ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ 3 ਮੈਂਬਰ ਕਾਬੂ
ਅਜਨਾਲਾ, ਚੇਤਨਪੁਰਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ/ਸ਼ਰਨਜੀਤ ਸਿੰਘ ਗਿੱਲ)-ਡੀ.ਆਈ.ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਚਰਨਜੀਤ ਸਿੰਘ ਸੋਹਲ ਦੀਆਂ ਹਦਾਇਤਾਂ ਤਹਿਤ ਨਸ਼ੇ ਦੇ ਸੌਦਾਗਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਝੰਡੇਰ ਦੀ ਪੁਲਿਸ ਵਲੋਂ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀਆਂ ਵਸੂਲਣ ਵਾਲੇ ਗਰੋਹ ਦੇ ਤਿੰਨ ਗੁਰਗਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਅੱਜ ਦੇਰ ਸ਼ਾਮ ਆਪਣੇ ਦਫ਼ਤਰ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ.ਐੱਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਥਾਣਾ ਝੰਡੇਰ ਦੀ ਐੱਸ.ਐੱਚ.ਓ. ਸਬ-ਇੰਸਪੈਕਟਰ ਕਮਲਪ੍ਰੀਤ ਕੌਰ ਦੀ ਅਗਵਾਈ 'ਚ ਪੁਲਿਸ ਵਲੋਂ ਕਾਬੂ ਕੀਤੇ ਇਕ ਗਰੋਹ ਦੇ ਗੁਰਗੇ ਕਾਰੋਬਾਰੀ ਲੋਕਾਂ ਤੋਂ ਫ਼ੋਨ 'ਤੇ ਡਰਾ-ਧਮਕਾ ਕੇ ਫਿਰੌਤੀਆਂ ਵਸੂਲਦੇ ਸਨ। ਉਨ੍ਹਾਂ ਕਿਹਾ ਕਿ ਇਸ ਗਰੋਹ ਸੰਬੰਧੀ ਥਾਣਾ ਝੰਡੇਰ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਲੋਕਾਂ ਨੂੰ ਡਰਾ ਕੇ ਫਿਰੌਤੀਆਂ ਮੰਗਣ ਵਾਲਾ ਇਕ ਗਰੋਹ ਇਸ ਵਕਤ ਮਹਿਲਾਂਵਾਲਾ ਦੇ ਇਲਾਕੇ ਵਿਚ ਹਥਿਆਰਾਂ ਸਮੇਤ ਕਿਸੇ ਵਾਰਦਾਤ ਦੀ ਫ਼ਿਰਾਕ ਵਿਚ ਘੁੰਮ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਥਾਣਾ ਝੰਡੇਰ ਦੇ ਐੱਸ.ਐੱਚ.ਓ. ਕਮਲਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕਰਕੇ ਮਨੀਕਰਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਕੁਰਾਲੀਆ ਹਾਲ ਵਾਸੀ ਮਹਿਲਾਂਵਾਲਾ ਥਾਣਾ ਝੰਡੇਰ, ਵਿਜੇ ਉਰਫ਼ ਚਿੱਟੀ ਪੁੱਤਰ ਹਰਦੇਵ ਸਿੰਘ ਵਾਸੀ ਮਿਹਕਾ ਅਤੇ ਗੁਰਨੂਰਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਨਾਨੋਕੇ ਥਾਣਾ ਰਮਦਾਸ ਨੂੰ ਇਕ 30 ਬੋਰ ਪਿਸਟਲ, ਇਕ ਮੈਗਜ਼ੀਨ, 3 ਜ਼ਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ।