ਮਹਾਨ ਵਿਗਿਆਨੀ
ਲੇਖਕ : ਇਕਬਾਲ ਮੁਹੰਮਦ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 94786-55572
ਵਿਚਾਰਧੀਨ ਕਿਤਾਬ ਵਿਚ ਲੇਖਕ ਨੇ 31 ਮਹਾਨ ਵਿਗਿਆਨੀਆਂ ਵਲੋਂ ਵੱਖ-ਵੱਖ ਖੇਤਰਾਂ ਵਿਚ ਕੀਤੀਆਂ ਗੌਲਣਯੋਗ ਪ੍ਰਾਪਤੀਆਂ ਬਾਰੇ, ਉਨ੍ਹਾਂ ਦੇ ਜਨਮ ਸਥਾਨਾਂ ਅਨੁਸਾਰ ਸੰਕਲਿਤ ਕਰਕੇ ਮੁੱਲਵਾਨ ਜਾਣਕਾਰੀ ਦਿੱਤੀ ਗਈ ਹੈ। ਇਹ ਮਹਾਨ ਸ਼ਖ਼ਸੀਅਤਾਂ ਹਨ : ਆਧੁਨਿਕ ਵਿਗਿਆਨ ਦਾ ਪਿਤਾਮਾ ਗਲੈਲੀਓ, ਮਹਾਨ ਤਾਰਾ ਵਿਗਿਆਨੀ ਕੈਪਲਰ, ਮਾਈਕ੍ਰੋਸਕੋਪ ਦਾ ਕਾਢੂ ਲਿਊਵੇਨਹਾਕ, ਭੌਤਿਕੀ ਦਾ ਜਨਮ ਦਾਤਾ ਆਈਜ਼ੈਕ ਨਿਊਟਨ, ਅਸਮਾਨੀ ਬਿਜਲੀ ਚਾਲਕ ਦਾ ਖੋਜੀ ਬੈਂਜਾਮਿਨ ਫਰੈਂਕਲਿਨ, ਭਾਫ਼ ਇੰਜਣ ਦਾ ਸੋਧਕਾਰ ਜੇਮਸ ਵਾਟ, ਚੇਚਕ ਦਾ ਮੁਕਤੀਦਾਤਾ ਐਡਵਰਡ ਜੇਨਰ, ਡਾਇਨਮੋ ਜਨਰੇਟਰ ਦਾ ਖੋਜਕਾਰ ਮਾਈਕਲ ਫੈਰਾਡੇ, ਬ੍ਰੇਲ ਪ੍ਰਣਾਲੀ ਦਾ ਜਨਮਦਾਤਾ ਲੂਈ ਬ੍ਰੇਲ, ਕੜੀਬੱਧ ਵਿਕਾਸ ਦੇ ਸਿਧਾਂਤ ਦਾ ਜਨਕ ਚਾਰਲਸ ਡਾਰਵਿਨ, ਮਾਈਕ੍ਰੋਬਾਇਲੋਜੀ ਦਾ ਜਨਕ ਲੂਈਸ ਪਾਸਚਰ, ਡਾਇਨਾਮਾਈਟ ਦਾ ਪਿਤਾਮਾ ਐਲਫਰੈਡ ਨੋਬਲ, ਐਕਸਰੇ ਈਜਾਦਕਾਰ ਰੋਂਟਜੇਨ, ਸਭ ਤੋਂ ਵਧੀਕ ਖੋਜਾਂ ਕਰਨ ਵਾਲਾ ਥਾਮਸ ਅਲਵਾ ਐਡੀਸਨ, ਟੈਲੀਫੋਨ ਦਾ ਈਜ਼ਾਦਕਾਰ ਅਲੈਗਜ਼ੈਂਡਰ ਗਰਾਹਮ ਬੈੱਲ, ਕਵਾਂਟਮ ਥਿਊਰੀ ਦਾ ਕਾਢੂ ਮੈਕਸ ਪਲੈਂਕ, ਮਹਾਨ ਬਨਸਪਤੀ ਵਿਗਿਆਨੀ ਜੇ.ਸੀ. ਬੋਸ, ਦੋ ਵਾਰ ਨੋਬਲ ਪੁਰਸਕਾਰ ਜੇਤੂ ਮੈਰੀ ਕਿਊਰੀ, ਹਵਾਈ ਜਹਾਜ਼ ਦੇ ਕਾਢੂ ਦੋ ਰਾਈਟ ਭਰਾ, ਬਲੱਡ ਗਰੁੱਪ ਦਾ ਪਿਤਾਮਾ ਕਾਰਲ ਲੈਂਡਸਟੇਨਰ, ਐਟਮ ਦੀ ਅੰਦਰੂਨੀ ਬਣਤਰ ਦਾ ਖੋਜੀ ਲਾਰਡ ਰਦਰਫੋਰਡ, ਟੈਲੀਗ੍ਰਾਮ ਅਤੇ ਰੇਡੀਓ ਦਾ ਖੋਜੀ ਮਾਰਕੋਨੀ, ਸਾਪੇਖਤਾ ਸਿਧਾਂਤ ਦਾ ਕਰਤਾ ਐਲਬਰਟ ਆਈਨਸਟਾਈਨ, ਪੈਨਿਸਿਲੀਨ ਦਾ ਕਾਢੂ ਅਲੈਕਜ਼ੈਂਡਰ ਫਲੇਮਿੰਗ, ਟੈਲੀਵਿਜ਼ਨ ਦਾ ਖੋਜਕਾਰ ਜਾਨ੍ਹ ਬੇਅਰਡ, ਰਮਨ ਇਫੈਕਟ ਦਾ ਜਨਕ ਡਾ. ਸੀ.ਵੀ. ਰਮਨ, ਮਹਾਨ ਭੌਤਿਕੀ ਤੇ ਸੰਖਿਆਤੀ ਵਿਗਿਆਨੀ ਸਤਯੇਂਦਰ ਨਾਥ ਬੋਸ, ਐਟਮ ਬੰਬ ਦਾ ਸਿਰਜਕ ਓਪੇਨ ਹਾਈਮਰ, ਚੰਦਰਸ਼ੇਖਰ ਸੀਮਾ ਦਾ ਕਰਤਾ ਡਾ. ਐਸ. ਚੰਦਰ ਸ਼ੇਖਰ, ਬਨਾਉਟੀ ਜੀਨ ਦਾ ਸਿਰਜਕ ਡਾ. ਹਰਿਗੋਬਿੰਦ ਖੁਰਾਣਾ, ਮਿਜ਼ਾਈਲਮੈਨ ਡਾ. ਏ.ਪੀ.ਜੇ. ਅਬਦੁਲ ਕਲਾਮ ਇਤਿਆਦਿ।
ਲੇਖਕ ਨੇ ਇਨ੍ਹਾਂ ਸੰਖੇਪ ਜੀਵਨੀਆਂ ਨੂੰ ਉਮਰ ਅਨੁਸਾਰ ਤਰਤੀਬ ਦਿੱਤੀ ਹੈ। ਇਨ੍ਹਾਂ ਦੇ ਗਹਿਨ ਅਧਿਐਨ ਕਰਦਿਆਂ ਪਤਾ ਲਗਦਾ ਹੈ ਕਿ ਕਿਵੇਂ ਇਨ੍ਹਾਂ ਨੂੰ ਖੋਜ ਦਾ ਜਾਗ ਲੱਗਿਆ। ਕਿਵੇਂ ਉਹ ਨਿਰੰਤਰ ਲਗਨ ਨਾਲ, ਸਾਰੇ ਰੁਝੇਵੇਂ ਛੱਡ ਕੇ, ਆਪਣੀ ਖੋਜ ਵਿਚ ਰੁੱਝੇ ਰਹੇ। ਕਿਵੇਂ ਅੱਜ ਦੇ ਮਾਨਵ ਦਾ ਜੀਵਨ ਸੁਖੈਨ ਅਤੇ ਆਨੰਦਮਈ ਬਣਾਇਆ (ਕੇਵਲ ਐਟਮ ਬੰਬ, ਮਾਨਵਤਾ ਦਾ ਨੁਕਸਾਨ ਕੀਤਾ), ਇਨ੍ਹਾਂ 'ਚੋਂ ਬਹੁਤੇ ਵਿਗਿਆਨੀ ਪੱਛਮ ਦੇ ਦੇਣ ਹਨ। ਕੁਝ ਇਕ ਭਾਰਤੀਆਂ ਨੇ ਵੀ ਯੋਗਦਾਨ ਪਾਇਆ ਹੈ। ਅਧਿਕਤਰ ਨੂੰ ਨੋਬਲ ਪ੍ਰਾਈਜ਼ਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਵਿਗਿਆਨੀ ਕਲਾਮ ਨੂੰ 'ਭਾਰਤ ਰਤਨ' ਵੀ ਮਿਲਿਆ ਹੈ। ਸਾਰਿਆਂ ਵਿਗਿਆਨੀਆਂ ਦੇ ਜਨਮ, ਮਾਪੇ, ਵਿੱਦਿਆ ਪ੍ਰਾਪਤੀ ਬਾਰੇ ਅਤੇ ਹੋਰ ਮੁੱਲਵਾਨ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਲਗਭਗ ਸਾਰੇ ਹੀ ਆਪਣਾ ਯੋਗਦਾਨ ਪਾ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ। ਲੇਖਕ ਨੂੰ ਇੰਨਾ ਗਿਆਨ ਕਿਹੜੇ ਸੋਮਿਆਂ ਤੋਂ ਪ੍ਰਾਪਤ ਹੋਇਆਂ ਉਸ ਦੀ ਜਾਣਕਾਰੀ ਦੇ ਦੇਣੀ ਚਾਹੀਦੀ ਸੀ। ਬਿਰਤਾਂਤਕ ਭਾਸ਼ਾ, ਰਵਾਨਗੀ ਭਰਪੂਰ ਅਤੇ ਗਿਆਨ ਵਰਧਕ ਹੈ। ਦੁਆ ਹੈ, ਲੇਖਕ ਦੀ ਕਲਮ, ਅਜਿਹੇ ਮੁਲਵਾਨ ਕਾਰਜਾਂ 'ਤੇ ਚਲਦੀ ਰਹੇ।
-ਡਾ. ਧਰਮ ਚੰਦ ਵਾਤਿਸ਼
vatishdharamchand@gmail.com
ਕੁਦਰਤ ਦਾ ਕੌਤਕ
ਲੇਖਕ: ਡਾ. ਸੋਨੀਆ ਚਹਿਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 120 ਰੁ. ਪੰਨੇ 60
ਸੰਪਰਕ : 94178-73407
ਬੱਚਿਆਂ ਲਈ ਵਿਗਿਆਨਕ ਸਾਹਿਤ ਦੀ ਮੁੱਢ ਤੋਂ ਹੀ ਅਣਹੋਂਦ ਰਹੀ ਹੈ। ਪੱਛਮੀ ਮੁਲਕਾਂ ਦੇ ਮੁਕਾਬਲੇ ਭਾਰਤ ਵਿਸ਼ੇਸ਼ ਕਰਕੇ ਪੰਜਾਬੀ ਭਾਸ਼ਾ ਵਿਚ ਵਿਗਿਆਨਕ ਬਾਲ ਸਾਹਿਤ ਆਟੇ ਵਿਚ ਲੂਣ ਸਮਾਨ ਹੈ ਪਰੰਤੂ ਫਿਰ ਵੀ ਕੁਝ ਸਾਹਿਤਕਾਰ, ਖ਼ਾਸ ਤੌਰ 'ਤੇ ਵਿਗਿਆਨਕ ਅਤੇ ਤਰਕਮਈ ਨਜ਼ਰੀਏ ਵਾਲੇ ਬਾਲ ਸਾਹਿਤ ਦੀ ਰਚਨਾ ਕਰਕੇ ਉਨ੍ਹਾਂ ਦੇ ਮਨਾਂ ਵਿਚ ਫੈਲੇ ਅੰਧਵਿਸ਼ਵਾਸ, ਭ੍ਰਾਂਤੀਆਂ ਅਤੇ ਅਸਪੱਸ਼ਟਤਾ ਦੀ ਧੁੰਦ ਸਾਫ਼ ਕਰਨ ਲਈ ਕਾਰਜਸ਼ੀਲ ਹਨ। ਇਨ੍ਹਾਂ ਲਿਖਾਰੀਆਂ ਵਿਚੋਂ ਵਿਗਿਆਨ ਖਿੱਤੇ ਨਾਲ ਜੁੜੀ ਹੋਈ ਸਕੂਲ ਅਧਿਆਪਕਾ ਡਾ. ਸੋਨੀਆ ਚਹਿਲ ਹੈ, ਜਿਸ ਦਾ ਵਿਦਿਆਰਥੀਆਂ ਨਾਲ ਸਿੱਧੇ ਤੌਰ 'ਤੇ ਸੰਬੰਧ ਹੈ। ਉਨ੍ਹਾਂ ਦੇ ਮਨੋਵਿਗਿਆਨ ਨੂੰ ਸਮਝਦਿਆਂ ਉਸ ਨੇ ਆਪਣੀ ਹੱਥਲੀ ਕਹਾਣੀ-ਪੁਸਤਕ 'ਕੁਦਰਤ ਦਾ ਕੌਤਕ' ਤੋਂ ਪਹਿਲਾਂ ਵੀ 'ਵਿਗਿਆਨ ਦੇ ਰੰਗ ਕਵਿਤਾਵਾਂ ਸੰਗ', 'ਵਿਗਿਆਨਕ ਤਰੰਗਾਂ', 'ਵਿਗਿਆਨਕ ਪੀਂਘ', 'ਵਿਗਿਆਨਕ ਲੋਅ' ਅਤੇ 'ਵਿਗਿਆਨਕ ਗੁਲਦਸਤਾ' ਵਰਗੀਆਂ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਅਤੇ ਬਾਲ ਮਨਾਂ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ ਹੈ।
ਸਮੀਖਿਆ ਅਧੀਨ ਪੁਸਤਕ ਵਿਚ ਕੁੱਲ 20 ਕਹਾਣੀਆਂ ਅੰਕਿਤ ਹਨ। ਇਨ੍ਹਾਂ ਕਹਾਣੀਆਂ ਨਾਲ ਜੁੜੀਆਂ ਹੋਈਆਂ ਘਟਨਾਵਾਂ ਵਿਚ ਅਨੋਖਾ ਵਾਤਾਵਰਨ ਸਿਰਜਿਆ ਗਿਆ ਹੈ। ਇਨ੍ਹਾਂ ਦੇ ਮੁਢਲੇ ਪੜਾਅ ਵਿਚ ਵਹਿਮ ਭਰਮ ਜਾਂ ਅਖੌਤੀ ਚਮਤਕਾਰੀ ਘਟਨਾਵਾਂ ਵੀ ਹਨ, ਜਿਨ੍ਹਾਂ ਬਾਰੇ ਇਕ ਪਾਤਰ ਸਹਿਕਰਮੀ ਪਾਤਰਾਂ ਨਾਲ ਸੰਵਾਦ ਰਚਾਉਂਦਾ ਹੈ। ਇਹ ਪਾਤਰ ਮਨੁੱਖ ਵੀ ਹਨ, ਰੁੱਖ, ਫਲ-ਫੁੱਲ, ਜੀਵ-ਜੰਤੂ, ਭੂਗੋਲ, ਖਗੋਲ, ਚੰਦ, ਸੂਰਜ, ਧਰਤੀ, ਤਾਰਾ ਮੰਡਲ, ਦਰਿਆ-ਪਰਬਤ, ਝੀਲਾਂ ਆਦਿ ਹਨ। ਫਿਰ ਹੌਲੀ-ਹੌਲੀ ਗ਼ੈਰ ਵਿਗਿਆਨਕ ਪਸਾਰੇ ਦੀ ਧੁੰਦ ਛੱਟਣ ਲੱਗਦੀ ਹੈ ਅਤੇ ਇਨ੍ਹਾਂ ਘਟਨਾਵਾਂ ਦੀ ਤਹਿ ਵਿਚ ਲੁਪਤ ਵਿਗਿਆਨਕ ਕਾਰਨ ਸਾਹਮਣੇ ਆ ਜਾਂਦੇ ਹਨ। ਇਸ ਸੰਦਰਭ ਵਿਚ ਬਾਹਰੀ ਬਲ, ਸੌਗਾਤ, ਹੋਲੀ, ਫੁੱਲ, ਜੰਗਲ ਦੀ ਸੈਰ, ਸ਼ੈਤਾਨ, ਕੁਦਰਤ ਦਾ ਕੌਤਕ, ਜਾਦੂ ਦਾ ਖੇਡ, ਠੱਗੀ ਅਤੇ ਧੂੰਆਂ ਆਦਿ ਕਹਾਣੀਆਂ ਦਾ ਉਚੇਚਾ ਜ਼ਿਕਰ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਕਹਾਣੀਕਾਰ ਨੇ ਵੱਖ-ਵੱਖ ਵਿਗਿਆਨੀਆਂ, ਵਲੋਂ ਕੀਤੀਆਂ ਈਜਾਦਾਂ, ਉਨ੍ਹਾਂ ਦੀ ਰਚਨਾ ਪ੍ਰਕਿਰਿਆ ਅਤੇ ਕਾਰਜ ਕਰਨ ਦੀ ਵਿਧੀ ਬਾਰੇ ਵੀ ਅੰਕੜਿਆਂ ਅਤੇ ਤੱਥਾਂ ਸਹਿਤ ਸਮਝਾਇਆ ਹੈ। 'ਹਾਏ ਮੇਰਾ ਬਲੂੰਗੜਾ', 'ਕਾਂਬਾ', 'ਜਿਗਰ ਦਾ ਟੁਕੜਾ' ਅਤੇ 'ਨਾੜੂਆ' ਕਹਾਣੀਆਂ ਵਿਚੋਂ ਵੀ ਦਲੀਲਮਈ ਸੁਨੇਹੇ ਮਿਲਦੇ ਹਨ। ਇਨ੍ਹਾਂ ਕਹਾਣੀਆਂ ਦਾ ਬੁਨਿਆਦੀ ਮੰਤਵ ਬਾਲ ਮਨਾਂ ਵਿਚੋਂ ਅੰਧਵਿਸ਼ਵਾਸੀ ਕਦਰਾਂ ਕੀਮਤਾਂ ਜਾਂ ਸਹਿਮ ਦੂਰ ਕਰਕੇ ਹਰ ਵਸਤੂ ਜਾਂ ਘਟਨਾ ਨੂੰ ਵੇਖਣ ਦੇ ਦ੍ਰਿਸ਼ਟੀਕੋਣ ਨੂੰ ਉਭਾਰਿਆ ਗਿਆ ਹੈ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵਰਤਮਾਨ ਸਮਾਜ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੂੰ ਡਾ. ਸੋਨੀਆ ਨੇ ਰੌਚਿਕਤਾ ਅਤੇ ਜਿਗਿਆਸਾ ਕਾਇਮ ਰੱਖਦਿਆਂ ਸੋਹਣੇ ਢੰਗ ਨਾਲ ਨਿਭਾਇਆ ਹੈ। ਇਨ੍ਹਾਂ ਕਹਾਣੀਆਂ ਦੀਆਂ ਘਟਨਾਵਾਂ ਅਤੇ ਪਾਤਰਾਂ ਨਾਲ ਸੰਬੰਧਿਤ ਚਿੱਤਰ ਕਵਿਤਾ ਸ਼ਰਮਾ ਦੁਆਰਾ ਬਣਾਏ ਗਏ ਹਨ, ਜੋ ਕਹਾਣੀਆਂ ਦੇ ਘਟਨਾਕ੍ਰਮ ਨੂੰ ਸਮਝਣ ਵਿਚ ਮਦਦਗਾਰ ਬਣਦੇ ਹਨ। ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬਾਲ ਮਨਾਂ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਪੰਜਾਬੀ ਬਾਲ ਸਾਹਿਤ ਵਿਚ ਚੰਗਾ ਯੋਗਦਾਨ ਪਾਉਂਦੀ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਜਲ ਭਰਮ ਤੋਂ ਵਾਪਸੀ
ਲੇਖਕ : ਗੁਰਦਿਆਲ ਦਲਾਲ
ਪ੍ਰਕਾਸ਼ਕ : ਗੋਲਡਮਾਈਨ ਪਬਲੀਕੇਸ਼ਨ
ਮੁੱਲ : 250 ਰੁਪਏ, ਸਫ਼ੇ : 142
ਸੰਪਰਕ : 98141-85363
ਗੁਰਦਿਆਲ ਦਲਾਲ ਦੇ ਇਸ ਨਾਟਕ ਸੰਗ੍ਰਿਹ ਵਿਚ ਅੱਠ ਨਾਟਕ ਸ਼ਾਮਲ ਹਨ। ਗੁਰਦਿਆਲ ਦਲਾਲ ਪੰਜਾਬੀ ਦਾ ਪਰਪੱਕ ਕਹਾਣੀਕਾਰ ਹੈ ਉਂਝ ਕਹਾਣੀ, ਕਵਿਤਾ, ਗਜ਼ਲ, ਵਿਅੰਗ ਦੀਆਂ ਲੱਗਭਗ ਪੱਚੀ ਪੁਸਤਕਾਂ ਉਸ ਦੀਆਂ ਛਪ ਚੁੱਕੀਆਂ ਹਨ। ਕਹਾਣੀ ਬੁਣਨ ਉੱਤੇ ਬੱਝਵੀਂ ਪਕੜ ਹੋਣ ਕਰਕੇ ਉਸ ਦੇ ਇਹ ਨਾਟਕ ਨਾਟ-ਕਹਾਣੀ ਰਾਹੀਂ ਪਾਠਕ ਉੱਤੇ ਚੰਗਾ ਅਸਰ ਪਾਉਂਦੇ ਹਨ। ਪਹਿਲਾਂ ਨਾਟਕ 'ਜ਼ਹਿਰ' ਰਮਾਂ ਕਾਂਤ ਦੀ ਹਿੰਦੀ ਕਹਾਣੀ 'ਤੇ ਅਧਾਰਿਤ ਹੈ। ਸੰਖੇਪ ਜਿਹਾ ਵਾਰਤਾਲਾਪ ਇਕ ਦਵਾਈਆਂ ਦੀ ਦੁਕਾਨ 'ਤੇ ਵਾਪਰਦਾ ਹੈ ਜਿਸ ਵਿਚ ਦੁਕਾਨਦਾਰ ਅਤੇ ਗਾਹਕ ਸ਼ਾਮਲ ਹਨ। ਗਾਹਕ ਨੂੰ ਜ਼ਹਿਰ ਚਾਹੀਦੀ ਹੈ ਕਿਸੇ ਨੂੰ ਮਾਰਨ ਲਈ, ਬਲਕਿ ਆਪਣੇ ਖਾਸੇ ਨੂੰ ਮਾਰਨ ਲਈ। ਦੁਕਾਨਦਾਰ (ਕੈਮਿਸਟ) ਉਸ ਗਾਹਕ ਦੇ ਅੰਦਰਲੀ ਜ਼ਹਿਰ ਨੂੰ ਪਹਿਚਾਣਦਾ ਹੈ, ਬਾਹਰ ਕੱਢਦਾ ਹੈ ਅਤੇ ਖਤਮ ਕਰ ਦਿੰਦਾ ਹੈ। ਦੋਵਾਂ ਦੇ ਵਾਰਤਾਲਾਪ ਕਮਾਲ ਦੇ ਹਨ, ਪਾਠਕਾਂ/ਦਰਸ਼ਕਾਂ ਨੂੰ ਖਿੱਚ ਕੇ ਰੱਖਦੇ ਹਨ, ਰੁਚੀ ਨੂੰ ਵਧਾਉਂਦੇ ਹਨ। ਮਨੁੱਖੀ ਰਿਸ਼ਤਿਆਂ ਅੰਦਰ ਉਪਜੀ ਨਫ਼ਰਤ ਦੀ ਜ਼ਹਿਰ ਕਈ ਜ਼ਿੰਦਗੀਆਂ ਬਰਬਾਦ ਕਰ ਸਕਦੀ ਇਸ ਲਈ ਮੁਹੱਬਤੀ ਦਵਾਈ ਨਾਲ ਇਸ ਦਾ ਖਾਤਮਾ ਜ਼ਰੂਰੀ ਹੈ। ਇਹ ਮਹੱਬਤੀ ਬੂਟੇ ਉੱਜੜ ਚੁੱਕੇ ਬਾਜ਼ਾਰਾਂ ਵਿਚ ਕਿਤੇ ਨਾ ਕਿਤੇ ਕਾਇਮ ਹਨ। ਰਾਮ ਨਾਥ ਰਾਏ ਦੀ ਬੰਗਲਾ ਕਹਾਣੀ ਦੇ ਆਧਾਰਿਤ ਹੈ ਪੁਸਤਕ ਦਾ ਟਾਈਟਲ ਨਾਟਕ 'ਜਲ-ਭਰਨ ਤੋਂ ਵਾਪਸੀ।' ਨਾਟਕ ਦੇ ਨਾਇਕ ਰਾਮ ਲਾਲ ਦੇ ਅੰਦਰੋਂ ਔਲਾਦ ਦੇ ਮੋਹ ਦੇ ਫੋੜੇ ਦੇ ਫਿੱਸਣ, ਰਿਸਣ, ਸੁੱਕਣ ਦੀ ਕਹਾਣੀ ਸਮੋਈ ਬੈਠਾ ਹੈ ਇਹ ਨਾਟਕ। ਗੁਰਦਿਆਲ ਦਲਾਲ ਦੀ ਆਪਣੀ ਕਹਾਣੀ 'ਪੁਨਰ ਜਨਮ' ਨੂੰ ਮੁੱਖ ਰੱਖ ਕੇ ਲਿਖਿਆ ਗਿਆ ਇਹ ਨਾਟਕ ਵੀ ਔਲਾਦ ਮੋਹ ਦੀ ਤਸਵੀਰ ਪੇਸ਼ ਕਰਦਾ ਹੈ ਬਲਕਿ ਕਈ ਭਰਮ ਤੋੜਦਾ ਹੈ। ਸਮਾਜ ਅੰਦਰ ਉਸਰ ਰਹੇ ਬਿਰਧ ਆਸ਼ਰਮਾਂ ਦੀ ਪਿਠਵਰਤੀ ਸਚਾਈ ਇਸ ਨਾਟਕ 'ਚੋਂ ਜੱਗ ਜ਼ਾਹਰ ਹੁੰਦੀ ਹੈ। ਲਾਲ ਸਿੰਘ ਇਸ ਨਾਟਕ ਦਾ ਨਾਇਕ ਹੈ ਜੋ ਆਪਣੀ ਧੀ ਅਤੇ ਪੁੱਤਰਾਂ ਦੀ ਬਿਹਤਰੀਨ ਜ਼ਿੰਦਗੀ ਦੇ ਸੁਪਨੇ ਹੀ ਨਹੀਂ ਲੈਂਦਾ ਬਲਕਿ ਆਪਣੀ ਕਮਾਈ ਅਤੇ ਜਾਇਦਾਦ ਵੀ ਉਨ੍ਹਾਂ ਦੇ ਲੇਖੇ ਲਾਉਂਦਾ ਹੈ। ਜ਼ਿੰਦਗੀ ਦੇ ਅਖੀਰਲੇ ਪਲ ਉਸ ਨੂੰ ਬਿਰਧ ਆਸ਼ਰਮ ਹੀ ਕੱਟਣੇ ਪੈਂਦੇ ਹਨ ਜਿਸ ਪਿੱਛੇ ਆਧੁਨਿਕ ਯੁੱਗ ਵਿਚ ਧੀਆਂ ਪੁੱਤਰਾਂ ਦੀ ਮਜ਼ਬੂਰੀ ਵੀ ਰਿਸ਼ਤਿਆਂ ਤੋਂ ਪਾਰ ਹੋ ਜਾਂਦੀ ਹੈ। ਤਸਲੀਮਾ ਨਸਰੀਨ ਦੀ ਕਹਾਣੀ 'ਲੱਜਾ' ਦੇ ਆਧਾਰਿਤ ਨਾਟਕ 'ਬਦਲਾ', ਕ੍ਰਿਸ਼ਨ ਚੰਦਰਾ ਦੀ ਕਹਾਣੀ ਦੇ ਅਧਾਰਿਤ 'ਮਮਤਾ ਦਾ ਰੁੱਖ', ਆਰ ਚੂੜਾਮਣੀ ਦੀ ਕਹਾਣੀ 'ਯੋਗ' ਦੇ ਅਧਾਰਿਤ 'ਮਮਤਾ ਮਾਰੀ ਜੋਗਣ' ਅਤੇ ਲੇਖਕ ਦੀਆਂ ਆਪਣੀਆਂ ਕਹਾਣੀਆਂ 'ਬੁਲਡੋਜ਼ਰ' ਅਤੇ 'ਦਾਨ ਪੁੰਨ' ਦੇ ਅਧਾਰਿਤ ਨਾਟਕ ਇਸ ਪੁਸਤਕ ਵਿਚ ਸ਼ਾਮਿਲ ਹਨ। ਕਹਾਣੀਕਾਰ ਹੋਣ ਕਰਕੇ ਗੁਰਦਿਆਲ ਦਲਾਲ ਨੇ ਉਨ੍ਹਾਂ ਕਹਾਣੀਆਂ ਨੂੰ ਚੁਣਿਆ ਹੈ ਜੋ ਸਮਾਜ ਲਈ ਮਹੱਬਤ ਦੇ ਸੁਨੇਹੇ ਦਿੰਦੀਆਂ ਹਨ ਅਤੇ ਜਿਨ੍ਹਾਂ ਦੇ ਅਧਾਰਿਤ ਨਾਟਕ ਦੀ ਬਣਤਰ ਦਿਲਚਸਪ ਤਰੀਕੇ ਨਾਲ ਵਾਰਤਾਲਾਪ ਬੁਣਿਆ ਜਾ ਸਕੇ। ਦਲਾਲ ਖੁਦ ਇਕ ਸਫ਼ਲ ਕਹਾਣੀਕਾਰ ਹੈ ਜਿਸ ਦੀਆਂ ਕਹਾਣੀਆਂ ਦਾ ਵਾਰਤਾਲਾਪ ਪਾਠਕਾਂ ਨੂੰ ਨਾਲ ਲੈਕੇ ਤੁਰਦਾ ਹੈ। ਉਸ ਦੇ ਨਾਟਕਾਂ ਦੀ ਕਹਾਣੀ ਦ੍ਰਿਸ਼ ਸਿਰਜਦੀ ਹੈ ਅਤੇ ਘਟਨਾਵਾਂ ਉਸ ਨੂੰ ਹੋਰ ਰੌਚਕ ਬਣਾਉਂਦੀਆਂ ਹਨ। ਪੁਸਤਕ ਵਿਚਲੇ ਸਾਰੇ ਨਾਟਕ ਰੰਗ ਮੰਚ ਗੁਣਾਂ ਦੇ ਭਰਪੂਰ ਹਨ।
-ਨਿਰਮਲ ਜੌੜਾ
ਮੋਬਾਈਲ : 98140-78799-
ਕੀ ਭਿੰਡਰਾਂਵਾਲੇ
ਕਾਂਗਰਸ ਦੀ ਉਪਜ ਸਨ?
ਲੇਖਕ : ਬਲਦੇਵ ਸਿੰਘ
ਪ੍ਰਕਾਸ਼ਕ : ਰੀਥਿੰਕ ਬੁੱਕਸ ਸੰਗਰੂਰ
ਮੁੱਲ : 599 ਰੁਪਏ, ਸਫ਼ੇ : 402
ਸੰਪਰਕ : 94643-46677
ਇਸ ਪੁਸਤਕ ਵਿਚ ਮਿਲਦੇ ਵੇਰਵਿਆਂ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਸ. ਬਲਦੇਵ ਸਿੰਘ 1973-74 ਈ. ਵਿਚ ਮਹਿੰਦਰਾ ਕਾਲਜ ਦਾ ਵਿਦਿਆਰਥੀ ਸੀ ਅਤੇ ਉਹ ਉਨ੍ਹਾਂ ਦਿਨਾਂ ਵਿਚ ਵੀ ਸਿੱਖ ਸ਼ਨਾਖ਼ਤ ਵਿਚ ਪੈਦਾ ਹੋ ਰਹੇ ਸੰਕਟ ਤੋਂ ਪਰਿਚਿਤ ਸੀ। ਇਸ ਮੰਤਵ ਲਈ ਉਸ ਨੇ ਉਸ ਵਕਤ ਦੇ ਪ੍ਰਮੁੱਖ ਸਿੱਖ ਬੁੱਧੀਜੀਵੀਆਂ ਨਾਲ ਖਤੋ-ਕਿਤਾਬਤ ਦੀ ਵਿਧੀ ਕੀਤੀ। ਸਿਰਦਾਰ ਕਪੂਰ ਸਿੰਘ ਅਤੇ ਡਾ. ਗੰਡਾ ਸਿੰਘ ਨੂੰ ਚਿੱਠੀਆਂ ਲਿਖ ਕੇ ਇਸ ਸੰਕਟ ਬਾਰੇ ਆਪਣੀ ਚਿੰਤਾ ਦਾ ਇਜ਼ਹਾਰ ਕੀਤਾ। ਭਾਵੇਂ ਅਜਿਹੇ ਬੁੱਧੀਜੀਵੀਆਂ ਨੇ ਉਸ ਨੂੰ 'ਨੌਜਵਾਨ' ਸਮਝ ਕੇ ਕੋਈ ਸਮਾਧਾਨ ਤਾਂ ਨਾ ਦੱਸਿਆ ਪਰ ਤਾਂ ਵੀ ਚਿੱਠੀ-ਪੱਤਰਾਂ ਨਾਲ ਸੰਬੰਧਿਤ ਸਮੱਗਰੀ ਇਤਿਹਾਸ ਦਾ ਇਕ ਅੰਗ ਬਣ ਕੇ ਹਥਲੀ ਪੁਸਤਕ ਦਾ ਆਧਾਰ-ਪ੍ਰਬੰਧ ਜ਼ਰੂਰ ਬਣ ਗਈ ਹੈ। ਭਾਵੇਂ ਅਸੀਂ ਬੇਪ੍ਰਵਾਹ ਲੋਕਾਂ ਨੇ ਸ. ਭਿੰਡਰਾਂਵਾਲੇ ਜਿਹੀ ਕ੍ਰਿਸ਼ਮਈ ਸ਼ਖ਼ਸੀਅਤ ਨੂੰ ਕਿ ਮਿਥ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਤਾਂ ਵੀ ਉਸ ਦੀ 'ਗਰਜ' ਇਤਿਹਾਸ ਦੇ ਪੰਨਿਆਂ ਵਿਚੋਂ ਸੁਣੀ ਜਾ ਸਕਦੀ ਹੈ। ਅਕਾਲ ਚਲਾਣੇ ਉਪਰੰਤ 40 ਵਰ੍ਹੇ ਬੀਤ ਜਾਣ ਦੇ ਬਾਵਜੂਦ ਤਸਵੀਰਾਂ, ਤਕਰੀਰਾਂ, ਫੋਟੋਗ੍ਰਾਫ਼ਾਂ ਅਤੇ ਰਸਾਲਿਆਂ, ਕਿਤਾਬਾਂ ਵਿਚ ਉਹ ਪੂਰੀ ਤਰ੍ਹਾਂ ਨਾਲ ਸਜੀਵ ਹੈ। ਕਿਸੇ ਵੀ ਪਿੰਡ, ਸ਼ਹਿਰ ਵਿਚ ਲੱਗਣ ਵਾਲੇ ਮੇਲਿਆਂ ਦੇ ਧਾਰਮਿਕ ਸੱਭਿਆਚਾਰ ਪਰਿਸਰ ਵਿਚ ਉਸ ਦੇ ਚਿੱਤਰ ਅਤੇ ਕਿਤਾਬਾਂ ਹੋਰ ਸਭ ਸਾਹਿਤ ਤੋਂ ਵੱਧ ਵਿਕਦੀਆਂ ਹਨ। ਉਸ ਦੇ ਨਾਂਅ ਦਾ ਸਹਾਰਾ ਲੈ ਕੇ ਪੰਜਾਬ ਦੇ ਬਹੁਤ ਸਾਰੇ ਰਾਜਸੀ ਨੇਤਾ 'ਆਪਣੀ ਮੰਝਧਾਰ ਵਿਚ ਫਸੀ ਬੇੜੀ ਨੂੰ' ਪਾਰ ਲਗਾ ਗਏ ਹਨ। ਕੇਵਲ ਆਪਣੇ ਦੇਸ਼ ਵਿਚ ਹੀ ਨਹੀਂ ਬਲਕਿ ਕੈਨੇਡਾ-ਅਮਰੀਕਾ ਵਿਚ ਬੈਠੇ ਲੋਕ ਵੀ ਘਰੇ ਬੈਠੇ, ਬਾਬਾ ਭਿੰਡਰਾਂਵਾਲੇ ਦਾ ਨਾਂਅ ਲੈ ਕੇ ਪਾਰਲੀਮਾਨੀ ਅਤੇ ਹੋਰ ਚੋਣਾਂ ਜਿੱਤ ਜਾਂਦੇ ਹਨ। ਸਿੱਖ ਕੌਮ ਦੀਆਂ ਗਣਤੰਤਰੀ ਆਕਾਂਖਿਆਵਾਂ ਭਿੰਡਰਾਂਵਾਲੇ ਦੀ ਸਿਮਰਤੀ ਵਿਚੋਂ ਫੁਟਦੀਆਂ-ਵਿਗਸਦੀਆਂ ਹਨ।
