![](/cmsimages/20250207/4772879__a.jpg)
ਨਵੀਂ ਦਿੱਲੀ, 7 ਫਰਵਰੀ- ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਅਤੇ ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸੰਸਦ ਮੈਂਬਰ ਸੰਜੇ ਰਾਉਤ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ ਦੇ ਡਿਪਟੀ ਸਪੀਕਰ ਹਾਲ ਵਿਚ ਆਯੋਜਿਤ ਇਕ ਪ੍ਰੈਸ ਕਾਨਫ਼ਰੰਸ ਵਿਚ, ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਦਾ ਦੋਸ਼ ਲਗਾਇਆ। ਉਨ੍ਹਾਂ ਚੋਣ ਕਮਿਸ਼ਨ ’ਤੇ ਵੀ ਸਵਾਲ ਉਠਾਏ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਨਤੀਜੇ ਧਾਂਦਲੀ ਵਾਲੇ ਸਨ। ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਇਸ ਮੇਜ਼ ’ਤੇ ਮਹਾਰਾਸ਼ਟਰ ਵਿਚ ਪਿਛਲੀਆਂ ਚੋਣਾਂ ਲੜਨ ਵਾਲੇ ਸਮੁੱਚੇ ਵਿਰੋਧੀ ਧਿਰ ਦੀ ਨੁਮਾਇੰਦਗੀ ਕਰ ਰਹੇ ਹਾਂ। ਅਸੀਂ ਚੋਣਾਂ ਬਾਰੇ ਕੁਝ ਜਾਣਕਾਰੀ ਲਿਆਉਣ ਜਾ ਰਹੇ ਹਾਂ। ਅਸੀਂ ਵੋਟਰਾਂ ਅਤੇ ਵੋਟਿੰਗ ਸੂਚੀਆਂ ਦੇ ਵੇਰਵਿਆਂ ਦਾ ਅਧਿਅਨ ਕੀਤਾ ਹੈ। ਸਾਡੀਆਂ ਟੀਮਾਂ ਕੰਮ ਕਰ ਰਹੀਆਂ ਹਨ। ਸਾਨੂੰ ਬਹੁਤ ਸਾਰੀਆਂ ਬੇਨਿਯਮੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 2019 ਅਤੇ ਲੋਕ ਸਭਾ 2024 ਦੇ ਵਿਚਕਾਰ ਪੰਜ ਸਾਲਾਂ ਵਿਚ ਮਹਾਰਾਸ਼ਟਰ ਵਿਚ 32 ਲੱਖ ਨਵੇਂ ਵੋਟਰ ਜੋੜੇ ਗਏ। ਲੋਕ ਸਭਾ 2024 ਅਤੇ ਵਿਧਾਨ ਸਭਾ 2024 ਦੇ ਵਿਚਕਾਰ 5 ਮਹੀਨਿਆਂ ਵਿਚ 39 ਲੱਖ ਨਵੇਂ ਵੋਟਰ ਜੋੜੇ ਗਏ। ਸਵਾਲ ਇਹ ਹੈ ਕਿ ਪਿਛਲੇ 5 ਸਾਲਾਂ ਨਾਲੋਂ 5 ਮਹੀਨਿਆਂ ਵਿਚ ਜ਼ਿਆਦਾ ਵੋਟਰ ਕਿਵੇਂ ਜੋੜੇ ਗਏ? ਇਹ ਹਿਮਾਚਲ ਪ੍ਰਦੇਸ਼ ਦੇ ਕੁੱਲ ਵੋਟਰਾਂ ਦੇ ਬਰਾਬਰ ਹੈ। ਦੂਜਾ ਮੁੱਦਾ ਇਹ ਹੈ ਕਿ ਮਹਾਰਾਸ਼ਟਰ ਵਿਚ ਰਾਜ ਦੀ ਕੁੱਲ ਵੋਟਰ ਆਬਾਦੀ ਨਾਲੋਂ ਵੱਧ ਵੋਟਰ ਕਿਉਂ ਹਨ? ਕਿਸ ਤਰ੍ਹਾਂ ਅਚਾਨਕ ਮਹਾਰਾਸ਼ਟਰ ਵਿੱਚ ਵੋਟਰ ਪੈਦਾ ਹੋ ਗਏ ਹਨ।