16-01-2025
ਧਰਤੀ ਹੇਠਲੇ ਪਾਣੀ ਦਾ ਸੰਕਟ
ਕੇਂਦਰੀ ਭੂ-ਜਲ ਬੋਰਡ ਦੀ ਸਲਾਨਾ ਰਿਪੋਰਟ ਵਿਚ ਪੰਜਾਬ ਅਤੇ ਇਸ ਦੇ ਨਾਲ ਲਗਦੇ ਗੁਆਂਢੀ ਸੂਬਿਆਂ ਵਿਚ ਧਰਤੀ ਹੇਠਲੇ ਪਾਣੀ ਵਿਚ ਰੇਡਿਓਐਕਟਿਵ ਤੱਤ ਯੂਰੇਨੀਅਮ ਅਤੇ ਜ਼ਹਿਰੀਲੇ ਪਦਾਰਥ ਨਾਈਟ੍ਰੇਟ ਹੋਣ ਦੀ ਮੌਜੂਦਗੀ ਨੇ ਬੁੱਧੀਜੀਵੀਆਂ ਨੂੰ ਚਿੰਤਨ ਕਰਨ ਲਈ ਮਜਬੂਰ ਕਰ ਦਿੱਤਾ ਹੈ। ਪਾਣੀ ਦਾ ਪੱਧਰ ਤਾਂ ਪਹਿਲਾਂ ਹੀ ਦਿਨੋ-ਦਿਨ ਹੇਠਾਂ ਜਾ ਰਿਹਾ ਹੈ। ਪਰੰਤੂ ਜ਼ਹਿਰੀਲੇ ਅਤੇ ਹਾਨੀਕਾਰਕ ਪਦਾਰਥਾਂ ਦੀ ਧਰਤੀ ਹੇਠਲੇ ਪਾਣੀ ਵਿਚ ਮੌਜੂਦਗੀ ਮਨੁੱਖ ਦੀ ਧਰਤੀ ਤੇ ਜੀਵਨ ਹੋਂਦ ਬਣਾਈ ਰੱਖਣ ਲਈ ਚਿਤਾਵਨੀ ਹੈ। ਆਮ ਕਰਕੇ ਧਰਤੀ ਹੇਠਲਾ ਪਾਣੀ, ਨਹਿਰੀ ਪਾਣੀ ਤੋਂ ਬਾਅਦ ਪੀਣ ਅਤੇ ਖੇਤੀ ਲਈ ਵਰਤਿਆ ਜਾਂਦਾ ਹੈ। ਦਿਨੋ-ਦਿਨ ਵਧ ਰਹੀ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਜਿਥੇ ਧਰਤੀ ਹੇਠਲਾ ਪਾਣੀ ਨੂੰ ਪਲੀਤ ਕਰਨ ਦਾ ਇਕ ਕਾਰਨ ਹੈ, ਉਥੇ ਫੈਕਟਰੀਆਂ ਵਲੋਂ ਆਪਣੇ ਮੁਨਾਫ਼ੇ ਲਈ ਜ਼ਹਿਰੀਲੇ ਪਦਾਰਥਾਂ ਨਾਲ ਭਰਪੂਰ ਪਾਣੀ ਨੂੰ ਬੋਰਾਂ ਰਾਹੀਂ ਧਰਤੀ ਵਿਚ ਸੁੱਟ ਕੇ ਧਰਤੀ ਹੇਠਲੇ ਪਾਣੀ ਨੂੰ ਗੰਦਾ ਕਰਨਾ ਵੀ ਮੁੱਖ ਕਾਰਨ ਹੈ। ਇਹੀ ਪਾਣੀ ਮਨੁੱਖੀ ਵਰਤੋਂ ਤੋਂ ਬਾਅਦ ਗੰਭੀਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਭੂ-ਜਲ ਬੋਰਡ ਦੀ ਤਾਜ਼ਾ ਰਿਪੋਰਟ ਧਰਤੀ ਹੇਠਲੇ ਪਾਣੀ ਦੀ ਦਸ਼ਾ ਬਿਆਨ ਕਰਦੀ ਹੋਈ ਮਨੁੱਖ ਲਈ ਚਿਤਾਵਨੀ ਹੈ ਕਿ ਜੇਕਰ ਸਮੇਂ ਰਹਿੰਦੇ ਧਰਤੀ ਹੇਠਲੇ ਪਾਣੀ ਨੂੰ ਨਾ ਬਚਾਇਆ ਗਿਆ ਤਾਂ ਭਵਿੱਖ ਵਿਚ ਨੀਲੇ ਗ੍ਰਹਿ ਧਰਤੀ ਤੇ ਜੀਵਨ ਦੀ ਹੋਂਦ ਮੁਸ਼ਕਿਲ ਨਹੀਂ ਸਗੋਂ ਅਸੰਭਵ ਹੋਵੇਗੀ।
