ ਕਰਨਗੀਆਂ।
ਪੁਸਤਕ ਦੇ ਕੁਲ 198 ਪੰਨਿਆਂ 'ਚੋਂ ਪੰਜਾਬੀ ਦੇ ਕੇਵਲ 30 ਕੁ ਪੰਨੇ ਹਨ ਜਦੋਂ ਕਿ ਅੰਗਰੇਜ਼ੀ ਦੇ ਲਗਭਗ 100 ਪੰਨੇ ਹਨ। ਬਾਕੀ ਪੰਨਿਆਂ 'ਚ ਅਖ਼ਬਾਰਾਂ 'ਚ ਛਪੇ ਲੇਖ, ਪਰਿਵਾਰਕ, ਵਿੱਦਿਅਕ ਸਰਟੀਫਿਕੇਟ ਆਦਿ ਦੀਆਂ ਫੋਟੋਆਂ ਹਨ। ਪੁਸਤਕ ਦਾ ਮੁੱਖਬੰਧ ਵੀ ਅੰਗਰੇਜ਼ੀ 'ਚ ਲਿਖਿਆ ਗਿਆ ਹੈ। ਪੁਸਤਕ ਪੰਜਾਬੀ ਦੀ ਹੋਣ ਕਰਕੇ ਸਾਰਾ ਮੈਟਰ ਹੀ ਪੰਜਾਬੀ 'ਚ ਹੋਣਾ ਚਾਹੀਦਾ ਸੀ। ਖੈਰ, ਸਮਿਆਂ ਦੇ ਵਹਾਅ 'ਚ ਬਦਲਦੇ ਰੁਝਾਨਾਂ ਬਾਰੇ ਜਾਣਕਾਰੀ ਦਿੰਦੀ ਇਹ ਪੁਸਤਕ ਵਧੀਆ ਹੈ।

-ਜਸਵਿੰਦਰ ਸਿੰਘ 'ਕਾਈਨੌਰ'
ਮੋਬਾਈਲ : 98888-42244


ਬਰਫ਼ 'ਚ ਉੱਗੇ ਅਮਲਤਾਸ
ਲੇਖਕ : ਗੁਰਿੰਦਰਜੀਤ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ: 300 ਰੁਪਏ, ਸਫ਼ੇ: 256
ਸੰਪਰਕ: 98773-58869

ਗੁਰਿੰਦਰਜੀਤ ਦਾ ਇਹ ਪਲੇਠਾ ਸੰਗ੍ਰਹਿ 'ਬਰਫ਼ 'ਚ ਉੱਗੇ ਅਮਲਤਾਸ' ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਵਿਚ ਕਵਿਤਾ ਵੀ ਹੈ ਅਤੇ ਵਾਰਤਕ ਵੀ। ਬਹੁਤ ਸਾਰੀਆਂ ਤਿੰਨ-ਤਿੰਨ ਸਤਰਾਂ ਦੀਆਂ ਕਾਵਿ ਟੁਕੜੀਆਂ ਵੀ ਹਨ, ਜੋ ਓਪਰੀ
ਨਜ਼ਰੇ ਹਾਇਕੂ ਦਾ ਭੁਲੇਖਾ ਪਾਉਂਦੀਆਂ ਹਨ। ਇਸ ਪੁਸਤਕ ਨੂੰ ਉਨ੍ਹਾਂ ਨੇ ਅੱਠ ਹਿੱਸਿਆਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ ਆਪਣੇ ਸਕੂਲ ਦੀਆਂ ਨਿੱਕੀਆਂ-ਮੋਟੀਆਂ ਯਾਦਾਂ ਤੋਂ ਲੈ ਕੇ ਦੇਸ਼-ਵਿਦੇਸ਼ ਤੱਕ ਦੇ ਬਿਰਤਾਂਤ ਨੂੰ ਬੜੇ ਹੀ ਸਹਿਜ, ਸਰਲ ਅਤੇ ਸਪੱਸ਼ਟ ਢੰਗ ਨਾਲ ਬਿਆਨਣ ਦੀ ਸਫ਼ਲ ਅਤੇ ਸੁਚੱਜੀ ਕੋਸ਼ਿਸ਼ ਕੀਤੀ ਗਈ ਹੈ। ਜੀਵਨ ਦੀਆਂ ਘਟਨਾਵਾਂ ਅਤੇ ਸੰਵੇਦਨਾਵਾਂ ਦੇ ਅਨੂਠੇ ਤਾਣੇ ਬਾਣੇ ਨੂੰ ਅਜਿਹੀ ਖ਼ੂਬਸੂਰਤੀ ਨਾਲ ਉੱਕਰਿਆ ਗਿਆ ਹੈ ਕਿ ਵਰਤਮਾਨ ਅਤੇ ਅਤੀਤ, ਨਵਾਂ ਅਤੇ ਪੁਰਾਣਾ, ਧਰਮ ਅਤੇ ਵਿਗਿਆਨ ਜਾਂ ਇਤਿਹਾਸ ਅਤੇ ਮਿਥਿਹਾਸ ਸਾਰੇ ਹੀ ਇਕ ਦੂਜੇ ਨਾਲ ਇਕਸੁਰ ਹੁੰਦੇ ਦਿਖਾਈ ਦੇ ਰਹੇ ਹਨ। ਸਰਹਿੰਦ ਦੀ ਦੀਵਾਰ, ਚਮਕੌਰ ਦੀ ਜੰਗ, ਭਾਈ ਮਤੀਦਾਸ ਦਾ ਆਰੇ ਨਾਲ ਚੀਰਿਆ ਜਾਣਾ, ਭਾਈ ਦਿਆਲੇ ਦਾ ਦੇਗ 'ਚ ਉੱਬਲਣਾ ਅਤੇ ਭਾਈ ਜੈਤੇ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਕੀਰਤਪੁਰ ਪਹੁੰਚਣਾ ਵੀ ਇਸੇ ਬਿਰਤਾਂਤ ਵਿਚ ਸ਼ਾਮਲ ਹੈ। ਗੁਰਿੰਦਰਜੀਤ ਫ੍ਰੈਂਚ-ਕੈਨੇਡਾ ਦੇ ਮਾਂਟਰੀਅਲ ਸ਼ਹਿਰ ਦੇ ਵਸਨੀਕ ਹਨ। ਪਿੰਡ ਉੜਾਪੜ ਅਤੇ ਪੰਡੋਰੀ ਗੰਗਾ ਸਿੰਘ ਦੀਆਂ ਜੂਹਾਂ ਵਿਚ ਖੇਡਦੇ-ਖੇਡਦੇ ਹੋਸਟਲਾਂ ਦੇ ਅਜਿਹੇ ਵੱਸ ਪਏ ਕਿ ਉਹ ਪ੍ਰਦੇਸ਼ ਜਾ ਕੇ ਵਸ ਗਏ। ਕਿੱਤੇ ਵਜੋਂ ਉਹ ਸਮਾਜ ਅਤੇ ਸਿਹਤ ਸੇਵਾਵਾਂ ਲਈ ਵਰਤੇ ਜਾਂਦੇ ਸਾਫਟਵੇਅਰ ਦੀ ਕੰਪਨੀ ਮੈਰਿਟਿਵ ਕੈਨੇਡਾ ਵਿਚ ਮੁੱਖ ਸੇਵਾਦਾਰ ਹਨ। ਜੀਵਨ ਦੇ ਹਰੇਕ ਰੰਗ ਬਾਰੇ ਉਨ੍ਹਾਂ ਦੀ ਸੂਝ-ਬੂਝ ਬੜੀ ਸੂਖਮ ਅਤੇ ਪਰਿਪੱਕ ਹੈ। ਉਹ ਜਜ਼ਬਾਤੀ ਤਾਂ ਹਨ ਪਰ ਕਿਸੇ ਵੀ ਹਾਲਤ ਵਿਚ ਵਿਵੇਕ ਦਾ ਪੱਲਾ ਵੀ ਨਹੀਂ ਛੱਡਦੇ। ਉਨ੍ਹਾਂ ਕੋਲ ਕਹਿਣ ਲਈ ਵੀ ਬਹੁਤ ਕੁਝ ਹੈ ਅਤੇ ਕਹਿਣ ਦਾ ਹੁਨਰ ਵੀ। ਉਮੀਦ ਹੈ ਕਿ ਸੁਹਿਰਦ ਪਾਠਕ ਸਾਹਿਤ ਦੇ ਪਿੜ ਵਿਚ ਕੀਤੇ ਉਨ੍ਹਾਂ ਦੇ ਇਸ ਨਿਵੇਕਲੇ ਤਜਰਬੇ ਨੂੰ ਜ਼ਰੂਰ ਪ੍ਰਵਾਨ ਕਰਨਗੇ।
ਸੁਹਾਗਿਆ ਵੇ ਕਰ ਦੇ ਮੁਲਾਇਮ ਮਿੱਟੀ ਮੇਰੀ
ਮੇਰੇ ਪਿੰਡੇ ਉੱਤੇ ਖੁੰਘੇ ਹੰਕਾਰ ਦੇ।
ਜੋਤਾ ਲਾ ਵੇ ਹਾਲੀਆ ਸਿਆੜ 'ਚ ਬਖੇਰ ਚੰਨਾ
ਬੀਅ ਕੋਈ ਸੱਜਰੇ ਪਿਆਰ ਦੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

17-11-2024

ਸੇਈ ਪਿਆਰੇ ਮੇਲ
ਲੇਖਕ : ਲੈਫਟੀਨੈਂਟ ਕਰਨਲ ਰਘਬੀਰ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਭੇਟਾ : 200 ਰੁਪਏ, ਸਫ਼ੇ : 103
ਸੰਪਰਕ : 98781-76608

ਬਾਬਾ ਰਾਮ ਸਿੰਘ ਸਰਹਾਲੀ ਵਾਲੇ ਅਜਿਹੇ ਅਦੁੱਤੀ ਮਹਾਂਪੁਰਖ ਹੋਏ ਹਨ ਜਿਨ੍ਹਾਂ ਆਪਣੇ ਜੀਵਨ ਕਾਲ ਵਿਚ ਅਨੇਕਾਂ ਹੀ ਪ੍ਰਾਣੀਆਂ ਨੂੰ ਸਿੱਖੀ ਦੀ ਜਾਗ ਲਾਈ ਤੇ ਸੰਸਾਰ ਦਾ ਭਲਾ ਕੀਤਾ। ਮਹਾਂਪੁਰਖਾਂ ਦੇ ਜੀਵਨ ਤੋਂ ਸੇਧ ਲੈ ਕੇ ਪ੍ਰਮੇਸ਼ਵਰ ਅੱਗੇ ਅਰਦਾਸ ਕਰ ਲੇਖਕ ਨੇ ਹਥਲੀ ਪੁਸਤਕ ਦੀ ਰਚਨਾ ਕੀਤੀ ਹੈ। ਇਸ ਕਿਤਾਬ ਨੂੰ ਲੇਖਕ ਨੇ 31 ਸਿਰਲੇਖਾਂ ਵਿਚ ਵੰਡਿਆ ਹੈ ਜਿਨ੍ਹਾਂ ਵਿਚ ਸਰਹਾਲੀ ਕਲਾਂ ਪਿੰਡ ਦਾ ਇਤਿਹਾਸਕ ਪਿਛੋਕੜ, ਪਿੰਡ ਸਰਹਾਲੀ ਕਲਾਂ ਵਿਚ ਸੁਸ਼ੋਭਿਤ ਗੁਰੂ ਘਰ ਦੀ ਮਹੱਤਤਾ, ਬੰਸਾਵਲੀ ਬਾਬਾ ਰਾਮ ਸਿੰਘ, ਭਾਈ ਉਧੈ ਸਿੰਘ, ਮਹਾਂਪੁਰਖ ਬਾਬਾ ਜੱਸਾ ਸਿੰਘ, ਬਾਬਾ ਨੰਦ ਸਿੰਘ, ਜਮਰੌਦ ਦੇ ਕਿਲ੍ਹੇ ਦਾ ਫ਼ਤਹਿ ਹੋਣਾ, ਭੋਰੇ ਦੇ ਬਾਹਰ ਸੱਪ ਦਾ ਪਹਿਰਾ, ਪੋਤਰੇ ਦਾ ਅਕਾਲ ਚਲਾਣਾ, ਰਿਆਸਤ ਨਾਭਾ ਦੇ ਸਮਾਗਮ 'ਤੇ ਰਾਜਾ ਹੀਰਾ ਸਿੰਘ ਕੋਲ ਜਾਣਾ, ਮਹਾਰਾਜਾ ਹੀਰਾ ਸਿੰਘ ਦਾ ਸਰਹਾਲੀ ਕਲਾਂ ਆਉਣਾ, ਸਿੱਖ ਨੂੰ ਸਾਹਨ ਦੀ ਜੂਨੀ ਤੋਂ ਖਲਾਸੀ ਦਿਵਾਉਣ ਦੀ ਸਾਖੀ, ਸਿੰਘ ਸਾਹਿਬ ਬਾਬਾ ਰਾਮ ਸਿੰਘ, ਤਾਂਤਰਿਕ ਨੂੰ ਸੁਧਾਰਨਾ, ਰਹਿਤ ਮਰਿਆਦਾ 'ਤੇ ਦ੍ਰਿੜ੍ਹਤਾ, ਸਿੱਖ ਸੇਵਕ ਦੀ ਪੀਰਾਂ ਨਾਲ ਤੁਲਨਾ ਅਤੇ ਜ਼ਿੱਦ, ਅੰਗਰੇਜ਼ ਅਫ਼ਸਰ ਪਾਸੋਂ ਬੰਦੂਕ ਖੋਹਣੀ, ਇਕ ਰੁਪਿਆ ਪ੍ਰਤੀ ਚੁੱਲ੍ਹਾ ਉਗਰਾਹੀ ਦੀ ਘਟਨਾ, ਗਾਗਰਾਂ ਵਿਚ ਸੰਗਤਾਂ ਨੂੰ ਦੁੱਧ ਛਕਾਉਣਾ, ਬੀਕਾਨੇਰ (ਰਾਜਸਥਾਨ) ਦੇ ਕਾਲ-ਪੀੜਤਾਂ ਦੀ ਸੇਵਾ ਕਰਨਾ, ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਣਾ ਤੇ ਰਿਆਸਤ ਪਟਿਆਲਾ, ਨਾਭਾ ਦੇ ਰਾਜ ਮਹਿਲਾਂ ਵਿਚ ਜਾਣਾ, ਬਾਬਾ ਜੀ ਵਲੋਂ ਘੋੜਾ ਫੇਰ ਕੇ ਕੱਲਰ ਖ਼ਤਮ ਕਰਨਾ, ਤਰਨ ਤਾਰਨ ਸਾਹਿਬ ਗੁਰਦੁਆਰਾ ਵਿਚ ਸਰਹਾਲੀ ਦਾ ਬੁੰਗਾ ਸਥਾਪਿਤ ਕਰਨਾ, ਬਾਬਾ ਪ੍ਰਤਾਪ ਸਿੰਘ, ਨਿਹੰਗ ਮਾਖੇ ਦੈਂਤ ਵਾਲੀ ਘਟਨਾ, ਮਾਸਟਰ ਅਜੀਤ ਸਿੰਘ (ਫ਼ਰੀਦ ਜੀ) ਅਤੇ ਇਨ੍ਹਾਂ ਦੇ ਭਰਾ ਗਿਆਨੀ ਗੁਰਦੀਪ ਸਿੰਘ ਦਾ ਸੇਵਾ ਵਿਚ ਆਉਣਾ, ਬਾਬਾ ਨੰਦ ਸਿੰਘ ਦੇ ਪੁਰਾਣੇ ਅੰਗੀਠਾ ਸਾਹਿਬ ਦੀ ਘਟਨਾ, ਨਵੇਂ ਦਰਬਾਰ ਸਾਹਿਬ ਦੀ ਉਸਾਰੀ, ਮਾਸਟਰ ਅਜੀਤ ਸਿੰਘ (ਫ਼ਰੀਦ ਜੀ) ਦੀ ਨੌਕਰੀ ਵਾਲੀ ਘਟਨਾ, ਬਾਬਾ ਤਾਰਾ ਸਿੰਘ ਦਾ ਇਸ ਡੇਰੇ (ਗੁਰੂਘਰ) ਨਾਲ ਸੰਬੰਧ ਸ਼ਾਮਿਲ ਹਨ। ਬਾਬਾ ਰਾਮ ਸਿੰਘ ਦਾ ਜਨਮ ਪਿਤਾ ਬਾਬਾ ਨੰਦ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਗੁੱਜਰ ਕੌਰ ਦੇ ਉਦਰ ਤੋਂ 1851 ਈਸਵੀਂ ਵਿਚ ਪਿੰਡ ਸਰਹਾਲੀ ਕਲਾਂ ਵਿਖੇ ਹੋਇਆ। ਆਪ ਨੇ ਗੁਰਮੁਖੀ ਦੀ ਵਿੱਦਿਆ ਗੁਰਦੁਆਰਾ ਸਾਹਿਬ ਵਿਚੋਂ ਗ੍ਰਹਿਣ ਕੀਤੀ। ਆਪ ਦੇ ਪਿਤਾ ਬਾਬਾ ਨੰਦ ਸਿੰਘ ਇਕ ਉੱਚ-ਕੋਟੀ ਦੇ ਭਜਨੀਕ ਅਤੇ ਗੁਰਸਿੱਖੀ ਵਿਚ ਨਿਪੁੰਨ ਹੋਣ ਕਾਰਨ, ਇਨ੍ਹਾਂ ਦੀ ਪਾਲਣਾ-ਪੋਸ਼ਣਾ ਗੁਰਸਿੱਖੀ ਦੇ ਮਾਹੌਲ ਅਤੇ ਆਸ਼ੇ ਅਨੁਸਾਰ ਹੋਈ। ਇਸ ਤਰ੍ਹਾਂ ਸ਼ੁਰੂ ਤੋਂ ਹੀ ਗੁਰਸਿੱਖੀ ਵਾਲੇ ਵਾਤਾਵਰਨ ਅਤੇ ਰਸਤੇ 'ਤੇ ਚੱਲਦੇ ਹੋਏ ਜਵਾਨ ਹੋਏ। ਜਵਾਨ ਹੁੰਦਿਆਂ ਇਨ੍ਹਾਂ ਨੇ ਘੋੜਸਵਾਰੀ ਅਤੇ ਸ਼ਸਤਰ ਵਿੱਦਿਆ ਵਿਚ ਪ੍ਰਬੀਨਤਾ ਹਾਸਿਲ ਕੀਤੀ। ਬਾਬਾ ਜੀ ਸਮੁੱਚੇ ਰੂਪ ਵਿਚ ਸੰਤ ਸਿਪਾਹੀ ਵਾਲੀ ਸਰੂਪਤਾ ਦੇ ਧਾਰਨੀ ਵਾਲੇ ਸਨ। ਸੰਤ ਬਾਬਾ ਰਾਮ ਸਿੰਘ ਉੱਚ ਕੋਟੀ ਦੇ ਭਜਨੀਕ ਅਤੇ ਬਿਬੇਕੀ ਸਿੰਘ ਹੋਏ ਹਨ ਜੋ ਜੀਵਨ ਭਰ ਨਿਹੰਗੀ ਬਾਣੇ ਵਿਚ ਵਿਚਰਦੇ ਰਹੇ ਹਨ। ਆਪ ਇਕ ਨਿਡਰ, ਰੋਹਬ ਭਰਪੂਰ, ਸੂਰਬੀਰ ਅਤੇ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ। ਆਪ ਜੀ ਦਾ ਪੰਛੀਆਂ ਅਤੇ ਜਾਨਵਰਾਂ ਨਾਲ ਵੀ ਬਹੁਤ ਸਨੇਹ ਸੀ । ਇਸੇ ਕਾਰਨ ਤਾ-ਉਮਰ ਉਨ੍ਹਾਂ ਸਾਕਾਹਾਰੀ ਭੋਜਨ ਹੀ ਸੇਵਨ ਕੀਤਾ ਹੈ। ਆਪ ਜੀ ਦੇ ਦਿਲ ਵਿਚ ਦੇਸ਼ਭਗਤੀ, ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਸਰਹਾਲੀ ਕਲਾਂ ਅਤੇ ਇਸ ਨਗਰ ਵਿਚੋਂ ਅੱਗੇ ਅਬਾਦ ਹੋਏ ਬਾਈ ਪਿੰਡਾਂ (ਬਾਹੀਆ) ਵਿਚ ਬਾਬਾ ਜੀ ਦੀ ਸ਼ਰਧਾਪੂਰਵਕ ਮਾਨਤਾ ਹੈ। ਬਾਬਾ ਜੀ ਦੇ ਪਿਤਾ ਬਾਬਾ ਨੰਦ ਸਿੰਘ ਨੇ 40 ਸਾਲ ਇੱਥੇ ਕੱਚੇ ਭੋਰੇ ਵਿਚ ਸਖ਼ਤ ਤਪੱਸਿਆ ਕੀਤੀ ਸੀ। ਜੋਗੀ ਭੀਮ ਨਾਥ ਨੇ ਆਪਣੇ ਹੱਥੀ ਸਰਹਾਲੀ ਪਿੰਡ ਦਾ ਮੋਹੜਾ ਗੱਡਿਆ ਸੀ। ਜਿਵੇਂ-ਜਿਵੇਂ ਪਰਿਵਾਰ ਵਧਦਾ ਗਿਆ, ਇੱਥੋਂ ਸੰਧੂਆਂ ਦੇ ਕਈ ਟੱਬਰ ਨਿਕਲ ਕੇ ਕਈ ਹੋਰ ਥਾਵਾਂ (ਪਿੰਡਾਂ) 'ਚ ਵੱਸਦੇ ਗਏ । ਸਮਾਂ ਪਾ ਕੇ ਇਹ ਬਾਈ ਪਿੰਡ ਬਣ ਗਏ। ਅਸਲ ਵਿਚ ਸੰਤਾਂ, ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨੂੰ ਕਲਮਬੱਧ ਕਰਨ ਦਾ ਵਿਸ਼ੇਸ਼ ਮਹੱਤਵ ਇਹੀ ਹੁੰਦਾ ਹੈ ਕਿ ਉਨ੍ਹਾਂ ਦੁਆਰਾ ਜੀਵਿਆ ਅਗੰਮੀ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਕ ਚਾਨਣ-ਮੁਨਾਰਾ ਬਣੇ। ਜਿਸ ਨਾਲ ਉਹ ਆਪਣਾ ਮਨੁੱਖਾ ਜੀਵਨ ਸਫ਼ਲ ਕਰ ਸਕਣ। ਇਸੇ ਪ੍ਰਥਾਏ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਜੀ (ਡੇਰਾ ਬਾਬਾ ਰਾਮ ਸਿੰਘ), ਪਿੰਡ ਸਰਹਾਲੀ ਕਲਾਂ (ਤਰਨ ਤਾਰਨ) ਜੀ ਦੇ ਜੀਵਨ-ਬਿਰਤਾਂਤ ਨੂੰ ਉਲੀਕਿਆ ਗਿਆ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਬਾਲ ਤਰੰਗਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 160 ਰੁਪਏ, ਸਫ਼ੇ : 56
ਸੰਪਰਕ : 094196-36562

'ਮਿੱਤਰਾਂ ਨਾਲ ਬਹਾਰਾਂ' ਬਾਲ ਗੀਤ ਪੁਸਤਕ ਤੋਂ ਬਾਅਦ ਬਲਵਿੰਦਰ ਸਿੰਘ ਜੰਮੂ ਦੀ ਦੂਜੀ ਬਾਲ ਗੀਤ ਪੁਸਤਕ 'ਬਾਲ ਤਰੰਗਾਂ' ਛਪੀ ਹੈ। ਪ੍ਰੌੜ ਸਾਹਿਤ ਦੇ ਦੋ ਕਾਵਿ-ਸੰਗ੍ਰਹਿ 'ਮਨ ਮੰਦਿਰ' ਅਤੇ 'ਯਾਦਾਂ' ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਕਿਤਾਬੜੀ 'ਚ ਬੱਚਿਆਂ ਲਈ 24 ਬਾਲ ਕਵਿਤਾਵਾਂ ਵੱਖੋ-ਵੱਖ ਵਿਸ਼ਿਆਂ ਵਾਲੀਆਂ ਹਨ। ਕਈ ਸੰਬੋਧਨੀ ਕਵਿਤਾਵਾਂ ਬੱਚਿਆਂ ਨੂੰ ਸਿੱਖਿਆ ਦੇਣ 'ਤੇ ਜ਼ੋਰ ਦਿੰਦੀਆਂ ਹਨ ਜਿਵੇਂ ਬੱਚਿਓ ਰੱਖੋ ਸਾਫ਼-ਸਫਾਈ, ਆਓ ਬੱਚਿਓ ਮੈਂ ਸੁਣਾਵਾਂ, ਬੱਚਿਓ ਰੋਜ਼ ਪੀਓ ਦੁੱਧ ਤੇ ਖ਼ੂਬ ਕਰੋ ਪੜ੍ਹਾਈ, ਕੁਦਰਤ ਨਾਲ ਸਾਂਝ ਪਾਉਣ ਵਾਲੀਆਂ ਕਵਿਤਾਵਾਂ ਬੱਚਿਆਂ ਨੂੰ ਸੁੰਦਰਤਾ ਮਾਨਣ ਦਾ ਅਹਿਸਾਸ ਕਰਵਾਉਂਦੀਆਂ ਹਨ। ਬੱਚਿਆਂ ਨੂੰ ਪ੍ਰਕਿਰਤੀ ਦੀ ਮਹੱਤਤਾ ਦਾ ਸੰਦੇਸ਼ ਦਿੰਦੀਆਂ ਹਨ। ਜਿਵੇਂ ਬਸੰਤ ਬਹਾਰ, ਮਾਨਸਰ ਝੀਲ, ਹਰਿਆਵਲ, ਬੱਦਲਾ ਬੱਦਲਾ ਹੋਰ ਨਾ ਵਰ੍ਹ ਅਤੇ ਆਈ ਠੰਢ ਮਾਰੋ ਮਾਰ, ਬਾਲ ਮਨੋਵਿਗਿਆਨ ਦੇ ਪੱਖੋਂ ਕਈ ਵਿਸ਼ੇ ਬੱਚੇ ਰਾਹੀਂ ਉਪਦੇਸ਼-ਆਤਮਿਕ ਸ਼ੈਲੀ 'ਚ ਢੁਕਵੇਂ ਨਹੀਂ, ਜਿਵੇਂ ਪਾਪਾ ਨਸ਼ਾ ਨਾ ਕਰੋ ਤੇ ਪਾਪਾ ਨਵਾਂ ਘਰ ਬਣਾਓ ਕਵਿਤਾਵਾਂ, ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਮਾਸੀ ਦੇ ਘਰ ਜਾਵਾਂ, ਮੇਰੀ ਮੰਮੀ, ਵੀਰ ਦਾ ਵਿਆਹ, ਮੈਂ ਚੱਲਿਆ ਦਾਣੇ ਭੁਨਾਉਣ ਅਤੇ ਮੰਮੀ ਮੱਕੀ ਦੀ ਰੋਟੀ ਬਣਾਓ, ਸਾਰਥਿਕ ਤੇ ਰੌਚਿਕ ਹਨ, ਜਿਨ੍ਹਾਂ 'ਚ ਬੱਚੇ ਦੀ ਮਾਸੂਮੀਅਤ ਅਤੇ ਅਪਣੱਤ ਝਲਕਦੀ ਹੈ। ਵਿਦਿਆਰਥੀ ਜੀਵਨ ਕਾਲ 'ਚ ਦੇਸ਼ ਭਗਤੀ, ਦੇਸ਼ ਪਿਆਰ ਅਤੇ ਸਾਂਝੀਵਾਲਤਾ ਪ੍ਰਜਵੱਲਤ ਕਰਨੀ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ ਹੈ। ਨਰੋਈਆਂ ਨੈਤਿਕ ਕਦਰਾਂ-ਕੀਮਤਾਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ। ਇਨ੍ਹਾਂ ਸੰਕਲਪਾਂ ਨੂੰ ਉਜਾਗਰ ਕਰਨ ਲਈ ਲੇਖਕ ਵਲੋਂ ਮੇਰਾ ਸਕੂਲ, ਮੇਰਾ ਦੇਸ਼ ਹੈ ਸਭ ਤੋਂ ਪਿਆਰਾ ਅਤੇ ਸਾਡਾ ਹਿੰਦੁਸਤਾਨ ਕਵਿਤਾਵਾਂ ਜ਼ਿਕਰਯੋਗ ਹਨ। ਕਵਿਤਾਵਾਂ ਦੇ ਅਰਥ ਸਮਝਣ ਲਈ ਤਸਵੀਰਾਂ ਆਕਰਸ਼ਿਤ ਕਰਦੀਆਂ ਹਨ ਅਤੇ ਬੱਚਿਆਂ ਨਾਲ ਸਾਂਝ ਪਾਉਂਦੀਆਂ ਹਨ। ਜੰਮੂ-ਕਸ਼ਮੀਰ ਵਿਚ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਮੋਹ ਜਗਾਉਣ ਲਈ ਲੇਖਕ ਦਾ ਇਹ ਉਦਮ ਪ੍ਰਸੰਸਾਮਈ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਮਹਾਰਾਜਾ ਰਣਜੀਤ ਸਿੰਘ
ਸੰਪਾਦਕ : ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ ਮੋਹਾਲੀ
ਮੁੱਲ : 350 ਰੁਪਏ, ਸਫ਼ੇ : 304
ਸੰਪਰਕ : 98148-51500

ਭਾਰਤ ਵਿਚ ਖ਼ਾਲਸਾ ਰਾਜ ਦੇ ਸੰਸਥਾਪਿਕ, ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸਕ ਕੱਦ-ਬੁੱਤ ਏਨਾ ਪ੍ਰਭਾਵਸ਼ਾਲੀ ਸੀ ਕਿ ਭਾਰਤੀ ਸਟੇਟ ਵਿਚ 'ਰਾਮ ਰਾਜ' ਅਤੇ 'ਰਣਜੀਤ ਸਿੰਘ ਰਾਜ' ਵਿਚੋਂ ਕਿਸੇ ਇਕ ਦੀ ਚੋਣ ਮੁਸ਼ਕਿਲ ਹੋਈ ਪਈ ਹੈ। 'ਰਾਜ ਕਰੇਗਾ ਖ਼ਾਲਸਾ' ਦੇ ਸਮਰਥਕ ਪੰਜਾਬੀ ਲੋਕ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਾਡਲ ਨੂੰ ਤਰਜੀਹ ਦੇ ਰਹੇ ਹਨ, ਜਦੋਂ ਕਿ ਆਰ.ਐਸ.ਐਸ. ਵਰਗੇ ਹਿੰਦੂ ਸੰਗਠਨ ਦੇਸ਼ ਵਿਚ ਰਾਮ ਰਾਜ ਦੀ ਸਥਾਪਨਾ ਦਾ ਸੁਪਨਾ ਪਾਲੀ ਬੈਠੇ ਹਨ। ਭਾਵੇਂ ਹਕੀਕਤ ਤਾਂ ਇਹ ਹੈ ਕਿ ਕੋਈ ਵੀ ਪੁਰਾਣਾ ਮਾਡਲ ਵਰਤੋਂ ਯੋਗ ਨਹੀਂ ਹੁੰਦਾ, ਤਾਂ ਵੀ ਲੋਕਾਂ ਦੀ ਜ਼ਿੱਦ ਹੈ। ਕੀ ਕਰੀਏ? ਡਾ. ਭਗਵੰਤ ਸਿੰਘ ਨੂੰ ਭਾਸ਼ਾ ਵਿਭਾਗ ਪੰਜਾਬ ਵਿਚ ਕੰਮ ਕਰਦਿਆਂ, ਚੜ੍ਹਦੀ ਜਵਾਨੀ ਦੇ ਸਮੇਂ ਹੀ ਅਹਿਸਾਸ ਹੋ ਗਿਆ ਸੀ ਕਿ ਉਸ ਦਾ ਪ੍ਰਯੋਜਨ, ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੇ ਅਧਿਐਨ-ਵਿਸ਼ਲੇਸ਼ਣ ਨਾਲ ਹੀ ਸੰਬੰਧਿਤ ਰਹਿਣਾ ਚਾਹੀਦਾ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਉਸ ਨੇ ਨਿੱਠ ਕੇ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ, ਪ੍ਰਾਪਤੀਆਂ, ਨਿਡਰਤਾ ਅਤੇ ਰਾਜਾਤੰਤਰ ਦਾ ਵਿਵਰਣ ਪੇਸ਼ ਕਰਨ ਵਾਸਤੇ ਉਸ ਨੇ ਡਾ. ਗੰਡਾ ਸਿੰਘ, ਸੀਤਾ ਰਾਮ ਕੋਹਲੀ, ਜੀ.ਐਲ. ਚੋਪੜਾ, ਹਰਬੰਸ ਸਿੰਘ, ਸੱਯਦ ਅਬਦੁੱਲ ਕਾਦਿਰ, ਪ੍ਰੋ. ਗੁਲਸ਼ਨ ਰਾਇ, ਸ. ਗੁਰਮੁਖ ਨਿਹਾਲ ਸਿੰਘ, ਬਾਵਾ ਪ੍ਰੇਮ ਸਿੰਘ ਹੋਤੀ ਅਤੇ ਸ. ਗੁਰਦਿੱਤ ਸਿੰਘ ਵਰਗੇ ਪ੍ਰਮਾਣਿਕ ਇਤਿਹਾਸਕਾਰਾਂ ਦੀਆਂ ਲਿਖਤਾਂ ਹਥਲੇ ਸੰਕਲਨ ਵਿਚ ਸ਼ਾਮਿਲ ਕੀਤੀਆਂ ਹਨ। ਅੰਕਿਤਾਵਾਂ (ਛੇ) ਵਿਚ ਵੀ ਬਹੁਮੁੱਲੀ ਸਮੱਗਰੀ ਸੰਕਲਿਤ ਹੈ।
ਲੇਖਕ ਦਾ ਵਿਚਾਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਿਅਕਤੀ-ਬਿੰਬ ਨੂੰ ਵਿਗਾੜਨ ਵਿਚ ਅੰਗਰੇਜ਼ਾਂ, ਹਿੰਦੂਆਂ ਅਤੇ ਮੁਸਲਮਾਨ ਇਤਿਹਾਸਕਾਰਾਂ ਨੇ, ਵੀ ਪਹਿਲਾਂ ਤੋਂ ਬਣੀ ਧਾਰਨਾ ਤੋਂ ਕੰਮ ਲਿਆ ਹੈ। ਸਿਰਫ਼ ਡਾ. ਗੰਡਾ ਸਿੰਘ, ਪ੍ਰੇਮ ਸਿੰਘ ਹੋਤੀ, ਸੀਤਾ ਰਾਮ ਕੋਹਲੀ ਅਤੇ ਡਾ. ਜੇ.ਐਸ. ਗਰੇਵਾਲ ਨੇ ਹੀ ਪ੍ਰਾਪਤ ਸੋਮਿਆਂ ਦੇ ਪੁਨਰ ਅਧਿਐਨ ਦੁਆਰਾ ਉਸ ਦੇ ਬਿੰਬ ਨੂੰ ਉਚਿਤ ਪਰਿਪੇਖ ਅਤੇ ਗੌਰਵ ਪ੍ਰਦਾਨ ਕੀਤਾ ਹੈ। ਮਹਾਰਾਜੇ ਦਾ ਧਰਮ-ਨਿਰਪੱਖ ਰਾਜ, ਅੱਜ ਤੱਕ ਵੀ ਇਕ ਮਾਡਲ ਬਣਿਆ ਹੋਇਆ ਹੈ। ਉਸ ਨੇ ਡੋਗਰਿਆਂ ਨੂੰ ਇਸ ਲਈ 'ਸਥਾਨ' ਦੇ ਰੱਖਿਆ ਸੀ ਕਿ ਇਕ ਤਾਂ ਉਹ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਦੀ ਜ਼ਮੀਨੀ ਹਕੀਕਤ ਤੋਂ ਵਾਕਫ ਸਨ ਅਤੇ ਦੂਸਰੇ ਉਹ ਇਕ ਜੰਗਜੂ (ਕਸ਼ਤਰੀ) ਸ਼੍ਰੇਣੀ ਵਿਚੋਂ ਸਨ। ਪਰ ਆਖਰ ਇਹੀ ਕੌਮ ਉਸ ਦੇ ਰਾਜ ਦੀ ਬਰਬਾਦੀ ਦਾ ਕਾਰਨ ਬਣੀ। ਇਤਿਹਾਸ ਵਿਚ ਇਉਂ ਹੁੰਦਾ ਹੀ ਆਇਆ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਖੇਡਾਂ ਮਿੰਕੂ ਤੇ ਚਿੰਟੂ ਦੀਆਂ
ਕਥਾਕਾਰ : ਬਲਜਿੰਦਰ ਮਾਨ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98150-18947

ਬਲਜਿੰਦਰ ਮਾਨ ਸਾਹਿਤ ਜਗਤ ਵਿਚ ਤਿੰਨ ਚਾਰ ਦਹਾਕਿਆਂ ਤੋਂ ਸਰਗਰਮ ਹੈ। ਸਾਹਿਤ, ਸੱਭਿਆਚਾਰ, ਸਮਾਜਿਕ, ਵਿੱਦਿਅਕ ਅਤੇ ਖੇਡ ਖੇਤਰ ਵਿਚ ਉਸ ਦੀ ਦੇਣ ਕਾਬਲੇ ਗੌਰ ਹੈ। ਉਹ ਅੱਜ ਤੱਕ 21 ਮੌਲਿਕ ਪੁਸਤਕਾਂ, 7 ਦਾ ਅਨੁਵਾਦ ਅਤੇ 35 ਦਾ ਸੰਪਾਦਨ ਕਰ ਚੁੱਕਾ ਹੈ। ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਸ਼ਾਮਿਲ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਨਾਲ ਉਸ ਨੇ ਬਾਲ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਸ਼ਾਨਦਾਰ ਯੋਗਦਾਨ ਪਾਇਆ ਅਤੇ ਪਾ ਰਿਹਾ ਹੈ। ਬਾਲ ਸਾਹਿਤ ਦੇ ਖੇਤਰ ਵਿਚ ਆਪ ਦੀ ਸਰਗਰਮ ਭੂਮਿਕਾ ਹੈ। ਕੁਝ ਬਾਲ ਪੁਸਤਕਾਂ ਨੂੰ ਵੱਕਾਰੀ ਸੰਸਥਾਵਾਂ ਵਲੋਂ ਸਨਮਾਨ ਵੀ ਦਿੱਤੇ ਜਾ ਚੁੱਕੇ ਹਨ। ਹਥਲੀ ਪੁਸਤਕ ਖੇਡਾਂ ਮਿੰਕੂ ਤੇ ਚਿੰਟੂ ਦੀਆਂ ਉਸ ਦਾ ਇਕ ਨਿਵੇਕਲਾ ਤਜਰਬਾ ਹੈ। ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਬਾਲ ਚਿੱਤਰਕਥਾਵਾਂ ਦੀ ਵਿਸ਼ੇਸ਼ ਮਹੱਤਤਾ ਹੈ। ਪਰ ਇਸ ਖੇਤਰ ਵਿਚ ਕਾਰਜ ਬਹੁਤ ਘੱਟ ਹੋਇਆ। ਇਸ ਮਹਾਨਤਾ ਨੂੰ ਦੇਖਦਿਆਂ ਬਲਜਿੰਦਰ ਮਾਨ ਨੇ ਨਿੱਕੀ ਪਨੀਰੀ ਵਾਸਤੇ ਇਹ ਰੰਗਦਾਰ ਬਾਲ ਚਿੱਤਰਕਥਾਵਾਂ ਦੀ ਪੁਸਤਕ ਪੇਸ਼ ਕੀਤੀ ਹੈ। ਹਥਲੀ ਪੁਸਤਕ ਵਿਚ ਜਿਥੇ ਕਥਾਵਾਂ ਬੜੀਆਂ ਰੌਚਕ ਹਨ, ਉਥੇ ਸੁਖਮਨ ਸਿੰਘ ਦੇ ਚਿੱਤਰ ਵੀ ਕਮਾਲ ਦੇ ਹਨ। ਪ੍ਰਾਇਮਰੀ ਤੱਕ ਦੇ ਵਿਦਿਆਰਥੀਆਂ ਨੂੰ ਇਹ ਚਿੱਤਰ ਆਕਰਸ਼ਿਤ ਕਰਦੇ ਹਨ। ਚਿੱਤਰਾਂ ਨਾਲ ਕਥਾ ਪੜ੍ਹਦੇ-ਪੜ੍ਹਦੇ ਬੱਚੇ ਮੰਤਰਮੁਗਧ ਹੋ ਜਾਂਦੇ ਹਨ। ਉਨ੍ਹਾਂ ਦਾ ਜਿਥੇ ਭਰਪੂਰ ਮਨੋਰੰਜਨ ਹੁੰਦਾ ਹੈ, ਉਥੇ ਉਨ੍ਹਾਂ ਅੰਦਰ ਗਿਆਨ ਅਤੇ ਸਿੱਖਿਆ ਦਾ ਸੰਚਾਰ ਵੀ ਹੁੰਦਾ ਹੈ।
ਹਥਲੀ ਪੁਸਤਕ 'ਖੇਡਾਂ ਮਿੰਕੂ ਤੇ ਚਿੰਟੂ ਦੀਆਂ' ਵਿਚ ਬਲਜਿੰਦਰ ਮਾਨ ਦੀਆਂ 10 ਚਿੱਤਰ ਕਥਾਵਾਂ ਸ਼ਾਮਿਲ ਹਨ। ਆਰਟ ਪੇਪਰ 'ਤੇ ਛਪੀ ਇਹ ਰੰਗਦਾਰ ਪੁਸਤਕ ਬੱਚਿਆਂ ਲਈ ਇਕ ਸੁਗਾਤ ਹੈ। ਨਿੱਕੀਆਂ ਕਥਾਵਾਂ ਰਾਹੀਂ ਉਨ੍ਹਾਂ ਨੂੰ ਤੁਰਨ-ਫਿਰਨ, ਬੋਲਣ-ਚੱਲਣ, ਕਿਤਾਬਾਂ ਦੀ ਸਾਂਭ-ਸੰਭਾਲ ਅਤੇ ਸਮਾਜ ਵਿਚ ਵਿਚਰਨ ਦੀਆਂ ਗੱਲਾਂ ਸਿਖਾਈਆਂ ਗਈਆਂ ਹਨ। ਇਨ੍ਹਾਂ ਕਥਾਵਾਂ ਦੇ ਬਾਲ ਪਾਤਰ ਬੱਚਿਆਂ ਨੂੰ ਆਪਣੇ ਨਾਲ ਉਂਗਲੀ ਫੜ ਕੇ ਤੋਰ ਲੈਂਦੇ ਹਨ। ਖੇਡਣ ਦਾ ਚਾਅ, ਖੇਡ ਤੇ ਪੜ੍ਹਾਈ, ਬੋਲ ਬਾਣੀ, ਕਿਤਾਬਾਂ, ਡਰਾਈਵਿੰਗ ਦਾ ਚਾਅ, ਖੇਡਾਂ ਮਿੰਕੂ ਅਤੇ ਜਿੰਟੂ ਦੀਆਂ, ਸਮਾਨਤਾ, ਖਿਲਾਰਾ ਅਤੇ ਰਾਹ ਦਸੇਰੇ ਚਿੱਤਰਕਥਾਵਾਂ ਬੜੀਆਂ ਰੌਚਕ ਅਤੇ ਪ੍ਰੇਰਨਾਦਾਇਕ ਹਨ। ਨਿੱਕੇ ਨਿਆਣਿਆਂ ਲਈ ਇਹ ਪੁਸਤਕ ਇਕ ਰਾਹ ਦਸੇਰੇ ਦਾ ਕੰਮ ਵੀ ਕਰਦੀ ਹੈ। ਬਲਜਿੰਦਰ ਮਾਨ ਵਲੋਂ ਬਾਲ ਸਾਹਿਤ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੇ ਸੁਨਹਿਰੀ ਪੰਨਿਆਂ ਵਿਚ ਇਹ ਪੁਸਤਕ ਇਕ ਹੋਰ ਸੁਨਹਿਰੀ ਪੰਨਾ ਜੋੜਦੀ ਹੈ। ਕੁਦਰਤ ਨਾਲ ਪਿਆਰ ਅਤੇ ਆਲੇ-ਦੁਆਲੇ ਬਾਰੇ ਜਾਣਕਾਰੀ ਦਿੰਦੀ ਹੋਈ ਇਹ ਪੁਸਤਕ ਬਾਲ ਮਨਾਂ ਦੀ ਹਾਣੀ ਪੁਸਤਕ ਹੈ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਦਰ ਗੁਰੂ ਨਾਨਕ ਦੇ
ਲੇਖਕ : ਜਸਵੀਰ ਸਿੰਘ ਗਰਚਾ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 250 ਰੁਪਏ, ਸਫੇ : 136
ਸੰਪਰਕ : 99156-01274

ਇਸ ਪੁਸਤਕ ਦਾ ਲੇਖਕ ਜਸਵੀਰ ਸਿੰਘ ਗਰਚਾ ਅਮਰੀਕਾ ਦੇ ਹਿਊਸਟਨ ਇਲਾਕੇ ਦਾ ਵਸਨੀਕ ਹੈ, ਜਿਥੇ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਇਸ ਦੌਰਾਨ ਉਸ ਨੂੰ ਸਵਾਰੀਆਂ ਦੇ ਰੂਪ ਵਿਚ ਵੱਖ-ਵੱਖ ਦੇਸ਼ਾਂ ਦੇ ਲੋਕ ਮਿਲਦੇ ਹਨ। ਡਰਾਈਵਰ ਸਾਥੀ ਆਪਸ ਵਿਚ ਗੱਲਾਂਬਾਤਾਂ ਕਰਦੇ ਆਪਣੇ-ਆਪਣੇ ਤਜਰਬੇ ਸਾਂਝੇ ਕਰਦੇ ਹਨ। ਲੇਖਕ ਦਾ ਇਕ ਮਿੱਤਰ ਸਫ਼ਦਰ ਹੁਸੈਨ ਮੁਸਲਮਾਨ ਹੁੰਦਿਆਂ ਵੀ ਗੁਰੂ ਘਰ ਅਤੇ ਗੁਰਦੁਆਰਿਆਂ ਵਿਚ ਬਹੁਤ ਦਿਲਚਸਪੀ ਰੱਖਦਾ ਸੀ। ਦੋਵਾਂ ਦੋਸਤਾਂ ਨੇ ਰਲ ਕੇ ਉਥੋਂ ਦੀ ਸੰਗਤ ਦੇ ਨਾਲ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਹਵਾਈ ਯਾਤਰਾ ਕਰਨ ਦਾ ਯੋਗਦਾਨ ਬਣਾਇਆ। ਲਾਹੌਰ ਦੇ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਜਾਣ ਦੀ ਤਿਆਰੀ ਕੀਤੀ। ਰਸਤੇ ਵਿਚ ਖੇਤਾਂ ਦੇ ਦ੍ਰਿਸ਼ ਤੇ ਸਾਰਾ ਆਲਾ-ਦੁਆਲਾ ਉਸ ਨੂੰ ਆਪਣੇ ਦੇਸ਼ ਵਰਗਾ ਹੀ ਮਹਿਸੂਸ ਹੋ ਰਿਹਾ ਸੀ। ਨਨਕਾਣਾ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਉਪਰੰਤ ਉਥੋਂ ਦੇ ਹੋਰ ਗੁਰਦੁਆਰਿਆਂ ਵਿਚ ਵੀ ਉਹ ਨਤਮਸਤਕ ਹੋਏ। ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਅਸਥਾਨ ਵਿਖੇ ਗੁਰੂ ਨਾਨਕ ਦੇਵ ਸਾਹਿਬ ਦਾ ਬਚਪਨ ਬੀਤਿਆ ਸੀ। ਗੁਰਦੁਆਰਾ ਪੱਟੀ ਸਾਹਿਬ ਸਥਾਨ 'ਤੇ ਗੁਰੂ ਜੀ ਨੇ ਪਾਂਧੇ ਨੂੰ ੴ ਦੇ ਅਰਥ ਸਮਝਾਏ ਸਨ। ਗੁਰੁਦਆਰਾ ਕਿਆਰਾ ਸਾਹਿਬ ਵਿਖੇ ਗੁਰੂ ਜੀ ਮੱਝਾਂ ਚਰਾਇਆ ਕਰਦੇ ਸਨ। ਗੁਰਦੁਆਰਾ ਤੰਬੂ ਸਾਹਿਬ ਵਿਖੇ ਗੁਰੂ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਸੀ। ਇਸ ਤੋਂ ਬਾਅਦ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਜਾਂਦਿਆਂ ਇਕ ਪੁਰਾਤਨ ਸ਼ਿਵਜੀ ਦਾ ਮੰਦਰ ਕਟਾਸਰਾਜ ਦੇ ਵੀ ਦਰਸ਼ਨ ਕੀਤੇ। ਪੰਜਾ ਸਾਹਿਬ ਗੁਰਦੁਆਰਾ ਪਹੁੰਚ ਕੇ ਲੇਖਕ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਛੋਟੇ ਸਿੱਖ ਪਰਿਵਾਰਾਂ ਦੇ ਬੱਚੇ ਹੀ ਪਾਠ ਕਰਦੇ ਹਨ ਅਤੇ ਬੱਚੀਆਂ ਕੀਰਤਨ ਕਰਦੀਆਂ ਹਨ। ਉਪਰੰਤ ਗੁਰਦੁਆਰਾ ਭਾਈ ਜੋਗਾ ਸਿੰਘ ਤੇ ਗੁਰਦੁਆਰਾ ਭਾਈ ਬੀਬਾ ਸਿੰਘ ਪਿਸ਼ਾਵਰ ਵਿਖੇ ਵੀ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਫਿਰ ਕਿਲ੍ਹਾ ਰੋਹਤਾਸ ਪਹੁੰਚੇ, ਜਿਥੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਹੋਇਆ ਸੀ। ਅਗਲਾ ਸਫਰ ਐਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਦਾ ਸੀ, ਜੋ ਜ਼ਿਲ੍ਹਾ ਗੁਜਰਾਂਵਾਲਾ ਵਿਚ ਸਥਿਤ ਹੈ। ਇਸ ਮਗਰੋਂ ਕਰਤਾਰਪੁਰ ਸਾਹਿਬ ਨਾਰੋਵਾਲ ਵਿਖੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ, ਪਹੁੰਚੇ। ਫਿਰ ਲਾਹੌਰ ਦੇ ਗੁਰਦੁਆਰਿਆਂ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ। ਗੁਰਦੁਆਰਾ ਡੇਹਰਾ ਸਾਹਿਬ, ਜਿਥੇ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਸੈਂਟਰਲ ਜੇਲ੍ਹ, ਜਿਥੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ, ਇਹ ਸਾਰੇ ਸਥਾਨ ਵੇਖੇ। ਲੇਖਕ ਨੇ ਇਸ ਪੁਸਤਕ ਵਿਚ ਬੜੀ ਸੌਖੀ ਬੋਲੀ ਅਤੇ ਰੌਚਕ ਸ਼ੈਲੀ ਦੁਆਰਾ ਪਾਠਕਾਂ ਨੂੰ ਗੁਰਧਾਮਾਂ ਅਤੇ ਇਤਿਹਾਸਕ ਸਥਾਨਾਂ ਬਾਰੇ ਬੁਹਮੁੱਲੀ ਜਾਣਕਾਰੀ ਦਿੱਤੀ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

ਗੀਤ ਗੁਲਜ਼ਾਰ
ਲੇਖਕ : ਸਰਬਜੀਤ ਸਿੰਘ ਵਿਰਦੀ
ਪ੍ਰਕਾਸ਼ਕ : ਸੁਖਮਨੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 93
ਸੰਪਰਕ : 94173-10492

ਸਰਬਜੀਤ ਸਿੰਘ ਵਿਰਦੀ ਨੇ ਇਸ ਪੁਸਤਕ ਤੋਂ ਪਹਿਲਾਂ 9 ਗੀਤ ਸੰਗ੍ਰਹਿ ਪਾਠਕਾਂ ਦੀ ਨਜ਼ਰ ਕੀਤੇ ਹਨ। ਹਥਲੇ ਗੀਤ ਸੰਗ੍ਰਹਿ ਵਿਚ ਸਮਾਜਿਕ ਤੇ ਰੁਮਾਂਟਿਕ ਦੇਸ਼ ਪਿਆਰ ਨਾਲ ਸੰਬੰਧਿਤ ਵਿਸ਼ੇ ਲਏ ਹਨ। ਇਸ ਪੁਸਤਕ ਦੀ ਭੂਮਿਕਾ ਵਿਚ ਪ੍ਰੋ. ਗੁਰਭਜਨ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਫਕੀਰ ਚੰਦ ਸ਼ੁਕਲਾ, ਹਰਦੇਵ ਦਿਲਗੀਰ, ਮਨਦੀਪ ਕੌਰ ਭੰਮਰਾ ਨੇ ਸਰਬਜੀਤ ਵਿਰਦੀ ਦੀ ਗਾਇਕੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਸ ਦੇ ਗੀਤਾਂ ਨੂੰ ਸਮੇਂ ਦੇ ਹਾਣੀ ਤੇ ਪਰੰਪਰਾ ਨਾਲ ਜੁੜੇ ਵਿਸ਼ਿਆਂ ਨੂੰ ਨਿਭਾਉਣ ਵਾਲੇ ਦੱਸਿਆ ਹੈ। ਸਰਬਜੀਤ ਸਿੰਘ ਵਿਰਦੀ ਨੇ 'ਪੰਜਾਬ ਦੀ ਵਰਤਮਾਨ ਤਸਵੀਰ, ਮਾਲਕ ਬਣ ਪ੍ਰਵਾਸੀ ਬਹਿ ਗਏ, ਰੇਸ਼ਮ ਪਰਾਂਦੇ, ਪਿਆਰ ਤੇ ਸਤਿਕਾਰ, ਬੇਸਹਾਰਾ ਬਾਪੂ' ਵਿਸ਼ੇ ਬਾਰੇ ਗੀਤ ਲਿਖੇ ਹਨ।
ਮਾਪੇ ਹੋ ਗਏ ਬੁੱਢੇ ਮਸਲਾ ਬਣ ਗਿਆ ਰੋਟੀ ਦਾ,
ਹੁਣ ਤੁਰਨ ਵਾਸਤੇ ਬਾਪੂ ਲਵੇ ਸਹਾਰਾ ਸੋਟੀ ਦਾ
ਵਾਤਾਵਰਨ ਬਚਾਉਣ ਲਈ ਹੋਕਾ ਦਿੰਦਾ ਇਹ ਗੀਤਕਾਰ ਸਭ ਨੂੰ ਕਹਿੰਦਾ ਹੈ:
ਵੱਢ ਵੱਢ ਕੇ ਰੁੱਖਾਂ ਨੂੰ ਕਹਿਰ ਇਹ ਨਾ ਢਾਹੋ ਲੋਕੋ
ਜੇਕਰ ਸੁਖੀ ਹੈ ਜਿਊਣਾ ਚਾਹੁੰਦੇ ਵਾਤਾਵਰਨ ਬਚਾਓ ਲੋਕੋ।
ਅੰਨਦਾਤਾ ਕਿਸਾਨ ਬਾਰੇ ਕਵੀ ਲਿਖਦਾ ਹੈ:
ਸਿੱਧਾ ਸਾਦਾ ਭੋਲਾ ਭਾਲਾ ਪੁੱਤ ਤੂੰ ਕਿਸਾਨ ਦਾ
ਮਿਹਨਤ ਨਾਲ ਪੇਟ ਭਰੇ ਸਾਰੇ ਤੂੰ ਜਹਾਨ ਦਾ
ਰੱਬ ਦਾ ਤੂੰ ਭਾਣਾ ਲਵੇ ਮੰਨ ਅੰਨ-ਦਾਤਿਆ
ਕਿਉਂ ਦਿਨੋ-ਦਿਨ ਹੋਵੇਂ ਤੂੰ ਗ਼ਰੀਬ ਅੰਨ ਦਾਤਿਆ।
ਕਵੀ ਧਰਮਾਂ ਦੀ ਸਾਂਝੀਵਾਲਤਾ ਤੇ ਆਪਸੀ ਪ੍ਰੇਮ ਦਾ ਸੁਨੇਹਾ ਦਿੰਦਾ ਹੈ। 'ਦੇਸ਼ ਦੇ ਰਾਖੇ ਬਣ ਕੇ' ਦੇਸ਼ ਪਿਆਰ ਅਤੇ ਦੇਸ਼ ਭਗਤੀ ਦੇ ਸੁਨੇਹੇ ਨਾਲ ਭਰਪੂਰ ਹੈ। ਭਰੂਣ ਹੱਤਿਆ ਦੇ ਵਿਸ਼ੇ ਨੂੰ ਕਵੀ ਬੜੀ ਸੰਵੇਦਨਾ ਨਾਲ ਪੇਸ਼ ਕਰਦਾ ਹੈ:
ਮੈਂ ਵੀ ਝਾਂਸੀ ਬਣ ਸਕਦੀ ਹਾਂ
ਮਾਈ ਭਾਗੋ ਵਾਂਗ ਲੜ ਸਕਦੀ ਹਾਂ।
ਮਰਦਾਂ ਨਾਲੋਂ ਘੱਟ ਨਹੀਂ ਦੁਸ਼ਮਣ ਖਾ ਜੇ ਹਾਰ
ਧੀਆਂ ਦੇ ਪੇਕਿਆਂ ਸੰਬੰਧੀ ਭਾਵ ਅਤੇ ਪਿਆਰ ਬਾਰੇ ਵੀ ਕਵੀ ਨੇ ਭਾਵਪੂਰਤ ਗੀਤ ਲਿਖੇ ਹਨ।
ਚਿੜੀਆਂ ਦਾ ਚੰਬਾ ਵੇ ਬਾਬਲਾ, ਲੈ ਅੰਮੀਏ ਮੈਂ ਤੁਰ ਚੱਲੀ, ਮੇਰੇ ਪੇਕਿਆਂ ਤੋਂ ਆਉਂਦੀਏ ਹਵਾਏ, ਮੈਂ ਚੱਲੀ ਤੈਥੋਂ ਦੂਰ ਅੰਮੀਏ, ਇਸ ਵਿਸ਼ੇ ਦੀਆਂ ਵਿਸ਼ੇਸ਼ ਰਚਨਾਵਾਂ ਹਨ। ਜੱਗ ਦੀ ਜਣਨੀ ਔਰਤ, ਮਾਪੇ ਬਣਦੇ ਕਾਤਲ ਧੀਆਂ ਦੇ, ਬਾਬਲਾ ਵੇ ਬਾਬਲਾ, ਆਦਿ ਰਚਨਾਵਾਂ ਵੀ ਇਸੇ ਲੜੀ ਵਿਚ ਰੱਖੀਆਂ ਜਾ ਸਕਦੀਆਂ ਹਨ। ਸ਼ੂਗਰ ਭਜਾਓ ਕਵਿਤਾ ਸਿਹਤਮੰਦ ਜੀਵਨ ਲਈ ਪ੍ਰੇਰਿਤ ਕਰਦੀ ਹੈ। ਪ੍ਰਦੂਸ਼ਣ ਰਹਿਤ ਦੀਵਾਲੀ, ਲੋਕ ਤੱਥ, ਜੱਟ ਦਾ ਸੁਪਨਾ ਗੀਤ ਵੀ ਸਮਾਜਿਕ ਮਸਲਿਆਂ ਨਾਲ ਜੁੜੇ ਹਨ। ਇਸ ਤਰ੍ਹਾਂ ਲੇਖਕ ਨੇ ਵਿਸ਼ੇ ਪੱਖੋਂ ਵੀ ਗੀਤਾਂ ਨੂੰ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਰੂਪਕ ਪੱਖ ਤੋਂ ਵੀ ਇਹ ਗੀਤਾਂ ਦੇ ਨਿਯਮਾਂ 'ਤੇ ਪੂਰੇ ਉਤਰਦੇ ਹਨ। ਉਸ ਦੇ ਗੀਤ ਵਧੀਆ ਵਿਚਾਰਾਂ ਦਾ ਪ੍ਰਚਾਰ ਵੀ ਕਰਦੇ ਹਨ, ਜਨਚੇਤਨਾ ਦਾ ਸੰਚਾਰ ਕਰਦੇ ਹਨ। ਇਨ੍ਹਾਂ ਰਾਹੀਂ ਵਿਦੇਸ਼ਾਂ ਵੱਲ ਜਾਣ ਦੀ ਦੌੜ ਤੋਂ ਕਿਨਾਰਾ ਕਰਨ ਲਈ ਕਿਹਾ ਹੈ। ਉਹ ਸਮਾਜਿਕ ਬੁਰਾਈਆਂ ਦਾ ਵੀ ਡਟ ਕੇ ਵਿਰੋਧ ਕਰਦਾ ਹੈ। ਮਿਹਨਤ, ਕਿਰਤ ਕਮਾਈ ਬਾਰੇ ਵੀ ਸੁਚੇਤ ਕਰਦਾ ਹੈ। ਪ੍ਰੋ. ਗੁਰਭਜਨ ਗਿੱਲ ਨੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਿਆ ਹੈ ਕਿ ਇਸ ਸੰਗ੍ਰਹਿ ਵਿਚ ਭਰੂਣ ਹੱਤਿਆ, ਰੁੱਖਾਂ ਕੁੱਖਾਂ ਅਤੇ ਪਾਣੀ ਦੀ ਗੱਲ ਹੋ ਰਹੀ ਹੈ। ਸੱਚਮੁੱਚ ਹੀ ਲੇਖਕ ਇਨ੍ਹਾਂ ਵਿਸ਼ਿਆਂ ਦੀ ਚੋਣ ਲਈ ਵਧਾਈ ਦਾ ਹੱਕਦਾਰ ਹੈ।

-ਪ੍ਰੋ. ਕੁਲਜੀਤ ਕੌਰ

16-11-2024

ਅੰਮ੍ਰਿਤਾ ਪ੍ਰੀਤਮ ਰਚਿਤ ਨਾਵਲਾਂ ਦੇ ਨਾਰੀ ਪਾਤਰ
ਲੇਖਿਕਾ : ਡਾ. ਗੁਰਪ੍ਰੀਤ ਕੌਰ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ: 240 ਰੁਪਏ, ਸਫ਼ੇ: 152
ਸੰਪਰਕ: 94638-36591

'ਅੰਮ੍ਰਿਤਾ ਪ੍ਰੀਤਮ ਰਚਿਤ ਨਾਵਲਾਂ ਦੇ ਨਾਰੀ ਪਾਤਰ' ਡਾ. ਗੁਰਪ੍ਰੀਤ ਕੌਰ ਬਰਾੜ ਦੀ ਖੋਜ ਭਰਪੂਰ ਪੁਸਤਕ ਹੈ। ਜਿਸ ਵਿਚ ਲੇਖਿਕਾ ਨੇ ਨਾਰੀ ਨਾਲ ਸੰਬੰਧਿਤ ਹਰੇਕ ਮਸਲੇ ਨੂੰ ਸਮਝਣ ਦਾ ਉਪਰਾਲਾ ਕੀਤਾ ਹੈ। ਲੇਖਿਕਾ ਨੇ ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਨਾਰੀ ਦੀ ਸਮਾਜਿਕ, ਆਰਥਿਕ, ਮਾਨਸਿਕ, ਭਾਵਨਾਤਮਿਕ ਅਤੇ ਸੱਭਿਆਚਾਰਕ ਸਥਿਤੀ ਨੂੰ ਜਾਣਨ ਲਈ ਇਸ ਪੁਸਤਕ ਦੀ ਚਾਰ ਅਧਿਆਇਆਂ ਵਿਚ ਵੰਡ ਕੀਤੀ ਹੈ। ਪਹਿਲੇ ਅਧਿਆਇ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਨਾਰੀ ਪਾਤਰ: ਸਮਾਜਿਕ ਸੰਦਰਭ' ਵਿਚ ਨਾਰੀ ਦੀ ਸਮਾਜ ਵਿਚ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਾ ਪ੍ਰੀਤਮ ਦੇ ਨਾਵਲੀ ਬਿਰਤਾਂਤ ਵਿਚ ਪੇਸ਼ ਨਾਰੀ ਦੀ ਸਮਾਜਿਕ, ਆਰਥਿਕ, ਭਾਵਨਾਤਮਿਕ ਅਤੇ ਸੱਭਿਆਚਾਰਕ ਸਥਿਤੀ ਦਾ ਵਰਣਨ ਕਰਦਿਆਂ ਉਸ ਦੀ ਅਧੀਨਗੀ ਵਾਲੀ ਅਵੱਸਥਾ ਦੇ ਹਵਾਲਿਆਂ ਦਾ ਵਰਣਨ ਕੀਤਾ ਗਿਆ ਹੈ। ਦੂਜੇ ਅਧਿਆਇ ਵਿਚ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਨਾਰੀ ਪਾਤਰ: ਪਰਿਵਾਰਕ ਅਤੇ ਸਵੈ-ਚੋਣ ਦੇ ਰਿਸ਼ਤਿਆਂ ਦਾ ਸੰਦਰਭ' ਨੂੰ ਚਿੱਤਰਿਆ ਗਿਆ ਹੈ। ਇਸ ਵਿਚ ਨਾਰੀ ਨੂੰ ਪਰਿਵਾਰਿਕ ਰਿਸ਼ਤਿਆਂ ਦੇ ਸੰਦਰਭ ਵਿਚ ਬੇਟੀ, ਭੈਣ, ਮਾਂ, ਪ੍ਰੇਮਿਕਾ ਅਤੇ ਨਾਰ ਦੇ ਰੂਪ ਵਿਚ ਵਿਚਾਰਿਆ ਗਿਆ ਹੈ। ਤੀਜੇ ਅਧਿਆਇ ਵਿਚ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਦੀਆਂ ਨਾਇਕਾਵਾਂ' ਦੇ ਅੰਤਰਗਤ ਉਸ ਦੀ ਨਾਇਕਾ ਸਿਰਜਣ ਦੀ ਦ੍ਰਿਸ਼ਟੀ ਨੂੰ ਉਲੀਕਿਆ ਗਿਆ ਹੈ। ਜਿਸ ਵਿਚ ਆਦਰਸ਼ ਪ੍ਰੇਮਿਕਾਵਾਂ ਦੀ ਪਿਆਰ ਪ੍ਰਤੀ ਪ੍ਰਤੀਬੱਧਤਾ ਨੂੰ ਪ੍ਰਗਟਾਉਣ ਦੇ ਨਾਲ-ਨਾਲ ਆਦਰਸ਼ ਪ੍ਰੇਮੀ ਦੇ ਕਿਰਦਾਰ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਾਇਕਾਵਾਂ ਦੀ ਸਵੈ-ਪਛਾਣ, ਸਵੈ-ਚੋਣ ਅਤੇ ਹੋਣੀ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਚੌਥੇ ਅਧਿਆਇ ਵਿਚ 'ਅੰਮ੍ਰਿਤਾ ਪ੍ਰੀਤਮ ਦੇ ਨਾਵਲਾਂ ਵਿਚ ਪੇਸ਼ ਨਾਰੀ ਸੰਵੇਦਨਾ ਦੀ ਵੱਖਰਤਾ' ਵਿਚ ਅੰਮ੍ਰਿਤਾ ਪ੍ਰੀਤਮ ਦੀ ਨਾਰੀ ਸੰਵੇਦਨਾ ਦੇ ਸਰੋਕਾਰਾਂ ਅਤੇ ਪੇਸ਼ਕਾਰੀ ਦੀ ਮੌਲਿਕਤਾ ਤੇ ਵੱਖਰਤਾ ਨੂੰ ਪਛਾਣਨ ਦਾ ਯਤਨ ਕੀਤਾ ਗਿਆ ਹੈ। ਉਸ ਦੀ ਪ੍ਰੇਮਿਕਾ ਦੁਆਰਾ ਪ੍ਰੇਮੀ ਚੁਣਨ ਦੀ ਲੋੜ, ਚਾਹਤ ਅਤੇ ਨਾਰੀ ਦੀ ਸੁਖਾਵੀਂ ਸਥਿਤੀ ਲਈ ਲੋੜੀਂਦੀਆਂ ਮਰਦ ਮਨੋ ਬਣਤਰਾਂ ਦੀ ਅੰਮ੍ਰਿਤਾ ਪ੍ਰੀਤਮ ਵਲੋਂ ਕੀਤੀ ਸ਼ਨਾਖ਼ਤ ਦਾ ਵੀ ਵਰਣਨ ਕੀਤਾ ਗਿਆ ਹੈ।
ਡਾ. ਗੁਰਪ੍ਰੀਤ ਕੌਰ ਬਰਾੜ ਨੇ ਸਿੱਧ ਕੀਤਾ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਨਾਵਲਾਂ ਵਿਚ ਨਾਰੀ ਨੂੰ ਕੇਂਦਰ ਵਿਚ ਰੱਖ ਕੇ ਸਮਾਜ ਵਿਚ ਨਾਰੀ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਨਾਰੀ ਮਨ ਦੀ ਪੇਸ਼ਕਾਰੀ ਕਰਦਿਆਂ ਉਸ ਦੀਆਂ ਕੋਮਲ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਉਪਰਾਲਾ ਕੀਤਾ ਹੈ। ਅੰਮ੍ਰਿਤਾ ਪ੍ਰੀਤਮ ਨਾਰੀ ਪੱਖੀ ਸਮਾਜ ਸਿਰਜਣਾ ਲਈ ਮਰਦ ਪ੍ਰਭੂਸੱਤਾ, ਨਾਰੀ ਦੀ ਅਧੀਨਗੀ, ਉਸ ਦੀ ਬੰਧਨ ਯੁਕਤ ਹੋਂਦ ਦੇ ਵੱਖ-ਵੱਖ ਪਸਾਰਾਂ ਨੂੰ ਰੂਪਮਾਨ ਕਰਦੀ ਹੋਈ ਨਾਰੀ ਦੀ ਤ੍ਰਾਸਦਿਕ ਸਥਿਤੀ ਨੂੰ ਉਭਾਰਦੀ ਹੈ। ਨਾਰੀ ਦੀ ਤ੍ਰਾਸਦਿਕ ਸਥਿਤੀ ਸੁਧਾਰਨ ਲਈ ਜਦੋਂ ਉਹ ਪ੍ਰੇਮਿਕਾ ਦਾ ਰਿਸ਼ਤਾ ਸਿਰਜਦੀ ਹੈ ਤਾਂ ਉਸ ਦੀ ਨਾਇਕਾ ਪਿਆਰ ਦੇ ਸੰਬੰਧ ਵਿਚ ਪੁਰਸ਼ ਦੇ ਨੇੜੇ ਹੋ ਕੇ ਜਿਸਮ ਦੀ ਪੱਧਰ 'ਤੇ ਸੰਪੂਰਨਤਾ ਨਾਲ ਜਿਊਣ ਦੇ ਨਾਲ-ਨਾਲ ਮਨ ਦੀਆਂ ਡੂੰਘੀਆਂ ਤਹਿਆਂ ਤੱਕ ਪਿਆਰ ਵੀ ਲੱਭਦੀ ਹੈ। ਇਸ ਪ੍ਰਕਾਰ ਡਾ. ਗੁਰਪ੍ਰੀਤ ਕੌਰ ਬਰਾੜ ਦੀ ਇਹ ਖੋਜ ਭਰਪੂਰ ਪੁਸਤਕ ਆਉਣ ਵਾਲੇ ਖੋਜਾਰਥੀਆਂ ਲਈ ਬੜੀ ਅਹਿਮ ਅਤੇ ਮੁੱਲਵਾਨ ਸਿੱਧ ਹੋਵੇਗੀ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

ਜੀਵਨ ਦੀ ਫੁਲਕਾਰੀ
ਸ਼ਾਇਰ : ਉਜਾਗਰ ਸਿੰਘ ਭੰਡਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98726-37177

ਉਜਾਗਰ ਸਿੰਘ ਭੰਡਾਲ ਪ੍ਰਵਾਸੀ ਸ਼ਾਇਰ ਹੈ। 'ਜੀਵਨ ਦੀ ਫੁਲਕਾਰੀ' ਤੋਂ ਪਹਿਲਾਂ ਉਸ ਦਾ ਇਕ ਹੋਰ ਕਾਵਿ ਸੰਗ੍ਰਹਿ ਵੀ ਛਪ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਭੰਡਾਲ ਦੀਆਂ ਸੱਠ ਕਾਵਿ-ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ 'ਚੋਂ ਕੁਝ ਇਕ ਗ਼ਜ਼ਲਨਾਮਾ ਤੇ ਬਹੁਤੀਆਂ ਗੀਤ ਵਿਧਾ ਦੇ ਤੌਰ 'ਤੇ ਪਹਿਚਾਣ ਬਣਾਉਂਦੀਆਂ ਹਨ। ਭੰਡਾਲ ਛੇ ਦਹਾਕਿਆਂ ਤੋਂ ਇੰਗਲੈਂਡ ਰਹਿ ਰਿਹਾ ਹੈ, ਉਸ ਦਾ ਪੰਜਾਬ ਦੀ ਮਿੱਟੀ ਨੂੰ ਯਾਦ ਰੱਖਣਾ ਸੁਭਾਵਿਕ ਹੈ। ਪੰਜਾਬ ਦਾ ਬਹੁਤ ਕੁਝ ਉਸ ਦੇ ਅੰਦਰ ਜਜ਼ਬ ਹੈ, ਜੋ ਰਚਨਾਵਾਂ ਰਾਹੀਂ ਵਹਿ ਤੁਰਿਆ ਮਹਿਸੂਸ ਹੁੰਦਾ ਹੈ। ਭੰਡਾਲ ਖੁਦ ਨੂੰ ਪਾਣੀ ਦੀ ਬੂੰਦ ਸਮਝਦਾ ਹੈ ਜਿਸ ਨੂੰ ਹਵਾ ਆਪਣੀ ਮਰਜ਼ੀ ਨਾਲ ਏਧਰ-ਉਧਰ ਉਡਾਈ ਜਾ ਰਹੀ ਹੈ। ਆਪਣੀਆਂ ਰਚਨਾਵਾਂ ਵਿਚ ਉਹ ਆਪਣੀ ਮਾਂ ਦੇ ਨਾਲ-ਨਾਲ ਮਾਂ-ਬੋਲੀ ਦੇ ਵੀ ਗੁਣ ਗਾਉਂਦਾ ਹੈ। ਉਸ ਮੁਤਾਬਿਕ ਜੋ ਮਾਂ ਜਾਂ ਮਾਂ-ਬੋਲੀ ਦਾ ਸਕਾ ਨਹੀਂ ਬਣ ਸਕਿਆ, ਉਹ ਕਿਸੇ ਦਾ ਨਹੀਂ ਹੋ ਸਕਦਾ। ਆਪਣੇ ਆਲੇ-ਦੁਆਲੇ ਤੋਂ ਉਕਤਾਇਆ ਸ਼ਾਇਰ ਉਥੇ ਨਿਵਾਸ ਕਰਨਾ ਚਾਹੁੰਦਾ ਹੈ, ਜਿਥੇ ਮਿਹਰਾਂ ਦੀ ਬਾਰਿਸ਼ ਹੋਵੇ। ਉਹ ਮਨੁੱਖ ਨੂੰ ਮੁਖਾਤਿਬ ਹੋਇਆ ਜ਼ਿੰਦਗੀ ਦੀ ਫੁਲਕਾਰੀ ਨੂੰ ਸਜਾਉਣ ਦੀ ਨਸੀਹਤ ਦਿੰਦਾ ਹੈ ਤੇ ਉਹ ਰੋਣ ਦੀ ਜਗ੍ਹਾ ਹੱਸ ਕੇ ਜ਼ਿੰਦਗੀ ਬਿਤਾਉਣ ਦਾ ਹਾਮੀ ਹੈ। ਉਜਾਗਰ ਸਿੰਘ ਭੰਡਾਲ ਨੇ ਵਸੀਹ ਵਿਸ਼ੇ ਲਏ ਹਨ, ਇਨ੍ਹਾਂ ਵਿਚ ਸਮਾਜਿਕ ਵੀ ਹਨ ਤੇ ਧਾਰਮਿਕ ਵੀ। ਉਸ ਅਨੁਸਾਰ ਅਸੀਂ ਆਪਣੇ ਪੁਰਾਣੇ ਰਿਵਾਜ ਨਹੀਂ ਬਦਲੇ ਸਮੇਂ ਨਾਲ ਜਿਨ੍ਹਾਂ ਵਿਚ ਪਰਿਵਰਤਨ ਆਉਣਾ ਚਾਹੀਦਾ ਸੀ। ਉਹ ਕਹਿੰਦਾ ਹੈ ਮਾੜੇ ਆਗੂ ਕਿਸੇ ਵੀ ਸਮੂਹ ਦਾ ਕੁਝ ਨਹੀਂ ਸੰਵਾਰ ਸਕਦੇ ਤੇ ਬੇਇਨਸਾਫ਼ੀ ਦਾ ਦੌਰ ਖਤਮ ਹੋਣਾ ਚਾਹੀਦਾ ਹੈ। ਇੰਜ ਉਜਾਗਰ ਸਿੰਘ ਭੰਡਾਲ ਬਿਹਤਰ ਤੇ ਖੂਬਸੂਰਤ ਜ਼ਿੰਦਗੀ ਦੀ ਕਲਮ ਨੂੰ ਆਪਣਾ ਹਥਿਆਰ ਬਣਾਉਂਦਾ ਹੈ, ਜੋ ਉਸ ਦੇ ਆਸ਼ਾਵਾਦੀ ਹੋਣ ਦਾ ਸਬੂਤ ਵੀ ਹੈ। ਕੁਝ ਗ਼ਜ਼ਲਨੁਮਾ ਰਚਨਾਵਾਂ ਗ਼ਜ਼ਲ ਤੋਂ ਥੋੜ੍ਹੀ ਵਿੱਥ 'ਤੇ ਹਨ। ਗੀਤ ਗਾਏ ਜਾ ਸਕਦੇ ਹਨ, ਇਨ੍ਹਾਂ ਵਿਚ ਗਾਇਤਾ ਹੈ। ਉਂਜ ਪੁਸਤਕ ਵਿਚ ਕਾਫੀ ਕੁਝ ਅਜਿਹਾ ਵੀ ਹੈ, ਜਿਸ ਨੂੰ ਨਿਖਾਰਿਆ ਤੇ ਹੋਰ ਸੰਵਾਰਿਆ ਜਾ ਸਕਦਾ ਸੀ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਕਹਾਣੀ ਚਾਰ ਵਾਕਾਂ ਦੀ
ਲੇਖਕ : ਨੱਛਤਰ ਸਿੰਘ ਗਿੱਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਮੁੱਲ :250 ਰੁਪਏ, ਸਫ਼ੇ : 136
ਸੰਪਰਕ : 88722-18378

ਸਾਹਿਤ ਦੀਆਂ ਲੱਗਭਗ ਸਾਰੀਆਂ ਵਿਧਾਵਾਂ ਵਿਚ ਕਲਮ ਚਲਾਉਣ ਵਾਲੇ, ਸੰਪਾਦਨ ਅਤੇ ਅਨੁਵਾਦ ਦਾ ਹੁਨਰ ਰੱਖਣ ਵਾਲੇ ਲੇਖਕ ਨੱਛਤਰ ਸਿੰਘ ਗਿੱਲ ਦੀ ਸਨ 2023 'ਚ ਪ੍ਰਕਾਸ਼ਿਤ ਪੁਜਾਰੀਵਾਦੀ ਵਿਚਾਰਧਾਰਾ ਦੇ ਵਿਰੁੱਧ ਲੋਕਾਂ ਨੂੰ ਚੇਤਨ ਕਰਨ ਵਾਲੀ ਫਿਲਾਲਾਸਫ਼ੀ ਦੀ ਇਹ ਹਥਲੀ ਪੁਸਤਕ ਮਾਰਕਸਵਾਦੀ ਚਿੰਤਕ ਅਤੇ ਆਲੋਚਕ ਸੁਰਜੀਤ ਸਿੰਘ ਘੋਲੀਆ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਦੇ ਆਰੰਭ 'ਚ ਹੀ ਦਿੱਤੇ ਪੱਛਮੀ ਚਿੰਤਕ ਫਰੈਂਕ-ਏ ਕਲਾਰਕ ਦੇ ਵਿਚਾਰ ਪੁਸਤਕ ਦੀ ਵਿਸ਼ਾ ਵਸਤੂ ਅਤੇ ਲੇਖਕ ਦੇ ਮਾਰਕਸਵਾਦੀ ਦ੍ਰਿਸ਼ਟੀਕੋਣ ਵੱਲ ਇਸ਼ਾਰਾ ਕਰਦੇ ਹਨ। ਤਰਕ ਵਿਤਰਕ ਦੇ ਅਧਾਰ ਉਤੇ ਦੋ ਵਿਚਾਰਧਰਾਵਾਂ ਜਾਂ ਫਿਲਾਸਫ਼ੀਆਂ ਦਾ ਤੁਲਨਾਤਮਕ ਅਧਿਐਨ ਕਰਦਿਆਂ ਪੁਜਾਰੀਵਾਦ ਨੂੰ ਨਕਾਰਦਿਆਂ ਨਾਸਤਿਕਤਾ ਦੇ ਪੱਖ 'ਚ ਹਾਮੀ ਭਰਦੀ ਇਹ ਪੁਸਤਕ ਪਾਠਕਾਂ ਦੇ ਮਨਾਂ 'ਚ ਸੋਚਣ ਦੀ ਚਿਣਗ ਪੈਦਾ ਕਰ ਦੀ ਹੈ। ਦੋ ਵਿਚਾਰਧਰਾਵਾਂ ਦੀ ਰਹਿਨੁਮਾਈ ਕਰਦੇ ਇਸ ਪੁਸਤਕ ਦੇ ਦੋ ਪਾਤਰ ਅਨੰਦਾ ਅਤੇ ਸੁਕਰਮਾ ਨੂੰ ਜ਼ਿੰਦਗੀ ਦੇ ਹਾਲਾਤ ਅਤੇ ਸਥਿਤੀਆਂ ਨੇ ਵੱਖਰੇ-ਵੱਖਰੇ ਰਾਹਾਂ ਉੱਤੇ ਤੋਰ ਦਿੱਤਾ। ਇਹੋ ਕਹਾਣੀ ਹੈ ਚਾਰਵਾਕਾਂ ਦੀ ਹੋਂਦ ਅਤੇ ਫਿਲਾਸਫੀ ਦੀ। ਦੋ ਵਿਚਾਰਧਰਾਵਾਂ ਜਾਂ ਫਿਲਾਸਫ਼ੀਆਂ ਦੀ ਤੱਥਾਂ ਦੇ ਅਧਾਰ 'ਤੇ ਪੜਚੋਲ ਕਰਦੀ ਇਸ ਪੁਸਤਕ 'ਚ ਚਾਰਵਾਕਾਂ ਦੇ ਇਤਿਹਾਸ ਬਾਰੇ ਇਹ ਦਰਸਾਇਆ ਗਿਆ ਹੈ ਕਿ ਵੇਦਾਂ ਪੁਰਾਣਾਂ ਦੀ ਧਾਰਮਿਕ ਪਿਤਾ ਪੁਰਖੀ ਅਤੇ ਪੁਰਾਣੇ ਰੀਤੀ ਰਿਵਾਜਾਂ ਨੂੰ ਬ੍ਰਾਹਮਣ ਪੁਜਾਰੀਆਂ ਦੀ ਅਗਵਾਈ ਨੂੰ ਮੰਨਣ ਤੋਂ ਨਾਂਹ ਕਰਨ ਵਾਲਾ ਚਾਰਵਾਕਾਂ ਦੀ ਕਹਾਣੀ ਦੀ ਬਾਤ ਪਾਉਂਦਾ ਇਕ ਸਕੂਲ ਸੀ। ਧਾਰਮਿਕ ਅਤੇ ਰੂਹਾਨੀਅਤ ਵਿਚਾਰਾਂ ਦੀ ਭਾਰਤ ਦੇਸ਼ ਦੀ ਧਰਤ ਉੱਤੇ ਚਾਰਵਾਕ ਵਿਚਾਰਧਾਰਾ ਦਾ ਇਹ ਸਕੂਲ ਨਾਸਤਿਕਤਾ ਅਤੇ ਦਾਰਸ਼ਨਿਕ ਸ਼ੈਲੀ ਦੀ ਉਪਜ ਸੀ। ਇਸ ਸ਼ੈਲੀ ਨੂੰ ਪਾਖੰਡਵਾਦ ਦਾ ਨਾਂਅ ਵੀ ਦਿੱਤਾ ਗਿਆ ਸੀ। ਇਸ ਨੂੰ ਸੰਸਕ੍ਰਿਤ ਅਤੇ ਪਾਲੀ ਦੇ ਸ਼ਬਦ ਲੋਕਅਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਜਿਸ ਦਾ ਅਰਥ ਕੁਦਰਤਵਾਦੀ ਅਤੇ ਸੰਸਾਰੀ ਹੈ। ਭਾਵੇਂ ਵਿਸ਼ਾ ਵਸਤੂ ਅਨੁਸਾਰ ਲੇਖਕ ਨੇ ਇਤਿਹਾਸਕ ਤੱਥਾਂ ਨੂੰ ਦਰਸਾਉਣ ਲਈ ਢੁਕਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ ਪਰ ਕਿਤੇ ਕਿਤੇ ਹਿੰਦੀ ਸ਼ਬਦਾਂ ਵਿਪਰੀਤ, ਨੇਤਰਤੱਵ ਅਤੇ ਪ੍ਰਾਚੀਨ ਦੀ ਵਰਤੋਂ ਵੀ ਪੜ੍ਹਨ ਨੂੰ ਮਿਲਦੀ ਹੈ। ਇਹੋ ਜਿਹੇ ਗੰਭੀਰ ਅਤੇ ਸੰਜੀਦਾ ਵਿਸ਼ੇ ਨੂੰ ਲੈ ਕੇ ਲਿਖਣਾ ਸੌਖਾ ਕਾਰਜ ਨਹੀਂ ਪਰ ਫੇਰ ਵੀ ਲੇਖਕ ਨੇ ਇਤਿਹਾਸ ਦਾ ਬਹੁਤ ਹੀ ਡੂੰਘਾਈ ਨਾਲ ਅਧਿਐਨ ਕਰਕੇ ਇਸ ਪੁਸਤਕ ਦੇ ਲੇਖਨ ਦੇ ਕਾਰਜ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ ਅਤੇ ਆਪਣੇ ਉਦੇਸ਼ 'ਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726-28136

ਆਧੁਨਿਕ ਪੰਜਾਬੀ ਗਲਪ-ਵਿਭਿੰਨ ਪਾਸਾਰ
ਮੁੱਖ ਸੰਪਾਦਕ : ਡਾ. ਜਸਵੀਰ ਸਿੰਘ
ਸੰਪਾਦਕ : ਪ੍ਰੋ. ਹਰਜਿੰਦਰ ਸਿੰਘ, ਡਾ. ਗੁਰਪ੍ਰੀਤ ਕੌਰ, ਪ੍ਰੋ. ਦਿਨੇਸ਼ ਕੁਮਾਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰ, ਚੰਡੀਗੜ੍ਹ
ਮੁੱਲ : 400 ਰੁਪਏ, ਸਫ਼ੇ :120
ਸੰਪਰਕ : 98146-73236

ਇਸ ਪੁਸਤਕ ਵਿਚ ਆਧੁਨਿਕ ਪੰਜਾਬੀ ਨਾਵਲ ਤੇ ਕਹਾਣੀ ਦੇ ਬਹੁਮੁਖੀ ਅਧਿਐਨ ਨਾਲ ਸੰਬੰਧਿਤ ਜੋ ਖੋਜ ਪੱਤਰ ਸ਼ਾਮਿਲ ਕੀਤੇ ਗਏ ਹਨ ਜੋ ਇਕ ਬਹੁਤ ਵੱਡਾ ਕੰਮ ਕਰਕੇ ਵਿਸ਼ੇਸ਼ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਵੱਡਾ ਕਾਰਜ ਕੀਤਾ ਗਿਆ ਹੈ। ਪੁਸਤਕ ਵਿਚ ਨਾਵਲ 'ਏਹ ਹਮਾਰਾ ਜੀਵਣਾ' ਦਾ ਵਿਸ਼ਾ ਵਸਤੂ (ਹਰਜਿੰਦਰ ਸਿੰਘ), 'ਅੱਧ ਚਾਣਨੀ ਰਾਤ' ਨਾਵਲ ਦਾ ਅਧਿਐਨ (ਡਾ. ਅਨਦੀਪ ਹੀਰਾ), 'ਬੋਲ ਮਰਦਾਨਿਆ' ਨਾਵਲ ਵਿਚ ਨਾਇਕਤਵ ਦੀ ਨਿਰਮਾਣਕਾਰੀ (ਡਾ. ਗੁਰਪ੍ਰੀਤ ਕੌਰ), ਪਿੰਜਰ ਨਾਵਲ ਨਾਰੀਵੇਦਨਾ (ਰਵਿੰਦਰ ਸਿੰਘ), ਬੋਲ ਮਰਦਾਨਿਆ ਨਾਵਲ ਦੀਆਂ ਕਲਾਤਮਿਕ ਜੁਗਤਾਂ (ਸੁਖਵਿੰਦਰ ਸਿੰਘ), ਗੁਰਦਿਆਲ ਸਿੰਘ ਰਚਿਤ ਪਰਸਾ : ਵਿਸੰਗਤ ਅਧਿਐਨ (ਡਾ. ਮਨਪ੍ਰੀਤ ਕੌਰ), ਪੰਜਾਬੀ ਨਾਵਲ ਵਿਚ ਗੁਰਦਿਆਲ ਸਿੰਘ ਦਾ ਸਥਾਨ (ਹਰਪ੍ਰੀਤ ਕੌਰ), ਪਰਸਾ ਨਾਵਲ-ਨਾਇਕ ਤੇ ਨਾਇਕਤਵ ਦੀ ਨਿਰਮਾਣਕਾਰੀ (ਹਰਪ੍ਰੀਤ ਕੌਰ), ਪ੍ਰਵਾਸੀ ਪੰਜਾਬੀ ਨਾਵਲ-ਇਕ ਵਿਸ਼ੇਸ਼ ਅਧਿਐਨ (ਦਿਨੇਸ਼ ਕੁਮਾਰ), ਪੰਜਾਬੀ ਨਾਵਲ ਦੇ ਇਤਿਹਾਸ ਵਿਚ ਦਲੀਪ ਕੌਰ ਟਿਵਾਣਾ ਦਾ ਸਥਾਨ (ਡਾ. ਸੁਖਵਿੰਦਰ ਕੌਰ), ਲੰਘ ਗਏ ਦਰਿਆ : ਸਮਾਜਿਕ ਸੱਭਿਆਚਾਰ ਸਰੋਕਾਰ (ਡਾ. ਸੁਖਵਿੰਦਰ ਕੌਰ), ਸੰਤਾਪੇ ਲੋਕ - ਕਹਾਣੀ ਸੰਗ੍ਰਹਿ ਵਿਚ ਸਮਾਜਿਕ ਯਥਾਰਥ (ਹਰਜਿੰਦਰ ਸਿੰਘ), ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਦੇ ਪ੍ਰਮੁੱਖ ਸਰੋਕਾਰ (ਡਾ. ਅਮਨਦੀਪ ਹੀਰਾ), ਹਮਦਰਦਵੀਰ ਨੌਸ਼ਹਿਰਵੀ ਦੀਆਂ ਕਹਾਣੀਆਂ ਵਿਚ ਤਤਕਾਲੀ ਪ੍ਰਬੰਧ ਤੇ ਵਿਅੰਗ (ਡਾ. ਗੁਰਪ੍ਰੀਤ ਕੌਰ), ਕਹਾਣੀ ਸੱਪ ਤੇ ਸ਼ਹਿਰ-ਸਵੈ ਦੁਖਾਂਤ ਦੀ ਦਾਸਤਾਨ (ਰਵਿੰਦਰ ਸਿੰਘ), ਉੱਚਾ ਬੁਰਜ ਲਾਹੌਰ ਦਾ - ਨਵਤੇਜ ਪੁਆਧੀ ਕਹਾਣੀ-ਸੰਗ੍ਰਹਿ ਦਾ ਆਲੋਚਨਾਤਮਿਕ ਅਧਿਐਨ (ਸੁਖਵਿੰਦਰ ਸਿੰਘ), ਕੁਲਵੰਤ ਸਿੰਘ ਵਿਰਕ ਦੀ ਭਾਸ਼ਾ ਸ਼ੈਲੀ (ਡਾ. ਮਨਪ੍ਰੀਤ ਕੌਰ/ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਪ੍ਰਮੁੱਖ ਸਰੋਕਾਰ ਮੇਰੀਆਂ ਸ੍ਰੇਸ਼ਟ ਕਹਾਣੀਆਂ ਦੇ ਸੰਦਰਭ ਵਿਚ (ਡਾ. ਹਰਸਿਮਰਤ ਕੌਰ), ਕੁਲਵੰਤ ਸਿੰਘ ਵਿਰਕ ਦਾ ਪੰਜਾਬੀ ਕਹਾਣੀ ਦੇ ਖੇਤਰ ਵਿਚ ਸਥਾਨ (ਡਾ. ਹਰਸਿਮਰਤ ਕੌਰ), ਮਾਨਸਿਕ ਸੱਧਰਾਂ ਦਾ ਬਿਰਤਾਂਤ ਤੁਮ ਕਿਉਂ ਉਦਾਸ ਹੋ (ਦਿਨੇਸ਼ ਕੁਮਾਰ) ਨੇ ਜੋ ਬੜੀ ਡੂੰਘੀ ਨਜ਼ਰ ਨਾਲ ਵਿਸ਼ਲੇਸ਼ਣ ਕਰਕੇ ਹਰ ਪੱਖ ਦੀ ਜਾਣਕਾਰੀ ਦਿੱਤੀ ਹੈ ਅਤੇ ਨਾਲ ਹਵਾਲੇ ਤੇ ਟਿੱਪਣੀਆਂ ਵੀ ਦੇ ਕੇ ਹੋਰ ਸੋਹਣਾ ਕੰਮ ਕੀਤਾ ਹੈ। ਇਹ ਸਮੁੱਚਾ ਕਾਰਜ ਸਲਾਹੁਣਯੋਗ ਹੈ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਭਾਰਤ ਦਾ ਅਣਖੀਲਾ ਸੂਰਬੀਰ
ਮਹਾਰਾਣਾ ਪ੍ਰਤਾਪ
ਲੇਖਕ : ਭੁਪਿੰਦਰ ਉਪਰਾਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 112
ਸੰਪਰਕ : 73550-14055

ਭਾਰਤ ਦਾ ਅਣਖੀਲਾ ਸੂਰਬੀਰ 'ਮਹਾਰਾਣਾ ਪ੍ਰਤਾਪ' ਭੁਪਿੰਦਰ ਉਪਰਾਮ ਦੁਆਰਾ ਲਿਖੀ ਜੀਵਨੀ ਹੈ। ਇਹ ਮਹਾਰਾਣਾ ਪ੍ਰਤਾਪ ਦੇ ਮਾਤ-ਭੂਮੀ ਨਾਲ ਪਿਆਰ, ਰਾਜਪੂਤਾਂ ਦੀ ਆਨ-ਮਾਣ-ਸ਼ਾਨ ਅਤੇ ਉਸ ਦੁਆਰਾ ਦਿੱਤੇ ਬਲੀਦਾਨ ਦੀ ਕਹਾਣੀ ਹੈ। ਇਸ ਦੇ ਨਾਲ ਹੀ ਇਹ ਪੁਸਤਕ ਉਸ ਦੁਆਰਾ ਕੀਤੀਆਂ ਲੜਾਈਆਂ, ਉਸ ਦੀ ਸੈਨਾ, ਸੈਨਾ ਵਿਚਲੇ ਸਰਦਾਰ ਅਤੇ ਸਿਪਾਹੀਆਂ ਬਾਰੇ ਮਹੱਤਵਪੂਰਨ ਤੱਥ ਪੇਸ਼ ਕਰਦੀ ਹੈ। ਲੇਖਕ ਨੇ ਇਸ ਜੀਵਨੀ ਨੂੰ 10 ਪਾਠਾਂ ਵਿਚ ਵੰਡਿਆ ਹੈ। ਪਹਿਲੇ ਪਾਠ ਵਿਚ ਉਹ ਮੇਵਾੜ ਰਾਜ ਘਰਾਣੇ ਨਾਲ ਜਾਣ-ਪਛਾਣ ਕਰਵਾਉਂਦਾ ਹੈ। ਉਹ ਮਹਾਰਾਣਾ ਪ੍ਰਤਾਪ ਦੇ ਪੁਰਖਿਆਂ ਗ੍ਰਹਾਦਿਤ ਤੋਂ ਗੱਲ ਸ਼ੁਰੂ ਕਰਦਾ ਹੈ ਅਤੇ ਬਪਾ ਰਾਵਲ, ਰਤਨ ਸਿੰਘ, ਹਮੀਰ ਸਿੰਘ, ਖੇਤਰ ਸਿੰਘ, ਰਾਇਮਲ, ਰਾਣਾ ਸਾਂਗਾ ਅਤੇ ਮਹਾਰਾਣਾ ਉਦੈ ਸਿੰਘ ਬਾਰੇ ਮੁੱਖ ਗੱਲਾਂ ਦੱਸਦੇ ਹੋਏ ਮਹਾਰਾਣਾ ਪ੍ਰਤਾਪ ਤੱਕ ਪੁੱਜਦਾ ਹੈ। ਅਗਲੇ ਪਾਠਾਂ ਵਿਚ ਲੇਖਕ ਮਹਾਰਾਣਾ ਪ੍ਰਤਾਪ ਦੇ ਜਨਮ, ਬਚਪਨ ਅਤੇ ਉਸ ਦੇ ਵਿਅਕਤਿਤਵ ਦੇ ਮੁੱਖ ਲੱਛਣ ਦੱਸਦੇ ਹੋਏ ਉਸ ਦੇ ਗੱਦੀ 'ਤੇ ਬੈਠਣ ਦੇ ਹਾਲਾਤ ਵੀ ਕਲਮਬੱਧ ਕਰਦਾ ਹੈ। ਜਦੋਂ ਉਹ ਗੱਦੀ 'ਤੇ ਬੈਠਾ ਸੀ ਤਾਂ ਉਸ ਦੀ ਰਿਆਸਤ ਮੇਵਾੜ ਆਰਥਿਕ ਪੱਖੋਂ ਅਤੇ ਰਾਜਨੀਤਕ ਖੇਤਰਾਂ ਦੀਆਂ ਸੀਮਾਵਾਂ ਹੋਰ ਵਧਾਉਣ ਪੱਖੋਂ ਮਾੜੇ ਸਮੇਂ ਦੇ ਦੌਰ ਵਿਚੋਂ ਲੰਘ ਰਿਹਾ ਸੀ। ਰਾਣਾ ਸਾਂਗਾ ਵਰਗਾ ਯੋਧਾ ਬਾਬਰ ਹੱਥੋਂ ਖਾਨਵਾ ਦੀ ਲੜਾਈ ਵਿਚ ਹਾਰ ਚੁੱਕਾ ਸੀ। ਉਸ ਹਾਰ ਤੋਂ ਬਾਅਦ ਹੰਮਾਯੂ ਅਤੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਵੀ ਰਾਜਪੂਤ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ। ਅਕਬਰ ਦੇ ਸਮੇਂ ਤਾਂ ਕਈ ਰਾਜਪੂਤ ਰਾਜਿਆਂ ਵਲੋਂ ਉਸ ਦੀ ਵੱਡੀ ਸੈਨਿਕ ਤਾਕਤ ਕਾਰਨ ਈਨ ਮੰਨ ਲਈ ਗਈ ਸੀ। ਅਕਬਰ ਵਲੋਂ ਮਹਾਰਾਣਾ ਪ੍ਰਤਾਪ ਨਾਲ ਵੀ ਸੰਧੀ ਕਰਨ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਹ ਸੰਭਵ ਨਾ ਹੋ ਸਕਿਆ। ਮਹਾਰਾਣਾ ਪ੍ਰਤਾਪ ਨੇ ਮੁਗ਼ਲਾਂ ਵਿਰੁੱਧ ਸੰਘਰਸ਼ ਵੀ ਵਿੱਢ ਲਿਆ ਸੀ। ਇਸੇ ਸੰਘਰਸ਼ ਦੇ ਨਤੀਜੇ ਵਜੋਂ ਹਲਦੀ ਘਾਟੀ ਦਾ ਯੁੱਧ ਹੋਇਆ। ਲੇਖਕ ਨੇ ਇਸ ਸਾਰੇ ਯੁੱਧ ਦੇ ਹਾਲ ਦੇ ਨਾਲ-ਨਾਲ ਇਸ ਵਿਚ ਯੁੱਧ ਤੋਂ ਬਾਅਦ ਮਾਨ ਸਿੰਘ ਦੁਆਰਾ ਮਹਾਰਾਣਾ ਪ੍ਰਤਾਪ ਨੂੰ ਕੈਦ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵੀ ਜ਼ਿਕਰ ਕੀਤਾ ਹੈ। ਕਦੀ ਕੁੰਬਲਗੜ੍ਹ ਵਿਚ ਤੇ ਕਦੀ ਮੇਵਾੜ ਵਿਚ ਕਦੀ ਸ਼ਾਹਬਾਜ਼ ਖ਼ਾਨ ਅਤੇ ਕਦੀ ਰੁਸਤਮ ਖ਼ਾਨ ਨਾਲ ਸੰਘਰਸ਼ ਕਰਦਿਆਂ ਮਹਾਰਾਣਾ ਨੇ ਅਕਬਰ ਦੀ ਈਨ ਨਾ ਮੰਨੀ। ਇਹ ਗੱਲ ਹੁਣ ਅਕਬਰ ਵੀ ਜਾਣ ਚੁੱਕਾ ਸੀ, ਇਸ ਲਈ ਉਸ ਨੇ ਵੀ ਹਮਲੇ ਕਰਨੇ ਛੱਡ ਦਿੱਤੇ। ਮਹਾਰਾਣਾ ਦੀ ਮੌਤ 57 ਸਾਲ ਦੀ ਉਮਰ ਵਿਚ ਹੋਈ। ਲੇਖਕ ਨੇ ਸਾਰੇ ਇਤਿਹਾਸ ਨੂੰ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤਾ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਸੰਗੀਤ ਚੇਤਨਾ
ਲੇਖਕ : ਪ੍ਰੋ. ਸ਼ਮਸ਼ਾਦ ਅਲੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ ਰਾਮਪੁਰ (ਲੁਧਿਆਣਾ)
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98725-72737

ਪ੍ਰੋ. ਸ਼ਮਸ਼ਾਦ ਅਲੀ, ਐਸੋਸੀਏਟ ਪ੍ਰੋਫ਼ੈਸਰ, ਸੰਗੀਤ ਵਿਭਾਗ ਪ੍ਰਸਿੱਧ ਕਾਲਜ ਮੁਕੰਮਦਪੁਰ ਵਿਖੇ ਆਪਣੀ ਡਿਊਟੀ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਅ ਰਿਹਾ ਹੈ। ਸੰਗੀਤ ਪ੍ਰਤੀ ਕੁਝ ਕਰ ਗੁਜ਼ਰਨ ਦੀ ਚੇਸ਼ਟਾ ਕਰਕੇ, ਇਸ ਖੇਤਰ ਦੀ ਹਰ ਸਮੱਸਿਆ ਨਾਲ ਆਪਣੇ ਅਨੁਭਵ ਦੇ ਆਧਾਰ 'ਤੇ ਡੂੰਘੀ ਖੋਜ ਕਰਕੇ ਹੋਰਨਾਂ ਵਿਦਵਾਨਾਂ ਦੇ ਵਿਚਾਰ ਪੇਸ਼ ਕਰਕੇ ਸੰਗੀਤ ਦੇ ਫੀਲਡ ਦੀਆਂ ਉਦਾਹਰਨਾਂ ਦੇ ਕੇ ਸੰਗੀਤ ਦੇ ਵਿਕਾਸ ਲਈ ਬੜਾ ਕੁਝ ਸੂਝ ਭਰਿਆ ਤਰਕਪੂਰਨ ਵਿਸ਼ਲੇਸ਼ਣ ਕਰਕੇ ਸੰਗੀਤ ਖੇਤਰ ਦੇ ਅਧਿਆਪਕਾਂ ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ਮੁੱਲਵਾਨ ਅਗਵਾਈ ਪ੍ਰਦਾਨ ਕੀਤੀ ਹੈ। ਪੁਸਤਕ ਦੇ ਸਾਰੇ ਦੇ ਸਾਰੇ 24 ਕਾਂਡਾਂ ਵਿਚ ਸੰਬੰਧਿਤ ਵਿਸ਼ੇ 'ਤੇ ਕੇਂਦਰਿਤ ਰਹਿੰਦਿਆਂ ਉਸ ਵਿਸ਼ੇ ਦੀ ਪਰਿਭਾਸ਼ਾ, ਸਿਧਾਂਤ, ਥਿਊਰੀ ਦੇਣ ਉਪਰੰਤ, ਹਰ ਖੇਤਰ ਦੀਆਂ ਸਮੱਸਿਆਵਾਂ, ਉਨ੍ਹਾਂ ਦੇ ਨਿੱਜੀ ਅਨੁਭਵ ਅਨੁਸਾਰ ਹੱਲ ਸੁਝਾਉਂਦਿਆਂ ਬੜੀਆਂ ਵਿਹਾਰਿਕ ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ ਤਾਂ ਕਿ ਸੰਬੰਧਿਤ ਕਾਰਜ ਖੇਤਰ 'ਤੇ ਵਿਸ਼ੇਸ਼ ਧਿਆਨ ਦੇ ਕੇ ਸੁਧਾਰ ਦੀ ਪ੍ਰਕਿਰਿਆ ਚਾਲੂ ਹੋ ਸਕੇ। ਇਸੇ ਮਨੋਰਥ ਲਈ ਲੇਖਕ ਨੇ ਆਪਣੀ ਸੰਸਥਾ ਵਿਚ 'ਸੰਗੀਤ ਚੇਤਨਾ ਸਭਾ' ਬਣਾਈ ਹੋਈ ਹੈ। ਪੁਰਾਤਨ ਸਮੇਂ ਤੋਂ ਸੰਗੀਤ ਦੀ ਪਰੰਪਰਾ ਦਾ ਉਥਾਨ ਅਤੇ ਪਤਨ, ਵੱਖ-ਵੱਖ ਇਤਿਹਾਸਕ ਕਾਡਾਂ ਵਿਚ ਬਾਖੂਬੀ ਦਰਸਾਇਆ ਹੈ। ਗੁਰੂ ਕੁਲ/ ਸ਼ਿਸ਼ ਪਰੰਪਰਾ / ਘਰਾਣੇਦਾਰ ਪਰੰਪਰਾ ਦੇ ਮੁਕਾਬਲੇ ਅਜੋਕਾ ਦ੍ਰਿਸ਼ ਵੇਖ ਕੇ, ਲੇਖਕ ਅਨੁਸਾਰ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਦੱਸਿਆ ਗਿਆ ਹੈ ਸੰਗੀਤ ਕੀ ਹੈ, ਇਸ ਦੇ ਕਿਹੜੇ ਰੂਪ ਹਨ, ਮਨੁੱਖੀ ਜੀਵਨ ਵਿਚ ਸੰਗੀਤ ਕਿਵੇਂ ਸਾਰਥਿਕ ਰੋਲ ਨਿਭਾ ਸਕਦਾ ਹੈ? ਸੰਗੀਤ ਦੀਆਂ ਸਾਰੀਆਂ ਪਰੰਪਰਾਵਾਂ ਵਿਚ ਭਾਰਤੀ ਸ਼ਾਸਤਰੀ ਸੰਗੀਤ 'ਕੇਂਦਰੀ ਸਥਾਨ' ਪ੍ਰਾਪਤ ਕਰਦਾ ਨੋਟ ਕੀਤਾ ਜਾ ਸਕਦਾ ਹੈ। ਸਮੇਂ ਦੀ ਲੋੜ ਹੈ ਜਨ-ਸਾਧਾਰਨ ਵੀ ਸ਼ਾਸਤਰੀ ਸੰਗੀਤ, ਸੁਗਮ ਸੰਗੀਤ, ਧਾਰਮਿਕ ਸੰਗੀਤ ਨਾਲ ਜੁੜਿਆ ਰਹੇ। 'ਸੰਗੀਤ ਭਾਵੇਂ ਗਾਇਨ ਹੋਵੇ ਜਾਂ ਵਾਦਕ ਦੋਵਾਂ ਵਿਚ ਗਲੇ ਅਤੇ ਹੱਥ ਨੂੰ ਤਿਆਰ ਕਰਨਾ ਬਹੁਤ ਹੀ ਗੰਭੀਰ ਅਤੇ ਤਕਨੀਕੀ ਵਿਸ਼ਾ ਹੈ।' ਪੰਨਾ.77 ਸੁਰਾਂ ਤੋਂ ਬਿਨਾਂ ਰਾਗ ਨਹੀਂ ਹੋ ਸਕਦਾ। ਰਾਗਾਂ ਨੂੰ ਸਮੇਂ ਨਾਲ ਸੰਬੰਧਿਤ ਕਰਨਾ ਵਾਦ-ਵਿਵਾਦ ਦਾ ਵਿਸ਼ਾ ਹੈ। ਲੇਖਕ ਦਾ ਮੰਤਵ ਆਪਣੇ ਵਿਦਿਆਰਥੀਆਂ ਦੀ ਅੰਦਰੂਨੀ ਪ੍ਰਤਿਭਾ ਨੂੰ ਉਭਾਰਨਾ ਪ੍ਰਤੀਤ ਹੁੰਦਾ ਹੈ। ਯੁਵਕ ਮੇਲਿਆਂ ਦੀ ਸਥਿਤੀ ਦਾ ਨਿਰਪੱਖ ਵਿਸ਼ਲੇਸ਼ਣ ਕੀਤਾ ਹੈ। ਲੇਖਕ ਅਜੋਕੇ ਸਮੇਂ ਪੇਸ਼ ਹੋਣ ਵਾਲੇ ਗੀਤਾਂ ਵਿਚ ਅਸ਼ਲੀਲਤਾ ਅਤੇ ਰੀਮਿਕਸ ਤੋਂ ਚਿੰਤਤ ਜਾਪਦਾ ਹੈ। ਲੇਖਕ ਗੁਰਮਤਿ ਸੰਗੀਤ, ਸੂਫ਼ੀ ਸੰਗੀਤ, ਲੋਕ ਸੰਗੀਤ, ਤਬਲਾ ਵਾਦਨ, ਸੰਗੀਤ ਪੱਤਰਕਾਰੀ ਇਤਿਆਦਿ ਫੁਟਕਲ ਵਿਸ਼ਿਆਂ ਬਾਰੇ ਵੀ ਮੁੱਲਵਾਨ/ਵਿਚਾਰਨਯੋਗ ਜਾਣਕਾਰੀ ਦਿੰਦਾ ਹੈ। ਪੁਸਤਕ ਦੇ ਅੰਤ 'ਤੇ ਸ਼ਾਸਤਰੀ ਸੰਗੀਤ, ਲੋਕ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਸਾਜ਼ਾਂ ਦੀਆਂ ਤਸਵੀਰਾਂ ਦੇ ਕੇ ਆਪਣੇ ਵਿਚਾਰਾਂ ਨੂੰ ਪ੍ਰਮਾਣਿਤ ਕਰਦਾ ਹੈ। ਕੁੱਲ ਮਿਲਾ ਕੇ ਇਹ ਪੁਸਤਕ 'ਸੰਗੀਤ ਚੇਤਨਾ' ਬਾਰੇ ਬਹੁਮੁੱਲਾ ਦਸਤਾਵੇਜ਼ ਹੋ ਨਿੱਬੜੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharmchand@gmail.com

10-11-2024

 ਕੁਸ਼ਤਾ ਗ਼ਜ਼ਲ ਸੰਗ੍ਰਹਿ
ਗ਼ਜ਼ਲਕਾਰ : ਮੌਲਾ ਬਖ਼ਸ਼ ਕੁਸ਼ਤਾ
ਲਿਪੀਅੰਤਰ : ਰਘਬੀਰ ਸਿੰਘ ਭਰਤ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 94635-26893

1903 ਵਿਚ ਛਪਿਆ ਉਨ੍ਹਾਂ ਦਾ ਦੀਵਾਨ ਪੰਜਾਬੀ ਭਾਸ਼ਾ ਵਿਚ ਪਹਿਲਾ ਦੀਵਾਨ ਮੰਨਿਆਂ ਜਾਂਦਾ ਹੈ। ਗ਼ਜ਼ਲ ਵੱਲ ਆਕਰਸ਼ਿਤ ਹੋਈਆਂ ਨਵੀਆਂ ਕਲਮਾਂ ਕੁਸ਼ਤਾ ਦੇ ਨਾਂਅ ਤੋਂ ਤਾਂ ਵਾਕਿਫ਼ ਹੋਣਗੀਆਂ ਕੁਝ ਨੇ ਕੁਸ਼ਤਾ ਦੀਆਂ ਇਕਾ-ਦੁੱਕਾ ਗ਼ਜ਼ਲਾਂ ਵੀ ਪੜ੍ਹੀਆਂ ਹੋਣਗੀਆਂ, ਪਰ ਇਕ ਪੁਸਤਕ ਵਿਚ ਉਨ੍ਹਾਂ ਦੀਆਂ ਗ਼ਜ਼ਲਾਂ ਦਾ ਮਿਲਣਾ ਸ਼ਾਇਦ ਬਹੁਤਿਆਂ ਨੂੰ ਪ੍ਰਾਪਤ ਨਹੀਂ ਹੋਇਆ ਹੋਵੇਗਾ। ਮੈਂ 'ਕੁਸ਼ਤਾ ਗ਼ਜ਼ਲ ਸੰਗ੍ਰਹਿ' ਨੂੰ ਏਸੇ ਲਈ ਇਕ ਮਹੱਤਵਪੂਰਨ ਪੇਸ਼ਕਾਰੀ ਸਮਝਦਾ ਹਾਂ ਜੋ ਉਂਨੀਵੀਂ ਸਦੀ ਵਿਚ ਲਿਖੀ ਗਈ ਪੰਜਾਬੀ ਗ਼ਜ਼ਲ ਦੀ ਸ਼ਨਾਖ਼ਤ ਵੀ ਕਰਦੀ ਹੈ। ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ ਦੀ ਗ਼ਜ਼ਲਕਾਰੀ ਨੂੰ ਸਮਝਣ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨੇੜਿਓਂ ਜਾਨਣ ਲਈ ਇਹ ਪੁਸਤਕ ਬਹੁਤ ਲਾਹੇਬੰਦੀ ਸਾਬਿਤ ਹੁੰਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਦੇ ਮੁੱਢਲੇ ਸਫ਼ਿਆਂ 'ਤੇ ਪੰਜਾਬੀ ਦੇ ਸਮਰੱਥ ਵਿਦਵਾਨਾਂ ਚੌਧਰੀ ਮੁਹੰਮਦ ਅਫ਼ਜ਼ਲ ਖ਼ਾਂ (ਸਪੁੱਤਰ ਮੌਲਾ ਬਖ਼ਸ਼ ਕੁਸ਼ਤਾ ਅੰਮ੍ਰਿਤਸਰੀ) ਤੇ ਡਾ. ਦੀਵਾਨ ਸਿੰਘ ਦੇ ਕੁਸ਼ਤਾ ਬਾਰੇ ਜਾਣਕਾਰੀ ਭਰਪੂਰ ਲੇਖ ਵੀ ਸ਼ਾਮਿਲ ਕੀਤੇ ਗਏ ਹਨ। ਇਸ ਸੰਗ੍ਰਹਿ ਵਿਚ ਕੁਸ਼ਤਾ ਦੀਆਂ 133 ਗ਼ਜ਼ਲਾਂ ਛਾਪੀਆਂ ਗਈਆਂ ਹਨ ਜਿਨ੍ਹਾਂ ਵਿਚ ਸੂਫ਼ੀਆਨਾ ਜਲੌਅ, ਇਸ਼ਕ ਦਾ ਜਲਾਲ, ਦੇਸ਼ ਪਿਆਰ ਤੇ ਉੱਚ ਮਾਨਵੀ ਕਦਰਾਂ-ਕੀਮਤਾਂ ਦੀ ਕਾਇਮੀ ਲਈ ਨਸੀਹਤਾਂ ਮਿਲਦੀਆਂ ਹਨ। ਬਿਨਾਂ ਸ਼ੱਕ ਪੰਜਾਬੀ ਗ਼ਜ਼ਲ ਹੁਣ ਕਿਤੇ ਦੀ ਕਿਤੇ ਪਹੁੰਚ ਗਈ ਹੈ ਪਰ ਇਨ੍ਹਾਂ ਗ਼ਜ਼ਲਾਂ ਨੂੰ ਉਸੇ ਦੌਰ ਦੇ ਸੰਦਰਭ ਵਿਚ ਪੜ੍ਹਿਆ ਤੇ ਮਾਣਿਆਂ ਜਾਣਾ ਚਾਹੀਦਾ ਹੈ। ਉਂਝ ਵੀ ਕੁਸ਼ਤਾ ਪੰਜਾਬੀ ਗ਼ਜ਼ਲਕਾਰਾਂ ਦੇ ਵਡੇਰੇ ਹਨ ਤੇ ਉਨ੍ਹਾਂ ਦੇ ਕਲਾਮ ਦਾ ਪਾਠ ਤੇ ਅਧਿਐਨ ਸ਼ਰਧਾ ਦੇ ਕਾਬਿਲ ਹੈ। ਅਜਿਹਾ ਵੀ ਨਹੀਂ ਹੈ ਕਿ ਕੁਸ਼ਤਾ ਦੀਆਂ ਗ਼ਜ਼ਲਾਂ ਸਿਰਫ਼ ਮਹਿਬੂਬ ਨੂੰ ਮਖ਼ਾਤਿਬ ਹਨ ਸਗੋਂ ਇਨ੍ਹਾਂ ਵਿਚ ਪਰਵਾਸ ਦਾ ਦਰਦ, ਅਮੀਰੀ-ਗ਼ਰੀਬੀ ਤੇ ਮਿੱਤਰਘਾਤ ਦਾ ਵਰਨਣ ਵੀ ਮਿਲਦਾ ਹੈ। ਇਨ੍ਹਾਂ ਗ਼ਜ਼ਲਾਂ ਰਾਹੀਂ ਪਾਠਕ ਨੂੰ ਉਸ ਦੌਰ ਦੇ ਸਮਾਜਿਕ ਜੀਣ ਥੀਣ ਬਾਰੇ ਵੀ ਜਾਣਕਾਰੀ ਮਿਲਦੀ ਹੈ। ਨਿਸ਼ਚੇ ਹੀ ਇਹ ਪੁਸਤਕ ਮਹੱਤਵਪੂਰਨ ਪ੍ਰਕਾਸ਼ਨਾ ਹੈ ਇਸ ਲਈ ਰਘਬੀਰ ਸਿੰਘ ਭਰਤ ਤੇ ਲਾਹੌਰ ਬੁੱਕ ਸ਼ਾਪ ਦੋਵੇਂ ਹੀ ਮੁਬਾਰਕ ਦੇ ਹੱਕਦਾਰ ਹਨ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002


ਸਪਤ ਸ੍ਰਿੰਗ ਦਾ ਇਤਿਹਾਸ
ਲੇਖਕ : ਹਰਭਜਨ ਸਿੰਘ ਭਗਰੱਥ
ਪ੍ਰਕਾਸ਼ਕ : ਮਨੀਸ਼ਾ ਪ੍ਰਕਾਸ਼ਨ ਭੇਲਾਂ, ਜਲੰਧਰ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 97799-76307

ਲੇਖਕ ਦਾ ਹਥਲਾ ਸਫ਼ਰਨਾਮਾ ਉਸ ਦੀ ਪਲੇਠੀ ਰਚਨਾ ਹੈ। ਇਸ ਸਫ਼ਰਨਾਮੇ ਨੂੰ ਪੁਸਤਕ ਰੂਪ ਦੇਣ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਪਰ ਕਿਸ਼ਤਵਾਰ ਲਗਾਤਾਰ ਲਿਖ ਕੇ ਪਾਠਕਾਂ ਨੂੰ ਆਪਣੇ ਨਾਲ ਤੁਰਨ ਲਈ ਪ੍ਰੇਰਿਤ ਕੀਤਾ। ਹੁਣ ਇਸ ਨੂੰ ਪੁਸਤਕ ਰੂਪ ਦੇ ਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਲੇਖਕ ਨੇ ਇਸ ਸਫ਼ਰਨਾਮੇ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣੇ ਘੁਮੱਕੜ ਸੁਭਾਅ ਦਾ ਵਰਣਨ ਕਰਦਿਆਂ ਦੱਸਿਆ ਕਿ 2007 ਵਿਚ ਉਸ ਨੇ ਆਪਣੀ ਸਰਕਾਰੀ ਨੌਕਰੀ 'ਚੋਂ ਤਿੰਨ ਮਹੀਨੇ ਦੀ ਬਿਨਾਂ ਤਨਖਾਹ ਤੋਂ ਛੁੱਟੀ ਲੈ ਕੇ ਆਪਣੇ ਸਾਈਕਲ ਉੱਪਰ ਭਾਰਤ ਦੀ ਯਾਤਰਾ ਕਰਦਿਆਂ ਲਗਭਗ 5000 ਕਿੱਲੋਮੀਟਰ ਦਾ ਸਫ਼ਰ ਕੀਤਾ ਹੈ, ਜਿਸ ਦੌਰਾਨ ਉਸ ਨੇ ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਕੇਰਲਾ, ਤਾਮਿਲਨਾਡੂ, ਓਡੀਸ਼ਾ, ਬੰਗਾਲ, ਬਿਹਾਰ, ਯੂ.ਪੀ. ਤੇ ਹਰਿਆਣਾ ਆਦਿ ਦੀ ਯਾਤਰਾ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੀ ਸੀ। ਉੱਤਰੀ ਭਾਰਤ ਦੇ ਗੁਰਧਾਮਾਂ ਦੀ ਯਾਤਰਾ ਵੀ ਉਹ ਕਰ ਚੁੱਕਾ ਹੈ। ਉਸ ਨੇ ਕਦੇ ਵੀ ਤਕਲੀਫ਼ਾਂ, ਮੁਸ਼ਕਿਲਾਂ ਅਤੇ ਕਠਿਨਾਈਆਂ ਨਾਲ ਸਮਝੌਤਾ ਨਹੀਂ ਕੀਤਾ। ਲੇਖਕ ਕੁਦਰਤ ਦਾ ਪ੍ਰੇਮੀ ਹੈ। ਮਨੁੱਖਤਾ ਦਾ ਪਿਆਰ ਉਸ ਦੀ ਰਗ-ਰਗ ਵਿਚ ਵਸਿਆ ਹੋਇਆ ਹੈ। ਇਸ ਯਾਤਰਾ ਨੂੰ ਉਸ ਨੇ 59 ਵੱਖ-ਵੱਖ ਭਾਗਾਂ ਵਿਚ ਵੰਡ ਕੇ ਆਪਣੇ ਇਸ ਅਨੋਖੇ ਸਫ਼ਰ ਨੂੰ ਸੰਪੂਰਨਤਾ ਦਿੱਤੀ ਹੈ। ਯਾਤਰਾ ਦੇ ਨਾਲ-ਨਾਲ ਉਸ ਨੇ ਗੁਰਧਾਮਾਂ ਦੇ ਇਤਿਹਾਸ ਨੂੰ ਵੀ ਸੰਖੇਪ ਰੂਪ ਵਿਚ ਦੱਸਣ ਦਾ ਉਪਰਾਲਾ ਕੀਤਾ ਹੈ। ਆਪਣੇ ਉਸਤਾਦ ਰੂਪ ਲਾਲ ਰੂਪ ਨੂੰ ਇਹ ਪੁਸਤਕ ਸਮਰਪਿਤ ਕੀਤੀ ਹੈ, ਜਿਸ ਪਾਸੋਂ ਉਸ ਨੂੰ ਲਿਖਣ ਦੀ ਰੁਚੀ ਤੇ ਪ੍ਰੇਰਨਾ ਮਿਲਦੀ ਰਹੀ ਹੈ।
ਇਸ ਸਫ਼ਰ ਨੂੰ ਲੇਖਕ ਨੇ ਆਪਣੇ ਸਾਥੀ ਬਾਬਾ ਬੂਟ ਨਾਲ ਆਪਣੀ ਆਖ਼ਰੀ ਮੰਜ਼ਿਲ ਤੱਕ ਤੈਅ ਕੀਤਾ। ਰਸਤੇ ਵਿਚ ਆਏ ਗੁਰਧਾਮਾਂ, ਤੀਰਥ ਅਸਥਾਨਾਂ, ਪ੍ਰਮੁੱਖ ਸ਼ਹਿਰਾਂ, ਡੈਮਾਂ, ਨਦੀਆਂ-ਨਾਲਿਆਂ ਨੂੰ ਬਹੁਤ ਬਾਰੀਕਬੀਨੀ ਨਾਲ ਤੱਕਿਆ। 'ਸਪਤਸ੍ਰਿੰਗ' ਦੀ ਇਹ ਯਾਤਰਾ ਲੇਖਕ ਨੇ ਆਪਣੇ ਸ਼ਹਿਰ ਤਰਨ ਤਾਰਨ ਤੋਂ ਮੋਟਰਸਾਈਕਲ ਦੀ ਸਵਾਰੀ ਕਰਦਿਆਂ ਆਪਣੇ ਇਕ ਸਾਥੀ ਸਮੇਤ ਸ਼ੁਰੂ ਕਰਕੇ ਬਾਬਾ ਸ੍ਰੀਚੰਦ ਜੀ ਦੇ ਅਸਥਾਨ ਗੁਰਦੁਆਰਾ ਬਾਠ ਸਾਹਿਬ, ਡਲਹੌਜ਼ੀ, ਖਜਿਆਰ, ਪਾਲਮਪੁਰ, ਮੰਡੀ, ਸੁੰਦਰ ਨਗਰ, ਚੰਡੀਗੜ੍ਹ, ਨਾਢਾ ਸਾਹਿਬ, ਸ੍ਰੀ ਪਾਉਂਟਾ ਸਾਹਿਬ, ਦੇਹਰਾਦੂਨ, ਰਿਸ਼ੀਕੇਸ਼, ਬਿਆਸੀ, ਤੀਨਧਾਰਾ, ਦੇਵ ਪ੍ਰਯਾਗ, ਰੁਦਰ ਪ੍ਰਯਾਗ, ਨਗਰਾਸੂ, ਸ੍ਰੀਨਗਰ, ਕਰਨ ਪ੍ਰਯਾਗ, ਚਮੋਲੀ, ਨੰਦ ਪ੍ਰਯਾਗ, ਪਿੱਪਲੀ, ਜੋਸ਼ੀ ਮੱਠ ਤੇ ਗੋਬਿੰਦਘਾਟ ਤੱਕ ਕੀਤੀ। ਸਫ਼ਰ ਦੌਰਾਨ ਮੀਂਹ, ਹਨੇਰੀ, ਠੰਢੀਆਂ ਹਵਾਵਾਂ, ਬਰਫ਼ਬਾਰੀ ਦੌਰਾਨ ਆਈਆਂ ਕਠਿਨਾਈਆਂ ਨੂੰ ਸਰੀਰ ਉੱਪਰ ਹੰਢਾਇਆ। ਸ੍ਰੀ ਹੇਮਕੁੰਟ ਸਾਹਿਬ ਦੇ ਪੈਦਲ ਸਫ਼ਰ ਨੂੰ ਵੀ ਸਰਬੰਸਦਾਨੀ ਪਿਤਾ ਦਾ ਸ਼ੁਕਰਾਨਾ ਕਰਦਿਆਂ ਸੰਪੂਰਨ ਕੀਤਾ।
ਸਫ਼ਰਨਾਮੇ ਨੂੰ ਲਿਖਣ ਸਮੇਂ ਰੌਚਕਿਤਾ ਬਣਾਈ ਰੱਖਣਾ ਲੇਖਕ ਦਾ ਮੀਰੀ ਗੁਣ ਹੁੰਦਾ ਹੈ। ਕਾਫ਼ੀ ਹੱਦ ਤੱਕ ਲੇਖਕ ਨੇ ਇਸ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਸਤਕ ਦੇ ਆਰੰਭ ਵਿਚ ਲੇਖਕ ਦੇ ਉਸਤਾਦ/ਟੀਚਰ ਨੇ ਦੋ ਸ਼ਬਦ ਭੂਮਿਕਾ ਵਜੋਂ ਲਿਖ ਕੇ ਲੇਖਕ ਦੀ ਹੌਸਲਾ ਅਫ਼ਜ਼ਾਈ ਕੀਤੀ ਹੈ। ਲੇਖਕ ਜਸਵਿੰਦਰ ਸਿੰਘ ਢਿੱਲੋਂ, ਮਾਸਟਰ ਸਕੱਤਰ ਸਿੰਘ ਅਤੇ ਬਲਵਿੰਦਰ ਕੌਰ ਔਜਲਾ ਯੂ.ਐਸ.ਏ. ਨੇ ਵੀ ਪੁਸਤਕ ਦੇ ਆਰੰਭ ਵਿਚ ਪੁਸਤਕ ਦੇ ਲੇਖਕ ਦੇ ਉੱਦਮ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਪੁਸਤਕ ਪਾਠਕਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪ੍ਰੇਰਿਤ ਕਰਨ ਵਿਚ ਹਮੇਸ਼ਾ ਰਾਹ-ਦਸੇਰੇ ਵਜੋਂ ਮਾਰਗ-ਦਰਸ਼ਨ ਕਰਦੀ ਰਹੇਗੀ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਦਾਸਤਾਨ-ਏ... ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ
ਲੇਖਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟਰੱਸਟ (ਰਜਿ.), ਸੁਨੇਤ (ਲੁਧਿਆਣਾ)
ਮੁੱਲ : 100 ਰੁਪਏ, ਸਫ਼ੇ : 101
ਸੰਪਰਕ : 98153-17028