ਬੇਸ਼ੱਕ, ਲੇਖਕ ਕਿਸੇ ਪ੍ਰਕਾਰ ਦੀ ਕੱਟੜ ਮਾਨਸਿਕਤਾ ਦਾ ਸ਼ਿਕਾਰ ਨਹੀਂ ਹੈ। ਨਾ ਹੀ ਉਹ ਪੰਜਾਬ ਵਿਚ ਰਹਿਣ ਵਾਲੀਆਂ ਹੋਰ ਕੌਮਾਂ ਜਾਂ ਜਾਤਾਂ-ਜਮਾਤਾਂ ਦਾ ਵਿਰੋਧੀ ਹੈ, ਪਰ ਉਹ ਭਿੰਡਰਾਂਵਾਲੇ ਦੀ 'ਫਿਨਾਮਿਨਾ' ਨੂੰ ਸਹੀ ਤਰ੍ਹਾਂ ਨਾਲ ਸਮਝਣਾ ਚਾਹੁੰਦਾ ਹੈ। ਇਸ ਮੰਤਵ ਲਈ ਉਸ ਨੇ ਅਕਾਲੀ ਪਾਰਟੀ ਦੀ ਰਵਾਇਤੀ ਲੀਡਰਸ਼ਿਪ ਨੂੰ ਵੀ ਆਪਣੇ ਰਾਡਾਰ ਉੱਪਰ ਲਿਆ ਹੈ ਅਤੇ ਉਨ੍ਹਾਂ ਦੀ ਕੁਨਬਾ-ਪਰਵਰੀ ਤੇ ਲੋਭ-ਲਾਲਚ ਨੂੰ ਨੰਗਾ ਕੀਤਾ ਹੈ। ਇਹ ਪੁਸਤਕ ਭਿੰਡਰਾਂਵਾਲੇ ਦੀ ਜਾਦੂਈ ਸ਼ਖ਼ਸੀਅਤ ਦਾ ਵੈਕਲਪਿਕ ਇਤਿਹਾਸ ਹੈ। ਹੋ ਸਕਦਾ ਹੈ, ਕਿਸੇ ਨੂੰ ਇਹ ਬਹੁਤ ਪਸੰਦ ਆਵੇ ਅਤੇ ਕੋਈ ਹੋਰ ਇਸ ਨਾਲ ਬਿਲਕੁਲ ਵੀ ਸਹਿਮਤ ਨਾ ਹੋਵੇ। ਇਹ ਇਕ 'ਸੈਮੀਨਲ' ਰਚਨਾ ਹੈ ਅਤੇ ਅਜਿਹੀਆਂ ਰਚਨਾਵਾਂ ਦੀ ਹੋਣੀ ਇਸੇ ਪ੍ਰਕਾਰ ਦੀ ਹੁੰਦੀ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਤਖ਼ਤੂਪੁਰੇ ਦੀਆਂ ਕਲਮਾਂ
ਸੰਪਾਦਕ : ਲੇਖਕ ਵਿਚਾਰ ਮੰਚ ਤਖ਼ਤੂਪੁਰੇ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼ (ਬਠਿੰਡਾ)
ਮੁੱਲ : 220 ਰੁਪਏ, ਸਫ਼ੇ : 172
ਸੰਪਰਕ : 99157-41606
'ਤਖ਼ਤੂਪੁਰੇ ਦੀਆਂ ਕਲਮਾਂ' ਪੁਸਤਕ ਲੇਖਕ ਵਿਚਾਰ ਮੰਚ ਤਖ਼ਤੂਪੁਰੇ ਵਲੋਂ ਪ੍ਰਕਾਸ਼ਿਤ ਕਰਵਾਈ ਗਈ ਹੈ। ਇਸ ਦੇ ਸੰਪਾਦਕੀ ਮੰਡਲ ਵਿਚ ਸਰਵਸ੍ਰੀ ਸਾਦਿਕ ਤਖਤੂਪੁਰੀਆ, ਮਨਦੀਪ ਕੁੰਦੀ ਤਖ਼ਤੂਪੁਰੇ, ਸਾਗਰ ਤਖ਼ਤੂਪੁਰੇ, ਗਗਨ ਧਾਲੀਵਾਲ ਤਖ਼ਤੂਪੁਰੇ ਅਤੇ ਕੁਲਦੀਪ ਦੀਪ (ਸਾਦਿਕ ਪਬਲੀਕੇਸ਼ਨਜ਼) ਸ਼ਾਮਿਲ ਹਨ। ਇਹ ਪੁਸਤਕ ਪਿੰਡ ਤਖ਼ਤੂਪੁਰੇ ਦੇ ਗੁੰਮਨਾਮ ਤੁਰ ਗਏ ਲੇਖਕਾਂ ਨੂੰ ਸਮਰਪਿਤ ਕੀਤੀ ਗਈ ਹੈ। ਕਿਸੇ ਪਿੰਡ ਜਾਂ ਸ਼ਹਿਰ ਦੇ ਸਮੁੱਚੇ ਲੇਖਕਾਂ ਦੀ ਸ਼ਨਾਖਤ ਕਰਨਾ ਅਤਿ-ਕਠਿਨ ਕਾਰਜ ਹੈ ਕਿਉਂਕਿ ਇਹ ਖੋਜ ਅਤੇ ਸਰਵੇਖਣ ਨਾਲ ਜੁੜਿਆ ਹੋਇਆ ਮਸਲਾ ਹੈ। ਸਾਦਿਕ ਤਖਤੂਪੁਰੀਆ ਦੇ 'ਜੇਕਰ ਤਖਤੂਪੁਰੇ ਦੇ ਲੇਖਕਾਂ ਦੀ ਗੱਲ ਕਰੀਏ ਤਾਂ ਸਰਦਾਰ ਸ਼ੇਰ ਸਿੰਘ ਸੰਦਲ ਤੋਂ ਪਹਿਲਾਂ ਦਾ ਸਾਨੂੰ ਕੋਈ ਪੁਰਾਣਾ ਲੇਖਕ ਨਹੀਂ ਲੱਭਿਆ। ਸਾਨੂੰ ਬਹੁਤ ਅਫਸੋਸ ਹੈ ਕਿ ਪਿੰਡ ਤਖਤੂਪੁਰੇ ਦੇ ਪਤਾ ਨਹੀਂ ਕਿੰਨੇ ਲੇਖਕ ਗੁੰਮਨਾਮ ਹੀ ਤੁਰ ਗਏ ਹੋਣਗੇ ਪਤਾ ਨਹੀਂ ਤਖਤੂਪੁਰੇ ਦੇ ਕਿੰਨੇ ਕੁ ਲੇਖਕਾਂ ਦੀਆਂ ਰਚਨਾਵਾਂ ਉਨ੍ਹਾਂ ਦੇ ਘਰ ਵਾਲਿਆਂ ਨੇ ਰੱਦੀ ਸਮਝ ਕੇ ਰੱਦੀ ਵਾਲਿਆਂ ਨੂੰ ਵੇਚ ਦਿੱਤੀਆਂ ਹੋਣਗੀਆਂ ਨੇ। ਸ਼ਬਦ ਸਾਡੇ ਅਵੇਸਲੇਪਨ ਦਾ ਸਬੂਤ ਦਿੰਦੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ ਨੇ ਸਾਨੂੰ 'ਸ਼ਬਦ' ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਸੀ ਪਰ ਅਸੀਂ 'ਸ਼ਬਦ' ਨੂੰ ਸਿਰਫ਼ ਮੱਥਾ ਟੇਕਣ ਦੀ ਪ੍ਰਵਿਰਤੀ ਹੀ ਅਪਣਾ ਲਈ ਹੈ। ਇਸ ਪੁਸਤਕ ਵਿਚ ਸਰਵਸ੍ਰੀ ਸਵ. ਕਵੀਸ਼ਰ ਸਿੰਘ ਸੰਦਲ, ਸਵ. ਸ਼ਹੀਦ ਸਿੰਘ ਤਖ਼ਤੂਪੁਰੇ, ਮਾ. ਰਣਜੀਤ ਸਿੰਘ ਬਾਜ, ਭੱਟੀ ਤਖਤੂਪੁਰੀਆ, ਸਵ. ਬਲਜੀਤ ਸਿੰਘ ਬੱਲੀ ਤਖਤੂਪੁਰੀ, ਹਰਜਿੰਦਰ ਸਿੰਘ ਤਖ਼ਤੂਪੁਰੇ (ਸੂਬੇਦਾਰ ਮੇਜਰ), ਬਚਿੱਤਰ ਸਿੰਘ ਭੱਟੀ, ਹਾਕਮ ਸਿੰਘ ਤਖਤੂਪੁਰੀਆ, ਨੈਬ ਧਾਲੀਵਾਲ, ਭੱਟੀ ਮੌੜਾਂ ਵਾਲਾ (ਤਖ਼ਤੂਪੁਰੇ), ਸੇਵਕ ਤਖ਼ਤੂਪੁਰੇ, ਸੁਰਜੀਤ ਤਖਤੂਪੁਰੀਆ, ਕੁਲਵਿੰਦਰ ਸਿੰਘ, ਮਨਦੀਪ ਕੁੰਦੀ ਤਖ਼ਤੂਪੁਰੇ, ਤਖਤੂਪੁਰੀਆ ਸ਼ੀਰਾ, ਸਾਗਰ ਤਖ਼ਤੂਪੁਰੇ, ਗੁਰਪ੍ਰੀਤ ਗੁਰੀ ਤਖਤੂਪੁਰੀਆ, ਕਮਲਦੀਪ ਤਖ਼ਤੂਪੁਰੇ, ਬਿੰਦੂ ਤਖ਼ਤੂਪੁਰੇ, ਪਾਲਾ ਤਖਤੂਪੁਰੀਆ, ਜਸ ਕੁੰਦੀ ਤਖ਼ਤੂਪੁਰੇ, ਹੈਰੀ ਤਖਤੂਪੁਰੀ (ਹੈਰੀ ਲੁੱਟਰ), ਗੋਗੀ ਮਾਨ, ਲਵੀ ਤਖ਼ਤੂਪੁਰੇ, ਗੁਰਸੰਗਤ ਤਖ਼ਤੂਪੁਰੇ, ਜੱਸਾ ਤਖ਼ਤੂਪੁਰੇ, ਨਵੀ ਧਾਲੀਵਾਲ, ਕੇਵਲ ਸਰਾਂ ਤਖ਼ਤੂਪੁਰੇ, ਤੋਚੀ ਧਾਲੀਵਾਲ, ਗੋਰਾ ਤਖ਼ਤੂਪੁਰੇ, ਰਮਨਦੀਪ ਧਾਲੀਵਾਲ, ਕਵੀਸ਼ਰ ਲਖਵੀਰ ਸਿੰਘ ਤਖ਼ਤੂਪੁਰੇ, ਇੰਦਰ ਗਿੱਲ ਤਖ਼ਤੂਪੁਰੇ, ਗਿੱਲ ਤਖ਼ਤੂਪੁਰੇ, ਡਾ. ਗਗਨ ਤਖ਼ਤੂਪੁਰੇ, ਕਰਨੈਲ ਲੰਬੜਦਾਰ ਦਾ ਪੋਤਾ, ਕਲੱਚ ਤਖਤੂਪੁਰੀ, ਨਿੰਮਾ ਤਖ਼ਤੂਪੁਰੇ, ਸੱਤਪਾਲ ਤਖਤੂਪੁਰੀ, ਧੰਮੀ ਤਖ਼ਤੂਪੁਰੇ, ਜਿੰਦ ਧਾਲੀਵਾਲ, ਇੰਦਰ ਤਖਤੂਪੁਰੀਆ, ਨੈਬ ਤਖਤੂਪੁਰੀਆ, ਸਰਬਜੀਤ ਕੌਰ, ਗੁਰਿੰਦਰ ਧਾਲੀਵਾਲ ਅਤੇ ਸਾਦਿਕ ਤਖਤੂਪੁਰੀਆ 52 ਕਲਮਾਂ ਦੇ ਕਲਾਮ ਦਰਜ ਹਨ। ਜਿਥੇ ਇਨ੍ਹਾਂ ਲੇਖਕਾਂ ਵਲੋਂ ਕਾਵਿਕ ਰਚਨਾਵਾਂ, ਕਵੀਸ਼ਰੀ ਗੀਤ, ਛੰਦ ਬੱਧ, ਰਚਨਾਵਾਂ ਆਦਿ ਰਚੀਆਂ ਗਈਆਂ ਹਨ। ਉਥੇ ਹੀ ਵਧੀ ਹੋਈ ਡੀ.