-ਰਜਵਿੰਦਰ ਪਾਲ ਸ਼ਰਮਾ
ਹਾਈਵੇ 'ਤੇ ਬਣਾਏ ਗੈਰ ਕਾਨੂੰਨੀ ਕੱਟ
ਸੜਕੀ ਹਾਦਸਿਆਂ ਵਿਚ ਬਹੁਤ ਸਾਰੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਇਨ੍ਹਾਂ ਸੜਕੀ ਹਾਦਸਿਆਂ ਲਈ ਬਹੁਤੀ ਵਾਰ ਮਨੁੱਖੀ ਲਾਪਰਵਾਹੀ ਹੀ ਜ਼ਿੰਮੇਵਾਰ ਹੁੰਦੀ ਹੈ। ਅਸੀਂ ਆਮ ਦੇਖਦੇ ਹਾਂ ਕਿ ਜਿਨ੍ਹਾ ਪਿੰਡਾਂ ਵਿਚੋਂ ਨੈਸ਼ਨਲ ਹਾਈਵੇ, ਸਟੇਟ ਹਾਈਵੇ ਬਹੁਤੀ ਵਾਰ ਤੇ ਹੋਰ ਵੀ ਪੰਜਾਬ ਦੀਆਂ ਵੱਡੀਆਂ ਸੜਕਾਂ ਨਿਕਲਦੀਆਂ ਹਨ, ਇਨ੍ਹਾਂ ਸਭ ਸੜਕਾਂ 'ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈ। ਸੜਕ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਬਹੁਤ ਸਾਰੀਆਂ ਸੜਕਾਂ ਦੇ ਵਿਚਕਾਰ ਡਿਵਾਈਡਰ ਤੇ ਗਰਿਲਾਂ ਲਗਾ ਕੇ ਇਨ੍ਹਾਂ ਨੂੰ ਵੰਡਿਆ ਜਾਂਦਾ ਹੈ। ਪਰ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਲੋਕਾਂ ਨੇ ਹਾਈਵੇ 'ਤੇ ਬਣੇ ਡਿਵਾਈਡਰਾਂ ਨੂੰ ਤੋੜ ਕੇ ਗਰਿਲਾਂ ਪੁੱਟ ਕੇ ਰਸਤੇ ਬਣਾ ਲਏ ਹਨ। ਇਹ ਬਹੁਤ ਖ਼ਤਰਨਾਕ ਤੇ ਕਾਨੂੰਨੀ ਜੁਰਮ ਹੈ। ਅਜਿਹੇ ਕੱਟ ਮਾਰ ਕੇ ਲੋਕਾਂ ਵਲੋਂ ਬਣਾਏ ਰਸਤਿਆਂ 'ਤੇ ਸਭ ਤੋਂ ਜ਼ਿਆਦਾ ਸੜਕੀ ਹਾਦਸਿਆਂ ਦਾ ਕਾਰਨ ਬਣ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੇ ਹਨ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਗ਼ੈਰ-ਕਾਨੂੰਨੀ ਕੱਟਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਲਾਪਰਵਾਹੀ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ-11, ਭਾਗੂ ਰੋਡ, ਬਠਿੰਡਾ।
