ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜਪੋਸ਼ੀ
ਸਾਨ ਫ਼ਰਾਂਸਿਸਕੋ, 16 ਜਨਵਰੀ (ਐਸ. ਅਸ਼ੋਕ ਭੌਰਾ)- ਵਾਸ਼ਿੰਗਟਨ ਡੀ. ਸੀ. ਕੈਪੀਟਲ ਹਿਲ ‘ਚ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ 20 ਜਨਵਰੀ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿਚ ਕਰੀਬ 7800 ਗਾਰਡ ਅਤੇ ਏਅਰਮੈਨ ਸੁਰੱਖਿਆ ਵਜੋਂ ਗੁਪਤ ਸੇਵਾ, ਅਮਰੀਕੀ ਕੈਪੀਟਲ ਪੁਲਿਸ ਅਤੇ ਡੀ. ਸੀ. ਪੁਲਿਸ ਵਿਭਾਗ ਨਾਲ ਤਾਇਨਾਤ ਹੋਣਗੇ। ਇਹ ਲਗਭਗ ਟਰੰਪ ਦੇ 2017 ਦੇ ਪਹਿਲੇ ਉਦਘਾਟਨ ਦੇ ਬਰਾਬਰ ਹਨ ਪਰ ਜੋ ਬਾਈਡਨ ਦੇ ਸਮੇਂ ਮੌਜੂਦਾ ਗਾਰਡਮੈਨਾਂ ਦਾ ਇਕ ਤਿਹਾਈ ਹਿੱਸਾ ਹੋਣਗੇ। ਸੁਰੱਖਿਆ ਅਮਲਾ ਭੀੜ ਦਾ ਪ੍ਰਬੰਧ ਅਤੇ ਸਿਹਤ ਸੇਵਾਵਾਂ ਦੀ ਜਿੰਮੇਵਾਰੀ ਵੀ ਨਿਭਾਏਗਾ। ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਟੈਂਡ-ਇਨ ਸਰਜੈਂਟ ਮੈਥਨ ਨੱਲ ਨੇ ਲੰਘੇ ਐਤਵਾਰ ਨੂੰ ਉਦਘਾਟਨੀ ਰਸਮ ਦੀ ਰਿਹਰਸਲ ਦੌਰਾਨ ਫੌਜਾਂ ਦੀ ਸਮੀਖਿਆ ਵੀ ਕੀਤੀ। ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਵਾਲੀਆਂ ਅਹਿਮ ਹਸਤੀਆਂ, ਵੱਡੇ ਅਧਿਕਾਰੀਆਂ ਨੂੰ ਦੋ ਪੰਨਿਆਂ ਦਾ ਆਲੀਸ਼ਾਨ ਸੱਦਾ ਪੱਤਰ ਭੇਜਿਆ ਗਿਆ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਦੇ ਡਾਇਰੈਕਟਰ ਕ੍ਰਿਸਟੋਫਰ ਰੇ ਨੇ ਕਿਹਾ ਕਿ ਅਸੀਂ ਕਿਸੇ ਖਾਸ ਖਤਰੇ ਨੂੰ ਟਰੈਕ ਨਹੀਂ ਕਰ ਰਹੇ ਪਰ ਫਿਰ ਵੀ ਨਿਊ ਓਰੀਲੀਨਜ ਦੇ ਅੱਤਵਾਦੀ ਤੇ ਲਾਸ ਵੇਗਸ ਦੇ ਸਾਈਬਰ ਟਰੱਕ ਧਮਾਕੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਜ਼ਰੂਰ ਕੀਤੇ ਜਾ ਰਹੇ ਹਨ। ਵਿਦੇਸ਼ੀ ਮਹਿਮਾਨਾਂ ਦੇ ਠਹਿਰਾ, ਬੈਠਣ ਤੇ ਸੁਰੱਖਿਆ ਦੇ ਵੀ ਆਲ੍ਹਾ ਇੰਤਜ਼ਾਮ ਹੋਣਗੇ। ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਪਹਿਲਾਂ ਉਪ ਰਾਸ਼ਟਰਪਤੀ ਸੈਨ ਜੇਡੀ ਵੈਂਸ ਤੇ ਫਿਰ ਡੋਨਾਲਡ ਟਰੰਪ ਨੂੰ ਅਮਰੀਕਾ ਦੇ ਚੀਫ਼ ਜਸਟਿਸ ਜੌਹਨ ਰੋਬਰਟ ਸਹੁੰ ਚੁਕਾਉਣਗੇ।