ਏ. ਕਿਸ਼ਤ, ਦੂਰਅੰਦੇਸ਼ੀ, ਭੁਲੇਖਾ, ਆਸਤਕ ਤੇ ਨਾਸਤਕ, ਵਿਸ਼ਵਾਸ, ਆਪਣਾਪਨ ਤੇ ਪਿਆਰ, ਸਭ ਤੋਂ ਖ਼ਤਰਨਾਕ, ਸੂਲਾਂ ਆਦਿ ਕਹਾਣੀਆਂ ਵੀ ਸੰਕਲਿਤ ਕੀਤੀਆਂ ਗਈਆਂ ਹਨ। ਇਹ ਦੋ ਕਾਰਨਾਂ ਕਰਕੇ ਵੱਖਰੀ ਹੈਸੀਅਤ ਰੱਖਦੀ ਹੈ। ਪਹਿਲੀ ਕਿ ਪਿੰਡ ਦੀ ਸਾਹਿਤਕ ਲਹਿਰ ਦਾ ਸਰਵੇਖਣ ਪਾਠਕ ਨੂੰ ਮਿਲ ਜਾਵੇਗਾ। ਦੂਸਰਾ ਇਨ੍ਹਾਂ ਰਚਨਾਵਾਂ ਰਾਹੀਂ ਖਿੱਤੇ ਦੀ ਮਾਨਸਿਕਤਾ ਅਤੇ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਨ੍ਹਾਂ ਰਚਨਾਵਾਂ ਵਿਚ ਸਮਕਾਲੀ ਸਮੇਂ ਦੀਆਂ ਸਮੁੱਚੀਆਂ ਸਮੱਸਿਆਵਾਂ ਨੂੰ ਪ੍ਰਗਟਾਇਆ ਹੈ। ਨਸ਼ਾ ਖੋਰੀ, ਕੁਨਬਾ ਪਰਵਰੀ, ਦਾਜ ਦੀ ਸਮੱਸਿਆ, ਔਰਤਾਂ ਦੀ ਦੁਰਦਸ਼ਾ, ਉਚਤਾ-ਨੀਚਤਾ ਦਾ ਭੇਦ-ਭਾਵ, ਧਾਰਮਿਕ ਕੱਟੜਤਾ, ਸੱਭਿਆਚਾਰਕ ਵਿਗਾੜ, ਰਿਸ਼ਵਤ-ਖੋਰੀ ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਸੁਰਿੰਦਰ ਸ਼ਰਮਾ, ਸੇਵਕ ਤਖ਼ਤੂਪੁਰੇ, ਗੁਰਿੰਦਰ ਧਾਲੀਵਾਲ ਆਦਿ ਲੇਖਕਾਂ ਦੇ ਪੰਨੇ ਖਾਲੀ ਹੀ ਹਨ। ਅਜਿਹਾ ਕਿਉਂ ਹੈ, ਇਸ ਦਾ ਉੱਤਰ ਤਾਂ ਸੰਪਾਦਕੀ ਮੰਡਲ ਹੀ ਦੇ ਸਕਦਾ ਹੈ। ਇਹ ਪੁਸਤਕ ਇਸ ਕਰਕੇ ਵਿਲੱਖਣ ਸਮਝਣੀ ਚਾਹੀਦੀ ਹੈ ਕਿ ਇਸ ਰਾਹੀਂ ਸੰਪਾਦਕੀ ਮੰਡਲ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਾਕੀ ਪਦਾਰਥਕ ਵਸਤਾਂ ਦੀ ਤਰ੍ਹਾਂ ਲੇਖਕਾਂ ਵਲੋਂ ਰਚੀਆਂ ਰਚਨਾਵਾਂ ਵੀ ਮਹੱਤਵਪੂਰਨ ਹੁੰਦੀਆਂ ਹਨ। ਸ਼ਬਦਾਂ ਦੀ ਦੌਲਤ ਦੇ ਬਰਾਬਰ ਕੋਈ ਹੋਰ ਕੋਈ ਦੌਲਤ ਨਹੀਂ ਹੋ ਸਕਦੀ। ਲੇਖਕ ਵੀ ਸਮਾਜ ਦਾ ਬਹੁਮੁੱਲਾ ਸਰਮਾਇਆ ਹਨ। ਇਕ ਲੇਖਕ ਦੀ ਲੇਖਣੀ ਨਾਲ ਪਿੰਡ ਦੇਸ਼ਾਂ-ਪ੍ਰਦੇਸ਼ਾਂ ਵਿਚ ਜਾਣਿਆ ਜਾਂਦਾ ਹੈ। ਸਾਦਿਕ ਤਖਤੂਪੁਰੇ ਨੇ ਬੋਲੀਆਂ ਰਾਹੀਂ ਸਮੁੱਚੇ ਪਿੰਡ ਦਾ ਨਕਸ਼ਾ ਉਲੀਕ ਦਿੱਤਾ ਹੈ। ਕੁਝ ਘਰ ਕੈਨੇਡਾ ਵਾਸੀ ਹੋ ਗਏ ਹਨ, ਪਿੰਡ ਦੇ ਕਿੱਤਿਆਂ, ਤਿਉਹਾਰਾਂ ਨਾਲ ਸੰਬੰਧਿਤ ਵੀ ਬੋਲੀਆਂ ਹਨ। ਮੋਟੁ ਫ਼ੌਜੀ ਕਬੱਡੀ ਖੇਡਦਾ ਸੀ, ਇਸੇ ਤਰ੍ਹਾਂ ਨਾਜ਼ਰ ਸਿੰਘ ਪੀ.ਟੀ. ਮਾਸਟਰ ਹੈ। ਮੁਨਸ਼ਾ ਸਿੰਘ ਐਮ.ਐਲ.ਏ. ਦੀ ਰਾਜਨੀਤੀ ਦਾ ਵੀ ਜ਼ਿਕਰ ਹੈ। ਸੰਪਾਦਕੀ ਮੰਡਲ ਨੂੰ ਬਹੁਤ-ਬੁਹਤ ਮੁਬਾਰਕਾਂ। ਪਾਠਕ ਵੀ ਇਸ ਪੁਸਤਕ ਨੂੰ ਪੜ੍ਹਦਿਆਂ ਖ਼ੁਸ਼ੀ ਮਹਿਸੂਸ ਕਰਨਗੇ।
-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096
ਕੁੱਲ ਮਿਲਾ ਕੇ
ਲੇਖਕ : ਤਰਲੋਕ ਸਿੰਘ ਆਨੰਦ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਰਾਮਪੁਰ (ਲੁਧਿਆਣਾ)
ਮੁੱਲ : 350 ਰੁਪਏ, ਸਫ਼ੇ: 160
ਸੰਪਰਕ : 98158-80489
ਤਰਲੋਕ ਸਿੰਘ ਆਨੰਦ ਇਕ ਅਜਿਹੇ ਵਿਲੱਖਣ ਕਵੀ ਹਨ, ਜਿਨ੍ਹਾਂ ਨੂੰ ਕਵਿਤਾ ਗੁੜ੍ਹਤੀ ਵਾਂਗ ਮਿਲੀ। ਪੁਸਤਕ ਦੇ ਸ਼ੁਰੂ ਵਿਚ ਆਪਣੀ ਕਵਿਤਾ ਦੀ ਕਹਾਣੀ ਵਿਚ ਉਹ ਲਿਖਦੇ ਹਨ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੇ ਪਿਤਾ ਨੂੰ ਕੋਈ ਨਾ ਕੋਈ ਕਵਿਤਾ ਪੜ੍ਹਦੇ ਦੇਖਿਆ। ਬਚਪਨ ਵਿਚ ਹੀ ਉਨ੍ਹਾਂ ਨੂੰ 'ਸਾਵੇਂ ਪੱਤਰ' ਦੀਆਂ ਲਗਭਗ ਸਾਰੀਆਂ ਕਵਿਤਾਵਾਂ ਜ਼ੁਬਾਨੀਂ ਯਾਦ ਹੋ ਗਈਆਂ ਸਨ। ਅਜਿਹੇ ਸਾਜ਼ਗਾਰ ਮਾਹੌਲ ਵਿਚ ਉਨ੍ਹਾਂ ਦਾ ਏਨੀ ਖ਼ੂਬਸੂਰਤ ਗ਼ਜ਼ਲ ਕਹਿਣਾ ਸੁਭਾਵਿਕ ਹੀ ਹੈ:
ਦੋ ਕੁ ਕੌੜੇ ਸ਼ਬਦ ਕਹਿ ਕੇ
ਹੋ ਗਿਆ ਖ਼ਾਮੋਸ਼ ਉਹ,
ਪੌਣ ਦੇ ਵਿਚ ਜ਼ਹਿਰ
ਪਰ ਘੁਲ਼ਿਆ ਰਹੇਗਾ ਦੇਰ ਤੱਕ।
ਪੰਜਾਬ ਦੀ ਨੌਜਵਾਨ ਪੀੜ੍ਹੀ ਅੰਨ੍ਹੇਵਾਹ ਵਿਦੇਸ਼ਾਂ ਨੂੰ ਤੁਰੀ ਜਾ ਰਹੀ ਹੈ। ਅਜਿਹਾ ਨਹੀਂ ਹੈ ਕਿ ਜਾਣ ਵਾਲਿਆਂ ਵਿਚ ਕੇਵਲ ਬੇਰੁਜ਼ਗਾਰੀ ਦੇ ਝੰਬੇ ਹੋਏ ਨੌਜਵਾਨ ਹੀ ਹਨ ਬਲਕਿ ਇਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਹੈ। ਕਿਹਾ ਜਾ ਸਕਦਾ ਹੈ ਕਿ ਸ਼ਾਇਦ ਪੰਜਾਬ ਦੀ ਸਰਜ਼ਮੀਨ ਨੂੰ ਹੁਣ ਰਹਿਣ ਦੇ ਯੋਗ ਹੀ ਨਹੀਂ ਸਮਝਿਆ ਜਾ ਰਿਹਾ। ਪਰ ਤਰਲੋਕ ਸਿੰਘ ਆਨੰਦ ਇਨ੍ਹਾਂ ਜਾਣ ਵਾਲਿਆਂ ਦੇ ਮਨਾਂ ਦੀ ਸੂਖਮ ਪੀੜਾ ਨੂੰ ਭਲੀ-ਭਾਂਤ ਮਹਿਸੂਸ ਕਰਦੇ ਹਨ:
ਖ਼ਬਰੇ ਕਿਹੜੀ ਵਸਤੂ ਸੀ
ਜੋ ਛੱਡ ਆਇਆ ਹੈ ਪਿੱਛੇ ਉਹ,
ਓਨਾ ਹੀ ਘਰ ਚੇਤੇ ਆਵੇ,
ਜਿੰਨਾ ਜਾਵੇ ਦੂਰ ਮੁਸਾਫ਼ਿਰ।
ਇਸ ਪੁਸਤਕ ਤੋਂ ਪਹਿਲਾਂ ਤਰਲੋਕ ਸਿੰਘ ਆਨੰਦ ਦਾ ਇਕ ਕਾਵਿ-ਸੰਗ੍ਰਹਿ, ਇਕ ਗ਼ਜ਼ਲ-ਸੰਗ੍ਰਹਿ, ਛੇ ਸੰਪਾਦਿਤ ਪੁਸਤਕਾਂ, ਚਾਰ ਆਲੋਚਨਾ ਅਤੇ ਖੋਜ ਦੀਆਂ ਪੁਸਤਕਾਂ, ਤਿੰਨ ਗੁਰਮਤਿ ਨਾਲ ਸਬੰਧਿਤ ਪੁਸਤਕਾਂ ਅਤੇ ਦੋ ਲਿਪੀਅੰਤਰਣ ਅਤੇ ਸੰਪਾਦਨ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਬੇਸ਼ੱਕ ਉਨ੍ਹਾਂ ਦੀ ਗ਼ਜ਼ਲਕਾਰੀ ਹਰ ਪੱਖੋਂ ਅਮੀਰ ਅਤੇ ਸਮਰੱਥ ਦਿਖਾਈ ਦਿੰਦੀ ਹੈ ਪਰ ਇਹ ਵੀ ਉਨ੍ਹਾਂ ਦਾ ਵਡੱਪਣ ਹੈ ਕਿ ਉਹ ਅਜੇ ਵੀ ਆਪਣੇ ਆਪ ਨੂੰ ਸਿਖਾਂਦਰੂ ਮੰਨ ਕੇ ਚਲਦੇ ਹਨ। ਪੰਜਾਬੀ ਪਾਠਕਾਂ ਨੂੰ ਅਜਿਹੀ ਵਡਮੁੱਲੀ ਸੌਗਾਤ ਦੇਣ ਲਈ ਉਹ ਸੱਚਮੁੱਚ ਹੀ ਵਧਾਈ ਦੇ ਹੱਕਦਾਰ ਹਨ।
-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027
ਬਾਵਾ ਭਗਵਾਨ ਦਾਸ ਕ੍ਰਿਤ
ਭਗਵਾਨ ਬਲਾਸ ਸੁਖਨਲ ਸਾਰ
ਲੇਖਕ/ਸੰਪਾਦਕ : ਡਾ. ਪਰਮਵੀਰ ਸਿੰਘ, ਡਾ. ਕੁਲਵਿੰਦਰ ਸਿੰਘ
ਪ੍ਰਕਾਸ਼ਕ : ਪਬਲੀਕੇਸ਼ਨ ਬਿਊਰੋ,
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁੱਲ : 440 ਰੁਪਏ, ਸਫ਼ੇ : 450
ਭਗਵਾਨ ਬਲਾਸ ਸੁਖਨਲ ਸਾਰ ਇਕ ਅਜਿਹਾ ਅਧਿਆਤਮਿਕ ਕਾਵਿ-ਗ੍ਰੰਥ ਹੈ, ਜਿਸ ਨੂੰ ਛੰਦ-ਬਧ ਰਚਨਾ ਦੇ ਰੂਪ ਵਿਚ ਬਾਵਾ ਭਗਵਾਨ ਦਾਸ ਜੀ ਨੇ ਦੋਹਰਾ, ਸ੍ਵੈਯਾ, ਕਬਿਤ, ਰੈਹਕਲਾ, ਬੈਂਤ ਅਤੇ ਡਿਉਢ ਆਦਿ ਵੱਖਰੇ-ਵੱਖਰੇ ਕਾਵਿ-ਰੂਪਾਂ ਵਿਚ ਸੁਹਿਰਦ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ। ਇਸ ਕਾਵਿ-ਗ੍ਰੰਥ ਦੇ ਮੂਲ ਲੇਖਕ ਬਾਵਾ ਭਗਵਾਨ ਦਾਸ ਮੌਜੂਦਾ ਸਮੇਂ ਵਿਚ 'ਸ੍ਰੀ ਨਾਭ ਕੰਵਲ ਰਾਜਾ ਜੀ' ਦੇ ਨਾਂਅ ਨਾਲ ਪ੍ਰਸਿੱਧ ਹਨ। ਇਨ੍ਹਾਂ ਦੇ ਨਾਂਅ ਨਾਲ ਜੁੜਿਆ ਹੋਇਆ 'ਰਾਜਾ' ਸ਼ਬਦ ਵੀ ਇਨ੍ਹਾਂ ਦੀ ਅਧਿਆਤਮਿਕ ਉੱਚਤਾ ਦਾ ਪ੍ਰਤੀਕ ਹੈ। ਇਨ੍ਹਾਂ ਦੇ ਜੀਵਨ ਵਿਚੋਂ ਸਤਿ, ਸੰਤੋਖ, ਦਇਆ, ਧਰਮ ਅਤੇ ਧੀਰਜ ਵਾਲੇ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ। ਅਸਲ ਵਿਚ ਬਾਵਾ ਭਗਵਾਨ ਦਾਸ ਜੀ ਉਨ੍ਹੀਵੀਂ ਸਦੀ ਦੇ ਵਿਰੱਕਤ ਸੰਤ ਹੋਏ ਹਨ। ਅਧਿਆਤਮਿਕ ਗਿਆਨ ਤੋਂ ਬਾਅਦ ਇਨ੍ਹਾਂ ਪਿੰਡ-ਪਿੰਡ ਅਤੇ ਸਾਧੂਆਂ ਨਾਲ ਵਿਚਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਪ੍ਰਚਾਰ ਕੀਤਾ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਝਿੰਗੜਾਂ ਨਾਲ ਇਨ੍ਹਾਂ ਦਾ ਵਿਸ਼ੇਸ਼ ਲਗਾਉ ਸੀ ਕਿਉਂਕਿ ਬਾਬਾ ਜਵਾਹਰ ਦਾਸ ਨਾਲ ਇਨ੍ਹਾਂ ਦਾ ਮਿਲਾਪ ਇਥੇ ਹੀ ਹੋਇਆ ਸੀ। ਇਸ ਤੋਂ ਇਲਾਵਾ ਇਸੇ ਜ਼ਿਲ੍ਹੇ ਦੇ ਪਿੰਡ ਸੁਜੋਂ, ਹੇੜੀਆਂ, ਗੁਣਾਚੌਰ, ਗੋਸਲ, ਗੋਬਿੰਦਪੁਰ, ਭਰੋ ਮਜਾਰਾ, ਮਜਾਰਾ ਨੌਂਅਬਾਦ, ਬੱਲੋਵਾਲ (ਜਨਮ ਅਸਥਾਨ), ਰਹਿਪਾ ਆਦਿ ਵਿਚ ਇਨ੍ਹਾਂ ਦੀ ਯਾਦ ਵਿਚ ਅਸਥਾਨ ਸੁਸ਼ੋਭਿਤ ਹਨ। ਝਿੰਗੜਾਂ ਪਿੰਡ ਵਿਚ ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਉਸਾਰੀ 1906 ਈ. ਵਿਚ ਇਨ੍ਹਾਂ ਨੇ ਹੀ ਕਰਵਾਈ ਸੀ। ਪੰਜਾਬੀ ਯੂਨੀਵਰਸਿਟੀ ਨੂੰ ਇਸ ਅਧਿਆਤਮਿਕ ਕਾਵਿ-ਗ੍ਰੰਥ ਦਾ ਖਰੜਾ ਕਾਪੀ ਦੇ ਰੂਪ ਪ੍ਰਾਪਤ ਹੋਇਆ। ਇਸ ਗ੍ਰੰਥ ਦੇ ਲੇਖਕ/ਸੰਪਾਦਕਾਂ ਨੇ ਖੋਜਾਰਥੀਆਂ ਅਤੇ ਵਿਦਿਆਰਥੀ ਦੇ ਲਾਭਹਿੱਤ ਮੂਲ ਲੇਖਕ ਨਾਲ ਸੰਬੰਧਿਤ ਅਸਥਾਨਾਂ ਮੌਜੂਦਾ ਗੁਰਦੁਆਰਿਆਂ ਦੇ ਪ੍ਰਬੰਧਕਾਂ, ਮੁਹਤਬਰਾਂ ਨੂੰ ਮਿਲ ਕੇ ਵੀ ਭਰਪੂਰ ਜਾਣਕਾਰੀ ਇਕੱਤਰ ਕੀਤੀ। ਇਸ ਕਾਵਿ-ਗ੍ਰੰਥ ਨੂੰ ਵਾਚਣ ਤੋਂ ਬਾਅਦ ਪਾਠਕ ਇਹ ਅਨੁਭਵ ਕਰੇਗਾ, ਬਾਵਾ ਭਗਵਾਨ ਦਾਸ ਇਕ ਸਧਾਰਨ ਕਵੀ ਹੀ ਨਹੀਂ ਸਨ, ਸਗੋਂ ਉਹ ਰੱਬੀ ਰੰਗ ਵਿਚ ਰੰਗੀਹੋਈ ਆਤਮਾ ਦੇ ਮਾਲਕ ਵੀ ਸਨ।
ਜੇਕਰ ਦੂਜੇ ਧਰਮ ਗ੍ਰੰਥਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਗ੍ਰੰਥ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਪ੍ਰਭਾਵ ਦੇ ਝਲਕਾਰੇ ਥਾਂ-ਪੁਰ-ਥਾਂ ਮਿਲਦੇ ਹਨ। ਇਸ ਤੋਂ ਇਲਾਵਾ ਇਸ ਗ੍ਰੰਥ ਵਿਚ ਵਰਤੇ ਕਾਵਿ-ਰੂਪਾਂ ਵਿਚ ਉਨ੍ਹਾਂ ਪਰਿਵਾਰਕ, ਸਮਾਜਿਕ ਅਤੇ ਧਾਰਮਿਕ ਰਿਸ਼ਤਿਆਂ ਵਿਚਲੇ ਲਾਲਚ ਅਤੇ ਸਵਾਰਥੀ ਰੁੱਚੀ ਨੂੰ ਵੀ ਪੇਸ਼ ਕੀਤਾ ਹੈ। ਇਸ ਗ੍ਰੰਥ ਦੇ ਕਰਤਾ ਨੇ ਪਰਮਾਤਮਾ ਨੂੰ 'ਸ੍ਰਿਸ਼ਟੀ' ਦਾ ਕਰਤਾ, ਭਰਤਾ, ਹਰਤਾ, ਅਦ੍ਰਿਸ਼, ਅਨਾਸ, ਅਚਲ, ਅਪ੍ਰੋਖ, ਨਿਰਾਕਾਰ, ਨਿਰਵੈਰ, ਨਿਰਦੋਖ ਦੱਸਦੇ ਹੋਏ ਉਸ ਪ੍ਰਭੂ ਨਾਲ ਜੁੜਨ ਦੀ ਸਿੱਖਿਆ ਦਿੱਤੀ ਹੈ। ਇਸ ਤੋਂ ਇਲਾਵਾ ਪਰਮਾਤਮਾ ਦੀ ਸਰਬ ਵਿਆਪਕਤਾ, ਗੁਰੂ ਦੀ ਮਹਿਮਾ ਅਤੇ ਮਹੱਤਵ, ਮਾਇਆ ਤੇ ਵਿਕਾਰ, ਸਤਿਸੰਗ ਦਾ ਪ੍ਰਭਾਵ, ਦੇਹੀ ਦੀ ਸ੍ਰੇਸ਼ਟਤਾ ਅਤੇ ਨਾਸ਼ਮਾਨਤਾ, ਵਹਿਮਾਂ ਭਰਮਾਂ ਤੋਂ ਦੂਰੀ ਬਣਾ ਕੇ ਰੱਖਣ ਲਈ ਆਦੇਸ਼, ਵਿਕਾਰਾਂ ਅਤੇ ਨਸ਼ਿਆਂ ਤੋਂ ਛੁਟਕਾਰਾ, ਦੂਰ ਦ੍ਰਿਸ਼ਟੀ ਵਾਲੀ ਸੋਚ, ਮਾਸ ਖਾਣ ਤੋਂ ਪ੍ਰਹੇਜ਼, ਪਰਾਈ ਇਸਤਰੀ ਤੋਂ ਦੂਰ ਰਹਿਣ ਦੀ ਸਿੱਖਿਆ, ਉੱਚ ਗ੍ਰਹਿਸਤੀ ਜੀਵਨ ਜਿਊਣ ਦੀ ਜਾਚ, ਅਵਾਗਵਣ ਤੋਂ ਬਾਹਰ ਨਿਕਲਣ ਦੀ ਪ੍ਰੇਰਨਾ ਅਤੇ ਪਰਮਾਤਮਾ ਨਾਲ ਜੁੜਨਾ ਹੀ ਮਨੁੱਖੀ ਜੀਵਨ ਦਾ ਲਕਸ਼ ਤੇ ਨਿਸ਼ਾਨਾ ਹੋਣਾ ਚਾਹੀਦਾ ਹੈ। ਗ੍ਰੰਥ ਦੇ ਕਰਤਾ ਦਾ ਸਭ ਤੋਂ ਵੱਡਾ ਗੁਣ ਵੱਖ-ਵੱਖ ਭਾਸ਼ਾਵਾਂ ਪੰਜਾਬੀ, ਅਰਬੀ, ਫਾਰਸੀ, ਉਰਦੂ ਦਾ ਮਾਹਰ ਹੋਣਾ ਹੈ। ਗ੍ਰੰਥ ਵਿਚ ਲਿਖੀ ਸਿਹਰਫ਼ੀ ਵੀ ਇਸ ਗੱਲ ਦੀ ਪ੍ਰਤੱਖ ਗਵਾਹੀ ਦਿੰਦੀ ਹੈ ਕਿ ਆਪ ਇਨ੍ਹਾਂ ਸਾਰੀਆਂ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਦੇ ਸਨ। ਇਸ ਗ੍ਰੰਥ ਵਿਚ ਆਪਣੇ ਨਿੱਜੀ ਅਨੁਭਵ ਤੋਂ ਬਿਨਾਂ ਅਨੇਕਾਂ ਰੱਬੀ-ਰੰਗ ਵਿਚ ਰੰਗੀਆਂ ਸ਼ਖ਼ਸੀਅਤਾਂ ਅਤੇ ਦੂਸਰੇ ਗ੍ਰੰਥਾਂ ਦੇ ਬਚਨਾਂ ਨਾਲ ਵੀ ਸਾਂਝ ਪੁਆਈ ਹੈ। ਇਸ ਗ੍ਰੰਥ ਦੇ ਮੁੱਢਲੇ ਹਿੱਸੇ ਵਿਚ ਸ੍ਵੈਯਾ, ਦੂਜੇ ਹਿੱਸੇ ਵਿਚ ਕਬਿਤ, ਤੀਜੇ ਭਾਗ ਵਿਚ ਦੋਹਰੇ, ਚੌਥੇ ਵਿਚ ਰੈਹਕਲੇ, ਪੰਜਵੇਂ ਭਾਗ ਵਿਚ ਸੀਹਰਫ਼ੀ ਅਤੇ ਅੰਤ ਵਿਚ ਦੋਹਰੇ ਸ਼ਾਮਿਲ ਕੀਤੇ ਗਏ ਹਨ। ਇਸ ਗ੍ਰੰਥ ਦੇ ਪਾਠ-ਸੰਪਾਦਕ, ਸ਼ਬਦਾਰਥ ਅਤੇ ਭਾਵਾਰਥ ਦਾ ਕਠਿਨ ਕਾਰਜ ਕਰਦਿਆਂ ਸੰਪਾਦਕ/ਲੇਖਿਕਾ ਨੇ ਸਖਤ ਘਾਲਣਾ ਘਾਲੀ ਹੈ। ਭਰਪੂਰ ਆਸ ਹੈ ਇਹ ਖੋਜ ਕਾਰਜ, ਵਿਦਿਆਰਥੀਆਂ, ਖੋਜਾਰਥੀਆਂ, ਪਾਠਕਾਂ ਤੇ ਜਗਿਆਸੂਆਂ ਲਈ ਜਿਥੇ ਲਾਹੇਵੰਦ ਹੋਵੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਵਕਤ ਦੀ ਕੈਨਵਸ 'ਤੇ