ਲੇਖਕ ਦਾ ਰੁਝਾਨ ਦੇਸ਼ ਭਗਤਾਂ ਦੀਆਂ ਪੁਸਤਕਾਂ ਦੀ ਰਚਨਾ ਕਰਨ ਵੱਲ ਹੈ। ਪੁਸਤਕ ਸਮੀਖਿਆ ਲਈ ਸਾਡੇ ਹੱਥ ਇਹ ਉਸ ਦੀ ਦੂਸਰੀ ਪੁਸਤਕ ਲੱਗੀ ਹੈ। ਲੇਖਕ ਨੇ ਕੁਝ ਸ਼ਬਦ ਵਿਚ ਕਿਹਾ ਵੀ ਹੈ ਕਿ ਮੈਂ ਕਾਫ਼ੀ ਸਾਰੀਆਂ ਕਿਤਾਬਾਂ ਪੜ੍ਹ ਕੇ ਇਹ ਤੱਥ ਸੰਗ੍ਰਹਿ ਕਰਨ ਦਾ ਯਤਨ ਕੀਤਾ ਹੈ। ਬਿਲਕੁਲ ਠੀਕ ਹੈ। ਲੇਖਕ ਨੇ ਵਧੀਆ ਤਰੀਕੇ ਨਾਲ ਜਾਣਕਾਰੀ ਇਕੱਤਰ ਕਰ ਕੇ ਇਹ ਸੰਗ੍ਰਹਿ ਤਿਆਰ ਕੀਤਾ ਹੈ। ਲੇਖਕ ਦੀ ਆਪਣੀ ਉਪਜ ਤਾਂ ਬੱਸ ਜਾਣਕਾਰੀ ਇਕੱਤਰ ਕਰਨ ਦੀ ਬਾਕਮਾਲ ਕਲਾ ਹੈ। ਗ਼ਦਰੀ ਸ਼ਹੀਦ ਭਾਨ ਸਿੰਘ ਸੁਨੇਤ ਪਿੰਡ ਦਾ ਜੰਮਪਲ ਹੈ। ਅੰਗਰੇਜ਼ਾਂ ਦੇ 'ਘੋੜ ਸਵਾਰ' ਰਸਾਲੇ ਵਿਚ ਨੌਕਰੀ ਕੀਤੀ ਪਰ ਛੱਡ ਦਿੱਤੀ। 1913 'ਚ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ। 1914 ਵਿਚ 173 ਜੁਝਾਰੂ ਫੌਜੀ ਫੜੇ ਗਏ ਜਿਨ੍ਹਾਂ 'ਚ ਬਾਬਾ ਭਾਨ ਸਿੰਘ ਵੀ ਸੀ। ਇਨ੍ਹਾਂ 'ਚੋਂ 24 ਗ਼ਦਰੀਆਂ ਨੂੰ ਫਾਂਸੀ ਦੇ ਦਿੱਤੀ ਗਈ ਤੇ 27 ਨੂੰ ਕਾਲੇ ਪਾਣੀ ਦੀ ਸਜ਼ਾ ਦੇ ਦਿੱਤੀ ਗਈ। ਇਨ੍ਹਾਂ 'ਚੋਂ ਬਾਬਾ ਭਾਨ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਗਈ, ਪਿੰਜਰੇ 'ਚ ਵੀ ਰੱਖਿਆ ਗਿਆ। ਆਖ਼ਿਰ 2 ਮਾਰਚ, 1918 ਨੂੰ ਇਹ ਜੁਝਾਰੂ ਯੋਧਾ ਸ਼ਹੀਦੀ ਦਾ ਜਾਮ ਪੀ ਗਿਆ। ਲੇਖਕ ਨੇ ਪੁਸਤਕ ਸੈਲੂਲਰ ਜੇਲ੍ਹ ਦੇ ਨਾਇਕ ਵਿਚੋਂ ਪੰਨਾ 163 ਤੋਂ 167 ਤੱਕ ਗ਼ਦਰੀ ਅਤੇ ਦੇਸ਼ ਨਿਕਾਲਾ ਪਾਠ 'ਚੋਂ ਹਵਾਲਾ ਦਿੱਤਾ ਹੈ, ਜਿਸ ਵਿਚ ਬਾਬਾ ਭਾਨ ਸਿੰਘ ਨੂੰ ਦਿੱਤੇ ਅਣਮਨੁੱਖੀ ਤਸੀਹਿਆਂ ਦਾ ਜ਼ਿਕਰ ਕੀਤਾ ਹੈ, ਜਿਸ ਨਾਲ ਪਾਠਕ ਦੇ ਲੂ-ਕੰਡੇ ਖੜ੍ਹੇ ਹੋ ਜਾਂਦੇ ਹਨ। ਕਹਿਣ ਦਾ ਭਾਵ ਹੈ ਕਿ ਲੇਖਕ ਦੀ ਇਹ ਪੁਸਤਕ ਵੀ ਬਾਕੀਆਂ ਵਾਂਗ ਨਿੱਠ ਕੇ ਪੜ੍ਹਨ ਦੀ ਲੋੜ ਹੈ। ਅਜਿਹੇ ਨਿਵੇਕਲੇ ਉਪਰਾਲਿਆਂ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

 

ਗੁਰਬਾਣੀ ਲਿਪੀ ਗੁੱਝੇ ਭੇਦ
ਲੇਖਕ : ਨਿਹਾਲ ਸਿੰਘ ਮਾਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 300 ਰੁਪਏ, ਸਫ਼ੇ : 168
ਸੰਪਰਕ : 99157-20743

ਹਥਲੀ ਪੋਥੀ ਵਿਚ ਸ. ਨਿਹਾਲ ਸਿੰਘ ਮਾਨ ਨੇ ਗੁਰਬਾਣੀ ਦੇ ਸ਼ਬਦ ਜੋੜਾਂ ਸੰਬੰਧੀ ਆਪਣੀ ਖੋਜ ਦੇ ਕੁਝ ਨਿਰਣੇ ਪਾਠਕਾਂ ਨਾਲ ਸਾਂਝੇ ਕੀਤੇ ਹਨ। ਸਾਡੇ ਇਧਰ, ਸਿੱਖ ਧਰਮ ਵਿਚ ਗੁਰਬਾਣੀ ਨੂੰ 'ਗੁਰੂ' ਦਾ ਦਰਜਾ ਦਿੱਤਾ ਗਿਆ ਹੈ। ਦਸਮੇਸ਼ ਪਿਤਾ ਨੇ 1708 ਈ. ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਅਰਫਤ ਸ਼ਬਦ-ਗੁਰੂ ਦਾ ਅਭਿਸ਼ੇਕ 'ਗੁਰੂ' ਵਜੋਂ ਕਰ ਦਿੱਤਾ ਸੀ, ਭਾਵੇਂ ਪ੍ਰਥਮ ਗੁਰੂ ਨਾਨਕ ਦੇਵ ਜੀ ਨੇ ਵੀ ਸ਼ਬਦ ਨੂੰ 'ਗੁਰੂ ਪਦ' ਨਾਲ ਸੁਸ਼ੋਭਿਤ ਕਰ ਦਿੱਤਾ ਸੀ ਅਤੇ ਉਨ੍ਹਾਂ ਉਪਰੰਤ ਸਮੂਹ ਸਿੱਖ ਸਤਿਗੁਰਾਂ ਨੇ 'ਸ਼ਬਦ ਗੁਰੂ' ਦੀ ਧਾਰਨਾ ਉਪਰ ਨਿਰੰਤਰ ਪਹਿਰਾ ਦਿੱਤਾ ਸੀ।
ਸ. ਨਿਹਾਲ ਸਿੰਘ ਨੇ ਕੁਝ ਤਾਂ ਆਪਣੀ ਮਿਹਨਤ ਅਤੇ ਅਭਿਆਸ ਨਾਲ ਗੁਰਬਾਣੀ ਦੇ ਸ਼ਬਦ ਜੋੜਾਂ ਦਾ ਰਹੱਸ ਲੱਭ ਲਿਆ ਸੀ ਅਤੇ ਕੁਝ ਅਗਵਾਈ ਉਸ ਨੇ ਪ੍ਰਿੰ. ਸਾਹਿਬ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਅਤੇ ਕੁਝ ਹੋਰ ਗੁਰਮਤਿ ਦੇ ਅਭਿਲਾਖੀ ਵਿਦਵਾਨਾਂ ਤੋਂ ਹਾਸਲ ਕਰ ਲਈ ਸੀ, ਜਿਸ ਦੇ ਸਿੱਟੇ ਵਜੋਂ ਉਸ ਨੇ ਆਪਣੀ ਜਾਣਕਾਰੀ ਨੂੰ ਪੰਜਾਬੀ ਪਾਠਕਾਂ ਨਾਲ ਸਾਂਝੀ ਕਰਨ ਦਾ ਮਨ ਬਣਾ ਲਿਆ। ਹਥਲੀ ਪੋਥੀ ਵਿਚ ਔਂਕੜ-ਅੰਤ, ਸਿਹਾਰੀ-ਅੰਤ ਅਤੇ ਮੁਕਤਾ-ਅੰਤ ਵਾਲੇ ਸ਼ਬਦਾਂ ਦੀ ਵਿਆਕਰਣਿਕ ਜੁਗਾਉ ਅਤੇ ਸੰਰਚਨਾ ਬਾਰੇ ਸੁਚੱਜੀ ਤੇ ਸੁਖੈਨ ਚਰਚਾ ਮਿਲਦੀ ਹੈ। ਗੁਰਬਾਣੀ ਵਿਚ ਮਿਲਦੇ ਨਾਂਵ-ਸ਼ਬਦਾਂ ਦੇ 'ਜੈਂਡਰ' ਅਤੇ 'ਵਚਨ' ਸੰਬੰਧੀ ਸੂਚਨਾਵਾਂ ਵੀ ਸ਼ਬਦ-ਜੋੜਾਂ ਤੋਂ ਮਿਲ ਜਾਂਦੀਆਂ ਹਨ। ਇਸੇ ਤਰ੍ਹਾਂ ਕਿਸੇ ਸ਼ਬਦ ਵਿਸ਼ੇਸ਼ ਦੇ ਕਾਰਕੀ ਰੂਪ ਬਾਰੇ ਵੀ ਇਥੋਂ ਹੀ ਪਤਾ ਚੱਲ ਜਾਂਦਾ ਹੈ।
ਭਾਰਤ ਵਿਚ ਸੰਸਕ੍ਰਿਤ ਅਤੇ ਪ੍ਰਾਕਿਰਤਾਂ ਵਰਗੀਆਂ ਸੰਯੋਗਾਤਮਕ ਭਾਸ਼ਾਵਾਂ ਵਿਚ ਵੀ ਸ਼ਬਦ ਜੋੜਾਂ ਦੀ ਅਜਿਹੀ ਜੁਗਤ ਦਾ ਪ੍ਰਯੋਗ ਹੋਇਆ ਹੈ ਪਰ ਉਨ੍ਹਾਂ ਭਾਸ਼ਾਵਾਂ ਦੀ ਲਿਖਤ ਦੌਰਾਨ ਕੋਈ ਵਿਸ਼ੇਸ਼ ਸਾਵਧਾਨੀ ਨਹੀਂ ਵਰਤੀ ਗਈ। ਜਦੋਂ ਕਿ ਗੁਰਬਾਣੀ ਵਿਚ ਸ਼ਬਦ ਜੋੜਾਂ ਦੇ ਸਿਧਾਂਤ ਉੱਪਰ ਡਟ ਕੇ ਪਹਿਰਾ ਦਿੱਤਾ ਗਿਆ ਹੈ। ਸਾਡੇ ਸਤਿਗੁਰਾਂ ਨੇ ਭਾਸ਼ਾ ਦੇ ਵਿਆਕਰਣਿਕ, ਕਾਵਿ-ਸ਼ਾਸਤਰੀ ਅਤੇ ਸੰਗੀਤ-ਸ਼ਾਸਤਰੀ ਪਰਿਪੇਖ ਦੇ ਸੁਮੇਲ ਦੁਆਰਾ ਗੁਰਬਾਣੀ ਦੀ ਰਚਨਾ ਕੀਤੀ ਹੈ। ਅਰਥ-ਬੋਧ ਸਮੇਂ ਇਨ੍ਹਾਂ ਸਮੂਹ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਅੱਗੇ ਵਧਣਾ ਹੋਵੇਗਾ। ਮੈਂ ਸਰਦਾਰ ਨਿਹਾਲ ਸਿੰਘ ਮਾਨ ਦੇ ਇਸ ਸੁਹਿਰਦ ਯਤਨ ਦੀ ਸ਼ੋਭਾ ਕਰਦਾ ਹਾਂ। ਸਾਬਾਸ਼!

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136


ਗੁਰਬਾਣੀ ਚਿੰਤਨ
ਲੇਖਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ ਸਮਾਣਾ
ਭੇਟਾ : 450 ਰੁਪਏ, ਸਫ਼ੇ : 290
ਸੰਪਰਕ : 99588-31357

ਹੱਥਲੀ ਪੁਸਤਕ ਦਾ ਕਰਤਾ ਸਾਹਿਤ ਦੇ ਖੇਤਰ ਵਿਚ ਸਥਾਪਤ ਤੇ ਕਾਫੀ ਮਾਨ ਸਨਮਾਨ ਪ੍ਰਾਪਤ ਚਰਚਿਤ ਲੇਖਕ ਹੈ। ਉਸ ਦਾ ਅਲੋਚਨਾ ਦੇ ਖੇਤਰ ਵਿਚ ਚੰਗਾ ਨਾਂਅ ਹੈ, ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਅਲੋਚਨਾ ਦੀਆਂ ਕਈ ਦਰਜਨਾਂ ਪੁਸਤਕਾਂ ਹਨ। ਕਾਵਿਤਾ, ਕਹਾਣੀ, ਬਾਲ ਸਾਹਿਤ, ਨਾਵਲ ਅਤੇ ਜੀਵਨੀਆਂ ਤੇ ਫਖ਼ਰਯੋਗ ਕੰਮ ਕੀਤਾ ਹੈ, ਦਰਜਨਾਂ ਪੁਸਤਕਾਂ ਦਾ ਅਨੁਵਾਦ ਕੀਤਾ ਹੈ। ਲੇਖਕ ਪੰਜਾਬੀ ਭਵਨ ਦਿੱਲੀ ਦੇ ਨਿਰਦੇਸ਼ਕ ਅਤੇ ਨੈਸ਼ਨਲ ਬੁੱਕ ਟਰੱਸਟ ਇੰਡੀਆਂ ਨਵੀਂ ਦਿਲੀ ਸੰਪਾਦਕ ਵਜੋਂ ਵੀ ਸੇਵਾਵਾਂ ਨਿਭਾਅ ਚੁੱਕਾ ਹੈ।
ਡਾ. ਬਲਦੇਵ ਸਿੰਘ 'ਬੱਦਨ' ਦਾ ਵਿਸ਼ੇਸ਼ ਖੇਤਰ ਧਰਮ ਤੇ ਧਰਮ ਵਿਗਿਆਨ ਹੈ। ਹਥਲੀ ਪੁਸਤਕ ਵਿਚ ਗੁਰੂ ਸਹਿਬਾਨ ਅਤੇ ਭਗਤ ਸਹਿਬਾਨ ਜੀ ਦੀ ਬਾਣੀ ਦੇ ਅਧਿਐਨ ਦੇ ਨਵੇਂ ਪਾਸਾਰ ਉਜਾਗਰ ਕੀਤੇ ਗਏ ਹਨ। ਇਸ ਪੁਸਤਕ ਵਿਚ ਹੇਠ ਲਿਖੇ 18 ਖੋਜ ਪੱਤਰ ਸ਼ਾਮਿਲ ਹਨ, ਭਗਤ ਨਾਮਦੇਵ ਜੀ ਦੀ ਵਿਚਾਰਧਾਰਾ, ਗੁਰੂ ਨਾਨਕ ਦੇਵ ਜੀ ਦੀ 'ਆਸਾ ਦੀ ਵਾਰ, ਗੁਰਬਾਣੀ ਵਿਚ ਸਤਿ ਸੰਗਤ ਦਾ ਸੰਕਲਪ, ਸੁਖਮਨੀ-ਰਸ-ਮੀਸਾਂਸਾ, ਗੁਰਬਾਣੀ-ਰਾਜਸੀ ਵਿਚਾਰਾਂ ਦੀ ਪ੍ਰਾਸੰਗਿਕਤਾ, ਦਲ ਭੋਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ, ਅੱਠਵੀਂ ਨਾਨਕ ਜੋਤਿ-ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਮਨੁੱਖਤਾ ਦੇ ਪੁਜਾਰੀ-ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਖ਼ਾਲਸਾ ਮੇਰੋ ਰੂਪ ਹੈ ਖਾਸ, ਗੁਰੂ ਰਵਿਦਾਸ ਜੀ ਦੀ ਬਾਣੀ ਦਾ ਸੰਦੇਸ਼, ਸਮਕਾਲੀ ਸਮਾਜ ਤੇ ਗੁਰੂ ਰਵਿਦਾਸ ਜੀ ਦੀ ਬਾਣੀ, ਏਕਤਾ ਅਤੇ ਸਮਾਨਤਾ ਦੇ ਅਗਰਦੂਤ ਗੁਰੂ ਰਵਿਦਾਸ ਜੀ, ਗੁਰੂ ਰਵਿਦਾਸ ਬਾਣੀ ਦਾ ਸਮਾਜਕ ਸੰਦਰਭ, ਬਾਬਾ ਸ਼ੇਖ਼ ਫਰੀਦ ਬਾਣੀ ਦਾ ਵਿਚਾਰ ਪੱਖ, ਭਗਤ ਸਧਨਾ ਜੀ, ਸੇਵਾ ਦਾ ਗੁਰਮਤਿ ਸੰਦਰਭ, ਗੁਰਬਾਣੀ ਵਿਚ ਆਦਰਸ਼ ਮਨੁੱਖ-ਗੁਰਮੁਖ ਆਦਿ। ਭਗਤ ਨਾਮਦੇਵ ਜੀ ਭਗਤੀ ਲਹਿਰ ਦੇ ਮੋਢੀ ਸਨ। ਉਹ ਵਾਰਕਰੀ ਸੰਪ੍ਰਦਾਇ ਦੀ ਵਿੱਠਲ ਭਗਤੀ ਤੋਂ ਆਪਣੀ ਸਾਧਨਾ ਸ਼ੁਰੂ ਕਰਦੇ ਹਨ ਅਤੇ ਪ੍ਰੇਮ ਮਾਰਗ ਤੋਂ ਹੁੰਦੇ ਹੋਏ ਨਾਮ-ਭਗਤੀ ਅਤੇ ਨਿਰਗੁਣ ਬ੍ਰਹਮ ਦੀ ਅਵਧਾਰਨਾ ਵਾਲੇ ਵੇਦਾਂਤ-ਗੁਰਮਤਿ ਮਤ ਦੇ ਸਹਿਜ ਮਾਰਗ' ਨੂੰ ਆਪਣਾਉਣ ਅਤੇ ਸਮਾਜ ਦੀਆਂ ਨੈਤਿਕ ਧਾਰਮਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਵਾਲੇ ਮਸਤ ਮੌਲਾ ਤੇ ਬ੍ਰਹਮਗਿਆਨੀ'' ਸੰਤ ਸਨ। ਭਗਤ ਨਾਮਦੇਵ ਜੀ ਨੇ ਪ੍ਰਭੂ ਲਈ ਜੋ ਨਾਂ ਭਿੰਨ-ਭਿੰਨ ਪ੍ਰਸੰਗਾਂ ਵਿਚ ਵਰਤੇ ਹਨ, ਉਹ ਇਸ ਤਰ੍ਹਾਂ ਹਨ: ਬੀਠਲ, ਬੀਠੁਲਾ, ਬਾਪ ਬੀਠੁਲਾ ਦੇਵ, ਦੇਵਾ, ਸੁਆਮੀ, ਕੇਸ਼ਵ, ਕੇਸ਼ੋ ਰਾਮ, ਰਾਮ ਸਨੇਹੀ, ਰਾਮਾ, ਪ੍ਰਭੂ, ਦੁਲਹ ਪ੍ਰਭੂ, ਰਾਜਾ ਰਾਮ, ਗੋਬਿੰਦ, ਗੋਬਿੰਦ ਰਾਇ, ਬ੍ਰਹਮ, ਪਾਰਬ੍ਰਹਮ, ਬ੍ਰਹਮਜੋਤੀ, ਤੱਤ, ਪਰਮਤੱਤ, ਮੁਰਾਰੀ, ਗੋਪਾਲ, ਗੁਪਾਲ, ਗੋਪਾਲ ਰਾਇ, ਸ੍ਰੀ ਗੋਪਾਲ, ਗੋਸਾਈਂ, ਕ੍ਰਿਸ਼ਨ, ਕ੍ਰਿਸ਼ਨਾ, ਸਿਆਮ, ਕੇਸੋ ਸਾਂਵਲੀਓ, ਬੀਠੁਲਾਇ, ਜਾਦਮ ਰਾਇਆ, ਪਤਿਤ ਮਾਧਉ, ਦੀਨ ਕਾ ਦਇਆਲ ਮਾਧੋ, ਠਾਕੁਰ, ਹਰਿ, ਖਸਮ, ਰਮਈਆ, ਰਾਮਈਆ, ਬੇਢੀ (ਬਢਾਈ), ਪ੍ਰਾਣ ਆਧਾਰ, ਨਾਰਾਇਣ, ਸ੍ਰੀ ਨਾਰਾਇਣ, ਅਲਖ, ਨਿਰੰਕਾਰ, ਨਿਰੰਜਨ, ਕਵਲਾਪਤੀ, ਕਰੀਮਾਂ, ਰਹੀਮਾਂ, ਅਲਾਹ, ਗਨੀ, ਖੁਦਾਇ, ਪਾਤਿਸਾਹ, ਸਾਂਵੇਲ ਬਰਨਾ, ਅਨੰਤਾ, ਗੁਰਦੇਵ, ਨਰਹਰੀ, ਸ੍ਰੀਰੰਗ, ਸਚਿਨਾਇ, ਭਗਵਾਨ, ਅੰਤਰਯਾਮੀ, ਜਗਜੀਵਨ, ਅਕਲ ਪੁਰਖ, ਨਰ ਸਿੰਘ, ਅਭੈ ਪਦ ਦਾਤਾ, ਅਤਿਭੁਜ, ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ। ਇਹ ਸਾਰੇ ਨਾ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਨਾਮਦੇਵ ਬਾਣੀ ਵਿਚੋਂ ਹੀ ਲਏ ਗਏ ਹਨ, ਮਰਾਠੀ ਅਭੰਗਾਂ ਵਿਚੋਂ ਹੋਰ ਵੀ ਬਹੁਤ ਸਾਰੇ ਨਾਂਅ ਮਿਲ ਜਾਣਗੇ। ਇਨ੍ਹਾਂ ਨਾਵਾਂ ਨੂੰ ਡੂੰਘੀ ਨੀਝ ਨਾਲ ਤੱਕਿਆਂ ਪਤਾ ਚੱਲਦਾ ਹੈ ਕਿ ਨਾਮਦੇਵ ਲਈ ਸਰਗੁਣੀ ਤੇ ਨਿਰਗੁਣੀ ਨਾਵਾਂ ਵਿਚੋਂ ਨਾ ਕਿਸੇ ਲਈ ਵਿਸ਼ੇਸ਼ ਖਿੱਚ ਹੈ ਤੇ ਨਾ ਲਕੀਰਾਂ ਖਿੱਚਣ ਦਾ ਜਤਨ ਹੀ ਦਿਸਦਾ ਹੈ। ਉਨ੍ਹਾਂ ਨੂੰ ਭਗਤੀ ਭਾਵ ਦੇ ਆਵੇਸ਼ ਵਿਚ ਜਾਂ ਸਮੇਂ, ਸਥਾਨ ਤੇ ਪ੍ਰਸੰਗ ਵਿਚ ਜਿਹੜਾ ਨਾਂਅ ਵਧੇਰੇ ਚੰਗਾ ਲੱਗਾ ਉਹੋ ਅਪਣਾ ਲਿਆ ਗਿਆ ਹੈ। ਇਹ ਪੁਸਤਕ ਗੁਰਮਤਿ ਸਾਹਿਤ ਦਾ ਅਧਿਐਨ ਕਰਨ ਵਾਲਿਆ ਲਈ ਸਹਾਇਕ ਹੋਵੇਗੀ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

 

ਸਾਡੇ ਨਾਲੋਂ ਪੰਛੀ ਚੰਗੇ
ਲੇਖਕ : ਬਲਵਿੰਦਰ ਸਿੰਘ 'ਬਿੰਦੀ ਪੰਧੇਰ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 92
ਸੰਪਰਕ : 95011-45039

ਹਥਲੀ ਪੁਸਤਕ 'ਸਾਡੇ ਨਾਲੋਂ ਪੰਛੀ ਚੰਗੇ' ਬਲਵਿੰਦਰ ਸਿੰਘ 'ਬਿੰਦੀ ਪੰਧੇਰ' ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਬੇਸ਼ੱਕ ਪੁਸਤਕ ਸੰਬੰਧੀ ਲਿਖੇ ਸ਼ਬਦਾਂ ਵਿਚ ਉਹ ਆਪਣੀ ਇਸ ਪੁਸਤਕ ਨੂੰ ਕਾਵਿ-ਸੰਗ੍ਰਹਿ ਦਾ ਨਾਂਅ ਦੇਣਾ ਉੱਚਿਤ ਨਹੀਂ ਸਮਝਦੇ ਪਰ ਪੁਸਤਕ ਦੇ ਪਾਠ ਦਾ ਆਨੰਦ ਮਾਣਦਿਆਂ ਪਾਠਕ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੀ ਕਵਿਤਾ ਵਿਚ ਸਹਿਜ ਵੀ ਹੈ ਅਤੇ ਸੁਹਜ ਵੀ। ਉਨ੍ਹਾਂ ਕੋਲ ਆਰਥਿਕ, ਸਮਾਜਿਕ ਜਾਂ ਧਾਰਮਿਕ ਮੁੱਦਿਆਂ ਨੂੰ ਉਭਾਰਨ ਦਾ ਹੌਸਲਾ ਵੀ ਹੈ ਅਤੇ ਉਨ੍ਹਾਂ ਨੂੰ ਬਿਆਨਣ ਦਾ ਹੁਨਰ ਵੀ:
ਪੱਥਰਾਂ ਵਿਚ ਵੀ ਦਿੰਦਾ ਹੈ ਖਾਣ ਨੂੰ ਅੰਨ ਪ੍ਰਮਾਤਮਾ,
ਬੰਦਿਆਂ ਦੇ ਮੂੰਹੋਂ ਖੋਹ ਖੋਹ ਖਾਂਦੈ ਅੰਨ ਬੰਦਾ ਧਰਮਾਤਮਾ।
ਬਲਵਿੰਦਰ ਸਿੰਘ 'ਬਿੰਦੀ ਪੰਧੇਰ' ਸਮਝਦੇ ਹਨ ਕਿ ਘਰ ਕੇਵਲ ਇੱਟਾਂ, ਸੀਮਿੰਟ ਜਾਂ ਰੇਤੇ-ਬਜਰੀ ਦੀ ਉਸਾਰੀ ਹੀ ਨਹੀਂ ਹੁੰਦਾ ਅਤੇ ਘਰ ਵਿਚ ਰਹਿਣ ਵਾਲੇ ਲੋਕ ਉਸ ਘਰ ਤੋਂ ਕਿਸੇ ਤਰ੍ਹਾਂ ਵੀ ਵੱਖਰੇ ਨਹੀਂ ਹੁੰਦੇ। ਘਰ ਵਿਚ ਰਹਿਣ ਵਾਲੇ ਲੋਕਾਂ ਨਾਲ ਘਰ ਵੀ ਸਾਹ ਲੈਂਦਾ ਹੈ, ਉਨ੍ਹਾਂ ਨਾਲ ਦੁਖੀ ਅਤੇ ਸੁਖੀ ਹੁੰਦਾ ਹੈ। ਜ਼ਿੰਦਗੀ ਦੇ ਹਰ ਉਤਰਾਅ ਅਤੇ ਚੜ੍ਹਾਅ ਵਿਚ ਘਰ ਹਮੇਸ਼ਾ ਹੀ ਉਨ੍ਹਾਂ ਨਾਲ ਇਕਸੁਰ ਰਹਿੰਦਾ ਹੈ। ਘਰ ਅਤੇ ਆਲ੍ਹਣੇ ਵਿਚਲੀ ਸੂਖਮ ਤੰਦ ਬਾਰੇ ਵੀ ਉਹ ਬੜੇ ਸਪੱਸ਼ਟ ਦਿਖਾਈ ਦਿੰਦੇ ਹਨ:
ਪੰਛੀ ਬਣਾ ਲੈਂਦੇ ਹਨ 'ਆਲ੍ਹਣਾ'
ਘਰ ਤੁਹਾਡਾ,
ਛੱਡ ਕੇ ਘਰ ਤੁਸੀਂ 'ਆਲ੍ਹਣਾ'
ਬਣਾ ਲੈਂਦੇ ਹੋ ਜਦ ਕਿਧਰੇ।
ਇਹ ਵੀ ਉਨ੍ਹਾਂ ਦੀ ਕਾਵਿਕਤਾ ਦਾ ਹੀ ਹਾਸਿਲ ਹੈ ਕਿ ਖੂਹ, ਖੇਤੀ, ਚਰਖੇ ਅਤੇ ਰਸੋਈ ਆਦਿ ਨਾਲ ਸੰਬੰਧਿਤ ਸਾਡੀ ਬੋਲਚਾਲ ਵਿਚੋਂ ਗੁਆਚ ਚੁੱਕੇ ਬੇਸ਼ੁਮਾਰ ਸ਼ਬਦਾਂ ਵਿਚੋਂ ਸੈਂਕੜੇ ਸ਼ਬਦ ਉਨ੍ਹਾਂ ਦੀ ਕਵਿਤਾ ਦੇ ਅੰਗ-ਸੰਗ ਤੁਰਦੇ ਹਨ। ਇਹ ਸ਼ਬਦ ਸਾਨੂੰ ਸਾਡੇ ਅਮੀਰ ਸੱਭਿਆਚਾਰ ਦੀ ਯਾਦ ਦਿਵਾਉਂਦੇ ਹਨ। ਪੁਸਤਕ ਵਿਚ ਸ਼ਾਮਿਲ ਕੁਝ ਨਿੱਕੀਆਂ-ਨਿੱਕੀਆਂ ਕਾਵਿ-ਟੁਕੜੀਆਂ ਵੀ ਹਨ, ਜੋ ਆਪਣੇ-ਆਪ ਵਿਚ ਬੜੇ ਗੰਭੀਰ ਅਤੇ ਅਹਿਮ ਪ੍ਰਵਚਨ ਸਮੋਈ ਬੈਠੀਆਂ ਹਨ। ਸਾਹਿਤਕ ਸਫ਼ਰ ਵਿਚ ਅਜੇ ਉਨ੍ਹਾਂ ਦਾ ਪਹਿਲਾ ਕਦਮ ਹੈ। ਇਸ ਲਈ ਹੋਰ ਮਿਆਰੀ ਸਿਰਜਣਾ ਦੀ ਉਮੀਦ ਨਾਲ ਉਨ੍ਹਾਂ ਦਾ ਪੁਰਜ਼ੋਰ ਸਵਾਗਤ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

 

ਸ਼ਬਦਾਂ ਦੇ ਸੂਰਜ
ਲੇਖਕ : ਸੁਰਿੰਦਰ ਮਕਸੂਦਪੁਰੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 99187-10234

ਵੇਦਨਾ, ਹੂਕ, ਦੁਮੇਲ ਤੋਂ ਪਰ੍ਹੇ ਅਤੇ ਕਵਿਤਾ ਅਕਵਿਤਾ ਕਾਵਿ-ਪੁਸਤਕਾਂ ਦਾ ਰਚੇਤਾ ਸੁਰਿੰਦਰ ਮਕਸੂਦਪੁਰੀ 'ਸ਼ਬਦਾਂ ਦੇ ਸੂਰਜ' ਕਾਵਿ-ਸੰਗ੍ਰਹਿ ਦੀ ਦੂਜੀ ਛਾਪ ਲੈ ਕੇ ਆਪਣੀ ਕਾਵਿ-ਦ੍ਰਿਸ਼ਟੀ ਦਾ ਹੋਕਾ ਦੇਣ ਲਈ ਹਾਜ਼ਰ ਹੋਇਆ ਹੈ। ਉਸ ਨੂੰ ਸ਼ਬਦ ਦੀ ਮਹਿਮਾ, ਸ਼ਕਤੀ ਤੇ ਪ੍ਰਕਾਸ਼ ਦੇ ਸੰਦਰਭ 'ਚ ਕਵਿਤਾਵਾਂ ਸਿਰਜਣੀਆਂ ਆਉਂਦੀਆਂ ਹਨ। ਉਹ ਕਵਿਤਾ ਦਾ ਅਜਿਹਾ ਦੌੜਾਕ ਹੈ ਕਿ ਕਦੇ ਪੰਜਾਬ ਅਤੇ ਕਦੇ ਵਿਦੇਸ਼ ਉਡਾਰੀ ਮਾਰਦਾ ਤੇ ਉਥੋਂ ਮਨ-ਭਾਉਂਦੀਆਂ ਭਾਵਨਾਵਾਂ ਨੂੰ ਕਾਵਿਕ-ਰੂਪਾਂਤਰ 'ਚ ਬਦਲ ਦਿੰਦਾ ਹੈ। ਇਸ ਪ੍ਰਸੰਗ 'ਚ ਲਾਸਟ ਰਾਈਡ, ਜਾਗਦੇ ਦੇਸ਼ ਨੂੰ ਮਿਲਦਿਆਂ (ਅਮਰੀਕਾ) ਅਤੇ ਆਈ ਐਮ ਲੌਸਟ ਕਵਿਤਾਵਾਂ ਪੜ੍ਹੀਆਂ ਜਾ ਸਕਦੀਆਂ ਹਨ। ਉਹ ਸੱਚ ਕਹਿੰਦਾ ਹੈ : 'ਇਹ ਜ਼ਿੰਦਗੀ ਹੀ ਕਵਿਤਾ, ਇਹ ਬੰਦਗੀ ਹੀ ਕਵਿਤਾ ਹੈ।' ਹੋਰ ਪੁਸ਼ਟੀ ਕਰਨ ਲਈ 'ਕਲਮ ਕਵੀ ਦੀ' ਅਤੇ 'ਕਵਿਤਾ ਦਾ ਜਨਮ' ਕਾਫ਼ੀ ਹਨ। ਉਸ ਨੂੰ ਆਪਣੀ ਪਤਨੀ ਨਾਲ ਸੰਵਾਦ ਰਚਾਉਂਦੀਆਂ ਕਵਿਤਾਵਾਂ ਲਿਖਣ ਦੀ ਵੀ ਤਲਬ ਰਹਿੰਦੀ ਹੈ ਜਿਵੇਂ 'ਤਲਖ ਤਜਰਬਾ' ਅਤੇ 'ਰੂਹ ਦੀ ਗੱਲ' ਕਵਿਤਾਵਾਂ। ਮਕਸੂਦਪੁਰੀ ਨੂੰ ਪ੍ਰਕਿਰਤੀ ਨਾਲ ਗੁਫ਼ਤਗੂ ਕਰਨੀ ਆਉਂਦੀ ਹੈ, ਦ੍ਰਿਸ਼-ਵਰਣਨ ਚਿਤਰਨੇ ਆਉਂਦੇ ਹਨ। ਉਸ ਦੀ ਮੁਹੱਬਤ 'ਚ ਕੁਦਰਤ ਵਸਦੀ। ਅੱਜ ਦਾ ਮਨੁੱਖ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਵਿਡੰਬਨਾ ਦੀ ਰੁੱਤ ਨੂੰ ਉਹ ਕਦੇ ਪਾਣੀ ਪਿਤਾ, ਪਵਨ ਗੁਰੂ, ਸੂਰਜ ਦੇਵਤਾ ਅਤੇ ਧਰਤੀ ਮਾਂ ਦੇ ਪਵਿੱਤਰ ਕਾਰਜਾਂ ਰਾਹੀਂ ਸੰਬੋਧਨ ਕਰਦਾ। ਉਸ ਨੂੰ ਪੰਜਾਬ 'ਚ ਵਾਪਰਦੇ ਅਣਸੁਖਾਵੇਂ ਹਾਲਾਤ ਦੀ ਚਿੰਤਾ ਹੈ। ਕਿਸਾਨ ਅੰਦੋਲਨ, ਕੋਰੋਨਾ ਅਤੇ ਹੋਰ ਮਾਰੂ ਘਟਨਾਵਾਂ ਉਸ ਦੀ ਕਵਿਤਾ ਦਾ ਪੱਲੂ ਫੜਦੀਆਂ ਹਨ। 'ਆਓ ਦੋਸਤੋ ਦੋ ਗੱਲਾਂ ਕਰੀਏ, ਜੀਵਨ ਚਿੰਤਨ-ਮੰਥਨ ਕਰੀਏ', 'ਮੈਂ, ਮਾਂ ਤੇ ਕਵਿਤਾ' ਬੜੀ ਮੁਹੱਬਤੀ ਸੰਵੇਦਨਾ ਵਾਲੀ ਕਵਿਤਾ। 'ਪਿਆਰ ਦਾ ਪੈਗਾਮ' ਕਵਿਤਾ ਸਰਬੱਤ ਦੇ ਭਲੇ ਦੀ ਪਰਿਕਰਮਾ ਕਰਦੀ : ਰੋਜ਼ੀ-ਰੋਟੀ, ਕੱਪੜੇ ਤੋਂ ਵਾਂਝਾ, ਘਰੋਂ ਬੇਘਰ ਹੋਵੇ ਨਾ ਕੋਈ।' 'ਬੀਹੀ 'ਚ ਬਲਦੀ ਬੱਤੀ' ਕਵਿਤਾ ਸ਼ਿਵ ਕੁਮਾਰ ਦੀ ਕਵਿਤਾ 'ਬੀਹੀ ਦੀ ਬੱਤੀ' ਯਾਦ ਕਰਾਉਂਦੀ ਹੈ। ਇੰਝ ਹੀ 'ਤਿੜਕੇ ਘੜੇ ਦਾ ਪਾਣੀ' ਕਵਿਤਾ ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਬਿੰਦਰਖੀਆ ਦੇ ਗੀਤ ਨੂੰ ਯਾਦ ਕਰਾਉਂਦੀ। 'ਮੈਂ ਪਿੰਡ ਬੋਲਦਾ' ਪੰਜਾਬ ਦੇ ਅਜੋਕੇ ਦੁਖਾਂਤ ਤੇ ਸੰਤਾਪ ਨੂੰ ਬੜੀ ਡੂੰਘੀ ਸੰਵੇਦਨਾ ਨਾਲ ਬਿਆਨ ਕਰਦੀ : 'ਮੇਰੀ ਧਰਤੀ ਦਾ ਇਕ ਬੇਰੁਜ਼ਗਾਰ ਪੁੱਤਰ ਖ਼ੁਦਕੁਸ਼ੀ ਦੀ ਭੇਟ ਚੜ੍ਹਿਆ ਹੈ, ਦੂਸਰਾ ਨਸ਼ਿਆਂ ਦੇ ਛੇਵੇਂ ਦਰਿਆ 'ਚ ਹੜ੍ਹਿਆ ਹੈ।' ਮਕਸੂਦਪੁਰੀ ਦੀ ਇਹ ਸ਼ਾਇਰੀ ਸਮਿਆਂ ਨੂੰ ਸੰਬੋਧਨੀ ਸੁਰ ਵਾਲੀ ਹੈ। ਵਕਤ ਦੀਆਂ ਵੰਗਾਰਾਂ ਨੂੰ ਸ਼ਬਦਾਂ ਦੇ ਸੂਰਜ ਉਦੈ ਹੋਣ ਦੀ ਅਭਿਲਾਸ਼ਾ ਹੈ। 'ਮਾਂ ਬੋਲੀ ਬਨਾਮ ਮਾਂ ਦਿਵਸ' ਉਸ ਦੀ ਕਾਵਿ-ਸੰਵੇਦਨਾ ਨਾਲ ਓਤ-ਪੋਤ ਹੈ। 'ਰੁੱਖ ਤੇ ਮਨੁੱਖ' ਚੰਗਾ ਪ੍ਰਭਾਵ ਦਿੰਦੀ ਹੈ। ਅਸਲ ਵਿਚ ਇਹ ਸ਼ਾਇਰੀ ਸੁੰਦਰਤਾ, ਸੁਹਜ, ਬਰਾਬਰਤਾ ਤੇ ਚੰਗੇ ਮਨੁੱਖ ਦੀ ਹੋਣੀ ਲਈ ਬੰਦਗੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਨਜ਼ੀਰਾ ਬੇਗ਼ਮ
ਨਾਟਕਕਾਰ : ਮੋਹੀ ਅਮਰਜੀਤ ਸਿੰਘ
ਪ੍ਰਕਾਸ਼ਕ : ਹਾਊਸ ਆਫ਼ ਲਿਟਰੇਚਰ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 63
ਸੰਪਰਕ : 85690-63627

'ਨਜ਼ੀਰਾ ਬੇਗਮ' ਮੋਹੀ ਅਮਰਜੀਤ ਸਿੰਘ ਦਾ ਰਚਿਆ ਨਾਟਕ ਸੰਗ੍ਰਹਿ ਹੈ, ਜਿਸ ਵਿਚ 'ਤਪੱਸਿਆ' ਅਤੇ 'ਨਜ਼ੀਰਾ ਬੇਗਮ' ਦੋ ਨਾਟਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਨਾਟਕ ਅਜੋਕੀ ਪਦਾਰਥਵਾਦੀ ਜ਼ਿੰਦਗੀ ਦੀ ਉੱਥਲ-ਪੁੱਥਲ ਨੂੰ ਬੜੇ ਯਥਾਰਥਮਈ ਰੂਪ ਵਿਚ ਪ੍ਰਗਟਾਉਂਦੇ ਹਨ। ਨਾਟਕਕਾਰ ਨੇ ਇਨ੍ਹਾਂ ਦੋਵਾਂ ਨਾਟਕਾਂ ਰਾਹੀਂ ਸਮਾਜਿਕ, ਆਰਥਿਕ, ਰਾਜਨੀਤਕ ਜੀਵਨ ਦੇ ਨਾਲ-ਨਾਲ ਧਾਰਮਿਕ ਕੱਟੜਵਾਦ ਨੂੰ ਵੀ ਬਾਖ਼ੂਬੀ ਉਜਾਗਰ ਕੀਤਾ ਹੈ। ਅਸੀਂ ਜਾਣਦੇ ਹਾਂ ਕਿ ਆਮ ਲੋਕਾਂ ਨੂੰ ਜ਼ਿੰਦਗੀ ਦੇ ਸੱਚ ਤੋਂ ਜਾਣੂ ਕਰਵਾਉਣ ਲਈ ਜਿੰਨਾ ਵਧੀਆ ਰੋਲ ਨਾਟਕ ਅਤੇ ਰੰਗਮੰਚ ਅਦਾ ਕਰ ਸਕਦਾ ਹੈ, ਉਸ ਤੋਂ ਵਧੇਰੇ ਸਾਹਿਤ ਦੀ ਹੋਰ ਕੋਈ ਵਿਧਾ ਨਹੀਂ ਕਰ ਸਕਦੀ। ਇਨ੍ਹਾਂ ਦੋਵਾਂ ਨਾਟਕਾਂ ਨੂੰ ਕਈ-ਕਈ ਵਾਰੀ ਰੰਗਮੰਚ ਉੱਪਰ ਸਫ਼ਲਤਾ ਸਹਿਤ ਪੇਸ਼ ਕੀਤਾ ਜਾ ਚੁੱਕਾ ਹੈ। ਅੱਜ ਦੇ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਨੂੰ 'ਤਪੱਸਿਆ' ਨਾਟਕ ਵਿਚ ਬੜੇ ਜ਼ਬਰਦਸਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੰਜਾਬ ਦੇ ਬਹੁਤੇ ਘਰਾਂ ਵਿਚ ਮਾਪੇ ਆਪਣੀ ਜੱਦੀ ਪੁਸ਼ਤੀ ਜ਼ਮੀਨ ਨੂੰ ਵੇਚ ਕੇ ਜਾਂ ਫਿਰ ਬੈਂਕਾਂ ਤੋਂ ਮੋਟੀ ਰਕਮ ਕਰਜ਼ੇ ਦੇ ਰੂਪ ਵਿਚ ਲੈ ਕੇ ਆਪਣੇ ਇਕਲੌਤੇ ਪੁੱਤਰਾਂ ਨੂੰ ਰੋਜ਼ੀ ਰੋਟੀ ਦੀ ਭਾਲ ਵਿਚ ਵਿਦੇਸ਼ਾਂ ਨੂੰ ਘੱਲ ਰਹੇ ਹਨ। ਉਹ ਨੌਜਵਾਨ ਵਿਦੇਸ਼ੀ ਧਰਤੀ ਉੱਤੇ ਜਾ ਕੇ ਮਿਹਨਤ ਮਜ਼ਦੂਰੀ ਕਰਕੇ ਆਪਣੇ-ਆਪ ਨੂੰ ਆਰਥਿਕ ਤੌਰ 'ਤੇ ਤਾਂ ਮਜ਼ਬੂਤ ਕਰ ਲੈਂਦੇ ਹਨ, ਪਰੰਤੂ ਵਿਦੇਸ਼ੀ ਧਰਤੀ 'ਤੇ ਜਨਮੀ ਉਨ੍ਹਾਂ ਦੀ ਔਲਾਦ ਪੰਜਾਬ, ਪੰਜਾਬੀ, ਪੰਜਾਬੀਅਤ, ਪੰਜਾਬ ਦੀ ਧਰਤੀ, ਇੱਥੋਂ ਦੇ ਸੱਭਿਆਚਾਰ, ਆਪਣੇ ਦਾਦਾ-ਦਾਦੀ ਨਾਲ ਕੋਈ ਮੋਹ ਨਹੀਂ ਰੱਖਦੀ, ਜਿਸ ਕਰਕੇ ਪਿੱਛੇ ਪੰਜਾਬ ਵਿਚ ਰਹਿ ਗਏ ਬੇਬੇ ਬਾਪੂ ਬੁਢਾਪੇ ਵਿਚ ਇਕੱਲਤਾ ਦਾ ਜੀਵਨ ਜਿਊਣ ਲਈ ਮਜਬੂਰ ਹਨ, ਪਰੰਤੂ ਇਸ ਦੇ ਨਾਲ ਹੀ ਬਿਹਾਰ ਤੋਂ ਮਜ਼ਦੂਰੀ ਕਰਨ ਆਇਆ ਰਾਮਪਾਲ ਰਾਮੂ ਅਤੇ ਸਰਦਾਰਾਂ ਦੇ ਘਰ ਵਿਚ ਵੀਹ ਸਾਲ ਸੀਰੀ ਰਲਿਆ ਰਿਹਾ ਨਾਜਰ ਆਪਣੀਆਂ ਧੀਆਂ ਨੂੰ ਪੜ੍ਹਾ ਕੇ ਮਾਸਟਰਨੀ, ਡਾਕਟਰਨੀ ਬਣਾ ਲੈਂਦੇ ਹਨ। ਸਿੱਟੇ ਵਜੋਂ ਹੁਣ ਉਹ ਆਪਣੇ ਪਰਿਵਾਰਾਂ ਵਿਚ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ।
ਇਸੇ ਪ੍ਰਕਾਰ 'ਨਜ਼ੀਰਾ ਬੇਗਮ' ਨਾਟਕ ਵਿਚ ਮੋਹੀ ਨੇ ਧਾਰਮਿਕ ਕੱਟੜਵਾਦ ਨੂੰ ਮਾਨਵਤਾਵਾਦ ਤੋਂ ਹਾਰਦੇ ਦਿਖਾਇਆ ਹੈ। ਮੇਰਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਜਿਵੇਂ ਮੋਹੀ ਅਮਰਜੀਤ ਸਿੰਘ ਦੇ ਨਾਟਕ ਰੰਗਮੰਚ ਦ੍ਰਿਸ਼ਟੀਕੋਣ ਤੋਂ ਸਫ਼ਲ ਰਹੇ ਹਨ, ਉੱਥੇ 'ਨਜ਼ੀਰਾ ਬੇਗਮ' ਨਾਟਕ ਸੰਗ੍ਰਹਿ ਪੁਸਤਕ ਨੂੰ ਵੀ ਪੰਜਾਬੀ ਦੇ ਸੁਹਿਰਦ ਪਾਠਕ ਭਰਪੂਰ ਹੁੰਗਾਰਾ ਦੇਣਗੇ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020


ਮੇਰਾ ਜੀਵਨ ਸੰਘਰਸ਼
ਲੇਖਕ : ਕਰਨੈਲ ਸਿੰਘ ਸਹੋਤਾ
ਪ੍ਰਕਾਸ਼ਕ : ਭਾਰਤੀਆ ਵਾਲਮੀਕਿ ਸਭਾ (ਰਜਿ.)
ਮੁੱਲ : 501 ਰੁਪਏ, ਸਫ਼ੇ : 94
ਸੰਪਰਕ : 99154-78300

'ਮੇਰਾ ਜੀਵਨ ਸੰਘਰਸ਼' ਸੰਨ 2023 ਤੱਕ ਦੇ ਵਾਲਮੀਕਿ ਸਭਾ ਦੇ ਇਤਿਹਾਸ ਦਾ ਪੰਜਵਾਂ ਭਾਗ ਹੈ ਅਤੇ ਕਰਨੈਲ ਸਿੰਘ ਸਹੋਤਾ ਦੁਆਰਾ ਲਿਖਿਆ ਗਿਆ ਹੈ। ਦਰਅਸਲ ਇਹ ਪੁਸਤਕ ਉਸ ਦੇ ਜੀਵਨ ਵਿਚ ਕਿਸੇ ਮੁਕਾਮ ਤੱਕ ਪਹੁੰਚਣ ਲਈ ਕੀਤੇ ਸੰਘਰਸ਼ ਦੀ ਦਾਸਤਾਨ ਹੈ। ਨਾਲ਼ ਹੀ ਇਹ ਉਨ੍ਹਾਂ ਸਾਰੇ ਉਪਰਾਲਿਆਂ ਦਾ ਬਿਓਰਾ ਹੈ ਜੋ ਲੇਖਕ ਵਲੋਂ ਵਾਲਮੀਕਿ ਅਤੇ ਮਜ਼੍ਹਬੀ ਸਿੱਖਾਂ ਨੂੰ ਸਹੂਲਤਾਂ ਦਵਾਉਣ ਲਈ ਕੀਤੇ ਗਏ। ਇਹ ਪੁਸਤਕ 35 ਪਾਠਾਂ 'ਤੇ ਆਧਾਰਿਤ ਹੈ। ਲੇਖਕ ਇਸ ਸੰਬੰਧੀ ਗੱਲਬਾਤ ਆਪਣੇ ਬਚਪਨ ਤੋਂ ਸ਼ੁਰੂ ਕਰਦਾ ਹੈ। ਆਪਣੀ ਵਿੱਦਿਆ ਅਤੇ ਨੌਕਰੀ ਬਾਰੇ ਦੱਸ ਕੇ ਉਹ ਆਪਣੇ ਅਸਲ ਸੰਘਰਸ਼ ਦੀ ਗੱਲ ਸ਼ੁਰੂ ਕਰਦਾ ਹੈ। ਪਹਿਲਾਂ ਪੰਜਾਬ ਸਿਵਲ ਸਕੱਤਰੇਤ ਦੀ ਹੜਤਾਲ ਤੋਂ ਗੱਲ ਸ਼ੁਰੂ ਕਰਦਿਆਂ ਲੇਖਕ ਅਜਿਹੀਆਂ ਹਾਲਤਾਂ ਵਿਚ ਇਕ ਲੀਡਰ ਵਜੋਂ ਆਪਣੀਆਂ ਮੰਗਾਂ ਮਨਵਾਉਣ ਵਿਚ ਕਾਮਯਾਬ ਹੁੰਦਾ ਹੈ। ਇਸ ਤੋਂ ਅੱਗੇ ਕਦੀ ਕੋਈ ਮੰਗ ਪੱਤਰ ਅਤੇ ਕਦੀ ਕਿਸੇ ਹੋਰ ਸੰਘਰਸ਼ ਰਾਹੀਂ ਉਹ ਵਾਲਮੀਕਿ ਅਤੇ ਮਜ਼੍ਹਬੀ ਸਿੱਖਾਂ ਦੀ ਹੱਕ ਪ੍ਰਾਪਤ ਕਰਨ ਦੀ ਕਹਾਣੀ ਬਿਆਨ ਕਰਦਾ ਹੈ। ਇਸ ਦੌਰਾਨ ਪੰਡਤ ਬਖ਼ਸ਼ੀ ਰਾਮ ਦਾ ਵੀ ਦਿਹਾਂਤ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਕਰਨੈਲ ਸਿੰਘ ਸਹੋਤਾ ਵਲੋਂ ਆਪਣਾ ਸੰਘਰਸ਼ ਜਾਰੀ ਰੱਖਦਾ ਹੈ। ਇਸੇ ਦੌਰਾਨ ਵਾਲਮੀਕਿ ਸਭਾ ਦਾ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਵੀ ਲਗਾਤਾਰ ਕੋਸ਼ਿਸ਼ਾਂ ਰਾਹੀਂ ਪਨੋਰਮਾ ਕਮੇਟੀ ਦਾ ਗਠਨ ਹੁੰਦਾ ਹੈ ਅਤੇ ਰਿਜ਼ਰਵੇਸ਼ਨ ਐਕਟ ਪਾਸ ਹੁੰਦਾ ਹੈ। ਆਮ ਆਦਮੀ ਪਾਰਟੀ ਦੀਆਂ ਕੋਸ਼ਿਸ਼ਾਂ ਰਾਹੀਂ 12.5 ਪ੍ਰਤਿਸ਼ਤ ਰਿਜ਼ਰਵੇਸ਼ਨ ਸਹੀ ਘੋਸ਼ਿਤ ਹੁੰਦਾ ਹੈ। ਇਸ ਤੋਂ ਬਾਅਦ ਇਸ ਸਭਾ ਦਾ ਸੌ ਸਾਲਾਂ ਦਾ ਇਤਿਹਾਸ ਵੀ ਕਲਮਬੱਧ ਕੀਤਾ ਗਿਆ ਹੈ। ਇਸ ਸਭਾ ਦੇ ਹੁਣ ਤੱਕ ਰਹਿ ਚੁੱਕੇ ਪ੍ਰਧਾਨ ਸਾਹਿਬਾਨ ਬਾਬੂ ਗੰਡੂ ਦਾਸ, ਬਾਬੂ ਚੂਨੀ ਲਾਲ ਥਾਪਰ, ਚੌਧਰੀ ਡੋਗਰ ਰਾਮ, ਪੰਡਤ ਬਖ਼ਸ਼ੀ ਰਾਮ, ਭਗਤ ਗੁਰਾਂਦਾਸ ਹੰਸ, ਮਾਸਟਰ ਗਿਆਨ ਚੰਦ ਅਤੇ ਕਰਨੈਲ ਸਿੰਘ ਸਹੋਤਾ ਵਲੋਂ ਕੀਤੇ ਉਪਰਾਲੇ ਵੀ ਕਲਮਬੱਧ ਕੀਤੇ ਗਏ ਹਨ। ਪੁਸਤਕ ਦੇ ਅੰਤ ਵਿਚ ਕੁਝ ਵਾਲਮੀਕਿ ਲੀਡਰਾਂ ਦੀਆਂ ਜੀਵਨੀਆਂ ਦਿੱਤੀਆਂ ਗਈਆਂ ਹਨ। ਇਸ ਢੰਗ ਨਾਲ ਇਹ ਪੁਸਤਕ ਇਸ ਸਭਾ ਦਾ ਅਹਿਮ ਦਸਤਾਵੇਜ਼ ਸਾਬਤ ਹੁੰਦੀ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

 

ਸ਼ੁਭ ਕਰਮਨ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 95
ਸੰਪਰਕ : 94178-55876

