ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ) - ਸਾਬਕਾ ਜਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਦੇ ਧਰਮ ਪਤਨੀ ਬੀਬੀ ਚਰਨਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਅਜਨੋਹਾ ਸਿੱਖ ਪੰਥ ਦੀ ਸਤਿਕਾਰਤ ਸਖਸੀਅਤ ਸਨ, ਜਿਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਤੌਰ ਜਥੇਦਾਰ ਵੱਡੀਆਂ ਸੇਵਾਵਾਂ ਨਿਭਾਈਆਂ। ਉਨ੍ਹਾਂ ਵਲੋਂ ਕੀਤੇ ਗਏ ਧਰਮ ਪ੍ਰਚਾਰ ਕਾਰਜਾਂ ਵਿਚ ਉਨ੍ਹਾਂ ਦੇ ਪਰਿਵਾਰ ਦਾ ਵੀ ਵੱਡਾ ਸਾਥ ਰਿਹਾ। ਜਥੇਦਾਰ ਅਜਨੋਹਾ ਦੇ ਧਰਮ ਸੁਪਤਨੀ ਬੀਬੀ ਚਰਨਜੀਤ ਕੌਰ ਵੀ ਸਾਰੀ ਉਮਰ ਸਿੱਖੀ ਨੂੰ ਸਮਰਪਿਤ ਹੁੰਦਿਆਂ ਪੰਥ ਦੀ ਚੜ੍ਹਦੀ ਕਲਾ ਲਈ ਤਤਪਰ ਰਹੇ। ਉਨ੍ਹਾਂ ਕਿਹਾ ਕਿ ਇਹ ਪੰਥ ਦਾ ਸਤਿਕਾਰਤ ਪਰਿਵਾਰ ਹੈ, ਜਿਸ ਵਿਚੋਂ ਬੀਬੀ ਚਰਨਜੀਤ ਕੌਰ ਦਾ ਅਕਾਲ ਚਲਾਣਾ ਪੰਥਕ ਪਰਿਵਾਰ ਲਈ ਵੱਡਾ ਘਾਟਾ ਹੈ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਵੀ ਬੀਬੀ ਚਰਨਜੀਤ ਕੌਰ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਵਿਛੜੀ ਰੂਹ ਨਮਿਤ ਅਰਦਾਸ ਕੀਤੀ।