JALANDHAR WEATHER

ਜਾਫਰ ਐਕਸਪ੍ਰੈਸ 'ਤੇ ਹਮਲਾ : ਬੰਦੂਕਧਾਰੀਆਂ ਵਲੋਂ 6 ਫੌਜੀਆਂ ਦੀ ਹੱਤਿਆ; ਕਈ ਜ਼ਖਮੀ

ਪਾਕਿਸਤਾਨ, 11 ਮਾਰਚ-ਅੱਜ ਬਲੂਚਿਸਤਾਨ ਵਿਚ ਜਾਫਰ ਐਕਸਪ੍ਰੈਸ 'ਤੇ ਬੰਦੂਕਧਾਰੀਆਂ ਨੇ ਹਮਲਾ ਕੀਤਾ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ ਅਤੇ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਸੁਰੱਖਿਆ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਇਹ ਹਮਲਾ ਮਾਛ ਟਾਊਨ ਦੇ ਅਬ-ਏ-ਗਮ ਖੇਤਰ ਦੇ ਨੇੜੇ ਹੋਇਆ, ਜਿਥੇ ਲਗਭਗ ਛੇ ਹਥਿਆਰਬੰਦ ਵਿਅਕਤੀਆਂ ਨੇ ਰੇਲਗੱਡੀ 'ਤੇ ਗੋਲੀਬਾਰੀ ਕੀਤੀ, ਜਿਸ ਨਾਲ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ।

ਬਲੋਚ ਲਿਬਰੇਸ਼ਨ ਆਰਮੀ ਨੇ "ਰਣਨੀਤਕ ਕਾਰਵਾਈ" ਕਰਨ ਦੀ ਜ਼ਿੰਮੇਵਾਰੀ ਲਈ ਅਤੇ ਦਾਅਵਾ ਕੀਤਾ ਕਿ ਇਸਦੇ ਕਾਰਕੁਨਾਂ ਨੇ ਜਾਫਰ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰ ਕੇ ਇਸ 'ਤੇ ਕਬਜ਼ਾ ਕਰ ਲਿਆ ਹੈ। ਵਿਰੋਧ ਦੌਰਾਨ, ਛੇ ਫੌਜੀ ਕਰਮਚਾਰੀ ਮਾਰੇ ਗਏ, ਜਦੋਂਕਿ 100 ਤੋਂ ਵੱਧ ਯਾਤਰੀਆਂ ਨੂੰ ਬੀ.ਐਲ.ਏ. ਹਿਰਾਸਤ ਵਿਚ ਲੈ ਲਿਆ ਗਿਆ ਹੈ। ਬੰਧਕਾਂ ਵਿਚ ਪਾਕਿਸਤਾਨੀ ਫੌਜ, ਪੁਲਿਸ, ਅੱਤਵਾਦ ਵਿਰੋਧੀ ਫੋਰਸ (ਏ.ਟੀ.ਐਫ.) ਅਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੇ ਸਰਗਰਮ ਡਿਊਟੀ ਕਰਮਚਾਰੀ ਸ਼ਾਮਿਲ ਹਨ। ਇਹ ਸਾਰੇ ਛੁੱਟੀ 'ਤੇ ਪੰਜਾਬ ਜਾ ਰਹੇ ਸਨ। ਬੀ.ਐਲ.ਏ. ਨੇ ਦਾਅਵਾ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਫੌਜ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸਾਰੇ ਬੰਧਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਟੀਮਾਂ ਅਤੇ ਸੁਰੱਖਿਆ ਬਲ ਘਟਨਾ ਸਥਾਨ 'ਤੇ ਹਨ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਕ ਕਾਰਵਾਈ ਚੱਲ ਰਹੀ ਹੈ।ਰੇਲਵੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰੇਲਗੱਡੀ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਸਹਾਇਤਾ ਲਈ ਇਕ ਐਮਰਜੈਂਸੀ ਰਾਹਤ ਰੇਲਗੱਡੀ ਭੇਜੀ ਗਈ ਹੈ।

ਹਮਲੇ ਤੋਂ ਬਾਅਦ, ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ 'ਤੇ ਪੇਸ਼ਾਵਰ-ਕਵੇਟਾ ਜਾਫਰ ਐਕਸਪ੍ਰੈਸ ਦੇ ਨਾਲ, ਸਿਬੀ ਵਿਖੇ ਕਰਾਚੀ ਜਾਣ ਵਾਲੀ ਬੋਲਾਨ ਮੇਲ ਨੂੰ ਰੋਕ ਦਿੱਤਾ ਹੈ। ਸਿਬੀ ਹਸਪਤਾਲ ਨੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਹੈ, ਹੋਰ ਜਾਨੀ ਨੁਕਸਾਨ ਦੀ ਸੰਭਾਵਨਾ ਹੈ। 
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