ਕਿਸਾਨ ਜਥੇਬੰਦੀਆਂ ਦੇ ਤਿੰਨਾਂ ਫੋਰਮਾਂ ਦੀ ਮੀਟਿੰਗ 'ਚ ਏਕਤਾ ਦਾ ਮੁੱਦਾ ਅਜੇ ਲਟਕਿਆ
ਪਾਤੜਾਂ (ਪਟਿਆਲਾ), 18 ਜਨਵਰੀ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)-ਕਿਸਾਨੀ ਮੰਗਾਂ ਨੂੰ ਲੈ ਕੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਕਿਸਾਨੀ ਏਕਤਾ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ, ਐਸ.ਕੇ.ਐਮ. ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵਿਚ ਸ਼ਾਮਿਲ ਤਿੰਨਾਂ ਧਿਰਾਂ ਦੀ ਸਾਂਝੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਵਿਖੇ ਹੋਈ। ਇਸ ਮੀਟਿੰਗ ਵਿਚ ਤਿੰਨਾਂ ਫੋਰਮਾਂ ਦੇ ਵੱਡੇ ਆਗੂ ਜਿਨ੍ਹਾਂ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ ਬਣਾਈ ਗਈ ਛੇ ਮੈਂਬਰੀ ਤਾਲਮੇਲ ਕਮੇਟੀ ਮੈਂਬਰ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਮਿੰਦਰ ਸਿੰਘ ਪਟਿਆਲਾ, ਕ੍ਰਿਸ਼ਨਾ ਪ੍ਰਸ਼ਾਦ ਕੇਰਲਾ, ਹਰਿੰਦਰ ਸਿੰਘ ਲੱਖੋਵਾਲ ਅਤੇ ਡਾਕਟਰ ਦਰਸ਼ਨਪਾਲ ਤੋਂ ਇਲਾਵਾ ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਅਤੇ ਝੰਡਾ ਸਿੰਘ ਜੇਠੂਕੇ ਸ਼ਾਮਿਲ ਹੋਏ ਜਦੋਂਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ ਸੁਖਜੀਤ ਸਿੰਘ ਹਰਦੋ ਝੰਡਾ, ਲਖਵਿੰਦਰ ਸਿੰਘ ਔਲਖ, ਗੁਰਿੰਦਰ ਸਿੰਘ ਭੰਗੂ ਅਤੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਮਲਕੀਤ ਸਿੰਘ, ਮਨਜੀਤ ਸਿੰਘ ਰਾਏ ਰਾਜੂ ਰਾਜਸਥਾਨ ਅਤੇ ਅਮਰਜੀਤ ਸਿੰਘ ਮੋਹੜੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਕਰਕੇ ਵਿਗੜ ਰਹੀ ਸਿਹਤ ਦੀ ਸਥਿਤੀ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਏਕਤਾ ਦੇ ਹਾਮੀ ਹੋਣ ਦਾ ਦਾਅਵਾ ਕੀਤਾ ਗਿਆ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ 20 ਜਨਵਰੀ ਨੂੰ ਦੇਸ਼ ਭਰ ਵਿਚ ਪਾਰਲੀਮੈਂਟ ਮੈਂਬਰਾਂ ਨੂੰ ਮੰਗ-ਪੱਤਰ ਦੇਣ ਅਤੇ 26 ਜਨਵਰੀ ਨੂੰ ਦੋਨਾਂ ਮੋਰਚਿਆਂ ਵਲੋਂ ਟਰੈਕਟਰ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਮੀਟਿੰਗ ਉਪਰੰਤ ਦੋਵਾਂ ਧੜਿਆਂ ਵਲੋਂ ਵੱਖੋ-ਵੱਖਰੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ।