ਦੇਸ਼ ਦਾ ਅੰਗਰੇਜ਼ੀ ਨਾਂਅ ਬਦਲਣ ਦੀ ਮੰਗ ਵਾਲੀ ਪਟੀਸ਼ਨ ’ਤੇ ਅੱਜ ਹੋਵੇਗੀ ਸੁਣਵਾਈ

ਨਵੀਂ ਦਿੱਲੀ, 12 ਮਾਰਚ- ਅੱਜ ਦਿੱਲੀ ਹਾਈ ਕੋਰਟ ਦੇਸ਼ ਦਾ ਅੰਗਰੇਜ਼ੀ ਨਾਮ ਇੰਡੀਆ ਤੋਂ ਬਦਲ ਕੇ ਭਾਰਤ ਜਾਂ ਹਿੰਦੁਸਤਾਨ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਕਰੇਗੀ। 17 ਫਰਵਰੀ ਨੂੰ ਹੋਈ ਪਿਛਲੀ ਸੁਣਵਾਈ ਵਿਚ, ਜਸਟਿਸ ਸਚਿਨ ਦੱਤਾ ਨੇ ਕੇਂਦਰ ਨੂੰ ਆਪਣਾ ਜਵਾਬ ਦਾਇਰ ਕਰਨ ਲਈ ਦਿੱਤਾ ਗਿਆ ਸਮਾਂ ਵਧਾ ਦਿੱਤਾ ਸੀ। 4 ਫਰਵਰੀ ਨੂੰ ਸੁਣਵਾਈ ਦੌਰਾਨ, ਅਦਾਲਤ ਨੇ ਕੇਂਦਰ ਦੇ ਵਕੀਲ ਨੂੰ ਮੰਤਰਾਲੇ ਤੋਂ ਨਿਰਦੇਸ਼ ਲੈਣ ਲਈ ਸਮਾਂ ਦਿੱਤਾ ਸੀ। ਦਿੱਲੀ ਨਿਵਾਸੀ ਪਟੀਸ਼ਨਕਰਤਾ ਨਮਹ ਨੇ ਸੰਵਿਧਾਨ ਦੇ ਅਨੁਛੇਦ 1 ਵਿਚ ਸੋਧ ਦੀ ਮੰਗ ਕੀਤੀ ਹੈ। ਉਸਨੇ ਕਿਹਾ ਹੈ ਕਿ ਸੰਵਿਧਾਨ ਵਿਚ ‘ਇੰਡੀਆ ਜੋ ਕਿ ਭਾਰਤ ਹੈ’ ਵਾਲੀ ਲਾਈਨ ਨੂੰ ‘ਭਾਰਤ ਦੇ ਰਾਜਾਂ ਦਾ ਸੰਘ ਜਾਂ ਹਿੰਦੁਸਤਾਨ’ ਵਿਚ ਬਦਲ ਦੇਣਾ ਚਾਹੀਦਾ ਹੈ।