ਇਤਿਹਾਸਕ ਨਾਵਲ, ਸਾਹਿਤ ਦਾ ਇਕ ਮਹੱਤਵਪੂਰਨ ਰੂਪ ਹੈ। ਇਸ ਦੁਆਰਾ ਪਾਠਕਾਂ ਨੂੰ ਸਮਕਾਲੀ ਜੀਵਨ ਦੀਆਂ ਇਤਿਹਾਸਕ ਘਟਨਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਲੇਖਕ, ਸੰਬੰਧਿਤ ਵਿਸ਼ੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਉਪਰੰਤ ਇਸ ਨੂੰ ਗਲਪ ਕਲਾ ਰਾਹੀਂ ਪ੍ਰਸਤੁਤ ਕਰਦਾ ਹੈ। ਪੰਜਾਬੀ ਸਾਹਿਤ ਵਿਚ ਇਤਿਹਾਸਕ ਨਾਵਲਾਂ ਦੀ ਘਾਟ ਨੂੰ ਪੂਰਾ ਕਰਨ ਹਿਤ ਹਰੀ ਸਿੰਘ ਢੁੱਡੀਕੇ ਨੇ ਆਪਣੇ ਨਵੇਂ ਨਾਵਲ 'ਸ਼ੁਭ ਕਰਮਨ' ਦੀ ਰਚਨਾ ਕੀਤੀ ਹੈ, ਇਸ ਤੋਂ ਪਹਿਲਾਂ ਉਸ ਦੇ ਕਈ ਇਤਿਹਾਸਕ ਨਾਵਲ ਅਤੇ ਹੋਰ ਲਿਖਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਨਾਵਲ ਦਾ ਨਾਇਕ ਰਾਮਗੜ੍ਹੀਆ ਮਿਸਲ ਦਾ ਮੁਖੀ ਸੂਰਬੀਰ ਜੱਸਾ ਸਿੰਘ ਰਾਮਗੜ੍ਹੀਆ ਹੈ। ਪਿਛੋਕੜ ਵਿਚ ਅਹਿਮਦਸ਼ਾਹ ਅਬਦਾਲੀ ਦੇ ਭਾਰਤ ਉਤੇ ਕੀਤੇ ਹਮਲਿਆਂ ਅਤੇ ਜ਼ੁਲਮਾਂ ਦਾ ਵਰਨਣ ਕਰਦਿਆਂ ਪੰਜਾਬ ਦੇ ਬਹਾਦਰ ਸਿੱਖਾਂ ਵਲੋਂ ਟੱਕਰ ਲੈਂਦਿਆਂ ਦਰਸਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਾਜਨਾ ਕਰਕੇ ਸਿੱਖਾਂ ਵਿਚ ਜੂਝ ਮਰਨ ਦੀ ਰੂਹ ਭਰ ਦਿੱਤੀ। ਜੱਸਾ ਸਿੰਘ ਨੇ ਪਹਿਲਾਂ ਗੁਰੂ ਸਾਹਿਬ ਅਤੇ ਬਾਅਦ ਵਿਚ ਮਾਤਾ ਸੁੰਦਰੀ ਜੀ ਦੀ ਅਗਵਾਈ ਵਿਚ ਸਿੱਖ ਧਰਮ ਦੇ ਮਹਾਨ ਵਿਰਸੇ ਅਤੇ ਸ਼ਸਤਰ ਵਿੱਦਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਨਾਵਲ ਦੇ ਇਸ ਮੁੱਖ ਪਾਤਰ ਦੇ ਨਾਲ ਲੇਖਕ ਨੇ ਬੰਦਾ ਸਿੰਘ, ਨਵਾਬ ਕਪੂਰ ਸਿੰਘ, ਮਤਾਬ ਸਿੰਘ ਭੰਗੂ, ਸੁੱਖਾ ਸਿੰਘ ਮਾੜੀ, ਜ਼ਕਰੀਆ ਖ਼ਾਨ, ਮੀਰ ਮੰਨੂੰ, ਅਦੀਨਾ ਬੇਗ, ਚੜ੍ਹਤ ਸਿੰਘ ਆਦਿ ਇਤਿਹਾਸਕ ਪਾਤਰਾਂ ਨਾਲ ਵੀ ਜਾਣ-ਪਛਾਣ ਕਰਵਾਈ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਪੰਜਾਬ ਵਿਚ ਹਾਹਾਕਾਰ ਮਚ ਗਈ। ਖ਼ਾਲਸਾ ਫ਼ੌਜ ਦੇ ਦੋ ਦਲ (ਬੁੱਢਾ ਦਲ ਤੇ ਤਰਨਾ ਦਲ) ਬਣਾ ਦਿੱਤੇ ਗਏ। ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅਘੜ ਸਿੰਘ ਨੇ ਅਬਦੁਲ ਰੱਜਾਕ ਤੇ ਕਾਜ਼ੀ ਨੂੰ ਕਤਲ ਕਰਕੇ ਭਾਈ ਸਾਹਿਬ ਦੀ ਸ਼ਹੀਦੀ ਦਾ ਬਦਲਾ ਲੈ ਲਿਆ। ਨਾਦਰਸ਼ਾਹ ਨੇ ਦਿੱਲੀ ਵਿਖੇ ਭਾਰੀ ਕਤਲੇ-ਆਮ ਤੇ ਲੁੱਟਮਾਰ ਕੀਤੀ। ਸਿੰਘਾਂ ਨੇ ਦੁਸ਼ਮਣ ਦੀ ਫ਼ੌਜ ਉਤੇ ਤੀਰਾਂ ਦੀ ਵਰਖਾ ਕਰ ਦਿੱਤੀ, ਜਿਸ ਨਾਲ ਭਗਦੜ ਮਚ ਗਈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਬੇਅਦਬੀ ਦਾ ਬਦਲਾ ਲੈਣ ਲਈ ਮਤਾਬ ਸਿੰਘ ਭੰਗੂ ਤੇ ਸੁੱਖਾ ਸਿੰਘ ਨੇ ਮੱਸਾ ਰੰਗੜ ਦਾ ਸਿਰ ਵੱਢ ਦਿੱਤਾ। ਅਜਿਹੀਆਂ ਬੀਰਤਾ ਭਰਪੂਰ ਘਟਨਾਵਾਂ ਤੇ ਲੜਾਈਆਂ ਦਾ ਵਰਨਣ ਕਰਨ ਉਪਰੰਤ ਜੱਸਾ ਸਿੰਘ ਦੇ ਅੰਤਿਮ ਸਮੇਂ ਬਾਰੇ ਲੇਖਕ ਦਸਦਾ ਹੈ ਕਿ 20 ਅਕਤੂਬਰ, 1783 ਨੂੰ ਜਦੋਂ ਉਹ ਅੰਮ੍ਰਿਤਸਰ ਪਹੁੰਚਦਾ ਹੈ ਤਾਂ ਪੇਟ ਦਰਦ ਦੀ ਤਕਲੀਫ਼ ਕਾਰਨ ਉਸ ਨੇ ਆਖਰੀ ਸਾਹ ਲਿਆ। ਇਸ ਤਰ੍ਹਾਂ ਪੰਜਾਬ ਦਾ ਇਹ ਮਹਾਨ ਸਪੂਤ, ਸੂਬਰੀਰ ਯੋਧਾ, ਅਦੁੱਤੀ ਪ੍ਰਬੰਧਕ ਤੇ ਸੰਸਥਾਪਕ ਪੰਜਾਬ ਨੂੰ ਵਿਦੇਸ਼ੀ ਖਤਰਿਆਂ ਤੋਂ ਮੁਕਤ ਕਰਨ ਪਿਛੋਂ ਅਕਾਲ ਪੁਰਖ ਨੂੰ ਪਿਆਰਾ ਹੋ ਗਿਆ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਲਾਸਾਨੀ ਵਿਰਸੇ ਤੋਂ ਜਾਣੂ ਕਰਵਾਉਣ ਲਈ ਇਹ ਇਕ ਵਡਮੁੱਲੀ ਪੁਸਤਕ ਹੈ। ਇਸ ਦੀ ਛਪਾਈ ਅਤੇ ਦਿੱਖ ਸ਼ਲਾਘਾਯੋਗ ਹੈ। ਪਰੂਫ਼ ਰੀਟਿੰਗ ਕਾਰਨ ਕੁਝ ਇਕ ਗ਼ਲਤੀਆਂ ਰਹਿ ਗਈਆਂ ਹਨ, ਜਿਵੇਂ ਪੰਨਾ 18 ਉਤੇ 'ਵਾਰ ਦੀਏ ਸੁੱਤ ਚਾਰ' ਦੀ ਥਾਂ 'ਤੇ 'ਵਾਰ ਦੀਏ ਮੁਠ ਚਾਰ' ਛਪ ਗਿਆ ਹੈ। ਸਮੁੱਚੇ ਤੌਰ 'ਤੇ ਲੇਖਕ ਵਲੋਂ ਇਹ ਇਤਿਹਾਸਕ ਨਾਵਲ ਲਿਖਣ ਦਾ ਉਪਰਾਲਾ ਪ੍ਰਸੰਸਾਯੋਗ ਹੈ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241


ਭੂਤਾਂ ਦੇ ਸਿਰਨਾਵੇਂ
ਲੇਖਕ : ਡਾ. ਸਾਧੂ ਰਾਮ ਲੰਗੇਆਣਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 120
ਸੰਪਰਕ : 98781-17285

ਚਿੰਤਕ ਤੇ ਲੇਖਕ ਡਾ. ਸਾਧੂ ਰਾਮ ਲੰਗੇਆਣਾ ਵਿਅੰਗ ਦੇ ਖੇਤਰ ਵਿਚ ਇਕ ਜਾਣਿਆ-ਪਹਿਚਾਣਿਆ ਚਰਚਿਤ ਨਾਂਅ ਹੈ। ਪੰਜਾਬੀ ਮਾਂ-ਬੋਲੀ ਦੀ ਨਿਰੰਤਰ ਸੇਵਾ ਕਰਦਿਆਂ ਉਹ 3 ਵਾਰਤਕ ਵਿਅੰਗ ਪੁਸਤਕਾਂ, 4 ਬਾਲ ਸਾਹਿਤ-ਕਾਵਿ ਅਤੇ ਕਹਾਣੀ-ਸੰਗ੍ਰਹਿ ਅਤੇ ਇਕ ਪੁਸਤਕ ਸੰਪਾਦਿਤ ਕਰਕੇ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ ਅਤੇ ਹੁਣ ਬੱਚਿਆਂ ਲਈ ਤਰਕਸ਼ੀਲ ਬਾਲ ਨਾਵਲ 'ਭੂਤਾਂ ਦੇ ਸਿਰਨਾਵੇਂ' ਲੈ ਕੇ ਲੋਕ ਹਾਜ਼ਰ ਹੋਇਆ ਹੈ। ਸਾਡੇ ਸਮਾਜ ਦੇ ਲੋਕਾਂ ਨੂੰ ਅਖੌਤੀ ਪਾਖੰਡਵਾਦ, ਟੂਣੇ ਟਾਮਣਾਂ ਦੇ ਅੰਧਵਿਸ਼ਵਾਸੀ ਜਾਲ ਨੇ ਬੁਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿਚ ਜਕੜਿਆ ਹੋਇਆ ਹੈ। ਜਿਸ ਕੋਹੜ ਨੂੰ ਧੋਣ ਲਈ ਲੇਖਕ ਨੇ ਆਪਣੀਆਂ ਲਿਖਤਾਂ ਰਾਹੀਂ ਸ਼ਾਲਾਘਾਯੋਗ ਬੀੜਾ ਚੁੱਕਿਆ ਹੈ। ਲੇਖਕ ਵਲੋਂ ਨਾਵਲ ਨੂੰ 8 ਭਾਗਾਂ ਵਿਚ ਵੰਡਿਆ ਗਿਆ ਹੈ। ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਇਕ 'ਲਾਜੋ' ਨਾਂਅ ਦੀ ਬਿਰਧ ਮਾਤਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨਾਲ ਪ੍ਰਸ਼ਨ-ਉੱਤਰਾਂ ਰਾਹੀਂ ਬਾਤਾਂ ਪਾਉਂਦੀ ਹੋਈ ਬੱਚਿਆਂ ਨੂੰ ਭੂਤਾਂ, ਪ੍ਰੇਤਾਂ, ਵਹਿਮਾਂ-ਭਰਮਾਂ ਤੋਂ ਸੁਚੇਤ ਰਹਿਣ ਅਤੇ ਵਿਗਿਆਨਕ ਸੋਚ ਨਾਲ ਜੁੜਨ ਦਾ ਬਾਕਮਾਲ ਚਾਨਣਾ ਪਾਉਂਦੀ ਹੈ। ਨਾਵਲ ਅੰਦਰਲੇ ਕਈ ਵਿਸ਼ਿਆਂ ਨੂੰ ਸੁਣ ਕੇ ਜਦੋਂ ਭੂਤਾਂ, ਪ੍ਰੇਤਾਂ, ਪਾਖੰਡੀ ਤਾਂਤਰਿਕਾਂ ਦਾ ਪਰਦਾ ਫਾਸ਼ ਹੁੰਦਾ ਹੈ ਤਾਂ ਉਦੋਂ ਜਿਥੇ ਬੱਚਿਆਂ ਦੇ ਮਨਾਂ ਅੰਦਰ ਇਕਦਮ ਚੇਤਨਤਾ ਬਾਰੇ ਹੈਰਾਨਗੀ ਪੈਦਾ ਹੁੰਦੀ ਹੈ। ਉੱਥੇ ਬਹੁਤ ਸਾਰੀਆਂ ਘਟਨਾਵਾਂ ਬਾਲ ਮਨਾਂ ਨੂੰ ਹਾਸਿਆਂ ਨਾਲ ਖਿੜ ਖਿੜ ਕਰਕੇ ਹੱਸਣ ਲਈ ਵੀ ਖ਼ੂਬ ਵਿਟਾਮਿਨ ਦਿੰਦੀਆਂ ਹਨ ਅਤੇ ਨਾਲ-ਨਾਲ ਬੱਚਿਆਂ ਅੰਦਰ ਰੌਚਿਕਤਾ ਪੈਦਾ ਹੁੰਦੀ ਹੈ। ਲੇਖ਼ਕ ਦੀ ਸ਼ੈਲੀ ਅਤੇ ਗੱਲ ਕਹਿਣ ਦਾ ਢੰਗ ਵਧੀਆ ਤੇ ਸਰਲ ਹੈ। ਨਾਵਲ ਵਿਚ 'ਤਾਈ ਨਿਹਾਲੀ' ਅਤੇ 'ਤਾਇਆ ਨਰੈਣਾ' ਮੁੱਖ ਪਾਤਰ ਸਿਰਜੇ ਗਏ ਹਨ। ਨਾਵਲ ਦੇ ਪਹਿਲੇ ਭਾਗ ਵਿਚ 'ਰੋਹੀ ਵਾਲਾ ਖੂਹ' ਅਤੇ 'ਤ੍ਰਿਵੈਣੀ' ਦੇ ਦਰੱਖਤਾਂ ਤੋਂ ਮਿਲਣ ਵਾਲੇ ਇਨਸਾਨੀ ਲਾਭ, ਭਾਗ ਦੋ ਵਿਚ 'ਭੂਤਾਂ ਵਾਲਾ ਖੂਹ', 'ਦਾਦੀ ਮਾਂ ਦਾ ਸੁਫ਼ਨਾ', ਭਾਗ ਤਿੰਨ ਵਿਚ 'ਪੱਥਰ ਦਾ ਆਨਾਂ', ਭਾਗ ਚਾਰ ਵਿਚ 'ਸ਼ਰਾਧ', 'ਬਲੱਡ ਗਰੁੱਪ', ਭਾਗ ਪੰਜ ਵਿਚ 'ਔਂਤਰਾ ਬਾਬਾ', 'ਗੋਲਕ ਬਾਬੇ ਦੀ', ਭਾਗ ਛੇ ਵਿਚ 'ਚੌਕੀ ਇੰਚਾਰਜ', ਭਾਗ ਸੱਤ ਵਿਚ 'ਰਾਸ਼ੀਫਲ', ਭਾਗ ਅੱਠ ਵਿਚ 'ਪੁੱਠੇ ਪੈਰਾਂ ਵਾਲੀ ਭੂਤ', ਬਹੁਤ ਹੀ ਕਾਬਲੇ ਤਾਰੀਫ਼ ਮੁੱਲਵਾਨ ਰਚਨਾਵਾਂ ਹਨ। ਇਨ੍ਹਾਂ ਤੋਂ ਇਲਾਵਾ ਲੇਖਕ ਵੱਲੋਂ ਪੁਰਾਣੇ ਸਮਿਆਂ ਵਿਚ ਸਾਧ ਸੰਤਾਂ ਦੇ ਘੋਲ ਕੇ ਪਿਲਾਏ ਜਾਣ ਵਾਲੇ ਤਵੀਤਾਂ ਦੀ ਅਤੇ ਸਵਾਹ ਦੀਆਂ ਪੁੜੀਆਂ ਦੀ ਅਸਲੀਅਤ ਬਾਰੇ ਬਹੁਤ ਢੁੱਕਵੇਂ ਵਿਸਥਾਰ ਦਿੱਤੇ ਗਏ ਹਨ। ਘਰੇਲੂ ਰਸਮਾਂ ਦੇ ਨਾਲ-ਨਾਲ ਪਸ਼ੂ, ਪੰਛੀ ਅਤੇ ਰੁੱਖਾਂ ਦੇ ਵਹਿਮ-ਭਰਮ ਬਾਰੇ ਵਾਰਤਕ ਅਤੇ ਕਾਵਿ ਚਿੱਤਰਾਂ ਰਾਹੀਂ ਗੱਲਬਾਤ ਕੀਤੀ ਗਈ ਹੈ। ਲੇਖਕ ਵਲੋਂ ਹੋਰ ਬਹੁਤ ਸਾਰੀਆਂ ਅੰਧ-ਵਿਸ਼ਵਾਸੀ ਰਸਮਾਂ ਦੇ ਕਰਮ ਕਾਂਡਾਂ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਨਾਵਲ ਵਿਚਲੀਆਂ ਬਹੁਤ ਸਾਰੀਆਂ ਰਚਨਾਵਾਂ ਫਿਲਮਾਂਕਣ ਯੋਗ ਵੀ ਹਨ। ਲੇਖਕ ਅੰਦਰ ਸੱਚ ਲਿਖਣ ਦਾ ਜਜ਼ਬਾ ਹੈ। ਨਾਵਲ ਪੜ੍ਹਨਯੋਗ ਅਤੇ ਸਾਂਭਣਯੋਗ ਹੈ। ਮੈਨੂੰ ਆਸ ਹੈ ਕਿ ਡਾ. ਸਾਧੂ ਰਾਮ ਲੰਗੇਆਣਾ ਦੇ ਇਸ ਬਾਲ ਨਾਵਲ 'ਭੂਤਾਂ ਦੇ ਸਿਰਨਾਵੇਂ' ਦਾ ਪੰਜਾਬੀ ਸਾਹਿਤ ਜਗਤ ਵਿਚ ਭਰਪੂਰ ਸਵਾਗਤ ਹੋਵੇਗਾ।


ਫੁੱਲਾਂ ਦੀ ਵਰਣਮਾਲਾ
ਸੰਪਾਦਕ : ਦਰਸ਼ਨ ਸਿੰਘ ਬਰੇਟਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 94786-35500

ਸਮੀਖਿਆ ਅਧੀਨ ਪੁਸਤਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ (ਮਾਨਸਾ) ਦੇ ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ ਨੇ ਸੰਪਾਦਿਤ ਕੀਤੀ ਹੈ। ਪ੍ਰਿੰਸੀਪਲ ਦਾ ਵਿਚਾਰ ਹੈ ਕਿ ਸਕੂਲੀ ਵਿਦਿਆਥੀਆਂ ਦੇ ਕੋਮਲ ਹਿਰਦਿਆਂ ਨੂੰ ਸਾਹਿਤਕ ਮਾਹੌਲ ਪ੍ਰਦਾਨ ਕੀਤਾ ਜਾਵੇ ਤਾਂ ਉਨ੍ਹਾਂ ਦੀਆਂ ਤੋਤਲੀਆਂ ਵੇਦਨਾਵਾਂ ਦਾ ਵਹਾਅ ਟੁੱਟੇ-ਫੁੱਟੇ ਸ਼ਬਦਾਂ ਰਾਹੀਂ ਆਪ ਮੁਹਾਰੇ ਵਹਿਣ ਲੱਗ ਪੈਂਦਾ ਹੈ ਅਤੇ ਸੁੰਦਰ ਸਾਹਿਤਕ ਰਚਨਾਵਾਂ ਨੂੰ ਜਨਮ ਦਿੰਦਾ ਹੈ ਏਸੇ ਸੋਚ ਨੂੰ ਲੈਕੇ ਇਨ੍ਹਾਂ ਨੇ ਆਪਣੇ ਸਕੂਲ ਦੇ ਸਾਹਿਤਕਾਰ ਅਤੇ ਸਾਹਿਤਕ ਰੁਚੀਆਂ ਵਾਲੇ ਅਧਿਆਪਕਾਂ ਦਾ ਸਹਿਯੋਗ ਲੈ ਕੇ ਬਾਲਾਂ ਦੇ ਸਾਹਿਤ ਦੀ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਤਿਆਰ ਕੀਤੀ ਹੈ ਜਿਸ ਵਿਚ ਬਾਲਾਂ ਦੀਆਂ ਚੌਵੀ ਕਵਿਤਾਵਾਂ ਗੀਤ ਪੰਜ ਮਿੰਨੀ ਕਹਾਣੀਆਂ ਅਤੇ ਛੇ ਵਾਰਤਕ ਲਿਖਤਾਂ ਸ਼ਾਮਿਲ ਕੀਤੀਆਂ ਹਨ। ਲੇਖਕ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਜ਼ਿਆਦਾ ਵਿਸ਼ੇ ਆਪਣੇ ਆਸੇ-ਪਾਸੇ ਤੋਂ ਭਾਵ ਸਕੂਲ ਅਤੇ ਘਰ ਵਿਚੋਂ ਹੀ ਲਏ ਹਨ। ਵਿਦਿਆਰਥੀ ਹੋਣ ਕਰਕੇ ਭਾਸ਼ਾ ਬਹੁਤ ਹੀ ਸਰਲ ਠੇਠ ਅਤੇ ਬਾਲਾਂ ਦੇ ਹਾਣ ਦੀ ਹੀ ਵਰਤੀ ਗਈ ਹੈ। ਉਮਰ ਦੇ ਹਿਸਾਬ ਨਾਲ ਫੇਰ ਵੀ ਸਾਰੇ ਬਾਲ ਲੇਖਕਾਂ ਨੇ ਚੰਗੀਆਂ ਕਵਿਤਾਵਾਂ, ਗੀਤ, ਕਹਾਣੀਆਂ ਅਤੇ ਵਾਰਤਕ ਲਿਖੀ ਹੈ। ਜਿੱਥੇ ਚੰਗੀਆਂ ਗੀਤ ਕਵਿਤਾਵਾਂ ਲਿਖੀਆਂ ਹਨ ਉੱਥੇ ਮਿੰਨੀ ਕਹਾਣੀਆਂ ਦਾ ਸਿੱਟਾ ਵੀ ਸਿਖਿਆਦਾਇਕ ਕੱਢਿਆ ਹੈ ਵਾਰਤਕ ਵਿਚ ਵਾਰਤਕ ਵਾਲੇ ਗੁਣ ਮੌਜੂਦ ਹਨ। ਭਵਿੱਖ ਦੇ ਚੰਗੇ ਸਾਹਿਤਕਾਰ ਬਣਨ ਦੀਆਂ ਸਾਰੇ ਬੱਚਿਆਂ ਵਿਚ ਸ਼ੁਭਾਵਨਾਵਾਂ ਛੁਪੀਆਂ ਹੋਈਆਂ ਹਨ ਭਵਿੱਖ ਵਿਚ ਅਭਿਆਸ ਅਤੇ ਤਜਰਬੇ ਨਾਲ ਲਿਖਤਾਂ ਵਿਚ ਹੋਰ ਵੀ ਖ਼ੂਬਸੂਰਤੀ ਆਵੇਗੀ ਅਧਿਆਪਕਾਂ ਦੀ ਸਾਰੀ ਟੀਮ ਨੇ ਵਿਦਿਆਰਥੀਆਂ ਅੰਦਰ ਛੁਪੀ ਸਿਰਜਣਾਤਿਮਕ ਪ੍ਰਵਿਰਤੀ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਾਗਰੂਕ ਕੀਤਾ ਹੈ। ਕਿਤਾਬ ਪੜ੍ਹਦਿਆਂ ਪ੍ਰਸਿੱਧ ਸਾਹਿਤਕਾਰ ਜਗਦੀਸ਼ ਰਾਏ ਕੁਲਰੀਆਂ ਤੋਂ ਪਤਾ ਲੱਗਾ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪੜ੍ਹਾਈ, ਖੇਡਾਂ, ਸਕਾਊਟਿੰਗ, ਐਨ.ਐੱਸ.ਐੱਸ. ਅਤੇ ਰੈਡਕਰਾਸ ਆਦਿ ਖੇਤਰਾਂ ਵਿਚ ਵੀ ਪੂਰੀ ਮੁਹਾਰਤ ਰੱਖਦੇ ਹਨ। ਇਸ ਸਕੂਲ ਦੇ ਉਭਰਦੇ ਅਤੇ ਭਵਿੱਖ ਦੇ ਸਾਹਿਤਕਾਰਾਂ ਦੀਆਂ ਚੋਣਵੀਆਂ ਰਚਨਾਵਾਂ ਦੀ ਇਕ ਕਿਤਾਬ 'ਤਾਰੇ ਕਰਨ ਇਸ਼ਾਰੇ' ਇਸ ਤੋਂ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀ ਹੈ। ਚਿੱਤਰ ਰਚਨਾਵਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੇ ਹਨ। ਸਾਰੀਆਂ ਰਚਨਾਵਾਂ ਬਾਲਾਂ ਦਾ ਜਿੱਥੇ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਕ ਹੀ ਸਿੱਖਿਆ ਵੀ ਦਿੰਦੀਆਂ ਹਨ। ਪ੍ਰਿੰਸੀਪਲ ਸ. ਦਰਸ਼ਨ ਸਿੰਘ ਬਰੇਟਾ, ਅਧਿਆਪਕ ਅਜ਼ੀਜ਼ ਰਾਏ, ਕੇਵਲ ਧਰਮਪੁਰਾ, ਕੁਲਜੀਤ ਪਾਠਕ ਅਤੇ ਵਿਦਿਆਰਥੀ ਸਹਿ-ਸੰਪਾਦਕ ਦਿਲਪ੍ਰੀਤ ਕੌਰ ਅਤੇ ਚਰਨਜੀਤ ਕੌਰ ਸਾਰੇ ਹੀ ਬਹੁਤ-ਬਹੁਤ ਮੁਬਾਰਕਾਂ ਦੇ ਹੱਕਦਾਰ ਹਨ ਜਿਨ੍ਹਾਂ ਨੇ ਰਲ ਕੇ ਬਾਲਾਂ ਅੰਦਰ ਛੁਪੀ ਵਿਲੱਖਣ ਕਲਾ ਨੂੰ ਉਜਗਾਰ ਕਰਨ ਵਿਚ ਇਕ ਬਹੁਤ ਹੀ ਮਿਹਨਤੀ ਅਧਿਆਪਕਾਂ ਵਾਲਾ ਸ਼ਾਨਦਾਰ ਰੋਲ ਨਿਭਾਇਆ ਹੈ। ਇਹ ਕਲਾ ਕਿਸਾਨ ਦੇ ਬੀਜੇ ਬੀਜ ਵਾਂਗਰ ਹੁੰਦੀ ਹੈ ਜੇ ਕਿਸਾਨ ਨੇ ਉਸ ਬੀਜ ਨੂੰ ਵਧੀਆ ਵਾਤਾਵਰਨ, ਪਾਣੀ, ਖਾਦ ਆਦਿ ਸਮੇਂ ਸਿਰ ਪਾਏ ਅਤੇ ਗੋਡੀ ਕੀਤੀ ਹੈ ਤਾਂ ਬੀਜ ਪੂਰਾ ਪੌਦਾ ਬਣ ਕੇ ਖਿਲਰਦਾ ਅਤੇ ਫੈਲਦਾ ਹੈ ਅਤੇ ਕਿਸਾਨ ਨੂੰ ਮਨ ਭਾਉਂਦਾ ਫਲ ਵੀ ਦਿੰਦਾ ਹੈ ਜੇ ਕਿਸਾਨ ਲਾਪ੍ਰਵਾਹੀ ਕਰ ਜਾਵੇ ਤਾਂ ਓਹੀ ਬੀਜ ਮਿੱਟੀ ਵਿਚ ਰਲ ਕੇ ਇਕ ਦਿਨ ਮਿੱਟੀ ਹੋ ਜਾਂਦਾ ਹੈ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

09-11-2024

ਦਿਲ ਤਰੰਗ
ਕਵੀ : ਸੁਰਜੀਤ ਸਿੰਘ ਲਾਂਬੜਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 128
ਸੰਪਰਕ : 92177-90689

'ਦਿਲ ਤਰੰਗ' ਕਾਵਿ ਪੁਸਤਕ ਦੀ ਰਚਨਾ ਸੁਰਜੀਤ ਸਿੰਘ ਲਾਂਬੜਾ ਨੇ ਕੀਤੀ ਹੈ। ਇਸ ਤੋਂ ਪਹਿਲਾਂ ਉਹ ਪਿਆਰ ਦੀ ਰਬਾਬ (ਕਾਵਿ-ਸੰਗ੍ਰਹਿ) ਮੇਰੀ ਯੂਰਪ ਤੇ ਇੰਗਲੈਂਡ ਯਾਤਰਾ (ਸਫ਼ਰਨਾਮਾ) ਲਿਖ ਚੁੱਕੇ ਹਨ। ਲੇਖਕ ਕਿੱਤੇ ਵਜੋਂ ਅਧਿਆਪਕ ਦੇ ਤੌਰ 'ਤੇ ਸੇਵਾ ਮੁਕਤ ਹੈ। ਉਸ ਦੀਆਂ ਰਚਨਾਵਾਂ ਵਿਚ ਸਮਾਜਿਕ, ਸੱਭਿਆਚਾਰਕ ਵਿਸ਼ਿਆਂ ਦੀ ਪੇਸ਼ਕਾਰੀ ਹੈ। ਉਹ ਪ੍ਰਕਿਰਤੀ ਨਾਲ ਗੂੜ੍ਹੀ ਸਾਂਝ ਪਾਉਂਦਾ ਮਨੁੱਖ ਨੂੰ ਵਾਤਾਵਰਨ ਬਚਾਉਣ ਲਈ ਪ੍ਰੇਰਿਤ ਕਰਦਾ ਨਜ਼ਰ ਆਉਂਦਾ ਹੈ। ਦਿਲ ਤਰੰਗ ਦਾ ਭਾਵ ਹੀ ਦਿਲ ਦੇ ਉਨ੍ਹਾਂ ਭਾਵਾਂ ਦਾ ਪ੍ਰਗਟਾਵਾ ਜੋ ਮਾਨਵੀ ਮੁੱਲਾਂ ਦੀ ਨਿਸ਼ਾਨਦੇਹੀ ਵੀ ਕਰਦੇ ਹਨ। ਇਸ ਪੁਸਤਕ ਦੀ ਭੂਮਿਕਾ ਪ੍ਰੋ. ਗੁਰਭਜਨ ਗਿੱਲ ਨੇ ਲਿਖੀ ਹੈ। ਕਵੀ ਨੇ ਸਵੈਕਥਨ ਵਿਚ ਦੱਸਿਆ ਹੈ ਕਿ 'ਦਿਲ ਤਰੰਗ' ਵਿਚਲੀਆਂ ਲਗਭਗ ਸਾਰੀਆਂ ਰਚਨਾਵਾਂ ਅਖ਼ਬਾਰਾਂ ਅਤੇ ਈ-ਮੈਗਜ਼ੀਨ ਵਿਚ ਛਪ ਚੁੱਕੀਆਂ ਹਨ। ਕਵਿਤਾਵਾਂ ਦੇ ਆਰੰਭਕ ਭਾਗ ਵਿਚ ਕਵੀ ਨੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਖ਼ਾਲਸਾ ਸਿਰਜਣਾ, ਦਸਵੇਂ ਗੁਰੂ ਸਾਹਿਬਾਨਾਂ ਦਾ ਪਰਿਵਾਰ ਵਿਛੋੜਾ, ਸਾਕਾ ਸਰਹੰਦ, ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਹੋਲਾ ਮਹੱਲਾ ਆਦਿ ਧਾਰਮਿਕ ਤੇ ਇਤਿਹਾਸਕ ਵਿਸ਼ਿਆਂ ਬਾਰੇ ਕਾਵਿ ਰਚਨਾ ਕੀਤੀ ਹੈ।
ਕਵਿਤਾ ਦਾ ਦੂਜਾ ਵਿਸ਼ਾ ਮੇਲੇ ਪੰਜਾਬ ਦੇ ਅਤੇ ਪੰਜਾਬ ਦੀਆਂ ਰੁੱਤਾਂ ਬਾਰੇ ਜਾਣਕਾਰੀ ਦੇਣ ਵਾਲਾ ਹੈ। ਕਵੀ ਨੇ ਪੰਜਾਬੀ ਦਾ ਲੋਕ ਕਾਵਿ ਰੂਪ 'ਜਾਗੋ' ਬੜੀ ਖ਼ੂਬਸੂਰਤੀ ਨਾਲ ਲਿਖਿਆ ਹੈ, ਜਿਸ ਦਾ ਵਿਸ਼ਾ ਪਰੰਪਰਾਗਤ ਵਿਸ਼ਿਆਂ ਤੋਂ ਅਲੱਗ ਹੈ।
ਚਿੱਟੇ ਨੇ ਜਦ ਜਾਲ ਵਿਛਾ ਲਏ
ਲੋਕਾਂ ਗੱਭਰੂ ਪੁੱਤ ਗਵਾ ਲਏ
ਕਾਰੋਬਾਰੀਆਂ ਨੋਟ ਬਣਾ ਲਏ,
ਹੁਣ ਲੋਕਾਂ ਨੇ ਪਹਿਰੇ ਲਾ ਲਏ।
ਨੱਥ ਨਸ਼ਿਆਂ ਨੂੰ ਪਾ ਲਓ,
ਬਈ ਹੁਣ ਜਾਗੋ ਆਈ ਆ....
ਦੇਸ਼ ਭਗਤਾਂ ਬਾਰੇ ਵੀ ਕਵੀ ਨੇ ਗੀਤ ਰਚਨਾ ਕੀਤੀ ਹੈ। ਕਵੀ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਉਸ ਨੇ ਲੋਕ ਰੰਗ ਬੋਲੀਆਂ ਨੂੰ ਵਧੇਰੇ ਢੰਗ ਨਾਲ ਪੇਸ਼ ਕੀਤਾ ਹੈ:-
ਪੁੜੀਆਂ ਪੁੜੀਆਂ ਪੁੜੀਆਂ
ਕੁੱਖ ਵਿਚ ਨਾ ਮਾਰੋ, ਨਾ ਮਾਰੋ ਬਈ ਕੁੜੀਆਂ।
ਅਤੇ
ਫੋਲਾਂ ਵਰਕੇ ਫਾਈਲਾਂ ਦੇ, ਕਿਹੋ ਜਿਹਾ ਦੌਰ ਆ ਗਿਆ
ਹੱਥ ਚੱਲਣ ਮੋਬਾਈਲ 'ਤੇ
ਕਵੀ ਨੇ ਸਮੁੱਚੀਆਂ ਰਚਨਾਵਾਂ ਰਾਹੀਂ ਜੀਵਨ ਦੇ ਕਈ ਨੈਤਿਕ ਵਿਸ਼ੇ ਵੀ ਚੁਣੇ ਹਨ, ਜਿਨ੍ਹਾਂ ਰਾਹੀਂ ਸਾਂਝੀਵਾਲਤਾ, ਫ਼ਰਜ਼ ਅਤੇ ਮਾਨਵੀ ਗੁਣਾਂ ਤੇ ਮਾਨਵੀ ਸਰੋਕਾਰਾਂ ਦੀ ਗੱਲ ਕੀਤੀ ਹੈ। ਬਾਲ ਮਨਾਂ ਨੂੰ ਸੇਧ ਦੇਣ ਵਾਲੇ ਵਿਸ਼ੇ ਵੀ ਚੁਣੇ ਹਨ, ਯੋਗ ਆਸਣ, ਚੰਗੇ ਜੀਵਨ ਦਾ ਆਧਾਰ, ਕਿਤਾਬਾਂ, ਗਿਆਨ ਦਾ ਦੀਵਾ, ਸੇਵਾ, ਧਰਤੀ ਕਰੇ ਪੁਕਾਰ, ਰਿਸ਼ਤਿਆਂ 'ਚ ਸਵਾਰਥ, ਸ਼ਬਦ ਸੰਗੀਤ, ਅੱਗ ਦੀ ਖੇਡ, ਦਿਲ ਤਰੰਗ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਵਾਤਾਵਰਨ ਪ੍ਰਤੀ ਮਨੁੱਖ ਨੂੰ ਸੁਚੇਤ ਕਰਦਾ ਹੋਇਆ ਪਾਣੀ, ਹਵਾ ਦੀ ਸ਼ੁੱਧਤਾ ਲਈ ਯਤਨਸ਼ੀਲ ਹੋਣ ਦਾ ਸੰਕੇਤ ਕਰਦਾ ਹੈ। ਕੁਝ ਗ਼ਜ਼ਲਾਂ ਵੀ ਇਸ ਸੰਗ੍ਰਹਿ ਦਾ ਸ਼ਿੰਗਾਰ ਹਨ, ਜਿਨ੍ਹਾਂ ਰਾਹੀਂ ਕਵੀ ਨੇ ਆਪਣੇ ਰੁਮਾਂਟਿਕ ਮਨੋਭਾਵਾਂ ਦਾ ਪ੍ਰਗਟਾਵਾ ਕੀਤਾ। ਇਸ ਪ੍ਰਕਾਰ ਦਿਲ ਤਰੰਗ ਕਾਵਿ ਸੰਗ੍ਰਹਿ ਵਿਚ ਕਾਵਿ ਰੂਪ ਪੱਖੋਂ ਅਤੇ ਵਿਸ਼ਿਆਂ ਪੱਖੋਂ ਕਾਫ਼ੀ ਵੰਨ-ਸੁਵੰਨਤਾ ਹੈ ਜੋ ਪਾਠਕਾਂ ਨੂੰ ਪ੍ਰਭਾਵਿਤ ਕਰਦੀ ਹੈ। ਕਵੀ ਨੂੰ ਬਹੁਤ-ਬਹੁਤ ਮੁਬਾਰਕ।

-ਪ੍ਰੋ. ਕੁਲਜੀਤ ਕੌਰ

ਪਾਣੀਆਂ ਦੀ ਧਰਤੀ ਕੈਨੇਡਾ
ਲੇਖਕ : ਡਾ. ਦਵਿੰਦਰ ਸਿੰਘ ਬੋਹਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98761-83063

ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਵਲੋਂ ਚਲਾਈ ਸਰਕਾਰੀ ਸਕੂਲ ਸੁਧਾਰ ਲਹਿਰ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਡਾ. ਦਵਿੰਦਰ ਸਿੰਘ ਬੋਹਾ ਦਾ ਉੱਘਾ ਸਥਾਨ ਹੈ। ਪੰਜਾਬੀ ਸਾਹਿਤ ਖੇਤਰ ਵਿਚ ਵੀ ਆਲੋਚਨਾ ਅਤੇ ਸੰਪਾਦਨ ਵਿਚ ਬੋਹਾਸੇ ਨਿੱਠ ਕੇ, ਖੂਬ ਕੰਮ ਕੀਤਾ ਹੈ। ਹਥਲੀ ਪੁਸਤਕ ਉਸ ਦਾ ਕੈਨੇਡਾ ਦਾ ਸਫ਼ਰਨਾਮਾ ਹੈ ਜੋ ਉਨ੍ਹਾਂ ਨੇ ਉਥੇ ਡੇਢ ਮਹੀਨਾ ਰਹਿ ਕੇ ਲਿਖਿਆ ਹੈ। ਉਹ ਆਪਣੇ ਪੁੱਤਰ ਪ੍ਰਗੀਤ ਦੇ ਡਿਗਰੀ ਵੰਡ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਆਪਣੇ ਬੇਟੇ ਦੇ ਸੱਦੇ 'ਤੇ ਉਥੇ ਪਹੁੰਚੇ ਸਨ। ਪਹਿਲੀ ਜਾਂ ਦੂਸਰੀ ਵਾਰ ਪ੍ਰਦੇਸ ਗਏ ਬੰਦੇ ਨੂੰ ਉਥੋਂ ਦੀ ਹਰੇਕ ਚੀਜ਼ ਹੀ ਅਨੋਖੀ ਤੇ ਲਾਜਵਾਬ ਦਿਸਦੀ ਹੁੰਦੀ ਹੈ। ਕਿਉਂਕਿ ਸਮਾਂ ਥੋੜ੍ਹਾ ਹੁੰਦਾ ਹੈ, ਥੋੜ੍ਹੇ ਸਮੇਂ ਵਿਚ ਯਾਤਰੀ ਉੱਪਰੋਂ-ਉੱਪਰੋਂ ਚਮਕ-ਦਮਕ ਦੇਖ ਕੇ ਹੀ ਪ੍ਰਭਾਵਿਤ ਹੁੰਦਾ ਰਹਿੰਦਾ ਹੈ। ਪਰ ਜ਼ਿਆਦਾ ਸਮਾਂ ਰਹਿਣ ਤੋਂ ਬਾਅਦ ਹੀ ਉਹ ਉਥੋਂ ਦੀਆਂ ਅੰਦਰੂਨੀ ਵਿਸੰਗਤੀਆਂ ਫੜਨ ਵਿਚ ਕਾਮਯਾਬ ਹੁੰਦਾ ਹੈ। ਲੇਖਕ ਨੂੰ ਪਹਾੜਾਂ, ਨਦੀਆਂ, ਚਸ਼ਮਿਆਂ, ਫਾਲਾਂ, ਝੀਲਾਂ ਨਾਲ ਖਾਸਾ ਪ੍ਰੇਮ ਹੈ। ਇਸੇ ਲਈ ਇਸ ਸਫ਼ਰਨਾਮੇ ਵਿਚ ਉਨ੍ਹਾਂ ਦਾ ਜ਼ਿਕਰ ਵਿਸਥਾਰ ਨਾਲ ਹੋਇਆ ਹੈ। ਬੇਟੇ ਦੀ ਵੀ ਭਾਵੁਕ ਇੱਛਾ ਹੈ ਕਿ ਉਹ ਆਪਣੇ ਮਾਪਿਆਂ ਨੂੰ ਵਧ ਤੋਂ ਵਧ ਸਮਾਂ ਦੇ ਕੇ ਘੁਮਾਵੇ-ਫਿਰਾਵੇ। ਹੌਲੀ-ਹੌਲੀ ਸਥਾਪਿਤ ਹੋ ਕੇ ਲੇਖਕ ਉਥੋਂ ਦੇ ਸਿਸਟਮ ਬਾਰੇ ਵੀ ਆਪਣੀਆਂ ਟਿੱਪਣੀਆਂ ਦਿੰਦਾ ਹੈ। ਮਸਲਨ ਉਥੋਂ ਦੀ ਪੁਲਿਸ ਦੀ ਕਾਰਗੁਜ਼ਾਰੀ, ਖੇਤੀ ਸਿਸਟਮ, ਹੈਲਥ ਸੇਵਾਵਾਂ, ਆਮ ਲੋਕਾਂ ਦਾ ਪ੍ਰਦੇਸੀਆਂ ਨਾਲ ਵਤੀਰਾ ਅਤੇ ਸਹਿਚਾਰ ਬਾਰੇ ਲੇਖਕ ਦੀਆਂ ਮਨੌਤਾਂ ਪ੍ਰਭਾਵਿਤ ਕਰਦੀਆਂ ਹਨ। ਆਪਣੇ ਪੀ.ਐੱਚ.ਡੀ. ਦੇ ਗਾਈਡ ਡਾ. ਰਘਬੀਰ ਸਿੰਘ ਸਿਰਜਣਾ ਨਾਲ ਮਿਲਣੀ ਅਤੇ ਉਨ੍ਹਾਂ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨਾਲ ਉਥੋਂ ਦੀ ਸਿੱਖਿਆ ਪ੍ਰਣਾਲੀ ਬਾਰੇ ਗੱਲਾਂ ਮੁੱਲਵਾਨ ਹਨ। ਸਰੀ ਵਿਚ ਤਾਂ ਅਨੇਕਾਂ ਹੋਰ ਵੀ ਪੰਜਾਬੀ ਦੇ ਪ੍ਰਸਿੱਧ ਲੇਖਕ ਰਹਿੰਦੇ ਹਨ, ਉਨ੍ਹਾਂ ਦਾ ਜ਼ਿਕਰ ਲੇਖਕ ਨੇ ਨਹੀਂ ਕੀਤਾ ਜਾਂ ਤਾਂ ਸਮਾਂ ਘੱਟ ਹੋਵੇਗਾ ਕਿ ਉਨ੍ਹਾਂ ਤੱਕ ਪਹੁੰਚ ਨਹੀਂ ਹੋਈ। ਆਪਣੇ ਬੇਟੇ ਨਾਲ ਮਿਲਣ ਅਤੇ ਵਿਛੜਣ ਦੇ ਭਾਵੁਕ ਪਲ ਪਾਠਕ ਨੂੰ ਵੀ ਹਲੂਣਦੇ ਹਨ। ਆਮ ਜਾਣਕਾਰੀ ਪਾਠਕਾਂ ਲਈ ਇਹ ਸਫ਼ਰਨਾਮਾ ਬਹੁਤ ਲਾਹੇਵੰਦ ਹੋਵੇਗਾ।

-ਕੇ. ਐਲ. ਗਰਗ
ਮੋਬਾਈਲ : 94635-37050

ਸਾਏ ਮੇਂ ਧੂਪ
ਗ਼ਜ਼ਲਕਾਰ : ਦੁਸ਼ਯੰਤ ਕੁਮਾਰ
ਲਿਪੀਅੰਤਰ : ਸੁਖਰਾਜ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 120 ਰੁਪਏ, ਸਫ਼ੇ : 66
ਸੰਪਰਕ : 094251-38555

ਉਰਦੂ ਤੇ ਪੰਜਾਬੀ ਵਾਂਗ ਹਿੰਦੀ ਵਿਚ ਵੀ ਗ਼ਜ਼ਲ ਦੀ ਮਕਬੂਲੀਅਤ ਘੱਟ ਨਹੀਂ ਹੈ ਬਲਕਿ ਹੁਣ ਤਾਂ ਹਿੰਦੀ ਵਿਚ ਵੀ ਤੇਜ਼ ਰਫ਼ਤਾਰੀ ਨਾਲ ਗ਼ਜ਼ਲ ਲਿਖੀ ਜਾ ਰਹੀ ਹੈ। ਹਿੰਦੀ ਉਂਝ ਵੀ ਗ਼ਜ਼ਲ ਲਈ ਢੁਕਵੀਂ ਭਾਸ਼ਾ ਹੈ। ਇਸ ਪਿੱਛੇ ਹਿੰਦੀ ਗ਼ਜ਼ਲ ਦੇ ਵੱਡੇ ਸਤੰਭ ਦੁਸ਼ਯੰਤ ਕੁਮਾਰ ਵਰਗਿਆਂ ਦਾ ਵੱਡਾ ਯੋਗਦਾਨ ਹੈ। ਦੁਸ਼ਯੰਤ ਕੁਮਾਰ ਦੀ ਹਿੰਦੀ ਗ਼ਜ਼ਲ ਉਰਦੂ ਗ਼ਜ਼ਲ ਦੇ ਮਹਾਂਰਥੀਆਂ ਦੇ ਬਰਾਬਰ ਦਾ ਮੁਕਾਮ ਰੱਖਦੀ ਹੈ। 'ਸਾਏ ਮੇਂ ਧੂਪ' ਉਸ ਦਾ 1975 ਵਿਚ ਛਪਿਆ ਚਰਚਿਤ ਗ਼ਜ਼ਲ ਸੰਗ੍ਰਹਿ ਹੈ ਜੋ ਹੁਣ ਤਕ ਤਹੇਤਰ ਵਾਰ ਛਪ ਚੁੱਕਾ ਹੈ। ਇਹ ਕਿਸੇ ਪੁਸਤਕ ਲਈ ਛੋਟੀ ਪ੍ਰਾਪਤੀ ਨਹੀਂ ਹੈ। ਇਸ ਪੁਸਤਕ ਨੂੰ ਪੰਜਾਬੀ ਵਿਚ ਸੁਖਰਾਜ ਸਿੰਘ ਨੇ ਲਿਪੀਅੰਤਰ ਕੀਤਾ ਹੈ। ਪੁਸਤਕ ਭਾਵੇਂ ਮਹਿਜ਼ ਛਿਆਠ ਸਫ਼ਿਆਂ ਦੀ ਹੈ ਪਰ ਇਸ ਵਿਚ ਸ਼ਾਮਿਲ ਗ਼ਜ਼ਲਾਂ ਪਾਠਕ ਨੂੰ ਲੰਬੀ ਤੇ ਬੁਲੰਦ ਪਰਵਾਜ਼ ਦਾ ਅਹਿਸਾਸ ਕਰਵਾਉਂਦੀਆਂ ਹਨ। ਦੁਸ਼ਯੰਤ ਕੁਮਾਰ ਸਰਲ ਭਾਸ਼ਾ ਵਿਚ ਬਹੁਪਰਤੀ ਤੇ ਵਿਸਮਾਦੀ ਸ਼ਿਅਰ ਕਹਿਣ ਦਾ ਮਾਹਿਰ ਹੈ। ਇਹ ਪਾਠਕ ਦੇ ਜ਼ਿਹਨ 'ਤੇ ਦੁਰਲੱਭ ਮੰਜ਼ਰ ਸਿਰਜਦੇ ਹਨ ਤੇ ਪੜ੍ਹਨ ਤੋਂ ਬਾਅਦ ਇਨ੍ਹਾਂ ਦਾ ਅਸਰ ਚਿਰਸਥਾਈ ਬਣਦਾ ਹੈ। ਪੰਜਾਬੀ ਦੇ ਨਵੇਂ ਪੁਰਾਣੇ ਗ਼ਜ਼ਲਕਾਰਾਂ ਲਈ ਇਹ ਗ਼ਜ਼ਲ ਸੰਗ੍ਰਹਿ ਪੜ੍ਹਨਾ ਲਾਹੇਵੰਦਾ ਸਾਬਿਤ ਹੋ ਸਕਦਾ ਹੈ। ਹਿੰਦੀ ਗ਼ਜ਼ਲ ਨੂੰ ਜਾਨਣ ਲਈ ਦੁਸ਼ਯੰਤ ਕੁਮਾਰ ਦੀ ਗ਼ਜ਼ਲ ਪੜ੍ਹਨੀ ਜ਼ਰੂਰੀ ਹੈ। ਇਨ੍ਹਾਂ ਗ਼ਜ਼ਲਾਂ 'ਤੇ ਪਰਸ਼ੀਅਨ ਸ਼ਬਦਾਂ ਦਾ ਪ੍ਰਭਾਵ ਤਾਂ ਹੈ ਪਰ ਇਹ ਓਪਰਾ ਮਹਿਸੂਸ ਨਹੀਂ ਹੁੰਦਾ। ਗ਼ਜ਼ਲਕਾਰ ਕਲਪਨਾ, ਖ਼ਿਆਲੀ ਉਡਾਨ ਤੇ ਸ਼ਬਦਾਂ ਦੀ ਤਰਤੀਬ ਦਾ ਹੀ ਮਾਹਿਰ ਨਹੀਂ ਹੈ ਸਗੋਂ ਉਹ ਗ਼ਜ਼ਲ ਵਿਧਾਨ ਦਾ ਵੀ ਪਾਲਣ ਕਰਦਾ ਹੈ। ਉਸ ਨੇ ਸ਼ਬਦਾਂ ਦੇ ਵਜ਼ਨ ਵੀ ਅਰੂਜ਼ੀ ਮਿਥਾਂ ਮੁਤਾਬਿਕ ਲਏ ਹਨ। ਮੈਂ ਲਿਪੀਅੰਤਰ ਹੋਈਆਂ ਅਨੇਕਾਂ ਪੁਸਤਕਾਂ ਨੂੰ ਪੜ੍ਹਿਆ ਹੈ ਪਰ ਅਜਿਹੀਆਂ ਪੁਸਤਕਾਂ ਬਹੁਤ ਘੱਟ ਨਜ਼ਰੀਂ ਪਈਆਂ ਹਨ। ਸੁਖਰਾਜ ਸਿੰਘ ਨਿਸਚੇ ਹੀ ਇਸ ਕਾਰਜ ਲਈ ਮੁਬਾਰਕ ਦਾ ਹੱਕਦਾਰ ਹੈ ਪਰ ਲਿਪੀਅੰਤਰ ਸਮੇਂ ਕਿਧਰੇ ਕਿਧਰੇ ਬੇਧਿਆਨੀ ਹੋਈ ਮਿਲਦੀ ਹੈ। ਕਿਤਾਬ ਦੀਆਂ ਗ਼ਜ਼ਲਾਂ ਛੋਟੇ ਆਕਾਰ ਦੀਆਂ ਹਨ ਤੇ ਸ਼ਿਅਰਾਂ ਦੀ ਗਿਣਤੀ ਬਹੁਤੀ ਨਹੀਂ ਹੈ। ਇੰਝ ਇਨ੍ਹਾਂ ਨੂੰ ਪੜ੍ਹਦਿਆਂ ਅਕੇਵੇਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

-ਗੁਰਦਿਆਲ ਰੌਸ਼ਨ
ਮੋਬਾਈਲ : 98884-44002

ਬਿਸਮਿੱਲਾਹ ਖਾਂ
ਲੇਖਕ : ਸ਼ਿਵੇਂਦਰ ਕੁਮਾਰ ਸਿੰਘ
ਅਨੁਵਾਦ : ਡਾ. ਰਾਜਵੰਤ ਕੌਰ ਪੰਜਾਬੀ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ ਇੰਡੀਆ, ਨਵੀਂ ਦਿੱਲੀ
ਮੁੱਲ : 90 ਰੁਪਏ

ਨਹਿਰੂ ਬਾਲ ਪੁਸਤਕਮਾਲਾ ਲੜੀ 'ਚ ਨੈਸ਼ਨਲ ਬੁੱਕ ਟਰੱਸਟ ਇੰਡੀਆ ਬੱਚਿਆਂ ਨੂੰ ਚੰਗੇਰਾ ਬਾਲ ਸਾਹਿਤ ਦੇਣ ਲਈ ਹਿੰਦੀ, ਅੰਗਰੇਜ਼ੀ ਸਮੇਤ 50 ਤੋਂ ਵੱਧ ਭਾਸ਼ਾਵਾਂ ਵਿਚ ਕਿਤਾਬਾਂ ਛਾਪਣ ਦਾ ਉਦਮ ਕਰਦਾ ਹੈ। ਇਸੇ ਯੋਜਨਾ ਅਧੀਨ ਉਘੇ ਖੇਡ ਪੱਤਰਕਾਰ ਸ਼ਿਵੇਂਦਰ ਕੁਮਾਰ ਸਿੰਘ ਦੀ ਲਿਖੀ ਕਿਤਾਬੜੀ 'ਬਿਸਮਿੱਲਾਹ ਖਾਂ' ਦਾ ਪੰਜਾਬੀ ਅਨੁਵਾਦ ਡਾ. ਰਾਜਵੰਤ ਕੌਰ ਪੰਜਾਬੀ ਨੇ ਜ਼ਿੰਮੇਵਾਰੀ ਨਾਲ ਕੀਤਾ ਹੈ, ਜਿਸ ਦਾ ਆਰਟ-ਵਰਕ ਹਰਮਨ-ਪਿਆਰੇ ਕਾਰਟੂਨਿਸਟ ਇਸਮਾਈਲ ਲਹਿਰੀ ਨੇ ਕੀਤਾ ਹੈ। ਬੱਚਿਆਂ ਲਈ ਵੰਨ-ਸੁਵੰਨੇ ਵਿਸ਼ਿਆਂ ਨਾਲ ਸੰਬੰਧਿਤ ਪੁਸਤਕਾਂ ਛਪਣੀਆਂ ਜ਼ਰੂਰੀ ਹਨ। ਸ਼ਹਿਨਾਈ-ਵਾਦਕ ਬਿਸਮਿੱਲਾਹ ਖਾਂ ਨੂੰ ਕੌਣ ਨਹੀਂ ਜਾਣਦਾ। ਪ੍ਰੰਤੂ ਉਸ ਦੇ ਜੀਵਨ ਦੀ ਝਲਕ ਬੱਚਿਆਂ ਨੂੰ ਰੌਚਿਕ ਅਤੇ ਸਰਲ ਢੰਗ ਨਾਲ ਜਾਣਕਾਰੀ ਦੇਣੀ ਇਸ ਰਚਨਾ ਦਾ ਕਮਾਲ ਹੈ। ਬਚਪਨ ਦਾ ਨਾਂਅ ਅਮੀਰੂਦੀਨ ਕਿਵੇਂ ਸ਼ਹਿਨਾਈ ਸਦਕਾ ਬਿਸਮਿੱਲਾਹ ਖਾਂ ਬਣਦਾ, ਇਹ ਸ਼ਾਜ਼ ਕਲਾ ਦਾ ਅਤੇ ਅਮੀਰੂਦੀਨ ਦੀ ਲਗਨ ਤੇ ਮਿਹਨਤ ਦਾ ਕ੍ਰਿਸ਼ਮਾ ਹੈ। ਆਪਣੇ ਨਾਨਾ ਜੀ ਦੀ ਮਿੱਠੀ ਸੁਰ ਦੀ ਸ਼ਹਿਨਾਈ ਦੀ ਆਵਾਜ਼ ਅਮੀਰੂਦੀਨ ਨੂੰ ਆਪਣੇ ਵਿਰਸੇ ਵਿਚੋਂ ਮਿਲੀ ਅਤੇ ਉਸ ਸੁਰ ਦੀ ਬੁਲੰਦੀ ਸਾਰੇ ਜਗਤ ਵਿਚ ਫੈਲੀ। ਮੁਸਲਮਾਨ ਘਰਾਣੇ 'ਚ ਹੁੰਦਿਆਂ ਸੰਗੀਤ ਨੂੰ ਵਰਜਿਤ ਹੁੰਦਿਆਂ ਇਕ ਸੁਰ, ਗੰਗਾਮਾਈ, ਕਾਸ਼ੀ ਤੇ ਭਾਰਤ ਬਿਸਮਿੱਲਾਹ ਲਈ ਸ਼ਹਿਨਾਈ ਹੀ ਬਣ ਗਿਆ। 1916 ਵਿਚ ਡੁਮਰਾਂਵ ਵਿਖੇ ਪਿਤਾ ਪੈਗੰਬਰ ਬਖ਼ਸ਼ ਖਾਂ ਅਤੇ ਮਾਤਾ ਮਿਠਨ ਦੇ ਗ੍ਰਹਿ ਪੈਦਾ ਹੋਏ ਬੱਚੇ ਨੂੰ ਇਕ ਬਜ਼ੁਰਗ ਨੇ ਅਸੀਸ ਦਿੱਤੀ ਅਤੇ ਸ਼ਹਿਨਾਈ ਵਜਾਉਣ ਦੀ ਪ੍ਰੇਰਨਾ ਦਿੱਤੀ। ਇਹ ਭਵਿੱਖ ਬਾਣੀ ਸੱਚ ਹੋਈ। ਬਿਸਮਿੱਲਾਹ ਖਾਂ ਦੀ ਸ਼ਹਿਨਾਈ ਦੀਆਂ ਧੁੰਮਾਂ ਪੈ ਗਈਆਂ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਲੇ 'ਤੇ ਝੰਡਾ ਲਹਿਰਾਇਆ ਅਤੇ ਬਿਸਮਿੱਲਾਹ ਖਾਂ ਦੀ ਸ਼ਹਿਨਾਈ ਦੀਆਂ ਧੁੰਨਾਂ ਗੂੰਜੀਆਂ। ਇਸ ਕਲਾ ਸਦਕਾ ਉਸ ਨੂੰ ਭਾਰਤ ਸਰਕਾਰ ਵਲੋਂ ਪਦਮਸ੍ਰੀ, ਪਦਮ ਭੂਸ਼ਨ, ਪਦਮ ਵਿਭੂਸ਼ਨ ਅਤੇ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। 21 ਅਗਸਤ, 2006 ਨੂੰ ਖਾਂ ਸਾਹਿਬ ਨੇ ਦੁਨੀਆ ਨੂੰ ਅਲਵਿਦਾ ਆਖੀ। ਇਸ ਮਹਾਨ ਕਲਾਕਾਰ ਤੋਂ ਬੱਚਿਆਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਖੇਤਰ ਵਿਚ ਮਿਹਨਤ ਅਤੇ ਰਿਆਜ਼ ਨਾਲ ਨਾਮਣਾ ਪੱਟਿਆ ਜਾ ਸਕਦਾ ਹੈ। ਖਾਂ ਸਾਹਿਬ ਦੀਆਂ ਗੱਲਾਂ ਧਰਮਾਂ ਤੋਂ ਉੱਪਰ ਇਨਸਾਨੀਅਤ ਦੀ ਗੱਲ ਕਰਦੀਆਂ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ
ਲੇਖਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 120 ਰੁਪਏ, ਸਫ਼ੇ : 48
ਸੰਪਰਕ : 98153-17028

ਲੇਖਕ ਦੀ ਹਥਲੀ ਪੁਸਤਕ ਬੜੇ ਮਹਾਨ ਤੇ ਜੁਝਾਰੂ ਯੋਧੇ ਦੀ ਸੰਘਰਸ਼ਮਈ ਜ਼ਿੰਦਗੀ 'ਤੇ ਆਧਾਰਿਤ ਲੂ-ਕੰਡੇ ਖੜ੍ਹੇ ਕਰਨ ਵਾਲੀ ਕਹਾਣੀ ਹੈ। ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ ਸੰਗਰੂਰ ਜ਼ਿਲ੍ਹੇ 'ਚ ਪੈਂਦੇ ਪਿੰਡ ਲੌਂਗੋਵਾਲ ਵਿਖੇ 17 ਨਵੰਬਰ, 1896 ਨੂੰ ਜਨਮੇ। ਭਰਾਵਾਂ ਦੀ ਮੌਤ ਨੇ ਏਨਾ ਕੁ ਝੰਬਿਆ ਕਿ ਨਾਗਾ ਸਾਧ ਬਣ ਕੇ ਪਿੰਡ ਛੱਡ ਦਿੱਤਾ। 18 ਸਾਲ ਦੀ ਉਮਰ 'ਚ ਉਹ ਅੰਗਰੇਜ਼ੀ ਫੌਜ 'ਚ ਭਰਤੀ ਹੋ ਗਿਆ। 1916 'ਚ ਫੌਜ 'ਚੋਂ ਭਗੌੜਾ ਹੋ ਗਿਆ ਤੇ ਅੰਗਰੇਜ਼ ਸਰਕਾਰ ਵਿਰੁੱਧ ਅੰਦੋਲਨ ਛੇੜ ਦਿੱਤਾ। ਅਲੱਗ-ਅਲੱਗ ਪਿੰਡ ਸ਼ਹਿਰਾਂ ਵਿਚ ਸਰਕਾਰ ਵਿਰੁੱਧ ਬਹੁਤ ਜੋਸ਼ੀਲੀਆਂ ਤਕਰੀਰਾਂ ਕਰਨ ਕਰਕੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਵੀ ਮਿਲੀਆਂ। ਸਰਕਾਰ ਦੀਆਂ ਨੀਤੀਆਂ ਖਿਲਾਫ਼ 'ਬੀਰ ਅਕਾਲੀ' ਪਰਚਾ ਕੱਢਿਆ ਪਰ ਸਰਕਾਰ ਵਿਰੋਧੀ ਹੋਣ ਕਰਕੇ ਛੇਤੀ ਬੰਦ ਹੋ ਗਿਆ। ਆਲ ਇੰਡੀਆ ਸਟੇਟਸ ਪੀਪਲਜ਼ ਕਾਨਫ਼ਰੰਸ ਕਰਨ ਤੋਂ ਬਾਅਦ ਪਰਜਾ ਮੰਡਲ ਦੀ ਸਥਾਪਨਾ ਕਰਨਾ ਲੌਂਗੋਵਾਲੀਆ ਲਈ ਬਹੁਤ ਵੱਡੀ ਪ੍ਰਾਪਤੀ ਸੀ। ... ਸਵ: ਛੋਟੇ ਭਰਾ ਹਮੀਰ ਸਿੰਘ ਦੀ ਪਤਨੀ ਧਰਮ ਕੌਰ ਨਾਲ ਰਜ਼ਾਮੰਦੀ ਨਾਲ ਵਿਆਹ ਹੋ ਗਿਆ। ਤਿੰਨ ਬੱਚੇ ਪੈਦਾ ਹੋਏ। ਇਕ ਲੜਕਾ ਤੇ ਦੋ ਲੜਕੀਆਂ। 25 ਸਾਲ ਦੀ ਉਮਰ 'ਚ ਲੜਕੇ ਦਾ ਵਿਆਹ ਕੀਤਾ ਪਰ ਥੋੜ੍ਹੀ ਦੇਰ ਬਾਅਦ ਇਕ ਦੁਰਘਟਨਾ 'ਚ ਮਾਰਿਆ ਗਿਆ। ਘਰ ਖ਼ਤਮ ਹੋ ਗਿਆ। ਲਾਹੌਰ ਰਹਿੰਦਿਆਂ 'ਜਿਮੀਂਦਾਰ' ਪਰਚਾ ਕੱਢਿਆ ਪਰ ਛੇਤੀ ਬੰਦ ਹੋ ਗਿਆ। ਆਪ ਜਾਤਾਂ-ਪਾਤਾਂ ਤੇ ਧਰਮਾਂ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਵਿਤਕਰਿਆਂ ਦੇ ਕੱਟੜ ਵਿਰੋਧ ਸਨ। ਲੇਖਕ ਨੇ ਇਸ 48 ਪੰਨਿਆਂ ਦੀ ਪੁਸਤਕ ਵਿਚ ਸਮਝੋ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੀ ਗੱਲ ਕੀਤੀ ਹੈ। ਸੰਘਰਸ਼ ਕਰਦਿਆਂ ਕਰਦਿਆਂ ਜਿਊਂਦੇ ਜੀਅ ਉਸ ਦੀ ਜ਼ਮੀਨ ਤੇ ਘਰ ਦੀ ਕੁਰਕੀ ਹੁੰਦੀ ਵੀ ਦੇਖ ਲਈ ਪਰ ਅੰਗਰੇਜ਼ ਸਰਕਾਰ ਦੀ ਈਨ ਨਹੀਂ ਮੰਨੀ। ਸਾਥਣ ਧਰਮ ਕੌਰ ਨੇ ਵੀ ਪੂਰਾ ਸੰਸਾਥ ਨਿਭਾਇਆ। ਲੇਖਕ ਨੇ ਇਹ ਪੁਸਤਕ ਰਚਣ ਤੋਂ ਪਹਿਲਾਂ ਬਹੁਤ ਸਾਰੀਆਂ ਪੁਸਤਕਾਂ ਦਾ ਸਹਾਰਾ ਲਿਆ ਹੈ। ਜੋ ਕਿ ਚੰਗੀ ਗੱਲ ਹੈ। ਲੇਖਕ ਤੋਂ ਅੱਗੋਂ ਵੀ ਅਜਿਹੀਆਂ ਪੁਸਤਕਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

