ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਹੀਂ ਕਰ ਸਕਦਾ ਕੋਈ ਮੁਕਾਬਲਾ- ਡੋਨਾਲਡ ਟਰੰਪ

ਵਾਸ਼ਿੰਗਟਨ, 14 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਨਰਿੰਦਰ ਮੋਦੀ ਉਨ੍ਹਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਵਾਰਤਾਕਾਰ ਹਨ। ਉਨ੍ਹਾਂ ਨਾਲ ਕੋਈ ਮੁਕਾਬਲਾ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਟਰੰਪ ਨੇ ਐਲਾਨ ਕੀਤਾ ਕਿ ਭਾਰਤ ਅਤੇ ਅਮਰੀਕਾ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਬਣਾਉਣ ਲਈ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਨ। ਇਸ ਨੂੰ ਸਭ ਤੋਂ ਵੱਡੇ ਵਪਾਰਕ ਮਾਰਗਾਂ ਵਿਚੋਂ ਇਕ ਦੱਸਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਰਸਤਾ ਇਜ਼ਰਾਈਲ ਤੋਂ ਇਟਲੀ ਅਤੇ ਫਿਰ ਅਮਰੀਕਾ ਜਾਵੇਗਾ। ਅਸੀਂ ਇਤਿਹਾਸ ਦੇ ਸਭ ਤੋਂ ਮਹਾਨ ਵਪਾਰਕ ਮਾਰਗਾਂ ਵਿਚੋਂ ਇਕ ਨੂੰ ਬਣਾਉਣ ਵਿਚ ਮਦਦ ਕਰਨ ਲਈ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਾਂ। ਇਹ ਭਾਰਤ ਤੋਂ ਇਜ਼ਰਾਈਲ, ਇਟਲੀ ਅਤੇ ਫਿਰ ਅਮਰੀਕਾ ਜਾਵੇਗਾ, ਸਾਡੇ ਭਾਈਵਾਲਾਂ ਨੂੰ ਸੜਕਾਂ, ਰੇਲਵੇ ਅਤੇ ਸਮੁੰਦਰ ਦੇ ਹੇਠਾਂ ਕੇਬਲਾਂ ਰਾਹੀਂ ਜੋੜੇਗਾ। ਇਹ ਇਕ ਵੱਡਾ ਵਿਕਾਸ ਹੈ। ਇਸ ’ਤੇ ਬਹੁਤ ਸਾਰਾ ਪੈਸਾ ਖਰਚ ਹੋਣ ਵਾਲਾ ਹੈ ਅਤੇ ਅਸੀਂ ਪਹਿਲਾਂ ਹੀ ਕੁਝ ਖਰਚ ਕਰ ਚੁੱਕੇ ਹਾਂ, ਪਰ ਅਸੀਂ ਅੱਗੇ ਰਹਿਣ ਅਤੇ ਮੋਹਰੀ ਬਣੇ ਰਹਿਣ ਲਈ ਬਹੁਤ ਜ਼ਿਆਦਾ ਖਰਚ ਕਰਨ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅੱਜ ਦੇ ਐਲਾਨਾਂ ਨਾਲ ਅਮਰੀਕਾ ਅਤੇ ਭਾਰਤ ਵਿਚਕਾਰ ਦੋਸਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਗਈ ਹੈ। ਮੈਨੂੰ ਲੱਗਦਾ ਹੈ ਕਿ ਸਾਡਾ ਰਿਸ਼ਤਾ ਦੋ ਦੇਸ਼ਾਂ ਦੇ ਦੋ ਨੇਤਾਵਾਂ ਵਿਚਕਾਰ ਹੁਣ ਤੱਕ ਦਾ ਸਭ ਤੋਂ ਵਧੀਆ ਹੈ।