ਸਫ਼ਾਈ ਦਾ ਧਿਆਨ
ਪੰਜਾਬ ਸਮੇਤ ਪੂਰੇ ਦੇਸ਼ ਵਿਚ ਅਨੇਕ ਥਾਵਾਂ 'ਤੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਚੱਲਦੇ ਰਹਿੰਦੇ ਹਨ। ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਸੇਵਾਦਾਰਾਂ ਵਲੋਂ ਬਹੁਤ ਹੀ ਜ਼ਿਆਦਾ ਮਿਹਨਤ ਅਤੇ ਸੁਚੱਜੇ ਢੰਗ ਨਾਲ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਪਰੰਤੂ ਕਈ ਵਾਰ ਸੰਗਤਾਂ ਲੰਗਰ ਅਤੇ ਨਗਰ ਕੀਰਤਨ ਸਮੇਂ ਚਾਹ ਵਾਲੇ ਖਾਲੀ ਕੱਪ, ਲਿਫਾਫੇ, ਕੇਲਿਆਂ ਦੇ ਛਿਲਕੇ ਅਤੇ ਹੋਰ ਡਿਸਪੋਜ਼ਲ ਦਾ ਸਾਮਾਨ ਖਾਣ-ਪੀਣ ਤੋਂ ਬਾਅਦ ਕੂੜਾਦਾਨ ਵਾਲੇ ਡੱਬੇ ਵਿਚ ਪਾਉਣ ਦੀ ਬਜਾਏ ਲੰਗਰ/ਨਗਰ ਕੀਰਤਨ ਵਾਲੀ ਥਾਂ ਦੇ ਆਸਪਾਸ ਸੜਕ ਉੱਪਰ ਹੀ ਸੁੱਟ ਦਿੰਦੇ ਹਨ। ਜਿਸ ਕਰਕੇ ਬਹੁਤ ਜ਼ਿਆਦਾ ਕੂੜਾ ਖਿੱਲਰ ਜਾਂਦਾ ਹੈ। ਬਾਅਦ ਵਿਚ ਇਹੀ ਕੂੜਾ ਸੀਵਰੇਜ ਵਿਚ ਫਸ ਕੇ ਸੀਵਰੇਜ ਨੂੰ ਵੀ ਬੰਦ ਕਰ ਦਿੰਦਾ ਹੈ। ਇਸ ਤੋਂ ਇਲਾਵਾ ਕੇਲਿਆਂ ਦੇ ਛਿਲਕਿਆਂ ਕਰਕੇ ਕਿਸੇ ਦੇ ਸੱਟ ਵੀ ਲੱਗ ਸਕਦੀ ਹੈ। ਸੋ, ਸਾਡਾ ਸਾਰਿਆਂ ਦਾ ਨੈਤਿਕ ਤੇ ਮੁੱਢਲਾ ਫਰਜ਼ ਬਣਦਾ ਹੈ ਕਿ ਲੰਗਰਾਂ ਅਤੇ ਨਗਰ ਕੀਰਤਨਾਂ ਮੌਕੇ ਸਫ਼ਾਈ ਦਾ ਖ਼ਾਸ ਖ਼ਿਆਲ ਰੱਖਦੇ ਹੋਏ ਸਹਿਯੋਗ ਕੀਤਾ ਜਾਵੇ। ਡਿਸਪੋਜ਼ਲ ਕੂੜਾ ਅਤੇ ਛਿਲਕੇ ਆਦਿ ਇਕ ਥਾਂ ਕੂੜੇ ਵਾਲੇ ਡੱਬੇ ਵਿਚ ਹੀ ਪਾਏ ਜਾਣ। ਇਸੇ ਲਈ ਹੀ ਤਾਂ ਕਿਹਾ ਜਾਂਦਾ ਹੈ, ਜਿੱਥੇ ਸਫ਼ਾਈ ਉੱਥੇ ਖੁਦਾਈ।
-ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਮੁਫ਼ਤ ਸਹੂਲਤਾਂ ਦੀ ਥਾਂ ਰੁਜ਼ਗਾਰ ਹੋਵੇ