-ਡੀ. ਆਰ. ਬੰਦਨਾ
ਮੋਬਾਈਲ : 94173-89003

ਏ... ਹੰਸਾ
ਲੇਖਿਕਾ : ਡਾ. ਗਾਰਗੀ
ਅਨੁਵਾਦਕ : ਪਰਮਜੀਤ ਪਰਮ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 123
ਸੰਪਰਕ : 98782-49641

'ਏ... ਹੰਸਾ' ਡਾ. ਗਾਰਗੀ ਦਾ ਹਿੰਦੀ ਵਿਚ ਲਿਖਿਆ ਨਾਵਲ ਹੈ। ਜਿਸ ਨੂੰ ਪਰਮਜੀਤ ਪਰਮ ਨੇ ਪੰਜਾਬੀ ਵਿਚ ਅਨੁਵਾਦ ਕੀਤਾ ਹੈ। ਇਸ ਨਾਵਲ ਵਿਚ ਜੇਲ੍ਹ ਕੱਟ ਰਹੇ ਬਹੁਤ ਸਾਰੇ ਬੇਦੋਸ਼ੇ ਅਤੇ ਮਜਬੂਰ ਪਾਤਰਾਂ ਦਾ ਬੇਹੱਦ ਮਾਰਮਿਕ ਚਿਤਰਣ ਬੜੀ ਸੰਵੇਦਨਸ਼ੀਲਤਾ ਨਾਲ ਕੀਤਾ ਗਿਆ ਹੈ। ਪਾਤਰਾਂ ਦੇ ਡੂੰਘੇ ਦਰਦ ਭਰੇ ਅਹਿਸਾਸ ਅਤੇ ਖ਼ਾਮੋਸ਼ ਚੀਸਾਂ ਪਾਠਕ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੇ ਹਨ। ਜਿੱਥੇ ਇਸ ਨਾਵਲ ਵਿਚ ਪੁਲਿਸ ਵਿਭਾਗ ਦੇ ਕਰਮਚਾਰੀਆਂ, ਅਧਿਕਾਰੀਆਂ, ਵਕੀਲਾਂ ਵਲੋਂ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਵਿਚ ਬਦਲ ਦੇਣ ਦੀਆਂ ਚਾਲਾਂ ਨੂੰ ਬੜੀ ਬੇਬਾਕੀ ਨਾਲ ਚਿਤਰਿਆ ਗਿਆ ਹੈ, ਉੱਥੇ ਨਾਲ ਦੀ ਨਾਲ ਜੇਲ੍ਹ ਵਿਚ ਤਾਇਨਾਤ ਇਸਤਰੀ ਪੁਲਿਸ ਅਫ਼ਸਰਾਂ, ਹੌਲਦਾਰਾਂ ਦੇ ਮਾਨਵਵਾਦੀ ਸੁਭਾਅ ਨੂੰ ਵੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਨਾਵਲ ਦੀ ਕਥਾ ਵਸਤੂ ਵਿਚ ਨਾਵਲ ਦੀ ਨਾਇਕਾ ਹੰਸਾ ਦੇ ਪਤੀ ਨਵਲ ਦੀ ਵਧੇਰੇ ਸ਼ਰਾਬ ਪੀਣ ਕਾਰਨ ਮੌਤ ਹੋ ਜਾਂਦੀ ਹੈ। ਹੰਸਾ ਦੀ ਨਣਦ, ਦਿਉਰ ਅਤੇ ਜੇਠ ਉਸ ਦੇ ਪਤੀ ਦੀ ਮੌਤ ਦਾ ਦੋਸ਼ ਉਸ ਦੇ ਸਿਰ ਹੀ ਮੜ੍ਹ ਦਿੰਦੇ ਹਨ। ਬੇਸ਼ੱਕ ਹੰਸਾ ਦੇ ਗੁਆਂਢੀ ਉਸ ਦੇ ਹੱਕ ਵਿਚ ਐੱਫ. ਆਈ. ਆਰ. ਦਰਜ ਕਰਵਾਉਂਦੇ ਹਨ। ਪਰੰਤੂ ਥਾਣੇ ਦੇ ਪੁਲਿਸ ਅਫ਼ਸਰ ਅਤੇ ਹੇਠਲੇ ਕਰਮਚਾਰੀ ਮੋਟੀ ਰਿਸ਼ਵਤ ਲੈ ਕੇ ਗੁਆਂਢੀਆਂ ਵਲੋਂ ਲਿਖਵਾਈ ਐੱਫ. ਆਈ. ਆਰ. ਨੂੰ ਖ਼ੁਰਦ ਬੁਰਦ ਕਰ ਦਿੰਦੇ ਹਨ। ਹੰਸਾ ਦੇ ਸਹੁਰਿਆਂ ਵਲੋਂ ਲਿਖਵਾਈ ਝੂਠੀ ਸ਼ਿਕਾਇਤ ਉੱਤੇ ਕਾਰਵਾਈ ਕਰਕੇ ਹੰਸਾ ਨੂੰ ਉਮਰ ਕੈਦ ਦਾ ਫ਼ੈਸਲਾ ਸੁਣਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਜੇਲ੍ਹ ਵਿਚ ਹੰਸਾ ਤੋਂ ਇਲਾਵਾ ਸੱਤਿਆ, ਹਾਜ਼ਰਾ, ਬਿਮਲੇਸ਼, ਸ਼ਹਿਨਾਜ਼, ਸੁਰੇਸ਼, ਗੁਰਨਾਮੋ, ਕ੍ਰਿਸ਼ਨਾ, ਕਾਂਤਾ ਆਦਿ ਉਹ ਔਰਤਾਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਝੂਠੇ ਇਲਜ਼ਾਮਾਂ, ਝੂਠੇ ਗਵਾਹਾਂ ਦੇ ਸਿਰ 'ਤੇ ਸਜ਼ਾ ਦਿਵਾਈ ਹੈ। ਇਸ ਪ੍ਰਕਾਰ ਇਹ ਨਾਵਲ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ 'ਤੇ ਵੀ ਇਕ ਵੱਡਾ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ, ਜਿੱਥੇ ਪੈਸਾ, ਅਹੁਦਾ ਅਤੇ ਰਾਜਸੀ ਸ਼ਕਤੀਆਂ ਮਜ਼ਲੂਮਾਂ ਨੂੰ ਜੇਲ੍ਹ ਦੀਆਂ ਕੋਠੜੀਆਂ ਵਿਚ ਬੰਦ ਕਰਕੇ ਝੂਠ ਤੇ ਖਿੱਲੀ ਉਡਾਉਂਦਾ ਨਜ਼ਰੀਂ ਪੈਂਦਾ ਹੈ। ਇਸ ਪ੍ਰਕਾਰ ਜੇਲ੍ਹ ਜੀਵਨ ਦੀ ਤ੍ਰਾਸਦਿਕ ਸਥਿਤੀ ਨੂੰ ਇਸ ਨਾਵਲ ਵਿਚ ਪੇਸ਼ ਕੀਤਾ ਗਿਆ ਹੈ।

-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020

03-11-2024

ਜਪੁਜੀ ਸਾਹਿਬ ਸਟੀਕ
ਟੀਕਾਕਾਰ : ਮੋਹਨ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 98152-98459

ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਜਪੁਜੀ ਸਾਹਿਬ ਮੂਲ ਮੰਤਰ ਦੀ ਹੀ ਵਿਆਖਿਆ ਹੈ। ਜਪੁਜੀ ਸਾਹਿਬ ਦੀ ਸਾਰੀ ਬਾਣੀ ਨੂੰ ਦਾਰਸ਼ਨਿਕ ਆਧਾਰ ਪ੍ਰਦਾਨ ਕਰਦਾ ਹੈ। ਵੱਖ-ਵੱਖ ਸਮਿਆਂ ਤੇ ਵਿਦਵਾਨਾਂ ਨੇ ਇਸ ਰਚਨਾ ਦੇ ਟੀਕੇ ਕੀਤੇ ਹਨ। ਇਹੋ ਜਿਹਾ ਹੀ ਵਧੀਆ ਉਪਰਾਲਾ ਕੈਲੀਫੋਰਨੀਆ ਨਿਵਾਸੀ ਮੋਹਨ ਸਿੰਘ ਮਾਨ ਨੇ ਕੀਤਾ ਹੈ, ਜਿਸ ਵਿਅਕਤੀ ਨੇ ਇਸ ਬਾਣੀ ਨੂੰ ਸਮਝ ਲਿਆ, ਉਸ ਨੂੰ ਗੁਰਮਤਿ ਦਰਸ਼ਨ ਦੀ ਸੋਝੀ ਹੋ ਜਾਂਦੀ ਹੈ। ਲੇਖਕ ਨੇ ਆਪਣਾ ਅਧਿਐਨ ਮੂਲ ਮੰਤਰ ਤੋਂ ਆਰੰਭ ਕੀਤਾ ਹੈ। ਉਸ ਨੇ ਸਾਰੀਆਂ ਪਉੜੀਆਂ ਦੀ ਕ੍ਰਮਵਾਰ ਵਿਆਖਿਆ ਕੀਤੀ ਹੈ। ਔਖੇ ਸ਼ਬਦਾਂ ਦੇ ਅਰਥ ਦਿੱਤੇ ਹਨ। ਜਪੁਜੀ ਸਾਹਿਬ ਦੀ ਸਮੁੱਚੀ ਬਣਤਰ ਬਾਰੇ ਆਰੰਭ ਵਿਚ ਹੀ ਦੱਸਿਆ ਹੈ ਕਿ ਜਪੁਜੀ ਸਾਹਿਬ ਦਾ ਮੂਲ ਸ਼ਲੋਕ 'ਆਦਿ ਸਹੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ' ਹੈ। ਇਸ ਤੋਂ ਬਾਅਦ 38 ਪਉੜੀਆਂ ਹਨ। ਪਹਿਲੀ ਪਉੜੀ 'ਸੋਚੇ ਸੋਚਿ ਨ ਹੋਵਈ' ਤੋਂ ਸ਼ੁਰੂ ਹੁੰਦੀ ਹੈ ਅਤੇ 38ਵੀਂ ਪਉੜੀ 'ਜਤੁ ਪਾਹਰਾ ਧੀਰਜੁ ਸੁਨਿਆਰ' ਆਖਰੀ ਪਉੜੀ ਹੈ। ਸਮਾਪਤੀ ਇਸ ਸ਼ਲੋਕ ਨਾਲ ਹੁੰਦੀ ਹੈ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।'
ਗੁਰੂ ਨਾਨਕ ਦੇਵ ਜੀ ਦਾ ਮੁੱਖ ਮੰਤਵ ਮਾਨਵ ਨੂੰ ਸਚਿਆਰਾ ਬਣਾਉਣਾ ਹੈ। ਜਪੁਜੀ ਅਨੁਸਾਰ ਬੰਦਾ ਜਿਸ ਸੰਸਾਰ ਵਿਚ ਹੈ, ਉਸ ਦਾ ਸਾਰਾ ਪਾਸਾਰ ਰੱਬੀ ਹੁਕਮ ਅਨੁਸਾਰ ਹੋਇਆ ਹੈ। ਸਭ ਆਕਾਰ ਅਤੇ ਜੀਵ ਉਸ ਨੇ ਪੈਦਾ ਕੀਤੇ ਹਨ। ਇਨ੍ਹਾਂ ਜੀਵਾਂ ਵਿਚ ਚੰਗੇ ਅਤੇ ਮਾੜੇ ਸਭ ਜੀਵ ਸ਼ਾਮਿਲ ਹਨ। ਉਸ ਦੇ ਹੁਕਮ ਨਾਲ ਹੀ ਬੰਦੇ ਦੁੱਖ-ਸੁੱਖ ਭੋਗਦੇ ਹਨ। ਇਸ ਲਈ ਬੰਦੇ ਨੇ ਰੱਬੀ ਹੁਕਮ ਨੂੰ ਸਮਝਣਾ ਹੈ। ਇਹ ਐਵੇਂ ਨਹੀਂ ਬੁੱਝਿਆ ਜਾ ਸਕਦਾ। ਇਸ ਦੇ ਬੁੱਝਣ ਲਈ ਬੰਦੇ ਨੂੰ ਨਾਮ ਨਾਲ ਜੁੜਨਾ ਪੈਂਦਾ ਹੈ। ਨਾਮ ਅਤੇ ਸ਼ਬਦ ਸਮਾਨਾਰਥੀ ਪ੍ਰਤੀਤ ਹੁੰਦੇ ਹਨ।
ਸ਼ਬਦ ਦਾ ਗਾਇਨ ਕਰਨ ਵਾਲੇ ਵਿਅਕਤੀ ਵਿਚ ਅਨੇਕਾਂ ਸੰਭਾਵਨਾਵਾਂ ਹੋ ਸਕਦੀਆਂ ਹਨ ਜਿਵੇਂ ਬਲ, ਦਾਤਾਂ, ਵਿੱਦਿਆ, ਜੀਵਨ, ਹਾਦਰਾ ਹਦੂਰਿ ਆਦਿ।
ਨਾਮ ਸੁਣਨ ਦੀਆਂ ਸੰਭਾਵਿਤ ਪ੍ਰਾਪਤੀਆਂ ਜਿਵੇਂ ਧਾਰਮਿਕਤਾ, ਧਰਤ ਆਕਾਸ਼ ਦੀ ਸੋਝੀ, ਦੀਪਾਂ ਸਮੁੰਦਰਾਂ ਦੀ ਸੋਝੀ, ਕਾਲ-ਮੁਕਤੀ, ਜੁਗਤੀ-ਮੁਕਤੀ, ਸਤ-ਸੰਤੋਖ, ਮਾਨਸਿਕ ਅਨੰਦ ਆਦਿ। ਸੁਣਨ ਉਪਰੰਤ ਮਨਨ ਦੀ ਪ੍ਰਕਿਰਿਆ ਚਲਦੀ ਹੈ। ਮਨਨ ਦੁਆਰਾ ਮਨ ਅਤੇ ਬੁੱਧੀ ਦੀ ਸੋਝੀ ਹੁੰਦੀ ਹੈ। 'ਤਿਸ ਊਚੇ' ਦੀ ਸਮਝ ਲਈ ਉਸ ਦੀ ਨਦਰ (ਗਰੇਸ) ਦੀ ਲੋੜ ਹੈ। ਪਰ ਨਦਰ ਪ੍ਰਾਪਤੀ ਲਈ ਵਿਅਕਤੀ ਨੂੰ ਹੁਕਮ ਵਿਚ ਰਹਿ ਕੇ, ਸੁਣਨ-ਮਨਨ ਦੀ ਪ੍ਰਕਿਰਿਆ ਵਿਚੋਂ ਗੁਜ਼ਰਕੇ, ਪੰਜ ਖੰਡਾਂ ਵਿਚ ਦੀ ਗੁਜ਼ਰਨਾ ਪੈਂਦਾ ਹੈ। ਸਚਿਆਰਾ ਬਣਨ ਦੀ ਘਾੜਤ 'ਸ਼ਬਦ' ਦੀ ਟਕਸਾਲ ਵਿਚ ਘੜੀ ਜਾਂਦੀ ਹੈ। ਜਪੁਜੀ ਸਾਹਿਬ ਵਿਚ ਅਨੇਕਾਂ ਸੰਕਲਪਾਂ ਦੀ ਗੱਲ ਕੀਤੀ ਗਈ ਹੈ ਜਿਵੇਂ ਕਿ ਹੁਕਮਿ, ਹਉਮੈ, ਕਰਮ, ਨਦਰ, ਮੋਖ, ਨਾਟ, ਪੁੰਨ, ਪਾਪ ਆਦਿ। ਬੰਦਾ 'ਹੁਕਮਿ ਰਜਾਈ' ਚੱਲ ਕੇ 'ਕੂੜ ਦੀ ਪਾਲ' ਨੂੰ ਤੋੜ ਕੇ ਸਚਿਆਰਾ ਬਣ ਸਕਦਾ ਹੈ। ਜਪੁਜੀ ਸਾਹਿਬ ਅਨੁਸਾਰ ਇਸ ਸੰਸਾਰ ਦੀ ਸਿਰਜਨਾ 'ਕੀਤਾ ਪਸਾਓ ਏਕੋਕਵਾਉ' ਦੇ ਮਹਾਂਵਾਕ ਅਨੁਸਾਰ ਅਕਾਲ ਪੁਰਖ ਨੇ ਕੀਤੀ ਹੈ। ਸਿਰਜੇ ਜਾਣ ਦੀ ਰੁੱਤ, ਵਕਤ ਥਿਤੀ, ਵੇਲੇ ਦਾ ਸਿਰਜਨਹਾਰ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ। ਸੰਸਾਰ 'ਧਰਮਸ਼ਾਲਾ' ਹੈ। ਇਸ ਵਿਚ ਬੰਦੇ ਦਾ 'ਕੱਚ-ਪੱਕ' ਪਰਖਿਆ ਜਾਂਦਾ ਹੈ। ਗਿਆਨ ਖੰਡ ਵਿਚ ਸ੍ਰਿਸ਼ਟੀ ਦੇ ਅਨੇਕਾਂ ਪੱਖ ਉਜਾਗਰ ਹੁੰਦੇ ਹਨ। ਸਰਮ ਖੰਡ ਦਾ ਮਹੱਤਵ ਬਿਆਨ ਕਰਨਾ ਕਠਿਨ ਹੈ। ਕਰਮ ਖੰਡ ਸੱਚੇ ਅਨੰਦ ਦੀ ਪ੍ਰਾਪਤੀ ਹੈ। ਸੱਚ-ਖੰਡ ਨਿਰੰਕਾਰ ਨਾਲ ਮਿਲਾਪ ਵਾਲੀ ਸਥਿਤੀ ਹੈ। ਪਰ ਬੰਦਾ ਹਊਮੈ ਦਾ ਸ਼ਿਕਾਰ ਹੋ ਕੇ ਰੱਬ ਤੋਂ ਦੂਰ ਹੋ ਜਾਂਦਾ ਹੈ। ਇਹ ਸੰਸਾਰ 'ਮਨਿ ਜੀਤੇ' ਜਿੱਤਿਆ ਜਾ ਸਕਦਾ ਹੈ। ਤੀਰਥਾਂ 'ਤੇ ਘੁੰਮਣ ਨਾਲੋਂ 'ਅੰਤਰਗਤਿ ਤੀਰਥ ਮਲਿ ਨਾਉ' ਅਨੁਸਾਰ ਚੱਲਣਾ ਪੈਂਦਾ ਹੈ। ਕਈ ਬੰਦੇ ਵਿਕਾਰਾਂ ਵਿਚ ਪੈ ਕੇ ਪ੍ਰਭੂ ਤੋਂ ਦੂਰ ਹੋ ਜਾਂਦੇ ਹਨ। ਸਾਰ ਇਹ ਕਿ ਸੱਚੀ ਟਕਸਾਲ ਵਿਚ ਬੰਦੇ ਦੀ ਸ਼ਬਦ ਦੁਆਰਾ ਸ਼ਖ਼ਸੀਅਤ ਦੀ ਘਾੜਤ ਹੁੰਦੀ ਹੈ। ਇੰਝ ਉਹ ਸਚਿਆਰਾ ਬਣ ਜਾਂਦਾ ਹੈ। ਕੁੱਲ ਮਿਲਾ ਕੇ ਸਮਝ ਪੈਂਦੀ ਹੈ ਕਿ ਟੀਕਾਕਾਰ ਨੇ ਬੜੀ ਸੌਖੀ ਭਾਸ਼ਾ ਵਿਚ ਵਿਆਖਿਆ ਕੀਤੀ ਹੈ ਜੋ ਹਰ ਗੁਰਮੁਖ ਵਿਅਕਤੀ ਨੂੰ ਪ੍ਰਭਾਵਿਤ ਕਰਨ ਦੇ ਗੁਣਾਂ ਨਾਲ ਲਬਰੇਜ਼ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਅੜੇ ਥੁੜੇ
ਲੇਖਕ : ਰਘਬੀਰ ਸਿੰਘ ਮਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 200
ਸੰਪਰਕ : 88728-54500

ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਸ ਨੇ ਹੁਣ ਤੱਕ 5 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇਕ ਧਾਰਮਿਕ ਨਿਬੰਧ ਸੰਗ੍ਰਹਿ ਹੈ। ਵਿਚਾਰ ਅਧੀਨ ਨਾਵਲ 'ਅੜੇ ਥੁੜੇ' ਉਸ ਦੀ ਛੇਵੀਂ ਕਿਤਾਬ ਹੈ। ਇਸ ਨਾਵਲ ਦੀ ਕੋਈ ਭੂਮਿਕਾ ਨਹੀਂ ਹੈ। ਨਾਵਲ ਦੇ ਕੁੱਲ 13 ਕਾਂਡ ਹਨ, ਜਿਸ ਦਾ ਵਿਸ਼ਾ ਨਿਵੇਕਲਾ ਹੈ। ਨਾਵਲ 'ਸੀਬੋ' ਦੁਆਰਾ ਘਰ ਛੱਡਣ ਨਾਲ ਸ਼ੁਰੂ ਹੁੰਦਾ ਹੈ ਤੇ ਉਸ ਦੀ ਮੌਤ ਨਾਲ ਖ਼ਤਮ ਹੁੰਦਾ ਹੈ। ਸੀਬੋ ਦਾ ਪਤੀ ਜੈਲਾ ਪਤਨੀ ਨੂੰ ਆਪਣੀ ਮਾਂ ਦੀ ਪਸੰਦ ਸਮਝ ਕੇ ਕੰਮ ਵਾਲੀ ਤੋਂ ਜ਼ਿਆਦਾ ਮਹੱਤਵ ਨਹੀਂ ਦਿੰਦਾ ਤੇ ਧੀਰੋ ਨਾਂ ਦੀ ਤੇਜ਼-ਤੱਰਾਰ ਲੜਕੀ ਨਾਲ ਪਿਆਰ ਪੀਂਘਾਂ ਝੂਟਦਾ ਹੈ। ਸੀਬੋ ਦੇ ਇਕ ਪੁੱਤਰ ਵੀ ਪੈਦਾ ਹੁੰਦਾ ਹੈ, ਪਰ ਜੈਲਾ ਤਾਂ ਵੀ ਪਤਨੀ ਤੋਂ ਬੇਮੁਖ ਰਹਿੰਦਾ ਹੈ। ਜੈਲੇ ਵੱਲੋਂ ਅਣਦੇਖੀ ਕਰਨ ਤੇ ਸੀਬੋ ਘਰ ਛੱਡ ਕੇ ਆਪਣੀ ਵੱਡੀ ਭੈਣ ਸ਼ਿਵ ਕੌਰ ਕੋਲ ਹਮੇਸ਼ਾ ਲਈ ਰਹਿਣ ਚਲੀ ਜਾਂਦੀ ਹੈ ਤੇ ਆਪਣੇ ਇਕਲੌਤੇ ਪੁੱਤਰ ਸ਼ੇਰੇ ਨੂੰ ਆਪਣੀ ਨਨਾਣ ਬੰਸੋ ਨੂੰ ਸੌਂਪ ਜਾਂਦੀ ਹੈ। ਜੈਲੇ ਨੂੰ ਪੂਰੀ ਖੁੱਲ੍ਹ ਹੋ ਜਾਂਦੀ ਹੈ ਤੇ ਉਹ ਧੀਰੋ ਨਾਲ ਵਿਆਹ ਕਰਕੇ ਉਸ ਨੂੰ ਆਪਣੀ ਪਤਨੀ ਬਣਾ ਕੇ ਰੱਖਦਾ ਹੈ। ਬੰਸੋ ਜੈਲੇ ਦੇ ਪੁੱਤਰ ਸ਼ੇਰੇ ਨੂੰ ਧੀਰੋ ਕੋਲ ਸੰਭਾਲ ਦਿੰਦੀ ਹੈ, ਜਿਸ ਨਾਲ ਧੀਰੋ ਮਤਰੇਈ ਮਾਂ ਵਾਲਾ ਬਹੁਤ ਭੈੜਾ ਸਲੂਕ ਕਰਦੀ ਹੈ। ਉਹ ਪਤੀ ਤੇ ਪੂਰਾ ਰੋਅਬ ਰੱਖਦੀ ਹੈ। ਆਪਣੇ ਤਿੰਨੇ ਬੱਚਿਆਂ ਨੂੰ ਚੰਗਾ ਖਾਣ ਪੀਣ ਨੂੰ ਦਿੰਦੀ ਹੈ ਪਰ ਸ਼ੇਰੇ ਨੂੰ ਬਿਗਾਨਾ ਸਮਝਦੀ ਹੈ। ਸ਼ੇਰੇ ਦਾ ਵਿਆਹ ਹੋਣ ਤੇ ਉਸ ਦੀ ਪਤਨੀ ਕੰਮੋ (ਕਰਮਜੀਤ) ਨਾਲ ਵੀ ਬੁਰਾ ਵਿਹਾਰ ਕਰਦੀ ਹੈ। ਦੋਵੇਂ ਘਰ ਛੱਡ ਕੇ ਪਿੰਡ ਬਾਠ (ਕੰਮੋ ਦੇ ਪੇਕੇ) ਰਹਿਣ ਲੱਗ ਜਾਂਦੇ ਹਨ। ਧੀਰੋ ਜ਼ਮੀਨ ਤੋਂ ਵੀ ਸ਼ੇਰੇ ਦਾ ਹੱਕ ਖੋਹ ਲੈਂਦੀ ਹੈ, ਜਿਸ ਕਰਕੇ ਸ਼ੇਰਾ ਆਪਣੇ ਸਹੁਰੇ ਝੰਡਾ ਸਿੰਘ ਨਾਲ ਮਿਲ ਕੇ ਇੱਕ ਰਾਤ ਧੀਰੋ ਦੇ ਸਾਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ ਕੇ ਬਦਲਾ ਲੈਂਦਾ ਹੈ। ਪੁਲਿਸ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਫਾਂਸੀ ਦੀ ਸਜ਼ਾ ਦਿੰਦੀ ਹੈ, ਜਿਸ ਦਾ ਪਤਾ ਲੱਗਣ ਤੇ ਸੀਬੋ ਵੀ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਕਹਾਣੀ ਦੇ ਪਲਾਟ ਅਤੇ ਪਾਤਰਾਂ ਦੀ ਕਸ਼ਮਕਸ਼ ਨੂੰ ਲੇਖਕ ਨੇ ਬੜੀ ਕਾਰੀਗਰੀ ਨਾਲ ਵਿਉਂਤਿਆ ਹੈ। ਨਾਵਲ ਵਿਚ ਕਰੁਣਾ, ਰੌਦਰ ਤੇ ਵੀਭੱਤਸ ਦੀ ਸ਼ਾਨਦਾਰ ਪੇਸ਼ਕਾਰੀ ਹੈ। ਜ਼ਰ, ਜ਼ੋਰੂ ਤੇ ਜ਼ਮੀਨ ਨੂੰ ਕੇਂਦਰ ਵਿਚ ਰੱਖ ਕੇ ਲਿਖੇ ਇਸ ਨਾਵਲ ਦੀ ਖਾਸੀਅਤ ਇਹ ਹੈ ਕਿ ਪਾਠਕ ਦੀ ਉਤਸੁਕਤਾ ਲਗਾਤਾਰ ਬਰਕਰਾਰ ਰਹਿੰਦੀ ਹੈ। ਨਾਵਲ ਦੇ ਵਾਤਾਵਰਨ ਨੂੰ ਪਾਤਰਾਂ ਦੀ ਮਨੋਦਸ਼ਾ ਮੁਤਾਬਕ ਉਲੀਕਿਆ ਗਿਆ ਹੈ। ਪਾਠਕ ਸ਼ੁਰੂ ਤੋਂ ਅੰਤ ਤੱਕ ਨਾਵਲ ਨਾਲ ਇੱਕ-ਰਸ ਜੁੜਿਆ ਰਹਿੰਦਾ ਹੈ। ਮੇਰਾ ਸੁਝਾਅ ਹੈ ਕਿ ਇਸ ਨਾਵਲ ਤੇ ਜੇਕਰ ਇਕ ਲੜੀਵਾਰ ਜਾਂ ਫਿਲਮ ਬਣਾਈ ਜਾਵੇ ਤਾਂ ਹੋਰ ਵੀ ਪ੍ਰਭਾਵਸ਼ਾਲੀ ਹੋ ਨਿਬੜੇਗਾ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਯਾਦਾਂ ਵਤਨ ਦੀਆਂ
ਲੇਖਕ : ਕਰਤਾਰ ਸਿੰਘ ਸੰਘਾ
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 275, ਸਫ਼ੇ : 176
ਸੰਪਰਕ : 95011-45039

ਪਰਵਾਸੀ ਕਰਤਾਰ ਸਿੰਘ ਸੰਘਾ ਆਪਣੀ ਪਲੇਠੀ ਪੁਸਤਕ 'ਯਾਦਾਂ ਵਤਨ ਦੀਆਂ' ਨਾਲ ਪਾਠਕਾਂ ਦੇ ਰੂ-ਬਰੂ ਹੋਇਆ ਹੈ। ਇਹ ਮੌਲਿਕ ਕਵਿਤਾਵਾਂ ਅਤੇ ਵਾਰਤਕ ਦਾ ਸਾਂਝਾ ਸੰਕਲਨ ਹੈ। ਹੋਰ ਪਰਵਾਸੀ ਪੰਜਾਬੀਆਂ ਵਾਂਗ ਕਰਤਾਰ ਸਿੰਘ ਸੰਘਾ ਨੂੰ ਵੀ ਪਿੱਛੇ ਛੁੱਟ ਗਏ ਆਪਣੇ ਪੰਜਾਬ ਦਾ ਹੇਰਵਾ ਖਾਂਦਾ ਹੈ। ਪਰਾਈ ਧਰਤੀ ਤੇ ਉਸ ਨੂੰ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਯਾਦ ਆਉਂਦੀ ਹੈ। ਪੰਜਾਬੀ ਸੱਭਿਆਚਾਰ ਅਤੇ ਵੱਡਮੁੱਲਾ ਵਿਰਸਾ ਉਸ ਦੇ ਮਨ ਅੰਦਰ ਖਲਲ ਪਾਉਂਦਾ ਹੈ। ਪੁਸਤਕ ਦੇ ਪਹਿਲੇ ਭਾਗ ਵਿਚ ਕਵੀ ਮੋਹਨ ਸਿੰਘ ਤੇ ਕਦੇ ਧਨੀ ਰਾਮ ਚਾਤ੍ਰਿਕ ਦੀ ਰਚਨਾ ਨੂੰ ਚੇਤੇ ਕਰਦਾ ਹੋਇਆ, ਸੋਹਣੀ-ਮਹੀਵਾਲ ਦੇ ਕਿੱਸੇ ਨੂੰ ਕਾਵਿਕ ਰੂਪ ਵਿਚ ਪੇਸ਼ ਕਰਦਾ ਹੈ। ਪਰਮਾਤਮਾ ਦੀ ਉਪਮਾ, ਪੰਜਾਬ ਦੀਆਂ ਸਿਫ਼ਤਾਂ, ਕਾਲਜ ਦੀਆਂ ਯਾਦਾਂ, ਪੰਜਾਬੀ ਬੋਲੀ, ਹੀਰ ਪੰਜਾਬਣ, ਹੀਰ ਸਲੇਟੀ, ਲੂਣਾ-ਪੂਰਨ ਮੁਲਾਕਾਤ, ਪੰਜਾਬ ਦੇ ਗਿੱਧੇ-ਭੰਗੜੇ, ਮਾਂ-ਪਿਉ, ਪੁੱਤ-ਧੀ ਭੈਣ ਦੇ ਰਿਸ਼ਤੇ, ਗੁਰੂ ਗੋਬਿੰਦ ਸਿੰਘ ਆਦਿ ਵਿਸ਼ਿਆਂ ਨੂੰ ਆਧਾਰ ਬਣਾ ਕੇ ਰਵਾਇਤੀ ਪੰਜਾਬੀ ਕਾਵਿਕ ਸ਼ੈਲੀ ਵਿਚ ਕਵਿਤਾਵਾਂ ਲਿਖੀਆਂ ਗਈਆਂ ਹਨ। ਪੰਜਾਬ ਦੀ ਸਿਫਤ ਵਿਚ ਕਵੀ ਲਿਖਦਾ ਹੈ-
ਛਣਕਣ ਚੂੜੇ ਗੋਰੀਆਂ ਬਾਹਵਾਂ/ ਪੀਂਘਾਂ ਝੂਟਣ ਹੂਰਾਂ ਪਰੀਆਂ/ ਠੰਢਾ ਅੰਮ੍ਰਿਤ ਵਰਗਾ ਘੜੇ ਦਾ ਪਾਣੀ/ ਉਹ ਵੀ ਯਾਦਾਂ ਬੜੀਆਂ ਬੜੀਆਂ।
ਪੁਸਤਕ ਦੇ ਦੂਸਰੇ ਵਾਰਤਕ ਭਾਗ ਵਿਚ ਲੇਖਕ ਨੇ ਆਪਣੇ ਪਿੰਡ ਦੇ ਇਤਿਹਾਸਕ ਪਿਛੋਕੜ ਦੇ ਨਾਲ ਨਾਲ ਬਠਿੰਡਾ, ਮੋਗਾ, ਚੱਕ ਢੁੱਡੀ ਗਿੱਲ, ਲਾਹੌਰ ਆਦਿ ਥਾਵਾਂ ਨਾਲ ਜੁੜੀਆਂ ਘਟਨਾਵਾਂ ਨੂੰ ਕਲਮਬੰਦ ਕੀਤਾ ਹੈ। ਇਨ੍ਹਾਂ ਦੀ ਇਤਿਹਾਸਕ, ਭੂਗੋਲਿਕ ਤੇ ਸਮਾਜਕ ਜਾਣਕਾਰੀ ਦਰਜ ਕੀਤੀ ਗਈ ਹੈ। ਪਿੰਡਾਂ ਦੇ ਨਾਮਕਰਣ ਸੰਬੰਧੀ ਖੋਜਪੂਰਣ ਉਪਰਾਲਾ ਕੀਤਾ ਗਿਆ ਹੈ। ਕਵੀ ਬਨਾਮ ਵਾਰਤਾਕਾਰ ਕਰਤਾਰ ਸਿੰਘ ਸੰਘਾ ਨੇ ਆਪਣੇ ਅਰਜਿਤ ਤਜਰਬਿਆਂ ਨੂੰ ਬਿਨਾਂ ਕਿਸੇ ਲਾਗ ਲਪੇਟ, ਬਿਨਾਂ ਕੋਈ ਪੁਨਰਸਿਰਜਣਾ ਕੀਤਿਆਂ, ਸਿੱਧੀ-ਸਰਲ ਬੋਲੀ, ਸਹਿਜ ਸੁਹਜ ਸ਼ੈਲੀ ਵਿਚ ਸਰਲੀਕ੍ਰਿਤ ਢੰਗ ਅਤੇ ਇਮਾਨਦਾਰੀ ਨਾਲ ਪੇਸ਼ ਕਰ ਦਿੱਤਾ ਹੈ। ਪੁਸਤਕ ਵਿਚ ਅਜਿਹਾ ਬਹੁਤ ਕੁਝ ਪੁਰਾਣਾ ਸ਼ਾਮਿਲ ਹੈ ਜੋ ਨਵੀਂ ਪੀੜ੍ਹੀ ਲਈ ਨਵਾਂ ਸਾਬਿਤ ਹੋਵੇਗਾ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਸਿਲਸਿਲੇ
ਲੇਖਕ : ਚਰਨ ਸਿੰਘ
ਪ੍ਰਕਾਸ਼ਕ : ਕਾਵਿ-ਸ਼ਾਸਤਰ ਪਬਲੀਕੇਸ਼ਨ, ਫਗਵਾੜਾ
ਮੁੱਲ : 300 ਰੁਪਏ, ਸਫ਼ੇ : 130
ਸੰਪਰਕ : 98156-04864

ਚਰਨ ਸਿੰਘ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ 65 ਪੁਸਤਕਾਂ ਪਾਈਆਂ ਹਨ। ਉਨ੍ਹਾਂ ਨੂੰ ਕਈ ਮਾਣ-ਸਨਮਾਨਾਂ ਨਾਲ ਨਿਵਾਜਿਆ ਗਿਆ। ਉਸ ਕੋਲ ਪਿੰਡ ਬੇਗੋਵਾਲ ਤੇ ਕੈਨੇਡਾ ਦੇਸ਼ ਦੇ ਸੱਭਿਆਚਾਰਾਂ ਦੀ ਸਮਝ ਹੈ। ਪਿੰਡ ਬੇਗੋਵਾਲ ਦੀ ਪ੍ਰਸਿੱਧੀ ਤੇ ਮਹਾਨਤਾ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਕਰਕੇ ਹੈ। ਮੈਂ ਵੀ ਕੁਝ ਸਮਾਂ ਸੰਤ ਪ੍ਰੇਮ ਸਿੰਘ ਕਰਮਸਰ ਖ਼ਾਲਸਾ ਕਾਲਜ ਬੇਗੋਵਾਲ ਅਧਿਆਪਨ ਦੀਆਂ ਸੇਵਾਵਾਂ ਨਿਭਾਈਆਂ। ਨਾਵਲ ਸਿਲਸਿਲੇ ਦੇ 13 ਕਾਂਡ ਹਨ। ਜੀਵਨੀਮੂਲਕ ਨਾਵਲ ਹੋਣ ਕਰਕੇ ਪਾਤਰ ਪ੍ਰਬੋਧ ਰਾਹੀਂ ਚਰਨ ਸਿੰਘ ਨੇ ਆਪਣੇ ਜੀਵਨ ਤਜਰਬਿਆਂ ਨਾਲ ਸਾਂਝ ਪਵਾਈ ਹੈ।
ਨਾਵਲ ਸਿਲਸਿਲੇ ਦੇ ਬਿਰਤਾਂਤ ਵਿਚ ਪੜ੍ਹਾਈ ਦੌਰਾਨ ਆਪਣੇ ਸਹਿਪਾਠੀਆਂ ਤੇ ਅਧਿਆਪਕਾਂ ਦਾ ਜ਼ਿਕਰ ਬਾਰੀਕਬਾਨੀ ਨਾਲ ਕਰਦਾ ਹੈ। ਉਸ ਦੀ ਸਾਹਿਤ ਵਿਚ ਰੁਚੀ ਪੈਦਾ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਡਾ. ਐਸ. ਪੀ. ਸਿੰਘ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ ਰਹੇ ਤੇ ਡਾ. ਰਣਜੀਤ ਸਿੰਘ ਬਾਜਵਾ ਤੋਂ ਵੀ ਪੜ੍ਹੇ ਸਨ। ਨਾਵਲੀ ਬਿਰਤਾਂਤ ਵਿਚ ਅਧਿਆਤਮਿਕ ਚਿੰਤਨ ਉੱਤੇ ਸਵਾਮੀ ਸਰਦਾਨੰਦ ਤੇ ਸਵਾਮੀ ਸਰਵਾਨੰਦ ਨੇ ਵਿਚਾਰ ਪ੍ਰਗਟਾਏ ਹਨ। ਸਰਵਾਨੰਦ ਦੇ ਵਰਤਮਾਨ ਵਰਤਾਰਿਆਂ ਸੰਬੰਧੀ ਵਿਚਾਰ, 'ਇਨ੍ਹਾਂ ਮੁਲਕਾਂ ਦਾ ਸਾਰਾ ਸਿਲਸਿਲਾ ਜੋ ਰੌਸ਼ਨ ਨਜ਼ਰ ਆਉਂਦਾ ਹੈ, ਮਨੁੱਖ ਅਤੇ ਮਨੁੱਖਤਾ ਲਈ ਹਨੇਰਾ ਬੀਜਦਾ ਹੈ ਅਤੇ ਮਨੁੱਖ ਦੀ ਸਥਿਰਤਾ ਨੂੰ ਬਲਹੀਣ ਕਰਦਾ ਹੈ। ਯੂਰਪ ਦਾ ਸਾਰਾ ਅੱਜ ਤੱਕ ਦਾ ਵਿਕਾਸ ਮਨੁੱਖ ਅੰਦਰ ਇਕੱਲਤਾ, ਉਦਾਸੀ ਅਤੇ ਭਟਕਣਾ ਜਨਮਦਾ ਹੈ।' ਵਰਤਮਾਨ ਮਨੁੱਖ ਮੁੜ 'ਯੋਗ ਪੱਧਤੀ' ਵੱਲ ਮੁੜ ਕੇ ਜੀਵਨ ਨੂੰ ਸੁਚਾਰੂ ਬਣਾਉਣ ਵੱਲ ਰੁਚਿਤ ਹੋ ਰਿਹਾ ਹੈ। ਨਾਵਲੀ ਬਿਰਤਾਂਤ ਵਿਚ ਗੈਂਗਸਟਰ ਗਰੁੱਪਾਂ ਦੇ ਨਾਵਾਂ, ਪਹਿਚਾਣ ਤੇ ਕਾਰਜ-ਪ੍ਰਣਾਲੀ ਦਾ ਜ਼ਿਕਰ ਵੀ ਕੀਤਾ ਗਿਆ ਹੈ। ਗੈਂਗਾਂ ਦੇ ਸ਼ਨਾਖ਼ਤ ਚਿੰਨ੍ਹ, S&o{ans, 1&&a{es, "attos, 3&oth}n{, 8a}r St਼&e, hand S}{n., 7rapp}th ਆਦਿ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸੱਭਿਆਚਾਰ ਵਿਚ ਵਿਆਹ ਪ੍ਰਣਾਲੀ ਵਿਖਾਵੇ 'ਤੇ ਆਧਾਰਿਤ ਹੈ। ਇਕ ਡਾਇਮੰਡ ਰਿੰਗ ਦੇਖ ਕੇ ਵਿਆਹ ਕਰਵਾਇਆ ਜਾਂਦਾ ਹੈ। 90 ਫ਼ੀਸਦੀ ਗੋਰੀਆਂ ਦੇ ਤਿੰਨ ਤੋਂ ਜ਼ਿਆਦਾ ਵਿਆਹ ਹੋਣ ਕਰਕੇ ਬੱਚਿਆਂ ਦੇ ਪਿਤਾ ਦੇ ਨਾਂਅ ਦਾ ਪਤਾ ਨਹੀਂ ਹੁੰਦਾ। ਪ੍ਰਬੋਧ ਕੈਨੇਡਾ ਵਿਚ ਹੱਡ-ਭੰਨਵੀਂ ਮਿਹਨਤ ਕਰਕੇ ਆਪਣੇ-ਆਪ ਨੂੰ ਸਥਾਪਿਤ ਕਰਦਾ ਹੈ। ਪਰ ਪਦਾਰਥਵਾਦੀ ਸਿਸਟਮ ਕਰਕੇ ਮਨੁੱਖਤਾ ਖ਼ਤਮ ਹੋ ਰਹੀ ਹੈ। ਨਾਵਲ ਸਿਲਸਿਲੇ ਵਿਚ ਅੰਗਰੇਜ਼ੀ ਭਾਸ਼ਾ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਹੈ। ਨਾਵਲ ਵਿਚ ਸਮਾਜਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਔਰਤ ਦੀ ਸਥਿਤੀ, ਨੌਜਵਾਨ ਪੀੜ੍ਹੀ ਦਾ ਨਿਘਾਰ, ਗੈਂਗਵਾਰ, ਪਦਾਰਥਵਾਦ ਕਾਰਨ ਨਿੱਜਤਾ ਤੇ ਅਧਿਆਤਮਕ ਚਿੰਤਨ ਉੱਤੇ ਵਿਚਾਰ-ਚਰਚਾ ਕੀਤੀ ਗਈ ਹੈ। ਦੇਸ਼ ਤੇ ਪਰਦੇਸ ਦੇ ਵਰਤਾਰਿਆਂ ਨੂੰ ਸਮਝਣ ਲਈ ਗਹਿਣ ਅਧਿਐਨ ਜ਼ਰੂਰੀ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਅੰਮੜੀ ਦਾ ਵਿਹੜਾ
ਸ਼ਾਇਰ : ਬਲਵਿੰਦਰ ਪੁਆਰ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ :200 ਰੁਪਏ, ਸਫ਼ੇ : 120
ਸੰਪਰਕ : 98723-66076

ਸ਼ਾਇਰ ਬਲਵਿੰਦਰ ਪੁਆਰ ਦੀ ਹੁਣ ਚੌਥੀ ਪੁਸਤਕ 'ਅੰਮੜੀ ਦਾ ਵਿਹੜਾ' (ਕਾਵਿ-ਸੰਗ੍ਰਹਿ) ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਪਹਿਲਾਂ ਇਸੇ ਲੇਖਕ ਦਾ ਇਕ ਕਾਵਿ-ਸੰਗ੍ਰਹਿ ਅਤੇ ਦੋ ਗੀਤ-ਸੰਗ੍ਰਹਿ ਛਪ ਚੁੱਕੇ ਹਨ। ਹਥਲੀ ਪੁਸਤਕ 'ਚ ਉਸ ਦੀਆਂ 85 ਕਵਿਤਾਵਾਂ ਹਨ। ਇਸ ਦਾ ਸਿਰਲੇਖ 'ਅੰਮੜੀ ਦਾ ਵਿਹੜਾ' ਐਨਾ ਪਿਆਰਾ ਅਤੇ ਨਿਆਰਾ ਹੈ ਕਿ ਪਾਠਕ ਦਾ ਮਨ ਇਸ ਦੇ ਪ੍ਰਤੀ ਆਪਣੇ-ਆਪ ਸਤਿਕਾਰ ਵਜੋਂ ਆਪਣੀ ਮਾਤਾ ਦੇ ਚਰਨਾਂ 'ਚ ਝੁਕ ਜਾਂਦਾ ਹੈ। ਕਵਿਤਾਵਾਂ ਦਾ ਪਾਠ ਕਰਦਿਆਂ ਪਤਾ ਲਗਦਾ ਹੈ ਕਿ ਇਹ ਕਵਿਤਾਵਾਂ ਇਨਸਾਨੀ ਪਰਿਵਾਰਕ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੀਆਂ ਹਨ। ਜ਼ਿਆਦਾਤਰ ਕਵਿਤਾਵਾਂ ਭਾਵੇਂ ਇਸ ਜੱਗ ਦੇ ਸਭ ਤੋਂ ਵਿਲੱਖਣ 'ਮਾਂ' ਦੇ ਰਿਸ਼ਤੇ ਬਾਰੇ ਹਨ ਲੇਕਿਨ ਕੁੱਝ ਕਵਿਤਾਵਾਂ ਦਾ ਸੰਬੰਧ ਦੂਜੇ ਇਨਸਾਨੀ ਰਿਸ਼ਤਿਆਂ ਨਾਲ ਵੀ ਹੈ। ਪੁਸਤਕ ਦੀ ਪਹਿਲੀ ਕਵਿਤਾ 'ਅੰਮੜੀ ਦਾ ਵਿਹੜਾ' ਨੂੰ ਵਧੀਆ ਮੰਨਦੇ ਹੋਏ ਪੁਸਤਕ ਦਾ ਸਿਰਲੇਖ ਵੀ ਦਿੱਤਾ ਗਿਆ ਹੈ।
ਮੌਜੂਦਾ ਸਮੇਂ 'ਚ 'ਮੈਂ' ਅਤੇ 'ਮੇਰੀ' ਦਾ ਬੋਲ-ਬਾਲਾ ਵਧਦਾ ਹੀ ਜਾ ਰਿਹਾ ਹੈ। ਇਸੇ ਲਈ ਸ਼ਾਇਰ ਬਲਵਿੰਦਰ ਪੁਆਰ ਲੋਕਾਈ ਨੂੰ ਚੇਤੰਨ ਕਰਦਾ ਹੋਇਆ ਅਗਲੀ ਕਵਿਤਾ 'ਚ ਲਿਖਦਾ ਹੈ;
'ਮੈਂ ਮੇਰੀ ਨੂੰ ਛੱਡਦੇ ਬੰਦੇ ਕਰਨਾ ਤੂੰ ਹੰਕਾਰ
ਆਖਰ ਮਿੱਟੀ ਹੋ ਜਾਣਾ ਤੂੰ ਛੱਡ ਜਾਣਾ ਸੰਸਾਰ'
ਸ਼ਾਇਰ ਕੋਲ ਸਮਾਜ ਨੂੰ ਸਮਝਣ ਦੀ ਡੂੰਘੀ ਸੋਝੀ ਹੈ। ਉਸ ਨੇ ਵੰਨ-ਸੁਵੰਨੇ ਵਿਸ਼ਿਆਂ 'ਤੇ ਕਵਿਤਾਵਾਂ ਗੁੰਦੀਆਂ ਹਨ। ਇਸ ਸੰਗ੍ਰਹਿ ਦੀ ਹਰ ਰਚਨਾ ਕਾਵਿ-ਰਸ ਦਿੰਦੀ ਹੋਈ ਪਾਠਕ ਦੇ ਮਨ ਨੂੰ ਟੁੰਬਦੀ ਹੈ। ਕਿਸੇ ਵੀ ਰਚਨਾ ਵਿਚ ਬਣਾਉਟੀ ਰੰਗ ਨਹੀਂ ਝਲਕਦਾ। ਭਾਰਤੀ ਸੱਭਿਆਚਾਰ 'ਚ ਪਿਤਾ ਆਪਣੇ ਬੱਚਿਆਂ ਦੀ ਜਿੰਦ-ਜਾਨ ਹੁੰਦਾ ਹੈ ਅਤੇ ਧੀਆਂ, ਪੁੱਤਾਂ ਵਾਂਗ ਦੁੱਖ ਵੰਡਾਉਂਦੀਆਂ ਹਨ। ਇਸ ਲਈ ਸ਼ਾਇਰ ਨੇ ਪਿਤਾ ਅਤੇ ਧੀਆਂ ਦੇ ਅਹਿਮ ਰਿਸ਼ਤੇ ਬਾਰੇ ਵੀ ਕੁਝ ਕਵਿਤਾਵਾਂ ਸਿਰਜੀਆਂ ਹਨ। ਮੌਜੂਦਾ ਸਮੇਂ 'ਚ ਨਸ਼ਿਆਂ 'ਚ ਗਲਤਾਨ ਹੋ ਰਹੀ ਜਵਾਨੀ ਬਾਰੇ ਚਿੰਤਤ ਹੁੰਦਿਆਂ ਇਕ ਕਵਿਤਾ 'ਮੇਰਿਆ ਪੁੱਤਾ ਵੇ' ਰਾਹੀਂ ਕੁੱਝ ਇਉਂ ਲਿਖਿਆ ਹੈ;
'ਤੇਰੇ ਬਿਨ ਮੇਰਾ ਕੌਣ ਸਹਾਰਾ,
ਕਿਵੇਂ ਕਰਾਂਗੀ ਮੈਂ ਗੁਜ਼ਾਰਾ'

'ਨਸ਼ਿਆਂ ਦੇ ਸੰਗ ਲੱਗ ਕੇ ਤੂੰ,
ਮੌਤ ਨੂੰ ਕੋਲ ਬੁਲਾ ਲਿਆ'
ਸ਼ਾਇਰ ਬਲਵਿੰਦਰ ਪੁਆਰ ਦੀਆਂ ਰਚਨਾਵਾਂ ਦੇ ਅੱਖਰ ਰੌਸ਼ਨੀ ਕਰਦੇ ਇਕ ਜਗਦੇ ਦੀਵੇ ਦੀ ਤਰ੍ਹਾਂ ਪ੍ਰਤੀਤ ਹੁੰਦੇ ਹਨ। ਇਸ ਤਰ੍ਹਾਂ ਸ਼ਾਇਰ ਨੇ ਆਪਣੇ ਸਾਕਾਰਤਮਿਕ ਸੰਦੇਸ਼ਵਾਹਕ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ। ਇਸ ਲਈ ਸ਼ਾਇਰ ਵਧਾਈ ਦਾ ਹੱਕਦਾਰ ਹੈ। ਆਸ ਕਰਦਾ ਹਾਂ ਕਿ ਉਹ ਭਵਿੱਖ 'ਚ ਵੀ ਪੰਜਾਬੀ ਸਾਹਿਤ 'ਚ ਹੋਰ ਮੁੱਲਵਾਨ ਪੁਸਤਕਾਂ ਦੇ ਕੇ ਵਡਮੁੱਲਾ ਯੋਗਦਾਨ ਪਾਉਂਦੇ ਰਹਿਣ।

-ਜਸਵਿੰਦਰ ਸਿੰਘ 'ਕਾਈਨੌਰ'
ਮੋਬਾਈਲ : 98888-42244

ਇਕ ਕਦਮ, ਆਪਣੇ ਵੱਲ
ਲੇਖਿਕਾ ਅਤੇ ਸੰਪਾਦਕ : ਦੀਪਤੀ,
ਸਾਹਿਬਾ ਜੀਟਨ ਕੌਰ
ਪ੍ਰਕਾਸ਼ਕ : ਅਭਿਲਾਸ਼ਾ ਪ੍ਰਕਾਸ਼ਨ, ਪਿਲਾਨੀ (ਰਾਜਸਥਾਨ)
ਮੁੱਲ : 299 ਰੁਪਏ, ਸਫੇ : 111
ਸੰਪਰਕ : 099883-47109

ਸੰਨ 2024 ਵਿਚ ਪ੍ਰਕਾਸ਼ਿਤ ਅਤੇ ਸਾਂਝੇ ਤੌਰ 'ਤੇ ਦੀਪਤੀ, ਸਾਹਿਬਾ ਜੀਟਨ ਕੌਰ ਵਲੋਂ ਲਿਖੀ ਇਸ ਹਥਲੀ ਪੁਸਤਕ 'ਚ ਕੁੱਲ 24 ਲੇਖ ਹਨ। ਸ਼ਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਦੇ ਦਿਲ ਖਿੱਚਵੇਂ ਚਿੱਤਰਾਂ ਤੋਂ ਸ਼ਬਦੀ ਰੂਪ 'ਚ ਆਈ ਇਸ ਪੁਸਤਕ ਦਾ ਸਿਰਲੇਖ ਇਕ ਕਦਮ, ਆਪਣੇ ਵੱਲ ਲੇਖਿਕਾ ਦੇ ਉਸਾਰੂ ਤੇ ਸਾਕਾਰਾਤਮਕ ਦ੍ਰਿਸ਼ਟੀਕੋਣ ਦਾ ਪ੍ਰਗਟਾਵਾ ਕਰਦਾ ਹੈ ਸਾਹਿਤਕ ਕਲਾ ਅਤੇ ਵਿਸ਼ਾ ਵਸਤੂ ਦੇ ਸੰਤੁਲਨ ਦੀ ਵਿਉਂਤਬੰਦੀ ਨਾਲ ਰਚੇ ਇਸ ਲੇਖ ਸੰਗ੍ਰਹਿ ਦਾ ਹਰ ਲੇਖ ਪਾਠਕਾਂ ਨੂੰ ਕੋਈ ਨਾ ਕੋਈ ਸੁਨੇਹਾ ਦਿੰਦਾ ਅਨੁਭਵ ਹੁੰਦਾ ਹੈ। ਲੇਖਿਕਾ ਨੇ ਇਸ ਪੁਸਤਕ ਦੀ ਸਿਰਜਣਾ ਕੇਵਲ ਸ਼ੋਹਰਤ ਹਾਸਲ ਕਰਨ ਲਈ ਨਹੀਂ ਸਗੋਂ ਸਮਾਜ ਦੇ ਲੋਕਾਂ ਨੂੰ ਉਸਾਰ, ਅਗਾਂਹ ਵਧੂ ਸੋਚ ਅਪਣਾਉਣ ਅਤੇ ਜ਼ਿੰਗਦੀ ਜਿਊਣ ਦੇ ਗੁਰ ਸਿਖਾਉਣ ਲਈ ਕੀਤੀ ਹੈ। ਕੋਈ ਨਵਾਂ ਕਦਮ ਚੁੱਕਣ ਵੇਲੇ ਦੁਚਿੱਤੀ, ਅਵੇਸਲਾਪਣ ਅਤੇ ਹਿਚਕਚਾਹਟ ਮਨੁੱਖ ਦੇ ਰਾਹ ਵਿਚ ਅੜਿੱਕੇ ਖੜ੍ਹੇ ਕਰਦੇ ਹਨ ਅਤੇ ਉਸਨੂੰ ਅੱਗੇ ਵਧਣ ਤੋਂ ਰੋਕਦੇ ਹਨ। ਕੁਝ ਨਵਾਂ ਕਰਨ ਦੀ ਭਾਵਨਾ ਨੂੰ ਸਾਹਿਤ ਨਾਲ ਜੋੜ ਕੇ ਸਮਾਜ ਦੇ ਲੋਕਾਂ ਨੂੰ ਸਮਝਾਉਣ ਦਾ ਕਾਰਜ ਆਪਣੇ ਆਪ 'ਚ ਸਲਾਹੁਣ ਯੋਗ ਨਜ਼ਰੀਆ ਹੈ। ਆਪਣੀ ਮਾਂ ਅਤੇ ਭਰਾ ਵਲੋਂ ਬਣਾਏ ਗਏ ਚਿੱਤਰਾਂ ਦੇ ਹਾਵ ਭਾਵਾਂ, ਉਨ੍ਹਾਂ ਦੀ ਡੂੰਘਾਈ ਅਤੇ ਸੰਵੇਦਨਸ਼ੀਲਤਾ ਨੂੰ ਸਾਹਿਤਕ ਰੂਪ 'ਚ ਸ਼ਬਦਾਂ 'ਚ ਉਕੇਰਨਾ ਲੇਖਿਕਾ ਦੀ ਲਿਆਕਤ ਅਤੇ ਨਜ਼ਾਕਤ ਨੂੰ ਦਰਸਾਉਂਦਾ ਹੈ। ਇਸ ਲੇਖ ਸੰਗ੍ਰਹਿ ਦੇ ਛੋਟੇ ਛੋਟੇ ਲੇਖਾਂ ਦੇ ਮਾਧਿਅਮ ਰਾਹੀਂ ਵੱਡੇ ਵੱਡੇ ਸੁਨੇਹੇ ਦੇਣ ਦੀ ਮੁਹਾਰਤ ਲੇਖਿਕਾ ਦੇ ਗਿਆ ਨ, ਅਨੁਭਵ, ਤਜਰਬੇ ਅਤੇ ਵਿਸ਼ਵ ਸਮਾਜਿਕ ਘੇਰੇ ਦਾ ਪ੍ਰਮਾਣ ਹਨ।
ਵੰਨ ਸੁਵੰਨੇ ਵਿਸ਼ਿਆਂ ਨਾਲ ਜੁੜੇ ਇਸ ਪੁਸਤਕ ਦੇ ਲੇਖ ਜਿਥੇ ਸਮਾਜ ਦੇ ਬਦਲ ਰਹੇ ਹਾਲਾਤਾਂ, ਮਨੁੱਖੀ ਮਾਨਸਿਕਤਾ, ਔਰਤਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਦੀ ਬਾਤ ਪਾ ਰਹੇ ਹਨ, ਉੱਥੇ ਫੁੱਲਾਂ, ਪ੍ਰੇਮ ਪਿਆਰ, ਸਿੱਖਣ ਸਿਖਾਉਣ ਅਤੇ ਮਨੋਰੰਜਨ ਦੇ ਵਿਸ਼ਿਆਂ ਦੀ ਚਰਚਾ ਵੀ ਛੇੜਦੇ ਹਨ।
'ਇਕ ਅਨੋਖੀ ਮੁਲਾਕਾਤ' ਲੇਖ ਦੀਆਂ ਸਤਰਾਂ 'ਤੂੰ ਆਪੇ ਗੁਰੁ, ਆਪੇ ਚੇਲਾ', ਤੇਰੀ ਚੇਤਨਾ ਹੀ ਗੁਰੂ, ਤੇਰੀ ਚੇਤਨਾ ਹੀ ਚੇਲਾ ਮਨੁੱਖ ਨੂੰ ਆਤਮ ਚਿੰਤਨ ਲਈ ਪ੍ਰੇਰਦੀਆਂ ਹਨ। ਮਾਇਆ ਕਾਵਿ ਲੇਖ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਜ਼ਰੀਏ ਮਨੁੱਖ ਨੂੰ ਮਾਇਆ ਦੇ ਜਾਲ 'ਚ ਫਸਣ ਤੋਂ ਆਗਾਹ ਕਰਨ ਤੋਂ ਲੇਖਿਕਾ ਦੇ ਅਧਿਆਤਮਕ ਗਿਆਨ ਨੂੰ ਦਰਸਾਉਂਦਾ ਹੈ।ਲੇਖਾਂ ਵਿਚ ਆਏ ਜੋੜੇ ਸ਼ਬਦ ਤੁੱਕਾ ਟੋਟਕਾ, ਹੇਰ ਫੇਰ, ਉਡ ਪੁਡ, ਚੁੱਪ ਚਾਪ, ਚਿੱਤਰਾਂ ਤੋਂ ਭਾਵਨਾਵਾਂ ਅਤੇ ਪਾਤਰਾਂ ਦੀ ਮਾਨਸਿਕਤਾ ਨੂੰ ਬਿਆਨ ਕਰਨ ਦੀ ਸ਼ੈਲੀ, ਸ਼ਬਦਾਂ ਦੀ ਚੋਣ, ਸੰਵਾਦ ਅਤੇ ਛੋਟੇ ਛੋਟੇ ਵਾਕਾਂ ਰਾਹੀਂ ਆਪਣੀ ਗੱਲ ਕਹਿਣ ਦਾ ਅੰਦਾਜ਼ ਜਿੱਥੇ ਉਸਦੀ ਸਾਹਿਤਕ ਮੁਹਾਰਤ ਦੀ ਪੇਧਗੋਈ ਕਰਦਾ ਹੈ ਉਥੇ ਉਸਦੀ ਭਾਸ਼ਾ ਉੱਤੇ ਪਕੜ ਦਾ ਵੀ ਪ੍ਰਮਾਣ ਹੈ। ਲੇਖਾਂ ਵਿਚ ਕਿਤੇ ਕਿਤੇ ਸਿਸਟਮ, ਤਫਤੀਸ਼ ਸਟੇਸ਼ਨ, ਬਲਕਿ ਅੰਗਰੇਜ਼ੀ, ਉਰਦੂ ਅਤੇ ਹਿੰਦੀ ਭਾਸ਼ਾਵਾਂ ਦੇ ਸ਼ਬਦ ਵੀ ਪੜ੍ਹਨ ਨੂੰ ਮਿਲਦੇ ਹਨ। ਪੁਸਤਕ ਪੜ੍ਹਨ ਯੋਗ ਅਤੇ ਸਮਾਜ ਦੇ ਲੋਕਾਂ ਦਾ ਮਾਰਗ ਦਰਸ਼ਨ ਕਰਨ ਦੀ ਸਮਰਥਾ ਰੱਖਦੀ ਹੈ।