ਲੇਖਕ : ਗੁਰਦੀਪ ਸਿੰਘ ਵੜੈਚ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250, ਸਫ਼ੇ 173
ਸੰਪਰਕ : 94630-23152
ਹਥਲੀ ਪੁਸਤਕ ਪ੍ਰੌਢ ਲੇਖਕ ਗੁਰਦੀਪ ਸਿੰਘ ਵੜੈਚ ਦੀ 'ਵਕਤ ਦੀ ਕੈਨਵਸ 'ਤੇ' ਦਾ ਦੂਸਰਾ ਸੋਧਿਆ ਹੋਇਆ ਸੰਸਕਰਨ ਹੈ। ਇਸ ਤੋਂ ਪਹਿਲਾਂ ਲੇਖਕ ਦੀਆਂ ਤਿੰਨ ਹੋਰ ਵਾਰਤਕ ਪੁਸਤਕਾਂ 'ਸਾਡੀ ਵੀ ਸੁਣ ਲਵੋ, ਜੀਵਨੀ ਇੱਕ ਕਰਮਯੋਗੀ ਦੀ, ਪਲਕਾਂ ਦੇ ਓਹਲੇ' ਪ੍ਰਕਾਸ਼ਿਤ ਹੋ ਕੇ ਪਾਠਕਾਂ ਵਲੋਂ ਪਸੰਦ ਕੀਤੀਆਂ ਗਈਆਂ ਹਨ। ਲੇਖਕ ਪਾਸ ਜ਼ਿੰਦਗੀ ਦਾ ਡੂੰਘਾ, ਸੂਖਮ ਅਤੇ ਵਿਸਥਾਰਤ ਅਨੁਭਵ ਹੈ ਜੋ ਇਨ੍ਹਾਂ ਦੀਆਂ ਲਿਖਤਾਂ 'ਚੋਂ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਸ ਸੰਵੇਦਨਸ਼ੀਲ ਵਿਅਕਤੀ ਨੇ ਜ਼ਿੰਦਗੀ ਦੌਰਾਨ ਵਾਪਰੀਆਂ ਕੁਝ ਘਟਨਾਵਾਂ, ਨੇੜੇ ਆਈਆਂ ਕੁਝ ਨਾ ਭੁੱਲਣਯੋਗ ਸ਼ਖ਼ਸੀਅਤਾਂ ਨਾਲ ਹੋਈਆਂ ਮੁਲਾਕਾਤਾਂ ਦਾ ਯਥਾਰਥਮਈ ਚਿਤਰਣ ਕੀਤਾ ਹੈ। ਇਨ੍ਹਾਂ ਦਸ ਲੇਖਾਂ ਵਿਚ ਜਿੱਥੇ ਵੱਖੋ-ਵੱਖਰੀਆਂ ਘਟਨਾਵਾਂ ਹਨ, ਪਾਤਰ ਹਨ, ਉਨ੍ਹਾਂ ਨਾਲ ਜੁੜੇ ਹੋਏ ਵੰਨ-ਸੁਵੰਨੇ ਪ੍ਰਸੰਗ ਹਨ, ਕੁਝ ਥਾਵਾਂ ਦੀ ਮੰਜ਼ਰਕਸ਼ੀ ਹੈ, ਕੁਦਰਤ ਦਾ ਦਿਲ ਖਿੱਚਵਾਂ ਚਿਤਰਨ ਹੈ, ਆਤਮਿਕ ਸੰਬੰਧ ਹਨ, ਨਿੱਜੀ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ-ਦੁਰਘਟਨਾਵਾਂ, ਹਾਦਸੇ, ਮਿੱਠੀਆਂ-ਕੌੜੀਆਂ ਯਾਦਾਂ, ਜ਼ਿੰਦਗੀ ਦੇ ਸ਼ੋਖ ਤੇ ਫਿੱਕੇ ਪੈਂਦੇ ਰੰਗਾਂ ਦੇ ਪਰਛਾਵੇਂ ਹਨ, ਕਈ ਜੀਵਨ ਰੱਹਸ ਹਨ, ਜਿਨ੍ਹਾਂ ਨੂੰ ਲੇਖਕ ਨੇ ਸਾਦਾ-ਸਰਲ, ਸਪੱਸ਼ਟ, ਸਹਿਜਤਾ ਅਤੇ ਸੁਹਜਤਾ ਰਾਹੀਂ ਬੜੇ ਹੀ ਰੌਚਕ ਢੰਗ ਨਾਲ ਪੇਸ਼ ਕੀਤਾ ਹੈ। ਇਨ੍ਹਾਂ ਲੇਖਾਂ ਦਾਂ 'ਕਥਨ' (ਸਬਜੈਕਟ) ਤਾਂ ਨਿਵੇਕਲਾ ਹੈ ਹੀ, ਜਿਨ੍ਹਾਂ 'ਤੇ ਨਿੱਜੀ ਸਪਰਸ਼ ਝਲਕਦਾ ਹੈ, ਸਗੋਂ ਲਗਭਗ ਸਾਰੇ ਹੀ ਪਾਤਰ ਇੱਕਦਮ ਸਜੀਵ ਹਨ, ਉੱਥੇ 'ਕਹਨ' ਯਾਨੀ ਸ਼ੈਲੀ ਬਹੁਤ ਰੌਚਕ ਹੈ। ਕਿਧਰੇ ਵੀ ਕੋਈ ਦਿਖਾਵਟੀ ਜਾਂ ਬਣਾਉਟੀਪਨ ਨਹੀਂ ਝਲਕਦਾ। ਗਰੀਬੜਾ ਠੇਕੇਦਾਰ ਦਾ ਧਰਮਾ ਹੋਵੇ, ਕਿਸਮਤ ਦਾ ਧਨੀ ਦਾ ਮਿੰਦਰ ਹੋਵੇ, ਧੰਨਾ ਜੱਟ ਦਾ ਪਾਲੀ, ਨੈਬਾ-ਫੌਜੀ ਦਾ ਨਾਇਬ ਸਿੰਘ ਹੋਵੇ, ਮਿਹਨਤ ਦਾ ਫਲ ਦਾ ਰਜਿੰਦਰ ਕੁਮਾਰ ਹੋਵੇ, ਹਸਮੁੱਖ ਵਿਨੋਦ ਦਾ ਵਿਨੋਦ ਕੁਮਾਰ ਹੋਵੇ, ਗੁਰਮੰਤਰ ਦਾ ਵਿਸਾਖੀ ਸਿੰਘ ਹੋਵੇ, ਗ੍ਰਹਿਸਥੀ ਜੀਵਨ ਦਾ ਗੁਰਦੇਵ, ਡਰ ਦਾ ਹਰਨਾਮ ਸਿੰਘ ਜਾਂ ਫਿਰ ਨਾਵਲਕਾਰ ਸੰਤਵੀਰ ਦਾ ਸੰਤ ਕੁਮਾਰ ਹੋਵੇ, ਸਾਰੇ ਹੀ ਪਾਠਕ ਨੂੰ ਆਪਣੇ-ਆਪਣੇ ਲੱਗਣ ਲੱਗ ਪੈਂਦੇ ਹਨ। ਹਰੇਕ ਲੇਖ ਸਫਲ ਜੀਵਨ ਜਿਊਣ ਲਈ ਉਪਯੋਗੀ ਸੁਨੇਹਾ, ਸੰਕੇਤ ਜਾਂ ਸੂਤਰ ਵੀ ਛੱਡਦਾ ਹੈ। ਪਾਠਕ ਇਸ ਨਿਵੇਕਲੇ ਅੰਦਾਜ਼ ਵਾਲੀ ਪੁਸਤਕ ਜ਼ਰੂਰ ਪਸੰਦ ਕਰਨਗੇ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964
ਮਕਸੂਦ ਸਾਕਿਬ ਦੀਆਂ ਚੋਣਵੀਆਂ ਕਹਾਣੀਆਂ
ਸੰਪਾਦਕ : ਖਾਲਿਦ ਫਰਹਾਦ ਧਾਰੀਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 195 ਰੁਪਏ, ਸਫ਼ੇ : 144
ਸੰਪਰਕ : 99151-03490
ਲਹਿੰਦੇ ਪੰਜਾਬ (ਪਾਕਿਸਤਾਨ) ਦੇ ਸਮਰੱਥ ਕਹਾਣੀਕਾਰ ਮਕਸੂਦ ਸਾਕਿਬ ਦੀਆਂ ਚੋਣਵੀਆਂ 15 ਕਹਾਣੀਆਂ ਦੀ ਇਹ ਪੁਸਤਕ ਲਹਿੰਦੇ ਪੰਜਾਬ ਦੇ ਹੀ ਸਾਹਿਤਕਾਰ ਖਾਲਿਦ ਫਰਹਾਦ ਧਾਰੀਵਾਲ ਨੇ ਸੰਪਾਦਿਤ ਕੀਤੀ ਹੈ। ਇਸ ਪੁਸਤਕ ਵਿਚ ਮਕਸੂਦ ਸਾਕਿਬ ਦੇ ਲਿਖੇ ਤਿੰਨ ਕਹਾਣੀ ਸੰਗ੍ਰਹਿ ਵਿਚੋਂ ਪੰਜ-ਪੰਜ ਕਹਾਣੀਆਂ ਸ਼ਾਮਿਲ ਹਨ। ਸਾਕਿਬ ਸਾਹਿਬ ਦਾ ਪਹਿਲਾ ਕਹਾਣੀ-ਸੰਗ੍ਰਹਿ 1986 ਵਿਚ ਛਪਿਆ ਸੀ। ਦੂਸਰਾ ਸੰਗ੍ਰਹਿ 'ਸੁੱਚਾ ਤਿੱਲਾ' 1995 ਵਿਚ ਤੀਸਰਾ ਸੰਗ੍ਰਹਿ 'ਤੂੰ ਘਰ ਚਲਾ ਜਾ' 2018 ਦੀ ਪ੍ਰਕਾਸ਼ਨਾ ਹੈ। ਚੜ੍ਹਦੇ ਪੰਜਾਬ ਦੇ ਕਹਾਣੀਕਾਰ ਜਿੰਦਰ ਨੂੰ ਸਮਰਪਿਤ ਇਹ ਪੁਸਤਕ ਦੋਵਾਂ ਪੰਜਾਬਾਂ ਦੀ ਸਾਹਿਤਕਾਰੀ ਦਾ ਸੁਮੇਲ ਹੈ। ਪ੍ਰਕਾਸ਼ਕ ਵੀ ਇਧਰੋਂ ਹੈ। ਦੋਵਾਂ ਪੰਜਾਬਾਂ ਦੀ ਸਾਂਝੀ ਮਾਂ ਬੋਲੀ ਪੰਜਾਬੀ ਲਈ ਇਹ ਚੰਗਾ ਭਵਿੱਖ ਹੈ। ਲਹਿੰਦੇ ਪੰਜਾਬ ਦੀਆਂ ਕਿਤਾਬਾਂ ਪਹਿਲਾਂ ਵੀ ਪੜ੍ਹੀਆਂ ਗਈਆਂ ਹਨ। ਹਥਲੇ ਸੰਗ੍ਰਹਿ ਦੀਆਂ ਕਹਾਣੀਆਂ ਪੜ੍ਹ ਕੇ ਪਤਾ ਲਗਦਾ ਹੈ ਕਿ ਕਹਾਣੀਆਂ ਦਾ ਸਿਰਜਨ ਸਮਾਂ ਤਿੰਨ ਦਹਾਕਿਆਂ ਦਾ ਹੈ। ਭਾਵੇਂ ਲਹਿੰਦੇ ਪੰਜਾਬ ਵਿਚ ਪੰਜਾਬੀ ਸਾਹਿਤ ਸੰਘਰਸ਼ੀ ਦੌਰ ਵਿਚ ਹੈ। ਫਿਰ ਵੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੈ।
ਕਹਾਣੀ ਸੰਗ੍ਰਹਿ ਵਿਚ ਪੰਜਾਬੀ ਦਾ ਲਹਿੰਦੀ ਜ਼ਬਾਨ ਦਾ ਰੰਗ ਹੈ। ਜ਼ਿੰਦਗੀ ਦੇ ਕਈ ਦ੍ਰਿਸ਼ ਸਾਦ ਮੁਰਾਦੇ ਹਨ। ਪਾਤਰ ਵੀ ਸੰਵਾਦ ਕਰਦੇ ਹਨ, ਪਰ ਲਹਿਜਾ ਆਮ ਬੰਦੇ ਵਾਲਾ ਹੈ। ਕਹਾਣੀ ਗੱਲਾਂ ਵਿਚੋਂ ਗੱਲ ਵਾਂਗ ਤੁਰਦੀ ਹੈ। ਪਾਤਰਾਂ ਦਾ ਸੰਵਾਦ ਸੱਥ ਵਿਚ ਬੈਠੇ ਲੋਕਾਂ ਵਰਗਾ ਹੈ। ਕੁਝ ਕਹਾਣੀਆਂ ਪਾਤਰ ਪ੍ਰਧਾਨ ਹਨ। 'ਬਾਬਾ ਗੁਜਿਆਣਿਆ', 'ਚੂ ਚੂ', 'ਹਾਕਰ ਗੁੱਡੀ' ਕਹਾਣੀਆਂ ਵਿਚ ਪਾਤਰਾਂ ਦੀ ਸ਼ਖ਼ਸੀਅਤ ਪ੍ਰਮੁੱਖ ਹੈ। ਉਹ ਆਪਣੀ ਜ਼ਿੰਦਗੀ ਜਿਊਂਦੇ ਹਨ। ਕਹਾਣੀਕਾਰ ਪਾਤਰਾਂ ਦੇ ਸੁਭਾਅ, ਆਦਤਾਂ ਰਹਿਣ-ਸਹਿਣ ਦੇ ਆਧਾਰ 'ਤੇ ਕਹਾਣੀ ਤੋਰਦਾ ਹੈ। ਲੇਖਕ ਮਕਸੂਦ ਸਾਕਿਬ ਦਾ ਸਵੈ-ਕਥਨ ਹੈ- 'ਸਾਡਾ ਜੀਵਨ ਕਹਾਣੀ ਭਰਪੂਰ ਏ'। ਅਸੀਂ ਕਹਾਣੀਆਂ ਜਿਊਂਦੇ ਪਏ ਹੁੰਦੇ ਆਂ ਤੇ ਮਹਿਸੂਸ ਵੀ ਕਰਦੇ ਪਏ ਹੁੰਦੇ ਆਂ। ਕਹਾਣੀਆਂ ਵਿਚ ਲੇਖਕ ਦੀ ਪਾਤਰਾਂ ਨਾਲ ਸਾਂਝ ਹੈ। ਇਕ ਪਾਤਰ ਦਾ ਕਥਨ ਹੈ -ਜੇ ਬਾਲ ਸ਼ਰਾਰਤੀ ਨਾ ਹੋਵੇ ਤਾਂ ਉਹ ਬਾਲ ਨਹੀਂ ਜੇ ਹੁੰਦਾ। (ਕਹਾਣੀ 'ਚੂ ਚੂ' ਸਫ਼ਾ 13) ਹਾਕਰ ਵਿਚ ਬਚਪਨ ਦੀਆਂ ਯਾਦਾਂ ਹਨ। ਲੂਹ ਵਿਚ ਦਫ਼ਤਰੀ ਮਾਹੌਲ ਹੈ। ਮੁਸਕਾਂਦ ਦੇ ਪਾਤਰ ਟਾਂਗੇ ਵਿਚ ਬੈਠੈ ਗੱਲਾਂ ਕਰਦੇ ਹਨ। ਬੰਦਗੀ, ਸੁੱਚਾ ਤਿੱਲਾ, ਛੇਕੜੀ ਵਾਰ, ਚੱਲ ਪਿੱਦਿਆ ਉੱਠ ਚੱਲੀਏ ਸੰਗ੍ਰਹਿ ਦੀਆ ਦਿਲਚਸਪ ਕਹਾਣੀਆਂ ਹਨ। ਪੁਸਤਕ ਵਿਚ ਮਕਸੂਦ ਸਾਕਿਬ ਨਾਲ ਸੰਪਾਦਕ ਦੀ ਲੰਮੀ ਮੁਲਾਕਾਤ ਹੈ, ਜਿਸ ਵਿਚ ਕੁਝ ਸਵਾਲ ਬਹੁਤ ਮਹੱਤਵਪੂਰਨ ਹਨ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਝਗੜਾ
(ਵਤਨ ਪ੍ਰਸਤੀ ਦਾ ਜਾਂ ਫਿਰ ਕੌਮ ਪ੍ਰਸਤੀ ਦਾ)
ਲੇਖਕ : ਮੁਖਤਿਆਰ ਸਿੰਘ ਅਰਸ਼ੀ
ਪ੍ਰਕਾਸ਼ਕ : ਅਰਸ਼ੀ ਪ੍ਰਕਾਸ਼ਨ, ਖੰਨਾ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 94657-08424
ਮੁਖਤਿਆਰ ਸਿੰਘ ਅਰਸ਼ੀ ਇਕ ਕਰਮਸ਼ੀਲ ਸਮਾਜ ਸੇਵਕ ਹੈ। ਅੰਬੇਡਕਰੀ ਚਿੰਤਨ ਨਾਲ ਸੰਬੰਧਿਤ ਉਸ ਦੀਆਂ ਪੰਜ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਹਥਲੀ ਪੁਸਤਕ ਵਿਚ ਉਹ ਰਾਜਨੀਤਕ ਝਗੜੇ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਵਤਨਪ੍ਰਸਤੀ ਅਤੇ ਕੌਮਪ੍ਰਸਤੀ ਦੀ ਗੱਲ ਕਰਦਾ ਹੈ। ਪੁਸਤਕ ਦੇ ਆਰੰਭ ਵਿਚ ਉਹ 'ਹਿੰਦੂ' ਸ਼ਬਦ ਦੇ ਅਰਥ ਖੋਜ ਦੇ ਆਧਾਰ 'ਤੇ ਕਰਦਾ ਹੋਇਆ ਲਿਖਦਾ ਹੈ, 'ਹਿੰਦੂ ਹਿੰਦੁਸਤਾਨ ਵਿਚ ਰਹਿਣ ਵਾਲੀ ਇਕ ਕੌਮ ਹੈ।' ਵਿਦੇਸ਼ੀ ਧਾੜਵੀਆਂ ਦੇ ਹਮਲਿਆਂ ਤੋਂ ਦੇਸ਼ ਅਤੇ ਦੇਸ਼ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਕਰਨਾ ਪਹਿਲਾ ਫ਼ਰਜ਼ ਹੈ, ਨਾ ਕਿ ਇਕ ਕੌਮ ਦੀ ਰਾਖੀ ਕਰਨਾ। ਭਾਰਤ ਵਿਚ ਸ਼ੁਰੂ ਤੋਂ ਹੀ ਜਾਤ-ਪਾਤ ਪ੍ਰਣਾਲੀ ਅਧੀਨ ਮਨੁੱਖ ਅਤੇ ਮਨੁੱਖਤਾ ਲਈ ਫੁਟਪਾਊ ਵਖਰੇਵਿਆਂ ਦਾ ਜਾਲ ਵਿਛਾਇਆ ਹੋਇਆ ਹੈ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਹੋਂਦ ਵਿਚ ਆਉਣ ਨਾਲ ਹਿੰਦੂ ਮੁਸਲਮਾਨ ਵਿਚ ਆਪਸੀ ਟਕਰਾਅ ਵਧਣ ਲੱਗਾ। ਮਨੂੰ ਨੇ ਆਪਣੀ ਲਿਖਤ 'ਸਿਮਰਤੀ' ਰਾਹੀਂ ਦੇਸ਼ ਦੇ ਢਾਂਚੇ ਨੂੰ ਚਾਰ ਜਾਤਾਂ ਵਿਚ ਵੰਡ ਕੇ ਇਨ੍ਹਾਂ ਦੇ ਕਿੱਤਿਆਂ ਦੀ ਵੀ ਵੰਡ ਕਰ ਦਿੱਤੀ। ਜਦੋਂ ਸਰਕਾਰਾਂ ਦੇਸ਼ ਨੂੰ ਆਪਣਾ ਜੱਦੀ ਪੁਸ਼ਤੀ ਪਰਿਵਾਰਕ ਵਿਰਸਾ ਸਮਝਣ ਲਗ ਪਈਆਂ ਤਾਂ ਹਾਕਮ ਅਤੇ ਹਕੂਮਤਾਂ ਆਪਣੇ ਵਿਰਸੇ ਦੇ ਹੱਕਾਂ ਦੀ ਸੁਰੱਖਿਆ ਲਈ ਪਰਜਾ ਉੱਪਰ ਜ਼ੁਲਮ ਕਰਨ ਲੱਗ ਪਈਆਂ।
ਲੇਖਕ ਆਪਣੇ ਵਿਚਾਰਾਂ ਨੂੰ ਹੇਠ ਲਿਖੇ ਸਿਰਲੇਖਾਂ ਹੇਠ ਅੱਗੇ ਟੋਰਦਾ ਹੈ ਸੰਵਿਧਾਨਕ ਸਵਾਲ ਪਹਿਲਾਂ, ਸਰਕਾਰ ਦੀ ਸ਼ਕਤੀ ਦੂਏ ਨੰਬਰ 'ਤੇ, ਜੇਲ੍ਹ ਵਿਚੋਂ ਤਿਲਕ ਦੀ ਵਾਪਸੀ, ਕਰੀਮੀ ਲੇਅਰ-ਇਕ ਈਰਖਾਵਾਦੀ ਤੁੱਕਾ।
ਇਸ ਤੋਂ ਬਾਅਦ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮਹਾਨ ਸ਼ਖ਼ਸੀਅਤ ਅਤੇ ਵਿਚਾਰਾਂ ਨੂੰ ਸਵਿਸਥਾਰ ਬਿਆਨ ਕੀਤਾ ਹੈ। ਪੁਸਤਕ ਦੇ ਅਖੀਰ ਵਿਚ ਲੇਖਕ ਨੇ ਉਰਦੂ ਵਿਚ ਲਿਖੀਆਂ ਆਪਣੀਆਂ ਕੁਝ ਸ਼ਾਨਦਾਰ ਨਜ਼ਮਾਂ ਪ੍ਰਸਤੁਤ ਕੀਤੀਆਂ ਹਨ। ਲੇਖਕ ਨੇ ਆਪਣੇ ਵਿਚਾਰਾਂ ਨੂੰ ਤਰਕ ਅਤੇ ਇਤਿਹਾਸਕ ਪ੍ਰਸੰਗਾਂ ਨਾਲ ਪੇਸ਼ ਕਰਕੇ ਇਸ ਪੁਸਤਕ ਨੂੰ ਸਾਰਥਕ ਤੇ ਪ੍ਰਮਾਣਿਕ ਬਣਾਇਆ ਹੈ। ਉਮੀਦ ਹੈ ਇਹ ਪੁਸਤਕ ਪਾਠਕਾਂ ਦੀ ਜਾਣਕਾਰੀ ਵਿਚ ਵਾਧਾ ਕਰੇਗੀ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241