ਆਮ ਕਹਾਵਤ ਹੈ ਕਿ ਕਿਸੇ ਨੂੰ ਭੀਖ ਨਾ ਦਿਉ ਬਲਕਿ ਉਸ ਨੂੰ ਕੋਈ ਕੰਮ ਕਾਰ ਦਿਉ ਤਾਂ ਜੋ ਉਹ ਸਾਰੀ ਉਮਰ ਇਸ ਕਾਬਲੀਅਤ ਦੀ ਬਦੌਲਤ ਆਪਣੇ ਜੀਵਨ ਵਿਚ ਕਿਸੇ ਦਾ ਮੁਹਤਾਜ਼ ਨਾ ਬਣੇ। ਪਰ ਇਹ ਅਖਾਣ ਸਾਡੇ ਦੇਸ਼ ਵਿਚ ਕੋਈ ਮਾਅਨੇ ਨਹੀਂ ਰੱਖਦਾ। ਇੱਥੇ ਹਰ ਛੋਟਾ ਵੱਡਾ ਦੂਜੇ ਦੇ ਹੱਥਾਂ ਵੱਲ ਝਾਕ ਰਿਹਾ ਹੈ। ਰਾਜਨੀਤਕ ਪਾਰਟੀਆਂ ਵਲੋਂ ਚੋਣਾਂ ਸਮੇਂ ਨੌਜਵਾਨਾਂ, ਗਰੀਬਾਂ, ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਫ਼ਤ ਸਹੂਲਤਾਂ ਦਾ ਐਲਾਨ ਕੀਤਾ ਜਾਂਦਾ ਹੈ। ਕਿਉਂ ਅਜਿਹੇ ਰੁਜ਼ਗਾਰ ਦਾ ਐਲਾਨ ਨਹੀਂ ਕੀਤਾ ਜਾਂਦਾ ਜਿਸ ਨਾਲ ਹਰ ਇਨਸਾਨ ਸੰਬੰਧਿਤ ਸਹੂਲਤਾਂ ਪ੍ਰਾਪਤ ਕਰਨ ਦੇ ਯੋਗ ਹੋ ਜਾਵੇ। ਜੇਕਰ ਅਜਿਹਾ ਹੋ ਜਾਵੇ ਤਾਂ ਸਾਡੇ ਦੇਸ਼ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਸਾਡੇ ਬਹੁਤੇ ਨੌਜਵਾਨ ਆਪਣੀ ਹੀ ਪ੍ਰਤਿਭਾ ਤੋਂ ਅਣਜਾਣ ਰਹਿੰਦੇ ਹਨ ਜਾਂ ਦੂਸਰਿਆਂ ਵੱਲ ਵੇਖਦਿਆਂ ਆਪਣੀ ਪ੍ਰਤਿਭਾ ਨੂੰ ਗੁਆ ਬੈਠਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ਵੀ ਬਦਲਣ ਦੀ ਜ਼ਰੂਰਤ ਹੈ, ਕਿਉਂਕਿ ਇਸ ਕਾਰਨ ਤਾਂ ਕਈ ਨੌਜਵਾਨ ਸਾਰੀ ਜ਼ਿੰਦਗੀ ਆਪਣੀ ਮੁਹਾਰਤ ਦੇ ਚੌਰਸ ਕਿੱਲੇ ਨੂੰ ਮਜਬੂਰੀ ਦੇ ਗੋਲ ਸੁਰਾਖ਼ਾਂ ਵਿਚ ਫਿੱਟ ਕਰੀ ਜਾਂਦੇ ਹਨ ਜਿਸ ਨਾਲ ਨਾ ਤਾਂ ਨੌਜਵਾਨਾਂ ਨੂੰ ਸਕੂਨ ਮਿਲਦਾ ਹੈ ਤਾਂ ਨਾ ਹੀ ਕੋਈ ਉਸਾਰੂ ਪ੍ਰਾਪਤੀ ਹੁੰਦੀ ਹੈ। ਬੱਚੇ ਦੇ ਰੁਜ਼ਗਾਰ ਸਬੰਧੀ ਟੀਚਾ ਪੜ੍ਹਾਈ ਦੇ ਮੁਢਲੇ ਦਿਨਾਂ ਵਿਚ ਹੀ ਨਿਰਧਾਰਤ ਹੋ ਜਾਣਾ ਚਾਹੀਦਾ ਹੈ।
-ਅਸ਼ੀਸ਼ ਸ਼ਰਮਾ ਜਲੰਧਰ।