-ਪ੍ਰਿੰਸੀਪਲ ਵਿਜੈ ਕੁਮਾਰ
ਮੋਬਾਈਲ : 98726 27136

27-10-2024

ਸਖ਼ੀਏ
ਲੇਖਕ : ਬਲਵਿੰਦਰ ਸਿੰਘ ਢਾਬਾਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 174
ਸੰਪਰਕ : 62802-95611

'ਸਖ਼ੀਏ' ਪੁਸਤਕ ਬਲਵਿੰਦਰ ਸਿੰਘ ਢਾਬਾਂ ਦੀ ਕਾਵਿ-ਪੁਸਤਕ ਹੈ। ਕਵੀ ਨੇ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ। ਕਵੀ ਨੇ ਕੁਦਰਤ ਨਾਲ ਸਾਂਝ ਜੋੜਦਿਆਂ ਹੋਇਆਂ ਉਸ ਬ੍ਰਹਿਮੰਡ ਦੇ ਰਹੱਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀ ਕਾਵਿ-ਰਚਨਾ ਜਿਥੇ ਮਾਨਵੀ ਸਰੋਕਾਰਾਂ ਦੀ ਤਰਜਮਾਨੀ ਕਰਦੀ ਹੈ, ਉਥੇ ਨਾਲ ਹੀ ਪ੍ਰਕਿਰਤੀ ਪ੍ਰੇਮ ਨਾਲ ਵੀ ਸਿੱਧੇ ਤੌਰ 'ਤੇ ਵਾਬਾਸਤਾ ਹੈ।
ਸਖ਼ੀਏ! ਲੋਕੀਂ ਅੰਦਰ ਵੜੇ ਹੋਏ
ਵੇਖ ਚੰਨ ਸੂਰਜ ਚੜ੍ਹੇ ਹੋਏ
ਕੁਦਰਤ ਵੇਖ ਹਰਿਆਵਲੀ, ਕਲੀਆਂ ਫੁੱਲ ਖਿੜੇ ਹੋਏ
ਪਤਝੜਾਂ ਵੀ ਰੌਣਕੀ ਵੇਖ ਖਾਂ ਰੁੱਖ ਝੜੇ ਹੋਏ!
ਕਵੀ ਨੇ ਬਹੁਤ ਸਾਰੀਆਂ ਕਾਵਿ-ਰਚਨਾਵਾਂ ਵਿਚ ਸਖ਼ੀਏ! ਸ਼ਬਦ ਸੰਬੋਧਨੀ ਸ਼ਬਦ ਵਜੋਂ ਵਰਤਿਆ ਹੈ। ਉਸ ਦੀ ਕਵਿਤਾ ਪੰਜਾਬ ਪਿਆਰ, ਪਿੰਡ, ਮਰਿਆਦਾ, ਸੰਤ, ਜਾਤਾਂ, ਉਜਾੜ, ਫੁੱਲ, ਨੰਗ, ਦਿਲਬਰੀਆਂ, ਸਿੱਖ, ਯਾਰ ਆਦਿ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਸਲਾਹੁਣਯੋਗ ਹਨ। ਸਾਵਣ ਮਹੀਨੇ ਬਾਰੇ ਕਵੀ ਨੇ ਬੜੇ ਭਾਵਪੂਰਤ ਢੰਗ ਨਾਲ ਪ੍ਰਗਟਾਵਾ ਕੀਤਾ ਹੈ। ਔਰਤ ਤੇ ਤੀਵੀਆਂ ਕਵਿਤਾਵਾਂ ਰਾਹੀਂ ਕਵੀ ਨੇ ਨਾਰੀ ਮਨ ਦੇ ਭਾਵ ਬਾਖ਼ੂਬੀ ਪ੍ਰਗਟਾਏ ਹਨ। ਕਵੀ ਦੀ ਸਮੁੱਚੀ ਰਚਨਾ ਜੀਵਨ ਦੇ ਗੁੱਝੇ ਭੇਦ ਸਮਝਾਉਣ ਵਾਲੀ ਹੈ। ਕਵੀ ਨੇ 'ਨਾ ਜਾਣਿਓ' ਕਵਿਤਾ ਵਿਚ ਅਜਿਹੇ ਭਾਵ ਪ੍ਰਗਟਾਏ ਹਨ :
ਸਖ਼ੀਓ! ਜਿਹੜਾ ਪੀੜ ਨਾ ਜਾਣੇ / ਪੀਰ ਨਾ ਜਾਣਿਓ
ਜਿਹੜਾ ਹਿੱਕ 'ਚ ਨਾ ਖੁੱਭੇ / ਤੀਰ ਨਾ ਜਾਣਿਓ
ਕਵੀ ਦੇ ਵਿਚਾਰਾਂ ਉੱਪਰ ਸੂਫ਼ੀਆਨਾ ਕਾਵਿ ਦਾ ਪ੍ਰਭਾਵ ਵੇਖਿਆ ਜਾ ਸਕਦਾ ਹੈ :-
ਰਮਾ ਰੰਗ ਫ਼ਕੀਰੀ ਮਾਣੀ ਏ ਨੀ/ ਕਿਉਂ ਭੁੱਲੀ ਫਿਰੇਂ ਅੰਝਾਣੀਏ ਨੀ
ਸਾਹਾਂ ਦਾ ਪੂੰਜੀ ਲੁੱਟ ਰਹੀ / ਭੋਲੀਏ ਬੜੀ ਸਿਆਣੀਏ ਨੀਂ।
ਕਵੀ ਨੇ ਅਜੋਕੇ ਯੁੱਗ ਵਿਚ ਜਿਥੇ ਹਰ ਥਾਂ ਸਵਾਰਥ ਅਤੇ ਸਵੈ-ਕੇਂਦਰਿਤ ਹੋਣ ਦੀ ਭਾਵਨਾ ਪ੍ਰਦਾਨ ਹੈ। ਮਾਨਵੀ ਰਿਸ਼ਤੇ ਸਮਝਣ ਅਤੇ ਰੂਹ ਅੰਦਰ ਉਤਰਨ ਦੀ ਗੱਲ ਕੀਤੀ ਹੈ। ਉਹ ਸੋਹਣੇ ਪੰਜਾਬ ਦੀ ਗੱਲ ਕਰਦਾ ਹੈ। ਰਿਸ਼ਤਿਆਂ ਦੀ ਕਦਰ ਕਰਨ ਦੀ ਗੱਲ ਕਰਦਾ ਹੈ। ਕਵੀ ਅਜੋਕੇ ਭਟਕਣਾਂ ਦੇ ਯੁੱਗ ਵਿਚ ਮਨ ਦੀ ਸ਼ਾਂਤੀ ਅਤੇ ਰੂਹ ਦਾ ਸਕੂਨ ਭਾਲਣ ਲਈ ਯਤਨਸ਼ੀਲ ਹੈ। 'ਵਾਹਿਗੁਰੂ' ਕਵਿਤਾ ਇਸ ਦੀ ਖ਼ੂਬਸੂਰਤ ਉਦਾਹਰਨ ਹੈ।
ਕੁਝ ਵਿਸ਼ੇ ਨੈਤਿਕ ਕਿਰਦਾਰ ਦੀ ਉੱਦਤਾ ਨਾਲ ਵੀ ਜੁੜੇ ਹਨ, ਜਿਧੇ ਪਿਆਰ ਅਤੇ ਮੁਹੱਬਤ ਦੀ ਕਦਰ ਕਰਨ ਨੂੰ ਉਚੇਰਾ ਗੁਣ ਮੰਨਿਆ ਹੈ। ਇਜ਼ਹਾਰ, ਵਿਦਾਈ ਕਵਿਤਾ ਵੇਖੀ ਜਾ ਸਕਦੀ ਹੈ। ਪੂਜਾ ਨਜ਼ਮ ਰਾਹੀਂ ਕਵੀ ਆਪਣੇ ਮਨ ਦੀ ਸਖ਼ੀ ਨੂੰ ਸੰਬੋਧਨ ਕਰਦਾ ਚਿੰਤਨ ਕਰਦਾ ਹੈ। ਕਵੀ ਬਾਹਰੀ ਵਿਖਾਵੇ ਅਤੇ ਪਾਖੰਡਾਂ ਨਾਲੋਂ ਮਨ ਦੀ ਸ਼ੁੱਧਤਾ ਲਈ ਵਧੇਰੇ ਯਤਨਸ਼ੀਲ ਨਜ਼ਰ ਆਉਂਦਾ ਹੈ। ਫੁੱਲ, ਉਜਾੜ, ਪਿੰਡ, ਸਤ ਆਦਿ ਰਚਨਾਵਾਂ ਕੁਝ ਅਜਿਹੇ ਵਰਤਾਰਿਆਂ ਨਾਲ ਸੰਬੰਧਿਤ ਹਨ, ਜਿਥੇ ਰੂਹ ਦੇ ਰੱਜ ਦੀ ਗੱਲ ਕੀਤੀ ਹੈ ਤੇ ਉੱਪਰੋਂ ਦੇ ਪਾਖੰਡਾਂ ਦਾ ਖੰਡਨ ਕੀਤਾ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਸਲਾਹੁਣਯੋਗ ਉਪਰਾਲਾ ਹੈ।

-ਪ੍ਰੋ. ਕੁਲਜੀਤ ਕੌਰ

27-10-2024

 ਮਹਾਨ ਵਿਗਿਆਨੀ
ਲੇਖਕ : ਇਕਬਾਲ ਮੁਹੰਮਦ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94786-55572

ਵਿਚਾਰਧੀਨ ਕਿਤਾਬ ਵਿਚ ਲੇਖਕ ਨੇ 31 ਮਹਾਨ ਵਿਗਿਆਨੀਆਂ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗੌਲਣਯੋਗ ਪ੍ਰਾਪਤੀਆਂ ਬਾਰੇ, ਉਨ੍ਹਾਂ ਦੇ ਜਨਮ ਸਥਾਨਾਂ ਅਨੁਸਾਰ ਸੰਕਲਿਤ ਕਰਕੇ ਮੁੱਲਵਾਨ ਜਾਣਕਾਰੀ ਦਿੱਤੀ ਗਈ ਹੈ। ਇਹ ਮਹਾਨ ਸ਼ਖ਼ਸੀਅਤਾਂ ਹਨ : ਆਧੁਨਿਕ ਵਿਗਿਆਨ ਦਾ ਪਿਤਾਮਾ ਗਲੈਲੀਓ, ਮਹਾਨ ਤਾਰਾ ਵਿਗਿਆਨੀ ਕੈਪਲਰ, ਮਾਈਕ੍ਰੋਸਕੋਪ ਦਾ ਕਾਢੂ ਲਿਊਵੇਨਹਾਕ, ਭੌਤਿਕੀ ਦਾ ਜਨਮ ਦਾਤਾ ਆਈਜ਼ੈਕ ਨਿਊਟਨ, ਅਸਮਾਨੀ ਬਿਜਲੀ ਚਾਲਕ ਦਾ ਖੋਜੀ ਬੈਂਜਾਮਿਨ ਫਰੈਂਕਲਿਨ, ਭਾਫ਼ ਇੰਜਣ ਦਾ ਸੋਧਕਾਰ ਜੇਮਸ ਵਾਟ, ਚੇਚਕ ਦਾ ਮੁਕਤੀਦਾਤਾ ਐਡਵਰਡ ਜੇਨਰ, ਡਾਇਨਮੋ ਜਨਰੇਟਰ ਦਾ ਖੋਜਕਾਰ ਮਾਈਕਲ ਫੈਰਾਡੇ, ਬ੍ਰੇਲ ਪ੍ਰਣਾਲੀ ਦਾ ਜਨਮਦਾਤਾ ਲੂਈ ਬ੍ਰੇਲ, ਕੜੀਬੱਧ ਵਿਕਾਸ ਦੇ ਸਿਧਾਂਤ ਦਾ ਜਨਕ ਚਾਰਲਸ ਡਾਰਵਿਨ, ਮਾਈਕ੍ਰੋਬਾਇਲੋਜੀ ਦਾ ਜਨਕ ਲੂਈਸ ਪਾਸਚਰ, ਡਾਇਨਾਮਾਈਟ ਦਾ ਪਿਤਾਮਾ ਐਲਫਰੈਡ ਨੋਬਲ, ਐਕਸਰੇ ਈਜਾਦਕਾਰ ਰੋਂਟਜੇਨ, ਸਭ ਤੋਂ ਵਧੀਕ ਖੋਜਾਂ ਕਰਨ ਵਾਲਾ ਥਾਮਸ ਅਲਵਾ ਐਡੀਸਨ, ਟੈਲੀਫੋਨ ਦਾ ਈਜ਼ਾਦਕਾਰ ਅਲੈਗਜ਼ੈਂਡਰ ਗਰਾਹਮ ਬੈੱਲ, ਕਵਾਂਟਮ ਥਿਊਰੀ ਦਾ ਕਾਢੂ ਮੈਕਸ ਪਲੈਂਕ, ਮਹਾਨ ਬਨਸਪਤੀ ਵਿਗਿਆਨੀ ਜੇ.ਸੀ. ਬੋਸ, ਦੋ ਵਾਰ ਨੋਬਲ ਪੁਰਸਕਾਰ ਜੇਤੂ ਮੈਰੀ ਕਿਊਰੀ, ਹਵਾਈ ਜਹਾਜ਼ ਦੇ ਕਾਢੂ ਦੋ ਰਾਈਟ ਭਰਾ, ਬਲੱਡ ਗਰੁੱਪ ਦਾ ਪਿਤਾਮਾ ਕਾਰਲ ਲੈਂਡਸਟੇਨਰ, ਐਟਮ ਦੀ ਅੰਦਰੂਨੀ ਬਣਤਰ ਦਾ ਖੋਜੀ ਲਾਰਡ ਰਦਰਫੋਰਡ, ਟੈਲੀਗ੍ਰਾਮ ਅਤੇ ਰੇਡੀਓ ਦਾ ਖੋਜੀ ਮਾਰਕੋਨੀ, ਸਾਪੇਖਤਾ ਸਿਧਾਂਤ ਦਾ ਕਰਤਾ ਐਲਬਰਟ ਆਈਨਸਟਾਈਨ, ਪੈਨਿਸਿਲੀਨ ਦਾ ਕਾਢੂ ਅਲੈਕਜ਼ੈਂਡਰ ਫਲੇਮਿੰਗ, ਟੈਲੀਵਿਜ਼ਨ ਦਾ ਖੋਜਕਾਰ ਜਾਨ੍ਹ ਬੇਅਰਡ, ਰਮਨ ਇਫੈਕਟ ਦਾ ਜਨਕ ਡਾ. ਸੀ.ਵੀ. ਰਮਨ, ਮਹਾਨ ਭੌਤਿਕੀ ਤੇ ਸੰਖਿਆਤੀ ਵਿਗਿਆਨੀ ਸਤਯੇਂਦਰ ਨਾਥ ਬੋਸ, ਐਟਮ ਬੰਬ ਦਾ ਸਿਰਜਕ ਓਪੇਨ ਹਾਈਮਰ, ਚੰਦਰਸ਼ੇਖਰ ਸੀਮਾ ਦਾ ਕਰਤਾ ਡਾ. ਐਸ. ਚੰਦਰ ਸ਼ੇਖਰ, ਬਨਾਉਟੀ ਜੀਨ ਦਾ ਸਿਰਜਕ ਡਾ. ਹਰਿਗੋਬਿੰਦ ਖੁਰਾਣਾ, ਮਿਜ਼ਾਈਲਮੈਨ ਡਾ. ਏ.ਪੀ.ਜੇ. ਅਬਦੁਲ ਕਲਾਮ ਇਤਿਆਦਿ।
ਲੇਖਕ ਨੇ ਇਨ੍ਹਾਂ ਸੰਖੇਪ ਜੀਵਨੀਆਂ ਨੂੰ ਉਮਰ ਅਨੁਸਾਰ ਤਰਤੀਬ ਦਿੱਤੀ ਹੈ। ਇਨ੍ਹਾਂ ਦੇ ਗਹਿਨ ਅਧਿਐਨ ਕਰਦਿਆਂ ਪਤਾ ਲਗਦਾ ਹੈ ਕਿ ਕਿਵੇਂ ਇਨ੍ਹਾਂ ਨੂੰ ਖੋਜ ਦਾ ਜਾਗ ਲੱਗਿਆ। ਕਿਵੇਂ ਉਹ ਨਿਰੰਤਰ ਲਗਨ ਨਾਲ, ਸਾਰੇ ਰੁਝੇਵੇਂ ਛੱਡ ਕੇ, ਆਪਣੀ ਖੋਜ ਵਿਚ ਰੁੱਝੇ ਰਹੇ। ਕਿਵੇਂ ਅੱਜ ਦੇ ਮਾਨਵ ਦਾ ਜੀਵਨ ਸੁਖੈਨ ਅਤੇ ਆਨੰਦਮਈ ਬਣਾਇਆ (ਕੇਵਲ ਐਟਮ ਬੰਬ, ਮਾਨਵਤਾ ਦਾ ਨੁਕਸਾਨ ਕੀਤਾ), ਇਨ੍ਹਾਂ 'ਚੋਂ ਬਹੁਤੇ ਵਿਗਿਆਨੀ ਪੱਛਮ ਦੇ ਦੇਣ ਹਨ। ਕੁਝ ਇਕ ਭਾਰਤੀਆਂ ਨੇ ਵੀ ਯੋਗਦਾਨ ਪਾਇਆ ਹੈ। ਅਧਿਕਤਰ ਨੂੰ ਨੋਬਲ ਪ੍ਰਾਈਜ਼ਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਵਿਗਿਆਨੀ ਕਲਾਮ ਨੂੰ 'ਭਾਰਤ ਰਤਨ' ਵੀ ਮਿਲਿਆ ਹੈ। ਸਾਰਿਆਂ ਵਿਗਿਆਨੀਆਂ ਦੇ ਜਨਮ, ਮਾਪੇ, ਵਿੱਦਿਆ ਪ੍ਰਾਪਤੀ ਬਾਰੇ ਅਤੇ ਹੋਰ ਮੁੱਲਵਾਨ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਲਗਭਗ ਸਾਰੇ ਹੀ ਆਪਣਾ ਯੋਗਦਾਨ ਪਾ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਲੇਖਕ ਨੂੰ ਇੰਨਾ ਗਿਆਨ ਕਿਹੜੇ ਸੋਮਿਆਂ ਤੋਂ ਪ੍ਰਾਪਤ ਹੋਇਆਂ ਉਸ ਦੀ ਜਾਣਕਾਰੀ ਦੇ ਦੇਣੀ ਚਾਹੀਦੀ ਸੀ। ਬਿਰਤਾਂਤਕ ਭਾਸ਼ਾ, ਰਵਾਨਗੀ ਭਰਪੂਰ ਅਤੇ ਗਿਆਨ ਵਰਧਕ ਹੈ। ਦੁਆ ਹੈ, ਲੇਖਕ ਦੀ ਕਲਮ, ਅਜਿਹੇ ਮੁਲਵਾਨ ਕਾਰਜਾਂ 'ਤੇ ਚਲਦੀ ਰਹੇ।

-ਡਾ. ਧਰਮ ਚੰਦ ਵਾਤਿਸ਼

vatishdharamchand@gmail.com

ਕੁਦਰਤ ਦਾ ਕੌਤਕ
ਲੇਖਕ: ਡਾ. ਸੋਨੀਆ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 120 ਰੁ. ਪੰਨੇ 60
ਸੰਪਰਕ : 94178-73407

ਬੱਚਿਆਂ ਲਈ ਵਿਗਿਆਨਕ ਸਾਹਿਤ ਦੀ ਮੁੱਢ ਤੋਂ ਹੀ ਅਣਹੋਂਦ ਰਹੀ ਹੈ। ਪੱਛਮੀ ਮੁਲਕਾਂ ਦੇ ਮੁਕਾਬਲੇ ਭਾਰਤ ਵਿਸ਼ੇਸ਼ ਕਰਕੇ ਪੰਜਾਬੀ ਭਾਸ਼ਾ ਵਿਚ ਵਿਗਿਆਨਕ ਬਾਲ ਸਾਹਿਤ ਆਟੇ ਵਿਚ ਲੂਣ ਸਮਾਨ ਹੈ ਪਰੰਤੂ ਫਿਰ ਵੀ ਕੁਝ ਸਾਹਿਤਕਾਰ, ਖ਼ਾਸ ਤੌਰ 'ਤੇ ਵਿਗਿਆਨਕ ਅਤੇ ਤਰਕਮਈ ਨਜ਼ਰੀਏ ਵਾਲੇ ਬਾਲ ਸਾਹਿਤ ਦੀ ਰਚਨਾ ਕਰਕੇ ਉਨ੍ਹਾਂ ਦੇ ਮਨਾਂ ਵਿਚ ਫੈਲੇ ਅੰਧਵਿਸ਼ਵਾਸ, ਭ੍ਰਾਂਤੀਆਂ ਅਤੇ ਅਸਪੱਸ਼ਟਤਾ ਦੀ ਧੁੰਦ ਸਾਫ਼ ਕਰਨ ਲਈ ਕਾਰਜਸ਼ੀਲ ਹਨ। ਇਨ੍ਹਾਂ ਲਿਖਾਰੀਆਂ ਵਿਚੋਂ ਵਿਗਿਆਨ ਖਿੱਤੇ ਨਾਲ ਜੁੜੀ ਹੋਈ ਸਕੂਲ ਅਧਿਆਪਕਾ ਡਾ. ਸੋਨੀਆ ਚਹਿਲ ਹੈ, ਜਿਸ ਦਾ ਵਿਦਿਆਰਥੀਆਂ ਨਾਲ ਸਿੱਧੇ ਤੌਰ 'ਤੇ ਸੰਬੰਧ ਹੈ। ਉਨ੍ਹਾਂ ਦੇ ਮਨੋਵਿਗਿਆਨ ਨੂੰ ਸਮਝਦਿਆਂ ਉਸ ਨੇ ਆਪਣੀ ਹੱਥਲੀ ਕਹਾਣੀ-ਪੁਸਤਕ 'ਕੁਦਰਤ ਦਾ ਕੌਤਕ' ਤੋਂ ਪਹਿਲਾਂ ਵੀ 'ਵਿਗਿਆਨ ਦੇ ਰੰਗ ਕਵਿਤਾਵਾਂ ਸੰਗ', 'ਵਿਗਿਆਨਕ ਤਰੰਗਾਂ', 'ਵਿਗਿਆਨਕ ਪੀਂਘ', 'ਵਿਗਿਆਨਕ ਲੋਅ' ਅਤੇ 'ਵਿਗਿਆਨਕ ਗੁਲਦਸਤਾ' ਵਰਗੀਆਂ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਅਤੇ ਬਾਲ ਮਨਾਂ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਹੈ।
ਸਮੀਖਿਆ ਅਧੀਨ ਪੁਸਤਕ ਵਿਚ ਕੁੱਲ 20 ਕਹਾਣੀਆਂ ਅੰਕਿਤ ਹਨ। ਇਨ੍ਹਾਂ ਕਹਾਣੀਆਂ ਨਾਲ ਜੁੜੀਆਂ ਹੋਈਆਂ ਘਟਨਾਵਾਂ ਵਿਚ ਅਨੋਖਾ ਵਾਤਾਵਰਨ ਸਿਰਜਿਆ ਗਿਆ ਹੈ। ਇਨ੍ਹਾਂ ਦੇ ਮੁਢਲੇ ਪੜਾਅ ਵਿਚ ਵਹਿਮ ਭਰਮ ਜਾਂ ਅਖੌਤੀ ਚਮਤਕਾਰੀ ਘਟਨਾਵਾਂ ਵੀ ਹਨ, ਜਿਨ੍ਹਾਂ ਬਾਰੇ ਇਕ ਪਾਤਰ ਸਹਿਕਰਮੀ ਪਾਤਰਾਂ ਨਾਲ ਸੰਵਾਦ ਰਚਾਉਂਦਾ ਹੈ। ਇਹ ਪਾਤਰ ਮਨੁੱਖ ਵੀ ਹਨ, ਰੁੱਖ, ਫਲ-ਫੁੱਲ, ਜੀਵ-ਜੰਤੂ, ਭੂਗੋਲ, ਖਗੋਲ, ਚੰਦ, ਸੂਰਜ, ਧਰਤੀ, ਤਾਰਾ ਮੰਡਲ, ਦਰਿਆ-ਪਰਬਤ, ਝੀਲਾਂ ਆਦਿ ਹਨ। ਫਿਰ ਹੌਲੀ-ਹੌਲੀ ਗ਼ੈਰ ਵਿਗਿਆਨਕ ਪਸਾਰੇ ਦੀ ਧੁੰਦ ਛੱਟਣ ਲੱਗਦੀ ਹੈ ਅਤੇ ਇਨ੍ਹਾਂ ਘਟਨਾਵਾਂ ਦੀ ਤਹਿ ਵਿਚ ਲੁਪਤ ਵਿਗਿਆਨਕ ਕਾਰਨ ਸਾਹਮਣੇ ਆ ਜਾਂਦੇ ਹਨ। ਇਸ ਸੰਦਰਭ ਵਿਚ ਬਾਹਰੀ ਬਲ, ਸੌਗਾਤ, ਹੋਲੀ, ਫੁੱਲ, ਜੰਗਲ ਦੀ ਸੈਰ, ਸ਼ੈਤਾਨ, ਕੁਦਰਤ ਦਾ ਕੌਤਕ, ਜਾਦੂ ਦਾ ਖੇਡ, ਠੱਗੀ ਅਤੇ ਧੂੰਆਂ ਆਦਿ ਕਹਾਣੀਆਂ ਦਾ ਉਚੇਚਾ ਜ਼ਿਕਰ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਕਹਾਣੀਕਾਰ ਨੇ ਵੱਖ-ਵੱਖ ਵਿਗਿਆਨੀਆਂ, ਵਲੋਂ ਕੀਤੀਆਂ ਈਜਾਦਾਂ, ਉਨ੍ਹਾਂ ਦੀ ਰਚਨਾ ਪ੍ਰਕਿਰਿਆ ਅਤੇ ਕਾਰਜ ਕਰਨ ਦੀ ਵਿਧੀ ਬਾਰੇ ਵੀ ਅੰਕੜਿਆਂ ਅਤੇ ਤੱਥਾਂ ਸਹਿਤ ਸਮਝਾਇਆ ਹੈ। 'ਹਾਏ ਮੇਰਾ ਬਲੂੰਗੜਾ', 'ਕਾਂਬਾ', 'ਜਿਗਰ ਦਾ ਟੁਕੜਾ' ਅਤੇ 'ਨਾੜੂਆ' ਕਹਾਣੀਆਂ ਵਿਚੋਂ ਵੀ ਦਲੀਲਮਈ ਸੁਨੇਹੇ ਮਿਲਦੇ ਹਨ। ਇਨ੍ਹਾਂ ਕਹਾਣੀਆਂ ਦਾ ਬੁਨਿਆਦੀ ਮੰਤਵ ਬਾਲ ਮਨਾਂ ਵਿਚੋਂ ਅੰਧਵਿਸ਼ਵਾਸੀ ਕਦਰਾਂ ਕੀਮਤਾਂ ਜਾਂ ਸਹਿਮ ਦੂਰ ਕਰਕੇ ਹਰ ਵਸਤੂ ਜਾਂ ਘਟਨਾ ਨੂੰ ਵੇਖਣ ਦੇ ਦ੍ਰਿਸ਼ਟੀਕੋਣ ਨੂੰ ਉਭਾਰਿਆ ਗਿਆ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵਰਤਮਾਨ ਸਮਾਜ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਡਾ. ਸੋਨੀਆ ਨੇ ਰੌਚਿਕਤਾ ਅਤੇ ਜਿਗਿਆਸਾ ਕਾਇਮ ਰੱਖਦਿਆਂ ਸੋਹਣੇ ਢੰਗ ਨਾਲ ਨਿਭਾਇਆ ਹੈ। ਇਨ੍ਹਾਂ ਕਹਾਣੀਆਂ ਦੀਆਂ ਘਟਨਾਵਾਂ ਅਤੇ ਪਾਤਰਾਂ ਨਾਲ ਸੰਬੰਧਿਤ ਚਿੱਤਰ ਕਵਿਤਾ ਸ਼ਰਮਾ ਦੁਆਰਾ ਬਣਾਏ ਗਏ ਹਨ, ਜੋ ਕਹਾਣੀਆਂ ਦੇ ਘਟਨਾਕ੍ਰਮ ਨੂੰ ਸਮਝਣ ਵਿਚ ਮਦਦਗਾਰ ਬਣਦੇ ਹਨ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬਾਲ ਮਨਾਂ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਪੰਜਾਬੀ ਬਾਲ ਸਾਹਿਤ ਵਿਚ ਚੰਗਾ ਯੋਗਦਾਨ ਪਾਉਂਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਜਲ ਭਰਮ ਤੋਂ ਵਾਪਸੀ
ਲੇਖਕ : ਗੁਰਦਿਆਲ ਦਲਾਲ
ਪ੍ਰਕਾਸ਼ਕ : ਗੋਲਡਮਾਈਨ ਪਬਲੀਕੇਸ਼ਨ
ਮੁੱਲ : 250 ਰੁਪਏ, ਸਫ਼ੇ : 142
ਸੰਪਰਕ : 98141-85363

ਗੁਰਦਿਆਲ ਦਲਾਲ ਦੇ ਇਸ ਨਾਟਕ ਸੰਗ੍ਰਿਹ ਵਿਚ ਅੱਠ ਨਾਟਕ ਸ਼ਾਮਲ ਹਨ। ਗੁਰਦਿਆਲ ਦਲਾਲ ਪੰਜਾਬੀ ਦਾ ਪਰਪੱਕ ਕਹਾਣੀਕਾਰ ਹੈ ਉਂਝ ਕਹਾਣੀ, ਕਵਿਤਾ, ਗਜ਼ਲ, ਵਿਅੰਗ ਦੀਆਂ ਲੱਗਭਗ ਪੱਚੀ ਪੁਸਤਕਾਂ ਉਸ ਦੀਆਂ ਛਪ ਚੁੱਕੀਆਂ ਹਨ। ਕਹਾਣੀ ਬੁਣਨ ਉੱਤੇ ਬੱਝਵੀਂ ਪਕੜ ਹੋਣ ਕਰਕੇ ਉਸ ਦੇ ਇਹ ਨਾਟਕ ਨਾਟ-ਕਹਾਣੀ ਰਾਹੀਂ ਪਾਠਕ ਉੱਤੇ ਚੰਗਾ ਅਸਰ ਪਾਉਂਦੇ ਹਨ। ਪਹਿਲਾਂ ਨਾਟਕ 'ਜ਼ਹਿਰ' ਰਮਾਂ ਕਾਂਤ ਦੀ ਹਿੰਦੀ ਕਹਾਣੀ 'ਤੇ ਅਧਾਰਿਤ ਹੈ। ਸੰਖੇਪ ਜਿਹਾ ਵਾਰਤਾਲਾਪ ਇਕ ਦਵਾਈਆਂ ਦੀ ਦੁਕਾਨ 'ਤੇ ਵਾਪਰਦਾ ਹੈ ਜਿਸ ਵਿਚ ਦੁਕਾਨਦਾਰ ਅਤੇ ਗਾਹਕ ਸ਼ਾਮਲ ਹਨ। ਗਾਹਕ ਨੂੰ ਜ਼ਹਿਰ ਚਾਹੀਦੀ ਹੈ ਕਿਸੇ ਨੂੰ ਮਾਰਨ ਲਈ, ਬਲਕਿ ਆਪਣੇ ਖਾਸੇ ਨੂੰ ਮਾਰਨ ਲਈ। ਦੁਕਾਨਦਾਰ (ਕੈਮਿਸਟ) ਉਸ ਗਾਹਕ ਦੇ ਅੰਦਰਲੀ ਜ਼ਹਿਰ ਨੂੰ ਪਹਿਚਾਣਦਾ ਹੈ, ਬਾਹਰ ਕੱਢਦਾ ਹੈ ਅਤੇ ਖਤਮ ਕਰ ਦਿੰਦਾ ਹੈ। ਦੋਵਾਂ ਦੇ ਵਾਰਤਾਲਾਪ ਕਮਾਲ ਦੇ ਹਨ, ਪਾਠਕਾਂ/ਦਰਸ਼ਕਾਂ ਨੂੰ ਖਿੱਚ ਕੇ ਰੱਖਦੇ ਹਨ, ਰੁਚੀ ਨੂੰ ਵਧਾਉਂਦੇ ਹਨ। ਮਨੁੱਖੀ ਰਿਸ਼ਤਿਆਂ ਅੰਦਰ ਉਪਜੀ ਨਫ਼ਰਤ ਦੀ ਜ਼ਹਿਰ ਕਈ ਜ਼ਿੰਦਗੀਆਂ ਬਰਬਾਦ ਕਰ ਸਕਦੀ ਇਸ ਲਈ ਮੁਹੱਬਤੀ ਦਵਾਈ ਨਾਲ ਇਸ ਦਾ ਖਾਤਮਾ ਜ਼ਰੂਰੀ ਹੈ। ਇਹ ਮਹੱਬਤੀ ਬੂਟੇ ਉੱਜੜ ਚੁੱਕੇ ਬਾਜ਼ਾਰਾਂ ਵਿਚ ਕਿਤੇ ਨਾ ਕਿਤੇ ਕਾਇਮ ਹਨ। ਰਾਮ ਨਾਥ ਰਾਏ ਦੀ ਬੰਗਲਾ ਕਹਾਣੀ ਦੇ ਆਧਾਰਿਤ ਹੈ ਪੁਸਤਕ ਦਾ ਟਾਈਟਲ ਨਾਟਕ 'ਜਲ-ਭਰਨ ਤੋਂ ਵਾਪਸੀ।' ਨਾਟਕ ਦੇ ਨਾਇਕ ਰਾਮ ਲਾਲ ਦੇ ਅੰਦਰੋਂ ਔਲਾਦ ਦੇ ਮੋਹ ਦੇ ਫੋੜੇ ਦੇ ਫਿੱਸਣ, ਰਿਸਣ, ਸੁੱਕਣ ਦੀ ਕਹਾਣੀ ਸਮੋਈ ਬੈਠਾ ਹੈ ਇਹ ਨਾਟਕ। ਗੁਰਦਿਆਲ ਦਲਾਲ ਦੀ ਆਪਣੀ ਕਹਾਣੀ 'ਪੁਨਰ ਜਨਮ' ਨੂੰ ਮੁੱਖ ਰੱਖ ਕੇ ਲਿਖਿਆ ਗਿਆ ਇਹ ਨਾਟਕ ਵੀ ਔਲਾਦ ਮੋਹ ਦੀ ਤਸਵੀਰ ਪੇਸ਼ ਕਰਦਾ ਹੈ ਬਲਕਿ ਕਈ ਭਰਮ ਤੋੜਦਾ ਹੈ। ਸਮਾਜ ਅੰਦਰ ਉਸਰ ਰਹੇ ਬਿਰਧ ਆਸ਼ਰਮਾਂ ਦੀ ਪਿਠਵਰਤੀ ਸਚਾਈ ਇਸ ਨਾਟਕ 'ਚੋਂ ਜੱਗ ਜ਼ਾਹਰ ਹੁੰਦੀ ਹੈ। ਲਾਲ ਸਿੰਘ ਇਸ ਨਾਟਕ ਦਾ ਨਾਇਕ ਹੈ ਜੋ ਆਪਣੀ ਧੀ ਅਤੇ ਪੁੱਤਰਾਂ ਦੀ ਬਿਹਤਰੀਨ ਜ਼ਿੰਦਗੀ ਦੇ ਸੁਪਨੇ ਹੀ ਨਹੀਂ ਲੈਂਦਾ ਬਲਕਿ ਆਪਣੀ ਕਮਾਈ ਅਤੇ ਜਾਇਦਾਦ ਵੀ ਉਨ੍ਹਾਂ ਦੇ ਲੇਖੇ ਲਾਉਂਦਾ ਹੈ। ਜ਼ਿੰਦਗੀ ਦੇ ਅਖੀਰਲੇ ਪਲ ਉਸ ਨੂੰ ਬਿਰਧ ਆਸ਼ਰਮ ਹੀ ਕੱਟਣੇ ਪੈਂਦੇ ਹਨ ਜਿਸ ਪਿੱਛੇ ਆਧੁਨਿਕ ਯੁੱਗ ਵਿਚ ਧੀਆਂ ਪੁੱਤਰਾਂ ਦੀ ਮਜ਼ਬੂਰੀ ਵੀ ਰਿਸ਼ਤਿਆਂ ਤੋਂ ਪਾਰ ਹੋ ਜਾਂਦੀ ਹੈ। ਤਸਲੀਮਾ ਨਸਰੀਨ ਦੀ ਕਹਾਣੀ 'ਲੱਜਾ' ਦੇ ਆਧਾਰਿਤ ਨਾਟਕ 'ਬਦਲਾ', ਕ੍ਰਿਸ਼ਨ ਚੰਦਰਾ ਦੀ ਕਹਾਣੀ ਦੇ ਅਧਾਰਿਤ 'ਮਮਤਾ ਦਾ ਰੁੱਖ', ਆਰ ਚੂੜਾਮਣੀ ਦੀ ਕਹਾਣੀ 'ਯੋਗ' ਦੇ ਅਧਾਰਿਤ 'ਮਮਤਾ ਮਾਰੀ ਜੋਗਣ' ਅਤੇ ਲੇਖਕ ਦੀਆਂ ਆਪਣੀਆਂ ਕਹਾਣੀਆਂ 'ਬੁਲਡੋਜ਼ਰ' ਅਤੇ 'ਦਾਨ ਪੁੰਨ' ਦੇ ਅਧਾਰਿਤ ਨਾਟਕ ਇਸ ਪੁਸਤਕ ਵਿਚ ਸ਼ਾਮਿਲ ਹਨ। ਕਹਾਣੀਕਾਰ ਹੋਣ ਕਰਕੇ ਗੁਰਦਿਆਲ ਦਲਾਲ ਨੇ ਉਨ੍ਹਾਂ ਕਹਾਣੀਆਂ ਨੂੰ ਚੁਣਿਆ ਹੈ ਜੋ ਸਮਾਜ ਲਈ ਮਹੱਬਤ ਦੇ ਸੁਨੇਹੇ ਦਿੰਦੀਆਂ ਹਨ ਅਤੇ ਜਿਨ੍ਹਾਂ ਦੇ ਅਧਾਰਿਤ ਨਾਟਕ ਦੀ ਬਣਤਰ ਦਿਲਚਸਪ ਤਰੀਕੇ ਨਾਲ ਵਾਰਤਾਲਾਪ ਬੁਣਿਆ ਜਾ ਸਕੇ। ਦਲਾਲ ਖੁਦ ਇਕ ਸਫ਼ਲ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਦਾ ਵਾਰਤਾਲਾਪ ਪਾਠਕਾਂ ਨੂੰ ਨਾਲ ਲੈਕੇ ਤੁਰਦਾ ਹੈ। ਉਸ ਦੇ ਨਾਟਕਾਂ ਦੀ ਕਹਾਣੀ ਦ੍ਰਿਸ਼ ਸਿਰਜਦੀ ਹੈ ਅਤੇ ਘਟਨਾਵਾਂ ਉਸ ਨੂੰ ਹੋਰ ਰੌਚਕ ਬਣਾਉਂਦੀਆਂ ਹਨ। ਪੁਸਤਕ ਵਿਚਲੇ ਸਾਰੇ ਨਾਟਕ ਰੰਗ ਮੰਚ ਗੁਣਾਂ ਦੇ ਭਰਪੂਰ ਹਨ।

-ਨਿਰਮਲ ਜੌੜਾ
ਮੋਬਾਈਲ : 98140-78799
-

ਕੀ ਭਿੰਡਰਾਂਵਾਲੇ
ਕਾਂਗਰਸ ਦੀ ਉਪਜ ਸਨ?
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਰੀਥਿੰਕ ਬੁੱਕਸ ਸੰਗਰੂਰ
ਮੁੱਲ : 599 ਰੁਪਏ, ਸਫ਼ੇ : 402
ਸੰਪਰਕ : 94643-46677

ਇਸ ਪੁਸਤਕ ਵਿਚ ਮਿਲਦੇ ਵੇਰਵਿਆਂ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਸ. ਬਲਦੇਵ ਸਿੰਘ 1973-74 ਈ. ਵਿਚ ਮਹਿੰਦਰਾ ਕਾਲਜ ਦਾ ਵਿਦਿਆਰਥੀ ਸੀ ਅਤੇ ਉਹ ਉਨ੍ਹਾਂ ਦਿਨਾਂ ਵਿਚ ਵੀ ਸਿੱਖ ਸ਼ਨਾਖ਼ਤ ਵਿਚ ਪੈਦਾ ਹੋ ਰਹੇ ਸੰਕਟ ਤੋਂ ਪਰਿਚਿਤ ਸੀ। ਇਸ ਮੰਤਵ ਲਈ ਉਸ ਨੇ ਉਸ ਵਕਤ ਦੇ ਪ੍ਰਮੁੱਖ ਸਿੱਖ ਬੁੱਧੀਜੀਵੀਆਂ ਨਾਲ ਖਤੋ-ਕਿਤਾਬਤ ਦੀ ਵਿਧੀ ਕੀਤੀ। ਸਿਰਦਾਰ ਕਪੂਰ ਸਿੰਘ ਅਤੇ ਡਾ. ਗੰਡਾ ਸਿੰਘ ਨੂੰ ਚਿੱਠੀਆਂ ਲਿਖ ਕੇ ਇਸ ਸੰਕਟ ਬਾਰੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ। ਭਾਵੇਂ ਅਜਿਹੇ ਬੁੱਧੀਜੀਵੀਆਂ ਨੇ ਉਸ ਨੂੰ 'ਨੌਜਵਾਨ' ਸਮਝ ਕੇ ਕੋਈ ਸਮਾਧਾਨ ਤਾਂ ਨਾ ਦੱਸਿਆ ਪਰ ਤਾਂ ਵੀ ਚਿੱਠੀ-ਪੱਤਰਾਂ ਨਾਲ ਸੰਬੰਧਿਤ ਸਮੱਗਰੀ ਇਤਿਹਾਸ ਦਾ ਇਕ ਅੰਗ ਬਣ ਕੇ ਹਥਲੀ ਪੁਸਤਕ ਦਾ ਆਧਾਰ-ਪ੍ਰਬੰਧ ਜ਼ਰੂਰ ਬਣ ਗਈ ਹੈ। ਭਾਵੇਂ ਅਸੀਂ ਬੇਪ੍ਰਵਾਹ ਲੋਕਾਂ ਨੇ ਸ. ਭਿੰਡਰਾਂਵਾਲੇ ਜਿਹੀ ਕ੍ਰਿਸ਼ਮਈ ਸ਼ਖ਼ਸੀਅਤ ਨੂੰ ਕਿ ਮਿਥ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਤਾਂ ਵੀ ਉਸ ਦੀ 'ਗਰਜ' ਇਤਿਹਾਸ ਦੇ ਪੰਨਿਆਂ ਵਿਚੋਂ ਸੁਣੀ ਜਾ ਸਕਦੀ ਹੈ। ਅਕਾਲ ਚਲਾਣੇ ਉਪਰੰਤ 40 ਵਰ੍ਹੇ ਬੀਤ ਜਾਣ ਦੇ ਬਾਵਜੂਦ ਤਸਵੀਰਾਂ, ਤਕਰੀਰਾਂ, ਫੋਟੋਗ੍ਰਾਫ਼ਾਂ ਅਤੇ ਰਸਾਲਿਆਂ, ਕਿਤਾਬਾਂ ਵਿਚ ਉਹ ਪੂਰੀ ਤਰ੍ਹਾਂ ਨਾਲ ਸਜੀਵ ਹੈ। ਕਿਸੇ ਵੀ ਪਿੰਡ, ਸ਼ਹਿਰ ਵਿਚ ਲੱਗਣ ਵਾਲੇ ਮੇਲਿਆਂ ਦੇ ਧਾਰਮਿਕ ਸੱਭਿਆਚਾਰ ਪਰਿਸਰ ਵਿਚ ਉਸ ਦੇ ਚਿੱਤਰ ਅਤੇ ਕਿਤਾਬਾਂ ਹੋਰ ਸਭ ਸਾਹਿਤ ਤੋਂ ਵੱਧ ਵਿਕਦੀਆਂ ਹਨ। ਉਸ ਦੇ ਨਾਂਅ ਦਾ ਸਹਾਰਾ ਲੈ ਕੇ ਪੰਜਾਬ ਦੇ ਬਹੁਤ ਸਾਰੇ ਰਾਜਸੀ ਨੇਤਾ 'ਆਪਣੀ ਮੰਝਧਾਰ ਵਿਚ ਫਸੀ ਬੇੜੀ ਨੂੰ' ਪਾਰ ਲਗਾ ਗਏ ਹਨ। ਕੇਵਲ ਆਪਣੇ ਦੇਸ਼ ਵਿਚ ਹੀ ਨਹੀਂ ਬਲਕਿ ਕੈਨੇਡਾ-ਅਮਰੀਕਾ ਵਿਚ ਬੈਠੇ ਲੋਕ ਵੀ ਘਰੇ ਬੈਠੇ, ਬਾਬਾ ਭਿੰਡਰਾਂਵਾਲੇ ਦਾ ਨਾਂਅ ਲੈ ਕੇ ਪਾਰਲੀਮਾਨੀ ਅਤੇ ਹੋਰ ਚੋਣਾਂ ਜਿੱਤ ਜਾਂਦੇ ਹਨ। ਸਿੱਖ ਕੌਮ ਦੀਆਂ ਗਣਤੰਤਰੀ ਆਕਾਂਖਿਆਵਾਂ ਭਿੰਡਰਾਂਵਾਲੇ ਦੀ ਸਿਮਰਤੀ ਵਿਚੋਂ ਫੁਟਦੀਆਂ-ਵਿਗਸਦੀਆਂ ਹਨ।
ਬੇਸ਼ੱਕ, ਲੇਖਕ ਕਿਸੇ ਪ੍ਰਕਾਰ ਦੀ ਕੱਟੜ ਮਾਨਸਿਕਤਾ ਦਾ ਸ਼ਿਕਾਰ ਨਹੀਂ ਹੈ। ਨਾ ਹੀ ਉਹ ਪੰਜਾਬ ਵਿਚ ਰਹਿਣ ਵਾਲੀਆਂ ਹੋਰ ਕੌਮਾਂ ਜਾਂ ਜਾਤਾਂ-ਜਮਾਤਾਂ ਦਾ ਵਿਰੋਧੀ ਹੈ, ਪਰ ਉਹ ਭਿੰਡਰਾਂਵਾਲੇ ਦੀ 'ਫਿਨਾਮਿਨਾ' ਨੂੰ ਸਹੀ ਤਰ੍ਹਾਂ ਨਾਲ ਸਮਝਣਾ ਚਾਹੁੰਦਾ ਹੈ। ਇਸ ਮੰਤਵ ਲਈ ਉਸ ਨੇ ਅਕਾਲੀ ਪਾਰਟੀ ਦੀ ਰਵਾਇਤੀ ਲੀਡਰਸ਼ਿਪ ਨੂੰ ਵੀ ਆਪਣੇ ਰਾਡਾਰ ਉੱਪਰ ਲਿਆ ਹੈ ਅਤੇ ਉਨ੍ਹਾਂ ਦੀ ਕੁਨਬਾ-ਪਰਵਰੀ ਤੇ ਲੋਭ-ਲਾਲਚ ਨੂੰ ਨੰਗਾ ਕੀਤਾ ਹੈ। ਇਹ ਪੁਸਤਕ ਭਿੰਡਰਾਂਵਾਲੇ ਦੀ ਜਾਦੂਈ ਸ਼ਖ਼ਸੀਅਤ ਦਾ ਵੈਕਲਪਿਕ ਇਤਿਹਾਸ ਹੈ। ਹੋ ਸਕਦਾ ਹੈ, ਕਿਸੇ ਨੂੰ ਇਹ ਬਹੁਤ ਪਸੰਦ ਆਵੇ ਅਤੇ ਕੋਈ ਹੋਰ ਇਸ ਨਾਲ ਬਿਲਕੁਲ ਵੀ ਸਹਿਮਤ ਨਾ ਹੋਵੇ। ਇਹ ਇਕ 'ਸੈਮੀਨਲ' ਰਚਨਾ ਹੈ ਅਤੇ ਅਜਿਹੀਆਂ ਰਚਨਾਵਾਂ ਦੀ ਹੋਣੀ ਇਸੇ ਪ੍ਰਕਾਰ ਦੀ ਹੁੰਦੀ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਤਖ਼ਤੂਪੁਰੇ ਦੀਆਂ ਕਲਮਾਂ
ਸੰਪਾਦਕ : ਲੇਖਕ ਵਿਚਾਰ ਮੰਚ ਤਖ਼ਤੂਪੁਰੇ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ (ਬਠਿੰਡਾ)
ਮੁੱਲ : 220 ਰੁਪਏ, ਸਫ਼ੇ : 172
ਸੰਪਰਕ : 99157-41606

'ਤਖ਼ਤੂਪੁਰੇ ਦੀਆਂ ਕਲਮਾਂ' ਪੁਸਤਕ ਲੇਖਕ ਵਿਚਾਰ ਮੰਚ ਤਖ਼ਤੂਪੁਰੇ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ। ਇਸ ਦੇ ਸੰਪਾਦਕੀ ਮੰਡਲ ਵਿਚ ਸਰਵਸ੍ਰੀ ਸਾਦਿਕ ਤਖਤੂਪੁਰੀਆ, ਮਨਦੀਪ ਕੁੰਦੀ ਤਖ਼ਤੂਪੁਰੇ, ਸਾਗਰ ਤਖ਼ਤੂਪੁਰੇ, ਗਗਨ ਧਾਲੀਵਾਲ ਤਖ਼ਤੂਪੁਰੇ ਅਤੇ ਕੁਲਦੀਪ ਦੀਪ (ਸਾਦਿਕ ਪਬਲੀਕੇਸ਼ਨਜ਼) ਸ਼ਾਮਿਲ ਹਨ। ਇਹ ਪੁਸਤਕ ਪਿੰਡ ਤਖ਼ਤੂਪੁਰੇ ਦੇ ਗੁੰਮਨਾਮ ਤੁਰ ਗਏ ਲੇਖਕਾਂ ਨੂੰ ਸਮਰਪਿਤ ਕੀਤੀ ਗਈ ਹੈ। ਕਿਸੇ ਪਿੰਡ ਜਾਂ ਸ਼ਹਿਰ ਦੇ ਸਮੁੱਚੇ ਲੇਖਕਾਂ ਦੀ ਸ਼ਨਾਖਤ ਕਰਨਾ ਅਤਿ-ਕਠਿਨ ਕਾਰਜ ਹੈ ਕਿਉਂਕਿ ਇਹ ਖੋਜ ਅਤੇ ਸਰਵੇਖਣ ਨਾਲ ਜੁੜਿਆ ਹੋਇਆ ਮਸਲਾ ਹੈ। ਸਾਦਿਕ ਤਖਤੂਪੁਰੀਆ ਦੇ 'ਜੇਕਰ ਤਖਤੂਪੁਰੇ ਦੇ ਲੇਖਕਾਂ ਦੀ ਗੱਲ ਕਰੀਏ ਤਾਂ ਸਰਦਾਰ ਸ਼ੇਰ ਸਿੰਘ ਸੰਦਲ ਤੋਂ ਪਹਿਲਾਂ ਦਾ ਸਾਨੂੰ ਕੋਈ ਪੁਰਾਣਾ ਲੇਖਕ ਨਹੀਂ ਲੱਭਿਆ। ਸਾਨੂੰ ਬਹੁਤ ਅਫਸੋਸ ਹੈ ਕਿ ਪਿੰਡ ਤਖਤੂਪੁਰੇ ਦੇ ਪਤਾ ਨਹੀਂ ਕਿੰਨੇ ਲੇਖਕ ਗੁੰਮਨਾਮ ਹੀ ਤੁਰ ਗਏ ਹੋਣਗੇ ਪਤਾ ਨਹੀਂ ਤਖਤੂਪੁਰੇ ਦੇ ਕਿੰਨੇ ਕੁ ਲੇਖਕਾਂ ਦੀਆਂ ਰਚਨਾਵਾਂ ਉਨ੍ਹਾਂ ਦੇ ਘਰ ਵਾਲਿਆਂ ਨੇ ਰੱਦੀ ਸਮਝ ਕੇ ਰੱਦੀ ਵਾਲਿਆਂ ਨੂੰ ਵੇਚ ਦਿੱਤੀਆਂ ਹੋਣਗੀਆਂ ਨੇ। ਸ਼ਬਦ ਸਾਡੇ ਅਵੇਸਲੇਪਨ ਦਾ ਸਬੂਤ ਦਿੰਦੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਨੇ ਸਾਨੂੰ 'ਸ਼ਬਦ' ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਸੀ ਪਰ ਅਸੀਂ 'ਸ਼ਬਦ' ਨੂੰ ਸਿਰਫ਼ ਮੱਥਾ ਟੇਕਣ ਦੀ ਪ੍ਰਵਿਰਤੀ ਹੀ ਅਪਣਾ ਲਈ ਹੈ। ਇਸ ਪੁਸਤਕ ਵਿਚ ਸਰਵਸ੍ਰੀ ਸਵ. ਕਵੀਸ਼ਰ ਸਿੰਘ ਸੰਦਲ, ਸਵ. ਸ਼ਹੀਦ ਸਿੰਘ ਤਖ਼ਤੂਪੁਰੇ, ਮਾ. ਰਣਜੀਤ ਸਿੰਘ ਬਾਜ, ਭੱਟੀ ਤਖਤੂਪੁਰੀਆ, ਸਵ. ਬਲਜੀਤ ਸਿੰਘ ਬੱਲੀ ਤਖਤੂਪੁਰੀ, ਹਰਜਿੰਦਰ ਸਿੰਘ ਤਖ਼ਤੂਪੁਰੇ (ਸੂਬੇਦਾਰ ਮੇਜਰ), ਬਚਿੱਤਰ ਸਿੰਘ ਭੱਟੀ, ਹਾਕਮ ਸਿੰਘ ਤਖਤੂਪੁਰੀਆ, ਨੈਬ ਧਾਲੀਵਾਲ, ਭੱਟੀ ਮੌੜਾਂ ਵਾਲਾ (ਤਖ਼ਤੂਪੁਰੇ), ਸੇਵਕ ਤਖ਼ਤੂਪੁਰੇ, ਸੁਰਜੀਤ ਤਖਤੂਪੁਰੀਆ, ਕੁਲਵਿੰਦਰ ਸਿੰਘ, ਮਨਦੀਪ ਕੁੰਦੀ ਤਖ਼ਤੂਪੁਰੇ, ਤਖਤੂਪੁਰੀਆ ਸ਼ੀਰਾ, ਸਾਗਰ ਤਖ਼ਤੂਪੁਰੇ, ਗੁਰਪ੍ਰੀਤ ਗੁਰੀ ਤਖਤੂਪੁਰੀਆ, ਕਮਲਦੀਪ ਤਖ਼ਤੂਪੁਰੇ, ਬਿੰਦੂ ਤਖ਼ਤੂਪੁਰੇ, ਪਾਲਾ ਤਖਤੂਪੁਰੀਆ, ਜਸ ਕੁੰਦੀ ਤਖ਼ਤੂਪੁਰੇ, ਹੈਰੀ ਤਖਤੂਪੁਰੀ (ਹੈਰੀ ਲੁੱਟਰ), ਗੋਗੀ ਮਾਨ, ਲਵੀ ਤਖ਼ਤੂਪੁਰੇ, ਗੁਰਸੰਗਤ ਤਖ਼ਤੂਪੁਰੇ, ਜੱਸਾ ਤਖ਼ਤੂਪੁਰੇ, ਨਵੀ ਧਾਲੀਵਾਲ, ਕੇਵਲ ਸਰਾਂ ਤਖ਼ਤੂਪੁਰੇ, ਤੋਚੀ ਧਾਲੀਵਾਲ, ਗੋਰਾ ਤਖ਼ਤੂਪੁਰੇ, ਰਮਨਦੀਪ ਧਾਲੀਵਾਲ, ਕਵੀਸ਼ਰ ਲਖਵੀਰ ਸਿੰਘ ਤਖ਼ਤੂਪੁਰੇ, ਇੰਦਰ ਗਿੱਲ ਤਖ਼ਤੂਪੁਰੇ, ਗਿੱਲ ਤਖ਼ਤੂਪੁਰੇ, ਡਾ. ਗਗਨ ਤਖ਼ਤੂਪੁਰੇ, ਕਰਨੈਲ ਲੰਬੜਦਾਰ ਦਾ ਪੋਤਾ, ਕਲੱਚ ਤਖਤੂਪੁਰੀ, ਨਿੰਮਾ ਤਖ਼ਤੂਪੁਰੇ, ਸੱਤਪਾਲ ਤਖਤੂਪੁਰੀ, ਧੰਮੀ ਤਖ਼ਤੂਪੁਰੇ, ਜਿੰਦ ਧਾਲੀਵਾਲ, ਇੰਦਰ ਤਖਤੂਪੁਰੀਆ, ਨੈਬ ਤਖਤੂਪੁਰੀਆ, ਸਰਬਜੀਤ ਕੌਰ, ਗੁਰਿੰਦਰ ਧਾਲੀਵਾਲ ਅਤੇ ਸਾਦਿਕ ਤਖਤੂਪੁਰੀਆ 52 ਕਲਮਾਂ ਦੇ ਕਲਾਮ ਦਰਜ ਹਨ। ਜਿਥੇ ਇਨ੍ਹਾਂ ਲੇਖਕਾਂ ਵਲੋਂ ਕਾਵਿਕ ਰਚਨਾਵਾਂ, ਕਵੀਸ਼ਰੀ ਗੀਤ, ਛੰਦ ਬੱਧ, ਰਚਨਾਵਾਂ ਆਦਿ ਰਚੀਆਂ ਗਈਆਂ ਹਨ। ਉਥੇ ਹੀ ਵਧੀ ਹੋਈ ਡੀ.ਏ. ਕਿਸ਼ਤ, ਦੂਰਅੰਦੇਸ਼ੀ, ਭੁਲੇਖਾ, ਆਸਤਕ ਤੇ ਨਾਸਤਕ, ਵਿਸ਼ਵਾਸ, ਆਪਣਾਪਨ ਤੇ ਪਿਆਰ, ਸਭ ਤੋਂ ਖ਼ਤਰਨਾਕ, ਸੂਲਾਂ ਆਦਿ ਕਹਾਣੀਆਂ ਵੀ ਸੰਕਲਿਤ ਕੀਤੀਆਂ ਗਈਆਂ ਹਨ। ਇਹ ਦੋ ਕਾਰਨਾਂ ਕਰਕੇ ਵੱਖਰੀ ਹੈਸੀਅਤ ਰੱਖਦੀ ਹੈ। ਪਹਿਲੀ ਕਿ ਪਿੰਡ ਦੀ ਸਾਹਿਤਕ ਲਹਿਰ ਦਾ ਸਰਵੇਖਣ ਪਾਠਕ ਨੂੰ ਮਿਲ ਜਾਵੇਗਾ। ਦੂਸਰਾ ਇਨ੍ਹਾਂ ਰਚਨਾਵਾਂ ਰਾਹੀਂ ਖਿੱਤੇ ਦੀ ਮਾਨਸਿਕਤਾ ਅਤੇ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਵਿਚ ਸਮਕਾਲੀ ਸਮੇਂ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਪ੍ਰਗਟਾਇਆ ਹੈ। ਨਸ਼ਾ ਖੋਰੀ, ਕੁਨਬਾ ਪਰਵਰੀ, ਦਾਜ ਦੀ ਸਮੱਸਿਆ, ਔਰਤਾਂ ਦੀ ਦੁਰਦਸ਼ਾ, ਉਚਤਾ-ਨੀਚਤਾ ਦਾ ਭੇਦ-ਭਾਵ, ਧਾਰਮਿਕ ਕੱਟੜਤਾ, ਸੱਭਿਆਚਾਰਕ ਵਿਗਾੜ, ਰਿਸ਼ਵਤ-ਖੋਰੀ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸੁਰਿੰਦਰ ਸ਼ਰਮਾ, ਸੇਵਕ ਤਖ਼ਤੂਪੁਰੇ, ਗੁਰਿੰਦਰ ਧਾਲੀਵਾਲ ਆਦਿ ਲੇਖਕਾਂ ਦੇ ਪੰਨੇ ਖਾਲੀ ਹੀ ਹਨ। ਅਜਿਹਾ ਕਿਉਂ ਹੈ, ਇਸ ਦਾ ਉੱਤਰ ਤਾਂ ਸੰਪਾਦਕੀ ਮੰਡਲ ਹੀ ਦੇ ਸਕਦਾ ਹੈ। ਇਹ ਪੁਸਤਕ ਇਸ ਕਰਕੇ ਵਿਲੱਖਣ ਸਮਝਣੀ ਚਾਹੀਦੀ ਹੈ ਕਿ ਇਸ ਰਾਹੀਂ ਸੰਪਾਦਕੀ ਮੰਡਲ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਪਦਾਰਥਕ ਵਸਤਾਂ ਦੀ ਤਰ੍ਹਾਂ ਲੇਖਕਾਂ ਵਲੋਂ ਰਚੀਆਂ ਰਚਨਾਵਾਂ ਵੀ ਮਹੱਤਵਪੂਰਨ ਹੁੰਦੀਆਂ ਹਨ। ਸ਼ਬਦਾਂ ਦੀ ਦੌਲਤ ਦੇ ਬਰਾਬਰ ਕੋਈ ਹੋਰ ਕੋਈ ਦੌਲਤ ਨਹੀਂ ਹੋ ਸਕਦੀ। ਲੇਖਕ ਵੀ ਸਮਾਜ ਦਾ ਬਹੁਮੁੱਲਾ ਸਰਮਾਇਆ ਹਨ। ਇਕ ਲੇਖਕ ਦੀ ਲੇਖਣੀ ਨਾਲ ਪਿੰਡ ਦੇਸ਼ਾਂ-ਪ੍ਰਦੇਸ਼ਾਂ ਵਿਚ ਜਾਣਿਆ ਜਾਂਦਾ ਹੈ। ਸਾਦਿਕ ਤਖਤੂਪੁਰੇ ਨੇ ਬੋਲੀਆਂ ਰਾਹੀਂ ਸਮੁੱਚੇ ਪਿੰਡ ਦਾ ਨਕਸ਼ਾ ਉਲੀਕ ਦਿੱਤਾ ਹੈ। ਕੁਝ ਘਰ ਕੈਨੇਡਾ ਵਾਸੀ ਹੋ ਗਏ ਹਨ, ਪਿੰਡ ਦੇ ਕਿੱਤਿਆਂ, ਤਿਉਹਾਰਾਂ ਨਾਲ ਸੰਬੰਧਿਤ ਵੀ ਬੋਲੀਆਂ ਹਨ। ਮੋਟੁ ਫ਼ੌਜੀ ਕਬੱਡੀ ਖੇਡਦਾ ਸੀ, ਇਸੇ ਤਰ੍ਹਾਂ ਨਾਜ਼ਰ ਸਿੰਘ ਪੀ.ਟੀ. ਮਾਸਟਰ ਹੈ। ਮੁਨਸ਼ਾ ਸਿੰਘ ਐਮ.ਐਲ.ਏ. ਦੀ ਰਾਜਨੀਤੀ ਦਾ ਵੀ ਜ਼ਿਕਰ ਹੈ। ਸੰਪਾਦਕੀ ਮੰਡਲ ਨੂੰ ਬਹੁਤ-ਬੁਹਤ ਮੁਬਾਰਕਾਂ। ਪਾਠਕ ਵੀ ਇਸ ਪੁਸਤਕ ਨੂੰ ਪੜ੍ਹਦਿਆਂ ਖ਼ੁਸ਼ੀ ਮਹਿਸੂਸ ਕਰਨਗੇ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਕੁੱਲ ਮਿਲਾ ਕੇ
ਲੇਖਕ : ਤਰਲੋਕ ਸਿੰਘ ਆਨੰਦ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 350 ਰੁਪਏ, ਸਫ਼ੇ: 160
ਸੰਪਰਕ : 98158-80489

ਤਰਲੋਕ ਸਿੰਘ ਆਨੰਦ ਇਕ ਅਜਿਹੇ ਵਿਲੱਖਣ ਕਵੀ ਹਨ, ਜਿਨ੍ਹਾਂ ਨੂੰ ਕਵਿਤਾ ਗੁੜ੍ਹਤੀ ਵਾਂਗ ਮਿਲੀ। ਪੁਸਤਕ ਦੇ ਸ਼ੁਰੂ ਵਿਚ ਆਪਣੀ ਕਵਿਤਾ ਦੀ ਕਹਾਣੀ ਵਿਚ ਉਹ ਲਿਖਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਪਿਤਾ ਨੂੰ ਕੋਈ ਨਾ ਕੋਈ ਕਵਿਤਾ ਪੜ੍ਹਦੇ ਦੇਖਿਆ। ਬਚਪਨ ਵਿਚ ਹੀ ਉਨ੍ਹਾਂ ਨੂੰ 'ਸਾਵੇਂ ਪੱਤਰ' ਦੀਆਂ ਲਗਭਗ ਸਾਰੀਆਂ ਕਵਿਤਾਵਾਂ ਜ਼ੁਬਾਨੀਂ ਯਾਦ ਹੋ ਗਈਆਂ ਸਨ। ਅਜਿਹੇ ਸਾਜ਼ਗਾਰ ਮਾਹੌਲ ਵਿਚ ਉਨ੍ਹਾਂ ਦਾ ਏਨੀ ਖ਼ੂਬਸੂਰਤ ਗ਼ਜ਼ਲ ਕਹਿਣਾ ਸੁਭਾਵਿਕ ਹੀ ਹੈ:
ਦੋ ਕੁ ਕੌੜੇ ਸ਼ਬਦ ਕਹਿ ਕੇ
ਹੋ ਗਿਆ ਖ਼ਾਮੋਸ਼ ਉਹ,
ਪੌਣ ਦੇ ਵਿਚ ਜ਼ਹਿਰ
ਪਰ ਘੁਲ਼ਿਆ ਰਹੇਗਾ ਦੇਰ ਤੱਕ।
ਪੰਜਾਬ ਦੀ ਨੌਜਵਾਨ ਪੀੜ੍ਹੀ ਅੰਨ੍ਹੇਵਾਹ ਵਿਦੇਸ਼ਾਂ ਨੂੰ ਤੁਰੀ ਜਾ ਰਹੀ ਹੈ। ਅਜਿਹਾ ਨਹੀਂ ਹੈ ਕਿ ਜਾਣ ਵਾਲਿਆਂ ਵਿਚ ਕੇਵਲ ਬੇਰੁਜ਼ਗਾਰੀ ਦੇ ਝੰਬੇ ਹੋਏ ਨੌਜਵਾਨ ਹੀ ਹਨ ਬਲਕਿ ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਕਿਹਾ ਜਾ ਸਕਦਾ ਹੈ ਕਿ ਸ਼ਾਇਦ ਪੰਜਾਬ ਦੀ ਸਰਜ਼ਮੀਨ ਨੂੰ ਹੁਣ ਰਹਿਣ ਦੇ ਯੋਗ ਹੀ ਨਹੀਂ ਸਮਝਿਆ ਜਾ ਰਿਹਾ। ਪਰ ਤਰਲੋਕ ਸਿੰਘ ਆਨੰਦ ਇਨ੍ਹਾਂ ਜਾਣ ਵਾਲਿਆਂ ਦੇ ਮਨਾਂ ਦੀ ਸੂਖਮ ਪੀੜਾ ਨੂੰ ਭਲੀ-ਭਾਂਤ ਮਹਿਸੂਸ ਕਰਦੇ ਹਨ:
ਖ਼ਬਰੇ ਕਿਹੜੀ ਵਸਤੂ ਸੀ
ਜੋ ਛੱਡ ਆਇਆ ਹੈ ਪਿੱਛੇ ਉਹ,
ਓਨਾ ਹੀ ਘਰ ਚੇਤੇ ਆਵੇ,
ਜਿੰਨਾ ਜਾਵੇ ਦੂਰ ਮੁਸਾਫ਼ਿਰ।
ਇਸ ਪੁਸਤਕ ਤੋਂ ਪਹਿਲਾਂ ਤਰਲੋਕ ਸਿੰਘ ਆਨੰਦ ਦਾ ਇਕ ਕਾਵਿ-ਸੰਗ੍ਰਹਿ, ਇਕ ਗ਼ਜ਼ਲ-ਸੰਗ੍ਰਹਿ, ਛੇ ਸੰਪਾਦਿਤ ਪੁਸਤਕਾਂ, ਚਾਰ ਆਲੋਚਨਾ ਅਤੇ ਖੋਜ ਦੀਆਂ ਪੁਸਤਕਾਂ, ਤਿੰਨ ਗੁਰਮਤਿ ਨਾਲ ਸਬੰਧਿਤ ਪੁਸਤਕਾਂ ਅਤੇ ਦੋ ਲਿਪੀਅੰਤਰਣ ਅਤੇ ਸੰਪਾਦਨ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬੇਸ਼ੱਕ ਉਨ੍ਹਾਂ ਦੀ ਗ਼ਜ਼ਲਕਾਰੀ ਹਰ ਪੱਖੋਂ ਅਮੀਰ ਅਤੇ ਸਮਰੱਥ ਦਿਖਾਈ ਦਿੰਦੀ ਹੈ ਪਰ ਇਹ ਵੀ ਉਨ੍ਹਾਂ ਦਾ ਵਡੱਪਣ ਹੈ ਕਿ ਉਹ ਅਜੇ ਵੀ ਆਪਣੇ ਆਪ ਨੂੰ ਸਿਖਾਂਦਰੂ ਮੰਨ ਕੇ ਚਲਦੇ ਹਨ। ਪੰਜਾਬੀ ਪਾਠਕਾਂ ਨੂੰ ਅਜਿਹੀ ਵਡਮੁੱਲੀ ਸੌਗਾਤ ਦੇਣ ਲਈ ਉਹ ਸੱਚਮੁੱਚ ਹੀ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

ਬਾਵਾ ਭਗਵਾਨ ਦਾਸ ਕ੍ਰਿਤ 
ਭਗਵਾਨ ਬਲਾਸ ਸੁਖਨਲ ਸਾਰ
ਲੇਖਕ/ਸੰਪਾਦਕ : ਡਾ. ਪਰਮਵੀਰ ਸਿੰਘ, ਡਾ. ਕੁਲਵਿੰਦਰ ਸਿੰਘ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 440 ਰੁਪਏ, ਸਫ਼ੇ : 450

ਭਗਵਾਨ ਬਲਾਸ ਸੁਖਨਲ ਸਾਰ ਇਕ ਅਜਿਹਾ ਅਧਿਆਤਮਿਕ ਕਾਵਿ-ਗ੍ਰੰਥ ਹੈ, ਜਿਸ ਨੂੰ ਛੰਦ-ਬਧ ਰਚਨਾ ਦੇ ਰੂਪ ਵਿਚ ਬਾਵਾ ਭਗਵਾਨ ਦਾਸ ਜੀ ਨੇ ਦੋਹਰਾ, ਸ੍ਵੈਯਾ, ਕਬਿਤ, ਰੈਹਕਲਾ, ਬੈਂਤ ਅਤੇ ਡਿਉਢ ਆਦਿ ਵੱਖਰੇ-ਵੱਖਰੇ ਕਾਵਿ-ਰੂਪਾਂ ਵਿਚ ਸੁਹਿਰਦ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਇਸ ਕਾਵਿ-ਗ੍ਰੰਥ ਦੇ ਮੂਲ ਲੇਖਕ ਬਾਵਾ ਭਗਵਾਨ ਦਾਸ ਮੌਜੂਦਾ ਸਮੇਂ ਵਿਚ 'ਸ੍ਰੀ ਨਾਭ ਕੰਵਲ ਰਾਜਾ ਜੀ' ਦੇ ਨਾਂਅ ਨਾਲ ਪ੍ਰਸਿੱਧ ਹਨ। ਇਨ੍ਹਾਂ ਦੇ ਨਾਂਅ ਨਾਲ ਜੁੜਿਆ ਹੋਇਆ 'ਰਾਜਾ' ਸ਼ਬਦ ਵੀ ਇਨ੍ਹਾਂ ਦੀ ਅਧਿਆਤਮਿਕ ਉੱਚਤਾ ਦਾ ਪ੍ਰਤੀਕ ਹੈ। ਇਨ੍ਹਾਂ ਦੇ ਜੀਵਨ ਵਿਚੋਂ ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ ਵਾਲੇ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਅਸਲ ਵਿਚ ਬਾਵਾ ਭਗਵਾਨ ਦਾਸ ਜੀ ਉਨ੍ਹੀਵੀਂ ਸਦੀ ਦੇ ਵਿਰੱਕਤ ਸੰਤ ਹੋਏ ਹਨ। ਅਧਿਆਤਮਿਕ ਗਿਆਨ ਤੋਂ ਬਾਅਦ ਇਨ੍ਹਾਂ ਪਿੰਡ-ਪਿੰਡ ਅਤੇ ਸਾਧੂਆਂ ਨਾਲ ਵਿਚਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਕੀਤਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਝਿੰਗੜਾਂ ਨਾਲ ਇਨ੍ਹਾਂ ਦਾ ਵਿਸ਼ੇਸ਼ ਲਗਾਉ ਸੀ ਕਿਉਂਕਿ ਬਾਬਾ ਜਵਾਹਰ ਦਾਸ ਨਾਲ ਇਨ੍ਹਾਂ ਦਾ ਮਿਲਾਪ ਇਥੇ ਹੀ ਹੋਇਆ ਸੀ। ਇਸ ਤੋਂ ਇਲਾਵਾ ਇਸੇ ਜ਼ਿਲ੍ਹੇ ਦੇ ਪਿੰਡ ਸੁਜੋਂ, ਹੇੜੀਆਂ, ਗੁਣਾਚੌਰ, ਗੋਸਲ, ਗੋਬਿੰਦਪੁਰ, ਭਰੋ ਮਜਾਰਾ, ਮਜਾਰਾ ਨੌਂਅਬਾਦ, ਬੱਲੋਵਾਲ (ਜਨਮ ਅਸਥਾਨ), ਰਹਿਪਾ ਆਦਿ ਵਿਚ ਇਨ੍ਹਾਂ ਦੀ ਯਾਦ ਵਿਚ ਅਸਥਾਨ ਸੁਸ਼ੋਭਿਤ ਹਨ। ਝਿੰਗੜਾਂ ਪਿੰਡ ਵਿਚ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਉਸਾਰੀ 1906 ਈ. ਵਿਚ ਇਨ੍ਹਾਂ ਨੇ ਹੀ ਕਰਵਾਈ ਸੀ। ਪੰਜਾਬੀ ਯੂਨੀਵਰਸਿਟੀ ਨੂੰ ਇਸ ਅਧਿਆਤਮਿਕ ਕਾਵਿ-ਗ੍ਰੰਥ ਦਾ ਖਰੜਾ ਕਾਪੀ ਦੇ ਰੂਪ ਪ੍ਰਾਪਤ ਹੋਇਆ। ਇਸ ਗ੍ਰੰਥ ਦੇ ਲੇਖਕ/ਸੰਪਾਦਕਾਂ ਨੇ ਖੋਜਾਰਥੀਆਂ ਅਤੇ ਵਿਦਿਆਰਥੀ ਦੇ ਲਾਭਹਿੱਤ ਮੂਲ ਲੇਖਕ ਨਾਲ ਸੰਬੰਧਿਤ ਅਸਥਾਨਾਂ ਮੌਜੂਦਾ ਗੁਰਦੁਆਰਿਆਂ ਦੇ ਪ੍ਰਬੰਧਕਾਂ, ਮੁਹਤਬਰਾਂ ਨੂੰ ਮਿਲ ਕੇ ਵੀ ਭਰਪੂਰ ਜਾਣਕਾਰੀ ਇਕੱਤਰ ਕੀਤੀ। ਇਸ ਕਾਵਿ-ਗ੍ਰੰਥ ਨੂੰ ਵਾਚਣ ਤੋਂ ਬਾਅਦ ਪਾਠਕ ਇਹ ਅਨੁਭਵ ਕਰੇਗਾ, ਬਾਵਾ ਭਗਵਾਨ ਦਾਸ ਇਕ ਸਧਾਰਨ ਕਵੀ ਹੀ ਨਹੀਂ ਸਨ, ਸਗੋਂ ਉਹ ਰੱਬੀ ਰੰਗ ਵਿਚ ਰੰਗੀਹੋਈ ਆਤਮਾ ਦੇ ਮਾਲਕ ਵੀ ਸਨ।
ਜੇਕਰ ਦੂਜੇ ਧਰਮ ਗ੍ਰੰਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਗ੍ਰੰਥ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਪ੍ਰਭਾਵ ਦੇ ਝਲਕਾਰੇ ਥਾਂ-ਪੁਰ-ਥਾਂ ਮਿਲਦੇ ਹਨ। ਇਸ ਤੋਂ ਇਲਾਵਾ ਇਸ ਗ੍ਰੰਥ ਵਿਚ ਵਰਤੇ ਕਾਵਿ-ਰੂਪਾਂ ਵਿਚ ਉਨ੍ਹਾਂ ਪਰਿਵਾਰਕ, ਸਮਾਜਿਕ ਅਤੇ ਧਾਰਮਿਕ ਰਿਸ਼ਤਿਆਂ ਵਿਚਲੇ ਲਾਲਚ ਅਤੇ ਸਵਾਰਥੀ ਰੁੱਚੀ ਨੂੰ ਵੀ ਪੇਸ਼ ਕੀਤਾ ਹੈ। ਇਸ ਗ੍ਰੰਥ ਦੇ ਕਰਤਾ ਨੇ ਪਰਮਾਤਮਾ ਨੂੰ 'ਸ੍ਰਿਸ਼ਟੀ' ਦਾ ਕਰਤਾ, ਭਰਤਾ, ਹਰਤਾ, ਅਦ੍ਰਿਸ਼, ਅਨਾਸ, ਅਚਲ, ਅਪ੍ਰੋਖ, ਨਿਰਾਕਾਰ, ਨਿਰਵੈਰ, ਨਿਰਦੋਖ ਦੱਸਦੇ ਹੋਏ ਉਸ ਪ੍ਰਭੂ ਨਾਲ ਜੁੜਨ ਦੀ ਸਿੱਖਿਆ ਦਿੱਤੀ ਹੈ। ਇਸ ਤੋਂ ਇਲਾਵਾ ਪਰਮਾਤਮਾ ਦੀ ਸਰਬ ਵਿਆਪਕਤਾ, ਗੁਰੂ ਦੀ ਮਹਿਮਾ ਅਤੇ ਮਹੱਤਵ, ਮਾਇਆ ਤੇ ਵਿਕਾਰ, ਸਤਿਸੰਗ ਦਾ ਪ੍ਰਭਾਵ, ਦੇਹੀ ਦੀ ਸ੍ਰੇਸ਼ਟਤਾ ਅਤੇ ਨਾਸ਼ਮਾਨਤਾ, ਵਹਿਮਾਂ ਭਰਮਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਆਦੇਸ਼, ਵਿਕਾਰਾਂ ਅਤੇ ਨਸ਼ਿਆਂ ਤੋਂ ਛੁਟਕਾਰਾ, ਦੂਰ ਦ੍ਰਿਸ਼ਟੀ ਵਾਲੀ ਸੋਚ, ਮਾਸ ਖਾਣ ਤੋਂ ਪ੍ਰਹੇਜ਼, ਪਰਾਈ ਇਸਤਰੀ ਤੋਂ ਦੂਰ ਰਹਿਣ ਦੀ ਸਿੱਖਿਆ, ਉੱਚ ਗ੍ਰਹਿਸਤੀ ਜੀਵਨ ਜਿਊਣ ਦੀ ਜਾਚ, ਅਵਾਗਵਣ ਤੋਂ ਬਾਹਰ ਨਿਕਲਣ ਦੀ ਪ੍ਰੇਰਨਾ ਅਤੇ ਪਰਮਾਤਮਾ ਨਾਲ ਜੁੜਨਾ ਹੀ ਮਨੁੱਖੀ ਜੀਵਨ ਦਾ ਲਕਸ਼ ਤੇ ਨਿਸ਼ਾਨਾ ਹੋਣਾ ਚਾਹੀਦਾ ਹੈ। ਗ੍ਰੰਥ ਦੇ ਕਰਤਾ ਦਾ ਸਭ ਤੋਂ ਵੱਡਾ ਗੁਣ ਵੱਖ-ਵੱਖ ਭਾਸ਼ਾਵਾਂ ਪੰਜਾਬੀ, ਅਰਬੀ, ਫਾਰਸੀ, ਉਰਦੂ ਦਾ ਮਾਹਰ ਹੋਣਾ ਹੈ। ਗ੍ਰੰਥ ਵਿਚ ਲਿਖੀ ਸਿਹਰਫ਼ੀ ਵੀ ਇਸ ਗੱਲ ਦੀ ਪ੍ਰਤੱਖ ਗਵਾਹੀ ਦਿੰਦੀ ਹੈ ਕਿ ਆਪ ਇਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਦੇ ਸਨ। ਇਸ ਗ੍ਰੰਥ ਵਿਚ ਆਪਣੇ ਨਿੱਜੀ ਅਨੁਭਵ ਤੋਂ ਬਿਨਾਂ ਅਨੇਕਾਂ ਰੱਬੀ-ਰੰਗ ਵਿਚ ਰੰਗੀਆਂ ਸ਼ਖ਼ਸੀਅਤਾਂ ਅਤੇ ਦੂਸਰੇ ਗ੍ਰੰਥਾਂ ਦੇ ਬਚਨਾਂ ਨਾਲ ਵੀ ਸਾਂਝ ਪੁਆਈ ਹੈ। ਇਸ ਗ੍ਰੰਥ ਦੇ ਮੁੱਢਲੇ ਹਿੱਸੇ ਵਿਚ ਸ੍ਵੈਯਾ, ਦੂਜੇ ਹਿੱਸੇ ਵਿਚ ਕਬਿਤ, ਤੀਜੇ ਭਾਗ ਵਿਚ ਦੋਹਰੇ, ਚੌਥੇ ਵਿਚ ਰੈਹਕਲੇ, ਪੰਜਵੇਂ ਭਾਗ ਵਿਚ ਸੀਹਰਫ਼ੀ ਅਤੇ ਅੰਤ ਵਿਚ ਦੋਹਰੇ ਸ਼ਾਮਿਲ ਕੀਤੇ ਗਏ ਹਨ। ਇਸ ਗ੍ਰੰਥ ਦੇ ਪਾਠ-ਸੰਪਾਦਕ, ਸ਼ਬਦਾਰਥ ਅਤੇ ਭਾਵਾਰਥ ਦਾ ਕਠਿਨ ਕਾਰਜ ਕਰਦਿਆਂ ਸੰਪਾਦਕ/ਲੇਖਿਕਾ ਨੇ ਸਖਤ ਘਾਲਣਾ ਘਾਲੀ ਹੈ। ਭਰਪੂਰ ਆਸ ਹੈ ਇਹ ਖੋਜ ਕਾਰਜ, ਵਿਦਿਆਰਥੀਆਂ, ਖੋਜਾਰਥੀਆਂ, ਪਾਠਕਾਂ ਤੇ ਜਗਿਆਸੂਆਂ ਲਈ ਜਿਥੇ ਲਾਹੇਵੰਦ ਹੋਵੇਗਾ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਵਕਤ ਦੀ ਕੈਨਵਸ 'ਤੇ
ਲੇਖਕ : ਗੁਰਦੀਪ ਸਿੰਘ ਵੜੈਚ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250, ਸਫ਼ੇ 173
ਸੰਪਰਕ : 94630-23152

ਹਥਲੀ ਪੁਸਤਕ ਪ੍ਰੌਢ ਲੇਖਕ ਗੁਰਦੀਪ ਸਿੰਘ ਵੜੈਚ ਦੀ 'ਵਕਤ ਦੀ ਕੈਨਵਸ 'ਤੇ' ਦਾ ਦੂਸਰਾ ਸੋਧਿਆ ਹੋਇਆ ਸੰਸਕਰਨ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਤਿੰਨ ਹੋਰ ਵਾਰਤਕ ਪੁਸਤਕਾਂ 'ਸਾਡੀ ਵੀ ਸੁਣ ਲਵੋ, ਜੀਵਨੀ ਇੱਕ ਕਰਮਯੋਗੀ ਦੀ, ਪਲਕਾਂ ਦੇ ਓਹਲੇ' ਪ੍ਰਕਾਸ਼ਿਤ ਹੋ ਕੇ ਪਾਠਕਾਂ ਵਲੋਂ ਪਸੰਦ ਕੀਤੀਆਂ ਗਈਆਂ ਹਨ। ਲੇਖਕ ਪਾਸ ਜ਼ਿੰਦਗੀ ਦਾ ਡੂੰਘਾ, ਸੂਖਮ ਅਤੇ ਵਿਸਥਾਰਤ ਅਨੁਭਵ ਹੈ ਜੋ ਇਨ੍ਹਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਸ ਸੰਵੇਦਨਸ਼ੀਲ ਵਿਅਕਤੀ ਨੇ ਜ਼ਿੰਦਗੀ ਦੌਰਾਨ ਵਾਪਰੀਆਂ ਕੁਝ ਘਟਨਾਵਾਂ, ਨੇੜੇ ਆਈਆਂ ਕੁਝ ਨਾ ਭੁੱਲਣਯੋਗ ਸ਼ਖ਼ਸੀਅਤਾਂ ਨਾਲ ਹੋਈਆਂ ਮੁਲਾਕਾਤਾਂ ਦਾ ਯਥਾਰਥਮਈ ਚਿਤਰਣ ਕੀਤਾ ਹੈ। ਇਨ੍ਹਾਂ ਦਸ ਲੇਖਾਂ ਵਿਚ ਜਿੱਥੇ ਵੱਖੋ-ਵੱਖਰੀਆਂ ਘਟਨਾਵਾਂ ਹਨ, ਪਾਤਰ ਹਨ, ਉਨ੍ਹਾਂ ਨਾਲ ਜੁੜੇ ਹੋਏ ਵੰਨ-ਸੁਵੰਨੇ ਪ੍ਰਸੰਗ ਹਨ, ਕੁਝ ਥਾਵਾਂ ਦੀ ਮੰਜ਼ਰਕਸ਼ੀ ਹੈ, ਕੁਦਰਤ ਦਾ ਦਿਲ ਖਿੱਚਵਾਂ ਚਿਤਰਨ ਹੈ, ਆਤਮਿਕ ਸੰਬੰਧ ਹਨ, ਨਿੱਜੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ-ਦੁਰਘਟਨਾਵਾਂ, ਹਾਦਸੇ, ਮਿੱਠੀਆਂ-ਕੌੜੀਆਂ ਯਾਦਾਂ, ਜ਼ਿੰਦਗੀ ਦੇ ਸ਼ੋਖ ਤੇ ਫਿੱਕੇ ਪੈਂਦੇ ਰੰਗਾਂ ਦੇ ਪਰਛਾਵੇਂ ਹਨ, ਕਈ ਜੀਵਨ ਰੱਹਸ ਹਨ, ਜਿਨ੍ਹਾਂ ਨੂੰ ਲੇਖਕ ਨੇ ਸਾਦਾ-ਸਰਲ, ਸਪੱਸ਼ਟ, ਸਹਿਜਤਾ ਅਤੇ ਸੁਹਜਤਾ ਰਾਹੀਂ ਬੜੇ ਹੀ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਲੇਖਾਂ ਦਾਂ 'ਕਥਨ' (ਸਬਜੈਕਟ) ਤਾਂ ਨਿਵੇਕਲਾ ਹੈ ਹੀ, ਜਿਨ੍ਹਾਂ 'ਤੇ ਨਿੱਜੀ ਸਪਰਸ਼ ਝਲਕਦਾ ਹੈ, ਸਗੋਂ ਲਗਭਗ ਸਾਰੇ ਹੀ ਪਾਤਰ ਇੱਕਦਮ ਸਜੀਵ ਹਨ, ਉੱਥੇ 'ਕਹਨ' ਯਾਨੀ ਸ਼ੈਲੀ ਬਹੁਤ ਰੌਚਕ ਹੈ। ਕਿਧਰੇ ਵੀ ਕੋਈ ਦਿਖਾਵਟੀ ਜਾਂ ਬਣਾਉਟੀਪਨ ਨਹੀਂ ਝਲਕਦਾ। ਗਰੀਬੜਾ ਠੇਕੇਦਾਰ ਦਾ ਧਰਮਾ ਹੋਵੇ, ਕਿਸਮਤ ਦਾ ਧਨੀ ਦਾ ਮਿੰਦਰ ਹੋਵੇ, ਧੰਨਾ ਜੱਟ ਦਾ ਪਾਲੀ, ਨੈਬਾ-ਫੌਜੀ ਦਾ ਨਾਇਬ ਸਿੰਘ ਹੋਵੇ, ਮਿਹਨਤ ਦਾ ਫਲ ਦਾ ਰਜਿੰਦਰ ਕੁਮਾਰ ਹੋਵੇ, ਹਸਮੁੱਖ ਵਿਨੋਦ ਦਾ ਵਿਨੋਦ ਕੁਮਾਰ ਹੋਵੇ, ਗੁਰਮੰਤਰ ਦਾ ਵਿਸਾਖੀ ਸਿੰਘ ਹੋਵੇ, ਗ੍ਰਹਿਸਥੀ ਜੀਵਨ ਦਾ ਗੁਰਦੇਵ, ਡਰ ਦਾ ਹਰਨਾਮ ਸਿੰਘ ਜਾਂ ਫਿਰ ਨਾਵਲਕਾਰ ਸੰਤਵੀਰ ਦਾ ਸੰਤ ਕੁਮਾਰ ਹੋਵੇ, ਸਾਰੇ ਹੀ ਪਾਠਕ ਨੂੰ ਆਪਣੇ-ਆਪਣੇ ਲੱਗਣ ਲੱਗ ਪੈਂਦੇ ਹਨ। ਹਰੇਕ ਲੇਖ ਸਫਲ ਜੀਵਨ ਜਿਊਣ ਲਈ ਉਪਯੋਗੀ ਸੁਨੇਹਾ, ਸੰਕੇਤ ਜਾਂ ਸੂਤਰ ਵੀ ਛੱਡਦਾ ਹੈ। ਪਾਠਕ ਇਸ ਨਿਵੇਕਲੇ ਅੰਦਾਜ਼ ਵਾਲੀ ਪੁਸਤਕ ਜ਼ਰੂਰ ਪਸੰਦ ਕਰਨਗੇ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਮਕਸੂਦ ਸਾਕਿਬ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਖਾਲਿਦ ਫਰਹਾਦ ਧਾਰੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 99151-03490

ਲਹਿੰਦੇ ਪੰਜਾਬ (ਪਾਕਿਸਤਾਨ) ਦੇ ਸਮਰੱਥ ਕਹਾਣੀਕਾਰ ਮਕਸੂਦ ਸਾਕਿਬ ਦੀਆਂ ਚੋਣਵੀਆਂ 15 ਕਹਾਣੀਆਂ ਦੀ ਇਹ ਪੁਸਤਕ ਲਹਿੰਦੇ ਪੰਜਾਬ ਦੇ ਹੀ ਸਾਹਿਤਕਾਰ ਖਾਲਿਦ ਫਰਹਾਦ ਧਾਰੀਵਾਲ ਨੇ ਸੰਪਾਦਿਤ ਕੀਤੀ ਹੈ। ਇਸ ਪੁਸਤਕ ਵਿਚ ਮਕਸੂਦ ਸਾਕਿਬ ਦੇ ਲਿਖੇ ਤਿੰਨ ਕਹਾਣੀ ਸੰਗ੍ਰਹਿ ਵਿਚੋਂ ਪੰਜ-ਪੰਜ ਕਹਾਣੀਆਂ ਸ਼ਾਮਿਲ ਹਨ। ਸਾਕਿਬ ਸਾਹਿਬ ਦਾ ਪਹਿਲਾ ਕਹਾਣੀ-ਸੰਗ੍ਰਹਿ 1986 ਵਿਚ ਛਪਿਆ ਸੀ। ਦੂਸਰਾ ਸੰਗ੍ਰਹਿ 'ਸੁੱਚਾ ਤਿੱਲਾ' 1995 ਵਿਚ ਤੀਸਰਾ ਸੰਗ੍ਰਹਿ 'ਤੂੰ ਘਰ ਚਲਾ ਜਾ' 2018 ਦੀ ਪ੍ਰਕਾਸ਼ਨਾ ਹੈ। ਚੜ੍ਹਦੇ ਪੰਜਾਬ ਦੇ ਕਹਾਣੀਕਾਰ ਜਿੰਦਰ ਨੂੰ ਸਮਰਪਿਤ ਇਹ ਪੁਸਤਕ ਦੋਵਾਂ ਪੰਜਾਬਾਂ ਦੀ ਸਾਹਿਤਕਾਰੀ ਦਾ ਸੁਮੇਲ ਹੈ। ਪ੍ਰਕਾਸ਼ਕ ਵੀ ਇਧਰੋਂ ਹੈ। ਦੋਵਾਂ ਪੰਜਾਬਾਂ ਦੀ ਸਾਂਝੀ ਮਾਂ ਬੋਲੀ ਪੰਜਾਬੀ ਲਈ ਇਹ ਚੰਗਾ ਭਵਿੱਖ ਹੈ। ਲਹਿੰਦੇ ਪੰਜਾਬ ਦੀਆਂ ਕਿਤਾਬਾਂ ਪਹਿਲਾਂ ਵੀ ਪੜ੍ਹੀਆਂ ਗਈਆਂ ਹਨ। ਹਥਲੇ ਸੰਗ੍ਰਹਿ ਦੀਆਂ ਕਹਾਣੀਆਂ ਪੜ੍ਹ ਕੇ ਪਤਾ ਲਗਦਾ ਹੈ ਕਿ ਕਹਾਣੀਆਂ ਦਾ ਸਿਰਜਨ ਸਮਾਂ ਤਿੰਨ ਦਹਾਕਿਆਂ ਦਾ ਹੈ। ਭਾਵੇਂ ਲਹਿੰਦੇ ਪੰਜਾਬ ਵਿਚ ਪੰਜਾਬੀ ਸਾਹਿਤ ਸੰਘਰਸ਼ੀ ਦੌਰ ਵਿਚ ਹੈ। ਫਿਰ ਵੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ।
ਕਹਾਣੀ ਸੰਗ੍ਰਹਿ ਵਿਚ ਪੰਜਾਬੀ ਦਾ ਲਹਿੰਦੀ ਜ਼ਬਾਨ ਦਾ ਰੰਗ ਹੈ। ਜ਼ਿੰਦਗੀ ਦੇ ਕਈ ਦ੍ਰਿਸ਼ ਸਾਦ ਮੁਰਾਦੇ ਹਨ। ਪਾਤਰ ਵੀ ਸੰਵਾਦ ਕਰਦੇ ਹਨ, ਪਰ ਲਹਿਜਾ ਆਮ ਬੰਦੇ ਵਾਲਾ ਹੈ। ਕਹਾਣੀ ਗੱਲਾਂ ਵਿਚੋਂ ਗੱਲ ਵਾਂਗ ਤੁਰਦੀ ਹੈ। ਪਾਤਰਾਂ ਦਾ ਸੰਵਾਦ ਸੱਥ ਵਿਚ ਬੈਠੇ ਲੋਕਾਂ ਵਰਗਾ ਹੈ। ਕੁਝ ਕਹਾਣੀਆਂ ਪਾਤਰ ਪ੍ਰਧਾਨ ਹਨ। 'ਬਾਬਾ ਗੁਜਿਆਣਿਆ', 'ਚੂ ਚੂ', 'ਹਾਕਰ ਗੁੱਡੀ' ਕਹਾਣੀਆਂ ਵਿਚ ਪਾਤਰਾਂ ਦੀ ਸ਼ਖ਼ਸੀਅਤ ਪ੍ਰਮੁੱਖ ਹੈ। ਉਹ ਆਪਣੀ ਜ਼ਿੰਦਗੀ ਜਿਊਂਦੇ ਹਨ। ਕਹਾਣੀਕਾਰ ਪਾਤਰਾਂ ਦੇ ਸੁਭਾਅ, ਆਦਤਾਂ ਰਹਿਣ-ਸਹਿਣ ਦੇ ਆਧਾਰ 'ਤੇ ਕਹਾਣੀ ਤੋਰਦਾ ਹੈ। ਲੇਖਕ ਮਕਸੂਦ ਸਾਕਿਬ ਦਾ ਸਵੈ-ਕਥਨ ਹੈ- 'ਸਾਡਾ ਜੀਵਨ ਕਹਾਣੀ ਭਰਪੂਰ ਏ'। ਅਸੀਂ ਕਹਾਣੀਆਂ ਜਿਊਂਦੇ ਪਏ ਹੁੰਦੇ ਆਂ ਤੇ ਮਹਿਸੂਸ ਵੀ ਕਰਦੇ ਪਏ ਹੁੰਦੇ ਆਂ। ਕਹਾਣੀਆਂ ਵਿਚ ਲੇਖਕ ਦੀ ਪਾਤਰਾਂ ਨਾਲ ਸਾਂਝ ਹੈ। ਇਕ ਪਾਤਰ ਦਾ ਕਥਨ ਹੈ -ਜੇ ਬਾਲ ਸ਼ਰਾਰਤੀ ਨਾ ਹੋਵੇ ਤਾਂ ਉਹ ਬਾਲ ਨਹੀਂ ਜੇ ਹੁੰਦਾ। (ਕਹਾਣੀ 'ਚੂ ਚੂ' ਸਫ਼ਾ 13) ਹਾਕਰ ਵਿਚ ਬਚਪਨ ਦੀਆਂ ਯਾਦਾਂ ਹਨ। ਲੂਹ ਵਿਚ ਦਫ਼ਤਰੀ ਮਾਹੌਲ ਹੈ। ਮੁਸਕਾਂਦ ਦੇ ਪਾਤਰ ਟਾਂਗੇ ਵਿਚ ਬੈਠੈ ਗੱਲਾਂ ਕਰਦੇ ਹਨ। ਬੰਦਗੀ, ਸੁੱਚਾ ਤਿੱਲਾ, ਛੇਕੜੀ ਵਾਰ, ਚੱਲ ਪਿੱਦਿਆ ਉੱਠ ਚੱਲੀਏ ਸੰਗ੍ਰਹਿ ਦੀਆ ਦਿਲਚਸਪ ਕਹਾਣੀਆਂ ਹਨ। ਪੁਸਤਕ ਵਿਚ ਮਕਸੂਦ ਸਾਕਿਬ ਨਾਲ ਸੰਪਾਦਕ ਦੀ ਲੰਮੀ ਮੁਲਾਕਾਤ ਹੈ, ਜਿਸ ਵਿਚ ਕੁਝ ਸਵਾਲ ਬਹੁਤ ਮਹੱਤਵਪੂਰਨ ਹਨ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਝਗੜਾ
(ਵਤਨ ਪ੍ਰਸਤੀ ਦਾ ਜਾਂ ਫਿਰ ਕੌਮ ਪ੍ਰਸਤੀ ਦਾ)
ਲੇਖਕ : ਮੁਖਤਿਆਰ ਸਿੰਘ ਅਰਸ਼ੀ
ਪ੍ਰਕਾਸ਼ਕ : ਅਰਸ਼ੀ ਪ੍ਰਕਾਸ਼ਨ, ਖੰਨਾ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 94657-08424

ਮੁਖਤਿਆਰ ਸਿੰਘ ਅਰਸ਼ੀ ਇਕ ਕਰਮਸ਼ੀਲ ਸਮਾਜ ਸੇਵਕ ਹੈ। ਅੰਬੇਡਕਰੀ ਚਿੰਤਨ ਨਾਲ ਸੰਬੰਧਿਤ ਉਸ ਦੀਆਂ ਪੰਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਉਹ ਰਾਜਨੀਤਕ ਝਗੜੇ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਵਤਨਪ੍ਰਸਤੀ ਅਤੇ ਕੌਮਪ੍ਰਸਤੀ ਦੀ ਗੱਲ ਕਰਦਾ ਹੈ। ਪੁਸਤਕ ਦੇ ਆਰੰਭ ਵਿਚ ਉਹ 'ਹਿੰਦੂ' ਸ਼ਬਦ ਦੇ ਅਰਥ ਖੋਜ ਦੇ ਆਧਾਰ 'ਤੇ ਕਰਦਾ ਹੋਇਆ ਲਿਖਦਾ ਹੈ, 'ਹਿੰਦੂ ਹਿੰਦੁਸਤਾਨ ਵਿਚ ਰਹਿਣ ਵਾਲੀ ਇਕ ਕੌਮ ਹੈ।' ਵਿਦੇਸ਼ੀ ਧਾੜਵੀਆਂ ਦੇ ਹਮਲਿਆਂ ਤੋਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਾ ਪਹਿਲਾ ਫ਼ਰਜ਼ ਹੈ, ਨਾ ਕਿ ਇਕ ਕੌਮ ਦੀ ਰਾਖੀ ਕਰਨਾ। ਭਾਰਤ ਵਿਚ ਸ਼ੁਰੂ ਤੋਂ ਹੀ ਜਾਤ-ਪਾਤ ਪ੍ਰਣਾਲੀ ਅਧੀਨ ਮਨੁੱਖ ਅਤੇ ਮਨੁੱਖਤਾ ਲਈ ਫੁਟਪਾਊ ਵਖਰੇਵਿਆਂ ਦਾ ਜਾਲ ਵਿਛਾਇਆ ਹੋਇਆ ਹੈ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਹੋਂਦ ਵਿਚ ਆਉਣ ਨਾਲ ਹਿੰਦੂ ਮੁਸਲਮਾਨ ਵਿਚ ਆਪਸੀ ਟਕਰਾਅ ਵਧਣ ਲੱਗਾ। ਮਨੂੰ ਨੇ ਆਪਣੀ ਲਿਖਤ 'ਸਿਮਰਤੀ' ਰਾਹੀਂ ਦੇਸ਼ ਦੇ ਢਾਂਚੇ ਨੂੰ ਚਾਰ ਜਾਤਾਂ ਵਿਚ ਵੰਡ ਕੇ ਇਨ੍ਹਾਂ ਦੇ ਕਿੱਤਿਆਂ ਦੀ ਵੀ ਵੰਡ ਕਰ ਦਿੱਤੀ। ਜਦੋਂ ਸਰਕਾਰਾਂ ਦੇਸ਼ ਨੂੰ ਆਪਣਾ ਜੱਦੀ ਪੁਸ਼ਤੀ ਪਰਿਵਾਰਕ ਵਿਰਸਾ ਸਮਝਣ ਲਗ ਪਈਆਂ ਤਾਂ ਹਾਕਮ ਅਤੇ ਹਕੂਮਤਾਂ ਆਪਣੇ ਵਿਰਸੇ ਦੇ ਹੱਕਾਂ ਦੀ ਸੁਰੱਖਿਆ ਲਈ ਪਰਜਾ ਉੱਪਰ ਜ਼ੁਲਮ ਕਰਨ ਲੱਗ ਪਈਆਂ।
ਲੇਖਕ ਆਪਣੇ ਵਿਚਾਰਾਂ ਨੂੰ ਹੇਠ ਲਿਖੇ ਸਿਰਲੇਖਾਂ ਹੇਠ ਅੱਗੇ ਟੋਰਦਾ ਹੈ ਸੰਵਿਧਾਨਕ ਸਵਾਲ ਪਹਿਲਾਂ, ਸਰਕਾਰ ਦੀ ਸ਼ਕਤੀ ਦੂਏ ਨੰਬਰ 'ਤੇ, ਜੇਲ੍ਹ ਵਿਚੋਂ ਤਿਲਕ ਦੀ ਵਾਪਸੀ, ਕਰੀਮੀ ਲੇਅਰ-ਇਕ ਈਰਖਾਵਾਦੀ ਤੁੱਕਾ।
ਇਸ ਤੋਂ ਬਾਅਦ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮਹਾਨ ਸ਼ਖ਼ਸੀਅਤ ਅਤੇ ਵਿਚਾਰਾਂ ਨੂੰ ਸਵਿਸਥਾਰ ਬਿਆਨ ਕੀਤਾ ਹੈ। ਪੁਸਤਕ ਦੇ ਅਖੀਰ ਵਿਚ ਲੇਖਕ ਨੇ ਉਰਦੂ ਵਿਚ ਲਿਖੀਆਂ ਆਪਣੀਆਂ ਕੁਝ ਸ਼ਾਨਦਾਰ ਨਜ਼ਮਾਂ ਪ੍ਰਸਤੁਤ ਕੀਤੀਆਂ ਹਨ। ਲੇਖਕ ਨੇ ਆਪਣੇ ਵਿਚਾਰਾਂ ਨੂੰ ਤਰਕ ਅਤੇ ਇਤਿਹਾਸਕ ਪ੍ਰਸੰਗਾਂ ਨਾਲ ਪੇਸ਼ ਕਰਕੇ ਇਸ ਪੁਸਤਕ ਨੂੰ ਸਾਰਥਕ ਤੇ ਪ੍ਰਮਾਣਿਕ ਬਣਾਇਆ ਹੈ। ਉਮੀਦ ਹੈ ਇਹ ਪੁਸਤਕ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰੇਗੀ।

-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241

26-10-2024

ਸਚੈ ਮਾਰਗਿ ਚਲਦਿਆਂ
ਲੇਖਕ : ਕ੍ਰਿਸ਼ਨ ਪ੍ਰਤਾਪ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 94174-37682

ਚਾਰ ਨਾਵਲਾਂ ਦੇ ਰਚੇਤਾ ਕ੍ਰਿਸ਼ਨ ਪ੍ਰਤਾਪ ਦੀ ਅਗਲੀ ਪੁਸਤਕ ਵਾਰਤਕ ਰਚਨਾਵਾਂ ਦੀ ਹੈ। ਇਹ ਰਚਨਾਵਾਂ ਉਸ ਦੇ ਆਪਣੇ ਜੀਵਨ ਅਨੁਭਵਾਂ 'ਤੇ ਆਧਾਰਿਤ ਹਨ, ਇਸ ਲਈ ਇਨ੍ਹਾਂ ਰਚਨਾਵਾਂ ਨੂੰ ਵਾਰਤਕ ਦੇ ਵਿਧਾ ਰੂਪ ਸੰਸਮਰਣ ਵਜੋਂ ਨਿਰਧਾਰਤ ਕੀਤਾ ਜਾ ਸਕਦਾ ਹੈ। ਇਨ੍ਹਾਂ ਰਚਨਾਵਾਂ ਦੀ ਪੇਸ਼ਕਾਰੀ ਸਮੇਂ ਵੀ ਕਾਲਪਨਿਕ ਬਿਰਤਾਂਤ ਦੀ ਬਹੁਤ ਹੀ ਘੱਟ ਵਰਤੋਂ ਹੋਣ ਕਾਰਨ ਇਨ੍ਹਾਂ ਵਿਚ ਪੂਰੀ ਵਾਸਵਿਕਤਾ ਨਜ਼ਰ ਆਉਂਦੀ ਹੈ। ਉਹ ਉਨ੍ਹਾਂ ਡਾਕਟਰਾਂ ਦੀ ਗੱਲ ਕਰਦਾ ਹੈ ਜੋ ਆਪਸੀ ਗੁੱਟਬਾਜ਼ੀ ਕਾਰਨ ਮਰੀਜ਼ ਦੀ ਜਾਨ ਦੀ ਪਰਵਾਹ ਨਹੀਂ ਕਰਦੇ, ਉਨ੍ਹਾਂ ਲੋੜਵੰਦ ਨੌਕਰੀਪੇਸ਼ਾ ਲੋਕਾਂ ਦੀ ਗੱਲ ਕਰਦਾ ਹੈ ਜੋ ਬਹੁਤ ਥੋੜ੍ਹੀ ਤਨਖ਼ਾਹ 'ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਉਨ੍ਹਾਂ ਲੋਕਾਂ ਦੀ ਗੱਲ ਕਰਦਾ ਹੈ ਜੋ ਲੋਕ ਵਿਖਾਈ ਲਈ ਮੌਤ ਦੇ ਭੋਗ ਆਦਿ 'ਤੇ ਖ਼ਰਚ ਕਰ ਕੰਗਾਲ ਹੋ ਜਾਂਦੇ ਹਨ। ਉਹ ਅਧਿਆਪਕ ਵਜੋਂ ਕੀਤੀ ਜਾਣ ਵਾਲੀ ਨੌਕਰੀ ਦੀ ਗੱਲ ਕਰਦਾ ਹੈ, ਉਹ ਚੋਣ ਡਿਊਟੀ ਸਮੇਂ ਹੋਣ ਵਾਲੇ ਹੰਗਾਮੇ ਕਾਰਨ ਹਵਾਲਾਤ ਜਾਣ ਦੀ ਕਹਾਣੀ ਸੁਣਾਉਂਦਾ ਹੈ, ਉਹ ਬੇਰੁਜ਼ਗ਼ਾਰੀ, ਤਰਕਸ਼ੀਲਤਾ ਅਤੇ ਗ਼ਰੀਬੀ ਦੀ ਗੱਲ ਕਰਦਾ ਹੈ ਅਤੇ ਉਹ ਕਸ਼ਮੀਰ ਮੁੱਦੇ 'ਤੇ ਪ੍ਰਸ਼ਨ ਉਠਾਉਂਦਾ ਹੈ। ਉਹ ਪਾਸ਼ ਦੀ ਕਵਿਤਾ ਬਾਰੇ ਲਿਖਦਾ ਹੈ, ਉਹ ਸਰਕਾਰੀ ਅਫ਼ਸਰਸ਼ਾਹੀ 'ਤੇ ਚੋਟ ਮਾਰਦਾ ਹੈ, ਉਹ ਮਰੀਆਂ ਜ਼ਮੀਰਾਂ ਵਾਲੇ ਲੋਕਾਂ ਦੀ ਕਥਾ ਸੁਣਾਉਂਦਾ ਹੈ ਅਤੇ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੈ। ਉਸ ਦੁਆਰਾ ਚੁਣੇ ਇਹ ਸਾਰੇ ਵਿਸ਼ੇ ਅਤੇ ਕਿੱਸੇ ਉਸ ਦੀ ਆਪਣੀ ਜ਼ਿੰਦਗੀ ਦੇ ਤਜਰਬਿਆਂ 'ਤੇ ਆਧਾਰਿਤ ਹਨ। ਉਸ ਨੇ ਅਸਲੀਅਤ ਨੂੰ ਗੁੰਦਵੇਂ ਕਥਾਨਕ ਰਾਹੀਂ ਆਪਣੇ ਇਨ੍ਹਾਂ ਲੇਖਾਂ ਵਿਚ ਪੇਸ਼ ਕੀਤਾ ਹੈ। ਭਾਸ਼ਾ ਦੀ ਗੱਲ ਕੀਤਿਆਂ ਉਸ ਕੋਲ ਵਿਸ਼ਾਲ ਸ਼ਬਦ ਭੰਡਾਰ ਹੈ। 'ਅਮਰ ਸੂਫ਼ੀ' ਦੇ ਅਨੁਸਾਰ, ਉਸ ਦੀ ਲਿਖਤ ਵਿਚ ਢੇਰਾਂ ਦੇ ਢੇਰ ਠੇਠ ਸ਼ਬਦ ਮਿਲਦੇ ਹਨ। ਉਹ ਸ਼ਬਦ ਲੋਕ ਮਨਾਂ 'ਚੋਂ ਵਿਸਰਦੇ ਜਾ ਰਹੇ ਹਨ, ਜਿਨ੍ਹਾਂ ਨੂੰ ਸੰਭਾਲਣ ਦੀ ਅਤਿਅੰਤ ਲੋੜ ਹੈ ਅਤੇ ਮਾਂ ਬੋਲੀ ਪੰਜਾਬੀ ਦਾ ਅਸਲੀ ਸਰਮਾਇਆ ਹਨ। ਉਹ ਮਾਂ ਬੋਲੀ ਦਾ ਸੇਵਕ ਅਖਵਾਉਣ ਦਾ ਪੂਰਾ ਹੱਕਦਾਰ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551


ਗੁਰਬਾਣੀ ਅਤੇ ਵਿਗਿਆਨ
ਲੇਖਕ : ਪ੍ਰਿਤਪਾਲ ਸਿੰਘ ਜੈਂਟਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 995 ਰੁਪਏ, ਸਫ਼ੇ : 316
ਸੰਪਰਕ : 98762-07774

ਅੰਗਰੇਜ਼ੀ ਵਿਚ ਪ੍ਰਕਾਸ਼ਿਤ ਇਸ ਪੁਸਤਕ ਨੂੰ ਲੇਖਕ ਨੇ ਦੋ ਭਾਗਾਂ ਵਿਚ ਤਕਸੀਮ ਕੀਤਾ ਹੈ। ਪਹਿਲੇ ਭਾਗ ਵਿਚ ਦਸ ਅਧਿਆਏ ਅਤੇ ਦੂਜੇ ਭਾਗ ਵਿਚ 13 ਅਧਿਆਏ ਸ਼ਾਮਿਲ ਕੀਤੇ ਹਨ। ਦ੍ਰਿਸ਼ਟ ਅਟ੍ਰਿਸ਼ਟ ਪ੍ਰਕਿਰਤੀ ਬਾਰੇ ਸੁੰਦਰ ਸ਼ਬਦਾਵਲੀ ਰਾਹੀਂ ਦ੍ਰਿਸ਼ਟਾਂਤਕ ਮੁਹਾਵਰੇ ਵਿਚ ਰੱਬੀ ਹੋਂਦ ਦਾ ਇਜ਼ਹਾਰ ਕੀਤਾ ਗਿਆ ਹੈ। ਗੁਰਬਾਣੀ ਦੀਆਂ ਤੁਕਾਂ ਦੇ ਲੇਖਕ ਨੇ ਕਮਾਲ ਦੀ ਅੰਗਰੇਜ਼ੀ 'ਚ ਵਿਆਖਿਆ ਦਿੱਤੀ ਹੈ। ਪਹਿਲੇ ਦਸ ਅਧਿਆਏ ਸਫਾ 5 ਤੋਂ 227 ਤੀਕ ਹਨ ਅੰਤਲੇ ਪੰਜਾਬੀ ਭਾਗ ਦੇ 13 ਅਧਿਆਏ ਹਨ ਜੋ 227 ਤੋਂ 315 ਤੀਕ ਹਨ। ਪਹਿਲੇ ਅਧਿਆਏ 'ਗੁਰਬਾਣੀ ਦਾ ਉਦੇਸ਼ ਵਿਚ' ਨੂੰ ਅੱਗੋਂ ਤਿੰਨ ਹੋਰ ਉਪ ਸਿਰਲੇਖਾਂ ਵਿਚ ਵੰਡਿਆ ਗਿਆ ਹੈ। ਇਵੇਂ ਹੀ ਅਧਿਆਏ ਦੋ 'ਗੁਰਬਾਣੀ ਬਾਰੇ ਮੇਰੀਆਂ ਕੁੱਝ ਨਿੱਜੀ ਵਿਚਾਰਾਂ' ਨੂੰ ਪਰਮਾਤਮਾ ਅਥਵਾ ਸਭ ਧਰਮ ਵਿਚ ਫਿਰਕੇ, ਧਰਤੀ/ਕੁਦਰਤ ਦੀ ਸਾਜਨਾ ਕਿਉਂ ਕੀਤੀ ਗਈ? ਇਸ ਤੋਂ ਅਗਲੇ ਅਧਿਆਏ ਵਿਚ ਸ਼ਬਦ ਕਿਵੇਂ ਸਰਬ ਸ਼ਕਤੀਮਾਨ ਹੈ, ਉਪ ਸਿਰਲੇਖ ਬਾਣੀ ਗੁਰੂ ਕਿਵੇਂ ਹੈ, ਗੁਰੂ ਪ੍ਰਸ਼ਾਦਿ ਦੀ ਵਿਆਖਿਆ, ਸ਼ਬਦ ਪ੍ਰਮਾਤਮਾ ਦਾ ਲਖਾਇਕ ਵੀ ਹੈ, ਗੁਰ-ਸ਼ਬਦ ਦਾ ਪੂਰਨ ਮਹੱਤਵ। ਅਧਿਆਏ ਤਿੰਨ ਵਿਚ ਗੁਰਬਾਣੀ ਵਿਚੋਂ ਗਿਆਨ ਕਿਉਂ ਖੋਜਣਾ ਹੈ, ਸੇਵਾ ਦਾ ਮਹੱਤਵ। ਅਧਿਆਏ ਚਾਰ ਵਿਚ ਹੁਕਮ /ਰਜ਼ਾ ਅਥਵਾ ਕੁਦਰਤ, ਹੁਕਮ ਅਥਵਾ ਰਜ਼ਾ ਕੀ ਹੈ। ਏਕਮ ਓਂਕਾਰ ਦੀ ਪਛਾਣ, ਨਿਯਮ/ਹੁਕਮ ਜਿਨ੍ਹਾਂ ਨਾਲ ਕੁਦਰਤ ਕੰਮ ਕਰਦੀ ਹੈ, ਹੁਣ ਦੇਖੀਏ ਕੁਦਰਤ, ਭਾਗਾਂ ਬਾਰੇ ਕੁੱਝ ਭੁਲੇਖੇ। ਅਧਿਆਏ ਪੰਜ ਵਿਚ ਗੁਰਬਾਣੀ ਵਿਚ ਦਰਸਾਏ ਗਏ ਪਰਮਾਤਮਾ ਦਾ ਆਪਣੀ ਰਚੀ ਸ੍ਰਿਸ਼ਟੀ ਬਾਰੇ ਦ੍ਰਿਸ਼ਟੀਕੋਣ, ਛੇਵੇਂ ਅਧਿਆਏ ਵਿਚ ਮਨੁੱਖੀ ਤਰੁੱਟੀਆਂ ਦਾ ਕਾਰਨ , ਸੱਤਵੇਂ ਅਧਿਆਏ ਵਿਚ ਮਨੁੱਖੀ ਜਾਮ ਧਾਰਨ ਦਾ ਮੰਤਵ, ਸੱਚ /ਪ੍ਰਭੂ ਤੱਕ ਪਹੁੰਚ ਲਈ ਮਨੁੱਖੀ ਫਰਜ਼, ਕੀ ਮਨੁੱਖ ਦੇ ਹੱਥ ਵਿਚ ਇਹ ਨਹੀਂ? ਅੱਠਵੇਂ ਅਧਿਆਏ ਵਿਚ ਮਨ ਦਾ ਮਹੱਤਵ, ਮਨ ਤੇ ਪ੍ਰਮਾਤਮਾ ਕੁਝ ਸਮਾਨਤਾਵਾਂ, ਮਨੁੱਖ ਸਮੇਤ ਇਸ ਦੀ ਚੇਤਨਾ, ਨੌਵੇਂ ਅਧਿਆਏ ਵਿਚ ਰੱਬ ਦੀ ਨੇੜਤਾ ਦਾ ਰਸਤਾ, ਦਸਵੇਂ ਅਧਿਆਏ ਵਿਚ ਜੀਵਨ ਸਹੀ ਰਸਤਾ ਚੁਣਨ ਅਤੇ ਪੂਰਨਤਾ ਦੀ ਅਵਸਥਾ ਤੱਕ ਪੁੱਜਣ ਲਈ ਗੁਰਬਾਣੀ ਇਹ ਰਸਤੇ ਦਸਦੀ ਹੈ। ਸਾਡੀ ਸਿੱਖੀ ਰਹਿਣੀ ਦਾ ਧੁਰਾ ਥੰਮ੍ਹ ਗੁਰੂ ਹੈ, ਗੁਰੂ ਦਾ ਮਹੱਤਵ ਗਿਆਰਵੇਂ ਅਧਿਆਏ ਵਿਚ-ਪਰਮਾਤਮਾ ਦੀ ਮਿਹਰ ਦਾ ਪਾਤਰ ਕਿਵੇਂ ਬਣੀਦਾ ਹੈ, ਪ੍ਰਭੂ ਵਿਚ ਲੀਨ ਹੋਣ ਦੀ ਅਵਸਥਾ, ਬਾਰਵੇਂ ਅਧਿਆਏ ਵਿਚ ਤੀਰਥ/ਇਸ਼ਨਾਨ/ ਯਾਤਰਾ, ਅੰਮ੍ਰਿਤ ਕੀ ਹੈ, ਮਹੂਰਤ ਵਗੈਰਾ, ਮਾਸ ਬਾਰੇ, ਰੂਹ ਬਾਰੇ, ਚਮਤਕਾਰਾਂ ਬਾਰੇ, ਕੁੱਝ ਵਿਚਾਰ, ਡਰ ਬਾਰੇ, ਬੋਲੀ ਅਤੇ ਪ੍ਰੇਮ ਰਾਹੀਂ ਪਰਮਾਤਮਾ ਨਾਲ ਸੰਪਰਕ, ਸਵਰਗ, ਨਰਕ, ਲੱਖ ਚੌਰਾਸੀ ਜੂਨਾਂ ਦੀ ਗਿਣਤੀ, ਪੁੰਨ ਦਾਨ ਕਰਨਾ, ਮਾਲਾ ਫੇਰਨੀ, ਵਰਤ ਅਤੇ ਤਿੱਥ ਵਾਰਾਂ ਦਾ ਵਹਿਮ, ਦਾਨ ਸਹੀ ਕਿਵੇਂ ਹੋਵੇ ਅਥਵਾ ਕੀ ਹੈ? ਕਿਤਾਬ ਦੇ ਅੰਤਲੇ ਭਾਗ ਵਿਚ ਲੇਖਕ ਲਿਖਦਾ ਹੈ ਗੁਰਬਾਣੀ ਬਾਰੇ ਵਿਚਾਰ ਕਰਦਿਆਂ ਬਹੁਤ ਵੱਖੋ- ਵੱਖਰੀਆਂ ਸਥਿਤੀਆਂ ਸਾਹਮਣੇ ਆ ਖੜ੍ਹੀਆਂ ਹੁੰਦੀਆਂ ਹਨ। ਰੱਬ ਦੀ ਹਸਤੀ/ਹੋਂਦ ਬਾਰੇ ਸਹੀ ਜਾਣਕਾਰੀ ਕੁਝ ਕੁ ਉਂਗਲਾਂ 'ਤੇ ਗਿਣੇ ਜਾਣ ਵਾਲੇ ਪੁਰਸ਼ਾਂ ਤੋਂ ਬਿਨਾਂ ਕਿਸੇ ਕੋਲ ਨਹੀਂ ਹੈ, ਬਾਣੀ ਦੀ ਵਿਆਖਿਆ ਕਰ ਲੈਣ ਵਾਲੇ ਬੇਸ਼ੁਮਾਰ ਲੋਕ ਹੋਣਗੇ ਜੋ ਇਸ ਦੇ ਤੱਤ ਤੋਂ ਅਨਜਾਣ ਹੋਣ ਕਰ ਕੇ ਇਕ ਦੂਜੇ ਤੋਂ ਵੱਖਰੇ ਅਰਥ ਪੇਸ਼ ਕਰਦੇ ਹਨ; ਭੰਬਲ-ਭੂਸੇ ਦੀ ਇਹ ਹਾਲਤ ਬਣੀ ਪਈ ਹੈ ਕਿ ਬਹੁਤੇ ਵਿਚਾਰਕਾਂ ਕਰ ਕੇ ਸਿੱਖਾਂ ਵਿਚ ਹੀ ਬੇਸ਼ੁਮਾਰ ਫਿਰਕੇ ਬਣ ਗਏ ਹਨ,ਬਖੇੜੇ, ਦੂਸ਼ਮਣਬਾਜ਼ੀਆਂ ਵਧ ਰਹੀਆਂ ਹਨ। ਪਰਮਾਤਮਾ ਬਾਰੇ ਸਭ ਧਰਮਾਂ/ਫਿਰਕਿਆਂ/ ਬੁੱਧੀਜੀਵੀਆਂ ਵਿਚ ਵਖਰੇਵਾਂ ਹੈ, ਹਰ ਕੋਈ ਆਪਣੇ ਢੰਗ ਨਾਲ ਉਸ ਦੀ ਹੋਂਦ ਬਾਰੇ ਵੱਖਰੇ ਮਾਪ-ਦੰਡ ਰੱਖਦਾ ਹੈ। ਪਰ ਅਸਲ ਵਿਚ ਧਰਮ ਦੀ ਜਾਣਕਾਰੀ ਉਪ੍ਰੰਤ ਹੀ ਪਰਮਾਤਮਾ ਬਾਰੇ ਸਹੀ ਸਮਝ ਹੋ ਸਕਦੀ ਹੈ। ਬਾਣੀ ਜਪੁਜੀ ਸਾਹਿਬ ਦੀ ਪਉੜੀ 34 ਤੋਂ 37 ਵਿਚ ਇਹ ਵਿਸ਼ਾ ਵਿਸਥਾਰ ਨਾਲ ਕਲਮਬੱਧ ਕੀਤਾ ਗਿਆ ਹੈ। ਅਗਲੇ ਪੜਾਵਾਂ ਗਿਆਨ ਖੰਡ, ਸਰਮ ਖੰਡ, ਕਰਮ ਖੰਡ ਨੂੰ ਜ਼ਬਾਨੀ-ਕਲਾਮੀ ਤਾਂ ਚਤੁਰਾਈ ਨਾਲ ਸੰਗਤਾਂ ਵਿਚ ਵਿਚਰ ਕੇ ਕੁਝ ਜਾਣਕਾਰੀ ਦੇ ਸਕਦਾ ਹੈ। ਪਰ ਅਸਲ ਪ੍ਰਮਾਤਮਾ ਦੀ ਹੋਂਦ ਪ੍ਰਗਟਾਵੇ ਲਈ ਸਭ ਧਰਮਾਂ ਦੀ ਉਚਪਾਏ ਦੀ ਸੋਝੀ ਹੋਣੀ ਜ਼ਰੂਰੀ ਹੈ। ਇਹ ਕਿਤਾਬ ਤੱਤਪੂਰਵਕ ਬੁੱਧੀਜੀਵੀ ਵਰਗ ਲਈ ਪੜ੍ਹਨਯੋਗ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਮੈਂ ਜ਼ਿੰਦਾਬਾਦ
ਲੇਖਕ : ਰਾਣਾ ਰਣਬੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 249 ਰੁਪਏ, ਸਫ਼ੇ : 122
ਸੰਪਰਕ : 98152-98459

ਰਾਣਾ ਰਣਬੀਰ ਆਪਣੇ ਸਮੇਂ ਦਾ ਸਭ ਤੋਂ ਵੱਧ ਚਰਚਿਤ ਨਾਂਅ ਹੈ। ਉਹ ਇਕੋ ਵੇਲੇ ਕਲਾਕਾਰ, ਰੰਗਕਰਮੀ, ਸ਼ੋਅਮੈਨ, ਲੇਖਕ ਅਤੇ ਕਵੀ ਹੈ। ਉਸ ਨੂੰ ਤੇ ਉਸ ਦੀ ਕਲਾ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ 'ਚ ਹੈ। 'ਮਾਸਟਰ ਜੀ' ਸ਼ੋਅ ਰਾਹੀਂ ਉਸ ਨੇ ਦੇਸ਼-ਵਿਦੇਸ਼ ਵਿਚ ਸਫ਼ਲਤਾ ਦੀਆਂ ਟੀਸੀਆਂ ਛੋਹੀਆਂ ਹਨ। 'ਮੈਂ ਜ਼ਿੰਦਾਬਾਦ' ਰਾਹੀਂ ਉਹ ਇਕ ਅਜਿਹੇ ਇਨਸਾਨ ਦੀ ਉਤਪਤੀ ਵੱਲ ਰੁਚਿਤ ਹੈ, ਜੋ ਸਭ ਤਰ੍ਹਾਂ ਦੇ ਵਿਕਾਰਾਂ ਤੋਂ ਰਹਿਤ ਹੋ ਕੇ ਸੱਚੇ-ਸੁੱਚੇ ਕਿਰਦਾਰ ਦਾ ਧਨੀ ਹੋਵੇ। ਕਿਤਾਬ ਦੀ ਦਿੱਖ ਹੀ ਧਾਰਮਿਕ ਪੋਥੀਆਂ ਜਿਹੀ ਹੈ, ਜਿਸ ਰਾਹੀਂ ਕੋਈ ਉਚੇਰਾ ਸੁਨੇਹਾ ਮਿਲਣ ਦੀ ਆਸ ਸ਼ੁਰੂ 'ਚ ਹੀ ਬੱਝਦੀ ਹੈ। ਉਹ ਜਦੋਂ ਤਰਕ ਰਾਹੀਂ ਗੱਲ ਕਹਿੰਦਾ ਹੈ ਤਾਂ ਵਾਰਤਕ ਰਾਹੀਂ ਕਹਿਣ ਦਾ ਯਤਨ ਕਰਦਾ ਹੈ। ਇਸ ਵੇਲੇ ਉਸ ਦੀ ਮੁਦਰਾ ਪ੍ਰਵਚਨੀ ਕਿਸਮ ਦੀ ਹੁੰਦੀ ਹੈ। ਜਾਪਦੈ ਜਿਵੇਂ ਉਹ ਖ਼ੁਦ ਨੂੰ ਸੰਬੋਧਨ ਹੋ ਰਿਹਾ ਹੋਵੇ। ਉਹ ਖ਼ੁਦ ਲਈ ਇਹੋ ਜਿਹੀਆਂ ਖ਼ਸਲਤਾਂ ਚੁਣਦਾ ਹੈ, ਜੋ ਉਸ ਨੂੰ ਪਰਮ ਮਨੁੱਖ ਬਣਨ ਵੱਲ ਲੈ ਜਾਣ ਦੇ ਯਤਨ ਵਿਚ ਹਨ। ਉਹ ਖ਼ਾਲਸ ਮਨੁੱਖ ਬਣ ਕੇ ਸੰਸਾਰ ਵਿਚ ਵਿਚਰਨਾ ਚਾਹੁੰਦਾ ਹੈ। ਉਹ ਵਡੱਪਣ ਵੱਲ ਜਾਣ ਦਾ ਪੈਰੋਡਾਇਮ ਉਲੀਕਦਾ ਹੈ। ਉਹ ਆਖਦਾ ਹੈ, 'ਕਦੇ ਕਿਸੇ ਨੂੰ ਘੱਟ ਨਾ ਸਮਝੋ, ਖ਼ੁਦ ਨੂੰ ਵੀ।' ਤਾਂ ਉਹ ਦੂਸਰਿਆਂ ਲਈ ਵੀ ਤੇ ਆਪਣੇ ਲਈ ਵੀ ਇਕ ਸੁਚੱਜਾ ਤੇ ਸਹਿਜ, ਕੋਡ ਆਫ਼ ਕੰਡਕਟ ਸਿਰਜਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਇਕ ਤਰ੍ਹਾਂ ਨਾਲ ਉਹ ਆਪਣੇ ਲਈ ਵੀ ਤੇ ਦੂਸਰੇ ਮਨੁੱਖਾਂ ਲਈ ਵੀ ਇਕ ਜੀਵਨ ਵਿਧੀ ਤਜਵੀਜ਼ ਕਰਦਾ ਪ੍ਰਤੀਤ ਹੁੰਦਾ ਹੈ। ਇਹ ਸਾਰੀ ਵਾਰਤਕ ਉਸ ਦੀ ਪ੍ਰਬੁੱਧ ਬੁੱਧੀ ਦੀ ਹੀ ਪੈਦਾਵਾਰ ਹੈ। ਜਦੋਂ ਉਸ ਦਿਲ ਦੀ ਗੱਲ ਕਹਿਣੀ ਹੋਵੇ, ਕੋਮਲ ਜਜ਼ਬਿਆਂ ਤੇ ਹੁਲਾਸ ਅਤੇ ਹੁਲਾਰਾਂ ਥਾਈਂ ਲੰਘਣਾ ਹੋਵੇ ਤਾਂ ਉਹ ਕਾਵਿਕ ਸੰਵਾਦ ਛੇੜਨ ਦਾ ਯਤਨ ਕਰਦਾ ਹੈ। ਉਸ ਵਿਚ ਅਹਿਸਾਸਾਂ ਦੀ ਉੱਚਤਾ, ਆਪਣੇਪਨ ਦਾ ਸੰਦੇਸ਼ ਅਤੇ ਹਲਕੇ-ਫੁਲਕੇ ਅੰਦਾਜ਼ ਦਾ ਅਨੁਕਰਨ ਕਰਨਾ ਹੁੰਦਾ ਹੈ। ਜਦੋਂ ਮਨ ਕਵਿਤਾ ਨਾਲ ਜੁੜਦਾ ਹੈ ਤਾਂ ਮਨ ਦੀ ਹੱਸਾਸੀ ਫ਼ਿਤਰਤ ਰੰਗ ਬਿਖੇਰਨ ਲਗਦੀ ਹੈ। ਇਹੋ ਜਿਹੇ ਅਨੇਕਾਂ ਕਾਵਿਕ ਭੌਰੇ ਮਨ ਦੇ ਖਿੜੇ ਫੁੱਲਾਂ 'ਤੇ ਮੰਡਰਾਉਂਦੇ ਨਜ਼ਰੀਂ ਪੈਣ ਲਗਦੇ ਹਨ। ਉਸ ਦੀ ਕਾਵਿ ਪ੍ਰਤਿਭਾ ਵੀ ਉਸ ਦੀ ਹੋਂਦ, ਅਸਤਿੱਤਵ ਅਤੇ ਉਸ ਦੇ ਗਿਆਨ ਨੂੰ ਚਾਰ ਚੰਨ ਲਾਉਣ ਵਾਲੀ ਹੈ। ਰਣਬੀਰ ਰਾਣਾ ਮੇਰਾ ਸਕੂਲ ਭਾਈ ਹੈ। ਅਸੀਂ ਦੋਵਾਂ ਨੇ ਖ਼ਾਲਸਾ ਸਕੂਲ ਧੂਰੀ ਤੋਂ ਪੜ੍ਹਾਈ ਕੀਤੀ ਹੈ। ਅਜਿਹੇ ਗੁਰਭਾਈ ਲਈ ਦੋ ਅੱਖਰ ਵਾਹੁਣੇ ਮੇਰੇ ਲਈ ਮਾਣ ਵਾਲੀ ਗੱਲ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

20-10-2024

ਦੁਨੀਆ ਦਾ ਬੇਮਿਸਾਲ ਜਰਨੈਲ
ਸਿਕੰਦਰ ਮਹਾਨ
ਮੂਲ ਲੇਖਕ : ਜੈਕੋਬ ਐਬਟ
ਅਨੁਵਾਦ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 295 ਰੁਪਏ, ਸਫ਼ੇ : 192
ਸੰਪਰਕ : 99150-99926

ਅੰਦਰੂਨੀ ਪ੍ਰਮਾਣਾਂ ਅਨੁਸਾਰ ਜੈਕੋਬ ਐਬਟ ਨੇ ਇਸ ਪੁਸਤਕ ਦੀ ਸਮੱਗਰੀ ਵਿਭਿੰਨ ਇਤਿਹਾਸਕਾਰਾਂ ਤੋਂ ਪ੍ਰਾਪਤ ਕੀਤੀ ਪ੍ਰਤੀਤ ਹੁੰਦੀ ਹੈ। ਸਿਕੰਦਰ ਮਹਾਨ ਦੀ ਸ਼ਖ਼ਸੀਅਤ 'ਤੇ ਪੂਰਬਲੇ ਕਵੀ 'ਹੋਮਰ' ਦੀਆਂ ਪੜ੍ਹੀਆਂ ਰਚਨਾਵਾਂ ਦਾ ਪ੍ਰਭਾਵ ਹੈ। ਉਸ ਨੂੰ ਅਰਸਤੂ ਦਾ ਸ਼ਾਗਿਰਦ ਹੋਣ ਦਾ ਗੌਰਵ ਹਾਸਲ ਹੋਇਆ। ਮਾਪਿਆਂ ਨੇ ਉਸ ਦੀ ਪਰਵਰਿਸ਼ ਐਸ਼-ਪ੍ਰਸਤਾਂ ਵਾਂਗ ਨਹੀਂ ਸਗੋਂ ਯੋਧਿਆਂ ਵਾਂਗ ਕੀਤੀ। ਉਨ੍ਹਾਂ ਵੇਖਿਆ ਹੋਣੈ 'ਹੋਣਹਾਰ ਵਿਰਵਾਨ ਕੇ ਚਿਕਨੇ ਚਿਕਨੇ ਪਾਤ'। ਅਸਤਿਤਵਵਾਦੀ ਦ੍ਰਿਸ਼ਟੀ ਅਨੁਸਾਰ ਇਹੋ ਹੀ ਉਸ ਨੂੰ ਫੈਕਟੀਸਿਟੀ ਪ੍ਰਾਪਤ ਹੋਈ ਸੀ। ਇਸ ਜੀਵਨੀ ਨੂੰ ਲੇਖਕ ਨੇ 12 ਕਾਂਡਾਂ (ਬਚਪਨ ਅਤੇ ਜਵਾਨੀ, ਸਿਕੰਦਰ ਦੇ ਰਾਜ ਦਾ ਆਰੰਭ, ਉੱਤਰੀ ਕੌਮਾਂ ਅਤੇ ਥਰੇਸ ਦਾ ਵਿਦਰੋਹ, ਏਸ਼ੀਆ ਵਿਜੇ-ਮੁਹਿੰਮ, ਏਸ਼ੀਆ ਮਾਈਨਰ ਦੀ ਮੁਹਿੰਮ, ਡਾਰੀਅਸ ਦੀ ਹਾਰ, ਟਾਯਰ 'ਤੇ ਕਬਜ਼ਾ, ਸਿਕੰਦਰ ਮਿਸਰ ਵਿਚ, ਸਿਕੰਦਰ ਦੀ ਮਹਾਨ ਜਿੱਤ, ਡਾਰੀਅਸ ਦੀ ਮੌਤ, ਸਿਕੰਦਰ ਦੀ ਸ਼ਖ਼ਸੀਅਤ ਵਿਚ ਆਏ ਪਰਿਵਰਤਨ, ਸਿਕੰਦਰ ਦੀ ਮੌਤ ਆਦਿ) ਵਿਚ ਵੰਡ ਕੇ ਕ੍ਰਮਵਾਰ ਪੇਸ਼ ਕੀਤਾ ਹੈ। ਇਨ੍ਹਾਂ ਕਾਂਡਾਂ ਦਾ ਅਧਿਐਨ ਕਰਦਿਆਂ ਪਾਠਕਾਂ ਨੂੰ ਸਿਕੰਦਰ ਦੀਆਂ ਜਿੱਤਾਂ ਬਾਰੇ ਸਰਬਪੱਖੀ ਜਾਣਕਾਰੀ ਉਪਲਬਦ ਹੁੰਦੀ ਹੈ। ਸਿਕੰਦਰ ਨੇ 20 ਸਾਲ ਦੀ ਉਮਰ ਵਿਚ ਆਪਣੀਆਂ ਜੇਤੂ ਮੁਹਿੰਮਾਂ ਆਰੰਭ ਕੀਤੀਆਂ ਅਤੇ 32 ਸਾਲ ਦੀ ਉਮਰ ਵਿਚ ਇਨ੍ਹਾਂ ਜਿੱਤਾਂ ਦਾ ਭੋਗ ਪੈ ਗਿਆ। ਇਨ੍ਹਾਂ 12 ਸਾਲਾਂ ਵਿਚ ਉਹ ਆਪਣੀਆਂ ਜਿੱਤਾਂ ਦੇ ਸਿਖ਼ਰ 'ਤੇ ਪੁੱਜਿਆ। ਉਸ ਦੇ ਜੇਤੂ/ਲੜਾਕੂ ਅਸਤਿਤਵ ਨੇ ਪੜਾਅ-ਦਰ-ਪੜਾਅ ਵਿਕਾਸ ਕੀਤਾ। ਇਨ੍ਹਾਂ ਜਿੱਤਾਂ ਵਿਚ ਉਸ ਦੇ 'ਥੀਸੈਲਫਸ' ਘੋੜੇ ਨੇ ਪੂਰਾ ਸਾਥ ਦਿੱਤਾ। ਜੇਕਰ ਸਿਕੰਦਰ ਦੀ ਨੈਪੋਲੀਅਨ ਬੋਨਾਪਾਰਟ ਨਾਲ ਤੁਲਨਾ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਨੈਪੋਲੀਅਨ ਨੇ ਸਿਕੰਦਰ ਨਾਲੋਂ 20 ਸਾਲ ਵੱਧ ਉਮਰ ਭੋਗੀ ਪਰ ਸਮੇਂ ਅਨੁਸਾਰ ਉਸ ਦੀਆਂ ਜਿੱਤਾਂ ਸਿਕੰਦਰ ਨਾਲੋਂ ਘੱਟ ਨੋਟ ਕੀਤੀਆਂ ਜਾ ਸਕਦੀਆਂ ਹਨ। ਲੇਖਕ ਦੀ ਰਚਨਾ ਮੁੱਖ ਤੌਰ 'ਤੇ 'ਉਨ੍ਹਾਂ ਦਿਨਾਂ ਵਿਚ' ਭਾਵ ਸਿਕੰਦਰ ਦੇ ਦਿਨਾਂ ਦਾ ਬਿਰਤਾਂਤ ਹੈ। ਕਦੇ-ਕਦੇ 'ਉਦੋਂ ਤੇ ਹੁਣ' ਨਾਲ ਤੁਲਨਾ ਕਰ ਜਾਂਦਾ ਹੈ। ਸਿਕੰਦਰ ਦੀਆਂ ਦੋ ਆਦਤਾਂ ਪੱਕੀਆਂ ਸਨ : ਵੱਡੇ-ਵੱਡੇ ਕੰਮ ਕਰਨਾ ਅਤੇ ਅਜਿਹੇ ਸੰਘਰਸ਼ ਕਰਕੇ ਪ੍ਰਸਿੱਧੀ ਪ੍ਰਾਪਤ ਕਰਨਾ। ਅਜਿਹੀ ਪ੍ਰਸਿੱਧੀ ਨੂੰ ਪ੍ਰਾਪਤ ਕਰਨ ਲਈ ਆਪ ਨੂੰ ਅਣਥੱਕ ਯੋਧਿਆਂ ਵਾਂਗ ਅਨੇਕਾਂ ਪਰਬਤ ਪਾਰ ਕਰਨੇ ਪਏ, ਤੰਗ ਦਰੇ ਪਾਰ ਕਰਨੇ ਪਏ, ਮਾਰੂਥਲਾਂ ਦੇ ਉੱਡਦੇ ਰੇਤ ਉਲੰਘਣੇ ਪਏ, ਮੀਂਹ ਦੇ ਪਾਣੀ ਨਾਲ ਪਿਆਸ ਬੁਝਾਉਣੀ ਪਈ, ਦਰਿਆ ਪਾਰ ਕਰਨੇ ਪਏ, ਅਨੇਕਾਂ ਸਾਜਿਸ਼ਾਂ ਦਾ ਮੁਕਾਬਲਾ ਕਰਨਾ ਪਿਆ, ਸੂਹੀਆਂ ਦਾ ਸਹਿਯੋਗ ਲੈਣਾ ਪਿਆ। ਗੱਲ ਕੀ? ਅੱਪ-ਹਿਲ ਟਾਸਕ (ਕਠਿਨ ਕੰਮ) ਸੀ। ਪਰ ਸਿਕੰਦਰ ਦੇ ਪਾਤਰ 'ਤੇ ਵਿਚਾਰ ਕਰਦਿਆਂ ਪਤਾ ਲਗਦਾ ਹੈ ਕਿ ਉਸ ਪਾਸ ਸਰੀਰਕ ਅਤੇ ਮਾਨਸਿਕ ਸ਼ਕਤੀ, ਦ੍ਰਿੜ੍ਹ ਇਰਾਦਾ ਸੀ। ਉਸ ਨੂੰ ਵੱਡੀਆਂ ਔਕੜਾਂ ਨਾਲ ਸਾਹਮਣਾ ਕਰਨ ਸਮੇਂ ਅਤਿਅੰਤ ਖੁਸ਼ੀ ਪ੍ਰਾਪਤ ਹੁੰਦੀ ਸੀ। ਉਸ ਦਾ ਪਹਿਰਾਵਾ ਭਾਵੇਂ ਸਾਦਾ ਸੀ, ਪਰ ਉਸ ਦੀ ਕਾਰਜ ਪ੍ਰਕਿਰਤੀ ਦੇ ਅਨੁਕੂਲ ਸੀ। ਮੁੱਢਲੇ ਸਾਲਾਂ ਵਿਚ ਉਸ ਦੀ ਸ਼ਖ਼ਸੀਅਤ ਵਿਚ ਸਹਿਜਤਾ, ਸਰਲਤਾ ਅਤੇ ਉਦਾਰਤਾ ਸ਼ਾਮਿਲ ਸੀ ਪਰ ਜਿਉਂ-ਜਿਉਂ ਸ਼ਕਤੀਸ਼ਾਲੀ ਹੁੰਦਾ ਗਿਆ, ਉਹ ਹੰਕਾਰੀ, ਕਮੀਨਾ, ਸਾਜਸ਼ੀ, ਪਾਖੰਡੀ ਅਤੇ ਜ਼ੁਲਮੀ ਬਣਦਾ ਗਿਆ। ਤਾਕਤ ਦਾ ਨਸ਼ਾ ਉਸ ਦੇ ਸਿਰ ਨੂੰ ਚੜ੍ਹਨ ਲੱਗ ਪਿਆ ਸੀ। ਉਹ ਬਦਲਾਲਊ ਭਾਵਨਾ ਨਾਲ ਕੰਮ ਕਰਨ ਲੱਗ ਪਿਆ ਸੀ। ਉਸ ਦੇ ਮੁੱਖ ਵਿਰੋਧੀ 'ਡਾਰੀਅਸ' ਦਾ ਪਰਿਵਾਰ ਭਾਵੇਂ ਉਸ ਦੀ ਕੈਦ ਵਿਚ ਰਿਹਾ ਪਰ ਉਸ ਨੇ ਉਨ੍ਹਾਂ ਨਾਲ ਮਾਨਵੀ ਵਿਵਹਾਰ ਕੀਤਾ। ਭਾਵੇਂ ਉਹ ਲੁਟੇਰਾ ਵੀ ਸੀ ਪਰ ਉਸ ਦੀ ਅਸਾਧਾਰਨ ਸ਼ਖ਼ਸੀਅਤ ਦਾ ਮੁਲਾਂਕਣ ਕਰਦੇ ਸਮੇਂ ਮਾਨਵਤਾ ਉਸ ਦੇ ਸਾਰੇ ਔਗੁਣ ਵਿਸਾਰ ਦਿੰਦੀ ਹੈ। ਉਸ ਦੀ ਅੰਤਿਮ ਯਾਤਰਾ ਸਮੇਂ (ਬੇਬੀਲੋਨ ਤੋਂ ਮਿਸਰ ਦੇ ਪੂਰਬੀ ਸਰਹੱਦੀ ਇਲਾਕੇ ਤੱਕ) 1000 ਮੀਲ ਤੋਂ ਉੱਪਰ ਫ਼ਾਸਲਾ ਸੀ। ਐਨੀ ਲੰਮੀ ਯਾਤਰਾ ਸ਼ਾਇਦ ਹੀ ਅੱਜ ਤੱਕ ਕਿਸੇ ਦੀ ਨਿਕਲੀ ਹੋਵੇ। ਪੰਨਾ 190.
ਸੰਖੇਪ ਇਹ ਕਿ 'ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ' ਪੁਸਤਕ ਪੜ੍ਹ ਕੇ ਹੀ ਸਿਕੰਦਰ ਮਹਾਨ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਨੁਵਾਦਕ ਨੇ ਸਰਲ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਜਿਸ ਲਈ ਉਹ ਪ੍ਰਸੰਸਾ ਦਾ ਅਧਿਕਾਰੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਅਖੰਡ
ਸ਼ਾਇਰ-ਅਮਰਿੰਦਰ ਸੋਹਲ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ-400 ਰੁਪਏ, ਸਫ਼ੇ : 192
ਸੰਪਰਕ-95016-60416

ਅਮਰਿੰਦਰ ਸੋਹਲ ਪੰਜਾਬੀ ਸਾਹਿਤ ਦੀ ਸਿਰਜਣਾ ਵਿਚ ਨਿਰੰਤਰਤਾ ਬਣਾਈ ਰੱਖਣ ਵਾਲਾ ਹਸਤਾਖ਼ਰ ਹੈ ਜਿਸ ਦੀਆਂ ਪਹਿਲਾਂ ਹੀ ਚਾਰ ਮੌਲਿਕ ਪੁਸਤਕਾਂ ਤੇ ਕੁਝ ਅਨੁਵਾਦ ਛਪ ਚੁੱਕੇ ਹਨ। 'ਅਖੰਡ' ਉਸ ਦੀ ਪੰਜਵੀਂ ਮੌਲਿਕ ਕਾਵਿ ਪੁਸਤਕ ਹੈ ਜਿਸ ਵਿਚ 73 ਗ਼ਜ਼ਲਾਂ, 93 ਕਵਿਤਾਵਾਂ ਤੇ 10 ਗੀਤ ਛਪੇ ਹੋਏ ਮਿਲਦੇ ਹਨ। 'ਅਖੰਡ' ਦੀ ਪਹਿਲੀ ਗ਼ਜ਼ਲ ਦੀ ਰਦੀਫ਼ 'ਅਮਰਿੰਦਰ' ਹੈ ਤੇ ਇਸ ਨੂੰ ਅਮਰਿੰਦਰ ਸੋਹਲ ਦਾ ਸਵੈ-ਚਿੱਤਰ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਗ਼ਜ਼ਲਕਾਰ ਜਾਣ ਵਾਲੇ ਨੂੰ ਮੁਖ਼ਾਤਿਬ ਹੋ ਕੇ ਆਖਦਾ ਹੈ ਕਿ ਉਸ ਦੇ ਨਾਲ ਹੀ ਰੁੱਤ ਰਾਂਗਲੀ ਹੈ ਉਹ ਅਜੇ ਅਲਵਿਦਾ ਨਾ ਆਖੇ ਜੇ ਅਲਵਿਦਾ ਆਖ ਦਿੱਤੀ ਤਾਂ ਜ਼ਿੰਦਗੀ ਬੀਆਬਾਨ ਹੋ ਸਕਦੀ ਹੈ। ਉਸ ਮੁਤਾਬਿਕ ਸ਼ਿਅਰਾਂ ਵਿਚ ਸੁੰਦਰ ਖ਼ਿਆਲਾਂ ਦਾ ਪ੍ਰਗਟਾਵਾ ਬੜਾ ਮੁਸ਼ਕਿਲ ਹੈ ਤੇ ਇਹ ਸਾਗਰ ਦੀਆਂ ਲਹਿਰਾਂ 'ਤੇ ਦੀਵੇ ਟਿਕਾਉਣ ਵਾਂਗ ਹੈ। ਮੁਹੱਬਤ ਬਾਰੇ ਗ਼ਜ਼ਲਕਾਰ ਦੇ ਕਈ ਸ਼ਿਅਰ ਅਨੂਠੀ ਤੇ ਗੂੜ੍ਹੀ ਸੰਵੇਦਨਾ ਨਾਲ ਲਬਰੇਜ਼ ਹਨ। ਇਨ੍ਹਾਂ ਨੂੰ ਪੜ੍ਹਦਿਆਂ ਪਾਠਕ ਨੂੰ ਵੱਖਰੇ ਵਿਸਮਾਦ ਦਾ ਅਹਿਸਾਸ ਹੁੰਦਾ ਹੈ। ਸੋਹਲ ਨੇ ਬਹੁਤੇ ਸ਼ਿਅਰਾਂ ਵਿਚ ਲਕੀਰ ਤੋਂ ਹਟ ਕੇ ਸ਼ਬਦਾਬਲੀ ਦਾ ਇਸਤੇਮਾਲ ਕੀਤਾ ਹੈ ਤੇ ਕਈ ਨਵੇਂ ਰੰਗ ਉਸ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਆਪਣੇ ਮਨੋਭਾਵਾਂ ਨੂੰ ਵਿਸਥਾਰ ਦੇਣ ਲਈ ਸੋਹਲ ਨੇ ਕਵਿਤਾ ਵੀ ਵੱਡੀ ਪੱਧਰ 'ਤੇ ਲਿਖੀ ਹੈ, ਜੋ ਇਸ ਪੁਸਤਕ ਦਾ ਹਿੱਸਾ ਬਣੀ ਹੈ। ਇਹ ਕਵਿਤਾਵਾਂ ਜ਼ਿਆਦਾਤਰ ਆਜ਼ਾਦ ਹਨ ਪਰ ਸ਼ਾਇਰ ਨੇ ਲੈਅ-ਤਾਲ ਬਰਕਰਾਰ ਰੱਖਿਆ ਹੈ। ਕੁਝ ਕਵਿਤਾਵਾਂ ਸੰਬੋਧਨੀ ਹਨ ਤੇ ਕੁਝ ਖ਼ੁਦ ਨਾਲ ਹੀ ਸੰਵਾਦ ਰਚਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਸੋਹਲ ਦੇ ਗੀਤ ਗ਼ਜ਼ਲਾਂ ਵਰਗੇ ਹਨ ਤੇ ਇਨ੍ਹਾਂ ਵਿਚ ਝਰਨੇ ਵਰਗੀ ਰਵਾਨਗੀ ਹੈ। ਕਵਿਤਾ ਭਾਗ ਦੀ ਪਹਿਲੀ ਕਵਿਤਾ 'ਪੱਤਿਆਂ ਦੀ ਪੈੜਚਾਲ' ਬਹੁਤ ਖ਼ੂਬਸੂਰਤ ਰਚਨਾ ਹੈ ਜਿਸ ਵਿਚ ਮਾਨਵੀ ਜੀਵਨ ਦੀਆਂ ਅਨੇਕਾਂ ਗੁੰਝਲਾਂ ਨੂੰ ਜ਼ੁਬਾਨ ਦਿੱਤੀ ਗਈ ਹੈ। ਪੰਜਾਬੀ ਸ਼ਾਇਰਾਂ ਨੇ ਗੀਤਾਂ ਦੀ ਸਿਰਜਣਾ ਵੱਲ ਬਹੁਤ ਘੱਟ ਧਿਆਨ ਦਿੱਤਾ ਹੈ, ਜਿਸ ਕਾਰਨ ਇਹ ਖ਼ੇਤਰ ਬਾਜ਼ਾਰੂ ਕਿਸਮ ਦੇ ਲੋਕਾਂ ਤੱਕ ਸੀਮਤ ਰਿਹਾ ਹੈ। ਅਮਰਿੰਦਰ ਸੋਹਲ ਨੂੰ ਗੀਤ ਸਿਰਜਣਾ ਜਾਰੀ ਰੱਖਣੀ ਚਾਹੀਦੀ ਹੈ। ਸ਼ਾਇਰ ਦੀ ਸ਼ਾਇਰੀ ਸੱਚਮੁੱਚ ਮਾਣਨਯੋਗ ਹੈ ਤੇ 'ਅਖੰਡ' ਪਾਠਕਾਂ ਨੂੰ ਪਸੰਦ ਆਵੇਗੀ ਇਹ ਮੇਰਾ ਯਕੀਨ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਲੰਮੀਆਂ ਵਾਟਾਂ
ਲੇਖਕ : ਤਰਸੇਮ ਲਾਲ ਸ਼ੇਰਾ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼ ਦਿੱਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 97795-19840

ਬਹੁਤ ਹੀ ਦਿਲਚਸਪ ਸ਼ੈਲੀ ਵਿਚ ਲਿਖਿਆ ਭਾਰਤ ਦੇਸ਼ ਦਾ ਇਹ ਸਫ਼ਰਨਾਮਾ ਸੰਬੰਧਿਤ ਥਾਵਾਂ ਬਾਰੇ ਬੜੀ ਨਿੱਗਰ ਜਾਣਕਾਰੀ ਨਾਲ ਭਰਪੂਰ ਹੈ। ਲੇਖਕ ਵਲੋਂ 'ਗੁਰੂ ਹਜ਼ੂਰ ਮਹਾਰਾਜ ਜੀ ਨੂੰ' ਸਮਰਪਿਤ ਕੀਤਾ ਗਿਆ, ਇਹ ਸਫ਼ਰਨਾਮਾ ਜਿਥੇ ਬਹੁਪੱਖੀ ਤੇ ਵੰਨ-ਸੁਵੰਨੀ ਜਾਣਕਾਰੀ ਨਾਲ ਭਰਿਆ ਹੋਇਆ ਹੈ, ਉਥੇ ਕਹਾਣੀ ਰਸ ਦਾ ਪੱਲਾ ਵੀ ਨਿਰੰਤਰ ਫੜੀ ਰੱਖਦਾ ਹੈ। ਉਂਜ ਵੀ ਸਾਰੀ ਲਿਖਤ ਵਿਚੋਂ ਲਿਖਾਰੀ ਦੇ ਲਗਾਤਾਰਤਾ ਵਾਲੇ ਭਾਵ ਨਿਰੰਤਰਤਾ ਵਾਲੇ ਸੁਭਾਅ ਦੀ ਸਮਝ ਆਉਂਦੀ ਹੈ। ਸ਼ਾਇਦ ਇਸੇ ਕਰਕੇ ਪੰਜਾਬੀ ਦੇ ਨਾਮੀ ਕਹਾਣੀਕਾਰ ਬਿੰਦਰ ਬਸਰਾ ਨੇ ਲਿਖਿਆ ਹੈ ਕਿ ਨਿਰੰਤਰਤਾ ਤਰਸੇਮ ਲਾਲ ਸ਼ੇਰਾ ਨੂੰ ਊਰਜਾ ਦਿੰਦੀ ਹੈ।
ਮੁੰਬਈ ਨਗਰੀ, ਡਲ ਝੀਲ, ਕਟੜਾ, ਕਨਖਲ, ਹਰਿਦੁਆਰ, ਕਸੌਲੀ, ਲਕਸ਼ਮਣ ਝੂਲਾ, ਮੈਕਲੋਡਗੰਜ, ਚਾਮੁੰਡਾ ਦੇਵੀ, ਜੰਮੂ ਦਾ ਵਿਸ਼ਵ ਪ੍ਰਸਿੱਧ ਰਘੂਨਾਥ ਮੰਦਰ, ਮਾਤਾ ਵੈਸ਼ਨੂੰ ਦੇਵੀ, ਦੇਹਰਾਦੂਨ, ਕੁਰੂਕਸ਼ੇਤਰ, ਰਿਸ਼ੀਕੇਸ਼, ਰਵਾਲਸਰ, ਬੈਜਨਾਥ, ਜੰਨਤ ਦਾ ਪਰਛਾਵਾਂ ਭਰਮੌਰ, ਬਾਗੇ-ਬਾਹੂ ਪਾਰਕ ਜੰਮੂ, ਹੁਸੀਨ ਵਾਦੀਆਂ 'ਚ ਵਸਿਆ ਪਤਨੀਟਾਪ, ਡਲਹੌਜ਼ੀ ਤੇ ਪਹਾੜਾਂ ਦੀ ਰਾਣੀ ਮਸੂਰੀ ਬਾਰੇ ਜਿਸ ਰੌਚਿਕ ਤੇ ਰਸ ਸੰਪੰਨ ਅੰਦਾਜ਼ 'ਚ ਲਿਖਿਆ ਗਿਆ ਹੈ-ਉਹ ਕਮਾਲ ਦਾ ਹੈ। ਵਾਰਤਕ ਦਾ ਹਰ ਫਿਕਰਾ ਜਾਣਕਾਰੀ ਨਾਲ ਓਤਪੋਤ ਹੈ। ਭਾਵ 'ਸ਼ਿਵ ਭੂਮੀ ਹਰਿਦੁਆਰ ਦਾ ਹੀ ਹਿੱਸਾ ਰਿਹਾ ਕਨਖਲ ਸਦੀਆਂ ਪਹਿਲਾਂ ਸਵਰਗ ਤੋਂ ਵੀ ਸੁੰਦਰ ਹੁੰਦਾ ਸੀ। ਪ੍ਰਜਾਪਤੀ ਰਾਜਾ ਦਕਸ਼ ਕਨਖਲ 'ਤੇ ਰਾਜ ਕਰਦਾ ਸੀ। ਉਹ ਬੜਾ ਧਰਮੀ ਕਰਮੀ ਸੀ। ਰਾਜ 'ਚ ਹਵਨ ਯੱਗ ਚਲਦੇ ਰਹਿੰਦੇ ਸਨ। ਪਰਜਾ ਬੜੀ ਖ਼ੁਸ਼ ਰਹਿੰਦੀ ਸੀ। ਰਾਜੇ ਦੇ ਦੇਵੀ ਦੇਵਤਿਆਂ ਪ੍ਰਤੀ ਸਤਿਕਾਰ ਸਦਕਾ ਸੰਤਾਂ ਮਹਾਤਮਾ ਨਾਲ ਵੀ ਨਿੱਘੇ ਸੰਬੰਧ ਸਨ। ਰਾਜਾ ਆਪਣੇ ਰਾਜ ਵਿਚ ਸੁੰਦਰਤਾ ਅਤੇ ਸਫਾਈ ਦਾ ਵੀ ਬਹੁਤ ਧਿਆਨ ਰੱਖਦਾ ਸੀ। ਰਾਜਾ ਦਕਸ਼ ਨੂੰ ਬ੍ਰਹਮਾ ਦਾ ਪੁੱਤਰ ਹੋਣ ਦਾ ਬੜਾ ਮਾਣ ਸੀ।' (ਪੰਨਾ : 25)
ਵਰਣਿਤ ਥਾਵਾਂ ਬਾਰੇ ਜਾਣਨ ਲਈ ਪੂਰਾ ਸਫ਼ਰਨਾਮਾ ਪੜ੍ਹਨਾ ਜ਼ਰੂਰੀ ਹੈ। ਪੂਰੇ ਵਿਸ਼ਵਾਸ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਪੁਸਤਕ ਨੂੰ ਪੜ੍ਹਨ 'ਤੇ ਲਗਾਇਆ ਸਮਾਂ ਬੜਾ ਸਾਰਥਿਕ ਸਿੱਧ ਹੋਵੇਗਾ। ਤਰਸੇਮ ਲਾਲ ਸ਼ੇਰਾ ਅੰਦਰ ਇਕ ਉੱਚ ਪਾਏ ਦਾ ਕਹਾਣੀਕਾਰ ਬਣਨ ਦੀ ਵੀ ਪੂਰੀ ਯੋਗਤਾ ਹੈ। ਇਸ ਪਾਸੇ ਵੀ ਉਸ ਨੂੰ ਉਦਮ ਕਰਨਾ ਚਾਹੀਦਾ ਹੈ। ਨਿਸ਼ਚੇ ਹੀ ਸਫਲਤਾ ਮਿਲੇਗੀ। ਇਹ ਪੁਸਤਕ ਛਪੀ ਵੀ ਖ਼ੂਬਸੂਰਤ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਗੀਤਾਂ ਦਾ ਬਰਥਡੇ
ਲੇਖਕ : ਨਿਰਮਲ ਸਿੰਘ ਵਿਗਿਆਨੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ ਬਠਿੰਡਾ
ਮੁੱਲ : 200 ਰੁਪਏ, ਸਫੇ: 176
ਸੰਪਰਕ : 94172-88682

'ਗੀਤਾਂ ਦਾ ਬਰਥਡੇ' ਨਿਰਮਲ ਸਿੰਘ ਵਿਗਿਆਨੀ ਦੀ ਕਾਵਿ-ਪੁਸਤਕ ਹੈ। ਕਵੀ ਨੇ ਰੁਮਾਂਟਿਕ ਤੇ ਅਗਾਂਹਵਧੂ ਰਚਨਾਵਾਂ ਸਧਾਰਨ ਰਚੀਆਂ ਹਨ। ਸਰਲ ਭਾਸ਼ਾ ਵਿਚ ਲਿਖੀਆਂ ਇਹ ਰਚਨਾਵਾਂ ਪਾਠਕਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਕਵੀ ਨੇ ਪੰਜਾਬ ਪਿਆਰ ਦੀ ਖੂਬਸੂਰਤ ਝਲਕ ਆਪਣੇ ਗੀਤਾਂ ਵਿਚ ਪ੍ਰਗਟਾਈ ਹੈ:
ਮੈਨੂੰ ਮੇਰਾ ਹੱਸਦਾ ਨੱਚਦਾ ਟੱਪਦਾ
ਪੰਜਾਬ ਚਾਹੀਦੈ
ਨਾ ਨਰਗਸ ਨਾ ਚਮੇਲੀ ਨਾ ਗੇਂਦਾ
ਮੈਨੂੰ ਤਾਂ ਬੱਸ ਗੁਲਾਬ ਚਾਹੀਦਾ।
ਕਵੀ ਨੇ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰਕੇ ਨਸ਼ੇ ਦੇ ਠੇਕੇਦਾਰਾਂ ਨੂੰ ਵੰਗਾਰਦਿਆਂ ਹੋਇਆਂ ਨੌਜਵਾਨਾਂ ਨੂੰ ਇਸ ਪ੍ਰਤੀ ਸੁਚੇਤ ਵੀ ਕੀਤਾ ਹੈ।
ਨਸ਼ੇ ਦੇ ਵਪਾਰੀਆਂ ਤੇ ਵੱਡੇ ਠੇਕੇਦਾਰਾਂ ਨੂੰ
ਇਕ ਦਿਨ ਸਜ਼ਾ ਮਿਲੂ ਧੋਖੇਬਾਜ਼ ਸਰਕਾਰਾਂ ਨੂੰ।
ਕਵੀ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ ਕੁਝ ਵਿਚਾਰ ਪ੍ਰਗਟਾਉਂਦਿਆਂ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਦਾ ਪ੍ਰਗਟਾਵਾ ਹੈ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਬਹੁਤ ਭਾਵਪੂਰਤ ਅੰਦਾਜ਼ ਵਿਚ ਲਿਖਦਾ ਹੈ:
ਵੱਡੇ ਜੰਗ ਵਿਚ ਭੇਜੇ, ਛੋਟੇ ਨੀਹਾਂ 'ਚ ਚਿਣਾਤੇ
ਇਕ ਇਕ ਸਿੰਘ ਸਵਾ ਲੱਖ ਨਾ ਲੜਾਤੇ
ਕਵੀ ਨੇ ਦੋਗਾਣਾ ਵੀ ਲਿਖਿਆ ਹੈ, ਜਿਵੇਂ ਬਾਪ ਅਤੇ ਪੁੱਤਰ ਦੇ ਵਾਰਤਾਲਾਪ ਗੀਤ ਵਿਚ ਜੜ੍ਹ ਦਿੱਤੇ ਹਨ। ਕੁਰਸੀ, ਕਲਯੁੱਗ, ਭੰਗੜਾ, ਜੋਗੀ ਨੂੰ ਬਣਾਇਆ, ਤਾਣਾ-ਪੇਟਾ, ਰੱਬ ਕੋਲੋਂ ਤਾਂ ਡਰ ਜਾ ਗੀਤ ਬਹੁਤ ਪ੍ਰੇਰਨਾਦਾਇਕ ਹਨ। ਕਵੀ ਨੇ ਪ੍ਰੇਮ ਭਾਵਾਂ ਦਾ ਪ੍ਰਗਟਾਵਾ ਵੀ ਬਹੁਤ ਖੁੱਲ੍ਹ ਕੇ ਕੀਤਾ ਹੈ:
ਅਸੀਂ ਟੁੱਟ ਕੇ ਅੰਬਰ 'ਚੋਂ ਦੋ ਤਾਰੇ
ਇਸ ਧਰਤੀ ਉਤੇ ਆਏ ਨੀ
ਸਾਡਾ ਰਾਹ ਸੀ ਦੂਰ ਦੂਰ ਕੁੜੇ
ਸਾਡੇ ਰੱਬ ਨੇ ਮੇਲ ਕਰਾਏ ਸੀ
ਕਵੀ ਨੇ ਸੰਸਾਰ ਦੀ ਨਾਸ਼ਵਾਨਤਾ ਸੰਬੰਧੀ ਵੀ ਬੜੀਆਂ ਗੰਭੀਰ ਕਾਵਿ ਰਚਨਾਵਾਂ ਕੀਤੀਆਂ ਹਨ। ਉਹ ਮਨੁੱਖ ਨੂੰ ਵਕਤ ਦੀ ਕਦਰ ਕਰਨ ਤੇ ਚੰਗਾ ਵਿਹਾਰ ਕਰਨ ਦੀ ਵੀ ਪ੍ਰੇਰਨਾ ਦਿੰਦਾ, ਨਜ਼ਰ ਆਉਂਦਾ ਹੈ। ਕਵੀ ਨੇ ਸਧਾਰਨ ਸ਼ਬਦਾਂ ਰਾਹੀਂ ਵੀ ਬਹੁਤ ਗੰਭੀਰ ਵਿਚਾਰ ਪ੍ਰਗਟਾ ਦਿੱਤੇ ਹਨ। ਕਵੀ ਨੇ ਧਰਮ ਦੇ ਨਾਮ ਤੇ ਪਾਖੰਡ ਰਚਾਉਣ ਵਾਲੇ ਧਾਰਮਿਕ ਦਿਖਾਵੇ ਵਾਲੇ ਲੋਕਾਂ ਬਾਰੇ ਵੀ ਰਚਨਾ ਕੀਤੀ ਹੈ।
ਦੁਨੀਆ ਕੋਲੋਂ ਸਭ ਲੁਕ ਜੂ
ਪਰ ਉਹਤੋਂ ਕਿਵੇਂ ਲੁਕਾਵੇਂਗਾ
ਇਸ ਬਾਣੇ ਦੀ ਸਜ਼ਾ ਹੈ ਭੈੜੀ
ਤੂੰ ਨਰਕਾਂ ਨੂੰ ਜਾਵੇਂਗਾ।
ਸਮੁੱਚੇ ਤੌਰ 'ਤੇ ਨਿਰਮਲ ਸਿੰਘ ਵਿਗਿਆਨੀ ਦੀ ਇਹ ਕਾਵਿ ਪੁਸਤਕ ਮਾਨਵੀ ਸੰਵੇਦਨਾ ਤੇ ਸਮਾਜਿਕ ਵਿਸ਼ਿਆਂ ਨੂੰ ਹਲਕੇ-ਫੁਲਕੇ ਢੰਗ ਨਾਲ ਪੇਸ਼ ਕਰਦੀ ਹੈ, ਲੇਖਕ ਨੂੰ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ

ਮਿੱਟੀ ਦਾ ਮੋਹ
ਲੇਖਕ : ਰਣਜੀਤ ਸਿੰਘ (ਜੱਗਾ) ਗਿੱਲ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫੇ : 104
ਸੰਪਰਕ : 75270-70269

ਰਣਜੀਤ ਸਿੰਘ (ਜੱਗਾ) ਗਿੱਲ ਪਰਦੇਸੀਂ ਵੱਸਦਾ ਸ਼ਾਇਰ ਹੈ। 'ਮਿੱਟੀ ਦਾ ਮੋਹ' ਉਸ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦਾ 'ਉਡਾਰੀਆਂ' (2020) ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ। ਇਹ ਕਾਵਿ-ਸੰਗ੍ਰਹਿ ਉਸ ਨੇ ਸਵ. ਪਿਤਾ ਸ. ਦਲੀਪ ਸਿੰਘ ਗਿੱਲ ਤੇ ਸਵ. ਮਾਤਾ ਸ੍ਰੀਮਤੀ ਗੁਰਦੇਵ ਕੌਰ ਗਿੱਲ ਨੂੰ ਸਮਰਪਿਤ ਕਰਦਿਆਂ ਇਹ ਸੰਦੇਸ਼ ਦਿੱਤਾ ਹੈ ਕਿ ਮਾਪਿਆਂ ਦੇ ਆਸ਼ੀਰਵਾਦ ਅਤੇ ਉਨ੍ਹਾਂ ਦੀ ਕਰੜੀ ਮੁਸ਼ੱਕਤ ਨਾਲ ਹੀ ਬੱਚੇ ਜੀਵਨ ਦੇ ਕਿਸੇ ਮੁਕਾਮ 'ਤੇ ਪਹੁੰਚਦੇ ਹਨ। ਇਹ ਸਮਰਪਣ ਹੀ ਮਿੱਟੀ ਦੇ ਮੋਹ ਨਾਲ ਜੁੜੇ ਅਨੇਕਾਂ ਸਰੋਕਾਰਾਂ ਨੂੰ ਸ਼ਬਦਾਂ ਰਾਹੀਂ ਕਾਵਿਕ-ਰਚਨਾਵਾਂ ਰਚਨ ਦਾ ਸਬੱਬ ਬਣਦਾ ਹੈ। ਪੁਸਤਕ ਦੇ ਸਰਵਰਕ 'ਤੇ ਉਕਰੇ 'ਸਭ ਤੋਂ ਔਖੇ ਓਹ ਪਲ ਹੁੰਦੇ ਨੇ, ਜੋ ਗੁਜ਼ਰੀਆਂ ਹਕੀਕਤਾਂ ਦੇ ਸੁਪਨੇ ਬਣ ਵਾਰ-ਵਾਰ ਉਘੜ ਆਉਂਦੇ ਨੇ...' ਸ਼ਬਦ ਇਸ ਤੱਥ ਦੀ ਤਸਦੀਕ ਕਰਦੇ ਹਨ ਕਿ ਮਨੁੱਖ ਦੁਨੀਆ 'ਤੇ ਕਿਧਰੇ ਵੀ ਵਸ ਜਾਵੇ ਪ੍ਰੰਤੂ ਜਿਥੇ ਮਨੁੱਖ ਨੇ ਜਨਮ ਲਿਆ, ਬਚਪਨ ਹੰਢਾਇਆ ਅਤੇ ਫਿਰ ਜਵਾਨੀ 'ਚ ਪੈਰ ਧਰਿਆ ਤੇ ਰੁਜ਼ਗਾਰ ਦੀ ਖਾਤਰ ਪਰਾਈ ਧਰਤੀ 'ਤੇ ਵਸਣਾ ਪੈ ਜਾਵੇ ਤਾਂ ਫਿਰ 'ਮਿੱਟੀ' ਨਾਲ ਜੁੜੇ ਪਲਾਂ ਨਾਲ ਜੁੜੀਆਂ ਯਾਦਾਂ ਮਨੁੱਖੀ ਮਨ 'ਚ ਅਚਨਚੇਤੀ ਹੀ ਬਿਹਬਲਤਾ ਦਾ ਅਹਿਸਾਸ ਕਰਵਾ ਜਾਂਦੀਆਂ ਹਨ:
ਉਹਦਾ ਬੁੱਤ ਪਰਦੇਸੀ ਹੋਇਆ ਸੁਣਿਆ ਹੈ
ਰੂਹ ਤਾਂ ਪੰਜਾਬ ਵੱਸਦੀ...
ਉਹਨੂੰ ਖੇਤ, ਖਲਿਆਣ ਚੰਗੇ ਲਗਦੇ,
ਤੇ ਰੂਹ ਨੂੰ ਗੁਲਾਮੀ ਡੱਸਦੀ...
ਇਸ ਕਾਵਿ-ਸੰਗ੍ਰਹਿ ਵਿਚ ਰਣਜੀਤ ਸਿੰਘ (ਜੱਗਾ) ਗਿੱਲ ਨੇ 'ਦੱਸ ਕਿਵੇਂ ਮੋੜੂੰਗਾ' ਤੋਂ ਲੈ ਕੇ 'ਕੌਮ ਸਾਡੀ' ਤੱਕ 87 ਕਵਿਤਾਵਾਂ ਸੰਕਲਿਤ ਕੀਤੀਆਂ ਹਨ। ਇਨ੍ਹਾਂ ਸਾਰੀਆਂ ਕਵਿਤਾਵਾਂ ਦਾ ਪਾਠ ਕਰਦਿਆਂ ਕਾਵਿ-ਪਾਠਕ ਸਮਾਜਿਕ, ਆਰਥਿਕ, ਰਾਜਨੀਤਕ ਧਾਰਮਿਕ ਅਤੇ ਸੱਭਿਆਚਾਰਕ ਮਸਲਿਆਂ ਨਾਲ ਜੁੜੇ ਸਰੋਕਾਰਾਂ ਬਾਰੇ ਕਵੀ ਦੀ ਕਾਵਿਕ-ਦ੍ਰਿਸ਼ਟੀ ਨੂੰ ਮਹਿਸੂਸ ਕਰੇਗਾ। 'ਪੰਨੇ ਵਿਸਰੀਆਂ ਯਾਤਾਂ ਦੇ' ਕਵਿਤਾ ਦੇ ਕਾਵਿਕ ਬੋਲ ਕਵੀ ਦੀ ਅੰਦਰਲੀ ਪੀੜ ਦਾ ਬਾਖੂਬੀ ਬਿਰਤਾਂਤ ਸਿਰਜਦੇ ਹਨ:
ਇਕ ਝੁਰਮਟ ਯਾਦਾਂ ਦਾ,
ਆ ਸੀਨੇ ਬਹਿ ਜਾਂਦੈ,
ਹਟਦਾ ਨਹੀਂ ਪਾਸੇ ਉਹ
ਭਾਵੇਂ ਬਹੁਤ ਹਟਾਵਾਂ ਮੈਂ।
'ਦੱਸ ਕਿਵੇਂ ਮੋੜੂੰਗਾ', 'ਆਭਾਸ ਨਹੀਂ', 'ਵਗਦੇ ਸਾਹਾਂ', 'ਚਿੱਠੀ ਲਿਖਦਿਆਂ', 'ਵਿਲਕਦੀ ਰੂਹ' ਅਤੇ ਹੋਰ ਅਨੇਕਾਂ ਕਵਿਤਾਵਾਂ ਮਨੁੱਖੀ ਮਨ ਦੀ ਬਿਹਬਲਤਾ ਬਿਆਨ ਕਰਦੀਆਂ ਹਨ। ਕਵਿਤਾਵਾਂ ਦੀ ਬੋਲੀ, ਸਰਲ, ਸਾਧਾਰਨ, ਸਪੱਸ਼ਟ ਅਤੇ ਪੇਂਡੂ ਲਹਿਜ਼ੇ ਵਾਲੀ ਹੈ। ਕਵੀ ਨੂੰ ਬਹੁਤ-ਬਹੁਤ ਮੁਬਾਰਕਾਂ। ਆਮੀਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਇਕ ਸੱਚੇ ਕਾਮਰੇਡ ਦਾ ਇਕਲਾਪਾ
ਲੇਖਕ : ਬਲਬੀਰ ਪਰਵਾਨਾ
ਸੰਪਾਦਕ : ਜਗਵਿੰਦਰ ਜੋਧਾ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 150 ਰੁਪਏ, ਸਫੇ : 136
ਸੰਪਰਕ : 94654-64502

ਬਲਵੀਰ ਪਰਵਾਨਾ ਕਮਿਊਨਿਸਟ ਲਹਿਰ ਨਾਲ ਜੁੜਿਆ ਅਤੇ ਉਸ ਨੂੰ ਪਰਵਾਨਿਆ ਕਥਾਕਾਰ ਹੈ। ਖੱਬੇ ਪੱਖੀ ਸੋਚ ਉਸ ਨੂੰ ਗੁੜ੍ਹਤੀ ਵਿਚ ਹੀ ਪ੍ਰਾਪਤ ਹੋਈ ਹੈ। ਉਹ ਇਸ ਲਹਿਰ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਦੇ ਸਦਾ ਹਾਣ ਦਾ ਰਿਹਾ ਹੈ। ਪ੍ਰਸਿੱਧ ਪੰਜਾਬੀ ਆਲੋਚਕ ਜਗਵਿੰਦਰ ਜੋਧਾ ਨੇ ਕਮਿਊਨਿਸਟ ਲਹਿਰ ਬਾਰੇ ਉਸ ਦੀਆਂ ਕੁੱਲ ਨੌਂ ਕਹਾਣੀਆਂ ਦੀ ਸੰਪਾਦਨਾ ਇਸ ਪੁਸਤਕ ਲਈ ਕੀਤੀ ਹੈ। ਆਪਣੇ ਮੰਤਵ ਬਾਰੇ ਉਹ ਲਿਖਦਾ ਹੈ, ਇਨ੍ਹਾਂ ਕਹਾਣੀਆਂ ਦੀ ਪ੍ਰਾਪਤੀ ਹੈ ਕਿ ਨਵੀਂ ਪੀੜ੍ਹੀ ਇਸ ਲਹਿਰ ਦੇ ਵਿਸ਼ਲੇਸ਼ਣ ਨੂੰ ਇਤਿਹਾਸ ਦੇ ਸਮਵਿੱਥ ਕਰਨ ਦੇ ਰਾਹ ਪੈਂਦੀ ਹੈ। ਇਨ੍ਹਾਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਦਿਆਂ ਮੈਂ ਨਵੇਂ ਸਮਾਜ ਦੀ ਉਸਾਰੀ ਦੇ ਸੁਪਨੇ ਦੀ ਅੰਗੜਾਈ ਲਈ ਆਸਵੰਦ ਹਾਂ।'
ਬਲਬੀਰ ਪਰਵਾਨਾ ਆਪਣੀਆਂ ਇਨ੍ਹਾਂ ਕਹਾਣੀਆਂ ਵਿਚ ਅਜਿਹੇ ਪਾਤਰ ਪੇਸ਼ ਕਰਦਾ ਹੈ ਜੋ ਲਹਿਰ ਪ੍ਰਤੀ ਸੱਚੇ-ਸੁੱਚੇ ਤੇ ਇਮਾਨਦਾਰ ਰਹਿੰਦੇ ਹੋਏ ਆਪਣੀ ਭੂਮਿਕਾ ਨਿਭਾਉਂਦੇ ਹਨ। ਜਦਕਿ ਕੁਝ ਮੌਕਾ ਸਨਾਸ਼ ਲੋਕ ਲਹਿਰ ਦੇ ਕੰਨ੍ਹੇੜੇ ਚੜ੍ਹਕੇ ਦੁਨਿਆਵੀ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਸਫਲ ਹੁੰਦੇ ਦਿਖਾਈ ਦਿੰਦੇ ਹਨ। ਉਹ ਲਹਿਰ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਦਰਸਾਏ ਗਏ ਹਨ। ਜਦਕਿ 'ਇਕ ਸੱਚੇ ਕਾਮਰੇਡ ਦਾ ਇਕਲਾਪਾ' ਕਹਾਣੀ ਦੇ ਨਾਇਕ ਕਾਮਰੇਡ ਚਰਨਜੀਤ ਜਿਹੇ ਪਾਰਕਿੰਨਸਨ ਜਿਹੀ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਹੋ ਕੇ ਵੀ ਘਰ ਵਾਲਿਆਂ ਦੇ ਤਾਣੇ-ਮਿਹਣੇ ਸੁਣਦੇ ਆਵਾਜ਼ਾਰ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ। 'ਇਨਕਾਰ' ਕਹਾਣੀ ਦਾ ਪਾਤਰ ਕਰਨ ਆਪਣੇ ਸਿਧਾਂਤਾਂ ਨਾਲ ਇਮਾਨਦਾਰੀ ਨਾਲ ਜੁੜਿਆ ਅਧਿਆਪਕ ਹੈ ਜੋ ਹੋਛੇ ਮੁੰਡਿਆਂ ਦਾ ਡੱਟ ਕੇ ਟਾਕਰਾ ਕਰਦਾ ਹੈ ਤੇ ਆਪਣੇ ਸਿਧਾਂਤਾਂ ਤੋਂ ਕਦੇ ਨਹੀਂ ਥਿੜਕਦਾ। ਇਨ੍ਹਾਂ ਕਹਾਣੀਆਂ ਵਿਚ ਕੁਝ ਕਹਾਣੀਆਂ ਜਿਵੇਂ 'ਆਪੜਨੇ ਗਿਰੀਵਾਨ ਮਹਿੰ' ਕਹਾਣੀ ਨਕਸਲਬਾੜੀ ਲਹਿਰ ਦੀ ਨਿਰਖ ਪਰਖ ਕਰਨ ਵਾਲੀ ਕਹਾਣੀ ਹੈ। 'ਕਾਮਰੇਡ ਮਿਹਰ ਸਿੰਘ ਦੀ ਵਿਰਾਸਤ' ਕਹਾਣੀ ਮਿਹਰ ਸਿੰਘ ਜਿਹੇ ਸਿਰੜੀ ਕਾਮਰੇਡਾਂ ਦੀ ਬਾਤ ਪਾਉਂਦੀ ਹੈ, ਜੋ ਵੱਡੀ ਤੋਂ ਵੱਡੀ ਤਾਕਤ ਸਾਹਮਣੇ ਵੀ ਸੀਨਾ ਤਾਣ ਕੇ ਖਲੋ ਜਾਂਦੇ ਸਨ ਤੇ ਹਮੇਸ਼ਾ ਮੌਤ ਤੋਂ ਬੇਖੌਫ਼ ਹੋ ਜਾਂਦੇ ਹਨ। 'ਪਿੰਡ' ਦਾ ਨਾਇਕ ਪਿਤਾ ਭਾਵੇਂ ਤਬਦੀਲੀ ਦੀਆਂ ਸੌ ਟਾਹਰਾਂ ਮਾਰਦਾ ਹੋਏ ਪਰ ਆਪਣੀ ਹੀ ਧੀ ਦੀ ਚੋਣ ਸਾਹਵੇਂ ਲਾਚਾਰ ਖਲੋਤਾ ਦਿਖਾਈ ਦਿੰਦਾ ਹੈ। 'ਬੰਦ ਗੇਟ 'ਤੇ ਵਿਚਾਰਾ ਇਨਕਲਾਬ' ਕਾਮਰੇਡ ਦਫ਼ਤਰਾਂ ਦੀ ਮਾਯੂਸ ਕਰ ਦੇਣ ਵਾਲੀ ਕਾਰਗੁਜ਼ਾਰੀ 'ਤੇ ਚਿੰਤਾ ਪ੍ਰਗਟ ਕਰਦੀ ਹੈ। ਇਹ ਦਫ਼ਤਰ ਬੱਸ ਨਾਮ ਧਰੀਕ ਦਫਤਰ ਹੀ ਰਹਿ ਗਏ ਹਨ। ਏਨੀ ਜ਼ੁਅਰਤ ਨਾਲ ਇਹ ਗੱਲ ਕਹਿਣੀ ਬਲਬੀਰ ਪਰਵਾਨਾ ਜਿਹੇ ਇਮਾਨਦਾਰ ਲੇਖਕਾਂ ਦੇ ਹਿੱਸੇ ਹੀ ਆਉਂਦੀ ਹੈ, ਜੋ ਕੱਖ ਨੂੰ ਕੱਖ ਤੇ ਸੱਚ ਨੂੰ ਸੱਚ ਕਹਿਣ ਦਾ ਜ਼ਰਾ ਰੱਖਦੇ ਹੋਣ। ਇਨ੍ਹਾਂ ਲਗਭਗ ਸਾਰੀਆਂ ਕਹਾਣੀਆਂ ਵਿਚ ਇਕ ਪਾਸੇ ਹਾਲੇ ਵੀ ਅਜਿਹੇ ਸੱਚੇ ਸੁੱਚੇ ਕਾਮਰੇਡਾਂ ਦੀ ਧਿਰ ਖਲੋਤੀ ਨਜ਼ਰ ਆਉਂਦੀ ਹੈ, ਜੋ ਆਪਣੇ ਆਸ਼ੇ ਅਤੇ ਆਦਰਸ਼ਾਂ ਪ੍ਰਤੀ ਦ੍ਰਿੜ੍ਹ ਹਨ ਤੇ ਦੂਸਰੇ ਪਾਸੇ ਅਜਿਹੇ ਨਾਮ ਧਰੀਕ ਕਾਮਰੇਡਾਂ ਦੀ ਵੀ ਫ਼ੌਜ ਹੈ, ਜਿਨ੍ਹਾਂ ਪਾਰਟੀਆਂ ਅਤੇ ਲਹਿਰ ਨੂੰ ਆਪਣੇ ਘਰ ਆਪਣੇ ਬੱਚਿਆਂ ਲਈ ਵਰਤਣ ਦੀ ਖੇਡ ਖੇਡੀ ਹੈ। ਇਹ ਨਿਰਣਾ ਪਾਠਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੇ ਕਿਨ੍ਹਾਂ ਨਾਲ ਖਲੋਣਾ ਹੈ। ਸ਼ਨਾਖਤ ਪਰਵਾਨਾ ਹੁਰਾਂ ਕਰ ਹੀ ਦਿੱਤੀ ਹੈ।

-ਕੇ. ਐਲ. ਗਰਗ
ਮੋਬਾਈਲ : 94635-37050